ਯਿਸੂ ਮਸੀਹ ਦੇ ਵੰਸ ਦਾ ਲੇਖਾ ਇਸ ਤਰ੍ਹਾਂ ਹੈ: ਉਹ ਦਾਊਦ ਦੇ ਵੰਸ ਵਿੱਚੋਂ ਸਨ ਜੋ ਅਬਰਾਹਾਮ ਦੇ ਵੰਸ ਵਿੱਚੋਂ ਸੀ । ਅਬਰਾਹਾਮ ਇਸਹਾਕ ਦਾ ਪਿਤਾ ਸੀ । ਇਸਹਾਕ ਯਾਕੂਬ ਦਾ ਪਿਤਾ ਅਤੇ ਯਾਕੂਬ ਯਹੂਦਾ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ । ਯਹੂਦਾ ਫ਼ਰਸ਼ ਅਤੇ ਜ਼ਰਾ ਦਾ ਪਿਤਾ ਸੀ ਜਿਹਨਾਂ ਦੀ ਮਾਂ ਤਾਮਾਰ ਸੀ । ਫ਼ਰਸ਼ ਹਸਰੋਨ ਦਾ ਅਤੇ ਹਸਰੋਨ ਰਾਮ ਦਾ ਪਿਤਾ ਸੀ । ਰਾਮ ਅੰਮੀਨਾਦਾਬ ਦਾ, ਅੰਮੀਨਾਦਾਬ ਨਹਸੋਨ ਦਾ, ਨਹਸੋਨ ਸਲਮੋਨ ਦਾ ਪਿਤਾ ਸੀ । ਸਲਮੋਨ ਬੋਅਜ਼ ਦਾ ਪਿਤਾ ਸੀ (ਬੋਅਜ਼ ਦੀ ਮਾਂ ਰਾਹਾਬ ਸੀ) । ਬੋਅਜ਼ ਉਬੇਦ ਦਾ ਪਿਤਾ ਸੀ । (ਉਬੇਦ ਦੀ ਮਾਂ ਰੂਥ ਸੀ) ਅਤੇ ਉਬੇਦ ਯੱਸੀ ਦਾ ਪਿਤਾ ਸੀ । ਯੱਸੀ ਰਾਜਾ ਦਾਊਦ ਦਾ ਪਿਤਾ ਸੀ । ਦਾਊਦ ਸੁਲੇਮਾਨ ਦਾ ਪਿਤਾ ਸੀ । (ਸੁਲੇਮਾਨ ਦੀ ਮਾਂ ਪਹਿਲਾਂ ਊਰੀਯਾਹ ਦੀ ਪਤਨੀ ਸੀ) । ਸੁਲੇਮਾਨ ਰਹੂਬਆਮ ਦਾ, ਰਹੂਬਆਮ ਅਬੀਯਾਹ ਦਾ, ਅਤੇ ਅਬੀਯਾਹ ਆਸਾ ਦਾ ਪਿਤਾ ਸੀ । ਆਸਾ ਯਹੋਸ਼ਾਫਾਟ ਦਾ, ਯਹੋਸ਼ਾਫਾਟ ਯੋਰਾਮ ਦਾ, ਅਤੇ ਯੋਰਾਮ ਉੱਜ਼ੀਯਾਹ ਦਾ ਪਿਤਾ ਸੀ । ਉੱਜ਼ੀਯਾਹ ਯੋਥਾਮ ਦਾ, ਯੋਥਾਮ ਆਹਾਜ਼ ਦਾ ਅਤੇ ਆਹਾਜ਼ ਹਿਜ਼ਕੀਯਾਹ ਦਾ ਪਿਤਾ ਸੀ । ਹਿਜ਼ਕੀਯਾਹ ਮੱਨਸਹ ਦਾ, ਮੱਨਸਹ ਆਮੋਨ ਦਾ ਅਤੇ ਆਮੋਨ ਯੋਸ਼ੀਯਾਹ ਦਾ ਪਿਤਾ ਸੀ । ਯੋਸ਼ੀਯਾਹ ਯਕਾਨਯਾਹ ਅਤੇ ਉਸ ਦੇ ਭਰਾਵਾਂ ਦਾ ਪਿਤਾ ਸੀ । ਇਹਨਾਂ ਦੇ ਸਮੇਂ ਇਸਰਾਏਲ ਨੂੰ ਬੰਦੀ ਬਣਾ ਕੇ ਬਾਬੁਲ ਵਿੱਚ ਲੈ ਜਾਇਆ ਗਿਆ ਸੀ । ਬਾਬੁਲ ਵਿੱਚ ਬੰਦੀ ਬਣਾ ਕੇ ਲੈ ਜਾਣ ਦੇ ਬਾਅਦ: ਯਕਾਨਯਾਹ ਸਾਲਤਿਏਲ ਦਾ, ਸਾਲਤਿਏਲ ਜ਼ਰੁੱਬਾਬਲ ਦਾ, ਜ਼ਰੁੱਬਾਬਲ ਅਬੀਹੂਦ ਦਾ, ਅਬੀਹੂਦ ਈਲਯਾਕੀਮ ਦਾ, ਅਤੇ ਈਲਯਾਕੀਮ ਅਜ਼ੋਰ ਦਾ ਪਿਤਾ ਸੀ । ਅਜ਼ੋਰ ਸਾਦੋਕ ਦਾ, ਸਾਦੋਕ ਯਾਕੀਨ ਦਾ ਅਤੇ ਯਾਕੀਨ ੲਲੀਹੂਦ ਦਾ ਪਿਤਾ ਸੀ । ੲਲੀਹੂਦ ਇਲਾਜ਼ਰ ਦਾ, ਇਲਾਜ਼ਰ ਮੱਥਾਨ ਦਾ, ਮੱਥਾਨ ਯਾਕੂਬ ਦਾ, ਅਤੇ ਯਾਕੂਬ ਯੂਸਫ਼ ਦਾ ਪਿਤਾ ਸੀ । ਯੂਸਫ਼ ਦੀ ਪਤਨੀ ਮਰੀਅਮ ਸੀ ਜਿਸ ਤੋਂ ਯਿਸੂ ਨੇ ਜਨਮ ਲਿਆ, ਜੋ “ ਮਸੀਹ ” ਅਖਵਾਉਂਦੇ ਹਨ । ਇਸ ਤਰ੍ਹਾਂ ਸਭ ਮਿਲਾ ਕੇ ਅਬਰਾਹਾਮ ਤੋਂ ਦਾਊਦ ਤੱਕ ਚੌਦਾਂ ਪੀੜ੍ਹੀਆਂ, ਦਾਊਦ ਤੋਂ ਬਾਬੁਲ ਵਿੱਚ ਬੰਦੀ ਬਣਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਸਨ । ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਉਹਨਾਂ ਦੀ ਮਾਂ ਮਰੀਅਮ ਦੀ ਮੰਗਣੀ ਯੂਸਫ਼ ਨਾਲ ਹੋਈ ਸੀ । ਪਰ ਮਰੀਅਮ ਅਤੇ ਯੂਸਫ਼ ਦੇ ਵਿਆਹ ਤੋਂ ਪਹਿਲਾਂ ਹੀ, ਮਰੀਅਮ ਨੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਇਆ । ਯੂਸਫ਼ ਜਿਸ ਨਾਲ ਉਸ ਦੀ ਮੰਗਣੀ ਹੋਈ ਸੀ, ਉਹ ਇੱਕ ਨੇਕ ਆਦਮੀ ਸੀ । ਉਹ ਮਰੀਅਮ ਨੂੰ ਖੁੱਲ੍ਹੇਆਮ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਚੁੱਪਚਾਪ ਮੰਗਣੀ ਤੋੜਨ ਦਾ ਵਿਚਾਰ ਕੀਤਾ । ਪਰ ਅਜੇ ਉਹ ਇਸ ਬਾਰੇ ਸੋਚ ਵਿਚਾਰ ਕਰ ਹੀ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, “ਯੂਸਫ਼, ਦਾਊਦ ਦੀ ਸੰਤਾਨ, ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ । ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੁਕਤੀ ਦੇਣਗੇ ।” ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਦੇ ਦੁਆਰਾ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ: “ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ, ਉਹਨਾਂ ਦਾ ਨਾਮ ‘ਇਮਾਨੂਏਲ’ ਰੱਖਿਆ ਜਾਵੇਗਾ ਜਿਸ ਦਾ ਅਰਥ ਹੈ, ‘ਪਰਮੇਸ਼ਰ ਸਾਡੇ ਨਾਲ’ ।” ਜਦੋਂ ਯੂਸਫ਼ ਨੀਂਦ ਤੋਂ ਜਾਗਿਆ ਤਾਂ ਉਸ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਸਵਰਗਦੂਤ ਨੇ ਉਸ ਨੂੰ ਦੱਸਿਆ ਸੀ ਅਤੇ ਮਰੀਅਮ ਨਾਲ ਵਿਆਹ ਕਰ ਲਿਆ । ਉਸ ਨੇ ਉਸ ਸਮੇਂ ਤੱਕ ਜਦੋਂ ਤੱਕ ਕਿ ਮਰੀਅਮ ਨੇ ਪੁੱਤਰ ਨੂੰ ਜਨਮ ਨਾ ਦਿੱਤਾ, ਉਸ ਨਾਲ ਸੰਗ ਨਾ ਕੀਤਾ । ਉਸ ਨੇ ਪੁੱਤਰ ਦਾ ਨਾਮ ਯਿਸੂ ਰੱਖਿਆ । ਯਿਸੂ ਦਾ ਜਨਮ ਯਹੂਦਾ ਦੇਸ਼ ਦੇ ਇੱਕ ਸ਼ਹਿਰ ਬੈਤਲਹਮ ਵਿੱਚ ਹੋਇਆ । ਉਸ ਸਮੇਂ ਯਹੂਦਾ ਦੇਸ਼ ਉੱਤੇ ਹੇਰੋਦੇਸ ਰਾਜ ਕਰਦਾ ਸੀ । ਯਿਸੂ ਦੇ ਜਨਮ ਦੇ ਕੁਝ ਸਮੇਂ ਬਾਅਦ ਪੂਰਬ ਤੋਂ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਜੋਤਸ਼ੀ ਯਰੂਸ਼ਲਮ ਵਿੱਚ ਆਏ ਅਤੇ ਪੁੱਛਣ ਲੱਗੇ: “ਯਹੂਦੀਆਂ ਦੇ ਨਵ-ਜੰਮੇ ਰਾਜਾ ਕਿੱਥੇ ਹਨ? ਅਸੀਂ ਉਹਨਾਂ ਦਾ ਤਾਰਾ ਪੂਰਬ ਵਿੱਚ ਚੜ੍ਹਿਆ ਦੇਖਿਆ ਹੈ ਅਤੇ ਅਸੀਂ ਉਹਨਾਂ ਨੂੰ ਮੱਥਾ ਟੇਕਣ ਲਈ ਆਏ ਹਾਂ ।” ਜਦੋਂ ਹੇਰੋਦੇਸ ਰਾਜਾ ਨੇ ਇਹ ਸੁਣਿਆ ਤਾਂ ਉਹ ਅਤੇ ਉਸ ਦੇ ਨਾਲ ਸਾਰੇ ਯਰੂਸ਼ਲਮ ਸ਼ਹਿਰ ਦੇ ਲੋਕ ਬਹੁਤ ਘਬਰਾ ਗਏ । ਤਦ ਹੇਰੋਦੇਸ ਨੇ ਯਹੂਦੀਆਂ ਦੇ ਸਭ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੂੰ ਸੱਦ ਕੇ ਉਹਨਾਂ ਤੋਂ ਪੁੱਛਿਆ, “ ਮਸੀਹ ਦਾ ਜਨਮ ਕਿੱਥੇ ਹੋਵੇਗਾ?” ਉਹਨਾਂ ਨੇ ਉੱਤਰ ਦਿੱਤਾ, “ਯਹੂਦਿਯਾ ਦੇ ਸ਼ਹਿਰ ਬੈਤਲਹਮ ਵਿੱਚ ।” ਇਸ ਦੇ ਬਾਰੇ ਨਬੀ ਨੇ ਇਸ ਤਰ੍ਹਾਂ ਲਿਖਿਆ ਹੈ: “ਹੇ ਬੈਤਲਹਮ, ਯਹੂਦਾ ਦੇਸ਼ ਦੇ ਸ਼ਹਿਰ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ ਹੈਂ, ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਪੈਦਾ ਹੋਵੇਗਾ, ਜਿਹੜਾ ਮੇਰੇ ਲੋਕਾਂ, ਇਸਰਾਏਲ ਦੀ ਅਗਵਾਈ ਕਰੇਗਾ ।” ਇਸ ਲਈ ਹੇਰੋਦੇਸ ਨੇ ਜੋਤਸ਼ੀਆਂ ਨੂੰ ਗੁਪਤ ਤੌਰ ਤੇ ਸੱਦ ਕੇ ਇਹ ਪੁੱਛਿਆ ਕਿ ਤਾਰਾ ਠੀਕ ਕਿਸ ਸਮੇਂ ਦਿਖਾਈ ਦਿੱਤਾ ਸੀ । ਫਿਰ ਉਹਨਾਂ ਨੂੰ ਇਹ ਕਹਿ ਕੇ ਬੈਤਲਹਮ ਵੱਲ ਵਿਦਾ ਕੀਤਾ, “ਜਾਓ, ਅਤੇ ਬੱਚੇ ਦੇ ਬਾਰੇ ਠੀਕ ਠੀਕ ਪਤਾ ਕਰੋ । ਜਦੋਂ ਉਹ ਮਿਲ ਜਾਵੇ ਤਾਂ ਮੈਨੂੰ ਆ ਕੇ ਖ਼ਬਰ ਦੇਣਾ ਤਾਂ ਜੋ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ ।” ਰਾਜਾ ਦੀ ਗੱਲ ਸੁਣ ਕੇ ਉਹ ਚਲੇ ਗਏ । ਰਾਹ ਵਿੱਚ ਫਿਰ ਉਹਨਾਂ ਨੇ ਉਹ ਹੀ ਤਾਰਾ ਦੇਖਿਆ ਜਿਹੜਾ ਉਹਨਾਂ ਨੇ ਪੂਰਬ ਵਿੱਚ ਦੇਖਿਆ ਸੀ । ਉਹ ਤਾਰਾ ਉਹਨਾਂ ਦੇ ਅੱਗੇ ਅੱਗੇ ਚੱਲਿਆ ਅਤੇ ਜਿੱਥੇ ਬੱਚਾ ਸੀ, ਉਸ ਥਾਂ ਦੇ ਉੱਤੇ ਜਾ ਕੇ ਠਹਿਰ ਗਿਆ । ਉਹ ਉਸ ਤਾਰੇ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ । ਫਿਰ ਉਹ ਘਰ ਦੇ ਅੰਦਰ ਗਏ ਅਤੇ ਬੱਚੇ ਨੂੰ ਉਸ ਦੀ ਮਾਂ ਮਰੀਅਮ ਨਾਲ ਦੇਖਿਆ । ਉਹਨਾਂ ਨੇ ਝੁੱਕ ਕੇ ਬੱਚੇ ਦੇ ਸਾਹਮਣੇ ਮੱਥਾ ਟੇਕਿਆ ਅਤੇ ਆਪਣਾ ਆਪਣਾ ਥੈਲਾ ਖੋਲ੍ਹ ਕੇ ਉਹਨਾਂ ਨੂੰ ਸੋਨਾ, ਧੂਪ ਅਤੇ ਗੰਧਰਸ ਭੇਂਟ ਕੀਤੇ । ਫਿਰ ਪਰਮੇਸ਼ਰ ਵੱਲੋਂ ਸੁਪਨੇ ਵਿੱਚ ਚਿਤਾਵਨੀ ਪਾ ਕੇ ਕਿ ਹੇਰੋਦੇਸ ਕੋਲ ਮੁੜ ਕੇ ਨਾ ਜਾਣਾ, ਉਹ ਆਪਣੇ ਆਪਣੇ ਦੇਸ਼ ਨੂੰ ਦੂਜੇ ਰਾਹ ਤੋਂ ਵਾਪਸ ਚਲੇ ਗਏ । ਉਹਨਾਂ ਦੇ ਚਲੇ ਜਾਣ ਤੋਂ ਬਾਅਦ ਪ੍ਰਭੂ ਦੇ ਇੱਕ ਸਵਰਗਦੂਤ ਨੇ ਯੂਸਫ਼ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ: “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਮਿਸਰ ਦੇਸ਼ ਨੂੰ ਚਲਾ ਜਾ ਅਤੇ ਜਦੋਂ ਤੱਕ ਮੈਂ ਨਾ ਕਹਾਂ, ਉੱਥੇ ਹੀ ਰਹਿਣਾ ਕਿਉਂਕਿ ਹੇਰੋਦੇਸ ਇਸ ਬੱਚੇ ਦੀ ਖੋਜ ਕਰੇਗਾ ਕਿ ਇਸ ਨੂੰ ਜਾਨੋ ਮਾਰ ਦੇਵੇ ।” ਇਸ ਲਈ ਯੂਸਫ਼ ਰਾਤ ਨੂੰ ਹੀ ਉੱਠਿਆ, ਬੱਚੇ ਅਤੇ ਉਸ ਦੀ ਮਾਂ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ । ਉੱਥੇ ਉਹ ਹੇਰੋਦੇਸ ਦੀ ਮੌਤ ਤੱਕ ਰਿਹਾ । ਇਹ ਇਸ ਲਈ ਹੋਇਆ ਕਿ ਪ੍ਰਭੂ ਦੇ ਨਬੀ ਰਾਹੀਂ ਕਿਹਾ ਹੋਇਆ ਇਹ ਵਚਨ ਪੂਰਾ ਹੋਵੇ: “ਮੈਂ ਮਿਸਰ ਦੇਸ਼ ਤੋਂ ਆਪਣੇ ਪੁੱਤਰ ਨੂੰ ਸੱਦਿਆ ।” ਜਦੋਂ ਹੇਰੋਦੇਸ ਨੇ ਦੇਖਿਆ ਕਿ ਜੋਤਸ਼ੀਆਂ ਨੇ ਉਸ ਨੂੰ ਮੂਰਖ ਬਣਾਇਆ ਹੈ ਤਾਂ ਉਹ ਬਹੁਤ ਗੁੱਸੇ ਵਿੱਚ ਆਇਆ । ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬੈਤਲਹਮ ਅਤੇ ਉਸ ਦੇ ਆਲੇ ਦੁਆਲੇ ਦੇ ਸਭ ਲੜਕਿਆਂ ਨੂੰ ਮਾਰ ਦਿੱਤਾ ਜਾਵੇ ਜਿਹੜੇ ਜੋਤਸ਼ੀਆਂ ਦੇ ਦੱਸੇ ਅਨੁਸਾਰ ਦੋ ਸਾਲ ਦੀ ਉਮਰ ਦੇ ਜਾਂ ਉਸ ਤੋਂ ਛੋਟੇ ਸਨ । ਇਸ ਤਰ੍ਹਾਂ ਯਿਰਮਿਯਾਹ ਨਬੀ ਦਾ ਕਿਹਾ ਹੋਇਆ ਇਹ ਵਚਨ ਸੱਚਾ ਸਿੱਧ ਹੋਇਆ ਹੈ: “ਇੱਕ ਆਵਾਜ਼ ਰਾਮਾਹ ਸ਼ਹਿਰ ਵਿੱਚੋਂ ਆ ਰਹੀ ਹੈ, ਆਵਾਜ਼ ਜੋ ਕਿ ਰੋਣ ਅਤੇ ਘੋਰ ਵਿਰਲਾਪ ਦੀ ਹੈ । ਰਾਖ਼ੇਲ ਆਪਣੇ ਬੱਚਿਆਂ ਲਈ ਰੋ ਰਹੀ ਹੈ, ਅਤੇ ਤਸੱਲੀ ਨਹੀਂ ਚਾਹੁੰਦੀ, ਕਿਉਂਕਿ ਉਹ ਸਾਰੇ ਕਤਲ ਕੀਤੇ ਜਾ ਚੁੱਕੇ ਹਨ ।” ਰਾਜਾ ਹੇਰੋਦੇਸ ਦੀ ਮੌਤ ਦੇ ਬਾਅਦ ਪ੍ਰਭੂ ਦੇ ਇੱਕ ਸਵਰਗਦੂਤ ਨੇ ਮਿਸਰ ਵਿੱਚ ਯੂਸਫ਼ ਨੂੰ ਸੁਪਨੇ ਵਿੱਚ ਦਰਸ਼ਨ ਦਿੱਤਾ ਅਤੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਅਤੇ ਇਸਰਾਏਲ ਦੇਸ਼ ਨੂੰ ਵਾਪਸ ਚਲਾ ਜਾ ਕਿਉਂਕਿ ਜਿਹੜੇ ਬੱਚੇ ਨੂੰ ਮਾਰਨਾ ਚਾਹੁੰਦੇ ਸਨ, ਉਹ ਮਰ ਚੁੱਕੇ ਹਨ ।” ਇਸ ਲਈ ਯੂਸਫ਼ ਉੱਠਿਆ, ਬੱਚੇ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਇਸਰਾਏਲ ਦੇਸ਼ ਨੂੰ ਵਾਪਸ ਚਲਾ ਗਿਆ । ਪਰ ਜਦੋਂ ਉਸ ਨੇ ਸੁਣਿਆ ਕਿ ਅਰਖਿਲਾਊਸ ਆਪਣੇ ਪਿਤਾ ਦੀ ਥਾਂ ਯਹੂਦਿਯਾ ਦਾ ਰਾਜਾ ਬਣਿਆ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ । ਇਸ ਲਈ ਉਹ ਸੁਪਨੇ ਰਾਹੀਂ ਹੋਰ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ । ਇੱਥੇ ਉਹ ਨਾਸਰਤ ਨਾਂ ਦੇ ਇੱਕ ਸ਼ਹਿਰ ਵਿੱਚ ਵੱਸ ਗਿਆ ਕਿ ਨਬੀਆਂ ਦਾ ਇਹ ਵਚਨ ਪੂਰਾ ਹੋਵੇ: “ਉਹ ਨਾਸਰੀ ਅਖਵਾਏਗਾ ।” ਉਸ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲਾ ਯਹੂਦਿਯਾ ਦੇ ਉਜਾੜ ਵਿੱਚ ਆ ਕੇ ਇਸ ਤਰ੍ਹਾਂ ਪ੍ਰਚਾਰ ਕਰਨ ਲੱਗਾ: “ਆਪਣੇ ਪਾਪਾਂ ਨੂੰ ਛੱਡੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ ।” ਯੂਹੰਨਾ ਬਾਰੇ ਹੀ ਯਸਾਯਾਹ ਨਬੀ ਨੇ ਕਿਹਾ ਸੀ: “ਉਜਾੜ ਵਿੱਚ ਇੱਕ ਆਵਾਜ਼ ਪੁਕਾਰ ਰਹੀ ਹੈ, ਪ੍ਰਭੂ ਦਾ ਰਾਹ ਤਿਆਰ ਕਰੋ, ਉਹਨਾਂ ਦੇ ਰਾਹਾਂ ਨੂੰ ਸਿੱਧੇ ਕਰੋ ।” ਯੂਹੰਨਾ ਦੇ ਕੱਪੜੇ ਊਠ ਦੇ ਵਾਲਾਂ ਦੇ ਸਨ ਅਤੇ ਉਹ ਚਮੜੇ ਦੀ ਪੇਟੀ ਲੱਕ ਦੁਆਲੇ ਬੰਨ੍ਹਦਾ ਸੀ । ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ । ਉਸ ਕੋਲ ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਯਰਦਨ ਤੇ ਸਭ ਆਲੇ ਦੁਆਲੇ ਦੇ ਲੋਕ ਆਏ । ਉਹਨਾਂ ਨੇ ਆਪਣੇ ਪਾਪਾਂ ਨੂੰ ਮੰਨਦੇ ਹੋਏ, ਯੂਹੰਨਾ ਕੋਲੋਂ ਯਰਦਨ ਨਦੀ ਵਿੱਚ ਬਪਤਿਸਮਾ ਲਿਆ । ਜਦੋਂ ਯੂਹੰਨਾ ਨੇ ਬਹੁਤ ਸਾਰੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਆਪਣੇ ਕੋਲ ਬਪਤਿਸਮਾ ਲੈਣ ਲਈ ਆਉਂਦੇ ਦੇਖਿਆ ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚਣ ਦੀ ਕੋਸ਼ਿਸ਼ ਕਰੋ? ਇਹੋ ਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਪਾਪਾਂ ਨੂੰ ਛੱਡ ਦਿੱਤਾ ਹੈ । ਇਹ ਨਾ ਸੋਚੋ ਕਿ ਤੁਸੀਂ ਆਪਣਾ ਬਚਾਅ ਇਹ ਕਹਿ ਕੇ ਕਰ ਸਕਦੇ ਹੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ । ਰੁੱਖਾਂ ਨੂੰ ਵੱਢਣ ਦੇ ਲਈ ਕੁਹਾੜਾ ਤਿਆਰ ਹੈ; ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਹੀ ਵੱਢ ਦਿੱਤਾ ਜਾਂਦਾ ਹੈ । ਮੈਂ ਤਾਂ ਇਹ ਦਿਖਾਉਣ ਦੇ ਲਈ ਕਿ ਤੁਸੀਂ ਆਪਣੇ ਪਾਪਾਂ ਨੂੰ ਛੱਡ ਦਿੱਤਾ ਹੈ, ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਜਿਹੜੇ ਮੇਰੇ ਬਾਅਦ ਆ ਰਹੇ ਹਨ, ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ । ਉਹ ਮੇਰੇ ਤੋਂ ਵੱਧ ਸ਼ਕਤੀਸ਼ਾਲੀ ਹਨ । ਮੈਂ ਤਾਂ ਉਹਨਾਂ ਦੀ ਜੁੱਤੀ ਚੁੱਕਣ ਦੇ ਯੋਗ ਵੀ ਨਹੀਂ ਹਾਂ । ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਦਾਣਿਆਂ ਨੂੰ ਗੋਦਾਮਾਂ ਵਿੱਚ ਭਰ ਲੈਣਗੇ ਪਰ ਤੂੜੀ ਨੂੰ ਕਦੀ ਨਾ ਬੁਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।” ਉਸ ਸਮੇਂ ਯਿਸੂ ਗਲੀਲ ਤੋਂ ਯਰਦਨ ਨਦੀ ਵਿੱਚ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । ਪਰ ਯੂਹੰਨਾ ਨੇ ਇਹ ਕਹਿ ਕੇ ਉਹਨਾਂ ਨੂੰ ਰੋਕਣਾ ਚਾਹਿਆ, “ਤੁਹਾਡੇ ਹੱਥੋਂ ਤਾਂ ਮੈਨੂੰ ਬਪਤਿਸਮਾ ਲੈਣ ਦੀ ਲੋੜ ਹੈ ਅਤੇ ਤੁਸੀਂ ਮੇਰੇ ਕੋਲ ਆਏ ਹੋ?” ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਹੁਣ ਇਸੇ ਤਰ੍ਹਾਂ ਹੋਣ ਦੇ ਕਿਉਂਕਿ ਇਹ ਹੀ ਠੀਕ ਹੈ ਕਿ ਅਸੀਂ ਇਸੇ ਤਰ੍ਹਾਂ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੀਏ ।” ਤਦ ਯੂਹੰਨਾ ਮੰਨ ਗਿਆ । ਜਦੋਂ ਯਿਸੂ ਬਪਤਿਸਮਾ ਲੈ ਕੇ ਪਾਣੀ ਵਿੱਚੋਂ ਬਾਹਰ ਆਏ । ਉਸੇ ਸਮੇਂ ਅਕਾਸ਼ ਉਹਨਾਂ ਦੇ ਲਈ ਖੁੱਲ੍ਹ ਗਿਆ ਅਤੇ ਉਹਨਾਂ ਨੇ ਪਰਮੇਸ਼ਰ ਦੇ ਆਤਮਾ ਨੂੰ ਘੁੱਗੀ ਦੇ ਰੂਪ ਵਿੱਚ ਆਉਂਦੇ ਅਤੇ ਆਪਣੇ ਉੱਤੇ ਠਹਿਰਦੇ ਦੇਖਿਆ । ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ, ਜਿਸ ਤੋਂ ਮੈਂ ਖ਼ੁਸ਼ ਹਾਂ ।” ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਸ਼ੈਤਾਨ ਉਹਨਾਂ ਨੂੰ ਪਰਤਾਵੇ । ਚਾਲੀ ਦਿਨ ਅਤੇ ਚਾਲੀ ਰਾਤ ਵਰਤ ਰੱਖਣ ਦੇ ਬਾਅਦ, ਉਹਨਾਂ ਨੂੰ ਭੁੱਖ ਲੱਗੀ । ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਹਨਾਂ ਪੱਥਰਾਂ ਨੂੰ ਕਹਿ ਕਿ ਇਹ ਰੋਟੀਆਂ ਬਣ ਜਾਣ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ: ‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਊਂਦਾ ਰਹੇਗਾ ।’” ਫਿਰ ਸ਼ੈਤਾਨ ਯਿਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਸਿਖਰ ਉੱਤੇ ਖੜ੍ਹਾ ਕਰ ਦਿੱਤਾ ਅਤੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ: ‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੁਹਾਡੇ ਬਾਰੇ ਹੁਕਮ ਦੇਣਗੇ ਉਹ ਤੁਹਾਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਕਿ ਤੁਹਾਡੇ ਪੈਰਾਂ ਨੂੰ ਵੀ ਸੱਟ ਨਾ ਲੱਗੇ ।’” ਯਿਸੂ ਨੇ ਉਸ ਨੂੰ ਉੱਤਰ ਦਿੱਤਾ: “ ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ ।’” ਫਿਰ ਸ਼ੈਤਾਨ ਯਿਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ । ਉੱਥੇ ਉਸ ਨੇ ਯਿਸੂ ਨੂੰ ਸੰਸਾਰ ਦੇ ਸਾਰੇ ਰਾਜ ਅਤੇ ਉਹਨਾਂ ਦੀ ਸ਼ਾਨ ਦਿਖਾਈ । ਸ਼ੈਤਾਨ ਨੇ ਕਿਹਾ, “ਇਹ ਸਭ ਕੁਝ ਮੈਂ ਤੈਨੂੰ ਦੇ ਦੇਵਾਂਗਾ ਜੇਕਰ ਤੂੰ ਝੁੱਕ ਕੇ ਮੇਰੀ ਭਗਤੀ ਕਰੇਂ ।” ਪਰ ਯਿਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, “ਸ਼ੈਤਾਨ, ਮੇਰੇ ਕੋਲੋਂ ਦੂਰ ਹੋ ਜਾ! ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ, ਅਤੇ ਕੇਵਲ ਉਸੇ ਦੀ ਹੀ ਸੇਵਾ ਕਰ ।’” ਇਸ ਦੇ ਬਾਅਦ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ । ਫਿਰ ਉੱਥੇ ਸਵਰਗਦੂਤ ਆ ਗਏ ਜਿਹਨਾਂ ਨੇ ਯਿਸੂ ਦੀ ਸੇਵਾ ਕੀਤੀ । ਜਦੋਂ ਯਿਸੂ ਨੂੰ ਪਤਾ ਲੱਗਾ ਕਿ ਯੂਹੰਨਾ ਨੂੰ ਕੈਦ ਕਰ ਦਿੱਤਾ ਗਿਆ ਹੈ ਤਾਂ ਉਹ ਗਲੀਲ ਨੂੰ ਚਲੇ ਗਏ । ਪਰ ਉਹ ਨਾਸਰਤ ਸ਼ਹਿਰ ਵਿੱਚ ਨਾ ਠਹਿਰੇ, ਸਗੋਂ ਗਲੀਲ ਝੀਲ ਦੇ ਕਿਨਾਰੇ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਜਾ ਵਸੇ ਜੋ ਜ਼ਬੂਲੂਨ ਅਤੇ ਨਫ਼ਥਾਲੀ ਦੇ ਇਲਾਕਿਆਂ ਵਿੱਚ ਹੈ । ਇਹ ਇਸ ਲਈ ਹੋਇਆ ਕਿ ਯਸਾਯਾਹ ਨਬੀ ਦੁਆਰਾ ਕਿਹਾ ਗਿਆ ਵਚਨ ਪੂਰਾ ਹੋਵੇ: “ਜ਼ਬੂਲੂਨ ਦੀ ਧਰਤੀ, ਨਫ਼ਥਾਲੀ ਦੀ ਧਰਤੀ, ਸਾਗਰ ਵੱਲ ਜਾਂਦੇ ਰਾਹ ਨੂੰ, ਯਰਦਨ ਦੇ ਪਾਰ ਗਲੀਲ ਜਿੱਥੇ ਪਰਾਈਆਂ ਕੌਮਾਂ ਰਹਿੰਦੀਆਂ ਹਨ! ਉਹ ਲੋਕ ਜਿਹੜੇ ਹਨੇਰੇ ਵਿੱਚ ਰਹਿ ਰਹੇ ਹਨ, ਇੱਕ ਵੱਡਾ ਚਾਨਣ ਦੇਖਣਗੇ । ਉਹਨਾਂ ਉੱਤੇ ਜਿਹੜੇ ਮੌਤ ਦੀ ਹਨੇਰੀ ਧਰਤੀ ਉੱਤੇ ਰਹਿੰਦੇ ਹਨ, ਇੱਕ ਚਾਨਣ ਚਮਕੇਗਾ ।” ਉਸ ਸਮੇਂ ਤੋਂ ਯਿਸੂ ਨੇ ਇਹ ਕਹਿ ਕੇ ਪ੍ਰਚਾਰ ਕਰਨਾ ਸ਼ੁਰੂ ਕੀਤਾ: “ਤੋਬਾ ਕਰੋ ਕਿਉਂਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ!” ਜਦੋਂ ਯਿਸੂ ਗਲੀਲ ਦੀ ਝੀਲ ਦੇ ਕੰਢੇ ਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੋ ਭਰਾਵਾਂ ਨੂੰ ਝੀਲ ਵਿੱਚੋਂ ਜਾਲ ਨਾਲ ਮੱਛੀਆਂ ਫੜਦੇ ਦੇਖਿਆ । ਉਹ ਦੋਵੇਂ, ਸ਼ਮਊਨ (ਜੋ ਪਤਰਸ ਅਖਵਾਉਂਦਾ ਹੈ), ਅਤੇ ਉਸ ਦਾ ਭਰਾ ਅੰਦ੍ਰਿਆਸ ਸਨ । ਯਿਸੂ ਨੇ ਉਹਨਾਂ ਭਰਾਵਾਂ ਨੂੰ ਕਿਹਾ, “ਮੇਰੇ ਪਿੱਛੇ ਆਓ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।” ਉਹ ਦੋਵੇਂ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਚੇਲੇ ਬਣ ਗਏ । ਉਹ ਥੋੜ੍ਹਾ ਅੱਗੇ ਵੱਧੇ ਤਾਂ ਉਹਨਾਂ ਨੇ ਦੋ ਹੋਰ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਦੇਖਿਆ ਜੋ ਜ਼ਬਦੀ ਦੇ ਪੁੱਤਰ ਸਨ । ਉਹ ਦੋਵੇਂ ਕਿਸ਼ਤੀ ਵਿੱਚ ਆਪਣੇ ਪਿਤਾ ਜ਼ਬਦੀ ਨਾਲ ਆਪਣੇ ਜਾਲਾਂ ਦੀ ਮੁਰੰਮਤ ਕਰ ਰਹੇ ਸਨ । ਯਿਸੂ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ । ਉਹ ਦੋਵੇਂ ਭਰਾ ਵੀ ਉਸੇ ਸਮੇਂ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਯਿਸੂ ਦੇ ਚੇਲੇ ਬਣ ਗਏ । ਯਿਸੂ ਸਾਰੇ ਗਲੀਲ ਵਿੱਚ ਗਏ । ਉਹ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆ ਦਿੰਦੇ, ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਕਮਜ਼ੋਰੀਆਂ ਤੋਂ ਚੰਗਾ ਕਰਦੇ ਰਹੇ । ਇਸ ਤਰ੍ਹਾਂ ਯਿਸੂ ਸਾਰੇ ਸੀਰੀਯਾ ਵਿੱਚ ਪ੍ਰਸਿੱਧ ਹੋ ਗਏ । ਇਸ ਲਈ ਲੋਕ ਹਰ ਤਰ੍ਹਾਂ ਦੇ ਬਿਮਾਰਾਂ ਅਤੇ ਪੀੜਤਾਂ ਨੂੰ, ਦੁਸ਼ਟ ਆਤਮਾਵਾਂ ਵਾਲੇ ਲੋਕਾਂ ਨੂੰ, ਮਿਰਗੀ ਵਾਲਿਆਂ ਨੂੰ ਅਤੇ ਅਧਰੰਗੀਆਂ ਨੂੰ ਉਹਨਾਂ ਕੋਲ ਲਿਆਏ । ਯਿਸੂ ਨੇ ਉਹਨਾਂ ਸਭ ਨੂੰ ਚੰਗਾ ਕਰ ਦਿੱਤਾ । ਇਸ ਲਈ ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਲੱਗ ਗਈ ਜਿਹੜੀ ਗਲੀਲ, ਦਸ ਸ਼ਹਿਰ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਦੂਜੇ ਪਾਸੇ ਤੋਂ ਸੀ । ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਏ । ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ । ਫਿਰ ਯਿਸੂ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦੇਣ ਲੱਗੇ: “ਧੰਨ ਉਹ ਲੋਕ ਹਨ ਜਿਹੜੇ ਦਿਲ ਦੇ ਗ਼ਰੀਬ ਹਨ; ਉਹ ਸਵਰਗ ਦੇ ਰਾਜ ਦੇ ਭਾਗੀ ਹੋਣਗੇ । ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ; ਪਰਮੇਸ਼ਰ ਉਹਨਾਂ ਨੂੰ ਦਿਲਾਸਾ ਦੇਣਗੇ । ਧੰਨ ਉਹ ਲੋਕ ਹਨ ਜਿਹੜੇ ਨਿਮਰ ਹਨ; ਉਹ ਧਰਤੀ ਦੇ ਵਾਰਿਸ ਹੋਣਗੇ । ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਭੁੱਖੇ ਅਤੇ ਪਿਆਸੇ ਹਨ; ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰਨਗੇ । ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ; ਪਰਮੇਸ਼ਰ ਉਹਨਾਂ ਉੱਤੇ ਦਇਆ ਕਰਨਗੇ । ਧੰਨ ਉਹ ਲੋਕ ਹਨ ਜਿਹਨਾਂ ਦੇ ਮਨ ਪਵਿੱਤਰ ਹਨ; ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ । ਧੰਨ ਉਹ ਲੋਕ ਹਨ ਜਿਹੜੇ ਦੂਜਿਆਂ ਵਿੱਚ ਮੇਲ-ਮਿਲਾਪ ਕਰਵਾਉਂਦੇ ਹਨ; ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ । ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਕਾਰਨ ਸਤਾਏ ਜਾਂਦੇ ਹਨ; ਉਹ ਸਵਰਗ ਦੇ ਭਾਗੀ ਹੋਣਗੇ । “ਧੰਨ ਤੁਸੀਂ ਹੋ ਜਦੋਂ ਮੇਰੇ ਚੇਲੇ ਹੋਣ ਕਾਰਨ ਲੋਕ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ । ਖ਼ੁਸ਼ੀ ਮਨਾਓ ਅਤੇ ਅਨੰਦ ਕਰੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਸਤਾਇਆ ਸੀ ।” “ਤੁਸੀਂ ਸੰਸਾਰ ਦੇ ਲੂਣ ਹੋ । ਪਰ ਜੇਕਰ ਲੂਣ ਆਪਣਾ ਸਵਾਦ ਗੁਆ ਦੇਵੇ ਤਾਂ ਫਿਰ ਕਿਸ ਤਰ੍ਹਾਂ ਸਵਾਦਲਾ ਬਣਾਇਆ ਜਾ ਸਕਦਾ ਹੈ? ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਬਾਹਰ ਸੁੱਟੇ ਜਾਣ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧੇ ਜਾਣ ਦੇ । “ਤੁਸੀਂ ਸੰਸਾਰ ਦੇ ਚਾਨਣ ਹੋ । ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ । ਕੋਈ ਵੀ ਦੀਵਾ ਬਾਲ ਕੇ ਭਾਂਡੇ ਹੇਠਾਂ ਨਹੀਂ ਰੱਖਦਾ, ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਕਿ ਉਹ ਘਰ ਦੇ ਸਭ ਲੋਕਾਂ ਨੂੰ ਚਾਨਣ ਦੇਵੇ । ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਦੇ ਸਾਹਮਣੇ ਚਮਕੇ ਕਿ ਲੋਕ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜੋ ਸਵਰਗ ਵਿੱਚ ਹਨ, ਵਡਿਆਈ ਕਰਨ ।” “ਇਹ ਨਾ ਸੋਚੋ ਕਿ ਮੈਂ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਨੂੰ ਖ਼ਤਮ ਕਰਨ ਆਇਆ ਹਾਂ; ਮੈਂ ਉਹਨਾਂ ਨੂੰ ਖ਼ਤਮ ਕਰਨ ਨਹੀਂ ਸਗੋਂ ਪੂਰੀਆਂ ਕਰਨ ਆਇਆ ਹਾਂ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਹਨ, ਵਿਵਸਥਾ ਦੀ ਬਿੰਦੀ ਜਾਂ ਮਾਤਰਾ ਵੀ ਖ਼ਤਮ ਨਹੀਂ ਹੋਵੇਗੀ, ਜਦੋਂ ਤੱਕ ਕਿ ਸਭ ਕੁਝ ਪੂਰਾ ਨਾ ਹੋ ਜਾਵੇ । ਇਸ ਲਈ ਜੋ ਕੋਈ ਛੋਟੇ ਤੋਂ ਛੋਟੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੋਵੇਗਾ । ਇਸੇ ਤਰ੍ਹਾਂ ਜੋ ਕੋਈ ਹੁਕਮਾਂ ਨੂੰ ਮੰਨਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਸਿਖਾਉਂਦਾ ਹੈ, ਉਹ ਸਵਰਗ ਦੇ ਰਾਜ ਵਿੱਚ ਵੱਡਾ ਹੋਵੇਗਾ । ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੱਕ ਤੁਹਾਡੀ ਨੇਕੀ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨਾਲੋਂ ਵੱਧ ਨਾ ਹੋਵੇ, ਤੁਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ ।” “ਤੁਸੀਂ ਸੁਣਿਆ ਹੈ ਕਿ ਪ੍ਰਾਚੀਨਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ: ‘ਕਤਲ ਨਾ ਕਰਨਾ, ਜੋ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਜੋ ਕੋਈ ਆਪਣੇ ਭਰਾ ਨਾਲ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜੋ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਰਾਹੀਂ ਦੋਸ਼ੀ ਠਹਿਰਾਇਆ ਜਾਵੇਗਾ । ਇਸੇ ਤਰ੍ਹਾਂ ਜੋ ਕੋਈ ਆਪਣੇ ਭਰਾ ਨੂੰ ਕਹੇ ‘ਹੇ ਮੂਰਖ!’ ਉਹ ਨਰਕ ਦੀ ਅੱਗ ਦੇ ਯੋਗ ਹੋਵੇਗਾ । ਇਸ ਲਈ ਜੇਕਰ ਤੂੰ ਪਰਮੇਸ਼ਰ ਨੂੰ ਆਪਣਾ ਚੜ੍ਹਾਵਾ ਚੜ੍ਹਾਉਣ ਲਈ ਵੇਦੀ ਤੇ ਜਾਂਦਾ ਹੈਂ ਅਤੇ ਉੱਥੇ ਤੈਨੂੰ ਯਾਦ ਆਉਂਦਾ ਹੈ ਕਿ ਤੇਰੇ ਭਰਾ ਨੂੰ ਤੇਰੇ ਵਿਰੁੱਧ ਕੁਝ ਸ਼ਿਕਾਇਤ ਹੈ, ਤਾਂ ਤੂੰ ਆਪਣਾ ਚੜ੍ਹਾਵਾ ਉੱਥੇ ਵੇਦੀ ਦੇ ਸਾਹਮਣੇ ਰੱਖ ਦੇ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸਮਝੌਤਾ ਕਰ ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ । “ਜੇਕਰ ਕੋਈ ਤੇਰੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ, ਜਦੋਂ ਕਿ ਤੁਸੀਂ ਦੋਵੇਂ ਅਜੇ ਅਦਾਲਤ ਦੇ ਰਾਹ ਵਿੱਚ ਹੀ ਹੋ । ਨਹੀਂ ਤਾਂ ਉਹ ਤੈਨੂੰ ਜੱਜ ਦੇ ਹਵਾਲੇ ਕਰ ਦੇਵੇਗਾ ਅਤੇ ਜੱਜ ਤੈਨੂੰ ਪੁਲਿਸ ਦੇ ਹਵਾਲੇ । ਇਸ ਤਰ੍ਹਾਂ ਫਿਰ ਤੂੰ ਕੈਦ ਵਿੱਚ ਸੁੱਟ ਦਿੱਤਾ ਜਾਵੇਂਗਾ । ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਫਿਰ ਤੂੰ ਉਸ ਸਮੇਂ ਤੱਕ ਨਹੀਂ ਛੁੱਟ ਸਕੇਂਗਾ, ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ ।” “ਤੁਸੀਂ ਇਹ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ: ‘ਵਿਭਚਾਰ ਨਾ ਕਰਨਾ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਕੋਈ ਕਿਸੇ ਔਰਤ ਵੱਲ ਬੁਰੀ ਨਜ਼ਰ ਨਾਲ ਵੀ ਦੇਖਦਾ ਹੈ ਤਾਂ ਉਹ ਆਪਣੇ ਦਿਲ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਾ ਹੈ । ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੋਵੇਗਾ ਕਿ ਤੇਰੇ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ, ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ । ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰਾ ਲਾਭ ਇਸੇ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ ।” “ਇਹ ਵੀ ਕਿਹਾ ਗਿਆ ਸੀ: ‘ਜੇਕਰ ਕੋਈ ਆਪਣੀ ਪਤਨੀ ਨੂੰ ਛੱਡੇ ਤਾਂ ਉਹ ਉਸ ਨੂੰ ਤਲਾਕ ਪੱਤਰ ਲਿਖ ਕੇ ਦੇਵੇ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ, ‘ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਵਿਭਚਾਰ ਤੋਂ ਇਲਾਵਾ ਕਿਸੇ ਹੋਰ ਕਾਰਨ ਤਲਾਕ ਦਿੰਦਾ ਹੈ ਤਾਂ ਉਹ ਉਸ ਕੋਲੋਂ ਵਿਭਚਾਰ ਕਰਵਾਉਂਦਾ ਹੈ । ਇਸੇ ਤਰ੍ਹਾਂ ਜੋ ਆਦਮੀ ਉਸ ਤਲਾਕ ਵਾਲੀ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।’” “ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਕਿਹਾ ਗਿਆ ਸੀ: ‘ਝੂਠੀ ਸੌਂਹ ਨਾ ਚੁੱਕਣਾ, ਸਗੋਂ ਆਪਣੀ ਸੌਂਹ ਪ੍ਰਭੂ ਸਾਹਮਣੇ ਪੂਰੀ ਕਰਨਾ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਕਦੀ ਵੀ ਸੌਂਹ ਨਾ ਚੁੱਕਣਾ; ਨਾ ਅਕਾਸ਼ ਦੀ ਕਿਉਂਕਿ ਉਹ ਪਰਮੇਸ਼ਰ ਦਾ ਸਿੰਘਾਸਣ ਹੈ । ਨਾ ਹੀ ਧਰਤੀ ਦੀ ਕਿਉਂਕਿ ਉਹ ਪਰਮੇਸ਼ਰ ਦੇ ਪੈਰਾਂ ਦੀ ਚੌਂਕੀ ਹੈ । ਨਾ ਹੀ ਯਰੂਸ਼ਲਮ ਦੀ ਕਿਉਂਕਿ ਉਹ ਮਹਾਨ ਰਾਜਾ ਦਾ ਸ਼ਹਿਰ ਹੈ । ਇੱਥੋਂ ਤੱਕ ਕਿ ਆਪਣੇ ਸਿਰ ਦੀ ਵੀ ਸੌਂਹ ਨਾ ਚੁੱਕਣਾ ਕਿਉਂਕਿ ਤੁਸੀਂ ਆਪਣੇ ਸਿਰ ਦਾ ਇੱਕ ਵਾਲ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦੇ । ਬੱਸ, ਤੁਹਾਡੀ ਗੱਲਬਾਤ ਵਿੱਚ ‘ਹਾਂ’ ਦੀ ਥਾਂ ‘ਹਾਂ’ ਅਤੇ ‘ਨਾਂਹ’ ਦੀ ਥਾਂ ‘ਨਾਂਹ’ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਜੋ ਕੁਝ ਵੀ ਹੈ, ਉਸ ਦੀ ਜੜ੍ਹ ਬੁਰਾਈ ਹੈ ।” “ਤੁਸੀਂ ਇਹ ਸੁਣ ਚੁੱਕੇ ਹੋ ਕਿ ਇਹ ਵੀ ਕਿਹਾ ਗਿਆ ਸੀ: ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਜੋ ਕੋਈ ਤੁਹਾਡੇ ਨਾਲ ਬੁਰਾ ਵਰਤਾਉ ਕਰਦਾ ਹੈ, ਉਸ ਤੋਂ ਬਦਲਾ ਨਾ ਲਵੋ । ਜੇਕਰ ਕੋਈ ਤੇਰੀ ਸੱਜੀ ਗੱਲ ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ । ਇਸ ਤਰ੍ਹਾਂ ਜੇਕਰ ਕੋਈ ਤੇਰੇ ਤੇ ਮੁਕੱਦਮਾ ਕਰ ਕੇ ਤੇਰੇ ਤੋਂ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣੀ ਚਾਦਰ ਵੀ ਲੈਣ ਦੇ । ਫਿਰ ਜੇਕਰ ਕੋਈ ਇੱਕ ਮੀਲ ਤੱਕ ਤੈਨੂੰ ਮਜਬੂਰ ਕਰ ਕੇ ਲੈ ਜਾਵੇ ਤਾਂ ਉਸ ਨਾਲ ਦੋ ਮੀਲ ਤੱਕ ਜਾ । ਜੇਕਰ ਕੋਈ ਤੇਰੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ ਦੇ ਅਤੇ ਜੇ ਤੇਰੇ ਤੋਂ ਉਧਾਰ ਚਾਹੇ ਤਾਂ ਉਸ ਨੂੰ ਇਨਕਾਰ ਨਾ ਕਰ ।” “ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ, ‘ਆਪਣੇ ਮਿੱਤਰਾਂ ਨਾਲ ਪਿਆਰ ਕਰੋ ਅਤੇ ਆਪਣੇ ਵੈਰੀਆਂ ਨਾਲ ਵੈਰ ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ; ਤਾਂ ਜੋ ਤੁਸੀਂ ਆਪਣੇ ਪਿਤਾ ਦੀ ਜੋ ਸਵਰਗ ਵਿੱਚ ਹਨ, ਸੰਤਾਨ ਹੋਵੋ । ਉਹ ਵੀ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਦੋਨਾਂ ਦੇ ਲਈ ਚੜ੍ਹਾਉਂਦੇ ਹਨ ਅਤੇ ਚੰਗੇ ਕੰਮ ਕਰਨ ਵਾਲਿਆਂ ਅਤੇ ਮੰਦੇ ਕੰਮ ਕਰਨ ਵਾਲਿਆਂ ਦੋਨਾਂ ਤੇ ਮੀਂਹ ਵਰ੍ਹਾਉਂਦੇ ਹਨ । ਜੇਕਰ ਤੁਸੀਂ ਕੇਵਲ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਕੀ ਫਲ ਦੇਣਗੇ? ਕੀ ਇਸ ਤਰ੍ਹਾਂ ਟੈਕਸ ਲੈਣ ਵਾਲੇ ਵੀ ਨਹੀਂ ਕਰਦੇ ਹਨ? ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਮਿੱਤਰਾਂ ਨਾਲ ਹੀ ਮਿਲਦੇ ਜੁਲਦੇ ਹੋ ਤਾਂ ਕਿਹੜਾ ਵੱਡਾ ਕੰਮ ਕਰਦੇ ਹੋ? ਕੀ ਇਸ ਤਰ੍ਹਾਂ ਪਰਾਈਆਂ ਕੌਮਾਂ ਵੀ ਨਹੀਂ ਕਰਦੀਆਂ ਹਨ? ਇਸ ਲਈ ਤੁਸੀਂ ਵੀ ਸੰਪੂਰਨ ਬਣੋ ਜਿਸ ਤਰ੍ਹਾਂ ਤੁਹਾਡਾ ਪਿਤਾ ਸੰਪੂਰਨ ਹੈ ਜੋ ਸਵਰਗ ਵਿੱਚ ਹੈ ।” “ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਨੇਕੀ ਦੇ ਕੰਮ ਲੋਕਾਂ ਦੇ ਸਾਹਮਣੇ ਦਿਖਾਵੇ ਦੇ ਲਈ ਨਾ ਹੋਣ । ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਤੁਹਾਡੇ ਪਿਤਾ ਤੋਂ ਜੋ ਸਵਰਗ ਵਿੱਚ ਹਨ, ਕੋਈ ਫਲ ਨਹੀਂ ਮਿਲੇਗਾ । “ਇਸ ਲਈ ਜਦੋਂ ਤੂੰ ਦਾਨ-ਪੁੰਨ ਕਰੇਂ ਤਾਂ ਇਸ ਦੇ ਲਈ ਢੰਡੋਰਾ ਨਾ ਪਿਟਾ, ਜਿਸ ਤਰ੍ਹਾਂ ਪਖੰਡੀ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਵਿੱਚ ਕਰਦੇ ਹਨ ਕਿ ਲੋਕ ਉਹਨਾਂ ਦੀ ਵਡਿਆਈ ਕਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਤਰ੍ਹਾਂ ਕਰਨ ਨਾਲ ਉਹ ਆਪਣਾ ਫਲ ਪਾ ਚੁੱਕੇ ਹਨ । ਇਸ ਲਈ ਜਦੋਂ ਤੂੰ ਦਾਨ-ਪੁੰਨ ਕਰੇਂ ਤਾਂ ਇਸ ਤਰ੍ਹਾਂ ਕਰ ਕਿ ਜੋ ਤੇਰਾ ਸੱਜਾ ਹੱਥ ਕਰਦਾ ਹੈ, ਉਸ ਦਾ ਪਤਾ ਤੇਰੇ ਖੱਬੇ ਹੱਥ ਤੱਕ ਨੂੰ ਵੀ ਨਾ ਲੱਗੇ, ਤਾਂ ਜੋ ਤੇਰਾ ਦਾਨ-ਪੁੰਨ ਬਿਲਕੁਲ ਗੁਪਤ ਹੋਵੇ ਜਿਸ ਦਾ ਫਲ ਤੇਰੇ ਪਿਤਾ ਜੋ ਗੁਪਤ ਗੱਲਾਂ ਨੂੰ ਜਾਣਦੇ ਹਨ, ਦੇਣਗੇ ।” “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗ ਨਾ ਕਰੋ । ਉਹ ਪ੍ਰਾਰਥਨਾ ਸਭਾਵਾਂ ਅਤੇ ਗਲੀਆਂ ਦੇ ਕੋਨਿਆਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਕਿ ਲੋਕ ਉਹਨਾਂ ਨੂੰ ਦੇਖਣ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ । ਇਸ ਲਈ ਜਦੋਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੇ ਕਮਰੇ ਵਿੱਚ ਜਾ, ਦਰਵਾਜ਼ਾ ਬੰਦ ਕਰ ਅਤੇ ਆਪਣੇ ਪਿਤਾ ਅੱਗੇ ਜੋ ਗੁਪਤ ਵਿੱਚ ਹਨ, ਪ੍ਰਾਰਥਨਾ ਕਰ । ਤਦ ਤੇਰੇ ਪਿਤਾ ਜੋ ਗੁਪਤ ਗੱਲਾਂ ਦੇ ਜਾਨਣ ਵਾਲੇ ਹਨ ਤੈਨੂੰ ਫਲ ਦੇਣਗੇ । “ਪ੍ਰਾਰਥਨਾ ਕਰਦੇ ਸਮੇਂ ਆਪਣੀ ਪ੍ਰਾਰਥਨਾ ਵਿੱਚ ਪਰਾਈਆਂ ਕੌਮਾਂ ਦੀ ਤਰ੍ਹਾਂ ਬਾਰ ਬਾਰ ਬੇਮਤਲਬ ਗੱਲਾਂ ਨਾ ਕਰੋ ਕਿਉਂਕਿ ਉਹ ਸੋਚਦੇ ਹਨ ਕਿ ਬਹੁਤ ਬੋਲਣ ਨਾਲ ਪਰਮੇਸ਼ਰ ਉਹਨਾਂ ਨੂੰ ਸੁਣ ਲੈਣਗੇ । ਉਹਨਾਂ ਦੀ ਤਰ੍ਹਾਂ ਨਾ ਬਣੋ ਕਿਉਂਕਿ ਤੁਹਾਡੇ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦੇ ਹਨ ਕਿ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ । ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ, ਤੁਸੀਂ ਜੋ ਸਵਰਗ ਵਿੱਚ ਹੋ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ, ਤੁਹਾਡਾ ਰਾਜ ਆਵੇ, ਤੁਹਾਡੀ ਇੱਛਾ ਜਿਸ ਤਰ੍ਹਾਂ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਉੱਤੇ ਵੀ ਪੂਰੀ ਹੋਵੇ । ਸਾਡੀ ਅੱਜ ਦੀ ਰੋਟੀ ਸਾਨੂੰ ਦਿਓ । ਸਾਡੇ ਅਪਰਾਧ ਸਾਨੂੰ ਮਾਫ਼ ਕਰੋ, ਜਿਸ ਤਰ੍ਹਾਂ ਅਸੀਂ ਆਪਣੇ ਵਿਰੁੱਧ ਅਪਰਾਧ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ । ਸਾਨੂੰ ਪਰਤਾਵੇ ਵਿੱਚ ਨਾ ਪੈਣ ਦਿਓ, ਸਗੋਂ ਬੁਰਿਆਈ ਤੋਂ ਬਚਾਓ । [ਕਿਉਂਕਿ ਰਾਜ, ਸਮਰੱਥਾ ਅਤੇ ਮਹਿਮਾ ਹਮੇਸ਼ਾ ਤੁਹਾਡੇ ਹੀ ਹਨ । ਆਮੀਨ]’ “ਇਸ ਲਈ ਜੇਕਰ ਤੁਸੀਂ ਮਨੁੱਖਾਂ ਦੇ ਅਪਰਾਧਾਂ ਨੂੰ ਮਾਫ਼ ਕਰ ਦੇਵੋਗੇ ਤਾਂ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਤੁਹਾਨੂੰ ਵੀ ਮਾਫ਼ ਕਰ ਦੇਣਗੇ । ਪਰ ਜੇਕਰ ਤੁਸੀਂ ਉਹਨਾਂ ਦੇ ਅਪਰਾਧ ਮਾਫ਼ ਨਹੀਂ ਕਰੋਗੇ ਤਾਂ ਤੁਹਾਡੇ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰਨਗੇ ।” “ਜਦੋਂ ਤੁਸੀਂ ਵਰਤ ਰੱਖੋ, ਤਾਂ ਪਖੰਡੀਆਂ ਵਾਂਗ ਆਪਣਾ ਚਿਹਰਾ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣੇ ਚਿਹਰੇ ਇਸ ਲਈ ਵਿਗਾੜ ਲੈਂਦੇ ਹਨ ਕਿ ਲੋਕ ਦੇਖਣ ਕਿ ਉਹਨਾਂ ਨੇ ਵਰਤ ਰੱਖਿਆ ਹੋਇਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਉਹ ਆਪਣਾ ਫਲ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਨ । ਇਸ ਲਈ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਵਾਲਾਂ ਨੂੰ ਤੇਲ ਲਾ, ਮੂੰਹ ਧੋ, ਤਾਂ ਜੋ ਲੋਕ ਇਹ ਨਾ ਜਾਨਣ ਕਿ ਤੂੰ ਵਰਤ ਰੱਖਿਆ ਹੈ । ਇਹ ਕੇਵਲ ਤੁਹਾਡੇ ਪਿਤਾ ਹੀ ਜਾਨਣ ਜੋ ਗੁਪਤ ਵਿੱਚ ਹਨ, ਜੋ ਤੇਰੇ ਗੁਪਤ ਕੰਮਾਂ ਨੂੰ ਦੇਖਦੇ ਹਨ, ਉਹ ਹੀ ਤੈਨੂੰ ਇਸ ਦਾ ਫਲ ਦੇਣਗੇ ।” “ਧਰਤੀ ਉੱਤੇ ਆਪਣੇ ਲਈ ਧਨ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਕਰ ਦਿੰਦੇ ਹਨ, ਚੋਰ ਸੰਨ੍ਹ ਲਾਉਂਦੇ ਅਤੇ ਚੋਰੀਆਂ ਕਰਦੇ ਹਨ । ਸਗੋਂ ਸਵਰਗ ਵਿੱਚ ਆਪਣਾ ਧਨ ਇਕੱਠਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਨਾਸ਼ ਨਹੀਂ ਕਰ ਸਕਦੇ ਹਨ, ਨਾ ਹੀ ਚੋਰ ਸੰਨ੍ਹ ਲਾ ਸਕਦੇ ਅਤੇ ਨਾ ਹੀ ਚੋਰੀ ਕਰ ਸਕਦੇ ਹਨ । ਕਿਉਂਕਿ ਜਿੱਥੇ ਤੇਰਾ ਧਨ ਹੋਵੇਗਾ ਉੱਥੇ ਤੇਰਾ ਦਿਲ ਵੀ ਲੱਗਾ ਰਹੇਗਾ ।” “ਸਰੀਰ ਦਾ ਦੀਵਾ ਅੱਖ ਹੈ । ਇਸ ਲਈ ਜੇਕਰ ਤੇਰੀ ਅੱਖ ਸਾਫ਼ ਹੈ ਤਾਂ ਤੇਰਾ ਸਾਰਾ ਸਰੀਰ ਚਾਨਣ ਨਾਲ ਭਰਿਆ ਹੋਵੇਗਾ । ਜੇਕਰ ਤੇਰੀ ਅੱਖ ਖ਼ਰਾਬ ਹੈ ਤਾਂ ਤੇਰਾ ਸਾਰਾ ਸਰੀਰ ਵੀ ਹਨੇਰੇ ਨਾਲ ਭਰਿਆ ਹੋਵੇਗਾ । ਇਸ ਲਈ ਜੇਕਰ ਤੇਰੇ ਅੰਦਰਲਾ ਚਾਨਣ ਹਨੇਰੇ ਵਿੱਚ ਬਦਲ ਜਾਵੇ ਤਾਂ ਇਹ ਹਨੇਰਾ ਕਿੰਨਾਂ ਵੱਡਾ ਹੋਵੇਗਾ ।” “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ । ਉਹ ਇੱਕ ਨਾਲ ਘਿਰਣਾ ਕਰੇਗਾ ਅਤੇ ਦੂਜੇ ਨਾਲ ਪਿਆਰ ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ਰ ਅਤੇ ਧਨ, ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।” “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ ਕਿ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ ਜਾਂ ਕੀ ਪਾਵਾਂਗੇ? ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ । ਅਕਾਸ਼ ਦੇ ਪੰਛੀਆਂ ਵੱਲ ਧਿਆਨ ਦੇਵੋ, ਉਹ ਨਾ ਬੀਜਦੇ ਹਨ ਅਤੇ ਨਾ ਵਾਢੀ ਕਰਦੇ, ਨਾ ਹੀ ਗੋਦਾਮਾਂ ਵਿੱਚ ਇਕੱਠਾ ਕਰਦੇ ਹਨ । ਪਰ ਫਿਰ ਵੀ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਉਹਨਾਂ ਨੂੰ ਖਾਣ ਲਈ ਭੋਜਨ ਦਿੰਦੇ ਹਨ । ਕੀ ਤੁਸੀਂ ਪੰਛੀਆਂ ਨਾਲੋਂ ਕਿਤੇ ਜ਼ਿਆਦਾ ਬਹੁਮੁੱਲੇ ਨਹੀਂ ਹੋ? ਤੁਹਾਡੇ ਵਿੱਚੋਂ ਕੌਣ ਹੈ ਜੋ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ?” “ਤੁਸੀਂ ਕੱਪੜਿਆਂ ਬਾਰੇ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਵੱਲ ਧਿਆਨ ਦੇਵੋ, ਉਹ ਕਿਸ ਤਰ੍ਹਾਂ ਵੱਧਦੇ ਫੁੱਲਦੇ ਹਨ । ਉਹ ਨਾ ਮਿਹਨਤ ਕਰਦੇ ਹਨ ਅਤੇ ਨਾ ਹੀ ਕੱਤਦੇ ਹਨ । ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਧਨੀ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਇਹਨਾਂ ਫੁੱਲਾਂ ਨਾਲੋਂ ਵੱਧ ਸੋਹਣੇ ਨਹੀਂ ਸਨ । ਇਸ ਲਈ ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਕਿਉਂ ਨਾ ਪਾਉਣ ਲਈ ਦੇਣਗੇ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ । ਇਸ ਲਈ ਇਹ ਕਹਿ ਕੇ ਚਿੰਤਾ ਨਾ ਕਰੋ: ਅਸੀਂ ਕੀ ਖਾਵਾਂਗੇ? ਅਸੀਂ ਕੀ ਪੀਵਾਂਗੇ? ਜਾਂ ਅਸੀਂ ਕੀ ਪਾਵਾਂਗੇ? ਪਰਾਈਆਂ ਕੌਮਾਂ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੀਆਂ ਹਨ । ਪਰ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਜਾਣਦੇ ਹਨ ਕਿ ਤੁਹਾਨੂੰ ਇਹਨਾਂ ਸਭਨਾਂ ਚੀਜ਼ਾਂ ਦੀ ਲੋੜ ਹੈ । ਇਸ ਲਈ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਹਨਾਂ ਦੀ ਨੇਕੀ ਨੂੰ ਲੱਭੋ ਤਾਂ ਇਹ ਸਭ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ । ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕੱਲ੍ਹ ਆਪ ਆਪਣੀ ਚਿੰਤਾ ਕਰੇਗਾ । ਅੱਜ ਦੇ ਲਈ ਅੱਜ ਦਾ ਦੁੱਖ ਹੀ ਬਹੁਤ ਹੈ ।” “ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਪਰਮੇਸ਼ਰ ਤੁਹਾਡੇ ਉੱਤੇ ਉਸੇ ਤਰ੍ਹਾਂ ਦੋਸ਼ ਲਾਉਣਗੇ ਜਿਸ ਤਰ੍ਹਾਂ ਤੁਸੀਂ ਦੂਜਿਆਂ ਉੱਤੇ ਦੋਸ਼ ਲਾਉਂਦੇ ਹੋ । ਜਿਸ ਨਾਪ ਨਾਲ ਤੁਸੀਂ ਦੂਜਿਆਂ ਨੂੰ ਨਾਪਦੇ ਹੋ, ਪਰਮੇਸ਼ਰ ਵੀ ਤੁਹਾਨੂੰ ਉਸੇ ਨਾਲ ਨਾਪਣਗੇ । ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਦੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ? ਫਿਰ ਤੂੰ ਕਿਸ ਤਰ੍ਹਾਂ ਆਪਣੇ ਭਰਾ ਨੂੰ ਕਹਿੰਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ ।’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ? ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਕੱਢ ਸਕੇਂਗਾ ।” “ਪਵਿੱਤਰ ਚੀਜ਼ ਕੁੱਤਿਆਂ ਨੂੰ ਨਾ ਦੇਵੋ ਅਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਉਹਨਾਂ ਨੂੰ ਆਪਣੇ ਪੈਰਾਂ ਥੱਲੇ ਮਿੱਧਣ ਅਤੇ ਮੁੜ ਕੇ ਤੁਹਾਨੂੰ ਹੀ ਪਾੜਨ ।” “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ । ਕਿਉਂਕਿ ਹਰ ਇੱਕ ਜੋ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ । ਜੋ ਲੱਭਦਾ ਹੈ, ਉਸ ਨੂੰ ਮਿਲਦਾ ਹੈ ਅਤੇ ਜੋ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ । ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਪਿਤਾ ਹੈ ਜੋ ਆਪਣੇ ਪੁੱਤਰ ਨੂੰ, ਜੇਕਰ ਉਹ ਰੋਟੀ ਮੰਗੇ ਤਾਂ ਪੱਥਰ ਦੇਵੇ? ਜਾਂ ਜੇਕਰ ਉਹ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ? ਇਸ ਤਰ੍ਹਾਂ ਜਦੋਂ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਚੀਜ਼ਾਂ ਕਿਉਂ ਨਾ ਦੇਣਗੇ! “ਇਸ ਲਈ ਜੋ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ, ਤੁਸੀਂ ਵੀ ਉਸੇ ਤਰ੍ਹਾਂ ਉਹਨਾਂ ਨਾਲ ਕਰੋ ਕਿਉਂਕਿ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਦਾ ਇਹ ਹੀ ਅਰਥ ਹੈ ।” “ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਵੋ; ਕਿਉਂਕਿ ਜੋ ਦਰਵਾਜ਼ਾ ਚੌੜਾ ਹੈ, ਉਹ ਰਾਹ ਸੌਖਾ ਹੈ ਜਿਹੜਾ ਨਰਕ ਵਿੱਚ ਜਾਂਦਾ ਹੈ; ਅਤੇ ਬਹੁਤ ਲੋਕ ਹਨ ਜਿਹੜੇ ਇਸ ਰਾਹੀਂ ਅੰਦਰ ਜਾਂਦੇ ਹਨ । ਪਰ ਜੋ ਦਰਵਾਜ਼ਾ ਤੰਗ ਹੈ, ਉਹ ਰਾਹ ਔਖਾ ਹੈ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ ਅਤੇ ਬਹੁਤ ਥੋੜ੍ਹੇ ਲੋਕ ਹਨ ਜਿਹੜੇ ਇਸ ਨੂੰ ਲੱਭਦੇ ਹਨ ।” “ਝੂਠੇ ਨਬੀਆਂ ਤੋਂ ਸਾਵਧਾਨ ਰਹੋ । ਉਹ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹੁੰਦੇ ਹਨ । ਤੁਸੀਂ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ਕਿਉਂਕਿ ਕੰਡਿਆਲੀ ਝਾੜੀਆਂ ਤੋਂ ਅੰਗੂਰ ਨਹੀਂ ਮਿਲਦੇ ਅਤੇ ਨਾ ਹੀ ਕੰਡਿਆਲੇ ਬੂਟਿਆਂ ਤੋਂ ਅੰਜੀਰਾਂ ਮਿਲਦੀਆਂ ਹਨ । ਚੰਗੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ ਅਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਹੈ । ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗ ਸਕਦਾ ਅਤੇ ਨਾ ਹੀ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ । ਕੋਈ ਵੀ ਰੁੱਖ ਜੋ ਚੰਗਾ ਫਲ ਨਹੀਂ ਦਿੰਦਾ, ਉਹ ਵੱਢ ਦਿੱਤਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ । ਇਸ ਲਈ ਤੁਸੀਂ ਬੁਰੇ ਨਬੀਆਂ ਨੂੰ ਉਹਨਾਂ ਦੇ ਕੰਮਾਂ ਤੋਂ ਹੀ ਪਛਾਣ ਲਵੋਗੇ ।” “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਦਾਖ਼ਲ ਨਹੀਂ ਹੋਵੇਗਾ, ਪਰ ਉਹ ਜਿਹੜਾ ਮੇਰੇ ਪਿਤਾ ਦੀ ਜੋ ਸਵਰਗ ਵਿੱਚ ਹਨ, ਇੱਛਾ ਪੂਰੀ ਕਰਦਾ ਹੈ, ਦਾਖ਼ਲ ਹੋਵੇਗਾ । ਬਹੁਤ ਸਾਰੇ ਲੋਕ ਉਸ ਆਖ਼ਰੀ ਦਿਨ ਮੈਨੂੰ ਕਹਿਣਗੇ, ‘ਪ੍ਰਭੂ ਜੀ, ਪ੍ਰਭੂ ਜੀ, ਕੀ ਅਸੀਂ ਤੁਹਾਡੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਸੀ, ਤੁਹਾਡੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਨਹੀਂ ਕੱਢਿਆ ਸੀ ਅਤੇ ਤੁਹਾਡੇ ਨਾਮ ਵਿੱਚ ਬਹੁਤ ਚਮਤਕਾਰ ਨਹੀਂ ਕੀਤੇ?’ ਉਸ ਸਮੇਂ ਮੈਂ ਉਹਨਾਂ ਨੂੰ ਉੱਤਰ ਦੇਵਾਗਾਂ: ‘ਮੈਂ ਤੁਹਾਨੂੰ ਕਦੇ ਨਹੀਂ ਜਾਣਿਆ, ਹੇ ਦੁਸ਼ਟੋ, ਮੇਰੇ ਕੋਲੋਂ ਦੂਰ ਹੋ ਜਾਓ!’” “ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹ ਉਸ ਸਮਝਦਾਰ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਚੱਟਾਨ ਤੇ ਬਣਾਇਆ । ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ; ਉਹ ਘਰ ਨਾ ਡਿੱਗਿਆ ਕਿਉਂਕਿ ਉਸ ਘਰ ਦੀ ਨੀਂਹ ਚੱਟਾਨ ਉੱਤੇ ਰੱਖੀ ਹੋਈ ਸੀ । ਪਰ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਆਦਮੀ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ । ਇਸ ਲਈ ਜਦੋਂ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਤਾਂ ਉਹ ਘਰ ਡਿੱਗ ਪਿਆ । ਉਸ ਦਾ ਡਿੱਗਣਾ ਕਿੰਨਾ ਵੱਡਾ ਨਾਸ਼ ਸੀ!” ਜਦੋਂ ਯਿਸੂ ਆਪਣੀਆਂ ਸਿੱਖਿਆਵਾਂ ਖ਼ਤਮ ਕਰ ਚੁੱਕੇ ਤਾਂ ਭੀੜ ਉਹਨਾਂ ਦੇ ਸਿੱਖਿਆਵਾਂ ਦੇਣ ਦੇ ਢੰਗ ਉੱਤੇ ਬਹੁਤ ਹੈਰਾਨ ਹੋਈ । ਕਿਉਂਕਿ ਉਹ ਉਹਨਾਂ ਦੇ ਵਿਵਸਥਾ ਦੇ ਸਿੱਖਿਅਕਾਂ ਵਾਂਗ ਸਿੱਖਿਆ ਨਹੀਂ ਦਿੰਦੇ ਸਨ, ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ । ਇਸ ਦੇ ਬਾਅਦ ਯਿਸੂ ਪਹਾੜ ਤੋਂ ਉਤਰ ਕੇ ਹੇਠਾਂ ਆਏ । ਉਹਨਾਂ ਦੇ ਪਿੱਛੇ ਬਹੁਤ ਵੱਡੀ ਭੀੜ ਲੱਗ ਗਈ । ਉਸ ਸਮੇਂ ਉਹਨਾਂ ਕੋਲ ਇੱਕ ਕੋੜ੍ਹੀ ਆਇਆ । ਉਸ ਕੋੜ੍ਹੀ ਨੇ ਯਿਸੂ ਦੇ ਸਾਹਮਣੇ ਮੂੰਹ ਭਾਰ ਹੋ ਕੇ ਬੇਨਤੀ ਕੀਤੀ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ ।” ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ ।” ਉਸ ਆਦਮੀ ਦਾ ਕੋੜ੍ਹ ਉਸੇ ਸਮੇਂ ਦੂਰ ਹੋ ਗਿਆ । ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਦੱਸਣਾ । ਪਰ ਜਾ ਕੇ ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੈ, ਜਾ ਕੇ ਚੜ੍ਹਾ । ਇਸ ਤੋਂ ਸਾਰੇ ਲੋਕ ਜਾਨਣਗੇ ਕਿ ਤੂੰ ਹੁਣ ਠੀਕ ਹੋ ਗਿਆ ਹੈਂ ।” ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ, ਉੱਥੇ ਉਹਨਾਂ ਕੋਲ ਇੱਕ ਸੂਬੇਦਾਰ ਨੇ ਆ ਕੇ ਬੇਨਤੀ ਕੀਤੀ: “ਸ੍ਰੀਮਾਨ ਜੀ, ਮੇਰੇ ਨੌਕਰ ਨੂੰ ਅਧਰੰਗ ਦਾ ਰੋਗ ਹੈ । ਉਹ ਘਰ ਵਿੱਚ ਹੈ । ਉਸ ਦਾ ਬਹੁਤ ਬੁਰਾ ਹਾਲ ਹੈ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਾ ਕੇ ਉਸ ਨੂੰ ਚੰਗਾ ਕਰ ਦੇਵਾਂਗਾ ।” ਪਰ ਉਸ ਸੂਬੇਦਾਰ ਨੇ ਕਿਹਾ, “ਨਹੀਂ, ਸ੍ਰੀਮਾਨ ਜੀ, ਮੈਂ ਇਸ ਯੋਗ ਨਹੀਂ ਹਾਂ ਕਿ ਤੁਸੀਂ ਮੇਰੇ ਘਰ ਆਵੋ । ਬਸ, ਤੁਸੀਂ ਇੱਕ ਸ਼ਬਦ ਹੀ ਕਹਿ ਦਿਓ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ । ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ ‘ਇਹ ਕਰ’ ਤਾਂ ਉਹ ਕਰਦਾ ਹੈ ।” ਯਿਸੂ ਇਹ ਸੁਣ ਕੇ ਸੂਬੇਦਾਰ ਦੇ ਵਿਸ਼ਵਾਸ ਉੱਤੇ ਹੈਰਾਨ ਰਹਿ ਗਏ । ਇਸ ਲਈ ਉਹਨਾਂ ਨੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ, “ਇਹ ਸੱਚ ਹੈ ਕਿ ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਵਿੱਚ ਨਹੀਂ ਦੇਖਿਆ । ਮੈਂ ਤੁਹਾਨੂੰ ਕਹਿੰਦਾ ਹਾਂ, ਬਹੁਤ ਸਾਰੇ ਲੋਕ ਪੂਰਬ ਅਤੇ ਪੱਛਮ ਤੋਂ ਆਉਣਗੇ ਅਤੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਦੇ ਨਾਲ ਬੈਠ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨਗੇ । ਪਰ ਰਾਜ ਦੇ ਅਸਲ ਅਧਿਕਾਰੀ ਬਾਹਰ ਹਨੇਰੇ ਵਿੱਚ ਸੁੱਟ ਦਿੱਤੇ ਜਾਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।” ਫਿਰ ਯਿਸੂ ਨੇ ਸੂਬੇਦਾਰ ਨੂੰ ਕਿਹਾ, “ਜਾ, ਤੇਰੇ ਵਿਸ਼ਵਾਸ ਦੇ ਅਨੁਸਾਰ ਤੇਰੇ ਨਾਲ ਕੀਤਾ ਜਾਵੇਗਾ ।” ਉਸ ਦਾ ਨੌਕਰ ਉਸੇ ਘੜੀ ਚੰਗਾ ਹੋ ਗਿਆ । ਫਿਰ ਯਿਸੂ ਪਤਰਸ ਦੇ ਘਰ ਆਏ । ਉੱਥੇ ਉਹਨਾਂ ਨੇ ਪਤਰਸ ਦੀ ਸੱਸ ਨੂੰ ਦੇਖਿਆ ਜੋ ਬੁਖ਼ਾਰ ਨਾਲ ਪਈ ਹੋਈ ਸੀ । ਇਸ ਲਈ ਯਿਸੂ ਨੇ ਉਸ ਦੇ ਹੱਥ ਨੂੰ ਛੂਹਿਆ, ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ । ਜਦੋਂ ਸ਼ਾਮ ਪੈ ਗਈ ਤਾਂ ਲੋਕ ਬਹੁਤ ਸਾਰੇ ਲੋਕਾਂ ਨੂੰ ਯਿਸੂ ਕੋਲ ਲਿਆਏ, ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ । ਯਿਸੂ ਨੇ ਅਸ਼ੁੱਧ ਆਤਮਾਵਾਂ ਨੂੰ ਇੱਕ ਹੀ ਸ਼ਬਦ ਨਾਲ ਕੱਢ ਦਿੱਤਾ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਚੰਗਾ ਕੀਤਾ । ਇਹ ਕਰ ਕੇ ਯਿਸੂ ਨੇ ਯਸਾਯਾਹ ਨਬੀ ਦੇ ਇਹਨਾਂ ਸ਼ਬਦਾਂ ਨੂੰ ਸੱਚਾ ਸਿੱਧ ਕੀਤਾ: “ਉਸ ਨੇ ਆਪ ਸਾਡੀਆਂ ਕਮਜ਼ੋਰੀਆਂ ਨੂੰ ਲੈ ਲਿਆ, ਉਸ ਨੇ ਆਪ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ ।” ਯਿਸੂ ਨੇ ਆਪਣੇ ਆਲੇ ਦੁਆਲੇ ਇੱਕ ਵੱਡੀ ਭੀੜ ਦੇਖੀ । ਇਸ ਲਈ ਉਹਨਾਂ ਨੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ । ਉਸ ਵੇਲੇ ਉਹਨਾਂ ਕੋਲ ਇੱਕ ਵਿਵਸਥਾ ਦਾ ਸਿੱਖਿਅਕ ਆਇਆ ਅਤੇ ਕਹਿਣ ਲੱਗਾ, “ਗੁਰੂ ਜੀ, ਤੁਸੀਂ ਜਿੱਥੇ ਵੀ ਜਾਵੋਗੇ, ਮੈਂ ਤੁਹਾਡੇ ਪਿੱਛੇ ਜਾਵਾਂਗਾ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਪਣੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।” ਇੱਕ ਦੂਜੇ ਆਦਮੀ ਨੇ ਜੋ ਉਹਨਾਂ ਦੇ ਚੇਲਿਆਂ ਵਿੱਚੋਂ ਇੱਕ ਸੀ, ਕਿਹਾ, “ਪ੍ਰਭੂ ਜੀ, ਪਹਿਲਾਂ ਮੈਨੂੰ ਆਗਿਆ ਦਿਓ ਕਿ ਮੈਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾ ਆਵਾਂ ।” ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮੇਰੇ ਪਿੱਛੇ ਚੱਲ, ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨ ਕਰਨ ਦੇ ।” ਇਸ ਦੇ ਬਾਅਦ ਯਿਸੂ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਚੜ੍ਹ ਗਏ । ਉਸ ਸਮੇਂ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫ਼ਾਨ ਆ ਗਿਆ । ਇੱਥੋਂ ਤੱਕ ਕਿ ਕਿਸ਼ਤੀ ਲਹਿਰਾਂ ਦੇ ਵਿੱਚ ਲੁਕਦੀ ਜਾ ਰਹੀ ਸੀ । ਪਰ ਯਿਸੂ ਸੁੱਤੇ ਹੋਏ ਸਨ । ਇਸ ਲਈ ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾ ਕੇ ਕਿਹਾ, “ਪ੍ਰਭੂ ਜੀ, ਸਾਨੂੰ ਬਚਾਓ, ਅਸੀਂ ਨਾਸ਼ ਹੋ ਚੱਲੇ ਹਾਂ!” ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਇੰਨੇ ਡਰੇ ਹੋਏ ਹੋ? ਤੁਹਾਡਾ ਵਿਸ਼ਵਾਸ ਬਹੁਤ ਘੱਟ ਹੈ ।” ਫਿਰ ਯਿਸੂ ਉੱਠੇ ਅਤੇ ਹਨੇਰੀ ਅਤੇ ਲਹਿਰਾਂ ਨੂੰ ਝਿੜਕਿਆ । ਉਸ ਸਮੇਂ ਉੱਥੇ ਪਹਿਲੇ ਵਰਗਾ ਸ਼ਾਂਤ ਵਾਤਾਵਰਨ ਹੋ ਗਿਆ । ਤਦ ਸਭ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦੇ ਮਨੁੱਖ ਹਨ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ!” ਫਿਰ ਯਿਸੂ ਝੀਲ ਦੇ ਦੂਜੇ ਪਾਸੇ ਗਦਰੀਨੀਆ ਦੇ ਇਲਾਕੇ ਵਿੱਚ ਆਏ । ਉੱਥੇ ਉਹਨਾਂ ਨੂੰ ਦੋ ਆਦਮੀ ਮਿਲੇ, ਜੋ ਕਬਰਸਤਾਨ ਵਿੱਚੋਂ ਨਿਕਲ ਕੇ ਆਏ ਸਨ । ਇਹਨਾਂ ਆਦਮੀਆਂ ਵਿੱਚ ਅਸ਼ੁੱਧ ਆਤਮਾਵਾਂ ਸਨ । ਇਹ ਬਹੁਤ ਖ਼ਤਰਨਾਕ ਸਨ । ਇਸ ਲਈ ਕੋਈ ਵੀ ਉਸ ਰਾਹ ਤੋਂ ਨਹੀਂ ਲੰਘ ਸਕਦਾ ਸੀ । ਉਹਨਾਂ ਦੋਨਾਂ ਨੇ ਚੀਕ ਕੇ ਕਿਹਾ, “ਹੇ ਪਰਮੇਸ਼ਰ ਦੇ ਪੁੱਤਰ, ਤੁਹਾਡਾ ਸਾਡੇ ਨਾਲ ਕੀ ਕੰਮ? ਕੀ ਤੁਸੀਂ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ ਸਾਡਾ ਨਾਸ਼ ਕਰਨ ਆਏ ਹੋ?” ਉਸ ਸਮੇਂ ਉੱਥੇ ਕੁਝ ਦੂਰ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ । ਇਸ ਲਈ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਜੇਕਰ ਤੁਸੀਂ ਕੱਢਣਾ ਹੀ ਚਾਹੁੰਦੇ ਹੋ ਤਾਂ ਸਾਨੂੰ ਉਸ ਸੂਰਾਂ ਦੇ ਇੱਜੜ ਵਿੱਚ ਭੇਜ ਦਿਓ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ!” ਇਸ ਲਈ ਉਹ ਉਹਨਾਂ ਆਦਮੀਆਂ ਵਿੱਚੋਂ ਨਿਕਲ ਕੇ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਉਸੇ ਸਮੇਂ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ । ਜੋ ਆਦਮੀ ਸੂਰਾਂ ਨੂੰ ਚਰਾ ਰਹੇ ਸਨ, ਉਹ ਉਸੇ ਸਮੇਂ ਦੌੜੇ ਅਤੇ ਸ਼ਹਿਰ ਵਿੱਚ ਜਾ ਕੇ ਇਸ ਸਾਰੀ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਉਹਨਾਂ ਨੇ ਅਸ਼ੁੱਧ ਆਤਮਾਵਾਂ ਵਾਲੇ ਆਦਮੀਆਂ ਬਾਰੇ ਵੀ ਦੱਸਿਆ ਕਿ ਉਹਨਾਂ ਨਾਲ ਕੀ ਹੋਇਆ ਹੈ । ਇਸ ਲਈ ਉਸ ਸ਼ਹਿਰ ਦੇ ਸਾਰੇ ਲੋਕ ਯਿਸੂ ਨੂੰ ਮਿਲਣ ਲਈ ਬਾਹਰ ਆਏ । ਉਹਨਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ । ਫਿਰ ਯਿਸੂ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਝੀਲ ਦੇ ਦੂਜੇ ਪਾਸੇ ਆਪਣੇ ਸ਼ਹਿਰ ਵਿੱਚ ਆ ਗਏ । ਉੱਥੇ ਕੁਝ ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਹਨਾਂ ਕੋਲ ਲੈ ਆਏ । ਯਿਸੂ ਨੇ ਉਹਨਾਂ ਲੋਕਾਂ ਦਾ ਵਿਸ਼ਵਾਸ ਦੇਖ ਕੇ ਉਸ ਅਧਰੰਗੀ ਨੂੰ ਕਿਹਾ, “ਧੀਰਜ ਰੱਖ, ਮੇਰੇ ਬੱਚੇ, ਤੇਰੇ ਪਾਪ ਮਾਫ਼ ਹੋਏ ।” ਇਹ ਸੁਣ ਕੇ ਵਿਵਸਥਾ ਦੇ ਕੁਝ ਸਿੱਖਿਅਕ ਆਪਸ ਵਿੱਚ ਕਹਿਣ ਲੱਗੇ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ।” ਉਹਨਾਂ ਦੀਆਂ ਇਹਨਾਂ ਸੋਚਾਂ ਨੂੰ ਜਾਣਦੇ ਹੋਏ, ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਦੇ ਬੁਰੇ ਵਿਚਾਰ ਕਿਉਂ ਲਿਆ ਰਹੇ ਹੋ? ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ ।’ ਪਰ ਇਸ ਤੋਂ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” ਉਹ ਆਦਮੀ ਉਸੇ ਸਮੇਂ ਉੱਠਿਆ ਅਤੇ ਆਪਣੇ ਘਰ ਨੂੰ ਚਲਾ ਗਿਆ । ਪਰ ਜਦੋਂ ਲੋਕਾਂ ਨੇ ਇਹ ਦੇਖਿਆ ਤਾਂ ਉਹ ਡਰ ਗਏ ਅਤੇ ਉਹਨਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਕਿ ਉਸ ਨੇ ਮਨੁੱਖਾਂ ਨੂੰ ਇਹੋ ਜਿਹਾ ਅਧਿਕਾਰ ਦਿੱਤਾ ਹੈ । ਯਿਸੂ ਉਸ ਥਾਂ ਤੋਂ ਚੱਲ ਪਏ । ਜਦੋਂ ਉਹ ਜਾ ਰਹੇ ਸਨ ਤਾਂ ਉਹਨਾਂ ਨੇ ਮੱਤੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਆਪਣੇ ਦਫ਼ਤਰ ਵਿੱਚ ਬੈਠੇ ਦੇਖਿਆ । ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” ਮੱਤੀ ਇਹ ਸੁਣ ਕੇ ਉੱਠਿਆ ਅਤੇ ਉਹਨਾਂ ਦਾ ਚੇਲਾ ਬਣ ਗਿਆ । ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਦੇ ਲਈ ਬੈਠੇ ਤਾਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ । ਪਰ ਕੁਝ ਫ਼ਰੀਸੀਆਂ ਨੇ ਇਹ ਦੇਖ ਕੇ ਯਿਸੂ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਬੈਠ ਕੇ ਕਿਉਂ ਖਾਂਦਾ ਹੈ?” ਯਿਸੂ ਨੇ ਇਹ ਸੁਣ ਕੇ ਉੱਤਰ ਦਿੱਤਾ, “ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਹੈ ਪਰ ਰੋਗੀਆਂ ਨੂੰ ਹੈ । ਜਾਓ, ਅਤੇ ਇਸ ਦਾ ਅਰਥ ਸਮਝੋ: ‘ਮੈਂ ਕੁਰਬਾਨੀ ਨਹੀਂ ਸਗੋਂ ਦਇਆ ਦਾ ਚਾਹਵਾਨ ਹਾਂ ।’ ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ।” ਤਦ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ; “ਇਹ ਕਿਉਂ, ਕਿ ਅਸੀਂ ਅਤੇ ਫ਼ਰੀਸੀ ਤਾਂ ਅਕਸਰ ਵਰਤ ਰੱਖਦੇ ਹਾਂ ਪਰ ਤੁਹਾਡੇ ਚੇਲੇ ਬਿਲਕੁਲ ਵਰਤ ਨਹੀਂ ਰੱਖਦੇ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਲਾੜੇ ਦੇ ਨਾਲ ਹੁੰਦੇ ਹੋਏ ਬਰਾਤੀ ਸੋਗ ਕਰ ਸਕਦੇ ਹਨ? ਨਹੀਂ, ਇਹ ਨਹੀਂ ਹੋ ਸਕਦਾ; ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਹ ਵਰਤ ਰੱਖਣਗੇ । “ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਇਸ ਤਰ੍ਹਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ । ਕੋਈ ਮਨੁੱਖ ਨਵੀਂ ਮੈ ਘਸੀਆਂ ਹੋਈਆਂ ਮਸ਼ਕਾਂ ਵਿੱਚ ਨਹੀਂ ਭਰਦਾ । ਜੇਕਰ ਉਹ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਮੈ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ । ਇਸ ਲਈ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ, ਜਿਸ ਨਾਲ ਦੋਵੇਂ ਨਾਸ਼ ਹੋਣ ਤੋਂ ਬਚੀਆਂ ਰਹਿ ਸਕਦੀਆਂ ਹਨ ।” ਜਦੋਂ ਯਿਸੂ ਉਹਨਾਂ ਨੂੰ ਇਹ ਗੱਲਾਂ ਕਹਿ ਹੀ ਰਹੇ ਸਨ ਤਾਂ ਇੱਕ ਯਹੂਦੀ ਅਧਿਕਾਰੀ ਉਹਨਾਂ ਕੋਲ ਆਇਆ । ਉਸ ਅਧਿਕਾਰੀ ਨੇ ਯਿਸੂ ਨੂੰ ਮੱਥਾ ਟੇਕ ਕੇ ਬੇਨਤੀ ਕੀਤੀ, “ਮੇਰੀ ਬੇਟੀ ਥੋੜਾ ਚਿਰ ਪਹਿਲਾਂ ਹੀ ਮਰੀ ਹੈ; ਤੁਸੀਂ ਆਓ ਅਤੇ ਉਸ ਉੱਤੇ ਆਪਣਾ ਹੱਥ ਰੱਖੋ ਕਿ ਉਹ ਫਿਰ ਜੀਵਨ ਪ੍ਰਾਪਤ ਕਰੇ ।” ਇਸ ਲਈ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਨਾਲ ਗਏ । ਇੱਕ ਔਰਤ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ, ਉਹ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂਹ ਲਿਆ । ਉਸ ਨੇ ਆਪਣੇ ਮਨ ਵਿੱਚ ਨਿਸ਼ਚਾ ਕੀਤਾ ਸੀ, “ਜੇਕਰ ਕੇਵਲ ਮੈਂ ਉਹਨਾਂ ਦਾ ਚੋਗਾ ਹੀ ਛੂਹ ਲਵਾਂਗੀ, ਤਾਂ ਚੰਗੀ ਹੋ ਜਾਵਾਂਗੀ ।” ਇਸ ਲਈ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਦੇਖਿਆ ਅਤੇ ਕਿਹਾ, “ਧੀਰਜ ਰੱਖ ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਉਸੇ ਘੜੀ ਉਹ ਔਰਤ ਚੰਗੀ ਹੋ ਗਈ । ਇਸ ਦੇ ਬਾਅਦ ਯਿਸੂ ਉਸ ਅਧਿਕਾਰੀ ਦੇ ਘਰ ਗਏ । ਉਹਨਾਂ ਨੇ ਉੱਥੇ ਸੋਗ ਕਰਨ ਵਾਲੇ ਲੋਕਾਂ ਨੂੰ ਦੇਖਿਆ । ਸਾਰੇ ਘਰ ਵਿੱਚ ਰੌਲਾ ਪਿਆ ਹੋਇਆ ਸੀ । ਇਸ ਲਈ ਯਿਸੂ ਨੇ ਕਿਹਾ, “ਸਾਰੇ ਬਾਹਰ ਚਲੇ ਜਾਓ । ਛੋਟੀ ਲੜਕੀ ਮਰੀ ਨਹੀਂ ਹੈ ਕੇਵਲ ਸੌਂ ਰਹੀ ਹੈ ।” ਉਹ ਸਾਰੇ ਯਿਸੂ ਨੂੰ ਮਖ਼ੌਲ ਕਰਨ ਲੱਗੇ । ਪਰ ਜਦੋਂ ਸਾਰੇ ਲੋਕ ਬਾਹਰ ਚਲੇ ਗਏ ਤਾਂ ਯਿਸੂ ਲੜਕੀ ਦੇ ਕਮਰੇ ਵਿੱਚ ਗਏ, ਲੜਕੀ ਦਾ ਹੱਥ ਫੜਿਆ ਅਤੇ ਉਹ ਉੱਠ ਕੇ ਬੈਠ ਗਈ । ਇਸ ਘਟਨਾ ਦਾ ਸਮਾਚਾਰ ਦੇਸ਼ ਦੇ ਉਸ ਹਿੱਸੇ ਵਿੱਚ ਸਭ ਪਾਸੇ ਫੈਲ ਗਿਆ । ਯਿਸੂ ਉਸ ਥਾਂ ਤੋਂ ਚੱਲ ਪਏ । ਰਾਹ ਵਿੱਚ ਉਹਨਾਂ ਨੂੰ ਦੋ ਅੰਨ੍ਹੇ ਮਿਲੇ । ਉਹ ਦੋਵੇਂ ਉਹਨਾਂ ਦੇ ਪਿੱਛੇ ਪਿੱਛੇ ਚੱਲਣ ਲੱਗੇ ਅਤੇ ਪੁਕਾਰ ਕੇ ਕਹਿਣ ਲੱਗੇ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰੋ!” ਫਿਰ ਜਦੋਂ ਯਿਸੂ ਘਰ ਦੇ ਅੰਦਰ ਚਲੇ ਗਏ ਤਾਂ ਉਹ ਦੋਵੇਂ ਅੰਨ੍ਹੇ ਉਹਨਾਂ ਦੇ ਕੋਲ ਆਏ । ਯਿਸੂ ਨੇ ਉਹਨਾਂ ਦੋਨਾਂ ਤੋਂ ਪੁੱਛਿਆ, “ਕੀ ਤੁਹਾਡਾ ਵਿਸ਼ਵਾਸ ਹੈ ਕਿ ਮੈਂ ਇਹ ਕੰਮ ਕਰ ਸਕਦਾ ਹਾਂ?” ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਸ੍ਰੀ ਮਾਨ ਜੀ, ਹਾਂ ।” ਤਦ ਯਿਸੂ ਨੇ ਦੋਨਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਕਿਹਾ, “ਜਿਸ ਤਰ੍ਹਾਂ ਤੁਸੀਂ ਵਿਸ਼ਵਾਸ ਕੀਤਾ ਹੈ ਤੁਹਾਡੇ ਨਾਲ ਉਸੇ ਤਰ੍ਹਾਂ ਹੋਵੇ।” ਉਹਨਾਂ ਦੋਨਾਂ ਦੀਆਂ ਅੱਖਾਂ ਉਸੇ ਸਮੇਂ ਖੁੱਲ੍ਹ ਗਈਆਂ । ਫਿਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾਂ ਕਰਦੇ ਹੋਏ ਕਿਹਾ, “ਖ਼ਬਰਦਾਰ, ਇਸ ਗੱਲ ਦਾ ਕਿਸੇ ਨੂੰ ਪਤਾ ਨਾ ਲੱਗੇ!” ਪਰ ਉਹ ਉੱਥੋਂ ਬਾਹਰ ਆਏ ਅਤੇ ਉਹਨਾਂ ਨੇ ਯਿਸੂ ਦੇ ਬਾਰੇ ਆਪਣੇ ਦੇਸ਼ ਦੇ ਉਸ ਸਾਰੇ ਇਲਾਕੇ ਵਿੱਚ ਇਸ ਸਮਾਚਾਰ ਦਾ ਪ੍ਰਚਾਰ ਕੀਤਾ । ਜਦੋਂ ਉਹ ਜਾ ਹੀ ਰਹੇ ਸਨ ਤਾਂ ਕੁਝ ਲੋਕ ਇੱਕ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਆਦਮੀ ਵਿੱਚ ਅਸ਼ੁੱਧ ਆਤਮਾ ਹੋਣ ਦੇ ਕਾਰਨ ਉਹ ਬੋਲ ਨਹੀਂ ਸਕਦਾ ਸੀ । ਪਰ ਯਿਸੂ ਦੇ ਅਸ਼ੁੱਧ ਆਤਮਾ ਨੂੰ ਕੱਢਦਿਆਂ ਹੀ ਉਹ ਆਦਮੀ ਬੋਲਣ ਲੱਗ ਪਿਆ । ਇਹ ਦੇਖ ਕੇ ਭੀੜ ਦੇ ਸਭ ਲੋਕ ਹੈਰਾਨ ਰਹਿ ਗਏ । ਉਹ ਕਹਿਣ ਲੱਗੇ, “ਅਸੀਂ ਇਸਰਾਏਲ ਵਿੱਚ ਇਸ ਤਰ੍ਹਾਂ ਹੁੰਦਾ ਕਦੇ ਵੀ ਨਹੀਂ ਦੇਖਿਆ!” ਪਰ ਫ਼ਰੀਸੀ ਕਹਿਣ ਲੱਗੇ, “ਇਹ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।” ਫਿਰ ਯਿਸੂ ਸਭ ਸ਼ਹਿਰਾਂ ਅਤੇ ਪਿੰਡਾਂ ਵਿੱਚ ਗਏ । ਉਹਨਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਸਿੱਖਿਆਵਾਂ ਦਿੱਤੀਆਂ; ਲੋਕਾਂ ਨੂੰ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਅਤੇ ਹਰ ਤਰ੍ਹਾਂ ਦੇ ਕਮਜ਼ੋਰਾਂ ਅਤੇ ਬਿਮਾਰਾਂ ਨੂੰ ਚੰਗਾ ਕੀਤਾ । ਜਦੋਂ ਯਿਸੂ ਨੇ ਲੋਕਾਂ ਦੀ ਭੀੜ ਦੇਖੀ ਤਾਂ ਉਹਨਾਂ ਨੂੰ ਲੋਕਾਂ ਤੇ ਬਹੁਤ ਤਰਸ ਆਇਆ, ਕਿਉਂਕਿ ਉਹ ਲੋਕ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਸਨ । ਉਹ ਦੁਖੀ ਅਤੇ ਬੇਸਹਾਰਾ ਸਨ । ਇਸ ਲਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਭਾਵੇਂ ਪੱਕੀ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਬਹੁਤ ਘੱਟ ਹਨ । ਇਸ ਲਈ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਫ਼ਸਲ ਵੱਢਣ ਦੇ ਲਈ ਹੋਰ ਵਾਢੇ ਭੇਜਣ ।” ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ । ਉਹਨਾਂ ਬਾਰ੍ਹਾਂ ਰਸੂਲਾਂ ਦੇ ਨਾਂ ਇਹ ਹਨ: ਪਹਿਲਾ ਸ਼ਮਊਨ (ਜਿਸ ਦਾ ਉਪਨਾਮ ਪਤਰਸ ਸੀ); ਅਤੇ ਉਸ ਦਾ ਭਰਾ ਅੰਦ੍ਰਿਆਸ; ਯਾਕੂਬ ਅਤੇ ਉਸ ਦਾ ਭਰਾ ਯੂਹੰਨਾ (ਜੋ ਜ਼ਬਦੀ ਦੇ ਪੁੱਤਰ ਸਨ); ਫ਼ਿਲਿੱਪੁਸ; ਬਰਥਲਮਈ; ਥੋਮਾ; ਮੱਤੀ (ਟੈਕਸ ਲੈਣ ਵਾਲਾ); ਯਾਕੂਬ, ਹਲਫ਼ਾਈ ਦਾ ਪੁੱਤਰ; ਥੱਦੀ; ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ (ਜਿਸ ਨੇ ਯਿਸੂ ਨਾਲ ਧੋਖਾ ਕੀਤਾ) । ਇਹਨਾਂ ਬਾਰ੍ਹਾਂ ਨੂੰ ਯਿਸੂ ਨੇ ਇਹ ਕਹਿ ਕੇ ਬਾਹਰ ਭੇਜਿਆ: “ਪਰਾਈਆਂ ਕੌਮਾਂ ਦੇ ਇਲਾਕੇ ਵੱਲ ਨਾ ਜਾਣਾ ਅਤੇ ਨਾ ਹੀ ਸਾਮਰਿਯਾ ਦੇ ਕਿਸੇ ਸ਼ਹਿਰ ਵਿੱਚ ਪ੍ਰਵੇਸ਼ ਕਰਨਾ । ਸਗੋਂ ਤੁਸੀਂ ਇਸਰਾਏਲ ਕੌਮ ਦੀਆਂ ਗੁਆਚੀਆਂ ਭੇਡਾਂ ਕੋਲ ਜਾਣਾ । ਜਾਓ, ਅਤੇ ਪ੍ਰਚਾਰ ਕਰੋ: ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ ।’ ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਿਊਂਦੇ ਕਰਨਾ, ਕੋੜ੍ਹੀਆਂ ਨੂੰ ਸ਼ੁੱਧ ਕਰਨਾ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਣਾ । ਤੁਸੀਂ ਬਿਨਾਂ ਮੁੱਲ ਦੇ ਹੀ ਪ੍ਰਾਪਤ ਕੀਤਾ ਹੈ ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦਿਓ । ਆਪਣੇ ਕਮਰਬੰਦ ਵਿੱਚ ਕੋਈ ਪੈਸਾ ਨਾ ਲੈਣਾ: ਨਾ ਸੋਨੇ ਦਾ, ਨਾ ਚਾਂਦੀ ਦਾ ਅਤੇ ਨਾ ਹੀ ਤਾਂਬੇ ਦਾ । ਨਾ ਹੀ ਆਪਣੇ ਨਾਲ ਥੈਲਾ, ਇੱਕ ਤੋਂ ਵੱਧ ਕੁੜਤਾ, ਜੁੱਤੀ ਅਤੇ ਲਾਠੀ ਲੈਣਾ । ਕੰਮ ਕਰਨ ਵਾਲੇ ਨੂੰ ਭੋਜਨ ਮਿਲਣਾ ਉਸ ਦਾ ਹੱਕ ਹੈ । “ਜਦੋਂ ਤੁਸੀਂ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਪਹੁੰਚੋ ਤਾਂ ਦੇਖੋ ਕਿ ਉੱਥੇ ਕੋਈ ਤੁਹਾਡਾ ਸੁਆਗਤ ਕਰਨ ਵਾਲਾ ਹੈ । ਫਿਰ ਉਸੇ ਨਾਲ ਹੀ ਉਸ ਥਾਂ ਤੋਂ ਵਿਦਾ ਹੋਣ ਤੱਕ ਠਹਿਰਨਾ । ਜਦੋਂ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਸਭ ਤੋਂ ਪਹਿਲਾਂ ਕਹੋ, ‘ਤੁਹਾਨੂੰ ਸ਼ਾਂਤੀ ਮਿਲੇ ।’ ਜੇਕਰ ਉਸ ਘਰ ਦੇ ਲੋਕ ਇਸ ਦੇ ਯੋਗ ਹੋਣਗੇ ਤਾਂ ਤੁਹਾਡੀ ਸ਼ਾਂਤੀ ਉਹਨਾਂ ਉੱਤੇ ਠਹਿਰੇਗੀ । ਪਰ ਜੇਕਰ ਉਹ ਇਸ ਦੇ ਯੋਗ ਨਹੀਂ ਹੋਣਗੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ । ਜੇਕਰ ਕੋਈ ਘਰ ਜਾਂ ਸ਼ਹਿਰ ਵਿੱਚ ਤੁਹਾਡਾ ਸੁਆਗਤ ਨਾ ਕਰੇ ਜਾਂ ਤੁਹਾਡਾ ਉਪਦੇਸ਼ ਨਾ ਸੁਣੇ ਤਾਂ ਉਸ ਥਾਂ ਨੂੰ ਛੱਡ ਦਿਓ ਅਤੇ ਆਪਣੇ ਪੈਰਾਂ ਦਾ ਘੱਟਾ ਵੀ ਝਾੜ ਦਿਓ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਵਾਲੇ ਦਿਨ ਪਰਮੇਸ਼ਰ ਇਸ ਸ਼ਹਿਰ ਦੇ ਲੋਕਾਂ ਦੀ ਬਜਾਏ ਸਦੋਮ ਅਤੇ ਅਮੂਰਾਹ ਦੇ ਲੋਕਾਂ ਉੱਤੇ ਜ਼ਿਆਦਾ ਰਹਿਮ ਕਰਨਗੇ ।” “ਸੁਣੋ, ਮੈਂ ਤੁਹਾਨੂੰ ਭੇਡਾਂ ਦੇ ਵਾਂਗ ਬਘਿਆੜਾਂ ਵਿੱਚ ਭੇਜ ਰਿਹਾ ਹਾਂ । ਇਸ ਲਈ ਸੱਪ ਦੀ ਤਰ੍ਹਾਂ ਚਲਾਕ ਅਤੇ ਕਬੂਤਰ ਦੀ ਤਰ੍ਹਾਂ ਭੋਲੇ ਬਣੋ । ਚੌਕਸ ਰਹਿਣਾ, ਲੋਕ ਤੁਹਾਨੂੰ ਫੜਨਗੇ ਅਤੇ ਸਭਾਵਾਂ ਵਿੱਚ ਲੈ ਜਾਣਗੇ । ਉਹ ਤੁਹਾਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰਨਗੇ । ਤੁਹਾਨੂੰ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਮੇਰੇ ਨਾਮ ਦੇ ਕਾਰਨ ਪੇਸ਼ ਕੀਤਾ ਜਾਵੇਗਾ । ਇਹ ਉਹਨਾਂ ਦੇ ਅਤੇ ਪਰਾਈਆਂ ਕੌਮਾਂ ਦੇ ਸਾਹਮਣੇ ਗਵਾਹੀ ਹੋਵੇਗੀ । ਇਸ ਲਈ ਜਦੋਂ ਉਹ ਤੁਹਾਨੂੰ ਪੇਸ਼ ਕਰਨ, ਤੁਸੀਂ ਫ਼ਿਕਰ ਨਾ ਕਰਨਾ ਕਿ ਤੁਸੀਂ ਕੀ ਕਹੋਗੇ ਅਤੇ ਕਿਸ ਤਰ੍ਹਾਂ ਕਹੋਗੇ । ਇਸ ਬਾਰੇ ਤੁਹਾਨੂੰ ਉਸੇ ਘੜੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਕੀ ਕਹਿਣਾ ਹੈ । ਕਿਉਂਕਿ ਜੋ ਸ਼ਬਦ ਤੁਸੀਂ ਉਸ ਸਮੇਂ ਕਹੋਗੇ, ਉਹ ਤੁਹਾਡੇ ਨਹੀਂ ਹੋਣਗੇ, ਉਹ ਤੁਹਾਡੇ ਪਿਤਾ ਦੇ ਆਤਮਾ ਦੇ ਹੋਣਗੇ ਜੋ ਤੁਹਾਡੇ ਰਾਹੀਂ ਬੋਲ ਰਹੇ ਹੋਣਗੇ । “ਉਸ ਸਮੇਂ ਭਰਾ ਭਰਾ ਨੂੰ ਮਾਰਨ ਦੇ ਲਈ ਫੜਵਾਏਗਾ ਅਤੇ ਪਿਤਾ ਬੱਚਿਆਂ ਨੂੰ; ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਜਾਨੋਂ ਮਰਵਾਉਣਗੇ । ਸਭ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਘਿਰਣਾ ਕਰਨਗੇ ਪਰ ਜੋ ਅੰਤ ਤੱਕ ਇਹ ਸਭ ਸਹਿਣ ਕਰੇਗਾ, ਉਹ ਮੁਕਤੀ ਪਾਵੇਗਾ । ਜਦੋਂ ਉਹ ਤੁਹਾਨੂੰ ਇੱਕ ਸ਼ਹਿਰ ਵਿੱਚ ਸਤਾਉਣ ਤਾਂ ਤੁਸੀਂ ਦੂਜੇ ਵੱਲ ਦੌੜ ਜਾਣਾ । ਇਹ ਸੱਚ ਜਾਣੋਂ ਕਿ ਤੁਸੀਂ ਸਾਰੇ ਇਸਰਾਏਲ ਦੇ ਸ਼ਹਿਰਾਂ ਵਿੱਚ ਆਪਣਾ ਕੰਮ ਨਾ ਖ਼ਤਮ ਕਰੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ । “ਕੋਈ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਗ਼ੁਲਾਮ ਆਪਣੇ ਮਾਲਕ ਨਾਲੋਂ । ਇਸ ਲਈ ਇਹ ਕਾਫ਼ੀ ਹੈ ਕਿ ਚੇਲਾ ਆਪਣੇ ਗੁਰੂ ਵਰਗਾ ਬਣ ਜਾਵੇ ਅਤੇ ਨੌਕਰ ਆਪਣੇ ਮਾਲਕ ਵਰਗਾ । ਜੇਕਰ ਉਹਨਾਂ ਨੇ ਘਰ ਦੇ ਮਾਲਕ ਨੂੰ ਹੀ ‘ਬਾਲਜ਼ਬੂਲ ’ ਕਿਹਾ ਤਾਂ ਉਹ ਘਰ ਦੇ ਬਾਕੀ ਲੋਕਾਂ ਨੂੰ ਤਾਂ ਇਸ ਤੋਂ ਵੀ ਬੁਰੇ ਨਾਂ ਦੇਣਗੇ ।” “ਤੁਸੀਂ ਆਦਮੀਆਂ ਤੋਂ ਨਾ ਡਰੋ । ਇਹੋ ਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲ੍ਹਿਆ ਨਾ ਜਾਵੇਗਾ, ਜੋ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ । ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਿਹਾ ਹੈ, ਉਸ ਨੂੰ ਤੁਸੀਂ ਚਾਨਣ ਵਿੱਚ ਕਹੋ ਅਤੇ ਜੋ ਕੁਝ ਤੁਸੀਂ ਕੰਨ ਵਿੱਚ ਸੁਣਿਆ ਹੈ, ਉਸ ਦਾ ਮਕਾਨ ਦੀ ਛੱਤ ਤੋਂ ਪ੍ਰਚਾਰ ਕਰੋ । ਤੁਸੀਂ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ ਪਰ ਆਤਮਾ ਦਾ ਕੁਝ ਵੀ ਨਹੀਂ ਵਿਗਾੜ ਸਕਦੇ । ਹਾਂ, ਪਰਮੇਸ਼ਰ ਤੋਂ ਜ਼ਰੂਰ ਡਰੋ ਜੋ ਸਰੀਰ ਅਤੇ ਆਤਮਾ ਦੋਨਾਂ ਦਾ ਨਰਕ ਕੁੰਡ ਵਿੱਚ ਨਾਸ਼ ਕਰ ਸਕਦੇ ਹਨ । ਕੀ ਦੋ ਚਿੜੀਆਂ ਦਾ ਮੁੱਲ ਕੇਵਲ ਇੱਕ ਪੈਸਾ ਨਹੀਂ? ਪਰ ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਇੱਛਾ ਤੋਂ ਬਿਨਾਂ ਧਰਤੀ ਉੱਤੇ ਨਹੀਂ ਡਿੱਗਦੀ । ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ । ਇਸ ਲਈ ਡਰੋ ਨਹੀਂ । ਤੁਸੀਂ ਚਿੜੀਆਂ ਨਾਲੋਂ ਜ਼ਿਆਦਾ ਬਹੁਮੁੱਲੇ ਹੋ ।” “ਹਰ ਕੋਈ ਆਦਮੀ ਜੋ ਦੂਜੇ ਲੋਕਾਂ ਦੇ ਸਾਹਮਣੇ ਮੈਨੂੰ ਮੰਨਦਾ ਹੈ, ਮੈਂ ਵੀ ਉਸ ਨੂੰ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਮੰਨਾਂਗਾ । ਪਰ ਜੋ ਆਦਮੀ ਦੂਜੇ ਲੋਕਾਂ ਦੇ ਸਾਹਮਣੇ ਮੈਨੂੰ ਨਹੀਂ ਮੰਨਦਾ, ਮੈਂ ਵੀ ਉਸ ਨੂੰ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਨਹੀਂ ਮੰਨਾਂਗਾ ।” “ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ । ਨਹੀਂ, ਮੈਂ ਸ਼ਾਂਤੀ ਲੈ ਕੇ ਨਹੀਂ ਆਇਆ ਸਗੋਂ ਤਲਵਾਰ ਲੈ ਕੇ ਆਇਆ ਹਾਂ । ਮੈਂ ਪੁੱਤਰਾਂ ਨੂੰ ਪਿਓ ਦੇ, ਧੀਆਂ ਨੂੰ ਮਾਂ ਦੇ, ਅਤੇ ਨੂੰਹਾਂ ਨੂੰ ਸੱਸ ਦੇ ਵਿਰੁੱਧ ਕਰਨ ਆਇਆ ਹਾਂ । ਮਨੁੱਖ ਦੇ ਆਪਣੇ ਘਰ ਦੇ ਲੋਕ ਹੀ ਉਸ ਦੇ ਸਾਰਿਆਂ ਤੋਂ ਵੱਡੇ ਵੈਰੀ ਹੋਣਗੇ । “ਜੋ ਕੋਈ ਆਪਣੇ ਮਾਤਾ-ਪਿਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਹੈ । ਇਸ ਤਰ੍ਹਾਂ ਜੇਕਰ ਕੋਈ ਆਪਣੇ ਪੁੱਤਰ ਜਾਂ ਧੀ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਹੈ । ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰੇ ਯੋਗ ਨਹੀਂ ਹੈ । ਜੋ ਕੋਈ ਆਪਣਾ ਜੀਵਨ ਬਚਾਵੇਗਾ, ਉਹ ਉਸ ਨੂੰ ਗੁਆਵੇਗਾ; ਅਤੇ ਜੋ ਕੋਈ ਮੇਰੇ ਕਾਰਨ ਆਪਣਾ ਜੀਵਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ ।” “ਜੋ ਕੋਈ ਤੁਹਾਡਾ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ ਅਤੇ ਜੋ ਮੇਰਾ ਸੁਆਗਤ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਦਾ ਸੁਆਗਤ ਕਰਦਾ ਹੈ । ਇਸੇ ਤਰ੍ਹਾਂ ਜੋ ਕੋਈ ਪਰਮੇਸ਼ਰ ਦੇ ਸੰਦੇਸ਼ਵਾਹਕ ਦਾ ਸੁਆਗਤ ਕਰਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਸੰਦੇਸ਼ਵਾਹਕ ਹੈ, ਉਹ ਆਪਣਾ ਫਲ ਪ੍ਰਾਪਤ ਕਰੇਗਾ । ਜੋ ਕਿਸੇ ਭਲੇ ਮਨੁੱਖ ਦਾ ਸੁਆਗਤ ਕਰਦਾ ਹੈ, ਕਿਉਂਕਿ ਉਹ ਭਲਾ ਹੈ, ਉਹ ਵੀ ਆਪਣਾ ਫਲ ਪ੍ਰਾਪਤ ਕਰੇਗਾ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਚੇਲਿਆਂ ਵਿੱਚੋਂ ਕਿਸੇ ਛੋਟੇ ਤੋਂ ਛੋਟੇ ਨੂੰ ਇਹ ਜਾਣ ਕੇ ਕਿ ਉਹ ਮੇਰਾ ਚੇਲਾ ਹੈ, ਇੱਕ ਠੰਡੇ ਪਾਣੀ ਦਾ ਗਲਾਸ ਦੇਵੇਗਾ, ਉਹ ਇਸ ਦਾ ਫਲ ਜ਼ਰੂਰ ਪ੍ਰਾਪਤ ਕਰੇਗਾ ।” ਯਿਸੂ ਆਪਣੇ ਚੇਲਿਆਂ ਨੂੰ ਸਭ ਹਿਦਾਇਤਾਂ ਦੇ ਚੁੱਕਣ ਦੇ ਬਾਅਦ ਨੇੜੇ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਅਤੇ ਪ੍ਰਚਾਰ ਕਰਨ ਦੇ ਲਈ ਗਏ । ਜਦੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦ ਵਿੱਚ ਹੀ ਮਸੀਹ ਦੇ ਕੰਮਾਂ ਬਾਰੇ ਸੁਣਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਉਹਨਾਂ ਕੋਲ ਭੇਜਿਆ । ਉਸ ਦੇ ਚੇਲਿਆਂ ਨੇ ਯਿਸੂ ਕੋਲੋਂ ਪੁੱਛਿਆ, “ਕੀ ਆਉਣ ਵਾਲੇ ਜਿਹਨਾਂ ਬਾਰੇ ਯੂਹੰਨਾ ਨੇ ਕਿਹਾ ਸੀ, ਤੁਸੀਂ ਹੀ ਹੋ ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਵਾਪਸ ਜਾਓ ਅਤੇ ਯੂਹੰਨਾ ਨੂੰ ਇਹ ਸਭ ਦੱਸੋ ਜੋ ਤੁਸੀਂ ਸੁਣ ਅਤੇ ਦੇਖ ਰਹੇ ਹੋ: ਅੰਨ੍ਹੇ ਸੁਜਾਖੇ ਹੋ ਰਹੇ ਹਨ, ਲੰਗੜੇ ਚਲ ਰਹੇ ਹਨ, ਕੋੜ੍ਹੀ ਆਪਣੇ ਕੋੜ੍ਹ ਤੋਂ ਛੁਟਕਾਰਾ ਪਾ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾ ਰਹੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ । ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਹੀਂ ਖਾਂਦਾ ।” ਜਦੋਂ ਯੂਹੰਨਾ ਦੇ ਚੇਲੇ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਣਾ ਸ਼ੁਰੂ ਕੀਤਾ: “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਹਵਾ ਨਾਲ ਹਿੱਲਣ ਵਾਲੇ ਇੱਕ ਕਾਨੇ ਨੂੰ? ਫਿਰ ਤੁਸੀਂ ਕੀ ਦੇਖਣ ਗਏ ਸੀ? ਕੀ ਇਸ ਤਰ੍ਹਾਂ ਦੇ ਆਦਮੀ ਨੂੰ ਜਿਸ ਨੇ ਮੁਲਾਇਮ ਕੱਪੜੇ ਪਾਏ ਹੋਏ ਸਨ? ਜਿਹੜੇ ਕੀਮਤੀ ਕੱਪੜੇ ਪਾਉਂਦੇ ਹਨ, ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ । ਤੁਸੀਂ ਕੀ ਦੇਖਣ ਗਏ ਸੀ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਨਬੀ ਤੋਂ ਵੀ ਕਿਸੇ ਵੱਡੇ ਨੂੰ । ਉਸੇ ਦੇ ਲਈ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਦੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ, ਉਹ ਤੇਰੇ ਅੱਗੇ ਰਾਹ ਤਿਆਰ ਕਰੇਗਾ ।’ “ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਤੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ । ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਵੀ ਉਸ ਤੋਂ ਵੱਡਾ ਹੈ । ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਪਰਮੇਸ਼ਰ ਦੇ ਰਾਜ ਉੱਤੇ ਹਮਲੇ ਹੋਏ ਹਨ ਅਤੇ ਤਾਕਤਵਾਰਾਂ ਨੇ ਧੱਕੇ ਨਾਲ ਇਸ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਭ ਨਬੀਆਂ ਅਤੇ ਮੂਸਾ ਦੀ ਵਿਵਸਥਾ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੱਕ ਪਰਮੇਸ਼ਰ ਦੇ ਰਾਜ ਬਾਰੇ ਹੀ ਸੰਦੇਸ਼ ਦਿੱਤੇ ਸਨ । ਇਸ ਲਈ ਜੇਕਰ ਤੁਸੀਂ ਇਹ ਸਭ ਮੰਨਣ ਦੇ ਲਈ ਤਿਆਰ ਹੋ ਤਾਂ ਯੂਹੰਨਾ ਹੀ ਏਲੀਯਾਹ ਹੈ ਜਿਸ ਦੇ ਆਉਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ । ਜਿਸ ਦੇ ਸੁਣਨ ਦੇ ਕੰਨ ਹਨ, ਉਹ ਇਹ ਸੁਣੇ । “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਬਜ਼ਾਰ ਵਿੱਚ ਬੈਠੇ ਹੋਏ ਲੜਕਿਆਂ ਵਰਗੇ ਹਨ, ਜੋ ਇੱਕ ਦੂਜੇ ਨੂੰ ਪੁਕਾਰ ਪੁਕਾਰ ਕੇ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬਾਂਸਰੀ ਵਜਾਈ, ਪਰ ਤੁਸੀਂ ਨਾ ਨੱਚੇ, ਅਸੀਂ ਵੈਣ ਪਾਏ, ਪਰ ਤੁਸੀਂ ਨਾ ਰੋਏ ।’ “ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ, ਉਹ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਸੀ ਪਰ ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਸ ਵਿੱਚ ਅਸ਼ੁੱਧ ਆਤਮਾ ਹੈ ।’ ਪਰ ਮਨੁੱਖ ਦਾ ਪੁੱਤਰ ਖਾਂਦਾ ਅਤੇ ਪੀਂਦਾ ਆਇਆ, ਉਸ ਬਾਰੇ ਹਰ ਕੋਈ ਕਹਿੰਦਾ ਹੈ, ‘ਉਹ ਖਾਊ ਅਤੇ ਪਿਆਕੜ ਹੈ, ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ!’ ਪਰ ਪਰਮੇਸ਼ਰ ਦਾ ਗਿਆਨ ਉਸ ਦੇ ਨਤੀਜਿਆਂ ਰਾਹੀਂ ਸੱਚਾ ਸਿੱਧ ਹੁੰਦਾ ਹੈ ।” ਫਿਰ ਯਿਸੂ ਗੁੱਸੇ ਵਿੱਚ ਆ ਕੇ ਉਹਨਾਂ ਸ਼ਹਿਰਾਂ ਬਾਰੇ ਇਸ ਤਰ੍ਹਾਂ ਕਹਿਣ ਲੱਗੇ, ਜਿੱਥੇ ਉਹਨਾਂ ਨੇ ਆਪਣੇ ਬਹੁਤ ਸਾਰੇ ਚਮਤਕਾਰ ਕੀਤੇ ਸਨ ਪਰ ਉਹਨਾਂ ਲੋਕਾਂ ਨੇ ਫਿਰ ਵੀ ਆਪਣੇ ਪਾਪਾਂ ਨੂੰ ਨਾ ਛੱਡਿਆ । “ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਅਨੋਖੇ ਕੰਮ ਤੁਹਾਡੇ ਸਾਹਮਣੇ ਕੀਤੇ ਗਏ ਹਨ, ਜੇਕਰ ਉਹ ਹੀ ਸੂਰ ਅਤੇ ਸੈਦਾ ਦੇ ਲੋਕਾਂ ਦੇ ਸਾਹਮਣੇ ਕੀਤੇ ਗਏ ਹੁੰਦੇ, ਤਾਂ ਉਹ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਮਲ ਕੇ ਆਪਣੇ ਬੁਰੇ ਕੰਮਾਂ ਨੂੰ ਛੱਡ ਚੁੱਕੇ ਹੁੰਦੇ । ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੀ ਬਜਾਏ ਸੂਰ ਅਤੇ ਸੈਦਾ ਦੇ ਲੋਕਾਂ ਉੱਤੇ ਬਹੁਤੀ ਦਇਆ ਕਰਨਗੇ । ਹੇ ਕਫ਼ਰਨਾਹੂਮ, ਕੀ ਤੂੰ ਸਵਰਗ ਤੱਕ ਉੱਚਾ ਕੀਤਾ ਜਾਵੇਂਗਾ? ਨਹੀਂ, ਤੂੰ ਸੁੱਟ ਦਿੱਤਾ ਜਾਵੇਂਗਾ । ਕਿਉਂਕਿ ਜੋ ਚਮਤਕਾਰ ਤੇਰੇ ਵਿੱਚ ਕੀਤੇ ਗਏ ਹਨ, ਜੇਕਰ ਇਹ ਹੀ ਸਦੂਮ ਸ਼ਹਿਰ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਕਾਇਮ ਰਹਿੰਦਾ । ਇਸ ਲਈ ਮੈਂ ਤੈਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਨਿਆਂ ਵਾਲੇ ਦਿਨ, ਤੇਰੀ ਬਜਾਏ ਸਦੂਮ ਸ਼ਹਿਰ ਉੱਤੇ ਜ਼ਿਆਦਾ ਦਇਆ ਕਰਨਗੇ ।” ਉਸ ਵੇਲੇ ਯਿਸੂ ਨੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਨੂੰ ਧੰਨਵਾਦ ਦਿੰਦਾ ਹਾਂ ਕਿ ਤੁਸੀਂ ਇਹ ਭੇਤ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖੇ ਪਰ ਇਹਨਾਂ ਭੇਤਾਂ ਨੂੰ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ । ਹੇ ਪਿਤਾ, ਤੁਹਾਨੂੰ ਇਹ ਹੀ ਚੰਗਾ ਲੱਗਾ । “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ । ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ; ਇਹ ਕੇਵਲ ਪਿਤਾ ਹੀ ਜਾਣਦੇ ਹਨ । ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ; ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ । “ਤੁਸੀਂ ਜਿਹੜੇ ਥੱਕੇ ਅਤੇ ਭਾਰ ਹੇਠਾਂ ਦੱਬੇ ਹੋਏ ਹੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਅਰਾਮ ਦੇਵਾਂਗਾ । ਮੇਰਾ ਜੂਲਾ ਲਵੋ ਅਤੇ ਆਪਣੇ ਉੱਤੇ ਰੱਖੋ । ਮੇਰੇ ਕੋਲੋਂ ਸਿੱਖੋ ਕਿਉਂਕਿ ਮੈਂ ਦਿਲ ਦਾ ਕੋਮਲ ਅਤੇ ਨਿਮਰ ਹਾਂ ਅਤੇ ਤੁਸੀਂ ਅਰਾਮ ਪਾਓਗੇ ਕਿਉਂਕਿ ਮੇਰਾ ਜੂਲਾ ਸੌਖਾ ਅਤੇ ਮੇਰਾ ਭਾਰ ਹੌਲਾ ਹੈ ।” ਇੱਕ ਸਬਤ ਦੇ ਦਿਨ ਯਿਸੂ ਕਣਕ ਦੇ ਖੇਤਾਂ ਵਿੱਚੋਂ ਦੀ ਜਾ ਰਹੇ ਸਨ । ਉਹਨਾਂ ਦੇ ਚੇਲਿਆਂ ਨੂੰ ਭੁੱਖ ਲੱਗੀ ਹੋਈ ਸੀ । ਇਸ ਲਈ ਉਹਨਾਂ ਨੇ ਕਣਕ ਦੇ ਸਿੱਟੇ ਤੋੜ ਕੇ ਖਾਣੇ ਸ਼ੁਰੂ ਕਰ ਦਿੱਤੇ । ਜਦੋਂ ਫ਼ਰੀਸੀਆਂ ਨੇ ਇਹ ਦੇਖਿਆ ਤਾਂ ਉਹਨਾਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਮਨ੍ਹਾ ਹੈ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ ਤਾਂ ਉਸ ਨੇ ਕੀ ਕੀਤਾ ਸੀ? ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ । ਪਰ ਪਵਿੱਤਰ-ਗ੍ਰੰਥ ਦੇ ਅਨੁਸਾਰ ਇਹ ਚੜ੍ਹਾਵੇ ਦੀਆਂ ਰੋਟੀਆਂ ਪੁਰੋਹਿਤ ਹੀ ਖਾ ਸਕਦਾ ਸੀ, ਦੂਜਾ ਕੋਈ ਨਹੀਂ । ਜਾਂ ਕੀ ਤੁਸੀਂ ਮੂਸਾ ਦੀ ਵਿਵਸਥਾ ਵਿੱਚ ਇਹ ਨਹੀਂ ਪੜ੍ਹਿਆ ਕਿ ਹਰ ਸਬਤ ਨੂੰ ਹੈਕਲ ਦੇ ਵਿੱਚ ਹੀ ਪੁਰੋਹਿਤ ਸਬਤ ਦੇ ਨਿਯਮਾਂ ਨੂੰ ਤੋੜਦੇ ਹਨ ਪਰ ਫਿਰ ਵੀ ਕੀ ਉਹ ਨਿਰਦੋਸ਼ ਹਨ? ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜਾ ਇੱਥੇ ਹੈ, ਉਹ ਹੈਕਲ ਤੋਂ ਵੀ ਵੱਡਾ ਹੈ । ਇਸ ਲਈ ਜੇਕਰ ਤੁਸੀਂ ਪਵਿੱਤਰ-ਗ੍ਰੰਥ ਦੇ ਇਸ ਵਚਨ ਦਾ ਅਰਥ ਜਾਣਦੇ ਹੁੰਦੇ: ‘ਮੈਂ ਕੁਰਬਾਨੀ ਦਾ ਨਹੀਂ, ਸਗੋਂ ਦਇਆ ਦਾ ਚਾਹਵਾਨ ਹਾਂ,’ ਤੁਸੀਂ ਨਿਰਦੋਸ਼ੀਆਂ ਨੂੰ ਦੋਸ਼ੀ ਨਾ ਠਹਿਰਾਉਂਦੇ । ਕਿਉਂਕਿ ਮਨੁੱਖ ਦਾ ਪੁੱਤਰ ਤਾਂ ਸਬਤ ਦਾ ਵੀ ਮਾਲਕ ਹੈ ।” ਯਿਸੂ ਉੱਥੋਂ ਚੱਲ ਕੇ ਉਹਨਾਂ ਦੇ ਇੱਕ ਪ੍ਰਾਰਥਨਾ ਘਰ ਵਿੱਚ ਗਏ । ਉੱਥੇ ਇੱਕ ਆਦਮੀ ਸੀ ਜਿਸ ਦਾ ਇੱਕ ਹੱਥ ਸੁੱਕਾ ਹੋਇਆ ਸੀ । ਤਦ ਯਿਸੂ ਉੱਤੇ ਕੋਈ ਦੋਸ਼ ਲਾਉਣ ਲਈ ਉਹਨਾਂ ਨੇ ਯਿਸੂ ਤੋਂ ਪੁੱਛਿਆ, “ਕੀ ਵਿਵਸਥਾ ਦੇ ਅਨੁਸਾਰ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਠੀਕ ਹੈ ਜਾਂ ਨਹੀਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਇੱਕ ਭੇਡ ਹੈ । ਉਹ ਸਬਤ ਦੇ ਦਿਨ ਡੂੰਘੇ ਟੋਏ ਵਿੱਚ ਡਿੱਗ ਪੈਂਦੀ ਹੈ । ਕੀ ਤੁਸੀਂ ਉਸ ਨੂੰ ਫੜ ਕੇ ਬਾਹਰ ਨਹੀਂ ਕੱਢੋਗੇ? ਇੱਕ ਆਦਮੀ ਦਾ ਮੁੱਲ ਤਾਂ ਭੇਡ ਤੋਂ ਕਿਤੇ ਵੱਧ ਹੈ । ਇਸ ਲਈ ਵਿਵਸਥਾ ਸਬਤ ਦੇ ਦਿਨ ਕਿਸੇ ਨਾਲ ਚੰਗਾ ਕੰਮ ਕਰਨ ਤੋਂ ਨਹੀਂ ਰੋਕਦੀ ਹੈ ।” ਫਿਰ ਯਿਸੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸ ਦੇ ਦੂਜੇ ਹੱਥ ਵਾਂਗ ਚੰਗਾ ਹੋ ਗਿਆ । ਤਦ ਫ਼ਰੀਸੀ ਬਾਹਰ ਚਲੇ ਗਏ ਅਤੇ ਆਪਸ ਵਿੱਚ ਵਿਉਂਤ ਬਣਾਉਣ ਲੱਗੇ ਕਿ ਯਿਸੂ ਨੂੰ ਕਿਸੇ ਤਰ੍ਹਾਂ ਜਾਨੋਂ ਮਾਰਿਆ ਜਾਵੇ । ਜਦੋਂ ਯਿਸੂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਥਾਂ ਤੋਂ ਚਲੇ ਗਏ । ਬਹੁਤ ਸਾਰੇ ਲੋਕ ਉਹਨਾਂ ਦੇ ਪਿੱਛੇ ਗਏ ਅਤੇ ਯਿਸੂ ਨੇ ਸਭ ਬਿਮਾਰਾਂ ਨੂੰ ਚੰਗਾ ਕੀਤਾ । ਅਤੇ ਉਹਨਾਂ ਨੂੰ ਮਨ੍ਹਾ ਕਰਦੇ ਹੋਏ ਇਹ ਕਿਹਾ, “ਕਿਸੇ ਨੂੰ ਇਸ ਬਾਰੇ ਨਾ ਦੱਸਣਾ ।” ਇਹ ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਸ਼ਬਦ ਪੂਰੇ ਹੋਣ: ਪਰਮੇਸ਼ਰ ਨੇ ਕਿਹਾ, “ਮੇਰੇ ਦਾਸ ਨੂੰ ਦੇਖੋ, ਜਿਸ ਨੂੰ ਮੈਂ ਚੁਣਿਆ ਹੈ, ਉਸ ਨੂੰ ਮੈਂ ਪਿਆਰ ਕਰਦਾ ਹਾਂ, ਜਿਸ ਤੋਂ ਮੈਂ ਖ਼ੁਸ਼ ਹਾਂ । ਉਸ ਨੂੰ ਮੈਂ ਆਪਣਾ ਆਤਮਾ ਦੇਵਾਂਗਾ, ਉਹ ਮੇਰੇ ਨਿਆਂ ਦਾ ਐਲਾਨ ਸਾਰੀਆਂ ਕੌਮਾਂ ਨੂੰ ਕਰੇਗਾ । ਉਹ ਨਾ ਝਗੜਾ ਕਰੇਗਾ ਅਤੇ ਨਾ ਹੀ ਚੀਕੇਗਾ । ਉਸ ਦੀ ਆਵਾਜ਼ ਕੋਈ ਗਲੀਆਂ ਵਿੱਚ ਨਹੀਂ ਸੁਣੇਗਾ । ਉਹ ਮਿੱਧੇ ਹੋਏ ਸਰਕੰਡੇ ਨੂੰ ਨਹੀਂ ਤੋੜੇਗਾ, ਨਾ ਹੀ ਉਹ ਬੁਝਦੇ ਹੋਏ ਦੀਵੇ ਨੂੰ ਬੁਝਾਵੇਗਾ, ਉਹ ਉਸ ਸਮੇਂ ਤੱਕ ਇਹ ਕਰੇਗਾ, ਜਦੋਂ ਤੱਕ ਕਿ ਉਹ ਨਿਆਂ ਨੂੰ ਜੇਤੂ ਨਾ ਬਣਾ ਦੇਵੇ; ਅਤੇ ਸਾਰੀਆਂ ਕੌਮਾਂ ਉਸ ਉੱਤੇ ਆਸ ਰੱਖਣਗੀਆਂ ।” ਕੁਝ ਲੋਕ ਇੱਕ ਅੰਨ੍ਹੇ ਅਤੇ ਗੂੰਗੇ ਆਦਮੀ ਨੂੰ ਯਿਸੂ ਕੋਲ ਲਿਆਏ । ਉਸ ਵਿੱਚ ਇੱਕ ਅਸ਼ੁੱਧ ਆਤਮਾ ਸੀ । ਯਿਸੂ ਨੇ ਉਸ ਆਦਮੀ ਨੂੰ ਚੰਗਾ ਕਰ ਦਿੱਤਾ । ਇਸ ਲਈ ਉਹ ਬੋਲਣ ਅਤੇ ਦੇਖਣ ਲੱਗ ਪਿਆ । ਸਾਰੀ ਭੀੜ ਇਹ ਦੇਖ ਕੇ ਹੈਰਾਨ ਹੋ ਗਈ । ਲੋਕ ਕਹਿਣ ਲੱਗੇ, “ਕੀ ਇਹ ਦਾਊਦ ਦਾ ਪੁੱਤਰ ਹੈ?” ਜਦੋਂ ਫ਼ਰੀਸੀਆਂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਉਹ ਅਸ਼ੁੱਧ ਆਤਮਾਵਾਂ ਨੂੰ ਅਸ਼ੁੱਧ ਆਤਮਾਵਾਂ ਦੇ ਹਾਕਮ ਬਾਲਜ਼ਬੂਲ ਦੀ ਮਦਦ ਨਾਲ ਕੱਢਦਾ ਹੈ ।” ਪਰ ਯਿਸੂ ਨੇ ਉਹਨਾਂ ਦੇ ਮਨਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ । ਇਸੇ ਤਰ੍ਹਾਂ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪੈ ਜਾਵੇ, ਉਹ ਵੀ ਖ਼ਤਮ ਹੋ ਜਾਂਦਾ ਹੈ । ਇਸ ਲਈ ਜੇਕਰ ਸ਼ੈਤਾਨ ਆਪ ਹੀ ਸ਼ੈਤਾਨ ਨੂੰ ਕੱਢਦਾ ਹੈ ਤਾਂ ਇਸ ਦਾ ਅਰਥ ਹੈ ਕਿ ਉਸ ਦੇ ਰਾਜ ਵਿੱਚ ਪਹਿਲਾਂ ਹੀ ਫੁੱਟ ਹੈ ਅਤੇ ਉਸ ਦਾ ਅੰਤ ਨੇੜੇ ਹੀ ਹੈ । ਤੁਸੀਂ ਕਹਿੰਦੇ ਹੋ ਕਿ ਮੈਂ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ । ਜੇਕਰ ਇਹ ਸੱਚ ਹੈ, ਤਾਂ ਤੁਹਾਡੇ ਚੇਲੇ ਕਿਸ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ? ਉਹ ਹੀ ਸਿੱਧ ਕਰਦੇ ਹਨ ਕਿ ਤੁਸੀਂ ਗ਼ਲਤ ਹੋ । ਪਰ ਜੇਕਰ ਮੈਂ ਪਰਮੇਸ਼ਰ ਦੇ ਆਤਮਾ ਦੀ ਮਦਦ ਦੇ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ । “ਕੋਈ ਕਿਸੇ ਤਾਕਤਵਰ ਆਦਮੀ ਦੇ ਘਰ ਨੂੰ ਨਹੀਂ ਲੁੱਟ ਸਕਦਾ ਜਦੋਂ ਤੱਕ ਕਿ ਪਹਿਲਾਂ ਉਹ ਤਾਕਤਵਰ ਦੇ ਹੱਥ ਪੈਰ ਬੰਨ੍ਹ ਨਾ ਲਵੇ, ਫਿਰ ਉਹ ਉਸ ਦੇ ਘਰ ਨੂੰ ਲੁੱਟ ਸਕੇਗਾ । “ਜੋ ਮੇਰੇ ਨਾਲ ਨਹੀਂ ਹੈ, ਉਹ ਮੇਰਾ ਵਿਰੋਧੀ ਹੈ । ਜੋ ਮੇਰੇ ਨਾਲ ਇਕੱਠਾ ਕਰਨ ਵਿੱਚ ਮਦਦ ਨਹੀਂ ਕਰਦਾ, ਉਹ ਖਿਲਾਰਦਾ ਹੈ । ਮੈਂ ਤੁਹਾਨੂੰ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ ਪਰ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਪਰਮੇਸ਼ਰ ਕਦੇ ਵੀ ਮਾਫ਼ ਨਹੀਂ ਕਰਨਗੇ । ਇਸੇ ਤਰ੍ਹਾਂ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹਿੰਦਾ ਹੈ, ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਝ ਕਹਿੰਦਾ ਹੈ ਉਸ ਨੂੰ ਨਾ ਤਾਂ ਇਸ ਯੁੱਗ ਵਿੱਚ ਅਤੇ ਨਾ ਹੀ ਆਉਣ ਵਾਲੇ ਯੁੱਗ ਵਿੱਚ ਮਾਫ਼ ਕੀਤਾ ਜਾਵੇਗਾ । “ਜੇਕਰ ਰੁੱਖ ਚੰਗਾ ਹੋਵੇਗਾ ਤਾਂ ਫਲ ਵੀ ਚੰਗਾ ਮਿਲੇਗਾ ਪਰ ਜੇਕਰ ਰੁੱਖ ਬੁਰਾ ਹੋਵੇਗਾ ਤਾਂ ਫਲ ਵੀ ਬੁਰਾ ਮਿਲੇਗਾ, ਕਿਉਂਕਿ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੁੰਦੇ ਹੋਏ ਚੰਗੀਆਂ ਗੱਲਾਂ ਕਿਸ ਤਰ੍ਹਾਂ ਕਰ ਸਕਦੇ ਹੋ? ਕਿਉਂਕਿ ਜੋ ਮਨੁੱਖ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਮੂੰਹ ਤੋਂ ਬੋਲਦਾ ਹੈ । ਚੰਗਾ ਮਨੁੱਖ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਮਨੁੱਖ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ । “ਮੈਂ ਤੁਹਾਨੂੰ ਦੱਸਦਾ ਹਾਂ ਕਿ ਨਿਆਂ ਵਾਲੇ ਦਿਨ ਹਰ ਮਨੁੱਖ ਨੂੰ ਆਪਣੇ ਮੂੰਹ ਵਿੱਚੋਂ ਨਿਕਲੇ ਹਰ ਬੁਰੇ ਸ਼ਬਦ ਦਾ ਲੇਖਾ ਦੇਣਾ ਪਵੇਗਾ । ਕਿਉਂਕਿ ਤੁਹਾਡੇ ਸ਼ਬਦਾਂ ਦੇ ਆਧਾਰ ਤੇ ਹੀ ਤੁਹਾਡਾ ਨਿਆਂ ਹੋਵੇਗਾ । ਇਹਨਾਂ ਦੁਆਰਾ ਹੀ ਤੁਹਾਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਇਆ ਜਾਵੇਗਾ ।” ਕੁਝ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਅਸੀਂ ਤੁਹਾਡੇ ਕੋਲੋਂ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਾਂ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਸ ਪੀੜ੍ਹੀ ਦੇ ਲੋਕ ਕਿੰਨੇ ਦੁਸ਼ਟ ਅਤੇ ਅਵਿਸ਼ਵਾਸੀ ਹਨ । ਇਹ ਚਿੰਨ੍ਹ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ । ਇਹਨਾਂ ਲੋਕਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ । ਜਿਸ ਤਰ੍ਹਾਂ ਯੋਨਾਹ ਨਬੀ ਤਿੰਨ ਦਿਨ ਅਤੇ ਤਿੰਨ ਰਾਤਾਂ ਇੱਕ ਵੱਡੀ ਮੱਛੀ ਦੇ ਢਿੱਡ ਵਿੱਚ ਰਿਹਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਤਿੰਨ ਦਿਨ ਅਤੇ ਤਿੰਨ ਰਾਤਾਂ ਧਰਤੀ ਦੇ ਅੰਦਰ ਰਹੇਗਾ । ਨੀਨਵਾਹ ਸ਼ਹਿਰ ਦੇ ਲੋਕ ਨਿਆਂ ਵਾਲੇ ਦਿਨ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰਨਗੇ, ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦੇ ਸੰਦੇਸ਼ ਨੂੰ ਸੁਣ ਕੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਸੀ । ਪਰ ਦੇਖੋ, ਇੱਥੇ ਇੱਕ ਯੋਨਾਹ ਨਬੀ ਤੋਂ ਵੀ ਵੱਡਾ ਹੈ । ਨਿਆਂ ਵਾਲੇ ਦਿਨ ਦੱਖਣ ਦੀ ਮਹਾਰਾਣੀ ਖੜ੍ਹੀ ਹੋਵੇਗੀ, ਅਤੇ ਉਹ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰੇਗੀ । ਉਹ ਰਾਜਾ ਸੁਲੇਮਾਨ ਦੀਆਂ ਬੁੱਧੀ ਵਾਲੀਆਂ ਗੱਲਾਂ ਸੁਣਨ ਦੇ ਲਈ ਧਰਤੀ ਦੇ ਦੂਜੇ ਪਾਰ ਤੋਂ ਆਈ ਸੀ । ਦੇਖੋ, ਇੱਥੇ ਇੱਕ ਸੁਲੇਮਾਨ ਤੋਂ ਵੀ ਵੱਡਾ ਹੈ ।” “ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿਕਲ ਜਾਂਦੀ ਹੈ ਤਾਂ ਸੁੰਨਸਾਨ ਥਾਵਾਂ ਵਿੱਚ ਅਰਾਮ ਦੇ ਲਈ ਥਾਂ ਲੱਭਦੀ ਹੈ । ਜੇਕਰ ਉਸ ਨੂੰ ਅਰਾਮ ਵਾਲੀ ਥਾਂ ਨਹੀਂ ਮਿਲਦੀ ਤਾਂ ਉਹ ਫਿਰ ਕਹਿੰਦੀ ਹੈ, ‘ਜਿਸ ਘਰ ਵਿੱਚੋਂ ਮੈਂ ਨਿਕਲੀ ਸੀ, ਉਸੇ ਘਰ ਨੂੰ ਮੁੜ ਜਾਵਾਂਗੀ ।’ ਉਹ ਫਿਰ ਉਸ ਘਰ ਵਿੱਚ ਆਉਂਦੀ ਹੈ ਅਤੇ ਉਸ ਘਰ ਨੂੰ ਝਾੜਿਆ ਅਤੇ ਸਜਿਆ ਹੋਇਆ ਦੇਖਦੀ ਹੈ । ਤਦ ਉਹ ਜਾ ਕੇ ਆਪਣੇ ਨਾਲੋਂ ਵੀ ਵੱਧ ਦੁਸ਼ਟ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ । ਫਿਰ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੀਆਂ ਹਨ ਜਿਸ ਕਾਰਨ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਬੁਰੀ ਹੋ ਜਾਂਦੀ ਹੈ । ਇਹ ਹੀ ਹਾਲ ਇਸ ਪੀੜ੍ਹੀ ਦੇ ਲੋਕਾਂ ਦਾ ਹੋਵੇਗਾ ।” ਯਿਸੂ ਅਜੇ ਲੋਕਾਂ ਦੇ ਨਾਲ ਗੱਲਬਾਤ ਕਰ ਹੀ ਰਹੇ ਸਨ ਕਿ ਉਹਨਾਂ ਦੀ ਮਾਂ ਅਤੇ ਭਰਾ ਉਹਨਾਂ ਨੂੰ ਮਿਲਣ ਦੇ ਲਈ ਆ ਗਏ । ਉਹ ਬਾਹਰ ਹੀ ਖੜ੍ਹੇ ਰਹੇ ਅਤੇ ਯਿਸੂ ਨੂੰ ਮਿਲਣ ਦੇ ਲਈ ਕਿਹਾ, [ ਇਸ ਲਈ ਕਿਸੇ ਨੇ ਜਾ ਕੇ ਯਿਸੂ ਨੂੰ ਕਿਹਾ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਹਨ । ਉਹ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ।”] ਯਿਸੂ ਨੇ ਉਸ ਦੱਸਣ ਵਾਲੇ ਆਦਮੀ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਂ? ਕੌਣ ਹਨ ਮੇਰੇ ਭਰਾ?” ਫਿਰ ਯਿਸੂ ਨੇ ਆਪਣੇ ਚੇਲਿਆਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਇਹ ਹੈ ਮੇਰੀ ਮਾਂ ਅਤੇ ਇਹ ਹਨ ਮੇਰੇ ਭਰਾ, ਕਿਉਂਕਿ ਜੋ ਕੋਈ ਵੀ ਮੇਰੇ ਪਿਤਾ ਦੀ ਜੋ ਸਵਰਗ ਵਿੱਚ ਹਨ, ਇੱਛਾ ਪੂਰੀ ਕਰਦਾ ਹੈ, ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਂ ਹੈ ।” ਉਸੇ ਦਿਨ ਯਿਸੂ ਘਰ ਤੋਂ ਨਿਕਲ ਕੇ ਝੀਲ ਦੇ ਕੰਢੇ ਉੱਤੇ ਗਏ । ਉੱਥੇ ਉਹ ਲੋਕਾਂ ਨੂੰ ਸਿੱਖਿਆ ਦੇਣ ਦੇ ਲਈ ਬੈਠ ਗਏ । ਛੇਤੀ ਹੀ ਉਹਨਾਂ ਕੋਲ ਬਹੁਤ ਵੱਡੀ ਭੀੜ ਇਕੱਠੀ ਹੋ ਗਈ । ਇਸ ਕਾਰਨ ਉਹਨਾਂ ਨੂੰ ਕਿਸ਼ਤੀ ਵਿੱਚ ਚੜ੍ਹ ਕੇ ਬੈਠਣਾ ਪਿਆ ਪਰ ਭੀੜ ਝੀਲ ਦੇ ਕੰਢੇ ਤੇ ਹੀ ਖੜ੍ਹੀ ਰਹੀ । ਉਹਨਾਂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ । ਉਹਨਾਂ ਨੇ ਕਿਹਾ: “ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । ਜਦੋਂ ਉਹ ਛੱਟਾ ਦੇ ਰਿਹਾ ਸੀ ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਜਾ ਡਿੱਗੇ ਜਿਹੜੇ ਪੰਛੀਆਂ ਨੇ ਆ ਕੇ ਚੁਗ ਲਏ । ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ ਜਿੱਥੇ ਬਹੁਤ ਮਿੱਟੀ ਨਹੀਂ ਸੀ । ਇਸ ਲਈ ਉਹ ਡੂੰਘੀ ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗ ਪਏ । ਜਦੋਂ ਸੂਰਜ ਚੜ੍ਹਿਆ ਤਾਂ ਉਸ ਦੇ ਸੇਕ ਨਾਲ ਝੁਲਸ ਕੇ ਸੁੱਕ ਗਏ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ । ਕੁਝ ਕੰਡਿਆਲੀ ਝਾੜੀਆਂ ਵਾਲੀ ਜ਼ਮੀਨ ਵਿੱਚ ਡਿੱਗੇ ਜਿਹੜੇ ਉੱਗ ਤਾਂ ਪਏ ਪਰ ਝਾੜੀਆਂ ਕਾਰਨ ਦੱਬ ਗਏ ਅਤੇ ਵੱਧ ਨਾ ਸਕੇ । ਪਰ ਬਾਕੀ ਬੀਜ ਚੰਗੀ ਜ਼ਮੀਨ ਵਿੱਚ ਡਿੱਗੇ ਜਿਹੜੇ ਬਹੁਤ ਫਲੇ; ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ ।” ਅੰਤ ਵਿੱਚ ਯਿਸੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ ।” ਇਸ ਦੇ ਬਾਅਦ ਚੇਲੇ ਯਿਸੂ ਦੇ ਕੋਲ ਆਏ ਅਤੇ ਉਹਨਾਂ ਕੋਲੋਂ ਪੁੱਛਿਆ, “ਤੁਸੀਂ ਜਦੋਂ ਲੋਕਾਂ ਨਾਲ ਗੱਲਾਂ ਕਰਦੇ ਹੋ, ਤਾਂ ਦ੍ਰਿਸ਼ਟਾਂਤ ਕਿਉਂ ਵਰਤਦੇ ਹੋ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ ਪਰ ਉਹਨਾਂ ਨੂੰ ਨਹੀਂ । ਕਿਉਂਕਿ ਜਿਸ ਕਿਸੇ ਕੋਲ ਕੁਝ ਹੈ, ਉਸ ਨੂੰ ਹੋਰ ਵੀ ਦਿੱਤਾ ਜਾਵੇਗਾ ਅਤੇ ਉਸ ਦੇ ਕੋਲ ਬਹੁਤ ਹੋ ਜਾਵੇਗਾ; ਪਰ ਜਿਸ ਦੇ ਕੋਲ ਕੁਝ ਨਹੀਂ ਹੈ, ਉਸ ਤੋਂ ਜੋ ਕੁਝ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ । ਇਸ ਲਈ ਮੈਂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿਉਂਕਿ ਉਹ ਦੇਖਦੇ ਹੋਏ ਵੀ ਨਹੀਂ ਦੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਸਮਝਦੇ । ਉਹਨਾਂ ਰਾਹੀਂ ਹੀ ਯਸਾਯਾਹ ਦਾ ਇਹ ਵਚਨ ਪੂਰਾ ਹੁੰਦਾ ਹੈ ਕਿ ਪਰਮੇਸ਼ਰ ਨੇ ਕਿਹਾ ਹੈ: ‘ਤੁਸੀਂ ਸੁਣੋਗੇ ਤਾਂ ਸਹੀ, ਪਰ ਨਾ ਸਮਝੋਗੇ, ਤੁਸੀਂ ਦੇਖੋਗੇ ਤਾਂ ਸਹੀ, ਪਰ ਪਛਾਣ ਨਾ ਸਕੋਗੇ । ਕਿਉਂਕਿ ਇਹਨਾਂ ਲੋਕਾਂ ਦੇ ਦਿਲ ਕਠੋਰ ਹੋ ਗਏ ਹਨ; ਇਹ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ, ਇਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ; ਕਿਤੇ ਉਹਨਾਂ ਦੀਆਂ ਅੱਖਾਂ ਦੇਖ ਨਾ ਲੈਣ, ਅਤੇ ਇਹਨਾਂ ਦੇ ਕੰਨ ਸੁਣ ਨਾ ਲੈਣ, ਅਤੇ ਇਹਨਾਂ ਦੇ ਮਨ ਸਮਝ ਨਾ ਜਾਣ, ਅਤੇ ਮੇਰੇ ਵੱਲ ਮੁੜ ਕੇ ਆਉਣ, ਅਤੇ ਮੈਂ ਇਹਨਾਂ ਨੂੰ ਚੰਗਾ ਕਰਾਂ ।’ “ਪਰ ਤੁਸੀਂ ਧੰਨ ਹੋ, ਕਿਉਂਕਿ ਤੁਹਾਡੀਆਂ ਅੱਖਾਂ ਦੇਖਦੀਆਂ ਹਨ ਅਤੇ ਤੁਹਾਡੇ ਕੰਨ ਸੁਣਦੇ ਹਨ । ਇਹ ਸੱਚ ਜਾਣੋ ਬਹੁਤ ਸਾਰੇ ਨਬੀਆਂ ਅਤੇ ਨੇਕ ਲੋਕਾਂ ਨੇ ਇਹ ਦੇਖਣਾ ਚਾਹਿਆ ਜੋ ਤੁਸੀਂ ਦੇਖ ਰਹੇ ਹੋ ਪਰ ਉਹ ਦੇਖ ਨਾ ਸਕੇ; ਅਤੇ ਇਹ ਸੁਣਨਾ ਚਾਹਿਆ ਜੋ ਤੁਸੀਂ ਸੁਣ ਰਹੇ ਹੋ, ਪਰ ਉਹ ਸੁਣ ਨਾ ਸਕੇ ।” “ਹੁਣ ਤੁਸੀਂ ਬੀਜ ਬੀਜਣ ਵਾਲੇ ਦੇ ਦ੍ਰਿਸ਼ਟਾਂਤ ਦਾ ਅਰਥ ਸੁਣੋ ਅਤੇ ਸਮਝੋ । ਉਹ ਲੋਕ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਤਾਂ ਹਨ ਪਰ ਸਮਝਦੇ ਨਹੀਂ, ਉਹ ਉਸ ਬੀਜ ਵਰਗੇ ਹਨ ਜੋ ਰਾਹ ਵਿੱਚ ਡਿੱਗੇ ਹਨ । ਸ਼ੈਤਾਨ ਆ ਕੇ ਉਹਨਾਂ ਦੇ ਦਿਲਾਂ ਵਿੱਚੋਂ ਉਸ ਵਚਨ ਨੂੰ ਕੱਢ ਲੈਂਦਾ ਹੈ ਜੋ ਉਹਨਾਂ ਵਿੱਚ ਬੀਜਿਆ ਗਿਆ ਸੀ । ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਅਤੇ ਉਸ ਵੇਲੇ ਖ਼ੁਸ਼ੀ ਨਾਲ ਉਸ ਨੂੰ ਮੰਨ ਲੈਂਦੇ ਹਨ, ਪਥਰੀਲੀ ਜ਼ਮੀਨ ਵਿੱਚ ਪਏ ਬੀਜ ਵਰਗੇ ਹਨ । ਵਚਨ ਇਹੋ ਜਿਹੇ ਲੋਕਾਂ ਦੇ ਦਿਲਾਂ ਦੀ ਗਹਿਰਾਈ ਤੱਕ ਨਹੀਂ ਪਹੁੰਚਦਾ ਅਤੇ ਇਸ ਲਈ ਇਸ ਦਾ ਅਸਰ ਉਹਨਾਂ ਉੱਤੇ ਥੋੜ੍ਹੇ ਸਮੇਂ ਤੱਕ ਹੀ ਰਹਿੰਦਾ ਹੈ । ਕਿਉਂਕਿ ਜਦੋਂ ਕੋਈ ਦੁੱਖ ਜਾਂ ਅੱਤਿਆਚਾਰ ਉਹਨਾਂ ਉੱਤੇ ਵਚਨ ਦੇ ਕਾਰਨ ਆਉਂਦਾ ਹੈ ਤਾਂ ਉਹ ਇਕਦਮ ਇਸ ਨੂੰ ਛੱਡ ਦਿੰਦੇ ਹਨ । ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਹਨ ਪਰ ਇਸ ਸੰਸਾਰ ਦੀਆਂ ਚਿੰਤਾਵਾਂ ਅਤੇ ਸੰਸਾਰਕ ਮੋਹ, ਵਚਨ ਦੇ ਅਸਰ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਖ਼ਤਮ ਕਰ ਦਿੰਦੇ ਹਨ । ਇਸ ਤਰ੍ਹਾਂ ਇਹ ਫਲਦਾਰ ਨਹੀਂ ਹੁੰਦੇ ਹਨ । ਇਹੋ ਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ । ਪਰ ਉਹ ਲੋਕ ਜਿਹੜੇ ਵਚਨ ਨੂੰ ਸੁਣਦੇ ਹਨ ਅਤੇ ਸਮਝਦੇ ਹਨ, ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ । ਇਹਨਾਂ ਵਿੱਚੋਂ ਕੁਝ ਸੌ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਤੀਹ ਗੁਣਾ ਫਲਦੇ ਹਨ ।” ਫਿਰ ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ: “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ ਸੀ । ਪਰ ਇੱਕ ਦਿਨ ਰਾਤ ਦੇ ਸਮੇਂ ਜਦੋਂ ਲੋਕ ਸੌਂ ਰਹੇ ਸਨ ਤਾਂ ਉਸ ਦਾ ਵੈਰੀ ਆਇਆ ਅਤੇ ਕਣਕ ਵਿੱਚ ਜੰਗਲੀ ਬੂਟੀ ਬੀਜ ਕੇ ਚਲਾ ਗਿਆ । ਇਸ ਲਈ ਜਦੋਂ ਕਰੂੰਬਲਾਂ ਫੁੱਟੀਆਂ ਅਤੇ ਪੌਦੇ ਵੱਧਣੇ ਸ਼ੁਰੂ ਹੋ ਗਏ ਤਾਂ ਜੰਗਲੀ ਬੂਟੀਆਂ ਵੀ ਉਹਨਾਂ ਦੇ ਵਿੱਚ ਦਿਖਾਈ ਦੇਣ ਲੱਗੀਆਂ । ਉਸ ਆਦਮੀ ਦੇ ਨੌਕਰ ਉਸ ਕੋਲ ਆਏ ਅਤੇ ਕਹਿਣ ਲੱਗੇ, ‘ਮਾਲਕ, ਕੀ ਤੁਸੀਂ ਚੰਗਾ ਬੀਜ ਆਪਣੇ ਖੇਤ ਵਿੱਚ ਨਹੀਂ ਬੀਜਿਆ ਸੀ? ਫਿਰ ਇਹ ਜੰਗਲੀ ਬੂਟੀ ਕਿੱਥੋਂ ਆਈ ਹੈ?’ ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, ‘ਇਹ ਕਿਸੇ ਵੈਰੀ ਦਾ ਕੰਮ ਹੈ ।’ ਨੌਕਰਾਂ ਨੇ ਪੁੱਛਿਆ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਉਸ ਨੂੰ ਪੁੱਟ ਦਈਏ?’ ਉਸ ਨੇ ਉੱਤਰ ਦਿੱਤਾ, ‘ਨਹੀਂ, ਕਿਤੇ ਜੰਗਲੀ ਬੂਟੀ ਨੂੰ ਪੁੱਟਦੇ ਹੋਏ ਤੁਸੀਂ ਕਣਕ ਵੀ ਨਾਲ ਹੀ ਨਾ ਪੁੱਟ ਸੁੱਟੋ । ਫ਼ਸਲ ਪੱਕਣ ਤੱਕ ਦੋਨਾਂ ਨੂੰ ਇਕੱਠੇ ਵੱਧਣ ਦਿਓ । ਵੱਢਣ ਸਮੇਂ ਮੈਂ ਵਾਢਿਆਂ ਨੂੰ ਇਹ ਕਹਿ ਦੇਵਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰ ਕੇ ਬਾਲਣ ਲਈ ਢੇਰ ਲਾ ਦਿਓ ਅਤੇ ਫਿਰ ਕਣਕ ਇਕੱਠੀ ਕਰ ਕੇ ਮੇਰੇ ਗੋਦਾਮਾਂ ਵਿੱਚ ਭਰ ਦਿਓ ।’” ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ: “ਸਵਰਗ ਦਾ ਰਾਜ ਰਾਈ ਦੇ ਬੀਜ ਵਰਗਾ ਹੈ, ਜਿਸ ਨੂੰ ਕਿਸੇ ਆਦਮੀ ਨੇ ਲੈ ਕੇ ਆਪਣੇ ਖੇਤ ਵਿੱਚ ਬੀਜ ਦਿੱਤਾ । ਇਹ ਬੀਜ ਸਾਰੇ ਬੀਜਾਂ ਤੋਂ ਛੋਟਾ ਹੁੰਦਾ ਹੈ । ਪਰ ਜਦੋਂ ਉਹ ਉੱਗ ਕੇ ਵੱਧਦਾ ਹੈ ਤਾਂ ਸਭ ਪੌਦਿਆਂ ਤੋਂ ਵੱਡਾ ਹੋ ਜਾਂਦਾ ਹੈ । ਇੱਥੋਂ ਤੱਕ ਕਿ ਇਹ ਰੁੱਖ ਬਣ ਜਾਂਦਾ ਹੈ ਅਤੇ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਉਂਦੇ ਹਨ ।” ਯਿਸੂ ਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਸੁਣਾਇਆ, “ਪਰਮੇਸ਼ਰ ਦਾ ਰਾਜ ਖ਼ਮੀਰ ਵਰਗਾ ਹੈ, ਜਿਸ ਨੂੰ ਕਿਸੇ ਔਰਤ ਨੇ ਥੋੜ੍ਹਾ ਜਿਹਾ ਲਿਆ ਅਤੇ ਬਹੁਤ ਸਾਰੇ ਆਟੇ ਵਿੱਚ ਰਲਾ ਦਿੱਤਾ ਅਤੇ ਇਸ ਨਾਲ ਹੌਲੀ ਹੌਲੀ ਉਹ ਸਾਰਾ ਆਟਾ ਖ਼ਮੀਰਾ ਹੋ ਗਿਆ ।” ਯਿਸੂ ਨੇ ਇਹ ਸਭ ਗੱਲਾਂ ਲੋਕਾਂ ਨੂੰ ਦ੍ਰਿਸ਼ਟਾਂਤਾਂ ਰਾਹੀਂ ਦੱਸੀਆਂ । ਉਹ ਦ੍ਰਿਸ਼ਟਾਂਤਾਂ ਤੋਂ ਬਿਨਾਂ ਲੋਕਾਂ ਨਾਲ ਕੋਈ ਵੀ ਗੱਲ ਨਹੀਂ ਕਰਦੇ ਸਨ । ਯਿਸੂ ਇਹ ਇਸ ਲਈ ਕਰਦੇ ਸਨ ਕਿ ਨਬੀ ਦੇ ਕਹੇ ਹੋਏ ਇਹ ਸ਼ਬਦ ਪੂਰੇ ਹੋਣ: “ਮੈਂ ਦ੍ਰਿਸ਼ਟਾਂਤਾਂ ਦੇ ਰਾਹੀਂ ਉਹਨਾਂ ਦੇ ਨਾਲ ਬੋਲਾਂਗਾ, ਮੈਂ ਉਹਨਾਂ ਉੱਤੇ ਉਹ ਗੱਲਾਂ ਪ੍ਰਗਟ ਕਰਾਂਗਾ, ਜਿਹੜੀਆਂ ਸ੍ਰਿਸ਼ਟੀ ਦੇ ਸ਼ੁਰੂ ਤੋਂ ਗੁਪਤ ਹਨ ।” ਜਦੋਂ ਯਿਸੂ ਭੀੜ ਤੋਂ ਵਿਦਾ ਹੋ ਕੇ ਘਰ ਆਏ ਤਾਂ ਉਹਨਾਂ ਦੇ ਚੇਲੇ ਉਹਨਾਂ ਕੋਲ ਆਏ ਅਤੇ ਕਿਹਾ, “ਸਾਨੂੰ ਖੇਤ ਵਿਚਲੀ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਦਾ ਅਰਥ ਸਮਝਾਓ ।” ਯਿਸੂ ਨੇ ਉੱਤਰ ਦਿੱਤਾ, “ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ । ਖੇਤ ਇਹ ਸੰਸਾਰ ਹੈ । ਚੰਗੇ ਬੀਜ ਦਾ ਅਰਥ ਉਹਨਾਂ ਲੋਕਾਂ ਤੋਂ ਹੈ ਜਿਹਨਾਂ ਦਾ ਸੰਬੰਧ ਪਰਮੇਸ਼ਰ ਦੇ ਰਾਜ ਨਾਲ ਹੈ । ਜੰਗਲੀ ਬੂਟੀ ਦਾ ਅਰਥ ਉਹ ਲੋਕ ਹਨ ਜਿਹਨਾਂ ਦਾ ਸੰਬੰਧ ਸ਼ੈਤਾਨ ਨਾਲ ਹੈ । ਵੈਰੀ ਜਿਸ ਨੇ ਜੰਗਲੀ ਬੂਟੀ ਬੀਜੀ, ਸ਼ੈਤਾਨ ਹੈ । ਫ਼ਸਲ ਦਾ ਪੱਕਣਾ, ਇਸ ਯੁੱਗ ਦਾ ਅੰਤ ਹੈ ਅਤੇ ਵਾਢੇ ਸਵਰਗਦੂਤ ਹਨ । ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕਰ ਕੇ ਅੱਗ ਵਿੱਚ ਝੋਕੀ ਜਾਂਦੀ ਹੈ, ਇਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ । ਮਨੁੱਖ ਦਾ ਪੁੱਤਰ ਆਪਣੇ ਸਵਰਗਦੂਤਾਂ ਨੂੰ ਭੇਜੇਗਾ ਅਤੇ ਉਹ ਉਹਨਾਂ ਸਾਰਿਆਂ ਨੂੰ ਜੋ ਲੋਕਾਂ ਨੂੰ ਪਾਪ ਦੇ ਰਾਹੇ ਪਾਉਂਦੇ ਹਨ ਅਤੇ ਉਹਨਾਂ ਨੂੰ ਜੋ ਬੁਰੇ ਕੰਮ ਕਰਦੇ ਹਨ ਇਕੱਠਾ ਕਰਨਗੇ । ਫਿਰ ਸਵਰਗਦੂਤ ਇਹਨਾਂ ਸਭ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ । ਉਸ ਸਮੇਂ ਨੇਕ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ । ਜਿਸ ਦੇ ਕੰਨ ਹਨ, ਉਹ ਸੁਣੇ ।” “ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖ਼ਜ਼ਾਨੇ ਵਰਗਾ ਹੈ ਜੋ ਇੱਕ ਆਦਮੀ ਨੂੰ ਲੱਭ ਪੈਂਦਾ ਹੈ, ਉਹ ਉਸ ਨੂੰ ਫਿਰ ਲੁਕਾ ਦਿੰਦਾ ਹੈ । ਉਹ ਆਦਮੀ ਇੰਨਾਂ ਖ਼ੁਸ਼ ਹੁੰਦਾ ਹੈ ਕਿ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਖੇਤ ਨੂੰ ਮੁੱਲ ਲੈ ਲੈਂਦਾ ਹੈ ।” “ਫਿਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜੋ ਸੁੰਦਰ ਮੋਤੀਆਂ ਦੀ ਖੋਜ ਵਿੱਚ ਸੀ । ਜਦੋਂ ਉਸ ਨੂੰ ਇੱਕ ਅਨਮੋਲ ਮੋਤੀ ਮਿਲ ਜਾਂਦਾ ਹੈ ਤਾਂ ਉਹ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਉਸ ਅਨਮੋਲ ਮੋਤੀ ਨੂੰ ਮੁੱਲ ਲੈ ਲੈਂਦਾ ਹੈ ।” “ਫਿਰ ਸਵਰਗ ਦਾ ਰਾਜ ਉਸ ਜਾਲ ਵਰਗਾ ਹੈ, ਜੋ ਝੀਲ ਵਿੱਚ ਸੁੱਟਿਆ ਗਿਆ ਅਤੇ ਉਸ ਵਿੱਚ ਕਈ ਪ੍ਰਕਾਰ ਦੀਆਂ ਮੱਛੀਆਂ ਘਿਰ ਆਈਆਂ । ਜਦੋਂ ਉਹ ਭਰ ਗਿਆ ਤਾਂ ਮਛੇਰੇ ਉਸ ਨੂੰ ਕੰਢੇ ਉੱਤੇ ਖਿੱਚ ਕੇ ਲਿਆਏ । ਫਿਰ ਉਹਨਾਂ ਨੇ ਬੈਠ ਕੇ ਚੰਗੀਆਂ ਮੱਛੀਆਂ ਇਕੱਠੀਆਂ ਕਰ ਕੇ ਟੋਕਰਿਆਂ ਵਿੱਚ ਪਾ ਲਈਆਂ ਪਰ ਨਿਕੰਮੀਆਂ ਨੂੰ ਬਾਹਰ ਸੁੱਟ ਦਿੱਤਾ । ਇਸੇ ਤਰ੍ਹਾਂ ਯੁੱਗ ਦੇ ਅੰਤ ਵਿੱਚ ਹੋਵੇਗਾ । ਸਵਰਗਦੂਤ ਜਾਣਗੇ ਅਤੇ ਬੁਰੇ ਲੋਕਾਂ ਨੂੰ ਚੰਗੇ ਲੋਕਾਂ ਵਿੱਚੋਂ ਛਾਂਟਣਗੇ ਅਤੇ ਬੁਰੇ ਲੋਕਾਂ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।” ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਇਹ ਸਭ ਗੱਲਾਂ ਸਮਝਦੇ ਹੋ?” ਉਹਨਾਂ ਨੇ ਕਿਹਾ, “ਜੀ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਇਸ ਦਾ ਅਰਥ ਹੈ ਕਿ ਉਹ ਹਰ ਇੱਕ ਵਿਵਸਥਾ ਦਾ ਸਿੱਖਿਅਕ ਜੋ ਸਵਰਗ ਦੇ ਰਾਜ ਵਿੱਚ ਚੇਲਾ ਬਣਦਾ ਹੈ, ਉਹ ਉਸ ਘਰ ਦੇ ਮਾਲਕ ਦੀ ਤਰ੍ਹਾਂ ਹੈ ਜੋ ਆਪਣੇ ਘਰ ਦੇ ਭੰਡਾਰ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਬਾਹਰ ਕੱਢਦਾ ਹੈ ।” ਜਦੋਂ ਯਿਸੂ ਇਹ ਸਭ ਦ੍ਰਿਸ਼ਟਾਂਤ ਸੁਣਾ ਚੁੱਕੇ ਤਾਂ ਉਹ ਉਸ ਥਾਂ ਤੋਂ ਚੱਲ ਕੇ ਆਪਣੇ ਸ਼ਹਿਰ ਨਾਸਰਤ ਵਿੱਚ ਆਏ । ਉਹਨਾਂ ਨੇ ਉੱਥੋਂ ਦੇ ਪ੍ਰਾਰਥਨਾ ਘਰ ਵਿੱਚ ਲੋਕਾਂ ਨੂੰ ਸਿੱਖਿਆ ਦਿੱਤੀ । ਲੋਕ ਉਹਨਾਂ ਦੀ ਸਿੱਖਿਆ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਇਸ ਨੂੰ ਇਹ ਸਿਆਣਪ ਕਿੱਥੋਂ ਮਿਲੀ ਹੈ? ਇਹ ਚਮਤਕਾਰ ਕਿਸ ਤਰ੍ਹਾਂ ਕਰਦਾ ਹੈ? ਕੀ ਇਹ ਤਰਖਾਣ ਦਾ ਪੁੱਤਰ ਨਹੀਂ ਹੈ? ਕੀ ਇਸ ਦੀ ਮਾਂ ਮਰੀਅਮ, ਇਸ ਦੇ ਭਰਾ ਯਾਕੂਬ, ਯੂਸਫ਼, ਸ਼ਮਊਨ ਅਤੇ ਯਹੂਦਾ ਨਹੀਂ ਹਨ? ਕੀ ਇਸ ਦੀਆਂ ਭੈਣਾਂ ਸਾਡੇ ਇੱਥੇ ਨਹੀਂ ਰਹਿੰਦੀਆਂ ਹਨ? ਇਸ ਨੂੰ ਇਹ ਸਭ ਕਿੱਥੋਂ ਮਿਲਿਆ ਹੈ?” ਇਸ ਲਈ ਉਹਨਾਂ ਨੇ ਯਿਸੂ ਉੱਤੇ ਵਿਸ਼ਵਾਸ ਕਰਨ ਤੋਂ ਇਨਕਾਰ ਕੀਤਾ । ਯਿਸੂ ਨੇ ਉਹਨਾਂ ਨੂੰ ਕਿਹਾ, “ਨਬੀ ਦੀ ਆਪਣੇ ਸ਼ਹਿਰ ਦੇ ਲੋਕਾਂ ਅਤੇ ਘਰ ਨੂੰ ਛੱਡ ਕੇ ਹੋਰ ਕਿਤੇ ਨਿਰਾਦਰੀ ਨਹੀਂ ਹੁੰਦੀ ।” ਯਿਸੂ ਨੇ ਉਹਨਾਂ ਦੇ ਅਵਿਸ਼ਵਾਸ ਕਾਰਨ ਉੱਥੇ ਬਹੁਤ ਚਮਤਕਾਰ ਨਾ ਕੀਤੇ । ਉਹਨਾਂ ਦਿਨਾਂ ਵਿੱਚ ਗਲੀਲ ਦੇ ਰਾਜਾ ਹੇਰੋਦੇਸ ਨੇ ਯਿਸੂ ਦੇ ਬਾਰੇ ਸੁਣਿਆ । ਉਸ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੀ ਹੈ । ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ, ਇਸੇ ਲਈ ਉਸ ਰਾਹੀਂ ਇਹ ਚਮਤਕਾਰ ਹੋ ਰਹੇ ਹਨ ।” ਕਿਉਂਕਿ ਹੇਰੋਦੇਸ ਨੇ ਯੂਹੰਨਾ ਨੂੰ ਗਰਿਫ਼ਤਾਰ ਕਰ ਕੇ ਅਤੇ ਉਸ ਨੂੰ ਬੇੜੀਆਂ ਪਾ ਕੇ ਕੈਦ ਵਿੱਚ ਬੰਦ ਕਰ ਦਿੱਤਾ ਸੀ । ਇਹ ਉਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਾਰਨ ਕੀਤਾ ਸੀ । ਕਿਉਂਕਿ ਯੂਹੰਨਾ ਨੇ ਇਸ ਬਾਰੇ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਚੰਗਾ ਨਹੀਂ ।” ਹੇਰੋਦੇਸ ਤਾਂ ਉਸ ਨੂੰ ਮਾਰ ਦੇਣਾ ਚਾਹੁੰਦਾ ਸੀ ਪਰ ਉਹ ਲੋਕਾਂ ਤੋਂ ਡਰਦਾ ਸੀ ਕਿਉਂਕਿ ਲੋਕ ਯੂਹੰਨਾ ਨੂੰ ਨਬੀ ਮੰਨਦੇ ਸਨ । ਹੇਰੋਦੇਸ ਦੇ ਜਨਮ ਦਿਨ ਤੇ ਹੇਰੋਦਿਆਸ ਦੀ ਧੀ ਨੇ ਸਭ ਦੇ ਸਾਹਮਣੇ ਨਾਚ ਕੀਤਾ । ਇਸ ਤੋਂ ਹੇਰੋਦੇਸ ਬਹੁਤ ਖ਼ੁਸ਼ ਹੋਇਆ । ਇਸ ਲਈ ਉਸ ਨੇ ਲੜਕੀ ਨੂੰ ਕਿਹਾ, “ਮੈਂ ਵਚਨ ਦਿੰਦਾ ਹਾਂ ਕਿ ਜੋ ਕੁਝ ਤੂੰ ਮੰਗੇਂਗੀ, ਮੈਂ ਦੇਵਾਂਗਾ” ਉਸ ਨੇ ਆਪਣੀ ਮਾਂ ਦੇ ਉਕਸਾਉਣ ਉੱਤੇ ਇਹ ਕਿਹਾ, “ਇਸੇ ਵੇਲੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਮੈਨੂੰ ਦਿੱਤਾ ਜਾਵੇ ।” ਰਾਜਾ ਇਹ ਸੁਣ ਕੇ ਬਹੁਤ ਦੁਖੀ ਹੋਇਆ ਪਰ ਆਪਣੇ ਦਿੱਤੇ ਹੋਏ ਵਚਨ ਅਤੇ ਪਰਾਹੁਣਿਆਂ ਦੇ ਕਾਰਨ, ਉਸ ਨੇ ਹੁਕਮ ਦਿੱਤਾ ਕਿ ਲੜਕੀ ਦੀ ਮੰਗ ਪੂਰੀ ਕੀਤੀ ਜਾਵੇ । ਇਸ ਤਰ੍ਹਾਂ ਯੂਹੰਨਾ ਦਾ ਸਿਰ ਕੈਦ ਵਿੱਚ ਵੱਢਵਾਇਆ ਗਿਆ । ਫਿਰ ਸਿਰ ਥਾਲ ਵਿੱਚ ਰੱਖ ਕੇ ਲੜਕੀ ਨੂੰ ਦੇ ਦਿੱਤਾ ਗਿਆ ਅਤੇ ਲੜਕੀ ਆਪਣੀ ਮਾਂ ਕੋਲ ਲੈ ਗਈ । ਫਿਰ ਯੂਹੰਨਾ ਦੇ ਚੇਲੇ ਆਏ ਅਤੇ ਲਾਸ਼ ਨੂੰ ਲੈ ਜਾ ਕੇ ਦਫ਼ਨਾ ਦਿੱਤਾ । ਉਹਨਾਂ ਨੇ ਜਾ ਕੇ ਇਸ ਬਾਰੇ ਯਿਸੂ ਨੂੰ ਦੱਸਿਆ । ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਉਸ ਥਾਂ ਤੋਂ ਕਿਸ਼ਤੀ ਦੁਆਰਾ ਇੱਕ ਇਕਾਂਤ ਥਾਂ ਵਿੱਚ ਚਲੇ ਗਏ । ਪਰ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ । ਇਸ ਲਈ ਉਹ ਵੀ ਆਪਣੇ ਆਪਣੇ ਸ਼ਹਿਰਾਂ ਤੋਂ ਪੈਦਲ ਹੀ ਯਿਸੂ ਦੇ ਪਿੱਛੇ ਪਿੱਛੇ ਗਏ । ਯਿਸੂ ਨੇ ਕਿਸ਼ਤੀ ਵਿੱਚੋਂ ਉਤਰਦਿਆਂ ਹੀ ਲੋਕਾਂ ਦੀ ਵੱਡੀ ਭੀੜ ਦੇਖੀ । ਇਹ ਦੇਖ ਕੇ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ । ਇਸ ਲਈ ਉਹਨਾਂ ਨੇ ਲੋਕਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ । ਜਦੋਂ ਸ਼ਾਮ ਹੋ ਗਈ, ਤਾਂ ਯਿਸੂ ਦੇ ਚੇਲੇ ਉਹਨਾਂ ਕੋਲ ਆਏ ਅਤੇ ਕਿਹਾ, “ਅੱਗੇ ਹੀ ਬਹੁਤ ਕੁਵੇਲਾ ਹੋ ਗਿਆ ਹੈ । ਇਹ ਥਾਂ ਵੀ ਉਜਾੜ ਵਿੱਚ ਹੈ । ਇਸ ਲਈ ਹੁਣ ਲੋਕਾਂ ਨੂੰ ਵਿਦਾ ਕਰੋ ਕਿ ਉਹ ਜਾ ਕੇ ਨੇੜੇ ਦੇ ਪਿੰਡਾਂ ਵਿੱਚੋਂ ਆਪਣੇ ਲਈ ਭੋਜਨ ਖ਼ਰੀਦਣ ।” ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਨਹੀਂ, ਉਹਨਾਂ ਨੂੰ ਜਾਣ ਦੀ ਕੋਈ ਲੋੜ ਨਹੀਂ ਹੈ, ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਇੱਥੇ ਕੇਵਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੀ ਹਨ ।” ਯਿਸੂ ਨੇ ਕਿਹਾ, “ਉਹਨਾਂ ਨੂੰ ਮੇਰੇ ਕੋਲ ਲੈ ਆਓ ।” ਫਿਰ ਉਹਨਾਂ ਨੇ ਲੋਕਾਂ ਨੂੰ ਘਾਹ ਉੱਤੇ ਬੈਠ ਜਾਣ ਦਾ ਹੁਕਮ ਦਿੱਤਾ ਅਤੇ ਪੰਜਾਂ ਰੋਟੀਆਂ ਅਤੇ ਦੋ ਮੱਛੀਆਂ ਨੂੰ ਲੈ ਕੇ, ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਹ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ । ਹਰ ਇੱਕ ਨੇ ਰੱਜ ਕੇ ਖਾਧਾ । ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਬਾਰ੍ਹਾਂ ਟੋਕਰੀਆਂ ਭਰੀਆਂ । ਉਸ ਸਮੇਂ ਉੱਥੇ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਆਦਮੀਆਂ ਦੀ ਗਿਣਤੀ ਕੋਈ ਪੰਜ ਹਜ਼ਾਰ ਸੀ । ਇਸ ਦੇ ਬਾਅਦ ਉਸੇ ਸਮੇਂ ਯਿਸੂ ਨੇ ਚੇਲਿਆਂ ਨੂੰ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ । ਪਰ ਉਹ ਆਪ ਭੀੜ ਨੂੰ ਵਿਦਾ ਕਰਨ ਦੇ ਲਈ ਠਹਿਰ ਗਏ । ਲੋਕਾਂ ਨੂੰ ਵਿਦਾ ਕਰ ਕੇ ਉਹ ਆਪ ਪਹਾੜ ਉੱਤੇ ਪ੍ਰਾਰਥਨਾ ਕਰਨ ਦੇ ਲਈ ਚਲੇ ਗਏ । ਜਦੋਂ ਸ਼ਾਮ ਹੋ ਗਈ ਤਾਂ ਯਿਸੂ ਉੱਥੇ ਇਕੱਲੇ ਹੀ ਸਨ । ਪਰ ਇਸ ਸਮੇਂ ਤੱਕ ਕਿਸ਼ਤੀ ਝੀਲ ਵਿੱਚ ਕਾਫ਼ੀ ਦੂਰ ਜਾ ਚੁੱਕੀ ਸੀ । ਕਿਸ਼ਤੀ ਨੂੰ ਲਹਿਰਾਂ ਦੇ ਕਈ ਜ਼ੋਰਦਾਰ ਥਪੇੜੇ ਸਹਿਣੇ ਪੈ ਰਹੇ ਸਨ, ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । ਰਾਤ ਦੇ ਚੌਥੇ ਪਹਿਰ ਯਿਸੂ ਪਾਣੀ ਉੱਤੇ ਚੱਲ ਕੇ ਉਹਨਾਂ ਕੋਲ ਆਏ । ਪਰ ਜਦੋਂ ਚੇਲਿਆਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਦੇਖਿਆ ਤਾਂ ਉਹ ਬਹੁਤ ਡਰ ਗਏ । ਉਹਨਾਂ ਨੇ ਕਿਹਾ, “ਇਹ ਭੂਤ ਹੈ!” ਉਹਨਾਂ ਦੀਆਂ ਡਰ ਦੇ ਮਾਰੇ ਚੀਕਾਂ ਨਿਕਲ ਗਈਆਂ । ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਂਸਲਾ ਰੱਖੋ, ਮੈਂ ਹਾਂ, ਡਰੋ ਨਹੀਂ!” ਪਤਰਸ ਨੇ ਕਿਹਾ, “ਪ੍ਰਭੂ ਜੀ, ਜੇਕਰ ਸੱਚੀ ਤੁਸੀਂ ਹੋ, ਤਾਂ ਮੈਨੂੰ ਆਗਿਆ ਦੇਵੋ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ ।” ਯਿਸੂ ਨੇ ਕਿਹਾ, “ਆ ਜਾ ।” ਇਸ ਲਈ ਪਤਰਸ ਕਿਸ਼ਤੀ ਤੋਂ ਉਤਰ ਕੇ ਪਾਣੀ ਉੱਤੇ ਚੱਲ ਕੇ ਯਿਸੂ ਕੋਲ ਜਾਣ ਲੱਗਾ । ਪਰ ਜਦੋਂ ਉਸ ਦਾ ਧਿਆਨ ਹਵਾ ਵੱਲ ਗਿਆ ਤਾਂ ਉਹ ਡਰ ਗਿਆ । ਇਸ ਲਈ ਉਹ ਪਾਣੀ ਵਿੱਚ ਡੁੱਬਣ ਲੱਗਾ । ਉਸ ਸਮੇਂ ਉਸ ਨੇ ਚੀਕ ਕੇ ਕਿਹਾ, “ਪ੍ਰਭੂ ਜੀ, ਮੈਨੂੰ ਬਚਾਓ!” ਯਿਸੂ ਨੇ ਇਕਦਮ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਤੇਰਾ ਵਿਸ਼ਵਾਸ ਕਿੰਨਾ ਘੱਟ ਹੈ । ਤੂੰ ਸ਼ੱਕ ਕਿਉਂ ਕੀਤਾ?” ਫਿਰ ਜਦੋਂ ਉਹ ਦੋਵੇਂ ਕਿਸ਼ਤੀ ਵਿੱਚ ਚੜ੍ਹ ਗਏ, ਹਵਾ ਉਸੇ ਵੇਲੇ ਥੰਮ ਗਈ । ਕਿਸ਼ਤੀ ਵਿੱਚ ਸਭ ਚੇਲਿਆਂ ਨੇ ਯਿਸੂ ਨੂੰ ਮੱਥਾ ਟੇਕਿਆ ਅਤੇ ਕਿਹਾ, “ਤੁਸੀਂ ਸੱਚਮੁੱਚ ਪਰਮੇਸ਼ਰ ਦੇ ਪੁੱਤਰ ਹੋ!” ਉਹ ਝੀਲ ਪਾਰ ਕਰ ਕੇ ਗੰਨੇਸਰਤ ਦੀ ਧਰਤੀ ਉੱਤੇ ਪਹੁੰਚ ਗਏ । ਉੱਥੇ ਲੋਕਾਂ ਨੇ ਯਿਸੂ ਨੂੰ ਪਛਾਣ ਲਿਆ । ਇਸ ਲਈ ਉਹਨਾਂ ਨੇ ਉਸ ਇਲਾਕੇ ਦੇ ਸਭ ਪਾਸੇ ਦੇ ਬਿਮਾਰਾਂ ਲਈ ਸੁਨੇਹਾ ਭੇਜਿਆ ਅਤੇ ਉਹ ਬਿਮਾਰਾਂ ਨੂੰ ਯਿਸੂ ਦੇ ਕੋਲ ਲੈ ਕੇ ਆਏ । ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਬਿਮਾਰਾਂ ਨੂੰ ਘੱਟ ਤੋਂ ਘੱਟ ਆਪਣਾ ਪੱਲਾ ਹੀ ਛੂਹ ਲੈਣ ਦੇਣ । ਸੋ ਜਿਹਨਾਂ ਨੇ ਵੀ ਯਿਸੂ ਦਾ ਪੱਲਾ ਛੂਹਿਆ, ਉਹ ਚੰਗੇ ਹੋ ਗਏ । ਕੁਝ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਏ । ਉਹਨਾਂ ਨੇ ਪੁੱਛਿਆ: “ਤੁਹਾਡੇ ਚੇਲੇ ਪੁਰਖਿਆਂ ਦੀ ਰੀਤ ਦੀ ਉਲੰਘਣਾ ਕਿਉਂ ਕਰਦੇ ਹਨ? ਉਹ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਹੱਥ ਨਹੀਂ ਧੋਂਦੇ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਆਪ ਕਿਉਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਦੇ ਹੋ? ਕਿਉਂਕਿ ਪਰਮੇਸ਼ਰ ਨੇ ਤਾਂ ਕਿਹਾ ਹੈ: ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰੋ’ ਅਤੇ ‘ਜੋ ਆਪਣੇ ਪਿਤਾ ਜਾਂ ਮਾਤਾ ਨੂੰ ਬੁਰਾ ਕਹੇ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ।’ ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ, ਉਹ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ’; ਤਾਂ ਉਸ ਨੂੰ ਆਪਣੇ ਪਿਤਾ ਜਾਂ ਮਾਤਾ ਦਾ ਸਤਿਕਾਰ ਕਰਨ ਦੀ ਕੋਈ ਲੋੜ ਨਹੀਂ ਹੈ । ਇਸ ਤਰ੍ਹਾਂ ਤੁਸੀਂ ਆਪਣੀ ਰੀਤ ਨੂੰ ਪੂਰਾ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਰੱਦ ਕਰਦੇ ਹੋ । ਤੁਸੀਂ ਪਖੰਡੀ ਹੋ! ਤੁਹਾਡੇ ਬਾਰੇ ਯਸਾਯਾਹ ਨਬੀ ਨੇ ਠੀਕ ਕਿਹਾ ਸੀ: ‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ, ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ । ਇਹ ਐਵੇਂ ਹੀ ਮੇਰੀ ਅਰਾਧਨਾ ਕਰਦੇ ਹਨ । ਕਿਉਂਕਿ ਇਹ ਮਨੁੱਖਾਂ ਦੀਆਂ ਸਿੱਖਿਆਵਾਂ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’” ਯਿਸੂ ਨੇ ਭੀੜ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ: ਜੋ ਮਨੁੱਖ ਦੇ ਮੂੰਹ ਦੇ ਰਾਹੀਂ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰਦਾ ਹੈ ਸਗੋਂ ਜੋ ਕੁਝ ਉਸ ਦੇ ਮੂੰਹ ਦੇ ਰਾਹੀਂ ਬਾਹਰ ਨਿਕਲਦਾ ਹੈ, ਉਹ ਉਸ ਨੂੰ ਅਪਵਿੱਤਰ ਕਰਦਾ ਹੈ ।” ਫਿਰ ਚੇਲਿਆਂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਜੋ ਕੁਝ ਤੁਸੀਂ ਕਿਹਾ ਹੈ, ਉਸ ਨੂੰ ਸੁਣ ਕੇ ਫ਼ਰੀਸੀਆਂ ਨੇ ਬੁਰਾ ਮਨਾਇਆ ਹੈ?” ਯਿਸੂ ਨੇ ਉੱਤਰ ਦਿੱਤਾ, “ਜੋ ਪੌਦਾ ਮੇਰੇ ਪਿਤਾ ਨੇ ਜੋ ਸਵਰਗ ਵਿੱਚ ਹਨ ਨਹੀਂ ਲਾਇਆ, ਉਹ ਪੁੱਟਿਆ ਜਾਵੇਗਾ । ਤੁਸੀਂ ਉਹਨਾਂ ਨੂੰ ਰਹਿਣ ਦਿਓ, ਉਹ ਅੰਨ੍ਹਿਆਂ ਦੇ ਅੰਨ੍ਹੇ ਆਗੂ ਹਨ ਕਿਉਂਕਿ ਜੇਕਰ ਅੰਨ੍ਹਾ ਅੰਨ੍ਹੇ ਨੂੰ ਰਾਹ ਦਿਖਾਵੇਗਾ ਤਾਂ ਦੋਵੇਂ ਟੋਏ ਵਿੱਚ ਡਿੱਗ ਪੈਣਗੇ ।” ਪਤਰਸ ਨੇ ਉਹਨਾਂ ਨੂੰ ਕਿਹਾ, “ਸਾਨੂੰ ਇਸ ਦ੍ਰਿਸ਼ਟਾਂਤ ਦਾ ਅਰਥ ਸਮਝਾਓ ।” ਯਿਸੂ ਨੇ ਕਿਹਾ, “ਕੀ ਤੁਸੀਂ ਵੀ ਦੂਜਿਆਂ ਦੀ ਤਰ੍ਹਾਂ ਬੇਸਮਝ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਦੇ ਵਿੱਚ ਜਾਂਦਾ ਹੈ, ਉਹ ਪੇਟ ਦੇ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿਕਲ ਜਾਂਦਾ ਹੈ? ਪਰ ਜੋ ਕੁਝ ਮੂੰਹ ਦੇ ਵਿੱਚੋਂ ਬਾਹਰ ਆਉਂਦਾ ਹੈ, ਉਹ ਅਸਲ ਵਿੱਚ ਉਸ ਦੇ ਦਿਲ ਦੇ ਵਿੱਚੋਂ ਆਉਂਦਾ ਹੈ, ਇਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ । ਦਿਲ ਵਿੱਚੋਂ ਬੁਰੇ ਵਿਚਾਰ ਨਿਕਲਦੇ ਹਨ ਜਿਵੇਂ ਹੱਤਿਆ, ਵਿਭਚਾਰ, ਹਰਾਮਕਾਰੀ, ਚੋਰੀ, ਝੂਠੀਆਂ ਗਵਾਹੀਆਂ, ਨਿੰਦਾ ਆਦਿ । ਇਹ ਚੀਜ਼ਾਂ ਹਨ ਜੋ ਮਨੁੱਖ ਨੂੰ ਅਪਿੱਵਤਰ ਕਰਦੀਆਂ ਹਨ, ਨਾ ਕਿ ਬਿਨਾਂ ਹੱਥ ਧੋਇਆਂ ਭੋਜਨ ਕਰਨਾ ।” ਇਸ ਦੇ ਬਾਅਦ ਯਿਸੂ ਉਸ ਥਾਂ ਨੂੰ ਛੱਡ ਕੇ ਸੂਰ ਅਤੇ ਸੈਦਾ ਸ਼ਹਿਰਾਂ ਦੀਆਂ ਹੱਦਾਂ ਵੱਲ ਆਏ । ਉਸ ਇਲਾਕੇ ਦੀ ਇੱਕ ਕਨਾਨੀ ਔਰਤ ਆਈ ਅਤੇ ਉਸ ਨੇ ਪੁਕਾਰ ਕੇ ਕਿਹਾ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਮੇਰੇ ਉੱਤੇ ਰਹਿਮ ਕਰੋ! ਮੇਰੀ ਧੀ ਦੁਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ ।” ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ । ਇਸ ਲਈ ਉਹਨਾਂ ਦੇ ਚੇਲੇ ਆਏ ਅਤੇ ਕਹਿਣ ਲੱਗੇ, “ਉਸ ਨੂੰ ਭੇਜ ਦੇਵੋ ਕਿਉਂਕਿ ਉਹ ਸਾਡੇ ਪਿੱਛੇ ਐਵੇਂ ਰੌਲਾ ਪਾ ਰਹੀ ਹੈ ।” ਯਿਸੂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਮੈਂ ਕੇਵਲ ਇਸਰਾਏਲ ਕੌਮ ਦੀਆਂ ਗੁਆਚੀਆਂ ਭੇਡਾਂ ਕੋਲ ਹੀ ਭੇਜਿਆ ਗਿਆ ਹਾਂ ।” ਪਰ ਉਹ ਔਰਤ ਯਿਸੂ ਨੂੰ ਪ੍ਰਨਾਮ ਕਰ ਕੇ ਬੇਨਤੀ ਕਰਨ ਲੱਗੀ, “ਪ੍ਰਭੂ ਜੀ, ਮੇਰੀ ਮਦਦ ਕਰੋ!” ਯਿਸੂ ਨੇ ਉਸ ਨੂੰ ਕਿਹਾ, “ਇਹ ਚੰਗਾ ਨਹੀਂ ਹੈ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਦਿੱਤੀ ਜਾਵੇ ।” ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ ਪਰ ਕਤੂਰਿਆਂ ਨੂੰ ਵੀ ਤਾਂ ਉਹਨਾਂ ਦੇ ਮਾਲਕਾਂ ਦੀ ਮੇਜ਼ ਤੋਂ ਬਚੇ ਹੋਏ ਚੂਰੇ ਭੂਰੇ ਮਿਲ ਹੀ ਜਾਂਦੇ ਹਨ ।” ਤਦ ਯਿਸੂ ਨੇ ਉਸ ਨੂੰ ਕਿਹਾ, “ਹੇ ਬੀਬੀ, ਤੇਰਾ ਵਿਸ਼ਵਾਸ ਮਹਾਨ ਹੈ । ਇਸ ਲਈ ਜੋ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੀ ਹੋਵੇ ।” ਅਤੇ ਉਸ ਦੀ ਧੀ ਉਸੇ ਸਮੇਂ ਠੀਕ ਹੋ ਗਈ । ਫਿਰ ਯਿਸੂ ਉੱਥੋਂ ਗਲੀਲ ਦੀ ਝੀਲ ਦੇ ਕੰਢੇ ਵੱਲ ਚਲੇ ਗਏ । ਉਹ ਇੱਕ ਪਹਾੜ ਤੇ ਚੜ੍ਹ ਗਏ ਅਤੇ ਉੱਥੇ ਬੈਠ ਗਏ । ਉੱਥੇ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਲੰਗੜਿਆਂ, ਅੰਨ੍ਹਿਆਂ, ਅਪਾਹਜਾਂ, ਗੂੰਗਿਆਂ ਅਤੇ ਕਈ ਤਰ੍ਹਾਂ ਦੇ ਬਿਮਾਰਾਂ ਨੂੰ ਆਪਣੇ ਨਾਲ ਲੈ ਕੇ ਆਈ । ਭੀੜ ਨੇ ਬਿਮਾਰਾਂ ਨੂੰ ਯਿਸੂ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਉਹਨਾਂ ਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ । ਜਦੋਂ ਲੋਕਾਂ ਨੇ ਗੂੰਗਿਆਂ ਨੂੰ ਬੋਲਦੇ, ਅਪਾਹਜਾਂ ਨੂੰ ਚੰਗੇ ਹੁੰਦੇ, ਲੰਗੜਿਆਂ ਨੂੰ ਤੁਰਦੇ ਅਤੇ ਅੰਨ੍ਹਿਆਂ ਨੂੰ ਵੇਖਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹ ਇਸ ਦੇ ਲਈ ਇਸਰਾਏਲ ਦੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ । ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਕਿਹਾ, “ਮੈਨੂੰ ਇਹਨਾਂ ਲੋਕਾਂ ਉੱਤੇ ਤਰਸ ਆ ਰਿਹਾ ਹੈ । ਤਿੰਨ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਹੁਣ ਇਹਨਾਂ ਕੋਲ ਖਾਣ ਨੂੰ ਕੁਝ ਨਹੀਂ ਰਿਹਾ । ਮੈਂ ਇਹਨਾਂ ਨੂੰ ਖ਼ਾਲੀ ਪੇਟ ਘਰਾਂ ਨੂੰ ਨਹੀਂ ਭੇਜਣਾ ਚਾਹੁੰਦਾ । ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣ ।” ਚੇਲਿਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਇਸ ਉਜਾੜ ਥਾਂ ਵਿੱਚ ਇਸ ਭੀੜ ਨੂੰ ਰਜਾਉਣ ਲਈ ਕਿੱਥੋਂ ਭੋਜਨ ਲੱਭੀਏ?” ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਹਨਾਂ ਨੇ ਉੱਤਰ ਦਿੱਤਾ, “ਸੱਤ ਰੋਟੀਆਂ ਅਤੇ ਕੁਝ ਛੋਟੀਆਂ ਮੱਛੀਆਂ ਹਨ ।” ਫਿਰ ਯਿਸੂ ਨੇ ਭੀੜ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਉੱਤੇ ਬੈਠ ਜਾਣ । ਇਸ ਦੇ ਬਾਅਦ ਯਿਸੂ ਨੇ ਸੱਤ ਰੋਟੀਆਂ ਅਤੇ ਮੱਛੀਆਂ ਨੂੰ ਲਿਆ । ਉਹਨਾਂ ਨੇ ਇਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ । ਸਭ ਲੋਕਾਂ ਨੇ ਰੱਜ ਕੇ ਭੋਜਨ ਕੀਤਾ; ਤਦ ਚੇਲਿਆਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਸੱਤ ਟੋਕਰੀਆਂ ਚੁੱਕੀਆਂ । ਖਾਣ ਵਾਲੇ ਆਦਮੀਆਂ ਦੀ ਗਿਣਤੀ ਔਰਤਾਂ ਅਤੇ ਬੱਚਿਆਂ ਨੂੰ ਛੱਡ ਕੇ ਚਾਰ ਹਜ਼ਾਰ ਸੀ । ਫਿਰ ਯਿਸੂ ਨੇ ਭੀੜ ਨੂੰ ਵਿਦਾ ਕੀਤਾ । ਬਾਅਦ ਵਿੱਚ ਉਹ ਆਪ ਕਿਸ਼ਤੀ ਉੱਤੇ ਚੜ੍ਹ ਕੇ ਮਗਦਾਨ ਦੇ ਇਲਾਕੇ ਨੂੰ ਚਲੇ ਗਏ । ਕੁਝ ਫ਼ਰੀਸੀ ਅਤੇ ਸਦੂਕੀ ਯਿਸੂ ਕੋਲ ਆਏ, ਉਹਨਾਂ ਨੇ ਯਿਸੂ ਨੂੰ ਪਰਤਾਉਣ ਲਈ ਕੋਈ ਚਮਤਕਾਰ ਵਿਖਾਉਣ ਲਈ ਕਿਹਾ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, [“ਸੂਰਜ ਡੁੱਬਣ ਵੇਲੇ ਤੁਸੀਂ ਕਹਿੰਦੇ ਹੋ: ‘ਮੌਸਮ ਚੰਗਾ ਰਹੇਗਾ ਕਿਉਂਕਿ ਅਸਮਾਨ ਲਾਲ ਹੈ ।’ ਫਿਰ ਜਦੋਂ ਸਵੇਰ ਹੁੰਦੀ ਹੈ ਤਾਂ ਤੁਸੀਂ ਕਹਿੰਦੇ ਹੋ ਕਿ ‘ਮੀਂਹ ਜਾਂ ਹਨੇਰੀ ਆਵੇਗੀ, ਕਿਉਂਕਿ ਅਸਮਾਨ ਲਾਲ ਅਤੇ ਘਣੇ ਬੱਦਲਾਂ ਨਾਲ ਘਿਰਿਆ ਹੋਇਆ ਹੈ ।’ ਇਸ ਲਈ ਤੁਸੀਂ ਮੌਸਮ ਦੇ ਬਾਰੇ ਤਾਂ ਅਸਮਾਨ ਨੂੰ ਵੇਖ ਕੇ ਦੱਸ ਸਕਦੇ ਹੋ ਪਰ ਤੁਸੀਂ ਇਸ ਸਮੇਂ ਦੇ ਚਿੰਨ੍ਹਾਂ ਨੂੰ ਨਹੀਂ ਸਮਝ ਸਕਦੇ ।] ਇਸ ਪੀੜ੍ਹੀ ਦੇ ਲੋਕ ਕਿੰਨੇ ਦੁਸ਼ਟ ਅਤੇ ਵਿਭਚਾਰੀ ਹਨ, ਇਹਨਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ ।” ਇਹ ਕਹਿ ਕੇ ਉਹ ਉਹਨਾਂ ਨੂੰ ਛੱਡ ਕੇ ਉੱਥੋਂ ਚਲੇ ਗਏ । ਚੇਲੇ ਝੀਲ ਦੇ ਦੂਜੇ ਪਾਸੇ ਆਉਂਦੇ ਹੋਏ ਆਪਣੇ ਨਾਲ ਰੋਟੀ ਲਿਆਉਣੀ ਭੁੱਲ ਗਏ ਸਨ । ਯਿਸੂ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਦੇਖੋ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਸਾਵਧਾਨ ਰਹਿਣਾ ।” ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਉਹਨਾਂ ਨੇ ਇਹ ਇਸ ਲਈ ਕਿਹਾ ਹੈ ਕਿਉਂਕਿ ਅਸੀਂ ਰੋਟੀ ਨਹੀਂ ਲਿਆਏ ।” ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ! ਕੀ ਤੁਸੀਂ ਅਜੇ ਵੀ ਨਹੀਂ ਸਮਝਦੇ? ਕੀ ਤੁਹਾਨੂੰ ਯਾਦ ਨਹੀਂ, ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲੋਕਾਂ ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਬਚੇ ਹੋਏ ਟੋਕਰੇ ਭਰ ਕੇ ਚੁੱਕੇ ਸਨ? ਫਿਰ ਇਸੇ ਤਰ੍ਹਾਂ ਜਦੋਂ ਮੈਂ ਸੱਤ ਰੋਟੀਆਂ ਚਾਰ ਹਜ਼ਾਰ ਲੋਕਾਂ ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਟੋਕਰੇ ਭਰ ਕੇ ਚੁੱਕੇ ਸਨ? ਤੁਸੀਂ ਇਹ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਦੇ ਬਾਰੇ ਨਹੀਂ ਕਿਹਾ ਸੀ? ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਸਾਵਧਾਨ ਰਹਿਣਾ ।” ਫਿਰ ਚੇਲੇ ਸਮਝ ਗਏ ਕਿ ਯਿਸੂ ਨੇ ਉਹਨਾਂ ਨੂੰ ਰੋਟੀ ਦੇ ਖ਼ਮੀਰ ਬਾਰੇ ਨਹੀਂ ਕਿਹਾ ਸੀ, ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਤੋਂ ਸਾਵਧਾਨ ਰਹਿਣ ਦੇ ਲਈ ਕਿਹਾ ਸੀ । ਯਿਸੂ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਨੂੰ ਗਏ ਜਿੱਥੇ ਉਹਨਾਂ ਨੇ ਆਪਣੇ ਚੇਲਿਆਂ ਕੋਲੋਂ ਪੁੱਛਿਆ, “ਲੋਕ ਮਨੁੱਖ ਦੇ ਪੁੱਤਰ ਬਾਰੇ ਕੀ ਕਹਿੰਦੇ ਹਨ ਕਿ ਉਹ ਕੌਣ ਹੈ?” ਚੇਲਿਆਂ ਨੇ ਉੱਤਰ ਦਿੱਤਾ, “ਕੁਝ ਕਹਿੰਦੇ ਹਨ ‘ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਹੋ,’ ਕੁਝ ਕਹਿੰਦੇ ਹਨ ‘ਏਲੀਯਾਹ ਨਬੀ,’ ਕੁਝ ‘ਯਿਰਮਿਯਾਹ ਨਬੀ’ ਅਤੇ ਕੁਝ ‘ਕੋਈ ਹੋਰ ਨਬੀ ਮੰਨਦੇ ਹਨ ।’” ਯਿਸੂ ਨੇ ਚੇਲਿਆਂ ਨੂੰ ਪੁੱਛਿਆ, “ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਜਿਊਂਦੇ ਪਰਮੇਸ਼ਰ ਦੇ ਪੁੱਤਰ ‘ ਮਸੀਹ ’ ਹੋ ।” ਯਿਸੂ ਨੇ ਪਤਰਸ ਨੂੰ ਕਿਹਾ, “ਧੰਨ ਹੈਂ ਤੂੰ, ਸ਼ਮਊਨ ਬਾਰਯੋਨਾਹ! ਇਹ ਸੱਚਾਈ ਤੇਰੇ ਉੱਤੇ ਕਿਸੇ ਮਨੁੱਖ ਨੇ ਪ੍ਰਗਟ ਨਹੀਂ ਕੀਤੀ ਸਗੋਂ ਮੇਰੇ ਪਿਤਾ ਨੇ ਕੀਤੀ ਹੈ ਜੋ ਸਵਰਗ ਵਿੱਚ ਹਨ । ਇਸ ਲਈ ਮੈਂ ਤੈਨੂੰ ਦੱਸਦਾ ਹਾਂ, ਤੂੰ ਪਤਰਸ ਭਾਵ ਉਹ ਚੱਟਾਨ ਹੈਂ ਜਿਸ ਉੱਤੇ ਮੈਂ ਆਪਣੀ ਕਲੀਸਿਯਾ ਉਸਾਰਾਂਗਾ ਅਤੇ ਇਸ ਨੂੰ ਮੌਤ ਵੀ ਹਿਲਾ ਨਾ ਸਕੇਗੀ । ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ; ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ । ਇਸੇ ਤਰ੍ਹਾਂ ਜੋ ਤੂੰ ਧਰਤੀ ਉੱਤੇ ਖੋਲ੍ਹੇਂਗਾ, ਉਹ ਸਵਰਗ ਵਿੱਚ ਵੀ ਖੋਲ੍ਹਿਆ ਜਾਵੇਗਾ ।” ਫਿਰ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਇਹ ਨਾ ਦੱਸਣਾ ਕਿ ਉਹ ‘ ਮਸੀਹ ’ ਹੈ । ਫਿਰ ਯਿਸੂ ਉਸ ਸਮੇਂ ਤੋਂ ਆਪਣੇ ਚੇਲਿਆਂ ਨੂੰ ਬੜੇ ਸਾਫ਼ ਸਾਫ਼ ਸ਼ਬਦਾਂ ਵਿੱਚ ਦੱਸਣ ਲੱਗੇ: “ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਉੱਥੇ ਬਜ਼ੁਰਗ ਆਗੂਆਂ, ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹੱਥੋਂ ਬਹੁਤ ਦੁੱਖ ਸਹਾਂ । ਉੱਥੇ ਮੈਂ ਮਾਰ ਦਿੱਤਾ ਜਾਵਾਂਗਾ ਪਰ ਫਿਰ ਤੀਜੇ ਦਿਨ ਜਿਊਂਦਾ ਕੀਤਾ ਜਾਵਾਂਗਾ ।” ਇਹ ਸੁਣ ਕੇ ਪਤਰਸ ਯਿਸੂ ਨੂੰ ਇੱਕ ਪਾਸੇ ਲੈ ਜਾ ਕੇ ਝਿੜਕਣ ਲੱਗਾ । ਪਤਰਸ ਨੇ ਕਿਹਾ, “ਪ੍ਰਭੂ ਜੀ, ਪਰਮੇਸ਼ਰ ਇਸ ਤਰ੍ਹਾਂ ਨਾ ਕਰੇ ਅਤੇ ਤੁਹਾਡੇ ਨਾਲ ਇਹ ਸਭ ਨਾ ਵਾਪਰੇ ।” ਪਰ ਯਿਸੂ ਨੇ ਮੁੜ ਕੇ ਪਤਰਸ ਨੂੰ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ! ਤੂੰ ਮੇਰੇ ਰਾਹ ਵਿੱਚ ਰੁਕਾਵਟ ਹੈਂ, ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ ਦਾ ਨਹੀਂ ਸਗੋਂ ਆਦਮੀਆਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ ।” ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੋ ਕੋਈ ਮੇਰੇ ਪਿੱਛੇ ਚੱਲਣਾ ਚਾਹੇ, ਉਹ ਪਹਿਲਾਂ ਆਪਣਾ ਆਪ ਤਿਆਗੇ ਅਤੇ ਫਿਰ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ । ਜੋ ਕੋਈ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆਵੇਗਾ । ਪਰ ਉਹ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪ੍ਰਾਪਤ ਕਰੇਗਾ । ਜੇਕਰ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਵਿੱਚ ਕੀ ਦੇ ਸਕਦਾ ਹੈ? ਮਨੁੱਖ ਦਾ ਪੁੱਤਰ ਆਪਣੇ ਪਿਤਾ ਦੀ ਮਹਿਮਾ ਵਿੱਚ ਆਪਣੇ ਸਵਰਗਦੂਤਾਂ ਦੇ ਨਾਲ ਆਵੇਗਾ ਅਤੇ ਹਰ ਇੱਕ ਨੂੰ ਉਸ ਦੇ ਕੀਤੇ ਦਾ ਬਦਲਾ ਦੇਵੇਗਾ । ਇਹ ਸੱਚ ਜਾਣੋ, ਇੱਥੇ ਕੁਝ ਲੋਕ ਇਹੋ ਜਿਹੇ ਵੀ ਖੜ੍ਹੇ ਹਨ ਜੋ ਉਸ ਸਮੇਂ ਤੱਕ ਮੌਤ ਦਾ ਸਵਾਦ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਜ ਵਿੱਚ ਆਇਆ ਨਾ ਦੇਖ ਲੈਣਗੇ ।” ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲੈ ਕੇ ਇਕਾਂਤ ਵਿੱਚ ਇੱਕ ਉੱਚੇ ਪਹਾੜ ਉੱਤੇ ਗਏ । ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ । ਯਿਸੂ ਦਾ ਚਿਹਰਾ ਸੂਰਜ ਦੀ ਤਰ੍ਹਾਂ ਚਮਕੀਲਾ ਅਤੇ ਕੱਪੜੇ ਚਾਨਣ ਦੀ ਤਰ੍ਹਾਂ ਚਿੱਟੇ ਹੋ ਗਏ । ਉਹਨਾਂ ਤਿੰਨਾਂ ਚੇਲਿਆਂ ਨੇ ਏਲੀਯਾਹ ਅਤੇ ਮੂਸਾ ਨੂੰ ਯਿਸੂ ਦੇ ਨਾਲ ਗੱਲਾਂ ਕਰਦੇ ਦੇਖਿਆ । ਤਦ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ । ਜੇਕਰ ਤੁਸੀਂ ਚਾਹੋ ਤਾਂ ਮੈਂ ਤਿੰਨ ਤੰਬੂ ਬਣਾਉਂਦਾ ਹਾਂ: ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।” ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਚਮਕੀਲਾ ਬੱਦਲ ਉਹਨਾਂ ਉੱਤੇ ਛਾ ਗਿਆ ਅਤੇ ਉਸ ਵਿੱਚੋਂ ਇੱਕ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ, ਇਸ ਦੀ ਸੁਣੋ!” ਜਦੋਂ ਚੇਲਿਆਂ ਨੇ ਇਹ ਆਵਾਜ਼ ਸੁਣੀ ਤਾਂ ਉਹ ਬਹੁਤ ਡਰ ਗਏ ਅਤੇ ਧਰਤੀ ਉੱਤੇ ਮੂੰਹ ਦੇ ਭਾਰ ਡਿੱਗ ਪਏ । ਪਰ ਯਿਸੂ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਛੂਹਿਆ ਅਤੇ ਕਿਹਾ, “ਉੱਠੋ, ਡਰੋ ਨਹੀਂ ।” ਇਹ ਸੁਣ ਕੇ ਤਿੰਨਾਂ ਚੇਲਿਆਂ ਨੇ ਉੱਪਰ ਦੇਖਿਆ, ਤਾਂ ਉੱਥੇ ਯਿਸੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਦੇਖਿਆ । ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਕਿਸੇ ਨੂੰ ਇਸ ਦਰਸ਼ਨ ਬਾਰੇ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀਅ ਨਾ ਉੱਠੇ ।” ਪਰ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ ।” ਯਿਸੂ ਨੇ ਉੱਤਰ ਦਿੱਤਾ, “ਹਾਂ, ਇਹ ਸੱਚ ਹੈ, ਏਲੀਯਾਹ ਪਹਿਲਾਂ ਆ ਕੇ ਸਭ ਕੁਝ ਠੀਕ ਕਰੇਗਾ । ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਆ ਚੁੱਕਾ ਹੈ ਅਤੇ ਉਹਨਾਂ ਨੇ ਉਸ ਨੂੰ ਨਹੀਂ ਪਛਾਣਿਆ । ਉਹਨਾਂ ਨੇ ਉਸ ਨਾਲ ਉਹ ਹੀ ਕੀਤਾ ਜੋ ਉਹ ਚਾਹੁੰਦੇ ਸਨ । ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਹਨਾਂ ਦੇ ਹੱਥੋਂ ਦੁੱਖ ਸਹੇਗਾ ।” ਤਦ ਚੇਲਿਆਂ ਨੇ ਸਮਝ ਲਿਆ ਕਿ ਯਿਸੂ ਉਹਨਾਂ ਨੂੰ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਦੱਸ ਰਹੇ ਸਨ । ਜਦੋਂ ਉਹ ਭੀੜ ਦੇ ਕੋਲ ਪਹੁੰਚੇ, ਤਾਂ ਇੱਕ ਆਦਮੀ ਆਇਆ ਅਤੇ ਗੋਡਿਆਂ ਭਾਰ ਹੋ ਕੇ ਯਿਸੂ ਅੱਗੇ ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਮੇਰੇ ਪੁੱਤਰ ਉੱਤੇ ਰਹਿਮ ਕਰੋ । ਉਸ ਨੂੰ ਮਿਰਗੀ ਪੈਂਦੀ ਹੈ ਅਤੇ ਜਦੋਂ ਉਸ ਨੂੰ ਦੌਰਾ ਪੈਂਦਾ ਹੈ, ਤਾਂ ਉਹ ਕਈ ਵਾਰ ਅੱਗ ਜਾਂ ਪਾਣੀ ਵਿੱਚ ਡਿੱਗ ਪੈਂਦਾ ਹੈ । ਮੈਂ ਤੁਹਾਡੇ ਚੇਲਿਆਂ ਕੋਲ ਉਸ ਨੂੰ ਲੈ ਕੇ ਆਇਆ ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ ।” ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ! ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ? ਮੈਂ ਕਦੋਂ ਤੱਕ ਧੀਰਜ ਕਰਾਂਗਾ? ਮੁੰਡੇ ਨੂੰ ਮੇਰੇ ਕੋਲ ਲਿਆਓ ।” ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਉਹ ਉਸੇ ਸਮੇਂ ਨਿਕਲ ਗਈ । ਇਸ ਤਰ੍ਹਾਂ ਮੁੰਡਾ ਉਸੇ ਸਮੇਂ ਚੰਗਾ ਹੋ ਗਿਆ । ਤਦ ਚੇਲਿਆਂ ਨੇ ਵੱਖਰੇ ਹੋ ਕੇ ਯਿਸੂ ਨੂੰ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?” ਯਿਸੂ ਨੇ ਉੱਤਰ ਦਿੱਤਾ, “ਆਪਣੇ ਥੋੜ੍ਹੇ ਵਿਸ਼ਵਾਸ ਦੇ ਕਾਰਨ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੈ ਤਾਂ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ,’ ਤਾਂ ਉਹ ਹਟ ਜਾਵੇਗਾ । ਤੁਸੀਂ ਕੁਝ ਵੀ ਕਰ ਸਕੋਗੇ ।” [ ਫਿਰ ਇਹੋ ਜਿਹੀਆਂ ਨੂੰ ਕੱਢਣ ਦਾ ਇੱਕ ਹੀ ਤਰੀਕਾ ਹੈ—ਪ੍ਰਾਰਥਨਾ ਅਤੇ ਵਰਤ, ਹੋਰ ਕੁਝ ਨਹੀਂ ।] ਚੇਲੇ ਜਦੋਂ ਫਿਰ ਗਲੀਲ ਵਿੱਚ ਇਕੱਠੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਣ ਵਾਲਾ ਹੈ ਜੋ ਉਸ ਨੂੰ ਮਾਰ ਦੇਣਗੇ, ਪਰ ਉਹ ਤੀਜੇ ਦਿਨ ਜਿਊਂਦਾ ਕੀਤਾ ਜਾਵੇਗਾ ।” ਚੇਲੇ ਇਹ ਸੁਣ ਕੇ ਬਹੁਤ ਦੁਖੀ ਹੋਏ । ਜਦੋਂ ਯਿਸੂ ਅਤੇ ਉਹਨਾਂ ਦੇ ਚੇਲੇ ਕਫ਼ਰਨਾਹੂਮ ਵਿੱਚ ਆਏ ਤਾਂ ਹੈਕਲ ਦਾ ਸਲਾਨਾ ਟੈਕਸ ਇਕੱਠਾ ਕਰਨ ਵਾਲੇ ਪਤਰਸ ਕੋਲ ਆਏ । ਉਹਨਾਂ ਨੇ ਪੁੱਛਿਆ, “ਤੁਹਾਡਾ ਗੁਰੂ ਹੈਕਲ ਦਾ ਸਲਾਨਾ ਟੈਕਸ ਦਿੰਦਾ ਹੈ ਜਾਂ ਨਹੀਂ?” ਪਤਰਸ ਨੇ ਉੱਤਰ ਦਿੱਤਾ, “ਹਾਂ, ਦਿੰਦੇ ਹਨ ।” ਜਦੋਂ ਪਤਰਸ ਘਰ ਗਿਆ ਤਾਂ ਯਿਸੂ ਨੇ ਉਸ ਦੇ ਬੋਲਣ ਤੋਂ ਪਹਿਲਾਂ ਹੀ ਪੁੱਛਿਆ, “ਸ਼ਮਊਨ, ਤੇਰਾ ਕੀ ਵਿਚਾਰ ਹੈ? ਧਰਤੀ ਦੇ ਰਾਜੇ ਚੁੰਗੀ ਜਾਂ ਟੈਕਸ ਕਿਸ ਕੋਲੋਂ ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਕੋਲੋਂ ਜਾਂ ਪਰਾਇਆਂ ਕੋਲੋਂ?” ਜਦੋਂ ਪਤਰਸ ਨੇ ਕਿਹਾ, “ਪਰਾਇਆਂ ਕੋਲੋਂ” ਤਾਂ ਯਿਸੂ ਨੇ ਕਿਹਾ, “ਇਸ ਦਾ ਅਰਥ ਹੋਇਆ ਕਿ ਆਪਣੇ ਲੋਕ ਇਸ ਤੋਂ ਮੁਕਤ ਹਨ । ਪਰ ਅਸੀਂ ਇਹਨਾਂ ਲੋਕਾਂ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੁੰਦੇ । ਇਸ ਲਈ ਤੂੰ ਝੀਲ ਤੇ ਜਾ ਅਤੇ ਕੁੰਡੀ ਲਾ । ਜਿਹੜੀ ਮੱਛੀ ਤੂੰ ਪਹਿਲਾਂ ਫੜੇਂ ਉਸ ਦਾ ਮੂੰਹ ਖੋਲ੍ਹੀਂ, ਤੈਨੂੰ ਉਸ ਦੇ ਮੂੰਹ ਦੇ ਵਿੱਚੋਂ ਇੱਕ ਸਿੱਕਾ ਮਿਲੇਗਾ । ਉਹ ਸਿੱਕਾ ਤੇਰੇ ਅਤੇ ਮੇਰੇ ਲਈ ਕਾਫ਼ੀ ਹੋਵੇਗਾ । ਤੂੰ ਉਹ ਲੈ ਕੇ ਟੈਕਸ ਇਕੱਠਾ ਕਰਨ ਵਾਲਿਆਂ ਨੂੰ ਮੇਰੇ ਅਤੇ ਆਪਣੇ ਵੱਲੋਂ ਦੇ ਦੇਣਾ ।” ਉਸ ਵੇਲੇ ਚੇਲੇ ਯਿਸੂ ਕੋਲ ਆ ਕੇ ਪੁੱਛਣ ਲੱਗੇ, “ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ?” ਯਿਸੂ ਨੇ ਇੱਕ ਬੱਚੇ ਨੂੰ ਸੱਦ ਕੇ ਉਹਨਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ । ਫਿਰ ਉਹਨਾਂ ਨੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਾ ਬਦਲੋ ਅਤੇ ਬੱਚਿਆਂ ਦੀ ਤਰ੍ਹਾਂ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਦਾਖ਼ਲ ਨਹੀਂ ਹੋ ਸਕੋਗੇ । ਇਸ ਲਈ ਜੋ ਮਨੁੱਖ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਅਤੇ ਇਸ ਬੱਚੇ ਦੀ ਤਰ੍ਹਾਂ ਬਣਦਾ ਹੈ, ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ । ਇਸੇ ਤਰ੍ਹਾਂ ਜੋ ਮਨੁੱਖ ਇਹੋ ਜਿਹੇ ਕਿਸੇ ਇੱਕ ਬੱਚੇ ਦਾ ਮੇਰੇ ਨਾਮ ਵਿੱਚ ਸੁਆਗਤ ਕਰਦਾ ਹੈ, ਉਹ ਅਸਲ ਵਿੱਚ ਮੇਰਾ ਸੁਆਗਤ ਕਰਦਾ ਹੈ ।” ਪਰ ਜੋ ਕੋਈ ਇਹਨਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੈ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ੍ਹ ਬੰਨ੍ਹ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ । ਸੰਸਾਰ ਉੱਤੇ ਹਾਏ, ਕਿਉਂਕਿ ਇਸ ਵਿੱਚ ਲੋਕਾਂ ਨੂੰ ਗ਼ਲਤ ਰਾਹ ਪਾਉਣ ਵਾਲੀਆਂ ਚੀਜ਼ਾਂ ਹਨ! ਇਹਨਾਂ ਦਾ ਹੋਣਾ ਜ਼ਰੂਰੀ ਹੈ ਪਰ ਹਾਏ ਉਸ ਮਨੁੱਖ ਉੱਤੇ ਜੋ ਇਹਨਾਂ ਦਾ ਕਾਰਨ ਬਣਦਾ ਹੈ! “ਇਸ ਲਈ ਜੇਕਰ ਤੇਰਾ ਹੱਥ ਜਾਂ ਪੈਰ ਤੈਨੂੰ ਗ਼ਲਤ ਰਾਹ ਉੱਤੇ ਪਾਵੇ, ਤਾਂ ਉਸ ਨੂੰ ਵੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੋਵੇਗਾ ਕਿ ਤੂੰ ਅਪਾਹਜ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਹੱਥ ਜਾਂ ਪੈਰ ਹੁੰਦੇ ਹੋਏ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ । ਇਸੇ ਤਰ੍ਹਾਂ ਜੇਕਰ ਤੇਰੀ ਅੱਖ ਤੈਨੂੰ ਗ਼ਲਤ ਰਾਹ ਉੱਤੇ ਪਾਵੇ, ਤਾਂ ਉਸ ਨੂੰ ਕੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦਿਆਂ ਹੋਇਆਂ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ ।” “ਤੁਸੀਂ ਇਹਨਾਂ ਛੋਟਿਆਂ ਵਿੱਚੋਂ ਕਿਸੇ ਨੂੰ ਘਟੀਆ ਨਾ ਸਮਝਣਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹਨਾਂ ਦੇ ਸਵਰਗਦੂਤ ਸਵਰਗ ਵਿੱਚ ਮੇਰੇ ਪਿਤਾ ਦੇ ਦਰਸ਼ਨ ਹਮੇਸ਼ਾ ਕਰਦੇ ਰਹਿੰਦੇ ਹਨ । [ ਕਿਉਂਕਿ ਮਨੁੱਖ ਦਾ ਪੁੱਤਰ ਗੁਆਚਿਆਂ ਹੋਇਆਂ ਨੂੰ ਬਚਾਉਣ ਆਇਆ ਹੈ ।] “ਤੁਹਾਡਾ ਕੀ ਵਿਚਾਰ ਹੈ? ਜੇਕਰ ਕਿਸੇ ਆਦਮੀ ਕੋਲ ਸੌ ਭੇਡਾਂ ਹੋਣ ਅਤੇ ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਫਿਰ ਉਹ ਆਦਮੀ ਕੀ ਕਰੇਗਾ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਪਹਾੜ ਉੱਤੇ ਚਰਦੀਆਂ ਛੱਡ ਕੇ, ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? ਜਦੋਂ ਉਹ ਉਸ ਨੂੰ ਲੱਭ ਪਵੇਗੀ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਸ ਨੂੰ ਇਸ ਇੱਕ ਦੇ ਲਈ ਬਾਕੀ ਨੜ੍ਹਿਨਵਿਆਂ ਦੀ ਬਜਾਏ, ਜੋ ਨਹੀਂ ਗੁਆਚੀਆਂ ਸਨ, ਜ਼ਿਆਦਾ ਖ਼ੁਸ਼ੀ ਹੋਵੇਗੀ । ਇਸੇ ਤਰ੍ਹਾਂ ਤੁਹਾਡੇ ਪਿਤਾ ਜੋ ਸਵਰਗ ਵਿੱਚ ਹਨ, ਇਹ ਨਹੀਂ ਚਾਹੁੰਦੇ ਕਿ ਇਹਨਾਂ ਛੋਟਿਆਂ ਵਿੱਚੋਂ ਕੋਈ ਇੱਕ ਵੀ ਗੁਆਚੇ ।” “ਜੇਕਰ ਤੇਰਾ ਭਰਾ ਤੇਰੇ ਵਿਰੁੱਧ ਪਾਪ ਕਰੇ, ਤਾਂ ਉਸ ਕੋਲ ਇਕਾਂਤ ਵਿੱਚ ਜਾ ਅਤੇ ਉਸ ਨੂੰ ਉਸ ਦੀ ਗ਼ਲਤੀ ਸਮਝਾ ਦੇ । ਜੇਕਰ ਉਹ ਤੇਰੀ ਮੰਨ ਲਵੇ, ਤਾਂ ਤੂੰ ਆਪਣੇ ਭਰਾ ਨੂੰ ਜਿੱਤ ਲਿਆ ਹੈ । ਪਰ ਜੇਕਰ ਉਹ ਤੇਰੀ ਨਾ ਮੰਨੇ ਤਾਂ ਆਪਣੇ ਨਾਲ ਇੱਕ ਜਾਂ ਦੋ ਜਣਿਆਂ ਨੂੰ ਲੈ ਕੇ ਜਾ, ਤਾਂ ਜੋ ਪਵਿੱਤਰ-ਗ੍ਰੰਥ ਅਨੁਸਾਰ ਹਰ ਦੋਸ਼ ਦੋ ਜਾਂ ਤਿੰਨ ਗਵਾਹਾਂ ਦੇ ਸਾਹਮਣੇ ਸੱਚਾ ਸਿੱਧ ਹੋਵੇ । ਜੇਕਰ ਉਹ ਉਹਨਾਂ ਦੀ ਵੀ ਨਾ ਮੰਨੇ ਤਾਂ ਤੂੰ ਸਾਰਾ ਮਾਮਲਾ ਕਲੀਸਿਯਾ ਦੇ ਅੱਗੇ ਰੱਖ । ਪਰ ਜੇਕਰ ਉਹ ਕਲੀਸਿਯਾ ਦੀ ਵੀ ਨਾ ਮੰਨੇ, ਤਾਂ ਫਿਰ ਤੂੰ ਉਸ ਨੂੰ ਪਰਾਈ ਕੌਮ ਜਾਂ ਟੈਕਸ ਲੈਣ ਵਾਲਾ ਸਮਝ ।” “ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਧਰਤੀ ਉੱਤੇ ਬੰਨ੍ਹੋਗੇ, ਉਹ ਸਵਰਗ ਵਿੱਚ ਵੀ ਬੰਨ੍ਹਿਆ ਜਾਵੇਗਾ ਅਤੇ ਜੋ ਤੁਸੀਂ ਧਰਤੀ ਉੱਤੇ ਖੋਲ੍ਹੋਗੇ, ਉਹ ਸਵਰਗ ਵਿੱਚ ਵੀ ਖੋਲ੍ਹਿਆ ਜਾਵੇਗਾ । “ਫਿਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਗੱਲ ਲਈ ਪ੍ਰਾਰਥਨਾ ਕਰੋਗੇ ਤਾਂ ਮੇਰੇ ਪਿਤਾ ਜੋ ਸਵਰਗ ਵਿੱਚ ਹਨ, ਉਸੇ ਤਰ੍ਹਾਂ ਕਰ ਦੇਣਗੇ । ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ, ਉੱਥੇ ਮੈਂ ਵੀ ਉਹਨਾਂ ਦੇ ਨਾਲ ਹੁੰਦਾ ਹਾਂ ।” ਪਤਰਸ ਯਿਸੂ ਕੋਲ ਆਇਆ ਅਤੇ ਉਹਨਾਂ ਨੂੰ ਪੁੱਛਿਆ, “ਪ੍ਰਭੂ ਜੀ, ਮੇਰਾ ਭਰਾ ਮੇਰੇ ਵਿਰੁੱਧ ਕਿੰਨੀ ਵਾਰ ਪਾਪ ਕਰ ਸਕਦਾ ਹੈ ਅਤੇ ਮੈਨੂੰ ਕਿੰਨੀ ਵਾਰ ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ? ਕੀ ਸੱਤ ਵਾਰ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਨਹੀਂ, ਸੱਤ ਵਾਰ ਨਹੀਂ ਸਗੋਂ ਸੱਤ ਦੇ ਸੱਤਰ ਵਾਰ । ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਇੱਕ ਵਾਰ ਆਪਣੇ ਨੌਕਰਾਂ ਦਾ ਹਿਸਾਬ ਕਿਤਾਬ ਦੇਖਣ ਦਾ ਫ਼ੈਸਲਾ ਕੀਤਾ । ਜਦੋਂ ਉਸ ਨੇ ਦੇਖਣਾ ਸ਼ੁਰੂ ਹੀ ਕੀਤਾ ਤਾਂ ਇੱਕ ਨੌਕਰ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਵੱਲ ਉਸ ਦੇ ਲੱਖਾਂ ਰੁਪਏ ਨਿਕਲਦੇ ਸਨ । ਉਸ ਨੌਕਰ ਕੋਲ ਇਹ ਘਾਟਾ ਪੂਰਾ ਕਰਨ ਦੇ ਲਈ ਕੁਝ ਨਹੀਂ ਸੀ । ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਇਸ ਨੌਕਰ ਨੂੰ ਇਸ ਦੀ ਪਤਨੀ, ਬੱਚੇ ਅਤੇ ਜੋ ਕੁਝ ਇਸ ਕੋਲ ਹੈ, ਵੇਚ ਕੇ ਇਹ ਘਾਟਾ ਪੂਰਾ ਕੀਤਾ ਜਾਵੇ । ਪਰ ਉਹ ਨੌਕਰ ਰਾਜਾ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ, ‘ਮੇਰੇ ਉੱਤੇ ਰਹਿਮ ਕਰੋ, ਮੈਂ ਤੁਹਾਡਾ ਸਭ ਕੁਝ ਦੇ ਦੇਵਾਂਗਾ ।’ ਉਸ ਨੌਕਰ ਦੇ ਮਾਲਕ ਨੂੰ ਉਸ ਉੱਤੇ ਬਹੁਤ ਤਰਸ ਆਇਆ । ਇਸ ਲਈ ਮਾਲਕ ਨੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ਼ ਕਰ ਦਿੱਤਾ । “ਪਰ ਉਹ ਨੌਕਰ ਉੱਥੋਂ ਬਾਹਰ ਗਿਆ ਅਤੇ ਆਪਣੇ ਇੱਕ ਸਾਥੀ ਨੌਕਰ ਨੂੰ ਮਿਲਿਆ ਜਿਸ ਤੋਂ ਉਸ ਨੇ ਪੰਜਾਹ ਰੁਪਏ ਲੈਣੇ ਸਨ । ਉਸ ਨੇ ਇਸ ਦੂਜੇ ਨੌਕਰ ਨੂੰ ਗਲੇ ਤੋਂ ਫੜਿਆ ਅਤੇ ਕਿਹਾ, ‘ਮੇਰਾ ਜੋ ਕੁਝ ਨਿਕਲਦਾ ਹੈ, ਹੁਣੇ ਇੱਥੇ ਰੱਖ ।’ ਉਸ ਦਾ ਸਾਥੀ ਨੌਕਰ ਉਸ ਦੇ ਪੈਰੀਂ ਪੈ ਕੇ ਬੇਨਤੀ ਕਰਨ ਲੱਗਾ, ‘ਮੇਰੇ ਉੱਤੇ ਰਹਿਮ ਕਰੋ, ਮੈਂ ਤੁਹਾਡਾ ਸਭ ਕੁਝ ਦੇ ਦੇਵਾਂਗਾ ।’” ਪਰ ਉਹ ਨਾ ਮੰਨਿਆ ਅਤੇ ਉਸ ਦੂਜੇ ਨੌਕਰ ਨੂੰ ਉਸ ਸਮੇਂ ਤੱਕ ਕੈਦ ਕਰਵਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ਾ ਨਾ ਦੇ ਦੇਵੇ । ਜਦੋਂ ਬਾਕੀ ਦੇ ਨੌਕਰਾਂ ਨੇ ਇਹ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਦੁਖੀ ਹੋਏ । ਉਹਨਾਂ ਨੇ ਸਾਰੀ ਗੱਲ ਮਾਲਕ ਨੂੰ ਜਾ ਦੱਸੀ । ਤਦ ਮਾਲਕ ਨੇ ਉਸ ਪਹਿਲੇ ਨੌਕਰ ਨੂੰ ਫਿਰ ਅੰਦਰ ਸੱਦਿਆ ਅਤੇ ਉਸ ਨੂੰ ਕਿਹਾ, “ਹੇ ਦੁਸ਼ਟ ਨੌਕਰ, ਮੈਂ ਤੇਰੀ ਬੇਨਤੀ ਉੱਤੇ ਤੇਰਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਸੀ । ਕੀ ਇਸੇ ਤਰ੍ਹਾਂ ਤੈਨੂੰ ਵੀ ਆਪਣੇ ਸਾਥੀ ਨੌਕਰ ਉੱਤੇ ਰਹਿਮ ਨਹੀਂ ਕਰਨਾ ਚਾਹੀਦਾ ਸੀ? ਇਸ ਲਈ ਮਾਲਕ ਬਹੁਤ ਗੁੱਸੇ ਵਿੱਚ ਆਇਆ ਅਤੇ ਉਸ ਨੌਕਰ ਨੂੰ ਕੈਦ ਵਿੱਚ ਸੁੱਟ ਦਿੱਤਾ, ਜਦੋਂ ਤੱਕ ਕਿ ਉਹ ਸਾਰਾ ਕਰਜ਼ਾ ਨਾ ਭਰੇ ।” ਅੰਤ ਵਿੱਚ ਯਿਸੂ ਨੇ ਕਿਹਾ, “ਮੇਰੇ ਪਿਤਾ ਜੋ ਸਵਰਗ ਵਿੱਚ ਹਨ, ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰਨਗੇ ਜੇਕਰ ਤੁਸੀਂ ਵੀ ਆਪਣੇ ਭਰਾ ਨੂੰ ਦਿਲੋਂ ਮਾਫ਼ ਨਹੀਂ ਕਰੋਗੇ ।” ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਗਲੀਲ ਨੂੰ ਛੱਡ ਕੇ, ਯਹੂਦਿਯਾ ਦੇ ਇਲਾਕੇ ਨੂੰ ਚਲੇ ਗਏ ਜੋ ਯਰਦਨ ਦਰਿਆ ਦੇ ਦੂਜੇ ਪਾਸੇ ਹੈ । ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਚੱਲ ਪਈ ਅਤੇ ਯਿਸੂ ਨੇ ਉੱਥੇ ਬਿਮਾਰਾਂ ਨੂੰ ਚੰਗਾ ਕੀਤਾ । ਕੁਝ ਫ਼ਰੀਸੀ ਉਹਨਾਂ ਕੋਲ ਆਏ ਅਤੇ ਉਹਨਾਂ ਨੂੰ ਪਰਤਾਉਣ ਦੇ ਲਈ ਪੁੱਛਣ ਲੱਗੇ: “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤਲਾਕ ਦੇਣਾ ਉਚਿਤ ਹੈ?” ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਹੈ ਕਿ ਆਦਿ ਵਿੱਚ ਹੀ ਸਿਰਜਣਹਾਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ?” ਯਿਸੂ ਨੇ ਕਿਹਾ, “ਇਸੇ ਕਾਰਨ ਆਦਮੀ ਆਪਣੇ ਮਾਤਾ ਅਤੇ ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਹੋਣਗੇ । ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਹਨ । ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।” ਫ਼ਰੀਸੀਆਂ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਕਿਉਂ ਦਿੱਤੀ ਹੈ?” ਯਿਸੂ ਨੇ ਫ਼ਰੀਸੀਆਂ ਨੂੰ ਉੱਤਰ ਦਿੱਤਾ, “ਮੂਸਾ ਨੇ ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ ਇਹ ਆਗਿਆ ਇਸ ਤਰ੍ਹਾਂ ਲਿਖੀ ਸੀ ਪਰ ਸ੍ਰਿਸ਼ਟੀ ਦੇ ਸ਼ੁਰੂ ਵਿੱਚ ਇਸ ਤਰ੍ਹਾਂ ਨਹੀਂ ਸੀ । ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਆਦਮੀ ਆਪਣੀ ਪਤਨੀ ਨੂੰ ਵਿਭਚਾਰ ਦੇ ਕਾਰਨ ਤੋਂ ਬਿਨਾਂ ਤਲਾਕ ਦਿੰਦਾ ਹੈ ਅਤੇ ਕਿਸੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ ।” ਇਹ ਸੁਣ ਕੇ ਚੇਲਿਆਂ ਨੇ ਯਿਸੂ ਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੀ ਇਹ ਹਾਲਤ ਹੈ ਤਾਂ ਚੰਗਾ ਇਹ ਹੈ ਕਿ ਵਿਆਹ ਹੀ ਨਾ ਕੀਤਾ ਜਾਵੇ ।” ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਸਾਰੇ ਇਸ ਹੁਕਮ ਦੀ ਪਾਲਣਾ ਨਹੀਂ ਕਰ ਸਕਦੇ, ਕੇਵਲ ਉਹ ਹੀ ਕਰ ਸਕਦੇ ਹਨ ਜਿਹਨਾਂ ਨੂੰ ਪਰਮੇਸ਼ਰ ਵੱਲੋਂ ਇਹ ਕਰਨ ਦੀ ਸਮਰੱਥਾ ਦਿੱਤੀ ਜਾਂਦੀ ਹੈ । ਕੁਝ ਲੋਕ ਤਾਂ ਜਨਮ ਤੋਂ ਹੀ ਨਪੁੰਸਕ ਹੁੰਦੇ ਹਨ, ਕੁਝ ਦੀ ਇਹ ਹਾਲਤ ਮਨੁੱਖ ਬਣਾ ਦਿੰਦੇ ਹਨ । ਅਤੇ ਕੁਝ ਆਦਮੀ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ । ਜੋ ਕੋਈ ਵੀ ਇਸ ਦੀ ਪਾਲਣਾ ਕਰ ਸਕਦਾ ਹੈ, ਉਹ ਕਰੇ ।” ਕੁਝ ਲੋਕ ਬੱਚਿਆਂ ਨੂੰ ਯਿਸੂ ਕੋਲ ਲਿਆਏ ਕਿ ਉਹ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਅਸੀਸ ਦੇਣ ਅਤੇ ਉਹਨਾਂ ਲਈ ਪ੍ਰਾਰਥਨਾ ਕਰਨ ਪਰ ਚੇਲਿਆਂ ਨੇ ਲੋਕਾਂ ਨੂੰ ਝਿੜਕਿਆ । ਪਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ । ਇਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ ।” ਤਦ ਯਿਸੂ ਨੇ ਬੱਚਿਆਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਫਿਰ ਉਹ ਉੱਥੋਂ ਚਲੇ ਗਏ । ਇੱਕ ਵਾਰ ਇੱਕ ਆਦਮੀ ਯਿਸੂ ਕੋਲ ਆ ਕੇ ਪੁੱਛਣ ਲੱਗਾ, “ਗੁਰੂ ਜੀ, ਅਨੰਤ ਜੀਵਨ ਦੀ ਪ੍ਰਾਪਤੀ ਲਈ ਮੈਂ ਕਿਹੜੀ ਭਲਾਈ ਕਰਾਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮੈਨੂੰ ਭਲਾਈ ਦੇ ਬਾਰੇ ਕਿਉਂ ਪੁੱਛ ਰਿਹਾ ਹੈਂ? ਕੇਵਲ ਇੱਕ ਹੀ ਭਲਾ ਹੈ । ਜੇਕਰ ਤੂੰ ਅਨੰਤ ਜੀਵਨ ਚਾਹੁੰਦਾ ਹੈਂ ਤਾਂ ਹੁਕਮਾਂ ਦੀ ਪਾਲਣਾ ਕਰ ।” ਉਸ ਨੇ ਪੁੱਛਿਆ, “ਕਿਹੜੇ ਹੁਕਮਾਂ ਦੀ?” ਯਿਸੂ ਨੇ ਕਿਹਾ, “ਖ਼ੂਨ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਮਾਤਾ ਅਤੇ ਪਿਤਾ ਦਾ ਆਦਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ ।” ਨੌਜਵਾਨ ਨੇ ਕਿਹਾ, “ਇਹਨਾਂ ਸਭ ਹੁਕਮਾਂ ਦੀ ਪਾਲਣਾ ਤਾਂ ਮੈਂ ਕੀਤੀ ਹੈ, ਫਿਰ ਮੇਰੇ ਵਿੱਚ ਹੋਰ ਕਿਸ ਗੱਲ ਦਾ ਘਾਟਾ ਹੈ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਤੂੰ ਪੂਰਨ ਹੋਣਾ ਚਾਹੁੰਦਾ ਹੈਂ ਤਾਂ ਜਾ, ਆਪਣਾ ਸਭ ਕੁਝ ਵੇਚ ਦੇ ਅਤੇ ਗਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਧਨ ਮਿਲੇਗਾ । ਫਿਰ ਆ ਕੇ ਮੇਰਾ ਚੇਲਾ ਬਣ ਜਾ ।” ਪਰ ਉਹ ਨੌਜਵਾਨ ਇਹ ਸੁਣ ਕੇ ਉਦਾਸ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਧਨੀ ਸੀ । ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਕ ਧਨੀ ਮਨੁੱਖ ਦੇ ਲਈ ਸਵਰਗ ਦੇ ਰਾਜ ਵਿੱਚ ਦਾਖ਼ਲ ਹੋਣਾ ਬਹੁਤ ਕਠਿਨ ਹੈ । ਮੈਂ ਤੁਹਾਨੂੰ ਫਿਰ ਕਹਿੰਦਾ ਹਾਂ ਕਿ ਧਨਵਾਨਾਂ ਦੇ ਲਈ ਸਵਰਗ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਸੌਖਾ ਹੈ ।” ਚੇਲੇ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਉਹਨਾਂ ਨੇ ਪੁੱਛਿਆ, “ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?” ਯਿਸੂ ਨੇ ਉਹਨਾਂ ਵੱਲ ਦੇਖਦੇ ਹੋਏ ਕਿਹਾ, “ਇਹ ਮਨੁੱਖਾਂ ਦੇ ਲਈ ਕਰਨਾ ਅਸੰਭਵ ਹੈ ਪਰ ਪਰਮੇਸ਼ਰ ਦੇ ਲਈ ਸਭ ਕੁਝ ਸੰਭਵ ਹੈ ।” ਤਦ ਪਤਰਸ ਨੇ ਪੁੱਛਿਆ, “ਅਸੀਂ ਤਾਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਪਏ ਹਾਂ, ਸਾਨੂੰ ਕੀ ਮਿਲੇਗਾ?” ਯਿਸੂ ਨੇ ਉੱਤਰ ਦਿੱਤਾ, “ਇਹ ਸੱਚ ਜਾਣੋ; ਜਦੋਂ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠੇਗਾ, ਉਸ ਸਮੇਂ ਤੁਸੀਂ ਵੀ ਬਾਰ੍ਹਾਂ ਕਬੀਲਿਆਂ ਦਾ ਨਿਆਂ ਕਰੋਗੇ । ਜਿਸ ਕਿਸੇ ਨੇ ਵੀ ਮੇਰੇ ਨਾਮ ਦੀ ਖ਼ਾਤਰ ਘਰ, ਭਰਾ, ਭੈਣ, ਪਿਤਾ, ਮਾਤਾ, ਬੱਚਿਆਂ ਜਾਂ ਖੇਤਾਂ ਦਾ ਤਿਆਗ ਕੀਤਾ ਹੈ, ਉਸ ਨੂੰ ਇਸ ਸਭ ਦਾ ਸੌ ਗੁਣਾ ਮਿਲੇਗਾ ਅਤੇ ਨਾਲ ਹੀ ਉਹ ਅਨੰਤ ਜੀਵਨ ਦਾ ਭਾਗੀ ਵੀ ਹੋਵੇਗਾ । ਪਰ ਬਹੁਤ ਸਾਰੇ ਜਿਹੜੇ ਹੁਣ ਪਹਿਲੇ ਹਨ, ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ ।” “ਸਵਰਗ ਦਾ ਰਾਜ ਇੱਕ ਅੰਗੂਰੀ ਬਾਗ਼ ਦੇ ਮਾਲਕ ਵਰਗਾ ਹੈ, ਜੋ ਸਵੇਰ ਵੇਲੇ ਉੱਠ ਕੇ ਆਪਣੇ ਅੰਗੂਰੀ ਬਾਗ਼ ਦੇ ਲਈ ਕਾਮਿਆਂ ਨੂੰ ਠੇਕੇ ਤੇ ਲੈਣ ਲਈ ਗਿਆ । ਉਸ ਨੇ ਕਾਮਿਆਂ ਨਾਲ ਇੱਕ ਦਿਨਾਰ ਦਿਹਾੜੀ ਤੈਅ ਕੀਤੀ ਅਤੇ ਆਪਣੇ ਬਾਗ਼ ਵਿੱਚ ਕੰਮ ਕਰਨ ਲਈ ਭੇਜ ਦਿੱਤਾ । ਮਾਲਕ ਦੁਬਾਰਾ ਦਿਨ ਦੇ ਨੌਂ ਵਜੇ ਬਾਹਰ ਗਿਆ ਤਾਂ ਉਸ ਨੇ ਬਜ਼ਾਰ ਵਿੱਚ ਫਿਰ ਕੁਝ ਕਾਮਿਆਂ ਨੂੰ ਵਿਹਲੇ ਖੜ੍ਹੇ ਦੇਖਿਆ । ਉਸ ਨੇ ਉਹਨਾਂ ਨੂੰ ਵੀ ਕਿਹਾ, ‘ਤੁਸੀਂ ਵੀ ਅੰਗੂਰੀ ਬਾਗ਼ ਵਿੱਚ ਜਾ ਕੇ ਕੰਮ ਕਰੋ, ਮੈਂ ਤੁਹਾਨੂੰ ਜੋ ਠੀਕ ਹੋਵੇਗਾ, ਮਜ਼ਦੂਰੀ ਦੇਵਾਂਗਾ ।’ ਇਸ ਲਈ ਕਾਮੇ ਚਲੇ ਗਏ । ਮਾਲਕ ਨੇ ਬਾਰ੍ਹਾਂ ਵਜੇ ਅਤੇ ਤਿੰਨ ਵਜੇ ਫਿਰ ਇਸੇ ਤਰ੍ਹਾਂ ਕੀਤਾ । ਇਸ ਦੇ ਬਾਅਦ ਕੋਈ ਪੰਜ ਵਜੇ ਉਹ ਬਜ਼ਾਰ ਵਿੱਚ ਗਿਆ ਅਤੇ ਉਸ ਨੇ ਹੋਰ ਕਾਮਿਆਂ ਨੂੰ ਉੱਥੇ ਖੜ੍ਹੇ ਦੇਖਿਆ । ਉਸ ਨੇ ਉਹਨਾਂ ਨੂੰ ਵੀ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਹੋ?’ ਉਹਨਾਂ ਨੇ ਉੱਤਰ ਦਿੱਤਾ, ‘ਕਿਉਂਕਿ ਸਾਨੂੰ ਕਿਸੇ ਨੇ ਕੰਮ ਉੱਤੇ ਨਹੀਂ ਲਾਇਆ ।’ ਮਾਲਕ ਨੇ ਕਿਹਾ, ‘ਤੁਸੀਂ ਵੀ ਜਾ ਕੇ ਅੰਗੂਰੀ ਬਾਗ਼ ਦੇ ਵਿੱਚ ਕੰਮ ਕਰੋ ।’ “ਜਦੋਂ ਸ਼ਾਮ ਪੈ ਗਈ ਤਾਂ ਮਾਲਕ ਨੇ ਆਪਣੇ ਮੁਨੀਮ ਨੂੰ ਕਿਹਾ, ‘ਕਾਮਿਆਂ ਨੂੰ ਸੱਦ ਕੇ ਅਤੇ ਉਹਨਾਂ ਨੂੰ ਜੋ ਅੰਤ ਵਿੱਚ ਲਾਏ ਗਏ ਸਨ ਤੋਂ ਸ਼ੁਰੂ ਕਰ ਕੇ ਅਤੇ ਜੋ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਮਜ਼ਦੂਰੀ ਦੇ ਦੇ ।’ ਉਹ ਕਾਮੇ ਜੋ ਦਿਨ ਦੇ ਪੰਜ ਵਜੇ ਕੰਮ ਤੇ ਲਾਏ ਗਏ ਸਨ ਪਹਿਲਾਂ ਆਏ ਅਤੇ ਉਹਨਾਂ ਨੂੰ ਇੱਕ ਇੱਕ ਦਿਨਾਰ ਮਿਲਿਆ । ਇਸ ਲਈ ਜੋ ਕਾਮੇ ਸਭ ਤੋਂ ਪਹਿਲਾਂ ਕੰਮ ਤੇ ਲਾਏ ਗਏ ਸਨ, ਜਦੋਂ ਉਹਨਾਂ ਦੀ ਵਾਰੀ ਆਈ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਜ਼ਿਆਦਾ ਮਿਲੇਗਾ । ਪਰ ਉਹਨਾਂ ਨੂੰ ਵੀ ਇੱਕ ਇੱਕ ਦਿਨਾਰ ਹੀ ਮਿਲਿਆ । ਉਹਨਾਂ ਨੇ ਉਹ ਲੈ ਲਿਆ ਪਰ ਮਾਲਕ ਉੱਤੇ ਬੁੜ-ਬੁੜਾਉਣ ਲੱਗੇ । ਉਹ ਕਹਿਣ ਲੱਗੇ, ‘ਇਹ ਜਿਹੜੇ ਅੰਤ ਵਿੱਚ ਆਏ ਹਨ ਅਤੇ ਇਹਨਾਂ ਕੇਵਲ ਇੱਕ ਘੰਟਾ ਹੀ ਕੰਮ ਕੀਤਾ, ਤੁਸੀਂ ਇਹਨਾਂ ਨੂੰ ਵੀ ਸਾਡੇ ਬਰਾਬਰ ਕਰ ਦਿੱਤਾ ਹੈ । ਅਸੀਂ ਤਾਂ ਸਾਰਾ ਦਿਨ ਕੜਕਦੀ ਧੁੱਪ ਵਿੱਚ ਭਾਰ ਢੋਇਆ ਹੈ ।’ ਮਾਲਕ ਨੇ ਉਹਨਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ, ਮੈਂ ਤੇਰੇ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ ਹੈ । ਕੀ ਮੈਂ ਤੇਰੇ ਨਾਲ ਦਿਹਾੜੀ ਦਾ ਇੱਕ ਦਿਨਾਰ ਨਹੀਂ ਮਿੱਥਿਆ ਸੀ? ਇਸ ਲਈ ਤੂੰ ਆਪਣੀ ਮਜ਼ਦੂਰੀ ਲੈ ਅਤੇ ਆਪਣੇ ਘਰ ਨੂੰ ਜਾ, ਮੈਂ ਇਸ ਅੰਤਮ ਆਦਮੀ ਨੂੰ ਵੀ ਤੇਰੇ ਜਿੰਨਾ ਹੀ ਦੇਣਾ ਹੈ । ਕੀ ਮੈਨੂੰ ਅਧਿਕਾਰ ਨਹੀਂ ਹੈ ਕਿ ਮੈਂ ਜਿਸ ਤਰ੍ਹਾਂ ਚਾਹਾਂ ਆਪਣੇ ਧਨ ਨਾਲ ਕਰਾਂ, ਜਾਂ ਤੂੰ ਮੇਰੀ ਖੁਲ੍ਹ ਦਿਲੀ ਤੋਂ ਈਰਖਾਲੂ ਹੈਂ? ਇਸੇ ਤਰ੍ਹਾਂ ਜੋ ਅੰਤਮ ਹਨ, ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ, ਉਹ ਅੰਤਮ ਹੋਣਗੇ ।’” ਜਦੋਂ ਯਿਸੂ ਯਰੂਸ਼ਲਮ ਵੱਲ ਜਾ ਰਹੇ ਸਨ ਤਾਂ ਉਹ ਰਾਹ ਵਿੱਚ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਇਕਾਂਤ ਵਿੱਚ ਲੈ ਗਏ । ਉਹਨਾਂ ਨੇ ਚੇਲਿਆਂ ਨੂੰ ਕਿਹਾ: “ਦੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ । ਉੱਥੇ ਮਨੁੱਖ ਦਾ ਪੁੱਤਰ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ । ਫਿਰ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦੇਣਗੇ । ਉਹ ਉਸ ਦਾ ਮਖ਼ੌਲ ਉਡਾਉਣਗੇ, ਕੋਰੜੇ ਮਾਰਨਗੇ ਅਤੇ ਅੰਤ ਵਿੱਚ ਸਲੀਬ ਉੱਤੇ ਚੜ੍ਹਾ ਦੇਣਗੇ । ਪਰ ਉਹ ਤੀਜੇ ਦਿਨ ਜਿਊਂਦਾ ਕੀਤਾ ਜਾਵੇਗਾ ।” ਜ਼ਬਦੀ ਦੀ ਪਤਨੀ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਯਿਸੂ ਕੋਲ ਆਈ । ਉਸ ਨੇ ਯਿਸੂ ਅੱਗੇ ਗੋਡੇ ਟੇਕ ਕੇ ਬੇਨਤੀ ਕੀਤੀ । ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਉੱਤਰ ਦਿੱਤਾ, “ਮੈਨੂੰ ਵਚਨ ਦੇਵੋ ਕਿ ਮੇਰੇ ਇਹ ਦੋਵੇਂ ਪੁੱਤਰ ਤੁਹਾਡੇ ਰਾਜ ਵਿੱਚ, ਇੱਕ ਤੁਹਾਡੇ ਸੱਜੇ ਅਤੇ ਦੂਜਾ ਖੱਬੇ ਬੈਠੇ ।” ਯਿਸੂ ਨੇ ਕਿਹਾ, “ਤੁਸੀਂ ਜਾਣਦੇ ਨਹੀਂ ਹੋ ਕਿ ਤੁਸੀਂ ਕੀ ਮੰਗ ਰਹੇ ਹੋ । ਕੀ ਤੁਸੀਂ ਇਹ ਪਿਆਲਾ ਪੀ ਸਕਦੇ ਹੋ, ਜਿਹੜਾ ਮੈਂ ਪੀਣ ਵਾਲਾ ਹਾਂ?” ਉਹਨਾਂ ਨੇ ਉੱਤਰ ਦਿੱਤਾ, “ਜੀ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਹਾਂ, ਇਹ ਠੀਕ ਹੈ ਕਿ ਤੁਸੀਂ ਮੇਰੇ ਪਿਆਲੇ ਵਿੱਚੋਂ ਪੀਵੋਗੇ । ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ । ਇਹ ਥਾਵਾਂ ਉਹਨਾਂ ਲਈ ਹਨ ਜਿਹਨਾਂ ਲਈ ਇਹ ਮੇਰੇ ਪਿਤਾ ਨੇ ਤਿਆਰ ਕੀਤੀਆਂ ਹਨ ।” ਜਦੋਂ ਬਾਕੀ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਹਨਾਂ ਦੋਨਾਂ ਭਰਾਵਾਂ ਨਾਲ ਬਹੁਤ ਨਰਾਜ਼ ਹੋਏ । ਪਰ ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਪਰਾਈਆਂ ਕੌਮਾਂ ਦੇ ਹਾਕਮ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਆਗੂ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ । ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਦੂਜਿਆਂ ਦਾ ਸੇਵਕ ਬਣੇ । ਇਸੇ ਤਰ੍ਹਾਂ ਜੇਕਰ ਕੋਈ ਤੁਹਾਡੇ ਵਿੱਚੋਂ ਆਗੂ ਬਣਨਾ ਚਾਹੇ ਤਾਂ ਉਹ ਤੁਹਾਡਾ ਸੇਵਕ ਬਣੇ । ਮਨੁੱਖ ਦਾ ਪੁੱਤਰ ਵੀ ਇਸੇ ਤਰ੍ਹਾਂ ਸੇਵਾ ਕਰਾਉਣ ਲਈ ਨਹੀਂ ਆਇਆ, ਸਗੋਂ ਉਹ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦਾ ਮੁੱਲ ਚੁਕਾਉਣ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।” ਜਦੋਂ ਉਹ ਯਰੀਹੋ ਸ਼ਹਿਰ ਤੋਂ ਜਾਣ ਲੱਗੇ ਤਾਂ ਉਹਨਾਂ ਦੇ ਪਿੱਛੇ ਬਹੁਤ ਵੱਡੀ ਭੀੜ ਲੱਗ ਗਈ । ਉਸ ਸਮੇਂ ਦੋ ਅੰਨ੍ਹਿਆਂ ਨੇ ਜੋ ਸੜਕ ਦੇ ਕੰਢੇ ਉੱਤੇ ਬੈਠੇ ਸਨ, ਸੁਣਿਆ ਕਿ ਯਿਸੂ ਉੱਥੋਂ ਦੀ ਲੰਘ ਰਹੇ ਹਨ । ਇਸ ਲਈ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਹਿਣਾ ਸ਼ੁਰੂ ਕਰ ਦਿੱਤਾ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਸਾਡੇ ਤੇ ਰਹਿਮ ਕਰੋ!” ਪਰ ਭੀੜ ਦੇ ਲੋਕ ਉਹਨਾਂ ਨੂੰ ਝਿੜਕਣ ਲੱਗੇ ਅਤੇ ਕਹਿਣ ਲੱਗੇ ਕਿ ਚੁੱਪ ਰਹੋ । ਪਰ ਉਹ ਹੋਰ ਵੀ ਉੱਚੀ ਆਵਾਜ਼ ਨਾਲ ਪੁਕਾਰਨ ਲੱਗੇ, “ਹੇ ਦਾਊਦ ਦੇ ਪੁੱਤਰ, ਪ੍ਰਭੂ ਜੀ, ਸਾਡੇ ਤੇ ਰਹਿਮ ਕਰੋ!” ਇਸ ਲਈ ਯਿਸੂ ਨੇ ਰੁਕ ਕੇ ਉਹਨਾਂ ਦੋਨਾਂ ਅੰਨ੍ਹਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਸੁਜਾਖੇ ਹੋਣਾ ਚਾਹੁੰਦੇ ਹਾਂ ।” ਯਿਸੂ ਨੂੰ ਉਹਨਾਂ ਤੇ ਤਰਸ ਆਇਆ । ਇਸ ਲਈ ਉਹਨਾਂ ਨੇ ਦੋਨਾਂ ਅੰਨ੍ਹਿਆਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਦੋਵੇਂ ਇਕਦਮ ਦੇਖਣ ਲੱਗ ਪਏ । ਫਿਰ ਉਹ ਯਿਸੂ ਦੇ ਪਿੱਛੇ ਤੁਰ ਪਏ । ਜਦੋਂ ਯਿਸੂ ਅਤੇ ਉਹਨਾਂ ਦੇ ਚੇਲੇ ਯਰੂਸ਼ਲਮ ਸ਼ਹਿਰ ਦੇ ਲਾਗੇ ਜ਼ੈਤੂਨ ਨਾਂ ਦੇ ਪਹਾੜ ਉੱਤੇ ਬੈਤਫ਼ੇਗਾ ਸ਼ਹਿਰ ਵਿੱਚ ਆਏ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਉੱਥੇ ਤੁਸੀਂ ਇੱਕ ਗਧੀ ਅਤੇ ਉਸ ਦੇ ਬੱਚੇ ਨੂੰ ਕਿੱਲੇ ਨਾਲ ਬੰਨ੍ਹਿਆਂ ਦੇਖੋਗੇ । ਉਹਨਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਉਣਾ । ਜੇਕਰ ਤੁਹਾਡੇ ਤੋਂ ਕੋਈ ਪੁੱਛੇ ਤਾਂ ਕਹਿਣਾ, ‘ਪ੍ਰਭੂ ਨੂੰ ਇਹਨਾਂ ਦੀ ਲੋੜ ਹੈ;’ ਉਹ ਉਸੇ ਸਮੇਂ ਉਹਨਾਂ ਨੂੰ ਭੇਜ ਦੇਵੇਗਾ ।” ਇਹ ਇਸ ਲਈ ਹੋਇਆ ਕਿ ਨਬੀ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ: “ਸੀਯੋਨ ਦੀ ਧੀ ਨੂੰ ਕਹੋ: ਦੇਖ, ਤੇਰਾ ਰਾਜਾ ਤੇਰੇ ਕੋਲ ਆ ਰਿਹਾ ਹੈ, ਉਹ ਨਿਮਰ ਹੈ ਅਤੇ ਗਧੀ ਦੇ ਉੱਤੇ ਸਵਾਰ ਹੈ, ਸਗੋਂ ਗਧੀ ਦੇ ਬੱਚੇ ਉੱਤੇ ਬੈਠਾ ਹੈ ।” ਇਸ ਲਈ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਕਿ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ । ਉਹ ਗਧੀ ਅਤੇ ਬੱਚੇ ਨੂੰ ਲੈ ਆਏ । ਫਿਰ ਚੇਲਿਆਂ ਨੇ ਉਹਨਾਂ ਉੱਤੇ ਆਪਣੇ ਕੱਪੜੇ ਵਿਛਾਏ ਅਤੇ ਯਿਸੂ ਨੇ ਸਵਾਰੀ ਕੀਤੀ । ਲੋਕਾਂ ਦੀ ਇੱਕ ਵੱਡੀ ਭੀੜ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਕਈਆਂ ਨੇ ਰੁੱਖਾਂ ਦੀਆਂ ਟਹਿਣੀਆਂ ਤੋੜ ਤੋੜ ਕੇ ਰਾਹ ਵਿੱਚ ਵਿਛਾਈਆਂ । ਉਹ ਸਾਰੀ ਭੀੜ ਜਿਹੜੀ ਉਹਨਾਂ ਦੇ ਅੱਗੇ ਪਿੱਛੇ ਆ ਰਹੀ ਸੀ, ਉੱਚੀ ਉੱਚੀ ਇਸ ਤਰ੍ਹਾਂ ਨਾਅਰੇ ਮਾਰ ਰਹੀ ਸੀ: “ਹੋਸੰਨਾ! ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ! ਪ੍ਰਭੂ ਦੇ ਨਾਮ ਵਿੱਚ ਆਉਣ ਵਾਲੇ ਧੰਨ ਹਨ! ਹੋਸੰਨਾ! ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ!” ਇਸ ਤਰ੍ਹਾਂ ਜਦੋਂ ਯਿਸੂ ਨੇ ਯਰੂਸ਼ਲਮ ਸ਼ਹਿਰ ਵਿੱਚ ਪ੍ਰਵੇਸ਼ ਕੀਤਾ, ਤਾਂ ਸਾਰੇ ਸ਼ਹਿਰ ਵਿੱਚ ਹਲਚਲ ਮੱਚ ਗਈ । ਲੋਕ ਕਹਿਣ ਲੱਗੇ, “ਇਹ ਕੌਣ ਹੈ?” ਭੀੜ ਨੇ ਉੱਤਰ ਦਿੱਤਾ, “ਇਹ ਗਲੀਲ ਦੇ ਸ਼ਹਿਰ ਨਾਸਰਤ ਦੇ ਰਹਿਣ ਵਾਲੇ ਨਬੀ ਯਿਸੂ ਹਨ ।” ਯਿਸੂ ਹੈਕਲ ਵਿੱਚ ਗਏ ਅਤੇ ਉਹਨਾਂ ਨੇ ਸਭ ਲੋਕਾਂ ਨੂੰ ਜੋ ਉੱਥੇ ਲੈਣ-ਦੇਣ ਕਰ ਰਹੇ ਸਨ, ਬਾਹਰ ਕੱਢ ਦਿੱਤਾ । ਉਹਨਾਂ ਨੇ ਸਰਾਫ਼ਾਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ । ਉਹਨਾਂ ਨੇ ਲੋਕਾਂ ਨੂੰ ਕਿਹਾ, “ ਪਵਿੱਤਰ-ਗ੍ਰੰਥ ਵਿੱਚ ਪਰਮੇਸ਼ਰ ਨੇ ਕਿਹਾ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਅਖਵਾਏਗਾ,’ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਖੋਹ ਬਣਾ ਦਿੱਤਾ ਹੈ ।” ਫਿਰ ਉੱਥੇ ਹੈਕਲ ਵਿੱਚ ਯਿਸੂ ਕੋਲ ਅੰਨ੍ਹੇ ਅਤੇ ਅਪਾਹਜ ਆਏ ਜਿਹਨਾਂ ਨੂੰ ਉਹਨਾਂ ਨੇ ਚੰਗਾ ਕਰ ਦਿੱਤਾ । ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਇਹ ਸਭ ਵਚਿੱਤਰ ਕੰਮ ਦੇਖ ਕੇ ਅਤੇ ਬੱਚਿਆਂ ਨੂੰ ਹੈਕਲ ਵਿੱਚ ਨਾਅਰੇ ਲਾਉਂਦੇ ਹੋਏ: “ਹੋਸੰਨਾ! ਦਾਊਦ ਦੇ ਪੁੱਤਰ ਦੀ ਵਡਿਆਈ ਹੋਵੇ!” ਸੁਣ ਕੇ ਗੁੱਸੇ ਨਾਲ ਭਰ ਗਏ । ਇਸ ਲਈ ਉਹਨਾਂ ਨੇ ਯਿਸੂ ਨੂੰ ਕਿਹਾ, “ਕੀ ਤੁਸੀਂ ਸੁਣ ਰਹੇ ਹੋ ਕਿ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਹਾਂ, ਪਰ ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਦੁੱਧ ਪੀਂਦੇ ਨਿਆਣਿਆਂ ਦੇ ਮੂੰਹਾਂ ਤੋਂ ਆਪਣੀ ਵਡਿਆਈ ਕਰਵਾਈ?’” ਇਹ ਕਹਿ ਕੇ ਯਿਸੂ ਉਹਨਾਂ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਬੈਤਨੀਆ ਪਿੰਡ ਨੂੰ ਚਲੇ ਗਏ ਅਤੇ ਉੱਥੇ ਉਹਨਾਂ ਨੇ ਰਾਤ ਕੱਟੀ । ਅਗਲੀ ਸਵੇਰੇ ਜਦੋਂ ਉਹ ਸ਼ਹਿਰ ਵੱਲ ਵਾਪਸ ਆ ਰਹੇ ਸਨ ਤਾਂ ਯਿਸੂ ਨੂੰ ਭੁੱਖ ਲੱਗੀ । ਉਹਨਾਂ ਨੇ ਸੜਕ ਦੇ ਕੰਡੇ ਉੱਤੇ ਇੱਕ ਅੰਜੀਰ ਦਾ ਰੁੱਖ ਦੇਖਿਆ । ਉਹ ਉਸ ਕੋਲ ਗਏ ਪਰ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਨਾ ਦੇਖਿਆ । ਇਸ ਲਈ ਯਿਸੂ ਨੇ ਉਸ ਅੰਜੀਰ ਦੇ ਰੁੱਖ ਨੂੰ ਕਿਹਾ, “ਤੈਨੂੰ ਅੱਗੇ ਤੋਂ ਕਦੀ ਫਲ ਨਾ ਲੱਗੇ!” ਅੰਜੀਰ ਦਾ ਰੁੱਖ ਇਕਦਮ ਸੁੱਕ ਗਿਆ । ਜਦੋਂ ਚੇਲਿਆਂ ਨੇ ਇਹ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਇਸ ਲਈ ਉਹਨਾਂ ਨੇ ਪੁੱਛਿਆ, “ਇਹ ਅੰਜੀਰ ਦਾ ਰੁੱਖ ਇਕਦਮ ਕਿਸ ਤਰ੍ਹਾਂ ਸੁੱਕ ਗਿਆ ਹੈ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇਕਰ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹ ਹੀ ਨਹੀਂ ਕਰ ਸਕੋਗੇ ਜੋ ਮੈਂ ਇਸ ਅੰਜੀਰ ਦੇ ਰੁੱਖ ਨਾਲ ਕੀਤਾ ਹੈ, ਸਗੋਂ ਜੇਕਰ ਤੁਸੀਂ ਇਸ ਪਹਾੜ ਨੂੰ ਕਹੋ, ‘ਉੱਠ, ਅਤੇ ਸਮੁੰਦਰ ਵਿੱਚ ਜਾ ਡਿੱਗ,’ ਤਾਂ ਇਹ ਹੋ ਜਾਵੇਗਾ । ਇਸ ਲਈ ਜੋ ਕੁਝ ਵੀ ਤੁਸੀਂ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਮੰਗੋਗੇ, ਉਹ ਤੁਹਾਨੂੰ ਮਿਲ ਜਾਵੇਗਾ ।” ਯਿਸੂ ਫਿਰ ਹੈਕਲ ਵਿੱਚ ਆਏ ਅਤੇ ਜਦੋਂ ਉਹ ਸਿੱਖਿਆ ਦੇ ਰਹੇ ਸਨ ਤਾਂ ਮਹਾਂ-ਪੁਰੋਹਿਤ ਅਤੇ ਲੋਕਾਂ ਦੇ ਬਜ਼ੁਰਗ ਆਗੂ, ਉਹਨਾਂ ਕੋਲ ਆ ਕੇ ਪੁੱਛਣ ਲੱਗੇ, “ਤੁਸੀਂ ਇਹ ਸਭ ਕੰਮ ਕਿਸ ਅਧਿਕਾਰ ਨਾਲ ਕਰਦੇ ਹੋ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਹਾਂ, ਜੇਕਰ ਤੁਸੀਂ ਮੈਨੂੰ ਉਸ ਦਾ ਉੱਤਰ ਦਿਓਗੇ, ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਹੜੇ ਅਧਿਕਾਰ ਨਾਲ ਇਹ ਸਭ ਕਰਦਾ ਹਾਂ । ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ: ‘ਪਰਮੇਸ਼ਰ ਵੱਲੋਂ ਜਾਂ ਆਦਮੀਆਂ ਵੱਲੋਂ’?” ਫਿਰ ਉਹ ਆਪਸ ਵਿੱਚ ਬਹਿਸ ਕਰਨ ਲੱਗੇ, “ਜੇਕਰ ਅਸੀਂ ਕਹੀਏ ‘ਪਰਮੇਸ਼ਰ ਵੱਲੋਂ’ ਤਾਂ ਇਹ ਕਹੇਗਾ ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ?’ ਪਰ ਜੇਕਰ ਅਸੀਂ ਕਹੀਏ ‘ਆਦਮੀਆਂ ਵੱਲੋਂ,’ ਤਾਂ ਸਾਨੂੰ ਲੋਕਾਂ ਦਾ ਡਰ ਹੈ । ਕਿਉਂਕਿ ਸਭ ਯੂਹੰਨਾ ਨੂੰ ਨਬੀ ਮੰਨਦੇ ਹਨ ।” ਇਸ ਲਈ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ।” ਯਿਸੂ ਨੇ ਉਹਨਾਂ ਨੂੰ ਕਿਹਾ, “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਸਭ ਕੰਮ ਕਰਦਾ ਹਾਂ ।” “ਤੁਹਾਡਾ ਕੀ ਵਿਚਾਰ ਹੈ? ਇੱਕ ਆਦਮੀ ਦੇ ਦੋ ਪੁੱਤਰ ਸਨ । ਉਸ ਨੇ ਪਹਿਲੇ ਦੇ ਕੋਲ ਜਾ ਕੇ ਕਿਹਾ, ‘ਪੁੱਤਰ, ਤੂੰ ਜਾ ਕੇ ਅੰਗੂਰਾਂ ਦੇ ਬਾਗ਼ ਵਿੱਚ ਕੰਮ ਕਰ ।’ ਪਰ ਉਸ ਨੇ ਪਿਤਾ ਨੂੰ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ ।’ ਪਰ ਬਾਅਦ ਵਿੱਚ ਉਹ ਆਪਣੇ ਕਹੇ ਤੇ ਪਛਤਾਇਆ । ਫਿਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਉਹ ਹੀ ਗੱਲ ਕਹੀ । ਦੂਜੇ ਪੁੱਤਰ ਨੇ ਉੱਤਰ ਦਿੱਤਾ, ‘ਹਾਂ ਪਿਤਾ ਜੀ, ਮੈਂ ਜਾਵਾਂਗਾ’ ਪਰ ਉਹ ਨਾ ਗਿਆ । ਦੋਨਾਂ ਪੁੱਤਰਾਂ ਵਿੱਚੋਂ ਕਿਸ ਨੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ?” ਉਹਨਾਂ ਨੇ ਉੱਤਰ ਦਿੱਤਾ, “ਪਹਿਲੇ ਨੇ ।” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਟੈਕਸ ਲੈਣ ਵਾਲੇ ਅਤੇ ਵੇਸਵਾਵਾਂ ਪਰਮੇਸ਼ਰ ਦੇ ਰਾਜ ਵਿੱਚ ਤੁਹਾਡੇ ਤੋਂ ਪਹਿਲਾਂ ਦਾਖ਼ਲ ਹੋ ਰਹੇ ਹਨ । ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ ਅਤੇ ਉਸ ਨੇ ਤੁਹਾਨੂੰ ਠੀਕ ਰਾਹ ਦੱਸਿਆ ਪਰ ਤੁਸੀਂ ਉਸ ਉੱਤੇ ਵਿਸ਼ਵਾਸ ਨਾ ਕੀਤਾ ਪਰ ਟੈਕਸ ਲੈਣ ਵਾਲਿਆਂ ਅਤੇ ਵੇਸਵਾਵਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ । ਇਹ ਦੇਖ ਕੇ ਵੀ ਤੁਸੀਂ ਪਛਤਾਵਾ ਨਾ ਕੀਤਾ ਅਤੇ ਉਸ ਉੱਤੇ ਵਿਸ਼ਵਾਸ ਨਾ ਕੀਤਾ ।” “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਂਦਾਰ ਸੀ । ਉਸ ਨੇ ਇੱਕ ਅੰਗੂਰਾਂ ਦਾ ਬਾਗ਼ ਲਾਇਆ ਅਤੇ ਉਸ ਦੇ ਚਾਰੇ ਪਾਸੇ ਵਾੜ ਲਾਈ; ਅੰਗੂਰਾਂ ਦੇ ਰਸ ਲਈ ਇੱਕ ਚੁਬੱਚਾ ਅਤੇ ਇੱਕ ਉੱਚਾ ਮੁਨਾਰਾ ਵੀ ਬਣਾਇਆ । ਫਿਰ ਬਾਗ਼ ਮੁਜ਼ਾਰਿਆਂ ਨੂੰ ਠੇਕੇ ਉੱਤੇ ਦੇ ਕੇ ਆਪ ਪਰਦੇਸ ਨੂੰ ਚਲਾ ਗਿਆ । ਉਸ ਨੇ ਅੰਗੂਰਾਂ ਦੇ ਮੌਸਮ ਵਿੱਚ ਆਪਣੇ ਨੌਕਰਾਂ ਨੂੰ ਮੁਜ਼ਾਰਿਆਂ ਕੋਲ ਆਪਣਾ ਹਿੱਸਾ ਲੈਣ ਲਈ ਭੇਜਿਆ । ਪਰ ਮੁਜ਼ਾਰਿਆਂ ਨੇ ਉਸ ਦੇ ਨੌਕਰਾਂ ਨੂੰ ਫੜਿਆ: ਕਿਸੇ ਨੂੰ ਉਹਨਾਂ ਨੇ ਮਾਰਿਆ ਕੁੱਟਿਆ, ਕਿਸੇ ਨੂੰ ਕਤਲ ਕਰ ਦਿੱਤਾ ਅਤੇ ਕਿਸੇ ਨੂੰ ਪਥਰਾਓ ਕੀਤਾ । ਜ਼ਿਮੀਂਦਾਰ ਨੇ ਆਪਣੇ ਕੁਝ ਹੋਰ ਨੌਕਰਾਂ ਨੂੰ ਜੋ ਪਹਿਲਿਆਂ ਨਾਲੋਂ ਜ਼ਿਆਦਾ ਸਨ, ਭੇਜਿਆ । ਪਰ ਮੁਜ਼ਾਰਿਆਂ ਨੇ ਉਹਨਾਂ ਨਾਲ ਵੀ ਪਹਿਲਿਆਂ ਵਰਗਾ ਹੀ ਵਰਤਾਅ ਕੀਤਾ । ਅੰਤ ਵਿੱਚ ਉਸ ਨੇ ਆਪਣੇ ਪੁੱਤਰ ਨੂੰ ਉਹਨਾਂ ਕੋਲ ਭੇਜਿਆ । ਉਸ ਨੇ ਸੋਚਿਆ, ‘ਉਹ ਉਸ ਦਾ ਤਾਂ ਜ਼ਰੂਰ ਆਦਰ ਕਰਨਗੇ ।’ ਪਰ ਜਦੋਂ ਮੁਜ਼ਾਰਿਆਂ ਨੇ ਪੁੱਤਰ ਨੂੰ ਦੇਖਿਆ ਤਾਂ ਉਹਨਾਂ ਨੇ ਆਪਸ ਵਿੱਚ ਕਿਹਾ, ‘ਇਹ ਹੀ ਵਾਰਿਸ ਹੈ । ਆਓ, ਇਸ ਨੂੰ ਮਾਰ ਸੁੱਟੀਏ ਤਾਂ ਫਿਰ ਜਾਇਦਾਦ ਸਾਡੀ ਹੋ ਜਾਵੇਗੀ!’ ਇਸ ਲਈ ਉਹਨਾਂ ਨੇ ਪੁੱਤਰ ਨੂੰ ਫੜ ਕੇ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਕਤਲ ਕਰ ਦਿੱਤਾ ।” ਯਿਸੂ ਨੇ ਪੁੱਛਿਆ, “ਹੁਣ ਜਦੋਂ ਬਾਗ਼ ਦਾ ਮਾਲਕ ਆਵੇਗਾ ਤਾਂ ਉਹ ਮੁਜ਼ਾਰਿਆਂ ਨਾਲ ਕੀ ਕਰੇਗਾ?” ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਉਹ ਜ਼ਰੂਰ ਉਹਨਾਂ ਦੁਸ਼ਟਾਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਮੁਜ਼ਾਰਿਆਂ ਨੂੰ ਠੇਕੇ ਤੇ ਦੇ ਦੇਵੇਗਾ ਜੋ ਉਸ ਨੂੰ ਠੀਕ ਸਮੇਂ ਤੇ ਉਸ ਦਾ ਹਿੱਸਾ ਦੇਣਗੇ ।” ਯਿਸੂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ? ‘ਜਿਸ ਪੱਥਰ ਨੂੰ ਰਾਜਾਂ ਨੇ ਨਿਕੰਮਾਂ ਸਮਝਿਆ, ਉਹ ਹੀ ਕੋਨੇ ਦਾ ਪੱਥਰ ਬਣਿਆ, ਇਹ ਕੰਮ ਪ੍ਰਭੂ ਦਾ ਹੈ, ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।’” ਇਸ ਲਈ ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਹਨਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਜੋ ਉਸ ਦਾ ਫਲ ਦਿੰਦੇ ਹਨ । [ ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ, ਉਹ ਟੁਕੜੇ ਟੁਕੜੇ ਹੋ ਜਾਵੇਗਾ ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ, ਉਹ ਚਕਨਾਚੂਰ ਹੋ ਜਾਵੇਗਾ ।”] ਜਦੋਂ ਮਹਾਂ-ਪੁਰੋਹਿਤ ਅਤੇ ਫ਼ਰੀਸੀਆਂ ਨੇ ਯਿਸੂ ਦਾ ਇਹ ਦ੍ਰਿਸ਼ਟਾਂਤ ਸੁਣਿਆ ਤਾਂ ਉਹ ਸਮਝ ਗਏ ਕਿ ਯਿਸੂ ਉਹਨਾਂ ਬਾਰੇ ਕਹਿ ਰਹੇ ਹਨ । ਇਸ ਲਈ ਉਹਨਾਂ ਨੇ ਯਿਸੂ ਨੂੰ ਗਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ । ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਲੋਕ ਯਿਸੂ ਨੂੰ ਨਬੀ ਮੰਨਦੇ ਸਨ । ਯਿਸੂ ਨੇ ਲੋਕਾਂ ਨੂੰ ਫਿਰ ਦ੍ਰਿਸ਼ਟਾਂਤਾਂ ਦੁਆਰਾ ਦੱਸਣਾ ਸ਼ੁਰੂ ਕੀਤਾ । “ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿੱਚ ਇੱਕ ਭੋਜ ਦਿੱਤਾ । ਉਸ ਨੇ ਆਪਣੇ ਨੌਕਰਾਂ ਨੂੰ ਵਿਆਹ-ਭੋਜ ਵਿੱਚ ਸੱਦੇ ਹੋਏ ਪ੍ਰਾਹੁਣਿਆਂ ਨੂੰ ਬੁਲਾਉਣ ਲਈ ਭੇਜਿਆ । ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਸ ਨੇ ਕੁਝ ਹੋਰ ਨੌਕਰਾਂ ਨੂੰ ਇਹ ਕਹਿ ਕੇ ਸੱਦੇ ਹੋਏ ਪ੍ਰਾਹੁਣਿਆਂ ਕੋਲ ਭੇਜਿਆ: ‘ਉਹਨਾਂ ਨੂੰ ਕਹੋ; ਮੇਰਾ ਭੋਜ ਤਿਆਰ ਹੈ । ਮੇਰੇ ਪਲੇ਼ ਅਤੇ ਮੋਟੇ ਜਾਨਵਰ ਕੱਟੇ ਜਾ ਚੁੱਕੇ ਹਨ ਅਤੇ ਬਾਕੀ ਸਭ ਕੁਝ ਵੀ ਤਿਆਰ ਹੈ । ਇਸ ਲਈ ਵਿਆਹ-ਭੋਜ ਦੇ ਲਈ ਆਓ ।’ ਪਰ ਸੱਦੇ ਹੋਏ ਪ੍ਰਾਹੁਣਿਆਂ ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਬਾਹਰ ਚਲੇ ਗਏ; ਇੱਕ ਆਪਣੇ ਖੇਤ ਨੂੰ ਅਤੇ ਦੂਜਾ ਆਪਣੇ ਕਾਰੋਬਾਰ ਨੂੰ । ਬਾਕੀਆਂ ਨੇ ਉਸ ਦੇ ਨੌਕਰਾਂ ਨੂੰ ਫੜ ਕੇ ਉਹਨਾਂ ਨੂੰ ਬੇਇੱਜ਼ਤ ਕੀਤਾ ਅਤੇ ਮਾਰ ਦਿੱਤਾ । ਇਸ ਕਾਰਨ ਰਾਜਾ ਬਹੁਤ ਗੁੱਸੇ ਹੋਇਆ । ਇਸ ਲਈ ਉਸ ਨੇ ਆਪਣੀ ਫ਼ੌਜ ਭੇਜ ਕੇ ਉਹਨਾਂ ਕਾਤਲਾਂ ਦਾ ਨਾਸ਼ ਕਰ ਦਿੱਤਾ ਅਤੇ ਸ਼ਹਿਰ ਨੂੰ ਅੱਗ ਲਾ ਦਿੱਤੀ । ਫਿਰ ਉਸ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਮੇਰਾ ਵਿਆਹ-ਭੋਜ ਤਾਂ ਤਿਆਰ ਹੈ ਪਰ ਸੱਦੇ ਹੋਏ ਪ੍ਰਾਹੁਣੇ ਇਸ ਦੇ ਯੋਗ ਨਹੀਂ ਸਨ । ਇਸ ਲਈ ਤੁਸੀਂ ਸ਼ਹਿਰ ਦੇ ਚੁਰਾਹਿਆਂ ਤੇ ਜਾਓ ਅਤੇ ਭੋਜ ਦੇ ਲਈ ਜਿੰਨੇ ਵੀ ਤੁਹਾਨੂੰ ਮਿਲ ਸਕਦੇ ਹਨ, ਸੱਦ ਲਿਆਓ ।’ ਨੌਕਰ ਸੜਕਾਂ ਤੇ ਗਏ ਅਤੇ ਸਭ ਨੂੰ ਜੋ ਉਹਨਾਂ ਨੂੰ ਮਿਲੇ, ਭਾਵ ਚੰਗਿਆਂ ਅਤੇ ਮੰਦਿਆਂ ਨੂੰ ਸੱਦ ਲਿਆਏ, ਅਤੇ ਭੋਜ-ਘਰ ਪ੍ਰਾਹੁਣਿਆਂ ਨਾਲ ਭਰ ਗਿਆ । “ਫਿਰ ਰਾਜਾ ਪ੍ਰਾਹੁਣਿਆਂ ਨੂੰ ਮਿਲਣ ਦੇ ਲਈ ਆਇਆ । ਉੱਥੇ ਉਸ ਨੇ ਇੱਕ ਆਦਮੀ ਨੂੰ ਦੇਖਿਆ ਜਿਸ ਨੇ ਵਿਆਹ ਵਾਲੇ ਕੱਪੜੇ ਨਹੀਂ ਪਾਏ ਹੋਏ ਸਨ । ਰਾਜੇ ਨੇ ਉਸ ਆਦਮੀ ਨੂੰ ਪੁੱਛਿਆ, ‘ਮਿੱਤਰ, ਤੂੰ ਇੱਥੇ ਵਿਆਹ ਵਾਲੇ ਕੱਪੜੇ ਪਾਏ ਬਿਨਾਂ ਕਿਸ ਤਰ੍ਹਾਂ ਆ ਗਿਆ ਹੈਂ?’ ਪਰ ਉਸ ਆਦਮੀ ਨੇ ਕੋਈ ਉੱਤਰ ਨਾ ਦਿੱਤਾ । ਇਸ ਲਈ ਰਾਜੇ ਨੇ ਨੌਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਬਾਹਰ ਹਨੇਰੇ ਵਿੱਚ ਸੁੱਟ ਦਿਓ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।’” ਯਿਸੂ ਨੇ ਅੰਤ ਵਿੱਚ ਕਿਹਾ, “ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜ੍ਹੇ ਹਨ ।” ਤਦ ਫ਼ਰੀਸੀ ਚਲੇ ਗਏ ਅਤੇ ਮਿਲ ਕੇ ਸਲਾਹ ਕੀਤੀ ਕਿ ਕਿਸ ਤਰ੍ਹਾਂ ਯਿਸੂ ਨੂੰ ਸ਼ਬਦਾਂ ਦੇ ਹੇਰ ਫੇਰ ਵਿੱਚ ਫਸਾਇਆ ਜਾਵੇ । ਇਸ ਲਈ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ, ਹੇਰੋਦੇਸ ਦੇ ਦਲ ਦੇ ਲੋਕਾਂ ਨਾਲ ਯਿਸੂ ਕੋਲ ਭੇਜਿਆ । ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਮਾਰਗ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ । ਇਸ ਲਈ ਸਾਨੂੰ ਦੱਸੋ, ਤੁਹਾਡਾ ਕੀ ਵਿਚਾਰ ਹੈ? ਕੀ ਕੈਸਰ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ?” ਯਿਸੂ ਨੇ ਉਹਨਾਂ ਦੇ ਦਿਲਾਂ ਦੀ ਬੁਰੀ ਨੀਅਤ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਹੇ ਕਪਟੀਓ, ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ? ਮੈਨੂੰ ਇੱਕ ਉਹ ਸਿੱਕਾ ਦਿਖਾਓ ਜੋ ਤੁਸੀਂ ਟੈਕਸ ਦੇ ਲਈ ਦਿੰਦੇ ਹੋ ।” ਉਹ ਇੱਕ ਸਿੱਕਾ ਯਿਸੂ ਕੋਲ ਲੈ ਕੇ ਆਏ । ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਤ ਹੈ?” ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦਾ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜੋ ਕੈਸਰ ਦਾ ਹੈ, ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਉਹ ਪਰਮੇਸ਼ਰ ਨੂੰ ਦਿਓ ।” ਜਦੋਂ ਉਹਨਾਂ ਨੇ ਯਿਸੂ ਦਾ ਇਹ ਉੱਤਰ ਸੁਣਿਆ ਤਾਂ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਉੱਥੋਂ ਚਲੇ ਗਏ । ਉਸ ਦਿਨ ਕੁਝ ਸਦੂਕੀ ਯਿਸੂ ਕੋਲ ਆਏ । (ਸਦੂਕੀ ਪੁਨਰ-ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।) ਉਹਨਾਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੂਸਾ ਨੇ ਕਿਹਾ ਹੈ, ‘ਜੇਕਰ ਕੋਈ ਆਦਮੀ ਬੇਉਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਆਦਮੀ ਦੀ ਵਿਧਵਾ ਨਾਲ ਵਿਆਹ ਕਰੇ ਅਤੇ ਉਹ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ ।’ ਸਾਡੇ ਵਿੱਚ ਸੱਤ ਭਰਾ ਰਹਿੰਦੇ ਸਨ । ਸਭ ਤੋਂ ਵੱਡੇ ਨੇ ਵਿਆਹ ਕੀਤਾ ਪਰ ਉਹ ਬੇਉਲਾਦ ਹੀ ਰਿਹਾ ਅਤੇ ਮਰ ਗਿਆ । ਉਹ ਆਪਣੀ ਵਿਧਵਾ ਨੂੰ ਆਪਣੇ ਭਰਾ ਦੇ ਲਈ ਛੱਡ ਗਿਆ । ਇਹੋ ਹਾਲ ਦੂਜੇ ਅਤੇ ਤੀਜੇ ਭਰਾ ਦਾ ਹੋਇਆ । ਅੰਤ ਵਿੱਚ ਸੱਤਵੇਂ ਤੱਕ ਇਸੇ ਤਰ੍ਹਾਂ ਹੋਇਆ । ਇਹਨਾਂ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । ਹੁਣ ਜਦੋਂ ਸਾਰੇ ਮੁਰਦੇ ਜੀਅ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਹਨਾਂ ਸਾਰਿਆਂ ਨੇ ਉਸ ਨਾਲ ਵਿਆਹ ਕੀਤਾ ਸੀ ।” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਕਿੰਨੀ ਭੁੱਲ ਕਰ ਰਹੇ ਹੋ । ਇਹ ਇਸ ਲਈ ਹੈ ਕਿਉਂਕਿ ਨਾ ਤਾਂ ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ । ਕਿਉਂਕਿ ਪੁਨਰ-ਉਥਾਨ ਦੇ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੋਵੇਗਾ ਸਗੋਂ ਉਹ ਸਵਰਗਦੂਤਾਂ ਵਰਗੇ ਹੋਣਗੇ । ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ; ਕੀ ਤੁਸੀਂ ਕਦੀ ਨਹੀਂ ਪੜ੍ਹਿਆ ਕਿ ਪਰਮੇਸ਼ਰ ਨੇ ਤੁਹਾਨੂੰ ਕੀ ਕਿਹਾ ਸੀ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ?’ ਇਸ ਲਈ ਉਹ ਮੁਰਦਿਆਂ ਦੇ ਨਹੀਂ ਸਗੋਂ ਜਿਊਂਦਿਆਂ ਦੇ ਪਰਮੇਸ਼ਰ ਹਨ ।” ਜਦੋਂ ਭੀੜ ਦੇ ਲੋਕਾਂ ਨੇ ਇਹ ਸੁਣਿਆ ਤਾਂ ਉਹ ਸਭ ਯਿਸੂ ਦੀ ਸਿੱਖਿਆ ਤੋਂ ਹੈਰਾਨ ਰਹਿ ਗਏ । ਜਦੋਂ ਫ਼ਰੀਸੀਆਂ ਨੂੰ ਪਤਾ ਲੱਗਾ ਕਿ ਯਿਸੂ ਨੇ ਸਦੂਕੀਆਂ ਨੂੰ ਚੁੱਪ ਕਰਾ ਦਿੱਤਾ, ਤਦ ਉਹ ਇਕੱਠੇ ਹੋ ਕੇ ਉਹਨਾਂ ਕੋਲ ਆਏ । ਉਹਨਾਂ ਵਿੱਚੋਂ ਇੱਕ ਨੇ ਜੋ ਵਿਵਸਥਾ ਦਾ ਸਿੱਖਿਅਕ ਸੀ, ਇਸ ਪ੍ਰਸ਼ਨ ਰਾਹੀਂ ਯਿਸੂ ਨੂੰ ਪਰਖਣਾ ਚਾਹਿਆ: “ਗੁਰੂ ਜੀ, ਸਭ ਤੋਂ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ, ਅਤੇ ਸਾਰੀ ਬੁੱਧ ਨਾਲ ਪਿਆਰ ਕਰ ।’ ਇਹ ਸਭ ਤੋਂ ਵੱਡਾ ਅਤੇ ਜ਼ਰੂਰੀ ਹੁਕਮ ਹੈ । ਦੂਜਾ ਹੁਕਮ ਜੋ ਇਸੇ ਤਰ੍ਹਾਂ ਜ਼ਰੂਰੀ ਹੈ: ‘ਤੂੰ ਆਪਣੇ ਗੁਆਂਢੀ ਨੂੰ ਆਪਣੇ ਵਰਗਾ ਪਿਆਰ ਕਰ ।’ ਮੂਸਾ ਦੀ ਸਾਰੀ ਵਿਵਸਥਾ ਅਤੇ ਨਬੀਆਂ ਦੀਆਂ ਸਾਰੀਆਂ ਸਿੱਖਿਆਵਾਂ ਇਹਨਾਂ ਦੋਨਾਂ ਹੁਕਮਾਂ ਉੱਤੇ ਆਧਾਰਿਤ ਹਨ ।” ਜਦੋਂ ਫ਼ਰੀਸੀ ਇਕੱਠੇ ਹੋਏ ਤਾਂ ਯਿਸੂ ਨੇ ਉਹਨਾਂ ਨੂੰ ਪੁੱਛਿਆ: “ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ?” ਉਹਨਾਂ ਨੇ ਉੱਤਰ ਦਿੱਤਾ, “ਦਾਊਦ ਦਾ ।” ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਫਿਰ ਦਾਊਦ ਨੇ ਆਤਮਾ ਦੀ ਪ੍ਰੇਰਨਾ ਨਾਲ ਉਸ ਨੂੰ ‘ਪ੍ਰਭੂ’ ਕਿਉਂ ਕਿਹਾ ਹੈ? ਉਸ ਦੇ ਸ਼ਬਦ ਹਨ: ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ: ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’ “ਇਸ ਲਈ ਦਾਊਦ ਨੇ ਆਪ ਉਸ ਨੂੰ ‘ਪ੍ਰਭੂ’ ਕਿਹਾ ਤਾਂ ਫਿਰ ਉਹ ਉਸ ਦਾ ‘ਪੁੱਤਰ’ ਕਿਸ ਤਰ੍ਹਾਂ ਹੋਇਆ?” ਉੱਥੇ ਕੋਈ ਵੀ ਉਹਨਾਂ ਦੀ ਇਸ ਗੱਲ ਦਾ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਹਨਾਂ ਤੋਂ ਕੋਈ ਪ੍ਰਸ਼ਨ ਪੁੱਛਣ ਦੀ ਹਿੰਮਤ ਕੀਤੀ । ਫਿਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨੂੰ ਕਿਹਾ: “ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹੋਏ ਹਨ । ਇਸ ਲਈ ਜੋ ਕੁਝ ਵੀ ਉਹ ਤੁਹਾਨੂੰ ਦੱਸਣ, ਤੁਸੀਂ ਜ਼ਰੂਰ ਉਸ ਨੂੰ ਮੰਨੋ ਅਤੇ ਕਰੋ ਪਰ ਉਹਨਾਂ ਵਰਗੇ ਕੰਮ ਨਾ ਕਰੋ ਕਿਉਂਕਿ ਉਹ ਕਹਿੰਦੇ ਕੁਝ ਹਨ ਪਰ ਕਰਦੇ ਕੁਝ ਹੋਰ ਹਨ । ਉਹ ਵੱਡਾ ਭਾਰ ਬੰਨ੍ਹ ਕੇ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ । ਪਰ ਉਸੇ ਭਾਰ ਨੂੰ ਦੂਜੀ ਥਾਂ ਤੇ ਲੈ ਜਾਣ ਦੇ ਲਈ ਆਪਣੀ ਉਂਗਲੀ ਤੱਕ ਦਾ ਸਹਾਰਾ ਵੀ ਨਹੀਂ ਦੇਣਾ ਚਾਹੁੰਦੇ । ਉਹ ਸਭ ਕੰਮ ਲੋਕਾਂ ਨੂੰ ਦਿਖਾਉਣ ਦੇ ਲਈ ਕਰਦੇ ਹਨ । ਉਹ ਆਪਣੇ ਤਵੀਤਾਂ ਨੂੰ ਚੌੜ੍ਹਾ ਬਣਾਉਂਦੇ ਅਤੇ ਚੋਗਿਆਂ ਦੀਆਂ ਝਾਲਰਾਂ ਨੂੰ ਲੰਮੀਆਂ ਰੱਖਦੇ ਹਨ । ਉਹ ਉਤਸਵਾਂ ਵਿੱਚ ਪ੍ਰਮੁੱਖ ਥਾਂਵਾਂ ਅਤੇ ਪ੍ਰਾਰਥਨਾ ਘਰਾਂ ਵਿੱਚ ਅਗਲੀਆਂ ਥਾਂਵਾਂ ਉੱਤੇ ਬੈਠਣਾ ਪਸੰਦ ਕਰਦੇ ਹਨ । ਉਹ ਬਜ਼ਾਰਾਂ ਵਿੱਚ ਨਮਸਕਾਰ ਅਤੇ ਲੋਕਾਂ ਕੋਲੋਂ ‘ਗੁਰੂ’ ਅਖਵਾਉਣਾ ਪਸੰਦ ਕਰਦੇ ਹਨ । ਪਰ ਤੁਸੀਂ ਕਿਸੇ ਕੋਲੋਂ ‘ਗੁਰੂ’ ਨਾ ਅਖਵਾਉਣਾ ਕਿਉਂਕਿ ਤੁਸੀਂ ਸਾਰੇ ਭਰਾ ਹੋ ਅਤੇ ਤੁਹਾਡਾ ਇੱਕ ਹੀ ‘ਗੁਰੂ’ ਹੈ । ਇਸੇ ਤਰ੍ਹਾਂ ਤੁਸੀਂ ਇਸ ਧਰਤੀ ਉੱਤੇ ਕਿਸੇ ਨੂੰ ਆਪਣਾ ‘ਪਿਤਾ’ ਨਾ ਕਹਿਣਾ ਕਿਉਂਕਿ ਤੁਹਾਡੇ ਇੱਕ ਹੀ ‘ਪਿਤਾ’ ਹਨ ਜੋ ਸਵਰਗ ਵਿੱਚ ਹਨ । ਨਾ ਹੀ ਤੁਹਾਨੂੰ ਕੋਈ ‘ਮਾਰਗਦਰਸ਼ਕ’ ਕਹੇ ਕਿਉਂਕਿ ਤੁਹਾਡੇ ਇੱਕ ਹੀ ਮਾਰਗਦਰਸ਼ਕ ਹਨ ਭਾਵ ਮਸੀਹ । ਤੁਹਾਡੇ ਵਿੱਚ ਜੋ ਸਭ ਤੋਂ ਵੱਡਾ ਹੈ, ਉਹ ਸਭ ਦਾ ਸੇਵਕ ਬਣੇ । ਕਿਉਂਕਿ ਜੋ ਆਪਣੇ ਆਪ ਨੂੰ ਉੱਚਾ ਕਰੇਗਾ, ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ, ਉਹ ਉੱਚਾ ਕੀਤਾ ਜਾਵੇਗਾ ।” “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਸਵਰਗ ਦੇ ਰਾਜ ਦਾ ਦਰਵਾਜ਼ਾ ਲੋਕਾਂ ਲਈ ਬੰਦ ਕਰਦੇ ਹੋ । ਤੁਸੀਂ ਨਾ ਤਾਂ ਆਪ ਅੰਦਰ ਜਾਂਦੇ ਹੋ ਅਤੇ ਨਾ ਹੀ ਉਹਨਾਂ ਲੋਕਾਂ ਨੂੰ ਜਾਣ ਦਿੰਦੇ ਹੋ ਜੋ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ । [ “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹੋ ਅਤੇ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ । ਇਸੇ ਕਾਰਨ ਤੁਹਾਨੂੰ ਕਠੋਰ ਸਜ਼ਾ ਮਿਲੇਗੀ ।] “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਕਿਸੇ ਨੂੰ ਆਪਣੇ ਵਿਸ਼ਵਾਸ ਵਿੱਚ ਲਿਆਉਣ ਲਈ ਜਲ-ਥਲ ਇੱਕ ਕਰ ਦਿੰਦੇ ਹੋ ਅਤੇ ਜਦੋਂ ਉਹ ਆ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਜ਼ਿਆਦਾ ਨਰਕ ਦਾ ਭਾਗੀ ਬਣਾਉਂਦੇ ਹੋ । “ਹੇ ਅੰਨ੍ਹੇ ਮਾਰਗਦਰਸ਼ਕੋ, ਤੁਹਾਡੇ ਉੱਤੇ ਹਾਏ! ਤੁਸੀਂ ਸਿੱਖਿਆ ਦਿੰਦੇ ਹੋ ਕਿ ਜੇਕਰ ਕੋਈ ਹੈਕਲ ਦੀ ਸੌਂਹ ਖਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੇਕਰ ਉਹ ਹੈਕਲ ਦੇ ਸੋਨੇ ਦੀ ਸੌਂਹ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ । ਹੇ ਮੂਰਖੋ ਅਤੇ ਅੰਨ੍ਹਿਓ! ਕੀ ਵੱਡਾ ਹੈ, ਸੋਨਾ ਜਾਂ ਹੈਕਲ ਜੋ ਸੋਨੇ ਦੀ ਪਵਿੱਤਰਤਾ ਦਾ ਕਾਰਨ ਹੈ? ਇਸ ਤਰ੍ਹਾਂ ਜੇਕਰ ਕੋਈ ਵੇਦੀ ਦੀ ਸੌਂਹ ਖਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਜੇਕਰ ਉਹ ਵੇਦੀ ਉਤਲੇ ਚੜ੍ਹਾਵੇ ਦੀ ਸੌਂਹ ਖਾਂਦਾ ਹੈ ਤਾਂ ਉਹ ਉਸ ਨੂੰ ਲੱਗਦੀ ਹੈ । ਤੁਸੀਂ ਕਿੰਨ੍ਹੇ ਅੰਨ੍ਹੇ ਹੋ! ਕੀ ਵੱਡਾ ਹੈ? ਚੜ੍ਹਾਵਾ ਜਾਂ ਵੇਦੀ ਜੋ ਚੜ੍ਹਾਵੇ ਦੀ ਪਵਿੱਤਰਤਾ ਦਾ ਕਾਰਨ ਹੈ? ਜਦੋਂ ਕੋਈ ਵੇਦੀ ਦੀ ਸੌਂਹ ਖਾਂਦਾ ਹੈ, ਉਹ ਇਸ ਦੀ ਅਤੇ ਉਸ ਸਭ ਦੀ ਸੌਂਹ ਖਾਂਦਾ ਹੈ ਜੋ ਵੇਦੀ ਦੇ ਉੱਤੇ ਹੈ । ਇਸੇ ਤਰ੍ਹਾਂ ਜੋ ਕੋਈ ਹੈਕਲ ਦੀ ਸੌਂਹ ਖਾਂਦਾ ਹੈ, ਉਹ ਇਸ ਦੀ ਅਤੇ ਪਰਮੇਸ਼ਰ ਦੀ ਜੋ ਇਸ ਦੇ ਵਿੱਚ ਵਾਸ ਕਰਦਾ ਹੈ, ਸੌਂਹ ਖਾਂਦਾ ਹੈ । ਫਿਰ ਜੋ ਕੋਈ ਸਵਰਗ ਦੀ ਸੌਂਹ ਖਾਂਦਾ ਹੈ, ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜੋ ਉਸ ਉੱਤੇ ਬੈਠਾ ਹੈ, ਉਸ ਦੀ ਸੌਂਹ ਖਾਂਦਾ ਹੈ । “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਪਰਮੇਸ਼ਰ ਦੇ ਅੱਗੇ ਚੜ੍ਹਾਵੇ ਦੇ ਤੌਰ ਤੇ ਹਰ ਪ੍ਰਕਾਰ ਦੀਆਂ ਹਰੀਆਂ ਸਬਜ਼ੀਆਂ ਭਾਵ ਪੂਦਨਾ, ਸੌਂਫ ਅਤੇ ਜ਼ੀਰੇ ਦਾ ਦਸਵਾਂ ਹਿੱਸਾ ਚੜ੍ਹਾਉਂਦੇ ਹੋ । ਪਰ ਤੁਸੀਂ ਵਿਵਸਥਾ ਦੀਆਂ ਅਸਲ ਸਿੱਖਿਆਵਾਂ ਭਾਵ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਕਰਦੇ ਹੋ । ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ ਦਸਵਾਂ ਹਿੱਸਾ ਦਿੰਦੇ ਅਤੇ ਉਸ ਦੇ ਨਿਆਂ, ਦਇਆ ਅਤੇ ਵਿਸ਼ਵਾਸ ਦੀ ਉਲੰਘਣਾ ਵੀ ਨਾ ਕਰਦੇ । ਅੰਨ੍ਹੇ ਮਾਰਗਦਰਸ਼ਕੋ, ਤੁਸੀਂ ਮੱਛਰ ਨੂੰ ਤਾਂ ਛੱਡ ਦਿੰਦੇ ਹੋ ਪਰ ਊਠ ਨੂੰ ਹੜੱਪ ਕਰ ਜਾਂਦੇ ਹੋ! “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ ਪਰ ਅੰਦਰੋਂ ਤੁਸੀਂ ਲਾਲਚ ਅਤੇ ਬੇਈਮਾਨੀ ਨਾਲ ਭਰੇ ਹੋਏ ਹੋ । ਅੰਨ੍ਹੇ ਫ਼ਰੀਸੀਓ, ਪਹਿਲਾਂ ਪਿਆਲੇ ਨੂੰ ਅੰਦਰੋਂ ਸਾਫ਼ ਕਰੋ ਤਾਂ ਬਾਹਰੋਂ ਵੀ ਸਾਫ਼ ਹੋ ਜਾਵੇਗਾ! “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਵਾਂਗ ਹੋ ਜੋ ਬਾਹਰੋਂ ਸੋਹਣੀਆਂ ਦਿਖਾਈ ਦਿੰਦੀਆਂ ਹਨ ਪਰ ਉਹਨਾਂ ਦੇ ਅੰਦਰ ਮੁਰਦਿਆਂ ਦੀਆਂ ਹੱਡੀਆਂ ਹਨ ਅਤੇ ਸਭ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ । ਇਸ ਤਰ੍ਹਾਂ ਬਾਹਰੋਂ ਤਾਂ ਤੁਸੀਂ ਹਰ ਇੱਕ ਨੂੰ ਨੇਕ ਲੱਗਦੇ ਹੋ ਪਰ ਤੁਹਾਡੇ ਅੰਦਰ ਝੂਠ ਅਤੇ ਪਖੰਡ ਭਰਿਆ ਹੋਇਆ ਹੈ ।” “ਹੇ ਪਖੰਡੀ ਵਿਵਸਥਾ ਦੇ ਸਿੱਖਿਅਕੋ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਨਬੀਆਂ ਦੀਆਂ ਕਬਰਾਂ ਅਤੇ ਨੇਕ ਲੋਕਾਂ ਦੀਆਂ ਯਾਦਗਾਰਾਂ ਨੂੰ ਬਣਾਉਂਦੇ ਅਤੇ ਸਜਾਉਂਦੇ ਹੋ । ਫਿਰ ਤੁਸੀਂ ਕਹਿੰਦੇ ਹੋ: ‘ਜੇਕਰ ਅਸੀਂ ਆਪਣੇ ਪੁਰਖਿਆਂ ਦੇ ਸਮੇਂ ਹੁੰਦੇ ਤਾਂ ਅਸੀਂ ਉਹਨਾਂ ਵਾਲੇ ਕੰਮ ਨਾ ਕਰਦੇ ਅਤੇ ਨਬੀਆਂ ਨੂੰ ਕਤਲ ਨਾ ਕਰਦੇ ।’ ਇਸ ਤਰ੍ਹਾਂ ਤੁਸੀਂ ਆਪਣੇ ਵਿਰੁੱਧ ਆਪ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਸੰਤਾਨ ਹੋ । ਇਸ ਲਈ ਤੁਸੀਂ ਉਹ ਪਾਪ ਦਾ ਘੜਾ ਭਰਦੇ ਹੋ ਜੋ ਤੁਹਾਡੇ ਪੁਰਖਿਆਂ ਨੇ ਭਰਨਾ ਸ਼ੁਰੂ ਕੀਤਾ ਸੀ । ਹੇ ਸੱਪੋ ਅਤੇ ਸੱਪਾਂ ਦੇ ਬੱਚਿਓ! ਤੁਸੀਂ ਨਰਕ ਕੁੰਡ ਦੀ ਸਜ਼ਾ ਤੋਂ ਕਿਵੇਂ ਬਚੋਗੇ? ਇਸ ਲਈ ਸੁਣੋ: ਮੈਂ ਤੁਹਾਡੇ ਕੋਲ ਨਬੀਆਂ, ਬੁੱਧੀਮਾਨਾਂ ਅਤੇ ਉਪਦੇਸ਼ਕਾਂ ਨੂੰ ਭੇਜਦਾ ਹਾਂ । ਉਹਨਾਂ ਵਿੱਚੋਂ ਕੁਝ ਨੂੰ ਤੁਸੀਂ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰੋਗੇ ਅਤੇ ਕੁਝ ਨੂੰ ਸਲੀਬ ਉੱਤੇ ਚੜ੍ਹਾਓਗੇ ਅਤੇ ਕੁਝ ਦਾ ਪਿੱਛਾ ਤੁਸੀਂ ਸ਼ਹਿਰ ਸ਼ਹਿਰ ਵਿੱਚ ਕਰੋਗੇ । ਉਹਨਾਂ ਵਿੱਚੋਂ ਕੁਝ ਨੂੰ ਕਤਲ ਕਰੋਗੇ । ਇਸ ਤਰ੍ਹਾਂ ਸਭ ਲੋਕਾਂ ਦਾ ਲਹੂ ਜੋ ਇਸ ਧਰਤੀ ਤੇ ਵਹਾਇਆ ਗਿਆ ਸੀ, ਤੁਹਾਡੇ ਸਿਰ ਮੜ੍ਹਿਆ ਜਾਵੇਗਾ, ਨੇਕ ਹਾਬਿਲ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ, ਜਿਹਨਾਂ ਨੂੰ ਤੁਸੀਂ ਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਸੀ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਹਨਾਂ ਸਭ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ ।” “ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈਂ । ਤੂੰ ਪਰਮੇਸ਼ਰ ਦੇ ਭੇਜਿਆ ਹੋਇਆਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ । ਕਿੰਨੀ ਵਾਰ ਮੈਂ ਚਾਹਿਆ ਕਿ ਜਿਸ ਤਰ੍ਹਾਂ ਕੁੱਕੜੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠੇ ਕਰਦੀ ਹੈ, ਉਸੇ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ ਪਰ ਤੂੰ ਇਹ ਨਾ ਚਾਹਿਆ । ਇਸ ਲਈ ਹੁਣ ਤੇਰਾ ਘਰ ਤੇਰੇ ਲਈ ਵੀਰਾਨ ਕਰ ਦਿੱਤਾ ਜਾਵੇਗਾ । ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਤੁਸੀਂ ਮੈਨੂੰ ਉਸ ਸਮੇਂ ਤੱਕ ਨਹੀਂ ਦੇਖੋਗੇ, ਜਦੋਂ ਤੱਕ ਕਿ ਤੁਸੀਂ ਇਸ ਤਰ੍ਹਾਂ ਨਾ ਕਹੋ, ‘ਧੰਨ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ ।’” ਜਦੋਂ ਯਿਸੂ ਹੈਕਲ ਤੋਂ ਨਿਕਲ ਕੇ ਜਾ ਰਹੇ ਸਨ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ ਕਿ ਉਹਨਾਂ ਨੂੰ ਹੈਕਲ ਦੀਆਂ ਇਮਾਰਤਾਂ ਦਿਖਾਉਣ । ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੂਹਾਨੂੰ ਸੱਚ ਕਹਿੰਦਾ ਹਾਂ, ਜੋ ਤੁਸੀਂ ਇਹ ਸਭ ਦੇਖ ਰਹੇ ਹੋ, ਇੱਥੇ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਢਾਇਆ ਨਾ ਜਾਵੇਗਾ ।” ਫਿਰ ਜਦੋਂ ਯਿਸੂ ਜ਼ੈਤੂਨ ਪਹਾੜ ਦੇ ਉੱਤੇ ਬੈਠੇ ਹੋਏ ਸਨ ਤਾਂ ਚੇਲੇ ਉਹਨਾਂ ਕੋਲ ਇਕਾਂਤ ਵਿੱਚ ਆਏ ਅਤੇ ਪੁੱਛਣ ਲੱਗੇ, “ਸਾਨੂੰ ਦੱਸੋ, ਇਹ ਸਭ ਗੱਲਾਂ ਕਦੋਂ ਹੋਣਗੀਆਂ? ਤੁਹਾਡੇ ਦੂਜੀ ਵਾਰ ਆਉਣ ਦਾ ਅਤੇ ਇਸ ਯੁੱਗ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਸਾਵਧਾਨ ਰਹਿਣਾ, ਕੋਈ ਤੁਹਾਨੂੰ ਨਾ ਭਰਮਾਵੇ । ਬਹੁਤ ਸਾਰੇ ਲੋਕ ਮੇਰੇ ਨਾਮ ਉੱਤੇ ਆਉਣਗੇ ਅਤੇ ਕਹਿਣਗੇ, ‘ਮੈਂ ਮਸੀਹ ਹਾਂ ।’ ਉਹ ਬਹੁਤਿਆਂ ਨੂੰ ਭਰਮਾਉਣਗੇ । ਤੁਸੀਂ ਲੜਾਈਆਂ ਦੀਆਂ ਅਫ਼ਵਾਹਾਂ ਦੂਰੋਂ ਅਤੇ ਨੇੜਿਓਂ ਸੁਣੋਗੇ ਪਰ ਸਾਵਧਾਨ ਰਹਿਣਾ, ਘਬਰਾਉਣਾ ਨਹੀਂ; ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ । ਕੌਮ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਰਾਜ ਰਾਜ ਉੱਤੇ ਚੜ੍ਹਾਈ ਕਰੇਗਾ । ਕਈ ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ । ਇਹ ਸਭ ਗੱਲਾਂ ਤਾਂ ਦੁੱਖਾਂ ਦਾ ਸ਼ੁਰੂ ਹੀ ਹੋਣਗੀਆਂ । “ਉਸ ਸਮੇਂ ਲੋਕ ਤੁਹਾਨੂੰ ਅੱਤਿਆਚਾਰ ਕਰਨ ਦੇ ਲਈ ਅਤੇ ਕਤਲ ਕਰ ਦੇਣ ਦੇ ਲਈ ਸੌਂਪ ਦੇਣਗੇ । ਸਭ ਕੌਮਾਂ ਤੁਹਾਨੂੰ ਮੇਰੇ ਨਾਮ ਦੇ ਕਾਰਨ ਘਿਰਣਾ ਕਰਨਗੀਆਂ । ਬਹੁਤ ਸਾਰੇ ਆਪਣੇ ਵਿਸ਼ਵਾਸ ਤੋਂ ਮੁੱਕਰ ਜਾਣਗੇ, ਇੱਕ ਦੂਜੇ ਨਾਲ ਵਿਸ਼ਵਾਸਘਾਤ ਕਰਨਗੇ ਅਤੇ ਇੱਕ ਦੂਜੇ ਨੂੰ ਘਿਰਣਾ ਕਰਨਗੇ । ਬਹੁਤ ਸਾਰੇ ਝੂਠੇ ਨਬੀ ਪੈਦਾ ਹੋਣਗੇ ਅਤੇ ਬਹੁਤ ਲੋਕਾਂ ਨੂੰ ਭਰਮਾ ਦੇਣਗੇ । ਦੁਸ਼ਟਤਾ ਇੱਥੋਂ ਤੱਕ ਵੱਧ ਜਾਵੇਗੀ ਕਿ ਬਹੁਤ ਲੋਕਾਂ ਦਾ ਪਿਆਰ ਠੰਡਾ ਪੈ ਜਾਵੇਗਾ । ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਵਿੱਚ ਪੱਕਾ ਰਹੇਗਾ, ਉਹ ਮੁਕਤੀ ਪਾਵੇਗਾ । ਪਰਮੇਸ਼ਰ ਦੇ ਰਾਜ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਭ ਕੌਮਾਂ ਦੇ ਸਾਹਮਣੇ ਗਵਾਹੀ ਦੇ ਤੌਰ ਤੇ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਤਦ ਅੰਤ ਆ ਜਾਵੇਗਾ ।” “ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ‘ਘਿਣਾਉਣੀ ਚੀਜ਼’ ਜਿਸ ਬਾਰੇ ਦਾਨੀਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ, ਨੂੰ ਪਵਿੱਤਰ ਥਾਂ ਵਿੱਚ ਖੜ੍ਹਾ ਹੋਇਆ ਦੇਖੋ, (ਪੜ੍ਹਨ ਵਾਲਾ ਆਪਣੇ ਆਪ ਸਮਝ ਜਾਵੇ) ਤਾਂ ਉਸ ਸਮੇਂ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਵੱਲ ਦੌੜ ਜਾਣ । ਜੋ ਮਨੁੱਖ ਘਰ ਦੀ ਛੱਤ ਉੱਤੇ ਹੋਵੇ ਉਹ ਹੇਠਾਂ ਘਰ ਦੇ ਅੰਦਰੋਂ ਕੋਈ ਆਪਣੀ ਚੀਜ਼ ਲੈਣ ਨਾ ਉਤਰੇ । ਇਸੇ ਤਰ੍ਹਾਂ ਜੋ ਕੋਈ ਖੇਤ ਵਿੱਚ ਹੋਵੇ ਵਾਪਸ ਆਪਣਾ ਕੱਪੜਾ ਲੈਣ ਨਾ ਜਾਵੇ । ਅਫ਼ਸੋਸ ਹੈ ਉਹਨਾਂ ਉੱਤੇ ਜੋ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਜੋ ਦੁੱਧ ਪਿਲਾਉਂਦੀਆਂ ਹੋਣਗੀਆਂ! ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਤੁਹਾਨੂੰ ਸਿਆਲ ਦੀ ਰੁੱਤੇ ਜਾਂ ਸਬਤ ਦੇ ਦਿਨ ਨਾ ਦੌੜਨਾ ਪਵੇ । ਉਹਨਾਂ ਦਿਨਾਂ ਵਿੱਚ ਬਹੁਤ ਭਿਅੰਕਰ ਬਿਪਤਾ ਆਵੇਗੀ ਜੋ ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਾ ਆਈ ਅਤੇ ਨਾ ਹੀ ਆਵੇਗੀ । ਇੱਥੋਂ ਤੱਕ ਕਿ ਜੇਕਰ ਪਰਮੇਸ਼ਰ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਵੀ ਨਾ ਬਚਦਾ । ਪਰ ਆਪਣੇ ਚੁਣਿਆਂ ਹੋਇਆਂ ਦੇ ਕਾਰਨ ਪਰਮੇਸ਼ਰ ਇਹਨਾਂ ਦਿਨਾਂ ਨੂੰ ਘੱਟ ਕਰਨਗੇ । “ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ,’ ਜਾਂ ‘ਉੱਥੇ ਹੈ’ ਵਿਸ਼ਵਾਸ ਨਾ ਕਰਨਾ । ਝੂਠੇ ਮਸੀਹ ਅਤੇ ਝੂਠੇ ਨਬੀ ਖੜ੍ਹੇ ਹੋਣਗੇ ਅਤੇ ਉਹ ਕਈ ਵੱਡੇ ਵੱਡੇ ਚਿੰਨ੍ਹ ਅਤੇ ਚਮਤਕਾਰ ਦਿਖਾਉਣਗੇ ਅਤੇ ਉਹ ਲੋਕਾਂ ਨੂੰ ਭਰਮਾ ਦੇਣਗੇ । ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣਿਆਂ ਹੋਇਆਂ ਨੂੰ ਵੀ । ਯਾਦ ਰੱਖੋ, ਮੈਂ ਇਹ ਸਭ ਕੁਝ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ । “ਸੋ ਜੇਕਰ ਲੋਕ ਤੁਹਾਨੂੰ ਕਹਿਣ, ‘ਦੇਖੋ, ਉਹ ਉਜਾੜ ਵਿੱਚ ਹੈ’ ਤਾਂ ਉੱਥੇ ਨਾ ਜਾਣਾ; ਇਸ ਤਰ੍ਹਾਂ ਜੇਕਰ ਉਹ ਕਹਿਣ, ‘ਦੇਖੋ, ਉਹ ਗੁਪਤ ਥਾਂ ਤੇ ਹੈ,’ ਤਾਂ ਵੀ ਵਿਸ਼ਵਾਸ ਨਾ ਕਰਨਾ, ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਵਿੱਚ ਪੂਰਬ ਤੋਂ ਲੈ ਕੇ ਪੱਛਮ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । “ਜਿੱਥੇ ਲੋਥ ਪਈ ਹੈ ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ ।” “ਉਹਨਾਂ ਦਿਨਾਂ ਵਿੱਚ ਇਸ ਬਿਪਤਾ ਦੇ ਇਕਦਮ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਲੋ ਨਹੀਂ ਦੇਵੇਗਾ, ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸਭ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ । “ਫਿਰ ਮਨੁੱਖ ਦੇ ਪੁੱਤਰ ਦਾ ਚਿੰਨ੍ਹ ਅਕਾਸ਼ ਵਿੱਚ ਪ੍ਰਗਟ ਹੋਵੇਗਾ । ਉਸ ਸਮੇਂ ਧਰਤੀ ਦੀਆਂ ਸਭ ਕੌਮਾਂ ਸੋਗ ਕਰਨਗੀਆਂ ਅਤੇ ਇਸ ਦੇ ਬਾਅਦ ਉਹ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਨਾਲ ਬੱਦਲਾਂ ਦੇ ਉੱਤੇ ਆਉਂਦੇ ਦੇਖਣਗੀਆਂ । ਫਿਰ ਉਹ ਤੁਰ੍ਹੀ ਦੀ ਆਵਾਜ਼ ਨਾਲ ਆਪਣੇ ਸਵਰਗਦੂਤਾਂ ਨੂੰ ਭੇਜਣਗੇ ਅਤੇ ਉਹ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਅਕਾਸ਼ ਦੇ ਦੂਜੇ ਪਾਸੇ ਤੱਕ, ਚੌਹਾਂ ਪਾਸਿਆਂ ਤੋਂ ਇਕੱਠਾ ਕਰਨਗੇ ।” “ਅੰਜੀਰ ਦੇ ਰੁੱਖ ਤੋਂ ਸਿੱਖਿਆ ਲਵੋ । ਜਦੋਂ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ । ਇਸੇ ਤਰ੍ਹਾਂ ਜਦੋਂ ਤੁਸੀਂ ਇਹ ਸਭ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ ਸਗੋਂ ਦਰਵਾਜ਼ੇ ਦੇ ਉੱਤੇ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਪੂਰੀਆਂ ਹੋ ਜਾਣਗੀਆਂ । ਅਕਾਸ਼ ਅਤੇ ਧਰਤੀ ਭਾਵੇਂ ਟਲ ਜਾਣ ਪਰ ਮੇਰੇ ਕਹੇ ਹੋਏ ਵਚਨ ਕਦੇ ਵੀ ਨਹੀਂ ਟਲਣਗੇ ।” “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ: ਨਾ ਸਵਰਗਦੂਤ ਅਤੇ ਨਾ ਪੁੱਤਰ, ਪਰ ਕੇਵਲ ਪਿਤਾ ਜਾਣਦੇ ਹਨ । ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ । ਲੋਕ ਉਹਨਾਂ ਦਿਨਾਂ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਖਾਂਦੇ ਪੀਂਦੇ ਅਤੇ ਵਿਆਹ ਕਰਦੇ-ਕਰਵਾਉਂਦੇ ਰਹੇ । ਇਹ ਸਭ ਨੂਹ ਦੇ ਕਿਸ਼ਤੀ ਵਿੱਚ ਚੜ੍ਹਣ ਵਾਲੇ ਦਿਨ ਤੱਕ ਹੁੰਦਾ ਰਿਹਾ । ਲੋਕ ਹੜ੍ਹ ਦੇ ਸਮੇਂ ਤੱਕ ਕੁਝ ਨਹੀਂ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ, ਜੋ ਆਇਆ ਅਤੇ ਸਭ ਨੂੰ ਰੋੜ੍ਹ ਕੇ ਲੈ ਗਿਆ । ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਦੂਜੀ ਵਾਰ ਆਉਣਾ ਹੋਵੇਗਾ । ਉਸ ਸਮੇਂ ਖੇਤ ਵਿੱਚ ਦੋ ਆਦਮੀ ਕੰਮ ਕਰ ਰਹੇ ਹੋਣਗੇ ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ । ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ । ਸਾਵਧਾਨ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਪ੍ਰਭੂ ਕਿਸ ਦਿਨ ਆਉਣਗੇ । ਇਸ ਲਈ ਯਾਦ ਰੱਖੋ, ਜੇਕਰ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਪਹਿਰ ਆ ਰਿਹਾ ਹੈ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ । ਇਸ ਲਈ ਤੁਸੀਂ ਵੀ ਤਿਆਰ ਰਹੋ ਕਿਉਂਕਿ ਮਨੁੱਖ ਦਾ ਪੁੱਤਰ ਉਸ ਘੜੀ ਆ ਰਿਹਾ ਹੈ ਜਿਸ ਬਾਰੇ ਤੁਸੀਂ ਸੋਚਦੇ ਵੀ ਨਹੀਂ ।” “ਈਮਾਨਦਾਰ ਅਤੇ ਸਮਝਦਾਰ ਨੌਕਰ ਕੌਣ ਹੈ? ਉਹ ਉਸ ਨੌਕਰ ਵਰਗਾ ਹੈ ਜਿਸ ਨੂੰ ਮਾਲਕ ਆਪਣੇ ਘਰ ਦਾ ਕਾਰੋਬਾਰ ਚਲਾਉਣ ਅਤੇ ਦੂਜੇ ਨੌਕਰਾਂ ਨੂੰ ਠੀਕ ਸਮੇਂ ਉੱਤੇ ਭੋਜਨ ਦੇਣ ਦੇ ਲਈ ਠਹਿਰਾਏ । ਧੰਨ ਹੈ ਉਹ ਨੌਕਰ ਜਿਸ ਨੂੰ ਉਸ ਦਾ ਮਾਲਕ, ਜਦੋਂ ਵਾਪਸ ਆਵੇ ਇਸੇ ਤਰ੍ਹਾਂ ਕਰਦਾ ਦੇਖੇ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੌਕਰ ਨੂੰ ਆਪਣੇ ਸਾਰੇ ਘਰ ਬਾਰ ਦਾ ਮੁਖ਼ਤਿਆਰ ਬਣਾਵੇਗਾ । ਪਰ ਜੇਕਰ ਉਹ ਦੁਸ਼ਟ ਨੌਕਰ ਆਪਣੇ ਦਿਲ ਵਿੱਚ ਇਸ ਤਰ੍ਹਾਂ ਸੋਚੇ, ‘ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ,’ ਅਤੇ ਉਹ ਆਪਣੇ ਸਾਥੀ ਨੌਕਰਾਂ ਨੂੰ ਮਾਰਨਾ ਸ਼ੁਰੂ ਕਰੇ ਅਤੇ ਆਪਣੇ ਸ਼ਰਾਬੀ ਕਬਾਬੀ ਮਿੱਤਰਾਂ ਨਾਲ ਖਾਵੇ ਪੀਵੇ; ਤਾਂ ਉਸ ਦਾ ਮਾਲਕ ਅਜਿਹੇ ਦਿਨ ਮੁੜ ਆਵੇਗਾ ਜਿਸ ਦੇ ਬਾਰੇ ਉਸ ਨੇ ਸੋਚਿਆ ਵੀ ਨਹੀਂ ਅਤੇ ਉਸ ਘੜੀ ਜਿਸ ਬਾਰੇ ਉਹ ਕੁਝ ਵੀ ਨਹੀਂ ਜਾਣਦਾ । ਮਾਲਕ ਉਸ ਨੌਕਰ ਨੂੰ ਉਹ ਸਖ਼ਤ ਸਜ਼ਾ ਦੇਵੇਗਾ ਜੋ ਪਖੰਡੀਆਂ ਨੂੰ ਮਿਲਦੀ ਹੈ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।” “ਉਸ ਵੇਲੇ ਸਵਰਗ ਦਾ ਰਾਜ ਉਹਨਾਂ ਦਸ ਕੁਆਰੀਆਂ ਵਰਗਾ ਹੋਵੇਗਾ ਜੋ ਆਪਣੇ ਦੀਵੇ ਲੈ ਕੇ ਲਾੜੇ ਦੇ ਸੁਆਗਤ ਲਈ ਨਿਕਲੀਆਂ । ਉਹਨਾਂ ਵਿੱਚੋਂ ਪੰਜ ਮੂਰਖ ਅਤੇ ਪੰਜ ਬੁੱਧੀਮਾਨ ਸਨ । ਮੂਰਖਾਂ ਨੇ ਆਪਣੇ ਦੀਵੇ ਤਾਂ ਨਾਲ ਲੈ ਲਏ ਪਰ ਵਾਧੂ ਤੇਲ ਨਾ ਲਿਆ । ਪਰ ਬੁੱਧੀਮਾਨਾਂ ਨੇ ਆਪਣੇ ਦੀਵਿਆਂ ਨਾਲ ਆਪਣੀਆਂ ਤੇਲ ਵਾਲੀਆਂ ਕੁੱਪੀਆਂ ਵਿੱਚ ਵਾਧੂ ਤੇਲ ਵੀ ਲੈ ਲਿਆ । ਲਾੜੇ ਨੇ ਆਉਣ ਵਿੱਚ ਦੇਰ ਕਰ ਦਿੱਤੀ ਇਸ ਲਈ ਉਹ ਸਾਰੀਆਂ ਨੀਂਦ ਨਾਲ ਊਂਘਣ ਲੱਗ ਪਈਆਂ ਅਤੇ ਸੌਂ ਗਈਆਂ । “ਅੱਧੀ ਰਾਤ ਨੂੰ ਧੁੰਮ ਪੈ ਗਈ, ‘ਲਾੜਾ ਆ ਗਿਆ ਹੈ! ਉਸ ਦੇ ਸੁਆਗਤ ਲਈ ਬਾਹਰ ਆਵੋ!’ ਇਹ ਸੁਣ ਕੇ ਉਹ ਸਭ ਕੁਆਰੀਆਂ ਉੱਠੀਆਂ ਅਤੇ ਆਪਣੇ ਦੀਵੇ ਤਿਆਰ ਕਰਨ ਲੱਗੀਆਂ । ਉਸ ਵੇਲੇ ਮੂਰਖਾਂ ਨੇ ਬੁੱਧੀਮਾਨਾਂ ਨੂੰ ਕਿਹਾ, ‘ਸਾਨੂੰ ਆਪਣੇ ਤੇਲ ਵਿੱਚੋਂ ਤੇਲ ਦੇਵੋ ਕਿਉਂਕਿ ਸਾਡੇ ਦੀਵੇ ਬੁਝ ਰਹੇ ਹਨ ।’ ਪਰ ਬੁੱਧੀਮਾਨਾਂ ਨੇ ਉਹਨਾਂ ਨੂੰ ਉੱਤਰ ਦਿੱਤਾ, ‘ਹੋ ਸਕਦਾ ਹੈ ਕਿ ਇਹ ਸਾਡੇ ਅਤੇ ਤੁਹਾਡੇ ਦੋਨਾਂ ਲਈ ਕਾਫ਼ੀ ਨਾ ਹੋਵੇ । ਇਸ ਲਈ ਚੰਗਾ ਇਹ ਹੈ ਕਿ ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਮੁੱਲ ਲੈ ਲਵੋ ।’ ਪਰ ਜਦੋਂ ਅਜੇ ਉਹ ਪੰਜ ਮੂਰਖ ਕੁਆਰੀਆਂ ਤੇਲ ਮੁੱਲ ਲੈਣ ਲਈ ਜਾ ਰਹੀਆਂ ਸਨ ਤਾਂ ਲਾੜਾ ਆ ਗਿਆ । ਇਸ ਲਈ ਜੋ ਤਿਆਰ ਸਨ, ਲਾੜੇ ਦੇ ਨਾਲ ਵਿਆਹ-ਭੋਜ ਦੇ ਲਈ ਅੰਦਰ ਚਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਹੋ ਗਿਆ । “ਬਾਅਦ ਵਿੱਚ ਬਾਕੀ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ‘ਸ੍ਰੀ ਮਾਨ ਜੀ, ਸ੍ਰੀ ਮਾਨ ਜੀ, ਸਾਡੇ ਲਈ ਦਰਵਾਜ਼ਾ ਖੋਲ੍ਹੋ!’ ਪਰ ਅੰਦਰੋਂ ਲਾੜੇ ਨੇ ਉੱਤਰ ਦਿੱਤਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ ।’ ਇਸ ਲਈ ਚੌਕਸ ਰਹੋ ਕਿਉਂਕਿ ਤੁਸੀਂ ਉਸ ਦਿਨ ਜਾਂ ਘੜੀ ਨੂੰ ਨਹੀਂ ਜਾਣਦੇ ।” “ਸਵਰਗ ਦਾ ਰਾਜ ਉਸ ਆਦਮੀ ਵਰਗਾ ਹੈ ਜਿਸ ਨੇ ਪਰਦੇਸ ਜਾਣ ਲੱਗੇ ਆਪਣੇ ਨੌਕਰਾਂ ਨੂੰ ਸੱਦ ਕੇ ਉਹਨਾਂ ਨੂੰ ਆਪਣੇ ਧਨ ਮਾਲ ਦੀ ਜ਼ਿੰਮੇਵਾਰੀ ਸੌਂਪੀ । ਉਸ ਨੇ ਹਰ ਇੱਕ ਨੂੰ ਉਸ ਦੀ ਯੋਗਤਾ ਅਨੁਸਾਰ ਦਿੱਤਾ: ਇੱਕ ਨੂੰ ਪੰਜ ਸੋਨੇ ਦੀਆਂ ਥੈਲੀਆਂ ਦਿੱਤੀਆਂ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ । ਫਿਰ ਉਹ ਪਰਦੇਸ ਚਲਾ ਗਿਆ । ਉਹ ਨੌਕਰ ਜਿਸ ਨੂੰ ਪੰਜ ਥੈਲੀਆਂ ਮਿਲੀਆਂ ਸਨ ਉਸ ਨੇ ਉਹਨਾਂ ਨਾਲ ਵਪਾਰ ਕੀਤਾ ਅਤੇ ਪੰਜ ਹੋਰ ਕਮਾ ਲਈਆਂ । ਇਸੇ ਤਰ੍ਹਾਂ ਜਿਸ ਨੂੰ ਦੋ ਮਿਲੀਆਂ ਸਨ ਉਸ ਨੇ ਦੋ ਹੋਰ ਕਮਾ ਲਈਆਂ । ਪਰ ਜਿਸ ਨੂੰ ਇੱਕ ਮਿਲੀ ਸੀ, ਉਹ ਗਿਆ ਅਤੇ ਉਸ ਨੇ ਜ਼ਮੀਨ ਵਿੱਚ ਟੋਇਆ ਪੁੱਟ ਕੇ ਆਪਣੇ ਮਾਲਕ ਦਾ ਧਨ ਉਸ ਵਿੱਚ ਦੱਬ ਦਿੱਤਾ । “ਕਾਫ਼ੀ ਸਮੇਂ ਦੇ ਬਾਅਦ ਉਹਨਾਂ ਨੌਕਰਾਂ ਦਾ ਮਾਲਕ ਵਾਪਸ ਆਇਆ ਅਤੇ ਉਹਨਾਂ ਤੋਂ ਹਿਸਾਬ ਮੰਗਿਆ । ਉਹ ਨੌਕਰ ਜਿਸ ਨੂੰ ਪੰਜ ਸੋਨੇ ਦੀਆਂ ਥੈਲੀਆਂ ਮਿਲੀਆਂ ਸਨ, ਉਸ ਨੇ ਆ ਕੇ ਪੰਜ ਹੋਰ ਥੈਲੀਆਂ ਮਾਲਕ ਨੂੰ ਦਿੱਤੀਆਂ । ਉਸ ਨੇ ਕਿਹਾ, ‘ਮਾਲਕ, ਤੁਸੀਂ ਤਾਂ ਮੈਨੂੰ ਪੰਜ ਥੈਲੀਆਂ ਦਿੱਤੀਆਂ ਸਨ ਪਰ ਦੇਖੋ, ਮੈਂ ਇਹਨਾਂ ਨਾਲ ਪੰਜ ਹੋਰ ਕਮਾ ਲਈਆਂ ਹਨ ।’ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਚੰਗੇ ਅਤੇ ਇਮਾਨਦਾਰ ਨੌਕਰ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ । ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’ ਫਿਰ ਉਸ ਨੌਕਰ ਨੇ ਜਿਸ ਨੂੰ ਦੋ ਥੈਲੀਆਂ ਮਿਲੀਆਂ ਸਨ, ਆਇਆ ਅਤੇ ਕਿਹਾ, ‘ਮਾਲਕ, ਤੁਸੀਂ ਤਾਂ ਮੈਨੂੰ ਦੋ ਥੈਲੀਆਂ ਦਿੱਤੀਆਂ ਸਨ ਪਰ ਦੇਖੋ, ਮੈਂ ਦੋ ਹੋਰ ਕਮਾ ਲਈਆਂ ਹਨ ।’ ਮਾਲਕ ਨੇ ਉਸ ਨੌਕਰ ਨੂੰ ਵੀ ਕਿਹਾ, ‘ਸ਼ਾਬਾਸ਼! ਚੰਗੇ ਅਤੇ ਇਮਾਨਦਾਰ ਨੌਕਰ, ਤੂੰ ਇੱਕ ਛੋਟੇ ਜਿਹੇ ਕੰਮ ਵਿੱਚ ਇਮਾਨਦਾਰ ਨਿਕਲਿਆ ਹੈਂ, ਮੈਂ ਤੈਨੂੰ ਬਹੁਤ ਵੱਡੇ ਕੰਮ ਦਾ ਅਧਿਕਾਰੀ ਬਣਾਵਾਂਗਾ । ਆ, ਅਤੇ ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਸ਼ਾਮਲ ਹੋ ।’ ਅੰਤ ਵਿੱਚ ਉਹ ਨੌਕਰ ਆਇਆ ਜਿਸ ਨੂੰ ਇੱਕ ਥੈਲੀ ਮਿਲੀ ਸੀ, ਉਸ ਨੇ ਕਿਹਾ, ‘ਮਾਲਕ, ਮੈਂ ਜਾਣਦਾ ਸੀ ਕਿ ਤੁਸੀਂ ਸਖ਼ਤ ਦਿਲ ਵਾਲੇ ਹੋ, ਤੁਸੀਂ ਉੱਥੋਂ ਵੱਢਦੇ ਹੋ ਜਿੱਥੇ ਤੁਸੀਂ ਨਹੀਂ ਬੀਜਿਆ ਅਤੇ ਤੁਸੀਂ ਉੱਥੋਂ ਇਕੱਠਾ ਕਰਦੇ ਹੋ ਜਿੱਥੇ ਤੁਸੀਂ ਛੱਟਾ ਨਹੀਂ ਦਿੱਤਾ । ਇਸ ਲਈ ਮੈਂ ਡਰ ਗਿਆ ਅਤੇ ਜਾ ਕੇ ਤੁਹਾਡਾ ਧਨ ਜ਼ਮੀਨ ਵਿੱਚ ਦੱਬ ਦਿੱਤਾ । ਇਸ ਲਈ ਇਹ ਜੋ ਤੁਹਾਡਾ ਧਨ ਸੀ, ਵਾਪਸ ਲੈ ਲਵੋ ।’ ਮਾਲਕ ਨੇ ਉਸ ਨੂੰ ਉੱਤਰ ਦਿੱਤਾ, ‘ਹੇ ਦੁਸ਼ਟ ਅਤੇ ਸੁਸਤ ਨੌਕਰ! ਤੂੰ ਇਹ ਜਾਣਦਾ ਸੀ ਕਿ ਮੈਂ ਉੱਥੋਂ ਵੱਢਦਾ ਹਾਂ ਜਿੱਥੇ ਮੈਂ ਨਹੀਂ ਬੀਜਿਆ ਅਤੇ ਉੱਥੋਂ ਫ਼ਸਲ ਇਕੱਠੀ ਕਰਦਾ ਹਾਂ ਜਿੱਥੇ ਮੈਂ ਛੱਟਾ ਨਹੀਂ ਦਿੱਤਾ । ਇਸ ਲਈ ਤੈਨੂੰ ਚਾਹੀਦਾ ਸੀ ਕਿ ਤੂੰ ਮੇਰਾ ਧਨ ਸ਼ਾਹੂਕਾਰਾਂ ਨੂੰ ਦੇ ਦਿੰਦਾ । ਮੈਂ ਉੱਥੋਂ ਇਸ ਨੂੰ ਵਿਆਜ ਸਮੇਤ ਵਾਪਸ ਲੈ ਲੈਂਦਾ । ਮਾਲਕ ਨੇ ਹੁਕਮ ਦਿੱਤਾ, “ਇਸ ਕੋਲੋਂ ਇਹ ਥੈਲੀ ਲੈ ਲਵੋ ਅਤੇ ਜਿਸ ਕੋਲ ਦਸ ਹਨ, ਉਸ ਨੂੰ ਦੇ ਦਿਓ ।” ਜਿਸ ਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਕਿ ਉਸ ਕੋਲ ਬਹੁਤ ਹੋ ਜਾਵੇ; ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਥੋੜ੍ਹਾ ਵੀ ਲੈ ਲਿਆ ਜਾਵੇਗਾ, ਜੋ ਉਸ ਕੋਲ ਹੈ । ਇਸ ਨਿਕੰਮੇ ਨੌਕਰ ਨੂੰ ਬਾਹਰ ਹਨੇਰੇ ਵਿੱਚ ਸੁੱਟ ਦਿਓ ਜਿੱਥੇ ਰੋਣਾ ਅਤੇ ਦੰਦਾਂ ਦਾ ਪੀਹਣਾ ਹੋਵੇਗਾ ।’” “ਜਦੋਂ ਮਨੁੱਖ ਦਾ ਪੁੱਤਰ ਆਪਣੀ ਮਹਿਮਾ ਅਤੇ ਆਪਣੇ ਸਭ ਸਵਰਗਦੂਤਾਂ ਦੇ ਨਾਲ ਆਵੇਗਾ ਤਾਂ ਉਹ ਆਪਣੇ ਸ਼ਾਹੀ ਸਿੰਘਾਸਣ ਉੱਤੇ ਬੈਠੇਗਾ । ਉਸ ਸਮੇਂ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਸਾਹਮਣੇ ਇਕੱਠੀਆਂ ਕੀਤੀਆਂ ਜਾਣਗੀਆਂ । ਉਹ ਉਹਨਾਂ ਨੂੰ ਦੋ ਹਿੱਸਿਆਂ ਵਿੱਚ ਵੰਡੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ । ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ । ਫਿਰ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ: ‘ਮੇਰੇ ਪਿਤਾ ਦੇ ਧੰਨ ਲੋਕੋ, ਆਓ, ਅਤੇ ਉਸ ਰਾਜ ਨੂੰ ਲਵੋ ਜੋ ਤੁਹਾਡੇ ਲਈ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ । ਮੈਂ ਭੁੱਖਾ ਸੀ, ਤੁਸੀਂ ਮੈਨੂੰ ਭੋਜਨ ਦਿੱਤਾ; ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਪਿਲਾਇਆ; ਮੈਂ ਪਰਦੇਸੀ ਸੀ, ਤੁਸੀਂ ਆਪਣੇ ਘਰ ਵਿੱਚ ਮੇਰਾ ਸੁਆਗਤ ਕੀਤਾ; ਮੈਂ ਨੰਗਾ ਸੀ, ਤੁਸੀਂ ਮੈਨੂੰ ਕੱਪੜੇ ਦਿੱਤੇ; ਮੈਂ ਬਿਮਾਰ ਸੀ, ਤੁਸੀਂ ਮੇਰੀ ਖ਼ਬਰ ਲਈ; ਅਤੇ ਮੈਂ ਕੈਦ ਵਿੱਚ ਸੀ, ਤੁਸੀਂ ਮੇਰੇ ਕੋਲ ਆਏ ।’ ਨੇਕ ਲੋਕ ਉਸ ਸਮੇਂ ਉੱਤਰ ਦੇਣਗੇ: ‘ਪ੍ਰਭੂ ਜੀ, ਕਦੋਂ ਅਸੀਂ ਤੁਹਾਨੂੰ ਭੁੱਖਾ ਦੇਖਿਆ ਅਤੇ ਤੁਹਾਨੂੰ ਭੋਜਨ ਦਿੱਤਾ; ਜਾਂ ਪਿਆਸਾ ਦੇਖਿਆ ਅਤੇ ਤੁਹਾਨੂੰ ਪਾਣੀ ਦਿੱਤਾ? ਕਦੋਂ ਅਸੀਂ ਤੁਹਾਨੂੰ ਪਰਦੇਸੀ ਦੇਖਿਆ ਅਤੇ ਆਪਣੇ ਘਰ ਵਿੱਚ ਤੁਹਾਡਾ ਸੁਆਗਤ ਕੀਤਾ; ਜਾਂ ਨੰਗਾ ਦੇਖਿਆ ਅਤੇ ਤੁਹਾਨੂੰ ਕੱਪੜੇ ਦਿੱਤੇ? ਕਦੋਂ ਅਸੀਂ ਤੁਹਾਨੂੰ ਬਿਮਾਰ ਜਾਂ ਕੈਦ ਵਿੱਚ ਦੇਖਿਆ ਅਤੇ ਤੁਹਾਡੀ ਖ਼ਬਰ ਲੈਣ ਗਏ?’ ਰਾਜਾ ਉਹਨਾਂ ਨੂੰ ਉਸ ਸਮੇਂ ਉੱਤਰ ਦੇਵੇਗਾ: ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਕਦੀ ਤੁਸੀਂ ਇਹਨਾਂ ਮੇਰੇ ਛੋਟੇ ਤੋਂ ਛੋਟੇ ਭਰਾਵਾਂ ਅਤੇ ਭੈਣਾਂ ਵਿੱਚੋਂ ਕਿਸੇ ਨਾਲ ਇਹ ਕੀਤਾ, ਤੁਸੀਂ ਅਸਲ ਵਿੱਚ ਮੇਰੇ ਨਾਲ ਹੀ ਕੀਤਾ ।’ “ਫਿਰ ਰਾਜਾ ਆਪਣੇ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ: ‘ਤੁਸੀਂ ਜੋ ਪਰਮੇਸ਼ਰ ਦੇ ਸਰਾਪ ਹੇਠ ਹੋ, ਮੇਰੇ ਸਾਹਮਣਿਓਂ ਉਸ ਹਮੇਸ਼ਾ ਬਲਣ ਵਾਲੀ ਅੱਗ ਵਿੱਚ ਚਲੇ ਜਾਵੋ ਜੋ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ । ਕਿਉਂਕਿ ਮੈਂ ਭੁੱਖਾ ਸੀ, ਤੁਸੀਂ ਮੈਨੂੰ ਭੋਜਨ ਨਾ ਦਿੱਤਾ; ਮੈਂ ਪਿਆਸਾ ਸੀ, ਤੁਸੀਂ ਮੈਨੂੰ ਪਾਣੀ ਨਾ ਦਿੱਤਾ; ਮੈਂ ਪਰਦੇਸੀ ਸੀ ਪਰ ਤੁਸੀਂ ਆਪਣੇ ਘਰ ਵਿੱਚ ਮੇਰਾ ਸੁਆਗਤ ਨਾ ਕੀਤਾ । ਮੈਂ ਨੰਗਾ ਸੀ ਪਰ ਤੁਸੀਂ ਮੈਨੂੰ ਕੱਪੜੇ ਨਾ ਦਿੱਤੇ; ਮੈਂ ਬਿਮਾਰ ਸੀ ਅਤੇ ਕੈਦ ਵਿੱਚ ਸੀ ਪਰ ਤੁਸੀਂ ਮੇਰੀ ਖ਼ਬਰ ਲੈਣ ਨਾ ਆਏ ।’ ਉਸ ਸਮੇਂ ਉਹ ਉੱਤਰ ਦੇਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੁਹਾਨੂੰ ਭੁੱਖਾ ਜਾਂ ਪਿਆਸਾ ਜਾਂ ਨੰਗਾ ਜਾਂ ਬਿਮਾਰ ਜਾਂ ਕੈਦ ਵਿੱਚ ਦੇਖਿਆ ਅਤੇ ਤੁਹਾਡੀ ਮਦਦ ਨਾ ਕੀਤੀ?’ ਰਾਜਾ ਉਹਨਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜਦੋਂ ਵੀ ਤੁਸੀਂ ਇਹਨਾਂ ਵਿੱਚੋਂ ਕਿਸੇ ਛੋਟੇ ਤੋਂ ਛੋਟੇ ਦੇ ਨਾਲ ਇਹ ਨਾ ਕੀਤਾ ਤਾਂ ਸਮਝੋ ਕਿ ਤੁਸੀਂ ਮੇਰੇ ਨਾਲ ਵੀ ਨਾ ਕੀਤਾ ।’ ਇਹ ਸਭ ਅਨੰਤ ਸਜ਼ਾ ਦੇ ਭਾਗੀ ਹੋਣਗੇ ਅਤੇ ਨੇਕ ਲੋਕ ਅਨੰਤ ਜੀਵਨ ਦੇ ਭਾਗੀ ਹੋਣਗੇ ।” ਇਹ ਸਭ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਦੋ ਦਿਨਾਂ ਦੇ ਬਾਅਦ ਪਸਾਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ ਉੱਤੇ ਚੜ੍ਹਾਉਣ ਦੇ ਲਈ ਫੜਵਾਇਆ ਜਾਵੇਗਾ ।” ਤਦ ਪ੍ਰਧਾਨ-ਪੁਰੋਹਿਤ ਅਤੇ ਲੋਕਾਂ ਦੇ ਬਜ਼ੁਰਗ ਆਗੂ, ਕਾਇਫ਼ਾ ਨਾਂ ਦੇ ਮਹਾਂ-ਪੁਰੋਹਿਤ ਦੇ ਘਰ ਇਕੱਠੇ ਹੋਏ । ਉਹ ਮਿਲ ਕੇ ਵਿਉਂਤ ਬਣਾਉਣ ਲੱਗੇ ਕਿ ਯਿਸੂ ਨੂੰ ਧੋਖੇ ਨਾਲ ਫੜ ਕੇ ਮਾਰ ਦੇਣ । ਪਰ ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ ਕਿ ਕਿਤੇ ਲੋਕ ਦੰਗਾ ਨਾ ਕਰ ਦੇਣ ।” ਜਦੋਂ ਯਿਸੂ ਬੈਤਨੀਆ ਪਿੰਡ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਗਏ ਤਾਂ ਉਸ ਸਮੇਂ ਉੱਥੇ ਉਹਨਾਂ ਕੋਲ ਇੱਕ ਔਰਤ ਆਈ । ਉਸ ਔਰਤ ਕੋਲ ਸੰਗਮਰਮਰ ਦੀ ਅਤਰਦਾਨੀ ਵਿੱਚ ਕੀਮਤੀ ਅਤਰ ਸੀ । ਫਿਰ ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਉਸ ਨੇ ਇਹ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ । ਪਰ ਚੇਲੇ ਇਹ ਦੇਖ ਕੇ ਗੁੱਸੇ ਹੋਏ ਅਤੇ ਉਹਨਾਂ ਨੇ ਕਿਹਾ, “ਇਹ ਇਸ ਤਰ੍ਹਾਂ ਬਰਬਾਦ ਕਿਉਂ ਕੀਤਾ ਗਿਆ? ਇਹ ਅਤਰ ਕਾਫ਼ੀ ਕੀਮਤ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗਰੀਬਾਂ ਨੂੰ ਵੰਡਿਆ ਜਾ ਸਕਦਾ ਸੀ ।” ਯਿਸੂ ਨੇ ਇਹ ਜਾਣਦੇ ਹੋਏ ਕਿ ਉਹ ਕੀ ਕਹਿੰਦੇ ਸਨ, ਚੇਲਿਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਤੰਗ ਕਰ ਰਹੇ ਹੋ? ਉਸ ਨੇ ਮੇਰੇ ਨਾਲ ਇੱਕ ਬਹੁਤ ਚੰਗਾ ਕੰਮ ਕੀਤਾ ਹੈ । ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ । ਉਸ ਨੇ ਇਹ ਅਤਰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੇਰੇ ਦਫ਼ਨਾਉਣ ਲਈ ਕੀਤਾ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਕਿਤੇ ਵੀ ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ, ਉੱਥੇ ਜੋ ਕੁਝ ਇਸ ਨੇ ਕੀਤਾ ਹੈ, ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।” ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ ਅਤੇ ਪੁੱਛਿਆ, “ਜੇਕਰ ਮੈਂ ਯਿਸੂ ਨੂੰ ਤੁਹਾਡੇ ਹੱਥ ਫੜਵਾ ਦੇਵਾਂ ਤਾਂ ਤੁਸੀਂ ਮੈਨੂੰ ਕੀ ਦੇਵੋਗੇ?” ਉਹਨਾਂ ਨੇ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਗਿਣ ਕੇ ਦੇ ਦਿੱਤੇ । ਇਸ ਲਈ ਉਸ ਸਮੇਂ ਤੋਂ ਯਹੂਦਾ ਕਿਸੇ ਇਹੋ ਜਿਹੇ ਮੌਕੇ ਦੀ ਭਾਲ ਵਿੱਚ ਰਹਿਣ ਲੱਗਾ ਕਿ ਉਹ ਕਦੋਂ ਯਿਸੂ ਨੂੰ ਫੜਵਾਏ । ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਪਸਾਹ ਦਾ ਭੋਜ ਤਿਆਰ ਕਰੀਏ?” ਯਿਸੂ ਨੇ ਉੱਤਰ ਦਿੱਤਾ, “ਸ਼ਹਿਰ ਵਿੱਚ ਇੱਕ ਆਦਮੀ ਦੇ ਕੋਲ ਜਾਓ ਅਤੇ ਉਸ ਨੂੰ ਕਹੋ: ‘ਗੁਰੂ ਜੀ ਕਹਿੰਦੇ ਹਨ ਕਿ ਮੇਰਾ ਠਹਿਰਾਇਆ ਹੋਇਆ ਸਮਾਂ ਨੇੜੇ ਹੈ । ਮੈਂ ਆਪਣੇ ਚੇਲਿਆਂ ਦੇ ਨਾਲ ਤੇਰੇ ਘਰ ਪਸਾਹ ਮਨਾਵਾਂਗਾ ।’” ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਹੁਕਮ ਦਿੱਤਾ ਸੀ ਅਤੇ ਪਸਾਹ ਦਾ ਭੋਜ ਤਿਆਰ ਕੀਤਾ । ਜਦੋਂ ਸ਼ਾਮ ਪੈ ਗਈ ਤਾਂ ਯਿਸੂ ਆਪਣੇ ਚੇਲਿਆਂ ਦੇ ਨਾਲ ਭੋਜਨ ਕਰਨ ਦੇ ਲਈ ਬੈਠੇ । ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ ।” ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਪੁੱਛਣ ਲੱਗੇ, “ਕੀ ਉਹ ਮੈਂ ਹਾਂ, ਪ੍ਰਭੂ ਜੀ?” ਯਿਸੂ ਨੇ ਉੱਤਰ ਦਿੱਤਾ, “ਜੋ ਮੇਰੇ ਨਾਲ ਇਸ ਹੀ ਕਟੋਰੇ ਵਿੱਚ ਹੱਥ ਪਾ ਰਿਹਾ ਹੈ, ਮੈਨੂੰ ਫੜਵਾਏਗਾ । ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ; ਪਰ ਹਾਏ ਉਸ ਆਦਮੀ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।” ਯਹੂਦਾ ਨੇ ਜੋ ਯਿਸੂ ਨੂੰ ਫੜਵਾਉਣ ਵਾਲਾ ਸੀ, ਕਿਹਾ, “ਗੁਰੂ ਜੀ, ਕੀ ਉਹ ਮੈਂ ਹਾਂ?” ਯਿਸੂ ਨੇ ਉੱਤਰ ਦਿੱਤਾ, “ਤੂੰ ਆਪ ਹੀ ਕਹਿ ਦਿੱਤਾ ਹੈ ।” ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਅਸੀਸ ਮੰਗ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਲਓ ਅਤੇ ਖਾਓ, ਇਹ ਮੇਰਾ ਸਰੀਰ ਹੈ ।” ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਦਿੱਤਾ, “ਇਸ ਵਿੱਚੋਂ ਤੁਸੀਂ ਸਾਰੇ ਪੀਓ, ਕਿਉਂਕਿ ਇਹ ਮੇਰਾ ਪਰਮੇਸ਼ਰ ਦੇ ਨਵੇਂ ਨੇਮ ਦਾ ਲਹੂ ਹੈ ਜੋ ਬਹੁਤਿਆਂ ਦੇ ਲਈ, ਉਹਨਾਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ । ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਅੱਜ ਤੋਂ ਬਾਅਦ ਇਹ ਮੈ ਉਸ ਦਿਨ ਤੱਕ ਤੁਹਾਡੇ ਨਾਲ ਕਦੀ ਨਹੀਂ ਪੀਵਾਂਗਾ ਜਦੋਂ ਤੱਕ ਕਿ ਆਪਣੇ ਪਿਤਾ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।” ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ । ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਅੱਜ ਦੀ ਰਾਤ ਨੂੰ ਹੀ ਤੁਸੀਂ ਸਭ ਮੈਨੂੰ ਛੱਡ ਜਾਓਗੇ; ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ, ਅਤੇ ਇੱਜੜ ਦੀਆਂ ਭੇਡਾਂ ਤਿਤਰ-ਬਿਤਰ ਹੋ ਜਾਣਗੀਆਂ ।’ “ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ, ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।” ਪਤਰਸ ਨੇ ਉੱਤਰ ਦਿੱਤਾ, “ਭਾਵੇਂ ਇਹ ਸਾਰੇ ਤੁਹਾਨੂੰ ਛੱਡ ਜਾਣ ਪਰ ਮੈਂ ਕਦੀ ਵੀ ਤੁਹਾਨੂੰ ਨਹੀਂ ਛੱਡਾਂਗਾ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਦੀ ਰਾਤ ਨੂੰ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਪਤਰਸ ਨੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ!” ਇਸੇ ਤਰ੍ਹਾਂ ਬਾਕੀ ਸਭ ਚੇਲਿਆਂ ਨੇ ਵੀ ਕਿਹਾ । ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਗਤਸਮਨੀ ਨਾਂ ਦੀ ਥਾਂ ਤੇ ਆਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਉੱਥੇ ਅੱਗੇ ਜਾ ਕੇ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ ।” ਫਿਰ ਉਹਨਾਂ ਨੇ ਪਤਰਸ ਅਤੇ ਜ਼ਬਦੀ ਦੇ ਦੋਨਾਂ ਪੁੱਤਰਾਂ ਨੂੰ ਆਪਣੇ ਨਾਲ ਲਿਆ । ਯਿਸੂ ਪਰੇਸ਼ਾਨ ਅਤੇ ਬਹੁਤ ਦੁਖੀ ਹੋਣ ਲੱਗੇ । ਇਸ ਲਈ ਯਿਸੂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਨ ਵਾਲੀ ਹੈ । ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ ।” ਯਿਸੂ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਮੂੰਹ ਭਾਰ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਹੋ ਸਕਦਾ ਹੈ ਤਾਂ ਮੇਰੇ ਕੋਲੋਂ ਇਹ ਦੁੱਖਾਂ ਦਾ ਪਿਆਲਾ ਦੂਰ ਕਰੋ । ਫਿਰ ਵੀ ਮੇਰੀ ਇੱਛਾ ਨਹੀਂ ਸਗੋਂ ਤੁਹਾਡੀ ਇੱਛਾ ਪੂਰੀ ਹੋਵੇ ।” ਫਿਰ ਯਿਸੂ ਵਾਪਸ ਆਏ ਤਾਂ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ । ਤਦ ਉਹਨਾਂ ਨੇ ਪਤਰਸ ਨੂੰ ਕਿਹਾ, “ਕੀ ਤੁਸੀਂ ਇੱਕ ਘੰਟਾ ਵੀ ਮੇਰੇ ਨਾਲ ਜਾਗ ਨਾ ਸਕੇ? ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।” ਯਿਸੂ ਫਿਰ ਦੂਜੀ ਵਾਰ ਗਏ ਅਤੇ ਪ੍ਰਾਰਥਨਾ ਕਰਨ ਲੱਗੇ, “ਹੇ ਮੇਰੇ ਪਿਤਾ, ਜੇਕਰ ਇਹ ਪਿਆਲਾ ਮੇਰੇ ਲਈ ਪੀਣਾ ਜ਼ਰੂਰੀ ਹੈ ਤਾਂ ਤੁਹਾਡੀ ਇੱਛਾ ਪੂਰੀ ਹੋਵੇ ।” ਉਹ ਇੱਕ ਵਾਰ ਫਿਰ ਵਾਪਸ ਆਏ ਅਤੇ ਚੇਲਿਆਂ ਨੂੰ ਫਿਰ ਸੁੱਤੇ ਹੋਏ ਦੇਖਿਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ । ਯਿਸੂ ਤੀਜੀ ਵਾਰ ਉਹਨਾਂ ਨੂੰ ਛੱਡ ਕੇ ਗਏ ਅਤੇ ਪਹਿਲਾਂ ਵਾਂਗ ਪ੍ਰਾਰਥਨਾ ਕਰਨ ਲੱਗੇ । ਫਿਰ ਉਹ ਚੇਲਿਆਂ ਕੋਲ ਵਾਪਸ ਆਏ ਅਤੇ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਹੋਏ ਅਤੇ ਅਰਾਮ ਕਰ ਰਹੇ ਹੋ? ਦੇਖੋ, ਉਹ ਘੜੀ ਆ ਪਹੁੰਚੀ ਹੈ ਜਦੋਂ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ । ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!” ਅਜੇ ਯਿਸੂ ਕਹਿ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ, ਜਿਸ ਦਾ ਨਾਂ ਯਹੂਦਾ ਸੀ, ਆਇਆ, ਜਿਸ ਦੇ ਨਾਲ ਲੋਕਾਂ ਦੀ ਇੱਕ ਵੱਡੀ ਭੀੜ ਸੀ । ਇਹ ਲੋਕ ਮਹਾਂ-ਪੁਰੋਹਿਤਾਂ ਅਤੇ ਯਹੂਦੀ ਆਗੂਆਂ ਦੁਆਰਾ ਭੇਜੇ ਗਏ ਸਨ । ਫੜਵਾਉਣ ਵਾਲੇ ਨੇ ਉਹਨਾਂ ਲੋਕਾਂ ਨੂੰ ਇਹ ਚਿੰਨ੍ਹ ਦਿੱਤਾ ਹੋਇਆ ਸੀ: “ਜਿਸ ਨੂੰ ਮੈਂ ਚੁੰਮਾਂ, ਉਹ ਹੀ ਹੈ । ਉਸ ਨੂੰ ਫੜ ਲੈਣਾ ।” ਇਸ ਲਈ ਜਦੋਂ ਯਹੂਦਾ ਆਇਆ, ਉਹ ਇਕਦਮ ਯਿਸੂ ਕੋਲ ਗਿਆ ਅਤੇ ਕਿਹਾ, “ਗੁਰੂ ਜੀ, ਨਮਸਕਾਰ!” ਅਤੇ ਉਹਨਾਂ ਨੂੰ ਚੁੰਮ ਲਿਆ । ਯਿਸੂ ਨੇ ਉਸ ਨੂੰ ਕਿਹਾ, “ਮਿੱਤਰ, ਜੋ ਕੁਝ ਤੂੰ ਕਰਨ ਆਇਆ ਹੈਂ, ਉਹ ਕਰ ।” ਫਿਰ ਉਹ ਲੋਕ ਅੱਗੇ ਵਧੇ ਅਤੇ ਯਿਸੂ ਨੂੰ ਗਰਿਫ਼ਤਾਰ ਕਰ ਲਿਆ । ਉਹਨਾਂ ਵਿੱਚੋਂ, ਜੋ ਯਿਸੂ ਦੇ ਨਾਲ ਸਨ, ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਨੌਕਰ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ । ਪਰ ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਰੱਖ ਕਿਉਂਕਿ ਉਹ ਸਭ ਜੋ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਨਾਸ਼ ਹੋਣਗੇ । ਕੀ ਤੁਸੀਂ ਜਾਣਦੇ ਨਹੀਂ ਕਿ ਮੈਂ ਆਪਣੇ ਪਿਤਾ ਨੂੰ ਮਦਦ ਲਈ ਕਹਿ ਸਕਦਾ ਹਾਂ ਅਤੇ ਉਹ ਉਸੇ ਸਮੇਂ ਸਵਰਗਦੂਤਾਂ ਦੀਆਂ ਬਾਰ੍ਹਾਂ ਫ਼ੋਜਾਂ ਤੋਂ ਵੀ ਵੱਧ ਮੇਰੇ ਕੋਲ ਭੇਜ ਦੇਣਗੇ? ਪਰ ਫਿਰ ਨਬੀਆਂ ਦੀਆਂ ਲਿਖਤਾਂ ਕਿਸ ਤਰ੍ਹਾਂ ਪੂਰੀਆਂ ਹੋਣਗੀਆਂ ਜੋ ਕਹਿੰਦੇ ਹਨ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ?” ਉਸ ਸਮੇਂ ਯਿਸੂ ਨੇ ਭੀੜ ਦੇ ਲੋਕਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਡਾਕੂ ਹਾਂ? ਮੈਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ । ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ ।” ਤਦ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਭੱਜ ਗਏ । ਯਿਸੂ ਨੂੰ ਫੜਨ ਵਾਲੇ ਉਹਨਾਂ ਨੂੰ ਮਹਾਂ-ਪੁਰੋਹਿਤ ਕਾਇਫ਼ਾ ਦੇ ਕੋਲ ਲੈ ਗਏ, ਜਿੱਥੇ ਵਿਵਸਥਾ ਦੇ ਸਿੱਖਿਅਕ ਅਤੇ ਯਹੂਦੀਆਂ ਦੇ ਬਜ਼ੁਰਗ ਆਗੂ ਇਕੱਠੇ ਸਨ । ਪਤਰਸ ਯਿਸੂ ਦੇ ਪਿੱਛੇ ਕੁਝ ਦੂਰੀ ਤੇ ਰਹਿ ਕੇ ਮਹਾਂ-ਪੁਰੋਹਿਤ ਦੇ ਘਰ ਦੇ ਵਿਹੜੇ ਤੱਕ ਗਿਆ । ਉਹ ਵਿਹੜੇ ਦੇ ਅੰਦਰ ਗਿਆ ਅਤੇ ਸੇਵਕਾਂ ਦੇ ਨਾਲ ਬੈਠ ਗਿਆ ਕਿ ਇਸ ਸਭਾ ਦਾ ਅੰਤ ਦੇਖੇ । ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਇਹੋ ਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ । ਪਰ ਉਹ ਕੋਈ ਸਬੂਤ ਨਾ ਲੱਭ ਸਕੇ । ਇੱਥੋਂ ਤੱਕ ਕਿ ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ । ਅੰਤ ਵਿੱਚ ਦੋ ਆਦਮੀ ਅੱਗੇ ਆਏ ਅਤੇ ਕਹਿਣ ਲੱਗੇ, “ਇਸ ਮਨੁੱਖ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਹੈਕਲ ਢਾਹ ਸਕਦਾ ਹਾਂ ਅਤੇ ਤਿੰਨ ਦਿਨਾਂ ਦੇ ਬਾਅਦ ਫਿਰ ਇਸ ਨੂੰ ਬਣਾ ਸਕਦਾ ਹਾਂ ।’” ਫਿਰ ਮਹਾਂ-ਪੁਰੋਹਿਤ ਖੜ੍ਹਾ ਹੋ ਕੇ ਯਿਸੂ ਨੂੰ ਪੁੱਛਣ ਲੱਗਾ, “ਕੀ ਤੇਰੇ ਕੋਲ ਕੋਈ ਉੱਤਰ ਨਹੀਂ ਹੈ? ਇਹ ਲੋਕ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?” ਪਰ ਯਿਸੂ ਚੁੱਪ ਰਹੇ । ਤਦ ਮਹਾਂ-ਪੁਰੋਹਿਤ ਨੇ ਯਿਸੂ ਨੂੰ ਪੁੱਛਿਆ, “ਮੈਂ ਤੈਨੂੰ ਜਿਊਂਦੇ ਪਰਮੇਸ਼ਰ ਦੇ ਨਾਮ ਦੀ ਸੌਂਹ ਦਿੰਦਾ ਹਾਂ, ਸਾਨੂੰ ਦੱਸ, ਕੀ ਤੂੰ ‘ ਮਸੀਹ ’ ਪਰਮੇਸ਼ਰ ਦਾ ਪੁੱਤਰ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਇਹ ਕਹਿੰਦੇ ਹੋ । ਪਰ ਮੈਂ ਤੁਹਾਨੂੰ ਸਭ ਨੂੰ ਦੱਸਦਾ ਹਾਂ ਕਿ ਇਸ ਤੋਂ ਬਾਅਦ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵਸ਼ਕਤੀਮਾਨ ਦੇ ਸੱਜੇ ਪਾਸੇ ਬੈਠਾ ਅਤੇ ਬੱਦਲਾਂ ਉੱਤੇ ਆਉਂਦਾ ਦੇਖੋਗੇ ।” ਇਹ ਸੁਣ ਕੇ ਮਹਾਂ-ਪੁਰੋਹਿਤ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹੀਆਂ ਦੀ ਕੀ ਲੋੜ ਹੈ? ਹੁਣ ਤੁਸੀਂ ਆਪ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ! ਤੁਹਾਡਾ ਕੀ ਵਿਚਾਰ ਹੈ?” ਉਹਨਾਂ ਨੇ ਕਿਹਾ, “ਇਹ ਮੌਤ ਦੀ ਸਜ਼ਾ ਦੇ ਯੋਗ ਹੈ ।” ਤਦ ਉਹਨਾਂ ਨੇ ਯਿਸੂ ਦੇ ਮੂੰਹ ਉੱਤੇ ਥੁੱਕਿਆ ਅਤੇ ਉਸ ਨੂੰ ਮੁੱਕੇ ਮਾਰੇ । ਕੁਝ ਨੇ ਇਹ ਕਹਿੰਦੇ ਹੋਏ ਚਪੇੜਾਂ ਮਾਰੀਆਂ, “ਹੇ ਮਸੀਹ, ਭਵਿੱਖਬਾਣੀ ਕਰ ਕੇ ਸਾਨੂੰ ਦੱਸ ਕਿ ਤੈਨੂੰ ਕਿਸ ਨੇ ਮਾਰਿਆ ਹੈ?” ਪਤਰਸ ਅਜੇ ਬਾਹਰ ਵਿਹੜੇ ਵਿੱਚ ਹੀ ਬੈਠਾ ਹੋਇਆ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਦਾਸੀ ਉਸ ਦੇ ਕੋਲ ਆਈ ਅਤੇ ਕਿਹਾ, “ਤੂੰ ਵੀ ਗਲੀਲ ਨਿਵਾਸੀ ਯਿਸੂ ਦੇ ਨਾਲ ਸੀ ।” ਪਰ ਪਤਰਸ ਨੇ ਇਸ ਦਾ ਸਭ ਦੇ ਸਾਹਮਣੇ ਇਨਕਾਰ ਕੀਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਕਿ ਤੂੰ ਕਿਸ ਦੇ ਬਾਰੇ ਗੱਲ ਕਰ ਰਹੀ ਹੈਂ ।” ਇਹ ਕਹਿ ਕੇ ਉਹ ਉੱਥੋਂ ਵਿਹੜੇ ਦੇ ਬਾਹਰਲੇ ਫਾਟਕ ਵਿੱਚ ਚਲਾ ਗਿਆ । ਉੱਥੇ ਇੱਕ ਦੂਜੀ ਦਾਸੀ ਨੇ ਉਸ ਨੂੰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਨਾਸਰਤ ਨਿਵਾਸੀ ਯਿਸੂ ਦੇ ਨਾਲ ਸੀ ।” ਪਰ ਪਤਰਸ ਨੇ ਫਿਰ ਸੌਂਹ ਚੁੱਕ ਕੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ!” ਕੁਝ ਸਮੇਂ ਦੇ ਬਾਅਦ ਉੱਥੇ ਖੜ੍ਹੇ ਆਦਮੀ ਪਤਰਸ ਕੋਲ ਆਏ ਅਤੇ ਕਿਹਾ, “ਇਹ ਸੱਚ ਹੈ ਕਿ ਤੂੰ ਵੀ ਉਹਨਾਂ ਵਿੱਚੋਂ ਇੱਕ ਹੈਂ, ਕਿਉਂਕਿ ਤੇਰੇ ਬੋਲਣ ਦਾ ਢੰਗ ਇਹ ਪ੍ਰਗਟ ਕਰਦਾ ਹੈ ।” ਤਦ ਪਤਰਸ ਆਪਣੇ ਆਪ ਨੂੰ ਬੁਰਾ ਭਲਾ ਕਹਿਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਮੈਂ ਉਸ ਆਦਮੀ ਨੂੰ ਬਿਲਕੁਲ ਨਹੀਂ ਜਾਣਦਾ ।” ਇਕਦਮ ਕੁੱਕੜ ਨੇ ਬਾਂਗ ਦਿੱਤੀ । ਉਸ ਸਮੇਂ ਪਤਰਸ ਨੂੰ ਯਿਸੂ ਦੇ ਕਹੇ ਸ਼ਬਦ ਯਾਦ ਆਏ, “ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਬਾਹਰ ਗਿਆ ਅਤੇ ਧਾਹਾਂ ਮਾਰ ਕੇ ਰੋਣ ਲੱਗਾ । ਅਗਲੀ ਸਵੇਰ ਮਹਾਂ-ਪੁਰੋਹਿਤਾਂ ਅਤੇ ਯਹੂਦੀਆਂ ਦੇ ਬਜ਼ੁਰਗ ਆਗੂਆਂ ਨੇ ਮਿਲ ਕੇ ਯਿਸੂ ਦੇ ਵਿਰੁੱਧ ਉਹਨਾਂ ਨੂੰ ਮਾਰਨ ਦੀ ਵਿਉਂਤ ਬਣਾਈ । ਉਹ ਯਿਸੂ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ । ਫਿਰ ਜਦੋਂ ਵਿਸ਼ਵਾਸਘਾਤੀ ਯਹੂਦਾ ਨੇ ਦੇਖਿਆ ਕਿ ਯਿਸੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਤਾਂ ਉਹ ਪਛਤਾਇਆ ਅਤੇ ਚਾਂਦੀ ਦੇ ਸਿੱਕੇ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਕੋਲ ਵਾਪਸ ਲੈ ਗਿਆ । ਉਸ ਨੇ ਉਹਨਾਂ ਨੂੰ ਕਿਹਾ, “ਮੈਂ ਇੱਕ ਬੇਕਸੂਰ ਨੂੰ ਮੌਤ ਦੀ ਸਜ਼ਾ ਦੇ ਲਈ ਫੜਵਾ ਕੇ ਉਸ ਨਾਲ ਪਾਪ ਕੀਤਾ ਹੈ ।” ਪਰ ਉਹਨਾਂ ਨੇ ਉੱਤਰ ਦਿੱਤਾ, “ਇਸ ਨਾਲ ਸਾਨੂੰ ਕੀ? ਤੂੰ ਹੀ ਜਾਣ!” ਤਦ ਯਹੂਦਾ ਚਾਂਦੀ ਦੇ ਉਹ ਤੀਹ ਸਿੱਕੇ ਹੈਕਲ ਵਿੱਚ ਸੁੱਟ ਕੇ ਉੱਥੋਂ ਚਲਾ ਗਿਆ ਅਤੇ ਜਾ ਕੇ ਆਤਮ-ਹੱਤਿਆ ਕਰ ਲਈ । ਮਹਾਂ-ਪੁਰੋਹਿਤਾਂ ਨੇ ਉਹ ਸਿੱਕੇ ਚੁੱਕ ਲਏ ਅਤੇ ਕਿਹਾ, “ਇਹ ਲਹੂ ਦਾ ਮੁੱਲ ਹੈ, ਇਸ ਲਈ ਇਹਨਾਂ ਨੂੰ ਹੈਕਲ ਦੇ ਖ਼ਜ਼ਾਨੇ ਵਿੱਚ ਰੱਖਣਾ ਸਾਡੇ ਵਿਵਸਥਾ ਦੇ ਵਿਰੁੱਧ ਹੈ ।” ਇਸ ਲਈ ਉਹਨਾਂ ਨੇ ਮਿਲ ਕੇ ਸਲਾਹ ਕੀਤੀ ਅਤੇ ਉਹਨਾਂ ਚਾਂਦੀ ਦੇ ਸਿੱਕਿਆਂ ਨਾਲ ਘੁਮਾਰ ਦਾ ਖੇਤ ਪਰਦੇਸੀਆਂ ਦੇ ਕਬਰਸਤਾਨ ਦੇ ਲਈ ਮੁੱਲ ਲੈ ਲਿਆ । ਇਸ ਕਾਰਨ ਉਸ ਖੇਤ ਦਾ ਨਾਂ ਅੱਜ ਤੱਕ ‘ਲਹੂ ਦਾ ਖੇਤ’ ਹੈ । ਇਸ ਦੇ ਰਾਹੀਂ ਯਿਰਮਿਯਾਹ ਨਬੀ ਦਾ ਕਿਹਾ ਹੋਇਆ ਇਹ ਵਚਨ ਪੂਰਾ ਹੋਇਆ: “ਉਹਨਾਂ ਨੇ ਚਾਂਦੀ ਦੇ ਤੀਹ ਸਿੱਕੇ ਲੈ ਲਏ, ਜੋ ਮੁੱਲ ਇਸਰਾਏਲ ਦੇ ਲੋਕਾਂ ਨੇ ਮਿੱਥਿਆ ਸੀ, ਅਤੇ ਉਹਨਾਂ ਨੇ ਉਹਨਾਂ ਸਿੱਕਿਆਂ ਦੇ ਨਾਲ ਘੁਮਾਰ ਦਾ ਖੇਤ ਮੁੱਲ ਲਿਆ, ਜਿਸ ਤਰ੍ਹਾਂ ਪ੍ਰਭੂ ਨੇ ਮੈਨੂੰ ਹੁਕਮ ਦਿੱਤਾ ਸੀ ।” ਫਿਰ ਯਿਸੂ ਨੂੰ ਰਾਜਪਾਲ ਦੇ ਸਾਹਮਣੇ ਪੇਸ਼ ਕੀਤਾ ਗਿਆ । ਰਾਜਪਾਲ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ।” ਪਰ ਯਿਸੂ ਨੇ ਉਹਨਾਂ ਦੋਸ਼ਾਂ ਦਾ ਕੋਈ ਉੱਤਰ ਨਾ ਦਿੱਤਾ ਜੋ ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਉਹਨਾਂ ਉੱਤੇ ਲਾ ਰਹੇ ਸਨ । ਇਸ ਲਈ ਪਿਲਾਤੁਸ ਨੇ ਯਿਸੂ ਨੂੰ ਕਿਹਾ, “ਕੀ ਤੂੰ ਇਹ ਸਭ ਗਵਾਹੀਆਂ ਨਹੀਂ ਸੁਣ ਰਿਹਾ ਜੋ ਉਹ ਤੇਰੇ ਵਿਰੁੱਧ ਦੇ ਰਹੇ ਹਨ?” ਪਰ ਯਿਸੂ ਨੇ ਆਪਣੇ ਮੂੰਹ ਤੋਂ ਇੱਕ ਵੀ ਸ਼ਬਦ ਨਾ ਕਿਹਾ ਜਿਸ ਤੋਂ ਰਾਜਪਾਲ ਨੂੰ ਬਹੁਤ ਹੈਰਾਨੀ ਹੋਈ । ਹੁਣ ਪਸਾਹ ਦੇ ਤਿਉਹਾਰ ਤੇ ਰਾਜਪਾਲ ਦੀ ਇਹ ਰੀਤ ਸੀ ਕਿ ਉਹ ਇੱਕ ਕੈਦੀ ਨੂੰ ਜਿਸ ਨੂੰ ਲੋਕ ਚਾਹੁੰਦੇ ਸਨ, ਛੱਡ ਦਿੰਦਾ ਸੀ । ਉਸ ਸਮੇਂ ਕੈਦ ਵਿੱਚ ਇੱਕ ਬਦਨਾਮ ਕੈਦੀ ਸੀ, ਜਿਸ ਦਾ ਨਾਂ ਬਰੱਬਾਸ ਸੀ । ਇਸ ਲਈ ਜਦੋਂ ਲੋਕ ਇਕੱਠੇ ਹੋਏ, ਤਾਂ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਛੱਡਾਂ: ਬਰੱਬਾਸ ਨੂੰ ਜਾਂ ਯਿਸੂ ਨੂੰ ਜੋ ‘ ਮਸੀਹ ’ ਅਖਵਾਉਂਦਾ ਹੈ?” ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਯਿਸੂ ਨੂੰ ਕੇਵਲ ਈਰਖਾ ਦੇ ਕਾਰਨ ਫੜਵਾਇਆ ਹੈ । ਜਦੋਂ ਪਿਲਾਤੁਸ ਨਿਆਂ ਗੱਦੀ ਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਬੇਕਸੂਰ ਆਦਮੀ ਨੂੰ ਕੁਝ ਨਾ ਕਹਿਣਾ, ਕਿਉਂਕਿ ਇਸ ਦੇ ਕਾਰਨ ਅੱਜ ਮੈਂ ਸੁਪਨੇ ਵਿੱਚ ਬਹੁਤ ਦੁੱਖ ਝੱਲਿਆ ਹੈ ।” ਪਰ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਲੋਕਾਂ ਨੂੰ ਭੜਕਾਇਆ ਕਿ ਬਰੱਬਾਸ ਨੂੰ ਛੱਡਣ ਦੀ ਮੰਗ ਕਰਨ ਅਤੇ ਯਿਸੂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ । ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, “ਦੋਨਾਂ ਵਿੱਚੋਂ ਮੈਂ ਕਿਸ ਨੂੰ ਤੁਹਾਡੇ ਲਈ ਛੱਡਾਂ?” ਉਹਨਾਂ ਨੇ ਉੱਤਰ ਦਿੱਤਾ, “ਬਰੱਬਾਸ ਨੂੰ ।” ਤਦ ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਤਾਂ ਫਿਰ ਮੈਂ ਯਿਸੂ ਨਾਲ, ਜੋ ‘ ਮਸੀਹ ’ ਅਖਵਾਉਂਦਾ ਹੈ, ਕੀ ਕਰਾਂ?” ਉਹਨਾਂ ਸਭਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਉਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕਿਉਂ, ਉਸ ਨੇ ਕੀ ਅਪਰਾਧ ਕੀਤਾ ਹੈ?” ਤਦ ਉਹਨਾਂ ਨੇ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਸ ਨੂੰ ਸਲੀਬ ਉੱਤੇ ਚੜ੍ਹਾਓ!” ਜਦੋਂ ਪਿਲਾਤੁਸ ਨੇ ਇਹ ਦੇਖਿਆ ਕਿ ਇਸ ਤਰ੍ਹਾਂ ਕੁਝ ਨਹੀਂ ਬਣ ਰਿਹਾ ਸਗੋਂ ਫ਼ਸਾਦ ਵੱਧਦਾ ਹੀ ਜਾਂਦਾ ਹੈ; ਤਾਂ ਉਸ ਨੇ ਪਾਣੀ ਲਿਆ ਅਤੇ ਭੀੜ ਦੇ ਸਾਹਮਣੇ ਇਹ ਕਹਿੰਦੇ ਹੋਏ ਆਪਣੇ ਹੱਥ ਧੋਤੇ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ, ਇਸ ਦੇ ਲਹੂ ਦੇ ਜ਼ਿਮੇਵਾਰ ਤੁਸੀਂ ਹੋ!” ਸਾਰੇ ਲੋਕਾਂ ਨੇ ਉੱਤਰ ਦਿੱਤਾ, “ਇਸ ਦਾ ਲਹੂ ਸਾਡੇ ਅਤੇ ਸਾਡੀ ਸੰਤਾਨ ਦੇ ਉੱਤੇ ਹੋਵੇ!” ਤਦ ਪਿਲਾਤੁਸ ਨੇ ਉਹਨਾਂ ਦੇ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕਰ ਦਿੱਤਾ । ਫਿਰ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਉਹਨਾਂ ਨੇ ਉੱਥੇ ਆਪਣੇ ਸਭ ਸਾਥੀ ਫ਼ੋਜੀਆਂ ਨੂੰ ਵੀ ਸੱਦ ਲਿਆ । ਸਿਪਾਹੀਆਂ ਨੇ ਯਿਸੂ ਦੇ ਕੱਪੜੇ ਉਤਾਰ ਦਿੱਤੇ ਅਤੇ ਉਹਨਾਂ ਨੂੰ ਲਾਲ ਰੰਗ ਦਾ ਚੋਗਾ ਪਵਾ ਦਿੱਤਾ । ਫਿਰ ਸਿਪਾਹੀਆਂ ਨੇ ਇੱਕ ਕੰਢਿਆਂ ਦਾ ਤਾਜ ਬਣਾ ਕੇ ਯਿਸੂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਾਇਆ । ਉਹ ਗੋਡੇ ਟੇਕ ਕੇ ਯਿਸੂ ਦੇ ਅੱਗੇ ਮਖ਼ੌਲ ਦੇ ਤੌਰ ਤੇ ਇਹ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਉਹਨਾਂ ਨੇ ਯਿਸੂ ਦੇ ਉੱਤੇ ਥੁੱਕਿਆ ਅਤੇ ਇੱਕ ਕਾਨਾ ਲੈ ਕੇ ਉਹਨਾਂ ਦੇ ਸਿਰ ਉੱਤੇ ਮਾਰਿਆ । ਇਸ ਤਰ੍ਹਾਂ ਜਦੋਂ ਉਹ ਯਿਸੂ ਨੂੰ ਮਖ਼ੌਲ ਕਰ ਚੁੱਕੇ ਤਦ ਉਹਨਾਂ ਨੇ ਚੋਗਾ ਲਾਹ ਲਿਆ ਅਤੇ ਯਿਸੂ ਦੇ ਕੱਪੜੇ ਉਹਨਾਂ ਨੂੰ ਪੁਆਏ । ਫਿਰ ਉਹ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ । ਜਦੋਂ ਉਹ ਬਾਹਰ ਜਾ ਰਹੇ ਸਨ, ਤਦ ਰਾਹ ਵਿੱਚ ਉਹਨਾਂ ਨੂੰ ਸ਼ਮਊਨ ਨਾਂ ਦਾ ਇੱਕ ਆਦਮੀ ਮਿਲਿਆ, ਜੋ ਕੁਰੈਨੀ ਸੀ । ਸਿਪਾਹੀਆਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ । ਉਹ ‘ਗੁਲਗਥਾ’ ਨਾਂ ਦੀ ਥਾਂ ਤੇ ਆਏ ਜਿਸ ਦਾ ਅਰਥ ਹੈ, ‘ਖੋਪੜੀ ਦੀ ਥਾਂ ।’ ਉੱਥੇ ਉਹਨਾਂ ਨੇ ਯਿਸੂ ਨੂੰ ਪਿਤ ਨਾਲ ਮਿਲੀ ਹੋਈ ਮੈ ਪੀਣ ਲਈ ਦਿੱਤੀ ਪਰ ਜਦੋਂ ਯਿਸੂ ਨੇ ਚੱਖੀ ਤਾਂ ਉਹਨਾਂ ਨੇ ਪੀਣ ਤੋਂ ਇਨਕਾਰ ਕਰ ਦਿੱਤਾ । ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਅਤੇ ਸਿਪਾਹੀਆਂ ਨੇ ਯਿਸੂ ਦੇ ਕੱਪੜੇ ਗੁਣਾ ਪਾ ਕੇ ਆਪਸ ਵਿੱਚ ਵੰਡ ਲਏ । ਇਸ ਦੇ ਬਾਅਦ ਉਹ ਉੱਥੇ ਬੈਠ ਕੇ ਪਹਿਰਾ ਦੇਣ ਲੱਗੇ । ਉਹਨਾਂ ਨੇ ਯਿਸੂ ਦੇ ਸਿਰ ਤੋਂ ਉੱਪਰ ਸਲੀਬ ਉੱਤੇ ਦੋਸ਼-ਪੱਤਰ ਲਿਖ ਕੇ ਲਾਇਆ, “ਇਹ ਯਿਸੂ ਹੈ ਜੋ ਯਹੂਦੀਆਂ ਦਾ ਰਾਜਾ ਹੈ ।” ਉਸ ਸਮੇਂ ਉਹਨਾਂ ਨੇ ਦੋ ਡਾਕੂਆਂ ਨੂੰ ਵੀ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਇਆ । ਇੱਕ ਨੂੰ ਉਹਨਾਂ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ ਪਾਸੇ । ਲੋਕ ਜੋ ਉੱਥੋਂ ਦੀ ਜਾ ਰਹੇ ਸਨ, ਯਿਸੂ ਦੀ ਨਿੰਦਾ ਕਰਦੇ ਜਾਂਦੇ ਅਤੇ ਸਿਰ ਹਿਲਾ ਹਿਲਾ ਕੇ ਕਹਿੰਦੇ ਸਨ, “ ਹੈਕਲ ਦੇ ਢਾਉਣ ਵਾਲੇ ਅਤੇ ਤਿੰਨਾਂ ਦਿਨਾਂ ਵਿੱਚ ਉਸਾਰਨ ਵਾਲੇ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਬਚਾਅ ਅਤੇ ਸਲੀਬ ਤੋਂ ਉਤਰ ਆ ।” ਇਸੇ ਤਰ੍ਹਾਂ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕ ਅਤੇ ਬਜ਼ੁਰਗ ਆਗੂਆਂ ਨੇ ਵੀ ਮਖ਼ੌਲ ਕੀਤੇ । ਉਹ ਕਹਿੰਦੇ ਸਨ, “ਇਸ ਨੇ ਦੂਜਿਆਂ ਨੂੰ ਬਚਾਇਆ ਹੈ ਪਰ ਆਪਣੇ ਆਪ ਨੂੰ ਨਹੀਂ ਬਚਾਅ ਸਕਦਾ! ਇਹ ਇਸਰਾਏਲ ਦਾ ਰਾਜਾ ਹੈ! ਜੇਕਰ ਇਹ ਸਲੀਬ ਤੋਂ ਉਤਰ ਆਵੇ ਤਾਂ ਅਸੀਂ ਇਸ ਉੱਤੇ ਵਿਸ਼ਵਾਸ ਕਰਾਂਗੇ । ਇਸ ਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ । ਪਰ ਜੇਕਰ ਪਰਮੇਸ਼ਰ ਚਾਹੁੰਦਾ ਹੈ ਤਾਂ ਇਸ ਨੂੰ ਬਚਾਵੇ! ਇਸ ਨੇ ਇਹ ਵੀ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ ।’” ਇਸੇ ਤਰ੍ਹਾਂ ਜੋ ਡਾਕੂ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ, ਉਹ ਵੀ ਉਹਨਾਂ ਨੂੰ ਬੁਰਾ ਭਲਾ ਕਹਿ ਰਹੇ ਸਨ । ਜਦੋਂ ਦੁਪਹਿਰ ਹੋਈ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਦਿਨ ਦੇ ਤਿੰਨ ਵਜੇ ਤੱਕ ਰਿਹਾ । ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਏਲੀ, ਏਲੀ, ਲਮਾ ਸਬਤਕਤਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?” ਜੋ ਉੱਥੇ ਖੜ੍ਹੇ ਸਨ, ਉਹਨਾਂ ਨੇ ਇਹ ਸੁਣਿਆ ਅਤੇ ਉਹਨਾਂ ਵਿੱਚੋਂ ਕੁਝ ਨੇ ਕਿਹਾ, “ਦੇਖੋ, ਉਹ ਏਲੀਯਾਹ ਨੂੰ ਸੱਦ ਰਿਹਾ ਹੈ ।” ਉਸੇ ਸਮੇਂ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਵਿੱਚ ਡੋਬਿਆ ਅਤੇ ਯਿਸੂ ਦੇ ਮੂੰਹ ਨੂੰ ਲਾ ਦਿੱਤਾ । ਪਰ ਦੂਜਿਆਂ ਨੇ ਕਿਹਾ, “ਠਹਿਰੋ, ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਬਚਾਉਣ ਆਉਂਦਾ ਹੈ!” ਤਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ । ਅਤੇ ਦੇਖੋ, ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਗਿਆ! ਧਰਤੀ ਹਿੱਲ ਗਈ ਅਤੇ ਚੱਟਾਨਾਂ ਪਾਟ ਗਈਆਂ । ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਪਰਮੇਸ਼ਰ ਦੇ ਭਗਤ ਜਿਊਂਦੇ ਹੋ ਗਏ ਜੋ ਮਰ ਗਏ ਸਨ । ਯਿਸੂ ਦੇ ਜੀਅ ਉੱਠਣ ਦੇ ਬਾਅਦ ਉਹ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ । ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਸਿਪਾਹੀਆਂ ਨੇ ਜੋ ਉਸ ਵੇਲੇ ਯਿਸੂ ਤੇ ਪਹਿਰਾ ਦੇ ਰਹੇ ਸਨ, ਧਰਤੀ ਹਿੱਲਦੀ ਦੇਖੀ ਅਤੇ ਇਹ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਡਰ ਗਏ । ਉਹਨਾਂ ਨੇ ਕਿਹਾ, “ਇਹ ਸੱਚਮੁੱਚ ਹੀ ਪਰਮੇਸ਼ਰ ਦਾ ਪੁੱਤਰ ਸੀ!” ਉੱਥੇ ਬਹੁਤ ਸਾਰੀਆਂ ਔਰਤਾਂ ਉਸ ਸਮੇਂ ਕੁਝ ਦੂਰ ਖੜ੍ਹੀਆਂ ਇਹ ਦੇਖ ਰਹੀਆਂ ਸਨ ਜੋ ਯਿਸੂ ਦੇ ਪਿੱਛੇ ਪਿੱਛੇ ਗਲੀਲ ਤੋਂ ਆਈਆਂ ਅਤੇ ਉਹਨਾਂ ਦੀ ਸੇਵਾ ਕਰਦੀਆਂ ਸਨ । ਉਹਨਾਂ ਵਿੱਚ ਮਰੀਅਮ ਮਗਦਲੀਨੀ, ਯਾਕੂਬ ਅਤੇ ਯੂਸਫ਼ ਦੀ ਮਾਂ ਮਰੀਅਮ ਅਤੇ ਜ਼ਬਦੀ ਦੀ ਪਤਨੀ ਵੀ ਸਨ । ਜਦੋਂ ਸ਼ਾਮ ਹੋ ਗਈ ਤਾਂ ਅਰਿਮਤੀਆ ਨਿਵਾਸੀ ਇੱਕ ਧਨੀ ਆਦਮੀ ਜਿਸ ਦਾ ਨਾਂ ਯੂਸਫ਼ ਸੀ, ਆਇਆ । ਉਹ ਵੀ ਯਿਸੂ ਦਾ ਚੇਲਾ ਸੀ । ਉਹ ਪਿਲਾਤੁਸ ਰਾਜਪਾਲ ਕੋਲ ਗਿਆ ਅਤੇ ਯਿਸੂ ਦੀ ਲਾਸ਼ ਮੰਗੀ । ਪਿਲਾਤੁਸ ਨੇ ਯੂਸਫ਼ ਨੂੰ ਲਾਸ਼ ਦੇਣ ਦਾ ਹੁਕਮ ਦਿੱਤਾ । ਇਸ ਲਈ ਯੂਸਫ਼ ਨੇ ਲਾਸ਼ ਲਈ ਅਤੇ ਇੱਕ ਮਲਮਲ ਦੀ ਚਾਦਰ ਵਿੱਚ ਲਪੇਟੀ ਅਤੇ ਆਪਣੀ ਨਵੀਂ ਬਣੀ ਕਬਰ ਵਿੱਚ ਰੱਖ ਦਿੱਤੀ । ਇਹ ਕਬਰ ਚੱਟਾਨ ਦੇ ਵਿੱਚ ਖੋਦੀ ਹੋਈ ਸੀ । ਇਹ ਕਰਨ ਦੇ ਬਾਅਦ ਉਸ ਨੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੇੜ੍ਹ ਦਿੱਤਾ ਅਤੇ ਉੱਥੋਂ ਚਲਾ ਗਿਆ । ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਉਸ ਵੇਲੇ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਹੋਈਆਂ ਸਨ । ਅਗਲੇ ਦਿਨ ਤਿਆਰੀ ਦੇ ਦਿਨ ਦੇ ਬਾਅਦ, ਮਹਾਂ-ਪੁਰੋਹਿਤ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਆਏ । ਉਹਨਾਂ ਨੇ ਕਿਹਾ, “ਸ੍ਰੀ ਮਾਨ ਜੀ, ਸਾਨੂੰ ਯਾਦ ਹੈ ਕਿ ਉਹ ਧੋਖੇਬਾਜ਼ ਜਦੋਂ ਜਿਊਂਦਾ ਸੀ ਤਾਂ ਉਸ ਨੇ ਕਿਹਾ ਸੀ ਕਿ ਮੈਂ ਤਿੰਨ ਦਿਨਾਂ ਬਾਅਦ ਜੀਅ ਉੱਠਾਂਗਾ । ਇਸ ਲਈ ਹੁਕਮ ਦੇਵੋ ਕਿ ਕਬਰ ਦੀ ਤਿੰਨ ਦਿਨਾਂ ਤੱਕ ਸੁਰੱਖਿਆ ਕੀਤੀ ਜਾਵੇ ਤਾਂ ਜੋ ਉਸ ਦੇ ਚੇਲੇ ਆ ਕੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਨਾ ਲੈ ਜਾਣ ਅਤੇ ਫਿਰ ਲੋਕਾਂ ਨੂੰ ਕਹਿਣ, ‘ਉਹ ਮੁਰਦਿਆਂ ਵਿੱਚੋਂ ਜਿਊਂਦਾ ਹੋ ਗਿਆ ਹੈ ।’ ਜੇਕਰ ਇਹ ਹੋ ਗਿਆ ਤਾਂ ਇਹ ਅੰਤਮ ਝੂਠ ਪਹਿਲੇ ਤੋਂ ਵੀ ਬੁਰਾ ਸਿੱਧ ਹੋਵੇਗਾ ।” ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਪਹਿਰੇਦਾਰ ਤੁਹਾਡੇ ਕੋਲ ਹਨ ਇਸ ਲਈ ਜਾਓ, ਅਤੇ ਕਬਰ ਦੀ ਸੁਰੱਖਿਆ ਆਪਣੀ ਸਮਝ ਅਨੁਸਾਰ ਕਰੋ ।” ਇਸ ਲਈ ਉਹ ਗਏ ਅਤੇ ਕਬਰ ਦੇ ਪੱਥਰ ਨੂੰ ਮੋਹਰ ਲਾ ਕੇ ਸੁਰੱਖਿਅਤ ਕਰ ਦਿੱਤਾ । ਫਿਰ ਉਹਨਾਂ ਨੇ ਉੱਥੇ ਪਹਿਰੇਦਾਰ ਬਿਠਾ ਦਿੱਤੇ । ਸਬਤ ਤੋਂ ਬਾਅਦ ਐਤਵਾਰ ਦੇ ਦਿਨ ਤੜਕੇ ਸੂਰਜ ਨਿਕਲਨ ਤੋਂ ਪਹਿਲਾਂ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਦੇਖਣ ਦੇ ਲਈ ਗਈਆਂ । ਅਤੇ ਦੇਖੋ, ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉਤਰ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ੍ਹ ਕੇ ਉਸ ਉੱਤੇ ਬੈਠ ਗਿਆ । ਉਹ ਦੇਖਣ ਵਿੱਚ ਬਿਜਲੀ ਦੀ ਤਰ੍ਹਾਂ ਸੀ ਅਤੇ ਉਸ ਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ । ਪਹਿਰੇਦਾਰ ਇੰਨੇ ਡਰ ਗਏ ਕਿ ਉਹ ਕੰਬਣ ਲੱਗ ਗਏ ਅਤੇ ਮੁਰਦਿਆਂ ਦੇ ਵਾਂਗ ਹੋ ਗਏ । ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ । ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਲੱਭ ਰਹੀਆਂ ਹੋ ਜੋ ਸਲੀਬ ਉੱਤੇ ਚੜ੍ਹਾਏ ਗਏ ਸਨ । ਉਹ ਇੱਥੇ ਨਹੀਂ ਹਨ । ਉਹ ਆਪਣੇ ਵਚਨ ਦੇ ਅਨੁਸਾਰ ਜੀਅ ਉੱਠੇ ਹਨ । ਆਓ, ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ । ਇਸੇ ਸਮੇਂ ਜਾਓ ਅਤੇ ਉਹਨਾਂ ਦੇ ਚੇਲਿਆਂ ਨੂੰ ਇਹ ਸ਼ੁਭ ਸਮਾਚਾਰ ਦੇਵੋ, ‘ਉਹ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ । ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ ।’ ਦੇਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ ।” ਇਸ ਲਈ ਉਹ ਇਕਦਮ ਡਰਦੀਆਂ ਅਤੇ ਅਨੰਦ ਨਾਲ ਭਰੀਆਂ ਹੋਈਆਂ ਕਬਰ ਤੋਂ ਚਲੀਆਂ ਗਈਆਂ । ਉਹ ਦੌੜੀਆਂ ਕਿ ਜਾ ਕੇ ਯਿਸੂ ਦੇ ਚੇਲਿਆਂ ਨੂੰ ਖ਼ਬਰ ਦੇਣ । ਅਚਾਨਕ ਯਿਸੂ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ!” ਉਹ ਯਿਸੂ ਕੋਲ ਆਈਆਂ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਨੂੰ ਪਰਨਾਮ ਕੀਤਾ । ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ! ਜਾਓ, ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ । ਉੱਥੇ ਉਹ ਮੇਰੇ ਦਰਸ਼ਨ ਕਰਨਗੇ ।” ਜਦੋਂ ਔਰਤਾਂ ਅਜੇ ਜਾ ਹੀ ਰਹੀਆਂ ਸਨ ਤਾਂ ਕੁਝ ਪਹਿਰੇਦਾਰਾਂ ਨੇ ਸ਼ਹਿਰ ਵਿੱਚ ਜਾ ਕੇ ਸਭ ਕੁਝ ਜੋ ਹੋਇਆ ਸੀ, ਮਹਾਂ-ਪੁਰੋਹਿਤਾਂ ਨੂੰ ਦੱਸਿਆ । ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂ ਆਪਸ ਵਿੱਚ ਮਿਲੇ ਅਤੇ ਜਦੋਂ ਉਹਨਾਂ ਨੇ ਯੋਜਨਾ ਬਣਾ ਲਈ ਤਾਂ ਉਹਨਾਂ ਨੇ ਬਹੁਤ ਸਾਰਾ ਧਨ ਸਿਪਾਹੀਆਂ ਨੂੰ ਦੇ ਕੇ ਉਹਨਾਂ ਨੂੰ ਕਿਹਾ, “ਤੁਸੀਂ ਇਹ ਕਹਿਣਾ ਕਿ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਰਾਤ ਨੂੰ ਆਏ ਅਤੇ ਉਸ ਦੀ ਲਾਸ਼ ਨੂੰ ਚੋਰੀ ਕਰ ਕੇ ਲੈ ਗਏ । ਜੇਕਰ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚ ਗਈ ਤਾਂ ਅਸੀਂ ਸਭ ਸਾਂਭ ਲਵਾਂਗੇ । ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ।” ਪਹਿਰੇਦਾਰਾਂ ਨੇ ਧਨ ਲੈ ਲਿਆ ਅਤੇ ਜਿਸ ਤਰ੍ਹਾਂ ਉਹਨਾਂ ਨੂੰ ਸਿਖਾਇਆ ਸੀ ਉਸੇ ਤਰ੍ਹਾਂ ਕੀਤਾ । ਇਹ ਚਰਚਾ ਸਭ ਪਾਸੇ ਫੈਲ ਗਈ ਜੋ ਕਿ ਅੱਜ ਦੇ ਦਿਨ ਤੱਕ ਯਹੂਦੀਆਂ ਵਿੱਚ ਮਸ਼ਹੂਰ ਹੈ । ਗਿਆਰਾਂ ਚੇਲੇ ਗਲੀਲ ਦੇ ਉਸ ਪਹਾੜ ਉੱਤੇ ਗਏ ਜਿੱਥੇ ਉਹਨਾਂ ਨੂੰ ਯਿਸੂ ਨੇ ਜਾਣ ਦਾ ਹੁਕਮ ਦਿੱਤਾ ਸੀ । ਜਦੋਂ ਚੇਲਿਆਂ ਨੇ ਯਿਸੂ ਦੇ ਦਰਸ਼ਨ ਕੀਤੇ ਤਾਂ ਉਹਨਾਂ ਨੇ ਯਿਸੂ ਦੇ ਅੱਗੇ ਮੱਥਾ ਟੇਕਿਆ ਪਰ ਕੁਝ ਨੇ ਸ਼ੱਕ ਕੀਤਾ । ਯਿਸੂ ਨੇ ਉਹਨਾਂ ਦੇ ਕੋਲ ਆ ਕੇ ਕਿਹਾ, “ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ । ਇਸ ਲਈ ਜਾਓ, ਸਭ ਕੌਮਾਂ ਨੂੰ ਚੇਲੇ ਬਣਾਓ, ਉਹਨਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ । ਅਤੇ ਉਹਨਾਂ ਨੂੰ ਇਸ ਸਭ ਦਾ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਪਾਲਣਾ ਕਰਨੀ ਸਿਖਾਓ । ਅਤੇ ਦੇਖੋ, ਯੁੱਗ ਦੇ ਅੰਤ ਤੱਕ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ ।” ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਦੇ ਸ਼ੁਭ ਸਮਾਚਾਰ ਦੇ ਆਰੰਭ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਦੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ, ਜੋ ਤੇਰਾ ਰਾਹ ਤਿਆਰ ਕਰੇਗਾ । ਬੋਲਣ ਵਾਲਾ ਸੁੰਨਸਾਨ ਥਾਂ ਵਿੱਚ ਪੁਕਾਰ ਰਿਹਾ ਹੈ: ਪ੍ਰਭੂ ਦਾ ਰਾਹ ਤਿਆਰ ਕਰੋ । ਉਸ ਦੇ ਰਾਹਾਂ ਨੂੰ ਸਿੱਧੇ ਕਰੋ ।” ਯੂਹੰਨਾ ਆਇਆ ਜਿਹੜਾ ਸੁੰਨਸਾਨ ਥਾਂ ਵਿੱਚ ਪ੍ਰਚਾਰ ਕਰਦਾ ਅਤੇ ਬਪਤਿਸਮਾ ਦਿੰਦਾ ਸੀ । ਉਸ ਨੇ ਲੋਕਾਂ ਨੂੰ ਕਿਹਾ, “ਆਪਣੇ ਬੁਰੇ ਕੰਮਾਂ ਨੂੰ ਤਿਆਗੋ ਅਤੇ ਬਪਤਿਸਮਾ ਲਓ ਤਾਂ ਜੋ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨ ।” ਯਹੂਦਿਯਾ ਦੇਸ਼ ਦੇ ਸਾਰੇ ਲੋਕ ਅਤੇ ਯਰੂਸ਼ਲਮ ਸ਼ਹਿਰ ਦੇ ਸਾਰੇ ਰਹਿਣ ਵਾਲੇ ਉਸ ਦੇ ਕੋਲ ਆਏ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ, ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ । ਯੂਹੰਨਾ ਊਠ ਦੇ ਵਾਲਾਂ ਦਾ ਬਣਿਆ ਹੋਇਆ ਚੋਗਾ ਪਾਉਂਦਾ ਅਤੇ ਚਮੜੇ ਦੀ ਪੇਟੀ ਆਪਣੇ ਲੱਕ ਦੁਆਲੇ ਬੰਨ੍ਹਦਾ ਸੀ । ਉਸ ਦਾ ਭੋਜਨ ਟਿੱਡੀਆਂ ਅਤੇ ਜੰਗਲੀ ਸ਼ਹਿਦ ਸੀ । ਉਹ ਲੋਕਾਂ ਨੂੰ ਉਪਦੇਸ਼ ਦਿੰਦਾ ਸੀ, “ਮੇਰੇ ਬਾਅਦ ਇੱਕ ਆਉਣ ਵਾਲੇ ਮੇਰੇ ਤੋਂ ਜ਼ਿਆਦਾ ਸ਼ਕਤੀਮਾਨ ਹਨ, ਇੱਥੋਂ ਤੱਕ ਕਿ ਮੈਂ ਝੁੱਕ ਕੇ ਉਹਨਾਂ ਦੀ ਜੁੱਤੀ ਦੇ ਤਸਮੇ ਖੋਲ੍ਹਣ ਯੋਗ ਵੀ ਨਹੀਂ ਹਾਂ । ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣਗੇ ।” ਉਸ ਵੇਲੇ ਯਿਸੂ ਗਲੀਲ ਦੇ ਸ਼ਹਿਰ ਨਾਸਰਤ ਤੋਂ ਆਏ ਅਤੇ ਉਹਨਾਂ ਨੇ ਯਰਦਨ ਨਦੀ ਵਿੱਚ ਯੂਹੰਨਾ ਕੋਲੋਂ ਬਪਤਿਸਮਾ ਲਿਆ । ਜਦੋਂ ਯਿਸੂ ਪਾਣੀ ਵਿੱਚੋਂ ਬਾਹਰ ਆਏ ਤਾਂ ਉਸੇ ਸਮੇਂ ਉਹਨਾਂ ਨੇ ਅਸਮਾਨ ਨੂੰ ਖੁੱਲ੍ਹਦੇ ਦੇਖਿਆ ਅਤੇ ਪਵਿੱਤਰ ਆਤਮਾ ਨੂੰ ਘੁੱਗੀ ਦੇ ਵਾਂਗ ਆਪਣੇ ਉੱਤੇ ਉੱਤਰਦੇ ਦੇਖਿਆ, ਅਤੇ ਅਸਮਾਨ ਤੋਂ ਇੱਕ ਆਵਾਜ਼ ਆਈ: “ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖ਼ੁਸ਼ ਹਾਂ ।” ਉਸੇ ਸਮੇਂ ਪਵਿੱਤਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਅਤੇ ਉੱਥੇ ਉਹ ਚਾਲ੍ਹੀ ਦਿਨਾਂ ਤੱਕ ਰਹੇ । ਸ਼ੈਤਾਨ ਉਹਨਾਂ ਨੂੰ ਪਰਖਦਾ ਰਿਹਾ । ਯਿਸੂ ਜੰਗਲੀ ਜਾਨਵਰਾਂ ਦੇ ਵਿੱਚ ਰਹਿੰਦੇ ਸਨ ਅਤੇ ਸਵਰਗਦੂਤ ਉਹਨਾਂ ਦੀ ਸੇਵਾ ਕਰਦੇ ਸਨ । ਯੂਹੰਨਾ ਦੇ ਫੜੇ ਜਾਣ ਤੋਂ ਬਾਅਦ, ਯਿਸੂ ਗਲੀਲ ਵਿੱਚ ਆਏ ਅਤੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਲੱਗੇ । ਉਹਨਾਂ ਨੇ ਕਿਹਾ, “ਠੀਕ ਸਮਾਂ ਆ ਗਿਆ ਹੈ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਚੁੱਕਾ ਹੈ! ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਸ਼ੁਭ ਸਮਾਚਾਰ ਉੱਤੇ ਵਿਸ਼ਵਾਸ ਕਰੋ!” ਗਲੀਲ ਦੀ ਝੀਲ ਦੇ ਕੰਢੇ ਉੱਤੇ ਫਿਰਦੇ ਹੋਇਆਂ, ਯਿਸੂ ਨੇ ਦੋ ਮੱਛੀਆਂ ਫੜਨ ਵਾਲੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਦੇਖਿਆ ਜੋ ਝੀਲ ਵਿੱਚ ਆਪਣੇ ਜਾਲ ਪਾ ਰਹੇ ਸਨ । ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਚੱਲੋ, ਮੈਂ ਤੁਹਾਨੂੰ ਮਨੁੱਖਾਂ ਦੇ ਫੜਨ ਵਾਲੇ ਬਣਾਵਾਂਗਾ ।” ਉਹ ਇਕਦਮ ਆਪਣੇ ਜਾਲਾਂ ਨੂੰ ਛੱਡ ਕੇ ਉਹਨਾਂ ਦੇ ਪਿੱਛੇ ਚੱਲ ਪਏ । ਉਹ ਥੋੜ੍ਹਾ ਅੱਗੇ ਵਧੇ ਤਾਂ ਉਹਨਾਂ ਨੇ ਦੋ ਭਰਾਵਾਂ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਪਿਤਾ ਜ਼ਬਦੀ ਦੇ ਨਾਲ ਕਿਸ਼ਤੀ ਵਿੱਚ ਜਾਲਾਂ ਨੂੰ ਠੀਕ ਕਰਦੇ ਦੇਖਿਆ । ਯਿਸੂ ਨੇ ਉਸੇ ਸਮੇਂ ਉਹਨਾਂ ਨੂੰ ਵੀ ਆਪਣੇ ਪਿੱਛੇ ਚੱਲਣ ਦਾ ਸੱਦਾ ਦਿੱਤਾ । ਉਹ ਵੀ ਆਪਣੇ ਪਿਤਾ ਜ਼ਬਦੀ ਨੂੰ ਕਿਸ਼ਤੀ ਵਿੱਚ ਕਾਮਿਆਂ ਦੇ ਨਾਲ ਛੱਡ ਕੇ ਉਹਨਾਂ ਦੇ ਪਿੱਛੇ ਤੁਰ ਪਏ । ਯਿਸੂ ਅਤੇ ਉਹਨਾਂ ਦੇ ਚੇਲੇ ਕਫ਼ਰਨਾਹੂਮ ਵਿੱਚ ਆਏ । ਫਿਰ ਸਬਤ ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । ਲੋਕ ਉਹਨਾਂ ਦੀ ਸਿੱਖਿਆ ਨੂੰ ਸੁਣ ਕੇ ਬਹੁਤ ਹੈਰਾਨ ਹੋਏ; ਕਿਉਂਕਿ ਉਹ ਵਿਵਸਥਾ ਦੇ ਸਿੱਖਿਅਕਾਂ ਵਾਂਗ ਨਹੀਂ ਸਗੋਂ ਪੂਰੇ ਅਧਿਕਾਰ ਨਾਲ ਸਿੱਖਿਆ ਦਿੰਦੇ ਸਨ । ਉਸ ਸਮੇਂ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ । ਉਸ ਨੇ ਚੀਕ ਕੇ ਕਿਹਾ, “ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਕੰਮ? ਕੀ ਤੁਸੀਂ ਸਾਡਾ ਨਾਸ਼ ਕਰਨ ਆਏ ਹੋ? ਮੈਂ ਜਾਣਦੀ ਹਾਂ ਕਿ ਤੁਸੀਂ ਕੌਣ ਹੋ, ਤੁਸੀਂ ਪਰਮੇਸ਼ਰ ਦੇ ਭੇਜੇ ਹੋਏ ਪਵਿੱਤਰ ਮਨੁੱਖ ਹੋ!” ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਹੁਕਮ ਦਿੱਤਾ, “ਚੁੱਪ ਰਹਿ, ਅਤੇ ਉਸ ਦੇ ਵਿੱਚੋਂ ਨਿਕਲ ਜਾ!” ਅਸ਼ੁੱਧ ਆਤਮਾ ਨੇ ਆਦਮੀ ਨੂੰ ਝੰਜੋੜਿਆ ਅਤੇ ਉੱਚੀ ਆਵਾਜ਼ ਨਾਲ ਚੀਕ ਮਾਰ ਕੇ ਉਸ ਵਿੱਚੋਂ ਨਿਕਲ ਗਈ । ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੀ ਹੈ? ਇੱਕ ਨਵੀਂ ਅਧਿਕਾਰ ਭਰੀ ਸਿੱਖਿਆ! ਉਹ ਅਸ਼ੁੱਧ ਆਤਮਾਵਾਂ ਨੂੰ ਅਧਿਕਾਰ ਦੇ ਨਾਲ ਹੁਕਮ ਦਿੰਦੇ ਹਨ ਅਤੇ ਉਹ ਵੀ ਉਹਨਾਂ ਦਾ ਹੁਕਮ ਮੰਨਦੀਆਂ ਹਨ!” ਇਸ ਤਰ੍ਹਾਂ ਯਿਸੂ ਦੀ ਚਰਚਾ ਹਰ ਥਾਂ ਹੋਣ ਲੱਗੀ ਅਤੇ ਉਹਨਾਂ ਦੀ ਪ੍ਰਸਿੱਧੀ ਸਾਰੇ ਗਲੀਲ ਵਿੱਚ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ । ਯਿਸੂ ਪ੍ਰਾਰਥਨਾ ਘਰ ਤੋਂ ਬਾਹਰ ਆਉਣ ਦੇ ਬਾਅਦ ਇਕਦਮ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਗਏ । ਯਾਕੂਬ ਅਤੇ ਯੂਹੰਨਾ ਵੀ ਉਹਨਾਂ ਦੇ ਨਾਲ ਸਨ । ਉੱਥੇ ਸ਼ਮਊਨ ਦੀ ਸੱਸ ਬੁਖ਼ਾਰ ਨਾਲ ਪਈ ਹੋਈ ਸੀ । ਉਹਨਾਂ ਨੇ ਉਸ ਦੇ ਬਾਰੇ ਯਿਸੂ ਨੂੰ ਦੱਸਿਆ । ਉਹ ਉੁਸ ਦੇ ਕੋਲ ਆਏੇ ਅਤੇ ਹੱਥ ਤੋਂ ਫੜ ਕੇ ਉਸ ਨੂੰ ਉਠਾਇਆ । ਉਸ ਦਾ ਬੁਖ਼ਾਰ ਉਸੇ ਸਮੇਂ ਉਤਰ ਗਿਆ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗੀ । ਸ਼ਾਮ ਦੇ ਸਮੇਂ ਸੂਰਜ ਡੁੱਬਣ ਦੇ ਬਾਅਦ ਲੋਕ ਬਹੁਤ ਸਾਰੇ ਰੋਗੀਆਂ ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਕੋਲ ਲਿਆਏ ਅਤੇ ਸਾਰਾ ਸ਼ਹਿਰ ਦਰਵਾਜ਼ੇ ਦੇ ਅੱਗੇ ਇਕੱਠਾ ਹੋ ਗਿਆ । ਯਿਸੂ ਨੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਨਾਲ ਰੋਗੀ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਉਹਨਾਂ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਕਿਉਂਕਿ ਉਹ ਯਿਸੂ ਨੂੰ ਪਛਾਣਦੀਆਂ ਸਨ ਕਿ ਉਹ ਕੌਣ ਸਨ । ਸਵੇਰੇ, ਸੂਰਜ ਨਿਕਲਨ ਤੋਂ ਪਹਿਲਾਂ ਹੀ ਯਿਸੂ ਉੱਠੇ ਅਤੇ ਇਕਾਂਤ ਵਿੱਚ ਚਲੇ ਗਏ । ਉੱਥੇ ਉਹ ਪ੍ਰਾਰਥਨਾ ਕਰਨ ਲੱਗੇ । ਪਰ ਸ਼ਮਊਨ ਅਤੇ ਉਸ ਦੇ ਸਾਥੀ ਉਹਨਾਂ ਨੂੰ ਲੱਭਣ ਲਈ ਆਏ । ਜਦੋਂ ਉਹਨਾਂ ਨੇ ਯਿਸੂ ਨੂੰ ਲੱਭ ਲਿਆ ਤਾਂ ਕਹਿਣ ਲੱਗੇ, “ਸਾਰੇ ਲੋਕ ਤੁਹਾਨੂੰ ਲੱਭ ਰਹੇ ਹਨ ।” ਯਿਸੂ ਨੇ ਉਹਨਾਂ ਨੂੰ ਕਿਹਾ, “ਆਓ, ਅਸੀਂ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂ ਜੋ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ ।” ਇਸ ਲਈ ਉਹਨਾਂ ਨੇ ਸਾਰੇ ਗਲੀਲ ਦਾ ਦੌਰਾ ਕਰਦੇ ਹੋਏ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਪ੍ਰਚਾਰ ਕੀਤਾ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਿਆ । ਇੱਕ ਵਾਰ ਇੱਕ ਕੋੜ੍ਹੀ ਯਿਸੂ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੇ ਬੇਨਤੀ ਕੀਤੀ, “ਜੇਕਰ ਤੁਸੀਂ ਚਾਹੋ ਤਾਂ ਮੇਰਾ ਕੋੜ੍ਹ ਦੂਰ ਹੋ ਸਕਦਾ ਹੈ ।” ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਠੀਕ ਹੋ ਜਾ!” ਉਸੇ ਸਮੇਂ ਉਸ ਦਾ ਕੋੜ੍ਹ ਦੂਰ ਹੋ ਗਿਆ ਅਤੇ ਉਸ ਦਾ ਸਰੀਰ ਸਾਫ਼ ਹੋ ਗਿਆ । ਫਿਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਇਹ ਕਹਿ ਕੇ ਬਾਹਰ ਭੇਜਿਆ, “ਦੇਖ, ਕਿਸੇ ਨੂੰ ਕੁਝ ਨਾ ਕਹਿਣਾ । ਪਹਿਲਾਂ ਤੂੰ ਪੁਰੋਹਿਤ ਕੋਲ ਜਾ ਅਤੇ ਆਪਣੇ ਆਪ ਨੂੰ ਉਸ ਨੂੰ ਦਿਖਾ ਅਤੇ ਆਪਣੇ ਠੀਕ ਹੋਣ ਤੋਂ ਬਾਅਦ ਜੋ ਚੜ੍ਹਾਵਾ ਮੂਸਾ ਨੇ ਠਹਿਰਾਇਆ ਹੈ, ਚੜ੍ਹਾ ਤਾਂ ਜੋ ਸਾਰੇ ਲੋਕ ਇਹ ਜਾਨਣ ਕਿ ਤੂੰ ਹੁਣ ਠੀਕ ਹੈਂ ।” ਪਰ ਬਾਹਰ ਜਾ ਕੇ ਉਹ ਹਰ ਜਗ੍ਹਾ ਇਸ ਘਟਨਾ ਦੀ ਇੰਨੀ ਚਰਚਾ ਕਰਨ ਲੱਗਾ ਕਿ ਯਿਸੂ ਲਈ ਖੁਲ੍ਹੇ ਆਮ ਕਿਸੇ ਵੀ ਸ਼ਹਿਰ ਵਿੱਚ ਜਾਣਾ ਮੁਸ਼ਕਲ ਹੋ ਗਿਆ । ਇਸ ਲਈ ਯਿਸੂ ਬਾਹਰ ਇਕਾਂਤ ਵਿੱਚ ਚਲੇ ਗਏ । ਫਿਰ ਵੀ ਲੋਕ ਸਭ ਪਾਸਿਆਂ ਤੋਂ ਉਹਨਾਂ ਦੇ ਕੋਲ ਆਉਂਦੇ ਰਹੇ । ਕੁਝ ਦਿਨਾਂ ਦੇ ਬਾਅਦ ਯਿਸੂ ਫਿਰ ਕਫ਼ਰਨਾਹੂਮ ਵਿੱਚ ਆਏ ਅਤੇ ਉੱਥੇ ਇਹ ਸਮਾਚਾਰ ਫੈਲ ਗਿਆ ਕਿ ਉਹ ਘਰ ਵਿੱਚ ਹਨ । ਇਸ ਲਈ ਇੰਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ ਦੇ ਅੱਗੇ ਵੀ ਥਾਂ ਖ਼ਾਲੀ ਨਾ ਰਹੀ । ਉਹ ਉਹਨਾਂ ਨੂੰ ਸ਼ੁਭ ਸਮਾਚਾਰ ਸੁਣਾ ਰਹੇ ਸਨ ਕਿ ਕੁਝ ਲੋਕ ਇੱਕ ਅਧਰੰਗੀ ਨੂੰ ਉਹਨਾਂ ਕੋਲ ਲਿਆਏ । ਉਸ ਅਧਰੰਗੀ ਨੂੰ ਚਾਰ ਆਦਮੀਆਂ ਨੇ ਚੁੱਕਿਆ ਹੋਇਆ ਸੀ ਪਰ ਉਹ ਭੀੜ ਦੇ ਕਾਰਨ ਉਸ ਨੂੰ ਯਿਸੂ ਕੋਲ ਨਾ ਲਿਆ ਸਕੇ । ਇਸ ਲਈ ਉਹਨਾਂ ਨੇ ਉਸ ਮਕਾਨ ਦੀ, ਜਿਸ ਵਿੱਚ ਯਿਸੂ ਸਨ, ਛੱਤ ਨੂੰ ਉਧੇੜ ਕੇ ਉਸ ਰਾਹੀਂ ਅਧਰੰਗੀ ਨੂੰ ਮੰਜੀ ਸਣੇ ਹੇਠਾਂ ਉਤਾਰ ਦਿੱਤਾ । ਜਦੋਂ ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖਿਆ ਤਾਂ ਉਹਨਾਂ ਨੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਤੇਰੇ ਪਾਪ ਮਾਫ਼ ਹੋ ਗਏ ਹਨ ।” ਉਸ ਸਮੇਂ ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ, ਉੁਹ ਇਹ ਸੁਣ ਕੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, “ਇਹ ਮਨੁੱਖ ਇਸ ਤਰ੍ਹਾਂ ਕਿਉਂ ਕਹਿੰਦਾ ਹੈ? ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ! ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?” ਯਿਸੂ ਨੇ ਉਸੇ ਸਮੇਂ ਉਹਨਾਂ ਦੇ ਇਹਨਾਂ ਵਿਚਾਰਾਂ ਨੂੰ ਜਾਣਦੇ ਹੋਏ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚਦੇ ਹੋ? ਸੌਖਾ ਕੀ ਹੈ? ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋ ਗਏ ਹਨ’ ਜਾਂ ਇਹ ਕਹਿਣਾ, ‘ਉੱਠ ਅਤੇ ਆਪਣੀ ਮੰਜੀ ਚੁੱਕ ਅਤੇ ਚੱਲ ਫਿਰ?’ ਪਰ ਇਸ ਲਈ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਉਹਨਾਂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” ਉਹ ਉੱਠਿਆ ਅਤੇ ਝੱਟ ਆਪਣੀ ਮੰਜੀ ਸਾਰਿਆਂ ਦੇ ਸਾਹਮਣੇ ਚੁੱਕ ਕੇ ਬਾਹਰ ਚਲਾ ਗਿਆ । ਇਹ ਦੇਖ ਕੇ ਸਾਰੇ ਹੈਰਾਨ ਹੋ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਅਸੀਂ ਇਸ ਤਰ੍ਹਾਂ ਹੁੰਦਾ ਕਦੀ ਵੀ ਨਹੀਂ ਦੇਖਿਆ ।” ਯਿਸੂ ਫਿਰ ਗਲੀਲ ਦੀ ਝੀਲ ਦੇ ਕੰਢੇ ਉੱਤੇ ਗਏ । ਉੱਥੇ ਉਹਨਾਂ ਦੇ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ । ਉਹਨਾਂ ਨੇ ਉਸ ਭੀੜ ਨੂੰ ਉਪਦੇਸ਼ ਦਿੱਤਾ । ਇਸ ਦੇ ਬਾਅਦ ਉਹਨਾਂ ਨੇ ਰਾਹ ਵਿੱਚ ਜਾਂਦੇ ਹੋਏ ਹਲਫ਼ਾਈ ਦੇ ਪੁੱਤਰ ਲੇਵੀ ਨੂੰ ਟੈਕਸ ਦੇ ਦਫ਼ਤਰ ਵਿੱਚ ਬੈਠੇ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਆ ।” ਉਹ ਉੱਠਿਆ ਅਤੇ ਉਹਨਾਂ ਦੇ ਪਿੱਛੇ ਤੁਰ ਪਿਆ । ਫਿਰ ਜਦੋਂ ਯਿਸੂ ਲੇਵੀ ਦੇ ਘਰ ਭੋਜਨ ਕਰਨ ਲਈ ਬੈਠੇ ਤਦ ਬਹੁਤ ਸਾਰੇ ਟੈਕਸ ਲੈਣ ਵਾਲੇ, ਸਮਾਜ ਵਿੱਚੋਂ ਕੱਢੇ ਹੋਏ, ਯਿਸੂ ਅਤੇ ਉਹਨਾਂ ਦੇ ਚੇਲਿਆਂ ਦੇ ਨਾਲ ਭੋਜਨ ਕਰਨ ਲਈ ਬੈਠੇ, ਕਿਉਂਕਿ ਬਹੁਤ ਸਾਰੇ ਯਿਸੂ ਦੇ ਪਿੱਛੇ ਚੱਲਣ ਲੱਗ ਪਏ ਸਨ । ਪਰ ਜਦੋਂ ਫ਼ਰੀਸੀ ਦਲ ਦੇ ਵਿਵਸਥਾ ਦੇ ਸਿੱਖਿਅਕਾਂ ਨੇ ਇਹ ਦੇਖਿਆ ਤਦ ਉਹ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਇਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਭੋਜਨ ਕਰਦਾ ਹੈ?” ਯਿਸੂ ਨੇ ਇਹ ਸੁਣ ਕੇ ਉਹਨਾਂ ਨੂੰ ਉੱਤਰ ਦਿੱਤਾ, “ਚੰਗੇ ਭਲਿਆਂ ਨੂੰ ਵੈਦ ਦੀ ਲੋੜ ਨਹੀਂ ਪਰ ਬਿਮਾਰਾਂ ਨੂੰ ਹੈ । ਮੈਂ ਨੇਕਾਂ ਨੂੰ ਨਹੀਂ ਪਰ ਪਾਪੀਆਂ ਨੂੰ ਸੱਦਾ ਦੇਣ ਆਇਆ ਹਾਂ ।” ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ । ਇਸ ਲਈ ਕੁਝ ਲੋਕ ਯਿਸੂ ਕੋਲ ਆਏ ਅਤੇ ਪੁੱਛਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਤਾਂ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਕਿਉਂ ਨਹੀਂ ਰੱਖਦੇ?” ਯਿਸੂ ਨੇ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਉਹ ਵਰਤ ਕਿਉਂ ਰੱਖਣਗੇ? ਪਰ ਉਹ ਸਮਾਂ ਆਵੇਗਾ ਜਦੋਂ ਲਾੜਾ ਉਹਨਾਂ ਤੋਂ ਦੂਰ ਕੀਤਾ ਜਾਵੇਗਾ ਤਦ ਉਸ ਦਿਨ ਉਹ ਜ਼ਰੂਰ ਵਰਤ ਰੱਖਣਗੇ । ਕੋਈ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਨਵੀਂ ਟਾਕੀ ਦੀ ਖਿੱਚ ਨਾਲ ਪੁਰਾਣਾ ਕੱਪੜਾ ਹੋਰ ਪਾਟ ਜਾਂਦਾ ਹੈ । ਇਸੇ ਤਰ੍ਹਾਂ ਨਾ ਕੋਈ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਭਰਦਾ ਹੈ । ਜੇਕਰ ਕੋਈ ਇਸ ਤਰ੍ਹਾਂ ਕਰਦਾ ਹੈ ਤਦ ਨਵੀਂ ਮੈ ਪੁਰਾਣੀਆਂ ਮਸ਼ਕਾਂ ਨੂੰ ਪਾੜ ਦਿੰਦੀ ਹੈ ਅਤੇ ਇਸ ਤਰ੍ਹਾਂ ਮੈ ਅਤੇ ਮਸ਼ਕਾਂ ਦੋਵੇਂ ਨਾਸ਼ ਹੋ ਜਾਂਦੀਆਂ ਹਨ । ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਹੀ ਭਰੀ ਜਾਂਦੀ ਹੈ ।” ਇੱਕ ਸਬਤ ਦੇ ਦਿਨ ਯਿਸੂ ਆਪਣੇ ਚੇਲਿਆਂ ਦੇ ਨਾਲ ਖੇਤਾਂ ਵਿੱਚੋਂ ਦੀ ਲੰਘ ਕੇ ਜਾ ਰਹੇ ਸਨ । ਚੱਲਦੇ ਚੱਲਦੇ ਉਹਨਾਂ ਦੇ ਚੇਲਿਆਂ ਨੇ ਅਨਾਜ ਦੇ ਸਿੱਟੇ ਤੋੜਨੇ ਸ਼ੁਰੂ ਕਰ ਦਿੱਤੇ । ਤਦ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਦੇਖ, ਤੇਰੇ ਚੇਲੇ ਸਬਤ ਦੇ ਦਿਨ ਉਹ ਕੰਮ ਕਰਦੇ ਹਨ ਜੋ ਵਿਵਸਥਾ ਵਿੱਚ ਕਰਨਾ ਮਨ੍ਹਾ ਹੈ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਦਾਊਦ ਦੇ ਬਾਰੇ ਨਹੀਂ ਪੜ੍ਹਿਆ ਕਿ ਉਸ ਨੇ ਕੀ ਕੀਤਾ ਜਦੋਂ ਉਹ ਅਤੇ ਉਸ ਦੇ ਸਾਥੀ ਲੋੜਵੰਦ ਅਤੇ ਭੁੱਖੇ ਸਨ? ਕਿਸ ਤਰ੍ਹਾਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਉਸ ਨੇ ਉਹ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ, ਜਿਹੜੀਆਂ ਪਰਮੇਸ਼ਰ ਦੇ ਸਾਹਮਣੇ ਚੜ੍ਹਾਈਆਂ ਹੋਈਆਂ ਸਨ, ਜਦੋਂ ਕਿ ਇਹ ਚੜ੍ਹਾਵੇ ਦੀਆਂ ਰੋਟੀਆਂ ਪੁਰੋਹਿਤ ਨੂੰ ਛੱਡ ਕੇ ਬਾਕੀ ਸਭ ਨੂੰ ਖਾਣੀਆਂ ਮਨ੍ਹਾ ਸਨ । ਇਹ ਘਟਨਾ ਅਬਿਯਾਥਾਰ ਮਹਾਂ-ਪੁਰੋਹਿਤ ਦੇ ਸਮੇਂ ਵਾਪਰੀ ।” ਉਹਨਾਂ ਨੇ ਫ਼ਰੀਸੀਆਂ ਨੂੰ ਇਹ ਵੀ ਕਿਹਾ, “ ਸਬਤ ਮਨੁੱਖ ਦੇ ਲਈ ਬਣਾਇਆ ਗਿਆ ਹੈ ਨਾ ਕਿ ਮਨੁੱਖ ਸਬਤ ਦੇ ਲਈ । ਇਸ ਲਈ ਮਨੁੱਖ ਦਾ ਪੁੱਤਰ ਸਬਤ ਦਾ ਵੀ ਮਾਲਕ ਹੈ ।” ਇਸ ਦੇ ਬਾਅਦ ਯਿਸੂ ਪ੍ਰਾਰਥਨਾ ਘਰ ਵਿੱਚ ਗਏ । ਉੱਥੇ ਇੱਕ ਆਦਮੀ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ । ਕੁਝ ਲੋਕ ਉੱਥੇ ਇਸ ਮੌਕੇ ਦੀ ਭਾਲ ਵਿੱਚ ਸਨ ਕਿ ਉਹ ਦੇਖਣ ਕਿ ਯਿਸੂ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ ਤਾਂ ਜੋ ਉਹ ਯਿਸੂ ਉੱਤੇ ਦੋਸ਼ ਲਾ ਸਕਣ । ਯਿਸੂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ ਕੇ ਇੱਥੇ ਸਾਹਮਣੇ ਆ ।” ਫਿਰ ਉਹਨਾਂ ਨੇ ਲੋਕਾਂ ਵੱਲ ਦੇਖਿਆ ਅਤੇ ਪੁੱਛਿਆ, “ਠੀਕ ਕੀ ਹੈ? ਸਬਤ ਦੇ ਦਿਨ ਕਿਸੇ ਦਾ ਭਲਾ ਕਰਨਾ ਜਾਂ ਬੁਰਾ ਕਰਨਾ? ਕਿਸੇ ਦੀ ਜਾਨ ਬਚਾਉਣੀ ਜਾਂ ਗੁਆਉਣੀ?” ਪਰ ਉਹ ਚੁੱਪ ਰਹੇ । ਤਦ ਯਿਸੂ ਨੇ ਗੁੱਸੇ ਨਾਲ ਚਾਰੇ ਪਾਸੇ ਦੇਖਿਆ ਅਤੇ ਉਹਨਾਂ ਦੇ ਦਿਲਾਂ ਦੀ ਕਠੋਰਤਾ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਉਸ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਨੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਬਿਲਕੁਲ ਠੀਕ ਹੋ ਗਿਆ । ਇਸ ਦੇ ਬਾਅਦ ਫ਼ਰੀਸੀ ਉਸੇ ਸਮੇਂ ਪ੍ਰਾਰਥਨਾ ਘਰ ਵਿੱਚੋਂ ਬਾਹਰ ਚਲੇ ਗਏ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨਾਲ ਮਿਲ ਕੇ ਯੋਜਨਾ ਬਣਾਉਣ ਲੱਗੇ ਕਿ ਕਿਸ ਤਰ੍ਹਾਂ ਯਿਸੂ ਦਾ ਨਾਸ਼ ਕੀਤਾ ਜਾਵੇ । ਯਿਸੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਵੱਲ ਗਏ । ਉਹਨਾਂ ਦੇ ਪਿੱਛੇ ਇੱਕ ਬਹੁਤ ਵੱਡੀ ਭੀੜ ਚੱਲ ਪਈ ਜੋ ਗਲੀਲ, ਯਹੂਦਿਯਾ, ਯਰੂਸ਼ਲਮ, ਅਦੁਮਿਆ ਅਤੇ ਯਰਦਨ ਨਦੀ ਦੇ ਪਾਰ ਦੇ ਇਲਾਕਿਆਂ, ਸੂਰ ਅਤੇ ਸੈਦਾ ਦੇ ਆਲੇ ਦੁਆਲੇ ਤੋਂ ਸੀ । ਇਹ ਭੀੜ ਯਿਸੂ ਦੇ ਕੰਮਾਂ ਦੇ ਬਾਰੇ ਸੁਣ ਕੇ ਉਹਨਾਂ ਦੇ ਕੋਲ ਆਈ ਸੀ । ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇੱਕ ਕਿਸ਼ਤੀ ਮੇਰੇ ਲਈ ਤਿਆਰ ਰੱਖੋ ਤਾਂ ਜੋ ਲੋਕ ਮੈਨੂੰ ਮਿੱਧ ਨਾ ਦੇਣ ।” ਉਹਨਾਂ ਨੇ ਬਹੁਤ ਸਾਰਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਕਈ ਪ੍ਰਕਾਰ ਦੀਆਂ ਬਿਮਾਰੀਆਂ ਵਾਲੇ ਲੋਕ ਉਹਨਾਂ ਉੱਤੇ ਡਿੱਗਦੇ ਪਏ ਸਨ ਕਿ ਉਹ ਯਿਸੂ ਨੂੰ ਕਿਸੇ ਤਰ੍ਹਾਂ ਛੂਹ ਹੀ ਲੈਣ । ਅਸ਼ੁੱਧ ਆਤਮਾਵਾਂ ਜਦੋਂ ਯਿਸੂ ਨੂੰ ਦੇਖਦੀਆਂ ਸਨ ਤਾਂ ਉਹਨਾਂ ਦੇ ਸਾਹਮਣੇ ਡਿੱਗ ਪੈਂਦੀਆਂ ਅਤੇ ਚੀਕਦੀਆਂ ਹੋਈਆਂ ਕਹਿੰਦੀਆਂ ਸਨ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ!” ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਕੌਣ ਹਨ । ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਜਿਹਨਾਂ ਨੂੰ ਉਹ ਚਾਹੁੰਦੇ ਸਨ, ਆਪਣੇ ਕੋਲ ਸੱਦਿਆ । ਉਹ ਉਹਨਾਂ ਕੋਲ ਆਏ । ਯਿਸੂ ਨੇ ਬਾਰ੍ਹਾਂ ਨੂੰ ਆਪਣੇ ਨਾਲ ਰਹਿਣ ਲਈ ਚੁਣਿਆ ਅਤੇ ਉਹਨਾਂ ਨੂੰ ਰਸੂਲ ਕਿਹਾ । ਉਹਨਾਂ ਨੇ ਰਸੂਲਾਂ ਨੂੰ ਇਸ ਲਈ ਚੁਣਿਆ ਕਿ ਉਹ ਉਹਨਾਂ ਨੂੰ ਪ੍ਰਚਾਰ ਕਰਨ ਦੇ ਲਈ ਭੇਜਣ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਰੱਖਣ । ਉਹ ਬਾਰ੍ਹਾਂ ਚੁਣੇ ਹੋਏ ਇਹ ਸਨ: ਸ਼ਮਊਨ (ਜਿਸਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ); ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ (ਜਿਹਨਾਂ ਦਾ ਉਪਨਾਮ ਬੁਆਨੇਰਗਿਸ ਰੱਖਿਆ ਭਾਵ ਗਰਜਨ ਵਾਲੇ); ਅੰਦ੍ਰਿਯਾਸ; ਫ਼ਿਲਿੱਪੁਸ; ਬਰਥਲਮਈ; ਮੱਤੀ; ਥੋਮਾ; ਹਲਫ਼ਾਈ ਦਾ ਪੁੱਤਰ ਯਾਕੂਬ; ਥਦਈ; ਸ਼ਮਊਨ ਜੋ ਇੱਕ ਦੇਸ਼ ਭਗਤ ਸੀ; ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਯਿਸੂ ਨੂੰ ਫੜਵਾਇਆ ਸੀ । ਫਿਰ ਯਿਸੂ ਇੱਕ ਘਰ ਵਿੱਚ ਗਏ ਤਾਂ ਉੱਥੇ ਵੀ ਇੰਨੇ ਲੋਕ ਇਕੱਠੇ ਹੋ ਗਏ ਕਿ ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਵੀ ਨਾ ਕਰ ਸਕੇ । ਇਹ ਸੁਣ ਕੇ ਯਿਸੂ ਦੇ ਪਰਿਵਾਰ ਦੇ ਲੋਕ ਉਹਨਾਂ ਨੂੰ ਫੜਨ ਦੇ ਲਈ ਗਏ ਕਿਉਂਕਿ ਲੋਕ ਕਹਿੰਦੇ ਸਨ ਕਿ ਉਸ ਦਾ ਸਿਰ ਫਿਰ ਗਿਆ ਹੈ । ਵਿਵਸਥਾ ਦੇ ਸਿੱਖਿਅਕ ਜੋ ਯਰੂਸ਼ਲਮ ਤੋਂ ਆਏ ਸਨ ਕਹਿਣ ਲੱਗੇ, “ਇਸ ਦੇ ਵਿੱਚ ਬਾਲਜ਼ਬੂਲ ਹੈ ਅਤੇ ਇਹ ਅਸ਼ੁੱਧ ਆਤਮਾਵਾਂ ਦੇ ਹਾਕਮ ਦੀ ਮਦਦ ਨਾਲ ਉਹਨਾਂ ਨੂੰ ਕੱਢਦਾ ਹੈ ।” ਪਰ ਯਿਸੂ ਨੇ ਉਹਨਾਂ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਇਹ ਦ੍ਰਿਸ਼ਟਾਂਤ ਸੁਣਾਇਆ, “ਸ਼ੈਤਾਨ, ਸ਼ੈਤਾਨ ਨੂੰ ਕਿਸ ਤਰ੍ਹਾਂ ਕੱਢ ਸਕਦਾ ਹੈ?” ਫਿਰ ਉਹਨਾਂ ਨੇ ਕਿਹਾ, “ਜੇਕਰ ਕਿਸੇ ਰਾਜ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਸਥਿਰ ਨਹੀਂ ਰਹਿ ਸਕਦਾ । ਜੇਕਰ ਕਿਸੇ ਘਰ ਦੇ ਲੋਕਾਂ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਸਥਿਰ ਨਹੀਂ ਰਹਿ ਸਕਦਾ । ਇਸੇ ਤਰ੍ਹਾਂ ਜੇਕਰ ਸ਼ੈਤਾਨ ਆਪਣੇ ਵਿਰੁੱਧ ਆਪ ਚੱਲੇ ਤਾਂ ਉਸ ਦੇ ਰਾਜ ਵਿੱਚ ਫੁੱਟ ਹੈ ਅਤੇ ਇਸ ਕਾਰਨ ਉਹ ਸਥਿਰ ਨਹੀਂ ਰਹਿ ਸਕਦਾ ਕਿਉਂਕਿ ਇਹ ਉਸ ਦਾ ਅੰਤ ਹੈ । ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਵੜ ਕੇ ਉਸ ਦਾ ਮਾਲ ਨਹੀਂ ਲੁੱਟ ਸਕਦਾ ਜਦੋਂ ਤੱਕ ਕਿ ਉਹ ਪਹਿਲਾਂ ਤਾਕਤਵਰ ਦੇ ਹੱਥ ਪੈਰ ਬੰਨ੍ਹ ਨਾ ਲਵੇ, ਫਿਰ ਉਹ ਉਸ ਦੇ ਘਰ ਨੂੰ ਲੁੱਟ ਸਕੇਗਾ । “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਨੁੱਖ ਦੇ ਸਾਰੇ ਪਾਪ ਅਤੇ ਨਿੰਦਾ ਦੀਆਂ ਗੱਲਾਂ ਜਿਹੜੀਆਂ ਉਸ ਦੇ ਮੂੰਹ ਵਿੱਚੋਂ ਨਿਕਲਦੀਆਂ ਹਨ, ਮਾਫ਼ ਹੋ ਸਕਦੀਆਂ ਹਨ ਪਰ ਜਿਹੜਾ ਪਵਿੱਤਰ ਆਤਮਾ ਦੀ ਨਿੰਦਾ ਕਰਦਾ ਹੈ, ਉਸ ਨੂੰ ਅਨੰਤ ਕਾਲ ਤੱਕ ਮਾਫ਼ੀ ਨਹੀਂ ਮਿਲੇਗੀ ਸਗੋਂ ਉਸ ਦਾ ਇਹ ਪਾਪ ਹਮੇਸ਼ਾ ਉਸ ਦੇ ਸਿਰ ਤੇ ਰਹੇਗਾ ।” (ਯਿਸੂ ਨੇ ਇਹ ਇਸ ਲਈ ਕਿਹਾ ਕਿਉਂਕਿ ਕੁਝ ਲੋਕਾਂ ਨੇ ਕਿਹਾ ਸੀ, “ਇਸ ਦੇ ਵਿੱਚ ਅਸ਼ੁੱਧ ਆਤਮਾ ਹੈ ।”) ਫਿਰ ਯਿਸੂ ਦੀ ਮਾਂ ਅਤੇ ਭਰਾ ਆਏ ਅਤੇ ਬਾਹਰ ਖੜ੍ਹੇ ਹੋ ਕੇ ਉਹਨਾਂ ਨੂੰ ਸੱਦਿਆ । ਉਸ ਸਮੇਂ ਯਿਸੂ ਦੇ ਕੋਲ ਵੱਡੀ ਭੀੜ ਲੱਗੀ ਹੋਈ ਸੀ । ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ, “ਤੁਹਾਡੀ ਮਾਂ ਅਤੇ ਭਰਾ ਬਾਹਰ ਖੜ੍ਹੇ ਤੁਹਾਨੂੰ ਸੱਦ ਰਹੇ ਹਨ ।” ਉਹਨਾਂ ਨੇ ਕਿਹਾ, “ਕੌਣ ਹੈ ਮੇਰੀ ਮਾਂ ਅਤੇ ਕੌਣ ਹਨ ਮੇਰੇ ਭਰਾ?” ਫਿਰ ਉਹਨਾਂ ਨੇ ਚਾਰੇ ਪਾਸੇ ਬੈਠੇ ਹੋਏ ਲੋਕਾਂ ਵੱਲ ਦੇਖਦੇ ਹੋਏ ਕਿਹਾ, “ਦੇਖੋ, ਇਹ ਹਨ ਮੇਰੀ ਮਾਂ ਅਤੇ ਮੇਰੇ ਭਰਾ । ਉਹ ਜੋ ਪਰਮੇਸ਼ਰ ਦੀ ਮਰਜ਼ੀ ਪੂਰੀ ਕਰਦਾ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ ਅਤੇ ਮੇਰੀ ਮਾਂ ਹੈ ।” ਇੱਕ ਵਾਰ ਫਿਰ ਯਿਸੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਉਪਦੇਸ਼ ਦੇਣ ਲੱਗੇ ਤਾਂ ਉਹਨਾਂ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ, ਜਿਸ ਦੇ ਕਾਰਨ ਉਹਨਾਂ ਨੂੰ ਇੱਕ ਕਿਸ਼ਤੀ ਵਿੱਚ ਚੜ੍ਹ ਕੇ ਬੈਠਣਾ ਪਿਆ ਜੋ ਝੀਲ ਦੇ ਵਿੱਚ ਸੀ । ਭੀੜ ਕੰਢੇ ਉੱਤੇ ਹੀ ਬੈਠੀ ਰਹੀ । ਯਿਸੂ ਨੇ ਉਹਨਾਂ ਨੂੰ ਕਈ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਸਿਖਾਈਆਂ ਅਤੇ ਉਹਨਾਂ ਨੇ ਭੀੜ ਨੂੰ ਕਿਹਾ, “ਸੁਣੋ! ਇੱਕ ਕਿਸਾਨ ਬੀਜ ਬੀਜਣ ਦੇ ਲਈ ਗਿਆ ਜਦੋਂ ਉਹ ਛੱਟਾ ਦੇ ਰਿਹਾ ਸੀ ਤਦ ਕੁਝ ਬੀਜ ਰਾਹ ਦੇ ਕੰਢੇ ਡਿੱਗੇ ਜਿਹੜੇ ਪੰਛੀਆਂ ਨੇ ਆ ਕੇ ਚੁਗ ਲਏ । ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ ਜਿੱਥੇ ਬਹੁਤ ਮਿੱਟੀ ਨਹੀਂ ਸੀ ਇਸ ਲਈ ਉਹ ਡੂੰਘੀ ਮਿੱਟੀ ਨਾ ਹੋਣ ਕਾਰਨ ਛੇਤੀ ਹੀ ਉੱਗ ਪਏ । ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਉਸ ਦੇ ਸੇਕ ਨਾਲ ਝੁਲਸ ਕੇ ਸੁੱਕ ਗਏ ਕਿਉਂਕਿ ਉਹਨਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ । ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਜਿਹੜੇ ਉੱਗ ਤਾਂ ਗਏ ਪਰ ਝਾੜੀਆਂ ਦੇ ਕਾਰਨ ਦੱਬ ਗਏ ਅਤੇ ਫਲ ਨਾ ਲਿਆਏ । ਪਰ ਬਾਕੀ ਬੀਜ ਚੰਗੀ ਜ਼ਮੀਨ ਵਿੱਚ ਪਏ ਜਿਹੜੇ ਉੱਗੇ, ਵਧੇ ਅਤੇ ਬਹੁਤ ਫਲ ਲਿਆਏ, ਕੁਝ ਤੀਹ ਗੁਣਾ, ਕੁਝ ਸੱਠ ਗੁਣਾ ਅਤੇ ਕੁਝ ਸੌ ਗੁਣਾ ।” ਅੰਤ ਵਿੱਚ ਯਿਸੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ ।” ਜਦੋਂ ਯਿਸੂ ਇਕੱਲੇ ਰਹਿ ਗਏ ਤਦ ਉਹਨਾਂ ਨੂੰ ਸੁਣਨ ਵਾਲੇ ਬਾਰ੍ਹਾਂ ਚੇਲਿਆਂ ਨਾਲ ਉਹਨਾਂ ਦੇ ਕੋਲ ਆਏ ਅਤੇ ਦ੍ਰਿਸ਼ਟਾਂਤ ਬਾਰੇ ਪੁੱਛਣ ਲੱਗੇ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਦਾਂ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਆਮ ਲੋਕ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਸੁਣਦੇ ਹਨ, ਤਾਂ ਜੋ: ਉਹ ਦੇਖਣ ਤਾਂ ਸਹੀ, ਪਰ ਨਾ ਪਛਾਨਣ, ਉਹ ਸੁਣਨ ਤਾਂ ਸਹੀ, ਪਰ ਨਾ ਸਮਝਣ, ਕਿਤੇ ਉਹ ਪਰਮੇਸ਼ਰ ਵੱਲ ਮੁੜਣ, ਅਤੇ ਉਹ ਉਹਨਾਂ ਨੂੰ ਮਾਫ਼ ਕਰਨ ।” ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਸੱਚਮੁੱਚ ਇਸ ਦ੍ਰਿਸ਼ਟਾਂਤ ਦਾ ਮਤਲਬ ਨਹੀਂ ਸਮਝੇ? ਫਿਰ ਤੁਸੀਂ ਬਾਕੀ ਦ੍ਰਿਸ਼ਟਾਂਤਾਂ ਦੇ ਮਤਲਬ ਕਿਸ ਤਰ੍ਹਾਂ ਸਮਝੋਗੇ? ਬੀਜਣ ਵਾਲਾ ਪਰਮੇਸ਼ਰ ਦਾ ਵਚਨ ਬੀਜਦਾ ਹੈ । ਰਾਹ ਦੇ ਕੰਢੇ ਡਿੱਗਣ ਵਾਲੇ ਬੀਜ ਉਹ ਲੋਕ ਹਨ ਜਿਹਨਾਂ ਵਿੱਚ ਪਰਮੇਸ਼ਰ ਦਾ ਵਚਨ ਬੀਜਿਆ ਤਾਂ ਜਾਂਦਾ ਹੈ ਪਰ ਉਹਨਾਂ ਦੇ ਸੁਣਦੇ ਸਾਰ ਹੀ ਸ਼ੈਤਾਨ ਆ ਕੇ ਬੀਜੇ ਹੋਏ ਵਚਨ ਨੂੰ ਲੈ ਜਾਂਦਾ ਹੈ । ਇਸੇ ਤਰ੍ਹਾਂ ਕੁਝ ਲੋਕ ਪਥਰੀਲੀ ਜ਼ਮੀਨ ਵਰਗੇ ਹਨ ਜਿਹੜੇ ਵਚਨ ਨੂੰ ਬੜੀ ਖ਼ੁਸ਼ੀ ਨਾਲ ਸੁਣਦੇ ਅਤੇ ਉਸ ਨੂੰ ਸਵੀਕਾਰ ਵੀ ਕਰਦੇ ਹਨ । ਪਰ ਉਹਨਾਂ ਵਿੱਚ ਇਸ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਹੁੰਦੀਆਂ । ਇਸ ਲਈ ਥੋੜ੍ਹੇ ਸਮੇਂ ਲਈ ਉਹ ਉਹਨਾਂ ਦੇ ਦਿਲਾਂ ਵਿੱਚ ਰਹਿੰਦਾ ਹੈ, ਫਿਰ ਜਦੋਂ ਵਚਨ ਦੇ ਕਾਰਨ ਉਹਨਾਂ ਉੱਤੇ ਕੋਈ ਦੁੱਖ ਜਾਂ ਤਕਲੀਫ਼ ਆਉਂਦੀ ਹੈ ਤਾਂ ਉਹ ਵਚਨ ਨੂੰ ਛੱਡ ਦਿੰਦੇ ਹਨ । ਕੁਝ ਲੋਕ ਕੰਡਿਆਲੀ ਝਾੜੀਆਂ ਵਾਲੀ ਜ਼ਮੀਨ ਵਰਗੇ ਹਨ ਜਿੱਥੇ ਬੀਜ ਬੀਜਿਆ ਗਿਆ ਸੀ । ਇਹ ਲੋਕ ਵਚਨ ਸੁਣਦੇ ਤਾਂ ਹਨ ਪਰ ਇਸ ਦੁਨੀਆਂ ਦੀਆਂ ਚਿੰਤਾਵਾਂ, ਧਨ ਦਾ ਮੋਹ ਅਤੇ ਹੋਰ ਚੀਜ਼ਾਂ ਦਾ ਲੋਭ ਆ ਕੇ ਵਚਨ ਨੂੰ ਦਬਾਅ ਦਿੰਦੇ ਹਨ ਅਤੇ ਉਹ ਫਲ ਨਹੀਂ ਲਿਆਉਂਦੇ । ਪਰ ਉਹ ਲੋਕ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਬੀਜਾਂ ਵਰਗੇ ਹਨ ਉਹ ਵਚਨ ਨੂੰ ਸੁਣਦੇ, ਮੰਨਦੇ, ਅਤੇ ਫਲਦਾਰ ਹੁੰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ ।” ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਕੀ ਕਦੀ ਕੋਈ ਦੀਵਾ ਇਸ ਲਈ ਅੰਦਰ ਲਿਆਉਂਦਾ ਹੈ ਕਿ ਉਸ ਨੂੰ ਭਾਂਡੇ ਦੇ ਥੱਲੇ ਜਾਂ ਮੰਜੀ ਦੇ ਥੱਲੇ ਰੱਖੇ? ਕੀ ਉਸ ਨੂੰ ਸ਼ਮਾਦਾਨ ਦੇ ਉੱਤੇ ਨਹੀਂ ਰੱਖਦੇ? ਕੋਈ ਲੁਕੀ ਚੀਜ਼ ਨਹੀਂ ਜਿਹੜੀ ਚਾਨਣ ਵਿੱਚ ਨਾ ਲਿਆਂਦੀ ਜਾਵੇਗੀ, ਕੋਈ ਭੇਤ ਨਹੀਂ ਜਿਹੜਾ ਖੋਲ੍ਹਿਆ ਨਾ ਜਾਵੇਗਾ । ਜੇਕਰ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣੇ ।” ਯਿਸੂ ਨੇ ਉਹਨਾਂ ਨੂੰ ਇਹ ਕਿਹਾ, “ਧਿਆਨ ਨਾਲ ਸੁਣੋ, ਜਿਸ ਨਾਪ ਨਾਲ ਤੁਸੀਂ ਦਿੰਦੇ ਹੋ, ਉਸੇ ਨਾਲ ਤੁਹਾਨੂੰ ਵੀ ਦਿੱਤਾ ਜਾਵੇਗਾ ਸਗੋਂ ਉਸ ਤੋਂ ਵੱਧ ਮਿਲੇਗਾ । ਜਿਸ ਦੇ ਕੋਲ ਕੁਝ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਕੁਝ ਨਹੀਂ, ਉੁਸ ਕੋਲੋਂ ਥੋੜ੍ਹਾ ਜੋ ਉਸ ਦੇ ਕੋਲ ਹੈ, ਉਹ ਵੀ ਲੈ ਲਿਆ ਜਾਵੇਗਾ ।” ਯਿਸੂ ਨੇ ਫਿਰ ਕਿਹਾ, “ਪਰਮੇਸ਼ਰ ਦਾ ਰਾਜ ਇਸ ਤਰ੍ਹਾਂ ਦਾ ਹੈ । ਇੱਕ ਆਦਮੀ ਨੇ ਆਪਣੇ ਖੇਤਾਂ ਵਿੱਚ ਬੀਜ ਬੀਜਿਆ ਅਤੇ ਇਸ ਦੇ ਬਾਅਦ ਉਹ ਭਾਵੇਂ ਰਾਤ ਨੂੰ ਸੌਂਦਾ ਸੀ ਅਤੇ ਦਿਨ ਨੂੰ ਜਾਗਦਾ ਸੀ, ਬੀਜ ਉੱਗੇ ਅਤੇ ਵਧੇ । ਇਸ ਬਾਰੇ ਉਹ ਆਦਮੀ ਨਹੀਂ ਜਾਣਦਾ ਸੀ ਕਿ ਇਹ ਕਿਸ ਤਰ੍ਹਾਂ ਹੋਇਆ ਹੈ । ਜ਼ਮੀਨ ਆਪਣੇ ਆਪ ਅਨਾਜ ਪੈਦਾ ਕਰਦੀ ਹੈ; ਪਹਿਲਾਂ ਕਰੂੰਬਲਾਂ, ਫਿਰ ਸਿੱਟੇ ਅਤੇ ਅੰਤ ਵਿੱਚ ਦਾਣਿਆਂ ਨਾਲ ਭਰੇ ਹੋਏ ਸਿੱਟੇ । ਫਿਰ ਜਦੋਂ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਉਹ ਕਾਮਿਆਂ ਨੂੰ ਭੇਜ ਕੇ ਵਾਢੀ ਸ਼ੁਰੂ ਕਰਦਾ ਹੈ ਕਿਉਂਕਿ ਵਾਢੀ ਦਾ ਸਮਾਂ ਆ ਪਹੁੰਚਾ ਹੈ ।” ਫਿਰ ਯਿਸੂ ਨੇ ਪੁੱਛਿਆ, “ਪਰਮੇਸ਼ਰ ਦੇ ਰਾਜ ਦੀ ਤੁਲਨਾ ਅਸੀਂ ਕਿਸ ਨਾਲ ਕਰੀਏ? ਅਸੀਂ ਕਿਹੜੇ ਦ੍ਰਿਸ਼ਟਾਂਤ ਦੇ ਰਾਹੀਂ ਇਸ ਦੀ ਵਿਆਖਿਆ ਕਰੀਏ? ਇਹ ਰਾਈ ਦੇ ਬੀਜ ਵਰਗਾ ਹੈ ਜਿਹੜਾ ਸੰਸਾਰ ਦੇ ਸਾਰੇ ਬੀਜਾਂ ਨਾਲੋਂ ਛੋਟਾ ਹੈ ਪਰ ਜਦੋਂ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ ਤਾਂ ਇਹ ਉੱਗ ਕੇ ਸਾਰੇ ਪੌਦਿਆਂ ਨਾਲੋਂ ਵੱਡਾ ਹੋ ਜਾਂਦਾ ਹੈ । ਇਸ ਦੀਆਂ ਟਹਿਣੀਆਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਅਕਾਸ਼ ਦੇ ਪੰਛੀ ਆ ਕੇ ਉਹਨਾਂ ਉੱਤੇ ਆਲ੍ਹਣੇ ਬਣਾ ਸਕਦੇ ਹਨ ।” ਇਹੋ ਜਿਹੇ ਕਈ ਹੋਰ ਦ੍ਰਿਸ਼ਟਾਂਤਾਂ ਦੇ ਰਾਹੀਂ ਯਿਸੂ ਨੇ ਲੋਕਾਂ ਨੂੰ ਉਹਨਾਂ ਦੀ ਸਮਝ ਅਨੁਸਾਰ ਉਪਦੇਸ਼ ਦਿੱਤਾ । ਉਹ ਦ੍ਰਿਸ਼ਟਾਂਤਾਂ ਤੋਂ ਬਿਨਾਂ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੇ ਸਨ ਪਰ ਨਿੱਜੀ ਤੌਰ ਤੇ ਆਪਣੇ ਚੇਲਿਆਂ ਨੂੰ ਸਭ ਕੁਝ ਸਮਝਾ ਦਿੰਦੇ ਸਨ । ਉਸ ਦਿਨ ਜਦੋਂ ਸ਼ਾਮ ਹੋ ਗਈ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਪਾਰ ਚੱਲੀਏ ।” ਇਸ ਲਈ ਚੇਲਿਆਂ ਨੇ ਭੀੜ ਨੂੰ ਛੱਡ ਕੇ ਯਿਸੂ ਨੂੰ ਉਸੇ ਤਰ੍ਹਾਂ, ਜਿਸ ਤਰ੍ਹਾਂ ਉਹ ਸਨ, ਆਪਣੇ ਨਾਲ ਇੱਕ ਕਿਸ਼ਤੀ ਵਿੱਚ ਬਿਠਾ ਲਿਆ । ਉਹਨਾਂ ਦੀ ਕਿਸ਼ਤੀ ਨਾਲ ਹੋਰ ਵੀ ਕਿਸ਼ਤੀਆਂ ਸਨ । ਅਚਾਨਕ ਹੀ ਇੱਕ ਤੇਜ਼ ਹਨੇਰੀ ਆਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ ਜਿਸ ਕਾਰਨ ਲਹਿਰਾਂ ਉੱਚੀਆਂ ਉੱਠ ਕੇ ਕਿਸ਼ਤੀ ਨਾਲ ਟਕਰਾਉਣ ਲੱਗੀਆਂ ਅਤੇ ਕਿਸ਼ਤੀ ਵਿੱਚ ਪਾਣੀ ਭਰ ਗਿਆ । ਪਰ ਯਿਸੂ ਕਿਸ਼ਤੀ ਦੇ ਪਿੱਛਲੇ ਹਿੱਸੇ ਵਿੱਚ ਸਿਰ ਥੱਲੇ ਸਿਰ੍ਹਾਣਾ ਰੱਖ ਕੇ ਸੁੱਤੇ ਪਏ ਸਨ । ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਚਿੰਤਾ ਨਹੀਂ ਕਿ ਅਸੀਂ ਡੁੱਬਣ ਵਾਲੇ ਹਾਂ?” ਉਹ ਉੱਠੇ ਅਤੇ ਹਨੇਰੀ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਕਿਹਾ, “ਖ਼ਾਮੋਸ਼! ਸ਼ਾਂਤ ਹੋ ਜਾਓ!” ਹਨੇਰੀ ਉਸੇ ਸਮੇਂ ਥੰਮ ਗਈ ਅਤੇ ਝੀਲ ਪੂਰੀ ਤਰ੍ਹਾਂ ਸ਼ਾਂਤ ਹੋ ਗਈ । ਯਿਸੂ ਨੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਕਿਉਂ ਘਬਰਾਏ ਹੋਏ ਹੋ? ਕੀ ਅਜੇ ਵੀ ਤੁਹਾਨੂੰ ਵਿਸ਼ਵਾਸ ਨਹੀਂ ਹੋਇਆ?” ਪਰ ਉਹ ਬਹੁਤ ਹੀ ਡਰ ਗਏ ਸਨ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕੌਣ ਹਨ? ਇਹਨਾਂ ਦਾ ਕਹਿਣਾ ਤਾਂ ਹਨੇਰੀ ਅਤੇ ਲਹਿਰਾਂ ਵੀ ਮੰਨਦੀਆਂ ਹਨ!” ਉਹ ਝੀਲ ਦੇ ਦੂਜੇ ਪਾਸੇ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚ ਗਏ । ਯਿਸੂ ਅਜੇ ਕਿਸ਼ਤੀ ਵਿੱਚੋਂ ਬਾਹਰ ਹੀ ਆਏ ਸਨ ਕਿ ਇੱਕ ਆਦਮੀ ਜਿਸ ਵਿੱਚ ਅਸ਼ੁੱਧ ਆਤਮਾ ਸੀ, ਕਬਰਾਂ ਵਿੱਚੋਂ ਨਿਕਲ ਕੇ ਉਹਨਾਂ ਨੂੰ ਮਿਲਿਆ । ਉਹ ਕਬਰਾਂ ਵਿੱਚ ਰਹਿੰਦਾ ਸੀ । ਉਸ ਨੂੰ ਲੋਕ ਸੰਗਲਾਂ ਨਾਲ ਵੀ ਨਹੀਂ ਬੰਨ੍ਹ ਸਕਦੇ ਸਨ । ਕਈ ਵਾਰ ਉਸ ਨੂੰ ਬੇੜੀਆਂ ਪਾਈਆਂ ਗਈਆਂ ਅਤੇ ਸੰਗਲਾਂ ਨਾਲ ਬੰਨ੍ਹਿਆ ਗਿਆ ਪਰ ਉਸ ਨੇ ਹਰ ਵਾਰ ਸੰਗਲਾਂ ਨੂੰ ਤੋੜ ਦਿੱਤਾ ਅਤੇ ਬੇੜੀਆਂ ਨੂੰ ਟੋਟੇ-ਟੋਟੇ ਕਰ ਦਿੱਤਾ ਸੀ । ਕਿਸੇ ਵਿੱਚ ਵੀ ਇੰਨੀ ਤਾਕਤ ਨਹੀਂ ਸੀ ਕਿ ਉਸ ਨੂੰ ਕਾਬੂ ਵਿੱਚ ਰੱਖ ਸਕੇ । ਉਹ ਰਾਤ ਦਿਨ ਕਬਰਾਂ ਅਤੇ ਪਹਾੜਾਂ ਵਿੱਚ ਫਿਰਦਾ, ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖ਼ਮੀ ਕਰਦਾ ਰਹਿੰਦਾ ਸੀ । ਉਹ ਯਿਸੂ ਨੂੰ ਦੂਰ ਤੋਂ ਹੀ ਦੇਖ ਕੇ ਦੌੜਿਆ ਅਤੇ ਆ ਕੇ ਉਹਨਾਂ ਦੇ ਪੈਰੀਂ ਪੈ ਕੇ ਕਿਹਾ, “ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਯਿਸੂ! ਤੁਹਾਡਾ ਮੇਰੇ ਨਾਲ ਕੀ ਕੰਮ? ਮੈਂ ਪਰਮੇਸ਼ਰ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ, ਮੈਨੂੰ ਦੁਖੀ ਨਾ ਕਰੋ ।” (ਉਸ ਨੇ ਇਹ ਕਿਹਾ ਕਿਉਂਕਿ ਯਿਸੂ ਉਸ ਨੂੰ ਹੁਕਮ ਦੇ ਰਹੇ ਸਨ ਕਿ ਉਹ ਉਸ ਆਦਮੀ ਵਿੱਚੋਂ ਨਿਕਲ ਜਾਵੇ ।) ਫਿਰ ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਕੀ ਨਾਂ ਹੈ?” ਉਸ ਨੇ ਉੱਤਰ ਦਿੱਤਾ, “ਲਸ਼ਕਰ, ਕਿਉਂਕਿ ਅਸੀਂ ਬਹੁਤ ਹਾਂ ।” ਉਸ ਨੇ ਗਿੜਗਿੜਾ ਕੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜੋ!” ਉਸ ਵੇਲੇ ਨੇੜੇ ਹੀ ਪਹਾੜ ਦੀ ਢਲਾਨ ਉੱਤੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ । ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ ।” ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ । ਇਸ ਲਈ ਅਸ਼ੁੱਧ ਆਤਮਾਵਾਂ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਇੱਜੜ ਜਿਹੜਾ ਕੋਈ ਦੋ ਹਜ਼ਾਰ ਦੀ ਗਿਣਤੀ ਵਿੱਚ ਸੀ, ਢਲਾਨ ਉੱਤੋਂ ਝੀਲ ਵੱਲ ਨੂੰ ਦੌੜਿਆ ਅਤੇ ਉਸ ਵਿੱਚ ਡੁੱਬ ਕੇ ਮਰ ਗਿਆ । ਇਹ ਦੇਖ ਕੇ ਚਰਵਾਹੇ ਉੱਥੋਂ ਦੌੜੇ ਅਤੇ ਪਿੰਡਾਂ ਅਤੇ ਸ਼ਹਿਰ ਵਿੱਚ ਜਾ ਕੇ ਇਸ ਘਟਨਾ ਬਾਰੇ ਲੋਕਾਂ ਨੂੰ ਦੱਸਿਆ । ਲੋਕ ਇਹ ਦੇਖਣ ਲਈ ਪਿੰਡਾਂ ਅਤੇ ਸ਼ਹਿਰ ਤੋਂ ਬਾਹਰ ਆਏ । ਉਹ ਯਿਸੂ ਕੋਲ ਆਏ ਅਤੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਦਾ ਲਸ਼ਕਰ ਸੀ, ਕੱਪੜੇ ਪਾਏ ਹੋਏ ਅਤੇ ਹੋਸ਼ ਸੰਭਾਲੇ ਉੱਥੇ ਬੈਠੇ ਦੇਖਿਆ । ਲੋਕ ਬਹੁਤ ਡਰ ਗਏ । ਉਹ ਜਿਹਨਾਂ ਨੇ ਇਹ ਘਟਨਾ ਆਪਣੀਆਂ ਅੱਖਾਂ ਨਾਲ ਦੇਖੀ ਸੀ, ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਆਦਮੀ ਜਿਸ ਦੇ ਵਿੱਚ ਅਸ਼ੁੱਧ ਆਤਮਾਵਾਂ ਸਨ ਕਿਸ ਤਰ੍ਹਾਂ ਠੀਕ ਹੋ ਗਿਆ ਹੈ ਅਤੇ ਸੂਰਾਂ ਦੇ ਨਾਲ ਕੀ ਵਾਪਰਿਆ । ਇਸ ਲਈ ਉਹ ਸਾਰੇ ਲੋਕ ਯਿਸੂ ਦੇ ਅੱਗੇ ਬੇਨਤੀ ਕਰਨ ਲੱਗੇ ਕਿ ਸਾਡੇ ਇਲਾਕੇ ਵਿੱਚੋਂ ਚਲੇ ਜਾਓ । ਜਦੋਂ ਯਿਸੂ ਕਿਸ਼ਤੀ ਵਿੱਚ ਚੜ੍ਹ ਰਹੇ ਸਨ ਤਾਂ ਉਹ ਆਦਮੀ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਯਿਸੂ ਦੇ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਵੀ ਆਪਣੇ ਨਾਲ ਲੈ ਚੱਲੋ ।” ਪਰ ਯਿਸੂ ਨੇ ਉਸ ਨੂੰ ਇਸ ਦੀ ਆਗਿਆ ਨਾ ਦਿੱਤੀ, ਸਗੋਂ ਉਸ ਨੂੰ ਕਿਹਾ, “ਤੂੰ ਆਪਣੇ ਘਰ ਅਤੇ ਆਪਣੇ ਲੋਕਾਂ ਕੋਲ ਜਾ ਅਤੇ ਉਹਨਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ ਅਤੇ ਤੇਰੇ ਉੱਤੇ ਉਹਨਾਂ ਨੇ ਕਿੰਨੀ ਦਇਆ ਕੀਤੀ ਹੈ ।” ਉਹ ਆਦਮੀ ਗਿਆ ਅਤੇ ਉਸ ਇਲਾਕੇ ਦੇ ਦਸਾਂ ਸ਼ਹਿਰਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਉਸ ਦੇ ਲਈ ਕੀ ਕੁਝ ਕੀਤਾ ਹੈ । ਇਹ ਸੁਣ ਕੇ ਸਾਰੇ ਲੋਕ ਹੈਰਾਨ ਰਹਿ ਗਏ । ਜਦੋਂ ਯਿਸੂ ਝੀਲ ਦੇ ਪਾਰ ਪਹੁੰਚੇ ਤਾਂ ਝੀਲ ਦੇ ਕੰਢੇ ਉੱਤੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ । ਉੱਥੇ ਇੱਕ ਪ੍ਰਾਰਥਨਾ ਘਰ ਦਾ ਅਧਿਕਾਰੀ ਆਇਆ, ਜਿਸ ਦਾ ਨਾਂ ਜੈਰੁਸ ਸੀ । ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਪੈਰੀਂ ਪੈ ਗਿਆ, ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ, “ਮੇਰੀ ਬੱਚੀ ਮਰਨ ਵਾਲੀ ਹੈ । ਕਿਰਪਾ ਕਰ ਕੇ ਆਓ, ਅਤੇ ਆਪਣੇ ਹੱਥ ਉਸ ਦੇ ਉੱਤੇ ਰੱਖੋ ਤਾਂ ਜੋ ਉਹ ਚੰਗੀ ਹੋ ਜਾਵੇ ।” ਯਿਸੂ ਉਸ ਦੇ ਨਾਲ ਚੱਲ ਪਏ ਅਤੇ ਸਾਰੇ ਲੋਕ ਵੀ ਉਹਨਾਂ ਦੇ ਪਿੱਛੇ ਤੁਰ ਪਏ । ਲੋਕ ਇੰਨੇ ਸਨ ਕਿ ਉਹ ਯਿਸੂ ਉੱਤੇ ਡਿੱਗਦੇ ਪਏ ਸਨ । ਉਹਨਾਂ ਲੋਕਾਂ ਵਿੱਚ ਇੱਕ ਔਰਤ ਸੀ ਜੋ ਬਾਰ੍ਹਾਂ ਸਾਲਾਂ ਤੋਂ ਰੱਤਵਾਹਣ ਦੀ ਬਿਮਾਰੀ ਕਾਰਨ ਦੁਖੀ ਸੀ । ਉਹ ਬਹੁਤ ਹਕੀਮਾਂ ਕੋਲ ਇਲਾਜ ਲਈ ਜਾ ਚੁੱਕੀ ਸੀ । ਉਸ ਨੇ ਆਪਣਾ ਸਾਰਾ ਧਨ ਇਸ ਬਿਮਾਰੀ ਦੇ ਇਲਾਜ ਉੱਤੇ ਖ਼ਰਚ ਕਰ ਦਿੱਤਾ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ਸਗੋਂ ਉਸ ਦੀ ਬਿਮਾਰੀ ਹੋਰ ਵੱਧ ਗਈ ਸੀ । ਉਸ ਨੇ ਯਿਸੂ ਦੇ ਬਾਰੇ ਸੁਣਿਆ ਸੀ ਇਸ ਲਈ ਉਹ ਭੀੜ ਵਿੱਚ ਪਿੱਛੋਂ ਦੀ ਹੋ ਕੇ ਉਹਨਾਂ ਦੇ ਕੋਲ ਆਈ ਅਤੇ ਉਹਨਾਂ ਦੇ ਚੋਗੇ ਨੂੰ ਛੂਹ ਲਿਆ । ਉਸ ਦਾ ਕਹਿਣਾ ਸੀ, “ਮੈਂ ਜੇਕਰ ਉਹਨਾਂ ਦੇ ਕਿਸੇ ਕੱਪੜੇ ਨੂੰ ਹੀ ਛੂਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗੀ,” ਇਸ ਲਈ ਯਿਸੂ ਦਾ ਚੋਗਾ ਛੂੰਹਦੇ ਹੀ ਇਕਦਮ ਉਸ ਦਾ ਲਹੂ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਆਪਣੀ ਬਿਮਾਰੀ ਤੋਂ ਪੂਰੀ ਤਰ੍ਹਾਂ ਚੰਗੀ ਹੋ ਗਈ ਹੈ । ਉਸੇ ਸਮੇਂ ਯਿਸੂ ਨੇ ਵੀ ਆਪਣੇ ਆਪ ਵਿੱਚ ਮਹਿਸੂਸ ਕੀਤਾ ਕਿ ਉਹਨਾਂ ਵਿੱਚੋਂ ਸਮਰੱਥਾ ਨਿਕਲੀ ਹੈ । ਇਸ ਲਈ ਉਹਨਾਂ ਨੇ ਪਿੱਛੇ ਭੀੜ ਵੱਲ ਮੁੜ ਕੇ ਦੇਖਿਆ ਅਤੇ ਪੁੱਛਿਆ, “ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ ਹੈ?” ਉਹਨਾਂ ਦੇ ਚੇਲਿਆਂ ਨੇ ਉੱਤਰ ਦਿੱਤਾ, “ਤੁਸੀਂ ਦੇਖ ਹੀ ਰਹੇ ਹੋ ਕਿ ਲੋਕ ਤੁਹਾਡੇ ਉੱਤੇ ਡਿੱਗਦੇ ਪਏ ਹਨ, ਤੁਸੀਂ ਫਿਰ ਵੀ ਪੁੱਛ ਰਹੇ ਹੋ ਕਿ ਮੈਨੂੰ ਕਿਸ ਨੇ ਛੂਹਿਆ ਹੈ?” ਪਰ ਯਿਸੂ ਫਿਰ ਵੀ ਚਾਰੇ ਪਾਸੇ ਦੇਖਦੇ ਰਹੇ ਕਿ ਉਸ ਨੂੰ ਦੇਖਣ ਜਿਸ ਨੇ ਇਹ ਕੰਮ ਕੀਤਾ ਹੈ । ਤਦ ਉਹ ਔਰਤ ਇਹ ਜਾਣਦੀ ਹੋਈ ਕਿ ਉਸ ਨਾਲ ਕੀ ਹੋਇਆ ਹੈ, ਡਰਦੀ ਅਤੇ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਸਾਰਾ ਸੱਚ ਉਹਨਾਂ ਨੂੰ ਦੱਸ ਦਿੱਤਾ । ਯਿਸੂ ਨੇ ਉਸ ਨੂੰ ਕਿਹਾ, “ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ । ਸ਼ਾਂਤੀ ਨਾਲ ਜਾ ਅਤੇ ਇਸ ਰੋਗ ਤੋਂ ਮੁਕਤੀ ਪਾ ।” ਅਜੇ ਯਿਸੂ ਇਹ ਕਹਿ ਹੀ ਰਹੇ ਸਨ ਕਿ ਲੋਕ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਦੱਸਿਆ, “ਤੇਰੀ ਧੀ ਮਰ ਗਈ ਹੈ, ਹੁਣ ਗੁਰੂ ਜੀ ਨੂੰ ਉੱਥੇ ਜਾਣ ਦੀ ਖੇਚਲ ਨਾ ਦੇ ।” ਪਰ ਯਿਸੂ ਨੇ ਉਹਨਾਂ ਦੀ ਗੱਲ ਵੱਲ ਧਿਆਨ ਨਾ ਦਿੱਤਾ ਅਤੇ ਜੈਰੁਸ ਨੂੰ ਕਿਹਾ, “ਡਰ ਨਾ, ਕੇਵਲ ਵਿਸ਼ਵਾਸ ਰੱਖ ।” ਤਦ ਯਿਸੂ ਨੇ ਪਤਰਸ ਅਤੇ ਦੋਨਾਂ ਭਰਾਵਾਂ, ਯਾਕੂਬ ਅਤੇ ਯੂਹੰਨਾ ਤੋਂ ਸਿਵਾਏ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ । ਫਿਰ ਜਦੋਂ ਉਹ ਪ੍ਰਾਰਥਨਾ ਘਰ ਦੇ ਅਧਿਕਾਰੀ ਦੇ ਘਰ ਪਹੁੰਚੇ ਤਾਂ ਯਿਸੂ ਨੇ ਉੱਥੇ ਬਹੁਤ ਵੱਡਾ ਰੌਲਾ ਪੈਂਦਾ ਦੇਖਿਆ । ਲੋਕ ਧਾਹਾਂ ਮਾਰ ਕੇ ਰੋ ਰਹੇ ਅਤੇ ਵੈਣ ਪਾ ਰਹੇ ਸਨ । ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਰੌਲਾ ਕਿਉਂ ਪਾ ਰਹੇ ਹੋ ਅਤੇ ਕਿਉਂ ਰੋ ਰਹੇ ਹੋ? ਲੜਕੀ ਮਰੀ ਨਹੀਂ, ਉਹ ਤਾਂ ਸੁੱਤੀ ਪਈ ਹੈ ।” ਪਰ ਲੋਕ ਇਹ ਸੁਣ ਕੇ ਯਿਸੂ ਉੱਤੇ ਹੱਸਣ ਲੱਗੇ । ਇਸ ਲਈ ਯਿਸੂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਅਤੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਤਿੰਨਾਂ ਚੇਲਿਆਂ ਨੂੰ ਨਾਲ ਲੈ ਕੇ ਜਿਸ ਕਮਰੇ ਵਿੱਚ ਲੜਕੀ ਸੀ, ਉੱਥੇ ਗਏ । ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਤਲੀਥਾ ਕੁਮ!” ਜਿਸ ਦਾ ਮਤਲਬ ਹੈ, “ਛੋਟੀ ਬੱਚੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!” ਲੜਕੀ ਉਸੇ ਸਮੇਂ ਉੱਠ ਖੜ੍ਹੀ ਹੋਈ ਅਤੇ ਚੱਲਣ ਲੱਗੀ (ਉਹ ਬਾਰ੍ਹਾਂ ਸਾਲਾਂ ਦੀ ਸੀ) । ਇਹ ਦੇਖ ਕੇ ਜਿੰਨੇ ਲੋਕ ਉੱਥੇ ਸਨ, ਹੱਕੇ-ਬੱਕੇ ਰਹਿ ਗਏ । ਪਰ ਯਿਸੂ ਨੇ ਉਹਨਾਂ ਨੂੰ ਬੜੀ ਸਖ਼ਤੀ ਨਾਲ ਮਨ੍ਹਾ ਕੀਤਾ ਕਿ ਇਹ ਗੱਲ ਦੂਜਿਆਂ ਨੂੰ ਨਾ ਦੱਸਣ ਅਤੇ ਕਿਹਾ, “ਇਸ ਬੱਚੀ ਨੂੰ ਕੁਝ ਖਾਣ ਲਈ ਦਿਓ ।” ਯਿਸੂ ਉਸ ਥਾਂ ਤੋਂ ਚੱਲ ਕੇ ਆਪਣੇ ਸ਼ਹਿਰ ਵਿੱਚ ਗਏ ਅਤੇ ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ । ਸਬਤ ਦੇ ਦਿਨ ਉਹ ਪ੍ਰਾਰਥਨਾ ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ ਤਾਂ ਬਹੁਤ ਸਾਰੇ ਲੋਕ ਉਹਨਾਂ ਦੇ ਉਪਦੇਸ਼ ਨੂੰ ਸੁਣ ਕੇ ਹੈਰਾਨ ਹੋ ਗਏ ਅਤੇ ਕਹਿਣ ਲੱਗੇ, “ਇਸ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ ਹੈ? ਇਹ ਸਿਆਣਪ ਇਸ ਨੂੰ ਕਿੱਥੋਂ ਮਿਲੀ ਹੈ? ਇਹ ਕਿਵੇਂ ਸਾਰੇ ਚਮਤਕਾਰ ਕਰਦਾ ਹੈ? ਕੀ ਇਹ ਤਰਖਾਣ ਨਹੀਂ ਜੋ ਮਰੀਅਮ ਦਾ ਪੁੱਤਰ, ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ ਹੈ? ਕੀ ਇਸ ਦੀਆਂ ਭੈਣਾਂ ਇੱਥੇ ਨਹੀਂ ਰਹਿੰਦੀਆਂ?” ਇਸ ਲਈ ਉਹਨਾਂ ਨੇ ਯਿਸੂ ਨੂੰ ਰੱਦ ਦਿੱਤਾ । ਯਿਸੂ ਨੇ ਉਹਨਾਂ ਨੂੰ ਕਿਹਾ, “ਨਬੀ ਦਾ ਆਪਣੇ ਸ਼ਹਿਰ, ਰਿਸ਼ਤੇਦਾਰਾਂ ਅਤੇ ਘਰ ਨੂੰ ਛੱਡ ਕੇ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ ।” ਉਹ ਉੱਥੇ ਕੋਈ ਚਮਤਕਾਰ ਨਾ ਕਰ ਸਕੇ, ਸਿਵਾਏ ਇਸ ਦੇ ਕਿ ਕੁਝ ਬਿਮਾਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ । ਪਰ ਉਹਨਾਂ ਨੂੰ ਲੋਕਾਂ ਦੇ ਅਵਿਸ਼ਵਾਸ ਉੱਤੇ ਬਹੁਤ ਹੈਰਾਨੀ ਹੋਈ । ਫਿਰ ਯਿਸੂ ਨੇੜੇ ਦੇ ਪਿੰਡਾਂ ਵਿੱਚ ਜਾ ਕੇ ਉਪਦੇਸ਼ ਦੇਣ ਲੱਗੇ । ਉਹਨਾਂ ਨੇ ਬਾਰ੍ਹਾਂ ਚੇਲਿਆਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦੇ ਕੇ, ਦੋ-ਦੋ ਦੀ ਟੋਲੀ ਵਿੱਚ ਭੇਜਿਆ । ਉਹਨਾਂ ਨੂੰ ਇਹ ਹੁਕਮ ਦਿੱਤਾ, “ਰਾਹ ਦੇ ਲਈ ਆਪਣੇ ਨਾਲ ਇੱਕ ਲਾਠੀ ਤੋਂ ਸਿਵਾਏ ਹੋਰ ਕੁਝ ਨਾ ਲੈਣਾ; ਨਾ ਰੋਟੀ, ਨਾ ਝੋਲੀ, ਨਾ ਕਮਰਬੰਦ ਵਿੱਚ ਪੈਸੇ । ਪੈਰੀਂ ਜੁੱਤੀ ਪਾ ਲੈਣਾ, ਪਰ ਇੱਕ ਤੋਂ ਵੱਧ ਕੁੜਤਾ ਨਾ ਲੈਣਾ ।” ਯਿਸੂ ਨੇ ਫਿਰ ਕਿਹਾ, “ਜਿਸ ਥਾਂ ਵੀ ਤੁਸੀਂ ਜਾਓ ਉੱਥੇ ਇੱਕ ਘਰ ਵਿੱਚ ਹੀ ਠਹਿਰੋ, ਜਦੋਂ ਤੱਕ ਤੁਸੀਂ ਉਸ ਥਾਂ ਨੂੰ ਛੱਡ ਨਾ ਦਿਓ । ਜੇਕਰ ਕਿਸੇ ਥਾਂ ਤੁਹਾਡਾ ਸੁਆਗਤ ਨਾ ਹੋਵੇ ਅਤੇ ਲੋਕ ਤੁਹਾਡਾ ਉਪਦੇਸ਼ ਨਾ ਸੁਣਨ ਤਾਂ ਉਸ ਥਾਂ ਨੂੰ ਛੱਡਣ ਸਮੇਂ ਆਪਣੇ ਪੈਰਾਂ ਦੀ ਧੂੜ ਝਾੜ ਦੇਣਾ ਜੋ ਉਹਨਾਂ ਦੇ ਵਿਰੁੱਧ ਗਵਾਹੀ ਹੋਵੇ ।” ਇਸ ਲਈ ਉਹ ਜਾ ਕੇ ਲੋਕਾਂ ਵਿੱਚ ਪ੍ਰਚਾਰ ਕਰਨ ਲੱਗੇ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰਨ । ਉਹਨਾਂ ਨੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਵੀ ਤੇਲ ਮਲ ਕੇ ਚੰਗਾ ਕੀਤਾ । ਰਾਜਾ ਹੇਰੋਦੇਸ ਨੇ ਇਹ ਸਭ ਕੁਝ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਫੈਲ ਗਿਆ ਸੀ । ਕੁਝ ਲੋਕ ਕਹਿੰਦੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ ਇਸ ਲਈ ਉਸ ਰਾਹੀਂ ਇਹ ਚਮਤਕਾਰ ਹੋ ਰਹੇ ਹਨ ।” ਦੂਜੇ ਕਹਿੰਦੇ ਸਨ, “ਇਹ ਏਲੀਯਾਹ ਹੈ ।” ਫਿਰ ਕੁਝ ਹੋਰਨਾਂ ਦਾ ਕਹਿਣਾ ਸੀ, “ਇਹ ਪਹਿਲੇ ਨਬੀਆਂ ਵਰਗਾ ਇੱਕ ਨਬੀ ਹੈ ।” ਪਰ ਜਦੋਂ ਹੇਰੋਦੇਸ ਨੇ ਸੁਣਿਆ ਤਾਂ ਉਸ ਨੇ ਕਿਹਾ, “ਇਹ ਯੂਹੰਨਾ ਹੈ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ!” ਹੇਰੋਦੇਸ ਨੇ ਹੁਕਮ ਦੇ ਕੇ ਯੂਹੰਨਾ ਨੂੰ ਫੜਵਾਇਆ ਸੀ ਅਤੇ ਉਸ ਨੂੰ ਬੰਨ੍ਹ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ । ਇਹ ਉਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਕਾਰਨ ਕੀਤਾ ਸੀ ਜਿਸ ਨਾਲ ਉਸ ਨੇ ਵਿਆਹ ਕਰ ਲਿਆ ਸੀ । ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨਾਲ ਰਹਿਣਾ ਜਾਇਜ਼ ਨਹੀਂ ।” ਇਸ ਕਾਰਨ ਹੇਰੋਦਿਆਸ ਯੂਹੰਨਾ ਨਾਲ ਵੈਰ ਰੱਖਦੀ ਸੀ । ਉਹ ਉਸ ਨੂੰ ਜਾਨ ਤੋਂ ਮਰਵਾ ਦੇਣਾ ਚਾਹੁੰਦੀ ਸੀ । ਪਰ ਉਸ ਦੀ ਕੋਈ ਵਾਹ ਨਹੀਂ ਚੱਲਦੀ ਸੀ ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਭਲਾ ਅਤੇ ਨੇਕ ਆਦਮੀ ਮੰਨਦਾ ਸੀ । ਇਸੇ ਕਾਰਨ ਉਹ ਯੂਹੰਨਾ ਤੋਂ ਡਰਦਾ ਸੀ ਅਤੇ ਉਸ ਦੀ ਸੁਰੱਖਿਆ ਵੀ ਕਰਦਾ ਸੀ । ਉਹ ਯੂਹੰਨਾ ਦਾ ਉਪਦੇਸ਼ ਸੁਣਨਾ ਪਸੰਦ ਕਰਦਾ ਸੀ ਪਰ ਹਮੇਸ਼ਾ ਉਸ ਨੂੰ ਸੁਣ ਕੇ ਉਲਝਣ ਵਿੱਚ ਪੈ ਜਾਂਦਾ ਸੀ । ਅਖ਼ੀਰ ਹੇਰੋਦਿਆਸ ਦੇ ਹੱਥ ਇੱਕ ਮੌਕਾ ਆ ਗਿਆ । ਇਹ ਹੇਰੋਦੇਸ ਦਾ ਜਨਮ ਦਿਨ ਸੀ । ਉਸ ਨੇ ਆਪਣੇ ਸਾਰੇ ਵੱਡੇ ਸਰਕਾਰੀ ਅਫ਼ਸਰਾਂ, ਸੈਨਾਪਤੀਆਂ ਅਤੇ ਗਲੀਲ ਦੇ ਵੱਡੇ ਵੱਡੇ ਲੋਕਾਂ ਨੂੰ ਇੱਕ ਖ਼ਾਸ ਭੋਜ ਉੱਤੇ ਸੱਦਿਆ । ਇਸ ਮੌਕੇ ਉੱਤੇ ਹੇਰੋਦਿਆਸ ਦੀ ਧੀ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਪ੍ਰਾਹੁਣਿਆਂ ਨੂੰ ਖ਼ੁਸ਼ ਕੀਤਾ । ਇਸ ਲਈ ਰਾਜੇ ਨੇ ਉਸ ਲੜਕੀ ਨੂੰ ਕਿਹਾ, “ਜੋ ਤੇਰੀ ਇੱਛਾ ਹੈ ਮੰਗ, ਮੈਂ ਪੂਰੀ ਕਰਾਂਗਾ ।” ਉਸ ਨੇ ਵਚਨ ਦਿੱਤਾ, “ਜੇਕਰ ਤੂੰ ਮੇਰਾ ਅੱਧਾ ਰਾਜ ਵੀ ਮੰਗੇਂਗੀ ਤਾਂ ਮੈਂ ਉਹ ਵੀ ਦੇ ਦੇਵਾਂਗਾ ।” ਲੜਕੀ ਬਾਹਰ ਗਈ ਅਤੇ ਆਪਣੀ ਮਾਂ ਕੋਲੋਂ ਪੁੱਛਣ ਲੱਗੀ “ਮੈਂ ਕੀ ਮੰਗਾਂ?” ਉਸ ਦੀ ਮਾਂ ਨੇ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ!” ਲੜਕੀ ਉਸੇ ਸਮੇਂ ਅੰਦਰ ਗਈ ਅਤੇ ਰਾਜੇ ਨੂੰ ਕਹਿਣ ਲੱਗੀ, “ਮੈਂ ਚਾਹੁੰਦੀ ਹਾਂ ਕਿ ਇਸੇ ਸਮੇਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਮੈਨੂੰ ਦਿੱਤਾ ਜਾਵੇ!” ਇਹ ਸੁਣ ਕੇ ਰਾਜਾ ਬਹੁਤ ਦੁਖੀ ਹੋਇਆ ਪਰ ਆਪਣੇ ਦਿੱਤੇ ਵਚਨ ਅਤੇ ਪ੍ਰਾਹੁਣਿਆਂ ਦੇ ਕਾਰਨ ਉਹ ਉਸ ਦੀ ਮੰਗ ਨੂੰ ਮੋੜ ਨਾ ਸਕਿਆ । ਇਸ ਲਈ ਉਸ ਨੇ ਉਸੇ ਸਮੇਂ ਇੱਕ ਸਿਪਾਹੀ ਨੂੰ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ । ਉਹ ਸਿਪਾਹੀ ਜੇਲ੍ਹ ਵਿੱਚ ਗਿਆ ਅਤੇ ਉਸ ਨੇ ਯੂਹੰਨਾ ਦਾ ਸਿਰ ਵੱਢਿਆ ਅਤੇ ਥਾਲ ਵਿੱਚ ਰੱਖ ਕੇ ਲੜਕੀ ਨੂੰ ਲਿਆ ਦਿੱਤਾ । ਲੜਕੀ ਨੇ ਲੈ ਕੇ ਆਪਣੀ ਮਾਂ ਨੂੰ ਦੇ ਦਿੱਤਾ । ਜਦੋਂ ਯੂਹੰਨਾ ਦੇ ਚੇਲਿਆਂ ਨੇ ਸੁਣਿਆ ਤਾਂ ਉਹ ਆਏ ਅਤੇ ਉਸ ਦੀ ਲਾਸ਼ ਲੈ ਕੇ ਕਬਰ ਵਿੱਚ ਰੱਖ ਦਿੱਤੀ । ਰਸੂਲ ਇਕੱਠੇ ਵਾਪਸ ਯਿਸੂ ਕੋਲ ਆਏ ਅਤੇ ਉਹ ਸਭ ਕੁਝ ਜੋ ਉਹਨਾਂ ਨੇ ਕੀਤਾ ਅਤੇ ਲੋਕਾਂ ਨੂੰ ਸਿਖਾਇਆ ਸੀ, ਯਿਸੂ ਨੂੰ ਦੱਸਿਆ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਵੱਖਰੇ ਇਕਾਂਤ ਥਾਂ ਵਿੱਚ ਚੱਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ ।” (ਕਿਉਂਕਿ ਉਹਨਾਂ ਕੋਲ ਇੰਨੇ ਲੋਕ ਆ ਜਾ ਰਹੇ ਸਨ ਕਿ ਉਹਨਾਂ ਨੂੰ ਖਾਣ ਦੀ ਵੀ ਵਿਹਲ ਨਹੀਂ ਸੀ ।) ਇਸ ਲਈ ਉਹ ਕਿਸ਼ਤੀ ਵਿੱਚ ਬੈਠ ਕੇ ਇਕਾਂਤ ਥਾਂ ਨੂੰ ਚਲੇ ਗਏ । ਪਰ ਬਹੁਤ ਲੋਕਾਂ ਨੇ ਉਹਨਾਂ ਨੂੰ ਜਾਂਦੇ ਦੇਖ ਕੇ ਪਛਾਣ ਲਿਆ । ਇਸ ਲਈ ਲੋਕ ਸਾਰੇ ਸ਼ਹਿਰਾਂ ਤੋਂ ਪੈਦਲ ਹੀ ਦੌੜ ਕੇ, ਯਿਸੂ ਅਤੇ ਉਹਨਾਂ ਦੇ ਚੇਲਿਆਂ ਤੋਂ ਪਹਿਲਾਂ ਹੀ ਉਸ ਥਾਂ ਉੱਤੇ ਪਹੁੰਚ ਗਏ । ਯਿਸੂ ਨੇ ਕਿਸ਼ਤੀ ਵਿੱਚੋਂ ਬਾਹਰ ਆ ਕੇ ਉਸ ਵੱਡੀ ਭੀੜ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਲੋਕਾਂ ਦੇ ਲਈ ਦਇਆ ਨਾਲ ਭਰ ਗਿਆ ਕਿਉਂਕਿ ਉਹ ਲੋਕ ਉਹਨਾਂ ਭੇਡਾਂ ਵਾਂਗ ਸਨ ਜਿਹਨਾਂ ਦਾ ਕੋਈ ਚਰਵਾਹਾ ਨਾ ਹੋਵੇ । ਇਸ ਲਈ ਉਹ ਉਹਨਾਂ ਨੂੰ ਬਹੁਤ ਸਾਰੀਆਂ ਸਿੱਖਿਆਵਾਂ ਦੇਣ ਲੱਗੇ । ਜਦੋਂ ਦਿਨ ਢਲ਼ ਗਿਆ ਤਾਂ ਚੇਲਿਆਂ ਨੇ ਯਿਸੂ ਕੋਲ ਆ ਕੇ ਕਿਹਾ, “ਇਹ ਉਜਾੜ ਥਾਂ ਹੈ ਅਤੇ ਦਿਨ ਕਾਫ਼ੀ ਢਲ਼ ਗਿਆ ਹੈ । ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੀਆਂ ਥਾਵਾਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖ਼ਰੀਦਣ ।” ਪਰ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਹੀ ਇਹਨਾਂ ਨੂੰ ਕੁਝ ਖਾਣ ਲਈ ਦਿਓ ।” ਉਹਨਾਂ ਨੇ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਦੋ ਸੌ ਦੀਨਾਰ ਦੀਆਂ ਰੋਟੀਆਂ ਖ਼ਰੀਦੀਏ ਅਤੇ ਇਹਨਾਂ ਨੂੰ ਖਾਣ ਲਈ ਦੇਈਏ?” ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਜਾਓ, ਅਤੇ ਦੇਖੋ ।” ਉਹਨਾਂ ਨੇ ਦੇਖ ਕੇ ਦੱਸਿਆ, “ਪੰਜ ਰੋਟੀਆਂ ਅਤੇ ਦੋ ਮੱਛੀਆਂ ।” ਫਿਰ ਯਿਸੂ ਨੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਟੋਲੀਆਂ ਬਣਾ ਕੇ ਹਰੇ ਘਾਹ ਉੱਤੇ ਬੈਠ ਜਾਣ । ਲੋਕ ਸੌ-ਸੌ, ਪੰਜਾਹ-ਪੰਜਾਹ ਦੀਆਂ ਟੋਲੀਆਂ ਵਿੱਚ ਬੈਠ ਗਏ । ਤਦ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਹੱਥ ਵਿੱਚ ਲਈਆਂ ਅਤੇ ਉੱਪਰ ਅਕਾਸ਼ ਵੱਲ ਦੇਖਦੇ ਹੋਏ ਪਰਮੇਸ਼ਰ ਕੋਲੋਂ ਅਸੀਸ ਮੰਗੀ । ਫਿਰ ਉਹਨਾਂ ਨੇ ਰੋਟੀਆਂ ਤੋੜੀਆਂ ਅਤੇ ਆਪਣੇ ਚੇਲਿਆਂ ਨੂੰ ਦਿੱਤੀਆਂ ਤਾਂ ਜੋ ਉਹ ਲੋਕਾਂ ਵਿੱਚ ਵੰਡਣ । ਇਸੇ ਤਰ੍ਹਾਂ ਉਹਨਾਂ ਨੇ ਦੋ ਮੱਛੀਆਂ ਵੀ ਸਾਰਿਆਂ ਵਿੱਚ ਵੰਡੀਆਂ । ਸਾਰੇ ਲੋਕਾਂ ਨੇ ਰੱਜ ਕੇ ਖਾਧਾ । ਅੰਤ ਵਿੱਚ ਚੇਲਿਆਂ ਨੇ ਰੋਟੀਆਂ ਅਤੇ ਮੱਛੀਆਂ ਦੇ ਟੁਕੜਿਆਂ ਦੇ, ਜੋ ਬਚ ਗਏ ਸਨ, ਬਾਰ੍ਹਾਂ ਭਰੇ ਹੋਏ ਟੋਕਰੇ ਚੁੱਕੇ । ਖਾਣ ਵਾਲੇ ਆਦਮੀਆਂ ਦੀ ਗਿਣਤੀ ਪੰਜ ਹਜ਼ਾਰ ਸੀ । ਇਸ ਦੇ ਇਕਦਮ ਬਾਅਦ, ਯਿਸੂ ਨੇ ਆਪਣੇ ਚੇਲਿਆਂ ਨੂੰ ਜ਼ੋਰ ਦਿੱਤਾ ਕਿ ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਸੇ ਬੈਤਸੈਦਾ ਵੱਲ ਜਾਣ ਪਰ ਉਹ ਆਪ ਭੀੜ ਨੂੰ ਵਿਦਾ ਕਰਨ ਦੇ ਲਈ ਠਹਿਰ ਗਏ । ਲੋਕਾਂ ਨੂੰ ਵਿਦਾ ਕਰਨ ਦੇ ਬਾਅਦ ਉਹ ਪਹਾੜ ਉੱਤੇ ਪ੍ਰਾਰਥਨਾ ਕਰਨ ਦੇ ਲਈ ਚਲੇ ਗਏੇ । ਜਦੋਂ ਸ਼ਾਮ ਹੋ ਗਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚ ਚੁੱਕੀ ਸੀ ਪਰ ਯਿਸੂ ਇਕੱਲੇ ਕੰਢੇ ਉੱਤੇ ਸਨ । ਉਹਨਾਂ ਨੇ ਚੇਲਿਆਂ ਨੂੰ ਬੜੀ ਮੁਸ਼ਕਲ ਨਾਲ ਚੱਪੂ ਚਲਾਉਂਦੇ ਹੋਏ ਦੇਖਿਆ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਚੱਲ ਰਹੀ ਸੀ । ਇਸ ਲਈ ਰਾਤ ਦੇ ਚੌਥੇ ਪਹਿਰ ਯਿਸੂ ਪਾਣੀ ਉੱਤੇ ਚੱਲ ਕੇ ਉਹਨਾਂ ਵੱਲ ਆਏ । ਉਹ ਉਹਨਾਂ ਦੇ ਕੋਲੋਂ ਦੀ ਅੱਗੇ ਲੰਘ ਹੀ ਚੱਲੇ ਸਨ, ਕਿ ਚੇਲਿਆਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਦੇਖ ਲਿਆ ਅਤੇ ਸੋਚਿਆ, ਇਹ ਭੂਤ ਹੈ! ਇਸ ਲਈ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ । ਕਿਉਂਕਿ ਉਹਨਾਂ ਸਾਰਿਆਂ ਨੇ ਯਿਸੂ ਨੂੰ ਦੇਖ ਲਿਆ ਸੀ ਅਤੇ ਉਹ ਬਹੁਤ ਡਰ ਗਏ ਸਨ । ਪਰ ਯਿਸੂ ਨੇ ਇਕਦਮ ਉਹਨਾਂ ਨੂੰ ਕਿਹਾ, “ਹੌਸਲਾ ਰੱਖੋ, ਮੈਂ ਹਾਂ, ਡਰੋ ਨਹੀਂ!” ਫਿਰ ਉਹ ਕਿਸ਼ਤੀ ਵਿੱਚ ਚੜ੍ਹ ਗਏ ਅਤੇ ਹਵਾ ਥੰਮ੍ਹ ਗਈ । ਚੇਲੇ ਬਹੁਤ ਹੀ ਹੈਰਾਨ ਹੋ ਗਏ ਕਿਉਂਕਿ ਉਹ ਪੰਜ ਰੋਟੀਆਂ ਵਾਲੀ ਘਟਨਾ ਨਹੀਂ ਸਮਝੇ ਸਨ । ਇਸ ਲਈ ਕਿ ਉਹਨਾਂ ਦੇ ਦਿਲ ਕਠੋਰ ਹੋ ਗਏ ਸਨ । ਉਹ ਝੀਲ ਨੂੰ ਪਾਰ ਕਰ ਕੇ ਗਨੇਸਰਤ ਦੇ ਕੰਢੇ ਉੱਤੇ ਪਹੁੰਚ ਗਏ ਅਤੇ ਉੱਥੇ ਉਹਨਾਂ ਨੇ ਕਿਸ਼ਤੀ ਨੂੰ ਕੰਢੇ ਨਾਲ ਬੰਨ੍ਹ ਦਿੱਤਾ । ਜਦੋਂ ਉਹ ਕਿਸ਼ਤੀ ਵਿੱਚੋਂ ਬਾਹਰ ਆਏ ਤਾਂ ਲੋਕਾਂ ਨੇ ਝੱਟ ਹੀ ਯਿਸੂ ਨੂੰ ਪਛਾਣ ਲਿਆ । ਇਸ ਲਈ ਲੋਕ ਸਾਰੇ ਇਲਾਕੇ ਵਿੱਚ ਦੌੜੇ ਅਤੇ ਜਿੱਥੇ ਵੀ ਉਹਨਾਂ ਨੇ ਸੁਣਿਆਂ ਯਿਸੂ ਹਨ, ਉਹ ਰੋਗੀਆਂ ਨੂੰ ਉਹਨਾਂ ਦੇ ਕੋਲ ਮੰਜੀਆਂ ਸਣੇ ਚੁੱਕ ਕੇ ਲਿਆਏ । ਜਿੱਥੇ ਵੀ ਯਿਸੂ ਗਏ, ਪਿੰਡਾਂ ਜਾਂ ਸ਼ਹਿਰਾਂ ਜਾਂ ਖੇਤਾਂ ਵਿੱਚ, ਲੋਕ ਆਪਣੇ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਕੇ ਉਹਨਾਂ ਅੱਗੇ ਬੇਨਤੀ ਕਰਦੇ ਸਨ ਕਿ ਬਿਮਾਰਾਂ ਨੂੰ ਘੱਟ ਤੋਂ ਘੱਟ ਆਪਣਾ ਪੱਲਾ ਹੀ ਛੂਹ ਲੈਣ ਦਿਓ । ਜਿਹਨਾਂ ਨੇ ਵੀ ਉਹਨਾਂ ਦੇ ਪੱਲੇ ਨੂੰ ਛੂਹਿਆ, ਉਹ ਚੰਗੇ ਹੋ ਗਏ । ਫ਼ਰੀਸੀ ਅਤੇ ਕੁਝ ਵਿਵਸਥਾ ਦੇ ਸਿੱਖਿਅਕ ਜਿਹੜੇ ਯਰੂਸ਼ਲਮ ਤੋਂ ਆਏ ਸਨ ਯਿਸੂ ਕੋਲ ਇਕੱਠੇ ਹੋ ਕੇ ਆਏ । ਉਹਨਾਂ ਨੇ ਉੱਥੇ ਦੇਖਿਆ ਕਿ ਯਿਸੂ ਦੇ ਕੁਝ ਚੇਲੇ ਰਵਾਇਤਾਂ ਦੇ ਵਿਰੁੱਧ ਹੱਥ ਧੋਤੇ ਬਿਨਾਂ ਹੀ ਭੋਜਨ ਖਾਂਦੇ ਸਨ । ਕਿਉਂਕਿ ਫ਼ਰੀਸੀ ਅਤੇ ਸਾਰੇ ਯਹੂਦੀ ਲੋਕ ਪੁਰਖਿਆਂ ਦੀ ਰੀਤ ਨੂੰ ਮੰਨਦੇ ਸਨ । ਉਹ ਉਸ ਸਮੇਂ ਤੱਕ ਭੋਜਨ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਹੱਥ ਨਾ ਧੋ ਲੈਣ । ਉਹ ਬਜ਼ਾਰ ਤੋਂ ਆ ਕੇ ਕੁਝ ਵੀ ਨਹੀਂ ਖਾਂਦੇ ਸਨ ਜਦੋਂ ਤੱਕ ਕਿ ਉਹ ਰੀਤ ਅਨੁਸਾਰ ਇਸ਼ਨਾਨ ਨਾ ਕਰ ਲੈਣ । ਇਸੇ ਤਰ੍ਹਾਂ ਕਈ ਹੋਰ ਰੀਤਾਂ ਨੂੰ ਜਿਹੜੀਆਂ ਉਹਨਾਂ ਨੂੰ ਆਪਣੇ ਪੁਰਖਿਆਂ ਕੋਲੋਂ ਮਿਲੀਆਂ, ਮੰਨਦੇ ਸਨ; ਜਿਵੇਂ ਠੀਕ ਢੰਗ ਨਾਲ ਪਿਆਲਿਆਂ, ਗੜਵੀਆਂ, ਪਿੱਤਲ ਦੇ ਭਾਂਡਿਆਂ ਅਤੇ ਚੌਂਕੀਆਂ ਨੂੰ ਧੋਣਾ । ਇਸ ਲਈ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਯਿਸੂ ਕੋਲੋਂ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਨੂੰ ਕਿਉਂ ਨਹੀਂ ਮੰਨਦੇ? ਉਹ ਬਿਨਾਂ ਹੱਥ ਧੋਤੇ ਭੋਜਨ ਖਾਂਦੇ ਹਨ ।” ਯਿਸੂ ਨੇ ਉੱਤਰ ਦਿੱਤਾ, “ਤੁਹਾਡੇ ਜਿਹੇ ਪਖੰਡੀਆਂ ਦੇ ਲਈ ਯਸਾਯਾਹ ਨਬੀ ਨੇ ਠੀਕ ਭਵਿੱਖਬਾਣੀ ਕੀਤੀ ਸੀ, ਜਿਸ ਤਰ੍ਹਾਂ ਉਸ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ‘ਇਹ ਲੋਕ ਮੂੰਹ ਨਾਲ ਮੇਰਾ ਸਤਿਕਾਰ ਕਰਦੇ ਹਨ ਪਰ ਇਹਨਾਂ ਦੇ ਦਿਲ ਮੇਰੇ ਤੋਂ ਬਹੁਤ ਦੂਰ ਹਨ । ਇਹ ਵਿਅਰਥ ਹੀ ਮੇਰੀ ਅਰਾਧਨਾ ਕਰਦੇ ਹਨ ਕਿਉਂਕਿ ਇਹ ਮਨੁੱਖਾਂ ਦੇ ਬਣਾਏ ਹੋਏ ਸਿਧਾਂਤਾਂ ਨੂੰ ਪਰਮੇਸ਼ਰ ਦੇ ਸਿਧਾਂਤ ਕਰ ਕੇ ਸਿਖਾਉਂਦੇ ਹਨ ।’” ਯਿਸੂ ਨੇ ਫਿਰ ਕਿਹਾ, “ਤੁਸੀਂ ਮਨੁੱਖਾਂ ਦੀਆਂ ਬਣਾਈਆਂ ਰੀਤਾਂ ਨੂੰ ਤਾਂ ਪੂਰਾ ਕਰਦੇ ਹੋ ਪਰ ਪਰਮੇਸ਼ਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ।” “ਤੁਸੀਂ ਕਿੰਨੇ ਸੋਹਣੇ ਤਰੀਕੇ ਨਾਲ ਪਰਮੇਸ਼ਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ ਤਾਂ ਜੋ ਆਪਣੀਆਂ ਰੀਤਾਂ ਨੂੰ ਪੂਰਾ ਕਰ ਸਕੋ । ਮੂਸਾ ਨੇ ਕਿਹਾ ਹੈ, ‘ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰੋ ਅਤੇ ਜਿਹੜਾ ਆਪਣੇ ਮਾਤਾ-ਪਿਤਾ ਨੂੰ ਬੁਰਾ ਕਹੇ ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ ।’ ਪਰ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਆਦਮੀ ਮਾਤਾ ਜਾਂ ਪਿਤਾ ਨੂੰ ਕਹੇ, ‘ਜੋ ਕੁਝ ਮੈਂ ਤੁਹਾਡੀ ਸੇਵਾ ਵਿੱਚ ਲਾ ਸਕਦਾ ਸੀ, ਉਹ ਕੋਰਬਾਨ ’ ਭਾਵ ਪਰਮੇਸ਼ਰ ਦੇ ਨਾਮ ਲੱਗ ਚੁੱਕਾ ਹੈ । ਫਿਰ ਤੁਸੀਂ ਉਸ ਨੂੰ ਆਪਣੇ ਮਾਤਾ-ਪਿਤਾ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰਨ ਦਿੰਦੇ । ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਨੂੰ ਪੂਰਾ ਕਰਨ ਲਈ ਪਰਮੇਸ਼ਰ ਦੇ ਵਚਨ ਨੂੰ ਬੇਅਸਰ ਕਰਦੇ ਹੋ । ਤੁਸੀਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਕੰਮ ਕਰਦੇ ਹੋ ।” ਯਿਸੂ ਨੇ ਫਿਰ ਭੀੜ ਨੂੰ ਆਪਣੇ ਕੋਲ ਸੱਦ ਕੇ ਕਿਹਾ, “ਤੁਸੀਂ ਸਾਰੇ ਮੇਰੀ ਗੱਲ ਸੁਣੋ ਅਤੇ ਇਸ ਨੂੰ ਸਮਝੋ । ਕੋਈ ਇਹੋ ਜਿਹੀ ਚੀਜ਼ ਨਹੀਂ ਜੋ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਅਪਵਿੱਤਰ ਕਰ ਸਕਦੀ ਹੈ । ਸਗੋਂ ਉਹ ਚੀਜ਼ਾਂ ਜਿਹੜੀਆਂ ਉਸ ਦੇ ਅੰਦਰੋਂ ਨਿਕਲਦੀਆਂ ਹਨ, ਉਸ ਨੂੰ ਅਪਵਿੱਤਰ ਕਰਦੀਆਂ ਹਨ ।” ਫਿਰ ਜਦੋਂ ਯਿਸੂ ਲੋਕਾਂ ਤੋਂ ਵਿਦਾ ਲੈ ਕੇ ਘਰ ਆਏ ਤਾਂ ਉਹਨਾਂ ਦੇ ਚੇਲਿਆਂ ਨੇ ਇਸ ਦ੍ਰਿਸ਼ਟਾਂਤ ਦੇ ਬਾਰੇ ਉਹਨਾਂ ਤੋਂ ਪੁੱਛਿਆ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਦੂਜਿਆਂ ਦੇ ਵਾਂਗ ਬੇਸਮਝ ਹੋ । ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮਨੁੱਖ ਦੇ ਬਾਹਰੋਂ ਉਸ ਦੇ ਅੰਦਰ ਜਾਂਦਾ ਹੈ, ਉਹ ਉਸ ਨੂੰ ਅਪਵਿੱਤਰ ਨਹੀਂ ਕਰ ਸਕਦਾ? ਕਿਉਂਕਿ ਜੋ ਕੁਝ ਉਸ ਦੇ ਅੰਦਰ ਜਾਂਦਾ ਹੈ, ਉਸ ਦੇ ਦਿਲ ਵਿੱਚ ਨਹੀਂ ਸਗੋਂ ਉਸ ਦੇ ਪੇਟ ਵਿੱਚ ਜਾਂਦਾ ਹੈ ਅਤੇ ਮੈਲ਼ਾ ਬਣ ਕੇ ਬਾਹਰ ਨਿਕਲ ਜਾਂਦਾ ਹੈ ।” (ਇਹ ਕਹਿ ਕੇ ਯਿਸੂ ਨੇ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਪਵਿੱਤਰ ਠਹਿਰਾਇਆ ।) ਯਿਸੂ ਨੇ ਫਿਰ ਕਿਹਾ, “ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ, ਉਹ ਹੀ ਉਸ ਨੂੰ ਅਪਵਿੱਤਰ ਕਰਦਾ ਹੈ । ਮਨੁੱਖ ਦੇ ਅੰਦਰੋਂ ਵਿਚਾਰ ਨਿਕਲਦੇ ਹਨ: ਹਰਾਮਕਾਰੀ, ਚੋਰੀ, ਹੱਤਿਆ, ਵਿਭਚਾਰ, ਲਾਲਚ, ਵੈਰ, ਬੇਈਮਾਨੀ, ਕਾਮਵਾਸ਼ਨਾ, ਬੁਰੀ ਨਜ਼ਰ, ਨਿੰਦਾ, ਹੰਕਾਰ, ਅਤੇ ਮੂਰਖਤਾ । ਇਹ ਸਾਰੀਆਂ ਬੁਰਾਈਆਂ ਮਨੁੱਖ ਦੇ ਅੰਦਰੋਂ ਨਿਕਲਦੀਆਂ ਹਨ ਅਤੇ ਉਸ ਨੂੰ ਅਪਵਿੱਤਰ ਕਰਦੀਆਂ ਹਨ ।” ਫਿਰ ਯਿਸੂ ਉਸ ਥਾਂ ਨੂੰ ਛੱਡ ਕੇ ਸੂਰ ਸ਼ਹਿਰ ਦੇ ਇਲਾਕੇ ਵੱਲ ਆਏ । ਉਹ ਇੱਕ ਘਰ ਵਿੱਚ ਚਲੇ ਗਏ ਕਿਉਂਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੇ ਬਾਰੇ ਕੋਈ ਨਾ ਜਾਣੇ । ਪਰ ਉਹ ਆਪਣੇ ਆਪ ਨੂੰ ਲੁਕਾ ਨਾ ਸਕੇ । ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਜਿਸ ਦੀ ਛੋਟੀ ਬੱਚੀ ਵਿੱਚ ਅਸ਼ੁੱਧ ਆਤਮਾ ਸੀ । ਉਹ ਯਿਸੂ ਦੇ ਕੋਲ ਆਈ ਅਤੇ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ । ਉਹ ਯੂਨਾਨੀ ਔਰਤ ਸਰੂਫ਼ਿਨੀਕੀ ਕੌਮ ਵਿੱਚੋਂ ਸੀ । ਉਸ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਸ ਦੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਦੇਣ । ਯਿਸੂ ਨੇ ਉੱਤਰ ਦਿੱਤਾ, “ਪਹਿਲਾਂ ਬੱਚਿਆਂ ਨੂੰ ਰੱਜ ਕੇ ਖਾ ਲੈਣ ਦਿਓ; ਇਹ ਚੰਗਾ ਨਹੀਂ ਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਈ ਜਾਵੇ ।” ਉਸ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਇਹ ਠੀਕ ਹੈ ਪਰ ਕਤੂਰਿਆਂ ਨੂੰ ਵੀ ਤਾਂ ਬੱਚਿਆਂ ਦੀ ਮੇਜ਼ ਦੇ ਥੱਲਿਉਂ ਚੂਰੇ-ਭੂਰੇ ਮਿਲ ਹੀ ਜਾਂਦੇ ਹਨ ।” ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ, “ਤੇਰੇ ਇਸ ਉੱਤਰ ਦੇ ਕਾਰਨ ਆਪਣੇ ਘਰ ਜਾ; ਤੇਰੀ ਬੱਚੀ ਵਿੱਚੋਂ ਅਸ਼ੁੱਧ ਆਤਮਾ ਨਿਕਲ ਚੁੱਕੀ ਹੈ ।” ਉਸ ਔਰਤ ਨੇ ਆਪਣੇ ਘਰ ਆ ਕੇ ਬੱਚੀ ਨੂੰ ਬਿਸਤਰ ਉੱਤੇ ਲੰਮੀ ਪਈ ਦੇਖਿਆ । ਅਸ਼ੁੱਧ ਆਤਮਾ ਉਸ ਵਿੱਚੋਂ ਨਿਕਲ ਗਈ ਸੀ । ਇਸ ਦੇ ਬਾਅਦ ਯਿਸੂ ਸੂਰ ਦੇ ਇਲਾਕੇ ਤੋਂ ਸੈਦਾ ਦੇ ਰਾਹੀਂ ‘ਦਸ ਸ਼ਹਿਰਾਂ’ ਦੀਆਂ ਹੱਦਾਂ ਵਿੱਚੋਂ ਲੰਘਦੇ ਹੋਏ ਗਲੀਲ ਦੀ ਝੀਲ ਦੇ ਕੰਢੇ ਉੱਤੇ ਪਹੁੰਚੇ । ਉੱਥੇ ਕੁਝ ਲੋਕ ਇੱਕ ਆਦਮੀ ਨੂੰ ਜੋ ਬੋਲ਼ਾ ਅਤੇ ਗੂੰਗਾ ਸੀ, ਯਿਸੂ ਕੋਲ ਲਿਆਏ ਅਤੇ ਬੇਨਤੀ ਕੀਤੀ ਕਿ ਉਹ ਆਪਣਾ ਹੱਥ ਉਸ ਉੱਤੇ ਰੱਖਣ । ਯਿਸੂ ਉਸ ਆਦਮੀ ਨੂੰ ਲੋਕਾਂ ਤੋਂ ਅਲੱਗ ਲੈ ਗਏ ਅਤੇ ਆਪਣੀਆਂ ਉਂਗਲੀਆਂ ਉਸ ਦੇ ਕੰਨਾਂ ਵਿੱਚ ਪਾਈਆਂ । ਫਿਰ ਉਹਨਾਂ ਨੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ । ਫਿਰ ਯਿਸੂ ਨੇ ਆਕਾਸ਼ ਵੱਲ ਦੇਖਿਆ ਅਤੇ ਇੱਕ ਹਉਕਾ ਭਰ ਕੇ ਕਿਹਾ, “ਏਫਥਾ” ਭਾਵ “ਖੁੱਲ੍ਹ ਜਾ!” ਇਕਦਮ ਉਸ ਆਦਮੀ ਦੇ ਕੰਨ ਖੁੱਲ੍ਹ ਗਏ ਅਤੇ ਉਸ ਦਾ ਗੂੰਗਾਪਨ ਵੀ ਦੂਰ ਹੋ ਗਿਆ ਅਤੇ ਉਹ ਸਾਫ਼ ਸਾਫ਼ ਬੋਲਣ ਲੱਗ ਪਿਆ । ਫਿਰ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਕੁਝ ਨਾ ਦੱਸਣਾ ਪਰ ਜਿੰਨਾ ਹੀ ਯਿਸੂ ਨੇ ਉਹਨਾਂ ਨੂੰ ਮਨ੍ਹਾ ਕੀਤਾ, ਉੰਨਾਂ ਹੀ ਉਹ ਬਹੁਤ ਜੋਸ਼ ਵਿੱਚ ਆ ਕੇ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ । ਲੋਕ ਬਹੁਤ ਹੈਰਾਨ ਸਨ ਅਤੇ ਉਹਨਾਂ ਨੇ ਕਿਹਾ, “ਇਹ ਸਭ ਕੁਝ ਕਿੰਨਾ ਚੰਗਾ ਕਰਦੇ ਹਨ । ਇੱਥੋਂ ਤੱਕ ਕਿ ਇਹਨਾਂ ਨੇ ਬੋਲ਼ਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸਮਰੱਥਾ ਦਿੱਤੀ ਹੈ ।” ਕੁਝ ਦਿਨਾਂ ਦੇ ਬਾਅਦ ਫਿਰ ਇੱਕ ਵੱਡੀ ਭੀੜ ਇਕੱਠੀ ਹੋ ਗਈ । ਜਦੋਂ ਉਹਨਾਂ ਕੋਲ ਕੁਝ ਖਾਣ ਨੂੰ ਨਾ ਰਿਹਾ ਤਾਂ ਯਿਸੂ ਨੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਕਿਹਾ, “ਮੈਨੂੰ ਇਹਨਾਂ ਲੋਕਾਂ ਉੱਤੇ ਬਹੁਤ ਤਰਸ ਆ ਰਿਹਾ ਹੈ । ਤਿੰਨਾਂ ਦਿਨਾਂ ਤੋਂ ਇਹ ਲੋਕ ਮੇਰੇ ਨਾਲ ਹਨ ਅਤੇ ਹੁਣ ਇਹਨਾਂ ਕੋਲ ਖਾਣ ਲਈ ਕੁਝ ਨਹੀਂ ਰਿਹਾ । ਜੇਕਰ ਮੈਂ ਇਹਨਾਂ ਨੂੰ ਭੁੱਖੇ ਹੀ ਘਰਾਂ ਨੂੰ ਭੇਜ ਦੇਵਾਂ ਤਾਂ ਇਹ ਰਾਹ ਵਿੱਚ ਹੀ ਨਿਢਾਲ ਹੋ ਜਾਣਗੇ । ਉਹਨਾਂ ਵਿੱਚੋਂ ਕੁਝ ਤਾਂ ਆਏ ਵੀ ਬਹੁਤ ਦੂਰੋਂ ਹਨ ।” ਚੇਲਿਆਂ ਨੇ ਉੱਤਰ ਦਿੱਤਾ, “ਇੰਨੇ ਲੋਕਾਂ ਨੂੰ ਰਜਾਉਣ ਲਈ ਇਸ ਉਜਾੜ ਥਾਂ ਵਿੱਚ ਭੋਜਨ ਕਿੱਥੋਂ ਮਿਲ ਸਕਦਾ ਹੈ?” ਯਿਸੂ ਨੇ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਹਨਾਂ ਨੇ ਉੱਤਰ ਦਿੱਤਾ “ਸੱਤ ।” ਫਿਰ ਯਿਸੂ ਨੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਜ਼ਮੀਨ ਉੱਤੇ ਬੈਠ ਜਾਣ । ਇਸ ਦੇ ਬਾਅਦ ਯਿਸੂ ਨੇ ਸੱਤ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਲੋਕਾਂ ਵਿੱਚ ਵੰਡਣ ਲਈ ਦਿੱਤੀਆਂ ਅਤੇ ਉਹਨਾਂ ਨੇ ਇਸੇ ਤਰ੍ਹਾਂ ਕੀਤਾ । ਚੇਲਿਆਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ । ਯਿਸੂ ਨੇ ਇਹਨਾਂ ਦੇ ਲਈ ਵੀ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਚੇਲਿਆਂ ਨੂੰ ਇਹਨਾਂ ਨੂੰ ਵੀ ਲੋਕਾਂ ਵਿੱਚ ਵੰਡਣ ਲਈ ਕਿਹਾ । ਸਾਰੇ ਲੋਕਾਂ ਨੇ ਰੱਜ ਕੇ ਖਾਧਾ । ਚੇਲਿਆਂ ਨੇ ਸੱਤ ਟੋਕਰੇ ਬਚੇ ਹੋਏ ਟੁਕੜਿਆਂ ਦੇ ਭਰੇ ਹੋਏ ਚੁੱਕੇ । ਖਾਣ ਵਾਲਿਆਂ ਦੀ ਗਿਣਤੀ ਲਗਭਗ ਚਾਰ ਹਜ਼ਾਰ ਸੀ । ਫਿਰ ਯਿਸੂ ਨੇ ਉਹਨਾਂ ਨੂੰ ਵਿਦਾ ਕੀਤਾ । ਅੰਤ ਵਿੱਚ ਆਪ ਵੀ ਉਸੇ ਸਮੇਂ ਆਪਣੇ ਚੇਲਿਆਂ ਦੇ ਨਾਲ ਕਿਸ਼ਤੀ ਵਿੱਚ ਬੈਠ ਕੇ ਦਲਮਨੂਥਾ ਦੇ ਇਲਾਕੇ ਨੂੰ ਚਲੇ ਗਏ । ਕੁਝ ਫ਼ਰੀਸੀ ਆ ਕੇ ਯਿਸੂ ਨਾਲ ਬਹਿਸ ਕਰਨ ਲੱਗੇ । ਉਹਨਾਂ ਨੂੰ ਪਰਤਾਉਣ ਦੇ ਲਈ ਫ਼ਰੀਸੀਆਂ ਨੇ ਉਹਨਾਂ ਨੂੰ ਕੋਈ ਅਸਮਾਨੀ ਚਿੰਨ੍ਹ ਦਿਖਾਉਣ ਲਈ ਕਿਹਾ । ਪਰ ਯਿਸੂ ਨੇ ਇੱਕ ਲੰਮਾ ਹਉਕਾ ਭਰ ਕੇ ਕਿਹਾ, “ਇਸ ਪੀੜ੍ਹੀ ਦੇ ਲੋਕ ਚਮਤਕਾਰ ਕਿਉਂ ਦੇਖਣਾ ਚਾਹੁੰਦੇ ਹਨ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਪੀੜ੍ਹੀ ਦੇ ਲੋਕਾਂ ਨੂੰ ਕੋਈ ਚਮਤਕਾਰ ਨਹੀਂ ਦਿਖਾਇਆ ਜਾਵੇਗਾ ।” ਯਿਸੂ ਉਹਨਾਂ ਨੂੰ ਛੱਡ ਕੇ ਫਿਰ ਕਿਸ਼ਤੀ ਵਿੱਚ ਬੈਠ ਗਏ ਅਤੇ ਝੀਲ ਦੇ ਪਾਰ ਚਲੇ ਗਏ । ਚੇਲੇ ਆਪਣੇ ਨਾਲ ਰੋਟੀ ਲਿਆਉਣਾ ਭੁੱਲ ਗਏ ਸਨ । ਕਿਸ਼ਤੀ ਵਿੱਚ ਉਹਨਾਂ ਕੋਲ ਇੱਕ ਰੋਟੀ ਤੋਂ ਸਿਵਾਏ ਹੋਰ ਕੁਝ ਖਾਣ ਲਈ ਨਹੀਂ ਸੀ । ਯਿਸੂ ਨੇ ਉਹਨਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਦੇਖੋ, ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ ਰਹਿਣਾ ।” ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਉਹਨਾਂ ਨੇ ਇਹ ਇਸ ਲਈ ਕਿਹਾ ਹੈ ਕਿਉਂਕਿ ਸਾਡੇ ਕੋਲ ਰੋਟੀ ਨਹੀਂ ਹੈ ।” ਇਹ ਜਾਣਦੇ ਹੋਏ ਕਿ ਉਹ ਕੀ ਗੱਲਾਂ ਕਰ ਰਹੇ ਹਨ, ਯਿਸੂ ਨੇ ਕਿਹਾ, “ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਕਿ ਤੁਹਾਡੇ ਕੋਲ ਰੋਟੀ ਨਹੀਂ ਹੈ? ਕੀ ਤੁਸੀਂ ਹੁਣ ਵੀ ਨਹੀਂ ਸਮਝਦੇ? ਕੀ ਤੁਸੀਂ ਬੇਸਮਝ ਹੋ? ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਦੇਖ ਸਕਦੇ? ਕੀ ਤੁਸੀਂ ਕੰਨ ਹੁੰਦੇ ਹੋਏ ਵੀ ਨਹੀਂ ਸੁਣ ਸਕਦੇ? ਕੀ ਤੁਹਾਨੂੰ ਯਾਦ ਨਹੀਂ ਜਦੋਂ ਮੈਂ ਪੰਜ ਰੋਟੀਆਂ ਪੰਜ ਹਜ਼ਾਰ ਲਈ ਤੋੜੀਆਂ ਸਨ ਤਾਂ ਤੁਸੀਂ ਕਿੰਨੇ ਟੋਕਰੇ ਬਚੇ ਹੋਏ ਟੁਕੜਿਆਂ ਦੇ ਚੁੱਕੇ ਸਨ?” ਉਹਨਾਂ ਨੇ ਉੱਤਰ ਦਿੱਤਾ, “ਬਾਰ੍ਹਾਂ ।” “ਫਿਰ ਜਦੋਂ ਮੈਂ ਸੱਤ ਰੋਟੀਆਂ ਚਾਰ ਹਜ਼ਾਰ ਲਈ ਤੋੜੀਆਂ ਸਨ ਤਾਂ ਟੁਕੜਿਆਂ ਨਾਲ ਭਰੇ ਹੋਏ ਕਿੰਨੇ ਟੋਕਰੇ ਚੁੱਕੇ ਸਨ?” ਉਹਨਾਂ ਨੇ ਉੱਤਰ ਦਿੱਤਾ, “ਸੱਤ ।” ਤਦ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਅਜੇ ਵੀ ਨਹੀਂ ਸਮਝਦੇ?” ਉਹ ਬੈਤਸੈਦਾ ਵਿੱਚ ਆਏ ਤਾਂ ਉੱਥੇ ਕੁਝ ਲੋਕ ਇੱਕ ਅੰਨ੍ਹੇ ਨੂੰ ਯਿਸੂ ਕੋਲ ਲਿਆਏ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਛੂਹਣ । ਯਿਸੂ ਅੰਨ੍ਹੇ ਨੂੰ ਹੱਥ ਤੋਂ ਫੜ ਕੇ ਪਿੰਡ ਤੋਂ ਬਾਹਰ ਲੈ ਗਏ, ਫਿਰ ਉਹਨਾਂ ਨੇ ਉਸ ਦੀਆਂ ਅੱਖਾਂ ਉੱਤੇ ਥੁੱਕਿਆ ਅਤੇ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਤੋਂ ਪੁੱਛਿਆ, “ਕੀ ਤੈਨੂੰ ਕੁਝ ਦਿਖਾਈ ਦਿੰਦਾ ਹੈ?” ਉਸ ਆਦਮੀ ਨੇ ਉਤਾਂਹ ਦੇਖਦੇ ਹੋਏ ਉੱਤਰ ਦਿੱਤਾ, “ਮੈਨੂੰ ਮਨੁੱਖ ਦਿਖਾਈ ਦੇ ਰਹੇ ਹਨ । ਪਰ ਉਹ ਇਸ ਤਰ੍ਹਾਂ ਲੱਗਦੇ ਹਨ, ਜਿਵੇਂ ਚੱਲਦੇ ਫਿਰਦੇ ਰੁੱਖ ਹੋਣ ।” ਇਸ ਲਈ ਫਿਰ ਯਿਸੂ ਨੇ ਆਪਣੇ ਹੱਥ ਉਸ ਦੀਆਂ ਅੱਖਾਂ ਉੱਤੇ ਰੱਖੇ ਅਤੇ ਉਸ ਆਦਮੀ ਨੇ ਬੜੀ ਨੀਝ ਲਾ ਕੇ ਦੇਖਿਆ ਤਾਂ ਉਸ ਦੀ ਨਜ਼ਰ ਠੀਕ ਹੋ ਚੁੱਕੀ ਸੀ । ਹੁਣ ਉਹ ਸਭ ਕੁਝ ਸਾਫ਼ ਸਾਫ਼ ਦੇਖ ਸਕਦਾ ਸੀ । ਯਿਸੂ ਨੇ ਉਸ ਨੂੰ ਇਹ ਹੁਕਮ ਦਿੰਦੇ ਹੋਏ ਘਰ ਨੂੰ ਭੇਜਿਆ, “ਹੁਣ ਇਸ ਪਿੰਡ ਵਿੱਚ ਨਾ ਜਾਵੀਂ ।” ਇਸ ਦੇ ਬਾਅਦ ਯਿਸੂ ਅਤੇ ਉਹਨਾਂ ਦੇ ਚੇਲੇ ਕੈਸਰਿਆ ਫਿਲਿੱਪੀ ਦੇ ਪਿੰਡਾਂ ਵੱਲ ਗਏ । ਰਾਹ ਵਿੱਚ ਜਾਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” ਉਹਨਾਂ ਨੇ ਉੱਤਰ ਦਿੱਤਾ, “ਕੁਝ ਕਹਿੰਦੇ ਹਨ ਕਿ ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਹੋ । ਦੂਜੇ ਕਹਿੰਦੇ ਹਨ, ‘ਏਲੀਯਾਹ,’ ਪਰ ਕੁਝ ਹੋਰ ਕਹਿੰਦੇ ਹਨ, ‘ਨਬੀਆਂ ਵਿੱਚੋਂ ਕੋਈ ਇੱਕ ।’” ਫਿਰ ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ ।” ਤਦ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਮੇਰੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ ।” ਫਿਰ ਯਿਸੂ ਆਪਣੇ ਚੇਲਿਆਂ ਨੂੰ ਇਸ ਤਰ੍ਹਾਂ ਸਿੱਖਿਆ ਦੇਣ ਲੱਗੇ, “ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਬਹੁਤ ਦੁੱਖ ਸਹੇ ਅਤੇ ਬਜ਼ੁਰਗ ਆਗੂਆਂ, ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੁਆਰਾ ਠੁਕਰਾਇਆ ਜਾਵੇ । ਉਹ ਮਾਰਿਆ ਜਾਵੇ ਅਤੇ ਤਿੰਨ ਦਿਨਾਂ ਬਾਅਦ ਜੀਅ ਉੱਠੇ ।” ਉੁਹਨਾਂ ਨੇ ਇਹ ਗੱਲ ਬੜੇ ਸਾਫ਼ ਸ਼ਬਦਾਂ ਵਿੱਚ ਕਹੀ । ਪਰ ਪਤਰਸ ਯਿਸੂ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ । ਤਦ ਯਿਸੂ ਨੇ ਮੁੜ ਕੇ ਆਪਣੇ ਚੇਲਿਆਂ ਵੱਲ ਦੇਖਦੇ ਹੋਏ ਪਤਰਸ ਨੂੰ ਝਿੜਕਿਆ, “ਹੇ ਸ਼ੈਤਾਨ, ਮੇਰੇ ਤੋਂ ਦੂਰ ਹੋ ਜਾ! ਤੂੰ ਪਰਮੇਸ਼ਰ ਦੀਆਂ ਨਹੀਂ ਸਗੋਂ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ ।” ਇਸ ਦੇ ਬਾਅਦ ਯਿਸੂ ਨੇ ਚੇਲਿਆਂ ਦੇ ਨਾਲ ਲੋਕਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ, “ਜੇਕਰ ਕੋਈ ਮੇਰੇ ਪਿੱਛੇ ਚੱਲਣਾ ਚਾਹੇ ਤਾਂ ਉਹ ਆਪਣੇ ਆਪ ਦਾ ਤਿਆਗ ਕਰੇ ਅਤੇ ਆਪਣੀ ਸਲੀਬ ਚੁੱਕੇ ਅਤੇ ਮੇਰੇ ਪਿੱਛੇ ਆ ਜਾਵੇ । ਕਿਉਂਕਿ ਜੋ ਕੋਈ ਆਪਣੀ ਜਾਨ ਬਚਾਵੇਗਾ, ਉਹ ਉਸ ਨੂੰ ਗੁਆਵੇਗਾ । ਪਰ ਉਹ ਜੋ ਮੇਰੇ ਲਈ ਅਤੇ ਸ਼ੁਭ ਸਮਾਚਾਰ ਦੇ ਕਾਰਨ ਆਪਣੀ ਜਾਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । ਜੇਕਰ ਕੋਈ ਮਨੁੱਖ ਸਾਰਾ ਸੰਸਾਰ ਪ੍ਰਾਪਤ ਕਰ ਲਵੇ ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਤੋਂ ਕੀ ਲਾਭ? ਮਨੁੱਖ ਆਪਣੀ ਜਾਨ ਨੂੰ ਫਿਰ ਪ੍ਰਾਪਤ ਕਰਨ ਦੇ ਬਦਲੇ ਕੀ ਦੇ ਸਕਦਾ ਹੈ? ਇਸ ਲਈ ਜੇਕਰ ਕੋਈ ਮੇਰੇ ਕਾਰਨ ਅਤੇ ਮੇਰੇ ਵਚਨਾਂ ਦੇ ਕਾਰਨ ਇਸ ਵਿਸ਼ਵਾਸਹੀਨ ਅਤੇ ਪਾਪੀ ਪੀੜ੍ਹੀ ਵਿੱਚ ਸ਼ਰਮਾਉਂਦਾ ਹੈ, ਤਾਂ ਮਨੁੱਖ ਦਾ ਪੁੱਤਰ ਵੀ ਜਦੋਂ ਆਪਣੇ ਪਿਤਾ ਦੇ ਪ੍ਰਤਾਪ ਵਿੱਚ ਪਵਿੱਤਰ ਸਵਰਗਦੂਤਾਂ ਦੇ ਨਾਲ ਆਵੇਗਾ ਤਾਂ ਉਹ ਉਸ ਤੋਂ ਸ਼ਰਮਾਵੇਗਾ ।” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਲੋਕ ਖੜ੍ਹੇ ਹਨ ਜਿਹੜੇ ਮੌਤ ਦਾ ਸਵਾਦ ਤਦ ਤੱਕ ਨਹੀਂ ਚੱਖਣਗੇ ਜਦੋਂ ਤੱਕ ਕਿ ਉਹ ਪਰਮੇਸ਼ਰ ਦੇ ਰਾਜ ਨੂੰ ਪੂਰੀ ਸਮਰੱਥਾ ਨਾਲ ਆਇਆ ਨਾ ਦੇਖ ਲੈਣ ।” ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲੈ ਕੇ ਇੱਕ ਉੱਚੇ ਪਹਾੜ ਉੱਤੇ ਚਲੇ ਗਏ । ਉੱਥੇ ਉਹ ਇਕੱਲੇ ਸਨ । ਉਹਨਾਂ ਤਿੰਨਾਂ ਦੇ ਸਾਹਮਣੇ ਯਿਸੂ ਦਾ ਰੂਪ ਬਦਲ ਗਿਆ । ਯਿਸੂ ਦੇ ਕੱਪੜੇ ਬਹੁਤ ਹੀ ਚਮਕੀਲੇ ਹੋ ਗਏ । ਕੋਈ ਵੀ ਇਸ ਜ਼ਮੀਨ ਉੱਤੇ ਇਹੋ ਜਿਹੇ ਕੱਪੜੇ ਚਿੱਟੇ ਨਹੀਂ ਕਰ ਸਕਦਾ ਸੀ । ਫਿਰ ਉਹਨਾਂ ਤਿੰਨਾਂ ਚੇਲਿਆਂ ਨੇ ਏਲੀਯਾਹ ਅਤੇ ਮੂਸਾ ਨੂੰ ਉੱਥੇ ਦੇਖਿਆ ਜੋ ਯਿਸੂ ਨਾਲ ਗੱਲਾਂ ਕਰ ਰਹੇ ਸਨ । ਤਦ ਪਤਰਸ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਇਹ ਬਹੁਤ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ—ਇੱਕ ਤੁਹਾਡੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ ।” ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ਕਿਉਂਕਿ ਉਹ ਬਹੁਤ ਡਰੇ ਹੋਏ ਸਨ । ਇੰਨੇ ਵਿੱਚ ਇੱਕ ਬੱਦਲ ਆਇਆ ਅਤੇ ਉਹਨਾਂ ਉੱਤੇ ਛਾ ਗਿਆ, ਜਿਸ ਵਿੱਚੋਂ ਇਹ ਆਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ!” ਫਿਰ ਉਹਨਾਂ ਨੇ ਚਾਰੇ ਪਾਸੇ ਦੇਖਿਆ ਪਰ ਯਿਸੂ ਦੇ ਸਿਵਾਏ ਆਪਣੇ ਕੋਲ ਹੋਰ ਕਿਸੇ ਨੂੰ ਨਾ ਦੇਖਿਆ । ਜਦੋਂ ਉਹ ਪਹਾੜ ਤੋਂ ਉਤਰ ਰਹੇ ਸਨ ਤਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ, “ਕਿਸੇ ਨੂੰ ਕੁਝ ਨਾ ਦੱਸਣਾ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀਅ ਨਾ ਉੱਠੇ ।” ਚੇਲਿਆਂ ਨੇ ਉਹਨਾਂ ਦੇ ਇਹਨਾਂ ਸ਼ਬਦਾਂ ਨੂੰ ਬੜੇ ਧਿਆਨ ਨਾਲ ਸੁਣਿਆ ਪਰ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ, “ਮੁਰਦਿਆਂ ਵਿੱਚੋਂ ਜੀਅ ਉੱਠਣ ਦਾ ਕੀ ਅਰਥ ਹੈ?” ਉਹਨਾਂ ਨੇ ਯਿਸੂ ਤੋਂ ਪੁੱਛਿਆ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?” ਯਿਸੂ ਨੇ ਉੱਤਰ ਦਿੱਤਾ “ਹਾਂ, ਇਹ ਠੀਕ ਹੈ, ਏਲੀਯਾਹ ਪਹਿਲਾਂ ਆ ਕੇ ਸਭ ਕੁਝ ਠੀਕ ਕਰੇਗਾ, ਤਦ ਵੀ ਲਿਖਤਾਂ ਇਹ ਕਿਉਂ ਕਹਿੰਦੀਆਂ ਹਨ ਕਿ ਮਨੁੱਖ ਦਾ ਪੁੱਤਰ ਦੁੱਖ ਸਹੇਗਾ ਅਤੇ ਠੁਕਰਾਇਆ ਜਾਵੇਗਾ? ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਹੈ ਪਰ ਲੋਕਾਂ ਨੇ ਉਸ ਨਾਲ ਉਹ ਹੀ ਕੀਤਾ ਜੋ ਉਹ ਚਾਹੁੰਦੇ ਸਨ; ਜਿਸ ਤਰ੍ਹਾਂ ਉਸ ਬਾਰੇ ਲਿਖਿਆ ਹੋਇਆ ਹੈ ।” ਜਦੋਂ ਉਹ ਬਾਕੀ ਦੇ ਚੇਲਿਆਂ ਦੇ ਕੋਲ ਆਏ ਤਾਂ ਉਹਨਾਂ ਨੇ ਇੱਕ ਵੱਡੀ ਭੀੜ ਇਕੱਠੀ ਹੋਈ ਦੇਖੀ । ਕੁਝ ਵਿਵਸਥਾ ਦੇ ਸਿੱਖਿਅਕ ਚੇਲਿਆਂ ਨਾਲ ਬਹਿਸ ਕਰ ਰਹੇ ਸਨ । ਭੀੜ ਯਿਸੂ ਨੂੰ ਦੇਖਦਿਆਂ ਹੀ ਹੈਰਾਨ ਹੋ ਕੇ ਉਹਨਾਂ ਵੱਲ ਦੌੜੀ ਅਤੇ ਉਹਨਾਂ ਦਾ ਸੁਆਗਤ ਕੀਤਾ । ਯਿਸੂ ਨੇ ਉਹਨਾਂ ਤੋਂ ਪੁੱਛਿਆ “ਇਹ ਕੀ ਬਹਿਸ ਹੋ ਰਹੀ ਹੈ?” ਇੱਕ ਆਦਮੀ ਨੇ ਭੀੜ ਵਿੱਚੋਂ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਬੇਟੇ ਨੂੰ ਤੁਹਾਡੇ ਕੋਲ ਲਿਆਇਆ ਹਾਂ ਜਿਸ ਦੇ ਵਿੱਚ ਗੂੰਗੀ ਅਸ਼ੁੱਧ ਆਤਮਾ ਹੈ । ਜਦੋਂ ਕਦੀ ਵੀ ਇਹ ਆਤਮਾ ਉਸ ਨੂੰ ਫੜਦੀ ਹੈ ਤਾਂ ਉਸ ਨੂੰ ਜ਼ਮੀਨ ਉੱਤੇ ਸੁੱਟ ਦਿੰਦੀ ਹੈ । ਬੇਟੇ ਦੇ ਮੂੰਹ ਵਿੱਚੋਂ ਝੱਗ ਨਿਕਲ ਪੈਂਦੀ ਹੈ । ਫਿਰ ਉਹ ਦੰਦ ਪੀਂਹਦਾ ਹੈ ਅਤੇ ਅੰਤ ਵਿੱਚ ਉਸ ਦਾ ਸਾਰਾ ਸਰੀਰ ਆਕੜ ਜਾਂਦਾ ਹੈ । ਮੈਂ ਤੁਹਾਡੇ ਚੇਲਿਆਂ ਨੂੰ ਇਸ ਅਸ਼ੁੱਧ ਆਤਮਾ ਨੂੰ ਕੱਢਣ ਲਈ ਕਿਹਾ ਪਰ ਉਹ ਇਸ ਨੂੰ ਕੱਢ ਨਾ ਸਕੇ ।” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਕਿੰਨੇ ਵਿਸ਼ਵਾਸਹੀਨ ਲੋਕ ਹੋ, ਮੈਂ ਤੁਹਾਡੇ ਨਾਲ ਕਿੰਨਾ ਚਿਰ ਰਹਾਂਗਾ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਝੱਲਾਂਗਾ? ਲੜਕੇ ਨੂੰ ਮੇਰੇ ਕੋਲ ਲਿਆਓ ।” ਉਹ ਉਸ ਨੂੰ ਉਹਨਾਂ ਕੋਲ ਲਿਆਏ । ਅਸ਼ੁੱਧ ਆਤਮਾ ਨੇ ਯਿਸੂ ਨੂੰ ਦੇਖਦੇ ਹੀ ਇਕਦਮ ਲੜਕੇ ਨੂੰ ਮਰੋੜਿਆ ਅਤੇ ਜ਼ਮੀਨ ਉੱਤੇ ਸੁੱਟ ਦਿੱਤਾ । ਉਹ ਮੂੰਹ ਵਿੱਚੋਂ ਝੱਗ ਕੱਢਦੇ ਹੋਏ ਜ਼ਮੀਨ ਉੱਤੇ ਉਲਟ ਗਿਆ । ਯਿਸੂ ਨੇ ਲੜਕੇ ਦੇ ਪਿਤਾ ਤੋਂ ਪੁੱਛਿਆ, “ਇਸ ਦੀ ਇਹ ਹਾਲਤ ਕਦੋਂ ਤੋਂ ਹੈ?” ਪਿਤਾ ਨੇ ਉੱਤਰ ਦਿੱਤਾ, “ਬਚਪਨ ਤੋਂ । ਕਈ ਵਾਰ ਅਸ਼ੁੱਧ ਆਤਮਾ ਨੇ ਇਸ ਨੂੰ ਅੱਗ ਵਿੱਚ ਜਾਂ ਪਾਣੀ ਵਿੱਚ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ । ਇਸ ਲਈ ਸਾਡੇ ਉੱਤੇ ਰਹਿਮ ਕਰ ਕੇ ਸਾਡੀ ਮਦਦ ਕਰੋ, ਜੇਕਰ ਤੁਸੀਂ ਕੁਝ ਕਰ ਸਕਦੇ ਹੋ ।” ਯਿਸੂ ਨੇ ਉੱਤਰ ਦਿੱਤਾ, “ਜੇਕਰ ਤੁਸੀਂ ਕਰ ਸਕਦੇ ਹੋ? ਜੋ ਵਿਸ਼ਵਾਸ ਕਰਦਾ ਹੈ, ਉਸ ਲਈ ਸਭ ਕੁਝ ਹੋ ਸਕਦਾ ਹੈ ।” ਇਕਦਮ ਮੁੰਡੇ ਦੇ ਪਿਤਾ ਨੇ ਕਿਹਾ, “ਮੈਂ ਵਿਸ਼ਵਾਸ ਕਰਦਾ ਹਾਂ, ਮੇਰੇ ਅਵਿਸ਼ਵਾਸ ਵਿੱਚ ਮੇਰੀ ਮਦਦ ਕਰੋ ।” ਯਿਸੂ ਨੇ ਦੇਖਿਆ ਕਿ ਭੀੜ ਉਹਨਾਂ ਦੇ ਜ਼ਿਆਦਾ ਨੇੜੇ ਆ ਰਹੀ ਹੈ ਤਦ ਉਹਨਾਂ ਨੇ ਅਸ਼ੁੱਧ ਆਤਮਾ ਨੂੰ ਝਿੜਕ ਕੇ ਕਿਹਾ, “ਗੂੰਗੀ ਅਤੇ ਬੋਲ਼ੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਲੜਕੇ ਵਿੱਚੋਂ ਨਿਕਲ ਜਾ ਅਤੇ ਫਿਰ ਉਸ ਵਿੱਚ ਕਦੀ ਨਾ ਵੜਨਾ!” ਉਹ ਉੱਚੀ ਆਵਾਜ਼ ਨਾਲ ਚੀਕੀ ਅਤੇ ਲੜਕੇ ਨੂੰ ਜ਼ੋਰ ਨਾਲ ਸੁੱਟਦੇ ਹੋਏ ਉਸ ਵਿੱਚੋਂ ਨਿਕਲ ਗਈ । ਲੜਕਾ ਮੁਰਦੇ ਵਾਂਗ ਦਿੱਸਣ ਲੱਗਾ । ਇਸ ਲਈ ਬਹੁਤ ਸਾਰੇ ਲੋਕ ਕਹਿਣ ਲੱਗੇ, “ਉਹ ਮਰ ਗਿਆ ਹੈ ।” ਪਰ ਯਿਸੂ ਨੇ ਲੜਕੇ ਦਾ ਹੱਥ ਫੜ ਕੇ ਉਸ ਨੂੰ ਖੜ੍ਹਾ ਕਰ ਦਿੱਤਾ ਅਤੇ ਉਹ ਖੜ੍ਹਾ ਹੋ ਗਿਆ । ਇਸ ਦੇ ਬਾਅਦ ਜਦੋਂ ਯਿਸੂ ਘਰ ਦੇ ਅੰਦਰ ਗਏ ਤਾਂ ਉਹਨਾਂ ਦੇ ਚੇਲਿਆਂ ਨੇ ਇਕਾਂਤ ਵਿੱਚ ਉਹਨਾਂ ਕੋਲੋਂ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?” ਉਹਨਾਂ ਨੇ ਉੱਤਰ ਦਿੱਤਾ, “ਇਸ ਤਰ੍ਹਾਂ ਦੀ ਅਸ਼ੁੱਧ ਆਤਮਾ ਨੂੰ ਬਾਹਰ ਕੱਢਣ ਦਾ ਇੱਕ ਹੀ ਤਰੀਕਾ ਹੈ, ਉਹ ਹੈ ਪ੍ਰਾਰਥਨਾ ।” ਉਹ ਉਸ ਥਾਂ ਨੂੰ ਛੱਡ ਕੇ ਗਲੀਲ ਦੇ ਇਲਾਕੇ ਵਿੱਚੋਂ ਦੀ ਜਾ ਰਹੇ ਸਨ । ਯਿਸੂ ਨਹੀਂ ਚਾਹੁੰਦੇ ਸਨ ਕਿ ਕੋਈ ਉਹਨਾਂ ਬਾਰੇ ਜਾਨਣ ਕਿ ਉਹ ਕਿੱਥੇ ਹਨ ਕਿਉਂਕਿ ਉਹ ਆਪਣੇ ਚੇਲਿਆਂ ਨੂੰ ਉਪਦੇਸ਼ ਦਿੰਦੇ ਅਤੇ ਦੱਸਦੇ ਸਨ, “ਮਨੁੱਖ ਦਾ ਪੁੱਤਰ ਆਦਮੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ ਜੋ ਉਸ ਨੂੰ ਮਾਰ ਦੇਣਗੇ ਪਰ ਆਪਣੇ ਮਰਨ ਦੇ ਤਿੰਨ ਦਿਨਾਂ ਦੇ ਬਾਅਦ ਉਹ ਜੀਅ ਉੱਠੇਗਾ ।” ਚੇਲੇ ਇਸ ਦਾ ਅਰਥ ਨਾ ਸਮਝੇ ਪਰ ਉਹ ਯਿਸੂ ਨੂੰ ਪੁੱਛਣ ਤੋਂ ਡਰਦੇ ਸਨ । ਉਹ ਕਫ਼ਰਨਾਹੂਮ ਵਿੱਚ ਆਏ । ਜਦੋਂ ਉਹ ਘਰ ਦੇ ਵਿੱਚ ਆ ਗਏ ਤਾਂ ਯਿਸੂ ਨੇ ਚੇਲਿਆਂ ਤੋਂ ਪੁੱਛਿਆ, “ਤੁਸੀਂ ਰਾਹ ਵਿੱਚ ਕਿਸ ਬਾਰੇ ਬਹਿਸ ਕਰ ਰਹੇ ਸੀ?” ਪਰ ਉਹਨਾਂ ਨੇ ਕੁਝ ਉੱਤਰ ਨਾ ਦਿੱਤਾ ਕਿਉਂਕਿ ਉਹ ਰਾਹ ਵਿੱਚ ਆਪਸ ਵਿੱਚ ਬਹਿਸ ਕਰ ਰਹੇ ਸਨ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ । ਯਿਸੂ ਬੈਠ ਗਏ ਅਤੇ ਆਪਣੇ ਕੋਲ ਬਾਰ੍ਹਾਂ ਚੇਲਿਆਂ ਨੂੰ ਸੱਦ ਕੇ ਕਹਿਣ ਲੱਗੇ, “ਜੋ ਕੋਈ ਤੁਹਾਡੇ ਵਿੱਚੋਂ ਪਹਿਲੀ ਥਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਸਭ ਤੋਂ ਛੋਟਾ ਸਮਝੇ ਅਤੇ ਸਾਰਿਆਂ ਦਾ ਸੇਵਕ ਬਣੇ ।” ਫਿਰ ਉਹਨਾਂ ਨੇ ਇੱਕ ਬੱਚੇ ਨੂੰ ਲਿਆ ਅਤੇ ਉਸ ਨੂੰ ਸਾਰਿਆਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ ਅਤੇ ਉਸ ਬੱਚੇ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਉਹਨਾਂ ਨੂੰ ਕਿਹਾ, “ਜੋ ਕੋਈ ਇਹਨਾਂ ਬੱਚਿਆਂ ਵਿੱਚੋਂ ਕਿਸੇ ਇੱਕ ਦਾ ਮੇਰੇ ਨਾਮ ਵਿੱਚ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ, ਨਾ ਕੇਵਲ ਮੇਰਾ ਸਗੋਂ ਉਸ ਦਾ ਵੀ ਜਿਸ ਨੇ ਮੈਨੂੰ ਭੇਜਿਆ ਹੈ ।” ਯੂਹੰਨਾ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਅਸੀਂ ਇੱਕ ਆਦਮੀ ਨੂੰ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾ ਨੂੰ ਕੱਢਦੇ ਦੇਖਿਆ, ਅਸੀਂ ਉਸ ਨੂੰ ਮਨ੍ਹਾ ਕੀਤਾ ਕਿਉਂਕਿ ਉਹ ਸਾਡੇ ਨਾਲ ਨਹੀਂ ਸੀ ਚੱਲਦਾ ।” ਯਿਸੂ ਨੇ ਉੱਤਰ ਦਿੱਤਾ, “ਉਸ ਨੂੰ ਮਨ੍ਹਾ ਨਾ ਕਰੋ ਕਿਉਂਕਿ ਕੋਈ ਜੋ ਮੇਰਾ ਨਾਮ ਲੈ ਕੇ ਵੱਡੇ ਕੰਮ ਕਰਦਾ ਹੈ, ਉਹ ਉਸੇ ਸਮੇਂ ਮੇਰੇ ਵਿਰੁੱਧ ਨਹੀਂ ਬੋਲ ਸਕਦਾ । ਜੋ ਸਾਡੇ ਵਿਰੁੱਧ ਨਹੀਂ, ਸਾਡੇ ਨਾਲ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜੇਕਰ ਕੋਈ ਤੁਹਾਨੂੰ ਇਹ ਜਾਣ ਕੇ ਕਿ ਤੁਸੀਂ ਮਸੀਹ ਦੇ ਪਿੱਛੇ ਚੱਲਣ ਵਾਲੇ ਹੋ, ਪਾਣੀ ਦਾ ਇੱਕ ਗਲਾਸ ਪਿਲਾਉਂਦਾ ਹੈ, ਉਸ ਨੂੰ ਜ਼ਰੂਰ ਇਸ ਦਾ ਫਲ ਮਿਲੇਗਾ ।” “ਉਹ ਆਦਮੀ ਜਿਹੜਾ ਇਹਨਾਂ ਛੋਟਿਆਂ ਵਿੱਚੋਂ ਜੋ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਕਿਸੇ ਇੱਕ ਨੂੰ ਵੀ ਗ਼ਲਤ ਰਾਹ ਉੱਤੇ ਪਾਉਂਦਾ ਹੈ, ਉਸ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ ਵਿੱਚ ਇੱਕ ਚੱਕੀ ਦਾ ਪੁੜ ਬੰਨ੍ਹ ਕੇ ਸਾਗਰ ਵਿੱਚ ਸੁੱਟਿਆ ਜਾਂਦਾ । ਜੇਕਰ ਤੇਰਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਕਿਉਂਕਿ ਤੇਰੇ ਲਈ ਇਹ ਚੰਗਾ ਹੈ ਕਿ ਤੂੰ ਅਪਾਹਜ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਹੱਥ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ ਜਿੱਥੇ ਨਾ ਬੁਝਣ ਵਾਲੀ ਅੱਗ ਹੈ । ਜੇਕਰ ਤੇਰਾ ਪੈਰ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ । ਤੇਰੇ ਲਈ ਇਹ ਹੀ ਚੰਗਾ ਹੈ ਕਿ ਤੂੰ ਲੰਗੜਾ ਹੋ ਕੇ ਜੀਵਨ ਵਿੱਚ ਜਾਵੇਂ, ਬਜਾਏ ਇਸ ਦੇ ਕਿ ਤੂੰ ਦੋ ਪੈਰ ਰੱਖਦੇ ਹੋਏ ਨਰਕ ਵਿੱਚ ਜਾਵੇਂ । ਜੇਕਰ ਤੇਰੀ ਅੱਖ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਕੱਢ ਕੇ ਸੁੱਟ ਦੇ । ਤੇਰੇ ਲਈ ਇਹ ਚੰਗਾ ਹੈ ਕਿ ਤੂੰ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਜਾਵੇਂ ਬਜਾਏ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ; ਜਿੱਥੇ ‘ਉਹਨਾਂ ਦਾ ਕੀੜਾ ਨਹੀਂ ਮਰਦਾ ਅਤੇ ਅੱਗ ਕਦੀ ਨਹੀਂ ਬੁਝਦੀ ।’ “ਹਰ ਕੋਈ ਅੱਗ ਨਾਲ ਸ਼ੁੱਧ ਕੀਤਾ ਜਾਵੇਗਾ ਜਿਵੇਂ ਕੁਰਬਾਨੀ ਲੂਣ ਨਾਲ ਸ਼ੁੱਧ ਕੀਤੀ ਜਾਂਦੀ ਹੈ । ਲੂਣ ਤਾਂ ਚੰਗਾ ਹੈ ਪਰ ਜੇਕਰ ਲੂਣ ਆਪਣਾ ਸਲੂਣਾਪਨ ਗੁਆ ਬੈਠੇ ਤਾਂ ਤੁਸੀਂ ਉਸ ਨੂੰ ਫਿਰ ਕਿਸ ਤਰ੍ਹਾਂ ਸਲੂਣਾ ਕਰੋਗੇ? ਆਪਣੇ ਵਿੱਚ ਲੂਣ ਰੱਖੋ ਅਤੇ ਦੂਜਿਆਂ ਨਾਲ ਮੇਲ ਮਿਲਾਪ ਰੱਖੋ ।” ਯਿਸੂ ਉੱਥੋਂ ਚੱਲ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਗਏ । ਫਿਰ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਹ ਉਸ ਭੀੜ ਨੂੰ ਆਪਣੀ ਰੀਤ ਅਨੁਸਾਰ ਸਿੱਖਿਆ ਦੇਣ ਲੱਗੇ । ਕੁਝ ਫ਼ਰੀਸੀ ਉਹਨਾਂ ਦੇ ਕੋਲ ਆਏ ਅਤੇ ਉਹਨਾਂ ਨੂੰ ਪਰਖਣ ਦੇ ਲਈ ਪੁੱਛਣ ਲੱਗੇ, “ਕੀ ਕਿਸੇ ਆਦਮੀ ਨੂੰ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਹੱਕ ਹੈ?” ਪਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਮੂਸਾ ਨੇ ਤੁਹਾਨੂੰ ਇਸ ਬਾਰੇ ਕੀ ਹੁਕਮ ਦਿੱਤਾ ਹੈ?” ਉਹਨਾਂ ਨੇ ਉੱਤਰ ਦਿੱਤਾ, “ਮੂਸਾ ਨੇ ਤਲਾਕ ਲਿਖ ਕੇ ਛੱਡ ਦੇਣ ਦੀ ਆਗਿਆ ਦਿੱਤੀ ਹੈ ।” ਯਿਸੂ ਨੇ ਉੱਤਰ ਦਿੱਤਾ, “ਤੁਹਾਡੇ ਦਿਲਾਂ ਦੀ ਕਠੋਰਤਾ ਦੇ ਕਾਰਨ ਇਹ ਇਸ ਤਰ੍ਹਾਂ ਲਿਖੀ ਗਈ ਸੀ ਕਿਉਂਕਿ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਉਹਨਾਂ ਨੂੰ ਨਰ ਅਤੇ ਨਾਰੀ ਬਣਾਇਆ । ਇਸੇ ਕਾਰਨ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡੇਗਾ ਅਤੇ ਆਪਣੀ ਪਤਨੀ ਨਾਲ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ । ਇਸ ਲਈ ਉਹ ਅੱਗੇ ਤੋਂ ਦੋ ਨਹੀਂ ਸਗੋਂ ਇੱਕ ਸਰੀਰ ਹਨ । ਇਸ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਵੱਖ ਨਾ ਕਰੇ ।” ਜਦੋਂ ਉਹ ਘਰ ਪਹੁੰਚੇ ਤਾਂ ਚੇਲਿਆਂ ਨੇ ਫਿਰ ਇਸ ਬਾਰੇ ਯਿਸੂ ਤੋਂ ਪੁੱਛਿਆ । ਉਹਨਾਂ ਨੇ ਉੱਤਰ ਦਿੱਤਾ, “ਜੋ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਉਸ ਦੇ ਵਿਰੁੱਧ ਵਿਭਚਾਰ ਕਰਦਾ ਹੈ; ਅਤੇ ਜੇਕਰ ਕੋਈ ਔਰਤ ਆਪਣੇ ਪਤੀ ਨੂੰ ਛੱਡ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ ।” ਕੁਝ ਲੋਕ ਬੱਚਿਆਂ ਨੂੰ ਯਿਸੂ ਕੋਲ ਲਿਆਏ ਕਿ ਉਹ ਉਹਨਾਂ ਨੂੰ ਛੂਹ ਕੇ ਅਸੀਸ ਦੇਣ ਪਰ ਚੇਲਿਆਂ ਨੇ ਲੋਕਾਂ ਨੂੰ ਰੋਕਿਆ । ਯਿਸੂ ਇਹ ਦੇਖ ਕੇ ਬਹੁਤ ਗੁੱਸੇ ਹੋਏ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨ੍ਹਾ ਨਾ ਕਰੋ; ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇਕਰ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਾ ਕਰੇ ਤਾਂ ਉਹ ਉਸ ਵਿੱਚ ਕਦੀ ਵੀ ਦਾਖ਼ਲ ਨਾ ਹੋ ਸਕੇਗਾ ।” ਇਹ ਕਹਿ ਕੇ ਯਿਸੂ ਨੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ । ਫਿਰ ਜਦੋਂ ਯਿਸੂ ਉੱਥੋਂ ਨਿਕਲ ਕੇ ਰਾਹ ਵਿੱਚ ਜਾ ਰਹੇ ਸਨ ਤਾਂ ਇੱਕ ਆਦਮੀ ਦੌੜਦਾ ਹੋਇਆ ਆਇਆ ਅਤੇ ਉਹਨਾਂ ਅੱਗੇ ਗੋਡੇ ਟੇਕ ਕੇ ਉਹਨਾਂ ਤੋਂ ਪੁੱਛਿਆ, “ਨੇਕ ਗੁਰੂ ਜੀ, ਅਨੰਤ ਜੀਵਨ ਦਾ ਵਾਰਿਸ ਬਣਨ ਲਈ ਮੈਂ ਕੀ ਕਰਾਂ?” ਯਿਸੂ ਨੇ ਕਿਹਾ, “ਤੂੰ ਮੈਨੂੰ ਨੇਕ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਤੋਂ ਸਿਵਾਏ ਹੋਰ ਕੋਈ ਨੇਕ ਨਹੀਂ ਹੈ । ਤੂੰ ਹੁਕਮਾਂ ਨੂੰ ਤਾਂ ਜਾਣਦਾ ਹੀ ਹੈਂ: ਖ਼ੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਦੂਜਿਆਂ ਦਾ ਹੱਕ ਨਾ ਮਾਰ, ਅਤੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰ ।” ਉਸ ਆਦਮੀ ਨੇ ਕਿਹਾ, “ਗੁਰੂ ਜੀ, ਇਹਨਾਂ ਸਭ ਹੁਕਮਾਂ ਨੂੰ ਤਾਂ ਮੈਂ ਬਚਪਨ ਤੋਂ ਹੀ ਮੰਨਦਾ ਆਇਆ ਹਾਂ ।” ਯਿਸੂ ਨੇ ਪਿਆਰ ਨਾਲ ਨੀਝ ਲਾ ਕੇ ਉਸ ਵੱਲ ਦੇਖਿਆ ਅਤੇ ਕਿਹਾ, “ਤੇਰੇ ਵਿੱਚ ਇੱਕ ਚੀਜ਼ ਦਾ ਘਾਟਾ ਹੈ । ਜਾ, ਅਤੇ ਆਪਣਾ ਸਾਰਾ ਕੁਝ ਵੇਚ ਕੇ ਗ਼ਰੀਬਾਂ ਨੂੰ ਵੰਡ ਦੇ, ਤੈਨੂੰ ਸਵਰਗ ਵਿੱਚ ਖ਼ਜ਼ਾਨਾ ਮਿਲੇਗਾ । ਫਿਰ ਆ ਕੇ ਮੇਰੇ ਪਿੱਛੇ ਚੱਲ ।” ਜਦੋਂ ਉਸ ਆਦਮੀ ਨੇ ਇਹ ਸੁਣਿਆ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਛਾ ਗਈ ਅਤੇ ਉਹ ਦੁਖੀ ਹੋ ਕੇ ਚਲਾ ਗਿਆ ਕਿਉਂਕਿ ਉਹ ਬਹੁਤ ਅਮੀਰ ਸੀ । ਯਿਸੂ ਨੇ ਚਾਰੇ ਪਾਸੇ ਦੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਧਨਵਾਨਾਂ ਲਈ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਔਖਾ ਹੈ!” ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ । ਫਿਰ ਯਿਸੂ ਨੇ ਕਿਹਾ, “ਬੱਚਿਓ, ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਮੁਸ਼ਕਲ ਹੈ! ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ, ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਸੌਖਾ ਹੈ ।” ਚੇਲੇ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਮੁਕਤੀ ਕਿਸ ਨੂੰ ਮਿਲ ਸਕਦੀ ਹੈ?” ਯਿਸੂ ਨੇ ਉਹਨਾਂ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਮਨੁੱਖ ਲਈ ਤਾਂ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ ।” ਤਦ ਪਤਰਸ ਨੇ ਕਿਹਾ, “ਦੇਖ, ਅਸੀਂ ਤਾਂ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਚੱਲ ਪਏ ਹਾਂ ।” ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਹੋ ਜਿਹਾ ਕੋਈ ਨਹੀਂ ਜਿਸ ਨੇ ਮੇਰੇ ਅਤੇ ਸ਼ੁਭ ਸਮਾਚਾਰ ਦੇ ਲਈ ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਛੱਡੇ ਹੋਣ ਉਹ ਇਸ ਯੁੱਗ ਵਿੱਚ ਸੌ ਗੁਣਾ ਜ਼ਿਆਦਾ—ਘਰ, ਭਰਾ, ਭੈਣਾਂ, ਮਾਤਾ, ਪਿਤਾ, ਬੱਚੇ ਅਤੇ ਜ਼ਮੀਨ ਪ੍ਰਾਪਤ ਕਰੇਗਾ, ਪਰ ਅੱਤਿਆਚਾਰ ਸਹੇ ਬਿਨਾਂ ਨਹੀਂ । ਅਤੇ ਆਉਣ ਵਾਲੇ ਯੁੱਗ ਵਿੱਚ ਅਨੰਤ ਜੀਵਨ ਪ੍ਰਾਪਤ ਕਰੇਗਾ । ਪਰ ਬਹੁਤ ਸਾਰੇ ਜਿਹੜੇ ਹੁਣ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ, ਉਹ ਪਹਿਲੇ ਹੋਣਗੇ ।” ਉਹ ਉਸ ਰਾਹ ਉੱਤੇ ਜਾ ਰਹੇ ਸਨ ਜੋ ਯਰੂਸ਼ਲਮ ਨੂੰ ਜਾਂਦਾ ਹੈ । ਯਿਸੂ ਉਹਨਾਂ ਦੇ ਅੱਗੇ ਅੱਗੇ ਜਾ ਰਹੇ ਸਨ ਅਤੇ ਚੇਲੇ ਬਹੁਤ ਹੈਰਾਨ ਸਨ । ਹੋਰ ਲੋਕ ਜੋ ਉਹਨਾਂ ਦੇ ਪਿੱਛੇ ਆ ਰਹੇ ਸਨ ਉਹ ਡਰੇ ਹੋਏ ਸਨ । ਇੱਕ ਵਾਰ ਫਿਰ ਯਿਸੂ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਗਏ ਅਤੇ ਉਹਨਾਂ ਨੂੰ ਜਿਹੜੀਆਂ ਗੱਲਾਂ ਯਿਸੂ ਦੇ ਨਾਲ ਹੋਣ ਵਾਲੀਆਂ ਸਨ, ਉਹਨਾਂ ਬਾਰੇ ਦੱਸਣ ਲੱਗੇ । “ਦੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ । ਉੱਥੇ ਮਨੁੱਖ ਦੇ ਪੁੱਤਰ ਨੂੰ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਦੇ ਹਵਾਲੇ ਕੀਤਾ ਜਾਵੇਗਾ ਜੋ ਉਸ ਨੂੰ ਮੌਤ ਦੀ ਸਜ਼ਾ ਦੇਣਗੇ ਅਤੇ ਉਸ ਨੂੰ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦੇਣਗੇ । ਉਹ ਉਸ ਨੂੰ ਮਖ਼ੌਲ ਕਰਨਗੇ, ਉਸ ਉੱਤੇ ਥੁੱਕਣਗੇ, ਕੋਰੜੇ ਮਾਰਨਗੇ ਅਤੇ ਮਾਰ ਦੇਣਗੇ । ਪਰ ਉਹ ਤਿੰਨ ਦਿਨਾਂ ਦੇ ਬਾਅਦ ਜੀਅ ਉੱਠੇਗਾ!” ਜ਼ਬਦੀ ਦੇ ਪੁੱਤਰ ਯੂਹੰਨਾ ਅਤੇ ਯਾਕੂਬ ਯਿਸੂ ਕੋਲ ਆਏ ਅਤੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੁਹਾਡੇ ਕੋਲੋਂ ਇਸ ਵੇਲੇ ਮੰਗੀਏ, ਤੁਸੀਂ ਸਾਡੇ ਲਈ ਕਰ ਦੇਵੋ ।” ਯਿਸੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?” ਉਹਨਾਂ ਨੇ ਉੱਤਰ ਦਿੱਤਾ, “ਸਾਨੂੰ ਆਪਣੇ ਰਾਜ ਦੀ ਮਹਿਮਾ ਦੇ ਸਮੇਂ ਇੱਕ ਨੂੰ ਆਪਣੇ ਸੱਜੇ ਅਤੇ ਦੂਜੇ ਨੂੰ ਖੱਬੇ ਬੈਠਣ ਦਾ ਅਧਿਕਾਰ ਦਿਓ ।” ਯਿਸੂ ਨੇ ਕਿਹਾ, “ਤੁਸੀਂ ਜਾਣਦੇ ਨਹੀਂ ਕਿ ਤੁਸੀਂ ਕੀ ਮੰਗ ਰਹੇ ਹੋ । ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣ ਵਾਲਾ ਹਾਂ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣ ਵਾਲਾ ਹਾਂ?” ਉਹਨਾਂ ਦੋਨਾਂ ਨੇ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜਾ ਪਿਆਲਾ ਮੈਂ ਪੀ ਰਿਹਾ ਹਾਂ, ਤੁਸੀਂ ਪੀਉਗੇ ਅਤੇ ਜਿਹੜਾ ਬਪਤਿਸਮਾ ਮੈਂ ਲੈ ਰਿਹਾ ਹਾਂ, ਤੁਸੀਂ ਵੀ ਲਵੋਗੇ । ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਹੈ । ਇਹ ਥਾਵਾਂ ਉਹਨਾਂ ਲਈ ਹਨ ਜਿਹਨਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ ।” ਜਦੋਂ ਬਾਕੀ ਦਸਾਂ ਨੇ ਇਹ ਸੁਣਿਆ ਤਾਂ ਉਹ ਯੂਹੰਨਾ ਅਤੇ ਯਾਕੂਬ ਨੂੰ ਬਹੁਤ ਗੁੱਸੇ ਹੋਏ । ਯਿਸੂ ਨੇ ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਜਾਣਦੇ ਹੋ, ਜਿਹੜੇ ਆਪਣੇ ਆਪ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਦੇ ਹਨ, ਉਹ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਨੇਤਾ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ । ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਬਣਨਾ ਚਾਹੇ ਤਾਂ ਉਹ ਜ਼ਰੂਰ ਦੂਜਿਆਂ ਦਾ ਸੇਵਕ ਬਣੇ ਅਤੇ ਜੇਕਰ ਕੋਈ ਤੁਹਾਡੇ ਵਿੱਚੋਂ ਮਹਾਨ ਬਣਨਾ ਚਾਹੇ, ਉਹ ਸਾਰਿਆਂ ਦਾ ਗ਼ੁਲਾਮ ਬਣੇ । ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਦੇ ਲਈ ਨਹੀਂ ਆਇਆ ਸਗੋਂ ਉਹ ਸੇਵਾ ਕਰਨ ਅਤੇ ਬਹੁਤ ਸਾਰੇ ਲੋਕਾਂ ਦੀ ਮੁਕਤੀ ਦੇ ਲਈ ਆਪਣੀ ਜਾਨ ਦੇਣ ਲਈ ਆਇਆ ਹੈ ।” ਉਹ ਯਰੀਹੋ ਸ਼ਹਿਰ ਵਿੱਚ ਆਏ । ਫਿਰ ਜਦੋਂ ਉਹ ਆਪਣੇ ਚੇਲਿਆਂ ਅਤੇ ਵੱਡੀ ਭੀੜ ਦੇ ਨਾਲ ਯਰੀਹੋ ਤੋਂ ਬਾਹਰ ਨਿਕਲ ਰਹੇ ਸਨ, ਉਸ ਸਮੇਂ ਤਿਮਾਈ ਦਾ ਪੁੱਤਰ ਬਰਤਿਮਾਈ ਇੱਕ ਅੰਨ੍ਹਾ ਮੰਗਤਾ ਸੜਕ ਦੇ ਕੰਢੇ ਬੈਠਾ ਸੀ । ਜਦੋਂ ਉਸ ਨੇ ਸੁਣਿਆ ਕਿ ਨਾਸਰਤ ਨਿਵਾਸੀ ਯਿਸੂ ਉੱਥੇ ਹਨ ਤਾਂ ਉਸ ਨੇ ਉੱਚੀ ਆਵਾਜ਼ ਨਾਲ ਕਹਿਣਾ ਸ਼ੁਰੂ ਕੀਤਾ, “ਯਿਸੂ, ਦਾਊਦ ਦੇ ਪੁੱਤਰ ਮੇਰੇ ਉੱਤੇ ਰਹਿਮ ਕਰੋ!” ਬਹੁਤਿਆਂ ਨੇ ਉਸ ਨੂੰ ਚੁੱਪ ਰਹਿਣ ਲਈ ਕਿਹਾ ਪਰ ਉਹ ਹੋਰ ਵੀ ਉੱਚੀ ਉੱਚੀ ਬੋਲਿਆ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਰਹਿਮ ਕਰੋ!” ਯਿਸੂ ਨੇ ਰੁਕ ਕੇ ਕਿਹਾ, “ਉਸ ਨੂੰ ਸੱਦੋ ।” ਲੋਕਾਂ ਨੇ ਅੰਨ੍ਹੇ ਨੂੰ ਸੱਦਿਆ ਅਤੇ ਕਿਹਾ, “ਹੌਸਲਾ ਕਰ! ਉੱਠ, ਉਹ ਤੈਨੂੰ ਸੱਦ ਰਹੇ ਹਨ ।” ਉਸ ਨੇ ਇਕਦਮ ਆਪਣੇ ਉੱਤੇ ਦਾ ਚੋਗਾ ਪਰ੍ਹੇ ਸੁੱਟਿਆ ਅਤੇ ਉੱਠ ਕੇ ਯਿਸੂ ਕੋਲ ਪਹੁੰਚ ਗਿਆ । ਯਿਸੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਕਿ ਮੈਂ ਤੇਰੇ ਲਈ ਕਰਾਂ?” ਅੰਨ੍ਹੇ ਨੇ ਉੱਤਰ ਦਿੱਤਾ, “ਗੁਰੂ ਜੀ, ਮੈਂ ਸੁਜਾਖਾ ਹੋਣਾ ਚਾਹੁੰਦਾ ਹਾਂ ।” ਯਿਸੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਇਕਦਮ ਹੀ ਉਹ ਦੇਖਣ ਲੱਗ ਪਿਆ ਅਤੇ ਯਿਸੂ ਦੇ ਪਿੱਛੇ ਸੜਕ ਉੱਤੇ ਚੱਲਣ ਲੱਗਾ । ਜਦੋਂ ਉਹ ਯਰੂਸ਼ਲਮ ਦੇ ਨੇੜੇ ਬੈਤਫ਼ੈਗਾ ਅਤੇ ਬੈਤਨੀਆਂ ਦੇ ਸ਼ਹਿਰ ਜੋ ਜ਼ੈਤੂਨ ਦੇ ਪਹਾੜ ਦੀ ਢਲਾਨ ਉੱਤੇ ਹਨ, ਆਏ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਉੱਥੇ ਪਹੁੰਚਦੇ ਹੀ ਤੁਹਾਨੂੰ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਮਿਲੇਗਾ ਜਿਸ ਉੱਤੇ ਅੱਜ ਤੱਕ ਕੋਈ ਸਵਾਰ ਨਹੀਂ ਹੋਇਆ । ਉਸ ਨੂੰ ਖੋਲ੍ਹ ਕੇ ਲੈ ਆਓ । ਜੇਕਰ ਕੋਈ ਤੁਹਾਨੂੰ ਪੁੱਛੇ, ‘ਇਹ ਕੀ ਕਰ ਰਹੇ ਹੋ?’ ਉਸ ਨੂੰ ਕਹਿਣਾ, ‘ਪ੍ਰਭੂ ਨੂੰ ਇਸ ਦੀ ਲੋੜ ਹੈ ।’ ਉਹ ਉਸੇ ਸਮੇਂ ਇਸ ਨੂੰ ਇੱਥੇ ਭੇਜ ਦੇਣਗੇ ।” ਚੇਲੇ ਗਏ ਅਤੇ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਦੇ ਨਾਲ ਬਾਹਰ ਗਲੀ ਵਿੱਚ ਬੰਨ੍ਹਿਆ ਹੋਇਆ ਦੇਖਿਆ । ਜਦੋਂ ਉਹ ਉਸ ਨੂੰ ਖੋਲ੍ਹ ਰਹੇ ਸਨ ਤਾਂ ਕੋਲ ਖੜ੍ਹੇ ਲੋਕਾਂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਇਹ ਕੀ ਕਰ ਰਹੇ ਹੋ? ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” ਉਹਨਾਂ ਚੇਲਿਆਂ ਨੇ ਉਹ ਹੀ ਕਿਹਾ ਜੋ ਯਿਸੂ ਨੇ ਉਹਨਾਂ ਨੂੰ ਕਿਹਾ ਸੀ ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ । ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ ਅਤੇ ਉਹਨਾਂ ਨੇ ਆਪਣੇ ਕੱਪੜੇ ਉਸ ਉੱਤੇ ਪਾਏ । ਯਿਸੂ ਉਸ ਉੱਤੇ ਬੈਠ ਗਏ । ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ, ਦੂਜਿਆਂ ਨੇ ਖੇਤਾਂ ਵਿੱਚੋਂ ਹਰੇ ਪੱਤਿਆਂ ਨਾਲ ਭਰੀਆਂ ਹੋਈਆਂ ਟਹਿਣੀਆਂ ਤੋੜ ਕੇ ਰਾਹ ਵਿੱਚ ਵਿਛਾਈਆਂ । ਸਾਰੇ ਲੋਕ ਜੋ ਉਹਨਾਂ ਦੇ ਅੱਗੇ ਪਿੱਛੇ ਆ ਰਹੇ ਸਨ, ਉੱਚੀ ਉੱਚੀ ਇਸ ਤਰ੍ਹਾਂ ਨਾਅਰੇ ਮਾਰ ਰਹੇ ਸਨ: “ਹੋਸੰਨਾ! ਧੰਨ ਹੈ ਉਹ ਜੋ ਪਰਮੇਸ਼ਰ ਦੇ ਨਾਮ ਵਿੱਚ ਆਉਂਦਾ ਹੈ! ਸਾਡੇ ਪੁਰਖੇ ਦਾਊਦ ਦੇ ਆਉਣ ਵਾਲੇ ਰਾਜਾ ਦੀ ਜੈ! ਪਰਮਧਾਮ ਵਿੱਚ ਹੋਸੰਨਾ!” ਫਿਰ ਯਿਸੂ ਯਰੂਸ਼ਲਮ ਵਿੱਚ ਆ ਕੇ ਹੈਕਲ ਵਿੱਚ ਗਏ । ਉੱਥੇ ਉਹਨਾਂ ਨੇ ਚਾਰੇ ਪਾਸੇ ਸਭ ਕੁਝ ਹੁੰਦਾ ਦੇਖਿਆ ਅਤੇ ਬਾਰ੍ਹਾਂ ਚੇਲਿਆਂ ਦੇ ਨਾਲ ਬੈਤਨੀਆਂ ਸ਼ਹਿਰ ਨੂੰ ਚਲੇ ਗਏ ਕਿਉਂਕਿ ਦਿਨ ਕਾਫ਼ੀ ਢਲ ਚੁੱਕਾ ਸੀ । ਅਗਲੇ ਦਿਨ ਜਦੋਂ ਉਹ ਬੈਤਨੀਆ ਤੋਂ ਬਾਹਰ ਆਏ ਤਾਂ ਯਿਸੂ ਨੂੰ ਭੁੱਖ ਲੱਗੀ । ਉਹਨਾਂ ਨੇ ਦੂਰ ਤੋਂ ਹੀ ਇੱਕ ਪੱਤਿਆਂ ਨਾਲ ਭਰੇ ਹੋਏ ਅੰਜੀਰ ਦੇ ਰੁੱਖ ਨੂੰ ਦੇਖਿਆ । ਇਹ ਸੋਚਦੇ ਹੋਏ ਕਿ ਉਹਨਾਂ ਨੂੰ ਉਸ ਤੋਂ ਕੁਝ ਅੰਜੀਰਾਂ ਮਿਲ ਜਾਣਗੀਆਂ, ਉਹ ਉਸ ਦੇ ਕੋਲ ਗਏ । ਪਰ ਜਦੋਂ ਉਸ ਦੇ ਕੋਲ ਪਹੁੰਚੇ ਤਾਂ ਪੱਤਿਆਂ ਤੋਂ ਸਿਵਾਏ ਹੋਰ ਕੁਝ ਉਸ ਉੱਤੇ ਦਿਖਾਈ ਨਾ ਦਿੱਤਾ ਕਿਉਂਕਿ ਇਹ ਅੰਜੀਰਾਂ ਦਾ ਮੌਸਮ ਨਹੀਂ ਸੀ । ਤਦ ਯਿਸੂ ਨੇ ਅੰਜੀਰ ਦੇ ਰੁੱਖ ਨੂੰ ਕਿਹਾ, “ਅੱਗੇ ਤੋਂ ਕਦੀ ਵੀ ਫਿਰ ਕੋਈ ਤੇਰਾ ਫਲ ਨਾ ਖਾਵੇ ।” ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣਿਆ । ਜਦੋਂ ਯਿਸੂ ਯਰੂਸ਼ਲਮ ਵਿੱਚ ਪਹੁੰਚੇ ਤਦ ਹੈਕਲ ਵਿੱਚ ਜਾ ਕੇ ਉਹਨਾਂ ਨੂੰ ਜੋ ਹੈਕਲ ਵਿੱਚ ਲੈਣ-ਦੇਣ ਕਰ ਰਹੇ ਸਨ, ਕੱਢਣ ਲੱਗੇ । ਉਹਨਾਂ ਨੇ ਸਰਾਫ਼ਾਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ, ਅਤੇ ਕਿਸੇ ਨੂੰ ਵੀ ਹੈਕਲ ਦੇ ਵਿਹੜੇ ਵਿੱਚੋਂ ਦੀ ਕੋਈ ਚੀਜ਼ ਨਾ ਲੈ ਜਾਣ ਦਿੱਤੀ । ਫਿਰ ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ ਅਤੇ ਕਿਹਾ, “ਕੀ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਹੋਇਆ ਹੈ ਕਿ ਮੇਰਾ ਘਰ ਸਾਰੀਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਅਖਵਾਏਗਾ? ਪਰ ਤੁਸੀਂ ਇਸ ਨੂੰ ਚੋਰਾਂ ਦਾ ਅੱਡਾ ਬਣਾ ਦਿੱਤਾ ਹੈ ।” ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਯਿਸੂ ਨੂੰ ਇਹ ਕਹਿੰਦੇ ਹੋਏ ਸੁਣਿਆ ਤਾਂ ਉਹ ਉਹਨਾਂ ਨੂੰ ਮਾਰਨ ਦੇ ਢੰਗ ਸੋਚਣ ਲੱਗੇ । ਪਰ ਉਹ ਯਿਸੂ ਤੋਂ ਡਰਦੇ ਸਨ ਕਿਉਂਕਿ ਸਾਰੇ ਲੋਕ ਉਹਨਾਂ ਦੀਆਂ ਸਿੱਖਿਆਵਾਂ ਤੋਂ ਹੈਰਾਨ ਸਨ । ਫਿਰ ਜਦੋਂ ਸ਼ਾਮ ਹੋ ਗਈ ਤਦ ਉਹ ਸ਼ਹਿਰ ਤੋਂ ਬਾਹਰ ਚਲੇ ਗਏ । ਅਗਲੇ ਦਿਨ ਸਵੇਰੇ ਹੀ ਜਦੋਂ ਉਹ ਉਧਰੋਂ ਦੀ ਲੰਘ ਰਹੇ ਸਨ ਤਾਂ ਉਹਨਾਂ ਨੇ ਅੰਜੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਿਆ ਹੋਇਆ ਦੇਖਿਆ । ਪਤਰਸ ਨੇ ਯਾਦ ਕਰਦੇ ਹੋਏ ਯਿਸੂ ਨੂੰ ਕਿਹਾ, “ਗੁਰੂ ਜੀ ਦੇਖੋ, ਉਹ ਅੰਜੀਰ ਦਾ ਰੁੱਖ ਜਿਸ ਨੂੰ ਤੁਸੀਂ ਸਰਾਪ ਦਿੱਤਾ ਸੀ, ਸੁੱਕ ਗਿਆ ਹੈ ।” ਯਿਸੂ ਨੇ ਉੱਤਰ ਦਿੱਤਾ, “ਜੇਕਰ ਕੋਈ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਹੈ, ਅਤੇ ਇਸ ਪਹਾੜ ਨੂੰ ਕਹਿੰਦਾ ਹੈ, ‘ਉੱਠ, ਅਤੇ ਸਮੁੰਦਰ ਵਿੱਚ ਜਾ ਪੈ ।’ ਜੇਕਰ ਉਸ ਦੇ ਦਿਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਪਰ ਵਿਸ਼ਵਾਸ ਹੈ ਕਿ ਜੋ ਕੁਝ ਉਸ ਨੇ ਕਿਹਾ ਹੈ, ਹੋਵੇਗਾ ਤਾਂ ਉਸ ਲਈ ਉਹ ਹੋ ਜਾਵੇਗਾ । ਇਸ ਲਈ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਮੰਗੋ, ਵਿਸ਼ਵਾਸ ਕਰੋ ਕਿ ਉਹ ਤੁਹਾਨੂੰ ਮਿਲ ਗਿਆ ਹੈ ਤਾਂ ਉਹ ਤੁਹਾਨੂੰ ਸੱਚਮੁੱਚ ਮਿਲ ਜਾਵੇਗਾ । ਜਦੋਂ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਤਾਂ ਉਸ ਵੇਲੇ ਜੇਕਰ ਤੁਹਾਡੇ ਦਿਲ ਵਿੱਚ ਕਿਸੇ ਦੇ ਲਈ ਗੁੱਸਾ ਹੋਵੇ ਤਾਂ ਉਸ ਨੂੰ ਮਾਫ਼ ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੀਆਂ ਗ਼ਲਤੀਆਂ ਮਾਫ਼ ਕਰਨਗੇ ।” ਉਹ ਫਿਰ ਯਰੂਸ਼ਲਮ ਵਿੱਚ ਆਏ ਅਤੇ ਜਦੋਂ ਯਿਸੂ ਹੈਕਲ ਵਿੱਚ ਟਹਿਲ ਰਹੇ ਸਨ ਤਾਂ ਮਹਾਂ-ਪੁਰੋਹਿਤ, ਵਿਵਸਥਾ ਦੇ ਸਿੱਖਿਅਕ ਅਤੇ ਬਜ਼ੁਰਗ ਆਗੂ ਉਹਨਾਂ ਦੇ ਕੋਲ ਆਏ ਅਤੇ ਪੁੱਛਣ ਲੱਗੇ, “ਤੁਸੀਂ ਇਹ ਸਭ ਕੰਮ ਕਿਸ ਅਧਿਕਾਰ ਨਾਲ ਕਰਦੇ ਹੋ? ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਤੁਸੀਂ ਇਹ ਸਭ ਕੰਮ ਕਰੋ ।” ਯਿਸੂ ਨੇ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ, ਜੇਕਰ ਤੁਸੀਂ ਮੈਨੂੰ ਉਸ ਦਾ ਉੱਤਰ ਦਿਉਗੇ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਹੜੇ ਅਧਿਕਾਰ ਨਾਲ ਮੈਂ ਇਹ ਸਭ ਕੰਮ ਕਰਦਾ ਹਾਂ । ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ—ਪਰਮੇਸ਼ਰ ਤੋਂ ਜਾਂ ਮਨੁੱਖਾਂ ਤੋਂ?” ਤਦ ਉਹ ਆਪਸ ਵਿੱਚ ਬਹਿਸ ਕਰਨ ਲੱਗੇ, “ਜੇਕਰ ਅਸੀਂ ਕਹੀਏ, ‘ਪਰਮੇਸ਼ਰ ਤੋਂ’ ਤਾਂ ਇਹ ਕਹਿਣਗੇ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਹੀਂ ਕੀਤਾ?’ ਦੂਜੇ ਪਾਸੇ ਜੇ ਅਸੀਂ ਕਹੀਏ, ‘ਮਨੁੱਖਾਂ ਤੋਂ’” ਤਾਂ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਸਾਰੇ ਲੋਕ ਮੰਨਦੇ ਸਨ ਕਿ ਯੂਹੰਨਾ ਸੱਚਮੁੱਚ ਇੱਕ ਨਬੀ ਹੈ । ਇਸ ਲਈ ਉਹਨਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ।” ਯਿਸੂ ਨੇ ਉੱਤਰ ਦਿੱਤਾ, “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਸਭ ਕੰਮ ਕਰਦਾ ਹਾਂ ।” ਯਿਸੂ ਫਿਰ ਉਹਨਾਂ ਨੂੰ ਦ੍ਰਿਸ਼ਟਾਂਤਾਂ ਦੁਆਰਾ ਸਿੱਖਿਆ ਦੇਣ ਲੱਗੇ: “ਇੱਕ ਵਾਰ ਇੱਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ । ਉਸ ਦੇ ਚਾਰੇ ਪਾਸੇ ਵਾੜ ਲਾਈ, ਅੰਗੂਰਾਂ ਦੇ ਰਸ ਲਈ ਇੱਕ ਚੁਬੱਚਾ ਬਣਾਇਆ ਅਤੇ ਪਹਿਰਾ ਦੇਣ ਦੇ ਲਈ ਮੁਨਾਰਾ ਵੀ ਬਣਾਇਆ । ਫਿਰ ਉਹ ਬਾਗ਼ ਮੁਜ਼ਾਰਿਆਂ ਨੂੰ ਠੇਕੇ ਉੱਤੇ ਦੇ ਕੇ ਆਪ ਪਰਦੇਸ ਚਲਾ ਗਿਆ । ਫਲ ਦੇ ਮੌਸਮ ਵਿੱਚ ਉਸ ਨੇ ਆਪਣੇ ਇੱਕ ਨੌਕਰ ਨੂੰ ਮੁਜ਼ਾਰਿਆਂ ਕੋਲ ਭੇਜਿਆ ਕਿ ਉਹ ਉਹਨਾਂ ਕੋਲੋਂ ਅੰਗੂਰਾਂ ਦਾ ਹਿੱਸਾ ਪ੍ਰਾਪਤ ਕਰੇ । ਪਰ ਮੁਜ਼ਾਰਿਆਂ ਨੇ ਉਸ ਨੌਕਰ ਨੂੰ ਫੜ ਕੇ ਮਾਰਿਆ ਅਤੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । ਉਸ ਨੇ ਫਿਰ ਦੂਜੀ ਵਾਰ ਆਪਣੇ ਇੱਕ ਨੌਕਰ ਨੂੰ ਉਹਨਾਂ ਕੋਲ ਭੇਜਿਆ ਪਰ ਉਹਨਾਂ ਨੇ ਉਸ ਦਾ ਸਿਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਬਹੁਤ ਬੇਇੱਜ਼ਤ ਕੀਤਾ । ਮਾਲਕ ਨੇ ਇੱਕ ਹੋਰ ਨੌਕਰ ਨੂੰ ਭੇਜਿਆ । ਉਹਨਾਂ ਨੇ ਉਸ ਨੂੰ ਜਾਨੋਂ ਮਾਰ ਦਿੱਤਾ । ਇਸ ਤਰ੍ਹਾਂ ਕਈਆਂ ਨੂੰ ਉਹਨਾਂ ਨੇ ਮਾਰਿਆ ਅਤੇ ਕਈਆਂ ਨੂੰ ਕਤਲ ਕੀਤਾ । ਅੰਤ ਵਿੱਚ ਉਸ ਕੋਲ ਆਪਣਾ ਪਿਆਰਾ ਪੁੱਤਰ ਹੀ ਰਹਿ ਗਿਆ । ਉਸ ਨੇ ਇਹ ਸੋਚ ਕੇ ਕਿ ਮੁਜ਼ਾਰੇ ਘੱਟ ਤੋਂ ਘੱਟ ਮੇਰੇ ਪੁੱਤਰ ਦਾ ਤਾਂ ਆਦਰ ਕਰਨਗੇ ਹੀ, ਉਸ ਨੂੰ ਭੇਜਿਆ । ਪਰ ਉਹਨਾਂ ਮੁਜ਼ਾਰਿਆਂ ਨੇ ਆਪਸ ਵਿੱਚ ਕਿਹਾ, ‘ਇਹ ਹੀ ਵਾਰਿਸ ਹੈ । ਆਓ, ਇਸ ਨੂੰ ਮਾਰ ਦੇਈਏ ਤਾਂ ਬਾਗ਼ ਸਾਡਾ ਹੋ ਜਾਵੇਗਾ ।’ ਇਸ ਲਈ ਉਹਨਾਂ ਨੇ ਉਸ ਨੂੰ ਫੜਿਆ ਅਤੇ ਮਾਰ ਕੇ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ।” ਫਿਰ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਇਸ ਲਈ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਤੇ ਮੁਜ਼ਾਰਿਆਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਮੁਜ਼ਾਰਿਆਂ ਨੂੰ ਦੇ ਦੇਵੇਗਾ । ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਇਹ ਨਹੀਂ ਪੜ੍ਹਿਆ? ‘ਜਿਸ ਪੱਥਰ ਨੂੰ ਰਾਜਾਂ ਨੇ ਰੱਦ ਕੀਤਾ, ਉਹ ਹੀ ਕੋਨੇ ਦਾ ਪੱਥਰ ਬਣਿਆ, ਇਹ ਕੰਮ ਪ੍ਰਭੂ ਦਾ ਹੈ ਅਤੇ ਸਾਡੀ ਨਜ਼ਰ ਵਿੱਚ ਅਨੋਖਾ ਹੈ ।’” ਯਹੂਦੀ ਆਗੂ ਯਿਸੂ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਇਹ ਦ੍ਰਿਸ਼ਟਾਂਤ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ । ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਯਿਸੂ ਨੂੰ ਛੱਡ ਕੇ ਚਲੇ ਗਏ । ਇਸ ਦੇ ਬਾਅਦ ਉਹਨਾਂ ਨੇ ਕੁਝ ਫ਼ਰੀਸੀ ਅਤੇ ਹੇਰੋਦੇਸ ਦੇ ਧੜੇ ਦੇ ਲੋਕਾਂ ਨੂੰ ਯਿਸੂ ਕੋਲ ਭੇਜਿਆ ਤਾਂ ਜੋ ਉਹ ਯਿਸੂ ਨੂੰ ਗੱਲਾਂ ਦੇ ਜਾਲ ਵਿੱਚ ਫਸਾਉਣ । ਉਹ ਉਹਨਾਂ ਕੋਲ ਆਏ ਅਤੇ ਕਹਿਣ ਲੱਗੇ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਸੱਚੇ ਹੋ ਅਤੇ ਕਿਸੇ ਦੀ ਪਰਵਾਹ ਨਹੀਂ ਕਰਦੇ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਨਹੀਂ ਕਹਿੰਦੇ ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਰਾਹ ਉੱਤੇ ਚੱਲਣ ਲਈ ਲੋਕਾਂ ਨੂੰ ਸਿਖਾਉਂਦੇ ਹੋ । ਰੋਮੀ ਸਮਰਾਟ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ? ਕੀ ਅਸੀਂ ਦੇਈਏ ਜਾਂ ਨਾ ਦੇਈਏ?” ਉਹਨਾਂ ਦੇ ਦਿਲਾਂ ਦੇ ਕਪਟ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਪਰਖ ਰਹੇ ਹੋ? ਇੱਕ ਸਿੱਕਾ ਲਿਆਓ ਤਾਂ ਜੋ ਮੈਂ ਉਸ ਨੂੰ ਦੇਖਾਂ ।” ਉਹ ਲੈ ਆਏ । ਯਿਸੂ ਨੇ ਉਹਨਾਂ ਨੂੰ ਪੁੱਛਿਆ, “ਇਸ ਉੱਤੇ ਕਿਸ ਦੀ ਮੂਰਤ ਅਤੇ ਲਿਖਤ ਹੈ?” ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦੀ ।” ਇਸ ਲਈ ਯਿਸੂ ਨੇ ਕਿਹਾ, “ਜੋ ਕੈਸਰ ਦਾ ਹੈ, ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਪਰਮੇਸ਼ਰ ਨੂੰ ਦਿਓ ।” ਉਹ ਸਾਰੇ ਉਹਨਾਂ ਦੇ ਇਸ ਉੱਤਰ ਉੱਤੇ ਹੈਰਾਨ ਰਹਿ ਗਏ । ਫਿਰ ਕੁਝ ਸਦੂਕੀ ਵੀ ਯਿਸੂ ਕੋਲ ਆਏ (ਜੋ ਪੁਨਰ-ਉਥਾਨ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ ।) ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ਕਿ ਜੇਕਰ ਕਿਸੇ ਦਾ ਭਰਾ ਬੇਔਲਾਦ ਮਰ ਜਾਵੇ ਅਤੇ ਉਸ ਦੀ ਪਤਨੀ ਜਿਉੂਂਦੀ ਰਹੇ ਤਾਂ ਉਸ ਦੇ ਭਰਾ ਨੂੰ ਚਾਹੀਦਾ ਹੈ ਕਿ ਉਸ ਔਰਤ ਨਾਲ ਵਿਆਹ ਕਰ ਕੇ ਆਪਣੇ ਮਰੇ ਹੋਏ ਭਰਾ ਦੇ ਲਈ ਔਲਾਦ ਪੈਦਾ ਕਰੇ । ਇੱਕ ਵਾਰ ਸੱਤ ਭਰਾ ਸਨ । ਸਾਰਿਆਂ ਤੋਂ ਵੱਡੇ ਨੇ ਇੱਕ ਔਰਤ ਨਾਲ ਵਿਆਹ ਕੀਤਾ ਪਰ ਉਹ ਬੇਔਲਾਦ ਮਰ ਗਿਆ । ਫਿਰ ਦੂਜੇ ਭਰਾ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ । ਤੀਜੇ ਨਾਲ ਵੀ ਇਹੋ ਹੀ ਹੋਇਆ । ਇਸ ਤਰ੍ਹਾਂ ਸੱਤੇ ਹੀ ਬੇਔਲਾਦ ਮਰ ਗਏ । ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । ਹੁਣ ਜਦੋਂ ਪੁਨਰ-ਉਥਾਨ ਵਾਲੇ ਦਿਨ ਮਰੇ ਹੋਏ ਜੀਅ ਉੱਠਣਗੇ ਤਾਂ ਇਹ ਔਰਤ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕੀਤਾ ਸੀ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਭੁੱਲ ਤਾਂ ਨਹੀਂ ਕਰ ਰਹੇ ਹੋ? ਨਾ ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ । ਜਦੋਂ ਮੁਰਦੇ ਜੀਅ ਉੱਠਦੇ ਹਨ ਤਾਂ ਉਹ ਸਵਰਗਦੂਤਾਂ ਦੇ ਵਾਂਗ ਹੁੰਦੇ ਹਨ । ਉਸ ਸਮੇਂ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਨਹੀਂ ਹੁੰਦਾ । “ਰਹੀ ਮੁਰਦਿਆਂ ਦੇ ਜੀਅ ਉੱਠਣ ਦੀ ਗੱਲ: ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਕਥਾ ਨਹੀਂ ਪੜ੍ਹੀ ਕਿ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ।’ ਇਸ ਲਈ ਉਹ ਮੁਰਦਿਆਂ ਦੇ ਪਰਮੇਸ਼ਰ ਨਹੀਂ ਸਗੋਂ ਜਿਊਂਦਿਆਂ ਦੇ ਹਨ । ਤੁਸੀਂ ਬਹੁਤ ਵੱਡੀ ਭੁੱਲ ਕਰ ਰਹੇ ਹੋ!” ਇੱਕ ਵਿਵਸਥਾ ਦਾ ਸਿੱਖਿਅਕ ਇਸ ਬਹਿਸ ਨੂੰ ਸੁਣ ਰਿਹਾ ਸੀ । ਜਦੋਂ ਉਸ ਨੇ ਦੇਖਿਆ ਕਿ ਯਿਸੂ ਨੇ ਸਦੂਕੀਆਂ ਨੂੰ ਬਹੁਤ ਚੰਗੇ ਢੰਗ ਨਾਲ ਉੱਤਰ ਦਿੱਤਾ ਤਾਂ ਉਹ ਵੀ ਅੱਗੇ ਆਇਆ ਅਤੇ ਪੁੱਛਣ ਲੱਗਾ, “ਸਾਰਿਆਂ ਤੋਂ ਵੱਡਾ ਹੁਕਮ ਕਿਹੜਾ ਹੈ?” ਯਿਸੂ ਨੇ ਉੱਤਰ ਦਿੱਤਾ, “ਸਾਰਿਆਂ ਤੋਂ ਵੱਡਾ ਹੁਕਮ ਇਹ ਹੈ: ‘ਹੇ ਇਸਰਾਏਲ ਸੁਣ, ਪ੍ਰਭੂ ਸਾਡਾ ਪਰਮੇਸ਼ਰ ਹੀ ਕੇਵਲ ਇੱਕ ਪ੍ਰਭੂ ਹੈ । ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧ ਨਾਲ ਅਤੇ ਆਪਣੇ ਸਾਰੇ ਬਲ ਨਾਲ ਪਿਆਰ ਕਰ ।’ ਦੂਜਾ ਵੱਡਾ ਹੁਕਮ ਇਹ ਹੈ: ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ । ਇਹਨਾਂ ਦੋਨਾਂ ਹੁਕਮਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ।” ਵਿਵਸਥਾ ਦੇ ਸਿੱਖਿਅਕ ਨੇ ਕਿਹਾ, “ਗੁਰੂ ਜੀ, ਤੁਸੀਂ ਬਿਲਕੁਲ ਠੀਕ ਦੱਸਿਆ ਹੈ; ਪਰਮੇਸ਼ਰ ਕੇਵਲ ਇੱਕ ਹੀ ਹੈ, ਉਸ ਤੋਂ ਸਿਵਾਏ ਦੂਜਾ ਕੋਈ ਨਹੀਂ ਹੈ । ਇਸ ਲਈ ਜ਼ਰੂਰੀ ਹੈ ਕਿ ‘ਮਨੁੱਖ ਉਸ ਇੱਕ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰੇ,’ ਅਤੇ ‘ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੇ ।’ ਇਹਨਾਂ ਦੋਨਾਂ ਹੁਕਮਾਂ ਦੀ ਪਾਲਣਾ ਕਰਨਾ ਸਾਰੇ ਚੜ੍ਹਾਵਿਆਂ ਅਤੇ ਬਲੀਦਾਨਾਂ ਤੋਂ ਵੱਧ ਹੈ ।” ਯਿਸੂ ਨੇ ਦੇਖਿਆ ਕਿ ਉਸ ਨੇ ਸਿਆਣਪ ਨਾਲ ਉੱਤਰ ਦਿੱਤਾ ਹੈ ਇਸ ਲਈ ਉਸ ਨੂੰ ਕਿਹਾ, “ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ ।” ਇਸ ਦੇ ਬਾਅਦ ਕਿਸੇ ਦੀ ਹਿੰਮਤ ਨਾ ਹੋਈ ਕਿ ਯਿਸੂ ਤੋਂ ਹੋਰ ਪ੍ਰਸ਼ਨ ਪੁੱਛੇ । ਫਿਰ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਇਹ ਕਿਹਾ, “ਵਿਵਸਥਾ ਦੇ ਸਿੱਖਿਅਕ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? ਜਦੋਂ ਕਿ ਦਾਊਦ ਆਪ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਕਹਿੰਦਾ ਹੈ: ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਤੂੰ ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੇ ਥੱਲੇ ਨਾ ਕਰ ਦੇਵਾਂ ।’ ਇਸ ਤਰ੍ਹਾਂ ਦਾਊਦ ਨੇ ਆਪ ਉਸ ਨੂੰ ਪ੍ਰਭੂ ਕਿਹਾ, ਫਿਰ ਉਹ ਉਸ ਦਾ ਪੁੱਤਰ ਕਿਸ ਤਰ੍ਹਾਂ ਹੋ ਸਕਦਾ ਹੈ?” ਸਾਰੇ ਲੋਕ ਬੜੀ ਖ਼ੁਸ਼ੀ ਨਾਲ ਯਿਸੂ ਦੀਆਂ ਗੱਲਾਂ ਸੁਣ ਰਹੇ ਸਨ । ਉਹਨਾਂ ਨੇ ਆਪਣੇ ਉਪਦੇਸ਼ ਵਿੱਚ ਕਿਹਾ, “ਵਿਵਸਥਾ ਦੇ ਸਿੱਖਿਅਕਾਂ ਤੋਂ ਖ਼ਬਰਦਾਰ ਰਹੋ ਜੋ ਲੰਮੇ ਲੰਮੇ ਚੋਗੇ ਪਾ ਕੇ ਟਹਿਲਣਾ, ਬਜ਼ਾਰਾਂ ਵਿੱਚ ਸਲਾਮਾਂ ਲੈਣਾ, ਸਭਾਵਾਂ ਵਿੱਚ ਅਗਲੀਆਂ ਥਾਂਵਾ ਉੱਤੇ ਬੈਠਣਾ ਅਤੇ ਦਾਅਵਤਾਂ ਵਿੱਚ ਮਾਣਯੋਗ ਥਾਂਵਾਂ ਨੂੰ ਪਸੰਦ ਕਰਦੇ ਹਨ । ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਜਾਂਦੇ ਹਨ । ਉਹ ਦਿਖਾਵੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਉਹਨਾਂ ਦੀ ਸਜ਼ਾ ਬਹੁਤ ਸਖ਼ਤ ਹੋਵੇਗੀ ।” ਯਿਸੂ ਹੈਕਲ ਵਿੱਚ ਦਾਨ ਪਾਤਰ ਦੇ ਸਾਹਮਣੇ ਬੈਠ ਕੇ ਦੇਖ ਰਹੇ ਸਨ ਕਿ ਲੋਕ ਕਿਸ ਤਰ੍ਹਾਂ ਦਾਨ ਲਈ ਪੈਸੇ ਪਾ ਰਹੇ ਹਨ । ਬਹੁਤ ਸਾਰੇ ਅਮੀਰਾਂ ਨੇ ਉਸ ਵਿੱਚ ਬਹੁਤ ਦਾਨ ਪਾਇਆ । ਅਤੇ ਇੱਕ ਗ਼ਰੀਬ ਵਿਧਵਾ ਆਈ ਜਿਸ ਨੇ ਤਾਂਬੇ ਦੇ ਦੋ ਛੋਟੇ ਸਿੱਕੇ ਹੀ ਪਾਏ ਜਿਹਨਾਂ ਦਾ ਮੁੱਲ ਲਗਭਗ ਇੱਕ ਪੈਸਾ ਸੀ । ਯਿਸੂ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਕਿਹਾ, “ਇਹ ਸੱਚ ਜਾਣੋ, ਇਸ ਗ਼ਰੀਬ ਵਿਧਵਾ ਨੇ ਸਾਰੇ ਦਾਨੀਆਂ ਨਾਲੋਂ ਦਾਨ ਪਾਤਰ ਵਿੱਚ ਬਹੁਤਾ ਪਾਇਆ ਹੈ । ਕਿਉਂਕਿ ਬਾਕੀਆਂ ਨੇ ਆਪਣੇ ਬਹੁਤੇ ਵਿੱਚੋਂ ਜੋ ਵਾਧੂ ਸੀ ਪਾਇਆ ਹੈ ਪਰ ਇਸ ਨੇ ਜੋ ਕੁਝ ਇਸ ਦੀ ਗ਼ਰੀਬੀ ਵਿੱਚ ਇਸ ਕੋਲ ਸੀ ਆਪਣਾ ਸਾਰਾ ਕੁਝ ਦਾਨ ਵਿੱਚ ਦੇ ਦਿੱਤਾ ਹੈ ।” ਜਦੋਂ ਉਹ ਹੈਕਲ ਵਿੱਚੋਂ ਬਾਹਰ ਆ ਰਹੇ ਸਨ ਤਾਂ ਉਹਨਾਂ ਦੇ ਇੱਕ ਚੇਲੇ ਨੇ ਕਿਹਾ, “ਗੁਰੂ ਜੀ, ਦੇਖੋ, ਕਿੰਨੇ ਵੱਡੇ ਵੱਡੇ ਪੱਥਰ ਅਤੇ ਅਦਭੁਤ ਇਮਾਰਤਾਂ ਹਨ ।” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਅੱਜ ਇਹ ਵੱਡੀਆਂ ਵੱਡੀਆਂ ਇਮਾਰਤਾਂ ਦੇਖ ਰਹੇ ਹੋ, ਇੱਥੇ ਕੋਈ ਪੱਥਰ ਉੱਤੇ ਪੱਥਰ ਨਹੀਂ ਰਹਿ ਜਾਵੇਗਾ ਜੋ ਢਾਇਆ ਨਾ ਜਾਵੇਗਾ ।” ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ ਉੱਤੇ ਬੈਠ ਗਏ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਨੇ ਇਕਾਂਤ ਵਿੱਚ ਉਹਨਾਂ ਤੋਂ ਪੁੱਛਿਆ, “ਸਾਨੂੰ ਦੱਸੋ ਕਿ ਇਹ ਸਭ ਕੁਝ ਕਦੋਂ ਹੋਵੇਗਾ ਅਤੇ ਇਹਨਾਂ ਗੱਲਾਂ ਦੇ ਪੂਰੇ ਹੋਣ ਦੇ ਕੀ ਚਿੰਨ੍ਹ ਹੋਣਗੇ?” ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹਿਣਾ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ । ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ ‘ਮੈਂ ਉਹ ਹੀ ਹਾਂ’ ਅਤੇ ਬਹੁਤ ਸਾਰਿਆਂ ਨੂੰ ਕੁਰਾਹੇ ਪਾ ਦੇਣਗੇ । ਜਦੋਂ ਤੁਸੀਂ ਲੜਾਈਆਂ ਦੀਆਂ ਖ਼ਬਰਾਂ ਸੁਣੋ, ਘਬਰਾ ਨਾ ਜਾਣਾ, ਕਿਉਂਕਿ ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅੰਤ ਅਜੇ ਦੂਰ ਹੈ । ਦੇਸ਼ ਦੇਸ਼ ਦੇ ਵਿਰੁੱਧ; ਅਤੇ ਰਾਜ ਰਾਜ ਦੇ ਵਿਰੁੱਧ ਲੜਨਗੇ; ਕਈ ਥਾਂ ਭੁਚਾਲ ਆਉਣਗੇ ਅਤੇ ਕਾਲ ਪੈਣਗੇ । ਇਹ ਘਟਨਾਵਾਂ ਤਾਂ ਪੀੜਾਂ ਦਾ ਆਰੰਭ ਹੀ ਹੋਵੇਗਾ । “ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ । ਲੋਕ ਤੁਹਾਨੂੰ ਫੜ ਕੇ ਅਦਾਲਤਾਂ ਵਿੱਚ ਪੇਸ਼ ਕਰਨਗੇ ਅਤੇ ਪ੍ਰਾਰਥਨਾ ਸਭਾਵਾਂ ਵਿੱਚ ਮਾਰਨਗੇ । ਤੁਸੀਂ ਮੇਰੇ ਕਾਰਨ ਅਧਿਕਾਰੀਆਂ ਅਤੇ ਰਾਜਿਆਂ ਦੇ ਸਾਹਮਣੇ ਪੇਸ਼ ਕੀਤੇ ਜਾਵੋਗੇ ਤਾਂ ਜੋ ਉਹਨਾਂ ਦੇ ਅੱਗੇ ਸ਼ੁਭ ਸਮਾਚਾਰ ਦੀ ਗਵਾਹੀ ਦੇਵੋ । ਪਰ ਇਸ ਤੋਂ ਪਹਿਲਾਂ ਕਿ ਅੰਤ ਆਵੇ ਸ਼ੁਭ ਸਮਾਚਾਰ ਦਾ ਪ੍ਰਚਾਰ ਸਾਰੀਆਂ ਕੌਮਾਂ ਵਿੱਚ ਹੋਣਾ ਜ਼ਰੂਰੀ ਹੈ । ਜਦੋਂ ਉਹ ਤੁਹਾਨੂੰ ਫੜ ਲੈਣ ਅਤੇ ਅਦਾਲਤ ਵਿੱਚ ਪੇਸ਼ ਕਰਨ, ਤੁਸੀਂ ਪਹਿਲਾਂ ਤੋਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ । ਉਸ ਘੜੀ ਜੋ ਕੁਝ ਤੁਹਾਨੂੰ ਦਿੱਤਾ ਜਾਵੇ ਉਹ ਹੀ ਕਹਿਣਾ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ । ਭਰਾ ਭਰਾ ਨੂੰ ਮਰਵਾਉਣ ਲਈ ਫੜਵਾਏਗਾ । ਇਸੇ ਤਰ੍ਹਾਂ ਪਿਤਾ ਪੁੱਤਰ ਦੇ ਅਤੇ ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਖੜ੍ਹੇ ਹੋ ਜਾਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ । ਸਾਰੇ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਘਿਰਨਾ ਕਰਨਗੇ ਪਰ ਜੋ ਅੰਤ ਤੱਕ ਆਪਣੇ ਵਿਸ਼ਵਾਸ ਵਿੱਚ ਪੱਕਾ ਰਹੇਗਾ ਉਹ ਬਚਾਇਆ ਜਾਵੇਗਾ । “ਜਦੋਂ ਤੁਸੀਂ ਬਰਬਾਦੀ ਕਰਨ ਵਾਲੀ ਘਿਨਾਉਣੀ ਚੀਜ਼ ਨੂੰ ਉਸ ਥਾਂ ਉੱਤੇ ਖਲੋਤੀ ਦੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ ਸੀ (ਪੜ੍ਹਨ ਵਾਲਾ ਆਪ ਸਮਝ ਜਾਵੇ) ਤਾਂ ਉਸ ਵੇਲੇ ਜੋ ਯਹੂਦਿਯਾ ਵਿੱਚ ਹੋਣ, ਪਹਾੜਾਂ ਵੱਲ ਦੌੜ ਜਾਣ । ਜਿਹੜਾ ਘਰ ਦੀ ਛੱਤ ਉੱਤੇ ਹੋਵੇ ਉਹ ਹੇਠਾਂ ਨਾ ਉਤਰੇ ਅਤੇ ਨਾ ਕੋਈ ਚੀਜ਼ ਲੈਣ ਲਈ ਵਾਪਸ ਆਪਣੇ ਘਰ ਦੇ ਅੰਦਰ ਜਾਵੇ । ਇਸੇ ਤਰ੍ਹਾਂ ਜੋ ਖੇਤ ਵਿੱਚ ਹੋਵੇ, ਵਾਪਸ ਆਪਣਾ ਕੱਪੜਾ ਲੈਣ ਨਾ ਜਾਵੇ । ਅਫ਼ਸੋਸ ਹੈ ਉਹਨਾਂ ਔਰਤਾਂ ਦੇ ਲਈ ਜੋ ਉਹਨਾਂ ਦਿਨਾਂ ਵਿੱਚ ਗਰਭਵਤੀ ਹੋਣਗੀਆਂ ਅਤੇ ਜੋ ਦੁੱਧ ਪਿਲਾਉਂਦੀਆਂ ਹੋਣਗੀਆਂ । ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ ਕਿ ਇਹ ਸਭ ਸਰਦੀ ਦੀ ਰੁੱਤ ਵਿੱਚ ਨਾ ਵਾਪਰੇ ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀ ਵੱਡੀ ਬਿਪਤਾ ਆਵੇਗੀ ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਜਦੋਂ ਤੋਂ ਪਰਮੇਸ਼ਰ ਨੇ ਇਸ ਨੂੰ ਰਚਿਆ ਹੈ, ਨਾ ਆਈ ਹੈ ਅਤੇ ਨਾ ਅੱਗੇ ਆਵੇਗੀ । ਜੇਕਰ ਪ੍ਰਭੂ ਨੇ ਇਹਨਾਂ ਦਿਨਾਂ ਨੂੰ ਘੱਟ ਨਾ ਕੀਤਾ ਹੁੰਦਾ ਤਾਂ ਕੋਈ ਮਨੁੱਖ ਨਾ ਬਚਦਾ ਪਰ ਆਪਣੇ ਚੁਣਿਆਂ ਹੋਇਆਂ ਦੇ ਕਾਰਨ, ਉਸ ਨੇ ਇਹਨਾਂ ਦੀ ਗਿਣਤੀ ਘੱਟ ਕਰ ਦਿੱਤੀ ਹੈ । “ਫਿਰ ਉਸ ਵੇਲੇ ਜੇਕਰ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ ਜਾਂ ਉੱਥੇ ਹੈ’ ਵਿਸ਼ਵਾਸ ਨਾ ਕਰਨਾ । ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਉਹ ਕਈ ਤਰ੍ਹਾਂ ਦੇ ਚਿੰਨ੍ਹ ਅਤੇ ਚਮਤਕਾਰ ਦਿਖਾਉਣਗੇ ਤਾਂ ਜੋ ਉਹ ਲੋਕਾਂ ਨੂੰ ਕੁਰਾਹੇ ਪਾਉਣ, ਇੱਥੋਂ ਤੱਕ ਕਿ ਜੇਕਰ ਹੋ ਸਕੇ ਤਾਂ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਵੀ । ਤੁਸੀਂ ਸੁਚੇਤ ਰਹੋ । ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ ।” “ਉਹਨਾਂ ਦਿਨਾਂ ਵਿੱਚ ਇਸ ਬਿਪਤਾ ਦੇ ਬਾਅਦ ਸੂਰਜ ਹਨੇਰਾ ਹੋ ਜਾਵੇਗਾ । ਚੰਦ ਆਪਣੀ ਲੋ ਨਹੀਂ ਦੇਵੇਗਾ; ਅਕਾਸ਼ ਦੇ ਤਾਰੇ ਹੇਠਾਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ । “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਉੱਤੇ ਆਪਣੇ ਬਲ ਅਤੇ ਪ੍ਰਤਾਪ ਦੇ ਨਾਲ ਆਉਂਦਾ ਦੇਖਣਗੇ । ਫਿਰ ਉਹ ਆਪਣੇ ਸਵਰਗਦੂਤਾਂ ਨੂੰ ਭੇਜਣਗੇ ਕਿ ਉਹ ਪਰਮੇਸ਼ਰ ਦੇ ਚੁਣੇ ਹੋਇਆਂ ਨੂੰ ਧਰਤੀ ਦੇ ਇੱਕ ਪਾਸੇ ਤੋਂ ਲੈ ਕੇ ਅਸਮਾਨ ਦੇ ਦੂਜੇ ਪਾਸੇ ਤੱਕ ਚਾਰੇ ਪਾਸਿਆਂ ਤੋਂ ਇਕੱਠਾ ਕਰਨ ।” “ਅੰਜੀਰ ਦੇ ਰੁੱਖ ਤੋਂ ਸਿੱਖਿਆ ਲਵੋ । ਜਦੋਂ ਉਸ ਦੀਆਂ ਟਹਿਣੀਆਂ ਨਰਮ ਹੋ ਜਾਂਦੀਆਂ ਹਨ ਅਤੇ ਉਹਨਾਂ ਨੂੰ ਪੱਤੇ ਲੱਗਣੇ ਸ਼ੁਰੂ ਹੋ ਜਾਂਦੇ ਹਨ ਤਾਂ ਤੁਸੀਂ ਸਮਝ ਜਾਂਦੇ ਹੋ ਕਿ ਗਰਮੀ ਦਾ ਮੌਸਮ ਨੇੜੇ ਹੈ । ਇਸ ਤਰ੍ਹਾਂ ਜਦੋਂ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ ਤਾਂ ਸਮਝ ਲੈਣਾ ਕਿ ਉਹ ਨੇੜੇ ਹੈ ਸਗੋਂ ਦਰਵਾਜ਼ੇ ਤੇ ਹੈ । ਇਹ ਸੱਚ ਜਾਣੋ, ਇਹ ਗੱਲਾਂ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ ਹੀ ਪੂਰੀਆਂ ਹੋ ਜਾਣਗੀਆਂ । ਅਕਾਸ਼ ਅਤੇ ਧਰਤੀ ਟਲ ਜਾਣਗੇ ਪਰ ਮੇਰੇ ਸ਼ਬਦ ਕਦੀ ਨਹੀਂ ਟਲਣਗੇ ।” “ਉਸ ਦਿਨ ਅਤੇ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗਦੂਤ ਨਾ ਪੁੱਤਰ, ਸਿਵਾਏ ਪਿਤਾ ਦੇ । ਇਸ ਲਈ ਸੁਚੇਤ ਰਹੋ, ਤੁਸੀਂ ਜਾਣਦੇ ਨਹੀਂ ਕਿ ਉਹ ਘੜੀ ਕਦੋਂ ਆ ਜਾਵੇਗੀ । ਇਹ ਉਸ ਆਦਮੀ ਦੀ ਤਰ੍ਹਾਂ ਹੈ ਜੋ ਪਰਦੇਸ ਜਾਣ ਲੱਗਿਆਂ ਆਪਣਾ ਘਰ ਬਾਰ ਨੌਕਰਾਂ ਦੇ ਹੱਥਾਂ ਵਿੱਚ ਦੇ ਜਾਵੇ । ਹਰ ਨੌਕਰ ਨੂੰ ਉਸ ਦਾ ਕੰਮ ਦੱਸ ਕੇ ਦਰਬਾਨ ਨੂੰ ਸਾਵਧਾਨ ਰਹਿਣ ਦਾ ਹੁਕਮ ਦੇ ਜਾਵੇ । ਇਸ ਲਈ ਸਾਵਧਾਨ ਰਹੋ, ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਆ ਜਾਵੇਗਾ । ਹੋ ਸਕਦਾ ਹੈ ਕਿ ਸ਼ਾਮ ਸਮੇਂ ਜਾਂ ਅੱਧੀ ਰਾਤ ਨੂੰ ਜਾਂ ਸਵੇਰ ਹੋਣ ਤੋਂ ਪਹਿਲਾਂ ਜਾਂ ਦਿਨ ਚੜ੍ਹੇ । ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਉਹ ਅਚਾਨਕ ਆ ਜਾਵੇ ਅਤੇ ਤੁਸੀਂ ਸੁੱਤੇ ਹੋਵੋ । ਇਸ ਲਈ ਜੋ ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਹੀ ਸਾਰਿਆਂ ਨੂੰ ਕਹਿੰਦਾ ਹਾਂ: ਸੁਚੇਤ ਰਹੋ ।” ਪਸਾਹ ਅਤੇ ਅਖ਼ਮੀਰੀ ਰੋਟੀ ਦੇ ਤਿਉਹਾਰ ਵਿੱਚ ਦੋ ਦਿਨ ਹੀ ਰਹਿ ਗਏ ਸਨ । ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਧੋਖੇ ਨਾਲ ਫੜਨ ਅਤੇ ਮਾਰ ਦੇਣ ਦੀਆਂ ਸੋਚਾਂ ਵਿੱਚ ਸਨ । ਉਹ ਕਹਿੰਦੇ ਸਨ, “ਇਹ ਕੰਮ ਤਿਉਹਾਰ ਵਾਲੇ ਦਿਨ ਨਹੀਂ ਹੋਣਾ ਚਾਹੀਦਾ, ਕਿਤੇ ਲੋਕ ਦੰਗਾ ਨਾ ਕਰ ਦੇਣ ।” ਯਿਸੂ ਬੈਤਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਵਿੱਚ ਸਨ । ਜਦੋਂ ਉਹ ਭੋਜਨ ਕਰ ਰਹੇ ਸਨ ਤਾਂ ਇੱਕ ਔਰਤ ਸੰਗਮਰਮਰ ਦੀ ਅਤਰਦਾਨੀ ਵਿੱਚ ਜਟਾਮਾਸੀ ਦਾ ਬਹੁਤ ਕੀਮਤੀ ਅਤੇ ਸ਼ੁੱਧ ਅਤਰ ਲੈ ਕੇ ਆਈ । ਉਸ ਨੇ ਅਤਰਦਾਨੀ ਤੋੜ ਕੇ ਅਤਰ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤਾ । ਉੱਥੇ ਉਸ ਵੇਲੇ ਕੁਝ ਲੋਕ ਸਨ ਜੋ ਆਪਸ ਵਿੱਚ ਬੁੜਬੁੜਾਉਣ ਲੱਗੇ, “ਇਹ ਅਤਰ ਕਿਉਂ ਬਰਬਾਦ ਕੀਤਾ ਗਿਆ ਹੈ? ਇਹ ਚਾਂਦੀ ਦੇ ਤਿੰਨ ਸੌ ਸਿੱਕਿਆਂ ਤੋਂ ਜ਼ਿਆਦਾ ਦਾ ਵੇਚਿਆ ਜਾ ਸਕਦਾ ਸੀ ਅਤੇ ਉਹ ਪੈਸਾ ਗ਼ਰੀਬਾਂ ਵਿੱਚ ਵੰਡਿਆ ਜਾ ਸਕਦਾ ਸੀ ।” ਉਹ ਉਸ ਔਰਤ ਨੂੰ ਬੁਰਾ ਭਲਾ ਕਹਿਣ ਲੱਗੇ । ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਕੁਝ ਨਾ ਕਹੋ, ਉਸ ਨੂੰ ਕਿਉਂ ਤੰਗ ਕਰਦੇ ਹੋ । ਉਸ ਨੇ ਮੇਰੇ ਨਾਲ ਇੱਕ ਚੰਗਾ ਕੰਮ ਕੀਤਾ ਹੈ । ਗ਼ਰੀਬ ਤੁਹਾਡੇ ਨਾਲ ਹਮੇਸ਼ਾ ਹਨ, ਤੁਸੀਂ ਜਦੋਂ ਚਾਹੋ ਉਹਨਾਂ ਦੀ ਮਦਦ ਕਰ ਸਕਦੇ ਹੋ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ । ਉਹ ਜੋ ਕੁਝ ਕਰ ਸਕਦੀ ਸੀ ਉਸ ਨੇ ਕੀਤਾ ਹੈ; ਉਸ ਨੇ ਮੇਰੇ ਦਫ਼ਨਾਏ ਜਾਣ ਤੋਂ ਪਹਿਲਾਂ ਹੀ ਇਸ ਅਤਰ ਨੂੰ ਮੇਰੇ ਸਰੀਰ ਉੱਤੇ ਡੋਲ੍ਹ ਕੇ ਮੈਨੂੰ ਮਸਹ ਕੀਤਾ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਉਸ ਨੇ ਕੀਤਾ ਹੈ ਇਹ ਸਾਰੇ ਸੰਸਾਰ ਵਿੱਚ ਜਿੱਥੇ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ ਜਾਵੇਗਾ ਉੱਥੇ ਇਹ ਵੀ ਇਸ ਦੀ ਯਾਦਗਾਰੀ ਵਿੱਚ ਦੱਸਿਆ ਜਾਵੇਗਾ ।” ਫਿਰ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਇਸਕਰਿਯੋਤੀ ਸੀ, ਮਹਾਂ-ਪੁਰੋਹਿਤਾਂ ਕੋਲ ਗਿਆ ਕਿ ਉਹ ਯਿਸੂ ਨੂੰ ਉਹਨਾਂ ਦੇ ਹੱਥ ਫੜਵਾ ਦੇਵੇ । ਉਹ ਉਸ ਦੀ ਗੱਲ ਸੁਣ ਕੇ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਵਚਨ ਦਿੱਤਾ ਕਿ ਉਹ ਉਸ ਨੂੰ ਪੈਸੇ ਦੇਣਗੇ । ਇਸ ਲਈ ਯਹੂਦਾ ਕਿਸੇ ਚੰਗੇ ਮੌਕੇ ਦੀ ਤਾੜ ਵਿੱਚ ਸੀ ਕਿ ਕਦੋਂ ਯਿਸੂ ਨੂੰ ਫੜਵਾਵੇ । ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਿਸ ਦਿਨ ਪਸਾਹ ਦੀ ਕੁਰਬਾਨੀ ਵਾਲਾ ਲੇਲਾ ਵੱਢਿਆ ਜਾਂਦਾ ਸੀ, ਯਿਸੂ ਦੇ ਚੇਲਿਆਂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਜਾ ਕੇ ਪਸਾਹ ਦਾ ਭੋਜਨ ਤੁਹਾਡੇ ਲਈ ਤਿਆਰ ਕਰੀਏ?” ਉਹਨਾਂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਸ਼ਹਿਰ ਵਿੱਚ ਜਾਓ, ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕ ਕੇ ਜਾਂਦਾ ਮਿਲੇਗਾ । ਉਸ ਦੇ ਪਿੱਛੇ ਪਿੱਛੇ ਜਾਣਾ । ਜਿਸ ਘਰ ਵਿੱਚ ਉਹ ਜਾਵੇ, ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਕਹਿੰਦੇ ਹਨ, ਉਹ ਪ੍ਰਾਹੁਣਿਆਂ ਦਾ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਕਰ ਸਕਾਂ?’ ਉਹ ਤੁਹਾਨੂੰ ਉਤਲੀ ਮੰਜ਼ਲ ਤੇ ਇੱਕ ਵੱਡਾ ਸਜਾਇਆ ਹੋਇਆ ਕਮਰਾ ਦਿਖਾਵੇਗਾ । ਉੱਥੇ ਤੁਸੀਂ ਪਸਾਹ ਦਾ ਭੋਜਨ ਤਿਆਰ ਕਰਨਾ ।” ਚੇਲੇ ਗਏ ਅਤੇ ਸ਼ਹਿਰ ਵਿੱਚ ਪਹੁੰਚ ਕੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ ਅਤੇ ਪਸਾਹ ਦਾ ਭੋਜਨ ਤਿਆਰ ਕੀਤਾ । ਜਦੋਂ ਸ਼ਾਮ ਹੋ ਗਈ ਤਾਂ ਯਿਸੂ ਬਾਰ੍ਹਾਂ ਚੇਲਿਆਂ ਦੇ ਨਾਲ ਆਏ । ਉਹ ਭੋਜਨ ਕਰ ਰਹੇ ਸਨ ਕਿ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਣਾ ਮੈਨੂੰ ਫੜਵਾਵੇਗਾ; ਉਹ ਇਸ ਵੇਲੇ ਮੇਰੇ ਨਾਲ ਭੋਜਨ ਕਰ ਰਿਹਾ ਹੈ ।” ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ ਅਤੇ ਵਾਰੀ ਵਾਰੀ ਕਹਿਣ ਲੱਗੇ, “ਕੀ ਉਹ ਮੈਂ ਹਾਂ?” ਯਿਸੂ ਨੇ ਉੱਤਰ ਦਿੱਤਾ, “ਉਹ ਤੁਹਾਡੇ ਬਾਰ੍ਹਾਂ ਵਿੱਚੋਂ ਇੱਕ ਹੈ ਜੋ ਮੇਰੇ ਨਾਲ ਇੱਕ ਹੀ ਥਾਲੀ ਵਿੱਚ ਹੱਥ ਪਾ ਰਿਹਾ ਹੈ । ਮਨੁੱਖ ਦਾ ਪੁੱਤਰ ਤਾਂ ਜਿਸ ਤਰ੍ਹਾਂ ਉਸ ਦੇ ਬਾਰੇ ਲਿਖਿਆ ਹੋਇਆ ਹੈ, ਮਾਰਿਆ ਹੀ ਜਾਵੇਗਾ ਪਰ ਹਾਏ ਉਸ ਆਦਮੀ ਦੇ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਵੇਗਾ! ਚੰਗਾ ਹੁੰਦਾ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ ।” ਜਦੋਂ ਉਹ ਭੋਜਨ ਕਰ ਰਹੇ ਸਨ, ਯਿਸੂ ਨੇ ਰੋਟੀ ਲਈ, ਧੰਨਵਾਦ ਕਰ ਕੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਲਵੋ, ਇਹ ਮੇਰਾ ਸਰੀਰ ਹੈ ।” ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਉਸ ਵਿੱਚੋਂ ਪੀਤਾ । ਯਿਸੂ ਨੇ ਕਿਹਾ, “ਇਹ ਪਰਮੇਸ਼ਰ ਦੇ ਨੇਮ ਦਾ ਮੇਰਾ ਲਹੂ ਹੈ, ਜੋ ਬਹੁਤਿਆਂ ਦੇ ਲਈ ਵਹਾਇਆ ਜਾ ਰਿਹਾ ਹੈ । ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਅੱਗੇ ਤੋਂ ਉਸ ਦਿਨ ਤੱਕ ਮੈ ਨਹੀਂ ਪੀਵਾਂਗਾ ਜਦੋਂ ਤੱਕ ਕਿ ਪਰਮੇਸ਼ਰ ਦੇ ਰਾਜ ਵਿੱਚ ਨਵੀਂ ਨਾ ਪੀਵਾਂ ।” ਫਿਰ ਉਹਨਾਂ ਨੇ ਇੱਕ ਭਜਨ ਗਾਇਆ ਅਤੇ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਸਾਰੇ ਮੈਨੂੰ ਛੱਡ ਜਾਵੋਗੇ । ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੋਇਆ ਹੈ: ‘ਮੈਂ ਚਰਵਾਹੇ ਨੂੰ ਮਾਰਾਂਗਾ, ਅਤੇ ਭੇਡਾਂ ਖਿੱਲਰ ਜਾਣਗੀਆਂ ।’ ਪਰ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ ।” ਪਤਰਸ ਨੇ ਉੱਤਰ ਦਿੱਤਾ, “ਭਾਵੇਂ, ਸਾਰੇ ਠੋਕਰ ਖਾਣ ਪਰ ਮੈਂ ਠੋਕਰ ਨਹੀਂ ਖਾਵਾਂਗਾ ।” ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ, ਅੱਜ ਰਾਤ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਪਰ ਪਤਰਸ ਨੇ ਹੋਰ ਜ਼ੋਰ ਦੇ ਕੇ ਕਿਹਾ, “ਨਹੀਂ, ਜੇਕਰ ਮੈਨੂੰ ਤੁਹਾਡੇ ਲਈ ਆਪਣੀ ਜਾਨ ਵੀ ਦੇਣੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ!” ਇਸੇ ਤਰ੍ਹਾਂ ਬਾਕੀ ਚੇਲਿਆਂ ਨੇ ਵੀ ਕਿਹਾ । ਫਿਰ ਉਹ ਇੱਕ ਥਾਂ ਉੱਤੇ ਆਏ ਜਿਸ ਦਾ ਨਾਂ ਗਤਸਮਨੀ ਸੀ । ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ ।” ਉਹਨਾਂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਲਿਆ । ਯਿਸੂ ਬਹੁਤ ਪਰੇਸ਼ਾਨ ਅਤੇ ਦੁਖੀ ਹੋਣ ਲੱਗੇ । ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਕਿਹਾ, “ਮੇਰਾ ਮਨ ਬਹੁਤ ਦੁਖੀ ਹੈ, ਇੱਥੋਂ ਤੱਕ ਕਿ ਜਾਨ ਨਿਕਲਦੀ ਜਾ ਰਹੀ ਹੈ; ਇੱਥੇ ਠਹਿਰੋ ਅਤੇ ਸਾਵਧਾਨ ਰਹੋ ।” ਫਿਰ ਉਹ ਥੋੜ੍ਹਾ ਅੱਗੇ ਗਏ ਅਤੇ ਜ਼ਮੀਨ ਉੱਤੇ ਡਿੱਗ ਕੇ ਪ੍ਰਾਰਥਨਾ ਕਰਨ ਲੱਗੇ, “ਜੇਕਰ ਹੋ ਸਕੇ ਤਾਂ ਇਹ ਦੁੱਖ ਦੀ ਘੜੀ ਟਲ ਜਾਵੇ” ਅਤੇ ਕਿਹਾ, “ਅੱਬਾ, ਪਿਤਾ! ਤੁਸੀਂ ਸਭ ਕੁਝ ਕਰ ਸਕਦੇ ਹੋ । ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ । ਪਰ ਫਿਰ ਵੀ ਮੇਰੀ ਇੱਛਾ ਨਹੀਂ, ਤੁਹਾਡੀ ਇੱਛਾ ਪੂਰੀ ਹੋਵੇ ।” ਫਿਰ ਯਿਸੂ ਵਾਪਸ ਆਏ ਅਤੇ ਉਹਨਾਂ ਨੇ ਤਿੰਨਾਂ ਚੇਲਿਆਂ ਨੂੰ ਸੁੱਤੇ ਹੋਏ ਦੇਖਿਆ; ਤਾਂ ਉਹਨਾਂ ਨੇ ਪਤਰਸ ਨੂੰ ਕਿਹਾ, “ਸ਼ਮਊਨ, ਕੀ ਤੂੰ ਸੌਂ ਰਿਹਾ ਹੈਂ? ਕੀ ਤੂੰ ਇੱਕ ਘੰਟਾ ਵੀ ਨਹੀਂ ਜਾਗ ਸਕਿਆ? ਜਾਗੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਪਰਤਾਵੇ ਵਿੱਚ ਨਾ ਪਵੋ । ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ ।” ਫਿਰ ਯਿਸੂ ਵਾਪਸ ਗਏ ਅਤੇ ਉਸੇ ਤਰ੍ਹਾਂ ਹੀ ਪ੍ਰਾਰਥਨਾ ਕਰਨ ਲੱਗੇ । ਉਹਨਾਂ ਨੇ ਵਾਪਸ ਆ ਕੇ ਫਿਰ ਚੇਲਿਆਂ ਨੂੰ ਸੁੱਤੇ ਦੇਖਿਆ ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਨਾਲ ਭਰੀਆਂ ਹੋਈਆਂ ਸਨ । ਉਹ ਨਹੀਂ ਜਾਣਦੇ ਸਨ ਕਿ ਯਿਸੂ ਨੂੰ ਕੀ ਉੱਤਰ ਦੇਣ । ਜਦੋਂ ਯਿਸੂ ਤੀਜੀ ਵਾਰ ਵਾਪਸ ਆਏ ਤਾਂ ਉਹਨਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਸੁੱਤੇ ਪਏ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ ਹੈ! ਉਹ ਘੜੀ ਆ ਪਹੁੰਚੀ ਹੈ । ਦੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥ ਫੜਵਾਇਆ ਜਾ ਰਿਹਾ ਹੈ । ਉੱਠੋ, ਆਓ ਚੱਲੀਏ । ਦੇਖੋ, ਮੇਰਾ ਫੜਵਾਉਣ ਵਾਲਾ ਨੇੜੇ ਆ ਗਿਆ ਹੈ!” ਅਜੇ ਯਿਸੂ ਬੋਲ ਹੀ ਰਹੇ ਸਨ ਕਿ ਬਾਰ੍ਹਾਂ ਵਿੱਚੋਂ ਇੱਕ ਜਿਸ ਦਾ ਨਾਂ ਯਹੂਦਾ ਸੀ, ਆਇਆ । ਉਸ ਨਾਲ ਮਹਾਂ-ਪੁਰੋਹਿਤਾਂ, ਵਿਵਸਥਾ ਦੇ ਸਿੱਖਿਅਕਾਂ ਅਤੇ ਬਜ਼ੁਰਗ ਆਗੂਆਂ ਵੱਲੋਂ ਭੇਜੀ ਹੋਈ ਬਹੁਤ ਵੱਡੀ ਭੀੜ ਸੀ ਜਿਸ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਲਾਠੀਆਂ ਸਨ । ਫੜਵਾਉਣ ਵਾਲੇ ਨੇ ਇਹ ਚਿੰਨ੍ਹ ਦਿੱਤਾ ਹੋਇਆ ਸੀ ਕਿ ਜਿਸ ਨੂੰ ਮੈਂ ਚੁੰਮਾ ਉਹ ਹੀ ਯਿਸੂ ਹਨ । ਉਹਨਾਂ ਨੂੰ ਗਰਿਫ਼ਤਾਰ ਕਰ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ । ਯਹੂਦਾ ਉੱਥੇ ਪਹੁੰਚਦੇ ਹੀ ਯਿਸੂ ਕੋਲ ਗਿਆ ਅਤੇ ਕਿਹਾ “ਗੁਰੂ ਜੀ!” ਅਤੇ ਨਾਲ ਹੀ ਉਹਨਾਂ ਨੂੰ ਚੁੰਮ ਲਿਆ । ਤਦ ਲੋਕਾਂ ਨੇ ਝੱਟ ਯਿਸੂ ਨੂੰ ਫੜ ਲਿਆ । ਕੋਲ ਖੜ੍ਹੇ ਹੋਇਆਂ ਵਿੱਚੋਂ ਕਿਸੇ ਇੱਕ ਨੇ ਤਲਵਾਰ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਕੰਨ ਵੱਢ ਦਿੱਤਾ । ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਤਲਵਾਰਾਂ ਅਤੇ ਲਾਠੀਆਂ ਲੈ ਕੇ ਮੈਨੂੰ ਫੜਨ ਆਏ ਹੋ, ਕੀ ਮੈਂ ਕੋਈ ਵਿਦਰੋਹੀ ਹਾਂ? ਮੈਂ ਹਰ ਰੋਜ਼ ਤੁਹਾਡੇ ਨਾਲ ਰਹਿ ਕੇ ਹੈਕਲ ਵਿੱਚ ਉਪਦੇਸ਼ ਦਿੰਦਾ ਰਿਹਾ ਪਰ ਤੁਸੀਂ ਮੈਨੂੰ ਗਰਿਫ਼ਤਾਰ ਨਾ ਕੀਤਾ । ਪਰ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਪੂਰਾ ਹੋਣਾ ਜ਼ਰੂਰੀ ਹੈ ।” ਉਸ ਵੇਲੇ ਸਾਰੇ ਚੇਲੇ ਯਿਸੂ ਨੂੰ ਛੱਡ ਕੇ ਦੌੜ ਗਏ । ਇੱਕ ਨੌਜਵਾਨ ਆਪਣੇ ਸਰੀਰ ਉੱਤੇ ਕੇਵਲ ਚਾਦਰ ਲਪੇਟੀ ਯਿਸੂ ਦੇ ਪਿੱਛੇ ਪਿੱਛੇ ਚੱਲ ਰਿਹਾ ਸੀ । ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ । ਪਰ ਉਹ ਆਪਣੀ ਚਾਦਰ ਨੂੰ ਸੁੱਟ ਕੇ ਨੰਗਾ ਹੀ ਦੌੜ ਗਿਆ । ਉਹ ਯਿਸੂ ਨੂੰ ਮਹਾਂ-ਪੁਰੋਹਿਤ ਦੇ ਕੋਲ ਲੈ ਗਏ । ਉੱਥੇ ਸਾਰੇ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਇਕੱਠੇ ਹੋਏ ਸਨ । ਪਤਰਸ ਕੁਝ ਦੂਰ ਰਹਿ ਕੇ ਯਿਸੂ ਦੇ ਪਿੱਛੇ ਪਿੱਛੇ ਆਇਆ ਅਤੇ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਪਹੁੰਚ ਗਿਆ । ਉੱਥੇ ਉਹ ਨੌਕਰਾਂ ਦੇ ਕੋਲ ਬੈਠ ਕੇ ਅੱਗ ਸੇਕਣ ਲੱਗ ਪਿਆ । ਮਹਾਂ-ਪੁਰੋਹਿਤ ਅਤੇ ਬਾਕੀ ਸਾਰੀ ਸਭਾ ਯਿਸੂ ਦੇ ਵਿਰੁੱਧ ਕੁਝ ਇਹੋ ਜਿਹੇ ਸਬੂਤ ਲੱਭ ਰਹੇ ਸਨ ਕਿ ਉਹ ਯਿਸੂ ਨੂੰ ਮੌਤ ਦੀ ਸਜ਼ਾ ਦੇਣ । ਪਰ ਉਹ ਕੋਈ ਸਬੂਤ ਨਾ ਲੱਭ ਸਕੇ । ਕਈਆਂ ਨੇ ਝੂਠੀਆਂ ਗਵਾਹੀਆਂ ਦਿੱਤੀਆਂ ਪਰ ਉਹ ਆਪਸ ਵਿੱਚ ਨਹੀਂ ਮਿਲਦੀਆਂ ਸਨ । ਕੁਝ ਗਵਾਹਾਂ ਨੇ ਇਸ ਤਰ੍ਹਾਂ ਝੂਠੀ ਗਵਾਹੀ ਦਿੱਤੀ, “ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ, ‘ਮੈਂ ਇਸ ਹੱਥਾਂ ਦੇ ਬਣੇ ਹੋਏ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਦੂਜਾ ਉਸਾਰ ਦੇਵਾਂਗਾ ਜਿਹੜਾ ਮਨੁੱਖੀ ਹੱਥਾਂ ਦਾ ਬਣਿਆ ਨਹੀਂ ਹੋਵੇਗਾ ।’” ਪਰ ਉਹਨਾਂ ਦੀ ਇਹ ਗਵਾਹੀ ਵੀ ਆਪਸ ਵਿੱਚ ਨਾ ਮਿਲੀ । ਤਦ ਮਹਾਂ-ਪੁਰੋਹਿਤ ਆਪ ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਕੇ ਯਿਸੂ ਤੋਂ ਪੁੱਛਣ ਲੱਗਾ, “ਤੂੰ ਕੁਝ ਕਿਉਂ ਨਹੀਂ ਕਹਿੰਦਾ, ਇਹ ਤੇਰੇ ਵਿਰੁੱਧ ਕੀ ਗਵਾਹੀਆਂ ਦੇ ਰਹੇ ਹਨ?” ਪਰ ਯਿਸੂ ਚੁੱਪ ਰਹੇ ਅਤੇ ਕੋਈ ਉੱਤਰ ਨਾ ਦਿੱਤਾ । ਮਹਾਂ-ਪੁਰੋਹਿਤ ਨੇ ਫਿਰ ਪੁੱਛਿਆ, “ਕੀ ਤੂੰ ਪਰਮ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ?” ਯਿਸੂ ਨੇ ਉੱਤਰ ਦਿੱਤਾ, “ਮੈਂ ਹਾਂ, ਅਤੇ ਤੁਸੀਂ ਸਾਰੇ ਮਨੁੱਖ ਦੇ ਪੁੱਤਰ ਨੂੰ ਸਰਬਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਅਤੇ ਅਕਾਸ਼ ਤੋਂ ਬੱਦਲਾਂ ਦੇ ਉੱਤੇ ਆਉਂਦਾ ਦੇਖੋਗੇ ।” ਇਹ ਸੁਣਦੇ ਹੀ ਮਹਾਂ-ਪੁਰੋਹਿਤ ਨੇ ਆਪਣਾ ਚੋਗਾ ਪਾੜ ਦਿੱਤਾ ਅਤੇ ਕਿਹਾ, “ਹੁਣ ਸਾਨੂੰ ਗਵਾਹੀਆਂ ਦੀ ਕੀ ਲੋੜ ਹੈ! ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣ ਚੁੱਕੇ ਹੋ । ਤੁਹਾਡਾ ਕੀ ਫ਼ੈਸਲਾ ਹੈ?” ਉਹਨਾਂ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਯਿਸੂ ਮੌਤ ਦੀ ਸਜ਼ਾ ਦਾ ਹੱਕਦਾਰ ਹੈ । ਉਹਨਾਂ ਵਿੱਚੋਂ ਕੁਝ ਨੇ ਯਿਸੂ ਦੇ ਉੱਤੇ ਥੁੱਕਣਾ ਸ਼ੁਰੂ ਕਰ ਦਿੱਤਾ ਅਤੇ ਕੁਝ ਨੇ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਉਹਨਾਂ ਨੂੰ ਮਾਰਿਆ ਅਤੇ ਕਿਹਾ, “ਭਵਿੱਖਬਾਣੀ ਕਰ!” ਪਹਿਰੇਦਾਰਾਂ ਨੇ ਵੀ ਉਹਨਾਂ ਨੂੰ ਇੱਕ ਪਾਸੇ ਲੈ ਜਾ ਕੇ ਚਪੇੜਾਂ ਮਾਰੀਆਂ । ਪਤਰਸ ਅਜੇ ਤੱਕ ਹੇਠਾਂ ਵਿਹੜੇ ਵਿੱਚ ਹੀ ਸੀ ਕਿ ਮਹਾਂ-ਪੁਰੋਹਿਤ ਦੀ ਇੱਕ ਦਾਸੀ ਉੱਥੇ ਆਈ ਅਤੇ ਪਤਰਸ ਨੂੰ ਅੱਗ ਸੇਕਦੇ ਨੀਝ ਨਾਲ ਦੇਖ ਕੇ ਕਿਹਾ, “ਤੂੰ ਵੀ ਤਾਂ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਲ ਸੀ ।” ਉਸ ਨੇ ਇਨਕਾਰ ਕਰਦੇ ਹੋਏ ਕਿਹਾ, “ਮੈਂ ਨਹੀਂ ਜਾਣਦਾ, ਨਾ ਹੀ ਸਮਝਦਾ ਹਾਂ ਕਿ ਤੂੰ ਕੀ ਕਹਿ ਰਹੀ ਹੈਂ ।” ਇਹ ਕਹਿ ਕੇ ਉਹ ਬਾਹਰ ਡਿਉੜੀ ਵਿੱਚ ਚਲਾ ਗਿਆ । ਉਸੇ ਸਮੇਂ ਕੁੱਕੜ ਨੇ ਪਹਿਲੀ ਬਾਂਗ ਦਿੱਤੀ । ਉਸ ਦਾਸੀ ਨੇ ਉਸ ਨੂੰ ਉੱਥੇ ਫਿਰ ਦੇਖਿਆ ਅਤੇ ਕੋਲ ਖੜ੍ਹੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ, “ਇਹ ਵੀ ਉਹਨਾਂ ਵਿੱਚੋਂ ਹੀ ਹੈ!” ਉਸ ਨੇ ਫਿਰ ਇਨਕਾਰ ਕੀਤਾ । ਪਰ ਥੋੜ੍ਹੇ ਸਮੇਂ ਦੇ ਬਾਅਦ ਉੱਥੇ ਖੜ੍ਹੇ ਹੋਇਆਂ ਵਿੱਚੋਂ ਇੱਕ ਨੇ ਪਤਰਸ ਨੂੰ ਫਿਰ ਕਿਹਾ, “ਸੱਚਮੁੱਚ ਤੂੰ ਵੀ ਉਹਨਾਂ ਵਿੱਚੋਂ ਹੀ ਹੈਂ, ਕਿਉਂਕਿ ਤੂੰ ਗਲੀਲ ਦਾ ਰਹਿਣ ਵਾਲਾ ਹੈਂ ।” ਤਦ ਉਹ ਆਪਣੇ ਆਪ ਤੇ ਲਾਹਨਤ ਪਾਉਣ ਲੱਗਾ ਅਤੇ ਸੌਂਹ ਖਾ ਕੇ ਕਿਹਾ, “ਜਿਸ ਆਦਮੀ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ, ਉਸ ਨੂੰ ਮੈਂ ਬਿਲਕੁਲ ਨਹੀਂ ਜਾਣਦਾ ।” ਉਸੇ ਸਮੇਂ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ ਅਤੇ ਪਤਰਸ ਨੂੰ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ, “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਤਦ ਉਹ ਭੁੱਬਾਂ ਮਾਰ ਕੇ ਰੋਣ ਲੱਗਾ । ਸਵੇਰ ਹੁੰਦੇ ਹੀ ਮਹਾਂ-ਪੁਰੋਹਿਤਾਂ ਨੇ ਬਜ਼ੁਰਗ ਆਗੂਆਂ, ਵਿਵਸਥਾ ਦੇ ਸਿੱਖਿਅਕਾਂ ਅਤੇ ਸਭਾ ਦੇ ਨਾਲ ਮਿਲ ਕੇ ਸਲਾਹ ਕੀਤੀ ਅਤੇ ਉਹ ਯਿਸੂ ਨੂੰ ਬੰਨ੍ਹ ਕੇ ਪਿਲਾਤੁਸ ਕੋਲ ਲੈ ਗਏ । ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ।” ਮਹਾਂ-ਪੁਰੋਹਿਤਾਂ ਨੇ ਉਹਨਾਂ ਉੱਤੇ ਬਹੁਤ ਦੋਸ਼ ਲਾਏ । ਪਿਲਾਤੁਸ ਨੇ ਫਿਰ ਯਿਸੂ ਤੋਂ ਪੁੱਛਿਆ, “ਕੀ ਤੂੰ ਕੁਝ ਨਹੀਂ ਕਹਿਣਾ ਚਾਹੁੰਦਾ? ਦੇਖ, ਇਹ ਤੇਰੇ ਵਿਰੁੱਧ ਕਿੰਨਾ ਕੁਝ ਕਹਿ ਰਹੇ ਹਨ!” ਪਰ ਯਿਸੂ ਨੇ ਫਿਰ ਕੋਈ ਉੱਤਰ ਨਾ ਦਿੱਤਾ । ਤਦ ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ । ਹਰ ਪਸਾਹ ਦੇ ਤਿਉਹਾਰ ਦੇ ਸਮੇਂ ਪਿਲਾਤੁਸ ਲੋਕਾਂ ਦੇ ਕਹਿਣ ਉੱਤੇ ਕਿਸੇ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ । ਉਸ ਸਮੇਂ ਬਰੱਬਾਸ ਨਾਂ ਦਾ ਇੱਕ ਆਦਮੀ ਦੰਗਾ ਕਰਨ ਵਾਲਿਆਂ ਦੇ ਨਾਲ ਕੈਦ ਵਿੱਚ ਸੀ ਜਿਸ ਨੇ ਕਤਲ ਵੀ ਕੀਤੇ ਸਨ । ਲੋਕ ਅੱਗੇ ਵਧੇ ਅਤੇ ਪਿਲਾਤੁਸ ਨੂੰ ਕਹਿਣ ਲੱਗੇ ਕਿ ਉਹ ਉਹਨਾਂ ਦੇ ਲਈ ਆਪਣੀ ਰੀਤ ਅਨੁਸਾਰ ਕਰੇ । ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜਾ ਨੂੰ ਛੱਡ ਦੇਵਾਂ?” ਕਿਉਂਕਿ ਉਹ ਜਾਣਦਾ ਸੀ ਕਿ ਮਹਾਂ-ਪੁਰੋਹਿਤਾਂ ਨੇ ਯਿਸੂ ਨੂੰ ਕੇਵਲ ਈਰਖਾ ਕਰ ਕੇ ਹੀ ਫੜਵਾਇਆ ਹੈ । ਪਰ ਮਹਾਂ-ਪੁਰੋਹਿਤਾਂ ਨੇ ਭੀੜ ਨੂੰ ਭੜਕਾਇਆ ਕਿ ਉਹ ਬਰੱਬਾਸ ਨੂੰ ਹੀ ਉਹਨਾਂ ਲਈ ਛੱਡੇ । ਪਿਲਾਤੁਸ ਨੇ ਉਹਨਾਂ ਤੋਂ ਫਿਰ ਪੁੱਛਿਆ, “ਫਿਰ ਮੈਂ ਉਸ ਦੇ ਨਾਲ ਕੀ ਕਰਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?” ਉਹ ਜ਼ੋਰ ਦੇ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ!” ਪਰ ਪਿਲਾਤੁਸ ਨੇ ਉਹਨਾਂ ਤੋਂ ਪੁੱਛਿਆ, “ਕਿਉਂ, ਉਸ ਨੇ ਕੀ ਅਪਰਾਧ ਕੀਤਾ ਹੈ?” ਉਹ ਹੋਰ ਵੀ ਰੌਲਾ ਪਾ ਕੇ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ!” ਤਦ ਪਿਲਾਤੁਸ ਨੇ ਲੋਕਾਂ ਨੂੰ ਖ਼ੁਸ਼ ਕਰਨ ਲਈ ਬਰੱਬਾਸ ਨੂੰ ਛੱਡ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ । ਫਿਰ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਪਲਟਣ ਦੇ ਦੂਜੇ ਲੋਕਾਂ ਨੂੰ ਵੀ ਸੱਦ ਲਿਆ । ਉਹਨਾਂ ਨੇ ਯਿਸੂ ਨੂੰ ਇੱਕ ਜਾਮਨੀ ਰੰਗ ਦਾ ਚੋਗਾ ਪਵਾਇਆ ਅਤੇ ਇੱਕ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ । ਫਿਰ ਉਹ ਉਹਨਾਂ ਨੂੰ ਇਹ ਕਹਿ ਕੇ ਸਲਾਮੀ ਦੇਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਫਿਰ ਸਿਪਾਹੀਆਂ ਨੇ ਉਹਨਾਂ ਦੇ ਸਿਰ ਉੱਤੇ ਕਾਨੇ ਮਾਰੇ, ਉਹਨਾਂ ਉੱਤੇ ਥੁੱਕਿਆ ਅਤੇ ਉਹਨਾਂ ਦੇ ਅੱਗੇ ਗੋਡੇ ਟੇਕ ਕੇ ਸੀਸ ਨਿਵਾਏ । ਇਸ ਤਰ੍ਹਾਂ ਜਦੋਂ ਉਹ ਯਿਸੂ ਦਾ ਮਖ਼ੌਲ ਉਡਾ ਚੁੱਕੇ ਤਾਂ ਉਹਨਾਂ ਨੇ ਜਾਮਨੀ ਚੋਗਾ ਲਾਹ ਲਿਆ ਅਤੇ ਫਿਰ ਉਹਨਾਂ ਦੇ ਕੱਪੜੇ ਪਵਾ ਦਿੱਤੇ ਅਤੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਬਾਹਰ ਲੈ ਗਏ । ਰਾਹ ਵਿੱਚ ਉਹਨਾਂ ਨੂੰ ਸ਼ਮਊਨ ਕੁਰੇਨੀ ਜੋ ਸਿਕੰਦਰ ਅਤੇ ਰੂਫ਼ਸ ਦਾ ਪਿਤਾ ਸੀ, ਮਿਲਿਆ । ਉਹ ਪਿੰਡ ਵੱਲੋਂ ਆ ਰਿਹਾ ਸੀ ਜਿਸ ਨੂੰ ਸਿਪਾਹੀਆਂ ਨੇ ਵਗਾਰ ਲਈ ਫੜਿਆ ਕਿ ਉਹ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ । ਉਹ ਯਿਸੂ ਨੂੰ ‘ਗੁਲਗੁਥਾ’ (ਜਿਸ ਦਾ ਅਰਥ ਹੈ ‘ਖੋਪੜੀ ਦੀ ਥਾਂ’) ਉੱਤੇ ਲੈ ਗਏ । ਉੱਥੇ ਉਹਨਾਂ ਨੇ ਯਿਸੂ ਨੂੰ ਗੰਧਰਸ ਮਿਲੀ ਮੈ ਦੇਣ ਦੀ ਕੋਸ਼ਿਸ਼ ਕੀਤੀ ਪਰ ਯਿਸੂ ਨੇ ਪੀਣ ਤੋਂ ਇਨਕਾਰ ਕਰ ਦਿੱਤਾ । ਫਿਰ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾ ਦਿੱਤਾ ਅਤੇ ਉਹਨਾਂ ਦੇ ਕੱਪੜੇ ਆਪਸ ਵਿੱਚ ਗੁਣਾ ਪਾ ਕੇ ਵੰਡ ਲਏ । ਸਵੇਰ ਦੇ ਨੌ ਵਜੇ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ । ਉਹਨਾਂ ਦੇ ਸਿਰ ਦੇ ਉਤਲੇ ਪਾਸੇ, ਦੋਸ਼-ਪੱਤਰ ਉੱਤੇ ਲਿਖਿਆ ਹੋਇਆ ਸੀ, “ਯਹੂਦੀਆਂ ਦਾ ਰਾਜਾ ।” ਉਹਨਾਂ ਨੇ ਦੋ ਡਾਕੂਆਂ ਨੂੰ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਇਆ: ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ । ਆਉਂਦੇ ਜਾਂਦੇ ਰਾਹੀ ਯਿਸੂ ਦੀ ਨਿੰਦਾ ਕਰਦੇ ਅਤੇ ਸਿਰ ਹਿਲਾ ਹਿਲਾ ਕੇ ਕਹਿੰਦੇ ਸਨ, “ਬੱਲੇ, ਹੈਕਲ ਦੇ ਢਾਹੁਣ ਵਾਲੇ ਅਤੇ ਤਿੰਨ ਦਿਨਾਂ ਵਿੱਚ ਉਸਾਰਨ ਵਾਲੇ, ਸਲੀਬ ਉੱਤੋਂ ਉਤਰ ਆ ਅਤੇ ਆਪਣੇ ਆਪ ਨੂੰ ਬਚਾਅ!” ਇਸ ਤਰ੍ਹਾਂ ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਵੀ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ ਅਤੇ ਇੱਕ ਦੂਜੇ ਨੂੰ ਕਹਿ ਰਹੇ ਸਨ, “ਉਸ ਨੇ ਦੂਜਿਆਂ ਨੂੰ ਬਚਾਇਆ, ਪਰ ਕੀ ਆਪਣੇ ਆਪ ਨੂੰ ਨਹੀਂ ਬਚਾਅ ਸਕਦਾ! ਇਸਰਾਏਲ ਦਾ ਰਾਜਾ ਮਸੀਹ ਜੇਕਰ ਇਸ ਸਮੇਂ ਸਲੀਬ ਉੱਤੋਂ ਉਤਰ ਆਵੇ ਤਾਂ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ ।” ਜੋ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ ਉਹ ਵੀ ਉਹਨਾਂ ਦਾ ਅਪਮਾਨ ਕਰ ਰਹੇ ਸਨ । ਜਦੋਂ ਦੁਪਹਿਰ ਹੋਈ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਤਿੰਨ ਵਜੇ ਤੱਕ ਰਿਹਾ । ਤਿੰਨ ਵਜੇ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਈਲੋਈ, ਈਲੋਈ ਲਮਾ ਸਬਕਤਨੀ,” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?” ਜੋ ਉੱਥੇ ਕੋਲ ਖੜ੍ਹੇ ਸਨ, ਉਹਨਾਂ ਇਹ ਸੁਣਿਆ ਤਾਂ ਉਹਨਾਂ ਵਿੱਚੋਂ ਕੁਝ ਨੇ ਕਿਹਾ, “ਦੇਖੋ, ਉਹ ਏਲੀਯਾਹ ਨੂੰ ਸੱਦ ਰਿਹਾ ਹੈ ।” ਪਰ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਸਿਰਕੇ ਦੀ ਮੈ ਵਿੱਚ ਡੋਬਿਆ ਅਤੇ ਉਸ ਨੂੰ ਇੱਕ ਸੋਟੀ ਉੱਤੇ ਲਾ ਕੇ ਯਿਸੂ ਨੂੰ ਦਿੱਤਾ ਅਤੇ ਕਿਹਾ, “ਭਲਾ ਦੇਖਦੇ ਹਾਂ ਕਿ ਏਲੀਯਾਹ ਇਸ ਨੂੰ ਸਲੀਬ ਉੱਤੋਂ ਉਤਾਰਨ ਲਈ ਆਉਂਦਾ ਹੈ ਜਾਂ ਨਹੀਂ?” ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ । ਉਸ ਸਮੇਂ ਹੈਕਲ ਦੇ ਅੰਦਰ ਦਾ ਪਰਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਟੁਕੜੇ ਹੋ ਗਿਆ । ਸੂਬੇਦਾਰ ਜਿਹੜਾ ਉਸ ਸਮੇਂ ਉੱਥੇ ਖੜ੍ਹਾ ਸੀ, ਜਦੋਂ ਉਸ ਨੇ ਯਿਸੂ ਨੂੰ ਇਸ ਤਰ੍ਹਾਂ ਉੱਚੀ ਆਵਾਜ਼ ਨਾਲ ਜਾਨ ਦਿੰਦੇ ਹੋਏ ਦੇਖਿਆ ਤਾਂ ਉਸ ਨੇ ਕਿਹਾ, “ਸੱਚਮੁੱਚ ਇਹ ਪਰਮੇਸ਼ਰ ਦਾ ਪੁੱਤਰ ਸੀ!” ਕੁਝ ਔਰਤਾਂ ਉੱਥੇ ਖੜ੍ਹੀਆਂ ਇਹ ਸਭ ਕੁਝ ਦੂਰ ਤੋਂ ਦੇਖ ਰਹੀਆਂ ਸਨ, ਜਿਹਨਾਂ ਵਿੱਚ ਮਰੀਅਮ ਮਗਦਲੀਨੀ, ਛੋਟੇ ਯਾਕੂਬ ਅਤੇ ਜੋਸੇਸ ਦੀ ਮਾਂ ਮਰੀਅਮ ਅਤੇ ਸਲੋਮੀ ਵੀ ਸਨ । ਜਦੋਂ ਯਿਸੂ ਗਲੀਲ ਵਿੱਚ ਸਨ, ਤਾਂ ਉਹ ਉਹਨਾਂ ਉੱਤੇ ਵਿਸ਼ਵਾਸ ਲਿਆ ਕੇ ਉਹਨਾਂ ਦੇ ਪਿੱਛੇ ਚੱਲਦੀਆਂ ਅਤੇ ਯਿਸੂ ਦੀ ਸੇਵਾ ਕਰਦੀਆਂ ਸਨ । ਹੋਰ ਵੀ ਕਈ ਔਰਤਾਂ ਉੱਥੇ ਸਨ ਜੋ ਉਹਨਾਂ ਦੇ ਨਾਲ ਯਰੂਸ਼ਲਮ ਤੋਂ ਆਈਆਂ ਸਨ । ਸ਼ਾਮ ਹੋ ਗਈ ਸੀ ਅਤੇ ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ । ਇਸ ਲਈ ਅਰਿਮਤਿਆ ਦਾ ਰਹਿਣ ਵਾਲਾ ਯੂਸਫ਼ ਜੋ ਸਭਾ ਦਾ ਇੱਕ ਮੰਨਿਆ ਪ੍ਰਮੰਨਿਆ ਮੈਂਬਰ ਅਤੇ ਆਪ ਵੀ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਸੀ, ਉਹ ਬੜੀ ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸੂ ਦੀ ਲਾਸ਼ ਉਸ ਤੋਂ ਮੰਗੀ । ਪਿਲਾਤੁਸ ਨੂੰ ਬਹੁਤ ਹੈਰਾਨੀ ਹੋਈ ਕਿ ਉਹ ਇੰਨੀ ਛੇਤੀ ਮਰ ਗਿਆ ਹੈ । ਇਸ ਲਈ ਉਸ ਨੇ ਸੂਬੇਦਾਰ ਨੂੰ ਸੱਦ ਕੇ ਪੁੱਛਿਆ, “ਕੀ ਯਿਸੂ ਮਰ ਗਿਆ ਹੈ?” ਸੂਬੇਦਾਰ ਕੋਲੋਂ ਪੁੱਛਣ ਦੇ ਬਾਅਦ, ਪਿਲਾਤੁਸ ਨੇ ਯੂਸਫ਼ ਨੂੰ ਲਾਸ਼ ਲੈ ਜਾਣ ਦੀ ਆਗਿਆ ਦੇ ਦਿੱਤੀ । ਤਦ ਯੂਸਫ਼ ਨੇ ਇੱਕ ਚਾਦਰ ਖ਼ਰੀਦੀ ਅਤੇ ਯਿਸੂ ਨੂੰ ਸਲੀਬ ਉੱਤੋਂ ਉਤਾਰ ਕੇ ਉਸ ਵਿੱਚ ਲਪੇਟਿਆ ਅਤੇ ਕਬਰ ਵਿੱਚ ਰੱਖ ਦਿੱਤਾ ਜੋ ਇੱਕ ਚਟਾਨ ਨੂੰ ਕੱਟ ਕੇ ਬਣਾਈ ਗਈ ਸੀ । ਕਬਰ ਦੇ ਮੂੰਹ ਉੱਤੇ ਉਸ ਨੇ ਇੱਕ ਵੱਡਾ ਸਾਰਾ ਪੱਥਰ ਰੇੜ੍ਹ ਦਿੱਤਾ । ਮਰੀਅਮ ਮਗਦਲੀਨੀ ਅਤੇ ਜੋਸੇਸ ਦੀ ਮਾਂ ਮਰੀਅਮ, ਇਹ ਸਭ ਦੇਖ ਰਹੀਆਂ ਸਨ ਕਿ ਯਿਸੂ ਦੀ ਲਾਸ਼ ਨੂੰ ਕਿੱਥੇ ਰੱਖਿਆ ਗਿਆ ਹੈ । ਫਿਰ ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਮਰੀਅਮ ਮਗਦਲੀਨੀ, ਯਾਕੂਬ ਦੀ ਮਾਂ ਮਰੀਅਮ ਅਤੇ ਸਲੋਮੀ ਨੇ ਖ਼ੁਸ਼ਬੂਦਾਰ ਤੇਲ ਖ਼ਰੀਦੇ ਕਿ ਉਹ ਜਾ ਕੇ ਯਿਸੂ ਦੇ ਸਰੀਰ ਉੱਤੇ ਮਲਣ । ਇਸ ਲਈ ਹਫ਼ਤੇ ਦੇ ਪਹਿਲੇ ਦਿਨ ਤੜਕੇ ਜਦੋਂ ਅਜੇ ਸੂਰਜ ਨਿਕਲ ਰਿਹਾ ਸੀ ਉਹ ਕਬਰ ਉੱਤੇ ਆਈਆਂ । ਉਹ ਤੁਰੀਆਂ ਜਾਂਦੀਆਂ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਉੱਤੋਂ ਪੱਥਰ ਕੌਣ ਹਟਾਵੇਗਾ?” ਪਰ ਜਦੋਂ ਉਹਨਾਂ ਨੇ ਕਬਰ ਉੱਤੇ ਜਾ ਕੇ ਦੇਖਿਆ ਤਾਂ ਪੱਥਰ ਕਬਰ ਤੋਂ ਹਟਿਆ ਹੋਇਆ ਸੀ । ਉਹ ਇੱਕ ਬਹੁਤ ਵੱਡਾ ਪੱਥਰ ਸੀ । ਫਿਰ ਜਦੋਂ ਉਹ ਕਬਰ ਦੇ ਅੰਦਰ ਗਈਆਂ ਤਾਂ ਉਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਇੱਕ ਨੌਜਵਾਨ ਨੂੰ ਸੱਜੇ ਪਾਸੇ ਬੈਠੇ ਦੇਖਿਆ । ਉਹ ਉਸ ਨੂੰ ਦੇਖ ਕੇ ਡਰ ਗਈਆਂ । ਪਰ ਉਸ ਨੇ ਉਹਨਾਂ ਨੂੰ ਕਿਹਾ, “ਡਰੋ ਨਾ । ਤੁਸੀਂ ਨਾਸਰਤ ਨਿਵਾਸੀ ਯਿਸੂ ਜਿਹਨਾਂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ ਲੱਭ ਰਹੀਆਂ ਹੋ, ਉਹ ਇੱਥੇ ਨਹੀਂ ਹਨ । ਉਹ ਜੀਅ ਉੱਠੇ ਹਨ! ਦੇਖੋ, ਇਹ ਉਹ ਥਾਂ ਹੈ ਜਿੱਥੇ ਉਹ ਰੱਖੇ ਗਏ ਸਨ । ਇਸ ਲਈ ਜਾਓ, ਅਤੇ ਉਹਨਾਂ ਦੇ ਚੇਲਿਆਂ ਅਤੇ ਪਤਰਸ ਨੂੰ ਇਹ ਸਮਾਚਾਰ ਦਿਓ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾ ਰਹੇ ਹਨ ਤੁਸੀਂ ਉੱਥੇ ਉਹਨਾਂ ਦੇ ਦਰਸ਼ਨ ਕਰੋਗੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ।” ਇਸ ਲਈ ਉਹ ਕਬਰ ਵਿੱਚੋਂ ਨਿਕਲ ਕੇ ਦੌੜੀਆਂ ਕਿਉਂਕਿ ਉਹ ਕੰਬਦੀਆਂ ਹੋਈਆਂ ਹੈਰਾਨੀ ਨਾਲ ਭਰ ਗਈਆਂ ਸਨ । ਉਹਨਾਂ ਨੇ ਕਿਸੇ ਨੂੰ ਕੁਝ ਨਾ ਕਿਹਾ, ਕਿਉਂਕਿ ਉਹ ਬਹੁਤ ਹੀ ਡਰੀਆਂ ਹੋਈਆਂ ਸਨ । [ ਹਫ਼ਤੇ ਦੇ ਪਹਿਲੇ ਦਿਨ ਜਦੋਂ ਯਿਸੂ ਤੜਕੇ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮਰੀਅਮ ਮਗਦਲੀਨੀ ਨੂੰ ਦਰਸ਼ਨ ਦਿੱਤੇ ਜਿਸ ਵਿੱਚੋਂ ਉਹਨਾਂ ਨੇ ਸੱਤ ਦੁਸ਼ਟ ਆਤਮਾਵਾਂ ਕੱਢੀਆਂ ਸਨ । ਉਹਨਾਂ ਔਰਤਾਂ ਨੇ ਉਸ ਸਾਰੇ ਸਮਾਚਾਰ ਦਾ ਸਾਰ ਜੋ ਸੁਣਿਆ ਸੀ, ਪਤਰਸ ਅਤੇ ਉਸ ਦੇ ਸਾਥੀਆਂ ਨੂੰ ਸੁਣਾਇਆ । ਉਸ ਨੇ ਜਾ ਕੇ ਇਹ ਸਮਾਚਾਰ ਉਹਨਾਂ ਦੇ ਸਾਥੀਆਂ ਨੂੰ ਸੁਣਾਇਆ ਜੋ ਸੋਗ ਵਿੱਚ ਰੋ ਰਹੇ ਸਨ । ਇਸ ਦੇ ਬਾਅਦ ਯਿਸੂ ਨੇ ਆਪਣੇ ਚੇਲਿਆਂ ਦੇ ਰਾਹੀਂ ਪੂਰਬ ਤੋਂ ਲੈ ਕੇ ਪੱਛਮ ਤੱਕ, ਪਵਿੱਤਰ ਅਤੇ ਅਨੰਤ ਮੁਕਤੀ ਦਾ ਸਮਾਚਾਰ ਭੇਜਿਆ ।] ਜਦੋਂ ਉਹਨਾਂ ਨੇ ਉਸ ਤੋਂ ਸੁਣਿਆ ਕਿ ਯਿਸੂ ਜੀਅ ਉੱਠੇ ਹਨ ਅਤੇ ਉਸ ਨੇ ਯਿਸੂ ਨੂੰ ਦੇਖਿਆ ਹੈ ਤਾਂ ਉਹਨਾਂ ਨੇ ਉਸ ਦਾ ਵਿਸ਼ਵਾਸ ਨਾ ਕੀਤਾ । ਇਸ ਦੇ ਬਾਅਦ ਯਿਸੂ ਨੇ ਇੱਕ ਦੂਜੇ ਢੰਗ ਨਾਲ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਦਰਸ਼ਨ ਦਿੱਤੇ ਜੋ ਇੱਕ ਪਿੰਡ ਵੱਲ ਨੂੰ ਜਾ ਰਹੇ ਸਨ । ਉਹਨਾਂ ਨੇ ਵਾਪਸ ਆ ਕੇ ਬਾਕੀ ਚੇਲਿਆਂ ਨੂੰ ਇਹ ਸਮਾਚਾਰ ਦਿੱਤਾ ਪਰ ਉਹਨਾਂ ਨੇ ਫਿਰ ਵੀ ਵਿਸ਼ਵਾਸ ਨਾ ਕੀਤਾ । ਇਸ ਦੇ ਬਾਅਦ ਯਿਸੂ ਨੇ ਗਿਆਰਾਂ ਚੇਲਿਆਂ ਨੂੰ ਜਦੋਂ ਉਹ ਭੋਜਨ ਕਰ ਰਹੇ ਸਨ, ਦਰਸ਼ਨ ਦਿੱਤੇ ਅਤੇ ਉਹਨਾਂ ਦੇ ਅਵਿਸ਼ਵਾਸ ਅਤੇ ਦਿਲਾਂ ਦੀ ਕਠੋਰਤਾ ਦੇ ਲਈ ਉਹਨਾਂ ਨੂੰ ਝਿੜਕਿਆ ਕਿਉਂਕਿ ਚੇਲਿਆਂ ਨੇ ਉਹਨਾਂ ਦਾ ਵਿਸ਼ਵਾਸ ਨਹੀਂ ਕੀਤਾ ਸੀ ਜਿਹਨਾਂ ਨੇ ਯਿਸੂ ਨੂੰ ਜੀਅ ਉੱਠਣ ਦੇ ਬਾਅਦ ਦੇਖਿਆ ਸੀ । ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, “ਜਾਓ, ਸਾਰੇ ਸੰਸਾਰ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ । ਉਹ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ, ਉਹ ਮੁਕਤੀ ਪਾਵੇਗਾ । ਪਰ ਜਿਹੜਾ ਵਿਸ਼ਵਾਸ ਨਾ ਕਰੇ, ਉਹ ਦੋਸ਼ੀ ਠਹਿਰੇਗਾ । ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ: ਉਹ ਮੇਰਾ ਨਾਮ ਲੈ ਕੇ ਦੁਸ਼ਟ ਆਤਮਾਵਾਂ ਨੂੰ ਕੱਢਣਗੇ; ਉਹ ਅਣਜਾਣ ਬੋਲੀਆਂ ਬੋਲਣਗੇ । ਜੇਕਰ ਉਹ ਆਪਣੇ ਹੱਥਾਂ ਨਾਲ ਸੱਪ ਚੁੱਕ ਲੈਣ ਜਾਂ ਜ਼ਹਿਰ ਵੀ ਪੀ ਲੈਣ ਤਾਂ ਵੀ ਉਹਨਾਂ ਦਾ ਕੁਝ ਨਹੀਂ ਵਿਗੜੇਗਾ । ਉਹ ਰੋਗੀਆਂ ਉੱਤੇ ਹੱਥ ਰੱਖਣਗੇ ਅਤੇ ਉਹ ਚੰਗੇ ਹੋ ਜਾਣਗੇ ।” ਫਿਰ ਪ੍ਰਭੂ ਯਿਸੂ ਉਹਨਾਂ ਨਾਲ ਗੱਲਾਂ ਕਰਨ ਦੇ ਬਾਅਦ ਸਵਰਗ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠੇ । ਤਦ ਚੇਲਿਆਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਹਨਾਂ ਦੇ ਸਹਾਇਕ ਸਨ । ਉਹ ਚਮਤਕਾਰ ਜਿਹੜੇ ਉਹਨਾਂ ਦੁਆਰਾ ਹੋ ਰਹੇ ਸਨ, ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰਦੇ ਸਨ ।] [ ਹੇ ਮਾਨਯੋਗ ਥਿਓਫ਼ਿਲੁਸ, ਬਹੁਤ ਸਾਰੇ ਲੇਖਕਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਵਿਚਕਾਰ ਹੋਈਆਂ ਗੱਲਾਂ ਦਾ ਵਰਣਨ ਲਿਖਣ । ਜਿਸ ਤਰ੍ਹਾਂ ਸਾਨੂੰ ਉਹਨਾਂ ਪਹਿਲੇ ਗਵਾਹਾਂ ਨੇ ਦੱਸਿਆ ਜਿਹਨਾਂ ਨੇ ਆਪਣੀ ਅੱਖੀਂ ਸਭ ਕੁਝ ਦੇਖਿਆ ਅਤੇ ਪ੍ਰਚਾਰ ਕੀਤਾ । ਮੈਂ ਵੀ ਇਹਨਾਂ ਸਭ ਗੱਲਾਂ ਦੀ ਬੜੀ ਧਿਆਨ ਪੂਰਵਕ ਸ਼ੁਰੂ ਤੋਂ ਲੈ ਕੇ ਅੰਤ ਤੱਕ ਖੋਜ ਕੀਤੀ ਹੈ ਤਾਂ ਜੋ ਤੁਹਾਡੇ ਲਈ ਇਹਨਾਂ ਸਭ ਦਾ ਵਰਣਨ ਠੀਕ ਅਤੇ ਤਰਤੀਬਵਾਰ ਲਿਖਾਂ, ਕਿ ਉਹਨਾਂ ਸਾਰੀਆਂ ਗੱਲਾਂ ਬਾਰੇ ਜਿਹਨਾਂ ਤੋਂ ਤੁਸੀਂ ਅੱਗੇ ਹੀ ਜਾਣੂ ਹੋ, ਠੀਕ ਠੀਕ ਜਾਣਕਾਰੀ ਪ੍ਰਾਪਤ ਕਰੋ । ਉਹਨਾਂ ਦਿਨਾਂ ਵਿੱਚ ਜਦੋਂ ਹੇਰੋਦੇਸ ਯਹੂਦਿਯਾ ਦੇਸ਼ ਵਿੱਚ ਰਾਜ ਕਰਦਾ ਸੀ, ਉੱਥੇ ਜ਼ਕਰਯਾਹ ਨਾਂ ਦਾ ਇੱਕ ਪੁਰੋਹਿਤ ਸੀ । ਉਸ ਦਾ ਸੰਬੰਧ ਅਭਿਯਾਹ ਪੁਰੋਹਿਤ ਦੇ ਦਲ ਦੇ ਪੁਰੋਹਿਤਾਂ ਨਾਲ ਸੀ ਅਤੇ ਉਸ ਦੀ ਪਤਨੀ ਇਲੀਸਬਤ, ਹਾਰੂਨ ਪੁਰੋਹਿਤ ਦੀ ਕੁਲ ਵਿੱਚੋਂ ਸੀ । ਉਹ ਦੋਵੇਂ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਅਤੇ ਬੜੀ ਸੱਚਾਈ ਨਾਲ ਉਹਨਾਂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਸਨ । ਪਰ ਉਹਨਾਂ ਕੋਲ ਕੋਈ ਸੰਤਾਨ ਨਹੀਂ ਸੀ ਕਿਉਂਕਿ ਇਲੀਸਬਤ ਬਾਂਝ ਸੀ । ਉਹ ਦੋਵੇਂ ਬਹੁਤ ਬਜ਼ੁਰਗ ਹੋ ਗਏ ਸਨ । ਇੱਕ ਵਾਰ ਜ਼ਕਰਯਾਹ ਦੇ ਦਲ ਦੀ ਵਾਰੀ ਸੀ ਅਤੇ ਉਸ ਨੇ ਪਰਮੇਸ਼ਰ ਦੇ ਸਾਹਮਣੇ ਪੁਰੋਹਿਤ ਦਾ ਕੰਮ ਕਰਨਾ ਸੀ ਕਿਉਂਕਿ ਪੁਰੋਹਿਤਾਂ ਦੀ ਰੀਤ ਦੇ ਅਨੁਸਾਰ ਉਸ ਦੇ ਨਾਂ ਦਾ ਗੁਣਾ ਨਿਕਲਿਆ ਸੀ ਕਿ ਉਹ ਹੈਕਲ ਵਿੱਚ ਜਾ ਕੇ ਵੇਦੀ ਉੱਤੇ ਧੂਪ ਧੁਖਾਏ । ਇਸ ਲਈ ਉਹ ਪ੍ਰਭੂ ਦੇ ਹੈਕਲ ਵਿੱਚ ਗਿਆ । ਉਸ ਸਮੇਂ ਸਾਰੀ ਸਭਾ ਬਾਹਰ ਪ੍ਰਾਰਥਨਾ ਕਰ ਰਹੀ ਸੀ । ਜਦੋਂ ਜ਼ਕਰਯਾਹ ਅਜੇ ਹੈਕਲ ਦੇ ਅੰਦਰ ਹੀ ਸੀ ਤਾਂ ਉਸ ਨੂੰ ਧੂਪ ਦੀ ਵੇਦੀ ਦੇ ਸੱਜੇ ਪਾਸੇ ਇੱਕ ਸਵਰਗਦੂਤ ਖੜ੍ਹਾ ਦਿਖਾਈ ਦਿੱਤਾ । ਜ਼ਕਰਯਾਹ ਉਸ ਨੂੰ ਦੇਖ ਕੇ ਘਬਰਾ ਗਿਆ ਅਤੇ ਡਰ ਨਾਲ ਭਰ ਗਿਆ । ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ! ਪਰਮੇਸ਼ਰ ਨੇ ਤੇਰੀ ਪ੍ਰਾਰਥਨਾ ਸੁਣ ਲਈ ਹੈ । ਤੇਰੀ ਪਤਨੀ ਇਲੀਸਬਤ ਇੱਕ ਪੁੱਤਰ ਨੂੰ ਜਨਮ ਦੇਵੇਗੀ । ਤੂੰ ਉਸ ਦਾ ਨਾਂ ਯੂਹੰਨਾ ਰੱਖੀਂ । ਉਸ ਦੇ ਜਨਮ ਤੋਂ ਤੈਨੂੰ ਬਹੁਤ ਖ਼ੁਸ਼ੀ ਅਤੇ ਅਨੰਦ ਹੋਵੇਗਾ ਅਤੇ ਬਹੁਤ ਸਾਰੇ ਲੋਕ ਉਸ ਦੇ ਜਨਮ ਤੋਂ ਪ੍ਰਸੰਨ ਹੋਣਗੇ । ਉਹ ਪ੍ਰਭੂ ਦੀਆਂ ਨਜ਼ਰਾਂ ਵਿੱਚ ਬਹੁਤ ਮਹਾਨ ਹੋਵੇਗਾ । ਉਹ ਕੋਈ ਵੀ ਨਸ਼ੇ ਵਾਲੀ ਚੀਜ਼ ਨਹੀਂ ਵਰਤੇਗਾ । ਉਹ ਆਪਣੀ ਮਾਂ ਦੀ ਕੁੱਖ ਵਿੱਚੋਂ ਹੀ ਪਵਿੱਤਰ ਆਤਮਾ ਨਾਲ ਭਰਿਆ ਹੋਵੇਗਾ । ਉਹ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜ ਲਿਆਵੇਗਾ । ਉਹ ਪਰਮੇਸ਼ਰ ਦੇ ਸਾਹਮਣੇ ਏਲੀਯਾਹ ਨਬੀ ਦੀ ਤਰ੍ਹਾਂ ਆਤਮਾ ਵਿੱਚ ਭਰਪੂਰ ਹੋ ਕੇ ਚੱਲੇਗਾ ਤਾਂ ਜੋ ਉਹ ਮਾਤਾ-ਪਿਤਾ ਦਾ ਦਿਲ ਬੱਚਿਆਂ ਵੱਲ ਮੋੜੇ; ਦੁਸ਼ਟਾਂ ਨੂੰ ਨੇਕੀ ਦਾ ਪਾਠ ਸਿਖਾਵੇ ਅਤੇ ਲੋਕਾਂ ਨੂੰ ਪ੍ਰਭੂ ਲਈ ਤਿਆਰ ਕਰੇ ।” ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਕਿਸ ਤਰ੍ਹਾਂ ਇਹ ਸਭ ਮੰਨਾਂ? ਕਿਉਂਕਿ ਮੈਂ ਬਜ਼ੁਰਗ ਹੋ ਗਿਆ ਹਾਂ ਅਤੇ ਮੇਰੀ ਪਤਨੀ ਵੀ ਬਜ਼ੁਰਗ ਹੈ ।” ਸਵਰਗਦੂਤ ਨੇ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜੋ ਪਰਮੇਸ਼ਰ ਦੇ ਸਾਹਮਣੇ ਖੜ੍ਹਾ ਰਹਿੰਦਾ ਹਾਂ । ਮੈਂ ਪਰਮੇਸ਼ਰ ਵੱਲੋਂ ਹੀ ਇਹ ਗੱਲਾਂ ਕਰਨ ਅਤੇ ਸ਼ੁਭ ਸਮਾਚਾਰ ਦੇਣ ਲਈ ਤੇਰੇ ਕੋਲ ਭੇਜਿਆ ਗਿਆ ਹਾਂ । ਪਰ ਤੂੰ ਮੇਰੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ ਉੱਤੇ ਪੂਰੀਆਂ ਹੋਣਗੀਆਂ । ਇਸ ਲਈ ਤੂੰ ਉਸ ਸਮੇਂ ਤੱਕ ਗੂੰਗਾ ਰਹੇਂਗਾ ਅਤੇ ਬੋਲ ਨਹੀਂ ਸਕੇਂਗਾ, ਜਦੋਂ ਤੱਕ ਉਹ ਪੂਰੀਆਂ ਨਾ ਹੋ ਜਾਣ ।” ਬਾਹਰ ਸਭਾ ਜ਼ਕਰਯਾਹ ਦੀ ਉਡੀਕ ਕਰ ਰਹੀ ਸੀ । ਸਾਰੀ ਸਭਾ ਹੈਰਾਨ ਸੀ ਕਿ ਉਸ ਨੇ ਹੈਕਲ ਦੇ ਵਿੱਚ ਇੰਨਾ ਸਮਾਂ ਕਿਉਂ ਲਾ ਦਿੱਤਾ ਹੈ । ਜਦੋਂ ਜ਼ਕਰਯਾਹ ਬਾਹਰ ਆਇਆ ਤਾਂ ਉਹ ਬੋਲ ਨਾ ਸਕਿਆ । ਸਭਾ ਸਮਝ ਗਈ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਦੇਖਿਆ ਹੈ । ਉਹ ਕੇਵਲ ਇਸ਼ਾਰੇ ਹੀ ਕਰਦਾ ਸੀ ਪਰ ਬੋਲ ਨਹੀਂ ਸਕਦਾ ਸੀ । ਫਿਰ ਜਦੋਂ ਉਸ ਦੀ ਸੇਵਾ ਦੇ ਦਿਨ ਖ਼ਤਮ ਹੋ ਗਏ ਤਾਂ ਉਹ ਆਪਣੇ ਘਰ ਵਾਪਸ ਚਲਾ ਗਿਆ । ਕੁਝ ਦਿਨਾਂ ਦੇ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ । ਉਸ ਨੇ ਪੰਜ ਮਹੀਨੇ ਤੱਕ ਇਸ ਗੱਲ ਨੂੰ ਲੁਕਾ ਕੇ ਰੱਖਿਆ । ਉਹ ਕਹਿੰਦੀ ਸੀ, “ਪ੍ਰਭੂ ਨੇ ਇਸ ਬੁਢਾਪੇ ਵਿੱਚ ਮੇਰੇ ਉੱਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਹੈ । ਉਸ ਨੇ ਮੇਰੀ ਸਾਰੀ ਸ਼ਰਮਿੰਦਗੀ ਦੂਰ ਕਰ ਦਿੱਤੀ ਹੈ ।” ਇਲੀਸਬਤ ਨੂੰ ਗਰਭਵਤੀ ਹੋਇਆਂ ਛੇ ਮਹੀਨੇ ਹੋ ਚੁੱਕੇ ਸਨ ਜਦੋਂ ਪਰਮੇਸ਼ਰ ਨੇ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਇਲਾਕੇ ਦੇ ਨਾਸਰਤ ਨਾਂ ਦੇ ਇੱਕ ਪਿੰਡ ਵਿੱਚ ਭੇਜਿਆ । ਸਵਰਗਦੂਤ ਮਰੀਅਮ ਨਾਂ ਦੀ ਇੱਕ ਕੁਆਰੀ ਕੋਲ ਗਿਆ । ਉਸ ਕੁਆਰੀ ਦੀ ਮੰਗਣੀ ਦਾਊਦ ਦੀ ਕੁਲ ਦੇ ਯੂਸਫ਼ ਨਾਂ ਦੇ ਇੱਕ ਆਦਮੀ ਨਾਲ ਹੋਈ ਸੀ । ਸਵਰਗਦੂਤ ਨੇ ਅੰਦਰ ਜਾ ਕੇ ਮਰੀਅਮ ਨੂੰ ਕਿਹਾ, “ਹੇ ਪ੍ਰਭੂ ਦੀ ਕਿਰਪਾ ਪਾਤਰ, ਪ੍ਰਭੂ ਦੀ ਜੈ ਹੋਵੇ! ਉਹ ਤੇਰੇ ਨਾਲ ਹਨ ।” ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦਾ ਪਰਨਾਮ ਹੈ । ਸਵਰਗਦੂਤ ਨੇ ਮਰੀਅਮ ਨੂੰ ਕਿਹਾ, “ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ! ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ । ਤੂੰ ਉਹਨਾਂ ਦਾ ਨਾਮ ਯਿਸੂ ਰੱਖਣਾ । ਉਹ ਮਹਾਨ ਹੋਣਗੇ । ਉਹ ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ ਅਖਵਾਉਣਗੇ । ਪ੍ਰਭੂ ਪਰਮੇਸ਼ਰ ਉਹਨਾਂ ਦੇ ਪੁਰਖੇ ਦਾਊਦ ਦੀ ਰਾਜ-ਗੱਦੀ ਉਹਨਾਂ ਨੂੰ ਦੇਣਗੇ । ਉਹ ਹਮੇਸ਼ਾ ਤੱਕ ਯਾਕੂਬ ਦੀ ਪੀੜ੍ਹੀ ਉੱਤੇ ਰਾਜ ਕਰਨਗੇ । ਉਹਨਾਂ ਦੇ ਰਾਜ ਦਾ ਅੰਤ ਨਹੀਂ ਹੋਵੇਗਾ ।” ਮਰੀਅਮ ਨੇ ਸਵਰਗਦੂਤ ਨੂੰ ਕਿਹਾ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਂ ਅਜੇ ਕੁਆਰੀ ਹਾਂ ।” ਸਵਰਗਦੂਤ ਨੇ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸਮਰੱਥਾ ਤੇਰੇ ਉੱਤੇ ਛਾਂ ਕਰੇਗੀ । ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਅਖਵਾਏਗਾ । ਅਤੇ ਦੇਖ, ਤੇਰੀ ਰਿਸ਼ਤੇਦਾਰ ਇਲੀਸਬਤ ਜੋ ਬਾਂਝ ਸੀ, ਆਪਣੇ ਬੁਢਾਪੇ ਵਿੱਚ ਗਰਭਵਤੀ ਹੈ । ਇਹ ਉਸ ਦਾ ਛੇਵਾਂ ਮਹੀਨਾ ਹੈ । ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ । ਕਿਉਂਕਿ ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ।” ਮਰੀਅਮ ਨੇ ਕਿਹਾ, “ਮੈਂ ਪਰਮੇਸ਼ਰ ਦੀ ਦਾਸੀ ਹਾਂ, ਜਿਸ ਤਰ੍ਹਾਂ ਤੂੰ ਕਿਹਾ ਹੈ, ਮੇਰੇ ਨਾਲ ਉਸੇ ਤਰ੍ਹਾਂ ਹੋਵੇ ।” ਫਿਰ ਸਵਰਗਦੂਤ ਮਰੀਅਮ ਦੇ ਕੋਲੋਂ ਚਲਾ ਗਿਆ । ਇਸ ਘਟਨਾ ਦੇ ਬਾਅਦ ਮਰੀਅਮ ਛੇਤੀ ਹੀ ਤਿਆਰ ਹੋ ਕੇ ਯਹੂਦਿਯਾ ਦੇਸ਼ ਦੇ ਇੱਕ ਪਹਾੜੀ ਸ਼ਹਿਰ ਨੂੰ ਗਈ । ਉਹ ਜ਼ਕਰਯਾਹ ਪੁਰੋਹਿਤ ਦੇ ਘਰ ਗਈ ਅਤੇ ਇਲੀਸਬਤ ਨੂੰ ਪਰਨਾਮ ਕੀਤਾ । ਜਿਵੇਂ ਹੀ ਇਲੀਸਬਤ ਨੇ ਮਰੀਅਮ ਦਾ ਪਰਨਾਮ ਸੁਣਿਆ, ਉਸ ਦੀ ਕੁੱਖ ਵਿੱਚ ਬੱਚਾ ਉੱਛਲ ਪਿਆ । ਉਸੇ ਸਮੇਂ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ । ਉਸ ਨੇ ਉੱਚੀ ਆਵਾਜ਼ ਨਾਲ ਕਿਹਾ, “ਤੂੰ ਔਰਤਾਂ ਵਿੱਚੋਂ ਧੰਨ ਹੈਂ ਅਤੇ ਤੇਰੀ ਕੁੱਖ ਦਾ ਫਲ ਵੀ ਧੰਨ ਹੈ । ਇਹ ਮੇਰੇ ਧੰਨ ਭਾਗ ਹਨ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਕੇ ਆਈ ਹੈ । ਦੇਖ, ਜਿਵੇਂ ਹੀ ਤੇਰੇ ਪਰਨਾਮ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖ਼ੁਸ਼ੀ ਦੇ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ । ਤੂੰ ਧੰਨ ਹੈਂ ਜਿਸ ਨੇ ਪ੍ਰਭੂ ਦੀਆਂ ਗੱਲਾਂ ਉੱਤੇ ਵਿਸ਼ਵਾਸ ਕੀਤਾ ਹੈ ਕਿ ਉਹ ਜ਼ਰੂਰ ਪੂਰੀਆਂ ਹੋਣਗੀਆਂ ।” ਮਰੀਅਮ ਨੇ ਕਿਹਾ: “ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ, ਮੇਰੀ ਆਤਮਾ ਮੇਰੇ ਮੁਕਤੀਦਾਤਾ ਪਰਮੇਸ਼ਰ ਤੋਂ ਖ਼ੁਸ਼ ਹੈ, ਕਿਉਂਕਿ ਉਹਨਾਂ ਨੇ ਆਪਣੀ ਦਾਸੀ ਦੀ ਨਿਮਰਤਾ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਹੈ । ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ, ਕਿਉਂਕਿ ਮਹਾਨ ਪਰਮੇਸ਼ਰ ਨੇ ਮੇਰੇ ਲਈ ਅਦਭੁਤ ਕੰਮ ਕੀਤੇ ਹਨ, ਉਹਨਾਂ ਦਾ ਨਾਮ ਪਵਿੱਤਰ ਹੈ । ਉਹ ਆਪਣੇ ਆਦਰ ਕਰਨ ਵਾਲਿਆਂ ਉੱਤੇ, ਪੀੜ੍ਹੀਓਂ ਪੀੜ੍ਹੀ ਦਇਆ ਕਰਦੇ ਹਨ । ਉਹਨਾਂ ਨੇ ਆਪਣੀਆਂ ਬਾਹਾਂ ਦਾ ਬਲ ਦਿਖਾਇਆ ਹੈ । ਉਹਨਾਂ ਨੇ ਜੋ ਆਪਣੇ ਆਪ ਨੂੰ ਘਮੰਡੀ ਸਮਝਦੇ ਸਨ, ਤਿੱਤਰ-ਬਿੱਤਰ ਕੀਤਾ ਹੈ । ਉਹਨਾਂ ਨੇ ਹਾਕਮਾਂ ਨੂੰ ਗੱਦੀਆਂ ਤੋਂ ਲਾਹਿਆ, ਅਤੇ ਨਿਮਰ ਲੋਕਾਂ ਨੂੰ ਉੱਚਾ ਕੀਤਾ ਹੈ । ਉਹਨਾਂ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ, ਅਤੇ ਧਨੀਆਂ ਨੂੰ ਖ਼ਾਲੀ ਹੱਥ ਵਾਪਸ ਮੋੜ ਦਿੱਤਾ ਹੈ । ਉਹਨਾਂ ਨੇ ਆਪਣੀ ਦਇਆ ਨੂੰ ਯਾਦ ਕੀਤਾ, ਅਤੇ ਆਪਣੇ ਦਾਸ ਇਸਰਾਏਲ ਦੀ ਮਦਦ ਕੀਤੀ ਹੈ । ਇਹ ਸਭ ਉਹਨਾਂ ਨੇ ਅਬਰਾਹਾਮ ਅਤੇ ਉਸ ਦੀ ਕੁਲ ਦੇ ਸਾਡੇ ਪੁਰਖਿਆਂ ਦੇ ਨਾਲ ਕੀਤੇ ਹੋਏ ਅਟੁੱਟ ਵਾਅਦਿਆਂ ਦੇ ਅਨੁਸਾਰ ਕੀਤਾ ਹੈ ।” ਮਰੀਅਮ ਇਲੀਸਬਤ ਦੇ ਨਾਲ ਤਿੰਨ ਮਹੀਨੇ ਤੱਕ ਰਹੀ ਅਤੇ ਫਿਰ ਆਪਣੇ ਘਰ ਨੂੰ ਵਾਪਸ ਚਲੀ ਗਈ । ਜਦੋਂ ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ । ਜਦੋਂ ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਪਤਾ ਲੱਗਾ ਕਿ ਪਰਮੇਸ਼ਰ ਨੇ ਉਸ ਉੱਤੇ ਕਿਰਪਾ ਕੀਤੀ ਹੈ ਤਾਂ ਉਹਨਾਂ ਨੇ ਉਸ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਈ । ਯਹੂਦੀਆਂ ਦੀ ਰੀਤ ਅਨੁਸਾਰ ਉਹ ਅਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ । ਉਹ ਬੱਚੇ ਦੇ ਪਿਤਾ ਦੇ ਨਾਂ ਉੱਤੇ ਉਸ ਦਾ ਨਾਂ ਜ਼ਕਰਯਾਹ ਰੱਖਣ ਲੱਗੇ । ਪਰ ਇਲੀਸਬਤ ਨੇ ਕਿਹਾ, “ਨਹੀਂ, ਬੱਚੇ ਦਾ ਨਾਂ ਯੂਹੰਨਾ ਰੱਖਿਆ ਜਾਵੇਗਾ ।” ਲੋਕਾਂ ਨੇ ਇਲੀਸਬਤ ਨੂੰ ਕਿਹਾ, “ਤੁਹਾਡੇ ਰਿਸ਼ਤੇਦਾਰਾਂ ਵਿੱਚੋਂ ਕਿਸੇ ਦਾ ਵੀ ਨਾਂ ਯੂਹੰਨਾ ਨਹੀਂ ਹੈ ।” ਫਿਰ ਉਹਨਾਂ ਨੇ ਇਸ਼ਾਰੇ ਨਾਲ ਬੱਚੇ ਦੇ ਪਿਤਾ ਜ਼ਕਰਯਾਹ ਤੋਂ ਪੁੱਛਿਆ ਕਿ ਉਹ ਆਪਣੇ ਬੱਚੇ ਦਾ ਕੀ ਨਾਂ ਰੱਖਣਾ ਚਾਹੁੰਦਾ ਹੈ । ਜ਼ਕਰਯਾਹ ਨੇ ਲਿਖਣ ਵਾਲੀ ਫੱਟੀ ਮੰਗਵਾਈ ਅਤੇ ਉਸ ਉੱਤੇ ਲਿਖ ਦਿੱਤਾ, “ਬੱਚੇ ਦਾ ਨਾਂ ਯੂਹੰਨਾ ਹੈ ।” ਤਦ ਸਾਰੇ ਲੋਕ ਹੈਰਾਨ ਰਹਿ ਗਏ । ਇਕਦਮ ਜ਼ਕਰਯਾਹ ਦਾ ਮੂੰਹ ਅਤੇ ਜੀਭ ਖੁੱਲ੍ਹ ਗਏ ਅਤੇ ਉਹ ਪਰਮੇਸ਼ਰ ਦੀ ਉਸਤਤ ਕਰਨ ਲੱਗਾ । ਸਾਰੇ ਗੁਆਂਢੀ ਡਰ ਗਏ । ਇਹਨਾਂ ਗੱਲਾਂ ਦੀ ਚਰਚਾ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਹੋਣ ਲੱਗੀ । ਜੋ ਕੋਈ ਵੀ ਇਹਨਾਂ ਗੱਲਾਂ ਨੂੰ ਸੁਣਦਾ ਸੀ, ਉਹ ਇਹਨਾਂ ਨੂੰ ਆਪਣੇ ਦਿਲ ਵਿੱਚ ਰੱਖ ਕੇ ਸੋਚਦਾ ਅਤੇ ਕਹਿੰਦਾ ਸੀ, “ਪਤਾ ਨਹੀਂ ਇਹ ਬੱਚਾ ਵੱਡਾ ਹੋ ਕੇ ਕੀ ਬਣੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ । ਬੱਚੇ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ । ਉਸ ਨੇ ਇਹ ਭਵਿੱਖਬਾਣੀ ਕੀਤੀ: “ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕਰੋ । ਕਿਉਂਕਿ ਉਹਨਾਂ ਨੇ ਆਪਣੇ ਲੋਕਾਂ ਵੱਲ ਧਿਆਨ ਕੀਤਾ ਹੈ, ਅਤੇ ਉਹਨਾਂ ਨੂੰ ਮੁਕਤੀ ਦਿੱਤੀ ਹੈ । ਉਹਨਾਂ ਨੇ ਸਾਡੇ ਲਈ ਆਪਣੇ ਦਾਸ ਦਾਊਦ ਦੀ ਕੁਲ ਵਿੱਚੋਂ ਇੱਕ ਮੁਕਤੀਦਾਤਾ ਪੈਦਾ ਕੀਤਾ ਹੈ । ਉਹਨਾਂ ਨੇ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਆਪਣੇ ਨਬੀਆਂ ਦੇ ਰਾਹੀਂ ਇਹ ਕਿਹਾ ਸੀ, ਉਹ ਸਾਡੇ ਵੈਰੀਆਂ ਤੋਂ ਸਾਨੂੰ ਬਚਾਉਣਗੇ ਅਤੇ ਸਾਡੇ ਘਿਰਣਾ ਕਰਨ ਵਾਲਿਆਂ ਤੋਂ ਸਾਨੂੰ ਛੁਟਕਾਰਾ ਦੇਣਗੇ । ਉਹ ਸਾਡੇ ਪੁਰਖਿਆਂ ਉੱਤੇ ਦਇਆ ਕਰਨਗੇ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਣਗੇ । ਉਹਨਾਂ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਇਹ ਵਾਅਦਾ ਕੀਤਾ ਸੀ; ਕਿ ਉਹ ਸਾਨੂੰ ਸਾਡੇ ਵੈਰੀਆਂ ਦੇ ਹੱਥੋਂ ਛੁਟਕਾਰਾ ਦੇਣਗੇ ਤਾਂ ਜੋ ਅਸੀਂ ਨਿਡਰ ਹੋ ਕੇ ਜੀਵਨ ਭਰ ਉਹਨਾਂ ਦੀ ਭਗਤੀ ਪਵਿੱਤਰਤਾ ਅਤੇ ਸੱਚਾਈ ਨਾਲ ਕਰੀਏ । ਹੇ ਮੇਰੇ ਬੱਚੇ, ਤੂੰ ਪਰਮ ਪ੍ਰਧਾਨ ਪਰਮੇਸ਼ਰ ਦਾ ਨਬੀ ਅਖਵਾਏਂਗਾ । ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਦੇ ਲਈ ਉਹਨਾਂ ਦੇ ਅੱਗੇ ਜਾਵੇਂਗਾ । ਤੂੰ ਪ੍ਰਭੂ ਦੇ ਲੋਕਾਂ ਨੂੰ ਪਾਪ ਦੀ ਮਾਫ਼ੀ ਅਤੇ ਮੁਕਤੀ ਦੀ ਸਿੱਖਿਆ ਦੇਵੇਂਗਾ; ਕਿਉਂਕਿ ਸਾਡੇ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ ਹਨ, ਉਹ ਸਾਡੇ ਉੱਤੇ, ਸਵਰਗ ਤੋਂ ਮੁਕਤੀ ਦਾ ਚਾਨਣ ਕਰਨਗੇ ਤਾਂ ਜੋ ਹਨੇਰੇ ਅਤੇ ਮੌਤ ਦੀ ਛਾਂ ਹੇਠਾਂ ਰਹਿਣ ਵਾਲਿਆਂ ਨੂੰ ਚਾਨਣ ਦੇਣ ਅਤੇ ਸਾਨੂੰ ਸ਼ਾਂਤੀ ਦੇ ਰਾਹ ਉੱਤੇ ਲੈ ਜਾਣ ।” ਉਹ ਬੱਚਾ ਸਰੀਰਕ ਅਤੇ ਆਤਮਿਕ ਤੌਰ ਤੇ ਵੱਧਦਾ ਗਿਆ । ਉਹ ਇਸਰਾਏਲ ਦੇ ਲੋਕਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਉਜਾੜ ਵਿੱਚ ਰਿਹਾ । ਉਹਨਾਂ ਦਿਨਾਂ ਵਿੱਚ ਰੋਮੀ ਸਮਰਾਟ ਕੈਸਰ ਅਗੂਸਤੁਸ ਨੇ ਇਹ ਹੁਕਮ ਦਿੱਤਾ ਕਿ ਉਸ ਦੇ ਸਾਮਰਾਜ ਦੇ ਸਾਰੇ ਨਾਗਰਿਕਾਂ ਦੀ ਗਿਣਤੀ ਕੀਤੀ ਜਾਵੇ । ਉਸ ਦੇ ਰਾਜ ਕਾਲ ਵਿੱਚ ਇਹ ਪਹਿਲੀ ਜਨ-ਗਣਨਾ ਸੀ ਜਦੋਂ ਕੁਰੇਨਿਯੁਸ ਸੀਰੀਯਾ ਦਾ ਰਾਜਪਾਲ ਸੀ । ਸਾਰੇ ਲੋਕ ਜਨ-ਗਣਨਾ ਦੇ ਲਈ ਆਪਣੇ ਆਪਣੇ ਸ਼ਹਿਰ ਨੂੰ ਗਏ । ਯੂਸਫ਼ ਦਾਊਦ ਦੀ ਕੁਲ ਵਿੱਚੋਂ ਸੀ । ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਸ਼ਹਿਰ ਬੈਤਲਹਮ ਨੂੰ ਗਿਆ । ਯੂਸਫ਼ ਆਪਣੇ ਨਾਲ ਆਪਣੀ ਮੰਗੇਤਰ ਮਰੀਅਮ ਨੂੰ ਵੀ ਜਨ-ਗਣਨਾ ਦੇ ਲਈ ਲੈ ਗਿਆ । ਮਰੀਅਮ ਗਰਭਵਤੀ ਸੀ । ਜਦੋਂ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰੀਅਮ ਦੇ ਜਣਨ ਦੇ ਦਿਨ ਪੂਰੇ ਹੋ ਗਏ । ਇਸ ਲਈ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ । ਉਸ ਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਹੀਂ ਮਿਲੀ ਸੀ । ਬੈਤਲਹਮ ਸ਼ਹਿਰ ਦੇ ਬਾਹਰ ਮੈਦਾਨ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਸੁਰੱਖਿਆ ਕਰ ਰਹੇ ਸਨ । ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਸਵਰਗਦੂਤ ਉਹਨਾਂ ਦੇ ਕੋਲ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ । ਚਰਵਾਹੇ ਬਹੁਤ ਡਰ ਗਏ । ਪਰ ਸਵਰਗਦੂਤ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ! ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖ਼ੁਸ਼ੀ ਹੋਵੇਗੀ । ਇਹ ਸਾਰੇ ਲੋਕਾਂ ਲਈ ਹੈ । ਅੱਜ ਦਾਊਦ ਦੇ ਸ਼ਹਿਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਨੇ ਜਨਮ ਲਿਆ ਹੈ । ਇਹ ਪ੍ਰਭੂ ਮਸੀਹ ਹਨ । ਉਹਨਾਂ ਦੀ ਪਛਾਣ ਤੁਹਾਡੇ ਲਈ ਇਹ ਹੈ: ਤੁਸੀਂ ਇੱਕ ਨਵਜਨਮੇ ਬਾਲਕ ਨੂੰ ਕੱਪੜੇ ਵਿੱਚ ਲਪੇਟਿਆ ਹੋਇਆ ਖੁਰਲੀ ਵਿੱਚ ਪਿਆ ਦੇਖੋਗੇ ।” ਅਚਾਨਕ ਉਸ ਸਵਰਗਦੂਤ ਦੇ ਨਾਲ ਸਵਰਗਦੂਤਾਂ ਦਾ ਇੱਕ ਵੱਡਾ ਲਸ਼ਕਰ ਦਿਖਾਈ ਦਿੱਤਾ, ਜੋ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰ ਰਿਹਾ ਸੀ: “ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ, ਅਤੇ ਧਰਤੀ ਉੱਤੇ ਮਨੁੱਖਾਂ ਵਿੱਚ ਸ਼ਾਂਤੀ ਜਿਹਨਾਂ ਤੋਂ ਉਹ ਪ੍ਰਸੰਨ ਹਨ ।” ਜਦੋਂ ਸਵਰਗਦੂਤ ਉੱਥੋਂ ਸਵਰਗ ਨੂੰ ਵਾਪਸ ਚਲੇ ਗਏ ਤਾਂ ਚਰਵਾਹਿਆਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਬੈਤਲਹਮ ਨੂੰ ਚੱਲੀਏ ਅਤੇ ਜੋ ਘਟਨਾ ਉੱਥੇ ਵਾਪਰੀ ਹੈ ਜਿਸ ਬਾਰੇ ਪ੍ਰਭੂ ਨੇ ਸਾਨੂੰ ਦੱਸਿਆ ਹੈ, ਜਾ ਕੇ ਦੇਖੀਏ ।” ਉਹ ਉਸੇ ਸਮੇਂ ਬੈਤਲਹਮ ਵਿੱਚ ਗਏ । ਉੱਥੇ ਉਹਨਾਂ ਨੇ ਮਰੀਅਮ, ਯੂਸਫ਼ ਅਤੇ ਖੁਰਲੀ ਵਿੱਚ ਪਏ ਹੋਏ ਬਾਲਕ ਨੂੰ ਦੇਖਿਆ । ਜਦੋਂ ਚਰਵਾਹਿਆਂ ਨੇ ਬਾਲਕ ਨੂੰ ਦੇਖਿਆ ਤਦ ਉਹਨਾਂ ਨੇ ਸਵਰਗਦੂਤਾਂ ਦੀਆਂ ਬਾਲਕ ਦੇ ਬਾਰੇ ਕਹੀਆਂ ਗੱਲਾਂ ਲੋਕਾਂ ਨੂੰ ਦੱਸੀਆਂ । ਚਰਵਾਹਿਆਂ ਦੀਆਂ ਗੱਲਾਂ ਸੁਣ ਕੇ ਸਭ ਹੈਰਾਨ ਹੋ ਗਏ । ਪਰ ਮਰੀਅਮ ਨੇ ਇਹ ਸਾਰੀਆਂ ਗੱਲਾਂ ਆਪਣੇ ਦਿਲ ਵਿੱਚ ਰੱਖੀਆਂ ਅਤੇ ਉਹਨਾਂ ਉੱਤੇ ਵਿਚਾਰ ਕਰਦੀ ਰਹੀ । ਚਰਵਾਹੇ, ਜਿਸ ਤਰ੍ਹਾਂ ਉਹਨਾਂ ਨੂੰ ਸਵਰਗਦੂਤ ਦੇ ਰਾਹੀਂ ਦੱਸਿਆ ਗਿਆ ਸੀ, ਉਸੇ ਤਰ੍ਹਾਂ ਸੁਣ ਕੇ ਅਤੇ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਵਾਪਸ ਚਲੇ ਗਏ । ਅੱਠ ਦਿਨਾਂ ਦੇ ਬਾਅਦ ਜਦੋਂ ਬਾਲਕ ਦੀ ਸੁੰਨਤ ਕੀਤੀ ਗਈ ਤਾਂ ਉਹਨਾਂ ਦਾ ਨਾਮ ਯਿਸੂ ਰੱਖਿਆ ਗਿਆ । ਇਹ ਹੀ ਨਾਮ ਸਵਰਗਦੂਤ ਨੇ ਉਹਨਾਂ ਦੇ ਗਰਭ ਵਿੱਚ ਆਉਣ ਤੋਂ ਪਹਿਲਾਂ ਮਰੀਅਮ ਨੂੰ ਦੱਸਿਆ ਸੀ । ਜਦੋਂ ਮੂਸਾ ਦੀ ਵਿਵਸਥਾ ਦੇ ਅਨੁਸਾਰ ਯਹੂਦੀਆਂ ਦੇ ਸ਼ੁੱਧੀ ਕਰਨ ਦਾ ਦਿਨ ਆਇਆ ਤਾਂ ਉਹ ਯਿਸੂ ਨੂੰ ਯਰੂਸ਼ਲਮ ਵਿੱਚ ਲੈ ਗਏ ਕਿ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਅਰਪਣ ਕਰਨ ਜਿਵੇਂ ਪ੍ਰਭੂ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਹਰੇਕ ਜੇਠਾ ਨਰ ਪ੍ਰਭੂ ਦੇ ਲਈ ਪਵਿੱਤਰ ਮੰਨਿਆ ਜਾਵੇ,” ਅਤੇ ਪ੍ਰਭੂ ਦੀ ਵਿਵਸਥਾ ਅਨੁਸਾਰ, “ਘੁੱਗੀਆਂ ਦਾ ਇੱਕ ਜੋੜਾ ਜਾਂ ਦੋ ਕਬੂਤਰ ਬਲੀ ਚੜ੍ਹਾਏ ਜਾਣ ।” ਉਸ ਵੇਲੇ ਯਰੂਸ਼ਲਮ ਵਿੱਚ ਸਿਮਓਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਸੀ । ਉਹ ਇਸਰਾਏਲ ਕੌਮ ਦੇ ਛੁਟਕਾਰੇ ਦੀ ਉਡੀਕ ਵਿੱਚ ਸੀ । ਉਹ ਪਵਿੱਤਰ ਆਤਮਾ ਦੇ ਨਾਲ ਭਰਪੂਰ ਸੀ । ਪਵਿੱਤਰ ਆਤਮਾ ਨੇ ਉਸ ਉੱਤੇ ਇਹ ਪ੍ਰਗਟ ਕੀਤਾ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ‘ ਮਸੀਹ ’ ਨੂੰ ਨਹੀਂ ਦੇਖ ਲਵੇਗਾ, ਉਸ ਦੀ ਮੌਤ ਨਹੀਂ ਹੋਵੇਗੀ । ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਸਿਮਓਨ ਹੈਕਲ ਵਿੱਚ ਗਿਆ । ਜਦੋਂ ਯਿਸੂ ਦੇ ਮਾਤਾ-ਪਿਤਾ ਬਾਲਕ ਯਿਸੂ ਨੂੰ ਵਿਵਸਥਾ ਦੀ ਰੀਤ ਅਨੁਸਾਰ ਅਰਪਣ ਕਰਨ ਦੇ ਲਈ ਹੈਕਲ ਵਿੱਚ ਲੈ ਕੇ ਆਏ, ਤਾਂ ਸਿਮਓਨ ਨੇ ਬਾਲਕ ਨੂੰ ਆਪਣੀ ਗੋਦ ਵਿੱਚ ਲੈ ਕੇ ਇਸ ਤਰ੍ਹਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਧੰਨਵਾਦ ਕੀਤਾ: “ਹੇ ਪ੍ਰਭੂ, ਹੁਣ ਤੁਸੀਂ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰੋ, ਕਿਉਂਕਿ ਮੇਰੀਆਂ ਅੱਖਾਂ ਨੇ ਤੁਹਾਡੀ ਉਸ ਮੁਕਤੀ ਨੂੰ ਦੇਖ ਲਿਆ ਹੈ, ਜੋ ਤੁਸੀਂ ਸਾਰੀਆਂ ਕੌਮਾਂ ਦੇ ਲਈ ਤਿਆਰ ਕੀਤੀ ਹੈ । ਇਹ ਤੁਹਾਡੇ ਆਪਣੇ ਲੋਕਾਂ ਇਸਰਾਏਲ ਦੇ ਲਈ ਮਹਿਮਾ ਦਾ ਕਾਰਨ ਅਤੇ ਦੂਜੀਆਂ ਕੌਮਾਂ ਨੂੰ ਰਾਹ ਦਿਖਾਉਣ ਵਾਲਾ ਚਾਨਣ ਹੈ ।” ਯਿਸੂ ਦੇ ਬਾਰੇ ਇਹ ਗੱਲਾਂ ਸੁਣ ਕੇ ਉਹਨਾਂ ਦੇ ਮਾਤਾ-ਪਿਤਾ ਬਹੁਤ ਹੈਰਾਨ ਹੋਏ । ਸਿਮਓਨ ਨੇ ਉਹਨਾਂ ਨੂੰ ਅਸੀਸ ਦਿੱਤੀ ਅਤੇ ਯਿਸੂ ਦੀ ਮਾਂ ਮਰੀਅਮ ਨੂੰ ਕਿਹਾ, “ਪਰਮੇਸ਼ਰ ਨੇ ਇਸ ਬਾਲਕ ਨੂੰ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਹੋਣ ਲਈ ਚੁਣ ਲਿਆ ਹੈ । ਇਹ ਬਾਲਕ ਇੱਕ ਇਹੋ ਜਿਹੇ ਚਿੰਨ੍ਹ ਹੋਣਗੇ ਜਿਹਨਾਂ ਦੇ ਵਿਰੁੱਧ ਬਹੁਤ ਸਾਰੇ ਲੋਕ ਬੋਲਣਗੇ, ਅਤੇ ਇਹਨਾਂ ਦੇ ਰਾਹੀਂ ਲੋਕਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਪ੍ਰਗਟ ਹੋ ਜਾਣਗੇ ਅਤੇ ਸੋਗ, ਤਲਵਾਰ ਦੀ ਤਰ੍ਹਾਂ ਤੇਰੇ ਦਿਲ ਨੂੰ ਵਿੰਨ੍ਹ ਦੇਵੇਗਾ ।” ਉੱਥੇ ਆੱਨਾ ਨਾਂ ਦੀ ਇੱਕ ਨਬੀਆ ਰਹਿੰਦੀ ਸੀ । ਉਹ ਅਸ਼ੇਰ ਕੁਲ ਦੇ ਫ਼ਨੂਏਲ ਦੀ ਧੀ ਸੀ । ਉਹ ਬਹੁਤ ਬਜ਼ੁਰਗ ਹੋ ਗਈ ਸੀ । ਵਿਆਹ ਦੇ ਸੱਤ ਸਾਲ ਬਾਅਦ ਹੀ ਉਸ ਦਾ ਪਤੀ ਮਰ ਗਿਆ ਸੀ । ਉਹ ਚੌਰਾਸੀ ਵਰ੍ਹਿਆਂ ਦੀ ਸੀ । ਉਹ ਹੈਕਲ ਨੂੰ ਨਹੀਂ ਛੱਡਦੀ ਸੀ । ਉਹ ਵਰਤ ਰੱਖਦੀ, ਪ੍ਰਾਰਥਨਾ ਕਰਦੀ ਅਤੇ ਰਾਤ ਦਿਨ ਪਰਮੇਸ਼ਰ ਦੀ ਭਗਤੀ ਕਰਦੀ ਸੀ । ਉਸ ਸਮੇਂ ਆੱਨਾ ਉੱਥੇ ਆਈ ਅਤੇ ਉਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਫਿਰ ਉਸ ਨੇ ਯਿਸੂ ਦੇ ਬਾਰੇ ਉਹਨਾਂ ਸਾਰੇ ਲੋਕਾਂ ਨੂੰ ਦੱਸਿਆ ਜੋ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਵਿੱਚ ਸਨ । ਜਦੋਂ ਯਿਸੂ ਦੇ ਮਾਤਾ-ਪਿਤਾ ਪ੍ਰਭੂ ਦੀ ਵਿਵਸਥਾ ਅਨੁਸਾਰ ਸਭ ਕੁਝ ਕਰ ਚੁੱਕੇ ਤਾਂ ਉਹ ਗਲੀਲ ਵਿੱਚ ਆਪਣੇ ਸ਼ਹਿਰ ਨਾਸਰਤ ਨੂੰ ਵਾਪਸ ਚਲੇ ਗਏ । ਬਾਲਕ ਕੱਦ ਅਤੇ ਸਰੀਰਕ ਬਲ ਵਿੱਚ ਵੱਧਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਹਨਾਂ ਉੱਤੇ ਸੀ । ਪਸਾਹ ਦੇ ਤਿਉਹਾਰ ਦੇ ਸਮੇਂ ਯਿਸੂ ਦੇ ਮਾਤਾ-ਪਿਤਾ ਹਰ ਸਾਲ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ । ਜਦੋਂ ਯਿਸੂ ਬਾਰ੍ਹਾਂ ਸਾਲ ਦੇ ਹੋਏ ਤਾਂ ਰੀਤ ਅਨੁਸਾਰ ਉਹ ਪਸਾਹ ਮਨਾਉਣ ਲਈ ਯਰੂਸ਼ਲਮ ਨੂੰ ਗਏ । ਜਦੋਂ ਤਿਉਹਾਰ ਦੇ ਦਿਨ ਪੂਰੇ ਹੋ ਗਏ ਤਾਂ ਉਹ ਘਰ ਨੂੰ ਵਾਪਸ ਚੱਲ ਪਏ ਪਰ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਏ । ਉਹਨਾਂ ਦੇ ਮਾਤਾ-ਪਿਤਾ ਇਹ ਗੱਲ ਨਹੀਂ ਜਾਣਦੇ ਸਨ । ਉਹਨਾਂ ਨੇ ਸੋਚਿਆ ਕਿ ਯਿਸੂ ਆਪਣੇ ਸਾਥੀਆਂ ਨਾਲ ਹੋਣਗੇ । ਉਹ ਇੱਕ ਦਿਨ ਦੀ ਯਾਤਰਾ ਖ਼ਤਮ ਕਰ ਚੁੱਕੇ ਸਨ । ਤਦ ਉਹਨਾਂ ਨੇ ਯਿਸੂ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ । ਪਰ ਯਿਸੂ ਉਹਨਾਂ ਨੂੰ ਨਾ ਮਿਲੇ । ਇਸ ਲਈ ਉਹ ਲੱਭਦੇ ਲੱਭਦੇ ਯਰੂਸ਼ਲਮ ਨੂੰ ਵਾਪਸ ਚਲੇ ਗਏ । ਤੀਜੇ ਦਿਨ ਉਹਨਾਂ ਨੇ ਯਿਸੂ ਨੂੰ ਹੈਕਲ ਵਿੱਚ ਯਹੂਦੀ ਗੁਰੂਆਂ ਨਾਲ ਬੈਠੇ ਦੇਖਿਆ । ਉਹ ਗੁਰੂਆਂ ਦੀਆਂ ਗੱਲਾਂ ਸੁਣ ਰਹੇ ਅਤੇ ਉਹਨਾਂ ਤੋਂ ਪ੍ਰਸ਼ਨ ਪੁੱਛ ਰਹੇ ਸਨ । ਸਭ ਸੁਣਨ ਵਾਲੇ ਯਿਸੂ ਦੀ ਸਮਝ ਅਤੇ ਉੱਤਰਾਂ ਤੋਂ ਹੈਰਾਨ ਸਨ । ਜਦੋਂ ਯਿਸੂ ਦੇ ਮਾਤਾ-ਪਿਤਾ ਨੇ ਉਹਨਾਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ । ਉਹਨਾਂ ਦੀ ਮਾਂ ਨੇ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਦੇਖ, ਤੇਰੇ ਪਿਤਾ ਜੀ ਅਤੇ ਮੈਂ ਕਿੰਨੇ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ ।” ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਮੇਰੇ ਲਈ ਆਪਣੇ ਪਿਤਾ ਦੇ ਘਰ ਵਿੱਚ ਹੋਣਾ ਜ਼ਰੂਰੀ ਸੀ?” ਪਰ ਉਹ ਯਿਸੂ ਦੇ ਇਹਨਾਂ ਸ਼ਬਦਾਂ ਦਾ ਅਰਥ ਨਾ ਸਮਝੇ । ਤਦ ਯਿਸੂ ਆਪਣੇ ਮਾਤਾ-ਪਿਤਾ ਨਾਲ ਨਾਸਰਤ ਨੂੰ ਵਾਪਸ ਚਲੇ ਗਏ ਅਤੇ ਉਹ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨਦੇ ਰਹੇ । ਪਰ ਉਹਨਾਂ ਦੀ ਮਾਂ ਆਪਣੇ ਦਿਲ ਵਿੱਚ ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਦੀ ਰਹੀ । ਯਿਸੂ ਸਰੀਰ, ਬੁੱਧ, ਪਰਮੇਸ਼ਰ ਅਤੇ ਲੋਕਾਂ ਦੀ ਕਿਰਪਾ ਵਿੱਚ ਵੱਧਦੇ ਗਏ । ਸਮਰਾਟ ਤਿਬੇਰਿਯੂਸ ਦੇ ਰਾਜ ਦਾ ਪੰਦਰ੍ਹਵਾਂ ਸਾਲ ਸੀ । ਉਸ ਸਮੇਂ ਪੁੰਤਿਯੁਸ ਪਿਲਾਤੁਸ ਯਹੂਦਾ ਦਾ ਰਾਜਪਾਲ ਸੀ । ਹੇਰੋਦੇਸ ਗਲੀਲ ਦੇ ਇਲਾਕੇ ਦਾ ਸ਼ਾਸਕ ਅਤੇ ਉਸ ਦਾ ਭਰਾ ਫ਼ਿਲਿੱਪੁਸ ਇਤੂਰਿਆ ਅਤੇ ਤ੍ਰਖੋਨਿਤੀਸ ਇਲਾਕਿਆਂ ਦਾ ਸ਼ਾਸਕ ਸੀ; ਲੁਸਾਨਿਯੁਸ ਅਬਿਲੇਨੇ ਦਾ ਸ਼ਾਸਕ ਸੀ । ਹੱਨਾ ਅਤੇ ਕਾਇਫ਼ਾ ਮਹਾਂ-ਪੁਰੋਹਿਤ ਸਨ । ਉਸ ਸਮੇਂ ਪਰਮੇਸ਼ਰ ਦਾ ਵਚਨ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਮਿਲਿਆ, ਜੋ ਸੁੰਨਸਾਨ ਥਾਂ ਵਿੱਚ ਰਹਿੰਦਾ ਸੀ । ਉਹ ਯਰਦਨ ਨਦੀ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਗਿਆ ਅਤੇ ਲੋਕਾਂ ਨੂੰ ਇਸ ਤਰ੍ਹਾਂ ਉਪਦੇਸ਼ ਦਿੱਤਾ, “ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਬਪਤਿਸਮਾ ਲਓ; ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨਗੇ ।” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਸੁੰਨਸਾਨ ਥਾਂ ਵਿੱਚ ਕੋਈ ਪੁਕਾਰ ਰਿਹਾ ਹੈ: ‘ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ । ਹਰ ਇੱਕ ਘਾਟੀ ਭਰੀ ਜਾਵੇਗੀ; ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ, ਟੇਢੇ ਰਾਹ ਸਿੱਧੇ ਕੀਤੇ ਜਾਣਗੇ, ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ । ਸਾਰੇ ਮਨੁੱਖ ਪਰਮੇਸ਼ਰ ਦੇ ਮੁਕਤੀਦਾਤਾ ਦੇ ਦਰਸ਼ਨ ਕਰਨਗੇ ।’” ਬਹੁਤ ਸਾਰੇ ਲੋਕ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਆਉਂਦੇ ਸਨ । ਉਹ ਉਹਨਾਂ ਨੂੰ ਕਹਿੰਦਾ ਸੀ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚੋ? ਇਹੋ ਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ । ਤੁਸੀਂ ਆਪਸ ਵਿੱਚ ਇਸ ਤਰ੍ਹਾਂ ਕਹਿਣਾ ਨਾ ਸ਼ੁਰੂ ਕਰੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ । ਰੁੱਖਾਂ ਨੂੰ ਵੱਡਣ ਦੇ ਲਈ ਕੁਹਾੜਾ ਤਿਆਰ ਹੈ । ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਵੱਢ ਦਿੱਤਾ ਜਾਂਦਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।” ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਤਾਂ ਅਸੀਂ ਕੀ ਕਰੀਏ?” ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਦੇ ਕੋਲ ਦੋ ਕੁੜਤੇ ਹਨ, ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ । ਇਸੇ ਤਰ੍ਹਾਂ ਜਿਸ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ ।” ਕੁਝ ਟੈਕਸ ਲੈਣ ਵਾਲੇ ਵੀ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ?” ਯੂਹੰਨਾ ਨੇ ਉੱਤਰ ਦਿੱਤਾ, “ਜੋ ਕਾਨੂੰਨੀ ਤੌਰ ਤੇ ਠਹਿਰਾਇਆ ਗਿਆ ਹੈ, ਉਸ ਤੋਂ ਵੱਧ ਨਾ ਲਵੋ ।” ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ?” ਉਸ ਨੇ ਉਹਨਾਂ ਨੂੰ ਕਿਹਾ, “ਕਿਸੇ ਉੱਤੇ ਅੱਤਿਆਚਾਰ ਨਾ ਕਰੋ । ਕਿਸੇ ਉੱਤੇ ਝੂਠੇ ਦੋਸ਼ ਲਾ ਕੇ ਰਿਸ਼ਵਤ ਨਾ ਲਵੋ । ਆਪਣੀ ਤਨਖ਼ਾਹ ਨਾਲ ਸੰਤੁਸ਼ਟ ਰਹੋ ।” ਲੋਕ ਮਸੀਹ ਦੀ ਉਡੀਕ ਵਿੱਚ ਸਨ । ਇਸ ਲਈ ਸਾਰੇ ਯੂਹੰਨਾ ਦੇ ਬਾਰੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, “ਕੀ ਇਹ ਮਸੀਹ ਹੈ?” ਯੂਹੰਨਾ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਬਾਅਦ ਇੱਕ ਮੇਰੇ ਤੋਂ ਵੱਧ ਸ਼ਕਤੀਮਾਨ ਆ ਰਹੇ ਹਨ ਮੈਂ ਜਿਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ । ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ । ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਆਪਣੇ ਮੈਦਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਗੇ ਅਤੇ ਅਨਾਜ ਨੂੰ ਆਪਣੇ ਗੋਦਾਮ ਵਿੱਚ ਇਕੱਠਾ ਕਰਨਗੇ । ਪਰ ਤੂੜੀ ਨੂੰ ਨਾ ਬੁੱਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।” ਇਹੋ ਜਿਹੀਆਂ ਕਈ ਹੋਰ ਗੱਲਾਂ ਦੇ ਰਾਹੀਂ ਯੂਹੰਨਾ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਸ਼ੁਭ ਸਮਾਚਾਰ ਸੁਣਾਇਆ । ਹੇਰੋਦੇਸ ਸ਼ਾਸਕ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਨੂੰ ਆਪਣੇ ਘਰ ਰੱਖ ਲਿਆ ਸੀ । ਯੂਹੰਨਾ ਨੇ ਹੇਰੋਦੇਸ ਦੇ ਇਸ ਕੰਮ ਅਤੇ ਹੋਰ ਬੁਰਾਈਆਂ ਲਈ ਉਸ ਨੂੰ ਝਿੜਕਿਆ ਸੀ । ਇਸ ਲਈ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਬੁਰੇ ਕੰਮਾਂ ਵਿੱਚ ਇੱਕ ਹੋਰ ਬੁਰੇ ਕੰਮ ਦਾ ਵਾਧਾ ਕਰ ਲਿਆ ਸੀ । ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਉਸੇ ਸਮੇਂ ਅਕਾਸ਼ ਖੁੱਲ੍ਹ ਗਿਆ, ਅਤੇ ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਹਨਾਂ ਦੇ ਉੱਤੇ ਉਤਰਿਆ । ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖ਼ੁਸ਼ ਹਾਂ ।” ਜਦੋਂ ਯਿਸੂ ਨੇ ਆਪਣੀ ਸੇਵਾ ਦਾ ਕੰਮ ਸ਼ੁਰੂ ਕੀਤਾ, ਉਹ ਤੀਹ ਸਾਲ ਦੇ ਸਨ । ਲੋਕ ਮੰਨਦੇ ਸਨ ਕਿ ਯਿਸੂ ਯੂਸਫ਼ ਦੇ ਪੁੱਤਰ ਸਨ ਅਤੇ ਯੂਸਫ਼ ਹੇਲੀ ਦਾ ਪੁੱਤਰ ਸੀ । ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ ਪੁੱਤਰ ਸੀ । ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਪੁੱਤਰ ਸੀ ਅਤੇ ਯੰਨਾਈ ਯੂਸਫ਼ ਦਾ ਪੁੱਤਰ ਸੀ । ਯੂਸਫ਼ ਮੱਤਿਥਯਾਹ ਦਾ ਪੁੱਤਰ; ਮੱਤਿਥਯਾਹ ਆਮੋਸ ਦਾ ਪੁੱਤਰ, ਆਮੋਸ ਨਹੂਮ ਦਾ ਪੁੱਤਰ, ਨਹੂਮ ਹਸਲੀ ਦਾ ਪੁੱਤਰ, ਅਤੇ ਹਸਲੀ ਨੱਗਈ ਦਾ ਪੁੱਤਰ ਸੀ । ਨੱਗਈ ਮਾਥ ਦਾ ਪੁੱਤਰ, ਮਾਥ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਸ਼ਿਮੀ ਦਾ ਪੁੱਤਰ, ਸ਼ਿਮੀ ਯੋਸੇਕ ਦਾ ਪੁੱਤਰ, ਯੋਸੇਕ ਯੋਦਾ ਦਾ ਪੁੱਤਰ; ਯੋਦਾ ਯੋਆਨਾਨ ਦਾ ਪੁੱਤਰ, ਯੋਆਨਾਨ ਰੇਸਾਹ ਦਾ ਪੁੱਤਰ, ਰੇਸਾਹ ਜ਼ਰੂਬਾਬਲ ਦਾ ਪੁੱਤਰ, ਜ਼ਰੂਬਾਬਲ ਸਾਲਤਿਏਲ ਦਾ ਪੁੱਤਰ, ਅਤੇ ਸਾਲਤਿਏਲ ਨੇਰੀ ਦਾ ਪੁੱਤਰ ਸੀ । ਨੇਰੀ ਮਲਕੀ ਦਾ ਪੁੱਤਰ, ਮਲਕੀ ਐਦੀ ਦਾ ਪੁੱਤਰ, ਐਦੀ ਕੋਸਾਮ ਦਾ ਪੁੱਤਰ, ਕੋਸਾਮ ਅਲਮੇਦਾਮ ਦਾ ਪੁੱਤਰ, ਅਤੇ ਅਲਮੇਦਾਮ ਏਰ ਦਾ ਪੁੱਤਰ ਸੀ । ਏਰ ਯਹੋਸ਼ੁਆ ਦਾ ਪੁੱਤਰ, ਯਹੋਸ਼ੁਆ ਅਲੀਆਜ਼ਰ ਦਾ ਪੁੱਤਰ, ਅਲੀਆਜ਼ਰ ਯੋਰਾਮ ਦਾ ਪੁੱਤਰ, ਯੋਰਾਮ ਲੇਵੀ ਦਾ ਪੁੱਤਰ ਸੀ । ਲੇਵੀ ਸਿਮਓਨ ਦਾ ਪੁੱਤਰ, ਸਿਮਓਨ ਯਹੂਦਾ ਦਾ ਪੁੱਤਰ, ਯਹੂਦਾ ਯੂਸਫ਼ ਦਾ ਪੁੱਤਰ, ਯੂਸਫ਼ ਯਨਾਮ ਦਾ ਪੁੱਤਰ, ਅਤੇ ਯਨਾਮ ਅਲੀਯਕੀਮ ਦਾ ਪੁੱਤਰ ਸੀ । ਅਲੀਯਕੀਮ ਮਲੀਆਹ ਦਾ ਪੁੱਤਰ, ਮਲੀਆਹ ਮੇਨਾ ਦਾ ਪੁੱਤਰ, ਮੇਨਾ ਮੱਤਾਤ ਦਾ ਪੁੱਤਰ, ਮੱਤਾਤ ਨਾਥਾਨ ਦਾ ਪੁੱਤਰ, ਅਤੇ ਨਾਥਾਨ ਦਾਊਦ ਦਾ ਪੁੱਤਰ ਸੀ । ਦਾਊਦ ਯੱਸੀ ਦਾ ਪੁੱਤਰ, ਯੱਸੀ ਉਬੇਦ ਦਾ ਪੁੱਤਰ, ਉਬੇਦ ਬੋਅਜ਼ ਦਾ ਪੁੱਤਰ, ਬੋਅਜ਼ ਸਲਮੋਨ ਦਾ ਪੁੱਤਰ, ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ । ਨਹਸ਼ੋਨ ਅੰਮੀਨਾਦਾਬ ਦਾ ਪੁੱਤਰ, ਅੰਮੀਨਾਦਾਬ ਅਡਮੀਨ ਦਾ ਪੁੱਤਰ, ਅਡਮੀਨ ਅਰਨੀ ਦਾ ਪੁੱਤਰ, ਅਰਨੀ ਹਸ਼ਰੋਨ ਦਾ ਪੁੱਤਰ, ਹਸ਼ਰੋਨ ਪਿਰਸ਼ ਦਾ ਪੁੱਤਰ, ਅਤੇ ਪਿਰਸ਼ ਯਹੂਦਾ ਦਾ ਪੁੱਤਰ ਸੀ । ਯਹੂਦਾ ਯਾਕੂਬ ਦਾ ਪੁੱਤਰ, ਯਾਕੂਬ ਇਸਹਾਕ ਦਾ ਪੁੱਤਰ, ਇਸਹਾਕ ਅਬਰਾਹਾਮ ਦਾ ਪੁੱਤਰ, ਅਬਰਾਹਾਮ ਤਾਰਾਹ ਦਾ ਪੁੱਤਰ ਅਤੇ ਤਾਰਾਹ ਨਾਹੋਰ ਦਾ ਪੁੱਤਰ ਸੀ । ਨਾਹੋਰ ਸਰੂਗ ਦਾ ਪੁੱਤਰ, ਸਰੂਗ ਰਊ ਦਾ ਪੁੱਤਰ, ਰਊ ਪਿਲਗ ਦਾ ਪੁੱਤਰ, ਪਿਲਗ ਏਬੀਰ ਦਾ ਪੁੱਤਰ ਅਤੇ ਏਬੀਰ ਸ਼ਲਹ ਦਾ ਪੁੱਤਰ ਸੀ । ਸ਼ਲਹ ਕੇਨਾਨ ਦਾ ਪੁੱਤਰ, ਕੇਨਾਨ ਅਰਪਾਜ਼ਦ ਦਾ ਪੁੱਤਰ, ਅਰਪਾਜ਼ਦ ਸ਼ੇਮ ਦਾ ਪੁੱਤਰ, ਸ਼ੇਮ ਨੂਹ ਦਾ ਪੁੱਤਰ ਅਤੇ ਨੂਹ ਲੇਮਕ ਦਾ ਪੁੱਤਰ ਸੀ । ਲੇਮਕ ਮਥੂਸਲਹ ਦਾ ਪੁੱਤਰ, ਮਥੂਸਲਹ ਹਨੋਕ ਦਾ ਪੁੱਤਰ, ਹਨੋਕ ਯਾਰਿਦ ਦਾ ਪੁੱਤਰ, ਯਾਰਿਦ ਮਹਲਲੇਲ ਦਾ ਪੁੱਤਰ, ਅਤੇ ਮਹਲਲੇਲ ਕੇਨਾਨ ਦਾ ਪੁੱਤਰ ਸੀ । ਕੇਨਾਨ ਅਨੋਸ਼ ਦਾ ਪੁੱਤਰ, ਅਨੋਸ਼ ਸੇਥ ਦਾ ਪੁੱਤਰ, ਸੇਥ ਆਦਮ ਦਾ ਪੁੱਤਰ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ । ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਏ । ਤਦ ਆਤਮਾ ਦੀ ਅਗਵਾਈ ਨਾਲ ਉਹ ਉਜਾੜ ਥਾਂ ਵਿੱਚ ਚਲੇ ਗਏ ਜਿੱਥੇ ਸ਼ੈਤਾਨ ਨੇ ਉਹਨਾਂ ਨੂੰ ਚਾਲੀ ਦਿਨਾਂ ਤੱਕ ਪਰਤਾਇਆ । ਉਹਨਾਂ ਦਿਨਾਂ ਵਿੱਚ ਯਿਸੂ ਨੇ ਕੁਝ ਨਾ ਖਾਧਾ । ਇਸ ਲਈ ਚਾਲੀ ਦਿਨਾਂ ਦੇ ਬਾਅਦ ਉਹਨਾਂ ਨੂੰ ਭੁੱਖ ਲੱਗੀ । ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ ।” ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: ‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ ।’” ਫਿਰ ਸ਼ੈਤਾਨ ਯਿਸੂ ਨੂੰ ਇੱਕ ਉੱਚੇ ਥਾਂ ਉੱਤੇ ਲੈ ਗਿਆ । ਉਸ ਨੇ ਯਿਸੂ ਨੂੰ ਪਲ ਭਰ ਵਿੱਚ ਹੀ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ ਅਤੇ ਕਿਹਾ, “ਮੈਂ ਤੈਨੂੰ ਇਹਨਾਂ ਸਾਰੀਆਂ ਦਾ ਅਧਿਕਾਰ ਅਤੇ ਉਹਨਾਂ ਦੀ ਸ਼ਾਨ ਦੇ ਸਕਦਾ ਹਾਂ ਕਿਉਂਕਿ ਮੈਨੂੰ ਇਹਨਾਂ ਸਭ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦਿੰਦਾ ਹਾਂ । ਇਸ ਲਈ ਜੇਕਰ ਤੂੰ ਮੇਰੇ ਸਾਹਮਣੇ ਨਿਉਂ ਕੇ ਮੇਰੀ ਭਗਤੀ ਕਰੇਂ ਤਾਂ ਇਹ ਸਭ ਕੁਝ ਤੇਰਾ ਹੋ ਸਕਦਾ ਹੈ ।” ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ, ਅਤੇ ਕੇਵਲ ਉਸੇ ਦੀ ਹੀ ਸੇਵਾ ਕਰ ।’” ਫਿਰ ਸ਼ੈਤਾਨ ਯਿਸੂ ਨੂੰ ਯਰੂਸ਼ਲਮ ਸ਼ਹਿਰ ਵਿੱਚ ਲੈ ਗਿਆ । ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਮੁਨਾਰੇ ਉੱਤੇ ਖੜ੍ਹਾ ਕਰ ਦਿੱਤਾ । ਫਿਰ ਸ਼ੈਤਾਨ ਨੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ । ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: ‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੇਰੇ ਲਈ ਇਹ ਹੁਕਮ ਦੇਵੇਗਾ ਕਿ ਉਹ ਤੇਰੀ ਸੁਰੱਖਿਆ ਕਰਨ ।’ ਨਾਲ ਹੀ ਇਹ ਵੀ ਲਿਖਿਆ ਹੈ, ‘ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਕਿ ਕਿਤੇ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ ।’” ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ ।’” ਫਿਰ ਜਦੋਂ ਸ਼ੈਤਾਨ ਨੇ ਪੂਰੀ ਤਰ੍ਹਾਂ ਯਿਸੂ ਨੂੰ ਪਰਤਾ ਲਿਆ ਤਾਂ ਉਹ ਕੁਝ ਸਮੇਂ ਦੇ ਲਈ ਉਹਨਾਂ ਕੋਲੋਂ ਚਲਾ ਗਿਆ । ਫਿਰ ਯਿਸੂ ਗਲੀਲ ਵਿੱਚ ਵਾਪਸ ਆਏ । ਉਹ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਭਰਪੂਰ ਸਨ । ਉਹਨਾਂ ਦੀ ਚਰਚਾ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਹੋਣ ਲੱਗੀ । ਉਹ ਯਹੂਦੀਆਂ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਸਿੱਖਿਆ ਦਿੰਦੇ ਸਨ ਅਤੇ ਸਾਰੇ ਉਹਨਾਂ ਦੀ ਵਡਿਆਈ ਕਰਦੇ ਸਨ । ਯਿਸੂ ਨਾਸਰਤ ਵਿੱਚ ਆਏ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ । ਸਬਤ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਵਿੱਚ ਗਏ ਅਤੇ ਪਵਿੱਤਰ-ਗ੍ਰੰਥ ਪੜ੍ਹਨ ਦੇ ਲਈ ਖੜ੍ਹੇ ਹੋਏ । ਯਿਸੂ ਨੂੰ ਯਸਾਯਾਹ ਨਬੀ ਦੀ ਪੋਥੀ ਦਿੱਤੀ ਗਈ । ਉਹਨਾਂ ਨੇ ਪੋਥੀ ਖੋਲ੍ਹ ਕੇ ਉਹ ਪ੍ਰਸੰਗ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ: “ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਹਨਾਂ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ, ਉਹਨਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ ਅਤੇ ਨੇਤਰਹੀਨਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ; ਅਤੇ ਪੀੜਤਾਂ ਨੂੰ ਸੁਤੰਤਰ ਕਰਾਂ, ਅਤੇ ਉਸ ਸਮੇਂ ਦਾ ਪ੍ਰਚਾਰ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਣਗੇ ।” ਫਿਰ ਯਿਸੂ ਨੇ ਪੋਥੀ ਬੰਦ ਕਰ ਕੇ ਸੇਵਕ ਨੂੰ ਦੇ ਦਿੱਤੀ ਅਤੇ ਆਪਣੀ ਥਾਂ ਤੇ ਬੈਠ ਗਏ । ਪ੍ਰਾਰਥਨਾ ਘਰ ਵਿੱਚ ਬੈਠੇ ਸਾਰੇ ਲੋਕ ਬੜੇ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ । ਯਿਸੂ ਨੇ ਉਹਨਾਂ ਲੋਕਾਂ ਨੂੰ ਕਿਹਾ, “ਅੱਜ ਪਵਿੱਤਰ-ਗ੍ਰੰਥ ਦੀ ਇਹ ਲਿਖਤ ਤੁਹਾਡੇ ਸਾਹਮਣੇ ਪੂਰੀ ਹੋਈ ਹੈ ।” ਸਾਰੇ ਲੋਕਾਂ ਨੇ ਯਿਸੂ ਦੀ ਤਾਰੀਫ਼ ਕੀਤੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਕਿਰਪਾ ਦੇ ਵਚਨਾਂ ਨੂੰ ਸੁਣ ਕੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਨਹੀਂ ਹੈ?” ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜ਼ਰੂਰ ਮੈਨੂੰ ਇਹ ਕਹਾਵਤ ਸੁਣਾਉਗੇ, ‘ਵੈਦ, ਆਪਣਾ ਇਲਾਜ ਕਰ ।’ ਜੋ ਕੁਝ ਅਸੀਂ ਸੁਣਿਆ ਹੈ ਕਿ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ, ਇੱਥੇ ਆਪਣੇ ਸ਼ਹਿਰ ਵਿੱਚ ਵੀ ਕਰ ।” ਯਿਸੂ ਨੇ ਇਹ ਵੀ ਕਿਹਾ, “ਨਬੀ ਦਾ ਉਸ ਦੇ ਆਪਣੇ ਸ਼ਹਿਰ ਵਿੱਚ ਸੁਆਗਤ ਨਹੀਂ ਹੁੰਦਾ । ਇਹ ਸੱਚ ਹੈ ਕਿ ਏਲੀਯਾਹ ਨਬੀ ਦੇ ਸਮੇਂ ਵਿੱਚ ਇਸਰਾਏਲ ਦੇਸ਼ ਵਿੱਚ ਬਹੁਤ ਵਿਧਵਾਵਾਂ ਸਨ ਜਦੋਂ ਕਿ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਹੀਂ ਵਰ੍ਹਿਆ ਸੀ ਅਤੇ ਸਾਰੇ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ ਸੀ । ਫਿਰ ਵੀ ਏਲੀਆ ਨਬੀ ਉਹਨਾਂ ਵਿਧਵਾਵਾਂ ਕੋਲ ਨਹੀਂ ਭੇਜਿਆ ਗਿਆ ਸੀ । ਉਹ ਸੈਦਾ ਦੇਸ਼ ਦੇ ਸਾਰਪਤ ਸ਼ਹਿਰ ਦੀ ਰਹਿਣ ਵਾਲੀ ਵਿਧਵਾ ਕੋਲ ਭੇਜਿਆ ਗਿਆ ਸੀ । ਅਤੇ ਏਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਕੋੜ੍ਹੀ ਸਨ ਪਰ ਸੀਰੀਯਾ ਦੇਸ਼ ਦੇ ਰਹਿਣ ਵਾਲੇ ਨਮਾਨ ਕੋੜ੍ਹੀ ਤੋਂ ਸਿਵਾਏ ਹੋਰ ਕੋਈ ਸ਼ੁੱਧ ਨਾ ਕੀਤਾ ਗਿਆ ।” ਜਿੰਨੇ ਲੋਕ ਉਸ ਵੇਲੇ ਪ੍ਰਾਰਥਨਾ ਘਰ ਵਿੱਚ ਸਨ, ਉਹ ਸਾਰੇ ਯਿਸੂ ਦੀਆਂ ਗੱਲਾਂ ਸੁਣ ਕੇ ਗੁੱਸੇ ਨਾਲ ਭਰ ਗਏ । ਉਹ ਉੱਠੇ ਅਤੇ ਯਿਸੂ ਨੂੰ ਖਿੱਚ ਕੇ ਸ਼ਹਿਰ ਤੋਂ ਬਾਹਰ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਸ਼ਹਿਰ ਵਸਿਆ ਹੋਇਆ ਸੀ ਕਿ ਉਹ ਯਿਸੂ ਨੂੰ ਹੇਠਾਂ ਸੁੱਟਣ । ਪਰ ਯਿਸੂ ਭੀੜ ਵਿੱਚੋਂ ਨਿਕਲ ਕੇ ਉੱਥੋਂ ਚਲੇ ਗਏ । ਯਿਸੂ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਆਏ । ਉੁੱਥੇ ਉਹ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਜਾ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । ਲੋਕ ਉਹਨਾਂ ਦੀ ਸਿੱਖਿਆ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਉਹ ਪੂਰੇ ਅਧਿਕਾਰ ਨਾਲ ਬੋਲਦੇ ਸਨ । ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਜੋ ਉੱਚੀ ਆਵਾਜ਼ ਨਾਲ ਚੀਕਿਆ, “ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਵਾਸਤਾ ਹੈ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ: ਪਰਮੇਸ਼ਰ ਦੇ ਪਵਿੱਤਰ ਪੁਰਖ!” ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ, “ਚੁੱਪ ਹੋ ਜਾ ਅਤੇ ਉਸ ਵਿੱਚੋਂ ਨਿਕਲ ਜਾ!” ਅਸ਼ੁੱਧ ਆਤਮਾ ਨੇ ਉਸ ਆਦਮੀ ਨੂੰ ਸਾਰਿਆਂ ਦੇ ਸਾਹਮਣੇ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਨੁਕਸਾਨ ਕੀਤੇ ਬਿਨਾਂ ਉਸ ਵਿੱਚੋਂ ਨਿਕਲ ਗਈ । ਸਾਰੇ ਲੋਕ ਹੈਰਾਨ ਰਹਿ ਗਏ । ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦਾ ਵਚਨ ਹੈ? ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦੇ ਹਨ ਅਤੇ ਉਹ ਨਿਕਲ ਜਾਂਦੀਆਂ ਹਨ!” ਇਸ ਤਰ੍ਹਾਂ ਯਿਸੂ ਦੀ ਮਸ਼ਹੂਰੀ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ । ਪ੍ਰਾਰਥਨਾ ਘਰ ਵਿੱਚੋਂ ਉੱਠ ਕੇ ਯਿਸੂ ਸ਼ਮਊਨ ਦੇ ਘਰ ਗਏ । ਉੱਥੇ ਸ਼ਮਊਨ ਦੀ ਸੱਸ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ । ਲੋਕਾਂ ਨੇ ਉਸ ਦੇ ਲਈ ਯਿਸੂ ਨੂੰ ਬੇਨਤੀ ਕੀਤੀ । ਯਿਸੂ ਨੇ ਉਸ ਦੇ ਕੋਲ ਖੜ੍ਹੇ ਹੋ ਕੇ ਬੁਖ਼ਾਰ ਨੂੰ ਝਿੜਕਿਆ ਅਤੇ ਬੁਖ਼ਾਰ ਉਤਰ ਗਿਆ । ਉਹ ਉਸੇ ਸਮੇਂ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ । ਜਦੋਂ ਸ਼ਾਮ ਹੋ ਗਈ ਤਾਂ ਲੋਕ ਕਈ ਪ੍ਰਕਾਰ ਦੇ ਬਿਮਾਰਾਂ ਨੂੰ ਯਿਸੂ ਦੇ ਕੋਲ ਲਿਆਏ । ਯਿਸੂ ਨੇ ਹਰ ਬਿਮਾਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ । ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਚੀਕਾਂ ਮਾਰਦੀਆਂ ਅਤੇ ਇਹ ਕਹਿੰਦੀਆਂ ਹੋਈਆਂ ਨਿਕਲ ਗਈਆਂ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ!” ਪਰ ਯਿਸੂ ਨੇ ਉਹਨਾਂ ਨੂੰ ਝਿੜਕਿਆ ਅਤੇ ਹੋਰ ਕੁਝ ਨਾ ਕਹਿਣ ਦਿੱਤਾ ਕਿਉਂਕਿ ਉਹ ਜਾਣਦੀਆਂ ਸਨ ਕਿ ਯਿਸੂ ਹੀ ਮਸੀਹ ਸਨ । ਜਦੋਂ ਦਿਨ ਚੜ੍ਹਿਆ, ਤਾਂ ਯਿਸੂ ਇਕਾਂਤ ਥਾਂ ਵਿੱਚ ਚਲੇ ਗਏ । ਲੋਕ ਉਹਨਾਂ ਨੂੰ ਲੱਭਦੇ ਹੋਏ ਉਹਨਾਂ ਦੇ ਕੋਲ ਆਏ । ਉਹ ਕੋਸ਼ਿਸ਼ ਕਰਨ ਲੱਗੇ ਕਿ ਯਿਸੂ ਉਹਨਾਂ ਨੂੰ ਛੱਡ ਕੇ ਨਾ ਜਾਣ । ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੇ ਲਈ ਦੂਜੇ ਸ਼ਹਿਰਾਂ ਵਿੱਚ ਵੀ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਸੰਦੇਸ਼ ਦੇਣਾ ਜ਼ਰੂਰੀ ਹੈ ਕਿਉਂਕਿ ਇਸੇ ਲਈ ਪਰਮੇਸ਼ਰ ਨੇ ਮੈਨੂੰ ਭੇਜਿਆ ਹੈ ।” ਇਸ ਲਈ ਯਿਸੂ ਯਹੂਦਿਯਾ ਦੇਸ਼ ਦੇ ਪ੍ਰਾਰਥਨਾ ਘਰਾਂ ਵਿੱਚ ਸ਼ੁਭ ਸਮਾਚਾਰ ਸੁਣਾਉਂਦੇ ਰਹੇ । ਇੱਕ ਵਾਰ ਯਿਸੂ ਗਨੇਸਰਤ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ । ਬਹੁਤ ਸਾਰੇ ਲੋਕ ਪਰਮੇਸ਼ਰ ਦਾ ਵਚਨ ਸੁਣਨ ਲਈ ਉਹਨਾਂ ਕੋਲ ਇਕੱਠੇ ਹੋ ਗਏ । ਯਿਸੂ ਨੇ ਝੀਲ ਦੇ ਕੰਢੇ ਉੱਤੇ ਦੋ ਕਿਸ਼ਤੀਆਂ ਦੇਖੀਆਂ । ਮਛੇਰੇ ਉਹਨਾਂ ਵਿੱਚੋਂ ਨਿਕਲ ਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ । ਯਿਸੂ ਇੱਕ ਕਿਸ਼ਤੀ ਵਿੱਚ ਬੈਠ ਗਏ ਜੋ ਸ਼ਮਊਨ ਦੀ ਸੀ । ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਕੰਢੇ ਤੋਂ ਹਟਾ ਕੇ ਪਾਣੀ ਵਿੱਚ ਲੈ ਚੱਲੋ ।” ਫਿਰ ਯਿਸੂ ਨੇ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦਿੱਤਾ । ਜਦੋਂ ਯਿਸੂ ਉਪਦੇਸ਼ ਦੇ ਚੁੱਕੇ ਤਾਂ ਉਹਨਾਂ ਨੇ ਸ਼ਮਊਨ ਨੂੰ ਕਿਹਾ, “ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਆਪਣੇ ਜਾਲ ਮੱਛੀਆਂ ਫੜਨ ਲਈ ਸੁੱਟੋ ।” ਸ਼ਮਊਨ ਨੇ ਉੱਤਰ ਦਿੱਤਾ, “ਗੁਰੂ ਜੀ, ਅਸੀਂ ਰਾਤ ਭਰ ਮਿਹਨਤ ਕੀਤੀ ਹੈ ਪਰ ਕੋਈ ਮੱਛੀ ਹੱਥ ਨਹੀਂ ਆਈ ਪਰ ਫਿਰ ਵੀ ਤੁਹਾਡੇ ਕਹਿਣ ਕਰ ਕੇ ਮੈਂ ਜਾਲ ਸੁੱਟਦਾ ਹਾਂ ।” ਇਸ ਤਰ੍ਹਾਂ ਜਾਲ ਸੁੱਟਣ ਬਾਅਦ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ, ਇੱਥੋਂ ਤੱਕ ਕਿ ਉਹਨਾਂ ਦੇ ਜਾਲ ਪਾਟਣ ਲੱਗੇ । ਉਹਨਾਂ ਨੇ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਵਿੱਚ ਸਨ, ਇਸ਼ਾਰੇ ਨਾਲ ਸੱਦਿਆ ਕਿ ਆ ਕੇ ਉਹਨਾਂ ਦੀ ਮਦਦ ਕਰਨ । ਉਹਨਾਂ ਦੇ ਸਾਥੀ ਮਦਦ ਦੇ ਲਈ ਆਏ । ਜਦੋਂ ਜਾਲ ਬਾਹਰ ਖਿੱਚੇ ਤਾਂ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਈਆਂ । ਇੱਥੋਂ ਤੱਕ ਕਿ ਮੱਛੀਆਂ ਦੇ ਭਾਰ ਨਾਲ ਕਿਸ਼ਤੀਆਂ ਡੁੱਬਣ ਲੱਗੀਆਂ । ਇਹ ਸਭ ਕੁਝ ਦੇਖ ਕੇ ਪਤਰਸ ਯਿਸੂ ਦੇ ਚਰਨਾਂ ਉੱਤੇ ਡਿੱਗ ਪਿਆ ਅਤੇ ਕਹਿਣ ਲੱਗਾ, “ਪ੍ਰਭੂ ਜੀ, ਮੇਰੇ ਕੋਲੋਂ ਚਲੇ ਜਾਓ, ਮੈਂ ਪਾਪੀ ਮਨੁੱਖ ਹਾਂ!” ਕਿਉਂਕਿ ਇੰਨੀਆਂ ਮੱਛੀਆਂ ਦੇ ਫੜੇ ਜਾਣ ਕਾਰਨ ਸ਼ਮਊਨ ਅਤੇ ਉਸ ਦੇ ਸਾਥੀ ਹੱਕੇ ਬੱਕੇ ਰਹਿ ਗਏ ਸਨ । ਇਹੋ ਹੀ ਹਾਲ ਜ਼ਬਦੀ ਦੇ ਪੁੱਤਰਾਂ ਯਾਕੂਬ ਅਤੇ ਯੂਹੰਨਾ ਦਾ ਵੀ ਹੋਇਆ ਜਿਹੜੇ ਸ਼ਮਊਨ ਦੇ ਹਿੱਸੇਦਾਰ ਸਨ । ਯਿਸੂ ਨੇ ਸ਼ਮਊਨ ਨੂੰ ਕਿਹਾ, “ਨਾ ਡਰ, ਤੂੰ ਮਨੁੱਖਾਂ ਦੇ ਫੜਨ ਵਾਲਾ ਹੋਵੇਂਗਾ ।” ਉਹ ਲੋਕ ਆਪਣੀਆਂ ਕਿਸ਼ਤੀਆਂ ਕੰਢੇ ਉੱਤੇ ਲਿਆਏ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦੇ ਚੇਲੇ ਬਣ ਗਏ । ਇੱਕ ਵਾਰ ਯਿਸੂ ਇੱਕ ਸ਼ਹਿਰ ਵਿੱਚ ਸਨ, ਜਿੱਥੇ ਇੱਕ ਕੋੜ੍ਹ ਨਾਲ ਭਰਿਆ ਹੋਇਆ ਆਦਮੀ ਰਹਿੰਦਾ ਸੀ । ਯਿਸੂ ਨੂੰ ਦੇਖ ਕੇ ਉਹ ਆਦਮੀ ਮੂੰਹ ਦੇ ਭਾਰ ਡਿੱਗ ਕੇ ਉਹਨਾਂ ਅੱਗੇ ਬੇਨਤੀ ਕਰਨ ਲੱਗਾ, “ਪ੍ਰਭੂ ਜੀ, ਜੇਕਰ ਤੁਸੀਂ ਚਾਹੋ ਤਾਂ ਮੈਨੂੰ ਚੰਗਾ ਕਰ ਸਕਦੇ ਹੋ ।” ਯਿਸੂ ਨੇ ਆਪਣਾ ਹੱਥ ਅੱਗੇ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ ਕਿ ਤੂੰ ਸ਼ੁੱਧ ਹੋ ਜਾ!” ਉਸ ਆਦਮੀ ਦਾ ਕੋੜ੍ਹ ਇਕਦਮ ਦੂਰ ਹੋ ਗਿਆ । ਫਿਰ ਯਿਸੂ ਨੇ ਉਸ ਨੂੰ ਕਿਹਾ, “ਕਿਸੇ ਨੂੰ ਇਸ ਬਾਰੇ ਕੁਝ ਨਾ ਕਹਿਣਾ, ਪਰ ਜਾ, ਆਪਣੇ ਆਪ ਨੂੰ ਪੁਰੋਹਿਤ ਨੂੰ ਦਿਖਾ ਅਤੇ ਜੋ ਚੜ੍ਹਾਵਾ ਮੂਸਾ ਨੇ ਚੰਗਾ ਹੋਣ ਦੇ ਲਈ ਠਹਿਰਾਇਆ ਹੋਇਆ ਹੈ, ਜਾ ਕੇ ਚੜ੍ਹਾ ਤਾਂ ਜੋ ਸਾਰੇ ਲੋਕ ਜਾਨਣ ਕਿ ਤੂੰ ਹੁਣ ਠੀਕ ਹੋ ਗਿਆ ਹੈਂ ।” ਪਰ ਯਿਸੂ ਦੀ ਚਰਚਾ ਫੈਲਦੀ ਹੀ ਗਈ । ਬਹੁਤ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਦਾ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਉਣ ਲੱਗੇ । ਪਰ ਯਿਸੂ ਅਕਸਰ ਇਕਾਂਤ ਥਾਂ ਵਿੱਚ ਪ੍ਰਾਰਥਨਾ ਕਰਨ ਜਾਂਦੇ ਸੀ । ਇੱਕ ਦਿਨ ਯਿਸੂ ਉਪਦੇਸ਼ ਦੇ ਰਹੇ ਸਨ ਅਤੇ ਪਰਮੇਸ਼ਰ ਦੀ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸਮਰੱਥਾ ਉਹਨਾਂ ਵਿੱਚ ਸੀ । ਉਸ ਸਮੇਂ ਉਹਨਾਂ ਕੋਲ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਬੈਠੇ ਹੋਏ ਸਨ, ਜੋ ਗਲੀਲ ਅਤੇ ਯਹੂਦਿਯਾ ਦੇ ਸ਼ਹਿਰਾਂ ਅਤੇ ਯਰੂਸ਼ਲਮ ਤੋਂ ਆਏ ਹੋਏ ਸਨ । ਕੁਝ ਲੋਕ ਇੱਕ ਬਿਮਾਰ ਆਦਮੀ ਨੂੰ ਮੰਜੀ ਉੱਤੇ ਚੁੱਕ ਕੇ ਉੱਥੇ ਲਿਆਏ । ਉਸ ਆਦਮੀ ਨੂੰ ਅਧਰੰਗ ਦਾ ਰੋਗ ਸੀ । ਉਹ ਉਸ ਨੂੰ ਘਰ ਦੇ ਅੰਦਰ ਲੈ ਜਾਣ ਅਤੇ ਯਿਸੂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ । ਜਦੋਂ ਉਹਨਾਂ ਨੂੰ ਭੀੜ ਦੇ ਕਾਰਨ ਘਰ ਦੇ ਅੰਦਰ ਜਾਣ ਦਾ ਰਾਹ ਨਾ ਮਿਲਿਆ ਤਾਂ ਉਹ ਘਰ ਦੇ ਉੱਤੇ ਚੜ੍ਹ ਗਏ ਅਤੇ ਛੱਤ ਨੂੰ ਉਧੇੜ ਕੇ ਮੰਜੀ ਸਣੇ ਉਸ ਬਿਮਾਰ ਨੂੰ ਅੰਦਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ । ਯਿਸੂ ਨੇ ਉਹਨਾਂ ਦਾ ਵਿਸ਼ਵਾਸ ਦੇਖ ਕੇ ਉਸ ਆਦਮੀ ਨੂੰ ਕਿਹਾ, “ਮਿੱਤਰ, ਤੇਰੇ ਪਾਪ ਮਾਫ਼ ਹੋਏ ।” ਇਹ ਸੁਣ ਕੇ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਸੋਚਣ ਲੱਗੇ, “ਇਹ ਕੌਣ ਹੈ ਜੋ ਪਰਮੇਸ਼ਰ ਦੀ ਨਿੰਦਾ ਕਰ ਰਿਹਾ ਹੈ? ਸਿਵਾਏ ਇੱਕ ਪਰਮੇਸ਼ਰ ਤੋਂ ਹੋਰ ਕੋਈ ਪਾਪ ਮਾਫ਼ ਨਹੀਂ ਕਰ ਸਕਦਾ!” ਉਹਨਾਂ ਦੀਆਂ ਸੋਚਾਂ ਨੂੰ ਜਾਣਦੇ ਹੋਏ ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪਣੇ ਦਿਲਾਂ ਵਿੱਚ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ? ਕੀ ਕਹਿਣਾ ਸੌਖਾ ਹੈ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ ਫਿਰ?’ ਪਰ ਇਸ ਤੋਂ ਤੁਸੀਂ ਜਾਣ ਜਾਓ ਕਿ ਮਨੁੱਖ ਦੇ ਪੁੱਤਰ ਨੂੰ ਇਸ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ।” ਫਿਰ ਯਿਸੂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਜਾ ।” ਉਸੇ ਸਮੇਂ ਉਹ ਆਦਮੀ ਉਸ ਮੰਜੀ ਨੂੰ ਜਿਸ ਉੱਤੇ ਉਹ ਲੰਮਾ ਪਿਆ ਹੋਇਆ ਸੀ, ਚੁੱਕ ਕੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ । ਉੱਥੇ ਜਿੰਨੇ ਲੋਕ ਸਨ, ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ । ਉਹ ਡਰ ਕੇ ਕਹਿਣ ਲੱਗੇ, “ਅੱਜ ਅਸੀਂ ਅਸਚਰਜ ਕੰਮ ਦੇਖੇ ਹਨ ।” ਇਸ ਦੇ ਬਾਅਦ ਯਿਸੂ ਬਾਹਰ ਚਲੇ ਗਏ । ਉਹਨਾਂ ਨੇ ਰਾਹ ਵਿੱਚ ਲੇਵੀ ਨਾਂ ਦੇ ਇੱਕ ਟੈਕਸ ਲੈਣ ਵਾਲੇ ਨੂੰ ਦਫ਼ਤਰ ਵਿੱਚ ਬੈਠੇ ਹੋਏ ਦੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” ਉਹ ਉੱਠਿਆ ਅਤੇ ਆਪਣਾ ਸਭ ਕੁਝ ਛੱਡ ਕੇ ਯਿਸੂ ਦਾ ਚੇਲਾ ਬਣ ਗਿਆ । ਫਿਰ ਲੇਵੀ ਨੇ ਆਪਣੇ ਘਰ ਯਿਸੂ ਲਈ ਇੱਕ ਬਹੁਤ ਵੱਡਾ ਭੋਜ ਦਿੱਤਾ । ਉਸ ਸਮੇਂ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਦੂਜੇ ਲੋਕ ਯਿਸੂ ਦੇ ਨਾਲ ਭੋਜਨ ਕਰਨ ਲਈ ਬੈਠੇ । ਤਦ ਫ਼ਰੀਸੀ ਅਤੇ ਉਹਨਾਂ ਦੇ ਦਲ ਦੇ ਵਿਵਸਥਾ ਦੇ ਸਿੱਖਿਅਕ ਬੁੜਬੁੜਾਉਣ ਲੱਗੇ ਅਤੇ ਯਿਸੂ ਦੇ ਚੇਲਿਆਂ ਨੂੰ ਕਹਿਣ ਲੱਗੇ, “ਤੁਸੀਂ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਬੈਠ ਕੇ ਕਿਉਂ ਖਾਂਦੇ ਪੀਂਦੇ ਹੋ?” ਯਿਸੂ ਨੇ ਉਹਨਾਂ ਨੂੰ ਕਿਹਾ, “ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ । ਮੈਂ ਨੇਕਾਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਸੱਦਣ ਆਇਆ ਹਾਂ ਕਿ ਉਹ ਪਰਮੇਸ਼ਰ ਵੱਲ ਮੁੜਨ ।” ਕੁਝ ਲੋਕਾਂ ਨੇ ਯਿਸੂ ਨੂੰ ਕਿਹਾ, “ਯੂਹੰਨਾ ਦੇ ਚੇਲੇ ਅਕਸਰ ਵਰਤ ਰੱਖਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ ਪਰ ਤੁਹਾਡੇ ਚੇਲੇ ਹਮੇਸ਼ਾ ਖਾਂਦੇ ਪੀਂਦੇ ਹਨ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਭੋਜਨ ਕੀਤੇ ਬਗ਼ੈਰ ਰਹਿ ਸਕਦੇ ਹਨ? ਨਹੀਂ, ਇਹ ਨਹੀਂ ਹੋ ਸਕਦਾ ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਤਦ ਉਹਨਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ ।” ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਵੀ ਸੁਣਾਇਆ, “ਕੋਈ ਮਨੁੱਖ ਪੁਰਾਣੇ ਕੱਪੜੇ ਉੱਤੇ ਟਾਕੀ ਲਾਉਣ ਲਈ ਨਵੇਂ ਕੱਪੜੇ ਨੂੰ ਨਹੀਂ ਪਾੜਦਾ । ਇਸ ਤਰ੍ਹਾਂ ਕਰਨ ਨਾਲ ਨਵਾਂ ਕੱਪੜਾ ਤਾਂ ਪਾਟੇਗਾ ਹੀ ਪਰ ਇਸ ਦੇ ਨਾਲ ਹੀ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਨਹੀਂ ਖਾਵੇਗੀ । ਕੋਈ ਮਨੁੱਖ ਨਵੀਂ ਮੈ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ ਜੇਕਰ ਉਹ ਇਸ ਤਰ੍ਹਾਂ ਕਰੇ ਤਾਂ ਨਵੀਂ ਮੈ ਪੁਰਾਣੀਆਂ ਮਸ਼ਕਾਂ ਨੂੰ ਪਾੜ ਦੇਵੇਗੀ । ਮੈ ਵਗ ਜਾਵੇਗੀ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ । ਇਸ ਲਈ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਹੀ ਭਰਨੀ ਚਾਹੀਦੀ ਹੈ । ਕੋਈ ਮਨੁੱਖ ਪੁਰਾਣੀ ਮੈ ਪੀ ਲੈਣ ਦੇ ਬਾਅਦ ਨਵੀਂ ਨਹੀਂ ਪੀਣੀ ਚਾਹੁੰਦਾ, ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ ।’” ਇੱਕ ਸਬਤ ਦੇ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਖੇਤਾਂ ਵਿੱਚੋਂ ਦੀ ਜਾ ਰਹੇ ਸਨ । ਚੇਲੇ ਰਾਹ ਜਾਂਦੇ ਹੋਏ ਖੇਤਾਂ ਵਿੱਚੋਂ ਅਨਾਜ ਦੇ ਸਿੱਟੇ ਤੋੜ ਕੇ ਹੱਥਾਂ ਨਾਲ ਮਲ ਮਲ ਕੇ ਖਾ ਰਹੇ ਸਨ । ਕੁਝ ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਹ ਕਿਉਂ ਕਰ ਰਹੇ ਹੋ, ਜੋ ਸਬਤ ਦੇ ਦਿਨ ਕਰਨਾ ਮਨ੍ਹਾ ਹੈ?” ਯਿਸੂ ਨੇ ਫ਼ਰੀਸੀਆਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਪਵਿੱਤਰ-ਗ੍ਰੰਥ ਵਿੱਚ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ ਸੀ ਤਾਂ ਉਸ ਨੇ ਕੀ ਕੀਤਾ? ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਹੜੀਆਂ ਕੇਵਲ ਪੁਰੋਹਿਤ ਹੀ ਖਾ ਸਕਦਾ ਹੈ, ਦੂਜਾ ਕੋਈ ਨਹੀਂ ।” ਯਿਸੂ ਨੇ ਫਿਰ ਕਿਹਾ, “ਮਨੁੱਖ ਦਾ ਪੁੱਤਰ ਤਾਂ ਸਬਤ ਦਾ ਮਾਲਕ ਹੈ ।” ਇੱਕ ਹੋਰ ਸਬਤ ਦੇ ਦਿਨ ਯਿਸੂ ਪ੍ਰਾਰਥਨਾ ਘਰ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਉੱਥੇ ਇੱਕ ਆਦਮੀ ਸੀ ਜਿਸ ਦਾ ਸੱਜਾ ਹੱਥ ਸੁੱਕਾ ਹੋਇਆ ਸੀ । ਉੱਥੇ ਕੁਝ ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਬੜੇ ਧਿਆਨ ਨਾਲ ਯਿਸੂ ਨੂੰ ਦੇਖ ਰਹੇ ਸਨ ਕਿ ਉਹ ਸਬਤ ਦੇ ਦਿਨ ਉਸ ਆਦਮੀ ਦਾ ਸੁੱਕਾ ਹੱਥ ਠੀਕ ਕਰਦੇ ਹਨ ਜਾਂ ਨਹੀਂ । ਉਹ ਇਸ ਮੌਕੇ ਦੀ ਤਾੜ ਵਿੱਚ ਸਨ ਕਿ ਯਿਸੂ ਇਹ ਕੰਮ ਸਬਤ ਦੇ ਦਿਨ ਕਰਨ ਅਤੇ ਉਹਨਾਂ ਨੂੰ ਯਿਸੂ ਉੱਤੇ ਦੋਸ਼ ਲਾਉਣ ਦਾ ਬਹਾਨਾ ਮਿਲੇ । ਪਰ ਯਿਸੂ ਉਹਨਾਂ ਦੇ ਦਿਲਾਂ ਦੇ ਵਿਚਾਰਾਂ ਨੂੰ ਜਾਣ ਗਏ । ਇਸ ਲਈ ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ, ਅਤੇ ਵਿਚਕਾਰ ਆ ਕੇ ਖੜ੍ਹਾ ਹੋ ਜਾ ।” ਉਹ ਉੱਠਿਆ ਅਤੇ ਆ ਕੇ ਖੜ੍ਹਾ ਹੋ ਗਿਆ । ਫਿਰ ਯਿਸੂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਤੋਂ ਪੁੱਛਿਆ, “ ਪਵਿੱਤਰ-ਗ੍ਰੰਥ ਵਿੱਚ ਕੀ ਲਿਖਿਆ ਹੈ? ਸਬਤ ਦੇ ਦਿਨ ਭਲਾਈ ਕਰਨੀ ਜਾਂ ਬੁਰਾਈ ਕਰਨੀ; ਜਾਨ ਬਚਾਉਣੀ ਜਾਂ ਗੁਆਉਣੀ?” ਯਿਸੂ ਨੇ ਚਾਰੇ ਪਾਸੇ ਲੋਕਾਂ ਵੱਲ ਦੇਖਿਆ ਅਤੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ ।” ਉਸ ਆਦਮੀ ਨੇ ਆਪਣਾ ਹੱਥ ਅੱਗੇ ਵਧਾ ਦਿੱਤਾ ਅਤੇ ਉਸ ਦਾ ਹੱਥ ਉਸੇ ਸਮੇਂ ਠੀਕ ਹੋ ਗਿਆ । ਤਦ ਫ਼ਰੀਸੀ ਅਤੇ ਵਿਵਸਥਾ ਦੇ ਸਿੱਖਿਅਕ ਗੁੱਸੇ ਵਿੱਚ ਆ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਯਿਸੂ ਦੇ ਨਾਲ ਕੀ ਕੀਤਾ ਜਾਵੇ । ਇਸ ਦੇ ਬਾਅਦ ਯਿਸੂ ਇੱਕ ਦਿਨ ਪ੍ਰਾਰਥਨਾ ਕਰਨ ਦੇ ਲਈ ਪਹਾੜ ਉੱਤੇ ਗਏ । ਉਹ ਪੂਰੀ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਰਹੇ । ਜਦ ਸਵੇਰ ਹੋਈ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਚੇਲਿਆਂ ਨੂੰ ਚੁਣਿਆ, ਜਿਹਨਾਂ ਦਾ ਨਾਂ ਯਿਸੂ ਨੇ ‘ ਰਸੂਲ ’ ਰੱਖਿਆ । ਉਹਨਾਂ ਬਾਰ੍ਹਾਂ ਚੇਲਿਆਂ ਦੇ ਨਾਂ ਇਹ ਹਨ: ਸ਼ਮਊਨ (ਜਿਸ ਦਾ ਉਪਨਾਮ ਯਿਸੂ ਨੇ ਪਤਰਸ ਰੱਖਿਆ), ਸ਼ਮਊਨ ਦਾ ਭਰਾ ਅੰਦ੍ਰਿਯਾਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥਲਮਈ, ਮੱਤੀ, ਥੋਮਾ, ਹਲਫ਼ਾਈ ਦਾ ਪੁੱਤਰ ਯਾਕੂਬ, ਸ਼ਮਊਨ, (ਜੋ ਦੇਸ਼ਭਗਤ ਅਖਵਾਉਂਦਾ ਸੀ), ਯਾਕੂਬ ਦਾ ਪੁੱਤਰ ਯਹੂਦਾ, ਅਤੇ ਯਹੂਦਾ ਇਸਕਰਿਯੋਤੀ, ਜੋ ਵਿਸ਼ਵਾਸਘਾਤੀ ਨਿਕਲਿਆ । ਫਿਰ ਯਿਸੂ ਆਪਣੇ ਚੇਲਿਆਂ ਦੇ ਨਾਲ ਪਹਾੜ ਤੋਂ ਉਤਰ ਕੇ ਇੱਕ ਖੁੱਲ੍ਹੇ ਮੈਦਾਨ ਵਿੱਚ ਆਏ । ਉੱਥੇ ਉਹਨਾਂ ਕੋਲ ਬਹੁਤ ਸਾਰੇ ਲੋਕ ਇਕੱਠੇ ਹੋ ਗਏ । ਇਹ ਲੋਕ ਯਹੂਦਿਯਾ, ਯਰੂਸ਼ਲਮ ਅਤੇ ਸਮੁੰਦਰ ਦੇ ਕੰਢੇ ਦੇ ਇਲਾਕਿਆਂ ਸੂਰ ਅਤੇ ਸੈਦਾ ਤੋਂ ਆਏ ਸਨ । ਉਹ ਯਿਸੂ ਦੇ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਏ ਸਨ । ਬਹੁਤ ਸਾਰੇ ਜੋ ਅਸ਼ੁੱਧ ਆਤਮਾਵਾਂ ਕਾਰਨ ਦੁਖੀ ਸਨ, ਯਿਸੂ ਕੋਲ ਆਏ ਅਤੇ ਚੰਗੇ ਹੋ ਗਏ । ਹਰ ਕੋਈ ਯਿਸੂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਯਿਸੂ ਵਿੱਚੋਂ ਸਮਰੱਥਾ ਨਿਕਲ ਰਹੀ ਸੀ ਜਿਸ ਨਾਲ ਲੋਕ ਚੰਗੇ ਹੋ ਰਹੇ ਸਨ । ਯਿਸੂ ਨੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਕਿਹਾ: “ਧੰਨ ਹੋ ਤੁਸੀਂ ਜਿਹੜੇ ਗਰੀਬ ਹੋ, ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡਾ ਹੈ! ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਭੁੱਖੇ ਹੋ, ਕਿਉਂਕਿ ਤੁਸੀਂ ਰਜਾਏ ਜਾਓਗੇ! ਧੰਨ ਹੋ ਤੁਸੀਂ ਜਿਹੜੇ ਇਸ ਸਮੇਂ ਰੋਂਦੇ ਹੋ ਕਿਉਂਕਿ ਤੁਸੀਂ ਹੱਸੋਗੇ! ਧੰਨ ਹੋ ਤੁਸੀਂ ਜਿਹਨਾਂ ਨੂੰ ਮਨੁੱਖ ਦੇ ਪੁੱਤਰ ਦੇ ਕਾਰਨ ਘਿਰਣਾ ਕੀਤੀ ਜਾਂਦੀ ਹੈ, ਸਮਾਜ ਵਿੱਚੋਂ ਕੱਢ ਦਿੱਤਾ ਜਾਂਦਾ ਹੈ, ਨਿੰਦਿਆ ਜਾਂਦਾ ਹੈ, ਅਤੇ ਬੁਰਾ ਸਮਝ ਕੇ ਕੱਢ ਦਿੱਤਾ ਜਾਂਦਾ ਹੈ! ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਅਨੰਦ ਮਨਾਓ ਅਤੇ ਖ਼ੁਸ਼ੀ ਨਾਲ ਉੱਛਲੋ, ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਕਿਉਂਕਿ ਉਹਨਾਂ ਦੇ ਪੁਰਖਿਆਂ ਨੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ । ਪਰ ਧਨਵਾਨੋ, ਹਾਏ ਤੁਹਾਡੇ ਉੱਤੇ, ਕਿਉਂਕਿ ਤੁਸੀਂ ਆਪਣਾ ਸੁੱਖ ਪ੍ਰਾਪਤ ਕਰ ਚੁੱਕੇ ਹੋ! ਹਾਏ ਤੁਹਾਡੇ ਉੱਤੇ, ਜਿਹੜੇ ਇਸ ਸਮੇਂ ਰੱਜੇ ਹੋਏ ਹੋ ਕਿਉਂਕਿ ਤੁਸੀਂ ਭੁੱਖੇ ਹੋਵੋਗੇ! ਹਾਏ ਤੁਹਾਡੇ ਉੱਤੇ, ਜਿਹੜੇ ਹੁਣ ਹੱਸਦੇ ਹੋ ਕਿਉਂਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ! ਹਾਏ ਤੁਹਾਡੇ ਉੱਤੇ ਜਿਹਨਾਂ ਦੀ ਲੋਕ ਹੁਣ ਵਡਿਆਈ ਕਰਦੇ ਹਨ; ਕਿਉਂਕਿ ਉਹਨਾਂ ਲੋਕਾਂ ਦੇ ਪੁਰਖਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ ।” “ਪਰ ਜਿਹੜੇ ਸੁਣ ਰਹੇ ਹਨ, ਉਹਨਾਂ ਨੂੰ ਮੈਂ ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ ਅਤੇ ਆਪਣੇ ਬੁਰਾਈ ਕਰਨ ਵਾਲਿਆਂ ਦੇ ਨਾਲ ਭਲਾਈ ਕਰੋ । ਇਸ ਤਰ੍ਹਾਂ ਆਪਣੇ ਸਰਾਪ ਦੇਣ ਵਾਲਿਆਂ ਨੂੰ ਅਸੀਸ ਦੇਵੋ ਅਤੇ ਆਪਣੇ ਨਾਲ ਬੁਰਾ ਵਰਤਾਅ ਕਰਨ ਵਾਲਿਆਂ ਲਈ ਪ੍ਰਾਰਥਨਾ ਕਰੋ । ਜੇਕਰ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦਿਓ । ਇਸੇ ਤਰ੍ਹਾਂ ਜੇਕਰ ਕੋਈ ਤੁਹਾਡੀ ਚਾਦਰ ਲੈ ਲਵੇ ਤਾਂ ਉਸ ਨੂੰ ਆਪਣਾ ਕੁੜਤਾ ਵੀ ਦੇ ਦੇਵੋ । ਜੇਕਰ ਤੁਹਾਡੇ ਤੋਂ ਕੋਈ ਮੰਗੇ ਤਾਂ ਉਸ ਨੂੰ ਜ਼ਰੂਰ ਦਿਓ ਅਤੇ ਜਿਸ ਨੂੰ ਕੁਝ ਦੇ ਦਿਓ, ਉਸ ਤੋਂ ਵਾਪਸ ਨਾ ਲਵੋ । ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਵਰਤਣ, ਉਸੇ ਤਰ੍ਹਾਂ ਤੁਸੀਂ ਵੀ ਉਹਨਾਂ ਨਾਲ ਵਰਤੋ । “ਜੇਕਰ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨਾਲ ਹੀ ਪਿਆਰ ਕਰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਕਿਉਂਕਿ ਬੁਰੇ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ । ਜੇਕਰ ਤੁਸੀਂ ਆਪਣੇ ਭਲਾਈ ਕਰਨ ਵਾਲਿਆਂ ਨਾਲ ਹੀ ਭਲਾਈ ਕਰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਇਸ ਤਰ੍ਹਾਂ ਤਾਂ ਬੁਰੇ ਲੋਕ ਵੀ ਕਰਦੇ ਹਨ । ਜੇਕਰ ਤੁਸੀਂ ਵਾਪਸ ਲੈਣ ਦੇ ਲਈ ਹੀ ਉਧਾਰ ਦਿੰਦੇ ਹੋ ਤਾਂ ਇਹ ਕਿਹੜੀ ਵੱਡੀ ਗੱਲ ਹੈ? ਕਿਉਂਕਿ ਇਸ ਤਰ੍ਹਾਂ ਤਾਂ ਪਾਪੀ ਵੀ ਇੱਕ ਦੂਜੇ ਨੂੰ ਉਧਾਰ ਦਿੰਦੇ ਹਨ ਕਿ ਜਿੰਨਾ ਉਹਨਾਂ ਨੇ ਦਿੱਤਾ ਹੈ, ਉੱਨਾਂ ਹੀ ਵਾਪਸ ਲੈਣ । ਸਗੋਂ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾਈ ਕਰੋ । ਉਧਾਰ ਦੇਵੋ ਪਰ ਵਾਪਸ ਲੈਣ ਦੀ ਉਮੀਦ ਨਾਲ ਨਹੀਂ । ਤੁਹਾਨੂੰ ਇਸ ਦੇ ਬਦਲੇ ਬਹੁਤ ਇਨਾਮ ਮਿਲੇਗਾ ਅਤੇ ਤੁਸੀਂ ਪਰਮ ਪ੍ਰਧਾਨ ਪਰਮੇਸ਼ਰ ਦੀ ਸੰਤਾਨ ਹੋਵੋਗੇ, ਕਿਉਂਕਿ ਉਹ ਆਪ ਨਾਸ਼ੁਕਰਿਆਂ ਅਤੇ ਬੁਰਿਆਂ ਦੋਨਾਂ ਉੱਤੇ ਦਇਆ ਕਰਦੇ ਹਨ । ਇਸ ਲਈ ਜਿਸ ਤਰ੍ਹਾਂ ਤੁਹਾਡਾ ਪਿਤਾ ਦਿਆਲੂ ਹੈ, ਤੁਸੀਂ ਵੀ ਦਿਆਲੂ ਬਣੋ ।” “ਦੂਜਿਆਂ ਉੱਤੇ ਦੋਸ਼ ਨਾ ਲਾਓ ਤਾਂ ਪਰਮੇਸ਼ਰ ਵੀ ਤੁਹਾਡੇ ਉੱਤੇ ਦੋਸ਼ ਨਹੀਂ ਲਾਉਣਗੇ । ਦੂਜਿਆਂ ਦੀ ਨਿੰਦਾ ਨਾ ਕਰੋ ਤਾਂ ਤੁਹਾਡੀ ਵੀ ਨਿੰਦਾ ਨਹੀਂ ਕੀਤੀ ਜਾਵੇਗੀ । ਦੂਜਿਆਂ ਨੂੰ ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ । ਦੂਜਿਆਂ ਨੂੰ ਦੇਵੋ ਤਾਂ ਪਰਮੇਸ਼ਰ ਵੀ ਤੁਹਾਨੂੰ ਦੇਣਗੇ । ਉਹ ਤੁਹਾਨੂੰ ਚੰਗੀ ਤਰ੍ਹਾਂ ਦੱਬ ਦੱਬ ਕੇ; ਹਿਲਾ ਹਿਲਾ ਕੇ ਅਤੇ ਬਾਹਰ ਡੁੱਲ੍ਹਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਉਣਗੇ । ਕਿਉਂਕਿ ਜਿਸ ਨਾਪ ਨਾਲ ਤੁਸੀਂ ਦੂਜਿਆਂ ਨੂੰ ਦਿੰਦੇ ਹੋ, ਉਸੇ ਨਾਲ ਪਰਮੇਸ਼ਰ ਤੁਹਾਨੂੰ ਦੇਣਗੇ ।” ਫਿਰ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ: “ਕੀ ਇੱਕ ਅੰਨ੍ਹਾਂ ਮਨੁੱਖ ਦੂਜੇ ਅੰਨ੍ਹੇ ਨੂੰ ਰਾਹ ਦਿਖਾ ਸਕਦਾ ਹੈ? ਕੀ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ? ਚੇਲਾ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ ਪਰ ਸਿੱਖਿਆ ਲੈਣ ਦੇ ਬਾਅਦ ਉਹ ਗੁਰੂ ਵਰਗਾ ਹੋ ਜਾਂਦਾ ਹੈ । “ਤੂੰ ਆਪਣੇ ਭਰਾ ਦੀ ਅੱਖ ਦੇ ਤੀਲੇ ਨੂੰ ਕਿਉਂ ਦੇਖਦਾ ਹੈਂ? ਕੀ ਤੈਨੂੰ ਆਪਣੀ ਅੱਖ ਵਿਚਲਾ ਸ਼ਤੀਰ ਦਿਖਾਈ ਨਹੀਂ ਦਿੰਦਾ? ਤੂੰ ਕਿਸ ਤਰ੍ਹਾਂ ਕਹਿੰਦਾ ਹੈਂ: ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਤੀਲਾ ਕੱਢ ਦੇਵਾਂ,’ ਕੀ ਤੂੰ ਆਪਣੀ ਅੱਖ ਵਿਚਲਾ ਸ਼ਤੀਰ ਨਹੀਂ ਦੇਖਦਾ? ਪਖੰਡੀ, ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਤਾਂ ਤੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਤੀਲਾ ਕੱਢ ਸਕੇਂਗਾ ।” “ਚੰਗੇ ਰੁੱਖ ਨੂੰ ਬੁਰਾ ਫਲ ਨਹੀਂ ਲੱਗਦਾ ਅਤੇ ਨਾ ਬੁਰੇ ਰੁੱਖ ਨੂੰ ਚੰਗਾ ਫਲ ਲੱਗਦਾ ਹੈ । ਹਰ ਰੁੱਖ ਦੀ ਪਛਾਣ ਉਸ ਦੇ ਫਲ ਤੋਂ ਹੁੰਦੀ ਹੈ । ਲੋਕ ਕੰਡਿਆਲੀ ਝਾੜੀਆਂ ਤੋਂ ਅੰਜੀਰ ਨਹੀਂ ਤੋੜਦੇ ਅਤੇ ਨਾ ਹੀ ਕੰਡਿਆਂ ਵਾਲੀ ਬੇਰੀ ਤੋਂ ਅੰਗੂਰਾਂ ਦੇ ਗੁੱਛੇ । ਚੰਗਾ ਆਦਮੀ ਆਪਣੇ ਦਿਲ ਦੇ ਚੰਗੇ ਖ਼ਜ਼ਾਨੇ ਵਿੱਚੋਂ ਚੰਗੀਆਂ ਚੀਜ਼ਾਂ ਕੱਢਦਾ ਹੈ । ਇਸੇ ਤਰ੍ਹਾਂ ਬੁਰਾ ਆਦਮੀ ਆਪਣੇ ਦਿਲ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆਂ ਚੀਜ਼ਾਂ ਕੱਢਦਾ ਹੈ; ਕਿਉਂਕਿ ਜੋ ਆਦਮੀ ਦੇ ਦਿਲ ਵਿੱਚ ਭਰਿਆ ਹੈ, ਉਹ ਹੀ ਉਹ ਆਪਣੇ ਮੂੰਹ ਨਾਲ ਕਹਿੰਦਾ ਹੈ ।” “ਜਦੋਂ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਹੀਂ ਮੰਨਦੇ ਤਾਂ ਮੈਨੂੰ ਫਿਰ ‘ਪ੍ਰਭੂ, ਪ੍ਰਭੂ’ ਕਿਉੁਂ ਕਹਿੰਦੇ ਹੋ? ਜੋ ਮੇਰੇ ਕੋਲ ਆਉਂਦਾ ਹੈ, ਮੇਰੀਆਂ ਗੱਲਾਂ ਸੁਣਦਾ ਹੈ ਅਤੇ ਉਹਨਾਂ ਦੀ ਪਾਲਣਾ ਕਰਦਾ ਹੈ; ਉਹ ਮਨੁੱਖ ਕਿਸ ਵਰਗਾ ਹੈ, ਮੈਂ ਤੁਹਾਨੂੰ ਸਮਝਾਉਂਦਾ ਹਾਂ: ਉਹ ਉਸ ਮਨੁੱਖ ਦੀ ਤਰ੍ਹਾਂ ਹੈ ਜਿਸ ਨੇ ਘਰ ਬਣਾਉਣ ਲੱਗਿਆਂ ਡੂੰਘੀ ਜ਼ਮੀਨ ਪੁੱਟ ਕੇ ਪੱਥਰ ਉੱਤੇ ਨੀਂਹ ਰੱਖੀ । ਇਸ ਲਈ ਜਦੋਂ ਹੜ੍ਹ ਆਇਆ ਅਤੇ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਉਸ ਘਰ ਨਾਲ ਟਕਰਾਈਆਂ ਤਾਂ ਉਸ ਦਾ ਕੁਝ ਨਾ ਵਿਗੜਿਆ ਕਿਉਂਕਿ ਉਸ ਦੀਆਂ ਨੀਹਾਂ ਪੱਕੀਆਂ ਅਤੇ ਡੂੰਘੀਆਂ ਸਨ । ਇਸ ਲਈ ਉਹ ਮਨੁੱਖ ਜੋ ਮੇਰੀਆਂ ਗੱਲਾਂ ਸੁਣਦਾ ਅਤੇ ਉਹਨਾਂ ਦੀ ਪਾਲਣਾ ਨਹੀਂ ਕਰਦਾ, ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਜ਼ਮੀਨ ਉੱਤੇ ਬਿਨਾਂ ਨੀਂਹ ਪੁੱਟਿਆਂ ਘਰ ਬਣਾਇਆ । ਇਸ ਲਈ ਜਦੋਂ ਉਸ ਘਰ ਨਾਲ ਪਾਣੀ ਦੀਆਂ ਜ਼ੋਰਦਾਰ ਲਹਿਰਾਂ ਟਕਰਾਈਆਂ ਤਾਂ ਉਹ ਡਿੱਗ ਪਿਆ ਅਤੇ ਨਾਸ਼ ਹੋ ਗਿਆ!” ਇਹ ਸਾਰੀਆਂ ਗੱਲਾਂ ਲੋਕਾਂ ਨੂੰ ਕਹਿਣ ਦੇ ਬਾਅਦ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ । ਉੱਥੇ ਇੱਕ ਰੋਮੀ ਸੂਬੇਦਾਰ ਦਾ ਨੌਕਰ ਬਿਮਾਰੀ ਕਾਰਨ ਮਰਨ ਵਾਲਾ ਸੀ । ਸੂਬੇਦਾਰ ਨੌਕਰ ਨੂੰ ਬਹੁਤ ਪਿਆਰ ਕਰਦਾ ਸੀ । ਜਦੋਂ ਸੂਬੇਦਾਰ ਨੇ ਯਿਸੂ ਦੇ ਬਾਰੇ ਸੁਣਿਆ ਤਾਂ ਉਸ ਨੇ ਯਹੂਦੀਆਂ ਦੇ ਕੁਝ ਬਜ਼ੁਰਗ ਆਗੂਆਂ ਨੂੰ ਯਿਸੂ ਕੋਲ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰਨ । ਬਜ਼ੁਰਗ ਆਗੂ ਯਿਸੂ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਇਹ ਮਨੁੱਖ ਤੁਹਾਡੀ ਕਿਰਪਾ ਦੇ ਯੋਗ ਹੈ ਕਿਉਂਕਿ ਉਹ ਸਾਡੀ ਯਹੂਦੀ ਕੌਮ ਨਾਲ ਪਿਆਰ ਕਰਦਾ ਹੈ । ਉਸ ਨੇ ਸਾਡੇ ਲਈ ਇੱਕ ਪ੍ਰਾਰਥਨਾ ਘਰ ਬਣਾਇਆ ਹੈ ।” ਇਸ ਲਈ ਯਿਸੂ ਉਹਨਾਂ ਦੇ ਨਾਲ ਗਏ । ਉਹ ਸੂਬੇਦਾਰ ਦੇ ਘਰ ਤੋਂ ਅਜੇ ਥੋੜ੍ਹੀ ਦੂਰ ਹੀ ਸਨ ਕਿ ਸੂਬੇਦਾਰ ਨੇ ਆਪਣੇ ਮਿੱਤਰਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਸੀਂ ਕਸ਼ਟ ਨਾ ਕਰੋ । ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੇ ਘਰ ਆਵੋ । ਇਸੇ ਲਈ ਤਾਂ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਿਆ ਕਿ ਮੈਂ ਆਪ ਤੁਹਾਡੇ ਕੋਲ ਆਵਾਂ । ਬੱਸ, ਤੁਸੀਂ ਇੱਕ ਸ਼ਬਦ ਹੀ ਕਹਿ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ । ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ’ ਤਾਂ ਉਹ ਕਰਦਾ ਹੈ ।” ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਆਪਣੇ ਪਿੱਛੇ ਆਉਣ ਵਾਲਿਆਂ ਵੱਲ ਮੁੜੇ ਅਤੇ ਕਿਹਾ, “ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਵਿੱਚ ਵੀ ਨਹੀਂ ਦੇਖਿਆ!” ਸੂਬੇਦਾਰ ਦੇ ਭੇਜੇ ਹੋਏ ਲੋਕ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਨੌਕਰ ਨੂੰ ਚੰਗਾ ਹੋਇਆ ਦੇਖਿਆ । ਇਸ ਦੇ ਬਾਅਦ ਯਿਸੂ ਨਾਇਨ ਨਾਂ ਦੇ ਸ਼ਹਿਰ ਨੂੰ ਗਏ । ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਅਤੇ ਬਹੁਤ ਸਾਰੇ ਲੋਕ ਵੀ ਸਨ । ਜਦੋਂ ਯਿਸੂ ਉਸ ਸ਼ਹਿਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਪਹੁੰਚੇ ਤਾਂ ਲੋਕ ਇੱਕ ਮੁਰਦਾ ਆਦਮੀ ਨੂੰ ਬਾਹਰ ਲੈ ਕੇ ਆ ਰਹੇ ਸਨ । ਉਹ ਆਪਣੀ ਮਾਂ ਦਾ ਇੱਕੋ ਇੱਕ ਪੁੱਤਰ ਸੀ ਜੋ ਵਿਧਵਾ ਸੀ । ਉਸ ਦੇ ਨਾਲ ਸ਼ਹਿਰ ਦੇ ਬਹੁਤ ਸਾਰੇ ਲੋਕ ਸਨ । ਜਦੋਂ ਪ੍ਰਭੂ ਯਿਸੂ ਨੇ ਉਸ ਵਿਧਵਾ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ । ਉਹਨਾਂ ਨੇ ਉਸ ਨੂੰ ਆਖਿਆ, “ਨਾ ਰੋ ।” ਫਿਰ ਉਹਨਾਂ ਨੇ ਅੱਗੇ ਜਾ ਕੇ ਅਰਥੀ ਨੂੰ ਛੂਹਿਆ ਅਤੇ ਅਰਥੀ ਦੇ ਚੁੱਕਣ ਵਾਲੇ ਰੁਕ ਗਏ । ਯਿਸੂ ਨੇ ਉਸ ਮੁਰਦਾ ਜਵਾਨ ਨੂੰ ਕਿਹਾ, “ਮੈਂ ਕਹਿੰਦਾ ਹਾਂ, ਉੱਠ!” ਉਹ ਮੁਰਦਾ ਜਵਾਨ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ । ਯਿਸੂ ਨੇ ਜਵਾਨ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ । ਇਹ ਦੇਖ ਕੇ ਸਾਰੇ ਲੋਕਾਂ ਉੱਤੇ ਡਰ ਛਾ ਗਿਆ । ਉਹ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿੱਚ ਇੱਕ ਮਹਾਨ ਨਬੀ ਪ੍ਰਗਟ ਹੋਏ ਹਨ । ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ ।” ਇਸ ਘਟਨਾ ਨਾਲ ਯਿਸੂ ਦੀ ਚਰਚਾ ਸਾਰੇ ਯਹੂਦਿਯਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ । ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਪ੍ਰਭੂ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ । ਇਸ ਲਈ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਸੱਦਿਆ ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕੀ ਆਉਣ ਵਾਲੇ ਜਿਹਨਾਂ ਬਾਰੇ ਯੂਹੰਨਾ ਨੇ ਕਿਹਾ ਸੀ, ਤੁਸੀਂ ਹੀ ਹੋ ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ?” ਉਹ ਯਿਸੂ ਕੋਲ ਆਏ ਅਤੇ ਉਹਨਾਂ ਤੋਂ ਪੁੱਛਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੁਹਾਡੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲੇ ਤੁਸੀਂ ਹੀ ਹੋ, ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ?” ਉਸੇ ਸਮੇਂ ਯਿਸੂ ਨੇ ਬਹੁਤ ਸਾਰੇ ਰੋਗੀਆਂ ਅਤੇ ਕਮਜ਼ੋਰਾਂ ਨੂੰ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ । ਉਹਨਾਂ ਨੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖੇ ਕੀਤਾ । ਫਿਰ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਕਿਹਾ, “ਜਾਓ, ਅਤੇ ਜੋ ਕੁਝ ਤੁਸੀਂ ਦੇਖਿਆ ਅਤੇ ਸੁਣਿਆ ਹੈ, ਉਹ ਯੂਹੰਨਾ ਨੂੰ ਦੱਸੋ: ਅੰਨ੍ਹੇ ਦੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ । ਧੰਨ ਹੈ ਉਹ ਜੋ ਮੇਰੇ ਉੱਤੇ ਸ਼ੱਕ ਨਹੀਂ ਕਰਦਾ ।” ਜਦੋਂ ਯੂਹੰਨਾ ਦੇ ਭੇਜੇ ਹੋਏ ਸੰਦੇਸ਼ਵਾਹਕ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਿਆ, “ਤੁਸੀਂ ਸੁੰਨਸਾਨ ਥਾਂ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਹਵਾ ਨਾਲ ਹਿੱਲਣ ਵਾਲੇ ਕਾਨੇ ਨੂੰ? ਫਿਰ ਤੁਸੀਂ ਕੀ ਦੇਖਣ ਗਏ ਸੀ? ਕੀ ਉਸ ਆਦਮੀ ਨੂੰ ਜਿਸ ਨੇ ਵਧੀਆ ਕੱਪੜੇ ਪਾਏ ਹੋਏ ਸਨ? ਜਿਹੜੇ ਰਾਜਿਆਂ ਵਾਲੇ ਕੱਪੜੇ ਪਾਉਂਦੇ ਹਨ ਅਤੇ ਐਸ਼ ਕਰਦੇ ਹਨ, ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ । ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਨਬੀ ਤੋਂ ਵੀ ਕਿਤੇ ਵੱਡੇ ਨੂੰ । ਉਸ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: ‘ਦੇਖ ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ ਜੋ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ।’ “ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ । ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਵੀ ਉਸ ਤੋਂ ਵੱਡਾ ਹੈ ।” (ਆਮ ਲੋਕਾਂ ਅਤੇ ਟੈਕਸ ਲੈਣ ਵਾਲਿਆਂ ਨੇ ਯੂਹੰਨਾ ਦਾ ਉਪਦੇਸ਼ ਸੁਣਿਆ ਅਤੇ ਉਸ ਤੋਂ ਬਪਤਿਸਮਾ ਲਿਆ । ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਦੇ ਉਦੇਸ਼ ਨੂੰ ਮੰਨਿਆ । ਪਰ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਪਰਮੇਸ਼ਰ ਦੇ ਇਸ ਉਦੇਸ਼ ਨੂੰ ਨਹੀਂ ਮੰਨਿਆ ਅਤੇ ਯੂਹੰਨਾ ਕੋਲੋਂ ਬਪਤਿਸਮਾ ਨਹੀਂ ਲਿਆ ।) “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਕਿਸ ਵਰਗੇ ਹਨ? ਇਹ ਬਜ਼ਾਰ ਵਿੱਚ ਬੈਠੇ ਹੋਏ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਪੁਕਾਰ ਕੇ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬਾਂਸੁਰੀ ਵਜਾਈ, ਪਰ ਤੁਸੀਂ ਨਾ ਨੱਚੇ, ਅਸੀਂ ਵੈਣ ਪਾਏ, ਪਰ ਤੁਸੀਂ ਨਾ ਰੋਏ ।’ “ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ; ਉਹ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਸੀ ਪਰ ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਸ ਵਿੱਚ ਅਸ਼ੁੱਧ ਆਤਮਾ ਹੈ ।’ ਪਰ ਮਨੁੱਖ ਦਾ ਪੁੱਤਰ ਆਇਆ, ਉਹ ਖਾਂਦਾ ਅਤੇ ਪੀਂਦਾ ਹੈ । ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਹ ਖਾਊ ਅਤੇ ਪਿਆਕੜ ਹੈ । ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ’ ਪਰ ਪਰਮੇਸ਼ਰ ਦਾ ਗਿਆਨ ਉਹਨਾਂ ਸਾਰੇ ਲੋਕਾਂ ਦੁਆਰਾ ਸੱਚਾ ਸਿੱਧ ਹੁੰਦਾ ਹੈ ਜਿਹੜੇ ਉਸ ਨੂੰ ਸਵੀਕਾਰ ਕਰਦੇ ਹਨ ।” ਇੱਕ ਫ਼ਰੀਸੀ ਨੇ ਪ੍ਰਭੂ ਯਿਸੂ ਨੂੰ ਆਪਣੇ ਘਰ ਭੋਜਨ ਦੇ ਲਈ ਸੱਦਾ ਦਿੱਤਾ । ਪ੍ਰਭੂ ਯਿਸੂ ਉਸ ਦੇ ਘਰ ਗਏ ਅਤੇ ਭੋਜਨ ਕਰਨ ਦੇ ਲਈ ਬੈਠੇ । ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਉਸ ਫ਼ਰੀਸੀ ਦੇ ਘਰ ਭੋਜਨ ਕਰ ਰਹੇ ਹਨ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ । ਉਹ ਯਿਸੂ ਦੇ ਪਿੱਛੇ, ਪੈਰਾਂ ਦੇ ਕੋਲ ਖੜ੍ਹੀ ਹੋ ਕੇ ਰੋਣ ਲੱਗੀ । ਉਹ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਭਿਉਂ ਰਹੀ ਸੀ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝ ਰਹੀ ਸੀ । ਉਹ ਯਿਸੂ ਦੇ ਪੈਰਾਂ ਨੂੰ ਵਾਰ ਵਾਰ ਚੁੰਮ ਰਹੀ ਸੀ ਅਤੇ ਪੈਰਾਂ ਉੱਤੇ ਅਤਰ ਲਾ ਰਹੀ ਸੀ । ਜਦੋਂ ਫ਼ਰੀਸੀ ਜਿਸ ਨੇ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਇਹ ਹੁੰਦਾ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਾ, “ਜੇਕਰ ਇਹ ਆਦਮੀ ਨਬੀ ਹੁੰਦਾ ਤਾਂ ਇਹ ਜਾਣ ਲੈਂਦਾ ਕਿ ਇਹ ਔਰਤ ਜੋ ਇਸ ਨੂੰ ਛੂਹ ਰਹੀ ਹੈ, ਉਹ ਪਾਪਣ ਹੈ ।” ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ।” ਉਸ ਨੇ ਉੱਤਰ ਦਿੱਤਾ, “ਗੁਰੂ ਜੀ, ਕਹੋ ।” ਯਿਸੂ ਨੇ ਕਿਹਾ, “ਦੋ ਆਦਮੀ ਕਿਸੇ ਸ਼ਾਹੂਕਾਰ ਦੇ ਕਰਜ਼ਦਾਰ ਸਨ । ਇੱਕ ਪੰਜ ਸੌ ਰੁਪਏ ਦਾ ਅਤੇ ਦੂਜਾ ਪੰਜਾਹ ਰੁਪਏ ਦਾ । ਜਦੋਂ ਉਹਨਾਂ ਦੋਨਾਂ ਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਸ਼ਾਹੂਕਾਰ ਨੇ ਦੋਨਾਂ ਨੂੰ ਮਾਫ਼ ਕਰ ਦਿੱਤਾ । ਇਸ ਲਈ ਉਹਨਾਂ ਦੋਨਾਂ ਵਿੱਚੋਂ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੇਗਾ?” ਸ਼ਮਊਨ ਨੇ ਉੱਤਰ ਦਿੱਤਾ, “ਮੈਂ ਸਮਝਦਾ ਹਾਂ, ਉਹ ਆਦਮੀ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ ਜਿਸ ਦਾ ਜ਼ਿਆਦਾ ਮਾਫ਼ ਕੀਤਾ ਗਿਆ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ ।” ਫਿਰ ਯਿਸੂ ਨੇ ਉਸ ਔਰਤ ਵੱਲ ਇਸ਼ਾਰਾ ਕਰਦੇ ਹੋਏ ਸ਼ਮਊਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਦੇਖ ਰਿਹਾ ਹੈਂ? ਮੈਂ ਤੇਰੇ ਘਰ ਆਇਆ ਹਾਂ । ਤੂੰ ਮੇਰੇ ਪੈਰ ਧੋਣ ਲਈ ਪਾਣੀ ਤੱਕ ਨਾ ਦਿੱਤਾ ਪਰ ਇਸ ਔਰਤ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਉਂਏ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ । ਤੂੰ ਮੇਰੇ ਸੁਆਗਤ ਵਿੱਚ ਮੈਨੂੰ ਚੁੰਮਿਆ ਤੱਕ ਨਹੀਂ ਪਰ ਇਹ ਔਰਤ ਜਦੋਂ ਤੋਂ ਮੈਂ ਆਇਆਂ ਹਾਂ, ਮੇਰੇ ਪੈਰਾਂ ਨੂੰ ਚੁੰਮ ਰਹੀ ਹੈ । ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਲਾਇਆ ਪਰ ਇਸ ਨੇ ਮੇਰੇ ਪੈਰਾਂ ਉੱਤੇ ਅਤਰ ਲਾਇਆ ਹੈ । ਮੈਂ ਤੈਨੂੰ ਦੱਸਦਾ ਹਾਂ ਕਿ ਇਸ ਦਾ ਬਹੁਤਾ ਪਿਆਰ ਇਹ ਹੀ ਸਿੱਧ ਕਰਦਾ ਹੈ ਕਿ ਇਸ ਦੇ ਬਹੁਤੇ ਪਾਪ ਮਾਫ਼ ਹੋ ਗਏ ਹਨ; ਪਰ ਜਿਸ ਦੇ ਥੋੜ੍ਹੇ ਪਾਪ ਮਾਫ਼ ਹੋਏ ਹਨ, ਉਹ ਥੋੜ੍ਹਾ ਪਿਆਰ ਕਰਦਾ ਹੈ ।” ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਹੋ ਗਏ ਹਨ ।” ਜਿਹੜੇ ਯਿਸੂ ਦੇ ਨਾਲ ਭੋਜਨ ਕਰ ਰਹੇ ਸਨ, ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ?” ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਮੁਕਤ ਕੀਤਾ ਹੈ, ਸ਼ਾਂਤੀ ਨਾਲ ਜਾ ।” ਇਸ ਦੇ ਬਾਅਦ ਯਿਸੂ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਜਾ ਕੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਲੋਕਾਂ ਨੂੰ ਸੁਣਾਉਂਦੇ ਸਨ । ਉਹਨਾਂ ਦੇ ਨਾਲ ਬਾਰ੍ਹਾਂ ਚੇਲੇ ਸਨ ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ ਜਿਹਨਾਂ ਵਿੱਚੋਂ ਯਿਸੂ ਨੇ ਅਸ਼ੁੱਧ ਆਤਮਾਵਾਂ ਕੱਢੀਆਂ ਸਨ ਅਤੇ ਬਿਮਾਰੀਆਂ ਤੋਂ ਚੰਗਾ ਕੀਤਾ ਸੀ । ਉਹਨਾਂ ਔਰਤਾਂ ਦੇ ਨਾਂ ਇਹ ਸਨ: ਮਰੀਅਮ (ਜਿਸ ਨੂੰ ਮਗਦਲੀਨੀ ਕਹਿੰਦੇ ਸਨ, ਉਸ ਵਿੱਚੋਂ ਯਿਸੂ ਨੇ ਸੱਤ ਅਸ਼ੁੱਧ ਆਤਮਾਵਾਂ ਕੱਢੀਆਂ ਸਨ), ਰਾਜਾ ਹੇਰੋਦੇਸ ਦੇ ਭੰਡਾਰੀ ਖੂਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਕਈ ਹੋਰ ਔਰਤਾਂ । ਇਹ ਸਭ ਆਪਣੇ ਧਨ ਨਾਲ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੀ ਸੇਵਾ ਕਰਦੀਆਂ ਸਨ । ਯਿਸੂ ਕੋਲ ਕਈ ਸ਼ਹਿਰਾਂ ਤੋਂ ਲੋਕ ਆਉਂਦੇ ਸਨ । ਇੱਕ ਦਿਨ ਉਹਨਾਂ ਕੋਲ ਬਹੁਤ ਲੋਕ ਇਕੱਠੇ ਹੋ ਗਏ । ਯਿਸੂ ਨੇ ਉਹਨਾਂ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ: “ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । ਜਦੋਂ ਉਹ ਛੱਟਾ ਦੇ ਰਿਹਾ ਸੀ, ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਜਾ ਡਿੱਗੇ । ਉਸ ਬੀਜ ਦਾ ਕੁਝ ਹਿੱਸਾ ਰਾਹੀਆਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਕੁਝ ਅਕਾਸ਼ ਦੇ ਪੰਛੀਆਂ ਨੇ ਚੁਗ ਲਿਆ । ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ, ਜਿਹੜੇ ਉੱਗੇ ਤਾਂ ਸਹੀ ਪਰ ਜ਼ਮੀਨ ਵਿੱਚ ਨਮੀ ਨਾ ਹੋਣ ਕਾਰਨ ਸੁੱਕ ਗਏ । ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਪਏ, ਜਿਹੜੇ ਉੱਗੇ ਪਰ ਝਾੜੀਆਂ ਵੀ ਉਹਨਾਂ ਨਾਲ ਵਧੀਆਂ ਅਤੇ ਝਾੜੀਆਂ ਨੇ ਕਰੂੰਬਲਾਂ ਨੂੰ ਦਬਾ ਦਿੱਤਾ । ਪਰ ਕੁਝ ਬੀਜ ਚੰਗੀ ਵਾਹੀ ਹੋਈ ਉਪਜਾਊ ਜ਼ਮੀਨ ਵਿੱਚ ਪਏ ਜੋ ਉੱਗੇ, ਵਧੇ ਅਤੇ ਸੌ ਗੁਣਾਂ ਫਲੇ ।” ਇਹ ਦ੍ਰਿਸ਼ਟਾਂਤ ਸੁਣਾਉਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ!” ਯਿਸੂ ਦੇ ਚੇਲਿਆਂ ਨੇ ਉਹਨਾਂ ਕੋਲੋਂ ਇਸ ਦ੍ਰਿਸ਼ਟਾਂਤ ਦਾ ਅਰਥ ਪੁੱਛਿਆ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ ਪਰ ਆਮ ਲੋਕਾਂ ਨੂੰ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਤਾਂ ਜੋ ਉਹ ਦੇਖਦੇ ਹੋਏ ਵੀ ਨਾ ਦੇਖਣ ਅਤੇ ਸਮਝਦੇ ਹੋਏ ਵੀ ਨਾ ਸਮਝਣ । “ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਰ ਦਾ ਵਚਨ ਹੈ । ਕੁਝ ਲੋਕ ਪਰਮੇਸ਼ਰ ਦਾ ਵਚਨ ਸੁਣਦੇ ਹਨ ਪਰ ਸ਼ੈਤਾਨ ਆ ਕੇ ਉਹਨਾਂ ਦੇ ਦਿਲਾਂ ਵਿੱਚੋਂ ਵਚਨ ਕੱਢ ਲੈਂਦਾ ਹੈ । ਫਿਰ ਉਹ ਲੋਕ ਵਿਸ਼ਵਾਸ ਨਹੀਂ ਲਿਆਉਂਦੇ ਅਤੇ ਮੁਕਤੀ ਤੋਂ ਦੂਰ ਰਹਿ ਜਾਂਦੇ ਹਨ । ਇਹੋ ਜਿਹੇ ਲੋਕ ਰਾਹ ਵਿੱਚ ਡਿੱਗੇ ਬੀਜ ਵਰਗੇ ਹਨ । ਕੁਝ ਲੋਕ ਬੜੀ ਖ਼ੁਸ਼ੀ ਨਾਲ ਵਚਨ ਨੂੰ ਸੁਣਦੇ ਅਤੇ ਉਸ ਨੂੰ ਮੰਨ ਵੀ ਲੈਂਦੇ ਹਨ । ਪਰ ਜਦੋਂ ਉਹਨਾਂ ਉੱਤੇ ਵਚਨ ਦੇ ਕਾਰਨ ਪਰਤਾਵੇ ਆਉਂਦੇ ਹਨ ਤਾਂ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਪੈਂਦੇ ਹਨ । ਇਹੋ ਜਿਹੇ ਲੋਕ ਪਥਰੀਲੀ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ ਜਿਹੜੇ ਜੜ੍ਹ ਨਹੀਂ ਫੜਦੇ । ਕੁਝ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਨ ਪਰ ਅੱਗੇ ਜਾ ਕੇ ਇਸ ਸੰਸਾਰ ਦੀਆਂ ਚਿੰਤਾਵਾਂ, ਭੋਗ ਵਿਲਾਸ ਅਤੇ ਸੰਸਾਰਕ ਮੋਹ ਪਰਮੇਸ਼ਰ ਦੇ ਵਚਨ ਦਾ ਅਸਰ ਸਮਾਪਤ ਕਰ ਦਿੰਦੇ ਹਨ । ਇਹੋ ਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ ਜਿਹਨਾਂ ਦਾ ਫਲ ਪੱਕਦਾ ਨਹੀਂ । ਜਿਹੜੇ ਬੀਜ ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਇਹ ਉਹਨਾਂ ਲੋਕਾਂ ਵਰਗੇ ਹਨ ਜੋ ਵਚਨ ਸੁਣ ਕੇ ਉਸ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਦੇ ਅਤੇ ਧੀਰਜ ਨਾਲ ਬਹੁਤ ਫਲ ਪੈਦਾ ਕਰਦੇ ਹਨ । ” “ਕੋਈ ਆਦਮੀ ਦੀਵਾ ਬਾਲ ਕੇ ਉਸ ਨੂੰ ਕਿਸੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ । ਜਿਹੜੀਆਂ ਚੀਜ਼ਾਂ ਲੁਕੀਆਂ ਹਨ, ਉਹ ਪ੍ਰਗਟ ਕੀਤੀਆਂ ਜਾਣਗੀਆਂ । ਜਿਹੜੀਆਂ ਗੱਲਾਂ ਗੁਪਤ ਹਨ, ਉਹ ਚਾਨਣ ਵਿੱਚ ਲਿਆਂਦੀਆਂ ਜਾਣਗੀਆਂ । “ਸੁਚੇਤ ਰਹੋ ਕਿ ਤੁਸੀਂ ਕਿਸ ਤਰ੍ਹਾਂ ਸੁਣਦੇ ਹੋ, ਕਿਉਂਕਿ ਜਿਸ ਦੇ ਕੋਲ ਹੈ, ਉਸ ਨੂੰ ਦਿੱਤਾ ਜਾਵੇਗਾ । ਜਿਸ ਦੇ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ, ਜਿਸ ਨੂੰ ਉਹ ਆਪਣਾ ਸਮਝਦਾ ਹੈ ।” ਇੱਕ ਦਿਨ ਯਿਸੂ ਦੀ ਮਾਂ ਅਤੇ ਭਰਾ ਉਹਨਾਂ ਨੂੰ ਮਿਲਣ ਲਈ ਆਏ । ਪਰ ਭੀੜ ਦੇ ਕਾਰਨ ਉਹਨਾਂ ਨੂੰ ਮਿਲ ਨਾ ਸਕੇ । ਕਿਸੇ ਨੇ ਯਿਸੂ ਨੂੰ ਜਾ ਕੇ ਦੱਸਿਆ, “ਤੁਹਾਡੀ ਮਾਂ ਅਤੇ ਭਰਾ ਤੁਹਾਨੂੰ ਮਿਲਣਾ ਚਾਹੁੰਦੇ ਹਨ । ਉਹ ਬਾਹਰ ਖੜ੍ਹੇ ਹਨ ।” ਯਿਸੂ ਨੇ ਲੋਕਾਂ ਨੂੰ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਉਸ ਦੇ ਅਨੁਸਾਰ ਚਲਦੇ ਹਨ ।” ਇੱਕ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਇੱਕ ਕਿਸ਼ਤੀ ਵਿੱਚ ਚੜ੍ਹੇ ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ ।” ਉਹਨਾਂ ਨੇ ਕਿਸ਼ਤੀ ਖੋਲ੍ਹ ਦਿੱਤੀ । ਜਦੋਂ ਉਹ ਕਿਸ਼ਤੀ ਵਿੱਚ ਜਾ ਰਹੇ ਸਨ, ਤਾਂ ਯਿਸੂ ਸੌਂ ਗਏ । ਅਚਾਨਕ ਤੇਜ਼ ਹਨੇਰੀ ਚੱਲ ਪਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ । ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ । ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਮਾਲਕ, ਮਾਲਕ! ਅਸੀਂ ਤਾਂ ਮਰ ਰਹੇ ਹਾਂ ।” ਯਿਸੂ ਉੱਠੇ ਅਤੇ ਹਨੇਰੀ ਅਤੇ ਤੂਫ਼ਾਨ ਨੂੰ ਝਿੜਕਿਆ । ਹਨੇਰੀ ਥੰਮ ਗਈ ਅਤੇ ਝੀਲ ਵਿੱਚ ਪਹਿਲੇ ਵਰਗਾ ਸ਼ਾਂਤ ਵਾਤਾਵਰਨ ਹੋ ਗਿਆ । ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਪਰ ਉਹ ਬਹੁਤ ਡਰੇ ਹੋਏ ਸਨ । ਉਹ ਹੈਰਾਨ ਵੀ ਸਨ ਅਤੇ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਹ ਕੌਣ ਹਨ? ਇਹ ਤਾਂ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦੇ ਹਨ ਅਤੇ ਉਹ ਵੀ ਇਹਨਾਂ ਦਾ ਹੁਕਮ ਮੰਨਦੇ ਹਨ ।” ਫਿਰ ਉਹ ਗਿਰਾਸੇਨ ਦੇ ਇਲਾਕੇ ਵੱਲ ਗਏ ਜੋ ਗਲੀਲ ਦੀ ਝੀਲ ਦੇ ਦੂਜੇ ਕੰਢੇ ਉੱਤੇ ਹੈ । ਜਿਵੇਂ ਹੀ ਯਿਸੂ ਕਿਸ਼ਤੀ ਵਿੱਚੋਂ ਬਾਹਰ ਆਏ, ਉਹਨਾਂ ਨੂੰ ਉਸ ਸ਼ਹਿਰ ਦਾ ਇੱਕ ਆਦਮੀ ਮਿਲਿਆ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ । ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਾਉਂਦਾ ਸੀ । ਉਹ ਘਰ ਵਿੱਚ ਰਹਿਣ ਦੀ ਬਜਾਏ ਕਬਰਾਂ ਵਿੱਚ ਰਹਿੰਦਾ ਸੀ । ਉਹ ਯਿਸੂ ਨੂੰ ਦੇਖਦਿਆਂ ਹੀ ਚੀਕ ਉੱਠਿਆ ਅਤੇ ਉਹਨਾਂ ਦੇ ਸਾਹਮਣੇ ਡਿੱਗ ਪਿਆ । ਫਿਰ ਉਹ ਉੱਚੀ ਆਵਾਜ਼ ਨਾਲ ਬੋਲਿਆ, “ਹੇ ਯਿਸੂ, ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ, ਤੁਹਾਨੂੰ ਮੇਰੇ ਨਾਲ ਕੀ ਕੰਮ ਹੈ? ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਦੁੱਖ ਨਾ ਦੇਵੋ!” ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਇਸ ਆਦਮੀ ਵਿੱਚੋਂ ਨਿਕਲ ਜਾਵੇ ਕਿਉਂਕਿ ਉਹ ਬਾਰ ਬਾਰ ਉਸ ਵਿੱਚ ਆ ਜਾਂਦੀ ਸੀ । ਲੋਕ ਉਸ ਦੇ ਹੱਥਾਂ ਪੈਰਾਂ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਦਿੰਦੇ ਸਨ । ਉਸ ਦਾ ਪਹਿਰਾ ਰੱਖਦੇ ਸਨ । ਪਰ ਉਹ ਆਦਮੀ ਬੰਧਨ ਤੋੜ ਦਿੰਦਾ ਸੀ ਅਤੇ ਅਸ਼ੁੱਧ ਆਤਮਾ ਉਸ ਨੂੰ ਸੁੰਨਸਾਨ ਥਾਵਾਂ ਵਿੱਚ ਲੈ ਜਾਂਦੀ ਸੀ । ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਨਾਂ ਕੀ ਹੈ?” ਉਸ ਨੇ ਉੱਤਰ ਦਿੱਤਾ, “ਲਸ਼ਕਰ,” ਕਿਉਂਕਿ ਉਸ ਆਦਮੀ ਵਿੱਚ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਸਨ । ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਪਤਾਲ ਵਿੱਚ ਜਾਣ ਦਾ ਹੁਕਮ ਨਾ ਦਿਓ ।” ਉੱਥੇ ਨੇੜੇ ਹੀ ਪਹਾੜ ਉੱਤੇ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ । ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ । ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ । ਅਸ਼ੁੱਧ ਆਤਮਾਵਾਂ ਇਕਦਮ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ । ਜਦੋਂ ਚਰਵਾਹਿਆਂ ਨੇ ਇਹ ਦੇਖਿਆ ਤਾਂ ਉਹ ਉੱਥੋਂ ਦੌੜੇ ਅਤੇ ਸ਼ਹਿਰ ਅਤੇ ਪਿੰਡਾਂ ਵਿੱਚ ਜਾ ਕੇ ਇਹ ਸਮਾਚਾਰ ਸੁਣਾਇਆ । ਇਹ ਸੁਣ ਕੇ ਲੋਕ ਜੋ ਕੁਝ ਵਾਪਰਿਆ ਸੀ ਦੇਖਣ ਦੇ ਲਈ ਬਾਹਰ ਆਏ । ਜਦੋਂ ਉਹ ਯਿਸੂ ਕੋਲ ਪਹੁੰਚੇ, ਉਹਨਾਂ ਨੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਕੱਪੜੇ ਪਾਏ ਅਤੇ ਹੋਸ਼ ਸੰਭਾਲੇ ਯਿਸੂ ਦੇ ਚਰਨਾਂ ਕੋਲ ਬੈਠੇ ਦੇਖਿਆ । ਇਹ ਦੇਖ ਕੇ ਉਹ ਬਹੁਤ ਡਰ ਗਏ । ਜਿਹਨਾਂ ਨੇ ਇਹ ਘਟਨਾ ਆਪਣੀ ਅੱਖੀਂ ਦੇਖੀ ਸੀ, ਉਹਨਾਂ ਨੇ ਵੀ ਲੋਕਾਂ ਨੂੰ ਦੱਸਿਆ ਕਿ ਇਹ ਅਸ਼ੁੱਧ ਆਤਮਾਵਾਂ ਵਾਲਾ ਆਦਮੀ ਕਿਸ ਤਰ੍ਹਾਂ ਚੰਗਾ ਹੋਇਆ ਹੈ । ਲੋਕ ਬਹੁਤ ਹੀ ਡਰ ਗਏ । ਇਸ ਲਈ ਗਿਰਾਸੇਨ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ । ਇਸ ਲਈ ਯਿਸੂ ਕਿਸ਼ਤੀ ਵਿੱਚ ਬੈਠ ਕੇ ਉੱਥੋਂ ਚਲੇ ਗਏ । ਜਿਸ ਆਦਮੀ ਵਿੱਚੋਂ ਅਸ਼ੁੱਧ ਆਤਮਾਵਾਂ ਨਿਕਲੀਆਂ ਸਨ, ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਆਪਣੇ ਨਾਲ ਜਾਣ ਦਿਓ ।” ਪਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਕਿਹਾ, “ਆਪਣੇ ਘਰ ਨੂੰ ਵਾਪਸ ਚਲਾ ਜਾ ਅਤੇ ਜੋ ਕੰਮ ਪਰਮੇਸ਼ਰ ਨੇ ਤੇਰੇ ਲਈ ਕੀਤਾ ਹੈ, ਉਸ ਬਾਰੇ ਸਾਰਿਆਂ ਨੂੰ ਦੱਸ ।” ਉਹ ਚਲਾ ਗਿਆ ਅਤੇ ਆਪਣੇ ਸਾਰੇ ਸ਼ਹਿਰ ਵਿੱਚ, ਸਾਰੇ ਲੋਕਾਂ ਨੂੰ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਹੈ । ਜਦੋਂ ਯਿਸੂ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਉਹ ਉਹਨਾਂ ਦੀ ਉਡੀਕ ਕਰ ਰਹੇ ਸਨ । ਜੈਰੁਸ ਨਾਂ ਦਾ ਇੱਕ ਆਦਮੀ ਉੱਥੇ ਆਇਆ । ਉਹ ਪ੍ਰਾਰਥਨਾ ਘਰ ਦਾ ਅਧਿਕਾਰੀ ਸੀ । ਉਹ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਘਰ ਚੱਲਣ ਕਿਉਂਕਿ ਉਸ ਦੀ ਇੱਕਲੌਤੀ ਧੀ ਜੋ ਲਗਭਗ ਬਾਰ੍ਹਾਂ ਸਾਲ ਦੀ ਸੀ ਉਹ ਮਰਨ ਵਾਲੀ ਸੀ । ਜਦੋਂ ਯਿਸੂ ਜੈਰੁਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ । ਭੀੜ ਵਿੱਚ ਇੱਕ ਔਰਤ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ‘ਰਤਵਾਹਣ’ ਦਾ ਰੋਗ ਸੀ । ਉਸ ਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਲਾਜ ਉੱਤੇ ਖ਼ਰਚ ਕਰ ਦਿੱਤਾ ਸੀ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ । ਉਹ ਭੀੜ ਵਿੱਚ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਸ ਨੇ ਯਿਸੂ ਦੇ ਚੋਗੇ ਦਾ ਪੱਲਾ ਛੂਹ ਲਿਆ । ਉਹ ਪੱਲਾ ਛੂਹਦਿਆਂ ਹੀ ਚੰਗੀ ਹੋ ਗਈ । ਯਿਸੂ ਨੇ ਲੋਕਾਂ ਤੋਂ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ ਹੈ?” ਜਦੋਂ ਸਾਰਿਆਂ ਨੇ ਇਨਕਾਰ ਕੀਤਾ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਮਾਲਕ, ਤੁਸੀਂ ਭੀੜ ਨਾਲ ਘਿਰੇ ਹੋਏ ਹੋ । ਲੋਕ ਚਾਰੇ ਪਾਸਿਆਂ ਤੋਂ ਤੁਹਾਡੇ ਉੱਤੇ ਡਿੱਗਦੇ ਪਏ ਹਨ, ਫਿਰ ਵੀ ਤੁਸੀਂ ਪੁੱਛ ਰਹੇ ਹੋ, ‘ਮੈਨੂੰ ਕਿਸ ਨੇ ਛੂਹਿਆ ਹੈ?’” ਪਰ ਯਿਸੂ ਨੇ ਕਿਹਾ, “ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂਕਿ ਮੇਰੇ ਵਿੱਚੋਂ ਸਮਰੱਥਾ ਨਿਕਲੀ ਹੈ ।” ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ । ਉਸ ਨੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਯਿਸੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ ਹੈ । ਯਿਸੂ ਨੇ ਉਸ ਔਰਤ ਨੂੰ ਕਿਹਾ, “ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ ।” ਯਿਸੂ ਅਜੇ ਇਹ ਕਹਿ ਹੀ ਰਹੇ ਸਨ ਕਿ ਇੱਕ ਆਦਮੀ ਜੈਰੁਸ ਦੇ ਘਰੋਂ ਆਇਆ । ਉਸ ਨੇ ਜੈਰੁਸ ਨੂੰ ਕਿਹਾ, “ਤੁਹਾਡੀ ਬੇਟੀ ਮਰ ਗਈ ਹੈ । ਹੁਣ ਗੁਰੂ ਜੀ ਨੂੰ ਖੇਚਲ ਨਾ ਦਿਓ ।” ਯਿਸੂ ਨੇ ਵੀ ਇਹ ਸੁਣਿਆ ਪਰ ਉਹਨਾਂ ਨੇ ਜੈਰੁਸ ਨੂੰ ਕਿਹਾ, “ਨਾ ਡਰ, ਕੇਵਲ ਵਿਸ਼ਵਾਸ ਰੱਖ, ਤੇਰੀ ਧੀ ਚੰਗੀ ਹੋ ਜਾਵੇਗੀ ।” ਜਦੋਂ ਯਿਸੂ ਜੈਰੁਸ ਦੇ ਘਰ ਪਹੁੰਚੇ, ਉਹਨਾਂ ਨੇ ਲੋਕਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ । ਉਹ ਕੇਵਲ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਨੂੰ ਆਪਣੇ ਨਾਲ ਅੰਦਰ ਲੈ ਗਏ । ਸਾਰੇ ਲੋਕ ਰੋ ਰਹੇ ਸਨ ਅਤੇ ਉਹ ਲੜਕੀ ਲਈ ਵੈਣ ਪਾ ਰਹੇ ਸਨ । ਯਿਸੂ ਨੇ ਉਹਨਾਂ ਨੂੰ ਕਿਹਾ, “ਰੋਵੋ ਨਹੀਂ, ਲੜਕੀ ਮਰੀ ਨਹੀਂ ਸਗੋਂ ਸੌਂ ਰਹੀ ਹੈ ।” ਲੋਕ ਜਾਣਦੇ ਸਨ ਕਿ ਲੜਕੀ ਮਰ ਚੁੱਕੀ ਹੈ ਇਸ ਲਈ ਉਹ ਯਿਸੂ ਨੂੰ ਮਖ਼ੌਲ ਕਰਨ ਲੱਗੇ । ਪਰ ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਹੇ ਬੇਟੀ, ਉੱਠ!” ਲੜਕੀ ਦਾ ਆਤਮਾ ਉਸ ਵਿੱਚ ਮੁੜ ਆਇਆ । ਉਹ ਉਸੇ ਸਮੇਂ ਉੱਠ ਕੇ ਬੈਠ ਗਈ । ਯਿਸੂ ਨੇ ਉਸ ਦੇ ਮਾਤਾ-ਪਿਤਾ ਨੂੰ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦੇਣ । ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ । ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ । ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਬਿਮਾਰਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ । ਫਿਰ ਯਿਸੂ ਨੇ ਉਹਨਾਂ ਨੂੰ ਬਿਮਾਰਾਂ ਨੂੰ ਚੰਗਾ ਕਰਨ ਅਤੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਣ ਲਈ ਭੇਜਿਆ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਰਾਹ ਦੇ ਲਈ ਆਪਣੇ ਨਾਲ ਕੁਝ ਨਾ ਲੈਣਾ: ਨਾ ਲਾਠੀ, ਨਾ ਝੋਲੀ, ਨਾ ਰੋਟੀ, ਨਾ ਰੁਪਏ ਅਤੇ ਨਾ ਦੋ ਕੁੜਤੇ । ਜਿਸ ਘਰ ਵਿੱਚ ਤੁਸੀਂ ਜਾਓ ਉਸ ਸ਼ਹਿਰ ਤੋਂ ਵਿਦਾ ਹੋਣ ਤੱਕ ਉਸ ਘਰ ਵਿੱਚ ਹੀ ਠਹਿਰਨਾ । ਜਿਸ ਸ਼ਹਿਰ ਵਿੱਚ ਤੁਹਾਡਾ ਸੁਆਗਤ ਨਾ ਹੋਵੇ, ਉਸ ਸ਼ਹਿਰ ਨੂੰ ਛੱਡਣ ਸਮੇਂ ਆਪਣੇ ਪੈਰਾਂ ਦਾ ਘੱਟਾ ਵੀ ਉਸ ਸ਼ਹਿਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦੇਣਾ ।” ਚੇਲੇ ਗਏ ਅਤੇ ਪਿੰਡ ਪਿੰਡ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਹਰ ਜਗ੍ਹਾ ਬਿਮਾਰਾਂ ਨੂੰ ਚੰਗਾ ਕਰਦੇ ਰਹੇ । ਸ਼ਾਸਕ ਹੇਰੋਦੇਸ ਨੇ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਸੁਣੀਆਂ । ਉਹ ਬਹੁਤ ਪਰੇਸ਼ਾਨ ਹੋਣ ਲੱਗਾ ਕਿਉਂਕਿ ਕੁਝ ਲੋਕ ਕਹਿੰਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ । ਕੁਝ ਲੋਕ ਕਹਿੰਦੇ ਸਨ ਕਿ ਏਲੀਯਾਹ ਨਬੀ ਪ੍ਰਗਟ ਹੋਇਆ ਹੈ । ਕੁਝ ਦੂਜੇ ਕਹਿੰਦੇ ਸਨ ਕਿ ਪੁਰਾਣੇ ਸਮੇਂ ਦੇ ਨਬੀਆਂ ਵਿੱਚੋਂ ਕੋਈ ਨਬੀ ਫਿਰ ਜੀਅ ਉੱਠਿਆ ਹੈ । ਪਰ ਹੇਰੋਦੇਸ ਦਾ ਕਹਿਣਾ ਸੀ, “ਯੂਹੰਨਾ ਦਾ ਸਿਰ ਤਾਂ ਮੈਂ ਵੱਢਵਾ ਦਿੱਤਾ ਸੀ, ਫਿਰ ਇਹ ਕੌਣ ਹੈ ਜਿਸ ਦੇ ਬਾਰੇ ਮੈਂ ਇਹ ਸਭ ਕੁਝ ਸੁਣ ਰਿਹਾ ਹਾਂ?” ਇਸ ਲਈ ਉਹ ਯਿਸੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਾ । ਬਾਰ੍ਹਾਂ ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਹ ਸਭ ਕੁਝ ਦੱਸਿਆ ਜੋ ਉਹਨਾਂ ਨੇ ਕੀਤਾ ਸੀ । ਯਿਸੂ ਉਹਨਾਂ ਨੂੰ ਆਪਣੇ ਨਾਲ ਅਲੱਗ ਲੈ ਕੇ ਬੈਤਸੈਦਾ ਸ਼ਹਿਰ ਨੂੰ ਚਲੇ ਗਏ । ਪਰ ਲੋਕਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ । ਇਸ ਲਈ ਉਹ ਯਿਸੂ ਦੇ ਪਿੱਛੇ ਗਏ । ਯਿਸੂ ਨੇ ਉਹਨਾਂ ਦਾ ਸੁਆਗਤ ਕੀਤਾ, ਉਹਨਾਂ ਨੂੰ ਪਰਮੇਸ਼ਰ ਦੇ ਰਾਜ ਬਾਰੇ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਜਿਹਨਾਂ ਨੂੰ ਚੰਗੇ ਹੋਣ ਦੀ ਲੋੜ ਸੀ ਚੰਗਾ ਕੀਤਾ । ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਚੇਲੇ ਯਿਸੂ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਹੁਣ ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਜਾ ਕੇ ਆਪਣੇ ਠਹਿਰਨ ਅਤੇ ਭੋਜਨ ਦਾ ਪ੍ਰਬੰਧ ਕਰਨ, ਕਿਉਂਕਿ ਅਸੀਂ ਸੁੰਨਸਾਨ ਥਾਂ ਵਿੱਚ ਹਾਂ ।” ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਸਿਵਾਏ ਹੋਰ ਕੁਝ ਨਹੀਂ ਹੈ । ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਹਨਾਂ ਸਾਰੇ ਲੋਕਾਂ ਲਈ ਭੋਜਨ ਖ਼ਰੀਦੀਏ?” (ਉੱਥੇ ਉਸ ਸਮੇਂ ਪੰਜ ਹਜ਼ਾਰ ਦੇ ਲਗਭਗ ਆਦਮੀ ਸਨ ।) ਯਿਸੂ ਨੇ ਚੇਲਿਆਂ ਨੂੰ ਕਿਹਾ, “ਸਾਰੇ ਲੋਕਾਂ ਨੂੰ ਪੰਜਾਹ ਪੰਜਾਹ ਦੀਆਂ ਕਤਾਰਾਂ ਵਿੱਚ ਬਿਠਾ ਦਿਓ ।” ਚੇਲਿਆਂ ਨੇ ਇਸੇ ਤਰ੍ਹਾਂ ਕੀਤਾ । ਉਹਨਾਂ ਨੇ ਸਾਰੇ ਲੋਕਾਂ ਨੂੰ ਕਤਾਰਾਂ ਵਿੱਚ ਬਿਠਾ ਦਿੱਤਾ । ਫਿਰ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ । ਯਿਸੂ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ਵੰਡਦੇ ਗਏ । ਹਰ ਇੱਕ ਆਦਮੀ ਨੇ ਚੰਗੀ ਤਰ੍ਹਾਂ ਰੱਜ ਕੇ ਭੋਜਨ ਕੀਤਾ । ਚੇਲਿਆਂ ਨੇ ਜੋ ਭੋਜਨ ਬਚ ਗਿਆ ਸੀ, ਉਸ ਨੂੰ ਇਕੱਠਾ ਕੀਤਾ ਅਤੇ ਬਚੇ ਹੋਏ ਟੁਕੜਿਆਂ ਨਾਲ ਬਾਰ੍ਹਾਂ ਟੋਕਰੇ ਭਰ ਗਏ । ਇੱਕ ਦਿਨ ਯਿਸੂ ਇਕਾਂਤ ਵਿੱਚ ਪ੍ਰਾਰਥਨਾ ਕਰ ਰਹੇ ਸਨ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ । ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” ਚੇਲਿਆਂ ਨੇ ਉੱਤਰ ਦਿੱਤਾ, “ਕੁਝ ਲੋਕ ਤੁਹਾਨੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ । ਕੁਝ ਏਲੀਯਾਹ ਨਬੀ ਮੰਨਦੇ ਹਨ ਅਤੇ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਕੋਈ ਪੁਰਾਣੇ ਸਮੇਂ ਦੇ ਨਬੀ ਹੋ ਜੋ ਫਿਰ ਜੀਅ ਉੱਠੇ ਹੋ ।” ਯਿਸੂ ਨੇ ਪੁੱਛਿਆ, “ਪਰ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਪਰਮੇਸ਼ਰ ਦੇ ‘ ਮਸੀਹ ’ ਹੋ ।” ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸਣ । ਫਿਰ ਯਿਸੂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਦੁੱਖ ਸਹੇ । ਉਸ ਨੂੰ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਰੱਦਣਗੇ ਅਤੇ ਮਾਰ ਦੇਣਗੇ, ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ ।” ਯਿਸੂ ਨੇ ਸਾਰਿਆਂ ਨੂੰ ਕਿਹਾ, “ਜੇਕਰ ਕੋਈ ਮੇਰਾ ਚੇਲਾ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣਾ ਇਨਕਾਰ ਕਰਨਾ ਪਵੇਗਾ । ਉਸ ਨੂੰ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਪਵੇਗਾ । ਜਿਹੜਾ ਆਪਣੇ ਪ੍ਰਾਣ ਬਚਾਉਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ; ਪਰ ਜਿਹੜਾ ਆਪਣੇ ਪ੍ਰਾਣ ਮੇਰੇ ਲਈ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । ਜੇਕਰ ਕੋਈ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ ਪਰ ਆਪਣਾ ਜੀਵਨ ਗੁਆ ਦੇਵੇ ਜਾਂ ਨਾਸ਼ ਕਰ ਦੇਵੇ ਤਾਂ ਉਸ ਤੋਂ ਕੀ ਲਾਭ? ਜੇਕਰ ਕੋਈ ਮੈਨੂੰ ਅਤੇ ਮੇਰੇ ਉਪਦੇਸ਼ਾਂ ਨੂੰ ਮੰਨਣ ਤੋਂ ਸ਼ਰਮਾਉੁਂਦਾ ਹੈ ਤਾਂ ਮਨੁੱਖ ਦਾ ਪੁੱਤਰ ਜਦੋਂ ਆਪਣੀ, ਆਪਣੇ ਪਿਤਾ ਅਤੇ ਸਵਰਗਦੂਤਾਂ ਦੀ ਮਹਿਮਾ ਨਾਲ ਆਵੇਗਾ ਤਦ ਉਸ ਤੋਂ ਸ਼ਰਮਾਵੇਗਾ । ਮੈਂ ਇਹ ਗੱਲ ਸੱਚ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਇਹੋ ਜਿਹੇ ਵੀ ਖੜ੍ਹੇ ਹਨ, ਜਿਹੜੇ ਉਸ ਸਮੇਂ ਤੱਕ ਮੌਤ ਦਾ ਸਵਾਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਦੇਖ ਲੈਣ ।” ਇਹਨਾਂ ਗੱਲਾਂ ਦੇ ਅੱਠ ਦਿਨਾਂ ਬਾਅਦ ਯਿਸੂ ਨੇ ਆਪਣੇ ਨਾਲ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਲਿਆ ਅਤੇ ਉਹ ਪ੍ਰਾਰਥਨਾ ਕਰਨ ਲਈ ਇੱਕ ਪਹਾੜ ਉੱਤੇ ਗਏ । ਜਦੋਂ ਯਿਸੂ ਪ੍ਰਾਰਥਨਾ ਕਰ ਰਹੇ ਸਨ, ਉਹਨਾਂ ਦੇ ਚਿਹਰੇ ਦਾ ਰੂਪ ਬਦਲ ਗਿਆ । ਉਹਨਾਂ ਦੇ ਕੱਪੜੇ ਚਿੱਟੇ ਅਤੇ ਚਮਕੀਲੇ ਹੋ ਗਏ । ਦੋ ਆਦਮੀ ਯਿਸੂ ਦੇ ਨਾਲ ਗੱਲਾਂ ਕਰ ਰਹੇ ਸਨ, ਉਹ ਮੂਸਾ ਅਤੇ ਏਲੀਯਾਹ ਸਨ । ਉਹ ਦੋਵੇਂ ਸਵਰਗੀ ਤੇਜ ਵਿੱਚ ਯਿਸੂ ਦੇ ਨਾਲ ਉਹਨਾਂ ਦੀ ਮੌਤ ਦੇ ਬਾਰੇ ਗੱਲਾਂ ਕਰ ਰਹੇ ਸਨ ਜੋ ਯਿਸੂ ਯਰੂਸ਼ਲਮ ਵਿੱਚ ਸਹਿਣ ਵਾਲੇ ਸਨ । ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ । ਜਦੋਂ ਉਹਨਾਂ ਦੀ ਨੀਂਦ ਖੁੱਲ੍ਹੀ ਤਾਂ ਉਹਨਾਂ ਨੇ ਯਿਸੂ ਦਾ ਤੇਜਸਵੀ ਰੂਪ ਅਤੇ ਦੋ ਆਦਮੀਆਂ ਨੂੰ ਯਿਸੂ ਨਾਲ ਦੇਖਿਆ । ਜਦੋਂ ਉਹ ਆਦਮੀ ਯਿਸੂ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਅੱਗੇ ਬੇਨਤੀ ਕੀਤੀ, “ਮਾਲਕ, ਇਹ ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ: ਇੱਕ ਤੁਹਾਡੇ ਲਈ, ਇੱਕ ਮੂਸਾ ਲਈ, ਅਤੇ ਇੱਕ ਏਲੀਯਾਹ ਲਈ ।” (ਪਰ ਪਤਰਸ ਇਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ।) ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਬੱਦਲ ਉਹਨਾਂ ਉੱਤੇ ਛਾ ਗਿਆ । ਉਹ ਬੱਦਲ ਦੇ ਵਿੱਚ ਘਿਰ ਗਏ ਅਤੇ ਬਹੁਤ ਡਰ ਗਏ । ਬੱਦਲ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਇਸ ਦੀ ਸੁਣੋ ।” ਉਸ ਆਵਾਜ਼ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਉੱਥੇ ਇਕੱਲੇ ਹੀ ਦੇਖਿਆ । ਚੇਲੇ ਚੁੱਪ ਰਹੇ ਅਤੇ ਉਹਨਾਂ ਨੇ ਉਸ ਸਮੇਂ ਜੋ ਕੁਝ ਦੇਖਿਆ ਸੀ ਉਸ ਦਾ ਇੱਕ ਸ਼ਬਦ ਵੀ ਕਿਸੇ ਨੂੰ ਨਾ ਦੱਸਿਆ । ਅਗਲੇ ਦਿਨ ਜਦੋਂ ਉਹ ਪਹਾੜ ਤੋਂ ਉਤਰੇ ਤਾਂ ਯਿਸੂ ਨੂੰ ਇੱਕ ਬਹੁਤ ਵੱਡੀ ਭੀੜ ਮਿਲੀ । ਭੀੜ ਵਿੱਚੋਂ ਇੱਕ ਆਦਮੀ ਨੇ ਜ਼ੋਰ ਨਾਲ ਪੁਕਾਰ ਕੇ ਕਿਹਾ, “ਗੁਰੂ ਜੀ, ਕਿਰਪਾ ਕਰ ਕੇ ਮੇਰੇ ਪੁੱਤਰ ਨੂੰ ਚੱਲ ਕੇ ਦੇਖੋ । ਉਹ ਮੇਰਾ ਇੱਕੋ ਇੱਕ ਪੁੱਤਰ ਹੈ । ਇੱਕ ਅਸ਼ੁੱਧ ਆਤਮਾ ਉਸ ਨੂੰ ਫੜ ਲੈਂਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਪੈਂਦਾ ਹੈ । ਉਹ ਉਸ ਨੂੰ ਝੰਜੋੜ ਦਿੰਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ; ਉਹ ਉਸ ਨੂੰ ਬੜੀ ਮੁਸ਼ਕਲ ਨਾਲ ਛੱਡਦੀ ਹੈ ਅਤੇ ਉਸ ਨੂੰ ਬਹੁਤ ਤੰਗ ਕਰਦੀ ਹੈ । ਮੈਂ ਤੁਹਾਡੇ ਚੇਲਿਆਂ ਅੱਗੇ ਬੇਨਤੀ ਕੀਤੀ, ਪਰ ਉਹ ਉਸ ਨੂੰ ਕੱਢ ਨਾ ਸਕੇ ।” ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ, ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ਅਤੇ ਕਦੋਂ ਤੱਕ ਧੀਰਜ ਕਰਾਂਗਾ? ਤੂੰ ਆਪਣੇ ਪੁੱਤਰ ਨੂੰ ਇੱਥੇ ਲਿਆ ।” ਜਦੋਂ ਉਹ ਮੁੰਡੇ ਨੂੰ ਯਿਸੂ ਦੇ ਕੋਲ ਲਿਆ ਰਹੇ ਸਨ, ਤਾਂ ਅਸ਼ੁੱਧ ਆਤਮਾ ਨੇ ਮੁੰਡੇ ਨੂੰ ਰਾਹ ਵਿੱਚ ਝੰਜੋੜਨਾ ਸ਼ੁਰੂ ਕਰ ਦਿੱਤਾ । ਪਰ ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਮੁੰਡੇ ਨੂੰ ਚੰਗਾ ਕਰ ਦਿੱਤਾ ਅਤੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ । ਪਰਮੇਸ਼ਰ ਦਾ ਇਹ ਪ੍ਰਤਾਪ ਦੇਖ ਕੇ ਲੋਕ ਹੈਰਾਨ ਰਹਿ ਗਏ । ਜਿਹੜੇ ਕੰਮ ਯਿਸੂ ਕਰ ਰਹੇ ਸਨ, ਉਹਨਾਂ ਨੂੰ ਦੇਖ ਕੇ ਸਾਰੇ ਲੋਕ ਅਜੇ ਹੈਰਾਨ ਹੀ ਸਨ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਧਿਆਨ ਨਾਲ ਸੁਣੋ, ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥਾਂ ਵਿੱਚ ਫੜਵਾਇਆ ਜਾਣ ਵਾਲਾ ਹੈ ।” ਪਰ ਚੇਲੇ ਇਸ ਗੱਲ ਦਾ ਅਰਥ ਨਾ ਸਮਝੇ । ਇਸ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ ਅਤੇ ਉਹ ਸਮਝ ਨਾ ਸਕੇ । ਉਹ ਯਿਸੂ ਤੋਂ ਇਸ ਦਾ ਅਰਥ ਪੁੱਛਣ ਤੋਂ ਡਰਦੇ ਸਨ । ਇੱਕ ਦਿਨ ਚੇਲਿਆਂ ਵਿੱਚ ਇਹ ਬਹਿਸ ਹੋਣ ਲੱਗੀ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ । ਯਿਸੂ ਨੇ ਉਹਨਾਂ ਦੇ ਦਿਲਾਂ ਦੇ ਇਹ ਵਿਚਾਰ ਜਾਣ ਕੇ ਇੱਕ ਬੱਚੇ ਨੂੰ ਲਿਆ ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕਰ ਕੇ ਕਿਹਾ, “ਜੋ ਕੋਈ ਮੇਰੇ ਨਾਮ ਵਿੱਚ ਇਸ ਬੱਚੇ ਦਾ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ; ਅਤੇ ਜੋ ਮੇਰਾ ਸੁਆਗਤ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਦਾ ਸੁਆਗਤ ਕਰਦਾ ਹੈ । ਜੋ ਤੁਹਾਡੇ ਵਿੱਚ ਸਾਰਿਆਂ ਤੋਂ ਛੋਟਾ ਹੈ ਉਹ ਹੀ ਸਾਰਿਆਂ ਤੋਂ ਵੱਡਾ ਹੈ ।” ਯੂਹੰਨਾ ਨੇ ਕਿਹਾ, “ਮਾਲਕ, ਅਸੀਂ ਇੱਕ ਆਦਮੀ ਨੂੰ ਦੇਖਿਆ ਹੈ, ਜੋ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹੈ । ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੀ ਤਰ੍ਹਾਂ ਤੁਹਾਡੇ ਪਿੱਛੇ ਨਹੀਂ ਚੱਲਦਾ ।” ਯਿਸੂ ਨੇ ਉਸ ਨੂੰ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਜੋ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਨਾਲ ਹੈ ।” ਜਦੋਂ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਦੇ ਦਿਨ ਨੇੜੇ ਆਏ ਤਾਂ ਉਹਨਾਂ ਨੇ ਯਰੂਸ਼ਲਮ ਸ਼ਹਿਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਅਤੇ ਉਸ ਵੱਲ ਚੱਲ ਪਏ । ਯਿਸੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਿਆ । ਉਹ ਸਾਮਰੀਆ ਦੇ ਇੱਕ ਪਿੰਡ ਵਿੱਚ ਗਏ ਕਿ ਯਿਸੂ ਦੇ ਠਹਿਰਨ ਲਈ ਥਾਂ ਤਿਆਰ ਕਰਨ । ਪਰ ਉੁਸ ਪਿੰਡ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਾ ਕੀਤਾ ਕਿਉਂਕਿ ਯਿਸੂ ਯਰੂਸ਼ਲਮ ਸ਼ਹਿਰ ਨੂੰ ਜਾ ਰਹੇ ਸਨ । ਇਹ ਦੇਖ ਕੇ ਯਿਸੂ ਦੇ ਚੇਲਿਆਂ, ਯਾਕੂਬ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੁਕਮ ਦੇਈਏ ਕਿ ਅਕਾਸ਼ ਤੋਂ ਅੱਗ ਵਰ੍ਹੇ ਅਤੇ ਇਹਨਾਂ ਨੂੰ ਭਸਮ ਕਰ ਦੇਵੇ?” ਪਰ ਯਿਸੂ ਨੇ ਪਿੱਛੇ ਮੁੜ ਕੇ ਚੇਲਿਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, [“ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਆਤਮਾ ਹੈ? ਮਨੁੱਖ ਦਾ ਪੁੱਤਰ ਲੋਕਾਂ ਦੇ ਜੀਵਨ ਨਾਸ਼ ਕਰਨ ਨਹੀਂ, ਸਗੋਂ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹੈ ।”] ਇਸ ਦੇ ਬਾਅਦ ਉਹ ਦੂਜੇ ਪਿੰਡ ਵੱਲ ਚਲੇ ਗਏ । ਉਹ ਰਾਹ ਵਿੱਚ ਜਾ ਰਹੇ ਸਨ । ਇੱਕ ਆਦਮੀ ਨੇ ਯਿਸੂ ਦੇ ਕੋਲ ਆ ਕੇ ਕਿਹਾ, “ਪ੍ਰਭੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ ।” ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।” ਇੱਕ ਹੋਰ ਨੂੰ ਯਿਸੂ ਨੇ ਕਿਹਾ, “ਮੇਰੇ ਪਿੱਛੇ ਚੱਲ ।” ਪਰ ਉਸ ਆਦਮੀ ਨੇ ਉੱਤਰ ਦਿੱਤਾ, “ਪ੍ਰਭੂ ਜੀ, ਪਹਿਲਾਂ ਮੈਨੂੰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ ।” ਯਿਸੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦਿਓ ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ ।” ਇੱਕ ਹੋਰ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਤੁਹਾਡੇ ਪਿੱਛੇ ਚੱਲਾਂਗਾ ਪਰ ਪਹਿਲਾਂ ਮੈਂ ਜਾ ਕੇ ਆਪਣੇ ਘਰ ਵਾਲਿਆਂ ਕੋਲੋਂ ਵਿਦਾ ਲੈ ਆਵਾਂ ।” ਪਰ ਯਿਸੂ ਨੇ ਉਸ ਨੂੰ ਕਿਹਾ, “ਜੋ ਮਨੁੱਖ ਹਲ੍ਹ ਉੱਤੇ ਹੱਥ ਰੱਖ ਕੇ ਪਿੱਛੇ ਦੇਖਦਾ ਹੈ, ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈ ।” ਇਸ ਦੇ ਬਾਅਦ ਪ੍ਰਭੂ ਯਿਸੂ ਨੇ ਹੋਰ ਬਹੱਤਰ ਆਦਮੀਆਂ ਨੂੰ ਚੁਣਿਆ । ਫਿਰ ਉਹਨਾਂ ਨੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਜਿੱਥੇ ਯਿਸੂ ਆਪ ਜਾਣ ਵਾਲੇ ਸਨ, ਉਹਨਾਂ ਨੂੰ ਦੋ ਦੋ ਕਰ ਕੇ ਆਪਣੇ ਅੱਗੇ ਭੇਜਿਆ । ਯਿਸੂ ਨੇ ਉਹਨਾਂ ਨੂੰ ਕਿਹਾ, “ਫ਼ਸਲ ਤਾਂ ਬਹੁਤ ਹੈ ਪਰ ਵਾਢੀ ਕਰਨ ਵਾਲੇ ਕਾਮੇ ਬਹੁਤ ਥੋੜ੍ਹੇ ਹਨ । ਇਸ ਲਈ ਫ਼ਸਲ ਦੇ ਮਾਲਕ ਅੱਗੇ ਪ੍ਰਾਰਥਨਾ ਕਰੋ ਕਿ ਉਹ ਆਪਣੀ ਫ਼ਸਲ ਕੱਟਣ ਦੇ ਲਈ ਹੋਰ ਕਾਮੇ ਭੇਜੇ । ਜਾਓ, ਮੈਂ ਤੁਹਾਨੂੰ ਲੇਲਿਆਂ ਦੇ ਰੂਪ ਵਿੱਚ ਬਘਿਆੜਾਂ ਦੇ ਵਿੱਚ ਭੇਜ ਰਿਹਾ ਹਾਂ । ਆਪਣੇ ਨਾਲ ਬਟੂਆ, ਝੋਲੀ, ਜੁੱਤੀ ਨਾ ਲੈਣਾ । ਰਾਹ ਵਿੱਚ ਕਿਸੇ ਨੂੰ ਨਮਸਕਾਰ ਨਾ ਕਰਨਾ । ਜਦੋਂ ਤੁਸੀਂ ਕਿਸੇ ਘਰ ਜਾਓ ਤਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਹਿਣਾ, ‘ਇਸ ਘਰ ਦੇ ਲੋਕਾਂ ਨੂੰ ਸ਼ਾਂਤੀ ਮਿਲੇ ।’ ਜੇਕਰ ਉਸ ਘਰ ਵਿੱਚ ਕੋਈ ਸ਼ਾਂਤੀ ਦਾ ਚਾਹਵਾਨ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਦੀ ਅਸੀਸ ਉਸ ਨਾਲ ਹੋਵੇਗੀ, ਨਹੀਂ ਤਾਂ ਤੁਹਾਡੇ ਕੋਲ ਮੁੜ ਆਵੇਗੀ । ਉਸ ਘਰ ਵਿੱਚ ਠਹਿਰਨਾ, ਜੋ ਕੁਝ ਉਹ ਖਾਣ ਪੀਣ ਲਈ ਦੇਣ ਉਹ ਹੀ ਖਾਣਾ, ਕਿਉਂਕਿ ਕਾਮਾ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ । ਘਰ ਘਰ ਨਾ ਫਿਰਨਾ । ਜਦੋਂ ਤੁਸੀਂ ਕਿਸੇ ਸ਼ਹਿਰ ਵਿੱਚ ਜਾਓ ਅਤੇ ਉਸ ਸ਼ਹਿਰ ਦੇ ਲੋਕ ਤੁਹਾਡਾ ਸੁਆਗਤ ਕਰਨ, ਜੋ ਕੁਝ ਉਹ ਤੁਹਾਡੇ ਅੱਗੇ ਖਾਣ ਲਈ ਰੱਖਣ, ਉਹ ਹੀ ਖਾਓ । ਉਸ ਸ਼ਹਿਰ ਦੇ ਬਿਮਾਰਾਂ ਨੂੰ ਠੀਕ ਕਰਨਾ ਅਤੇ ਉੱਥੇ ਦੇ ਰਹਿਣ ਵਾਲਿਆਂ ਨੂੰ ਕਹਿਣਾ, ‘ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਰਿਹਾ ਹੈ ।’ ਪਰ ਜੇਕਰ ਤੁਸੀਂ ਕਿਸੇ ਸ਼ਹਿਰ ਵਿੱਚ ਜਾਓ ਅਤੇ ਉੱਥੇ ਦੇ ਲੋਕ ਤੁਹਾਡਾ ਸੁਆਗਤ ਨਾ ਕਰਨ ਤਾਂ ਉਸ ਸ਼ਹਿਰ ਦੀਆਂ ਗਲੀਆਂ ਤੋਂ ਬਾਹਰ ਆ ਕੇ ਕਹਿਣਾ, ‘ਤੁਹਾਡੇ ਸ਼ਹਿਰ ਦਾ ਘੱਟਾ ਵੀ ਜੋ ਸਾਡੇ ਪੈਰਾਂ ਨੂੰ ਲੱਗ ਗਿਆ ਹੈ, ਅਸੀਂ ਤੁਹਾਡੇ ਸਾਹਮਣੇ ਝਾੜਦੇ ਹਾਂ । ਪਰ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਰਮੇਸ਼ਰ ਨਿਆਂ ਵਾਲੇ ਦਿਨ ਉਸ ਸ਼ਹਿਰ ਦੀ ਬਜਾਏ ਸਦੋਮ ਸ਼ਹਿਰ ਉੱਤੇ ਵੱਧ ਦਇਆ ਕਰਨਗੇ ।” “ਹੇ ਖ਼ੁਰਾਜ਼ੀਨ ਦੇ ਲੋਕੋ, ਹੇ ਬੈਤਸੈਦਾ ਦੇ ਲੋਕੋ, ਹਾਏ ਤੁਹਾਡੇ ਉੱਤੇ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ ਹਨ, ਜੇਕਰ ਉਹ ਹੀ ਸੂਰ ਅਤੇ ਸੈਦਾ ਦੇ ਲੋਕਾਂ ਦੇ ਵਿੱਚ ਕੀਤੇ ਜਾਂਦੇ, ਤਾਂ ਉਹ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਮਲ਼ ਕੇ ਆਪਣੇ ਬੁਰੇ ਕੰਮਾਂ ਤੋਂ ਤੋਬਾ ਕਰ ਚੁੱਕੇ ਹੁੰਦੇ । ਪਰਮੇਸ਼ਰ ਨਿਆਂ ਵਾਲੇ ਦਿਨ ਤੁਹਾਡੀ ਬਜਾਏ ਸੂਰ ਅਤੇ ਸੈਦਾ ਦੇ ਲੋਕਾਂ ਉੱਤੇ ਬਹੁਤੀ ਦਇਆ ਕਰਨਗੇ । ਹੇ ਕਫ਼ਰਨਾਹੂਮ ਦੇ ਲੋਕੋ, ਕੀ ਤੁਸੀਂ ਸਵਰਗ ਤੱਕ ਉੱਚੇ ਕੀਤੇ ਜਾਓਗੇ? ਨਹੀਂ, ਤੁਸੀਂ ਪਤਾਲ ਵਿੱਚ ਸੁੱਟ ਦਿੱਤੇ ਜਾਓਗੇ!” ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੋ ਕੋਈ ਤੁਹਾਡੀਆਂ ਗੱਲਾਂ ਸੁਣਦਾ ਹੈ, ਉਹ ਮੇਰੀਆਂ ਗੱਲਾਂ ਸੁਣਦਾ ਹੈ ਅਤੇ ਜੋ ਕੋਈ ਤੁਹਾਨੂੰ ਰੱਦਦਾ ਹੈ, ਉਹ ਮੈਨੂੰ ਰੱਦਦਾ ਹੈ ਅਤੇ ਜੋ ਕੋਈ ਮੈਨੂੰ ਰੱਦਦਾ ਹੈ, ਉਹ ਉਸ ਨੂੰ ਰੱਦਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ ।” ਬਹੱਤਰ ਚੇਲੇ ਯਿਸੂ ਕੋਲ ਵਾਪਸ ਆਏ । ਉਹ ਬਹੁਤ ਖ਼ੁਸ਼ ਸਨ । ਉਹਨਾਂ ਨੇ ਯਿਸੂ ਨੂੰ ਦੱਸਿਆ, “ਪ੍ਰਭੂ ਜੀ, ਤੁਹਾਡੇ ਨਾਮ ਦੇ ਕਾਰਨ ਅਸ਼ੁੱਧ ਆਤਮਾਵਾਂ ਵੀ ਸਾਡੀ ਮੰਨਦੀਆਂ ਹਨ ।” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਅਕਾਸ਼ ਤੋਂ ਡਿੱਗਦੇ ਦੇਖਿਆ ਹੈ । ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦੀ ਸਮਰੱਥਾ ਦਿੱਤੀ ਹੈ । ਮੈਂ ਤੁਹਾਨੂੰ ਸ਼ੈਤਾਨ ਦੀਆਂ ਤਾਕਤਾਂ ਉੱਤੇ ਅਧਿਕਾਰ ਦਿੱਤਾ ਹੈ । ਕੋਈ ਚੀਜ਼ ਵੀ ਤੁਹਾਡਾ ਨੁਕਸਾਨ ਨਹੀਂ ਕਰ ਸਕਦੀ । ਫਿਰ ਵੀ ਖ਼ੁਸ਼ ਨਾ ਹੋਵੋ ਕਿ ਅਸ਼ੁੱਧ ਆਤਮਾਵਾਂ ਤੁਹਾਡਾ ਹੁਕਮ ਮੰਨਦੀਆਂ ਹਨ; ਪਰ ਇਸ ਲਈ ਖ਼ੁਸ਼ ਹੋਵੋ ਕਿ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਗਏ ਹਨ ।” ਉਸ ਸਮੇਂ ਯਿਸੂ ਨੂੰ ਪਵਿੱਤਰ ਆਤਮਾ ਨੇ ਅਨੰਦ ਨਾਲ ਭਰ ਦਿੱਤਾ । ਯਿਸੂ ਨੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਜੋ ਕੁਝ ਤੁਸੀਂ ਬੁੱਧੀਮਾਨਾਂ ਅਤੇ ਗਿਆਨੀਆਂ ਕੋਲੋਂ ਗੁਪਤ ਰੱਖਿਆ, ਉਹ ਹੀ ਸਧਾਰਨ ਲੋਕਾਂ ਉੱਤੇ ਪ੍ਰਗਟ ਕੀਤਾ ਹੈ । ਹੇ ਪਿਤਾ, ਤੁਹਾਨੂੰ ਇਹ ਹੀ ਚੰਗਾ ਲੱਗਾ । “ਮੇਰੇ ਪਿਤਾ ਨੇ ਮੈਨੂੰ ਸਭ ਕੁਝ ਦੇ ਦਿੱਤਾ ਹੈ । ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਇਹ ਕੇਵਲ ਪਿਤਾ ਹੀ ਜਾਣਦੇ ਹਨ । ਕੋਈ ਨਹੀਂ ਜਾਣਦਾ ਕਿ ਪਿਤਾ ਕੌਣ ਹੈ, ਇਹ ਕੇਵਲ ਪੁੱਤਰ ਹੀ ਜਾਣਦਾ ਹੈ ਜਾਂ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪ੍ਰਗਟ ਕਰਨਾ ਚਾਹੇ ।” ਫਿਰ ਯਿਸੂ ਨੇ ਚੇਲਿਆਂ ਵੱਲ ਮੁੜ ਕੇ ਨਿੱਜੀ ਤੌਰ ਤੇ ਉਹਨਾਂ ਨੂੰ ਕਿਹਾ, “ਧੰਨ ਹਨ ਉਹ ਅੱਖਾਂ ਜਿਹੜੀਆਂ ਇਹ ਸਭ ਗੱਲਾਂ ਦੇਖਦੀਆਂ ਹਨ, ਜਿਹਨਾਂ ਨੂੰ ਤੁਸੀਂ ਦੇਖ ਰਹੇ ਹੋ । ਮੈਂ ਤੁਹਾਨੂੰ ਦੱਸਦਾ ਹਾਂ ਕਿ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਚਾਹਿਆ ਕਿ ਜਿਹੜੀਆਂ ਗੱਲਾਂ ਤੁਸੀਂ ਦੇਖ ਰਹੇ ਹੋ ਉਹ ਦੇਖਣ, ਪਰ ਉਹ ਦੇਖ ਨਾ ਸਕੇ ਅਤੇ ਜਿਹੜੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਸੁਣਨ ਪਰ ਉਹ ਸੁਣ ਨਾ ਸਕੇ ।” ਇੱਕ ਵਿਵਸਥਾ ਦਾ ਸਿੱਖਿਅਕ ਉੱਠ ਕੇ ਯਿਸੂ ਕੋਲ ਆਇਆ । ਉਸ ਨੇ ਯਿਸੂ ਨੂੰ ਪਰਖਣ ਦੇ ਲਈ ਉਹਨਾਂ ਤੋਂ ਪੁੱਛਿਆ, “ਗੁਰੂ ਜੀ, ਅਨੰਤ ਜੀਵਨ ਪ੍ਰਾਪਤ ਕਰਨ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?” ਯਿਸੂ ਨੇ ਉਸ ਤੋਂ ਪੁੱਛਿਆ, “ ਪਵਿੱਤਰ-ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ? ਤੂੰ ਉਸ ਦਾ ਕੀ ਅਰਥ ਸਮਝਦਾ ਹੈਂ?” ਉਸ ਵਿਵਸਥਾ ਦੇ ਸਿੱਖਿਅਕ ਨੇ ਉੱਤਰ ਦਿੱਤਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ, ਸਾਰੇ ਪ੍ਰਾਣ, ਸਾਰੀ ਸਮਰੱਥਾ ਅਤੇ ਬੁੱਧ ਨਾਲ ਪਿਆਰ ਕਰ । ਇਸੇ ਤਰ੍ਹਾਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ ।” ਯਿਸੂ ਨੇ ਉਸ ਨੂੰ ਕਿਹਾ, “ਤੇਰਾ ਉੱਤਰ ਬਿਲਕੁਲ ਠੀਕ ਹੈ । ਇਸੇ ਤਰ੍ਹਾਂ ਕਰ ਤਾਂ ਤੂੰ ਜੀਵਨ ਦਾਨ ਪਾਵੇਂਗਾ ।” ਵਿਵਸਥਾ ਦੇ ਸਿੱਖਿਅਕ ਨੇ ਆਪਣੇ ਆਪ ਨੂੰ ਠੀਕ ਸਿੱਧ ਕਰਨ ਦੇ ਲਈ ਯਿਸੂ ਤੋਂ ਪੁੱਛਿਆ, “ਮੇਰਾ ਗੁਆਂਢੀ ਕੌਣ ਹੈ?” ਯਿਸੂ ਨੇ ਉੱਤਰ ਦਿੱਤਾ, “ਇੱਕ ਆਦਮੀ ਯਰੂਸ਼ਲਮ ਸ਼ਹਿਰ ਤੋਂ ਯਰੀਹੋ ਸ਼ਹਿਰ ਨੂੰ ਜਾ ਰਿਹਾ ਸੀ । ਉਹ ਰਾਹ ਵਿੱਚ ਡਾਕੂਆਂ ਵਿੱਚ ਘਿਰ ਗਿਆ । ਡਾਕੂਆਂ ਨੇ ਉਸ ਨੂੰ ਲੁੱਟ ਲਿਆ । ਉਹਨਾਂ ਨੇ ਉਸ ਨੂੰ ਮਾਰਿਆ ਕੁੱਟਿਆ ਅਤੇ ਅੱਧਮੋਇਆ ਕਰ ਕੇ ਛੱਡ ਗਏ । ਫਿਰ ਅਚਾਨਕ ਇੱਕ ਪੁਰੋਹਿਤ ਉਸ ਰਾਹ ਤੋਂ ਲੰਘਿਆ । ਪੁਰੋਹਿਤ ਨੇ ਉਸ ਅੱਧਮੋਏ ਆਦਮੀ ਨੂੰ ਦੇਖਿਆ ਪਰ ਅਣਦੇਖਿਆ ਕਰ ਕੇ ਅੱਗੇ ਲੰਘ ਗਿਆ । ਇਸੇ ਤਰ੍ਹਾਂ ਇੱਕ ਹੈਕਲ ਦਾ ਸੇਵਕ ਵੀ ਉਸ ਥਾਂ ਤੇ ਆ ਪਹੁੰਚਿਆ । ਪਰ ਉਹ ਵੀ ਉਸ ਨੂੰ ਦੇਖ ਕੇ ਕੰਨੀ ਕਤਰਾ ਕੇ ਅੱਗੇ ਲੰਘ ਗਿਆ । ਫਿਰ ਇੱਕ ਸਾਮਰੀ ਯਾਤਰੀ ਉਸ ਕੋਲ ਆ ਪਹੁੰਚਿਆ । ਜਦੋਂ ਸਾਮਰੀ ਨੇ ਉਸ ਨੂੰ ਇਸ ਹਾਲਤ ਵਿੱਚ ਦੇਖਿਆ ਤਾਂ ਉਸ ਦਾ ਦਿਲ ਦਇਆ ਨਾਲ ਭਰ ਗਿਆ । ਇਸ ਲਈ ਸਾਮਰੀ ਉਸ ਕੋਲ ਗਿਆ । ਉਸ ਨੇ ਉਸ ਦੇ ਜ਼ਖ਼ਮਾਂ ਉੱਤੇ ਤੇਲ ਅਤੇ ਮੈ ਲਾਈ ਅਤੇ ਉਹਨਾਂ ਉੱਤੇ ਪੱਟੀਆਂ ਬੰਨ੍ਹੀਆਂ । ਫਿਰ ਸਾਮਰੀ ਉਸ ਨੂੰ ਆਪਣੇ ਗਧੇ ਉੱਤੇ ਚੜ੍ਹਾ ਕੇ ਇੱਕ ਸਰਾਂ ਵਿੱਚ ਲੈ ਗਿਆ । ਉੱਥੇ ਉਸ ਨੇ ਉਸ ਜ਼ਖ਼ਮੀ ਆਦਮੀ ਦੀ ਦੇਖ ਭਾਲ ਕੀਤੀ । ਦੂਜੇ ਦਿਨ ਉਸ ਨੇ ਚਾਂਦੀ ਦੇ ਦੋ ਸਿੱਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਆਦਮੀ ਦੀ ਦੇਖ ਭਾਲ ਕਰਨਾ । ਜੇ ਤੇਰਾ ਇਹਨਾਂ ਦੋ ਸਿੱਕਿਆਂ ਤੋਂ ਜ਼ਿਆਦਾ ਖ਼ਰਚ ਆਵੇਗਾ ਤਾਂ ਜਦੋਂ ਮੈਂ ਵਾਪਸ ਆਵਾਂਗਾ, ਤੈਨੂੰ ਉਹ ਵੀ ਦੇ ਦੇਵਾਂਗਾ ।’” ਯਿਸੂ ਨੇ ਉਸ ਵਿਵਸਥਾ ਦੇ ਸਿੱਖਿਅਕ ਤੋਂ ਪੁੱਛਿਆ, “ਤੇਰੇ ਵਿਚਾਰ ਵਿੱਚ ਇਹਨਾਂ ਤਿੰਨਾਂ ਵਿੱਚੋਂ ਕਿਹੜਾ ਆਦਮੀ ਉਸ ਦਾ ਗੁਆਂਢੀ ਨਿਕਲਿਆ ਜੋ ਡਾਕੂਆਂ ਵਿੱਚ ਘਿਰ ਗਿਆ ਸੀ?” ਵਿਵਸਥਾ ਦੇ ਸਿੱਖਿਅਕ ਨੇ ਉੱਤਰ ਦਿੱਤਾ, “ਉਹ ਜਿਸ ਨੇ ਉਸ ਉੱਤੇ ਦਇਆ ਕੀਤੀ ।” ਯਿਸੂ ਨੇ ਉਸ ਨੂੰ ਕਿਹਾ, “ਜਾ, ਤੂੰ ਵੀ ਇਸੇ ਤਰ੍ਹਾਂ ਕਰ ।” ਯਿਸੂ ਅਤੇ ਉਹਨਾਂ ਦੇ ਚੇਲੇ ਯਾਤਰਾ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚੇ । ਉੱਥੇ ਮਾਰਥਾ ਨਾਂ ਦੀ ਇੱਕ ਔਰਤ ਨੇ ਯਿਸੂ ਨੂੰ ਆਪਣੇ ਘਰ ਵਿੱਚ ਠਹਿਰਾਇਆ । ਮਾਰਥਾ ਦੀ ਇੱਕ ਭੈਣ ਸੀ ਜਿਸ ਦਾ ਨਾਂ ਮਰੀਅਮ ਸੀ । ਮਰੀਅਮ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਬੈਠ ਕੇ ਉਹਨਾਂ ਦਾ ਉਪਦੇਸ਼ ਸੁਣਨ ਲੱਗੀ । ਪਰ ਮਾਰਥਾ ਸੇਵਾ ਕਰਦੇ ਕਰਦੇ ਘਬਰਾ ਗਈ । ਉਹ ਯਿਸੂ ਕੋਲ ਆਈ । ਉਸ ਨੇ ਕਿਹਾ, “ਪ੍ਰਭੂ ਜੀ, ਤੁਹਾਨੂੰ ਮੇਰਾ ਫ਼ਿਕਰ ਨਹੀਂ ਹੈ? ਮੇਰੀ ਭੈਣ ਨੇ ਸਾਰਾ ਕੰਮ ਕਰਨ ਦੇ ਲਈ ਮੈਨੂੰ ਇਕੱਲੀ ਛੱਡ ਦਿੱਤਾ ਹੈ । ਉਸ ਨੂੰ ਕਹੋ ਕਿ ਉਹ ਮੇਰੀ ਮਦਦ ਕਰੇ ।” ਪ੍ਰਭੂ ਯਿਸੂ ਨੇ ਮਾਰਥਾ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤ ਸਾਰੀਆਂ ਚੀਜ਼ਾਂ ਦੇ ਲਈ ਚਿੰਤਾ ਕਰਦੀ ਹੈਂ ਅਤੇ ਪਰੇਸ਼ਾਨ ਰਹਿੰਦੀ ਹੈਂ । ਕੇਵਲ ਇੱਕ ਹੀ ਚੀਜ਼ ਦੀ ਲੋੜ ਹੈ ਜੋ ਉੱਤਮ ਹੈ । ਮਰੀਅਮ ਨੇ ਉਸ ਨੂੰ ਚੁਣ ਲਿਆ ਹੈ । ਉਹ ਉਸ ਤੋਂ ਖੋਹੀ ਨਹੀਂ ਜਾਵੇਗੀ ।” ਇੱਕ ਦਿਨ ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਹੇ ਸਨ । ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹਨਾਂ ਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਓ, ਜਿਸ ਤਰ੍ਹਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੇ ਚੇਲਿਆਂ ਨੂੰ ਸਿਖਾਈ ਹੈ ।” ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਇਸ ਤਰ੍ਹਾਂ ਕਹੋ: ‘ਹੇ ਪਿਤਾ, ਤੁਹਾਡਾ ਨਾਮ ਪਵਿੱਤਰ ਮੰਨਿਆ ਜਾਵੇ, ਤੁਹਾਡਾ ਰਾਜ ਆਵੇ; ਸਾਡੀ ਰੋਜ਼ ਦੀ ਰੋਟੀ ਸਾਨੂੰ ਹਰ ਦਿਨ ਦਿਓ, ਸਾਡੇ ਅਪਰਾਧਾਂ ਨੂੰ ਮਾਫ਼ ਕਰੋ, ਜਿਸ ਤਰ੍ਹਾਂ ਅਸੀਂ ਆਪਣੇ ਵਿਰੁੱਧ ਅਪਰਾਧ ਕਰਨ ਵਾਲਿਆਂ ਨੂੰ ਮਾਫ਼ ਕੀਤਾ ਹੈ । ਸਾਨੂੰ ਪਰੀਖਿਆ ਵਿੱਚ ਪੈਣ ਤੋਂ ਬਚਾਓ ।’” ਫਿਰ ਯਿਸੂ ਨੇ ਕਿਹਾ, “ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਅੱਧੀ ਰਾਤ ਨੂੰ ਆਪਣੇ ਮਿੱਤਰ ਦੇ ਕੋਲ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ, ‘ਮਿੱਤਰ, ਮੈਨੂੰ ਤਿੰਨ ਰੋਟੀਆਂ ਉਧਾਰ ਦੇ ਕਿਉਂਕਿ ਮੇਰਾ ਇੱਕ ਮਿੱਤਰ ਯਾਤਰਾ ਕਰਦਾ ਹੋਇਆ ਮੇਰੇ ਘਰ ਆਇਆ ਹੈ ਪਰ ਮੇਰੇ ਕੋਲ ਉਸ ਨੂੰ ਭੋਜਨ ਕਰਾਉਣ ਲਈ ਕੁਝ ਵੀ ਨਹੀਂ ਹੈ ।’ ਮੰਨ ਲਵੋ ਕਿ ਉਸ ਦਾ ਮਿੱਤਰ ਘਰ ਦੇ ਅੰਦਰੋਂ ਹੀ ਇਸ ਤਰ੍ਹਾਂ ਉੱਤਰ ਦੇਵੇ, ‘ਮੈਨੂੰ ਤੰਗ ਨਾ ਕਰ, ਮੈਂ ਦਰਵਾਜ਼ਾ ਬੰਦ ਕਰ ਚੁੱਕਾ ਹਾਂ । ਮੇਰੇ ਬੱਚੇ ਮੇਰੇ ਨਾਲ ਸੁੱਤੇ ਪਏ ਹਨ । ਇਸ ਲਈ ਮੈਂ ਉੱਠ ਕੇ ਤੈਨੂੰ ਕੁੱਝ ਨਹੀਂ ਦੇ ਸਕਦਾ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਦੀ ਮਿੱਤਰਤਾ ਦੇ ਕਾਰਨ ਭਾਵੇਂ ਉਹ ਉੱਠ ਕੇ ਉਸ ਨੂੰ ਕੁਝ ਨਾ ਦੇਵੇ ਪਰ ਉਸ ਦੇ ਬੇਸ਼ਰਮੀ ਨਾਲ ਮੰਗਣ ਕਾਰਨ, ਉਹ ਉੱਠੇਗਾ ਅਤੇ ਉਸ ਦੀ ਲੋੜ ਦੇ ਅਨੁਸਾਰ ਉਹ ਰੋਟੀਆਂ ਦੇਵੇਗਾ । ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ । ਲੱਭੋ ਤਾਂ ਤੁਹਾਨੂੰ ਮਿਲੇਗਾ । ਖੜਕਾਓ ਤਾਂ ਤੁਹਾਡੇ ਲਈ ਦਰਵਾਜ਼ਾ ਖੋਲ੍ਹਿਆ ਜਾਵੇਗਾ । ਹਰ ਇੱਕ ਜੋ ਮੰਗਦਾ ਹੈ, ਉਹ ਪ੍ਰਾਪਤ ਕਰਦਾ ਹੈ; ਜੋ ਲੱਭਦਾ ਹੈ, ਉਸ ਨੂੰ ਮਿਲਦਾ ਹੈ; ਅਤੇ ਜੋ ਖੜਕਾਉਂਦਾ ਹੈ, ਉਸ ਲਈ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ । ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਪਿਤਾ ਹੈ ਜੇਕਰ ਉਸ ਦਾ ਪੁੱਤਰ ਉਸ ਕੋਲੋਂ ਮੱਛੀ ਮੰਗੇ ਤਾਂ ਕੀ ਉਹ ਉਸ ਨੂੰ ਮੱਛੀ ਦੀ ਥਾਂ ਸੱਪ ਦੇਵੇਗਾ? ਜੇਕਰ ਆਂਡਾ ਮੰਗੇ ਤਾਂ ਕੀ ਉਹ ਆਪਣੇ ਪੁੱਤਰ ਨੂੰ ਬਿੱਛੂ ਦੇਵੇਗਾ? ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਹੋ ਤਾਂ ਸਵਰਗੀ ਪਿਤਾ ਹੋਰ ਵੀ ਵੱਧ ਕੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਹੀਂ ਦੇਣਗੇ!” ਯਿਸੂ ਇੱਕ ਆਦਮੀ ਵਿੱਚੋਂ ਅਸ਼ੁੱਧ ਆਤਮਾ ਨੂੰ ਕੱਢ ਰਹੇ ਸਨ । ਅਸ਼ੁੱਧ ਆਤਮਾ ਦੇ ਕਾਰਨ ਉਹ ਆਦਮੀ ਬੋਲ ਨਹੀਂ ਸਕਦਾ ਸੀ । ਪਰ ਜਦੋਂ ਅਸ਼ੁੱਧ ਆਤਮਾ ਨਿਕਲ ਗਈ ਤਾਂ ਉਹ ਬੋਲਣ ਲੱਗ ਪਿਆ । ਲੋਕ ਬਹੁਤ ਹੈਰਾਨ ਹੋਏ । ਪਰ ਉਹਨਾਂ ਵਿੱਚੋਂ ਕੁਝ ਲੋਕ ਕਹਿਣ ਲੱਗੇ, “ਉਹ ਅਸ਼ੁੱਧ ਆਤਮਾਵਾਂ ਦੇ ਹਾਕਮ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹੈ ।” ਕੁਝ ਹੋਰ ਯਿਸੂ ਨੂੰ ਪਰਖਣਾ ਚਾਹੁੰਦੇ ਸਨ । ਉਹ ਚਾਹੁੰਦੇ ਸਨ ਕਿ ਯਿਸੂ ਕੋਈ ਅਦਭੁੱਤ ਕੰਮ ਕਰਨ ਜਿਸ ਤੋਂ ਇਹ ਸਿੱਧ ਹੋਵੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਭੇਜਿਆ ਹੈ । ਯਿਸੂ ਨੇ ਉਹਨਾਂ ਦੇ ਦਿਲਾਂ ਦੇ ਵਿਚਾਰ ਜਾਣ ਕੇ ਉਹਨਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਹ ਬਰਬਾਦ ਹੋ ਜਾਂਦਾ ਹੈ, ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ, ਉਹ ਵੀ ਖ਼ਤਮ ਹੋ ਜਾਂਦਾ ਹੈ । ਇਸ ਲਈ ਜੇਕਰ ਸ਼ੈਤਾਨ ਆਪ ਹੀ ਆਪਣਾ ਵਿਰੋਧੀ ਬਣ ਜਾਵੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ? ਤੁਸੀਂ ਕਹਿੰਦੇ ਹੋ ਮੈਂ ਬਾਲਜ਼ਬੂਲ ਦੀ ਮਦਦ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ । ਜੇਕਰ ਇਹ ਸੱਚ ਹੈ ਤਾਂ ਤੁਹਾਡੇ ਚੇਲੇ ਕਿਸ ਦੀ ਸਹਾਇਤਾ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦੇ ਹਨ? ਉਹ ਹੀ ਇਹ ਸਿੱਧ ਕਰਦੇ ਹਨ ਕਿ ਤੁਸੀਂ ਗ਼ਲਤ ਹੋ । ਪਰ ਜੇਕਰ ਮੈਂ ਪਰਮੇਸ਼ਰ ਦੀ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹਾਂ, ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਕੋਲ ਆ ਪਹੁੰਚਿਆ ਹੈ । “ਜਦੋਂ ਇੱਕ ਤਾਕਤਵਰ ਆਦਮੀ ਹਥਿਆਰਬੰਦ ਹੋ ਕੇ ਆਪਣੇ ਘਰ ਦੀ ਸੁਰੱਖਿਆ ਕਰਦਾ ਹੈ ਤਾਂ ਉਸ ਦਾ ਮਾਲ ਸੁਰੱਖਿਅਤ ਰਹਿੰਦਾ ਹੈ । ਪਰ ਜੇਕਰ ਉਸ ਤੋਂ ਵੀ ਤਾਕਤਵਰ ਆਦਮੀ ਉਸ ਉੱਤੇ ਹਮਲਾ ਕਰ ਕੇ ਉਸ ਨੂੰ ਹਰਾ ਦਿੰਦਾ ਹੈ ਅਤੇ ਉਸ ਦੇ ਉਹ ਸਭ ਹਥਿਆਰ ਖੋਹ ਲੈਂਦਾ ਹੈ, ਜਿਹਨਾਂ ਉੱਤੇ ਉਸ ਨੂੰ ਭਰੋਸਾ ਸੀ ਤਾਂ ਉਹ ਬਹੁਤ ਤਾਕਤਵਰ ਆਦਮੀ ਉਸ ਦਾ ਮਾਲ ਲੁੱਟ ਲੈਂਦਾ ਹੈ ਅਤੇ ਆਪਣੇ ਸਾਥੀਆਂ ਨੂੰ ਵੰਡ ਦਿੰਦਾ ਹੈ । “ਜਿਹੜਾ ਮੇਰੇ ਨਾਲ ਨਹੀਂ ਹੈ, ਉਹ ਮੇਰਾ ਵਿਰੋਧੀ ਹੈ । ਜਿਹੜਾ ਮੇਰੇ ਨਾਲ ਇਕੱਠਾ ਕਰਨ ਵਿੱਚ ਮੇਰੀ ਮਦਦ ਨਹੀਂ ਕਰਦਾ, ਉਹ ਖਿਲਾਰਦਾ ਹੈ ।” “ਜਦੋਂ ਅਸ਼ੁੱਧ ਆਤਮਾ ਕਿਸੇ ਮਨੁੱਖ ਵਿੱਚੋਂ ਨਿਕਲ ਜਾਂਦੀ ਹੈ ਤਾਂ ਉਹ ਸੁੰਨਸਾਨ ਥਾਵਾਂ ਵਿੱਚ ਅਰਾਮ ਦੇ ਲਈ ਥਾਂ ਲੱਭਦੀ ਹੈ । ਜੇਕਰ ਉਸ ਨੂੰ ਅਰਾਮ ਵਾਲੀ ਥਾਂ ਨਹੀਂ ਮਿਲਦੀ ਤਾਂ ਉਹ ਫਿਰ ਕਹਿੰਦੀ ਹੈ, ‘ਜਿਸ ਘਰ ਵਿੱਚੋਂ ਮੈਂ ਨਿਕਲੀ ਸੀ ਮੈਂ ਉਸ ਵਿੱਚ ਹੀ ਵਾਪਸ ਚਲੀ ਜਾਵਾਂਗੀ ।’ ਉਹ ਫਿਰ ਉਸ ਘਰ ਵਿੱਚ ਆਉਂਦੀ ਹੈ । ਉਹ ਉਸ ਘਰ ਨੂੰ ਝਾੜਿਆ ਅਤੇ ਸਜਿਆ ਹੋਇਆ ਦੇਖਦੀ ਹੈ; ਤਾਂ ਉਹ ਜਾ ਕੇ ਆਪਣੇ ਨਾਲੋਂ ਵੀ ਹੋਰ ਦੁਸ਼ਟ ਸੱਤ ਆਤਮਾਵਾਂ ਨੂੰ ਲੈ ਆਉਂਦੀ ਹੈ । ਫਿਰ ਉਹ ਉੱਥੇ ਰਹਿਣ ਲੱਗ ਪੈਂਦੀਆਂ ਹਨ । ਇਸ ਕਾਰਨ ਉਸ ਮਨੁੱਖ ਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਜਾਂਦੀ ਹੈ ।” ਜਦੋਂ ਯਿਸੂ ਇਹ ਗੱਲਾਂ ਕਹਿ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, “ਧੰਨ ਹੈ ਉਹ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ ਅਤੇ ਜਿਸ ਨੇ ਤੁਹਾਨੂੰ ਦੁੱਧ ਪਿਲਾਇਆ ਹੈ ।” ਯਿਸੂ ਨੇ ਉੱਤਰ ਦਿੱਤਾ, “ਇਹ ਸੱਚ ਹੈ, ਪਰ ਉਹ ਲੋਕ ਜ਼ਿਆਦਾ ਧੰਨ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਉਸ ਦੀ ਪਾਲਣਾ ਕਰਦੇ ਹਨ ।” ਯਿਸੂ ਦੇ ਕੋਲ ਹੋਰ ਜ਼ਿਆਦਾ ਭੀੜ ਇਕੱਠੀ ਹੋ ਰਹੀ ਸੀ । ਉਹਨਾਂ ਨੇ ਕਿਹਾ, “ਇਸ ਪੀੜ੍ਹੀ ਦੇ ਲੋਕ ਕਿੰਨੇ ਬੁਰੇ ਹਨ । ਇਹ ਚਿੰਨ੍ਹ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ । ਇਹਨਾਂ ਲੋਕਾਂ ਨੂੰ ਯੋਨਾਹ ਨਬੀ ਦੇ ਚਿੰਨ੍ਹ ਤੋਂ ਸਿਵਾਏ, ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ । ਜਿਸ ਤਰ੍ਹਾਂ ਨੀਨਵਾਹ ਸ਼ਹਿਰ ਦੇ ਲੋਕਾਂ ਲਈ ਯੋਨਾਹ ਨਬੀ ਇੱਕ ਚਿੰਨ੍ਹ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਦੇ ਲੋਕਾਂ ਲਈ ਇੱਕ ਚਿੰਨ੍ਹ ਠਹਿਰੇਗਾ । ਨਿਆਂ ਵਾਲੇ ਦਿਨ ਦੱਖਣ ਦੀ ਮਹਾਰਾਣੀ ਖੜ੍ਹੀ ਹੋਵੇਗੀ ਅਤੇ ਉਹ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰੇਗੀ । ਉਹ ਰਾਜਾ ਸੁਲੇਮਾਨ ਦੀਆਂ ਬੁੱਧੀ ਵਾਲੀਆਂ ਗੱਲਾਂ ਸੁਣਨ ਦੇ ਲਈ ਧਰਤੀ ਦੇ ਦੂਜੇ ਪਾਰ ਤੋਂ ਆਈ ਸੀ । ਪਰ ਦੇਖੋ, ਇੱਥੇ ਸੁਲੇਮਾਨ ਤੋਂ ਵੀ ਵੱਡਾ ਕੋਈ ਹੈ । ਨੀਨਵਾਹ ਸ਼ਹਿਰ ਦੇ ਲੋਕ ਨਿਆਂ ਵਾਲੇ ਦਿਨ ਖੜ੍ਹੇ ਹੋਣਗੇ ਅਤੇ ਇਸ ਪੀੜ੍ਹੀ ਦੇ ਲੋਕਾਂ ਨੂੰ ਦੋਸ਼ੀ ਸਿੱਧ ਕਰਨਗੇ, ਕਿਉਂਕਿ ਉਹਨਾਂ ਨੇ ਯੋਨਾਹ ਨਬੀ ਦੇ ਸੰਦੇਸ਼ ਨੂੰ ਸੁਣ ਕੇ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਸੀ । ਪਰ ਦੇਖੋ, ਇੱਥੇ ਯੋਨਾਹ ਨਬੀ ਤੋਂ ਵੀ ਵੱਡਾ ਕੋਈ ਹੈ । “ਕੋਈ ਦੀਵਾ ਬਾਲ ਕੇ ਲੁਕਾਉਂਦਾ ਨਹੀਂ ਜਾਂ ਭਾਂਡੇ ਦੇ ਥੱਲੇ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਉਸ ਤੋਂ ਘਰ ਦੇ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ । ਤੇਰੇ ਸਰੀਰ ਦਾ ਦੀਵਾ ਤੇਰੀ ਅੱਖ ਹੈ । ਜੇਕਰ ਤੇਰੀ ਅੱਖ ਠੀਕ ਹੈ ਤਾਂ ਤੇਰਾ ਸਾਰਾ ਸਰੀਰ ਪ੍ਰਕਾਸ਼ਵਾਨ ਹੈ; ਪਰ ਜੇਕਰ ਤੇਰੀ ਅੱਖ ਖ਼ਰਾਬ ਹੈ ਤਾਂ ਤੇਰਾ ਸਰੀਰ ਹਨੇਰਾ ਹੈ । ਇਸ ਲਈ ਸੁਚੇਤ ਰਹਿ, ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ । ਜੇਕਰ ਤੇਰਾ ਸਾਰਾ ਸਰੀਰ ਪ੍ਰਕਾਸ਼ਵਾਨ ਹੈ ਅਤੇ ਉਸ ਦਾ ਕੋਈ ਭਾਗ ਵੀ ਹਨੇਰੇ ਵਿੱਚ ਨਹੀਂ ਤਾਂ ਉਹ ਸਾਰਾ ਪ੍ਰਕਾਸ਼ਵਾਨ ਹੋਵੇਗਾ ਜਿਸ ਤਰ੍ਹਾਂ ਦੀਵਾ ਆਪਣੀ ਲੋ ਨਾਲ ਤੈਨੂੰ ਪ੍ਰਕਾਸ਼ਿਤ ਕਰ ਦਿੰਦਾ ਹੈ ।” ਜਦੋਂ ਯਿਸੂ ਆਪਣਾ ਉਪਦੇਸ਼ ਸਮਾਪਤ ਕਰ ਚੁੱਕੇ ਤਾਂ ਫ਼ਰੀਸੀ ਦਲ ਦੇ ਇੱਕ ਆਦਮੀ ਨੇ ਉਹਨਾਂ ਨੂੰ ਆਪਣੇ ਘਰ ਭੋਜਨ ਕਰਨ ਲਈ ਸੱਦਾ ਦਿੱਤਾ । ਯਿਸੂ ਉੱਥੇ ਗਏ ਅਤੇ ਭੋਜਨ ਕਰਨ ਲਈ ਬੈਠ ਗਏ । ਉਸ ਫ਼ਰੀਸੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ ਪੈਰ ਨਹੀਂ ਧੋਤੇ । ਇਸ ਲਈ ਪ੍ਰਭੂ ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, “ਤੁਸੀਂ ਫ਼ਰੀਸੀ ਲੋਕ ਪਿਆਲਿਆਂ ਅਤੇ ਥਾਲੀਆਂ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਮਾਂਜਦੇ ਹੋ ਪਰ ਤੁਹਾਡੇ ਸਰੀਰ ਦੇ ਅੰਦਰ ਲੋਭ ਅਤੇ ਬੁਰਾਈ ਭਰੀ ਹੋਈ ਹੈ । ਹੇ ਮੂਰਖੋ! ਜਿਸ ਪਰਮੇਸ਼ਰ ਨੇ ਸਰੀਰ ਦੇ ਬਾਹਰਲੇ ਅੰਗ ਬਣਾਏ ਹਨ, ਕੀ ਉਹਨਾਂ ਨੇ ਅੰਦਰਲੇ ਅੰਗ ਨਹੀਂ ਬਣਾਏ? ਜੋ ਭੋਜਨ ਤੁਹਾਡੇ ਪਿਆਲਿਆਂ ਅਤੇ ਥਾਲੀਆਂ ਵਿੱਚ ਹੈ, ਗ਼ਰੀਬਾਂ ਨੂੰ ਵੰਡ ਦਿਓ ਤਾਂ ਜੋ ਤੁਹਾਡੇ ਲਈ ਸਭ ਕੁਝ ਸ਼ੁੱਧ ਹੋ ਜਾਵੇ । “ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨਾ, ਹਰਮਲ ਅਤੇ ਹਰ ਪ੍ਰਕਾਰ ਦੀਆਂ ਜੜੀ ਬੂਟੀਆਂ ਦਾ ਦਸਵਾਂ ਹਿੱਸਾ ਤਾਂ ਪਰਮੇਸ਼ਰ ਦੇ ਅੱਗੇ ਚੜ੍ਹਾਉਂਦੇ ਹੋ ਪਰ ਪਰਮੇਸ਼ਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ । ਚੰਗਾ ਹੁੰਦਾ ਕਿ ਤੁਸੀਂ ਪਰਮੇਸ਼ਰ ਨੂੰ ਦਸਵਾਂ ਹਿੱਸਾ ਦਿੰਦੇ ਅਤੇ ਉਹਨਾਂ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਵੀ ਨਾ ਕਰਦੇ । “ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਤੁਸੀਂ ਪ੍ਰਾਰਥਨਾ ਸਭਾਵਾਂ ਵਿੱਚ ਪ੍ਰਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ । ਤੁਸੀਂ ਬਾਜ਼ਾਰਾਂ ਵਿੱਚ ਲੋਕਾਂ ਕੋਲੋਂ ਨਮਸਕਾਰ ਕਰਾਉਣਾ ਪਸੰਦ ਕਰਦੇ ਹੋ । ਤੁਹਾਡੇ ਉੱਤੇ ਹਾਏ! ਕਿ ਤੁਸੀਂ ਉਹਨਾਂ ਕਬਰਾਂ ਵਰਗੇ ਹੋ ਜਿਹੜੀਆਂ ਦਿਖਾਈ ਨਹੀਂ ਦਿੰਦੀਆਂ ਹਨ । ਇਸ ਲਈ ਲੋਕ ਉਹਨਾਂ ਉੱਤੇ ਅਣਜਾਣੇ ਹੀ ਚਲਦੇ ਫਿਰਦੇ ਹਨ ।” ਇੱਕ ਵਿਵਸਥਾ ਦੇ ਸਿੱਖਿਅਕ ਨੇ ਯਿਸੂ ਨੂੰ ਉੱਤਰ ਦਿੱਤਾ, “ਗੁਰੂ ਜੀ, ਇਸ ਤਰ੍ਹਾਂ ਕਹਿ ਕੇ ਤੁਸੀਂ ਸਾਡਾ ਵੀ ਅਪਮਾਨ ਕਰ ਰਹੇ ਹੋ ।” ਯਿਸੂ ਨੇ ਆਖਿਆ, “ਵਿਵਸਥਾ ਦੇ ਸਿੱਖਿਅਕੋ, ਤੁਹਾਡੇ ਉੱਤੇ ਵੀ ਹਾਏ! ਤੁਸੀਂ ਲੋਕਾਂ ਉੱਤੇ ਇੰਨਾ ਭਾਰ ਲੱਦ ਦਿੰਦੇ ਹੋ ਕਿ ਉਹਨਾਂ ਲਈ ਉਸ ਨੂੰ ਚੁੱਕਣਾ ਔਖਾ ਹੁੰਦਾ ਹੈ । ਪਰ ਆਪ ਇੱਕ ਉਂਗਲੀ ਵੀ ਉਸ ਭਾਰ ਨੂੰ ਚੁੱਕਣ ਲਈ ਨਹੀਂ ਲਾਉਂਦੇ ਹੋ । ਤੁਹਾਡੇ ਉੱਤੇ ਹਾਏ! ਕਿਉਂਕਿ ਜਿਹਨਾਂ ਨਬੀਆਂ ਦਾ ਕਤਲ ਤੁਹਾਡੇ ਪੁਰਖਿਆਂ ਨੇ ਕੀਤਾ ਸੀ, ਤੁਸੀਂ ਉਹਨਾਂ ਦੀਆਂ ਯਾਦਗਾਰਾਂ ਬਣਾਉਂਦੇ ਹੋ । ਇਸ ਤਰ੍ਹਾਂ ਤੁਸੀਂ ਆਪ ਸਿੱਧ ਕਰਦੇ ਹੋ ਕਿ ਤੁਹਾਡੇ ਪੁਰਖਿਆਂ ਨੇ ਨਬੀਆਂ ਨੂੰ ਕਤਲ ਕੀਤਾ ਸੀ । ਇਸ ਲਈ ਤੁਸੀਂ ਆਪਣੇ ਪੁਰਖਿਆਂ ਦੇ ਇਹਨਾਂ ਕੰਮਾਂ ਦੇ ਗਵਾਹ ਹੋ । ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ । ਇਸ ਲਈ ਪਰਮੇਸ਼ਰ ਦਾ ਗਿਆਨ ਕਹਿੰਦਾ ਹੈ: ‘ਮੈਂ ਉਹਨਾਂ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ । ਉਹ ਉਹਨਾਂ ਵਿੱਚੋਂ ਕੁਝ ਨੂੰ ਮਾਰ ਸੁੱਟਣਗੇ ਅਤੇ ਕੁਝ ਉੱਤੇ ਅੱਤਿਆਚਾਰ ਕਰਨਗੇ ।’ ਇਸ ਸੰਸਾਰ ਦੇ ਸ਼ੁਰੂ ਤੋਂ ਹੀ ਕੀਤੇ ਗਏ ਨਬੀਆਂ ਦੇ ਕਤਲਾਂ ਦੀ ਸਜ਼ਾ ਇਸ ਪੀੜ੍ਹੀ ਦੇ ਲੋਕਾਂ ਨੂੰ ਦਿੱਤੀ ਜਾਵੇਗੀ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਹਾਬਲ ਤੋਂ ਲੈ ਕੇ ਜ਼ਕਰਯਾਹ ਦੇ ਕਤਲ ਤੱਕ ਜਿਹੜਾ ਵੇਦੀ ਅਤੇ ਹੈਕਲ ਦੇ ਵਿਚਕਾਰ ਕੀਤਾ ਗਿਆ ਸੀ, ਸਭ ਦਾ ਹਿਸਾਬ ਇਸ ਪੀੜ੍ਹੀ ਦੇ ਲੋਕਾਂ ਕੋਲੋਂ ਲਿਆ ਜਾਵੇਗਾ । “ਵਿਵਸਥਾ ਦੇ ਸਿੱਖਿਅਕੋ, ਤੁਹਾਡੇ ਉੱਤੇ ਹਾਏ! ਤੁਸੀਂ ਗਿਆਨ ਦੀ ਕੁੰਜੀ ਸਾਂਭ ਤਾਂ ਲਈ ਹੈ ਪਰ ਤੁਸੀਂ ਨਾ ਆਪ ਅੰਦਰ ਗਏ ਹੋ ਅਤੇ ਨਾ ਹੀ ਅੰਦਰ ਜਾਣ ਵਾਲਿਆਂ ਨੂੰ ਜਾਣ ਦਿੰਦੇ ਹੋ ।” ਜਦੋਂ ਯਿਸੂ ਉਸ ਘਰ ਤੋਂ ਵਿਦਾ ਹੋਣ ਲੱਗੇ ਤਾਂ ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧ ਕਰਨ ਲੱਗੇ । ਉਹ ਯਿਸੂ ਤੋਂ ਕਈ ਪ੍ਰਕਾਰ ਦੇ ਪ੍ਰਸ਼ਨ ਪੁੱਛਣ ਲੱਗੇ । ਉਹ ਇਸ ਮੌਕੇ ਦੀ ਤਾੜ ਵਿੱਚ ਸਨ ਕਿ ਯਿਸੂ ਦੇ ਮੂੰਹ ਵਿੱਚੋਂ ਕੋਈ ਇਹੋ ਜਿਹੀ ਗੱਲ ਨਿਕਲੇ ਜਿਸ ਨਾਲ ਉਹ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਣ । ਇੱਕ ਦਿਨ ਯਿਸੂ ਦੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ । ਭੀੜ ਇੰਨੀ ਸੀ ਕਿ ਲੋਕ ਇੱਕ ਦੂਜੇ ਉੱਤੇ ਡਿੱਗਦੇ ਪਏ ਸਨ । ਯਿਸੂ ਪਹਿਲਾਂ ਆਪਣੇ ਚੇਲਿਆਂ ਨੂੰ ਕਹਿਣ ਲੱਗੇ, “ ਫ਼ਰੀਸੀਆਂ ਦੇ ਖ਼ਮੀਰ ਭਾਵ ਉਹਨਾਂ ਦੀਆਂ ਪਖੰਡੀ ਚਾਲਾਂ ਤੋਂ ਸਾਵਧਾਨ ਰਹਿਣਾ । ਇਹੋ ਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲ੍ਹਿਆ ਨਾ ਜਾਵੇਗਾ; ਜੋ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ । ਜੋ ਤੁਸੀਂ ਹਨੇਰੇ ਵਿੱਚ ਕਿਹਾ ਹੈ, ਉਹ ਚਾਨਣ ਵਿੱਚ ਸੁਣਾਇਆ ਜਾਵੇਗਾ । ਜੋ ਤੁਸੀਂ ਕਮਰੇ ਦੇ ਅੰਦਰ ਕਿਸੇ ਦੇ ਕੰਨ ਵਿੱਚ ਕਿਹਾ ਹੈ, ਉਹ ਮਕਾਨ ਦੀ ਛੱਤ ਉੱਤੇ ਉੱਚੀ ਉੱਚੀ ਕਿਹਾ ਜਾਵੇਗਾ ।” “ਮੇਰੇ ਮਿੱਤਰੋ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹਨਾਂ ਤੋਂ ਨਾ ਡਰੋ ਜੋ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ ਪਰ ਇਸ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਦੇ । ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ । ਪਰਮੇਸ਼ਰ ਕੋਲੋਂ ਡਰੋ; ਉਹ ਤੁਹਾਨੂੰ ਮਾਰਨ ਤੋਂ ਬਾਅਦ ਨਰਕ ਵਿੱਚ ਸੁੱਟਣ ਦਾ ਅਧਿਕਾਰ ਰੱਖਦੇ ਹਨ । ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਪਰਮੇਸ਼ਰ ਕੋਲੋਂ ਡਰੋ । ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਪਰਮੇਸ਼ਰ ਉਹਨਾਂ ਚਿੜੀਆਂ ਵਿੱਚੋਂ ਹਰ ਇੱਕ ਦਾ ਧਿਆਨ ਰੱਖਦੇ ਹਨ । ਤੁਹਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਹੋਏ ਹਨ । ਇਸ ਲਈ ਡਰੋ ਨਹੀਂ; ਤੁਸੀਂ ਬਹੁਤ ਚਿੜੀਆਂ ਨਾਲੋਂ ਕਿਤੇ ਵੱਧ ਮੁੱਲਵਾਨ ਹੋ ।” “ਮੈਂ ਤੁਹਾਨੂੰ ਕਹਿੰਦਾ ਹਾਂ ਜੋ ਕੋਈ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਮੰਨਦਾ ਹੈ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗਦੂਤਾਂ ਦੇ ਸਾਹਮਣੇ ਆਪਣਾ ਕਰ ਕੇ ਮੰਨੇਗਾ । ਪਰ ਜੋ ਕੋਈ ਲੋਕਾਂ ਦੇ ਸਾਹਮਣੇ ਮੈਨੂੰ ਪ੍ਰਭੂ ਨਹੀਂ ਮੰਨਦਾ, ਉਸ ਨੂੰ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਸਵਰਗਦੂਤਾਂ ਦੇ ਸਾਹਮਣੇ ਆਪਣਾ ਕਰ ਕੇ ਨਹੀਂ ਮੰਨੇਗਾ । “ਜੇਕਰ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੁਝ ਕਹੇ ਤਾਂ ਉਸ ਨੂੰ ਮਾਫ਼ੀ ਮਿਲ ਸਕਦੀ ਹੈ । ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਬੋਲਦਾ ਹੈ, ਉਸ ਨੂੰ ਕਦੀ ਮਾਫ਼ ਨਹੀਂ ਕੀਤਾ ਜਾਵੇਗਾ । “ਜਦੋਂ ਲੋਕ ਤੁਹਾਨੂੰ ਫੜ ਕੇ ਸਭਾਵਾਂ ਜਾਂ ਪ੍ਰਬੰਧਕਾਂ ਜਾਂ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰਨ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਆਪਣੇ ਬਚਾਅ ਦੇ ਲਈ ਕੀ ਉੱਤਰ ਦੇਵੋਗੇ । ਕਿਉਂਕਿ ਉਸ ਸਮੇਂ ਪਵਿੱਤਰ ਆਤਮਾ ਤੁਹਾਨੂੰ ਸਿਖਾ ਦੇਵੇਗਾ ਕਿ ਤੁਸੀਂ ਕੀ ਕਹਿਣਾ ਹੈ ।” ਭੀੜ ਵਿੱਚੋਂ ਇੱਕ ਆਦਮੀ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਕਹੋ ਕਿ ਉਹ ਮੇਰੇ ਨਾਲ ਸਾਡੇ ਪਿਤਾ ਵੱਲੋਂ ਮਿਲੀ ਜਾਇਦਾਦ ਨੂੰ ਵੰਡ ਲਵੇ ।” ਯਿਸੂ ਨੇ ਉੱਤਰ ਦਿੱਤਾ, “ਮਿੱਤਰ, ਕਿਸ ਨੇ ਮੈਨੂੰ ਤੁਹਾਡਾ ਪੰਚ ਜਾਂ ਤੁਹਾਡੀ ਜਾਇਦਾਦ ਵੰਡਣ ਵਾਲਾ ਮਿੱਥਿਆ ਹੈ?” ਫਿਰ ਯਿਸੂ ਨੇ ਭੀੜ ਨੂੰ ਕਿਹਾ, “ਸੁਚੇਤ ਰਹੋ! ਆਪਣੇ ਆਪ ਨੂੰ ਸਭ ਤਰ੍ਹਾਂ ਦੇ ਲੋਭ ਤੋਂ ਬਚਾਅ ਕੇ ਰੱਖੋ ਕਿਉਂਕਿ ਮਨੁੱਖ ਦਾ ਅਸਲੀ ਜੀਵਨ ਉਸ ਦੇ ਸੰਸਾਰਕ ਧਨ ਵਿੱਚ ਨਹੀਂ ਹੈ, ਭਾਵੇਂ ਉਸ ਦੇ ਕੋਲ ਕਿੰਨਾ ਵੀ ਧਨ ਕਿਉਂ ਨਾ ਹੋਵੇ ।” ਇਸ ਵਿਸ਼ੇ ਬਾਰੇ ਯਿਸੂ ਨੇ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਵਾਰ ਇੱਕ ਧਨੀ ਆਦਮੀ ਦੇ ਖੇਤਾਂ ਵਿੱਚ ਬਹੁਤ ਫ਼ਸਲ ਹੋਈ । ਉਹ ਆਦਮੀ ਆਪਣੇ ਮਨ ਵਿੱਚ ਸੋਚਣ ਲੱਗਾ, ‘ਮੈਂ ਕੀ ਕਰਾਂ? ਮੇਰੇ ਕੋਲ ਆਪਣੀ ਫ਼ਸਲ ਨੂੰ ਰੱਖਣ ਲਈ ਥਾਂ ਨਹੀਂ ਹੈ ।’ ਫਿਰ ਉਸ ਨੇ ਆਪਣੇ ਆਪ ਨੂੰ ਕਿਹਾ, ‘ਮੈਂ ਆਪਣੇ ਅਨਾਜ ਰੱਖਣ ਵਾਲੇ ਗੋਦਾਮਾਂ ਨੂੰ ਢਾਹ ਦੇਵਾਂਗਾ ਅਤੇ ਉਹਨਾਂ ਤੋਂ ਵੀ ਵੱਡੇ ਗੋਦਾਮ ਬਣਾਵਾਂਗਾ । ਫਿਰ ਮੈਂ ਆਪਣਾ ਸਾਰਾ ਅਨਾਜ ਅਤੇ ਮਾਲ ਉਹਨਾਂ ਵਿੱਚ ਰੱਖਾਂਗਾ । ਅਤੇ ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਮੇਰੀ ਜਾਨ, ਤੇਰੇ ਕੋਲ ਬਹੁਤ ਸਾਲਾਂ ਲਈ ਅਨਾਜ ਅਤੇ ਮਾਲ ਹੈ । ਤੂੰ ਅਰਾਮ ਕਰ, ਖਾ ਪੀ ਅਤੇ ਐਸ਼ ਕਰ ।’ ਪਰ ਪਰਮੇਸ਼ਰ ਨੇ ਉਸ ਆਦਮੀ ਨੂੰ ਕਿਹਾ, ‘ਹੇ ਮੂਰਖ ਆਦਮੀ! ਅੱਜ ਰਾਤ ਨੂੰ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ ਤਾਂ ਫਿਰ ਇਹ ਸਭ ਕੁਝ ਜੋ ਤੂੰ ਜੋੜਿਆ ਹੈ, ਕਿਸ ਦਾ ਹੋਵੇਗਾ?’” ਅੰਤ ਵਿੱਚ ਯਿਸੂ ਨੇ ਕਿਹਾ, “ਇਹੋ ਹਾਲ ਉਹਨਾਂ ਸਭਨਾਂ ਦਾ ਹੈ ਜੋ ਆਪਣੇ ਲਈ ਸੰਸਾਰਕ ਧਨ ਇਕੱਠਾ ਕਰਦੇ ਹਨ ਪਰ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਧਨੀ ਨਹੀਂ ਹਨ ।” ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਆਪਣੇ ਜੀਵਨ ਅਤੇ ਸਰੀਰ ਦੇ ਲਈ ਚਿੰਤਾ ਨਾ ਕਰਨਾ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪਾਵਾਂਗੇ, ਕਿਉਂਕਿ ਜੀਵਨ ਦਾ ਮੁੱਲ ਭੋਜਨ ਨਾਲੋਂ ਕਿਤੇ ਵੱਧ ਹੈ ਅਤੇ ਸਰੀਰ ਦਾ ਮੁੱਲ ਕੱਪੜੇ ਨਾਲੋਂ ਵੱਧ ਹੈ । ਕਾਂਵਾਂ ਨੂੰ ਦੇਖੋ, ਉਹ ਨਾ ਬੀਜਦੇ ਨਾ ਹੀ ਫ਼ਸਲ ਕੱਟਦੇ ਹਨ, ਉਹਨਾਂ ਕੋਲ ਨਾ ਗੋਦਾਮ ਅਤੇ ਨਾ ਕੋਠੇ ਹਨ । ਪਰ ਫਿਰ ਵੀ ਪਰਮੇਸ਼ਰ ਉਹਨਾਂ ਨੂੰ ਖਾਣ ਲਈ ਦਿੰਦੇ ਹਨ । ਤੁਸੀਂ ਪੰਛੀਆਂ ਨਾਲੋਂ ਕਿਤੇ ਵੱਧ ਮੁੱਲਵਾਨ ਹੋ । ਤੁਹਾਡੇ ਵਿੱਚੋਂ ਕੌਣ ਹੈ ਜੋ ਚਿੰਤਾ ਕਰ ਕੇ ਆਪਣੀ ਉਮਰ ਵਿੱਚ ਇੱਕ ਦਿਨ ਦਾ ਵੀ ਵਾਧਾ ਕਰ ਸਕਦਾ ਹੈ? ਫਿਰ ਜੇਕਰ ਤੁਸੀਂ ਇੰਨਾ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਤਾਂ ਬਾਕੀ ਕੰਮਾਂ ਲਈ ਚਿੰਤਾ ਕਰਨ ਦਾ ਕੀ ਲਾਭ ਹੈ? “ਜੰਗਲੀ ਫੁੱਲਾਂ ਨੂੰ ਦੇਖੋ, ਉਹ ਨਾ ਮਿਹਨਤ ਕਰਦੇ ਹਨ, ਨਾ ਬੁਣਦੇ ਹਨ । ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਭਾਵੇਂ ਬਹੁਤ ਸ਼ਾਨ ਵਾਲਾ ਰਾਜਾ ਸੀ ਪਰ ਫਿਰ ਵੀ ਉਸ ਦੇ ਵਸਤਰ ਉਹਨਾਂ ਫੁੱਲਾਂ ਨਾਲੋਂ ਵੱਧ ਸੁੰਦਰ ਨਹੀਂ ਸਨ । ਜੇਕਰ ਪਰਮੇਸ਼ਰ ਇਸ ਘਾਹ ਨੂੰ ਜੋ ਅੱਜ ਮੈਦਾਨ ਵਿੱਚ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਇਸ ਤਰ੍ਹਾਂ ਸਜਾਉਂਦੇ ਹਨ ਤਾਂ ਉਹ ਤੁਹਾਨੂੰ ਪਾਉਣ ਲਈ ਕਿਉਂ ਨਾ ਦੇਣਗੇ? ਤੁਹਾਡਾ ਵਿਸ਼ਵਾਸ ਕਿੰਨਾ ਘੱਟ ਹੈ! ਖਾਣ ਪੀਣ ਦੀਆਂ ਚੀਜ਼ਾਂ ਦੀ ਭਾਲ ਵਿੱਚ ਨਾ ਰਹੋ ਅਤੇ ਨਾ ਹੀ ਉਹਨਾਂ ਦੇ ਲਈ ਪਰੇਸ਼ਾਨ ਹੋਵੋ । ਸੰਸਾਰ ਦੇ ਦੂਜੇ ਲੋਕ ਇਹਨਾਂ ਚੀਜ਼ਾਂ ਦੀ ਭਾਲ ਵਿੱਚ ਰਹਿੰਦੇ ਹਨ । ਪਰ ਤੁਹਾਡੇ ਸਵਰਗੀ ਪਿਤਾ ਜਾਣਦੇ ਹਨ ਕਿ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ । ਇਸ ਲਈ ਤੁਸੀਂ ਆਪਣੇ ਜੀਵਨ ਵਿੱਚ ਪਹਿਲਾਂ ਪਰਮੇਸ਼ਰ ਦੇ ਰਾਜ ਦੀ ਭਾਲ ਕਰੋ ਅਤੇ ਇਹ ਚੀਜ਼ਾਂ ਪਰਮੇਸ਼ਰ ਆਪ ਹੀ ਤੁਹਾਨੂੰ ਦੇਣਗੇ ।” “ਹੇ ਛੋਟੇ ਝੁੰਡ, ਨਾ ਡਰ, ਕਿਉਂਕਿ ਤੁਹਾਡੇ ਸਵਰਗੀ ਪਿਤਾ ਬੜੀ ਪ੍ਰਸੰਨਤਾ ਨਾਲ ਤੁਹਾਨੂੰ ਰਾਜ ਦੇਣਾ ਚਾਹੁੰਦੇ ਹਨ । ਆਪਣਾ ਸਭ ਕੁਝ ਵੇਚ ਦਿਓ ਅਤੇ ਗਰੀਬਾਂ ਨੂੰ ਦਾਨ ਦੇ ਦਿਓ । ਆਪਣੇ ਲਈ ਇਹੋ ਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ । ਆਪਣਾ ਧਨ ਸਵਰਗ ਵਿੱਚ ਇਕੱਠਾ ਕਰੋ; ਜਿੱਥੇ ਉਹ ਘੱਟਦਾ ਨਹੀਂ ਕਿਉਂਕਿ ਉੱਥੇ ਨਾ ਹੀ ਚੋਰ ਨੇੜੇ ਆਉਂਦਾ ਹੈ ਅਤੇ ਨਾ ਉਸ ਨੂੰ ਕੀੜਾ ਲੱਗਦਾ ਹੈ । ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਉੱਥੇ ਤੁਹਾਡਾ ਦਿਲ ਵੀ ਲੱਗਾ ਰਹੇਗਾ ।” “ਹਰ ਸਮੇਂ ਤਿਆਰ ਰਹੋ । ਆਪਣੇ ਦੀਵੇ ਬਲਦੇ ਰੱਖੋ । ਉਹਨਾਂ ਨੌਕਰਾਂ ਦੀ ਤਰ੍ਹਾਂ ਤਿਆਰ ਰਹੋ ਜਿਹੜੇ ਆਪਣੇ ਮਾਲਕ ਦੇ ਵਿਆਹ ਭੋਜ ਤੋਂ ਵਾਪਸ ਆਉਣ ਦੀ ਉਡੀਕ ਵਿੱਚ ਹਨ ਕਿ ਉਹ ਕਦੋਂ ਆਵੇ ਅਤੇ ਘਰ ਦਾ ਕੁੰਡਾ ਖੜਕਾਵੇ ਅਤੇ ਉਹ ਇਕਦਮ ਉਸ ਦੇ ਅੰਦਰ ਆਉਣ ਲਈ ਦਰਵਾਜ਼ਾ ਖੋਲ੍ਹਣ । ਧੰਨ ਉਹ ਨੌਕਰ ਹਨ ਜਿਹਨਾਂ ਦਾ ਮਾਲਕ ਆ ਕੇ ਉਹਨਾਂ ਨੂੰ ਜਾਗਦੇ ਅਤੇ ਤਿਆਰ ਦੇਖਦਾ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਮਾਲਕ ਆਪ ਸੇਵਾ ਕਰਨ ਲਈ ਤਿਆਰ ਹੋਵੇਗਾ, ਨੌਕਰਾਂ ਨੂੰ ਬੈਠਾਵੇਗਾ ਅਤੇ ਉਹਨਾਂ ਦੀ ਸੇਵਾ ਕਰੇਗਾ । ਧੰਨ ਹਨ ਉਹ ਨੌਕਰ, ਜੇਕਰ ਉਹਨਾਂ ਦਾ ਮਾਲਕ ਉਹਨਾਂ ਨੂੰ ਇਸੇ ਤਰ੍ਹਾਂ ਤਿਆਰ ਅਤੇ ਜਾਗਦੇ ਦੇਖੇ, ਭਾਵੇਂ ਉਹ ਰਾਤ ਦੇ ਦੂਜੇ ਜਾਂ ਤੀਜੇ ਪਹਿਰ ਵੀ ਕਿਉਂ ਨਾ ਵਾਪਸ ਆਵੇ । ਤੁਸੀਂ ਇਹ ਜਾਣ ਰੱਖੋ ਕਿ ਜੇਕਰ ਘਰ ਦੇ ਮਾਲਕ ਨੂੰ ਇਹ ਪਤਾ ਹੁੰਦਾ ਕਿ ਚੋਰ ਨੇ ਕਿਸ ਸਮੇਂ ਆਉਣਾ ਹੈ ਤਾਂ ਉਹ ਆਪਣੇ ਘਰ ਚੋਰੀ ਨਾ ਹੋਣ ਦਿੰਦਾ । ਤੁਸੀਂ ਵੀ ਹਰ ਸਮੇਂ ਤਿਆਰ ਰਹੋ ਕਿਉਂਕਿ ਜਿਸ ਘੜੀ ਦੇ ਬਾਰੇ ਤੁਸੀਂ ਸੋਚਿਆ ਵੀ ਨਹੀਂ, ਮਨੁੱਖ ਦਾ ਪੁੱਤਰ ਉਸੇ ਘੜੀ ਆ ਜਾਵੇਗਾ ।” ਪਤਰਸ ਨੇ ਪੁੱਛਿਆ, “ਪ੍ਰਭੂ ਜੀ, ਕੀ ਤੁਸੀਂ ਇਹ ਦ੍ਰਿਸ਼ਟਾਂਤ ਸਾਨੂੰ ਹੀ ਸੁਣਾਇਆ ਹੈ ਜਾਂ ਸਾਰੇ ਲੋਕਾਂ ਦੇ ਲਈ ਹੈ?” ਯਿਸੂ ਨੇ ਕਿਹਾ, “ਈਮਾਨਦਾਰ ਅਤੇ ਸਮਝਦਾਰ ਨੌਕਰ ਕੌਣ ਹੈ? ਉਹ ਉਸ ਨੌਕਰ ਵਰਗਾ ਹੈ ਜਿਸ ਨੂੰ ਉਸ ਦਾ ਮਾਲਕ ਆਪਣੇ ਘਰ ਦਾ ਕਾਰੋਬਾਰ ਚਲਾਉਣ ਅਤੇ ਦੂਜੇ ਨੌਕਰਾਂ ਨੂੰ ਠੀਕ ਸਮੇਂ ਭੋਜਨ ਦੇਣ ਦੇ ਲਈ ਨਿਯੁਕਤ ਕਰੇ । ਧੰਨ ਹੈ ਉਹ ਨੌਕਰ, ਜਿਸ ਨੂੰ ਉਸ ਦਾ ਮਾਲਕ ਆਪਣੇ ਵਾਪਸ ਆਉਣ ਤੇ ਇਸੇ ਤਰ੍ਹਾਂ ਠੀਕ ਕੰਮ ਕਰਦਾ ਦੇਖੇ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਾਲਕ ਉਸ ਨੌਕਰ ਨੂੰ ਆਪਣੇ ਸਾਰੇ ਘਰ ਦਾ ਮੁਖ਼ਤਿਆਰ ਬਣਾਵੇਗਾ । ਪਰ ਜੇਕਰ ਉਹ ਨੌਕਰ ਆਪਣੇ ਦਿਲ ਵਿੱਚ ਇਹ ਸੋਚੇ ਕਿ ‘ਮੇਰਾ ਮਾਲਕ ਅਜੇ ਕੁਝ ਦਿਨਾਂ ਤੱਕ ਨਹੀਂ ਆਵੇਗਾ,’ ਅਤੇ ਉਹ ਦੂਜੇ ਨੌਕਰਾਂ ਅਤੇ ਨੌਕਰਾਣੀਆਂ ਨੂੰ ਮਾਰਨਾ ਸ਼ੁਰੂ ਕਰ ਦੇਵੇ ਅਤੇ ਆਪ ਖਾ ਪੀ ਕੇ ਨਸ਼ੇ ਵਿੱਚ ਰਹਿਣ ਲੱਗੇ, ਤਾਂ ਉਸ ਦਾ ਮਾਲਕ ਇਹੋ ਜਿਹੇ ਦਿਨ ਮੁੜ ਆਵੇਗਾ ਜਿਸ ਦੇ ਬਾਰੇ ਉਸ ਨੇ ਸੋਚਿਆ ਵੀ ਨਹੀਂ ਸੀ । ਮਾਲਕ ਉਸ ਨੌਕਰ ਦੇ ਟੁੱਕੜੇ ਟੁੱਕੜੇ ਕਰ ਦੇਵੇਗਾ ਅਤੇ ਉਸ ਨੂੰ ਉਹ ਹੀ ਸਜ਼ਾ ਦੇਵੇਗਾ ਜੋ ਬੇਈਮਾਨਾਂ ਨੂੰ ਮਿਲਦੀ ਹੈ । “ਜੋ ਨੌਕਰ ਆਪਣੇ ਮਾਲਕ ਦੀ ਇੱਛਾ ਜਾਣਦੇ ਹੋਏ ਵੀ ਤਿਆਰ ਨਹੀਂ ਰਿਹਾ ਅਤੇ ਮਾਲਕ ਦੀ ਇੱਛਾ ਅਨੁਸਾਰ ਕੰਮ ਨਹੀਂ ਕੀਤਾ, ਉਸ ਨੌਕਰ ਨੂੰ ਬਹੁਤ ਕੋਰੜੇ ਮਾਰੇ ਜਾਣਗੇ । ਪਰ ਜਿਸ ਨੌਕਰ ਨੇ ਅਣਜਾਣੇ ਹੀ ਮਾਰ ਖਾਣ ਵਾਲਾ ਕੰਮ ਕੀਤਾ ਹੈ, ਉਸ ਨੂੰ ਥੋੜ੍ਹੇ ਕੋਰੜੇ ਪੈਣਗੇ । ਜਿਸ ਨੂੰ ਬਹੁਤ ਦਿੱਤਾ ਗਿਆ ਹੈ, ਉਸ ਤੋਂ ਬਹੁਤ ਮੰਗਿਆ ਜਾਵੇਗਾ; ਜਿਸ ਨੂੰ ਬਹੁਤ ਸੌਂਪਿਆ ਗਿਆ ਹੈ, ਉਸ ਤੋਂ ਬਹੁਤ ਦਾ ਹਿਸਾਬ ਲਿਆ ਜਾਵੇਗਾ ।” “ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ । ਚੰਗਾ ਹੁੰਦਾ ਕਿ ਇਹ ਅੱਗ ਹੁਣ ਤੱਕ ਭੜਕ ਉੱਠਦੀ । ਮੈਂ ਇੱਕ ਦੁੱਖਾਂ ਦਾ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਮੈਂ ਨਾ ਲਵਾਂ ਤਦ ਤੱਕ ਮੈਂ ਕਿੰਨਾ ਦੁਖੀ ਰਹਾਂਗਾ! ਕੀ ਤੁਸੀਂ ਸਮਝਦੇ ਹੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ? ਨਹੀਂ, ਮੈਂ ਸ਼ਾਂਤੀ ਨਹੀਂ ਸਗੋਂ ਫੁੱਟ ਲੈ ਕੇ ਆਇਆ ਹਾਂ । ਜਿਸ ਪਰਿਵਾਰ ਵਿੱਚ ਪੰਜ ਜਣੇ ਹਨ, ਉਹਨਾਂ ਵਿੱਚ ਫੁੱਟ ਹੋਵੇਗੀ: ਤਿੰਨ ਦੋਨਾਂ ਦੇ ਵਿਰੁੱਧ, ਅਤੇ ਦੋ ਤਿੰਨਾਂ ਦੇ ਵਿਰੁੱਧ । ਪਿਤਾ ਪੁੱਤਰ ਦਾ ਵਿਰੋਧ ਕਰੇਗਾ ਅਤੇ ਪੁੱਤਰ ਪਿਤਾ ਦਾ । ਮਾਂ ਧੀ ਦਾ ਵਿਰੋਧ ਕਰੇਗੀ ਅਤੇ ਧੀ ਮਾਂ ਦਾ । ਸੱਸ ਨੂੰਹ ਦਾ ਵਿਰੋਧ ਕਰੇਗੀ ਅਤੇ ਨੂੰਹ ਸੱਸ ਦਾ ।” ਯਿਸੂ ਨੇ ਭੀੜ ਦੇ ਲੋਕਾਂ ਨੂੰ ਕਿਹਾ, “ਜਦੋਂ ਤੁਸੀਂ ਪੱਛਮ ਵੱਲੋਂ ਬੱਦਲ ਉੱਠਦੇ ਦੇਖਦੇ ਹੋ ਤਾਂ ਤੁਸੀਂ ਕਹਿੰਦੇ ਹੋ, ਮੀਂਹ ਪਵੇਗਾ ਅਤੇ ਮੀਂਹ ਪੈਂਦਾ ਹੈ । ਇਸੇ ਤਰ੍ਹਾਂ ਜਦੋਂ ਹਵਾ ਦੱਖਣ ਵੱਲੋਂ ਆਉਂਦੀ ਹੈ, ਤਾਂ ਤੁਸੀਂ ਕਹਿੰਦੇ ਹੋ ਲੂ ਚੱਲੇਗੀ ਅਤੇ ਇਸੇ ਤਰ੍ਹਾਂ ਹੁੰਦਾ ਹੈ । ਪਖੰਡੀਓ! ਤੁਸੀਂ ਧਰਤੀ ਅਤੇ ਅਕਾਸ਼ ਨੂੰ ਦੇਖ ਕੇ ਤਾਂ ਸਮਝ ਜਾਂਦੇ ਹੋ ਕਿ ਕੀ ਹੋਵੇਗਾ ਪਰ ਤੁਸੀਂ ਇਸ ਸਮੇਂ ਦਾ ਅਰਥ ਕਿਉਂ ਨਹੀਂ ਸਮਝਦੇ?” “ਤੁਸੀਂ ਆਪ ਹੀ ਫ਼ੈਸਲਾ ਕਿਉਂ ਨਹੀਂ ਕਰ ਲੈਂਦੇ ਕਿ ਸਹੀ ਕੀ ਹੈ? ਜੇਕਰ ਤੇਰਾ ਵਿਰੋਧੀ ਤੇਰੇ ਉੱਤੇ ਮੁਕੱਦਮਾ ਕਰਨਾ ਚਾਹੇ ਅਤੇ ਤੈਨੂੰ ਅਦਾਲਤ ਵਿੱਚ ਲੈ ਜਾਣਾ ਚਾਹੇ ਤਾਂ ਤੂੰ ਉਸ ਨਾਲ ਰਾਹ ਵਿੱਚ ਹੀ ਸਮਝੌਤਾ ਕਰਨ ਦੀ ਕੋਸ਼ਿਸ਼ ਕਰ, ਨਹੀਂ ਤਾਂ ਉਹ ਤੈਨੂੰ ਜੱਜ ਕੋਲ ਲੈ ਜਾਵੇਗਾ । ਜੱਜ ਤੈਨੂੰ ਪੁਲਿਸ ਦੇ ਹੱਥਾਂ ਵਿੱਚ ਸੌਂਪੇਗਾ ਅਤੇ ਪੁਲਿਸ ਤੈਨੂੰ ਜੇਲ੍ਹ ਵਿੱਚ ਬੰਦ ਕਰ ਦੇਵੇਗੀ । ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂਗਾ, ਤੂੰ ਜੇਲ੍ਹ ਤੋਂ ਛੁੱਟ ਨਹੀਂ ਸਕਦਾ ।” ਉਸ ਸਮੇਂ ਉੱਥੇ ਕੁਝ ਲੋਕ ਸਨ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਦੱਸਿਆ ਕਿ ਗਲੀਲ ਦੇ ਇਲਾਕੇ ਦੇ ਕੁਝ ਲੋਕ ਪਰਮੇਸ਼ਰ ਦੇ ਸਾਹਮਣੇ ਬਲੀ ਚੜ੍ਹਾ ਰਹੇ ਸਨ ਕਿ ਪਿਲਾਤੁਸ ਰਾਜਪਾਲ ਨੇ ਉਹਨਾਂ ਨੂੰ ਕਤਲ ਕਰਵਾ ਕੇ ਉਹਨਾਂ ਦਾ ਲਹੂ ਬਲੀ ਦੇ ਲਹੂ ਵਿੱਚ ਮਿਲਾ ਦਿੱਤਾ । ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਸੋਚਦੇ ਹੋ ਕਿ ਇਹ ਗਲੀਲੀ ਜੋ ਮਾਰੇ ਗਏ ਸਨ ਦੂਜੇ ਗਲੀਲੀਆਂ ਨਾਲੋਂ ਜ਼ਿਆਦਾ ਪਾਪੀ ਸਨ? ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਜੇਕਰ ਤੁਸੀਂ ਵੀ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਸਾਰੇ ਇਸੇ ਤਰ੍ਹਾਂ ਨਾਸ਼ ਹੋ ਜਾਵੋਗੇ । ਸ਼ੀਲੋਹ ਦਾ ਬੁਰਜ ਡਿੱਗਣ ਦੇ ਕਾਰਨ ਅਠਾਰਾਂ ਬੰਦੇ ਮਰ ਗਏ ਸਨ । ਕੀ ਤੁਸੀਂ ਉਹਨਾਂ ਅਠਾਰਾਂ ਦੇ ਬਾਰੇ ਵੀ ਸੋਚਦੇ ਹੋ ਕਿ ਉਹ ਬਾਕੀ ਯਰੂਸ਼ਲਮ ਸ਼ਹਿਰ ਦੇ ਰਹਿਣ ਵਾਲਿਆਂ ਨਾਲੋਂ ਜ਼ਿਆਦਾ ਪਾਪੀ ਸਨ? ਨਹੀਂ! ਕਿਉਂਕਿ ਜੇਕਰ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਨਹੀਂ ਕਰੋਗੇ ਤਾਂ ਤੁਸੀਂ ਉਹਨਾਂ ਅਠਾਰਾਂ ਵਾਂਗ ਨਾਸ਼ ਹੋ ਜਾਵੋਗੇ ।” ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ: “ਇੱਕ ਆਦਮੀ ਦੇ ਬਾਗ਼ ਵਿੱਚ ਇੱਕ ਅੰਜੀਰ ਦਾ ਰੁੱਖ ਲੱਗਾ ਹੋਇਆ ਸੀ । ਉਹ ਆਪਣੀ ਰੀਤ ਦੇ ਅਨੁਸਾਰ ਇੱਕ ਦਿਨ ਉਸ ਰੁੱਖ ਤੋਂ ਫਲ ਤੋੜਨ ਆਇਆ ਪਰ ਉਸ ਨੂੰ ਉਸ ਰੁੱਖ ਤੋਂ ਇੱਕ ਫਲ ਵੀ ਨਾ ਮਿਲਿਆ । ਤਦ ਉਸ ਆਦਮੀ ਨੇ ਬਾਗ਼ ਦੇ ਮਾਲੀ ਨੂੰ ਕਿਹਾ, ‘ਪਿੱਛਲੇ ਤਿੰਨ ਸਾਲਾਂ ਤੋਂ ਮੈਂ ਇਸ ਅੰਜੀਰ ਦੇ ਰੁੱਖ ਤੋਂ ਫਲ ਦੀ ਭਾਲ ਕਰ ਰਿਹਾ ਹਾਂ । ਪਰ ਅੱਜ ਤੱਕ ਮੈਨੂੰ ਇਸ ਤੋਂ ਇੱਕ ਵੀ ਫਲ ਨਹੀਂ ਮਿਲਿਆ । ਇਸ ਰੁੱਖ ਨੂੰ ਵੱਢ ਸੁੱਟ, ਇਹ ਕਦੋਂ ਤੱਕ ਐਵੇਂ ਹੀ ਜ਼ਮੀਨ ਘੇਰੀ ਰੱਖੇਗਾ?’ ਮਾਲੀ ਨੇ ਆਪਣੇ ਮਾਲਕ ਨੂੰ ਕਿਹਾ, ‘ਮਾਲਕ, ਇਸ ਨੂੰ ਇੱਕ ਸਾਲ ਹੋਰ ਰਹਿਣ ਦਿਓ । ਮੈਂ ਇਸ ਦੇ ਆਲੇ ਦੁਆਲੇ ਖਾਈ ਪੁੱਟ ਕੇ ਰੂੜੀ ਪਾਵਾਂਗਾ । ਜੇਕਰ ਇਹ ਅਗਲੇ ਸਾਲ ਫਲ ਦੇਵੇ ਤਾਂ ਬਹੁਤ ਵਧੀਆ, ਨਹੀਂ ਤਾਂ ਤੁਸੀਂ ਕਟਵਾ ਦੇਣਾ ।’” ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਭਾ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ । ਉੱਥੇ ਉਸ ਵੇਲੇ ਇੱਕ ਔਰਤ ਸੀ ਜਿਸ ਵਿੱਚ ਇੱਕ ਅਸ਼ੁੱਧ ਆਤਮਾ ਸੀ ਜਿਸ ਨੇ ਉਸ ਨੂੰ ਪਿੱਛਲੇ ਅਠਾਰਾਂ ਸਾਲਾਂ ਤੋਂ ਕੁੱਬੀ ਕੀਤਾ ਹੋਇਆ ਸੀ । ਉਹ ਔਰਤ ਕੁੱਬੀ ਹੋ ਗਈ ਸੀ ਅਤੇ ਹੁਣ ਸਿੱਧੀ ਖੜ੍ਹੀ ਨਹੀਂ ਹੋ ਸਕਦੀ ਸੀ । ਜਦੋਂ ਯਿਸੂ ਨੇ ਉਸ ਔਰਤ ਨੂੰ ਦੇਖਿਆ ਤਦ ਉਹਨਾਂ ਨੇ ਉਸ ਨੂੰ ਅੱਗੇ ਸੱਦਿਆ ਅਤੇ ਕਿਹਾ, “ਬੀਬੀ, ਤੂੰ ਆਪਣੀ ਬਿਮਾਰੀ ਤੋਂ ਮੁਕਤ ਹੋ ਗਈ ਹੈਂ!” ਇਹ ਕਹਿ ਕੇ ਯਿਸੂ ਨੇ ਉਸ ਉੱਤੇ ਆਪਣੇ ਹੱਥ ਰੱਖੇ । ਉਹ ਔਰਤ ਇਕਦਮ ਸਿੱਧੀ ਖੜ੍ਹੀ ਹੋ ਗਈ ਅਤੇ ਪਰਮੇਸ਼ਰ ਦੀ ਵਡਿਆਈ ਕਰਨ ਲੱਗ ਪਈ । ਇਹ ਦੇਖ ਕੇ ਕਿ ਪ੍ਰਭੂ ਨੇ ਸਬਤ ਦੇ ਦਿਨ ਚੰਗਾ ਕਰਨ ਦਾ ਕੰਮ ਕੀਤਾ ਹੈ, ਪ੍ਰਾਰਥਨਾ ਸਭਾ ਦਾ ਅਧਿਕਾਰੀ ਗੁੱਸੇ ਵਿੱਚ ਆ ਕੇ ਲੋਕਾਂ ਨੂੰ ਕਹਿਣ ਲੱਗਾ, “ਛੇ ਦਿਨ ਹਨ ਜਿਹਨਾਂ ਵਿੱਚ ਸਾਨੂੰ ਕੰਮ ਕਰਨਾ ਚਾਹੀਦਾ ਹੈ, ਉਹਨਾਂ ਦਿਨਾਂ ਵਿੱਚ ਆ ਕੇ ਚੰਗੇ ਹੋਵੋ । ਸਬਤ ਦੇ ਦਿਨ ਨਹੀਂ ।” ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਪਖੰਡੀਓ, ਕੀ ਤੁਸੀਂ ਸਬਤ ਦੇ ਦਿਨ ਆਪਣੇ ਬਲਦ ਜਾਂ ਗਧੇ ਨੂੰ ਪਸ਼ੂਵਾੜੇ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦੇ? ਦੇਖੋ, ਇਹ ਔਰਤ ਅਬਰਾਹਾਮ ਦੇ ਕੁੱਲ ਵਿੱਚੋਂ ਹੈ ਜਿਸ ਨੂੰ ਸ਼ੈਤਾਨ ਨੇ ਪਿੱਛਲੇ ਅਠਾਰਾਂ ਸਾਲਾਂ ਤੋਂ ਜਕੜਿਆ ਹੋਇਆ ਸੀ । ਕੀ ਇਹ ਠੀਕ ਨਹੀਂ ਕਿ ਇਹ ਸਬਤ ਦੇ ਦਿਨ ਆਪਣੀ ਬਿਮਾਰੀ ਤੋਂ ਮੁਕਤੀ ਪਾਵੇ?” ਯਿਸੂ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਉਹਨਾਂ ਦੇ ਵਿਰੋਧੀ ਸ਼ਰਮਿੰਦੇ ਹੋ ਗਏ ਪਰ ਬਾਕੀ ਸਾਰੇ ਲੋਕ ਯਿਸੂ ਦੇ ਅਦਭੁੱਤ ਕੰਮ ਦੇਖ ਕੇ ਖ਼ੁਸ਼ ਸਨ । ਪ੍ਰਭੂ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ? ਇਸ ਦੀ ਤੁਲਨਾ ਮੈਂ ਕਿਸ ਨਾਲ ਕਰਾਂ? ਇਹ ਇੱਕ ਰਾਈ ਦੇ ਛੋਟੇ ਬੀਜ ਵਰਗਾ ਹੈ ਜਿਸ ਨੂੰ ਇੱਕ ਆਦਮੀ ਨੇ ਲਿਆ ਅਤੇ ਆਪਣੇ ਬਗੀਚੇ ਵਿੱਚ ਉਸ ਨੂੰ ਬੀਜ ਦਿੱਤਾ । ਉਹ ਬੀਜ ਉੱਗਿਆ ਅਤੇ ਵਧਿਆ । ਉਹ ਵੱਧਦਾ ਵੱਧਦਾ ਰੁੱਖ ਬਣ ਗਿਆ; ਇੱਥੋਂ ਤੱਕ ਕਿ ਅਕਾਸ਼ ਦੇ ਪੰਛੀਆਂ ਨੇ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਆਪਣੇ ਆਲ੍ਹਣੇ ਬਣਾਏ ।” ਫਿਰ ਯਿਸੂ ਨੇ ਕਿਹਾ, “ਪਰਮੇਸ਼ਰ ਦੇ ਰਾਜ ਦੀ ਤੁਲਨਾ ਮੈਂ ਕਿਸ ਨਾਲ ਕਰਾਂ? ਪਰਮੇਸ਼ਰ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਥੋੜ੍ਹਾ ਜਿਹਾ ਲਿਆ ਅਤੇ ਬਹੁਤ ਸਾਰੇ ਆਟੇ ਵਿੱਚ ਰਲਾ ਦਿੱਤਾ ਅਤੇ ਹੌਲੀ ਹੌਲੀ ਉਹ ਸਾਰਾ ਆਟਾ ਖ਼ਮੀਰਾ ਹੋ ਗਿਆ ।” ਪ੍ਰਭੂ ਯਿਸੂ ਸ਼ਹਿਰ ਸ਼ਹਿਰ ਅਤੇ ਪਿੰਡ ਪਿੰਡ ਵਿੱਚ ਉਪਦੇਸ਼ ਦਿੰਦੇ ਹੋਏ ਯਰੂਸ਼ਲਮ ਵੱਲ ਜਾ ਰਹੇ ਸਨ । ਕਿਸੇ ਨੇ ਉਹਨਾਂ ਤੋਂ ਪੁੱਛਿਆ, “ਪ੍ਰਭੂ ਜੀ, ਕੀ ਥੋੜ੍ਹੇ ਹੀ ਲੋਕ ਮੁਕਤੀ ਦੇ ਭਾਗੀ ਹੋਣਗੇ?” ਯਿਸੂ ਨੇ ਉੱਤਰ ਦਿੱਤਾ, “ਤੰਗ ਦਰਵਾਜ਼ੇ ਦੇ ਰਾਹੀਂ ਅੰਦਰ ਜਾਣ ਦੀ ਆਪਣੀ ਪੂਰੀ ਕੋਸ਼ਿਸ਼ ਕਰੋ । ਮੈਂ ਕਹਿੰਦਾ ਹਾਂ ਕਿ ਬਹੁਤ ਲੋਕ ਅੰਦਰ ਜਾਣ ਦੀ ਕੋਸ਼ਿਸ਼ ਕਰਨਗੇ ਪਰ ਉਹ ਅੰਦਰ ਨਹੀਂ ਜਾ ਸਕਣਗੇ । “ਘਰ ਦਾ ਮਾਲਕ ਉੱਠ ਕੇ ਅੰਦਰੋਂ ਦਰਵਾਜ਼ਾ ਬੰਦ ਕਰ ਲਵੇਗਾ । ਤੁਸੀਂ ਬਾਹਰ ਖੜ੍ਹੇ ਹੋ ਕੇ ਦਰਵਾਜ਼ਾ ਖੜਕਾਓਗੇ ਅਤੇ ਉਸ ਨੂੰ ਆਵਾਜ਼ ਦੇਵੋਗੇ, ‘ਹੇ ਮਾਲਕ, ਸਾਡੇ ਲਈ ਦਰਵਾਜ਼ਾ ਖੋਲ੍ਹੋ ।’ ਪਰ ਉਹ ਅੰਦਰੋਂ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ।’ ਫਿਰ ਤੁਸੀਂ ਕਹੋਗੇ, ‘ਅਸੀਂ ਤੁਹਾਡੇ ਨਾਲ ਖਾਧਾ ਪੀਤਾ, ਤੁਸੀਂ ਸਾਡੇ ਸ਼ਹਿਰਾਂ ਵਿੱਚ ਉਪਦੇਸ਼ ਦਿੱਤਾ ।’ ਪਰ ਉਹ ਫਿਰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ । ਹੇ ਬੁਰੇ ਕੰਮ ਕਰਨ ਵਾਲਿਓ, ਮੇਰੇ ਤੋਂ ਦੂਰ ਹੋ ਜਾਓ!’ ਜਦੋਂ ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਹੋਰ ਸਭ ਨਬੀਆਂ ਨੂੰ ਪਰਮੇਸ਼ਰ ਦੇ ਰਾਜ ਵਿੱਚ ਦੇਖੋਗੇ ਪਰ ਆਪਣੇ ਆਪ ਨੂੰ ਪਰਮੇਸ਼ਰ ਦੇ ਰਾਜ ਤੋਂ ਬਾਹਰ ਕੱਢਿਆ ਦੇਖੋਗੇ ਤਾਂ ਉਸ ਸਮੇਂ ਤੁਸੀਂ ਰੋਵੋਗੇ ਅਤੇ ਆਪਣੇ ਦੰਦ ਪੀਹੋਗੇ । ਲੋਕ ਉੱਤਰ ਅਤੇ ਦੱਖਣ ਤੋਂ, ਪੂਰਬ ਅਤੇ ਪੱਛਮ ਤੋਂ ਆ ਕੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨ ਲਈ ਬੈਠਣਗੇ । ਉਸ ਸਮੇਂ ਬਹੁਤ ਸਾਰੇ ਜਿਹੜੇ ਹੁਣ ਪਿੱਛੇ ਹਨ, ਅੱਗੇ ਹੋਣਗੇ; ਅਤੇ ਜਿਹੜੇ ਹੁਣ ਅੱਗੇ ਹਨ, ਉਹ ਪਿੱਛੇ ਹੋਣਗੇ ।” ਉਸ ਸਮੇਂ ਕੁਝ ਫ਼ਰੀਸੀ ਪ੍ਰਭੂ ਯਿਸੂ ਦੇ ਕੋਲ ਆਏ ਅਤੇ ਉਹਨਾਂ ਨੂੰ ਕਹਿਣ ਲੱਗੇ, “ਤੁਸੀਂ ਕਿਤੇ ਹੋਰ ਚਲੇ ਜਾਓ ਕਿਉਂਕਿ ਹੇਰੋਦੇਸ ਰਾਜਾ ਤੁਹਾਨੂੰ ਜਾਨੋਂ ਮਾਰਨਾ ਚਾਹੁੰਦਾ ਹੈ ।” ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਜਾ ਕੇ ਉਸ ਲੂੰਬੜ ਨੂੰ ਕਹਿ ਦਿਓ, ਮੈਂ ਅੱਜ ਅਤੇ ਕੱਲ ਅਸ਼ੁੱਧ ਆਤਮਾਵਾਂ ਨੂੰ ਕੱਢਾਂਗਾ ਅਤੇ ਬਿਮਾਰਾਂ ਨੂੰ ਚੰਗਾ ਕਰਾਂਗਾ । ਪਰਸੋਂ ਮੇਰਾ ਕੰਮ ਪੂਰਾ ਹੋ ਜਾਵੇਗਾ । ਪਰ ਅੱਜ, ਕੱਲ ਅਤੇ ਪਰਸੋਂ ਮੇਰੇ ਲਈ ਯਾਤਰਾ ਕਰਨੀ ਜ਼ਰੂਰੀ ਹੈ ਕਿਉਂਕਿ ਇਹ ਹੋ ਨਹੀਂ ਸਕਦਾ ਕਿ ਕੋਈ ਨਬੀ ਯਰੂਸ਼ਲਮ ਸ਼ਹਿਰ ਤੋਂ ਸਿਵਾਏ ਕਿਸੇ ਹੋਰ ਥਾਂ ਕਤਲ ਕੀਤਾ ਜਾਵੇ । “ਹੇ ਯਰੂਸ਼ਲਮ, ਹੇ ਯਰੂਸ਼ਲਮ, ਤੂੰ ਨਬੀਆਂ ਨੂੰ ਕਤਲ ਕਰਦਾ ਹੈਂ । ਤੂੰ ਪਰਮੇਸ਼ਰ ਦੇ ਭੇਜਿਆਂ ਹੋਇਆਂ ਨੂੰ ਪੱਥਰਾਂ ਨਾਲ ਮਾਰ ਦਿੰਦਾ ਹੈਂ । ਕਿੰਨੀ ਵਾਰ ਮੈਂ ਚਾਹਿਆ ਕਿ ਜਿਸ ਤਰ੍ਹਾਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠਾਂ ਇਕੱਠੇ ਕਰਦੀ ਹੈ, ਇਸੇ ਤਰ੍ਹਾਂ ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ ਪਰ ਤੂੰ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿੱਤਾ । ਦੇਖੋ, ਤੁਹਾਡਾ ਘਰ ਤੁਹਾਡੇ ਲਈ ਵਿਰਾਨ ਕਰ ਦਿੱਤਾ ਗਿਆ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਉਸ ਸਮੇਂ ਤੱਕ ਨਹੀਂ ਦੇਖੋਗੇ, ਜਦੋਂ ਤੱਕ ਕਿ ਤੁਸੀਂ ਇਸ ਤਰ੍ਹਾਂ ਨਾ ਕਹੋਗੇ, ‘ਧੰਨ ਹੈ ਉਹ ਜੋ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ ।’” ਸਬਤ ਦੇ ਦਿਨ ਪ੍ਰਭੂ ਯਿਸੂ ਫ਼ਰੀਸੀ ਧੜੇ ਦੇ ਇੱਕ ਆਗੂ ਦੇ ਘਰ ਭੋਜਨ ਕਰਨ ਦੇ ਲਈ ਗਏ । ਫ਼ਰੀਸੀ ਧਿਆਨ ਨਾਲ ਯਿਸੂ ਨੂੰ ਦੇਖ ਰਹੇ ਸਨ । ਉੱਥੇ ਇੱਕ ਆਦਮੀ ਸੀ ਜਿਸ ਦੇ ਹੱਥ ਪੈਰ ਸੁੱਜੇ ਹੋਏ ਸਨ ਜੋ ਯਿਸੂ ਕੋਲ ਆਇਆ । ਯਿਸੂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਤੋਂ ਪੁੱਛਿਆ, “ਕੀ ਪਵਿੱਤਰ-ਗ੍ਰੰਥ ਅਨੁਸਾਰ ਸਬਤ ਦੇ ਦਿਨ ਕਿਸੇ ਨੂੰ ਚੰਗਾ ਕਰਨਾ ਠੀਕ ਹੈ ਜਾਂ ਨਹੀਂ?” ਪਰ ਉਹ ਚੁੱਪ ਰਹੇ । ਤਦ ਯਿਸੂ ਨੇ ਉਸ ਬਿਮਾਰ ਆਦਮੀ ਦਾ ਹੱਥ ਫੜਿਆ ਅਤੇ ਉਸ ਨੂੰ ਚੰਗਾ ਕਰ ਕੇ ਵਿਦਾ ਕੀਤਾ । ਫਿਰ ਯਿਸੂ ਨੇ ਫ਼ਰੀਸੀਆਂ ਨੂੰ ਕਿਹਾ, “ਜੇਕਰ ਤੁਹਾਡੇ ਵਿੱਚੋਂ ਕਿਸੇ ਦਾ ਪੁੱਤਰ ਜਾਂ ਬਲਦ ਸਬਤ ਦੇ ਦਿਨ ਖੂਹ ਵਿੱਚ ਡਿੱਗ ਪਵੇ ਤਾਂ ਕੀ ਤੁਸੀਂ ਇਕਦਮ ਉਸ ਨੂੰ ਖੂਹ ਵਿੱਚੋਂ ਬਾਹਰ ਨਹੀਂ ਕੱਢੋਗੇ?” ਪਰ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ । ਪ੍ਰਭੂ ਯਿਸੂ ਨੇ ਦੇਖਿਆ ਕਿ ਕਿਸ ਤਰ੍ਹਾਂ ਪ੍ਰਾਹੁਣੇ ਪ੍ਰਮੁੱਖ ਥਾਵਾਂ ਚੁਣ ਰਹੇ ਹਨ ਤਦ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦਿੰਦੇ ਹੋਏ ਕਿਹਾ, “ਜਦੋਂ ਤੁਹਾਨੂੰ ਕੋਈ ਵਿਆਹ ਦੇ ਭੋਜ ਉੱਤੇ ਸੱਦਾ ਦੇਵੇ ਤਾਂ ਤੁਸੀਂ ਪ੍ਰਮੁੱਖ ਥਾਂਵਾਂ ਉੱਤੇ ਨਾ ਬੈਠਣਾ । ਕਿਉਂਕਿ ਹੋ ਸਕਦਾ ਹੈ ਕਿ ਉਸ ਨੇ ਤੁਹਾਡੇ ਤੋਂ ਵੀ ਕਿਸੇ ਵੱਡੇ ਆਦਮੀ ਨੂੰ ਸੱਦਾ ਦਿੱਤਾ ਹੋਵੇ । ਇਸ ਲਈ ਸੱਦਾ ਦੇਣ ਵਾਲਾ ਤੁਹਾਡੇ ਕੋਲ ਆ ਕੇ ਤੁਹਾਨੂੰ ਕਹੇ, ‘ਇਹ ਥਾਂ ਇਸ ਨੂੰ ਦੇ ਦਿਓ,’ ਤਾਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ । ਇਸ ਲਈ ਤੁਹਾਨੂੰ ਜਦੋਂ ਕੋਈ ਸੱਦਾ ਦੇਵੇ, ਜਾਓ, ਪਰ ਜਾ ਕੇ ਪਿੱਛਲੀ ਥਾਂ ਉੱਤੇ ਬੈਠਣਾ । ਕਿੰਨਾ ਚੰਗਾ ਹੋਵੇਗਾ ਜਦੋਂ ਸੱਦਾ ਦੇਣ ਵਾਲਾ ਆਪ ਆ ਕੇ ਤੁਹਾਨੂੰ ਕਹੇ, ‘ਮਿੱਤਰ, ਤੁਸੀਂ ਅਗਲੀ ਥਾਂ ਉੱਤੇ ਆ ਕੇ ਬੈਠੋ ।’ ਇਸ ਤਰ੍ਹਾਂ ਸਾਰੇ ਪ੍ਰਾਹੁਣਿਆਂ ਦੇ ਸਾਹਮਣੇ ਤੁਹਾਡਾ ਮਾਣ ਵਧੇਗਾ । ਜੋ ਕੋਈ ਆਪਣੇ ਆਪ ਨੂੰ ਵੱਡਾ ਕਰਦਾ ਹੈ, ਉਹ ਛੋਟਾ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਛੋਟਾ ਕਰਦਾ ਹੈ, ਉਹ ਵੱਡਾ ਕੀਤਾ ਜਾਵੇਗਾ ।” ਫਿਰ ਯਿਸੂ ਨੇ ਆਪਣੇ ਸੱਦਾ ਦੇਣ ਵਾਲੇ ਨੂੰ ਕਿਹਾ, “ਜਦੋਂ ਤੂੰ ਦੁਪਿਹਰ ਜਾਂ ਰਾਤ ਦੇ ਭੋਜ ਲਈ ਸੱਦਾ ਦੇਵੇਂ ਤਾਂ ਆਪਣੇ ਮਿੱਤਰਾਂ, ਭਰਾਵਾਂ, ਰਿਸ਼ਤੇਦਾਰਾਂ ਜਾਂ ਧਨੀ ਗੁਆਂਢੀਆਂ ਨੂੰ ਸੱਦਾ ਨਾ ਦੇ । ਅਜਿਹਾ ਨਾ ਹੋਵੇ ਕਿ ਉਹ ਇਸ ਦੇ ਬਦਲੇ ਵਿੱਚ ਤੈਨੂੰ ਵੀ ਸੱਦਣ ਅਤੇ ਤੈਨੂੰ ਬਦਲਾ ਮਿਲ ਜਾਵੇ । ਪਰ ਜਦੋਂ ਤੂੰ ਭੋਜ ਦੇਵੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦਾ ਦੇ ਤਾਂ ਤੈਨੂੰ ਅਸੀਸ ਮਿਲੇਗੀ । ਕਿਉਂਕਿ ਬਦਲਾ ਚੁਕਾਉਣ ਦੇ ਲਈ ਉਹਨਾਂ ਕੋਲ ਕੁਝ ਨਹੀਂ ਹੈ । ਇਸ ਦਾ ਬਦਲਾ ਤੈਨੂੰ ਉਸ ਵੇਲੇ ਮਿਲੇਗਾ ਜਦੋਂ ਪਰਮੇਸ਼ਰ ਨੇਕ ਲੋਕਾਂ ਨੂੰ ਫਿਰ ਤੋਂ ਜਿਉੂਂਦਾ ਕਰਨਗੇ ।” ਇਹ ਸੁਣ ਕੇ ਪ੍ਰਾਹੁਣਿਆਂ ਵਿੱਚੋਂ ਇੱਕ ਨੇ ਕਿਹਾ, “ਧੰਨ ਹੈ ਉਹ ਜੋ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰੇਗਾ ।” ਯਿਸੂ ਨੇ ਉਸ ਨੂੰ ਕਿਹਾ, “ਇੱਕ ਆਦਮੀ ਨੇ ਬਹੁਤ ਵੱਡਾ ਭੋਜ ਦਿੱਤਾ । ਉਸ ਨੇ ਬਹੁਤ ਲੋਕਾਂ ਨੂੰ ਸੱਦਾ ਦਿੱਤਾ । ਜਦੋਂ ਭੋਜ ਦਾ ਸਮਾਂ ਹੋ ਗਿਆ ਤਾਂ ਉਸ ਨੇ ਆਪਣੇ ਨੌਕਰ ਰਾਹੀਂ ਸਾਰੇ ਸੱਦੇ ਹੋਏ ਪ੍ਰਾਹੁਣਿਆਂ ਨੂੰ ਇੱਕ ਸੰਦੇਸ਼ ਭੇਜਿਆ, ‘ਆ ਜਾਓ, ਸਭ ਕੁਝ ਤਿਆਰ ਹੈ ।’ ਪਰ ਸਾਰੇ ਦੇ ਸਾਰੇ ਬਹਾਨੇ ਬਣਾਉਣ ਲੱਗੇ: ਇੱਕ ਨੇ ਕਿਹਾ, ‘ਮੈਂ ਇੱਕ ਖੇਤ ਖ਼ਰੀਦਿਆ ਹੈ, ਮੈਂ ਉਸ ਨੂੰ ਦੇਖਣ ਜਾ ਰਿਹਾ ਹਾਂ, ਇਸ ਲਈ ਮੈਨੂੰ ਮਾਫ਼ ਕਰ ਦੇਣਾ ।’ ਦੂਜੇ ਨੇ ਕਿਹਾ, ‘ਮੈਂ ਪੰਜ ਜੋੜੀਆਂ ਬਲਦਾਂ ਦੀਆਂ ਖ਼ਰੀਦੀਆਂ ਹਨ, ਮੈਂ ਉਹਨਾਂ ਨੂੰ ਪਰਖਣ ਜਾ ਰਿਹਾ ਹਾਂ, ਇਸ ਲਈ ਮੈਨੂੰ ਮਾਫ਼ ਕਰਨਾ ।’ ਕਿਸੇ ਹੋਰ ਨੇ ਕਿਹਾ, ‘ਮੇਰਾ ਹੁਣੇ ਹੁਣੇ ਵਿਆਹ ਹੋਇਆ ਹੈ ਇਸ ਲਈ ਮੈਂ ਨਹੀਂ ਆ ਸਕਦਾ ।’ ਨੌਕਰ ਨੇ ਵਾਪਸ ਆ ਕੇ ਇਹ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ । ਮਾਲਕ ਬੜੇ ਗੁੱਸੇ ਵਿੱਚ ਆਇਆ; ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਜਾਓ, ਅਤੇ ਗਰੀਬਾਂ, ਅਪਾਹਜਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਲੈ ਆਓ ।’ ਨੌਕਰ ਨੇ ਇਸੇ ਤਰ੍ਹਾਂ ਹੀ ਕੀਤਾ । ਉਸ ਨੇ ਮਾਲਕ ਨੂੰ ਦੱਸਿਆ, ‘ਮਾਲਕ, ਜਿਸ ਤਰ੍ਹਾਂ ਤੁਸੀਂ ਹੁਕਮ ਦਿੱਤਾ ਸੀ, ਅਸੀਂ ਕੀਤਾ ਹੈ । ਪਰ ਘਰ ਵਿੱਚ ਅਜੇ ਵੀ ਥਾਂ ਖ਼ਾਲੀ ਹੈ ।’ ਮਾਲਕ ਨੇ ਕਿਹਾ, ‘ਸ਼ਹਿਰ ਦੇ ਬਾਹਰਲੇ ਰਾਹਾਂ ਅਤੇ ਥਾਂਵਾਂ ਉੱਤੇ ਜਾਓ ਅਤੇ ਉੱਥੋਂ ਲੋਕਾਂ ਨੂੰ ਸੱਦ ਕੇ ਲੈ ਆਓ ਤਾਂ ਜੋ ਮੇਰਾ ਘਰ ਭਰ ਜਾਵੇ । ਮੈਂ ਤੁਹਾਨੂੰ ਦੱਸਦਾ ਹਾਂ ਕਿ ਜਿਹਨਾਂ ਨੂੰ ਮੈਂ ਸੱਦਾ ਦਿੱਤਾ ਸੀ, ਉਹਨਾਂ ਵਿੱਚੋਂ ਕੋਈ ਵੀ ਮੇਰੇ ਭੋਜਨ ਦਾ ਸਵਾਦ ਨਹੀਂ ਚੱਖੇਗਾ ।’” ਪ੍ਰਭੂ ਯਿਸੂ ਦੇ ਨਾਲ ਇੱਕ ਬਹੁਤ ਵੱਡੀ ਭੀੜ ਜਾ ਰਹੀ ਸੀ । ਯਿਸੂ ਨੇ ਭੀੜ ਵੱਲ ਮੁੜ ਕੇ ਲੋਕਾਂ ਨੂੰ ਕਿਹਾ, “ਜੇਕਰ ਕੋਈ ਮੇਰੇ ਕੋਲ ਆਉਂਦਾ ਹੈ, ਪਰ ਆਪਣੇ ਮਾਤਾ, ਪਿਤਾ, ਭੈਣ, ਭਰਾਵਾਂ, ਪਤਨੀ, ਬੱਚਿਆਂ ਅਤੇ ਆਪਣੇ ਆਪ ਨਾਲ ਮੋਹ ਰੱਖਦਾ ਹੈ, ਮੇਰਾ ਚੇਲਾ ਨਹੀਂ ਬਣ ਸਕਦਾ । ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ । ਮੰਨ ਲਵੋ ਕਿ ਤੁਹਾਡੇ ਵਿੱਚੋਂ ਕੋਈ ਬੁਰਜ ਬਣਾਉਣਾ ਚਾਹੁੰਦਾ ਹੈ । ਕੀ ਉਹ ਪਹਿਲਾਂ ਬੈਠ ਕੇ ਹਿਸਾਬ ਨਹੀਂ ਲਾਵੇਗਾ ਕਿ ਪੂਰੇ ਬੁਰਜ ਉੱਤੇ ਕਿੰਨਾ ਖ਼ਰਚ ਆਵੇਗਾ? ਤਾਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਸ਼ੁਰੂ ਤਾਂ ਕਰ ਲਵੇ ਪਰ ਉਸ ਨੂੰ ਪੂਰਾ ਨਾ ਕਰ ਸਕੇ । ਤਦ ਲੋਕ ਉਸ ਨੂੰ ਮਖ਼ੌਲ ਕਰਨਗੇ ਅਤੇ ਕਹਿਣਗੇ, ‘ਇਸ ਆਦਮੀ ਨੇ ਬੁਰਜ ਬਣਾਉਣਾ ਸ਼ੁਰੂ ਤਾਂ ਕੀਤਾ ਪਰ ਉਸ ਨੂੰ ਪੂਰਾ ਨਾ ਕਰ ਸਕਿਆ ।’ ਇਸੇ ਤਰ੍ਹਾਂ ਮੰਨ ਲਵੋ ਕਿ ਇੱਕ ਰਾਜਾ ਹੈ । ਉਸ ਦੇ ਕੋਲ ਕੇਵਲ ਦਸ ਹਜ਼ਾਰ ਸਿਪਾਹੀ ਹਨ । ਉਹ ਇੱਕ ਦੂਜੇ ਰਾਜੇ ਨਾਲ ਲੜਾਈ ਲਈ ਜਾ ਰਿਹਾ ਹੈ ਜਿਸ ਕੋਲ ਵੀਹ ਹਜ਼ਾਰ ਸਿਪਾਹੀ ਹਨ । ਇਸ ਲਈ ਕੀ ਇਹ ਰਾਜਾ ਪਹਿਲਾਂ ਬੈਠ ਕੇ ਚੰਗੀ ਤਰ੍ਹਾਂ ਸੋਚ ਵਿਚਾਰ ਨਹੀਂ ਕਰੇਗਾ ਕਿ ਮੈਂ ਆਪਣੇ ਦਸ ਹਜ਼ਾਰ ਸਿਪਾਹੀਆਂ ਨਾਲ, ਵੀਹ ਹਜ਼ਾਰ ਸਿਪਾਹੀਆਂ ਦਾ ਮੁਕਾਬਲਾ ਕਰ ਸਕਾਂਗਾ ਜਾਂ ਨਹੀਂ? ਜੇਕਰ ਉਹ ਮੁਕਾਬਲਾ ਨਹੀਂ ਕਰ ਸਕਦਾ ਤਾਂ ਉਹ ਜਦੋਂ ਕਿ ਦੂਜਾ ਰਾਜਾ ਅਜੇ ਦੂਰ ਹੀ ਹੈ, ਆਪਣਾ ਦੂਤ ਭੇਜੇਗਾ ਅਤੇ ਉਸ ਨਾਲ ਸੁਲਾਹ ਕਰਨ ਦੀ ਕੋਸ਼ਿਸ਼ ਕਰੇਗਾ । ਇਸੇ ਤਰ੍ਹਾਂ ਜੇਕਰ ਕੋਈ ਆਪਣਾ ਸਭ ਕੁਝ ਤਿਆਗ ਨਹੀਂ ਸਕਦਾ, ਉਹ ਮੇਰਾ ਚੇਲਾ ਨਹੀਂ ਬਣ ਸਕਦਾ ।” “ਲੂਣ ਤਾਂ ਚੰਗਾ ਹੈ । ਪਰ ਜੇਕਰ ਲੂਣ ਆਪਣਾ ਸਵਾਦ ਗੁਆ ਦੇਵੇ ਤਾਂ ਉਸ ਨੂੰ ਸਵਾਦਲਾ ਨਹੀਂ ਬਣਾਇਆ ਜਾ ਸਕਦਾ । ਉਹ ਫਿਰ ਨਾ ਜ਼ਮੀਨ ਦੇ ਕੰਮ ਆਉਂਦਾ ਹੈ ਅਤੇ ਨਾ ਹੀ ਰੂੜੀ ਬਣਾਉਣ ਦੇ । ਉਹ ਕੇਵਲ ਬਾਹਰ ਸੁੱਟ ਦਿੱਤਾ ਜਾਂਦਾ ਹੈ । ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ!” ਇੱਕ ਦਿਨ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਲੋਕ ਯਿਸੂ ਦਾ ਉਪਦੇਸ਼ ਸੁਣਨ ਲਈ ਉਹਨਾਂ ਕੋਲ ਆਏ । ਇਹ ਦੇਖ ਕੇ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਆਪਸ ਵਿੱਚ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ । ਉਹ ਕਹਿਣ ਲੱਗੇ, “ਇਹ ਪਾਪੀਆਂ ਦਾ ਸੁਆਗਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਬੈਠ ਕੇ ਭੋਜਨ ਵੀ ਕਰਦਾ ਹੈ ।” ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਇਹ ਦ੍ਰਿਸ਼ਟਾਂਤ ਸੁਣਾਇਆ: “ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹਨ । ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਤਾਂ ਭੇਡਾਂ ਦਾ ਮਾਲਕ ਕੀ ਕਰੇਗਾ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਮੈਦਾਨ ਵਿੱਚ ਛੱਡ ਕੇ, ਉਸ ਗੁਆਚੀ ਭੇਡ ਦੇ ਪਿੱਛੇ ਨਹੀਂ ਜਾਵੇਗਾ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਾ ਜਾਵੇ? ਜਦੋਂ ਗੁਆਚੀ ਹੋਈ ਭੇਡ ਉਸ ਨੂੰ ਲੱਭ ਜਾਵੇਗੀ, ਉਹ ਉਸ ਨੂੰ ਖ਼ੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲਵੇਗਾ । ਫਿਰ ਉਹ ਆਪਣੇ ਘਰ ਪਹੁੰਚ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਸੱਦਾ ਦੇਵੇਗਾ ਅਤੇ ਉਹਨਾਂ ਨੂੰ ਕਹੇਗਾ, ‘ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਪਈ ਹੈ ।’ ਇਸੇ ਤਰ੍ਹਾਂ ਨੜ੍ਹਿਨਵੇਂ ਨੇਕ ਲੋਕ ਜਿਹਨਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ, ਦੇ ਮੁਕਾਬਲੇ ਸਵਰਗ ਵਿੱਚ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਬਹੁਤ ਖ਼ੁਸ਼ੀ ਮਨਾਈ ਜਾਵੇਗੀ ।” “ਮੰਨ ਲਵੋ ਕਿ ਇੱਕ ਔਰਤ ਦੇ ਕੋਲ ਚਾਂਦੀ ਦੇ ਦਸ ਸਿੱਕੇ ਹਨ । ਉਸ ਦਾ ਇੱਕ ਸਿੱਕਾ ਗੁਆਚ ਜਾਂਦਾ ਹੈ । ਕੀ ਉਹ ਦੀਵਾ ਬਾਲ ਕੇ ਆਪਣਾ ਸਾਰਾ ਘਰ ਨਹੀਂ ਝਾੜੇਗੀ ਅਤੇ ਕੀ ਉਹ ਉਸ ਸਮੇਂ ਤੱਕ ਨਹੀਂ ਲੱਭਦੀ ਰਹੇਗੀ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਜਾਂਦਾ? ਜਦੋਂ ਉਹ ਲੱਭ ਲੈਂਦੀ ਹੈ ਤਦ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਸੱਦੇਗੀ । ਉਹ ਉਹਨਾਂ ਨੂੰ ਕਹੇਗੀ, ‘ਆਓ, ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ, ਕਿਉਂਕਿ ਮੇਰਾ ਜੋ ਸਿੱਕਾ ਗੁਆਚ ਗਿਆ ਸੀ, ਲੱਭ ਗਿਆ ਹੈ ।’ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸੇ ਤਰ੍ਹਾਂ ਪਰਮੇਸ਼ਰ ਦੇ ਸਵਰਗਦੂਤ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਖ਼ੁਸ਼ੀ ਮਨਾਉਂਦੇ ਹਨ ।” ਫਿਰ ਯਿਸੂ ਨੇ ਕਿਹਾ, “ਇੱਕ ਆਦਮੀ ਦੇ ਦੋ ਪੁੱਤਰ ਸਨ । ਛੋਟੇ ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਹੈ, ਮੈਨੂੰ ਦੇ ਦਿਓ ।’ ਪਿਤਾ ਨੇ ਦੋਨਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ । ਕੁਝ ਦਿਨਾਂ ਦੇ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਵੇਚ ਦਿੱਤੀ । ਫਿਰ ਉਹ ਸਾਰਾ ਧਨ ਲੈ ਕੇ ਇੱਕ ਦੂਰ ਦੇਸ਼ ਨੂੰ ਚਲਾ ਗਿਆ । ਉੱਥੇ ਉਸ ਨੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਖ਼ਰਚ ਕਰ ਦਿੱਤਾ । ਜਦੋਂ ਉਹ ਆਪਣਾ ਸਾਰਾ ਧਨ ਖ਼ਤਮ ਕਰ ਚੁੱਕਾ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ । ਹੁਣ ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਨਾ ਰਿਹਾ । ਇਸ ਲਈ ਉਹ ਉਸ ਦੇਸ਼ ਦੇ ਇੱਕ ਵਸਨੀਕ ਕੋਲ ਨੌਕਰੀ ਕਰਨ ਲੱਗਾ । ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਦਾ ਕੰਮ ਦਿੱਤਾ । ਜੋ ਫਲੀਆਂ ਸੂਰ ਖਾਂਦੇ ਸਨ, ਉਹ ਉਹਨਾਂ ਨਾਲ ਪੇਟ ਭਰਨਾ ਚਾਹੁੰਦਾ ਸੀ । ਕੋਈ ਵੀ ਉਸ ਨੂੰ ਕੁਝ ਖਾਣ ਲਈ ਨਹੀਂ ਦਿੰਦਾ ਸੀ । “ਅੰਤ ਵਿੱਚ ਇੱਕ ਦਿਨ ਉਹ ਹੋਸ਼ ਵਿੱਚ ਆਇਆ । ਉਸ ਨੇ ਕਿਹਾ, ‘ਮੇਰੇ ਪਿਤਾ ਦੇ ਬਹੁਤ ਸਾਰੇ ਨੌਕਰਾਂ ਕੋਲ ਲੋੜ ਤੋਂ ਜ਼ਿਆਦਾ ਖਾਣ ਲਈ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ । ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ, “ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ । ਮੈਂ ਹੁਣ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ । ਇਸ ਲਈ ਮੈਨੂੰ ਆਪਣੇ ਕਾਮਿਆਂ ਦੀ ਤਰ੍ਹਾਂ ਨੌਕਰ ਰੱਖ ਲਵੋ ।”’ ਫਿਰ ਉਹ ਉੱਥੋਂ ਉੱਠਿਆ ਅਤੇ ਆਪਣੇ ਪਿਤਾ ਦੇ ਘਰ ਵੱਲ ਚੱਲ ਪਿਆ । “ਅਜੇ ਉਹ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਆਉਂਦੇ ਦੇਖ ਲਿਆ । ਪਿਤਾ ਦਾ ਦਿਲ ਦਇਆ ਨਾਲ ਭਰ ਗਿਆ । ਉਸ ਨੇ ਦੌੜ ਕੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਅਤੇ ਉਸ ਨੂੰ ਚੁੰਮਿਆ । ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ ।’ ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਚੰਗੇ ਤੋਂ ਚੰਗਾ ਕੱਪੜਾ ਲਿਆ ਕੇ ਇਸ ਨੂੰ ਪਵਾਓ, ਇਸ ਦੀ ਉਂਗਲੀ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ । ਪਲਿਆ ਹੋਇਆ ਜਾਨਵਰ ਲਿਆਓ ਅਤੇ ਕੱਟੋ ਤਾਂ ਜੋ ਅਸੀਂ ਖਾਈਏ ਅਤੇ ਖ਼ੁਸ਼ੀ ਮਨਾਈਏ । ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਇਹ ਗੁਆਚ ਗਿਆ ਸੀ ਪਰ ਹੁਣ ਲੱਭ ਪਿਆ ਹੈ ।’ ਇਸ ਤਰ੍ਹਾਂ ਉਹ ਖ਼ੁਸ਼ੀ ਮਨਾਉਣ ਲੱਗੇ । “ਉਸ ਸਮੇਂ ਵੱਡਾ ਪੁੱਤਰ ਖੇਤ ਵਿੱਚ ਸੀ । ਜਦੋਂ ਉਹ ਘਰ ਨੂੰ ਵਾਪਸ ਆਇਆ ਤਾਂ ਉਸ ਨੇ ਘਰ ਦੇ ਕੋਲ ਪਹੁੰਚ ਕੇ ਅੰਦਰ ਗਾਉਣ ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ । ਉਸ ਨੇ ਇੱਕ ਨੌਕਰ ਨੂੰ ਬਾਹਰ ਸੱਦ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ?’ ਨੌਕਰ ਨੇ ਉੱਤਰ ਦਿੱਤਾ, ‘ਤੁਹਾਡਾ ਛੋਟਾ ਭਰਾ ਵਾਪਸ ਆਇਆ ਹੈ । ਇਸ ਲਈ ਉਸ ਦੇ ਸਹੀ ਸਲਾਮਤ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਤੁਹਾਡੇ ਪਿਤਾ ਨੇ ਇੱਕ ਮੋਟਾ ਜਾਨਵਰ ਕਟਵਾਇਆ ਹੈ ।’ ਇਹ ਸੁਣ ਕੇ ਵੱਡਾ ਭਰਾ ਬਹੁਤ ਗੁੱਸੇ ਵਿੱਚ ਆ ਗਿਆ । ਉਸ ਨੇ ਘਰ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ । ਪਰ ਉਸ ਨੇ ਪਿਤਾ ਨੂੰ ਉੱਤਰ ਦਿੱਤਾ, ‘ਮੈਂ ਕਿੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆਇਆ ਹਾਂ । ਮੈਂ ਅੱਜ ਤੱਕ ਕਦੀ ਵੀ ਤੁਹਾਡੇ ਕਿਸੇ ਹੁਕਮ ਨੂੰ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੀ ਇੱਕ ਲੇਲਾ ਤੱਕ ਨਾ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਉਂਦਾ । ਪਰ ਜਦੋਂ ਤੁਹਾਡਾ ਇਹ ਪੁੱਤਰ ਵਾਪਸ ਆਇਆ ਜਿਸ ਨੇ ਤੁਹਾਡੀ ਜਾਇਦਾਦ ਵੇਸਵਾਵਾਂ ਉੱਤੇ ਲੁਟਾ ਦਿੱਤੀ ਹੈ ਤਾਂ ਤੁਸੀਂ ਇੱਕ ਪਲਿਆ ਹੋਇਆ ਜਾਨਵਰ ਕਟਵਾਇਆ ਹੈ ।’ ਪਿਤਾ ਨੇ ਕਿਹਾ, ‘ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਹੈਂ, ਜੋ ਕੁਝ ਮੇਰਾ ਹੈ, ਉਹ ਤੇਰਾ ਹੀ ਹੈ । ਭੋਜ ਦੇਣਾ ਅਤੇ ਖ਼ੁਸ਼ੀ ਮਨਾਉਣਾ ਜ਼ਰੂਰੀ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਉਹ ਗੁਆਚ ਗਿਆ ਸੀ ਪਰ ਲੱਭ ਗਿਆ ਹੈ ।’” ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਕਿਹਾ, “ਇੱਕ ਅਮੀਰ ਆਦਮੀ ਸੀ ਜਿਸ ਦਾ ਇੱਕ ਪ੍ਰਬੰਧਕ ਸੀ । ਕਿਸੇ ਨੇ ਮਾਲਕ ਨੂੰ ਦੱਸਿਆ ਕਿ ਉਸ ਦਾ ਪ੍ਰਬੰਧਕ ਉਸ ਦੇ ਧਨ ਨੂੰ ਅੰਨ੍ਹੇਵਾਹ ਖ਼ਰਚ ਕਰ ਰਿਹਾ ਹੈ । ਮਾਲਕ ਨੇ ਪ੍ਰਬੰਧਕ ਨੂੰ ਸੱਦਿਆ ਅਤੇ ਉਸ ਨੂੰ ਕਿਹਾ, ‘ਇਹ ਮੈਂ ਤੇਰੇ ਬਾਰੇ ਕੀ ਸੁਣ ਰਿਹਾ ਹਾਂ? ਮੇਰੇ ਸਾਰੇ ਮਾਲ ਦਾ ਹਿਸਾਬ ਦੇ ਕਿਉਂਕਿ ਹੁਣ ਤੂੰ ਮੇਰਾ ਪ੍ਰਬੰਧਕ ਨਹੀਂ ਰਹਿ ਸਕਦਾ ।’ ਪ੍ਰਬੰਧਕ ਆਪਣੇ ਮਨ ਵਿੱਚ ਸੋਚਣ ਲੱਗਾ, ‘ਹੁਣ ਮੈਂ ਕੀ ਕਰਾਂ? ਮੇਰਾ ਮਾਲਕ ਮੈਨੂੰ ਨੌਕਰੀ ਤੋਂ ਹਟਾ ਰਿਹਾ ਹੈ । ਮੇਰੇ ਸਰੀਰ ਵਿੱਚ ਮਿੱਟੀ ਪੁੱਟਣ ਦੀ ਤਾਕਤ ਨਹੀਂ ਹੈ ਅਤੇ ਲੋਕਾਂ ਅੱਗੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ । ਹਾਂ, ਮੈਂ ਸਮਝ ਗਿਆ, ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਮੈਂ ਨੌਕਰੀ ਤੋਂ ਹਟਾ ਦਿੱਤਾ ਜਾਵਾਂ ਤਾਂ ਵੀ ਲੋਕ ਮੇਰਾ ਆਪਣੇ ਘਰਾਂ ਵਿੱਚ ਸੁਆਗਤ ਕਰਨ ।’ ਉਸ ਨੇ ਆਪਣੇ ਮਾਲਕ ਦੇ ਸਾਰੇ ਕਰਜ਼ਦਾਰਾਂ ਨੂੰ ਇੱਕ ਇੱਕ ਕਰ ਕੇ ਸੱਦਿਆ । ਉਸ ਨੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’ ਉਸ ਨੇ ਕਿਹਾ, ‘ਤਿੰਨ ਹਜ਼ਾਰ ਜ਼ੈਤੂਨ ਦਾ ਤੇਲ ।’ ਪ੍ਰਬੰਧਕ ਨੇ ਉਸ ਨੂੰ ਕਿਹਾ, ‘ਲੈ ਆਪਣਾ ਖਾਤਾ ਅਤੇ ਬੈਠ ਕੇ ਛੇਤੀ ਨਾਲ ਪੰਦਰਾਂ ਸੌ ਲਿਖ ਦੇ ।’ ਫਿਰ ਪ੍ਰਬੰਧਕ ਨੇ ਦੂਜੇ ਕਰਜ਼ਦਾਰ ਨੂੰ ਪੁੱਛਿਆ, ‘ਤੂੰ ਮਾਲਕ ਦਾ ਕਿੰਨਾ ਕਰਜ਼ਾ ਦੇਣਾ ਹੈ?’ ਉਸ ਨੇ ਕਿਹਾ, ‘ਇੱਕ ਹਜ਼ਾਰ ਕਵਿੰਟਲ ਕਣਕ ।’ ਪ੍ਰਬੰਧਕ ਨੇ ਕਿਹਾ, ‘ਲੈ ਆਪਣਾ ਖਾਤਾ ਅਤੇ ਇਸ ਵਿੱਚ ਅੱਠ ਸੌ ਕਵਿੰਟਲ ਲਿਖ ਦੇ ।’ ਤਦ ਮਾਲਕ ਨੇ ਉਸ ਬੇਈਮਾਨ ਪ੍ਰਬੰਧਕ ਦੀ ਤਾਰੀਫ਼ ਕੀਤੀ, ਕਿਉਂਕਿ ਉਸ ਨੇ ਬਹੁਤ ਚਤੁਰਾਈ ਨਾਲ ਕੰਮ ਕੀਤਾ । ਇਸ ਯੁੱਗ ਦੇ ਲੋਕ ਆਪਸ ਵਿੱਚ ਲੈਣ ਦੇਣ ਵਿੱਚ ਉਹਨਾਂ ਲੋਕਾਂ ਤੋਂ ਵੀ ਚਤੁਰ ਹਨ ਜੋ ਚਾਨਣ ਵਿੱਚ ਹਨ ।” ਫਿਰ ਯਿਸੂ ਨੇ ਕਿਹਾ, “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਲਈ ਸੰਸਾਰਕ ਧਨ ਨਾਲ ਮਿੱਤਰ ਬਣਾਓ ਤਾਂ ਜੋ ਜਦੋਂ ਉਹ ਸਮਾਪਤ ਹੋ ਜਾਵੇ ਤਾਂ ਤੁਹਾਡਾ ਸਦੀਵੀ ਘਰ ਵਿੱਚ ਸੁਆਗਤ ਹੋਵੇ । “ਜੋ ਥੋੜੇ ਵਿੱਚ ਈਮਾਨਦਾਰ ਹੈ, ਉਹ ਬਹੁਤੇ ਵਿੱਚ ਵੀ ਈਮਾਨਦਾਰ ਹੈ, ਪਰ ਜੋ ਥੋੜੇ ਵਿੱਚ ਬੇਈਮਾਨ ਹੈ, ਉਹ ਬਹੁਤੇ ਵਿੱਚ ਵੀ ਬੇਈਮਾਨ ਹੈ । ਜੇਕਰ ਤੁਸੀਂ ਸੰਸਾਰਕ ਧਨ ਨੂੰ ਵਰਤਣ ਵਿੱਚ ਈਮਾਨਦਾਰ ਨਹੀਂ ਹੋ ਤਾਂ ਤੁਹਾਨੂੰ ਸੱਚਾ ਧਨ ਕੌਣ ਸੌਂਪੇਗਾ? ਇਸੇ ਤਰ੍ਹਾਂ ਜੇਕਰ ਤੁਸੀਂ ਪਰਾਏ ਧਨ ਵਿੱਚ ਈਮਾਨਦਾਰ ਨਹੀਂ ਰਹੇ ਤਾਂ ਕੌਣ ਤੁਹਾਨੂੰ ਤੁਹਾਡਾ ਆਪਣਾ ਧਨ ਦੇਵੇਗਾ? “ਕੋਈ ਨੌਕਰ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ ਕਿਉਂਕਿ ਉਹ ਇੱਕ ਨਾਲ ਘਿਰਣਾ ਕਰੇਗਾ ਅਤੇ ਦੂਜੇ ਨਾਲ ਪਿਆਰ, ਜਾਂ ਇੱਕ ਦਾ ਆਦਰ ਕਰੇਗਾ ਅਤੇ ਦੂਜੇ ਦਾ ਨਿਰਾਦਰ । ਤੁਸੀਂ ਪਰਮੇਸ਼ਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ ।” ਧਨ ਦੇ ਪਿਆਰ ਫ਼ਰੀਸੀਆਂ ਨੇ ਜਦੋਂ ਯਿਸੂ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਯਿਸੂ ਨੂੰ ਮਖ਼ੌਲ ਕਰਨ ਲੱਗੇ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਮਨੁੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਨੇਕ ਦੱਸਦੇ ਹੋ ਪਰ ਪਰਮੇਸ਼ਰ ਤੁਹਾਡੇ ਦਿਲਾਂ ਦੇ ਵਿਚਾਰਾਂ ਨੂੰ ਜਾਣਦੇ ਹਨ । ਜੋ ਮਨੁੱਖ ਦੀ ਨਜ਼ਰ ਵਿੱਚ ਮਹਾਨ ਹੈ, ਉਹ ਪਰਮੇਸ਼ਰ ਦੀ ਨਜ਼ਰ ਵਿੱਚ ਘਿਨਾਉਣਾ ਹੈ । “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਸਮੇਂ ਤੱਕ ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀ ਮਾਨਤਾ ਸੀ । ਉਸ ਦੇ ਬਾਅਦ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ ਅਤੇ ਹਰ ਕੋਈ ਉਸ ਵਿੱਚ ਬਲਪੂਰਵਕ ਵੜਨ ਦੀ ਕੋਸ਼ਿਸ਼ ਕਰ ਰਿਹਾ ਹੈ । ਅਕਾਸ਼ ਅਤੇ ਧਰਤੀ ਟਲ ਸਕਦੇ ਹਨ, ਪਰ ਮੂਸਾ ਦੀ ਵਿਵਸਥਾ ਦੀ ਇੱਕ ਬਿੰਦੀ ਵੀ ਨਹੀਂ ਟਲ ਸਕਦੀ । “ਜਦੋਂ ਆਦਮੀ ਆਪਣੀ ਪਤਨੀ ਨੂੰ ਛੱਡ ਕੇ ਦੂਜੀ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ, ਇਸੇ ਤਰ੍ਹਾਂ ਜੋ ਆਦਮੀ ਉਸ ਛੱਡੀ ਹੋਈ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।” “ਇੱਕ ਅਮੀਰ ਆਦਮੀ ਸੀ । ਉਹ ਰੇਸ਼ਮੀ ਅਤੇ ਕੀਮਤੀ ਕੱਪੜੇ ਪਾਉਂਦਾ ਸੀ । ਉਸ ਦੇ ਜੀਵਨ ਦਾ ਹਰ ਦਿਨ ਐਸ਼ ਅਰਾਮ ਵਿੱਚ ਗੁਜ਼ਰਦਾ ਸੀ । ਲਾਜ਼ਰ ਨਾਂ ਦਾ ਇੱਕ ਗ਼ਰੀਬ ਆਦਮੀ ਵੀ ਸੀ । ਉਹ ਉਸ ਅਮੀਰ ਦੇ ਦਰਵਾਜ਼ੇ ਦੇ ਅੱਗੇ ਛੱਡ ਦਿੱਤਾ ਜਾਂਦਾ ਸੀ । ਉਸ ਦਾ ਸਾਰਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਸੀ । ਇੱਥੋਂ ਤੱਕ ਕਿ ਕੁੱਤੇ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ । ਉਹ ਅਮੀਰ ਆਦਮੀ ਦੇ ਖਾਣੇ ਵਾਲੀ ਮੇਜ਼ ਤੋਂ ਡਿੱਗੇ ਹੋਏ ਟੁਕੜਿਆਂ ਨਾਲ ਆਪਣਾ ਪੇਟ ਭਰਨ ਲਈ ਤਰਸਦਾ ਸੀ । “ਇੱਕ ਦਿਨ ਉਹ ਗ਼ਰੀਬ ਆਦਮੀ ਮਰ ਗਿਆ । ਉਸ ਨੂੰ ਸਵਰਗਦੂਤਾਂ ਨੇ ਲੈ ਜਾ ਕੇ ਸਵਰਗ ਵਿੱਚ ਅਬਰਾਹਾਮ ਦੀ ਗੋਦ ਵਿੱਚ ਪਹੁੰਚਾ ਦਿੱਤਾ । ਫਿਰ ਉਹ ਅਮੀਰ ਆਦਮੀ ਵੀ ਮਰ ਗਿਆ ਅਤੇ ਉਸ ਨੂੰ ਵੀ ਦਫ਼ਨਾ ਦਿੱਤਾ ਗਿਆ । ਉਸ ਅਮੀਰ ਆਦਮੀ ਨੂੰ ਨਰਕ ਵਿੱਚ ਬਹੁਤ ਪੀੜ ਹੋ ਰਹੀ ਸੀ । ਉਸ ਨੇ ਦੂਰ ਤੋਂ ਹੀ ਅੱਖਾਂ ਉਤਾਂਹ ਚੁੱਕ ਕੇ ਲਾਜ਼ਰ ਨੂੰ ਸਵਰਗ ਵਿੱਚ ਅਬਰਾਹਾਮ ਦੀ ਗੋਦ ਵਿੱਚ ਦੇਖਿਆ । ਉਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਉੱਤੇ ਦਇਆ ਕਰੋ । ਲਾਜ਼ਰ ਨੂੰ ਭੇਜੋ ਕਿ ਉਹ ਆਪਣੀ ਉਂਗਲੀ ਦਾ ਸਿਰਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ ਕਿਉਂਕਿ ਮੈਂ ਇਸ ਅੱਗ ਵਿੱਚ ਤੜਪ ਰਿਹਾ ਹਾਂ ।’ ਪਰ ਅਬਰਾਹਾਮ ਨੇ ਉੱਤਰ ਦਿੱਤਾ, ‘ਪੁੱਤਰ, ਯਾਦ ਕਰ, ਤੂੰ ਆਪਣੇ ਜੀਵਨ ਵਿੱਚ ਸੁੱਖ ਹੀ ਸੁੱਖ ਭੋਗਿਆ ਹੈ ਅਤੇ ਲਾਜ਼ਰ ਨੇ ਦੁੱਖ ਹੀ ਦੁੱਖ । ਹੁਣ ਉਸ ਨੂੰ ਅਰਾਮ ਮਿਲ ਰਿਹਾ ਹੈ ਅਤੇ ਤੂੰ ਦੁੱਖ ਭੋਗ ਰਿਹਾ ਹੈਂ । ਇਸ ਤੋਂ ਇਲਾਵਾ ਸਾਡੇ ਅਤੇ ਤੁਹਾਡੇ ਵਿੱਚ ਇੱਕ ਬਹੁਤ ਵੱਡੀ ਖਾਈ ਹੈ । ਇਸ ਖਾਈ ਦੇ ਕਾਰਨ ਕੋਈ ਆਦਮੀ ਇਸ ਪਾਸੇ ਤੋਂ ਤੁਹਾਡੇ ਪਾਸੇ ਨਹੀਂ ਜਾ ਸਕਦਾ ਅਤੇ ਨਾ ਹੀ ਕੋਈ ਉਸ ਪਾਸੇ ਤੋਂ ਇਸ ਪਾਸੇ ਆ ਸਕਦਾ ਹੈ ।’ ਅਮੀਰ ਆਦਮੀ ਨੇ ਕਿਹਾ, ‘ਪਿਤਾ ਜੀ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਲਾਜ਼ਰ ਨੂੰ ਮੇਰੇ ਪਿਤਾ ਦੇ ਘਰ ਭੇਜੋ ਕਿਉਂਕਿ ਮੇਰੇ ਪੰਜ ਭਰਾ ਹਨ । ਉਹ ਉਹਨਾਂ ਕੋਲ ਜਾਵੇ ਅਤੇ ਉਹਨਾਂ ਨੂੰ ਚਿਤਾਵਨੀ ਦੇਵੇ ਕਿ ਉਹ ਇਸ ਨਰਕ ਵਿੱਚ ਆਉਣ ਤੋਂ ਬਚ ਜਾਣ ।’ ਪਰ ਅਬਰਾਹਾਮ ਨੇ ਕਿਹਾ, ‘ਉਹਨਾਂ ਕੋਲ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਚਿਤਾਵਨੀ ਦੇ ਲਈ ਹਨ । ਤੇਰੇ ਭਰਾਵਾਂ ਨੂੰ ਉਹਨਾਂ ਉੱਤੇ ਧਿਆਨ ਕਰਨਾ ਚਾਹੀਦਾ ਹੈ ।’ ਅਮੀਰ ਆਦਮੀ ਨੇ ਕਿਹਾ, ‘ਨਹੀਂ, ਪਿਤਾ ਜੀ, ਇਹ ਕਾਫ਼ੀ ਨਹੀਂ ਹੈ! ਜੇਕਰ ਕੋਈ ਮੁਰਦਿਆਂ ਵਿੱਚੋਂ ਜੀਅ ਉੱਠ ਕੇ ਉਹਨਾਂ ਕੋਲ ਜਾਵੇ ਤਾਂ ਉਹ ਆਪਣੇ ਬੁਰੇ ਕੰਮਾਂ ਨੂੰ ਛੱਡਣਗੇ ।’ ਅਬਰਾਹਾਮ ਨੇ ਉੱਤਰ ਦਿੱਤਾ, ‘ਜਦੋਂ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਫਿਰ ਜੇਕਰ ਕੋਈ ਮੁਰਦਿਆਂ ਵਿੱਚੋਂ ਵੀ ਜੀਅ ਉੱਠੇ ਤਾਂ ਵੀ ਉਹ ਉਸ ਦੀ ਨਹੀਂ ਮੰਨਣਗੇ ।’” ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਠੋਕਰਾਂ ਦਾ ਲੱਗਣਾ ਅਤੇ ਪਾਪ ਵਿੱਚ ਡਿੱਗਣਾ ਤਾਂ ਸੰਭਵ ਹੈ ਪਰ ਹਾਏ ਉਸ ਉੱਤੇ ਜੋ ਇਹਨਾਂ ਠੋਕਰਾਂ ਦਾ ਕਾਰਨ ਹੁੰਦਾ ਹੈ । ਜੋ ਇਹਨਾਂ ਛੋਟਿਆਂ ਵਿੱਚੋਂ ਕਿਸੇ ਇੱਕ ਨੂੰ ਪਾਪ ਦੇ ਰਾਹ ਉੱਤੇ ਪਾਉਂਦਾ ਹੈ, ਇਹੋ ਜਿਹੇ ਲਈ ਚੰਗਾ ਹੁੰਦਾ ਕਿ ਉਸ ਦੇ ਗਲ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ । ਇਸ ਲਈ ਸੁਚੇਤ ਰਹੋ! “ਜੇਕਰ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਝਿੜਕ ਅਤੇ ਜੇਕਰ ਉਹ ਆਪਣੇ ਪਾਪ ਨੂੰ ਮੰਨ ਲਵੇ ਤਾਂ ਉਸ ਨੂੰ ਮਾਫ਼ ਕਰ । ਜੇਕਰ ਉਹ ਤੇਰੇ ਵਿਰੁੱਧ ਦਿਨ ਵਿੱਚ ਸੱਤ ਵਾਰ ਪਾਪ ਕਰੇ ਅਤੇ ਉਹ ਸੱਤ ਵਾਰ ਤੇਰੇ ਸਾਹਮਣੇ ਪਾਪ ਮੰਨੇ ਤਾਂ ਤੂੰ ਉਸ ਨੂੰ ਜ਼ਰੂਰ ਮਾਫ਼ ਕਰ ।” ਬਾਰ੍ਹਾਂ ਚੇਲਿਆਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾਓ ।” ਪ੍ਰਭੂ ਨੇ ਉੱਤਰ ਦਿੱਤਾ, “ਜੇਕਰ ਤੁਹਾਡੇ ਵਿੱਚ ਰਾਈ ਦੇ ਬੀਜ ਜਿੰਨਾਂ ਵੀ ਵਿਸ਼ਵਾਸ ਹੋਵੇ ਅਤੇ ਇਸ ਸ਼ਹਿਤੂਤ ਦੇ ਰੁੱਖ ਨੂੰ ਕਹੋ ਕਿ ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਲੱਗ ਤਾਂ ਇਹ ਤੁਹਾਡਾ ਹੁਕਮ ਮੰਨੇਗਾ ।” “ਤੁਹਾਡੇ ਵਿੱਚੋਂ ਕੌਣ ਇਹੋ ਜਿਹਾ ਆਦਮੀ ਹੈ ਜਿਸ ਦਾ ਨੌਕਰ ਖੇਤ ਵਿੱਚ ਹਲ ਵਾਹ ਕੇ ਜਾਂ ਭੇਡਾਂ ਚਾਰ ਕੇ ਘਰ ਵਾਪਸ ਆਵੇ ਤਾਂ ਉਹ ਆਪਣੇ ਨੌਕਰ ਨੂੰ ਕਹੇ, ‘ਛੇਤੀ ਆ, ਅਤੇ ਰੋਟੀ ਖਾ ਲੈ?’ ਕਦੀ ਵੀ ਨਹੀਂ! ਤੁਸੀਂ ਇਸ ਦੀ ਥਾਂ ਇਸ ਤਰ੍ਹਾਂ ਕਹੋਗੇ, ‘ਮੇਰੇ ਲਈ ਭੋਜਨ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ ਪੀ ਨਾ ਲਵਾਂ, ਕਮਰ ਕੱਸ ਕੇ ਮੇਰੀ ਸੇਵਾ ਕਰ । ਬਾਅਦ ਵਿੱਚ ਤੂੰ ਵੀ ਖਾ ਪੀ ਲੈਣਾ ।’ ਇਹ ਸਭ ਕੁਝ ਕਰਨ ਦੇ ਬਾਅਦ ਵੀ ਉਹ ਨੌਕਰ ਧੰਨਵਾਦ ਦਾ ਪਾਤਰ ਨਹੀਂ ਹੈ ਕਿਉਂਕਿ ਉਸ ਨੇ ਆਪਣੇ ਮਾਲਕ ਦਾ ਹੁਕਮ ਹੀ ਤਾਂ ਪੂਰਾ ਕੀਤਾ ਹੈ । ਤੁਸੀਂ ਵੀ ਇਸ ਸੇਵਕ ਦੀ ਤਰ੍ਹਾਂ ਹੀ ਹੋ । ਇਸ ਲਈ ਸਾਰੇ ਹੁਕਮਾਂ ਦੀ ਪਾਲਣਾ ਕਰਨ ਦੇ ਬਾਅਦ ਤੁਹਾਨੂੰ ਵੀ ਕਹਿਣਾ ਚਾਹੀਦਾ ਹੈ; ‘ਅਸੀਂ ਤਾਂ ਸਧਾਰਨ ਜਿਹੇ ਸੇਵਕ ਹਾਂ । ਅਸੀਂ ਤਾਂ ਕੇਵਲ ਆਪਣਾ ਕਰਤੱਵ ਹੀ ਪੂਰਾ ਕੀਤਾ ਹੈ ।’” ਜਦੋਂ ਯਿਸੂ ਯਰੂਸ਼ਲਮ ਸ਼ਹਿਰ ਵੱਲ ਜਾ ਰਹੇ ਸਨ ਤਾਂ ਰਾਹ ਵਿੱਚ ਜਾਂਦੇ ਹੋਏ ਉਹ ਸਾਮਰੀਆ ਅਤੇ ਗਲੀਲ ਦੇ ਇਲਾਕਿਆਂ ਵਿੱਚੋਂ ਦੀ ਹੋ ਕੇ ਗਏ । ਰਾਹ ਵਿੱਚ ਜਦੋਂ ਉਹ ਇੱਕ ਪਿੰਡ ਵਿੱਚ ਪ੍ਰਵੇਸ਼ ਕਰ ਹੀ ਰਹੇ ਸਨ ਤਾਂ ਉਹਨਾਂ ਨੂੰ ਦਸ ਕੋੜ੍ਹੀ ਮਿਲੇ । ਉਹ ਦੂਰ ਖਲ੍ਹੋ ਗਏ । ਫਿਰ ਉਹਨਾਂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਯਿਸੂ, ਹੇ ਮਾਲਕ, ਸਾਡੇ ਉੱਤੇ ਰਹਿਮ ਕਰੋ!” ਯਿਸੂ ਨੇ ਉਹਨਾਂ ਨੂੰ ਦੇਖਿਆ ਅਤੇ ਕਿਹਾ, “ਜਾਓ, ਆਪਣੇ ਆਪ ਨੂੰ ਪੁਰੋਹਿਤਾਂ ਨੂੰ ਦਿਖਾਓ ।” ਜਦੋਂ ਉਹ ਜਾ ਰਹੇ ਸਨ ਤਾਂ ਉਹ ਚੰਗੇ ਹੋ ਗਏ । ਉਹਨਾਂ ਦਸਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਨੇ ਦੇਖਿਆ ਕਿ ਉਹ ਚੰਗਾ ਹੋ ਗਿਆ ਹੈ ਤਾਂ ਉਹ ਉੱਚੀ ਆਵਾਜ਼ ਨਾਲ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਵਾਪਸ ਆਇਆ । ਉਸ ਨੇ ਪ੍ਰਭੂ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਆਪਣੇ ਚੰਗੇ ਹੋਣ ਦੇ ਲਈ ਪ੍ਰਭੂ ਦਾ ਧੰਨਵਾਦ ਕੀਤਾ । ਉਹ ਆਦਮੀ ਸਾਮਰੀ ਕੌਮ ਵਿੱਚੋਂ ਸੀ । ਯਿਸੂ ਨੇ ਕਿਹਾ, “ਕੀ ਦਸਾਂ ਦਾ ਹੀ ਕੋੜ੍ਹ ਦੂਰ ਨਹੀਂ ਹੋਇਆ, ਫਿਰ ਬਾਕੀ ਦੇ ਨੌਂ ਕਿੱਥੇ ਹਨ? ਕੀ ਇਸ ਪਰਦੇਸੀ ਦੇ ਸਿਵਾਏ ਹੋਰ ਕੋਈ ਨਾ ਨਿਕਲਿਆ ਜੋ ਵਾਪਸ ਆ ਕੇ ਪਰਮੇਸ਼ਰ ਦੀ ਵਡਿਆਈ ਕਰਦਾ?” ਫਿਰ ਪ੍ਰਭੂ ਯਿਸੂ ਨੇ ਉਸ ਸਾਮਰੀ ਆਦਮੀ ਨੂੰ ਕਿਹਾ, “ਉੱਠ, ਅਤੇ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਫ਼ਰੀਸੀ ਦਲ ਦੇ ਕੁਝ ਲੋਕਾਂ ਨੇ ਯਿਸੂ ਕੋਲੋਂ ਪੁੱਛਿਆ, “ਪਰਮੇਸ਼ਰ ਦਾ ਰਾਜ ਕਦੋਂ ਆਵੇਗਾ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਰਾਜ ਆਉਣਾ ਕੋਈ ਇਹੋ ਜਿਹੀ ਚੀਜ਼ ਨਹੀਂ ਜਿਸ ਨੂੰ ਤੁਸੀਂ ਅੱਖਾਂ ਦੇ ਨਾਲ ਦੇਖ ਸਕਦੇ ਹੋ । ਲੋਕ ਇਹ ਨਹੀਂ ਕਹਿਣਗੇ, ‘ਦੇਖੋ, ਪਰਮੇਸ਼ਰ ਦਾ ਰਾਜ ਇੱਥੇ ਹੈ’ ਜਾਂ ‘ਉੱਥੇ ਹੈ,’ ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡੇ ਵਿਚਕਾਰ ਹੀ ਹੈ ।” ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਇਹੋ ਜਿਹਾ ਸਮਾਂ ਆਵੇਗਾ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਦੇਖਣ ਦੇ ਲਈ ਤਰਸੋਗੇ ਪਰ ਦੇਖ ਨਾ ਸਕੋਗੇ । ਉਸ ਸਮੇਂ ਲੋਕ ਤੁਹਾਨੂੰ ਕਹਿਣਗੇ, ‘ਦੇਖੋ, ਉਹ ਇੱਥੇ ਹੈ’ ਜਾਂ ‘ਉਹ ਉੱਥੇ ਹੈ!’ ਪਰ ਤੁਸੀਂ ਉਹਨਾਂ ਦੀ ਨਾ ਸੁਣਨਾ ਅਤੇ ਉਹਨਾਂ ਦੇ ਪਿੱਛੇ ਨਾ ਜਾਣਾ । ਜਿਸ ਤਰ੍ਹਾਂ ਬਿਜਲੀ ਅਕਾਸ਼ ਵਿੱਚ ਇੱਕ ਦਿਸ਼ਾ ਤੋਂ ਦੂਜੀ ਦਿਸ਼ਾ ਤੱਕ ਚਮਕਦੀ ਹੈ, ਇਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਆਵੇਗਾ । ਪਰ ਇਸ ਤੋਂ ਪਹਿਲਾਂ ਉਹ ਬਹੁਤ ਦੁੱਖ ਸਹੇਗਾ ਅਤੇ ਇਸ ਪੀੜ੍ਹੀ ਦੇ ਲੋਕਾਂ ਕੋਲੋਂ ਰੱਦਿਆ ਜਾਵੇਗਾ । ਬਿਲਕੁਲ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ । ਨੂਹ ਦੇ ਕਿਸ਼ਤੀ ਵਿੱਚ ਚੜ੍ਹਨ ਤੱਕ ਲੋਕ ਖਾਂਦੇ ਪੀਂਦੇ ਅਤੇ ਆਪਣੇ ਪੁੱਤਰਾਂ-ਧੀਆਂ ਦੇ ਵਿਆਹ ਕਰਦੇ ਰਹੇ । ਪਰ ਜਦੋਂ ਜਲ-ਪਰਲੋ ਆਇਆ ਤਾਂ ਸਾਰੇ ਦੇ ਸਾਰੇ ਨਾਸ਼ ਹੋ ਗਏ । ਇਸੇ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਵੀ ਹੋਇਆ । ਲੋਕ ਖਾਂਦੇ ਪੀਂਦੇ, ਲੈਣ ਦੇਣ ਕਰਦੇ, ਰੁੱਖ ਲਾਉਂਦੇ ਅਤੇ ਘਰ ਬਣਾਉਂਦੇ ਰਹੇ । ਪਰ ਜਿਸ ਦਿਨ ਲੂਤ ਸਦੋਮ ਤੋਂ ਬਾਹਰ ਨਿਕਲਿਆ, ਅਕਾਸ਼ ਤੋਂ ਅੱਗ ਅਤੇ ਗੰਧਕ ਦੀ ਵਰਖਾ ਹੋਈ ਅਤੇ ਸਭ ਭਸਮ ਹੋ ਗਏ । ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਿਸ ਦਿਨ ਮਨੁੱਖ ਦਾ ਪੁੱਤਰ ਆਵੇਗਾ । “ਉਸ ਦਿਨ ਜਿਹੜਾ ਮਨੁੱਖ ਘਰ ਦੀ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਦੇ ਅੰਦਰ ਹੋਵੇ, ਉਹ ਉਸ ਨੂੰ ਲੈਣ ਅੰਦਰ ਨਾ ਜਾਵੇ । ਇਸੇ ਤਰ੍ਹਾਂ ਜਿਹੜਾ ਕਿਸਾਨ ਖੇਤ ਵਿੱਚ ਹੋਵੇ, ਉਹ ਘਰ ਵਾਪਸ ਨਾ ਜਾਵੇ । ਲੂਤ ਦੀ ਪਤਨੀ ਨੂੰ ਯਾਦ ਰੱਖੋ! ਜਿਹੜਾ ਮਨੁੱਖ ਆਪਣੀ ਜਾਨ ਬਚਾਉਣੀ ਚਾਹੇਗਾ, ਉਹ ਉਸ ਨੂੰ ਗੁਆਵੇਗਾ । ਜਿਹੜਾ ਮਨੁੱਖ ਆਪਣੀ ਜਾਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ । ਮੈਂ ਤੁਹਾਨੂੰ ਕਹਿੰਦਾ ਹਾਂ, ਉਸ ਰਾਤ ਇੱਕ ਮੰਜੀ ਉੱਤੇ ਦੋ ਜਣੇ ਸੁੱਤੇ ਹੋਣਗੇ; ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ । ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ, ਉਹਨਾਂ ਵਿੱਚੋਂ ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ । [ਖੇਤ ਵਿੱਚ ਦੋ ਆਦਮੀ ਕੰਮ ਕਰ ਰਹੇ ਹੋਣਗੇ, ਉਹਨਾਂ ਵਿੱਚੋਂ ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ ।] ” ਚੇਲਿਆਂ ਨੇ ਪੁੱਛਿਆ, “ਪ੍ਰਭੂ ਜੀ ਇਹ ਕਿੱਥੇ ਹੋਵੇਗਾ?” ਯਿਸੂ ਨੇ ਕਿਹਾ, “ਜਿੱਥੇ ਲਾਸ਼ ਪਈ ਹੈ ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ ।” ਫਿਰ ਪ੍ਰਭੂ ਯਿਸੂ ਨੇ ਚੇਲਿਆਂ ਨੂੰ ਇਹ ਸਿਖਾਇਆ ਕਿ ਹਮੇਸ਼ਾ ਪ੍ਰਾਰਥਨਾ ਕਰਦੇ ਰਹੋ ਅਤੇ ਨਿਰਾਸ਼ ਨਾ ਹੋਵੋ । ਇਸ ਲਈ ਉਹਨਾਂ ਨੇ ਇੱਕ ਦ੍ਰਿਸ਼ਟਾਂਤ ਸੁਣਾਇਆ, “ਇੱਕ ਸ਼ਹਿਰ ਵਿੱਚ ਇੱਕ ਜੱਜ ਰਹਿੰਦਾ ਸੀ ਜੋ ਪਰਮੇਸ਼ਰ ਤੋਂ ਨਹੀਂ ਡਰਦਾ ਸੀ ਅਤੇ ਨਾ ਹੀ ਮਨੁੱਖਾਂ ਦੀ ਪਰਵਾਹ ਕਰਦਾ ਸੀ । ਉਸ ਸ਼ਹਿਰ ਵਿੱਚ ਇੱਕ ਵਿਧਵਾ ਰਹਿੰਦੀ ਸੀ । ਉਹ ਬਾਰ-ਬਾਰ ਜੱਜ ਦੇ ਕੋਲ ਜਾ ਕੇ ਕਹਿੰਦੀ ਸੀ, ‘ਮੇਰਾ ਨਿਆਂ ਕਰੋ, ਮੇਰੇ ਦਾਅਵੇਦਾਰ ਤੋਂ ਮੈਨੂੰ ਬਚਾਓ ।’ ਜੱਜ ਨੇ ਕੁਝ ਸਮੇਂ ਤੱਕ ਤਾਂ ਉਸ ਵਿਧਵਾ ਵੱਲ ਧਿਆਨ ਨਾ ਦਿੱਤਾ ਪਰ ਕੁਝ ਦਿਨਾਂ ਦੇ ਬਾਅਦ ਉਹ ਸੋਚਣ ਲੱਗਾ, ‘ਬੇਸ਼ੱਕ, ਮੈਂ ਨਾ ਤਾਂ ਪਰਮੇਸ਼ਰ ਤੋਂ ਡਰਦਾ ਹਾਂ ਅਤੇ ਨਾ ਹੀ ਲੋਕਾਂ ਦੀ ਪਰਵਾਹ ਕਰਦਾ ਹਾਂ ਪਰ ਕਿਉਂਕਿ ਇਹ ਔਰਤ ਮੈਨੂੰ ਤੰਗ ਕਰਦੀ ਰਹਿੰਦੀ ਹੈ, ਮੈਂ ਇਸ ਦਾ ਨਿਆਂ ਕਰਾਂਗਾ ਤਾਂ ਜੋ ਇਹ ਆ ਕੇ ਮੈਨੂੰ ਹੋਰ ਜ਼ਿਆਦਾ ਤੰਗ ਨਾ ਕਰੇ!’” ਫਿਰ ਯਿਸੂ ਨੇ ਕਿਹਾ, “ਸੁਣੋ, ਇਹ ਭ੍ਰਿਸ਼ਟ ਜੱਜ ਕੀ ਕਹਿੰਦਾ ਹੈ; ਇਸ ਲਈ ਕੀ ਪਰਮੇਸ਼ਰ ਆਪਣੇ ਚੁਣੇ ਹੋਏ ਲੋਕਾਂ ਦਾ ਨਿਆਂ ਕਰਨ ਅਤੇ ਮਦਦ ਕਰਨ ਵਿੱਚ ਢਿੱਲ ਕਰੇਗਾ ਜਿਹੜੇ ਦਿਨ ਰਾਤ ਉਸ ਦੀ ਦੁਹਾਈ ਦਿੰਦੇ ਹਨ? ਮੈਂ ਕਹਿੰਦਾ ਹਾਂ ਕਿ ਉਹ ਛੇਤੀ ਹੀ ਉਹਨਾਂ ਦਾ ਨਿਆਂ ਕਰੇਗਾ । ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਇਹੋ ਜਿਹਾ ਵਿਸ਼ਵਾਸ ਪਾਵੇਗਾ?” ਜੋ ਲੋਕ ਆਪਣੇ ਆਪ ਉੱਤੇ ਬਹੁਤ ਮਾਣ ਕਰਦੇ ਸਨ ਕਿ ਉਹ ਨੇਕ ਹਨ ਅਤੇ ਦੂਜੇ ਲੋਕਾਂ ਨੂੰ ਘਟੀਆ ਸਮਝਦੇ ਸਨ, ਉਹਨਾਂ ਦੇ ਲਈ ਯਿਸੂ ਨੇ ਇਹ ਦ੍ਰਿਸ਼ਟਾਂਤ ਸੁਣਾਇਆ: “ਦੋ ਆਦਮੀ ਪ੍ਰਾਰਥਨਾ ਕਰਨ ਦੇ ਲਈ ਹੈਕਲ ਵਿੱਚ ਗਏ—ਇੱਕ ਫ਼ਰੀਸੀ ਸੀ ਅਤੇ ਦੂਜਾ ਟੈਕਸ ਲੈਣ ਵਾਲਾ । ਫ਼ਰੀਸੀ ਖੜ੍ਹਾ ਹੋ ਕੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲੱਗਾ, ‘ਹੇ ਪਰਮੇਸ਼ਰ, ਮੈਂ ਤੁਹਾਡਾ ਧੰਨਵਾਦੀ ਹਾਂ ਕਿ ਮੈਂ ਦੂਜੇ ਲੋਕਾਂ ਦੀ ਤਰ੍ਹਾਂ ਲੋਭੀ, ਬੇਈਮਾਨ ਜਾਂ ਵਿਭਚਾਰੀ ਨਹੀਂ ਹਾਂ । ਮੈਂ ਇਸ ਟੈਕਸ ਲੈਣ ਵਾਲੇ ਵਰਗਾ ਵੀ ਨਹੀਂ ਹਾਂ । ਮੈਂ ਹਫ਼ਤੇ ਵਿੱਚ ਦੋ ਵਾਰੀ ਵਰਤ ਰੱਖਦਾ ਹਾਂ ਅਤੇ ਆਪਣੀ ਸਾਰੀ ਆਮਦਨ ਦਾ ਦਸਵਾਂ ਹਿੱਸਾ ਵੀ ਤੁਹਾਡੇ ਲਈ ਦਿੰਦਾ ਹਾਂ ।’ ਪਰ ਟੈਕਸ ਲੈਣ ਵਾਲਾ ਦੂਰ ਹੀ ਖੜ੍ਹਾ ਰਿਹਾ । ਉਸ ਦਾ ਉਤਾਂਹ ਅਕਾਸ਼ ਵੱਲ ਆਪਣੀਆਂ ਅੱਖਾਂ ਚੁੱਕਣ ਦਾ ਹੌਂਸਲਾ ਨਾ ਹੋਇਆ । ਉਸ ਨੇ ਆਪਣੀ ਛਾਤੀ ਪਿੱਟਦੇ ਹੋਏ ਇਹ ਪ੍ਰਾਰਥਨਾ ਕੀਤੀ, ‘ਹੇ ਪਰਮੇਸ਼ਰ, ਮੈਂ ਪਾਪੀ ਮਨੁੱਖ ਹਾਂ, ਮੇਰੇ ਉੱਤੇ ਦਇਆ ਕਰੋ!’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਫ਼ਰੀਸੀ ਦੀ ਬਜਾਏ ਇਹ ਟੈਕਸ ਲੈਣ ਵਾਲਾ ਹੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਸਿੱਧ ਹੋ ਕੇ ਘਰ ਗਿਆ । ਇਸ ਤਰ੍ਹਾਂ ਉਹ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਹ ਨੀਵਾਂ ਕੀਤਾ ਜਾਵੇਗਾ ਪਰ ਉਹ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉੱਚਾ ਕੀਤਾ ਜਾਵੇਗਾ ।” ਫਿਰ ਕੁਝ ਲੋਕ ਆਪਣੇ ਬੱਚਿਆਂ ਨੂੰ ਪ੍ਰਭੂ ਯਿਸੂ ਕੋਲ ਲਿਆਉਣ ਲੱਗੇ ਕਿ ਉਹ ਉਹਨਾਂ ਦੇ ਸਿਰਾਂ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਣ । ਚੇਲੇ ਇਹ ਦੇਖ ਕੇ ਉਹਨਾਂ ਨੂੰ ਝਿੜਕਣ ਲੱਗੇ । ਪਰ ਯਿਸੂ ਨੇ ਬੱਚਿਆਂ ਨੂੰ ਆਪਣੇ ਕੋਲ ਸੱਦਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ । ਇਹਨਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹਨਾਂ ਵਰਗਿਆਂ ਦਾ ਹੀ ਹੈ । ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਦੀ ਤਰ੍ਹਾਂ ਸਵੀਕਾਰ ਨਹੀਂ ਕਰਦਾ, ਉਹ ਉਸ ਵਿੱਚ ਦਾਖ਼ਲ ਨਹੀਂ ਹੋ ਸਕੇਗਾ ।” ਇੱਕ ਅਧਿਕਾਰੀ ਨੇ ਪ੍ਰਭੂ ਯਿਸੂ ਤੋਂ ਪੁੱਛਿਆ, “ਨੇਕ ਗੁਰੂ ਜੀ, ਅਨੰਤ ਜੀਵਨ ਦੀ ਪ੍ਰਾਪਤੀ ਦੇ ਲਈ ਮੈਂ ਕੀ ਕਰਾਂ?” ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ‘ਨੇਕ’ ਕਿਉਂ ਕਹਿੰਦਾ ਹੈਂ? ਪਰਮੇਸ਼ਰ ਤੋਂ ਸਿਵਾਏ ਹੋਰ ਕੋਈ ‘ਨੇਕ’ ਨਹੀਂ ਹੈ ।” ਫਿਰ ਯਿਸੂ ਨੇ ਕਿਹਾ, “ਤੂੰ ਹੁਕਮਾਂ ਨੂੰ ਤਾਂ ਜਾਣਦਾ ਹੀ ਹੈਂ: ਵਿਭਚਾਰ ਨਾ ਕਰਨਾ; ਖ਼ੂਨ ਨਾ ਕਰਨਾ; ਚੋਰੀ ਨਾ ਕਰਨਾ; ਝੂਠੀ ਗਵਾਹੀ ਨਾ ਦੇਣਾ; ਮਾਤਾ-ਪਿਤਾ ਦਾ ਆਦਰ ਕਰਨਾ ।” ਉਸ ਅਧਿਕਾਰੀ ਨੇ ਉੱਤਰ ਦਿੱਤਾ, “ਇਹਨਾਂ ਸਾਰੇ ਹੁਕਮਾਂ ਨੂੰ ਤਾਂ ਮੈਂ ਆਪਣੇ ਬਾਲਪਣ ਤੋਂ ਹੀ ਪੂਰਾ ਕਰਦਾ ਆਇਆ ਹਾਂ ।” ਪ੍ਰਭੂ ਯਿਸੂ ਨੇ ਇਹ ਸੁਣ ਕੇ ਉਸ ਨੂੰ ਕਿਹਾ, “ਤੇਰੇ ਵਿੱਚ ਅਜੇ ਵੀ ਇੱਕ ਗੱਲ ਦਾ ਘਾਟਾ ਹੈ । ਜਾ, ਆਪਣਾ ਸਾਰਾ ਕੁਝ ਵੇਚ ਕੇ ਗ਼ਰੀਬਾਂ ਵਿੱਚ ਵੰਡ ਦੇ । ਫਿਰ ਆ ਕੇ ਮੇਰਾ ਚੇਲਾ ਬਣ ਜਾ ਅਤੇ ਤੈਨੂੰ ਸਵਰਗ ਵਿੱਚ ਧਨ ਮਿਲੇਗਾ ।” ਪਰ ਉਹ ਅਧਿਕਾਰੀ ਇਹ ਸੁਣ ਕੇ ਬਹੁਤ ਉਦਾਸ ਹੋਇਆ ਕਿਉਂਕਿ ਉਹ ਬਹੁਤ ਧਨੀ ਸੀ । ਉਸ ਨੂੰ ਉਦਾਸ ਦੇਖ ਕੇ ਯਿਸੂ ਨੇ ਕਿਹਾ, “ਧਨਵਾਨਾਂ ਦੇ ਲਈ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣਾ ਕਿੰਨਾ ਮੁਸ਼ਕਲ ਹੈ! ਧਨਵਾਨ ਦੇ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਣ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਨਿਕਲ ਜਾਣਾ ਸੌਖਾ ਹੈ ।” ਜਿਹੜੇ ਲੋਕ ਇਹ ਸਭ ਕੁਝ ਸੁਣ ਰਹੇ ਸਨ, ਪੁੱਛਣ ਲੱਗੇ, “ਤਾਂ ਫਿਰ ਕੌਣ ਮੁਕਤੀ ਪਾ ਸਕਦਾ ਹੈ?” ਯਿਸੂ ਨੇ ਉੱਤਰ ਦਿੱਤਾ, “ਜਿਹੜੀਆਂ ਗੱਲਾਂ ਮਨੁੱਖ ਦੇ ਲਈ ਕਰਨੀਆਂ ਅਸੰਭਵ ਹਨ, ਉਹ ਪਰਮੇਸ਼ਰ ਦੇ ਲਈ ਕਰਨੀਆਂ ਸੰਭਵ ਹਨ ।” ਪਤਰਸ ਨੇ ਕਿਹਾ, “ਅਸੀਂ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਪਿੱਛੇ ਲੱਗ ਤੁਰੇ ਹਾਂ ।” ਤਦ ਯਿਸੂ ਨੇ ਸਾਰੇ ਲੋਕਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਮਨੁੱਖ ਪਰਮੇਸ਼ਰ ਦੇ ਰਾਜ ਦੀ ਖ਼ਾਤਰ ਘਰ, ਪਤਨੀ, ਭੈਣ, ਭਰਾ, ਮਾਤਾ, ਪਿਤਾ ਅਤੇ ਬੱਚਿਆਂ ਦਾ ਤਿਆਗ ਕਰਦਾ ਹੈ, ਉਹ ਇਸ ਜੀਵਨ ਵਿੱਚ ਕਈ ਗੁਣਾ ਫਲ ਪਾਉਂਦਾ ਹੈ ਅਤੇ ਆਉਣ ਵਾਲੇ ਯੁੱਗ ਵਿੱਚ ਅਨੰਤ ਜੀਵਨ ਪ੍ਰਾਪਤ ਕਰਦਾ ਹੈ ।” ਫਿਰ ਪ੍ਰਭੂ ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਲੈ ਜਾ ਕੇ ਉਹਨਾਂ ਨੂੰ ਕਿਹਾ, “ਅਸੀਂ ਯਰੂਸ਼ਲਮ ਸ਼ਹਿਰ ਨੂੰ ਜਾ ਰਹੇ ਹਾਂ । ਉੱਥੇ ਜਿਹੜੀਆਂ ਗੱਲਾਂ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਨੇ ਲਿਖੀਆਂ ਹਨ, ਪੂਰੀਆਂ ਹੋਣਗੀਆਂ । ਉਹ ਉੱਥੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਦੇ ਦਿੱਤਾ ਜਾਵੇਗਾ । ਉਹ ਉਸ ਨੂੰ ਮਖ਼ੌਲ ਕਰਨਗੇ, ਉਸ ਦੀ ਬੇਇੱਜ਼ਤੀ ਕਰਨਗੇ, ਉਸ ਦੇ ਮੂੰਹ ਉੱਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ । ਫਿਰ ਅੰਤ ਵਿੱਚ ਉਸ ਨੂੰ ਜਾਨੋਂ ਮਾਰ ਦੇਣਗੇ ਪਰ ਉਹ ਤੀਜੇ ਦਿਨ ਫਿਰ ਜੀਅ ਉੱਠੇਗਾ ।” ਪਰ ਚੇਲੇ ਇਹਨਾਂ ਗੱਲਾਂ ਨੂੰ ਸਮਝ ਨਾ ਸਕੇ । ਇਹਨਾਂ ਗੱਲਾਂ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ । ਉਹ ਯਿਸੂ ਨੂੰ ਸਮਝ ਨਾ ਸਕੇ ਕਿ ਉਹ ਕੀ ਕਹਿ ਰਹੇ ਸਨ । ਜਦੋਂ ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਨੇੜੇ ਪਹੁੰਚੇ ਤਾਂ ਉੱਥੇ ਰਾਹ ਦੇ ਕੰਢੇ ਇੱਕ ਅੰਨ੍ਹਾ ਬੈਠਾ ਹੋਇਆ ਭੀਖ ਮੰਗ ਰਿਹਾ ਸੀ । ਜਦੋਂ ਉਸ ਨੇ ਲੋਕਾਂ ਦੇ ਤੁਰੇ ਜਾਣ ਦੀ ਆਵਾਜ਼ ਸੁਣੀ, ਤਾਂ ਉਸ ਨੇ ਪੁੱਛਿਆ, “ਇਹ ਕੀ ਹੋ ਰਿਹਾ ਹੈ?” ਲੋਕਾਂ ਨੇ ਉਸ ਨੂੰ ਦੱਸਿਆ, “ਯਿਸੂ ਨਾਸਰੀ ਇੱਥੋਂ ਦੀ ਜਾ ਰਹੇ ਹਨ ।” ਉਹ ਇਕਦਮ ਉੱਚੀ ਆਵਾਜ਼ ਨਾਲ ਪੁਕਾਰਨ ਲੱਗਾ, “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ!” ਜੋ ਲੋਕ ਅੱਗੇ ਅੱਗੇ ਜਾ ਰਹੇ ਸਨ, ਉਹਨਾਂ ਨੇ ਉਸ ਅੰਨ੍ਹੇ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ । ਪਰ ਉਹ ਅੰਨ੍ਹਾ ਹੋਰ ਜ਼ੋਰ ਦੇ ਕੇ ਬੋਲਿਆ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ!” ਯਿਸੂ ਉਸ ਅੰਨ੍ਹੇ ਦੀ ਆਵਾਜ਼ ਸੁਣ ਕੇ ਰੁਕ ਗਏ ਅਤੇ ਹੁਕਮ ਦਿੱਤਾ ਕਿ ਅੰਨ੍ਹੇ ਨੂੰ ਉਹਨਾਂ ਕੋਲ ਲਿਆਇਆ ਜਾਵੇ । ਅੰਨ੍ਹਾ ਯਿਸੂ ਕੋਲ ਆਇਆ ਅਤੇ ਯਿਸੂ ਨੇ ਉਸ ਤੋਂ ਪੁੱਛਿਆ, “ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਫਿਰ ਤੋਂ ਸੁਜਾਖਾ ਹੋ ਜਾਵਾਂ ।” ਪ੍ਰਭੂ ਯਿਸੂ ਨੇ ਉਸ ਨੂੰ ਕਿਹਾ, “ਸੁਜਾਖਾ ਹੋ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ।” ਉਹ ਅੰਨ੍ਹਾ ਉਸੇ ਸਮੇਂ ਦੇਖਣ ਲੱਗ ਪਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਪ੍ਰਭੂ ਯਿਸੂ ਦੇ ਪਿੱਛੇ ਚੱਲ ਪਿਆ । ਸਾਰੇ ਲੋਕ ਇਹ ਦੇਖ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ । ਪ੍ਰਭੂ ਯਿਸੂ ਯਰੀਹੋ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਜਾ ਰਹੇ ਸਨ । ਉੱਥੇ ਜ਼ੱਕਈ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਟੈਕਸ ਲੈਣ ਵਾਲਿਆਂ ਦਾ ਪ੍ਰਧਾਨ ਸੀ ਅਤੇ ਉਹ ਧਨਵਾਨ ਸੀ । ਉਹ ਯਿਸੂ ਨੂੰ ਦੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹਨ ਪਰ ਉਹਨਾਂ ਨੂੰ ਭੀੜ ਦੇ ਕਾਰਨ ਦੇਖ ਨਾ ਸਕਿਆ ਕਿਉਂਕਿ ਉਸਦਾ ਕੱਦ ਬਹੁਤ ਛੋਟਾ ਸੀ । ਇਸ ਲਈ ਉਹ ਯਿਸੂ ਨੂੰ ਦੇਖਣ ਦੇ ਲਈ ਦੌੜ ਕੇ ਇੱਕ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਕਿਉਂਕਿ ਯਿਸੂ ਉਸੇ ਰਾਹ ਤੋਂ ਜਾਣ ਵਾਲੇ ਸਨ । ਜਦੋਂ ਯਿਸੂ ਉਸ ਥਾਂ ਤੇ ਪਹੁੰਚੇ ਤਾਂ ਉਹਨਾਂ ਨੇ ਉੱਪਰ ਦੇਖਿਆ ਅਤੇ ਜ਼ੱਕਈ ਨੂੰ ਕਿਹਾ, “ਜ਼ੱਕਈ, ਛੇਤੀ ਨਾਲ ਥੱਲੇ ਉਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਾਂਗਾ ।” ਜ਼ੱਕਈ ਇਕਦਮ ਰੁੱਖ ਤੋਂ ਹੇਠਾਂ ਉਤਰਿਆ ਅਤੇ ਉਸ ਨੇ ਬੜੀ ਖ਼ੁਸ਼ੀ ਨਾਲ ਯਿਸੂ ਦਾ ਆਪਣੇ ਘਰ ਵਿੱਚ ਸੁਆਗਤ ਕੀਤਾ । ਇਹ ਦੇਖ ਕੇ ਸਾਰੇ ਲੋਕ ਬੁੜਬੁੜਾਉਣ ਲੱਗੇ, “ਇਹ ਆਦਮੀ ਇੱਕ ਪਾਪੀ ਆਦਮੀ ਦੇ ਘਰ ਰਹਿਣ ਲਈ ਗਿਆ ਹੈ ।” ਪਰ ਜ਼ੱਕਈ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਜੀ, ਮੈਂ ਆਪਣਾ ਅੱਧਾ ਮਾਲ ਗਰੀਬਾਂ ਨੂੰ ਦੇ ਦਿੰਦਾ ਹਾਂ । ਜੇਕਰ ਮੈਂ ਬੇਇਨਸਾਫ਼ੀ ਕਰ ਕੇ ਕਿਸੇ ਕੋਲੋਂ ਕੁਝ ਲਿਆ ਹੈ ਤਾਂ ਮੈਂ ਉਸ ਨੂੰ ਚਾਰ-ਗੁਣਾ ਮੋੜ ਦਿੰਦਾ ਹਾਂ ।” ਯਿਸੂ ਨੇ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ ਕਿਉਂਕਿ ਇਹ ਆਦਮੀ ਵੀ ਅਬਰਾਹਾਮ ਦਾ ਪੁੱਤਰ ਹੈ । ਕਿਉਂਕਿ ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਮੁਕਤੀ ਦੇਣ ਆਇਆ ਹੈ ।” ਜਦੋਂ ਲੋਕ ਇਹ ਗੱਲਾਂ ਸੁਣ ਰਹੇ ਸਨ ਤਾਂ ਪ੍ਰਭੂ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ । ਉਹ ਉਸ ਸਮੇਂ ਯਰੂਸ਼ਲਮ ਦੇ ਨੇੜੇ ਸਨ ਅਤੇ ਲੋਕ ਸਮਝੇ ਕਿ ਪਰਮੇਸ਼ਰ ਦਾ ਰਾਜ ਪ੍ਰਗਟ ਹੋਣ ਹੀ ਵਾਲਾ ਹੈ । ਪ੍ਰਭੂ ਯਿਸੂ ਨੇ ਕਹਿਣਾ ਸ਼ੁਰੂ ਕੀਤਾ, “ਇੱਕ ਵਾਰ ਇੱਕ ਰਾਜਵੰਸ਼ੀ ਆਦਮੀ ਦੂਰ ਦੇਸ਼ ਵਿੱਚ ਰਾਜਪਦ ਦੀ ਪ੍ਰਾਪਤੀ ਲਈ ਗਿਆ । ਉਹ ਰਾਜਪਦ ਦੀ ਪ੍ਰਾਪਤੀ ਦੇ ਬਾਅਦ ਵਾਪਸ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਸੀ । ਜਾਣ ਤੋਂ ਪਹਿਲਾਂ ਉਸ ਨੇ ਆਪਣੇ ਦਸ ਸੇਵਕਾਂ ਨੂੰ ਸੱਦਿਆ ਅਤੇ ਉਹਨਾਂ ਨੂੰ ਇੱਕ ਇੱਕ ਅਸ਼ਰਫ਼ੀ ਦੇ ਕੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਹਨਾਂ ਦੇ ਨਾਲ ਵਪਾਰ ਕਰੋ ।’ ਪਰ ਉਸ ਦੇ ਦੇਸ਼ ਵਾਸੀ ਉਸ ਨੂੰ ਘਿਰਣਾ ਕਰਦੇ ਸਨ । ਇਸ ਲਈ ਉਹਨਾਂ ਨੇ ਉਸ ਦੇ ਵਿਰੁੱਧ ਸਮਰਾਟ ਕੋਲ ਦੂਤ ਭੇਜੇ ਅਤੇ ਕਿਹਾ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡੇ ਉੱਤੇ ਰਾਜ ਕਰੇ ।’ “ਪਰ ਉਹ ਰਾਜਾ ਬਣ ਕੇ ਵਾਪਸ ਆਇਆ । ਸਾਰਿਆਂ ਤੋਂ ਪਹਿਲਾਂ ਉਸ ਨੇ ਆਪਣੇ ਉਹਨਾਂ ਦਸਾਂ ਸੇਵਕਾਂ ਨੂੰ ਸੱਦਿਆ ਜਿਹਨਾਂ ਨੂੰ ਉਸ ਨੇ ਅਸ਼ਰਫ਼ੀਆਂ ਦਿੱਤੀਆਂ ਸਨ । ਉਹ ਜਾਨਣਾ ਚਾਹੁੰਦਾ ਸੀ ਕਿ ਕਿਸ ਸੇਵਕ ਨੇ ਵਪਾਰ ਵਿੱਚ ਕਿੰਨਾ ਕਮਾਇਆ ਹੈ । ਪਹਿਲੇ ਸੇਵਕ ਨੇ ਆ ਕੇ ਕਿਹਾ, ‘ਮਹਾਰਾਜ, ਤੁਹਾਡੀ ਇੱਕ ਅਸ਼ਰਫ਼ੀ ਦੇ ਨਾਲ ਮੈਂ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ ।’ ਉਸ ਨੇ ਕਿਹਾ, ‘ਸ਼ਾਬਾਸ਼! ਤੂੰ ਇੱਕ ਚੰਗਾ ਸੇਵਕ ਹੈਂ ਕਿਉਂਕਿ ਤੂੰ ਇੱਕ ਛੋਟੇ ਜਿਹੇ ਕੰਮ ਨੂੰ ਬੜੀ ਈਮਾਨਦਾਰੀ ਨਾਲ ਨਿਭਾਇਆ ਹੈ । ਇਸ ਲਈ ਮੈਂ ਤੈਨੂੰ ਦਸ ਸ਼ਹਿਰਾਂ ਦਾ ਅਧਿਕਾਰੀ ਨਿਯੁਕਤ ਕਰਦਾ ਹਾਂ ।’ ਦੂਜੇ ਸੇਵਕ ਨੇ ਕਿਹਾ, ‘ਮਹਾਰਾਜ, ਮੈਂ ਪੰਜ ਅਸ਼ਰਫ਼ੀਆਂ ਕਮਾਈਆਂ ਹਨ ।’ ਰਾਜਾ ਨੇ ਕਿਹਾ, ‘ਮੈਂ ਤੈਨੂੰ ਪੰਜਾਂ ਸ਼ਹਿਰਾਂ ਦਾ ਅਧਿਕਾਰੀ ਨਿਯੁਕਤ ਕਰਦਾ ਹਾਂ ।’ ਫਿਰ ਤੀਜੇ ਨੌਕਰ ਨੇ ਕਿਹਾ, ‘ਮਹਾਰਾਜ, ਇਹ ਹੈ ਤੁਹਾਡੀ ਅਸ਼ਰਫ਼ੀ; ਇਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ, ਬਹੁਤ ਸੰਭਾਲ ਕੇ ਰੱਖਿਆ ਹੈ । ਮੈਂ ਤੁਹਾਡੇ ਕੋਲੋਂ ਡਰਦਾ ਸੀ ਕਿਉਂਕਿ ਤੁਸੀਂ ਕਠੋਰ ਮਨੁੱਖ ਹੋ । ਮੈਂ ਜਾਣਦਾ ਸੀ ਕਿ ਜੋ ਤੁਸੀਂ ਨਹੀਂ ਵੀ ਰੱਖਿਆ, ਉਸ ਨੂੰ ਚੁੱਕ ਲੈਂਦੇ ਹੋ ਅਤੇ ਜੋ ਤੁਸੀਂ ਨਹੀਂ ਵੀ ਬੀਜਿਆ ਉਸ ਨੂੰ ਵੱਢਦੇ ਹੋ ।’ ਰਾਜਾ ਨੇ ਉਸ ਨੂੰ ਉੱਤਰ ਦਿੱਤਾ, ‘ਹੇ ਨਿਕੰਮੇ ਸੇਵਕ, ਤੇਰੇ ਸ਼ਬਦਾਂ ਦੁਆਰਾ ਹੀ ਮੈਂ ਤੇਰਾ ਨਿਆਂ ਕਰਦਾ ਹਾਂ । ਤੂੰ ਇਹ ਜਾਣਦਾ ਸੀ ਕਿ ਮੈਂ ਇੱਕ ਕਠੋਰ ਮਨੁੱਖ ਹਾਂ । ਜੋ ਮੈਂ ਨਹੀਂ ਰੱਖਿਆ ਉਸ ਨੂੰ ਚੁੱਕ ਲੈਂਦਾ ਹਾਂ ਅਤੇ ਜੋ ਮੈਂ ਨਹੀਂ ਬੀਜਿਆ, ਉਹ ਵੱਢਦਾ ਹਾਂ । ਫਿਰ ਤੂੰ ਇਸ ਅਸ਼ਰਫ਼ੀ ਨੂੰ ਬੈਂਕ ਵਿੱਚ ਜਮ੍ਹਾਂ ਕਿਉਂ ਨਹੀਂ ਕਰਾਇਆ? ਉੱਥੋਂ ਮੈਂ ਇਸ ਨੂੰ ਵਿਆਜ ਸਮੇਤ ਵਾਪਸ ਲੈਂਦਾ ।’ ਕੋਲ ਖੜ੍ਹੇ ਸੇਵਕਾਂ ਨੂੰ ਰਾਜਾ ਨੇ ਕਿਹਾ, ‘ਇਸ ਕੋਲੋਂ ਇਹ ਅਸ਼ਰਫ਼ੀ ਲੈ ਲਵੋ ਅਤੇ ਜਿਸ ਦੇ ਕੋਲ ਦਸ ਹਨ, ਉਸ ਨੂੰ ਦੇ ਦਿਓ ।’ ਸੇਵਕਾਂ ਨੇ ਕਿਹਾ, ‘ਮਹਾਰਾਜ, ਉਸ ਕੋਲ ਤਾਂ ਦਸ ਅਸ਼ਰਫ਼ੀਆਂ ਪਹਿਲਾਂ ਹੀ ਹਨ ।’ ਰਾਜਾ ਨੇ ਉੱਤਰ ਦਿੱਤਾ, ‘ਮੈਂ ਕਹਿੰਦਾ ਹਾਂ ਕਿ ਜਿਸ ਦੇ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ, ਉਸ ਕੋਲੋਂ ਉਹ ਥੋੜ੍ਹਾ ਵੀ ਲੈ ਲਿਆ ਜਾਵੇਗਾ ਜੋ ਉਸ ਦੇ ਕੋਲ ਹੈ ।’ “ਬਾਕੀ ਰਹੀ ਗੱਲ ਮੇਰੇ ਉਹਨਾਂ ਵੈਰੀਆਂ ਦੀ, ਜਿਹੜੇ ਇਹ ਨਹੀਂ ਚਾਹੁੰਦੇ ਸਨ ਕਿ ਮੈਂ ਉਹਨਾਂ ਉੱਤੇ ਰਾਜ ਕਰਾਂ, ਉਹਨਾਂ ਨੂੰ ਇੱਥੇ ਮੇਰੇ ਸਾਹਮਣੇ ਲਿਆ ਕੇ ਕਤਲ ਕਰ ਦਿਓ!” ਇਹ ਕਹਿਣ ਤੋਂ ਬਾਅਦ, ਪ੍ਰਭੂ ਯਿਸੂ ਯਰੂਸ਼ਲਮ ਵੱਲ ਚੱਲ ਪਏ । ਜਦੋਂ ਉਹ ਜ਼ੈਤੂਨ ਨਾਂ ਦੇ ਪਹਾੜ ਉੱਤੇ ਬੈਤਫ਼ੈਗਾ ਅਤੇ ਬੈਤਨੀਆ ਦੇ ਕੋਲ ਪਹੁੰਚੇ ਤਾਂ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਆਪਣੇ ਸਾਹਮਣੇ ਦੇ ਪਿੰਡ ਵਿੱਚ ਜਾਓ । ਜਦੋਂ ਤੁਸੀਂ ਪਿੰਡ ਦੇ ਵਿੱਚ ਪ੍ਰਵੇਸ਼ ਹੀ ਕਰੋਗੇ, ਤੁਸੀਂ ਇੱਕ ਗਧੀ ਦੇ ਬੱਚੇ ਨੂੰ ਕਿੱਲੇ ਨਾਲ ਬੰਨ੍ਹਿਆ ਹੋਇਆ ਦੇਖੋਗੇ । ਉਸ ਉੱਤੇ ਅੱਜ ਤੱਕ ਕਿਸੇ ਨੇ ਸਵਾਰੀ ਨਹੀਂ ਕੀਤੀ ਹੈ । ਉਸ ਨੂੰ ਖੋਲ੍ਹ ਕੇ ਲੈ ਆਉਣਾ । ਜੇਕਰ ਤੁਹਾਡੇ ਕੋਲੋਂ ਕੋਈ ਪੁੱਛੇ, ‘ਇਸ ਨੂੰ ਕਿਉਂ ਖੋਲ੍ਹ ਰਹੇ ਹੋ?’ ਤਾਂ ਤੁਸੀਂ ਉੱਤਰ ਦੇਣਾ, ‘ਸਾਡੇ ਪ੍ਰਭੂ ਨੂੰ ਇਸ ਦੀ ਲੋੜ ਹੈ ।’” ਉਹ ਦੋਵੇਂ ਚੇਲੇ ਗਏ ਅਤੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਕਿਹਾ ਸੀ, ਸਭ ਕੁਝ ਉਸੇ ਤਰ੍ਹਾਂ ਦੇਖਿਆ । ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸ ਦੀ ਲੋੜ ਹੈ ।” ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲੈ ਆਏ । ਉਹਨਾਂ ਨੇ ਉਸ ਉੱਤੇ ਆਪਣੇ ਚੋਗੇ ਲਾਹ ਕੇ ਵਿਛਾਏ ਅਤੇ ਯਿਸੂ ਨੂੰ ਉਸ ਉੱਤੇ ਬਿਠਾ ਦਿੱਤਾ । ਜਿਵੇਂ ਜਿਵੇਂ ਯਿਸੂ ਦੀ ਸਵਾਰੀ ਅੱਗੇ ਵੱਧਦੀ ਜਾ ਰਹੀ ਸੀ, ਲੋਕ ਉਹਨਾਂ ਦੇ ਸੁਆਗਤ ਵਿੱਚ ਆਪਣੇ ਕੱਪੜੇ ਰਾਹ ਉੱਤੇ ਵਿਛਾਉਂਦੇ ਜਾਂਦੇ ਸਨ । ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਨੇੜੇ, ਜ਼ੈਤੂਨ ਪਹਾੜ ਦੀ ਉਤਰਾਈ ਉੱਤੇ ਪਹੁੰਚੇ ਤਾਂ ਚੇਲਿਆਂ ਦੀ ਸਾਰੀ ਭੀੜ ਖ਼ੁਸ਼ੀ ਨਾਲ ਆਪਣੇ ਅੱਖੀਂ ਦੇਖੇ ਹੋਏ ਵੱਡੇ ਅਦਭੁਤ ਕੰਮਾਂ ਦੇ ਲਈ, ਉੱਚੀ ਆਵਾਜ਼ ਦੇ ਨਾਲ ਪਰਮੇਸ਼ਰ ਦੀ ਉਸਤਤ ਕਰਨ ਲੱਗੀ: “ਪ੍ਰਭੂ ਦੇ ਨਾਮ ਵਿੱਚ ਆਉਣ ਵਾਲਾ ਰਾਜਾ ਧੰਨ ਹੈ । ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ!” ਭੀੜ ਵਿੱਚ ਕੁਝ ਫ਼ਰੀਸੀ ਵੀ ਸਨ । ਉਹਨਾਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਚੁੱਪ ਕਰਾਓ ।” ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਇਹ ਚੁੱਪ ਰਹਿਣਗੇ ਤਾਂ ਪੱਥਰ ਚੀਕ ਉੱਠਣਗੇ ।” ਜਦੋਂ ਉਹ ਯਰੂਸ਼ਲਮ ਸ਼ਹਿਰ ਦੇ ਹੋਰ ਨੇੜੇ ਪਹੁੰਚੇ ਤਾਂ ਯਿਸੂ ਸ਼ਹਿਰ ਨੂੰ ਦੇਖ ਕੇ ਰੋ ਪਏ । ਉਹਨਾਂ ਨੇ ਕਿਹਾ, “ਹੇ ਯਰੂਸ਼ਲਮ, ਕਿੰਨਾ ਹੀ ਚੰਗਾ ਹੁੰਦਾ ਕਿ ਤੂੰ ਅੱਜ ਦੇ ਦਿਨ ਸ਼ਾਂਤੀ ਲਿਆਉਣ ਵਾਲੀਆਂ ਗੱਲਾਂ ਨੂੰ ਜਾਣਦਾ ਪਰ ਅਜੇ ਇਹ ਤੇਰੀਆਂ ਅੱਖਾਂ ਤੋਂ ਲੁਕੀਆਂ ਹੋਈਆਂ ਹਨ! ਉਹ ਦਿਨ ਆਉਣਗੇ ਜਦੋਂ ਤੇਰੇ ਵੈਰੀ ਤੇਰੇ ਦੁਆਲੇ ਘੇਰਾ ਪਾ ਲੈਣਗੇ ਅਤੇ ਚਾਰੇ ਪਾਸਿਆਂ ਤੋਂ ਮੋਰਚਾਬੰਦੀ ਕਰਨਗੇ ਅਤੇ ਤੇਰੇ ਉੱਤੇ ਦਬਾਅ ਪਾਉਣਗੇ । ਉਹ ਤੈਨੂੰ ਅਤੇ ਤੇਰੇ ਨਿਵਾਸੀਆਂ ਨੂੰ ਮਿੱਟੀ ਵਿੱਚ ਰਲਾ ਦੇਣਗੇ । ਉਹ ਤੇਰੇ ਪੱਥਰ ਉੱਤੇ ਪੱਥਰ ਨਾ ਰਹਿਣ ਦੇਣਗੇ ਕਿਉਂਕਿ ਤੂੰ ਉਸ ਸਮੇਂ ਨੂੰ ਨਾ ਪਛਾਣਿਆ ਜਦੋਂ ਪਰਮੇਸ਼ਰ ਆਪ ਤੈਨੂੰ ਬਚਾਉਣ ਆਇਆ ਸੀ!” ਪ੍ਰਭੂ ਯਿਸੂ ਹੈਕਲ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਜਿਹੜੇ ਹੈਕਲ ਵਿੱਚ ਲੈਣ ਦੇਣ ਦਾ ਕੰਮ ਕਰ ਰਹੇ ਸਨ, ਬਾਹਰ ਕੱਢਣ ਲੱਗੇ । ਉਹਨਾਂ ਨੇ ਕਿਹਾ, “ ਪਵਿੱਤਰ-ਗ੍ਰੰਥ ਵਿੱਚ ਪਰਮੇਸ਼ਰ ਨੇ ਕਿਹਾ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਅਖਵਾਏਗਾ,’ ਪਰ ਤੁਸੀਂ ਇਸ ਨੂੰ ‘ਡਾਕੂਆਂ ਦਾ ਅੱਡਾ’ ਬਣਾ ਦਿੱਤਾ ਹੈ ।” ਪ੍ਰਭੂ ਯਿਸੂ ਹੈਕਲ ਵਿੱਚ ਹਰ ਰੋਜ਼ ਸਿੱਖਿਆ ਦਿੰਦੇ ਸਨ । ਮਹਾਂ-ਪੁਰੋਹਿਤ, ਵਿਵਸਥਾ ਦੇ ਸਿੱਖਿਅਕ ਅਤੇ ਜਨਤਾ ਦੇ ਨੇਤਾ ਯਿਸੂ ਨੂੰ ਜਾਨੋਂ ਮਾਰਨ ਦੀਆਂ ਵਿਉਂਤਾਂ ਬਣਾ ਰਹੇ ਸਨ । ਪਰ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਇਹ ਕੰਮ ਕਿਸ ਤਰ੍ਹਾਂ ਕਰਨ ਕਿਉਂਕਿ ਭੀੜ ਯਿਸੂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਹੀ ਸੀ । ਇੱਕ ਦਿਨ ਪ੍ਰਭੂ ਯਿਸੂ ਹੈਕਲ ਵਿੱਚ ਲੋਕਾਂ ਨੂੰ ਸਿੱਖਿਆ ਦੇ ਰਹੇ ਸਨ ਅਤੇ ਸ਼ੁਭ ਸਮਾਚਾਰ ਸੁਣਾ ਰਹੇ ਸਨ । ਉਸ ਸਮੇਂ ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ, ਬਜ਼ੁਰਗ ਆਗੂਆਂ ਦੇ ਨਾਲ ਯਿਸੂ ਕੋਲ ਆਏ । ਉਹਨਾਂ ਨੇ ਯਿਸੂ ਤੋਂ ਪੁੱਛਿਆ, “ਸਾਨੂੰ ਦੱਸ, ਤੂੰ ਇਹ ਕੰਮ ਕਿਹੜੇ ਅਧਿਕਾਰ ਨਾਲ ਕਰਦਾ ਹੈਂ? ਤੈਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਹੈ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਡੇ ਕੋਲੋਂ ਇੱਕ ਪ੍ਰਸ਼ਨ ਪੁੱਛਦਾ ਹਾਂ । ਮੈਨੂੰ ਦੱਸੋ, ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਪਰਮੇਸ਼ਰ ਕੋਲੋਂ ਮਿਲਿਆ ਸੀ, ਜਾਂ ਮਨੁੱਖਾਂ ਕੋਲੋਂ?” ਉਹ ਆਪਸ ਵਿੱਚ ਇੱਕ ਦੂਜੇ ਨੂੰ ਕਹਿਣ ਲੱਗੇ, “ਜੇ ਅਸੀਂ ਕਹੀਏ ‘ਪਰਮੇਸ਼ਰ ਕੋਲੋਂ,’ ਤਾਂ ਇਹ ਸਾਨੂੰ ਆਖੇਗਾ, ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ? ਪਰ ਜੇ ਅਸੀਂ ਕਹੀਏ, ‘ਮਨੁੱਖਾਂ ਕੋਲੋਂ,’ ਤਾਂ ਲੋਕ ਸਾਨੂੰ ਪੱਥਰਾਂ ਨਾਲ ਮਾਰ ਸੁੱਟਣਗੇ, ਕਿਉਂਕਿ ਸਾਰੇ ਲੋਕ ਇਹ ਮੰਨਦੇ ਹਨ ਕਿ ਯੂਹੰਨਾ ਇੱਕ ਨਬੀ ਸੀ ।” ਇਸ ਲਈ ਉਹਨਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ ਕਿੱਥੋਂ ਮਿਲਿਆ ਸੀ ।” ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ ।” ਫਿਰ ਪ੍ਰਭੂ ਯਿਸੂ ਨੇ ਲੋਕਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ, “ਇੱਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾਇਆ ਅਤੇ ਮੁਜ਼ਾਰਿਆਂ ਨੂੰ ਠੇਕੇ ਉੱਤੇ ਦੇ ਕੇ ਆਪ ਬਹੁਤ ਸਮੇਂ ਲਈ ਵਿਦੇਸ਼ ਚਲਾ ਗਿਆ । ਅੰਗੂਰਾਂ ਦੇ ਮੌਸਮ ਵਿੱਚ ਉਸ ਨੇ ਆਪਣੇ ਇੱਕ ਨੌਕਰ ਨੂੰ ਮੁਜ਼ਾਰਿਆਂ ਕੋਲ ਭੇਜਿਆ ਕਿ ਉਹ ਨੌਕਰ ਨੂੰ ਉਸ ਦਾ ਹਿੱਸਾ ਦੇਣ ਪਰ ਮੁਜ਼ਾਰਿਆਂ ਨੇ ਉਸ ਨੌਕਰ ਨੂੰ ਮਾਰ ਕੁੱਟ ਕੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । ਉਸ ਨੇ ਆਪਣੇ ਦੂਜੇ ਨੌਕਰ ਨੂੰ ਭੇਜਿਆ ਪਰ ਮੁਜ਼ਾਰਿਆਂ ਨੇ ਉਸ ਨੂੰ ਵੀ ਮਾਰਿਆ, ਕੁੱਟਿਆ ਅਤੇ ਅਪਮਾਨਿਤ ਕਰ ਕੇ ਖ਼ਾਲੀ ਹੱਥ ਵਾਪਸ ਭੇਜ ਦਿੱਤਾ । ਮਾਲਕ ਨੇ ਇਸੇ ਤਰ੍ਹਾਂ ਤੀਜੇ ਨੌਕਰ ਨੂੰ ਭੇਜਿਆ । ਪਰ ਮੁਜ਼ਾਰਿਆਂ ਨੇ ਉਸ ਨੂੰ ਜ਼ਖ਼ਮੀ ਕਰ ਕੇ ਬਾਗ਼ ਤੋਂ ਬਾਹਰ ਸੁੱਟ ਦਿੱਤਾ । ਅੰਗੂਰੀ ਬਾਗ਼ ਦਾ ਮਾਲਕ ਸੋਚਣ ਲੱਗਾ, ‘ਹੁਣ ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ, ਸ਼ਾਇਦ ਉਹ ਉਸ ਦਾ ਆਦਰ ਕਰਨ ।’ ਪਰ ਪੁੱਤਰ ਨੂੰ ਦੇਖ ਕੇ ਮੁਜ਼ਾਰੇ ਆਪਸ ਵਿੱਚ ਕਹਿਣ ਲੱਗੇ, ‘ਇਹ ਹੀ ਵਾਰਿਸ ਹੈ, ਆਓ ਇਸ ਨੂੰ ਮਾਰ ਸੁੱਟੀਏ ਤਾਂ ਬਾਗ਼ ਸਾਡਾ ਹੋ ਜਾਵੇਗਾ ।’ ਇਸ ਲਈ ਉਹਨਾਂ ਨੇ ਪੁੱਤਰ ਨੂੰ ਬਾਗ਼ ਵਿੱਚੋਂ ਬਾਹਰ ਸੁੱਟ ਦਿੱਤਾ ਅਤੇ ਉਸ ਨੂੰ ਕਤਲ ਕਰ ਦਿੱਤਾ । “ਤਦ ਬਾਗ਼ ਦਾ ਮਾਲਕ ਉਹਨਾਂ ਮੁਜ਼ਾਰਿਆਂ ਨਾਲ ਕੀ ਕਰੇਗਾ? ਉਹ ਆਵੇਗਾ ਅਤੇ ਉਹਨਾਂ ਦਾ ਨਾਸ਼ ਕਰੇਗਾ ਅਤੇ ਬਾਗ਼ ਦੂਜੇ ਮੁਜ਼ਾਰਿਆਂ ਨੂੰ ਠੇਕੇ ਉੱਤੇ ਦੇ ਦੇਵੇਗਾ ।” ਲੋਕ ਇਹ ਸੁਣ ਕੇ ਕਹਿਣ ਲੱਗੇ, “ਪਰਮੇਸ਼ਰ ਨਾ ਕਰੇ ਕਿ ਇਸ ਤਰ੍ਹਾਂ ਹੋਵੇ!” ਪ੍ਰਭੂ ਯਿਸੂ ਨੇ ਲੋਕਾਂ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਉਹਨਾਂ ਨੂੰ ਕਿਹਾ, “ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: ‘ਜਿਸ ਪੱਥਰ ਨੂੰ ਰਾਜਾਂ ਨੇ ਨਿਕੰਮਾ ਸਮਝਿਆ, ਉਹ ਹੀ ਕੋਨੇ ਦਾ ਪੱਥਰ ਬਣ ਗਿਆ ।’ ਇਸ ਦਾ ਕੀ ਅਰਥ ਹੈ? ਜੋ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਟੁਕੜੇ-ਟੁਕੜੇ ਹੋ ਜਾਵੇਗਾ ਅਤੇ ਜਿਸ ਉੱਤੇ ਉਹ ਪੱਥਰ ਡਿੱਗੇਗਾ, ਉਹ ਚਕਨਾਚੂਰ ਹੋ ਜਾਵੇਗਾ ।” ਵਿਵਸਥਾ ਦੇ ਸਿੱਖਿਅਕ ਅਤੇ ਮਹਾਂ-ਪੁਰੋਹਿਤ ਯਿਸੂ ਨੂੰ ਉਸੇ ਸਮੇਂ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਸਮਝ ਗਏ ਸਨ ਕਿ ਇਹ ਦ੍ਰਿਸ਼ਟਾਂਤ ਉਹਨਾਂ ਦੇ ਬਾਰੇ ਹੀ ਕਿਹਾ ਗਿਆ ਹੈ ਪਰ ਉਹ ਲੋਕਾਂ ਤੋਂ ਡਰਦੇ ਸਨ । ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸਨ । ਇਸ ਲਈ ਉਹਨਾਂ ਨੇ ਕੁਝ ਭੇਤੀਆਂ ਨੂੰ ਯਿਸੂ ਦੇ ਪਿੱਛੇ ਲਾ ਦਿੱਤਾ ਕਿ ਉਹ ਭਲੇ ਆਦਮੀ ਹੋਣ ਦਾ ਢੌਂਗ ਰਚਣ ਅਤੇ ਯਿਸੂ ਨੂੰ ਕਿਸੇ ਤਰ੍ਹਾਂ ਆਪਣੀਆਂ ਗੱਲਾਂ ਦੇ ਹੇਰ ਫੇਰ ਵਿੱਚ ਫਸਾਉਣ ਤਾਂ ਕਿ ਉਹ ਯਿਸੂ ਨੂੰ ਰਾਜਪਾਲ ਦੇ ਅਧਿਕਾਰ ਅਤੇ ਕਾਨੂੰਨ ਦੇ ਹਵਾਲੇ ਕਰਨ । ਇਸ ਲਈ ਭੇਤੀਆਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਠੀਕ ਗੱਲਾਂ ਕਹਿੰਦੇ ਅਤੇ ਸਿੱਖਿਆ ਦਿੰਦੇ ਹੋ । ਤੁਸੀਂ ਕਿਸੇ ਦਾ ਮੂੰਹ ਦੇਖ ਕੇ ਕੋਈ ਗੱਲ ਨਹੀਂ ਕਹਿੰਦੇ, ਸਗੋਂ ਸੱਚਾਈ ਨਾਲ ਪਰਮੇਸ਼ਰ ਦੇ ਰਾਹ ਬਾਰੇ ਲੋਕਾਂ ਨੂੰ ਸਿੱਖਿਆ ਦਿੰਦੇ ਹੋ । ਸਾਨੂੰ ਦੱਸੋ, ਕੈਸਰ ਨੂੰ ਟੈਕਸ ਦੇਣਾ ਠੀਕ ਹੈ ਜਾਂ ਨਹੀਂ?” ਯਿਸੂ ਉਹਨਾਂ ਦੀ ਚਾਲ ਸਮਝ ਗਏ । ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਨੂੰ ਇੱਕ ਸਿੱਕਾ ਦਿਖਾਓ । ਇਸ ਉੱਤੇ ਕਿਸ ਦਾ ਚਿੱਤਰ ਅਤੇ ਲਿਖਤ ਹੈ?” ਉਹਨਾਂ ਨੇ ਉੱਤਰ ਦਿੱਤਾ, “ਕੈਸਰ ਦਾ ।” ਯਿਸੂ ਨੇ ਕਿਹਾ, “ਜੋ ਕੈਸਰ ਦਾ ਹੈ, ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ, ਪਰਮੇਸ਼ਰ ਨੂੰ ਦਿਓ ।” ਉਹ ਯਿਸੂ ਦਾ ਇਹ ਉੱਤਰ ਸੁਣ ਕੇ ਹੈਰਾਨ ਰਹਿ ਗਏ ਅਤੇ ਚੁੱਪ ਹੋ ਗਏ । ਉਹ ਯਿਸੂ ਨੂੰ ਲੋਕਾਂ ਦੇ ਸਾਹਮਣੇ ਆਪਣੀ ਕਿਸੇ ਵੀ ਗੱਲ ਵਿੱਚ ਨਾ ਫਸਾ ਸਕੇ । ਕੁਝ ਸਦੂਕੀ, ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਹਨਾਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਹੈ ‘ਜੇਕਰ ਕੋਈ ਆਦਮੀ ਬੇਔਲਾਦ ਮਰ ਜਾਵੇ ਤਾਂ ਉਸ ਆਦਮੀ ਦਾ ਭਰਾ ਉਸ ਦੀ ਵਿਧਵਾ ਨਾਲ ਵਿਆਹ ਕਰ ਕੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ ।’ ਸੱਤ ਭਰਾ ਸਨ । ਪਹਿਲੇ ਨੇ ਵਿਆਹ ਕੀਤਾ ਅਤੇ ਉਹ ਬੇਔਲਾਦ ਮਰ ਗਿਆ । ਇਸੇ ਤਰ੍ਹਾਂ ਦੂਜਾ ਭਰਾ ਵੀ ਮਰ ਗਿਆ । ਤੀਜੇ ਭਰਾ ਨੇ ਵੀ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ । ਇਸ ਤਰ੍ਹਾਂ ਸੱਤਾਂ ਭਰਾਵਾਂ ਦੀ ਕੋਈ ਔਲਾਦ ਨਾ ਹੋਈ ਅਤੇ ਉਹ ਸਾਰੇ ਮਰ ਗਏ । ਇਹਨਾਂ ਸਾਰਿਆਂ ਦੇ ਬਾਅਦ ਉਹ ਔਰਤ ਵੀ ਮਰ ਗਈ । ਹੁਣ ਜਦੋਂ ਮੁਰਦੇ ਜੀਅ ਉੱਠਣਗੇ, ਉਹ ਔਰਤ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਸੱਤਾਂ ਨੇ ਉਸ ਨਾਲ ਵਿਆਹ ਕੀਤਾ ਸੀ?” ਯਿਸੂ ਨੇ ਉਹਨਾਂ ਨੂੰ ਕਿਹਾ, “ਇਸ ਯੁੱਗ ਵਿੱਚ ਆਦਮੀਆਂ ਅਤੇ ਔਰਤਾਂ ਵਿੱਚ ਵਿਆਹ ਹੁੰਦੇ ਹਨ । ਪਰ ਜਿਹੜੇ ਇਸ ਯੋਗ ਗਿਣੇ ਜਾਂਦੇ ਹਨ ਕਿ ਉਹ ਉਸ ਯੁੱਗ ਨੂੰ ਅਤੇ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰਨ, ਉਹਨਾਂ ਵਿੱਚ ਵਿਆਹ ਨਹੀਂ ਹੋਣਗੇ । ਉਹ ਸਵਰਗਦੂਤਾਂ ਦੇ ਵਾਂਗ ਹਨ । ਇਸ ਲਈ ਉਹਨਾਂ ਦੀ ਫਿਰ ਮੌਤ ਨਹੀਂ ਹੋਵੇਗੀ । ਪੁਨਰ-ਉਥਾਨ ਦੀ ਸੰਤਾਨ ਹੋਣ ਕਰ ਕੇ, ਉਹ ਪਰਮੇਸ਼ਰ ਦੀ ਸੰਤਾਨ ਹਨ । ਇਸ ਸੱਚਾਈ ਬਾਰੇ ਕਿ ਮੁਰਦੇ ਜੀਅ ਉੱਠਣਗੇ, ਮੂਸਾ ਨੇ ਵੀ ਬਲਦੀ ਝਾੜੀ ਦੀ ਕਥਾ ਵਿੱਚ ਕਿਹਾ ਹੈ ਕਿ ਪ੍ਰਭੂ ‘ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ’ ਹੈ । ਉਹ ਪਰਮੇਸ਼ਰ ਮੁਰਦਿਆਂ ਦਾ ਨਹੀਂ ਸਗੋਂ ਜਿਊਂਦਿਆਂ ਦਾ ਪਰਮੇਸ਼ਰ ਹੈ; ਕਿਉਂਕਿ ਉਸ ਦੇ ਲਈ ਸਭ ਜਿਊਂਦੇ ਹਨ ।” ਵਿਵਸਥਾ ਦੇ ਸਿੱਖਿਅਕਾਂ ਨੇ ਕਿਹਾ, “ਗੁਰੂ ਜੀ, ਤੁਸੀਂ ਬਹੁਤ ਚੰਗਾ ਉੱਤਰ ਦਿੱਤਾ ਹੈ ।” ਇਸ ਦੇ ਬਾਅਦ ਕਿਸੇ ਨੂੰ ਹੌਸਲਾ ਨਾ ਹੋਇਆ ਕਿ ਉਹ ਯਿਸੂ ਤੋਂ ਕੋਈ ਪ੍ਰਸ਼ਨ ਪੁੱਛਣ । ਪ੍ਰਭੂ ਯਿਸੂ ਨੇ ਉਹਨਾਂ ਨੂੰ ਕਿਹਾ, “ਲੋਕ ‘ ਮਸੀਹ ’ ਨੂੰ ਦਾਊਦ ਦਾ ਪੁੱਤਰ ਕਿਉਂ ਕਹਿੰਦੇ ਹਨ? ਦਾਊਦ ਨੇ ਤਾਂ ਆਪ ਭਜਨਾਂ ਦੀ ਪੁਸਤਕ ਵਿੱਚ ਕਿਹਾ ਹੈ: ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ: ਤੂੰ ਮੇਰੇ ਸੱਜੇ ਹੱਥ ਬੈਠ; ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’ “ਇਸ ਤਰ੍ਹਾਂ ਦਾਊਦ ਆਪ ਉਹਨਾਂ ਨੂੰ ਆਪਣਾ ‘ਪ੍ਰਭੂ’ ਕਹਿੰਦਾ ਹੈ, ਫਿਰ ਉਹ ਉਹਨਾਂ ਦਾ ਪੁੱਤਰ ਕਿਸ ਤਰ੍ਹਾਂ ਹੋਇਆ?” ਸਾਰੇ ਲੋਕਾਂ ਨੂੰ ਸੁਣਾਉਂਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਵਿਵਸਥਾ ਦੇ ਸਿੱਖਿਅਕਾਂ ਤੋਂ ਸਾਵਧਾਨ ਰਹੋ । ਉਹ ਲੰਮੇ ਲੰਮੇ ਚੋਗੇ ਪਾ ਕੇ ਟਹਿਲਣਾ ਪਸੰਦ ਕਰਦੇ ਹਨ । ਉਹ ਬਾਜ਼ਾਰਾਂ ਵਿੱਚ ਲੋਕਾਂ ਤੋਂ ਨਮਸਕਾਰਾਂ ਲੈਣੀਆਂ ਚਾਹੁੰਦੇ ਹਨ ਅਤੇ ਸਭਾਵਾਂ ਅਤੇ ਉਤਸਵਾਂ ਵਿੱਚ ਪ੍ਰਮੁੱਖ ਥਾਂਵਾਂ ਲੱਭਦੇ ਹਨ । ਉਹ ਵਿਧਵਾਵਾਂ ਦੇ ਘਰਾਂ ਨੂੰ ਹੜੱਪ ਕਰ ਲੈਂਦੇ ਅਤੇ ਦਿਖਾਵੇ ਦੇ ਲਈ ਲੰਮੀਆਂ ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ । ਇਸ ਸਭ ਦੇ ਲਈ ਉਹਨਾਂ ਨੂੰ ਬਹੁਤ ਸਖ਼ਤ ਸਜ਼ਾ ਮਿਲੇਗੀ ।” ਪ੍ਰਭੂ ਯਿਸੂ ਨੇ ਦੇਖਿਆ ਕਿ ਧਨਵਾਨ ਆਪਣਾ ਦਾਨ ਹੈਕਲ ਦੇ ਖ਼ਜ਼ਾਨੇ ਵਿੱਚ ਪਾ ਰਹੇ ਹਨ । ਉਹਨਾਂ ਨੇ ਇੱਕ ਗ਼ਰੀਬ ਵਿਧਵਾ ਨੂੰ ਵੀ ਦੇਖਿਆ ਜਿਸ ਨੇ ਕੇਵਲ ਦੋ ਪੈਸੇ ਹੀ ਪਾਏ । ਤਦ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਸ ਵਿਧਵਾ ਨੇ ਸਭ ਤੋਂ ਵੱਧ ਦਾਨ ਦਿੱਤਾ ਹੈ । ਬਾਕੀ ਸਭ ਨੇ ਤਾਂ ਆਪਣੀ ਪੂੰਜੀ ਦਾ ਵਾਧੂ ਹਿੱਸਾ ਹੀ ਦਾਨ ਵਿੱਚ ਦਿੱਤਾ ਹੈ ਪਰ ਇਸ ਵਿਧਵਾ ਨੇ ਆਪਣੀ ਗ਼ਰੀਬੀ ਵਿੱਚ ਜੋ ਕੁਝ ਇਸ ਦੇ ਕੋਲ ਸੀ ਦਾਨ ਵਿੱਚ ਪਾ ਦਿੱਤਾ ਹੈ ।” ਕੁਝ ਚੇਲੇ ਕਹਿ ਰਹੇ ਸਨ, “ਇਹ ਹੈਕਲ ਸੋਹਣੇ ਪੱਥਰਾਂ ਅਤੇ ਪਰਮੇਸ਼ਰ ਨੂੰ ਚੜ੍ਹਾਈਆਂ ਗਈਆਂ ਲੋਕਾਂ ਦੀਆਂ ਸੁਗਾਤਾਂ ਨਾਲ ਕਿੰਨਾ ਸਜਿਆ ਹੋਇਆ ਹੈ ।” ਪਰ ਯਿਸੂ ਨੇ ਕਿਹਾ, “ਇਹ ਚੀਜ਼ਾਂ ਜੋ ਤੁਸੀਂ ਦੇਖ ਰਹੇ ਹੋ, ਇੱਕ ਦਿਨ ਆਵੇਗਾ ਜਦੋਂ ਇੱਥੇ ਪੱਥਰ ਉੱਤੇ ਪੱਥਰ ਵੀ ਨਾ ਰਹੇਗਾ, ਇਹ ਸਭ ਕੁਝ ਢਾਹ ਦਿੱਤਾ ਜਾਵੇਗਾ ।” ਚੇਲਿਆਂ ਨੇ ਯਿਸੂ ਤੋਂ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ? ਉਹ ਕਿਹੜਾ ਚਿੰਨ੍ਹ ਹੋਵੇਗਾ ਜਿਸ ਤੋਂ ਪਤਾ ਲੱਗੇਗਾ ਕਿ ਇਹ ਗੱਲਾਂ ਹੋਣ ਵਾਲੀਆਂ ਹਨ?” ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਸਾਵਧਾਨ ਰਹੋ, ਕੋਈ ਤੁਹਾਨੂੰ ਕੁਰਾਹੇ ਨਾ ਪਾ ਦੇਵੇ । ਕਿਉਂਕਿ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਮੇਰਾ ਨਾਮ ਲੈ ਕੇ ਕਹਿਣਗੇ, ‘ਮੈਂ ਉਹ ਹੀ ਹਾਂ!’ ਅਤੇ ‘ਠੀਕ ਸਮਾਂ ਆ ਗਿਆ ਹੈ!’ ਪਰ ਤੁਸੀਂ ਉਹਨਾਂ ਦੇ ਪਿੱਛੇ ਨਾ ਜਾਣਾ । ਜਦੋਂ ਤੁਸੀਂ ਲੜਾਈਆਂ ਅਤੇ ਬਗ਼ਾਵਤਾਂ ਦੀਆਂ ਖ਼ਬਰਾਂ ਸੁਣੋਗੇ ਤਾਂ ਨਾ ਡਰਨਾ । ਇਹਨਾਂ ਚੀਜ਼ਾਂ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਪਰ ਇਹਨਾਂ ਦਾ ਅਰਥ ਇਹ ਨਹੀਂ ਹੋਵੇਗਾ ਕਿ ਅੰਤ ਛੇਤੀ ਆਉਣ ਵਾਲਾ ਹੈ ।” ਫਿਰ ਯਿਸੂ ਨੇ ਕਿਹਾ, “ਇੱਕ ਕੌਮ ਦੂਜੀ ਕੌਮ ਦੇ ਵਿਰੁੱਧ ਖੜ੍ਹੀ ਹੋ ਜਾਵੇਗੀ ਅਤੇ ਇੱਕ ਰਾਜ ਦੂਜੇ ਰਾਜ ਉੱਤੇ ਚੜ੍ਹਾਈ ਕਰੇਗਾ । ਥਾਂ ਥਾਂ ਉੱਤੇ ਵੱਡੇ ਵੱਡੇ ਭੁਚਾਲ ਆਉਣਗੇ, ਕਾਲ ਪੈਣਗੇ, ਮਹਾਂਮਾਰੀਆਂ ਫੈਲਣਗੀਆਂ, ਡਰਾਉਣੀਆਂ ਘਟਨਾਵਾਂ ਵਾਪਰਨਗੀਆਂ ਅਤੇ ਅਕਾਸ਼ ਵਿੱਚ ਭਿਆਨਕ ਚਿੰਨ੍ਹ ਦਿਖਾਈ ਦੇਣਗੇ । “ਪਰ ਇਹ ਸਭ ਹੋਣ ਤੋਂ ਪਹਿਲਾਂ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਫੜਨਗੇ ਅਤੇ ਸਤਾਉਣਗੇ । ਉਹ ਤੁਹਾਨੂੰ ਸਭਾਵਾਂ ਵਿੱਚ ਪੇਸ਼ੀ ਦੇ ਲਈ ਲੈ ਜਾਣਗੇ ਅਤੇ ਜੇਲ੍ਹ ਵਿੱਚ ਪਾ ਦੇਣਗੇ । ਉਹ ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲ ਅਤੇ ਰਾਜਿਆਂ ਦੇ ਸਾਹਮਣੇ ਪੇਸ਼ ਕਰਨਗੇ । ਇਹ ਤੁਹਾਡੇ ਲਈ ਮੇਰੇ ਬਾਰੇ ਗਵਾਹੀ ਦੇਣ ਦਾ ਮੌਕਾ ਹੋਵੇਗਾ । ਇਸ ਲਈ ਤੁਸੀਂ ਆਪਣੇ ਦਿਲ ਨੂੰ ਪੱਕਾ ਕਰੋ ਕਿ ਆਪਣੇ ਬਚਾਅ ਵਿੱਚ ਉੱਤਰ ਦੇਣ ਲਈ ਪਹਿਲਾਂ ਤੋਂ ਚਿੰਤਾ ਨਹੀਂ ਕਰੋਗੇ । ਕਿਉਂਕਿ ਮੈਂ ਤੁਹਾਨੂੰ ਇਹੋ ਜਿਹੀ ਬੋਲਣ ਦੀ ਸਮਰੱਥਾ ਅਤੇ ਬੁੱਧੀ ਦੇਵਾਂਗਾ ਜਿਸ ਦਾ ਮੁਕਾਬਲਾ ਤੁਹਾਡੇ ਵਿਰੋਧੀ ਨਹੀਂ ਕਰ ਸਕਣਗੇ ਅਤੇ ਨਾ ਹੀ ਝੂਠਾ ਸਿੱਧ ਕਰ ਸਕਣਗੇ । ਤੁਹਾਡੇ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਅਤੇ ਮਿੱਤਰ ਵੀ ਤੁਹਾਨੂੰ ਫੜਵਾਉਣਗੇ । ਤੁਹਾਡੇ ਵਿੱਚੋਂ ਕਈਆਂ ਨੂੰ ਉਹ ਮਰਵਾ ਵੀ ਦੇਣਗੇ । ਇੱਥੋਂ ਤੱਕ ਕਿ ਸਾਰੇ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਘਿਰਨਾ ਕਰਨਗੇ । ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ । ਤੁਸੀਂ ਆਪਣੇ ਸਬਰ ਦੇ ਰਾਹੀਂ ਅਸਲੀ ਜੀਵਨ ਪ੍ਰਾਪਤ ਕਰੋਗੇ ।” “ਜਦੋਂ ਤੁਸੀਂ ਯਰੂਸ਼ਲਮ ਸ਼ਹਿਰ ਨੂੰ ਫ਼ੌਜਾਂ ਦੇ ਨਾਲ ਘਿਰਿਆ ਹੋਇਆ ਦੇਖੋ ਤਾਂ ਇਹ ਸਮਝ ਲੈਣਾ ਕਿ ਉਸ ਦੀ ਬਰਬਾਦੀ ਦਾ ਸਮਾਂ ਨੇੜੇ ਆ ਗਿਆ ਹੈ । ਉਸ ਸਮੇਂ ਜਿਹੜੇ ਯਹੂਦਿਯਾ ਵਿੱਚ ਹੋਣ, ਉਹ ਪਹਾੜਾਂ ਵੱਲ ਦੌੜ ਜਾਣ । ਜਿਹੜੇ ਸ਼ਹਿਰ ਦੇ ਅੰਦਰ ਹੋਣ, ਉਹ ਬਾਹਰ ਨਿਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ, ਉਹ ਸ਼ਹਿਰ ਦੇ ਅੰਦਰ ਨਾ ਜਾਣ । ਕਿਉਂਕਿ ਉਹ ਬਦਲੇ ਦੇ ਦਿਨ ਹੋਣਗੇ । ਇਹਨਾਂ ਦਿਨਾਂ ਵਿੱਚ ਪਵਿੱਤਰ-ਗ੍ਰੰਥ ਵਿੱਚ ਲਿਖੀਆਂ ਹੋਈਆਂ ਸਾਰੀਆਂ ਗੱਲਾਂ ਪੂਰੀਆਂ ਹੋਣਗੀਆਂ । ਅਫ਼ਸੋਸ ਉਹਨਾਂ ਔਰਤਾਂ ਉੱਤੇ ਜਿਹੜੀਆਂ ਉਹਨਾਂ ਦਿਨਾਂ ਵਿੱਚ ਗਰਭਵਤੀਆਂ ਹੋਣਗੀਆਂ ਅਤੇ ਜਿਹਨਾਂ ਦੀ ਗੋਦ ਵਿੱਚ ਛੋਟੇ ਬੱਚੇ ਹੋਣਗੇ । ਕਿਉਂਕਿ ਉਹਨਾਂ ਦਿਨਾਂ ਵਿੱਚ ਇੱਕ ਵੱਡਾ ਸੰਕਟ ਧਰਤੀ ਉੱਤੇ ਆਵੇਗਾ ਅਤੇ ਪਰਮੇਸ਼ਰ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕੇਗਾ । ਉਹ ਤਲਵਾਰ ਨਾਲ ਮਾਰੇ ਜਾਣਗੇ । ਉਹ ਬੰਦੀ ਬਣਾ ਕੇ ਕਈਆਂ ਦੇਸ਼ਾਂ ਵਿੱਚ ਭੇਜੇ ਜਾਣਗੇ । ਯਰੂਸ਼ਲਮ ਸ਼ਹਿਰ ਨੂੰ ਪਰਾਈਆਂ ਕੌਮਾਂ ਉਸ ਸਮੇਂ ਤੱਕ ਕੁਚਲਦੀਆਂ ਰਹਿਣਗੀਆਂ ਜਦੋਂ ਤੱਕ ਕਿ ਉਹਨਾਂ ਦਾ ਨਿਯੁਕਤ ਕੀਤਾ ਹੋਇਆ ਸਮਾਂ ਪੂਰਾ ਨਾ ਹੋ ਜਾਵੇ ।” “ਉਸ ਸਮੇਂ ਸੂਰਜ, ਚੰਦ ਅਤੇ ਤਾਰਿਆਂ ਵਿੱਚ ਚਿੰਨ੍ਹ ਦਿਖਾਈ ਦੇਣਗੇ । ਸਮੁੰਦਰ ਦੀਆਂ ਲਹਿਰਾਂ ਦੀ ਗਰਜਣ ਨਾਲ ਸਾਰੇ ਦੇਸ਼ਾਂ ਦੇ ਲੋਕ ਘਬਰਾ ਜਾਣਗੇ । ਲੋਕ ਦੁਨੀਆਂ ਉੱਤੇ ਆਉਣ ਵਾਲੇ ਸੰਕਟ ਦੇ ਡਰ ਨਾਲ ਆਪਣੇ ਹੋਸ਼ ਗੁਆ ਬੈਠਣਗੇ । ਅਕਾਸ਼ ਦੀਆਂ ਸਾਰੀਆਂ ਸ਼ਕਤੀਆਂ ਹਿਲਾ ਦਿੱਤੀਆਂ ਜਾਣਗੀਆਂ । ਉਸ ਸਮੇਂ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਮਹਿਮਾ ਦੇ ਨਾਲ ਬੱਦਲਾਂ ਉੱਤੇ ਆਉਂਦੇ ਦੇਖਣਗੇ । ਜਦੋਂ ਇਹ ਘਟਨਾਵਾਂ ਹੋਣ ਲੱਗਣ ਤਾਂ ਤੁਸੀਂ ਹੌਸਲਾ ਨਾ ਛੱਡਣਾ ਸਗੋਂ ਆਪਣੇ ਸਿਰ ਉੱਚੇ ਕਰਨਾ ਕਿਉਂਕਿ ਤੁਹਾਡੀ ਮੁਕਤੀ ਨੇੜੇ ਹੈ ।” ਪ੍ਰਭੂ ਯਿਸੂ ਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ, “ਅੰਜੀਰ ਅਤੇ ਦੂਜੇ ਰੁੱਖਾਂ ਨੂੰ ਦੇਖੋ । ਜਦੋਂ ਉਹਨਾਂ ਉੱਤੇ ਨਵੀਆਂ ਪੱਤੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਤਾਂ ਤੁਸੀਂ ਆਪ ਹੀ ਸਮਝ ਜਾਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ । ਇਸੇ ਤਰ੍ਹਾਂ ਜਦੋਂ ਤੁਸੀਂ ਇਹਨਾਂ ਘਟਨਾਵਾਂ ਨੂੰ ਹੁੰਦੇ ਹੋਏ ਦੇਖੋ ਤਾਂ ਸਮਝ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਹੈ । “ਸੱਚ ਜਾਣੋ, ਇਸ ਪੀੜ੍ਹੀ ਦੇ ਲੋਕਾਂ ਦੇ ਖ਼ਤਮ ਹੋਣ ਤੋਂ ਪਹਿਲਾਂ ਇਹ ਗੱਲਾਂ ਪੂਰੀਆਂ ਹੋ ਜਾਣਗੀਆਂ । ਅਕਾਸ਼ ਅਤੇ ਧਰਤੀ ਭਾਵੇਂ ਟਲ ਜਾਣ ਪਰ ਮੇਰੇ ਕਹੇ ਹੋਏ ਵਚਨ ਕਦੀ ਵੀ ਨਹੀਂ ਟਲਣਗੇ ।” “ਸਾਵਧਾਨ ਰਹੋ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਸੀਂ ਭੋਗ ਵਿਲਾਸ ਅਤੇ ਨਸ਼ੇ ਵਿੱਚ ਜਾਂ ਇਸ ਸੰਸਾਰ ਦੀਆਂ ਚਿੰਤਾਵਾਂ ਵਿੱਚ ਫਸ ਜਾਓ ਅਤੇ ਅਚਾਨਕ ਉਹ ਦਿਨ ਤੁਹਾਡੇ ਉੱਤੇ ਆ ਜਾਵੇ । ਕਿਉਂਕਿ ਉਹ ਦਿਨ ਫੰਦੇ ਦੀ ਤਰ੍ਹਾਂ ਸਾਰੇ ਧਰਤੀ ਦੇ ਨਿਵਾਸੀਆਂ ਉੱਤੇ ਆ ਪਵੇਗਾ । ਤੁਸੀਂ ਹਰ ਸਮੇਂ ਚੌਕਸ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਇਹਨਾਂ ਆਉਣ ਵਾਲੀਆਂ ਸਭ ਬਿਪਤਾਵਾਂ ਤੋਂ ਬਚਣ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋਣ ਦੀ ਸਮਰੱਥਾ ਰੱਖ ਸਕੋ ।” ਉਹਨਾਂ ਦਿਨਾਂ ਵਿੱਚ ਯਿਸੂ ਦਿਨ ਦੇ ਸਮੇਂ ਹੈਕਲ ਵਿੱਚ ਸਿੱਖਿਆ ਦਿੰਦੇ ਸਨ ਅਤੇ ਰਾਤ ਜ਼ੈਤੂਨ ਨਾਂ ਦੇ ਪਹਾੜ ਉੱਤੇ ਗੁਜ਼ਾਰਦੇ ਸਨ । ਸਾਰੇ ਲੋਕ ਯਿਸੂ ਦੀਆਂ ਗੱਲਾਂ ਸੁਣਨ ਲਈ ਤੜਕੇ ਹੀ ਹੈਕਲ ਵਿੱਚ ਆ ਜਾਂਦੇ ਸਨ । ਅਖ਼ਮੀਰੀ ਰੋਟੀ ਦਾ ਤਿਉਹਾਰ, ਜਿਸ ਨੂੰ ਪਸਾਹ ਵੀ ਕਹਿੰਦੇ ਹਨ, ਨੇੜੇ ਆ ਰਿਹਾ ਸੀ । ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਮਾਰਨ ਦੀ ਵਿਉਂਤ ਬਣਾ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ । ਯਹੂਦਾ ਯਿਸੂ ਦੇ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਜਿਸ ਦਾ ਉਪਨਾਮ ਇਸਕਰਿਯੋਤੀ ਸੀ । ਉਸ ਦੇ ਦਿਲ ਵਿੱਚ ਸ਼ੈਤਾਨ ਆਇਆ । ਉਹ ਮਹਾਂ-ਪੁਰੋਹਿਤਾਂ ਅਤੇ ਹੈਕਲ ਦੀ ਪੁਲਿਸ ਦੇ ਅਫ਼ਸਰਾਂ ਕੋਲ ਗਿਆ ਅਤੇ ਉਹਨਾਂ ਨਾਲ ਮਿਲ ਕੇ ਵਿਉਂਤ ਬਣਾਈ ਕਿ ਕਿਸ ਤਰ੍ਹਾਂ ਉਹ ਯਿਸੂ ਨੂੰ ਉਹਨਾਂ ਦੇ ਹੱਥਾਂ ਵਿੱਚ ਫੜਵਾਏ । ਉਹ ਬਹੁਤ ਖ਼ੁਸ਼ ਹੋਏ ਅਤੇ ਯਹੂਦਾ ਨੂੰ ਇਸ ਕੰਮ ਲਈ ਪੈਸੇ ਦੇਣੇ ਵੀ ਮੰਨ ਗਏ । ਯਹੂਦਾ ਮੰਨ ਗਿਆ । ਉਹ ਕਿਸੇ ਇਹੋ ਜਿਹੇ ਮੌਕੇ ਦੀ ਤਾੜ ਵਿੱਚ ਰਹਿਣ ਲੱਗਾ ਕਿ ਜਦੋਂ ਲੋਕ ਯਿਸੂ ਦੇ ਨਾਲ ਨਾ ਹੋਣ ਅਤੇ ਉਹ ਉਹਨਾਂ ਨੂੰ ਮਹਾਂ-ਪੁਰੋਹਿਤਾਂ ਦੇ ਹੱਥਾਂ ਵਿੱਚ ਫੜਵਾ ਦੇਵੇ । ਅਖ਼ਮੀਰੀ ਰੋਟੀ ਦੇ ਤਿਉਹਾਰ ਦਾ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਭੋਜ ਦਾ ਲੇਲਾ ਵੱਢਿਆ ਜਾਂਦਾ ਸੀ । ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ, “ਜਾਓ, ਅਤੇ ਸਾਡੇ ਖਾਣ ਲਈ ਪਸਾਹ ਦਾ ਭੋਜ ਤਿਆਰ ਕਰੋ ।” ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਭੋਜਨ ਤਿਆਰ ਕਰੀਏ?” ਯਿਸੂ ਨੇ ਉੱਤਰ ਦਿੱਤਾ, “ਜਦੋਂ ਤੁਸੀਂ ਸ਼ਹਿਰ ਵਿੱਚ ਜਾਓ ਤਾਂ ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦੇ ਦੇਖੋਗੇ । ਉਸ ਦੇ ਪਿੱਛੇ ਪਿੱਛੇ ਜਾਣਾ । ਜਿਸ ਘਰ ਦੇ ਅੰਦਰ ਉਹ ਜਾਵੇ, ਤੁਸੀਂ ਵੀ ਉਸ ਘਰ ਵਿੱਚ ਜਾਣਾ ਅਤੇ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਤੁਹਾਨੂੰ ਪੁੱਛਦੇ ਹਨ ਕਿ ਉਹ ਬੈਠਕ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਕਰਾਂ?’ ਉਹ ਤੁਹਾਨੂੰ ਇੱਕ ਸਜਾਏ ਗਏ ਚੁਬਾਰੇ ਵਿੱਚ ਲੈ ਜਾਵੇਗਾ । ਉੱਥੇ ਤੁਸੀਂ ਤਿਆਰ ਕਰਨਾ ।” ਉਹ ਗਏ ਅਤੇ ਸਭ ਕੁਝ ਉਸੇ ਤਰ੍ਹਾਂ ਠੀਕ-ਠਾਕ ਦੇਖਿਆ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ । ਫਿਰ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ । ਜਦੋਂ ਭੋਜ ਦਾ ਸਮਾਂ ਆ ਗਿਆ, ਯਿਸੂ ਆਪਣੇ ਚੇਲਿਆਂ ਦੇ ਨਾਲ ਖਾਣ ਲਈ ਬੈਠੇ । ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੀ ਇਹ ਬੜੀ ਤਾਂਘ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਭੋਜ ਕਰਾਂ । ਮੈਂ ਤੁਹਾਨੂੰ ਇਸ ਬਾਰੇ ਇਹ ਵੀ ਦੱਸਦਾ ਹਾਂ ਕਿ ਮੈਂ ਇਹ ਭੋਜ ਅੱਗੇ ਤੋਂ ਤਦ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਕਿ ਇਸ ਦੀ ਪੂਰਨਤਾ ਪਰਮੇਸ਼ਰ ਦੇ ਰਾਜ ਵਿੱਚ ਨਾ ਹੋਵੇ ।” ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਲਓ, ਇਸ ਨੂੰ ਆਪਸ ਵਿੱਚ ਵੰਡ ਲਵੋ । ਮੈਂ ਤੁਹਾਨੂੰ ਕਹਿੰਦਾ ਹਾਂ ਕਿ ਅੱਜ ਤੋਂ ਬਾਅਦ ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆਵੇ, ਮੈਂ ਅੰਗੂਰ ਦੀ ਪੈਦਾਵਾਰ ਨਹੀਂ ਪੀਵਾਂਗਾ ।” ਇਸ ਦੇ ਬਾਅਦ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਉਸ ਨੂੰ ਤੋੜਿਆ, ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ । ਮੇਰੀ ਯਾਦ ਵਿੱਚ ਇਹ ਕਰਿਆ ਕਰੋ ।” ਇਸੇ ਤਰ੍ਹਾਂ ਖਾਣੇ ਦੇ ਬਾਅਦ ਯਿਸੂ ਨੇ ਉਹਨਾਂ ਨੂੰ ਪਿਆਲਾ ਦਿੱਤਾ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਦਾ ਨਵਾਂ ਨੇਮ ਹੈ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ । “ਪਰ ਦੇਖੋ, ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਇਸ ਵੇਲੇ ਭੋਜਨ ਕਰ ਰਿਹਾ ਹੈ । ਮਨੁੱਖ ਦਾ ਪੁੱਤਰ ਤਾਂ ਮਰੇਗਾ ਹੀ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਮਿੱਥਿਆ ਗਿਆ ਹੈ ਪਰ ਹਾਏ ਉਸ ਆਦਮੀ ਉੱਤੇ ਜੋ ਉਸ ਨੂੰ ਫੜਵਾ ਰਿਹਾ ਹੈ ।” ਇਹ ਸੁਣ ਕੇ ਚੇਲੇ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜਿਹੜਾ ਇਹ ਕੰਮ ਕਰੇਗਾ? ਚੇਲਿਆਂ ਵਿੱਚ ਇਹ ਬਹਿਸ ਛਿੜ ਪਈ ਕਿ ਉਹਨਾਂ ਵਿੱਚੋਂ ਵੱਡਾ ਕੌਣ ਸਮਝਿਆ ਜਾਵੇ । ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਸੰਸਾਰ ਦੇ ਰਾਜੇ ਆਪਣੇ ਲੋਕਾਂ ਉੱਤੇ ਰਾਜ ਕਰਦੇ ਹਨ ਅਤੇ ਅਧਿਕਾਰੀ ਲੋਕ ਆਪਣੇ ਆਪ ਨੂੰ ਲੋਕਾਂ ਦੇ ਦਾਤਾ ਅਖਵਾਉਂਦੇ ਹਨ । ਪਰ ਤੁਸੀਂ ਉਹਨਾਂ ਵਰਗੇ ਨਾ ਬਣੋ । ਤੁਹਾਡੇ ਵਿੱਚੋਂ ਜਿਹੜਾ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ । ਜਿਹੜਾ ਆਗੂ ਹੋਵੇ, ਸੇਵਕ ਬਣੇ ਕਿਉਂਕਿ ਵੱਡਾ ਕੌਣ ਹੈ ਜੋ ਭੋਜਨ ਕਰਨ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਹਾਂ, ਭੋਜਨ ਕਰਨ ਵਾਲਾ ਹੀ ਵੱਡਾ ਹੈ । ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਵਾਂਗ ਹਾਂ । “ਤੁਸੀਂ ਮੇਰੇ ਸਾਰੇ ਦੁੱਖਾਂ ਵਿੱਚ ਮੇਰਾ ਸਾਥ ਦਿੱਤਾ ਹੈ । ਇਸ ਲਈ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਰਾਜ ਦਿੱਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਅਧਿਕਾਰ ਦਿੰਦਾ ਹਾਂ । ਤੁਸੀਂ ਮੇਰੇ ਰਾਜ ਵਿੱਚ ਮੇਰੇ ਨਾਲ ਬੈਠ ਕੇ ਖਾਓ ਪੀਓਗੇ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰ੍ਹਾਂ ਕਬੀਲਿਆਂ ਦਾ ਨਿਆਂ ਕਰੋਗੇ ।” “ਸ਼ਮਊਨ, ਸ਼ਮਊਨ! ਦੇਖ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਪਰਖਣ ਲਈ ਆਗਿਆ ਪ੍ਰਾਪਤ ਕੀਤੀ ਹੈ ਕਿ ਉਹ ਤੁਹਾਨੂੰ ਕਣਕ ਦੀ ਤਰ੍ਹਾਂ ਛੱਟੇ । ਪਰ ਮੈਂ ਤੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਤੇਰਾ ਵਿਸ਼ਵਾਸ ਨਾ ਡਗਮਗਾਏ । ਜਦੋਂ ਤੂੰ ਫਿਰ ਮੇਰੇ ਵੱਲ ਮੁੜੇਂ, ਆਪਣੇ ਭਰਾਵਾਂ ਨੂੰ ਸਹਾਰਾ ਦੇਵੀਂ ।” ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਤੁਹਾਡੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ ।” ਯਿਸੂ ਨੇ ਕਿਹਾ, “ਅੱਜ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ ।” ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਪਹਿਲੀ ਵਾਰ ਜਦੋਂ ਮੈਂ ਤੁਹਾਨੂੰ ਬਟੂਏ, ਥੈਲੇ ਅਤੇ ਜੁੱਤੀਆਂ ਤੋਂ ਬਿਨਾਂ ਭੇਜਿਆ ਸੀ, ਕੀ ਉਸ ਸਮੇਂ ਤੁਹਾਨੂੰ ਕੋਈ ਥੁੜ ਹੋਈ ਸੀ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।” ਯਿਸੂ ਨੇ ਕਿਹਾ, “ਪਰ ਹੁਣ ਜਿਸ ਦੇ ਕੋਲ ਬਟੂਆ ਹੈ, ਉਹ ਉਸ ਨੂੰ ਜ਼ਰੂਰ ਨਾਲ ਲੈ ਲਵੇ ਅਤੇ ਇਸ ਤਰ੍ਹਾਂ ਥੈਲਾ ਵੀ । ਜਿਸ ਕੋਲ ਤਲਵਾਰ ਨਹੀਂ, ਉਹ ਆਪਣਾ ਚੋਗਾ ਵੇਚ ਕੇ ਇੱਕ ਖ਼ਰੀਦ ਲਵੇ । ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਪਵਿੱਤਰ-ਗ੍ਰੰਥ ਵਿੱਚ ਮੇਰੇ ਬਾਰੇ ਲਿਖਿਆ ਹੈ ਉਸ ਦਾ ਪੂਰਾ ਹੋਣਾ ਜ਼ਰੂਰੀ ਹੈ, ‘ਉਸ ਦੀ ਗਿਣਤੀ ਅਪਰਾਧੀਆਂ ਵਿੱਚ ਕੀਤੀ ਗਈ ।’ ਹਾਂ, ਜੋ ਮੇਰੇ ਬਾਰੇ ਲਿਖਿਆ ਹੋਇਆ ਹੈ, ਉਹ ਪੂਰਾ ਹੋ ਰਿਹਾ ਹੈ ।” ਚੇਲਿਆਂ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਡੇ ਕੋਲ ਇੱਥੇ ਦੋ ਤਲਵਾਰਾਂ ਹਨ ।” ਯਿਸੂ ਨੇ ਕਿਹਾ, “ਬਸ!” ਯਿਸੂ ਆਪਣੀ ਰੀਤ ਦੇ ਅਨੁਸਾਰ ਜ਼ੈਤੂਨ ਪਹਾੜ ਉੱਤੇ ਗਏ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਪਿੱਛੇ ਪਿੱਛੇ ਗਏ । ਜਦੋਂ ਉਹ ਉਸ ਥਾਂ ਉੱਤੇ ਪਹੁੰਚ ਗਏ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।” ਯਿਸੂ ਆਪ ਥੋੜ੍ਹਾ ਜਿਹਾ ਅੱਗੇ ਗਏ ਅਤੇ ਗੋਡਿਆਂ ਭਾਰ ਹੋ ਕੇ ਪ੍ਰਾਰਥਨਾ ਕਰਨ ਲੱਗੇ: “ਹੇ ਪਿਤਾ, ਜੇਕਰ ਤੁਹਾਡੀ ਮਰਜ਼ੀ ਹੋਵੇ ਤਾਂ ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ; ਪਰ ਫਿਰ ਵੀ ਮੇਰੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ ।” [ ਉਸ ਸਮੇਂ ਇੱਕ ਸਵਰਗਦੂਤ ਉਹਨਾਂ ਨੂੰ ਦਿਖਾਈ ਦਿੱਤਾ ਜੋ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ । ਯਿਸੂ ਬਹੁਤ ਮਾਨਸਿਕ ਪੀੜਾ ਵਿੱਚ ਹੋ ਕੇ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਲੱਗੇ । ਉਹਨਾਂ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਜ਼ਮੀਨ ਉੱਤੇ ਡਿੱਗ ਰਿਹਾ ਸੀ ।] ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ । ਪਰ ਉਹਨਾਂ ਨੂੰ ਯਿਸੂ ਨੇ ਦੁੱਖ ਅਤੇ ਥਕਾਵਟ ਦੇ ਨਾਲ ਸੁੱਤੇ ਹੋਏ ਦੇਖਿਆ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।” ਯਿਸੂ ਅਜੇ ਇਹ ਗੱਲ ਕਹਿ ਹੀ ਰਹੇ ਸਨ ਕਿ ਲੋਕਾਂ ਦੀ ਇੱਕ ਭੀੜ ਉੱਥੇ ਆ ਗਈ । ਯਹੂਦਾ, ਜਿਹੜਾ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ, ਉਹ ਯਿਸੂ ਕੋਲ ਆਇਆ ਕਿ ਉਹਨਾਂ ਨੂੰ ਚੁੰਮੇ । ਯਿਸੂ ਨੇ ਯਹੂਦਾ ਤੋਂ ਪੁੱਛਿਆ, “ਕੀ ਤੂੰ ਚੁੰਮੇ ਦੇ ਰਾਹੀਂ ਮਨੁੱਖ ਦੇ ਪੁੱਤਰ ਨੂੰ ਫੜਵਾ ਰਿਹਾ ਹੈਂ?” ਜਦੋਂ ਉਹਨਾਂ ਚੇਲਿਆਂ ਨੇ ਜੋ ਯਿਸੂ ਦੇ ਨਾਲ ਸਨ, ਦੇਖਿਆ ਕਿ ਕੀ ਹੋਣ ਵਾਲਾ ਹੈ ਤਾਂ ਉਹਨਾਂ ਨੇ ਪੁੱਛਿਆ, “ਪ੍ਰਭੂ ਜੀ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ?” ਉਹਨਾਂ ਵਿੱਚੋਂ ਇੱਕ ਨੇ ਮਹਾਂ-ਪੁਰੋਹਿਤ ਦੇ ਸੇਵਕ ਉੱਤੇ ਤਲਵਾਰ ਨਾਲ ਵਾਰ ਕੀਤਾ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ । ਪਰ ਯਿਸੂ ਨੇ ਕਿਹਾ, “ਰੁਕ ਜਾਓ!” ਅਤੇ ਉਸ ਸੇਵਕ ਦਾ ਕੰਨ ਛੂਹ ਕੇ ਠੀਕ ਕਰ ਦਿੱਤਾ । ਫਿਰ ਯਿਸੂ ਨੇ ਮਹਾਂ-ਪੁਰੋਹਿਤਾਂ, ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਬਜ਼ੁਰਗ ਆਗੂਆਂ ਨੂੰ ਜੋ ਉਹਨਾਂ ਨੂੰ ਫੜਨ ਆਏ ਸਨ, ਕਿਹਾ, “ਕੀ ਤੁਸੀਂ ਮੈਨੂੰ ਕੋਈ ਡਾਕੂ ਸਮਝ ਕੇ ਇਹ ਤਲਵਾਰਾਂ ਅਤੇ ਲਾਠੀਆਂ ਲੈ ਕੇ ਫੜਨ ਆਏ ਹੋ? ਮੈਂ ਤੁਹਾਡੇ ਨਾਲ ਹਰ ਰੋਜ਼ ਹੈਕਲ ਵਿੱਚ ਸੀ ਪਰ ਤੁਸੀਂ ਮੇਰੇ ਉੱਤੇ ਹੱਥ ਨਾ ਪਾਇਆ । ਪਰ ਇਹ ਤੁਹਾਡਾ ਸਮਾਂ ਹੈ ਜਦੋਂ ਅੰਧਕਾਰ ਦਾ ਰਾਜ ਹੈ ।” ਉਹ ਯਿਸੂ ਨੂੰ ਫੜ ਕੇ ਮਹਾਂ-ਪੁਰੋਹਿਤ ਦੇ ਘਰ ਲੈ ਗਏ । ਪਤਰਸ ਕੁਝ ਦੂਰ ਰਹਿ ਕੇ ਉਹਨਾਂ ਦੇ ਪਿੱਛੇ ਪਿੱਛੇ ਗਿਆ । ਵਿਹੜੇ ਵਿੱਚ ਕੁਝ ਲੋਕ ਅੱਗ ਬਾਲ ਕੇ ਬੈਠੇ ਸਨ । ਪਤਰਸ ਵੀ ਉਹਨਾਂ ਦੇ ਵਿੱਚ ਬੈਠ ਗਿਆ । ਉੱਥੇ ਇੱਕ ਦਾਸੀ ਨੇ ਪਤਰਸ ਨੂੰ ਅੱਗ ਸੇਕਦੇ ਦੇਖਿਆ । ਉਸ ਨੇ ਪਤਰਸ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਇਹ ਆਦਮੀ ਵੀ ਯਿਸੂ ਦੇ ਨਾਲ ਸੀ ।” ਪਰ ਪਤਰਸ ਨੇ ਇਨਕਾਰ ਕਰਦੇ ਹੋਏ ਕਿਹਾ, “ਬੀਬੀ, ਮੈਂ ਉਸ ਨੂੰ ਨਹੀਂ ਜਾਣਦਾ ।” ਕੁਝ ਚਿਰ ਦੇ ਬਾਅਦ ਇੱਕ ਦੂਜੇ ਆਦਮੀ ਨੇ ਪਤਰਸ ਨੂੰ ਕਿਹਾ, “ਤੂੰ ਵੀ ਤਾਂ ਉਹਨਾਂ ਵਿੱਚੋਂ ਇੱਕ ਹੈਂ ।” ਪਤਰਸ ਨੇ ਕਿਹਾ, “ਨਹੀਂ, ਸ੍ਰੀ ਮਾਨ ਜੀ, ਮੈਂ ਨਹੀਂ ਹਾਂ ।” ਲਗਭਗ ਇੱਕ ਘੰਟੇ ਦੇ ਬਾਅਦ ਇੱਕ ਹੋਰ ਆਦਮੀ ਨੇ ਬੜੇ ਵਿਸ਼ਵਾਸ ਨਾਲ ਕਿਹਾ, “ਸੱਚਮੁੱਚ ਇਹ ਆਦਮੀ ਯਿਸੂ ਦੇ ਨਾਲ ਦਾ ਹੈ ਕਿਉਂਕਿ ਇਹ ਗਲੀਲ ਦਾ ਰਹਿਣ ਵਾਲਾ ਹੈ ।” ਪਰ ਪਤਰਸ ਨੇ ਫਿਰ ਕਿਹਾ, “ਸ੍ਰੀ ਮਾਨ ਜੀ, ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਕਹਿ ਰਹੇ ਹੋ ।” ਠੀਕ ਉਸੇ ਘੜੀ ਜਦੋਂ ਪਤਰਸ ਇਹ ਕਹਿ ਹੀ ਰਿਹਾ ਸੀ, ਕੁੱਕੜ ਨੇ ਬਾਂਗ ਦਿੱਤੀ । ਯਿਸੂ ਨੇ ਪਿੱਛੇ ਮੁੜ ਕੇ ਪਤਰਸ ਵੱਲ ਦੇਖਿਆ, ਤਦ ਪਤਰਸ ਨੂੰ ਉਹਨਾਂ ਦੇ ਕਹੇ ਹੋਏ ਸ਼ਬਦ ਯਾਦ ਆਏ, “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” ਪਤਰਸ ਬਾਹਰ ਜਾ ਕੇ ਫੁੱਟ-ਫੁੱਟ ਕੇ ਰੋਇਆ । ਯਿਸੂ ਦੀ ਪਹਿਰੇਦਾਰੀ ਕਰਨ ਵਾਲੇ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ । ਉਹ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਮਾਰਦੇ ਅਤੇ ਕਹਿੰਦੇ ਸਨ, “ਤੂੰ ਨਬੀ ਹੈਂ, ਦੱਸ ਕਿਸ ਨੇ ਤੈਨੂੰ ਮਾਰਿਆ ਹੈ?” ਇਸੇ ਤਰ੍ਹਾਂ ਹੋਰ ਵੀ ਕਈ ਗੱਲਾਂ ਰਾਹੀਂ ਉਹਨਾਂ ਨੇ ਯਿਸੂ ਦਾ ਅਪਮਾਨ ਕੀਤਾ । ਜਦੋਂ ਦਿਨ ਚੜ੍ਹਿਆ ਤਦ ਯਹੂਦੀਆਂ ਦੇ ਬਜ਼ੁਰਗ ਆਗੂ, ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਆਪਸ ਵਿੱਚ ਮਿਲੇ । ਫਿਰ ਯਿਸੂ ਨੂੰ ਉਹਨਾਂ ਦੀ ਮਹਾਂਸਭਾ ਦੇ ਸਾਹਮਣੇ ਪੇਸ਼ ਕੀਤਾ ਗਿਆ । ਉਹਨਾਂ ਨੇ ਯਿਸੂ ਤੋਂ ਪੁੱਛਿਆ, “ਦੱਸ, ਕੀ ਤੂੰ ਮਸੀਹ ਹੈਂ?” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਅਤੇ ਜੇਕਰ ਮੈਂ ਤੁਹਾਡੇ ਤੋਂ ਸਵਾਲ ਪੁੱਛਾਂਗਾ ਤਾਂ ਤੁਸੀਂ ਉੱਤਰ ਨਹੀਂ ਦੇਵੋਗੇ । ਪਰ ਹੁਣ ਤੋਂ ਮਨੁੱਖ ਦਾ ਪੁੱਤਰ ਪਰਮ ਪਰਮੇਸ਼ਰ ਦੇ ਸੱਜੇ ਹੱਥ ਬੈਠੇਗਾ ।” ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਪਰਮੇਸ਼ਰ ਦਾ ਪੁੱਤਰ ਹੈਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਠੀਕ ਕਹਿੰਦੇ ਹੋ ਕਿ ਮੈਂ ਹਾਂ ।” ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹੀ ਦੀ ਕੀ ਲੋੜ ਹੈ? ਅਸੀਂ ਆਪ ਉਸ ਦੇ ਮੂੰਹ ਤੋਂ ਸੁਣ ਲਿਆ ਹੈ!” ਇਸ ਦੇ ਬਾਅਦ ਸਾਰੀ ਸਭਾ ਉੱਠੀ ਅਤੇ ਯਿਸੂ ਨੂੰ ਰਾਜਪਾਲ ਪਿਲਾਤੁਸ ਦੇ ਕੋਲ ਲੈ ਗਈ । ਉੱਥੇ ਉਹ ਯਿਸੂ ਉੱਤੇ ਇਸ ਤਰ੍ਹਾਂ ਦੋਸ਼ ਲਾਉਣ ਲੱਗੇ: “ਅਸੀਂ ਇਸ ਨੂੰ ਸਾਰੇ ਲੋਕਾਂ ਨੂੰ ਕੁਰਾਹੇ ਪਾਉਂਦਿਆਂ ਦੇਖਿਆ ਹੈ । ਇਹ ਲੋਕਾਂ ਨੂੰ ਕਹਿੰਦਾ ਹੈ ਕਿ ਸਮਰਾਟ ਭਾਵ ਕੈਸਰ ਨੂੰ ਟੈਕਸ ਨਾ ਦਿਓ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਹੋਣ ਦਾ ਦਾਅਵਾ ਕਰਦਾ ਹੈ ।” ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਕਹਿੰਦੇ ਹੋ ।” ਫਿਰ ਪਿਲਾਤੁਸ ਨੇ ਮਹਾਂ-ਪੁਰੋਹਿਤ ਅਤੇ ਲੋਕਾਂ ਨੂੰ ਕਿਹਾ, “ਮੈਂ ਇਸ ਆਦਮੀ ਵਿੱਚ ਕੋਈ ਦੋਸ਼ ਨਹੀਂ ਦੇਖਦਾ ।” ਪਰ ਉਹ ਹੋਰ ਵੀ ਜ਼ੋਰ ਦੇ ਕੇ ਕਹਿਣ ਲੱਗੇ, “ਇਸ ਨੇ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਲੋਕਾਂ ਨੂੰ ਭੜਕਾਇਆ ਹੈ ਜੋ ਇਸ ਨੇ ਗਲੀਲ ਤੋਂ ਸ਼ੁਰੂ ਕੀਤਾ ਅਤੇ ਫਿਰ ਸਾਰੇ ਯਹੂਦਿਯਾ ਵਿੱਚ ਗਿਆ ਅਤੇ ਹੁਣ ਇੱਥੇ ਵੀ ਆ ਗਿਆ ਹੈ ।” ਜਦੋਂ ਪਿਲਾਤੁਸ ਨੇ ਇਹ ਸੁਣਿਆ ਤਾਂ ਉਸ ਨੇ ਉਹਨਾਂ ਤੋਂ ਪੁੱਛਿਆ, “ਕੀ ਇਹ ਆਦਮੀ ਗਲੀਲ ਦਾ ਰਹਿਣ ਵਾਲਾ ਹੈ?” ਜਦੋਂ ਪਿਲਾਤੁਸ ਨੂੰ ਇਹ ਪਤਾ ਲੱਗਾ ਕਿ ਯਿਸੂ ਹੇਰੋਦੇਸ ਦੇ ਇਲਾਕੇ ਦਾ ਰਹਿਣ ਵਾਲਾ ਹੈ ਤਾਂ ਉਸ ਨੇ ਯਿਸੂ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ ਜੋ ਉਹਨਾਂ ਦਿਨਾਂ ਵਿੱਚ ਯਰੂਸ਼ਲਮ ਵਿੱਚ ਹੀ ਸੀ । ਯਿਸੂ ਨੂੰ ਦੇਖ ਕੇ ਹੇਰੋਦੇਸ ਬਹੁਤ ਖ਼ੁਸ਼ ਹੋਇਆ ਕਿਉਂਕਿ ਉਹਨਾਂ ਬਾਰੇ ਉਸ ਨੇ ਬਹੁਤ ਕੁਝ ਸੁਣਿਆ ਸੀ । ਇਸ ਲਈ ਉਹ ਯਿਸੂ ਨੂੰ ਬਹੁਤ ਦਿਨਾਂ ਤੋਂ ਦੇਖਣਾ ਚਾਹੁੰਦਾ ਸੀ । ਉਸ ਨੂੰ ਉਮੀਦ ਸੀ ਕਿ ਯਿਸੂ ਉਸ ਦੇ ਸਾਹਮਣੇ ਕੋਈ ਚਮਤਕਾਰ ਦਿਖਾਵੇਗਾ । ਹੇਰੋਦੇਸ ਨੇ ਯਿਸੂ ਤੋਂ ਬਹੁਤ ਸਵਾਲ ਪੁੱਛੇ ਪਰ ਯਿਸੂ ਨੇ ਇੱਕ ਦਾ ਵੀ ਉੱਤਰ ਨਾ ਦਿੱਤਾ । ਉੱਥੇ ਖੜ੍ਹੇ ਮਹਾਂ-ਪੁਰੋਹਿਤਾਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਉਹਨਾਂ ਦੇ ਉੱਤੇ ਬੜੇ ਜ਼ੋਰ ਸ਼ੋਰ ਨਾਲ ਦੋਸ਼ ਲਾਏ । ਹੇਰੋਦੇਸ ਅਤੇ ਉਸ ਦੇ ਸਿਪਾਹੀਆਂ ਨੇ ਵੀ ਯਿਸੂ ਨੂੰ ਬਹੁਤ ਮਖ਼ੌਲ ਕੀਤੇ ਅਤੇ ਉਹਨਾਂ ਦਾ ਅਪਮਾਨ ਕੀਤਾ । ਇਸ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਰਾਜਿਆਂ ਵਾਲੇ ਕੱਪੜੇ ਪਵਾਏ ਅਤੇ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ । ਉਸੇ ਦਿਨ ਤੋਂ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ । ਇਸ ਤੋਂ ਪਹਿਲਾਂ ਉਹ ਇੱਕ ਦੂਜੇ ਦੇ ਵੈਰੀ ਸਨ । ਰਾਜਪਾਲ ਪਿਲਾਤੁਸ ਨੇ ਮਹਾਂ-ਪੁਰੋਹਿਤਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ, “ਤੁਸੀਂ ਇਸ ਆਦਮੀ ਨੂੰ ਇਸ ਦੋਸ਼ ਵਿੱਚ ਕਿ ਇਹ ਲੋਕਾਂ ਨੂੰ ਭੜਕਾਉਂਦਾ ਹੈ, ਮੇਰੇ ਕੋਲ ਲਿਆਏ ਹੋ । ਪਰ ਮੈਂ ਇਸ ਦੀ ਜਾਂਚ ਤੁਹਾਡੇ ਸਾਹਮਣੇ ਕੀਤੀ ਹੈ ਅਤੇ ਇਸ ਆਦਮੀ ਵਿੱਚ ਇਹੋ ਜਿਹਾ ਕੋਈ ਦੋਸ਼ ਨਹੀਂ ਲੱਭਿਆ ਅਤੇ ਨਾ ਹੀ ਹੇਰੋਦੇਸ ਨੇ । ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਹੈ । ਇਸ ਆਦਮੀ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕਸੂਰ ਨਹੀਂ ਕੀਤਾ । ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿੰਦਾ ਹਾਂ ।” [ ਪਸਾਹ ਦੇ ਤਿਉਹਾਰ ਉੱਤੇ ਪਿਲਾਤੁਸ ਨੂੰ ਲੋਕਾਂ ਲਈ ਇੱਕ ਕੈਦੀ ਨੂੰ ਛੱਡਣਾ ਪੈਂਦਾ ਸੀ ।] ਪਰ ਸਾਰੇ ਲੋਕ ਰੌਲਾ ਪਾਉਣ ਲੱਗੇ, “ਇਸ ਨੂੰ ਮੌਤ ਦੀ ਸਜ਼ਾ ਦਿਓ! ਸਾਡੇ ਲਈ ਬਰੱਬਾਸ ਨੂੰ ਛੱਡ ਦਿਓ!” ( ਬਰਅੱਬਾ ਸ਼ਹਿਰ ਵਿੱਚ ਹੋਏ ਇੱਕ ਦੰਗੇ ਅਤੇ ਕਤਲ ਦੇ ਕਾਰਨ ਕੈਦ ਵਿੱਚ ਸੀ ।) ਪਿਲਾਤੁਸ ਨੇ ਯਿਸੂ ਨੂੰ ਛੱਡ ਦੇਣ ਦੀ ਨੀਅਤ ਨਾਲ ਇੱਕ ਵਾਰ ਫਿਰ ਲੋਕਾਂ ਨੂੰ ਸਮਝਾਇਆ । ਪਰ ਉਹ ਫਿਰ ਜ਼ੋਰ ਜ਼ੋਰ ਦੀ ਕਹਿਣ ਲੱਗੇ, “ਉਸ ਨੂੰ ਸਲੀਬ ਉੱਤੇ ਚੜ੍ਹਾਓ, ਉਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਤੀਜੀ ਵਾਰ ਲੋਕਾਂ ਨੂੰ ਕਿਹਾ, “ਇਸ ਆਦਮੀ ਨੇ ਕੀ ਅਪਰਾਧ ਕੀਤਾ ਹੈ? ਇਸ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੋਈ ਦੋਸ਼ ਨਹੀਂ ਹੈ । ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ ।” ਪਰ ਉਹ ਉੱਚੀਆਂ ਆਵਾਜ਼ਾਂ ਨਾਲ ਰੌਲਾ ਪਾਉਂਦੇ ਰਹੇ ਕਿ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਜਾਵੇ । ਆਖ਼ਰ ਵਿੱਚ ਉਹਨਾਂ ਦਾ ਰੌਲਾ ਹੀ ਸੁਣਿਆ ਗਿਆ । ਪਿਲਾਤੁਸ ਨੇ ਫ਼ੈਸਲਾ ਸੁਣਾਇਆ ਕਿ ਉਹਨਾਂ ਦੀ ਮੰਗ ਪੂਰੀ ਕੀਤੀ ਜਾਵੇ । ਉਸ ਨੇ ਬਰਅੱਬਾ ਨੂੰ ਜੋ ਬਗ਼ਾਵਤ ਅਤੇ ਕਤਲ ਦੇ ਕਾਰਨ ਕੈਦ ਕੀਤਾ ਗਿਆ ਸੀ ਅਤੇ ਲੋਕ ਉਸੇ ਦੀ ਮੰਗ ਕਰ ਰਹੇ ਸਨ, ਛੱਡ ਦਿੱਤਾ ਅਤੇ ਯਿਸੂ ਨੂੰ ਲੋਕਾਂ ਦੀ ਮਰਜ਼ੀ ਅਨੁਸਾਰ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ । ਸਿਪਾਹੀ ਯਿਸੂ ਨੂੰ ਉੱਥੋਂ ਲੈ ਗਏ । ਰਾਹ ਵਿੱਚ ਉਹਨਾਂ ਨੇ ਇੱਕ ਪਿੰਡ ਤੋਂ ਆ ਰਹੇ ਸ਼ਮਊਨ ਨਾਂ ਦੇ ਆਦਮੀ ਨੂੰ ਜੋ ਕੁਰੈਨੀ ਸੀ, ਫੜਿਆ ਅਤੇ ਉਸ ਦੇ ਮੋਢੇ ਉੱਤੇ ਸਲੀਬ ਰੱਖ ਦਿੱਤੀ ਕਿ ਉਹ ਯਿਸੂ ਦੇ ਪਿੱਛੇ ਪਿੱਛੇ ਚੱਲੇ । ਲੋਕਾਂ ਦੀ ਵੱਡੀ ਭੀੜ ਉਹਨਾਂ ਦੇ ਪਿੱਛੇ ਆ ਰਹੀ ਸੀ ਜਿਸ ਵਿੱਚ ਔਰਤਾਂ ਵੀ ਸਨ ਜੋ ਉਹਨਾਂ ਲਈ ਰੋ ਰਹੀਆਂ ਅਤੇ ਵਿਰਲਾਪ ਕਰ ਰਹੀਆਂ ਸਨ । ਯਿਸੂ ਨੇ ਉਹਨਾਂ ਔਰਤਾਂ ਵੱਲ ਮੁੜ ਕੇ ਕਿਹਾ, “ਯਰੂਸ਼ਲਮ ਦੀਆਂ ਧੀਓ! ਮੇਰੇ ਲਈ ਨਾ ਰੋਵੋ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ । ਦੇਖੋ, ਉਹ ਦਿਨ ਆ ਰਹੇ ਹਨ ਕਿ ਲੋਕ ਕਹਿਣਗੇ, ‘ਧੰਨ ਹਨ ਬਾਂਝ ਔਰਤਾਂ, ਉਹ ਕੁੱਖਾਂ ਜਿਹਨਾਂ ਨੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਅਤੇ ਉਹ ਛਾਤੀਆਂ ਜਿਹਨਾਂ ਦੁੱਧ ਨਹੀਂ ਪਿਲਾਇਆ ।’ ਉਸ ਵੇਲੇ ਲੋਕ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿੱਗ ਪਵੋ’ ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਨੂੰ ਲੁਕਾ ਲਵੋ’ ਕਿਉਂਕਿ ਜੇਕਰ ਉਹ ਇਸ ਤਰ੍ਹਾਂ ਹਰੇ ਰੁੱਖ ਨਾਲ ਕਰ ਰਹੇ ਹਨ, ਤਾਂ ਕੀ ਸੁੱਕੇ ਨਾਲ ਨਹੀਂ ਕਰਨਗੇ?” ਉਹ ਹੋਰ ਦੋ ਆਦਮੀਆਂ ਨੂੰ ਜੋ ਅਪਰਾਧੀ ਸਨ, ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਉਣ ਦੇ ਲਈ ਲੈ ਗਏ । ਜਦੋਂ ਉਹ ਖੋਪੜੀ ਨਾਂ ਦੀ ਥਾਂ ਉੱਤੇ ਪਹੁੰਚ ਗਏ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਉਹਨਾਂ ਦੋ ਅਪਰਾਧੀਆਂ ਨੂੰ ਵੀ, ਇੱਕ ਯਿਸੂ ਦੇ ਸੱਜੇ ਅਤੇ ਦੂਜੇ ਨੂੰ ਖੱਬੇ ਪਾਸੇ । ਯਿਸੂ ਨੇ ਕਿਹਾ, “ਪਿਤਾ, ਇਹਨਾਂ ਨੂੰ ਮਾਫ਼ ਕਰੋ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ!” ਉਹਨਾਂ ਨੇ ਯਿਸੂ ਦੇ ਕੱਪੜਿਆਂ ਉੱਤੇ ਗੁਣਾ ਪਾ ਕੇ ਆਪਸ ਵਿੱਚ ਵੰਡ ਲਏ । ਉੱਥੇ ਖੜ੍ਹੇ ਲੋਕ ਇਹ ਸਭ ਦੇਖ ਰਹੇ ਸਨ । ਯਹੂਦੀਆਂ ਦੇ ਆਗੂ ਯਿਸੂ ਨੂੰ ਮਖ਼ੌਲ ਕਰ ਕੇ ਕਹਿ ਰਹੇ ਸਨ, “ਇਸ ਨੇ ਦੂਜਿਆਂ ਨੂੰ ਬਚਾਇਆ ਅਤੇ ਜੇਕਰ ਇਹ ਪਰਮੇਸ਼ਰ ਦਾ ਚੁਣਿਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!” ਸਿਪਾਹੀ ਵੀ ਯਿਸੂ ਨੂੰ ਮਖ਼ੌਲ ਕਰ ਰਹੇ ਸਨ । ਉਹ ਉਹਨਾਂ ਦੇ ਕੋਲ ਗਏ ਅਤੇ ਉਹਨਾਂ ਨੂੰ ਸਿਰਕੇ ਦੀ ਮੈ ਦੇ ਕੇ ਕਿਹਾ, “ਜੇਕਰ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾਅ!” ਯਿਸੂ ਦੀ ਸਲੀਬ ਉੱਤੇ ਇਹ ਸ਼ਬਦ ਲਿਖੇ ਹੋਏ ਸਨ, “ਇਹ ਯਹੂਦੀਆਂ ਦਾ ਰਾਜਾ ਹੈ ।” ਇੱਕ ਅਪਰਾਧੀ ਵੀ ਜੋ ਸਲੀਬ ਉੱਤੇ ਸੀ, ਯਿਸੂ ਦੀ ਨਿੰਦਾ ਕਰਦਾ ਹੋਇਆ ਕਹਿਣ ਲੱਗਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਬਚਾਅ ਅਤੇ ਸਾਨੂੰ ਵੀ!” ਪਰ ਦੂਜੇ ਅਪਰਾਧੀ ਨੇ ਪਹਿਲੇ ਨੂੰ ਝਿੜਕਦੇ ਹੋਏ ਕਿਹਾ, “ਕੀ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ? ਤੈਨੂੰ ਵੀ ਤਾਂ ਉਹ ਹੀ ਸਜ਼ਾ ਮਿਲ ਰਹੀ ਹੈ । ਅਸੀਂ ਤਾਂ ਆਪਣੇ ਕੀਤੇ ਦਾ ਫਲ ਭੋਗ ਰਹੇ ਹਾਂ ਪਰ ਇਸ ਆਦਮੀ ਨੇ ਇਸ ਸਜ਼ਾ ਦੇ ਯੋਗ ਕੋਈ ਬੁਰਾ ਕੰਮ ਨਹੀਂ ਕੀਤਾ ।” ਫਿਰ ਉਸ ਨੇ ਯਿਸੂ ਨੂੰ ਕਿਹਾ, “ਯਿਸੂ ਜੀ, ਜਦੋਂ ਤੁਸੀਂ ਆਪਣੇ ਰਾਜ ਵਿੱਚ ਆਓ, ਤਾਂ ਮੈਨੂੰ ਯਾਦ ਰੱਖਣਾ!” ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ!” ਇਹ ਲਗਭਗ ਦਿਨ ਦੇ ਬਾਰ੍ਹਾਂ ਵਜੇ ਦਾ ਸਮਾਂ ਸੀ ਜਦੋਂ ਸੂਰਜ ਹਨੇਰਾ ਹੋ ਗਿਆ ਅਤੇ ਸਾਰੀ ਧਰਤੀ ਉੱਤੇ ਤਿੰਨ ਵਜੇ ਤੱਕ ਹਨੇਰਾ ਰਿਹਾ । ਇਸ ਵੇਲੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ । ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣਾ ਆਤਮਾ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ!” ਇਹ ਕਹਿ ਕੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ । ਉੱਥੇ ਖੜ੍ਹੇ ਸੂਬੇਦਾਰ ਨੇ ਇਹ ਦੇਖਿਆ ਅਤੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਿਹਾ, “ਸੱਚਮੁੱਚ ਇਹ ਆਦਮੀ ਨੇਕ ਸੀ ।” ਉਹ ਲੋਕ ਜਿਹੜੇ ਉੱਥੇ ਇਹ ਸਭ ਕੁਝ ਦੇਖਣ ਲਈ ਇਕੱਠੇ ਹੋਏ ਸਨ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਕੀ ਹੋਇਆ ਹੈ ਤਾਂ ਆਪਣੀਆਂ ਛਾਤੀਆਂ ਪਿੱਟਦੇ ਅਤੇ ਰੋਂਦੇ ਹੋਏ ਘਰਾਂ ਨੂੰ ਮੁੜ ਗਏ । ਪਰ ਯਿਸੂ ਦੇ ਜਾਣ ਪਛਾਣ ਵਾਲੇ ਲੋਕ, ਜਿਹਨਾਂ ਵਿੱਚ ਔਰਤਾਂ ਵੀ ਜੋ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ, ਸਭ ਦੂਰ ਖੜ੍ਹੇ ਇਹ ਵਾਪਰਦਾ ਦੇਖ ਰਹੇ ਸਨ । ਯੂਸਫ਼ ਨਾਂ ਦਾ ਇੱਕ ਆਦਮੀ ਸੀ ਜੋ ਯਹੂਦੀਆਂ ਦੀ ਸਭਾ ਦਾ ਮੈਂਬਰ ਸੀ ਜੋ ਭਲਾ ਅਤੇ ਨੇਕ ਆਦਮੀ ਸੀ । ਉਹ ਯਹੂਦਿਯਾ ਦੇ ਅਰਮਿਤੀਆ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਪਰਮੇਸ਼ਰ ਦੇ ਰਾਜ ਦੇ ਆਉਣ ਦੀ ਉਡੀਕ ਵਿੱਚ ਸੀ । ਉਹ ਮਹਾਂਸਭਾ ਦੇ ਫ਼ੈਸਲੇ ਅਤੇ ਕੰਮ ਨਾਲ ਸਹਿਮਤ ਨਹੀਂ ਸੀ । ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ । ਉਸ ਨੇ ਯਿਸੂ ਦੀ ਲਾਸ਼ ਨੂੰ ਸਲੀਬ ਉੱਤੋਂ ਉਤਾਰਿਆ ਅਤੇ ਇੱਕ ਮਲਮਲ ਦੀ ਚਾਦਰ ਵਿੱਚ ਲਪੇਟਿਆ । ਫਿਰ ਉਸ ਨੇ ਲਾਸ਼ ਇੱਕ ਪੱਥਰ ਦੇ ਵਿੱਚ ਖੋਦੀ ਹੋਈ ਕਬਰ ਵਿੱਚ ਰੱਖ ਦਿੱਤੀ । ਉਸ ਕਬਰ ਵਿੱਚ ਪਹਿਲਾਂ ਕੋਈ ਨਹੀਂ ਰੱਖਿਆ ਗਿਆ ਸੀ । ਇਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਸ਼ੁਰੂ ਹੋਣ ਵਾਲਾ ਸੀ । ਜੋ ਔਰਤਾਂ ਗਲੀਲ ਤੋਂ ਯਿਸੂ ਦੇ ਪਿੱਛੇ ਆਈਆਂ ਸਨ, ਉਹ ਯੂਸਫ਼ ਦੇ ਨਾਲ ਗਈਆਂ ਅਤੇ ਕਬਰ ਨੂੰ ਦੇਖਿਆ ਅਤੇ ਇਹ ਵੀ ਕਿ ਯਿਸੂ ਦੀ ਲਾਸ਼ ਉਸ ਵਿੱਚ ਕਿਸ ਤਰ੍ਹਾਂ ਰੱਖੀ ਗਈ ਸੀ । ਉਹਨਾਂ ਨੇ ਘਰ ਵਾਪਸ ਆ ਕੇ ਸੁਗੰਧਾਂ ਵਾਲੇ ਤੇਲ ਅਤੇ ਲੇਪ ਤਿਆਰ ਕੀਤੇ । ਪਰ ਉਹਨਾਂ ਨੇ ਸਬਤ ਦੇ ਦਿਨ ਪਰਮੇਸ਼ਰ ਦੇ ਹੁਕਮ ਅਨੁਸਾਰ ਕੋਈ ਕੰਮ ਨਾ ਕੀਤਾ । ਐਤਵਾਰ ਦੇ ਦਿਨ ਸੂਰਜ ਨਿਕਲਣ ਤੋਂ ਪਹਿਲਾਂ ਹੀ ਇਹ ਔਰਤਾਂ ਯਿਸੂ ਦੀ ਕਬਰ ਉੱਤੇ ਗਈਆਂ । ਉਹ ਆਪਣੇ ਨਾਲ ਸੁਗੰਧਾਂ ਵੀ ਲਿਆਈਆਂ ਜੋ ਉਹਨਾਂ ਨੇ ਤਿਆਰ ਕੀਤੀਆਂ ਸਨ । ਉਹਨਾਂ ਨੇ ਕਬਰ ਦੇ ਮੂੰਹ ਉੱਤੋਂ ਪੱਥਰ ਨੂੰ ਹਟਿਆ ਹੋਇਆ ਦੇਖਿਆ । ਉਹ ਕਬਰ ਦੇ ਅੰਦਰ ਗਈਆਂ ਪਰ ਉੱਥੇ ਉਹਨਾਂ ਨੂੰ ਯਿਸੂ ਦੀ ਲਾਸ਼ ਨਾ ਮਿਲੀ । ਉਹ ਉੱਥੇ ਖੜ੍ਹੀਆਂ ਹੈਰਾਨੀ ਨਾਲ ਇਸ ਬਾਰੇ ਸੋਚ ਹੀ ਰਹੀਆਂ ਸਨ ਕਿ ਅਚਾਨਕ ਦੋ ਆਦਮੀ ਚਮਕੀਲੇ ਕੱਪੜੇ ਪਾਏ ਹੋਏ ਉਹਨਾਂ ਦੇ ਕੋਲ ਆ ਕੇ ਖੜ੍ਹੇ ਹੋ ਗਏ । ਆਦਮੀਆਂ ਨੂੰ ਦੇਖ ਕੇ ਔਰਤਾਂ ਨੇ ਡਰ ਨਾਲ ਆਪਣੇ ਸਿਰ ਧਰਤੀ ਵੱਲ ਝੁਕਾ ਲਏ । ਪਰ ਉਹਨਾਂ ਆਦਮੀਆਂ ਨੇ ਔਰਤਾਂ ਨੂੰ ਕਿਹਾ, “ਤੁਸੀਂ ਜਿਊਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ? ਯਿਸੂ ਇੱਥੇ ਨਹੀਂ ਹਨ, ਉਹ ਜੀਅ ਉੱਠੇ ਹਨ । ਯਾਦ ਕਰੋ ਕਿ ਜਦੋਂ ਉਹ ਗਲੀਲ ਵਿੱਚ ਸਨ ਉਹਨਾਂ ਨੇ ਕੀ ਕਿਹਾ ਸੀ । ਉਹਨਾਂ ਨੇ ਕਿਹਾ ਸੀ, ‘ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਜ਼ਰੂਰ ਫੜਵਾਇਆ ਜਾਵੇਗਾ । ਉਹ ਸਲੀਬ ਉੱਤੇ ਚੜ੍ਹਾਇਆ ਜਾਵੇਗਾ ਅਤੇ ਤੀਜੇ ਦਿਨ ਫਿਰ ਜੀਅ ਉੱਠੇਗਾ ।’” ਉਹਨਾਂ ਔਰਤਾਂ ਨੂੰ ਵੀ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ । ਜਦੋਂ ਉਹ ਕਬਰ ਤੋਂ ਵਾਪਸ ਆਈਆਂ ਤਾਂ ਉਹਨਾਂ ਨੇ ਗਿਆਰਾਂ ਚੇਲਿਆਂ ਨੂੰ ਅਤੇ ਬਾਕੀ ਸਭ ਨੂੰ ਵੀ ਇਹ ਸਾਰੀਆਂ ਗੱਲਾਂ ਦੱਸੀਆਂ । ਜਿਹਨਾਂ ਔਰਤਾਂ ਨੇ ਇਹ ਗੱਲਾਂ ਰਸੂਲਾਂ ਨੂੰ ਦੱਸੀਆਂ, ਉਹਨਾਂ ਔਰਤਾਂ ਵਿੱਚ ਮਰੀਅਮ ਮਗਦਲੀਨੀ, ਯੋਅਨਾ ਅਤੇ ਯਾਕੂਬ ਦੀ ਮਾਂ ਮਰੀਅਮ ਵੀ ਸਨ । ਪਰ ਰਸੂਲਾਂ ਨੂੰ ਔਰਤਾਂ ਦੀਆਂ ਗੱਲਾਂ ਵਿਅਰਥ ਲੱਗੀਆਂ । ਇਸ ਲਈ ਉਹਨਾਂ ਨੇ ਔਰਤਾਂ ਦਾ ਵਿਸ਼ਵਾਸ ਨਾ ਕੀਤਾ । ਪਰ ਪਤਰਸ ਉੱਠਿਆ ਅਤੇ ਕਬਰ ਵੱਲ ਦੌੜ ਕੇ ਗਿਆ । ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ ਪਰ ਉਸ ਨੂੰ ਕੇਵਲ ਕਫ਼ਨ ਦੇ ਕੱਪੜੇ ਹੀ ਦਿਖਾਈ ਦਿੱਤੇ । ਫਿਰ ਉਹ ਹੈਰਾਨੀ ਨਾਲ ਭਰਿਆ ਹੋਇਆ ਵਾਪਸ ਚਲਾ ਗਿਆ । ਉਸੇ ਦਿਨ ਦੋ ਚੇਲੇ ਇਮਾਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ । ਇਮਾਊਸ ਪਿੰਡ ਯਰੂਸ਼ਲਮ ਤੋਂ ਕੋਈ ਬਾਰ੍ਹਾਂ ਕਿਲੋਮੀਟਰ ਦੂਰ ਸੀ । ਉਹ ਦੋਵੇਂ ਆਪਸ ਵਿੱਚ ਜੋ ਕੁਝ ਵਾਪਰਿਆ ਸੀ ਉਸ ਬਾਰੇ ਗੱਲਬਾਤ ਕਰਦੇ ਜਾ ਰਹੇ ਸਨ । ਜਦੋਂ ਉਹ ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦੇ ਅਤੇ ਵਿਚਾਰ-ਵਟਾਂਦਰਾ ਕਰਦੇ ਜਾ ਰਹੇ ਸਨ, ਤਾਂ ਯਿਸੂ ਆਪ ਉਹਨਾਂ ਦੇ ਕੋਲ ਆ ਕੇ ਉਹਨਾਂ ਦੇ ਨਾਲ ਚੱਲਣ ਲੱਗੇ । ਉਹਨਾਂ ਨੇ ਯਿਸੂ ਨੂੰ ਦੇਖਿਆ ਪਰ ਉਹਨਾਂ ਦੀਆਂ ਅੱਖਾਂ ਯਿਸੂ ਨੂੰ ਪਛਾਣ ਨਾ ਸਕੀਆਂ । ਯਿਸੂ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਆਪਸ ਵਿੱਚ ਤੁਰੇ ਜਾਂਦੇ ਇਹ ਕੀ ਗੱਲਾਂ ਕਰ ਰਹੇ ਹੋ?” ਤਦ ਉਹ ਉਦਾਸ ਹੋ ਕੇ ਖੜ੍ਹੇ ਹੋ ਗਏ । ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਿਲੋਪਾਸ ਸੀ, ਉਸ ਨੇ ਪੁੱਛਿਆ, “ਕੀ ਯਰੂਸ਼ਲਮ ਵਿੱਚ ਤੂੰ ਹੀ ਇੱਕਲਾ ਇਹੋ ਜਿਹਾ ਅਜਨਬੀ ਹੈਂ ਜਿਸ ਨੂੰ ਇਹ ਨਹੀਂ ਪਤਾ ਕਿ ਇਹਨਾਂ ਦਿਨਾਂ ਵਿੱਚ ਇੱਥੇ ਕੀ ਹੋਇਆ ਹੈ?” ਯਿਸੂ ਨੇ ਪੁੱਛਿਆ, “ਕੀ ਹੋਇਆ ਹੈ?” ਉਹਨਾਂ ਨੇ ਉੱਤਰ ਦਿੱਤਾ, “ਜੋ ਕੁਝ ਯਿਸੂ ਨਾਸਰੀ ਦੇ ਨਾਲ ਹੋਇਆ ਜਿਹੜੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਆਪਣੇ ਵਚਨਾਂ ਅਤੇ ਕੰਮਾਂ ਦੇ ਕਾਰਨ ਸ਼ਕਤੀਮਾਨ ਨਬੀ ਮੰਨੇ ਜਾਂਦੇ ਸਨ । ਪਰ ਸਾਡੇ ਮਹਾਂ-ਪੁਰੋਹਿਤਾਂ ਅਤੇ ਆਗੂਆਂ ਨੇ ਉਹਨਾਂ ਨੂੰ ਫੜ੍ਹਵਾ ਕੇ ਮੌਤ ਦੀ ਸਜ਼ਾ ਦੇਣ ਲਈ ਸਲੀਬ ਉੱਤੇ ਚੜ੍ਹਵਾ ਦਿੱਤਾ । ਸਾਨੂੰ ਆਸ ਸੀ ਕਿ ਇਹ ਉਹ ਹੀ ਹਨ ਜੋ ਇਸਰਾਏਲ ਨੂੰ ਮੁਕਤ ਕਰਵਾਉਣਗੇ । ਇਸ ਤੋਂ ਇਲਾਵਾ ਅੱਜ ਇਹਨਾਂ ਸਭ ਗੱਲਾਂ ਨੂੰ ਹੋਇਆਂ ਤੀਜਾ ਦਿਨ ਹੈ । ਸਾਡੇ ਵਿੱਚੋਂ ਕੁਝ ਔਰਤਾਂ ਨੇ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ । ਉਹ ਅੱਜ ਤੜਕੇ ਹੀ ਕਬਰ ਉੱਤੇ ਗਈਆਂ ਸਨ ਅਤੇ ਉੱਥੇ ਉਹਨਾਂ ਨੂੰ ਯਿਸੂ ਦੀ ਲਾਸ਼ ਨਾ ਮਿਲੀ । ਉਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਉਹਨਾਂ ਨੂੰ ਸਵਰਗਦੂਤਾਂ ਨੇ ਦਰਸ਼ਨ ਦਿੱਤਾ ਅਤੇ ਕਿਹਾ ਕਿ ਯਿਸੂ ਜਿਊਂਦੇ ਹਨ । ਇਹ ਸੁਣ ਕੇ ਸਾਡੇ ਕੁਝ ਸਾਥੀ ਕਬਰ ਉੱਤੇ ਗਏ ਅਤੇ ਜਿਸ ਤਰ੍ਹਾਂ ਔਰਤਾਂ ਨੇ ਦੱਸਿਆ ਸੀ, ਉਸੇ ਤਰ੍ਹਾਂ ਸਭ ਕੁਝ ਦੇਖਿਆ ਪਰ ਯਿਸੂ ਨੂੰ ਨਹੀਂ ਦੇਖਿਆ ।” ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਬੇਸਮਝ ਹੋ । ਤੁਸੀਂ ਨਬੀਆਂ ਦੀਆਂ ਸਭ ਗੱਲਾਂ ਉੱਤੇ ਵਿਸ਼ਵਾਸ ਕਰਨ ਵਿੱਚ ਬਹੁਤ ਢਿੱਲੇ ਹੋ । ਕੀ ਮਸੀਹ ਲਈ ਇਹ ਜ਼ਰੂਰੀ ਨਹੀਂ ਸੀ ਕਿ ਉਹ ਦੁੱਖ ਝੱਲੇ ਅਤੇ ਇਸ ਤਰ੍ਹਾਂ ਆਪਣੀ ਮਹਿਮਾ ਪ੍ਰਾਪਤ ਕਰੇ?” ਯਿਸੂ ਨੇ ਮੂਸਾ ਅਤੇ ਨਬੀਆਂ ਦੀਆਂ ਪੁਸਤਕਾਂ ਤੋਂ ਸ਼ੁਰੂ ਕਰ ਕੇ ਪਵਿੱਤਰ-ਗ੍ਰੰਥ ਦੀਆਂ ਸਭ ਪੁਸਤਕਾਂ ਵਿੱਚੋਂ ਜੋ ਕੁਝ ਉਹਨਾਂ ਦੇ ਬਾਰੇ ਲਿਖਿਆ ਸੀ, ਉਹਨਾਂ ਨੂੰ ਸਮਝਾਇਆ । ਜਦੋਂ ਉਹ ਉਸ ਪਿੰਡ ਦੇ ਕੋਲ ਪਹੁੰਚੇ ਜਿੱਥੇ ਉਹ ਜਾ ਰਹੇ ਸਨ ਤਾਂ ਯਿਸੂ ਨੇ ਇਸ ਤਰ੍ਹਾਂ ਸੰਕੇਤ ਦਿੱਤਾ ਜਿਵੇਂ ਕਿ ਉਹ ਅੱਗੇ ਜਾ ਰਹੇ ਹੋਣ । ਪਰ ਉਹਨਾਂ ਚੇਲਿਆਂ ਨੇ ਯਿਸੂ ਨੂੰ ਜ਼ੋਰ ਦੇ ਕੇ ਕਿਹਾ, “ਤੁਸੀਂ ਅੱਜ ਸਾਡੇ ਨਾਲ ਹੀ ਠਹਿਰ ਜਾਓ; ਸ਼ਾਮ ਹੋ ਗਈ ਹੈ ਅਤੇ ਹਨੇਰਾ ਹੋਣ ਵਾਲਾ ਹੈ ।” ਇਸ ਲਈ ਯਿਸੂ ਉਹਨਾਂ ਨਾਲ ਠਹਿਰਨ ਲਈ ਅੰਦਰ ਗਏ । ਜਦੋਂ ਉਹ ਉਹਨਾਂ ਦੇ ਨਾਲ ਭੋਜਨ ਕਰਨ ਬੈਠੇ ਤਾਂ ਯਿਸੂ ਨੇ ਰੋਟੀ ਲਈ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਉਹਨਾਂ ਨੂੰ ਦਿੱਤੀ । ਉਸੇ ਸਮੇਂ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹਨਾਂ ਨੇ ਯਿਸੂ ਨੂੰ ਪਛਾਣ ਲਿਆ । ਪਰ ਯਿਸੂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੋਂ ਅਲੋਪ ਹੋ ਗਏ । ਤਦ ਉਹ ਆਪਸ ਵਿੱਚ ਕਹਿਣ ਲੱਗੇ, “ਕੀ ਜਦੋਂ ਉਹ ਰਾਹ ਵਿੱਚ ਸਾਨੂੰ ਪਵਿੱਤਰ-ਗ੍ਰੰਥ ਦੀਆਂ ਗੱਲਾਂ ਸਮਝਾ ਰਹੇ ਸਨ ਤਾਂ ਸਾਡੇ ਦਿਲ ਉਸ ਵੇਲੇ ਉਬਾਲੇ ਨਹੀਂ ਖਾ ਰਹੇ ਸਨ?” ਉਹ ਉਸੇ ਸਮੇਂ ਉੱਠੇ ਅਤੇ ਯਰੂਸ਼ਲਮ ਨੂੰ ਵਾਪਸ ਚਲੇ ਗਏ । ਉੱਥੇ ਪਹੁੰਚ ਕੇ ਉਹਨਾਂ ਨੇ ਗਿਆਰਾਂ ਚੇਲਿਆਂ ਅਤੇ ਦੂਜੇ ਸਾਥੀਆਂ ਨੂੰ ਇਕੱਠੇ ਦੇਖਿਆ । ਉਹ ਕਹਿ ਰਹੇ ਸਨ, “ਪ੍ਰਭੂ ਸੱਚਮੁੱਚ ਜੀਅ ਉੱਠੇ ਹਨ ਅਤੇ ਉਹ ਸ਼ਮਊਨ ਨੂੰ ਦਿਖਾਈ ਦਿੱਤੇ ਹਨ!” ਉਹਨਾਂ ਦੋਨਾਂ ਨੇ ਵੀ ਰਾਹ ਵਿੱਚ ਹੋਈ ਸਾਰੀ ਘਟਨਾ ਦੱਸੀ ਅਤੇ ਇਹ ਵੀ ਕਿ ਕਿਸ ਤਰ੍ਹਾਂ ਰੋਟੀ ਤੋੜਣ ਵੇਲੇ ਉਹਨਾਂ ਨੇ ਯਿਸੂ ਨੂੰ ਪਛਾਣਿਆ । ਜਦੋਂ ਉਹ ਇਹ ਗੱਲਾਂ ਦੱਸ ਹੀ ਰਹੇ ਸਨ ਕਿ ਯਿਸੂ ਆਪ ਉਹਨਾਂ ਦੇ ਵਿਚਕਾਰ ਆ ਖੜ੍ਹੇ ਹੋਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” ਪਰ ਉਹ ਡਰ ਨਾਲ ਸਹਿਮ ਗਏ ਅਤੇ ਉਹ ਸੋਚਣ ਲੱਗੇ ਕਿ ਉਹ ਭੂਤ ਦੇਖ ਰਹੇ ਹਨ । ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਘਬਰਾ ਗਏ ਹੋ? ਤੁਹਾਡੇ ਦਿਲਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ? ਮੇਰੇ ਹੱਥ ਪੈਰ ਦੇਖੋ, ਮੈਂ ਹੀ ਹਾਂ । ਮੈਨੂੰ ਹੱਥ ਲਾ ਕੇ ਦੇਖੋ ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਮੇਰੇ ਵਿੱਚ ਦੇਖ ਰਹੇ ਹੋ ।” ਇਹ ਕਹਿ ਕੇ ਯਿਸੂ ਨੇ ਉਹਨਾਂ ਨੂੰ ਆਪਣੇ ਹੱਥ ਪੈਰ ਦਿਖਾਏ । ਉਹਨਾਂ ਨੂੰ ਇਸ ਸਭ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿਉਂਕਿ ਉਹ ਸਭ ਖ਼ੁਸ਼ੀ ਅਤੇ ਹੈਰਾਨੀ ਨਾਲ ਭਰੇ ਹੋਏ ਸਨ ਇਸ ਲਈ ਯਿਸੂ ਨੇ ਉਹਨਾਂ ਤੋਂ ਪੁੱਛਿਆ, “ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” ਉਹਨਾਂ ਨੇ ਯਿਸੂ ਨੂੰ ਇੱਕ ਭੁੰਨੀ ਹੋਈ ਮੱਛੀ ਦਾ ਟੁਕੜਾ ਦਿੱਤਾ । ਯਿਸੂ ਨੇ ਉਹ ਲਿਆ ਅਤੇ ਉਹਨਾਂ ਦੇ ਸਾਹਮਣੇ ਖਾਧਾ । ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਇਹ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਰਹਿੰਦੇ ਹੋਏ ਕਹੀਆਂ ਸਨ ਕਿ ਜੋ ਕੁਝ ਮੂਸਾ ਦੀ ਵਿਵਸਥਾ, ਨਬੀਆਂ ਦੀਆਂ ਪੁਸਤਕਾਂ ਅਤੇ ਭਜਨਾਂ ਵਿੱਚ ਮੇਰੇ ਬਾਰੇ ਲਿਖਿਆ ਹੋਇਆ ਹੈ, ਉਹ ਸਭ ਪੂਰਾ ਹੋਣਾ ਜ਼ਰੂਰੀ ਸੀ ।” ਫਿਰ ਯਿਸੂ ਨੇ ਚੇਲਿਆਂ ਦੀ ਬੁੱਧੀ ਖੋਲ੍ਹ ਦਿੱਤੀ ਕਿ ਉਹ ਪਵਿੱਤਰ-ਗ੍ਰੰਥ ਨੂੰ ਸਮਝ ਸਕਣ ਅਤੇ ਉਹਨਾਂ ਨੂੰ ਕਿਹਾ, “ ਮਸੀਹ ਦੇ ਬਾਰੇ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਉਹ ਦੁੱਖ ਸਹੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ । ਅਤੇ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਵਿੱਚ ਤੋਬਾ ਅਤੇ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਵੇਗਾ । ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਗਵਾਹ ਹੋ । ਮੈਂ ਆਪ ਉਸ ਨੂੰ ਤੁਹਾਡੇ ਉੱਤੇ ਭੇਜਾਂਗਾ ਜਿਸ ਦਾ ਮੇਰੇ ਪਿਤਾ ਨੇ ਤੁਹਾਨੂੰ ਵਚਨ ਦਿੱਤਾ ਹੈ । ਪਰ ਤੁਸੀਂ ਉਸ ਸਮੇਂ ਤੱਕ ਯਰੂਸ਼ਲਮ ਵਿੱਚ ਹੀ ਰਹਿਣਾ ਜਦੋਂ ਤੱਕ ਤੁਹਾਨੂੰ ਉਪਰੋਂ ਸਮਰੱਥਾ ਨਾ ਮਿਲੇ ।” ਫਿਰ ਯਿਸੂ ਚੇਲਿਆਂ ਨੂੰ ਬੈਤਨੀਆ ਤੱਕ ਲੈ ਗਏ ਅਤੇ ਉੱਥੇ ਆਪਣੇ ਹੱਥ ਉੱਪਰ ਚੁੱਕ ਕੇ ਉਹਨਾਂ ਨੂੰ ਅਸੀਸ ਦਿੱਤੀ । ਅਸੀਸ ਦਿੰਦੇ ਹੋਏ ਯਿਸੂ ਉਹਨਾਂ ਤੋਂ ਵੱਖ ਹੋ ਗਏ ਅਤੇ ਸਵਰਗ ਵਿੱਚ ਉਠਾ ਲਏ ਗਏ । ਚੇਲਿਆਂ ਨੇ ਉਹਨਾਂ ਨੂੰ ਸੀਸ ਨਿਵਾਏ ਅਤੇ ਉਹ ਖ਼ੁਸ਼ੀ ਖ਼ੁਸ਼ੀ ਯਰੂਸ਼ਲਮ ਨੂੰ ਵਾਪਸ ਮੁੜ ਗਏ । ਉਹ ਹੈਕਲ ਵਿੱਚ ਰਹਿ ਕੇ ਲਗਾਤਾਰ ਪਰਮੇਸ਼ਰ ਦੀ ਮਹਿਮਾ ਕਰਦੇ ਰਹੇ । ਸ੍ਰਿਸ਼ਟੀ ਦੇ ਰਚੇ ਜਾਣ ਤੋਂ ਪਹਿਲਾਂ ਸ਼ਬਦ ਸੀ । ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਹੀ ਪਰਮੇਸ਼ਰ ਸੀ । ਉਹ ਸ਼ੁਰੂ ਤੋਂ ਹੀ ਪਰਮੇਸ਼ਰ ਦੇ ਨਾਲ ਸੀ । ਸਭ ਚੀਜ਼ਾਂ ਦੀ ਰਚਨਾ ਪਰਮੇਸ਼ਰ ਨੇ ਉਸ ਦੇ ਰਾਹੀਂ ਕੀਤੀ । ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਉਸ ਦੇ ਬਿਨਾਂ ਨਾ ਰਚੀ ਗਈ । ਉਸ ਵਿੱਚ ਜੀਵਨ ਸੀ ਅਤੇ ਇਹ ਜੀਵਨ ਮਨੁੱਖਤਾ ਦਾ ਚਾਨਣ ਸੀ । ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਇਸ ਉੱਤੇ ਕਦੀ ਵੀ ਕਾਬੂ ਨਾ ਪਾਇਆ । ਪਰਮੇਸ਼ਰ ਨੇ ਆਪਣੇ ਇੱਕ ਆਦਮੀ ਨੂੰ ਭੇਜਿਆ ਜਿਸ ਦਾ ਨਾਂ ਯੂਹੰਨਾ ਸੀ । ਉਹ ਚਾਨਣ ਦੇ ਬਾਰੇ ਗਵਾਹੀ ਦੇਣ ਆਇਆ ਤਾਂ ਜੋ ਸਾਰੇ ਲੋਕ ਉਸ ਦੀ ਗਵਾਹੀ ਸੁਣ ਕੇ ਵਿਸ਼ਵਾਸ ਕਰਨ । ਉਹ ਆਪ ਤਾਂ ਚਾਨਣ ਨਹੀਂ ਸੀ ਪਰ ਚਾਨਣ ਦੇ ਬਾਰੇ ਗਵਾਹੀ ਦੇਣ ਦੇ ਲਈ ਆਇਆ ਸੀ । ਸੱਚਾ ਚਾਨਣ ਜੋ ਹਰ ਮਨੁੱਖ ਨੂੰ ਪ੍ਰਕਾਸ਼ਿਤ ਕਰਦਾ ਹੈ, ਸੰਸਾਰ ਵਿੱਚ ਆ ਰਿਹਾ ਸੀ । ਉਹ ਸੰਸਾਰ ਵਿੱਚ ਸਨ ਅਤੇ ਪਰਮੇਸ਼ਰ ਨੇ ਸਾਰਾ ਸੰਸਾਰ ਉਹਨਾਂ ਦੇ ਦੁਆਰਾ ਰਚਿਆ ਪਰ ਫਿਰ ਵੀ ਸੰਸਾਰ ਨੇ ਉਹਨਾਂ ਨੂੰ ਨਾ ਜਾਣਿਆ । ਉਹ ਆਪਣੇ ਲੋਕਾਂ ਕੋਲ ਆਏ ਪਰ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਸਵੀਕਾਰ ਨਾ ਕੀਤਾ ਅਤੇ ਉਹਨਾਂ ਵਿੱਚ ਵਿਸ਼ਵਾਸ ਨਾ ਕੀਤਾ । ਪਰ ਜਿੰਨਿਆਂ ਨੇ ਉਹਨਾਂ ਨੂੰ ਸਵੀਕਾਰ ਕੀਤਾ ਅਤੇ ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਪਰਮੇਸ਼ਰ ਦੀ ਸੰਤਾਨ ਹੋਣ ਦਾ ਅਧਿਕਾਰ ਦਿੱਤਾ । ਉਹਨਾਂ ਦਾ ਜਨਮ ਨਾ ਲਹੂ ਤੋਂ, ਨਾ ਸਰੀਰਕ ਇੱਛਾ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ ਹੋਇਆ ਸਗੋਂ ਉਹ ਪਰਮੇਸ਼ਰ ਦੀ ਆਪਣੀ ਇੱਛਾ ਨਾਲ ਉਹਨਾਂ ਦੀ ਸੰਤਾਨ ਬਣੇ । ਸ਼ਬਦ ਨੇ ਦੇਹ ਧਾਰ ਕੇ ਸਾਡੇ ਵਿਚਕਾਰ ਵਾਸ ਕੀਤਾ । ਅਸੀਂ ਉਹਨਾਂ ਦਾ ਪ੍ਰਤਾਪ ਦੇਖਿਆ ਜਿਹੜਾ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਸੀ । ਇਹ ਪ੍ਰਤਾਪ ਉਹਨਾਂ ਨੂੰ ਪਿਤਾ ਦੇ ਇੱਕਲੌਤੇ ਪੁੱਤਰ ਹੋਣ ਦੇ ਕਾਰਨ ਮਿਲਿਆ ਸੀ । ਉਹਨਾਂ ਦੇ ਬਾਰੇ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ । ਯੂਹੰਨਾ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲੇ ਮੇਰੇ ਤੋਂ ਮਹਾਨ ਹਨ, ਕਿਉਂਕਿ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਮੌਜੂਦ ਸਨ ।’” ਅਸੀਂ ਸਾਰਿਆਂ ਨੇ ਉਹਨਾਂ ਦੀ ਭਰਪੂਰੀ ਵਿੱਚੋਂ ਬੇਅੰਤ ਕਿਰਪਾ ਪ੍ਰਾਪਤ ਕੀਤੀ । ਪਰਮੇਸ਼ਰ ਨੇ ਵਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਪਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਦੇ ਦੁਆਰਾ ਆਈ । ਪਰਮੇਸ਼ਰ ਨੂੰ ਕਦੀ ਕਿਸੇ ਨੇ ਨਹੀਂ ਦੇਖਿਆ, ਕੇਵਲ ਪਰਮੇਸ਼ਰ ਦੇ ਇੱਕਲੌਤੇ ਨੇ ਜੋ ਆਪ ਪਰਮੇਸ਼ਰ ਹੈ ਅਤੇ ਪਿਤਾ ਦੇ ਨਾਲ ਹੈ, ਉਹਨਾਂ ਨੇ ਹੀ ਪਿਤਾ ਨੂੰ ਸਾਡੇ ਉੱਤੇ ਪ੍ਰਗਟ ਕੀਤਾ । ਯੂਹੰਨਾ ਦੀ ਗਵਾਹੀ ਇਹ ਹੈ, ਜਦੋਂ ਯਰੂਸ਼ਲਮ ਤੋਂ ਯਹੂਦੀਆਂ ਨੇ ਪੁਰੋਹਿਤਾਂ ਅਤੇ ਹੈਕਲ ਦੇ ਸੇਵਾਦਾਰਾਂ ਨੂੰ ਭੇਜਿਆ ਕਿ ਉਹ ਯੂਹੰਨਾ ਕੋਲੋਂ ਪੁੱਛਣ, “ਤੂੰ ਕੌਣ ਹੈਂ?” ਤਦ ਯੂਹੰਨਾ ਨੇ ਜਵਾਬ ਦੇਣ ਤੋਂ ਇਨਕਾਰ ਨਹੀਂ ਕੀਤਾ ਅਤੇ ਸਾਫ਼-ਸਾਫ਼ ਉੱਤਰ ਦਿੱਤਾ, “ਮੈਂ ਮਸੀਹ ਨਹੀਂ ਹਾਂ ।” ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਕੀ ਤੂੰ ਏਲੀਯਾਹ ਨਬੀ ਹੈਂ?” ਯੂਹੰਨਾ ਨੇ ਕਿਹਾ, “ਨਹੀਂ ।” “ਕੀ ਤੂੰ ਆਉਣ ਵਾਲਾ ਨਬੀ ਹੈਂ?” ਉਸ ਨੇ ਉੱਤਰ ਦਿੱਤਾ, “ਨਹੀਂ ।” ਤਦ ਉਹਨਾਂ ਨੇ ਪੁੱਛਿਆ, “ਫਿਰ ਤੂੰ ਕੌਣ ਹੈਂ? ਸਾਨੂੰ ਦੱਸ ਤਾਂ ਜੋ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇ ਸਕੀਏ । ਤੂੰ ਆਪਣੇ ਬਾਰੇ ਕੀ ਕਹਿੰਦਾ ਹੈਂ?” ਯੂਹੰਨਾ ਨੇ ਉੱਤਰ ਦਿੱਤਾ, “ਜਿਸ ਤਰ੍ਹਾਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੈ: ਮੈਂ ਉਜਾੜ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਹਾਂ ਕਿ ਪ੍ਰਭੂ ਦਾ ਰਾਹ ਸਿੱਧਾ ਕਰੋ ।” ਕੁਝ ਫ਼ਰੀਸੀ ਵੀ ਯੂਹੰਨਾ ਕੋਲ ਭੇਜੇ ਗਏ ਸਨ । ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਜੇਕਰ ਤੂੰ ਮਸੀਹ ਨਹੀਂ ਹੈਂ, ਏਲੀਯਾਹ ਨਬੀ ਨਹੀਂ ਹੈਂ ਅਤੇ ਨਾ ਹੀ ਆਉਣ ਵਾਲਾ ਨਬੀ ਹੈਂ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?” ਯੂਹੰਨਾ ਨੇ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਾਣੀ ਦੇ ਨਾਲ ਬਪਤਿਸਮਾ ਦਿੰਦਾ ਹਾਂ ਪਰ ਤੁਹਾਡੇ ਵਿਚਕਾਰ ਇੱਕ ਉਹ ਖੜ੍ਹੇ ਹਨ ਜਿਹਨਾਂ ਨੂੰ ਤੁਸੀਂ ਨਹੀਂ ਪਛਾਣਦੇ । ਉਹ ਜੋ ਮੇਰੇ ਬਾਅਦ ਆ ਰਹੇ ਹਨ ਮੈਂ ਉਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।” ਇਹ ਸਭ ਕੁਝ ਯਰਦਨ ਦਰਿਆ ਦੇ ਦੂਜੇ ਪਾਸੇ ਬੈਤਨੀਆ ਸ਼ਹਿਰ ਦੇ ਕੋਲ ਹੋਇਆ ਜਿੱਥੇ ਯੂਹੰਨਾ ਬਪਤਿਸਮਾ ਦੇ ਰਿਹਾ ਸੀ । ਅਗਲੇ ਦਿਨ ਯੂਹੰਨਾ ਨੇ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖ ਕੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ ਜੋ ਸੰਸਾਰ ਦੇ ਪਾਪਾਂ ਨੂੰ ਚੁੱਕ ਕੇ ਲੈ ਜਾਂਦਾ ਹੈ! ਇਹ ਉਹ ਹੀ ਹਨ ਜਿਹਨਾਂ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਬਾਅਦ ਆਉਣ ਵਾਲਾ ਇੱਕ ਆਦਮੀ ਮੇਰੇ ਤੋਂ ਮਹਾਨ ਹੈ; ਕਿਉਂਕਿ ਉਹ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੌਜੂਦ ਸੀ ।’ ਮੈਂ ਆਪ ਵੀ ਉਹਨਾਂ ਨੂੰ ਨਹੀਂ ਪਛਾਣਦਾ ਸੀ ਅਤੇ ਇਸੇ ਲਈ ਮੈਂ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪ੍ਰਗਟ ਹੋ ਜਾਣ ।” ਤਦ ਯੂਹੰਨਾ ਨੇ ਇਸ ਤਰ੍ਹਾਂ ਗਵਾਹੀ ਦਿੱਤੀ, “ਮੈਂ ਪਵਿੱਤਰ ਆਤਮਾ ਨੂੰ ਸਵਰਗ ਤੋਂ ਘੁੱਗੀ ਦੇ ਵਾਂਗ ਉਤਰਦੇ ਅਤੇ ਉਹਨਾਂ ਦੇ ਉੱਤੇ ਠਹਿਰਦੇ ਦੇਖਿਆ । ਮੈਂ ਉਹਨਾਂ ਨੂੰ ਨਹੀਂ ਪਛਾਣਦਾ ਸੀ ਪਰ ਪਰਮੇਸ਼ਰ ਜਿਹਨਾਂ ਨੇ ਮੈਨੂੰ ਪਾਣੀ ਦੇ ਨਾਲ ਬਪਤਿਸਮਾ ਦੇਣ ਲਈ ਭੇਜਿਆ ਸੀ ਕਿਹਾ, ‘ਤੂੰ ਪਵਿੱਤਰ ਆਤਮਾ ਨੂੰ ਉਤਰਦੇ ਅਤੇ ਇੱਕ ਆਦਮੀ ਉੱਤੇ ਠਹਿਰਦੇ ਦੇਖੇਂਗਾ । ਇਹ ਉਹ ਹੀ ਹਨ ਜੋ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦੇਣਗੇ ।’ ਇਹ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਅਤੇ ਇਹ ਮੇਰੀ ਗਵਾਹੀ ਹੈ ਕਿ ਉਹ ਹੀ ਪਰਮੇਸ਼ਰ ਦੇ ਪੁੱਤਰ ਹਨ ।” ਦੂਜੇ ਦਿਨ ਫਿਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ । ਯੂਹੰਨਾ ਨੇ ਯਿਸੂ ਨੂੰ ਜਾਂਦੇ ਹੋਏ ਦੇਖਿਆ ਅਤੇ ਕਿਹਾ, “ਦੇਖੋ, ਪਰਮੇਸ਼ਰ ਦਾ ਮੇਮਣਾ!” ਦੋਨਾਂ ਚੇਲਿਆਂ ਨੇ ਯੂਹੰਨਾ ਨੂੰ ਇਹ ਕਹਿੰਦੇ ਸੁਣਿਆ ਅਤੇ ਉਹ ਯਿਸੂ ਦੇ ਪਿੱਛੇ ਚੱਲ ਪਏ । ਯਿਸੂ ਨੇ ਮੁੜ ਕੇ ਉਹਨਾਂ ਨੂੰ ਆਪਣੇ ਪਿੱਛੇ ਆਉਂਦੇ ਦੇਖਿਆ ਅਤੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਹੇ ਰੱਬੀ ” (ਭਾਵ ਗੁਰੂ ਜੀ), “ਤੁਸੀਂ ਕਿੱਥੇ ਰਹਿੰਦੇ ਹੋ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਆਓ, ਅਤੇ ਦੇਖੋ ।” ਇਸ ਲਈ ਉਹ ਗਏ ਅਤੇ ਯਿਸੂ ਦੇ ਰਹਿਣ ਦੀ ਥਾਂ ਦੇਖੀ ਅਤੇ ਬਾਕੀ ਦਾ ਦਿਨ ਉਹਨਾਂ ਦੇ ਨਾਲ ਹੀ ਰਹੇ । (ਇਹ ਕੋਈ ਦੁਪਹਿਰ ਦੇ ਚਾਰ ਵਜੇ ਦਾ ਸਮਾਂ ਸੀ ।) ਉਹਨਾਂ ਦੋਨਾਂ ਵਿੱਚੋਂ, ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਚੱਲ ਪਏ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ । ਅੰਦ੍ਰਿਯਾਸ ਸਾਰਿਆਂ ਤੋਂ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਸਾਨੂੰ ਮਸੀਹ (ਭਾਵ ਪਰਮੇਸ਼ਰ ਦਾ ਮਸਹ ਕੀਤਾ ਹੋਇਆ) ਲੱਭ ਗਏ ਹਨ ।” ਉਹ ਸ਼ਮਊਨ ਨੂੰ ਯਿਸੂ ਦੇ ਕੋਲ ਲੈ ਗਿਆ । ਯਿਸੂ ਨੇ ਸ਼ਮਊਨ ਨੂੰ ਬੜੇ ਧਿਆਨ ਨਾਲ ਦੇਖਿਆ ਅਤੇ ਕਿਹਾ, “ਤੂੰ ਯੂਹੰਨਾ ਦਾ ਪੁੱਤਰ ਹੈਂ, ਤੂੰ ਕੈਫ਼ਾਸ ਭਾਵ ਪਤਰਸ ਅਖਵਾਏਂਗਾ ।” ਅਗਲੇ ਦਿਨ ਯਿਸੂ ਨੇ ਗਲੀਲ ਦੇ ਇਲਾਕੇ ਨੂੰ ਜਾਣ ਦਾ ਇਰਾਦਾ ਕੀਤਾ । ਉੱਥੇ ਉਹਨਾਂ ਨੂੰ ਫ਼ਿਲਿੱਪੁਸ ਮਿਲਿਆ । ਯਿਸੂ ਨੇ ਫ਼ਿਲਿੱਪੁਸ ਨੂੰ ਕਿਹਾ, “ਮੇਰੇ ਪਿੱਛੇ ਆ ।” ਫ਼ਿਲਿੱਪੁਸ, ਅੰਦ੍ਰਿਯਾਸ ਅਤੇ ਪਤਰਸ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । ਫਿਰ ਫ਼ਿਲਿੱਪੁਸ, ਨਥਾਨਿਏਲ ਨੂੰ ਮਿਲਿਆ ਅਤੇ ਉਸ ਨੂੰ ਕਿਹਾ, “ਜਿਹਨਾਂ ਦੇ ਬਾਰੇ ਮੂਸਾ ਨੇ ਵਿਵਸਥਾ ਵਿੱਚ ਲਿਖਿਆ ਹੈ ਅਤੇ ਨਬੀਆਂ ਨੇ ਵੀ ਲਿਖਿਆ ਹੈ, ਉਹ ਸਾਨੂੰ ਮਿਲ ਗਏ ਹਨ । ਉਹ ਯੂਸਫ਼ ਦੇ ਪੁੱਤਰ ਯਿਸੂ ਹਨ ਜੋ ਨਾਸਰਤ ਸ਼ਹਿਰ ਦੇ ਰਹਿਣ ਵਾਲੇ ਹਨ ।” ਨਥਾਨਿਏਲ ਨੇ ਕਿਹਾ, “ਕੀ ਨਾਸਰਤ ਵਿੱਚੋਂ ਕੋਈ ਚੰਗੀ ਚੀਜ਼ ਨਿਕਲ ਸਕਦੀ ਹੈ?” ਫ਼ਿਲਿੱਪੁਸ ਨੇ ਕਿਹਾ, “ਆ ਅਤੇ ਦੇਖ ।” ਜਦੋਂ ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦੇ ਦੇਖਿਆ ਤਾਂ ਉਹਨਾਂ ਨੇ ਉਸ ਦੇ ਬਾਰੇ ਕਿਹਾ, “ਦੇਖੋ, ਸੱਚਾ ਇਸਰਾਏਲੀ ਜਿਸ ਵਿੱਚ ਕਿਸੇ ਤਰ੍ਹਾਂ ਦਾ ਕਪਟ ਨਹੀਂ ਹੈ!” ਨਥਾਨਿਏਲ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕਿਸ ਤਰ੍ਹਾਂ ਜਾਣਦੇ ਹੋ?” ਯਿਸੂ ਨੇ ਉੱਤਰ ਦਿੱਤਾ, “ਫ਼ਿਲਿੱਪੁਸ ਦੇ ਤੈਨੂੰ ਸੱਦਣ ਤੋਂ ਪਹਿਲਾਂ ਹੀ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ ।” ਨਥਾਨਿਏਲ ਨੇ ਕਿਹਾ, “ਗੁਰੂ ਜੀ, ਤੁਸੀਂ ਪਰਮੇਸ਼ਰ ਦੇ ਪੁੱਤਰ ਹੋ! ਤੁਸੀਂ ਇਸਰਾਏਲ ਦੇ ਰਾਜਾ ਹੋ!” ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਮੈਂ ਤੈਨੂੰ ਇਹ ਦੱਸਿਆ ਹੈ ਕਿ ਮੈਂ ਤੈਨੂੰ ਅੰਜੀਰ ਦੇ ਰੁੱਖ ਦੇ ਥੱਲੇ ਦੇਖਿਆ ਸੀ? ਤੂੰ ਇਸ ਤੋਂ ਵੀ ਵੱਡੇ ਵੱਡੇ ਕੰਮ ਦੇਖੇਂਗਾ ।” ਫਿਰ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਤੁਸੀਂ ਸਵਰਗ ਨੂੰ ਖੁੱਲ੍ਹਾ ਹੋਇਆ ਦੇਖੋਗੇ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਉੱਪਰ ਚੜ੍ਹਦੇ ਅਤੇ ਮਨੁੱਖ ਦੇ ਪੁੱਤਰ ਦੇ ਉੱਤੇ ਉਤਰਦੇ ਦੇਖੋਗੇ ।” ਤੀਜੇ ਦਿਨ ਗਲੀਲ ਦੇ ਇਲਾਕੇ ਦੇ ਕਾਨਾ ਪਿੰਡ ਵਿੱਚ ਇੱਕ ਵਿਆਹ ਸੀ । ਯਿਸੂ ਦੀ ਮਾਂ ਮਰੀਅਮ ਉੱਥੇ ਸੀ । ਯਿਸੂ ਅਤੇ ਉਹਨਾਂ ਦੇ ਚੇਲੇ ਵੀ ਉਸ ਵਿਆਹ ਵਿੱਚ ਸੱਦੇ ਗਏ ਸਨ । ਜਦੋਂ ਮੈਅ ਮੁੱਕ ਗਈ ਤਾਂ ਯਿਸੂ ਦੀ ਮਾਂ ਨੇ ਯਿਸੂ ਨੂੰ ਕਿਹਾ, “ਉਹਨਾਂ ਕੋਲ ਹੋਰ ਮੈਅ ਨਹੀਂ ਹੈ ।” ਯਿਸੂ ਨੇ ਉੱਤਰ ਦਿੱਤਾ, “ਬੀਬੀ ਜੀ, ਇਸ ਤੋਂ ਤੁਹਾਨੂੰ ਅਤੇ ਮੈਨੂੰ ਕੀ? ਅਜੇ ਮੇਰਾ ਸਮਾਂ ਨਹੀਂ ਆਇਆ ।” ਪਰ ਯਿਸੂ ਦੀ ਮਾਂ ਨੇ ਨੌਕਰਾਂ ਨੂੰ ਕਿਹਾ, “ਜਿਸ ਤਰ੍ਹਾਂ ਉਹ ਤੁਹਾਨੂੰ ਕਹੇ ਉਸੇ ਤਰ੍ਹਾਂ ਕਰਨਾ ।” ਯਹੂਦੀਆਂ ਦੀ ਧਾਰਮਿਕ ਤੌਰ ਤੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਰੱਖੇ ਹੋਏ ਸਨ । ਹਰ ਇੱਕ ਮੱਟ ਵਿੱਚ ਲਗਭਗ ਇੱਕ ਕੁਵਿੰਟਲ ਪਾਣੀ ਪੈ ਸਕਦਾ ਸੀ । ਯਿਸੂ ਨੇ ਨੌਕਰਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਦੇ ਨਾਲ ਭਰ ਦਿਓ ।” ਉਹਨਾਂ ਨੇ ਮੱਟਾਂ ਨੂੰ ਪਾਣੀ ਦੇ ਨਾਲ ਮੂੰਹ ਤੱਕ ਭਰ ਦਿੱਤਾ । ਫਿਰ ਯਿਸੂ ਨੇ ਨੌਕਰਾਂ ਨੂੰ ਕਿਹਾ, “ਥੋੜ੍ਹਾ ਜਿਹਾ ਪਾਣੀ ਬਾਹਰ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ ।” ਉਹ ਲੈ ਗਏ । ਪ੍ਰਧਾਨ ਨੇ ਉਸ ਪਾਣੀ ਦਾ ਸਵਾਦ ਚੱਖਿਆ ਜੋ ਮੈਅ ਬਣ ਚੁੱਕਾ ਸੀ । ਉਹ ਨਹੀਂ ਜਾਣਦਾ ਸੀ ਕਿ ਇਹ ਮੈਅ ਕਿੱਥੋਂ ਆਈ ਹੈ । ਪਰ ਉੁਹ ਨੌਕਰ ਜਿਹਨਾਂ ਨੇ ਇਹ ਪਾਣੀ ਕੱਢਿਆ ਸੀ, ਜਾਣਦੇ ਸਨ । ਇਸ ਲਈ ਪ੍ਰਧਾਨ ਨੇ ਲਾੜੇ ਨੂੰ ਸੱਦਿਆ ਅਤੇ ਕਿਹਾ, “ਹਰ ਕੋਈ ਪਹਿਲਾਂ ਵਧੀਆ ਮੈਅ ਪ੍ਰਾਹੁਣਿਆਂ ਦੇ ਅੱਗੇ ਰੱਖਦਾ ਹੈ ਅਤੇ ਜਦੋਂ ਉਹ ਜ਼ਿਆਦਾ ਪੀ ਚੁੱਕਦੇ ਹਨ ਤਦ ਘਟੀਆ ਮੈਅ । ਪਰ ਤੂੰ ਹੁਣ ਤੱਕ ਵਧੀਆ ਮੈਅ ਬਚਾ ਕੇ ਰੱਖੀ ਹੋਈ ਹੈ ।” ਇਸ ਪ੍ਰਕਾਰ ਯਿਸੂ ਨੇ ਆਪਣੇ ਚਮਤਕਾਰੀ ਚਿੰਨ੍ਹਾਂ ਦਾ ਆਰੰਭ ਗਲੀਲ ਦੇ ਇਸ ਪਿੰਡ ਕਾਨਾ ਵਿੱਚ ਕਰ ਕੇ ਆਪਣੀ ਮਹਿਮਾ ਪ੍ਰਗਟ ਕੀਤੀ ਅਤੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ । ਇਸ ਦੇ ਬਾਅਦ ਯਿਸੂ, ਉਹਨਾਂ ਦੀ ਮਾਂ, ਭਰਾ ਅਤੇ ਚੇਲੇ ਕਫ਼ਰਨਾਹੂਮ ਵਿੱਚ ਆਏ ਅਤੇ ਕੁਝ ਦਿਨ ਉੱਥੇ ਰਹੇ । ਯਹੂਦੀਆਂ ਦੇ ਪਸਾਹ ਦਾ ਤਿਉਹਾਰ ਨੇੜੇ ਸੀ ਇਸ ਲਈ ਯਿਸੂ ਯਰੂਸ਼ਲਮ ਨੂੰ ਗਏ । ਉੱਥੇ ਯਿਸੂ ਨੇ ਹੈਕਲ ਵਿੱਚ ਪਸ਼ੂਆਂ, ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫ਼ਾਂ ਨੂੰ ਬੈਠੇ ਦੇਖਿਆ । ਯਿਸੂ ਨੇ ਰੱਸੀਆਂ ਦਾ ਇੱਕ ਕੋਰੜਾ ਬਣਾਇਆ ਅਤੇ ਉਸ ਦੇ ਨਾਲ ਸਾਰੇ ਪਸ਼ੂਆਂ ਅਤੇ ਭੇਡਾਂ ਨੂੰ ਹੈਕਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਰਾਫ਼ਾਂ ਦੇ ਪੈਸੇ ਅਤੇ ਗੱਦੀਆਂ ਉਲਟਾ ਦਿੱਤੀਆਂ । ਫਿਰ ਯਿਸੂ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਹਨਾਂ ਨੂੰ ਇੱਥੋਂ ਲੈ ਜਾਓ । ਮੇਰੇ ਪਿਤਾ ਦੇ ਘਰ ਨੂੰ ਮੰਡੀ ਨਾ ਬਣਾਓ!” ਉਸ ਸਮੇਂ ਯਿਸੂ ਦੇ ਚੇਲਿਆਂ ਨੂੰ ਪਵਿੱਤਰ-ਗ੍ਰੰਥ ਦੇ ਇਹ ਸ਼ਬਦ ਯਾਦ ਆਏ: “ਹੇ ਪਰਮੇਸ਼ਰ, ਤੁਹਾਡੇ ਘਰ ਦੀ ਅਣਖ ਮੈਨੂੰ ਖਾ ਜਾਵੇਗੀ ।” ਯਹੂਦੀਆਂ ਨੇ ਉਹਨਾਂ ਤੋਂ ਪੁੱਛਿਆ, “ਤੂੰ ਸਾਨੂੰ ਕਿਹੜਾ ਚਿੰਨ੍ਹ ਦਿਖਾ ਸਕਦਾ ਹੈਂ ਕਿ ਸਾਨੂੰ ਪਤਾ ਲੱਗੇ ਕਿ ਤੈਨੂੰ ਇਹ ਕਰਨ ਦਾ ਅਧਿਕਾਰ ਹੈ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਸ ਹੈਕਲ ਨੂੰ ਤੁਸੀਂ ਢਾਹ ਦਿਓ, ਮੈਂ ਇਸ ਨੂੰ ਫਿਰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵਾਂਗਾ ।” ਯਹੂਦੀਆਂ ਨੇ ਉੱਤਰ ਦਿੱਤਾ, “ਇਸ ਹੈਕਲ ਨੂੰ ਬਣਾਉਣ ਵਿੱਚ ਛਿਆਲੀ ਸਾਲ ਲੱਗੇ ਹਨ, ਕੀ ਤੂੰ ਇਸ ਨੂੰ ਤਿੰਨ ਦਿਨਾਂ ਵਿੱਚ ਖੜ੍ਹਾ ਕਰ ਦੇਵੇਂਗਾ?” ਪਰ ਹੈਕਲ ਜਿਸ ਦੇ ਬਾਰੇ ਯਿਸੂ ਨੇ ਕਿਹਾ, ਉਹ ਉਹਨਾਂ ਦਾ ਆਪਣਾ ਸਰੀਰ ਸੀ । ਇਸ ਲਈ ਜਦੋਂ ਯਿਸੂ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਉਹਨਾਂ ਦੇ ਚੇਲਿਆਂ ਨੂੰ ਯਿਸੂ ਦੇ ਕਹੇ ਹੋਏ ਇਹ ਸ਼ਬਦ ਯਾਦ ਆਏ ਅਤੇ ਉਹਨਾਂ ਨੇ ਪਵਿੱਤਰ-ਗ੍ਰੰਥ ਅਤੇ ਉਹਨਾਂ ਸ਼ਬਦਾਂ ਉੱਤੇ ਜਿਹੜੇ ਯਿਸੂ ਨੇ ਕਹੇ ਸਨ, ਵਿਸ਼ਵਾਸ ਕੀਤਾ । ਜਦੋਂ ਯਿਸੂ ਪਸਾਹ ਦੇ ਤਿਉਹਾਰ ਦੇ ਦਿਨਾਂ ਵਿੱਚ ਯਰੂਸ਼ਲਮ ਵਿੱਚ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਚਮਤਕਾਰੀ ਚਿੰਨ੍ਹਾਂ ਨੂੰ ਦੇਖ ਕੇ ਜਿਹੜੇ ਉਹਨਾਂ ਨੇ ਉੱਥੇ ਦਿਖਾਏ ਸਨ, ਉਹਨਾਂ ਦੇ ਨਾਮ ਵਿੱਚ ਵਿਸ਼ਵਾਸ ਕੀਤਾ । ਪਰ ਯਿਸੂ ਨੇ ਉਹਨਾਂ ਦਾ ਭਰੋਸਾ ਨਾ ਕੀਤਾ ਕਿਉਂਕਿ ਉਹ ਸਾਰਿਆਂ ਨੂੰ ਜਾਣਦੇ ਸਨ । ਯਿਸੂ ਨੂੰ ਇਸ ਦੀ ਕੋਈ ਲੋੜ ਨਹੀਂ ਸੀ ਕਿ ਕੋਈ ਉਹਨਾਂ ਨੂੰ ਮਨੁੱਖਾਂ ਦੇ ਬਾਰੇ ਦੱਸੇ ਕਿਉਂਕਿ ਉਹ ਆਪ ਮਨੁੱਖ ਦੇ ਮਨ ਦੇ ਵਿਚਾਰਾਂ ਨੂੰ ਜਾਣਦੇ ਸਨ । ਨਿਕੁਦੇਮੁਸ ਨਾਂ ਦਾ ਇੱਕ ਆਦਮੀ ਸੀ । ਉਹ ਯਹੂਦੀਆਂ ਦਾ ਆਗੂ ਸੀ ਜਿਸ ਦਾ ਸੰਬੰਧ ਫ਼ਰੀਸੀ ਦਲ ਦੇ ਲੋਕਾਂ ਨਾਲ ਸੀ । ਉਹ ਇੱਕ ਰਾਤ ਯਿਸੂ ਕੋਲ ਆਇਆ ਅਤੇ ਉਹਨਾਂ ਨੂੰ ਕਿਹਾ, “ਹੇ ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਵੱਲੋਂ ਭੇਜੇ ਹੋਏ ਗੁਰੂ ਹੋ । ਕੋਈ ਵੀ ਇਹ ਚਮਤਕਾਰੀ ਚਿੰਨ੍ਹ ਜਿਹੜੇ ਤੁਸੀਂ ਦਿਖਾਉਂਦੇ ਹੋ, ਨਹੀਂ ਦਿਖਾ ਸਕਦਾ ਜਦੋਂ ਤੱਕ ਕਿ ਪਰਮੇਸ਼ਰ ਉਸ ਦੇ ਨਾਲ ਨਾ ਹੋਣ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੋਈ ਵੀ ਪਰਮੇਸ਼ਰ ਦੇ ਰਾਜ ਦੇ ਦਰਸ਼ਨ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਹ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਨਾ ਕਰੇ ।” ਨਿਕੁਦੇਮੁਸ ਨੇ ਪੁੱਛਿਆ, “ਇੱਕ ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਉਹ ਦੁਬਾਰਾ ਕਿਸ ਤਰ੍ਹਾਂ ਜਨਮ ਲੈ ਸਕਦਾ ਹੈ? ਕੀ ਇਹ ਹੋ ਸਕਦਾ ਹੈ ਕਿ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਜਾਵੇ ਅਤੇ ਦੁਬਾਰਾ ਜਨਮ ਲਵੇ?” ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕੋਈ ਮਨੁੱਖ ਪਾਣੀ ਅਤੇ ਪਵਿੱਤਰ ਆਤਮਾ ਦੁਆਰਾ ਜਨਮ ਨਾ ਲਵੇ, ਉਹ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ । ਕਿਉਂਕਿ ਜੋ ਸਰੀਰ ਤੋਂ ਜਨਮ ਲੈਂਦਾ ਹੈ ਉਹ ਸਰੀਰ ਹੈ ਅਤੇ ਜੋ ਆਤਮਾ ਤੋਂ ਜਨਮ ਲੈਂਦਾ ਹੈ ਉਹ ਆਤਮਾ ਹੈ । ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ ਹੈ ਕਿ ਤੁਹਾਨੂੰ ਪਰਮੇਸ਼ਰ ਕੋਲੋਂ ਨਵਾਂ ਜਨਮ ਪ੍ਰਾਪਤ ਕਰਨਾ ਜ਼ਰੂਰੀ ਹੈ । ਹਵਾ ਜਿਸ ਪਾਸੇ ਚਾਹੁੰਦੀ ਹੈ ਚੱਲਦੀ ਹੈ ਅਤੇ ਤੂੰ ਕੇਵਲ ਉਸ ਦੀ ਆਵਾਜ਼ ਹੀ ਸੁਣਦਾ ਹੈਂ ਪਰ ਤੂੰ ਇਹ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ । ਇਹ ਹੀ ਹਾਲ ਉਸ ਮਨੁੱਖ ਦਾ ਹੈ ਜੋ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਹੈ ।” ਨਿਕੁਦੇਮੁਸ ਨੇ ਪੁੱਛਿਆ, “ਇਹ ਸਭ ਕਿਸ ਤਰ੍ਹਾਂ ਹੋ ਸਕਦਾ ਹੈ?” ਯਿਸੂ ਨੇ ਉੱਤਰ ਦਿੱਤਾ, “ਤੂੰ ਇਸਰਾਏਲ ਦਾ ਇੱਕ ਗੁਰੂ ਹੋ ਕੇ ਵੀ ਇਹ ਨਹੀਂ ਸਮਝਦਾ? ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਸੀਂ ਜੋ ਜਾਣਦੇ ਹਾਂ ਉਹ ਹੀ ਕਹਿੰਦੇ ਹਾਂ ਅਤੇ ਜੋ ਅਸੀਂ ਦੇਖਿਆ ਹੈ, ਉਸ ਦੀ ਗਵਾਹੀ ਦਿੰਦੇ ਹਾਂ ਪਰ ਤੁਹਾਡੇ ਵਿੱਚੋਂ ਕੋਈ ਵੀ ਸਾਡੀ ਗਵਾਹੀ ਸਵੀਕਾਰ ਨਹੀਂ ਕਰਦਾ । ਜਦੋਂ ਕਿ ਮੈਂ ਤੁਹਾਡੇ ਨਾਲ ਇਸ ਸੰਸਾਰ ਦੀਆਂ ਗੱਲਾਂ ਕੀਤੀਆਂ ਹਨ, ਤੁਸੀਂ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ । ਫਿਰ ਜੇਕਰ ਮੈਂ ਸਵਰਗ ਦੀਆਂ ਗੱਲਾਂ ਕਰਾਂਗਾ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ? ਕੋਈ ਸਵਰਗ ਵਿੱਚ ਨਹੀਂ ਗਿਆ ਸਿਵਾਏ ਮਨੁੱਖ ਦੇ ਪੁੱਤਰ ਦੇ ਜਿਹੜਾ ਸਵਰਗ ਤੋਂ ਆਇਆ ਹੈ । “ਜਿਸ ਤਰ੍ਹਾਂ ਮੂਸਾ ਨੇ ਜੰਗਲ ਵਿੱਚ ਤਾਂਬੇ ਦੇ ਸੱਪ ਨੂੰ ਲੱਕੜੀ ਉੱਤੇ ਉੱਚਾ ਕੀਤਾ ਸੀ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਜ਼ਰੂਰ ਉੱਚਾ ਕੀਤਾ ਜਾਵੇਗਾ; ਤਾਂ ਜੋ ਹਰ ਕੋਈ ਜੋ ਉਹਨਾਂ ਵਿੱਚ ਵਿਸ਼ਵਾਸ ਕਰੇ, ਅਨੰਤ ਜੀਵਨ ਪ੍ਰਾਪਤ ਕਰੇ । ਕਿਉਂਕਿ ਪਰਮੇਸ਼ਰ ਨੇ ਸੰਸਾਰ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨਾਂ ਨੇ ਆਪਣਾ ਇੱਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਉਹ ਸਾਰੇ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਨ, ਨਾਸ਼ ਨਾ ਹੋਣ ਸਗੋਂ ਅਨੰਤ ਜੀਵਨ ਪ੍ਰਾਪਤ ਕਰਨ । ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਉਣ ਸਗੋਂ ਇਸ ਲਈ ਕਿ ਸੰਸਾਰ ਨੂੰ ਮੁਕਤੀ ਦੇਣ । “ਜੋ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਪਰ ਜੋ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਵਿੱਚ ਵਿਸ਼ਵਾਸ ਨਹੀਂ ਕੀਤਾ । ਦੋਸ਼ੀ ਠਹਿਰਾਏ ਜਾਣ ਦਾ ਕਾਰਨ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਪਰ ਮਨੁੱਖਾਂ ਨੇ ਚਾਨਣ ਦੀ ਥਾਂ ਹਨੇਰੇ ਨੂੰ ਪਿਆਰ ਕੀਤਾ ਕਿਉਂਕਿ ਉਹਨਾਂ ਦੇ ਕੰਮ ਬੁਰੇ ਸਨ । ਜੋ ਕੋਈ ਵੀ ਬੁਰੇ ਕੰਮ ਕਰਦਾ ਹੈ, ਉਹ ਚਾਨਣ ਨਾਲ ਘਿਰਣਾ ਕਰਦਾ ਹੈ ਅਤੇ ਉਹ ਚਾਨਣ ਦੇ ਨੇੜੇ ਨਹੀਂ ਆਉਂਦਾ ਕਿ ਕਿਤੇ ਉਸ ਦੇ ਬੁਰੇ ਕੰਮ ਪ੍ਰਗਟ ਨਾ ਹੋ ਜਾਣ । ਪਰ ਜੋ ਸੱਚਾਈ ਉੱਤੇ ਚਲਦਾ ਹੈ ਉਹ ਚਾਨਣ ਦੇ ਨੇੜੇ ਆਉਂਦਾ ਹੈ ਤਾਂ ਜੋ ਇਹ ਪ੍ਰਗਟ ਹੋ ਜਾਵੇ ਕਿ ਉਸ ਦੇ ਕੰਮ ਪਰਮੇਸ਼ਰ ਦੀ ਇੱਛਾ ਅਨੁਸਾਰ ਕੀਤੇ ਗਏ ਹਨ ।” ਇਸ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹਨਾਂ ਦੇ ਨਾਲ ਰਹਿ ਕੇ ਉਹ ਬਪਤਿਸਮਾ ਦਿੰਦੇ ਰਹੇ । ਯੂਹੰਨਾ ਵੀ ਸਾਲੇਮ ਦੇ ਨੇੜੇ ਏਨੋਨ ਵਿੱਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈ ਰਹੇ ਸਨ । ਯੂਹੰਨਾ ਨੂੰ ਅਜੇ ਕੈਦ ਨਹੀਂ ਕੀਤਾ ਗਿਆ ਸੀ । ਯੂਹੰਨਾ ਦੇ ਚੇਲਿਆਂ ਦੀ ਕਿਸੇ ਯਹੂਦੀ ਨਾਲ ਧਾਰਮਿਕ ਸ਼ੁੱਧੀ ਕਰਨ ਦੇ ਬਾਰੇ ਬਹਿਸ ਹੋ ਗਈ । ਇਸ ਲਈ ਉਹ ਯੂਹੰਨਾ ਕੋਲ ਗਏ ਅਤੇ ਕਹਿਣ ਲੱਗੇ, “ਗੁਰੂ ਜੀ, ਉਹ ਆਦਮੀ ਜੋ ਤੁਹਾਡੇ ਨਾਲ ਯਰਦਨ ਦੇ ਪਾਰ ਸੀ ਜਿਸ ਦੇ ਬਾਰੇ ਤੁਸੀਂ ਗਵਾਹੀ ਦਿੱਤੀ ਸੀ; ਉਹ ਬਪਤਿਸਮਾ ਦੇ ਰਿਹਾ ਹੈ ਅਤੇ ਸਾਰੇ ਲੋਕ ਉਸ ਦੇ ਕੋਲ ਜਾ ਰਹੇ ਹਨ ।” ਯੂਹੰਨਾ ਨੇ ਉੱਤਰ ਦਿੱਤਾ, “ਜਦੋਂ ਤੱਕ ਪਰਮੇਸ਼ਰ ਨਾ ਦੇਣ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ । ਤੁਸੀਂ ਆਪ ਮੇਰੇ ਗਵਾਹ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ ਪਰ ਉਹਨਾਂ ਤੋਂ ਪਹਿਲਾਂ ਭੇਜਿਆ ਗਿਆ ਹਾਂ ।’ ਲਾੜਾ ਉਹ ਹੈ ਜਿਸ ਦੀ ਵਹੁਟੀ ਹੈ । ਜੋ ਕੋਲ ਖੜ੍ਹਾ ਹੁੰਦਾ ਹੈ ਅਤੇ ਉਸ ਦੀ ਸੁਣਦਾ ਹੈ ਉਹ ਉਸ ਦਾ ਮਿੱਤਰ ਹੈ । ਉਹ ਲਾੜੇ ਦੀ ਆਵਾਜ਼ ਨੂੰ ਸੁਣ ਕੇ ਬਹੁਤ ਖ਼ੁਸ਼ ਹੁੰਦਾ ਹੈ । ਮੇਰੀ ਇਹ ਖ਼ੁਸ਼ੀ ਪੂਰੀ ਹੋ ਗਈ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਉਹ ਵਧਣ ਅਤੇ ਮੈਂ ਘਟਾਂ ।” “ਉਹ ਜੋ ਉੱਪਰ ਤੋਂ ਆਉਂਦੇ ਹਨ, ਸਾਰਿਆਂ ਤੋਂ ਮਹਾਨ ਹਨ । ਜੋ ਇਸ ਧਰਤੀ ਦਾ ਹੈ, ਉਹ ਇਸ ਧਰਤੀ ਦਾ ਹੀ ਹੈ ਅਤੇ ਉਹ ਧਰਤੀ ਦੀਆਂ ਹੀ ਗੱਲਾਂ ਕਰਦਾ ਹੈ । ਪਰ ਉਹ ਜਿਹੜੇ ਸਵਰਗ ਤੋਂ ਆਉਂਦੇ ਹਨ ਉਹ ਸਾਰਿਆਂ ਤੋਂ ਮਹਾਨ ਹਨ । ਉਹ ਉਸ ਦੀ ਗਵਾਹੀ ਦਿੰਦੇ ਹਨ ਜੋ ਉਹਨਾਂ ਨੇ ਦੇਖਿਆ ਅਤੇ ਸੁਣਿਆ ਹੈ ਪਰ ਕੋਈ ਉਹਨਾਂ ਦੀ ਗਵਾਹੀ ਉੱਤੇ ਵਿਸ਼ਵਾਸ ਨਹੀਂ ਕਰਦਾ । ਜੋ ਕੋਈ ਵੀ ਉਹਨਾਂ ਦੀ ਗਵਾਹੀ ਉੱਤੇ ਵਿਸ਼ਵਾਸ ਕਰਦਾ ਹੈ, ਉਹ ਉਸ ਸੱਚਾਈ ਉੱਤੇ ਮੋਹਰ ਲਾਉਂਦਾ ਹੈ ਕਿ ਪਰਮੇਸ਼ਰ ਸੱਚੇ ਹਨ । ਜਿਹਨਾਂ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੇ ਵਚਨ ਬੋਲਦੇ ਹਨ ਕਿਉਂਕਿ ਪਰਮੇਸ਼ਰ ਬਿਨਾਂ ਨਾਪੇ ਤੋਲੇ ਪਵਿੱਤਰ ਆਤਮਾ ਦਿੰਦੇ ਹਨ । ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਇਸ ਲਈ ਸਭ ਕੁਝ ਉਹਨਾਂ ਨੇ ਪੁੱਤਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ । ਜੋ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । ਜੋ ਪੁੱਤਰ ਵਿੱਚ ਵਿਸ਼ਵਾਸ ਨਹੀਂ ਕਰਦਾ ਉਹ ਅਨੰਤ ਜੀਵਨ ਨਹੀਂ ਪ੍ਰਾਪਤ ਕਰੇਗਾ ਪਰ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ ।” ਜਦੋਂ ਯਿਸੂ ਨੂੰ ਇਹ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣ ਲਿਆ ਹੈ ਕਿ ਉਹ ਯੂਹੰਨਾ ਤੋਂ ਵੀ ਜ਼ਿਆਦਾ ਚੇਲੇ ਬਣਾਉਂਦੇ ਅਤੇ ਬਪਤਿਸਮਾ ਦਿੰਦੇ ਹਨ । (ਭਾਵੇਂ ਯਿਸੂ ਆਪ ਬਪਤਿਸਮਾ ਨਹੀਂ ਦਿੰਦੇ ਸਨ, ਕੇਵਲ ਉਹਨਾਂ ਦੇ ਚੇਲੇ ਹੀ ਦਿੰਦੇ ਸਨ ।) ਤਦ ਉਹਨਾਂ ਨੇ ਯਹੂਦਿਯਾ ਨੂੰ ਛੱਡ ਦਿੱਤਾ ਅਤੇ ਫਿਰ ਗਲੀਲ ਨੂੰ ਚੱਲ ਪਏ । ਉਹਨਾਂ ਲਈ ਸਾਮਰਿਯਾ ਦੇ ਇਲਾਕੇ ਵਿੱਚੋਂ ਲੰਘਣਾ ਜ਼ਰੂਰੀ ਸੀ । ਉਹ ਸਾਮਰਿਯਾ ਇਲਾਕੇ ਦੇ ਸ਼ਹਿਰ ਸੁਖਾਰ ਵਿੱਚ ਆਏ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ਼ ਨੂੰ ਦਿੱਤੀ ਸੀ । ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਯਾਤਰਾ ਕਰਦੇ ਥੱਕ ਗਏ ਸਨ ਇਸ ਲਈ ਉਹ ਉਸ ਖੂਹ ਦੇ ਕੋਲ ਬੈਠ ਗਏ । ਇਹ ਦੁਪਹਿਰ ਦਾ ਸਮਾਂ ਸੀ । ਉੱਥੇ ਇੱਕ ਸਾਮਰੀ ਔਰਤ ਪਾਣੀ ਭਰਨ ਦੇ ਲਈ ਆਈ । ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਪਾਣੀ ਪਿਲਾ ਦੇ ।” (ਉਹਨਾਂ ਦੇ ਚੇਲੇ ਸ਼ਹਿਰ ਵਿੱਚ ਭੋਜਨ ਮੁੱਲ ਲੈਣ ਗਏ ਹੋਏ ਸਨ ।) ਉਸ ਸਾਮਰੀ ਔਰਤ ਨੇ ਯਿਸੂ ਨੂੰ ਕਿਹਾ, “ਮੈਂ ਸਾਮਰੀ ਔਰਤ ਹਾਂ ਅਤੇ ਤੁਸੀਂ ਯਹੂਦੀ ਹੋ । ਫਿਰ ਤੁਸੀਂ ਮੇਰੇ ਕੋਲੋਂ ਪਾਣੀ ਕਿਉਂ ਮੰਗ ਰਹੇ ਹੋ?” (ਕਿਉਂਕਿ ਯਹੂਦੀਆਂ ਅਤੇ ਸਾਮਰੀਆਂ ਵਿੱਚ ਕੋਈ ਮਿਲਵਰਤਣ ਨਹੀਂ ਸੀ ।) ਯਿਸੂ ਨੇ ਉੱਤਰ ਦਿੱਤਾ, “ਜੇਕਰ ਤੂੰ ਜਾਣਦੀ ਕਿ ਪਰਮੇਸ਼ਰ ਦਾ ਵਰਦਾਨ ਕੀ ਹੈ ਅਤੇ ਜੋ ਤੇਰੇ ਕੋਲੋਂ ਪਾਣੀ ਮੰਗ ਰਿਹਾ ਹੈ ਉਹ ਕੌਣ ਹੈ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਪਾਣੀ ਦਿੰਦਾ ।” ਔਰਤ ਨੇ ਕਿਹਾ, “ਸ੍ਰੀਮਾਨ ਜੀ, ਤੁਹਾਡੇ ਕੋਲ ਪਾਣੀ ਕੱਢਣ ਦੇ ਲਈ ਕੁਝ ਵੀ ਨਹੀਂ ਹੈ ਅਤੇ ਖੂਹ ਬਹੁਤ ਡੂੰਘਾ ਹੈ । ਫਿਰ ਤੁਸੀਂ ਜੀਵਨ ਦਾ ਪਾਣੀ ਕਿੱਥੋਂ ਲਵੋਗੇ? ਕੀ ਤੁਸੀਂ ਸਾਡੇ ਪੁਰਖੇ ਯਾਕੂਬ ਨਾਲੋਂ ਵੀ ਵੱਡੇ ਹੋ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ? ਉਸ ਨੇ, ਉਸ ਦੇ ਪੁੱਤਰਾਂ ਅਤੇ ਉਸ ਦੇ ਪਸ਼ੂਆਂ ਨੇ ਵੀ ਇਸ ਵਿੱਚੋਂ ਪਾਣੀ ਪੀਤਾ ਸੀ ।” ਯਿਸੂ ਨੇ ਉੱਤਰ ਦਿੱਤਾ, “ਜੋ ਕੋਈ ਇਸ ਪਾਣੀ ਵਿੱਚੋਂ ਪੀਵੇਗਾ, ਉਹ ਫਿਰ ਪਿਆਸਾ ਹੋਵੇਗਾ । ਪਰ ਜਿਹੜਾ ਉਸ ਪਾਣੀ ਨੂੰ ਪੀਵੇਗਾ ਜੋ ਮੈਂ ਦੇਵਾਂਗਾ, ਉਹ ਫਿਰ ਕਦੀ ਪਿਆਸਾ ਨਹੀਂ ਹੋਵੇਗਾ ਸਗੋਂ ਉਹ ਪਾਣੀ ਉਸ ਦੇ ਅੰਦਰ ਅਨੰਤ ਜੀਵਨ ਦੇ ਪਾਣੀ ਦਾ ਸ੍ਰੋਤ ਬਣ ਜਾਵੇਗਾ ।” ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਉਹ ਪਾਣੀ ਦਿਓ ਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਇੱਥੇ ਪਾਣੀ ਭਰਨ ਦੇ ਲਈ ਆਵਾਂ ।” ਯਿਸੂ ਨੇ ਉਸ ਨੂੰ ਕਿਹਾ, “ਜਾ, ਆਪਣੇ ਪਤੀ ਨੂੰ ਸੱਦ ਕੇ ਇੱਥੇ ਲਿਆ ।” ਔਰਤ ਨੇ ਉੱਤਰ ਦਿੱਤਾ, “ਮੇਰਾ ਪਤੀ ਨਹੀਂ ਹੈ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ, ‘ਮੇਰਾ ਪਤੀ ਨਹੀਂ ਹੈ ।’ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜੋ ਆਦਮੀ ਤੇਰੇ ਨਾਲ ਹੁਣ ਹੈ, ਉਹ ਵੀ ਤੇਰਾ ਪਤੀ ਨਹੀਂ ਹੈ । ਤੂੰ ਮੈਨੂੰ ਸੱਚ ਦੱਸਿਆ ਹੈ ।” ਔਰਤ ਨੇ ਕਿਹਾ, “ਸ੍ਰੀਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ । ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਭਗਤੀ ਕੀਤੀ ਹੈ ਪਰ ਤੁਸੀਂ ਯਹੂਦੀ ਕਹਿੰਦੇ ਹੋ ਕਿ ਯਰੂਸ਼ਲਮ ਵਿੱਚ ਹੀ ਉਹ ਥਾਂ ਹੈ ਜਿੱਥੇ ਭਗਤੀ ਕਰਨੀ ਚਾਹੀਦੀ ਹੈ ।” ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਮੇਰੇ ਵਿੱਚ ਵਿਸ਼ਵਾਸ ਕਰ, ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਨਾ ਇਸ ਪਹਾੜ ਉੱਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਭਗਤੀ ਕਰੋਗੇ । ਤੁਸੀਂ ਸਾਮਰੀ ਉਸ ਦੀ ਭਗਤੀ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ ਪਰ ਅਸੀਂ ਉਸ ਦੀ ਭਗਤੀ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ ਕਿਉਂਕਿ ਮੁਕਤੀ ਯਹੂਦੀਆਂ ਤੋਂ ਹੀ ਹੈ । ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਕਿ ਸੱਚੇ ਭਗਤ ਪਿਤਾ ਦੀ ਭਗਤੀ ਸੱਚਾਈ ਅਤੇ ਆਤਮਾ ਨਾਲ ਕਰਨਗੇ ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਹੀ ਚਾਹੁੰਦੇ ਹਨ । ਪਰਮੇਸ਼ਰ ਆਤਮਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਭਗਤ ਆਤਮਾ ਅਤੇ ਸੱਚਾਈ ਨਾਲ ਉਹਨਾਂ ਦੀ ਭਗਤੀ ਕਰਨ ।” ਔਰਤ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜੋ ਪਰਮੇਸ਼ਰ ਦੇ ਮਸਹ ਕੀਤੇ ਹੋਏ ਹਨ ਆ ਰਹੇ ਹਨ ਅਤੇ ਜਦੋਂ ਉਹ ਆਉਣਗੇ ਉਹ ਸਾਨੂੰ ਸਭ ਕੁਝ ਦੱਸਣਗੇ ।” ਯਿਸੂ ਨੇ ਕਿਹਾ, “ਮੈਂ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹਾਂ, ਉਹ ਹੀ ਹਾਂ ।” ਇਸ ਸਮੇਂ ਤੱਕ ਯਿਸੂ ਦੇ ਚੇਲੇ ਆ ਗਏ ਅਤੇ ਇਹ ਦੇਖ ਕੇ ਕਿ ਯਿਸੂ ਇੱਕ ਔਰਤ ਨਾਲ ਗੱਲਾਂ ਕਰ ਰਹੇ ਹਨ, ਉਹਨਾਂ ਨੂੰ ਬਹੁਤ ਹੈਰਾਨੀ ਹੋਈ ਪਰ ਕਿਸੇ ਨੇ ਯਿਸੂ ਤੋਂ ਨਾ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ?” ਜਾਂ “ਤੁਸੀਂ ਇਸ ਔਰਤ ਨਾਲ ਕਿਉਂ ਗੱਲਾਂ ਕਰ ਰਹੇ ਹੋ?” ਪਰ ਉਹ ਔਰਤ ਆਪਣਾ ਪਾਣੀ ਵਾਲਾ ਘੜਾ ਉੱਥੇ ਹੀ ਛੱਡ ਕੇ ਸ਼ਹਿਰ ਵਿੱਚ ਵਾਪਸ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ, “ਆਓ, ਇੱਕ ਆਦਮੀ ਨੂੰ ਦੇਖੋ, ਜਿਹਨਾਂ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ, ਜੋ ਮੈਂ ਕੀਤਾ ਸੀ । ਕਿਤੇ ਇਹ ਹੀ ਤਾਂ ਮਸੀਹ ਨਹੀਂ?” ਲੋਕ ਸ਼ਹਿਰ ਵਿੱਚੋਂ ਬਾਹਰ ਨਿਕਲੇ ਅਤੇ ਯਿਸੂ ਕੋਲ ਆਉਣ ਲੱਗੇ । ਚੇਲਿਆਂ ਨੇ ਯਿਸੂ ਨੂੰ ਬੇਨਤੀ ਕੀਤੀ, “ਹੇ ਰੱਬੀ, ਕੁਝ ਖਾ ਲਵੋ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਕੁਝ ਨਹੀਂ ਜਾਣਦੇ ।” ਇਹ ਸੁਣ ਕੇ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਹਨਾਂ ਦੇ ਖਾਣ ਲਈ ਭੋਜਨ ਲਿਆਇਆ ਹੈ?” ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰੀ ਕਰਾਂ ਅਤੇ ਉਹਨਾਂ ਦੇ ਦਿੱਤੇ ਹੋਏ ਕੰਮ ਨੂੰ ਪੂਰਾ ਕਰਾਂ । “ਕੀ ਤੁਸੀਂ ਇਸ ਤਰ੍ਹਾਂ ਨਹੀਂ ਕਹਿੰਦੇ ਹੋ, ‘ਚਾਰ ਮਹੀਨੇ ਬਾਕੀ ਹਨ ਅਤੇ ਫਿਰ ਵਾਢੀ ਹੋਵੇਗੀ’? ਮੈਂ ਤੁਹਾਨੂੰ ਦੱਸਦਾ ਹਾਂ, ਆਪਣੀਆਂ ਅੱਖਾਂ ਖੋਲ ਕੇ ਖੇਤਾਂ ਵੱਲ ਦੇਖੋ! ਫ਼ਸਲ ਪੱਕ ਚੁੱਕੀ ਹੈ ਅਤੇ ਵੱਢਣ ਦੇ ਯੋਗ ਹੈ । ਵਾਢੇ ਆਪਣੀ ਮਜ਼ਦੂਰੀ ਪ੍ਰਾਪਤ ਕਰ ਰਹੇ ਹਨ ਅਤੇ ਅਨੰਤ ਜੀਵਨ ਦੇ ਲਈ ਫਲ ਇਕੱਠਾ ਕਰ ਰਹੇ ਹਨ ਤਾਂ ਜੋ ਬੀਜਣ ਵਾਲੇ ਅਤੇ ਵੱਢਣ ਵਾਲੇ ਦੋਵੇਂ ਮਿਲ ਕੇ ਖ਼ੁਸ਼ੀ ਮਨਾਉਣ । ਇਸ ਲਈ ਇੱਥੇ ਇਹ ਕਹਾਵਤ ਠੀਕ ਢੁੱਕਦੀ ਹੈ ‘ਬੀਜੇ ਕੋਈ ਅਤੇ ਵੱਢੇ ਕੋਈ ।’ ਮੈਂ ਤੁਹਾਨੂੰ ਉਸ ਫ਼ਸਲ ਨੂੰ ਵੱਢਣ ਲਈ ਭੇਜਿਆ ਹੈ ਜਿਸ ਦੇ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ; ਦੂਜਿਆਂ ਨੇ ਮਿਹਨਤ ਕੀਤੀ ਹੈ ਅਤੇ ਤੁਸੀਂ ਉਹਨਾਂ ਦੀ ਮਿਹਨਤ ਦਾ ਫਲ ਪ੍ਰਾਪਤ ਕਰ ਰਹੇ ਹੋ ।” ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀ ਲੋਕਾਂ ਨੇ ਉਸ ਦੀ ਗਵਾਹੀ ਸੁਣ ਕੇ ਯਿਸੂ ਵਿੱਚ ਵਿਸ਼ਵਾਸ ਕੀਤਾ ਜੋ ਉਸ ਔਰਤ ਨੇ ਕਿਹਾ ਸੀ ਕਿ, “ਉਹਨਾਂ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਹੈ ਜੋ ਮੈਂ ਅੱਜ ਤੱਕ ਕੀਤਾ ਸੀ ।” ਉਹ ਸਾਮਰੀ ਯਿਸੂ ਕੋਲ ਆਏ ਅਤੇ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਨਾਲ ਠਹਿਰਨ । ਯਿਸੂ ਉਹਨਾਂ ਦੇ ਕੋਲ ਦੋ ਦਿਨ ਠਹਿਰੇ । ਸਾਮਰਿਯਾ ਦੇ ਬਹੁਤ ਸਾਰੇ ਹੋਰ ਵੀ ਰਹਿਣ ਵਾਲਿਆਂ ਨੇ ਯਿਸੂ ਦੇ ਵਚਨ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ । ਉਹਨਾਂ ਲੋਕਾਂ ਨੇ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਕੇਵਲ ਤੇਰੇ ਕਹਿਣ ਉੱਤੇ ਹੀ ਵਿਸ਼ਵਾਸ ਨਹੀਂ ਕਰਦੇ ਸਗੋਂ ਅਸੀਂ ਆਪ ਉਹਨਾਂ ਨੂੰ ਸੁਣਿਆ ਹੈ ਅਤੇ ਜਾਣਦੇ ਹਾਂ ਕਿ ਉਹ ਹੀ ਸੰਸਾਰ ਦੇ ਸੱਚੇ ਮੁਕਤੀਦਾਤਾ ਹਨ ।” ਦੋ ਦਿਨਾਂ ਦੇ ਬਾਅਦ ਯਿਸੂ ਉਸ ਥਾਂ ਤੋਂ ਗਲੀਲ ਨੂੰ ਗਏ । ਯਿਸੂ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ, “ ਨਬੀ ਦਾ ਆਪਣੇ ਦੇਸ਼ ਵਿੱਚ ਆਦਰ ਨਹੀਂ ਹੁੰਦਾ ।” ਜਦੋਂ ਉਹ ਗਲੀਲ ਵਿੱਚ ਪਹੁੰਚੇ ਤਾਂ ਗਲੀਲ ਦੇ ਰਹਿਣ ਵਾਲਿਆਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਇਹ ਲੋਕ ਯਰੂਸ਼ਲਮ ਵਿੱਚ ਪਸਾਹ ਦੇ ਤਿਉਹਾਰ ਦੇ ਲਈ ਗਏ ਹੋਏ ਸਨ ਅਤੇ ਉਹਨਾਂ ਨੇ ਉਹ ਸਾਰੇ ਕੰਮ ਦੇਖੇ ਜਿਹੜੇ ਯਿਸੂ ਨੇ ਤਿਉਹਾਰ ਦੇ ਸਮੇਂ ਕੀਤੇ ਸਨ । ਯਿਸੂ ਫਿਰ ਗਲੀਲ ਦੇ ਪਿੰਡ ਕਾਨਾ ਵਿੱਚ ਆਏ ਜਿੱਥੇ ਉਹਨਾਂ ਨੇ ਪਾਣੀ ਨੂੰ ਮੈਅ ਬਣਾਇਆ ਸੀ । ਉੱਥੇ ਇੱਕ ਰਾਜ ਅਧਿਕਾਰੀ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ । ਉਸ ਨੇ ਸੁਣਿਆ ਕਿ ਯਿਸੂ ਯਹੂਦਿਯਾ ਦੇ ਇਲਾਕੇ ਤੋਂ ਗਲੀਲ ਵਿੱਚ ਆਏ ਹੋਏ ਹਨ ਤਾਂ ਉਹ ਯਿਸੂ ਕੋਲ ਆਇਆ ਅਤੇ ਬੇਨਤੀ ਕੀਤੀ ਕਿ ਉਹ ਕਫ਼ਰਨਾਹੂਮ ਵਿੱਚ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰਨ ਕਿਉਂਕਿ ਉਹ ਆਖ਼ਰੀ ਸਾਹਾਂ ਤੇ ਸੀ । ਯਿਸੂ ਨੇ ਉਸ ਨੂੰ ਕਿਹਾ, “ਤੁਸੀਂ ਤਦ ਤੱਕ ਵਿਸ਼ਵਾਸ ਨਹੀਂ ਕਰੋਗੇ ਜਦੋਂ ਤੱਕ ਕਿ ਤੁਸੀਂ ਚਿੰਨ੍ਹ ਅਤੇ ਚਮਤਕਾਰ ਨਾ ਦੇਖ ਲਵੋ ।” ਰਾਜ ਅਧਿਕਾਰੀ ਨੇ ਕਿਹਾ, “ਸ੍ਰੀਮਾਨ ਜੀ, ਮੇਰੇ ਪੁੱਤਰ ਦੇ ਮਰਨ ਤੋਂ ਪਹਿਲਾਂ ਚੱਲੋ ।” ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰਾ ਪੁੱਤਰ ਜਿਊਂਦਾ ਰਹੇਗਾ!” ਉਸ ਨੇ ਯਿਸੂ ਦੇ ਇਹਨਾਂ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ । ਅਜੇ ਉਹ ਰਾਹ ਵਿੱਚ ਹੀ ਸੀ ਕਿ ਉਸ ਦੇ ਸੇਵਕ ਅੱਗੋਂ ਉਸ ਨੂੰ ਮਿਲੇ ਅਤੇ ਕਿਹਾ, “ਤੁਹਾਡਾ ਪੁੱਤਰ ਜਿਊਂਦਾ ਹੈ ।” ਉਸ ਨੇ ਸੇਵਕਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਚੰਗਾ ਹੋ ਗਿਆ ਸੀ?” ਸੇਵਕਾਂ ਨੇ ਉੱਤਰ ਦਿੱਤਾ, “ਕੱਲ੍ਹ ਦੁਪਹਿਰ ਦੇ ਕੋਈ ਇੱਕ ਵਜੇ ਉਸ ਦਾ ਬੁਖ਼ਾਰ ਉਤਰ ਗਿਆ ਸੀ ।” ਪਿਤਾ ਨੂੰ ਯਾਦ ਆਇਆ ਕਿ ਇਹ ਉਹ ਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜਿਊਂਦਾ ਰਹੇਗਾ ।” ਇਸ ਲਈ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੇ ਵਿਸ਼ਵਾਸ ਕੀਤਾ । ਇਹ ਦੂਜਾ ਚਮਤਕਾਰੀ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਆ ਕੇ ਗਲੀਲ ਵਿੱਚ ਦਿਖਾਇਆ । ਇਸ ਦੇ ਬਾਅਦ ਯਹੂਦੀ ਲੋਕਾਂ ਦਾ ਇੱਕ ਧਾਰਮਿਕ ਤਿਉਹਾਰ ਸੀ ਜਿਸ ਦੇ ਲਈ ਪ੍ਰਭੂ ਯਿਸੂ ਯਰੂਸ਼ਲਮ ਸ਼ਹਿਰ ਨੂੰ ਗਏ । ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਤਲਾਬ ਹੈ । ਉਸ ਤਲਾਬ ਨੂੰ ਇਬਰਾਨੀ ਭਾਸ਼ਾ ਵਿੱਚ ਬੈਤਸੈਦਾ ਕਹਿੰਦੇ ਹਨ । ਉਸ ਦੇ ਆਲੇ ਦੁਆਲੇ ਪੰਜ ਵਰਾਂਡੇ ਸਨ । ਇਹਨਾਂ ਵਰਾਂਡਿਆਂ ਵਿੱਚ ਬਹੁਤ ਸਾਰੇ ਅੰਨ੍ਹੇ, ਲੰਗੜੇ, ਅਧਰੰਗੀ ਲੰਮੇ ਪਏ ਰਹਿੰਦੇ ਸਨ । [ਉਹ ਤਲਾਬ ਦੇ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਰਹਿੰਦੇ ਸਨ । ਕਿਉਂਕਿ ਕਦੀ ਕਦੀ ਪ੍ਰਭੂ ਦਾ ਇੱਕ ਸਵਰਗਦੂਤ ਤਲਾਬ ਵਿੱਚ ਉਤਰ ਕੇ ਪਾਣੀ ਨੂੰ ਹਿਲਾਉਂਦਾ ਸੀ । ਪਾਣੀ ਹਿੱਲਦੇ ਸਮੇਂ ਜੋ ਵੀ ਰੋਗੀ ਪਹਿਲਾਂ ਪਾਣੀ ਵਿੱਚ ਉਤਰ ਜਾਂਦਾ, ਉਸ ਨੂੰ ਭਾਵੇਂ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ, ਉਹ ਚੰਗਾ ਹੋ ਜਾਂਦਾ ਸੀ ।] ਉੱਥੇ ਇੱਕ ਆਦਮੀ ਸੀ ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ । ਯਿਸੂ ਨੇ ਉਸ ਨੂੰ ਉੱਥੇ ਲੰਮੇ ਪਏ ਦੇਖਿਆ ਅਤੇ ਇਹ ਜਾਣਦੇ ਹੋਏ ਕਿ ਉਹ ਬਹੁਤ ਸਮੇਂ ਤੋਂ ਬਿਮਾਰ ਹੈ, ਉਸ ਨੂੰ ਕਿਹਾ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?” ਬਿਮਾਰ ਆਦਮੀ ਨੇ ਉੱਤਰ ਦਿੱਤਾ, “ਸ੍ਰੀਮਾਨ ਜੀ, ਮੇਰੇ ਕੋਲ ਕੋਈ ਵੀ ਨਹੀਂ ਜੋ ਪਾਣੀ ਦੇ ਹਿੱਲਦੇ ਹੀ ਮੈਨੂੰ ਪਾਣੀ ਵਿੱਚ ਉਤਾਰੇ । ਜਦੋਂ ਮੈਂ ਉਤਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਕੋਈ ਦੂਜਾ ਮੇਰੇ ਤੋਂ ਪਹਿਲਾਂ ਹੀ ਪਾਣੀ ਵਿੱਚ ਉਤਰ ਜਾਂਦਾ ਹੈ ।” ਯਿਸੂ ਨੇ ਉਸ ਨੂੰ ਕਿਹਾ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ ਫਿਰ ।” ਉਹ ਆਦਮੀ ਇਕਦਮ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ ਫਿਰਨ ਲੱਗਾ । ਜਿਸ ਦਿਨ ਉਹ ਆਦਮੀ ਚੰਗਾ ਹੋਇਆ, ਉਹ ਸਬਤ ਦਾ ਦਿਨ ਸੀ । ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਆਦਮੀ ਨੂੰ ਕਿਹਾ, “ਅੱਜ ਸਬਤ ਹੈ, ਅੱਜ ਦੇ ਦਿਨ ਤੇਰੇ ਲਈ ਬਿਸਤਰਾ ਚੁੱਕਣਾ ਵਿਵਸਥਾ ਦੇ ਵਿਰੁੱਧ ਹੈ ।” ਉਸ ਆਦਮੀ ਨੇ ਉੱਤਰ ਦਿੱਤਾ, “ਉਹ ਜਿਸ ਨੇ ਮੈਨੂੰ ਚੰਗਾ ਕੀਤਾ ਹੈ, ਉਸੇ ਨੇ ਮੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ ਫਿਰ ।’” ਯਹੂਦੀਆਂ ਨੇ ਉਸ ਤੋਂ ਪੁੱਛਿਆ, “ਉਹ ਆਦਮੀ ਕੌਣ ਹੈ, ਜਿਸ ਨੇ ਤੈਨੂੰ ਕਿਹਾ, ‘ਬਿਸਤਰਾ ਚੁੱਕ ਅਤੇ ਚੱਲ ਫਿਰ’?” ਪਰ ਉਹ ਚੰਗਾ ਹੋਇਆ ਆਦਮੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ ਕਿਉਂਕਿ ਯਿਸੂ ਭੀੜ ਦੇ ਕਾਰਨ ਉਸ ਥਾਂ ਤੋਂ ਚਲੇ ਗਏ ਸਨ । ਕੁਝ ਦਿਨਾਂ ਦੇ ਬਾਅਦ ਯਿਸੂ ਉਸ ਆਦਮੀ ਨੂੰ ਹੈਕਲ ਵਿੱਚ ਮਿਲੇ ਅਤੇ ਉਸ ਨੂੰ ਕਿਹਾ, “ਦੇਖ, ਹੁਣ ਤੂੰ ਚੰਗਾ ਹੋ ਗਿਆ ਹੈਂ, ਫਿਰ ਪਾਪ ਨਾ ਕਰਨਾ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੇਰਾ ਪਹਿਲਾਂ ਤੋਂ ਵੀ ਬੁਰਾ ਹਾਲ ਹੋ ਜਾਵੇ ।” ਫਿਰ ਉਹ ਆਦਮੀ ਯਹੂਦੀਆਂ ਦੇ ਕੋਲ ਗਿਆ ਅਤੇ ਉਹਨਾਂ ਨੂੰ ਦੱਸਿਆ ਕਿ ਜਿਸ ਨੇ ਮੈਨੂੰ ਚੰਗਾ ਕੀਤਾ ਸੀ ਉਹ ਯਿਸੂ ਹਨ । ਇਸ ਕਾਰਨ ਯਹੂਦੀਆਂ ਨੇ ਯਿਸੂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਯਿਸੂ ਨੇ ਇਹ ਚੰਗਾ ਕਰਨ ਦਾ ਕੰਮ ਸਬਤ ਦੇ ਦਿਨ ਕੀਤਾ ਸੀ । ਯਿਸੂ ਨੇ ਯਹੂਦੀਆਂ ਨੂੰ ਕਿਹਾ, “ਮੇਰੇ ਪਿਤਾ ਹਰ ਸਮੇਂ ਕੰਮ ਕਰਦੇ ਹਨ ਅਤੇ ਮੈਂ ਵੀ ਕਰ ਰਿਹਾ ਹਾਂ ।” ਇਹ ਸੁਣ ਕੇ ਯਹੂਦੀ ਹੋਰ ਵੀ ਜ਼ਿਆਦਾ ਯਿਸੂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਪ੍ਰਭੂ ਯਿਸੂ ਕੇਵਲ ਸਬਤ ਦੀ ਉਲੰਘਣਾ ਹੀ ਨਹੀਂ ਕਰਦੇ ਸਨ ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਬਰਾਬਰ ਬਣਾਉਂਦੇ ਸਨ । ਫਿਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੰਦੇ ਹੋਏ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ; ਉਹ ਕੇਵਲ ਉਹ ਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਦੇ ਦੇਖਦਾ ਹੈ । ਜਿਸ ਤਰ੍ਹਾਂ ਪਿਤਾ ਕਰਦੇ ਹਨ, ਠੀਕ ਉਸੇ ਤਰ੍ਹਾਂ ਪੁੱਤਰ ਵੀ ਕਰਦਾ ਹੈ । ਪਿਤਾ ਪੁੱਤਰ ਨੂੰ ਪਿਆਰ ਕਰਦੇ ਹਨ ਅਤੇ ਉਹ ਸਭ ਕੁਝ ਜੋ ਉਹ ਆਪ ਕਰਦੇ ਹਨ, ਪੁੱਤਰ ਨੂੰ ਦਿਖਾਉਂਦੇ ਹਨ । ਇਸ ਤੋਂ ਵੀ ਵੱਡੇ ਕੰਮ ਉਹ ਉਸ ਨੂੰ ਦਿਖਾਉਣਗੇ ਕਿ ਤੁਸੀਂ ਹੈਰਾਨ ਹੋਵੋਗੇ । ਇੱਥੋਂ ਤੱਕ ਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ ਅਤੇ ਉਹਨਾਂ ਨੂੰ ਫਿਰ ਜੀਵਨ ਦਿੰਦੇ ਹਨ ਇਸੇ ਤਰ੍ਹਾਂ ਪੁੱਤਰ ਵੀ ਜਿਸ ਨੂੰ ਉਹ ਚਾਹੁੰਦੇ ਹਨ, ਜੀਵਨ ਦਿੰਦੇ ਹਨ । ਪਿਤਾ ਕਿਸੇ ਦਾ ਨਿਆਂ ਨਹੀਂ ਕਰਦੇ, ਉਹਨਾਂ ਨੇ ਨਿਆਂ ਕਰਨ ਦਾ ਸਭ ਅਧਿਕਾਰ ਪੁੱਤਰ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਤਾਂ ਜੋ ਸਾਰੇ ਪੁੱਤਰ ਦਾ ਆਦਰ ਉਸੇ ਤਰ੍ਹਾਂ ਕਰਨ ਜਿਸ ਤਰ੍ਹਾਂ ਉਹ ਪਿਤਾ ਦਾ ਕਰਦੇ ਹਨ । ਜੋ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਆਦਰ ਨਹੀਂ ਕਰਦਾ ਜਿਹਨਾਂ ਨੇ ਪੁੱਤਰ ਨੂੰ ਭੇਜਿਆ ਹੈ । “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਸ਼ਬਦ ਸੁਣਦਾ ਹੈ ਅਤੇ ਮੇਰੇ ਭੇਜਣ ਵਾਲੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਅਨੰਤ ਜੀਵਨ ਪ੍ਰਾਪਤ ਕਰਦਾ ਹੈ । ਉਹ ਦੋਸ਼ੀ ਨਹੀਂ ਠਹਿਰਦਾ ਸਗੋਂ ਮੌਤ ਨੂੰ ਪਾਰ ਕਰ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਆਵਾਜ਼ ਸੁਣਨਗੇ ਅਤੇ ਜੋ ਸੁਣਨਗੇ ਜੀਵਨ ਪ੍ਰਾਪਤ ਕਰਨਗੇ । ਕਿਉਂਕਿ ਜਿਸ ਤਰ੍ਹਾਂ ਪਿਤਾ ਜੀਵਨ ਦਾ ਸ੍ਰੋਤ ਹਨ, ਉਸੇ ਤਰ੍ਹਾਂ ਉਹਨਾਂ ਨੇ ਪੁੱਤਰ ਨੂੰ ਵੀ ਜੀਵਨ ਦਾ ਸ੍ਰੋਤ ਬਣਾਇਆ ਹੈ । ਪਿਤਾ ਨੇ ਪੁੱਤਰ ਨੂੰ ਨਿਆਂ ਕਰਨ ਦਾ ਪੂਰਾ ਅਧਿਕਾਰ ਦੇ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ । ਇਸ ਗੱਲ ਉੱਤੇ ਤੁਸੀਂ ਹੈਰਾਨ ਨਾ ਹੋਵੋ । ਸਮਾਂ ਆ ਗਿਆ ਹੈ ਜਦੋਂ ਉਹ ਜੋ ਕਬਰਾਂ ਵਿੱਚ ਹਨ, ਉਹਨਾਂ ਦੀ ਆਵਾਜ਼ ਸੁਣਨਗੇ ਅਤੇ ਕਬਰਾਂ ਵਿੱਚੋਂ ਬਾਹਰ ਆ ਜਾਣਗੇ । ਚੰਗੇ ਕੰਮ ਕਰਨ ਵਾਲਿਆਂ ਦਾ ਪੁਨਰ-ਉਥਾਨ ਜੀਵਨ ਦੇ ਲਈ ਹੋਵੇਗਾ ਅਤੇ ਬੁਰੇ ਕੰਮ ਕਰਨ ਵਾਲਿਆਂ ਦਾ ਸਜ਼ਾ ਦੇ ਲਈ ।” “ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ । ਜਿਸ ਤਰ੍ਹਾਂ ਪਰਮੇਸ਼ਰ ਮੈਨੂੰ ਦੱਸਦੇ ਹਨ ਉਸੇ ਤਰ੍ਹਾਂ ਮੈਂ ਨਿਆਂ ਕਰਦਾ ਹਾਂ । ਮੇਰਾ ਨਿਆਂ ਠੀਕ ਹੁੰਦਾ ਹੈ ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹਾਂ । “ਜੇਕਰ ਮੈਂ ਆਪ ਹੀ ਆਪਣੇ ਹੱਕ ਵਿੱਚ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ । ਇੱਕ ਹੋਰ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੇ ਹਨ ਅਤੇ ਮੈਂ ਜਾਣਦਾ ਹਾਂ ਕਿ ਉਹਨਾਂ ਦੀ ਗਵਾਹੀ ਮੇਰੇ ਸੰਬੰਧ ਵਿੱਚ ਸੱਚੀ ਹੈ । ਤੁਸੀਂ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਆਪਣੇ ਆਦਮੀ ਪੁੱਛਣ ਲਈ ਭੇਜੇ ਅਤੇ ਉਸ ਨੇ ਸੱਚਾਈ ਦੇ ਬਾਰੇ ਗਵਾਹੀ ਦਿੱਤੀ । ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮੈਨੂੰ ਕਿਸੇ ਆਦਮੀ ਦੀ ਗਵਾਹੀ ਦੀ ਲੋੜ ਹੈ । ਮੈਂ ਇਹ ਇਸ ਲਈ ਕਹਿ ਰਿਹਾ ਹਾਂ ਕਿ ਤੁਹਾਨੂੰ ਮੁਕਤੀ ਮਿਲੇ । ਯੂਹੰਨਾ ਇੱਕ ਬਲਦਾ ਅਤੇ ਚਮਕਦਾ ਹੋਇਆ ਦੀਵਾ ਸੀ । ਉਸ ਦੇ ਚਾਨਣ ਵਿੱਚ ਤੁਸੀਂ ਕੁਝ ਸਮੇਂ ਦੇ ਲਈ ਖ਼ੁਸ਼ੀ ਮਨਾਉਣੀ ਚਾਹੀ । ਪਰ ਜੋ ਗਵਾਹੀ ਮੇਰੇ ਕੋਲ ਹੈ, ਉਹ ਯੂਹੰਨਾ ਦੀ ਗਵਾਹੀ ਤੋਂ ਵੱਡੀ ਹੈ । ਜੋ ਕੰਮ ਮੈਂ ਕਰਦਾ ਹਾਂ, ਇਹ ਕੰਮ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ । ਪਿਤਾ, ਜਿਹਨਾਂ ਨੇ ਮੈਨੂੰ ਭੇਜਿਆ ਹੈ, ਮੇਰੇ ਸੰਬੰਧ ਵਿੱਚ ਗਵਾਹੀ ਦਿੰਦੇ ਹਨ । ਤੁਸੀਂ ਕਦੀ ਉਹਨਾਂ ਦੀ ਆਵਾਜ਼ ਨਹੀਂ ਸੁਣੀ ਨਾ ਉਹਨਾਂ ਦਾ ਰੂਪ ਦੇਖਿਆ ਹੈ ਅਤੇ ਨਾ ਹੀ ਉਹਨਾਂ ਦਾ ਵਚਨ ਤੁਹਾਡੇ ਦਿਲਾਂ ਵਿੱਚ ਰਹਿੰਦਾ ਹੈ ਕਿਉਂਕਿ ਤੁਸੀਂ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ । ਤੁਸੀਂ ਪਵਿੱਤਰ-ਗ੍ਰੰਥਾਂ ਨੂੰ ਪੜ੍ਹਦੇ ਹੋ ਕਿਉਂਕਿ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਰਾਹੀਂ ਤੁਹਾਨੂੰ ਅਨੰਤ ਜੀਵਨ ਪ੍ਰਾਪਤ ਹੋਵੇਗਾ ਪਰ ਉਹ ਹੀ ਮੇਰੇ ਸੰਬੰਧ ਵਿੱਚ ਗਵਾਹੀ ਦਿੰਦੇ ਹਨ । ਪਰ ਫਿਰ ਵੀ ਤੁਸੀਂ ਅਨੰਤ ਜੀਵਨ ਦੀ ਪ੍ਰਾਪਤੀ ਲਈ ਮੇਰੇ ਕੋਲ ਨਹੀਂ ਆਉਣਾ ਚਾਹੁੰਦੇ । “ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਚਾਹੁੰਦਾ ਪਰ ਮੈਂ ਇਹ ਜਾਣਦਾ ਹਾਂ ਕਿ ਤੁਹਾਡੇ ਦਿਲਾਂ ਵਿੱਚ ਪਰਮੇਸ਼ਰ ਦਾ ਪਿਆਰ ਨਹੀਂ ਹੈ । ਮੈਂ ਆਪਣੇ ਪਿਤਾ ਦੇ ਨਾਮ ਵਿੱਚ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ ਪਰ ਜੇਕਰ ਕੋਈ ਦੂਜਾ ਆਪਣੇ ਹੀ ਨਾਂ ਉੱਤੇ ਆਵੇ ਤਾਂ ਉਸ ਨੂੰ ਤੁਸੀਂ ਸਵੀਕਾਰ ਕਰੋਗੇ । ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਦੇ ਹੋ ਜਦੋਂ ਕਿ ਤੁਸੀਂ ਇੱਕ ਦੂਜੇ ਤੋਂ ਵਡਿਆਈ ਪ੍ਰਾਪਤ ਕਰਦੇ ਹੋ ਅਤੇ ਉਸ ਵਡਿਆਈ ਦੀ ਖੋਜ ਨਹੀਂ ਕਰਦੇ ਜੋ ਕੇਵਲ ਪਰਮੇਸ਼ਰ ਕੋਲੋਂ ਹੀ ਪ੍ਰਾਪਤ ਹੁੰਦੀ ਹੈ । ਤੁਸੀਂ ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ । ਨਹੀਂ, ਇਹ ਮੂਸਾ ਹੈ ਜੋ ਤੁਹਾਨੂੰ ਦੋਸ਼ੀ ਠਹਿਰਾਵੇਗਾ ਜਿਸ ਉੱਤੇ ਤੁਸੀਂ ਉਮੀਦ ਰੱਖੀ ਹੋਈ ਹੈ । ਜੇਕਰ ਤੁਸੀਂ ਮੂਸਾ ਉੱਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਮੇਰੇ ਉੱਤੇ ਵੀ ਕਰਦੇ ਕਿਉਂਕਿ ਉਸ ਨੇ ਮੇਰੇ ਬਾਰੇ ਹੀ ਲਿਖਿਆ ਹੈ । ਇਸ ਲਈ ਜੇਕਰ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੇ ਸ਼ਬਦਾਂ ਉੱਤੇ ਵਿਸ਼ਵਾਸ ਕਿਸ ਤਰ੍ਹਾਂ ਕਰੋਗੇ?” ਇਸ ਦੇ ਬਾਅਦ ਯਿਸੂ ਗਲੀਲ ਦੀ ਝੀਲ (ਤਿਬਿਰਿਆਸ ਦੀ ਝੀਲ) ਦੇ ਪਾਰ ਚਲੇ ਗਏ । ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਗਈ ਕਿਉਂਕਿ ਉਹਨਾਂ ਨੇ ਯਿਸੂ ਦੇ ਉਹ ਚਮਤਕਾਰੀ ਚਿੰਨ੍ਹ ਦੇਖੇ ਸਨ ਜਿਹੜੇ ਉਹਨਾਂ ਨੇ ਬਿਮਾਰਾਂ ਲਈ ਕੀਤੇ ਸਨ । ਯਿਸੂ ਇੱਕ ਪਹਾੜ ਉੱਤੇ ਚੜ੍ਹ ਗਏ ਅਤੇ ਉੱਥੇ ਆਪਣੇ ਚੇਲਿਆਂ ਦੇ ਨਾਲ ਬੈਠ ਗਏ । ਯਹੂਦੀ ਲੋਕਾਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ । ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਇੱਕ ਵੱਡੀ ਭੀੜ ਨੂੰ ਆਪਣੇ ਵੱਲ ਆਉਂਦੇ ਦੇਖਿਆ । ਉਹਨਾਂ ਨੇ ਫ਼ਿਲਿੱਪੁਸ ਨੂੰ ਕਿਹਾ, “ਅਸੀਂ ਇਹਨਾਂ ਨੂੰ ਭੋਜਨ ਕਰਵਾਉਣ ਲਈ ਕਿੱਥੋਂ ਮੁੱਲ ਲਈਏ?” (ਇਹ ਉਹਨਾਂ ਨੇ ਫ਼ਿਲਿੱਪੁਸ ਨੂੰ ਪਰਖਣ ਦੇ ਲਈ ਕਿਹਾ ਕਿਉਂਕਿ ਉਹ ਪਹਿਲਾਂ ਹੀ ਜਾਣਦੇ ਸਨ ਕਿ ਉਹ ਕੀ ਕਰਨਗੇ ।) ਫ਼ਿਲਿੱਪੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹਨਾਂ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਵੀ ਭੋਜਨ ਦੇਣ ਦੇ ਲਈ ਦੋ ਸੋ ਦੀਨਾਰ ਦੀਆਂ ਰੋਟੀਆਂ ਕਾਫ਼ੀ ਨਹੀਂ ਹੋਣਗੀਆਂ ।” ਉਹਨਾਂ ਦੇ ਚੇਲਿਆਂ ਵਿੱਚੋਂ ਜਿਸ ਦਾ ਨਾਂ ਅੰਦ੍ਰਿਆਸ ਸੀ ਜੋ ਸ਼ਮਊਨ ਪਤਰਸ ਦਾ ਭਰਾ ਸੀ, ਨੇ ਉਹਨਾਂ ਨੂੰ ਕਿਹਾ, “ਇੱਥੇ ਇੱਕ ਮੁੰਡਾ ਹੈ ਜਿਸ ਕੋਲ ਜੌਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ ਪਰ ਕੀ ਇਹ ਇੰਨੇ ਸਾਰੇ ਲੋਕਾਂ ਦੇ ਲਈ ਕਾਫ਼ੀ ਹਨ?” ਯਿਸੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ ।” ਉਸ ਥਾਂ ਉੱਤੇ ਘਾਹ ਬਹੁਤ ਸੀ । ਉਹਨਾਂ ਨੇ ਲੋਕਾਂ ਨੂੰ ਜਿਹਨਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਆਦਮੀ ਸਨ, ਬਿਠਾ ਦਿੱਤਾ । ਤਦ ਯਿਸੂ ਨੇ ਰੋਟੀਆਂ ਲਈਆਂ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਬੈਠੇ ਹੋਏ ਲੋਕਾਂ ਨੂੰ ਵੰਡ ਦਿੱਤੀਆਂ । ਇਸੇ ਤਰ੍ਹਾਂ ਮੱਛੀਆਂ ਵੀ ਜਿੰਨੀਆਂ ਉਹ ਚਾਹੁੰਦੇ ਸਨ ਵੰਡੀਆਂ । ਜਦੋਂ ਸਾਰਿਆਂ ਨੇ ਰੱਜ ਕੇ ਖਾ ਲਿਆ ਤਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂ ਜੋ ਕੁਝ ਵੀ ਬਰਬਾਦ ਨਾ ਹੋਵੇ ।” ਇਸ ਲਈ ਉਹਨਾਂ ਨੇ ਸਾਰੇ ਟੁਕੜੇ ਇਕੱਠੇ ਕੀਤੇ ਜਿਹਨਾਂ ਨਾਲ ਬਾਰ੍ਹਾਂ ਟੋਕਰੇ ਭਰ ਗਏ । ਇਹ ਸਭ ਪੰਜ ਜੌਂ ਦੀਆਂ ਰੋਟੀਆਂ ਵਿੱਚੋਂ ਲੋਕਾਂ ਦੇ ਖਾਣ ਦੇ ਬਾਅਦ ਬਚੇ ਸਨ । ਲੋਕਾਂ ਨੇ ਇਸ ਚਮਤਕਾਰੀ ਚਿੰਨ੍ਹ ਨੂੰ ਜੋ ਯਿਸੂ ਨੇ ਦਿਖਾਇਆ ਸੀ, ਦੇਖ ਕੇ ਕਿਹਾ, “ਸੱਚਮੁੱਚ, ਇਹ ਉਹ ਹੀ ਨਬੀ ਹੈ ਜੋ ਸੰਸਾਰ ਵਿੱਚ ਆਉਣ ਵਾਲਾ ਸੀ ।” ਯਿਸੂ ਇਹ ਮਹਿਸੂਸ ਕਰ ਕੇ ਕਿ ਲੋਕ ਉਹਨਾਂ ਨੂੰ ਆ ਕੇ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੇ ਹਨ, ਉਹ ਫਿਰ ਇਕੱਲੇ ਪਹਾੜ ਉੱਤੇ ਚਲੇ ਗਏ । ਜਦੋਂ ਸ਼ਾਮ ਹੋ ਗਈ ਤਾਂ ਯਿਸੂ ਦੇ ਚੇਲੇ ਝੀਲ ਵੱਲ ਗਏ । ਉਹ ਕਿਸ਼ਤੀ ਵਿੱਚ ਬੈਠ ਕੇ ਝੀਲ ਦੇ ਦੂਜੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ । ਹਨੇਰਾ ਹੋ ਗਿਆ ਸੀ ਪਰ ਯਿਸੂ ਅਜੇ ਤੱਕ ਉਹਨਾਂ ਦੇ ਕੋਲ ਨਹੀਂ ਆਏ ਸਨ । ਉਦੋਂ ਤੱਕ ਤੇਜ਼ ਹਨੇਰੀ ਚੱਲ ਪਈ ਸੀ ਅਤੇ ਝੀਲ ਵਿੱਚ ਲਹਿਰਾਂ ਉੱਠਣ ਲੱਗੀਆਂ ਸਨ । ਚੇਲੇ ਇਸ ਸਮੇਂ ਤੱਕ ਕੋਈ ਪੰਜ ਕਿਲੋਮੀਟਰ ਝੀਲ ਵਿੱਚ ਜਾ ਚੁੱਕੇ ਸਨ । ਉਹਨਾਂ ਨੇ ਯਿਸੂ ਨੂੰ ਪਾਣੀ ਉੱਤੇ ਚੱਲਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਦੇਖਿਆ ਅਤੇ ਉਹ ਡਰ ਗਏ । ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਡਰੋ ਨਹੀਂ, ਮੈਂ ਹਾਂ!” ਤਦ ਉਹਨਾਂ ਨੇ ਯਿਸੂ ਨੂੰ ਖ਼ੁਸ਼ੀ ਨਾਲ ਕਿਸ਼ਤੀ ਵਿੱਚ ਚੜ੍ਹਾ ਲਿਆ ਅਤੇ ਇਕਦਮ ਕਿਸ਼ਤੀ ਉੱਥੇ ਪਹੁੰਚ ਗਈ ਜਿੱਥੇ ਉਹ ਜਾਣਾ ਚਾਹੁੰਦੇ ਸਨ । ਅਗਲੇ ਦਿਨ ਜਿਹੜੀ ਭੀੜ ਝੀਲ ਦੇ ਦੂਜੇ ਪਾਸੇ ਠਹਿਰੀ ਹੋਈ ਸੀ, ਨੇ ਦੇਖਿਆ ਕਿ ਉੱਥੇ ਇੱਕ ਹੀ ਕਿਸ਼ਤੀ ਸੀ । ਉਹ ਜਾਣਦੇ ਸਨ ਕਿ ਯਿਸੂ ਕਿਸ਼ਤੀ ਵਿੱਚ ਨਹੀਂ ਚੜ੍ਹੇ, ਕੇਵਲ ਉਹਨਾਂ ਦੇ ਚੇਲੇ ਹੀ ਯਿਸੂ ਦੇ ਬਿਨਾਂ ਚਲੇ ਗਏ ਸਨ । ਪਰ ਤਿਬਿਰਿਆਸ ਤੋਂ ਕੁਝ ਹੋਰ ਕਿਸ਼ਤੀਆਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਲੋਕਾਂ ਨੇ ਪ੍ਰਭੂ ਦੇ ਧੰਨਵਾਦ ਕਰਨ ਦੇ ਬਾਅਦ ਭੋਜਨ ਕੀਤਾ ਸੀ । ਜਦੋਂ ਲੋਕਾਂ ਨੇ ਦੇਖਿਆ ਕਿ ਉੱਥੇ ਨਾ ਯਿਸੂ ਅਤੇ ਨਾ ਹੀ ਉਹਨਾਂ ਦੇ ਚੇਲੇ ਸਨ, ਉਹ ਕਿਸ਼ਤੀਆਂ ਵਿੱਚ ਬੈਠ ਕੇ ਯਿਸੂ ਨੂੰ ਲੱਭਣ ਦੇ ਲਈ ਕਫ਼ਰਨਾਹੂਮ ਵਿੱਚ ਗਏ । ਜਦੋਂ ਯਿਸੂ ਲੋਕਾਂ ਨੂੰ ਝੀਲ ਦੇ ਪਾਰ ਮਿਲ ਗਏ ਤਾਂ ਲੋਕਾਂ ਨੇ ਯਿਸੂ ਤੋਂ ਪੁੱਛਿਆ, “ਹੇ ਰੱਬੀ, ਤੁਸੀਂ ਇੱਥੇ ਕਦੋਂ ਆਏ ਸੀ?” ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ ਕਿ ਤੁਸੀਂ ਚਮਤਕਾਰੀ ਚਿੰਨ੍ਹ ਦੇਖੇ ਹਨ । ਸਗੋਂ ਇਸ ਲਈ ਕਿ ਤੁਹਾਨੂੰ ਖਾਣ ਦੇ ਲਈ ਰੋਟੀ ਮਿਲੀ ਅਤੇ ਤੁਸੀਂ ਪੇਟ ਭਰ ਕੇ ਖਾਧਾ । ਨਾਸ਼ਵਾਨ ਭੋਜਨ ਦੇ ਲਈ ਮਿਹਨਤ ਨਾ ਕਰੋ ਪਰ ਉਸ ਭੋਜਨ ਦੇ ਲਈ ਮਿਹਨਤ ਕਰੋ ਜੋ ਅਨੰਤ ਜੀਵਨ ਤੱਕ ਰਹਿੰਦਾ ਹੈ । ਉਹ ਭੋਜਨ ਮਨੁੱਖ ਦਾ ਪੁੱਤਰ ਤੁਹਾਨੂੰ ਦੇਵੇਗਾ ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ਰ ਨੇ ਆਪਣੀ ਮੋਹਰ ਲਾਈ ਹੈ ।” ਉਹਨਾਂ ਨੇ ਯਿਸੂ ਤੋਂ ਪੁੱਛਿਆ, “ਪਰਮੇਸ਼ਰ ਦੇ ਕੰਮ ਕਰਨ ਲਈ ਅਸੀਂ ਕੀ ਕਰੀਏ?” ਯਿਸੂ ਨੇ ਉੱਤਰ ਦਿੱਤਾ, “ਪਰਮੇਸ਼ਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਹਨਾਂ ਨੇ ਭੇਜਿਆ ਹੈ, ਉਸ ਵਿੱਚ ਵਿਸ਼ਵਾਸ ਕਰੋ ।” ਉਹਨਾਂ ਨੇ ਯਿਸੂ ਨੂੰ ਕਿਹਾ, “ਤੁਸੀਂ ਕਿਹੜਾ ਚਮਤਕਾਰੀ ਚਿੰਨ੍ਹ ਦਿਖਾਓਗੇ ਜਿਸ ਨੂੰ ਦੇਖ ਕੇ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਕਰੀਏ? ਤੁਸੀਂ ਕਿਹੜਾ ਕੰਮ ਕਰੋਗੇ? ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ ਖਾਧਾ ਸੀ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਪਰਮੇਸ਼ਰ ਨੇ ਉਹਨਾਂ ਨੂੰ ਖਾਣ ਲਈ ਸਵਰਗ ਵਿੱਚੋਂ ਰੋਟੀ ਦਿੱਤੀ ।’” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਰੋਟੀ ਤੁਹਾਨੂੰ ਮੂਸਾ ਨੇ ਦਿੱਤੀ ਸੀ, ਉਹ ਸਵਰਗੀ ਰੋਟੀ ਨਹੀਂ ਸੀ ਸਗੋਂ ਮੇਰੇ ਪਿਤਾ ਅਸਲੀ ਸਵਰਗੀ ਰੋਟੀ ਤੁਹਾਨੂੰ ਦਿੰਦੇ ਹਨ । ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗ ਤੋਂ ਉਤਰ ਕੇ ਸੰਸਾਰ ਨੂੰ ਜੀਵਨ ਦਿੰਦੀ ਹੈ ।” ਉਹਨਾਂ ਨੇ ਯਿਸੂ ਨੂੰ ਕਿਹਾ, “ਸ੍ਰੀਮਾਨ ਜੀ, ਇਹ ਰੋਟੀ ਸਾਨੂੰ ਰੋਜ਼ ਦਿਆ ਕਰੋ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜੀਵਨ ਦੀ ਰੋਟੀ ਮੈਂ ਹੀ ਹਾਂ । ਜੋ ਕੋਈ ਮੇਰੇ ਕੋਲ ਆਉਂਦਾ ਹੈ, ਉਹ ਕਦੀ ਭੁੱਖਾ ਨਾ ਹੋਵੇਗਾ । ਜੋ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਹ ਕਦੀ ਪਿਆਸਾ ਨਾ ਹੋਵੇਗਾ । “ਪਰ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਤੁਸੀਂ ਮੈਨੂੰ ਦੇਖ ਲਿਆ ਹੈ ਅਤੇ ਫਿਰ ਵੀ ਤੁਸੀਂ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ । ਉਹ ਹਰ ਕੋਈ ਜਿਸ ਨੂੰ ਮੇਰੇ ਪਿਤਾ ਮੈਨੂੰ ਦਿੰਦੇ ਹਨ, ਉਹ ਮੇਰੇ ਕੋਲ ਆਵੇਗਾ; ਅਤੇ ਜੋ ਮੇਰੇ ਕੋਲ ਆਵੇਗਾ ਉਸ ਨੂੰ ਮੈਂ ਕਦੀ ਨਹੀਂ ਕੱਢਾਂਗਾ । ਕਿਉਂਕਿ ਮੈਂ ਆਪਣੀ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰਾ ਕਰਨ ਦੇ ਲਈ ਆਇਆ ਹਾਂ । ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹਨਾਂ ਦੀ ਇੱਛਾ ਇਹ ਹੈ ਕਿ ਮੈਂ ਉਹਨਾਂ ਸਾਰਿਆਂ ਵਿੱਚੋਂ ਕਿਸੇ ਨੂੰ ਵੀ ਨਾ ਗਵਾਵਾਂ ਜਿਹਨਾਂ ਨੂੰ ਪਿਤਾ ਨੇ ਮੈਨੂੰ ਦਿੱਤਾ ਹੈ ਸਗੋਂ ਉਹਨਾਂ ਸਾਰਿਆਂ ਨੂੰ ਅੰਤਮ ਦਿਨ ਮੈਂ ਫਿਰ ਜਿਊਂਦਾ ਕਰਾਂ । ਮੇਰੇ ਪਿਤਾ ਦੀ ਇੱਛਾ ਇਹ ਹੈ ਕਿ ਹਰ ਕੋਈ ਜੋ ਪੁੱਤਰ ਨੂੰ ਦੇਖਦਾ ਹੈ ਅਤੇ ਉਸ ਵਿੱਚ ਵਿਸ਼ਵਾਸ ਕਰਦਾ ਹੈ ਅਨੰਤ ਜੀਵਨ ਪਾਵੇ ਅਤੇ ਅੰਤਮ ਦਿਨ ਮੈਂ ਉਸ ਨੂੰ ਫਿਰ ਜਿਉੂਂਦਾ ਕਰਾਂਗਾ ।” ਯਹੂਦੀ ਯਿਸੂ ਉੱਤੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਹਨਾਂ ਨੇ ਕਿਹਾ ਸੀ, “ਮੈਂ ਸਵਰਗ ਤੋਂ ਉਤਰੀ ਹੋਈ ਰੋਟੀ ਹਾਂ ।” ਉਹ ਆਪਸ ਵਿੱਚ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਯਿਸੂ ਨਹੀਂ ਹੈ? ਕੀ ਅਸੀਂ ਇਸ ਦੇ ਮਾਤਾ-ਪਿਤਾ ਨੂੰ ਨਹੀਂ ਜਾਣਦੇ? ਫਿਰ ਹੁਣ ਇਹ ਕਿਸ ਤਰ੍ਹਾਂ ਕਹਿ ਰਿਹਾ ਹੈ ‘ਕਿ ਮੈਂ ਸਵਰਗ ਤੋਂ ਉਤਰਿਆ ਹਾਂ’?” ਯਿਸੂ ਨੇ ਉਹਨਾਂ ਨੂੰ ਕਿਹਾ, “ਆਪਸ ਵਿੱਚ ਨਾ ਬੁੜਬੁੜਾਓ । ਕੋਈ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤੱਕ ਕਿ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਸ ਨੂੰ ਮੇਰੇ ਵੱਲ ਆਉਣ ਲਈ ਪ੍ਰੇਰਤ ਨਾ ਕਰਨ । ਮੈਂ ਉਸ ਨੂੰ ਅੰਤਮ ਦਿਨ ਜਿਉੂਂਦਾ ਕਰਾਂਗਾ । ਨਬੀਆਂ ਦੀਆਂ ਪੁਸਤਕਾਂ ਵਿੱਚ ਵੀ ਲਿਖਿਆ ਹੈ, ‘ਪਰਮੇਸ਼ਰ ਉਹਨਾਂ ਸਾਰਿਆਂ ਨੂੰ ਸਿਖਾਉਣਗੇ ।’ ਉਹ ਸਾਰੇ ਜੋ ਪਿਤਾ ਦੀ ਸੁਣਦੇ ਅਤੇ ਉਹਨਾਂ ਕੋਲੋਂ ਸਿੱਖਦੇ ਹਨ, ਉਹ ਮੇਰੇ ਕੋਲ ਆਉਂਦੇ ਹਨ । ਇਸ ਦਾ ਅਰਥ ਇਹ ਨਹੀਂ ਕਿ ਕਿਸੇ ਨੇ ਪਿਤਾ ਨੂੰ ਦੇਖਿਆ ਹੈ । ਕੇਵਲ ਉਸ ਨੇ ਜੋ ਪਰਮੇਸ਼ਰ ਕੋਲੋਂ ਆਇਆ ਹੈ, ਪਿਤਾ ਨੂੰ ਦੇਖਿਆ ਹੈ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਉਹ ਜੋ ਵਿਸ਼ਵਾਸ ਕਰਦਾ ਹੈ, ਅਨੰਤ ਜੀਵਨ ਉਸ ਦਾ ਹੈ । ਮੈਂ ਹੀ ਜੀਵਨ ਦੀ ਰੋਟੀ ਹਾਂ । ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੱਨਾ ਖਾਧਾ ਪਰ ਉਹ ਮਰ ਗਏ । ਪਰ ਇਹ ਉਹ ਰੋਟੀ ਹੈ ਜੋ ਸਵਰਗ ਤੋਂ ਉਤਰੀ ਹੈ । ਜੋ ਵੀ ਇਸ ਨੂੰ ਖਾਵੇਗਾ ਉਹ ਮਰੇਗਾ ਨਹੀਂ । ਮੈਂ ਹੀ ਜੀਵਨ ਦੀ ਰੋਟੀ ਹਾਂ ਜੋ ਸਵਰਗ ਤੋਂ ਉਤਰੀ ਹੈ । ਜੋ ਕੋਈ ਵੀ ਇਹ ਰੋਟੀ ਖਾਵੇਗਾ, ਉਹ ਅਨੰਤ ਕਾਲ ਤੱਕ ਜਿਉੂਂਦਾ ਰਹੇਗਾ ਅਤੇ ਜੋ ਰੋਟੀ ਮੈਂ ਉਸ ਨੂੰ ਦੇਵਾਂਗਾ ਉਹ ਮੇਰਾ ਆਪਣਾ ਸਰੀਰ ਹੈ ਜੋ ਮੈਂ ਸੰਸਾਰ ਦੇ ਜੀਵਨ ਦੇ ਲਈ ਦੇਵਾਂਗਾ ।” ਤਦ ਯਹੂਦੀ ਆਪਸ ਵਿੱਚ ਬਹਿਸ ਕਰਨ ਲੱਗੇ, “ਇਹ ਆਪਣਾ ਸਰੀਰ ਸਾਨੂੰ ਖਾਣ ਲਈ ਕਿਸ ਤਰ੍ਹਾਂ ਦੇ ਸਕਦਾ ਹੈ?” ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ, ਜਦੋਂ ਤੱਕ ਤੁਸੀਂ ਮਨੁੱਖ ਦੇ ਪੁੱਤਰ ਦਾ ਸਰੀਰ ਨਹੀਂ ਖਾਵੋਗੇ ਅਤੇ ਉਸ ਦਾ ਖ਼ੂਨ ਨਹੀਂ ਪੀਵੋਗੇ, ਤੁਹਾਡੇ ਕੋਲ ਜੀਵਨ ਨਹੀਂ ਹੈ । ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਅਨੰਤ ਜੀਵਨ ਉਸ ਦਾ ਹੀ ਹੈ । ਮੈਂ ਉਸ ਨੂੰ ਅੰਤਮ ਦਿਨ ਫਿਰ ਜੀਵਨ ਦੇਵਾਂਗਾ । ਮੇਰਾ ਸਰੀਰ ਅਸਲੀ ਭੋਜਨ ਹੈ ਅਤੇ ਮੇਰਾ ਖ਼ੂਨ ਅਸਲੀ ਪੀਣ ਵਾਲੀ ਚੀਜ਼ ਹੈ । ਉਹ ਜਿਹੜਾ ਮੇਰਾ ਸਰੀਰ ਖਾਂਦਾ ਅਤੇ ਮੇਰਾ ਖ਼ੂਨ ਪੀਂਦਾ ਹੈ, ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ । ਜਿਸ ਤਰ੍ਹਾਂ ਜਿਊਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਉਹਨਾਂ ਦੇ ਕਾਰਨ ਜਿਊਂਦਾ ਹਾਂ; ਉਸੇ ਤਰ੍ਹਾਂ ਉਹ ਜਿਹੜਾ ਮੈਨੂੰ ਖਾਂਦਾ ਹੈ, ਮੇਰੇ ਕਾਰਨ ਜਿਉੂਂਦਾ ਰਹੇਗਾ । ਇਹ ਹੀ ਰੋਟੀ ਹੈ ਜਿਹੜੀ ਸਵਰਗ ਤੋਂ ਉਤਰੀ ਹੈ । ਇਹ ਉਸ ਤਰ੍ਹਾਂ ਦੀ ਨਹੀਂ ਹੈ ਜਿਹੜੀ ਤੁਹਾਡੇ ਪੁਰਖਿਆਂ ਨੇ ਖਾਧੀ ਸੀ ਅਤੇ ਉਹ ਮਰ ਗਏ ਸਨ । ਜੋ ਕੋਈ ਇਹ ਰੋਟੀ ਖਾਂਦਾ ਹੈ, ਉਹ ਅਨੰਤ ਕਾਲ ਤੱਕ ਜੀਵੇਗਾ ।” ਇਹ ਸਭ ਗੱਲਾਂ ਯਿਸੂ ਨੇ ਕਫ਼ਰਨਾਹੂਮ ਦੇ ਪ੍ਰਾਰਥਨਾ ਘਰ ਵਿੱਚ ਸਿੱਖਿਆ ਦਿੰਦੇ ਸਮੇਂ ਕਹੀਆਂ । ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਸੁਣਿਆ ਅਤੇ ਉਹ ਕਹਿਣ ਲੱਗੇ, “ਇਹ ਬਹੁਤ ਹੀ ਕਠੋਰ ਸਿੱਖਿਆ ਹੈ । ਇਸ ਨੂੰ ਕੌਣ ਸਵੀਕਾਰ ਕਰ ਸਕਦਾ ਹੈ?” ਯਿਸੂ ਆਪਣੇ ਆਪ ਇਹ ਜਾਣ ਗਏ ਕਿ ਮੇਰੇ ਚੇਲੇ ਮੇਰੇ ਬਾਰੇ ਬੁੜਬੁੜਾ ਰਹੇ ਹਨ ਅਤੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਸ ਤੋਂ ਠੋਕਰ ਲੱਗੀ ਹੈ? ਪਰ ਜੇਕਰ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਪਰ ਜਾਂਦੇ ਦੇਖੋਗੇ, ਜਿੱਥੇ ਉਹ ਪਹਿਲਾਂ ਸੀ ਤਦ ਕੀ ਹੋਵੇਗਾ? ਆਤਮਾ ਜੀਵਨ ਦਿੰਦਾ ਹੈ, ਸਰੀਰ ਨਹੀਂ । ਜਿਹੜੇ ਸ਼ਬਦ ਮੈਂ ਤੁਹਾਨੂੰ ਕਹੇ ਹਨ, ਉਹ ਆਤਮਾ ਅਤੇ ਜੀਵਨ ਹਨ । ਪਰ ਫਿਰ ਵੀ ਤੁਹਾਡੇ ਵਿੱਚੋਂ ਕੁਝ ਹਨ ਜੋ ਵਿਸ਼ਵਾਸ ਨਹੀਂ ਕਰਦੇ ।” (ਕਿਉਂਕਿ ਯਿਸੂ ਸ਼ੁਰੂ ਤੋਂ ਹੀ ਜਾਣਦੇ ਸਨ ਕਿ ਉਹ ਕੌਣ ਹਨ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਅਤੇ ਕੌਣ ਉਹਨਾਂ ਨੂੰ ਫੜਵਾਏਗਾ ।) ਫਿਰ ਯਿਸੂ ਨੇ ਕਿਹਾ, “ਇਸੇ ਲਈ ਮੈਂ ਤੁਹਾਨੂੰ ਕਿਹਾ ਸੀ, ਕੋਈ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਕਿ ਪਿਤਾ ਕੋਲੋਂ ਉਸ ਨੂੰ ਇਹ ਵਰਦਾਨ ਨਾ ਮਿਲੇ ।” ਇਸ ਦੇ ਬਾਅਦ ਯਿਸੂ ਦੇ ਬਹੁਤ ਸਾਰੇ ਚੇਲਿਆਂ ਨੇ ਉਹਨਾਂ ਦਾ ਸਾਥ ਛੱਡ ਦਿੱਤਾ ਅਤੇ ਉਹ ਫਿਰ ਉਹਨਾਂ ਦੇ ਨਾਲ ਨਾ ਗਏ । ਤਦ ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ?” ਸ਼ਮਊਨ ਪਤਰਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ, ਤੁਹਾਡੇ ਕੋਲ ਤਾਂ ਅਨੰਤ ਜੀਵਨ ਦੇਣ ਵਾਲੇ ਸ਼ਬਦ ਹਨ । ਅਸੀਂ ਵਿਸ਼ਵਾਸ ਕਰ ਲਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਪਵਿੱਤਰ ਮਨੁੱਖ ਹੋ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਬਾਰ੍ਹਾਂ ਨੂੰ ਨਹੀਂ ਚੁਣਿਆ? ਫਿਰ ਵੀ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ ।” ਇਹ ਯਿਸੂ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਦੇ ਬਾਰੇ ਕਿਹਾ ਸੀ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਅਤੇ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ । ਇਹਨਾਂ ਗੱਲਾਂ ਦੇ ਬਾਅਦ ਯਿਸੂ ਗਲੀਲ ਦੇ ਇਲਾਕੇ ਵਿੱਚ ਯਾਤਰਾ ਕਰਨ ਗਏ । ਉਹ ਯਹੂਦਿਯਾ ਦੇ ਇਲਾਕੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਕਿਉਂਕਿ ਯਹੂਦੀ ਉਹਨਾਂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ । ਯਹੂਦੀਆਂ ਦਾ ਡੇਰਿਆਂ ਦਾ ਤਿਉਹਾਰ ਨੇੜੇ ਸੀ । ਇਸ ਲਈ ਯਿਸੂ ਦੇ ਭਰਾਵਾਂ ਨੇ ਉਹਨਾਂ ਨੂੰ ਕਿਹਾ, “ਇਸ ਥਾਂ ਨੂੰ ਛੱਡ ਕੇ ਯਹੂਦਿਯਾ ਦੇ ਇਲਾਕੇ ਵਿੱਚ ਜਾਓ ਤਾਂ ਜੋ ਤੁਹਾਡੇ ਚੇਲੇ ਇਹ ਸਾਰੇ ਕੰਮ ਦੇਖਣ ਜੋ ਤੁਸੀਂ ਕਰ ਰਹੇ ਹੋ । ਜੇਕਰ ਕੋਈ ਪ੍ਰਸਿੱਧ ਹੋਣਾ ਚਾਹੁੰਦਾ ਹੈ ਤਾਂ ਉਹ ਉਹਨਾਂ ਕੰਮਾਂ ਨੂੰ ਲੁਕਾਉਂਦਾ ਨਹੀਂ ਜਿਹੜੇ ਉਹ ਕਰਦਾ ਹੈ । ਕਿਉਂਕਿ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ, ਇਸ ਲਈ ਸਾਰੇ ਸੰਸਾਰ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਹੋਣ ਦਿਓ ।” (ਕਿਉਂਕਿ ਯਿਸੂ ਦੇ ਭਰਾ ਵੀ ਉਹਨਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ ।) ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ਪਰ ਤੁਹਾਡੇ ਲਈ ਹਰ ਸਮਾਂ ਉਚਿਤ ਹੈ । ਸੰਸਾਰ ਤੁਹਾਨੂੰ ਨਫ਼ਰਤ ਨਹੀਂ ਕਰ ਸਕਦਾ ਪਰ ਮੈਨੂੰ ਨਫ਼ਰਤ ਕਰਦਾ ਹੈ ਕਿਉਂਕਿ ਮੈਂ ਉਸ ਦੇ ਬੁਰੇ ਕੰਮਾਂ ਬਾਰੇ ਗਵਾਹੀ ਦਿੰਦਾ ਹਾਂ । ਤੁਸੀਂ ਤਿਉਹਾਰ ਦੇ ਲਈ ਜਾਓ, ਮੈਂ ਇਸ ਤਿਉਹਾਰ ਦੇ ਲਈ ਅਜੇ ਨਹੀਂ ਜਾ ਰਿਹਾ ਕਿਉਂਕਿ ਮੇਰਾ ਉਚਿਤ ਸਮਾਂ ਅਜੇ ਨਹੀਂ ਆਇਆ ।” ਉਹਨਾਂ ਨੂੰ ਇਹ ਕਹਿ ਕੇ ਯਿਸੂ ਗਲੀਲ ਵਿੱਚ ਹੀ ਰਹਿ ਗਏ । ਜਦੋਂ ਯਿਸੂ ਦੇ ਭਰਾ ਤਿਉਹਾਰ ਦੇ ਲਈ ਚਲੇ ਗਏ ਤਾਂ ਉਹ ਵੀ ਗੁਪਤ ਤੌਰ ਤੇ ਉੱਥੇ ਗਏ ਪਰ ਖੁੱਲ੍ਹੇਆਮ ਨਹੀਂ । ਇਸ ਲਈ ਯਹੂਦੀ ਆਗੂ ਉਹਨਾਂ ਨੂੰ ਤਿਉਹਾਰ ਵਿੱਚ ਲੱਭ ਰਹੇ ਸਨ । ਉਹ ਪੁੱਛ ਰਹੇ ਸਨ, “ਉਹ ਕਿੱਥੇ ਹੈ?” ਲੋਕਾਂ ਵਿੱਚ ਯਿਸੂ ਦੇ ਬਾਰੇ ਬਹੁਤ ਕਾਨਾਫੂਸੀ ਹੋ ਰਹੀ ਸੀ, ਕੁਝ ਕਹਿੰਦੇ ਸਨ, “ਉਹ ਇੱਕ ਭਲਾ ਆਦਮੀ ਹੈ,” ਕੁਝ ਹੋਰ ਕਹਿੰਦੇ ਸਨ, “ਨਹੀਂ, ਉਹ ਲੋਕਾਂ ਨੂੰ ਭਰਮਾਉਂਦਾ ਹੈ ।” ਪਰ ਕੋਈ ਵੀ ਖੁੱਲ੍ਹੇਆਮ ਉਹਨਾਂ ਦੇ ਬਾਰੇ ਕੁਝ ਨਹੀਂ ਕਹਿੰਦਾ ਸੀ ਕਿਉਂਕਿ ਉਹ ਯਹੂਦੀ ਆਗੂਆਂ ਤੋਂ ਡਰਦੇ ਸਨ । ਜਦੋਂ ਤਿਉਹਾਰ ਦੇ ਅੱਧੇ ਦਿਨ ਸਮਾਪਤ ਹੋ ਗਏ ਤਾਂ ਯਿਸੂ ਹੈਕਲ ਵਿੱਚ ਗਏ ਅਤੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ । ਤਦ ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਪੜ੍ਹਾਈ ਕੀਤੇ ਇਸ ਨੇ ਇਹ ਗਿਆਨ ਕਿੱਥੋਂ ਲਿਆ?” ਯਿਸੂ ਨੇ ਉੱਤਰ ਦਿੱਤਾ, “ਜੋ ਸਿੱਖਿਆ ਮੈਂ ਦਿੰਦਾ ਹਾਂ, ਇਹ ਮੇਰੀ ਨਹੀਂ ਸਗੋਂ ਮੇਰੇ ਭੇਜਣ ਵਾਲੇ ਦੀ ਹੈ । ਜੋ ਕੋਈ ਵੀ ਪਰਮੇਸ਼ਰ ਦੀ ਇੱਛਾ ਪੂਰੀ ਕਰਨਾ ਚਾਹੁੰਦਾ ਹੈ, ਉਹ ਇਸ ਸਿੱਖਿਆ ਦੇ ਬਾਰੇ ਜਾਣ ਜਾਵੇਗਾ ਕਿ ਇਹ ਪਰਮੇਸ਼ਰ ਦੇ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਕਹਿ ਰਿਹਾ ਹਾਂ । ਜੋ ਕੋਈ ਆਪਣੇ ਵੱਲੋਂ ਬੋਲਦਾ ਹੈ, ਉਹ ਆਪਣੀ ਵਡਿਆਈ ਚਾਹੁੰਦਾ ਹੈ । ਪਰ ਜੋ ਕੋਈ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ ਅਤੇ ਉਸ ਵਿੱਚ ਕੋਈ ਕਪਟ ਨਹੀਂ ਹੈ । ਕੀ ਮੂਸਾ ਨੇ ਤੁਹਾਨੂੰ ਵਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਉਸ ਉੱਤੇ ਨਹੀਂ ਚੱਲਦਾ । ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?” ਭੀੜ ਨੇ ਉੱਤਰ ਦਿੱਤਾ, “ਤੇਰੇ ਵਿੱਚ ਅਸ਼ੁੱਧ ਆਤਮਾ ਹੈ! ਕੌਣ ਤੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ?” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਇੱਕ ਹੀ ਕੰਮ ਕੀਤਾ ਹੈ ਅਤੇ ਤੁਸੀਂ ਹੈਰਾਨ ਹੋ । ਨਿਰਸੰਦੇਹ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਭਾਵੇਂ ਅਸਲ ਵਿੱਚ ਮੂਸਾ ਤੋਂ ਨਹੀਂ ਸਗੋਂ ਤੁਹਾਡੇ ਪੁਰਖਿਆਂ ਤੋਂ ਇਸ ਦਾ ਆਰੰਭ ਹੋਇਆ) ਅਤੇ ਤੁਸੀਂ ਸਬਤ ਦੇ ਦਿਨ ਬਾਲਕ ਦੀ ਸੁੰਨਤ ਕਰਦੇ ਹੋ । ਜੇਕਰ ਤੁਸੀਂ ਬਾਲਕ ਦੀ ਸੁੰਨਤ ਸਬਤ ਵਾਲੇ ਦਿਨ ਇਸ ਲਈ ਕਰਦੇ ਹੋ ਕਿ ਮੂਸਾ ਦੀ ਵਿਵਸਥਾ ਦੀ ਉਲੰਘਣਾ ਨਾ ਹੋਵੇ, ਫਿਰ ਤੁਸੀਂ ਮੇਰੇ ਉੱਤੇ ਗੁੱਸੇ ਕਿਉਂ ਹੋ ਰਹੇ ਹੋ ਕਿ ਮੈਂ ਇੱਕ ਆਦਮੀ ਨੂੰ ਸਬਤ ਦੇ ਦਿਨ ਚੰਗਾ ਕੀਤਾ ਹੈ? ਬਾਹਰੀ ਰੂਪ ਦੇਖ ਕੇ ਨਿਆਂ ਨਾ ਕਰੋ ਸਗੋਂ ਸੱਚਾ ਨਿਆਂ ਸੱਚਾਈ ਨਾਲ ਕਰੋ ।” ਯਰੂਸ਼ਲਮ ਦੇ ਕੁਝ ਰਹਿਣ ਵਾਲਿਆਂ ਨੇ ਕਿਹਾ, “ਕੀ ਇਹ ਉਹ ਹੀ ਨਹੀਂ ਹਨ ਜਿਹਨਾਂ ਨੂੰ ਅਧਿਕਾਰੀ ਮਾਰਨਾ ਚਾਹੁੰਦੇ ਹਨ? ਪਰ ਦੇਖੋ, ਇਹ ਖੁੱਲ੍ਹੇਆਮ ਬੋਲ ਰਹੇ ਹਨ ਅਤੇ ਕੋਈ ਵੀ ਇਹਨਾਂ ਨੂੰ ਕੁਝ ਨਹੀਂ ਕਹਿੰਦਾ । ਕਿਤੇ ਅਧਿਕਾਰੀ ਲੋਕ ਸੱਚ ਹੀ ਤਾਂ ਨਹੀਂ ਮੰਨ ਗਏ ਕਿ ਇਹ ਹੀ ਮਸੀਹ ਹਨ? ਇਸ ਦੇ ਬਾਰੇ ਅਸੀਂ ਜਾਣਦੇ ਹਾਂ ਕਿ ਇਹ ਕਿੱਥੋਂ ਆਏ ਹਨ । ਪਰ ਜਦੋਂ ਮਸੀਹ ਆਉਣਗੇ, ਕੋਈ ਨਹੀਂ ਜਾਣੇਗਾ ਕਿ ਉਹ ਕਿੱਥੋਂ ਆਏ ਹਨ ।” ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਦੇ ਨਾਲ ਕਿਹਾ, “ਤੁਸੀਂ ਮੈਨੂੰ ਜਾਣਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੱਥੋਂ ਆਇਆ ਹਾਂ? ਮੈਂ ਆਪਣੇ ਆਪ ਨਹੀਂ ਆਇਆ । ਜਿਹਨਾਂ ਨੇ ਮੈਨੂੰ ਭੇਜਿਆ ਹੈ ਉਹ ਸੱਚੇ ਹਨ ਪਰ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ । ਮੈਂ ਉਹਨਾਂ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਹਨਾਂ ਦੇ ਵੱਲੋਂ ਆਇਆ ਹਾਂ ਅਤੇ ਉਹਨਾਂ ਨੇ ਮੈਨੂੰ ਭੇਜਿਆ ਹੈ ।” ਤਦ ਲੋਕਾਂ ਨੇ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਉਹਨਾਂ ਉੱਤੇ ਹੱਥ ਨਾ ਪਾ ਸਕਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ । ਪਰ ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਉਹ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਆਦਮੀ ਨਾਲੋਂ ਵੱਧ ਚਮਤਕਾਰੀ ਚਿੰਨ੍ਹ ਦਿਖਾਵੇਗਾ?” ਫ਼ਰੀਸੀਆਂ ਨੇ ਲੋਕਾਂ ਨੂੰ ਯਿਸੂ ਦੇ ਬਾਰੇ ਇਹ ਗੱਲਾਂ ਕਰਦੇ ਸੁਣਿਆ ਤਾਂ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਹੈਕਲ ਦੇ ਪਹਿਰੇਦਾਰਾਂ ਨੂੰ ਯਿਸੂ ਨੂੰ ਫੜਨ ਲਈ ਭੇਜਿਆ । ਪਰ ਯਿਸੂ ਨੇ ਲੋਕਾਂ ਨੂੰ ਕਿਹਾ, “ਥੋੜ੍ਹੇ ਸਮੇਂ ਦੇ ਲਈ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਉਹਨਾਂ ਕੋਲ ਜਾਵਾਂਗਾ ਜਿਹਨਾਂ ਨੇ ਮੈਨੂੰ ਭੇਜਿਆ ਹੈ । ਤੁਸੀਂ ਮੈਨੂੰ ਲੱਭੋਗੇ ਪਰ ਲੱਭ ਨਹੀਂ ਸਕੋਗੇ । ਕਿਉਂਕਿ ਜਿੱਥੇ ਮੈਂ ਹੋਵਾਂਗਾ, ਤੁਸੀਂ ਉੱਥੇ ਨਹੀਂ ਆ ਸਕੋਗੇ ।” ਤਦ ਯਹੂਦੀ ਆਪਸ ਵਿੱਚ ਕਹਿਣ ਲੱਗੇ, “ਇਹ ਕਿੱਥੇ ਜਾਣ ਦੀ ਸੋਚ ਰਿਹਾ ਹੈ ਕਿ ਅਸੀਂ ਇਸ ਨੂੰ ਨਹੀਂ ਲੱਭ ਸਕਾਂਗੇ । ਕੀ ਇਹ ਸਾਡੇ ਲੋਕਾਂ ਕੋਲ ਯੂਨਾਨੀ ਸ਼ਹਿਰਾਂ ਵਿੱਚ ਜਾਵੇਗਾ ਅਤੇ ਯੂਨਾਨੀਆਂ ਨੂੰ ਵੀ ਸਿੱਖਿਆ ਦੇਵੇਗਾ? ਇਸ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਕਿ, ‘ਤੁਸੀਂ ਮੈਨੂੰ ਲੱਭੋਗੇ, ਪਰ ਨਹੀਂ ਲੱਭ ਸਕੋਗੇ’ ਅਤੇ ‘ਜਿੱਥੇ ਮੈਂ ਹੋਵਾਂਗਾ ਤੁਸੀਂ ਉੱਥੇ ਨਹੀਂ ਆ ਸਕੋਗੇ’?” ਤਿਉਹਾਰ ਦੇ ਅੰਤਮ ਅਤੇ ਪ੍ਰਮੁੱਖ ਦਿਨ ਯਿਸੂ ਨੇ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਕਿਹਾ, “ਜੇਕਰ ਕੋਈ ਪਿਆਸਾ ਹੈ ਤਾਂ ਉਹ ਮੇਰੇ ਕੋਲ ਆਵੇ ਅਤੇ ਪੀਵੇ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਉਹ ਜਿਹੜਾ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦੇ ਅੰਦਰੋਂ ਜੀਵਨ ਦੇ ਜਲ ਦੀਆਂ ਨਦੀਆਂ ਵਗ ਪੈਣਗੀਆਂ ।’” ਯਿਸੂ ਨੇ ਇਹ ਪਵਿੱਤਰ ਆਤਮਾ ਦੇ ਬਾਰੇ ਕਿਹਾ ਜਿਸ ਨੂੰ ਉਹਨਾਂ ਦੇ ਵਿਸ਼ਵਾਸੀ ਪ੍ਰਾਪਤ ਕਰਨ ਵਾਲੇ ਸਨ ਕਿਉਂਕਿ ਅਜੇ ਤੱਕ ਪਵਿੱਤਰ ਆਤਮਾ ਕਿਸੇ ਨੂੰ ਨਹੀਂ ਦਿੱਤਾ ਗਿਆ ਸੀ ਕਿਉਂਕਿ ਯਿਸੂ ਅਜੇ ਤੱਕ ਆਪਣੀ ਮਹਿਮਾ ਤੱਕ ਨਹੀਂ ਪਹੁੰਚੇ ਸਨ । ਉਹਨਾਂ ਨੂੰ ਇਹ ਕਹਿੰਦੇ ਹੋਏ ਸੁਣ ਕੇ ਭੀੜ ਵਿੱਚੋਂ ਕੁਝ ਲੋਕਾਂ ਨੇ ਕਿਹਾ, “ਇਹ ਆਦਮੀ ਸੱਚਮੁੱਚ ਨਬੀ ਹੈ!” ਕੁਝ ਹੋਰਨਾਂ ਨੇ ਕਿਹਾ, “ਇਹ ਮਸੀਹ ਹੈ ।” ਪਰ ਕੁਝ ਲੋਕ ਕਹਿਣ ਲੱਗੇ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ? ਕੀ ਪਵਿੱਤਰ-ਗ੍ਰੰਥ ਇਸ ਦੇ ਬਾਰੇ ਇਸ ਤਰ੍ਹਾਂ ਨਹੀਂ ਕਹਿੰਦਾ, ਮਸੀਹ ਦਾਊਦ ਦੀ ਕੁਲ ਵਿੱਚੋਂ ਹੋਵੇਗਾ ਅਤੇ ਉਹ ਬੈਤਲਹਮ ਪਿੰਡ ਵਿੱਚ ਪੈਦਾ ਹੋਵੇਗਾ ਜਿੱਥੇ ਦਾਊਦ ਆਪ ਰਹਿੰਦਾ ਸੀ?” ਇਸ ਤਰ੍ਹਾਂ ਯਿਸੂ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ । ਕੁਝ ਲੋਕ ਉਹਨਾਂ ਨੂੰ ਫੜਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਕਿਸੇ ਨੇ ਹੱਥ ਨਾ ਲਾਇਆ । ਇਸ ਲਈ ਹੈਕਲ ਦੇ ਪਹਿਰੇਦਾਰ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਕੋਲ ਵਾਪਸ ਚਲੇ ਗਏ । ਉਹਨਾਂ ਨੇ ਪਹਿਰੇਦਾਰਾਂ ਤੋਂ ਪੁੱਛਿਆ, “ਤੁਸੀਂ ਉਸ ਨੂੰ ਆਪਣੇ ਨਾਲ ਕਿਉਂ ਨਹੀਂ ਲਿਆਏ?” ਪਹਿਰੇਦਾਰਾਂ ਨੇ ਉੱਤਰ ਦਿੱਤਾ, “ਇਸ ਮਨੁੱਖ ਦੇ ਵਾਂਗ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ ।” ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਕੀ ਤੁਸੀਂ ਵੀ ਕਿਤੇ ਭਰਮ ਵਿੱਚ ਤਾਂ ਨਹੀਂ ਫਸ ਗਏ? ਕੀ ਅਧਿਕਾਰੀਆਂ ਵਿੱਚੋਂ ਕਿਸੇ ਨੇ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਉਸ ਵਿੱਚ ਵਿਸ਼ਵਾਸ ਕੀਤਾ ਹੈ? ਬਾਕੀ ਰਹੀ ਭੀੜ ਦੀ ਗੱਲ, ਇਹ ਤਾਂ ਵਿਵਸਥਾ ਨੂੰ ਨਹੀਂ ਜਾਣਦੀ, ਇਹ ਤਾਂ ਪਰਮੇਸ਼ਰ ਦੇ ਸਰਾਪ ਹੇਠ ਹੈ ।” ਨਿਕੁਦੇਮੁਸ ਜੋ ਉਹਨਾਂ ਵਿੱਚੋਂ ਇੱਕ ਸੀ ਅਤੇ ਉਹ ਯਿਸੂ ਕੋਲ ਪਹਿਲਾਂ ਜਾ ਚੁੱਕਾ ਸੀ, ਉਸ ਨੇ ਉਹਨਾਂ ਨੂੰ ਕਿਹਾ, “ਕੀ ਸਾਡੀ ਵਿਵਸਥਾ ਕਿਸੇ ਆਦਮੀ ਨੂੰ, ਜਦੋਂ ਤੱਕ ਕਿ ਪਹਿਲਾਂ ਉਸ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਹ ਕੀ ਕਰਦਾ ਹੈ, ਦੋਸ਼ੀ ਠਹਿਰਾਉਂਦੀ ਹੈ?” ਉਹਨਾਂ ਨੇ ਨਿਕੁਦੇਮੁਸ ਨੂੰ ਉੱਤਰ ਦਿੱਤਾ, “ਕੀ ਤੂੰ ਵੀ ਗਲੀਲ ਦਾ ਰਹਿਣ ਵਾਲਾ ਹੈਂ? ਪਵਿੱਤਰ-ਗ੍ਰੰਥ ਨੂੰ ਧਿਆਨ ਨਾਲ ਪੜ੍ਹ ਅਤੇ ਦੇਖ ਕਿ ਕੋਈ ਵੀ ਨਬੀ ਗਲੀਲ ਵਿੱਚ ਪੈਦਾ ਨਹੀਂ ਹੋਇਆ ।” [ ਇਸ ਦੇ ਬਾਅਦ ਹਰ ਕੋਈ ਆਪਣੇ ਆਪਣੇ ਘਰ ਨੂੰ ਚਲਾ ਗਿਆ । ਫਿਰ ਯਿਸੂ ਜ਼ੈਤੂਨ ਦੇ ਪਹਾੜ ਵੱਲ ਚਲੇ ਗਏ । ਅਗਲੇ ਦਿਨ ਸਵੇਰੇ ਉਹ ਦੁਬਾਰਾ ਹੈਕਲ ਵਿੱਚ ਗਏ । ਸਾਰੇ ਲੋਕ ਉਹਨਾਂ ਦੇ ਕੋਲ ਇਕੱਠੇ ਹੋ ਗਏ ਅਤੇ ਉਹ ਉਹਨਾਂ ਨੂੰ ਬੈਠ ਕੇ ਸਿੱਖਿਆ ਦੇਣ ਲੱਗੇ । ਵਿਵਸਥਾ ਦੇ ਸਿੱਖਿਅਕ ਅਤੇ ਫ਼ਰੀਸੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਕਰਦੀ ਹੋਈ ਫੜੀ ਗਈ ਸੀ । ਉਹਨਾਂ ਨੇ ਉਸ ਔਰਤ ਨੂੰ ਵਿਚਕਾਰ ਖੜ੍ਹਾ ਕਰ ਕੇ ਕਿਹਾ, “ਗੁਰੂ ਜੀ, ਇਹ ਔਰਤ ਵਿਭਚਾਰ ਕਰਦੀ ਹੋਈ ਫੜੀ ਗਈ ਹੈ । ਸਾਡੀ ਵਿਵਸਥਾ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਹੈ ਕਿ ਇਹੋ ਜਿਹੀਆਂ ਔਰਤਾਂ ਨੂੰ ਪਥਰਾਓ ਕਰ ਕੇ ਮਾਰ ਦਿੱਤਾ ਜਾਵੇ । ਪਰ ਤੁਸੀਂ ਕੀ ਕਹਿੰਦੇ ਹੋ?” ਇਹ ਉਹਨਾਂ ਨੇ ਯਿਸੂ ਨੂੰ ਪਰਖਣ ਦੇ ਲਈ ਕਿਹਾ ਕਿ ਉਹ ਯਿਸੂ ਦੇ ਉੱਤੇ ਕੋਈ ਦੋਸ਼ ਲਾ ਸਕਣ । ਪਰ ਯਿਸੂ ਝੁਕ ਕੇ ਉਂਗਲੀ ਦੇ ਨਾਲ ਜ਼ਮੀਨ ਦੇ ਉੱਤੇ ਕੁਝ ਲਿਖਣ ਲੱਗੇ । ਪਰ ਜਦੋਂ ਉਹ ਲੋਕ ਉੱਥੇ ਖੜ੍ਹੇ ਯਿਸੂ ਤੋਂ ਪੁੱਛਦੇ ਹੀ ਰਹੇ ਤਾਂ ਉਹਨਾਂ ਨੇ ਆਪਣਾ ਸਿਰ ਉਤਾਂਹ ਚੁੱਕ ਕੇ ਉਹਨਾਂ ਨੇ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨੂੰ ਕਿਹਾ, “ਤੁਹਾਡੇ ਵਿੱਚੋਂ ਜੋ ਕੋਈ ਵੀ ਬਿਨਾਂ ਪਾਪ ਦੇ ਹੈ, ਉਹ ਹੀ ਇਸ ਨੂੰ ਪਹਿਲਾ ਪੱਥਰ ਮਾਰੇ ।” ਇਹ ਕਹਿ ਕੇ ਉਹ ਫਿਰ ਝੁੱਕ ਕੇ ਜ਼ਮੀਨ ਦੇ ਉੱਤੇ ਲਿਖਣ ਲੱਗੇ । ਇਹ ਸੁਣ ਕੇ ਵੱਡਿਆਂ ਤੋਂ ਸ਼ੁਰੂ ਕਰ ਕੇ ਛੋਟਿਆਂ ਤੱਕ, ਸਾਰੇ ਇੱਕ ਇੱਕ ਕਰ ਕੇ ਉੱਥੋਂ ਖਿਸਕ ਗਏ । ਕੇਵਲ ਯਿਸੂ ਅਤੇ ਉਹ ਔਰਤ ਜੋ ਵਿਚਕਾਰ ਸੀ, ਉੱਥੇ ਰਹਿ ਗਏ । ਯਿਸੂ ਨੇ ਫਿਰ ਆਪਣਾ ਸਿਰ ਉਤਾਂਹ ਚੁੱਕਿਆ ਅਤੇ ਉਸ ਔਰਤ ਨੂੰ ਕਿਹਾ, “ਬੀਬੀ, ਉਹ ਕਿੱਥੇ ਹਨ? ਕੀ ਕਿਸੇ ਨੇ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਇਆ?” ਉਸ ਔਰਤ ਨੇ ਉੱਤਰ ਦਿੱਤਾ, “ਪ੍ਰਭੂ ਜੀ, ਕਿਸੇ ਨੇ ਵੀ ਨਹੀਂ ।” ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਅਪਰਾਧੀ ਨਹੀਂ ਠਹਿਰਾਉਂਦਾ । ਜਾ, ਅਤੇ ਦੁਬਾਰਾ ਪਾਪ ਨਾ ਕਰੀਂ ।”] ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਮੈਂ ਸੰਸਾਰ ਦਾ ਚਾਨਣ ਹਾਂ । ਜੋ ਮੇਰੇ ਪਿੱਛੇ ਆਵੇਗਾ ਉਹ ਹਨੇਰੇ ਵਿੱਚ ਨਹੀਂ ਚੱਲੇਗਾ ਸਗੋਂ ਜੀਵਨ ਦਾ ਚਾਨਣ ਪ੍ਰਾਪਤ ਕਰੇਗਾ ।” ਫ਼ਰੀਸੀਆਂ ਨੇ ਉਹਨਾਂ ਨੂੰ ਕਿਹਾ, “ਤੂੰ ਆਪਣੀ ਗਵਾਹੀ ਆਪ ਦਿੰਦਾ ਹੈਂ । ਇਸ ਲਈ ਤੇਰੀ ਗਵਾਹੀ ਸੱਚੀ ਨਹੀਂ ਹੈ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਭਾਵੇਂ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਪਰ ਮੇਰੀ ਗਵਾਹੀ ਸੱਚੀ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ । ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਇਆ ਹਾਂ ਅਤੇ ਕਿੱਥੇ ਜਾ ਰਿਹਾ ਹਾਂ । ਤੁਸੀਂ ਕੇਵਲ ਮਨੁੱਖੀ ਆਧਾਰ ਨਾਲ ਨਿਆਂ ਕਰਦੇ ਹੋ ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ । ਪਰ ਜੇਕਰ ਮੈਂ ਨਿਆਂ ਕਰਾਂ ਵੀ ਤਾਂ ਵੀ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਇਕੱਲਾ ਇਹ ਕੰਮ ਨਹੀਂ ਕਰਦਾ ਸਗੋਂ ਪਿਤਾ, ਜਿਹਨਾਂ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹਨ । ਤੁਹਾਡੀ ਵਿਵਸਥਾ ਵਿੱਚ ਵੀ ਇਹ ਲਿਖਿਆ ਹੋਇਆ ਹੈ ਕਿ ਦੋ ਆਦਮੀਆਂ ਦੀ ਗਵਾਹੀ ਸੱਚੀ ਹੁੰਦੀ ਹੈ । ਮੇਰੀ ਆਪਣੇ ਸੰਬੰਧ ਵਿੱਚ ਗਵਾਹੀ ਹੈ ਅਤੇ ਮੇਰੇ ਭੇਜਣ ਵਾਲੇ ਪਿਤਾ ਵੀ ਮੇਰੇ ਬਾਰੇ ਗਵਾਹੀ ਦਿੰਦੇ ਹਨ ।” ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਨਾ ਤੁਸੀਂ ਮੈਨੂੰ ਜਾਣਦੇ ਹੋ ਅਤੇ ਨਾ ਹੀ ਮੇਰੇ ਪਿਤਾ ਨੂੰ । ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ ।” ਇਹ ਸਭ ਗੱਲਾਂ ਯਿਸੂ ਨੇ ਹੈਕਲ ਵਿੱਚ ਸਿੱਖਿਆ ਦਿੰਦੇ ਹੋਏ, ਕੋਸ਼ਗ੍ਰਹਿ ਵਿੱਚ ਕਹੀਆਂ । ਪਰ ਕਿਸੇ ਨੇ ਉਹਨਾਂ ਨੂੰ ਨਾ ਫੜਿਆ ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ ਸੀ । ਯਿਸੂ ਨੇ ਉਹਨਾਂ ਨੂੰ ਫਿਰ ਕਿਹਾ, “ਮੈਂ ਜਾ ਰਿਹਾ ਹਾਂ । ਤੁਸੀਂ ਮੈਨੂੰ ਲੱਭੋਗੇ ਪਰ ਤੁਸੀਂ ਆਪਣੇ ਪਾਪ ਵਿੱਚ ਮਰੋਗੇ । ਤੁਸੀਂ ਉੱਥੇ ਨਹੀਂ ਆ ਸਕਦੇ ਜਿੱਥੇ ਮੈਂ ਜਾ ਰਿਹਾ ਹਾਂ ।” ਤਦ ਯਹੂਦੀਆਂ ਨੇ ਕਿਹਾ, “ਕੀ ਇਹ ਆਤਮ-ਹੱਤਿਆ ਤਾਂ ਨਹੀਂ ਕਰੇਗਾ, ਕਿਉਂਕਿ ਇਹ ਕਹਿ ਰਿਹਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਧਰਤੀ ਦੇ ਹੋ ਪਰ ਮੈਂ ਸਵਰਗ ਦਾ ਹਾਂ । ਤੁਸੀਂ ਇਸ ਸੰਸਾਰ ਦੇ ਹੋ ਪਰ ਮੈਂ ਇਸ ਸੰਸਾਰ ਦਾ ਨਹੀਂ ਹਾਂ । ਇਸੇ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ । ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ‘ਮੈਂ ਉਹ ਹੀ ਹਾਂ ਜੋ ਹਾਂ,’ ਤਾਂ ਤੁਸੀਂ ਆਪਣੇ ਪਾਪਾਂ ਦੇ ਵਿੱਚ ਜ਼ਰੂਰ ਮਰੋਗੇ ।” ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੂੰ ਕੌਣ ਹੈਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਉਹ ਹੀ ਹਾਂ, ਜੋ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਿਆ ਹੈ । ਮੇਰੇ ਕੋਲ ਤੁਹਾਨੂੰ ਦੱਸਣ ਦੇ ਲਈ ਅਤੇ ਨਿਆਂ ਕਰਨ ਦੇ ਲਈ ਬਹੁਤ ਸਾਰੀਆਂ ਗੱਲਾਂ ਹਨ ਪਰ ਉਹ ਜਿਹਨਾਂ ਨੇ ਮੈਨੂੰ ਭੇਜਿਆ ਹੈ, ਸੱਚੇ ਹਨ ਅਤੇ ਕੇਵਲ ਉਹ ਹੀ ਗੱਲਾਂ ਜੋ ਮੈਂ ਉਹਨਾਂ ਦੇ ਕੋਲੋਂ ਸੁਣੀਆਂ ਹਨ, ਸੰਸਾਰ ਨੂੰ ਦੱਸਦਾ ਹਾਂ ।” ਉਹ ਸਮਝ ਨਾ ਸਕੇ ਕਿ ਯਿਸੂ ਉਹਨਾਂ ਦੇ ਨਾਲ ਪਿਤਾ ਦੇ ਬਾਰੇ ਗੱਲ ਕਰ ਰਹੇ ਸਨ । ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਚੁੱਕੋਗੇ ਤਾਂ ਉਸ ਸਮੇਂ ਤੁਸੀਂ ਜਾਣੋਗੇ ਕਿ ‘ਮੈਂ ਉਹ ਹੀ ਹਾਂ ਜੋ ਮੈਂ ਕਹਿੰਦਾ ਹਾਂ,’ ਅਤੇ ਮੈਂ ਆਪਣੇ ਆਪ ਕੁਝ ਨਹੀਂ ਕਰਦਾ ਪਰ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਸਿਖਾਇਆ ਹੈ ਮੈਂ ਉਸੇ ਤਰ੍ਹਾਂ ਇਹ ਸਭ ਕਹਿੰਦਾ ਹਾਂ । ਜਿਹਨਾਂ ਨੇ ਮੈਨੂੰ ਭੇਜਿਆ ਹੈ, ਉਹ ਮੇਰੇ ਨਾਲ ਹਨ । ਉਹਨਾਂ ਨੇ ਮੈਨੂੰ ਇਕੱਲਾ ਨਹੀਂ ਛੱਡਿਆ ਕਿਉਂਕਿ ਮੈਂ ਹਮੇਸ਼ਾ ਉਹ ਹੀ ਕਰਦਾ ਹਾਂ ਜੋ ਉਹ ਪਸੰਦ ਕਰਦੇ ਹਨ ।” ਜਦੋਂ ਉਹ ਇਹ ਗੱਲਾਂ ਕਹਿ ਰਹੇ ਸਨ ਤਾਂ ਬਹੁਤ ਸਾਰੇ ਲੋਕਾਂ ਨੇ ਸੁਣ ਕੇ ਉਹਨਾਂ ਵਿੱਚ ਵਿਸ਼ਵਾਸ ਕੀਤਾ । ਫਿਰ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਸੀ ਕਿਹਾ, “ਜੇਕਰ ਤੁਸੀਂ ਮੇਰੇ ਵਚਨਾਂ ਦੇ ਅਨੁਸਾਰ ਚੱਲੋ ਤਾਂ ਤੁਸੀਂ ਅਸਲ ਵਿੱਚ ਮੇਰੇ ਚੇਲੇ ਹੋ । ਇਸ ਤਰ੍ਹਾਂ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਮੁਕਤ ਕਰੇਗਾ ।” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਕੁਲ ਵਿੱਚੋਂ ਹਾਂ ਅਤੇ ਅਸੀਂ ਅੱਜ ਤੱਕ ਕਿਸੇ ਦੇ ਗ਼ੁਲਾਮ ਨਹੀਂ ਹੋਏ । ਫਿਰ ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ ਕਿ ਤੁਸੀਂ ਮੁਕਤ ਕੀਤੇ ਜਾਓਗੇ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ, ਉਹ ਪਾਪ ਦਾ ਗ਼ੁਲਾਮ ਹੈ । ਗ਼ੁਲਾਮ ਹਮੇਸ਼ਾ ਘਰ ਵਿੱਚ ਨਹੀਂ ਰਹਿੰਦਾ ਪਰ ਪੁੱਤਰ ਹਮੇਸ਼ਾ ਰਹਿੰਦਾ ਹੈ । ਇਸ ਲਈ ਜੇਕਰ ਪੁੱਤਰ ਤੁਹਾਨੂੰ ਮੁਕਤ ਕਰਦਾ ਹੈ ਤਾਂ ਤੁਸੀਂ ਅਸਲ ਵਿੱਚ ਮੁਕਤ ਹੋਵੋਗੇ । ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਕੁਲ ਵਿੱਚੋਂ ਹੋ ਪਰ ਫਿਰ ਵੀ ਤੁਸੀਂ ਮੈਨੂੰ ਮਾਰਨ ਦੀ ਵਿਉਂਤ ਬਣਾ ਰਹੇ ਹੋ ਕਿਉਂਕਿ ਮੇਰੇ ਵਚਨ ਲਈ ਤੁਹਾਡੇ ਦਿਲਾਂ ਦੇ ਵਿੱਚ ਕੋਈ ਥਾਂ ਨਹੀਂ ਹੈ । ਮੈਂ ਉਹ ਹੀ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਕੋਲ ਦੇਖਿਆ ਹੈ ਪਰ ਤੁਸੀਂ ਉਹ ਹੀ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਦੇ ਕੋਲੋਂ ਸੁਣਿਆ ਹੈ ।” ਉਹਨਾਂ ਨੇ ਯਿਸੂ ਨੂੰ ਕਿਹਾ, “ਅਸੀਂ ਅਬਰਾਹਾਮ ਦੀ ਸੰਤਾਨ ਹਾਂ ।” ਪਰ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਰਗੇ ਕੰਮ ਕਰਦੇ । ਤੁਸੀਂ ਤਾਂ ਮੈਨੂੰ, ਇੱਕ ਇਹੋ ਜਿਹੇ ਆਦਮੀ ਨੂੰ ਮਾਰਨ ਦੀ ਸੋਚ ਰਹੇ ਹੋ, ਜਿਸ ਨੇ ਤੁਹਾਨੂੰ ਪਰਮੇਸ਼ਰ ਦੇ ਕੋਲੋਂ ਸੁਣੇ ਹੋਏ ਸੱਚ ਦੇ ਬਾਰੇ ਦੱਸਿਆ ਹੈ । ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ । ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰ ਰਹੇ ਹੋ ।” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਵਿਭਚਾਰ ਤੋਂ ਨਹੀਂ ਪੈਦਾ ਹੋਏ । ਸਾਡੇ ਇੱਕ ਹੀ ਪਿਤਾ ਹਨ ਜੋ ਕਿ ਪਰਮੇਸ਼ਰ ਹਨ ।” ਯਿਸੂ ਨੇ ਉਹਨਾਂ ਨੂੰ ਕਿਹਾ, “ਜੇਕਰ ਪਰਮੇਸ਼ਰ ਤੁਹਾਡੇ ਪਿਤਾ ਹੁੰਦੇ ਤਾਂ ਤੁਸੀਂ ਮੈਨੂੰ ਪਿਆਰ ਕਰਦੇ ਕਿਉਂਕਿ ਮੈਂ ਪਰਮੇਸ਼ਰ ਦੇ ਵੱਲੋਂ ਇੱਥੇ ਆਇਆ ਹਾਂ । ਮੈਂ ਆਪਣੇ ਆਪ ਨਹੀਂ ਆਇਆ ਸਗੋਂ ਉਹਨਾਂ ਨੇ ਮੈਨੂੰ ਭੇਜਿਆ ਹੈ । ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ? ਕਿਉਂਕਿ ਤੁਸੀਂ ਮੇਰੇ ਵਚਨ ਨੂੰ ਸੁਣਨ ਦੇ ਯੋਗ ਨਹੀਂ ਹੋ । ਤੁਸੀਂ ਆਪਣੇ ਪਿਤਾ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਤਾ ਦੀਆਂ ਇੱਛਾਵਾਂ ਹੀ ਪੂਰੀਆਂ ਕਰਨੀਆਂ ਚਾਹੁੰਦੇ ਹੋ । ਉਹ ਆਦਿ ਤੋਂ ਹੀ ਕਾਤਲ ਸੀ । ਉਹ ਸੱਚਾਈ ਉੱਤੇ ਕਾਇਮ ਨਹੀਂ ਰਿਹਾ ਕਿਉਂਕਿ ਸੱਚ ਉਸ ਵਿੱਚ ਨਹੀਂ ਹੈ । ਉਹ ਜਦੋਂ ਝੂਠ ਬੋਲਦਾ ਹੈ ਤਾਂ ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠਿਆਂ ਦਾ ਪਿਤਾ ਹੈ । ਪਰ ਮੈਂ ਸੱਚ ਕਹਿ ਰਿਹਾ ਹਾਂ ਅਤੇ ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ । ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਸਿੱਧ ਕਰ ਸਕਦਾ ਹੈ । ਜੇਕਰ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ? ਜੋ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੇ ਵਚਨ ਸੁਣਦਾ ਹੈ । ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ ਇਸ ਲਈ ਤੁਸੀਂ ਨਹੀਂ ਸੁਣਦੇ ।” ਯਹੂਦੀਆਂ ਨੇ ਯਿਸੂ ਨੂੰ ਉੱਤਰ ਦਿੱਤਾ, “ਕੀ ਸਾਡਾ ਇਹ ਕਹਿਣਾ ਠੀਕ ਨਹੀਂ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਅਸ਼ੁੱਧ ਆਤਮਾ ਹੈ?” ਯਿਸੂ ਨੇ ਉੱਤਰ ਦਿੱਤਾ, “ਮੇਰੇ ਵਿੱਚ ਅਸ਼ੁੱਧ ਆਤਮਾ ਨਹੀਂ ਹੈ । ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਪਰ ਤੁਸੀਂ ਮੇਰਾ ਨਿਰਾਦਰ ਕਰਦੇ ਹੋ । ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ ਪਰ ਇੱਕ ਹਨ ਜੋ ਇਹ ਚਾਹੁੰਦੇ ਹਨ ਅਤੇ ਨਿਆਂ ਕਰਦੇ ਹਨ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਮੇਰੇ ਵਚਨਾਂ ਉੱਤੇ ਚੱਲਦਾ ਹੈ ਉਹ ਕਦੀ ਵੀ ਮੌਤ ਦਾ ਮੂੰਹ ਨਹੀਂ ਦੇਖੇਗਾ ।” ਤਦ ਯਹੂਦੀਆਂ ਨੇ ਯਿਸੂ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਅਸ਼ੁੱਧ ਆਤਮਾ ਹੈ! ਅਬਰਾਹਾਮ ਮਰ ਗਿਆ ਅਤੇ ਸਾਰੇ ਨਬੀ ਵੀ ਪਰ ਤੂੰ ਕਹਿੰਦਾ ਹੈਂ, ‘ਜੇਕਰ ਕੋਈ ਮੇਰੇ ਵਚਨ ਉੱਤੇ ਚੱਲੇਗਾ, ਤਾਂ ਉਹ ਕਦੀ ਵੀ ਮੌਤ ਦਾ ਸਵਾਦ ਨਹੀਂ ਚੱਖੇਗਾ ।’ ਕੀ ਤੂੰ ਸਾਡੇ ਪਿਤਾ ਅਬਰਾਹਾਮ ਤੋਂ ਵੀ ਵੱਡਾ ਹੈਂ ਜੋ ਮਰ ਚੁੱਕਾ ਹੈ? ਅਤੇ ਨਬੀ ਵੀ ਮਰ ਚੁੱਕੇ ਹਨ । ਤੂੰ ਆਪਣੇ ਆਪ ਨੂੰ ਕੀ ਸਮਝਦਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਆਪਣੀ ਵਡਿਆਈ ਆਪ ਕਰਾਂ ਤਾਂ ਮੇਰੀ ਵਡਿਆਈ ਕੁਝ ਵੀ ਨਹੀਂ । ਇਹ ਮੇਰੇ ਪਿਤਾ ਹਨ ਜੋ ਮੇਰੀ ਵਡਿਆਈ ਕਰਦੇ ਹਨ ਜਿਹਨਾਂ ਨੂੰ ਤੁਸੀਂ ਆਪਣੇ ਪਰਮੇਸ਼ਰ ਕਹਿੰਦੇ ਹੋ । ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਪਰ ਮੈਂ ਉਹਨਾਂ ਨੂੰ ਜਾਣਦਾ ਹਾਂ । ਇਸ ਲਈ ਜੇਕਰ ਮੈਂ ਇਹ ਕਹਾਂ ਕਿ ਮੈਂ ਉਹਨਾਂ ਨੂੰ ਨਹੀਂ ਜਾਣਦਾ ਤਾਂ ਮੈਂ ਵੀ ਤੁਹਾਡੀ ਤਰ੍ਹਾਂ ਝੂਠਾ ਠਹਿਰਾਂਗਾ । ਪਰ ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹਨਾਂ ਦੇ ਵਚਨ ਅਨੁਸਾਰ ਚੱਲਦਾ ਹਾਂ । ਤੁਹਾਡਾ ਪਿਤਾ ਅਬਰਾਹਾਮ ਮੇਰੇ ਆਉਣ ਵਾਲੇ ਦਿਨ ਨੂੰ ਦੇਖ ਕੇ ਖ਼ੁਸ਼ ਹੋ ਗਿਆ । ਉਸ ਨੇ ਦੇਖਿਆ ਅਤੇ ਅਨੰਦ ਮਨਾਇਆ ।” ਯਹੂਦੀਆਂ ਨੇ ਯਿਸੂ ਨੂੰ ਕਿਹਾ, “ਤੂੰ ਤਾਂ ਅਜੇ ਪੰਜਾਹ ਸਾਲਾਂ ਦਾ ਵੀ ਨਹੀਂ ਹੋਇਆ ਅਤੇ ਤੂੰ ਅਬਰਾਹਾਮ ਨੂੰ ਦੇਖਿਆ ਹੈ?” ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ!” ਤਦ ਲੋਕਾਂ ਨੇ ਯਿਸੂ ਨੂੰ ਮਾਰਨ ਲਈ ਪੱਥਰ ਚੁੱਕੇ ਪਰ ਯਿਸੂ ਆਪਣੇ ਆਪ ਨੂੰ ਲੁਕਾਉਂਦੇ ਹੋਏ ਹੈਕਲ ਵਿੱਚੋਂ ਬਾਹਰ ਨਿਕਲ ਗਏ । ਰਾਹ ਵਿੱਚ ਜਾਂਦੇ ਹੋਏ ਯਿਸੂ ਨੇ ਇੱਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ । ਯਿਸੂ ਦੇ ਚੇਲਿਆਂ ਨੇ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ ਹੈ ਕਿ ਇਹ ਆਦਮੀ ਅੰਨ੍ਹਾ ਪੈਦਾ ਹੋਇਆ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ?” ਯਿਸੂ ਨੇ ਉੱਤਰ ਦਿੱਤਾ, “ਨਾ ਇਸ ਨੇ ਪਾਪ ਕੀਤਾ ਹੈ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਇਹ ਕੇਵਲ ਇਸ ਲਈ ਅੰਨ੍ਹਾ ਪੈਦਾ ਹੋਇਆ ਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਕੰਮ ਦਾ ਪ੍ਰਗਟਾਵਾ ਹੋਵੇ । ਜਿਹਨਾਂ ਨੇ ਮੈਨੂੰ ਭੇਜਿਆ ਹੈ, ਜਦੋਂ ਤੱਕ ਕਿ ਦਿਨ ਹੈ, ਮੈਨੂੰ ਉਹਨਾਂ ਦਾ ਕੰਮ ਕਰਨਾ ਚਾਹੀਦਾ ਹੈ । ਰਾਤ ਆ ਰਹੀ ਹੈ ਜਿਸ ਵਿੱਚ ਕੋਈ ਕੰਮ ਨਹੀਂ ਕਰ ਸਕਦਾ । ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ ।” ਇਹ ਕਹਿ ਕੇ ਯਿਸੂ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਉਸ ਥੁੱਕ ਨਾਲ ਮਿੱਟੀ ਦਾ ਇੱਕ ਲੇਪ ਬਣਾਇਆ ਅਤੇ ਉਸ ਅੰਨ੍ਹੇ ਦੀਆਂ ਅੱਖਾਂ ਉੱਤੇ ਲਾ ਕੇ ਉਸ ਨੂੰ ਕਿਹਾ, “ਜਾ ਕੇ ਸਿਲੋਅਮ ਦੇ ਤਲਾਬ ਵਿੱਚ ਧੋ ਲੈ ।” (ਸਿਲੋਅਮ ਦਾ ਅਰਥ ਹੈ, ‘ਭੇਜਿਆ ਹੋਇਆ’ ।) ਇਸ ਲਈ ਉਹ ਗਿਆ, ਉਸ ਨੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਕੇ ਵਾਪਸ ਆਇਆ । ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜਿਹਨਾਂ ਨੇ ਉਸ ਨੂੰ ਪਹਿਲਾਂ ਭੀਖ ਮੰਗਦੇ ਹੋਏ ਦੇਖਿਆ ਸੀ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜੋ ਬੈਠਾ ਭੀਖ ਮੰਗਦਾ ਹੁੰਦਾ ਸੀ?” ਕੁਝ ਨੇ ਕਿਹਾ, “ਇਹ ਉਹ ਹੀ ਹੈ ।” ਪਰ ਕੁਝ ਹੋਰ ਲੋਕਾਂ ਨੇ ਕਿਹਾ, “ਨਹੀਂ, ਇਹ ਉਸ ਵਰਗਾ ਹੈ ।” ਉਸ ਆਦਮੀ ਨੇ ਆਪ ਕਿਹਾ, “ਮੈਂ ਉਹ ਹੀ ਹਾਂ ।” ਇਸ ਲਈ ਉਹਨਾਂ ਨੇ ਉਸ ਤੋਂ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹੀਆਂ?” ਉਸ ਆਦਮੀ ਨੇ ਉੱਤਰ ਦਿੱਤਾ, “ਯਿਸੂ ਨਾਮ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ਉੱਤੇ ਲਾਇਆ ਅਤੇ ਮੈਨੂੰ ਕਿਹਾ, ‘ਸਿਲੋਅਮ ਵਿੱਚ ਜਾ ਕੇ ਧੋ ਲੈ ।’ ਇਸ ਲਈ ਮੈਂ ਗਿਆ ਅਤੇ ਜਿਸ ਸਮੇਂ ਮੈਂ ਅੱਖਾਂ ਧੋਤੀਆਂ, ਉਸੇ ਸਮੇਂ ਮੈਂ ਦੇਖਣ ਲੱਗ ਪਿਆ ।” ਫ਼ਰੀਸੀਆਂ ਨੇ ਉਸ ਤੋਂ ਪੁੱਛਿਆ, “ਉਹ ਕਿੱਥੇ ਹੈ?” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ।” ਫਿਰ ਉਹ ਲੋਕ ਉਸ ਆਦਮੀ ਨੂੰ ਜੋ ਪਹਿਲਾਂ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲੈ ਗਏ । ਜਿਸ ਦਿਨ ਯਿਸੂ ਨੇ ਲੇਪ ਬਣਾ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ । ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਤੋਂ ਪੁੱਛਿਆ, “ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਦਾ ਲੇਪ ਲਾਇਆ ਜਿਸ ਨੂੰ ਮੈਂ ਧੋਤਾ ਅਤੇ ਹੁਣ ਮੈਂ ਦੇਖ ਸਕਦਾ ਹਾਂ ।” ਤਦ ਕੁਝ ਫ਼ਰੀਸੀਆਂ ਨੇ ਕਿਹਾ, “ਇਹ ਆਦਮੀ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ ।” ਪਰ ਕੁਝ ਹੋਰਨਾਂ ਨੇ ਕਿਹਾ, “ਇਹੋ ਜਿਹੇ ਚਮਤਕਾਰੀ ਚਿੰਨ੍ਹ ਇੱਕ ਪਾਪੀ ਆਦਮੀ ਕਿਸ ਤਰ੍ਹਾਂ ਦਿਖਾ ਸਕਦਾ ਹੈ?” ਇਸ ਤਰ੍ਹਾਂ ਉਹਨਾਂ ਵਿੱਚ ਫੁੱਟ ਪੈ ਗਈ । ਇਸ ਲਈ ਫ਼ਰੀਸੀਆਂ ਨੇ ਇੱਕ ਵਾਰ ਫਿਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ, ਪੁੱਛਿਆ, “ਤੂੰ ਉਸ ਦੇ ਬਾਰੇ ਕੀ ਕਹਿੰਦਾ ਹੈਂ? ਉਸ ਨੇ ਤਾਂ ਤੇਰੀਆਂ ਅੱਖਾਂ ਖੋਲ੍ਹੀਆਂ ਹਨ ।” ਉਸ ਨੇ ਉੱਤਰ ਦਿੱਤਾ, “ਉਹ ਇੱਕ ਨਬੀ ਹਨ ।” ਪਰ ਯਹੂਦੀ ਇਹ ਮੰਨਣ ਲਈ ਤਿਆਰ ਨਹੀਂ ਸਨ ਕਿ ਉਹ ਆਦਮੀ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹੈ ਜਦੋਂ ਤੱਕ ਕਿ ਉਹਨਾਂ ਨੇ ਉਸ ਦੇ ਮਾਤਾ-ਪਿਤਾ ਨੂੰ ਸੱਦ ਨਾ ਲਿਆ । ਫਿਰ ਉਹਨਾਂ ਨੂੰ ਪੁੱਛਿਆ, “ਕੀ ਇਹ ਤੁਹਾਡਾ ਪੁੱਤਰ ਹੈ? ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ, ਫਿਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ?” ਉਸ ਦੇ ਮਾਤਾ-ਪਿਤਾ ਨੇ ਉੱਤਰ ਦਿੱਤਾ, “ਅਸੀਂ ਇਹ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਇਹ ਅੰਨ੍ਹਾ ਹੀ ਪੈਦਾ ਹੋਇਆ ਸੀ । ਪਰ ਇਹ ਹੁਣ ਕਿਸ ਤਰ੍ਹਾਂ ਦੇਖਦਾ ਹੈ, ਅਸੀਂ ਇਸ ਦੇ ਬਾਰੇ ਕੁਝ ਨਹੀਂ ਜਾਣਦੇ ਅਤੇ ਨਾ ਹੀ ਅਸੀਂ ਇਹ ਜਾਣਦੇ ਹਾਂ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ ਹਨ । ਉਸ ਤੋਂ ਪੁੱਛ ਲਵੋ ਕਿਉਂਕਿ ਉਹ ਬੱਚਾ ਨਹੀਂ ਹੈ, ਉਹ ਆਪ ਹੀ ਦੱਸੇਗਾ ।” ਉਸ ਦੇ ਮਾਤਾ-ਪਿਤਾ ਨੇ ਇਹ ਇਸ ਲਈ ਕਿਹਾ ਕਿਉਂਕਿ ਯਹੂਦੀਆਂ ਨੇ ਪਹਿਲਾਂ ਹੀ ਇਹ ਫ਼ੈਸਲਾ ਕਰ ਲਿਆ ਸੀ ਕਿ ਜੋ ਕੋਈ ਵੀ ਯਿਸੂ ਨੂੰ ਮਸੀਹ ਕਰ ਕੇ ਮੰਨੇਗਾ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਕੱਢ ਦਿੱਤਾ ਜਾਵੇਗਾ । ਇਸੇ ਲਈ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਸਿਆਣਾ ਹੈ ਉਸ ਤੋਂ ਪੁੱਛੋ ।” ਇਸ ਲਈ ਉਹਨਾਂ ਨੇ ਦੂਜੀ ਵਾਰ ਉਸ ਆਦਮੀ ਨੂੰ ਜੋ ਅੰਨ੍ਹਾ ਸੀ, ਸੱਦਿਆ ਅਤੇ ਉਸ ਨੂੰ ਕਿਹਾ, “ਪਰਮੇਸ਼ਰ ਦੇ ਸਾਹਮਣੇ ਸੱਚ ਬੋਲ, ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ ।” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ ਕਿ ਉਹ ਪਾਪੀ ਹੈ ਜਾਂ ਨਹੀਂ ਪਰ ਇੱਕ ਗੱਲ ਮੈਂ ਜ਼ਰੂਰ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ ਅਤੇ ਹੁਣ ਸੁਜਾਖਾ ਹਾਂ ।” ਯਹੂਦੀਆਂ ਨੇ ਉਸ ਤੋਂ ਪੁੱਛਿਆ, “ਉਸ ਨੇ ਤੇਰੇ ਨਾਲ ਕੀ ਕੀਤਾ, ਉਸ ਨੇ ਕਿਸ ਤਰ੍ਹਾਂ ਤੇਰੀਆਂ ਅੱਖਾਂ ਖੋਲ੍ਹੀਆਂ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਅਤੇ ਤੁਸੀਂ ਸੁਣਿਆ ਨਹੀਂ । ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਹਨਾਂ ਦੇ ਚੇਲੇ ਬਣਨਾ ਚਾਹੁੰਦੇ ਹੋ?” ਤਦ ਉਹਨਾਂ ਨੇ ਉਸ ਦੀ ਬੇਇੱਜ਼ਤੀ ਕੀਤੀ ਅਤੇ ਕਿਹਾ, “ਤੂੰ ਹੀ ਉਸ ਆਦਮੀ ਦਾ ਚੇਲਾ ਹੈਂ! ਅਸੀਂ ਤਾਂ ਮੂਸਾ ਦੇ ਚੇਲੇ ਹਾਂ! ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ! ਪਰ ਇਹ ਆਦਮੀ ਕਿੱਥੋਂ ਆਇਆ ਹੈ, ਅਸੀਂ ਨਹੀਂ ਜਾਣਦੇ!” ਉਸ ਆਦਮੀ ਨੇ ਉਹਨਾਂ ਨੂੰ ਉੱਤਰ ਦਿੱਤਾ, “ਇਹ ਅਜੀਬ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਕਿ ਉਹ ਕਿੱਥੋਂ ਆਏ ਹਨ ਪਰ ਉਹਨਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ! ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦੇ; ਉਹ ਉਹਨਾਂ ਦੀ ਹੀ ਸੁਣਦੇ ਹਨ ਜਿਹੜੇ ਉਹਨਾਂ ਨੂੰ ਮੰਨਦੇ ਅਤੇ ਉਹਨਾਂ ਦੀ ਇੱਛਾ ਦੇ ਅਨੁਸਾਰ ਚੱਲਦੇ ਹਨ । ਸੰਸਾਰ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਇਹ ਨਹੀਂ ਸੁਣਿਆ ਗਿਆ ਕਿ ਕਿਸੇ ਨੇ ਜਨਮ ਦੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ । ਜੇਕਰ ਇਹ ਆਦਮੀ ਪਰਮੇਸ਼ਰ ਵੱਲੋਂ ਨਾ ਹੁੰਦਾ ਤਾਂ ਉਹ ਕੁਝ ਵੀ ਨਾ ਕਰ ਸਕਦਾ ।” ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਪਾਪਾਂ ਵਿੱਚ ਹੀ ਜੰਮਿਆ ਪਲਿਆ ਹੈਂ ਅਤੇ ਕੀ ਤੂੰ ਸਾਨੂੰ ਪੜ੍ਹਾ ਰਿਹਾ ਹੈਂ?” ਫਿਰ ਉਹਨਾਂ ਨੇ ਉਸ ਨੂੰ ਪ੍ਰਾਰਥਨਾ ਘਰ ਵਿੱਚੋਂ ਬਾਹਰ ਕੱਢ ਦਿੱਤਾ । ਯਿਸੂ ਨੇ ਸੁਣਿਆ ਕਿ ਉਹਨਾਂ ਨੇ ਉਸ ਆਦਮੀ ਨੂੰ ਬਾਹਰ ਕੱਢ ਦਿੱਤਾ ਹੈ । ਇਸ ਲਈ ਉਸ ਨੂੰ ਲੱਭ ਕੇ ਉਸ ਤੋਂ ਪੁੱਛਿਆ, “ਕੀ ਤੂੰ ਮਨੁੱਖ ਦੇ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈਂ?” ਉਸ ਆਦਮੀ ਨੇ ਯਿਸੂ ਤੋਂ ਪੁੱਛਿਆ, “ਸ੍ਰੀਮਾਨ ਜੀ, ਉਹ ਕੌਣ ਹਨ? ਮੈਨੂੰ ਦੱਸੋ, ਤਾਂ ਜੋ ਮੈਂ ਉਹਨਾਂ ਵਿੱਚ ਵਿਸ਼ਵਾਸ ਕਰਾਂ ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਉਸ ਨੂੰ ਦੇਖ ਚੁੱਕਾ ਹੈਂ ਅਤੇ ਇਹ ਉਹ ਹੀ ਹੈ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ ।” ਉਸ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਵਿਸ਼ਵਾਸ ਕਰਦਾ ਹਾਂ” ਅਤੇ ਉਸ ਨੇ ਝੁੱਕ ਕੇ ਉਹਨਾਂ ਨੂੰ ਮੱਥਾ ਟੇਕਿਆ । ਯਿਸੂ ਨੇ ਕਿਹਾ, “ਮੈਂ ਸੰਸਾਰ ਵਿੱਚ ਨਿਆਂ ਕਰਨ ਦੇ ਲਈ ਆਇਆ ਹਾਂ ਕਿ ਜਿਹੜੇ ਦੇਖਦੇ ਨਹੀਂ, ਉਹ ਦੇਖਣ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ ।” ਕੁਝ ਫ਼ਰੀਸੀ ਜਿਹੜੇ ਉੱਥੇ ਯਿਸੂ ਦੇ ਨਾਲ ਸਨ, ਉਹਨਾਂ ਨੇ ਇਹ ਸੁਣ ਕੇ ਕਿਹਾ, “ਕੀ ਅਸੀਂ ਵੀ ਅੰਨ੍ਹੇ ਹਾਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਜੇਕਰ ਤੁਸੀਂ ਅੰਨ੍ਹੇ ਹੁੰਦੇ ਤਾਂ ਨਿਰਦੋਸ਼ ਹੁੰਦੇ । ਪਰ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ ਇਸ ਕਾਰਨ ਤੁਸੀਂ ਅਜੇ ਵੀ ਦੋਸ਼ੀ ਹੋ । “ਮੈਂ ਤੁਹਾਨੂੰ ਸੱਚ ਸੱਚ ਦੱਸਦਾ ਹਾਂ ਕਿ ਜਿਹੜਾ ਦਰਵਾਜ਼ੇ ਦੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਨਹੀਂ ਆਉਂਦਾ ਸਗੋਂ ਕੰਧ ਟੱਪ ਕੇ ਆਉਂਦਾ ਹੈ, ਉਹ ਚੋਰ ਅਤੇ ਡਾਕੂ ਹੈ । ਪਰ ਉਹ ਜਿਹੜਾ ਦਰਵਾਜ਼ੇ ਦੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ । ਉਸ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ । ਭੇਡਾਂ ਉਸ ਦੀ ਆਵਾਜ਼ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਲੈ ਕੇ ਪੁਕਾਰਦਾ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ । ਉਹ ਉਹਨਾਂ ਦੇ ਅੱਗੇ ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ ਪਿੱਛੇ ਚੱਲਦੀਆਂ ਹਨ ਕਿਉਂਕਿ ਉਹ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ । ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ ਸਗੋਂ ਉਸ ਤੋਂ ਦੂਰ ਭੱਜਣਗੀਆਂ ਕਿਉਂਕਿ ਉਹ ਉਸ ਅਣਜਾਣ ਮਨੁੱਖ ਦੀ ਆਵਾਜ਼ ਨੂੰ ਨਹੀਂ ਪਛਾਣਦੀਆਂ ।” ਯਿਸੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਸੁਣਾਇਆ ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ । ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ । ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ, ਚੋਰ ਅਤੇ ਡਾਕੂ ਹਨ ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ । ਦਰਵਾਜ਼ਾ ਮੈਂ ਹਾਂ । ਜੋ ਮੇਰੇ ਦੁਆਰਾ ਅੰਦਰ ਆਉਂਦਾ ਹੈ ਉਹ ਮੁਕਤੀ ਪਾਵੇਗਾ, ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਰਾਂਦ ਪ੍ਰਾਪਤ ਕਰੇਗਾ । ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ । ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ । “ਮੈਂ ਚੰਗਾ ਚਰਵਾਹਾ ਹਾਂ । ਚੰਗਾ ਚਰਵਾਹਾ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹੈ । ਕਾਮਾ ਜੋ ਨਾ ਚਰਵਾਹਾ ਹੈ ਅਤੇ ਨਾ ਹੀ ਭੇਡਾਂ ਦਾ ਮਾਲਕ ਹੈ, ਉਹ ਬਘਿਆੜ ਨੂੰ ਆਉਂਦੇ ਦੇਖ ਕੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ । ਇਸ ਲਈ ਬਘਿਆੜ ਭੇਡਾਂ ਨੂੰ ਫੜਦਾ ਹੈ ਅਤੇ ਉਹਨਾਂ ਨੂੰ ਤਿੱਤਰ-ਬਿੱਤਰ ਕਰ ਦਿੰਦਾ ਹੈ । ਕਾਮਾ ਭੱਜ ਜਾਂਦਾ ਹੈ ਕਿਉਂਕਿ ਉਹ ਕੇਵਲ ਕਾਮਾ ਹੀ ਹੈ ਅਤੇ ਉਸ ਨੂੰ ਭੇਡਾਂ ਦੀ ਕੋਈ ਚਿੰਤਾ ਨਹੀਂ ਹੈ । ਮੈਂ ਚੰਗਾ ਚਰਵਾਹਾ ਹਾਂ । ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ । ਜਿਵੇਂ ਪਿਤਾ ਮੈਨੂੰ ਜਾਣਦੇ ਹਨ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ । ਮੈਂ ਆਪਣੀ ਜਾਨ ਭੇਡਾਂ ਦੇ ਲਈ ਦਿੰਦਾ ਹਾਂ । ਮੇਰੀਆਂ ਕੁਝ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਵਿੱਚ ਨਹੀਂ ਹਨ । ਮੇਰੇ ਲਈ ਉਹਨਾਂ ਨੂੰ ਵੀ ਲਿਆਉਣਾ ਜ਼ਰੂਰੀ ਹੈ । ਉਹ ਮੇਰੀ ਆਵਾਜ਼ ਸੁਣਨਗੀਆਂ ਫਿਰ ਇੱਕ ਹੀ ਇੱਜੜ ਹੋਵੇਗਾ ਅਤੇ ਇੱਕ ਹੀ ਚਰਵਾਹਾ । “ਪਿਤਾ ਮੈਨੂੰ ਇਸ ਕਾਰਨ ਪਿਆਰ ਕਰਦੇ ਹਨ ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਉਸ ਨੂੰ ਫਿਰ ਵਾਪਸ ਲੈ ਲਵਾਂ । ਕੋਈ ਮੇਰੇ ਤੋਂ ਮੇਰੀ ਜਾਨ ਨਹੀਂ ਖੋਂਹਦਾ ਸਗੋਂ ਮੈਂ ਆਪ ਉਸ ਨੂੰ ਦਿੰਦਾ ਹਾਂ । ਮੈਨੂੰ ਜਾਨ ਦੇਣ ਦਾ ਅਤੇ ਵਾਪਸ ਲੈਣ ਦਾ ਵੀ ਅਧਿਕਾਰ ਹੈ । ਇਹ ਹੁਕਮ ਮੈਨੂੰ ਆਪਣੇ ਪਿਤਾ ਕੋਲੋਂ ਮਿਲਿਆ ਹੈ ।” ਇਹਨਾਂ ਸ਼ਬਦਾਂ ਦੇ ਕਾਰਨ ਯਹੂਦੀਆਂ ਵਿੱਚ ਫੁੱਟ ਪੈ ਗਈ । ਉਹਨਾਂ ਵਿੱਚੋਂ ਬਹੁਤ ਸਾਰੇ ਕਹਿੰਦੇ ਸਨ, “ਉਸ ਵਿੱਚ ਅਸ਼ੁੱਧ ਆਤਮਾ ਹੈ, ਉਹ ਪਾਗਲ ਹੈ; ਉਸ ਦੀ ਕਿਉਂ ਸੁਣਦੇ ਹੋ?” ਪਰ ਕੁਝ ਹੋਰ ਕਹਿੰਦੇ ਸਨ, “ਇਹ ਸ਼ਬਦ ਅਸ਼ੁੱਧ ਆਤਮਾ ਵਾਲੇ ਆਦਮੀ ਦੇ ਨਹੀਂ ਹੋ ਸਕਦੇ । ਕੀ ਅਸ਼ੁੱਧ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦਾ ਹੈ?” ਸਰਦੀ ਦੀ ਰੁੱਤ ਸੀ । ਯਰੂਸ਼ਲਮ ਵਿੱਚ ਪੁਨਰ ਅਰਪਿਤ ਕੀਤੇ ਜਾਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ । ਯਿਸੂ ਹੈਕਲ ਵਿੱਚ ਸੁਲੇਮਾਨ ਦੀ ਡਿਉਢੀ ਵਿੱਚ ਟਹਿਲ ਰਹੇ ਸਨ । ਉਹਨਾਂ ਦੇ ਚਾਰੇ ਪਾਸੇ ਯਹੂਦੀ ਇਕੱਠੇ ਹੋ ਗਏ । ਉਹ ਯਿਸੂ ਤੋਂ ਪੁੱਛਣ ਲੱਗੇ, “ਤੁਸੀਂ ਕਦੋਂ ਤੱਕ ਸਾਨੂੰ ਦੁਬਿਧਾ ਵਿੱਚ ਪਾਈ ਰੱਖੋਗੇ? ਜੇਕਰ ਤੁਸੀਂ ਮਸੀਹ ਹੋ ਤਾਂ ਸਾਨੂੰ ਸਾਫ਼ ਸਾਫ਼ ਦੱਸੋ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ । ਉਹ ਕੰਮ ਜਿਹੜੇ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ ਮੇਰੀ ਗਵਾਹੀ ਦਿੰਦੇ ਹਨ । ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ । ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ । ਮੈਂ ਉਹਨਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਪਿੱਛੇ ਚੱਲਦੀਆਂ ਹਨ । ਮੈਂ ਉਹਨਾਂ ਨੂੰ ਅਨੰਤ ਜੀਵਨ ਦਿੰਦਾ ਹਾਂ ਅਤੇ ਉਹ ਕਦੀ ਨਾਸ਼ ਨਹੀਂ ਹੋਣਗੀਆਂ । ਉਹਨਾਂ ਨੂੰ ਕਦੀ ਵੀ ਕੋਈ ਮੇਰੇ ਹੱਥੋਂ ਨਹੀਂ ਖੋਹ ਸਕਦਾ । ਮੇਰੇ ਪਿਤਾ ਜਿਹਨਾਂ ਨੇ ਮੈਨੂੰ ਸਭ ਕੁਝ ਦਿੱਤਾ ਹੈ ਉਹ ਸਭ ਤੋਂ ਮਹਾਨ ਹਨ ਅਤੇ ਕੋਈ ਵੀ ਉਹਨਾਂ ਨੂੰ ਮੇਰੇ ਪਿਤਾ ਕੋਲੋਂ ਖੋਹ ਨਹੀਂ ਸਕਦਾ । ਮੈਂ ਅਤੇ ਪਿਤਾ ਇੱਕ ਹਾਂ ।” ਯਹੂਦੀਆਂ ਨੇ ਇੱਕ ਵਾਰ ਫਿਰ ਪੱਥਰ ਚੁੱਕੇ ਕਿ ਉਹ ਯਿਸੂ ਨੂੰ ਪਥਰਾਓ ਕਰਨ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮੈਂ ਪਿਤਾ ਵੱਲੋਂ ਤੁਹਾਨੂੰ ਬਹੁਤ ਸਾਰੇ ਚੰਗੇ ਕੰਮ ਕਰ ਕੇ ਦਿਖਾਏ ਹਨ । ਉਹਨਾਂ ਵਿੱਚੋਂ ਕਿਸ ਕੰਮ ਦੇ ਲਈ ਤੁਸੀਂ ਮੈਨੂੰ ਪਥਰਾਓ ਕਰਨਾ ਚਾਹੁੰਦੇ ਹੋ?” ਯਹੂਦੀਆਂ ਨੇ ਉੱਤਰ ਦਿੱਤਾ, “ਅਸੀਂ ਤੇਰੇ ਕਿਸੇ ਚੰਗੇ ਕੰਮ ਲਈ ਤੈਨੂੰ ਪਥਰਾਓ ਨਹੀਂ ਕਰਦੇ ਪਰ ਪਰਮੇਸ਼ਰ ਦੀ ਨਿੰਦਾ ਕਰਨ ਦੇ ਲਈ ਕਰਦੇ ਹਾਂ ਕਿਉਂਕਿ ਤੂੰ ਆਦਮੀ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ ।” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਤੁਹਾਡੀ ਵਿਵਸਥਾ ਵਿੱਚ ਨਹੀਂ ਲਿਖਿਆ, ‘ਮੈਂ ਕਿਹਾ ਕਿ ਤੁਸੀਂ ਦੇਵਤੇ ਹੋ?’ ਉਹ ਲੋਕ ਜਿਹਨਾਂ ਦੇ ਕੋਲ ਪਰਮੇਸ਼ਰ ਦਾ ਸੰਦੇਸ਼ ਆਇਆ, ਪਰਮੇਸ਼ਰ ਨੇ ਉਹਨਾਂ ਨੂੰ ਦੇਵਤੇ ਕਿਹਾ—ਪਰਮੇਸ਼ਰ ਦਾ ਵਚਨ ਟਲ ਨਹੀਂ ਸਕਦਾ— ਜਿੱਥੋਂ ਤੱਕ ਮੇਰਾ ਸੰਬੰਧ ਹੈ, ਪਿਤਾ ਨੇ ਮੈਨੂੰ ਚੁਣਿਆ ਅਤੇ ਮੈਨੂੰ ਸੰਸਾਰ ਵਿੱਚ ਭੇਜਿਆ । ਫਿਰ ਤੁਸੀਂ ਮੇਰੇ ਉੱਤੇ ਨਿੰਦਾ ਕਰਨ ਦਾ ਦੋਸ਼ ਕਿਉਂ ਲਾਉਂਦੇ ਹੋ ਕਿਉਂਕਿ ਮੈਂ ਕਿਹਾ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ?’ ਜੇਕਰ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ ਪਰ ਜੇਕਰ ਮੈਂ ਉਹ ਕੰਮ ਕਰਦਾ ਹਾਂ, ਭਾਵੇਂ ਤੁਸੀਂ ਮੇਰਾ ਵਿਸ਼ਵਾਸ ਨਾ ਕਰੋ ਪਰ ਮੇਰੇ ਕੰਮਾਂ ਉੱਤੇ ਹੀ ਵਿਸ਼ਵਾਸ ਕਰੋ ਜਿਹੜੇ ਮੈਂ ਕਰਦਾ ਹਾਂ, ਫਿਰ ਤੁਸੀਂ ਜਾਣੋਗੇ ਅਤੇ ਸਮਝੋਗੇ ਕਿ ਪਿਤਾ ਮੇਰੇ ਵਿੱਚ ਹਨ ਅਤੇ ਮੈਂ ਪਿਤਾ ਵਿੱਚ ਹਾਂ ।” ਤਦ ਉਹਨਾਂ ਨੇ ਇੱਕ ਵਾਰ ਫਿਰ ਯਿਸੂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਗਏ । ਫਿਰ ਯਿਸੂ ਯਰਦਨ ਦੇ ਪਾਰ ਉਸ ਥਾਂ ਉੱਤੇ ਚਲੇ ਗਏ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਹੁੰਦਾ ਸੀ ਅਤੇ ਉੱਥੇ ਹੀ ਰਹੇ । ਬਹੁਤ ਸਾਰੇ ਲੋਕ ਉਹਨਾਂ ਦੇ ਕੋਲ ਆਏ ਜਿਹੜੇ ਕਹਿੰਦੇ ਸਨ, “ਭਾਵੇਂ ਯੂਹੰਨਾ ਨੇ ਕੋਈ ਚਮਤਕਾਰ ਨਹੀਂ ਦਿਖਾਇਆ ਪਰ ਸਭ ਕੁਝ ਜੋ ਉਸ ਨੇ ਇਹਨਾਂ ਦੇ ਬਾਰੇ ਕਿਹਾ ਸੀ ਉਹ ਸੱਚ ਸੀ ।” ਉੱਥੇ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ । ਲਾਜ਼ਰ ਨਾਂ ਦਾ ਇੱਕ ਆਦਮੀ ਸੀ । ਉਹ ਬਹੁਤ ਬਿਮਾਰ ਹੋ ਗਿਆ । ਉਹ ਬੈਤਨੀਆ ਪਿੰਡ ਦਾ ਰਹਿਣ ਵਾਲਾ ਸੀ ਜਿੱਥੇ ਉਸ ਦੀਆਂ ਭੈਣਾਂ ਮਰੀਅਮ ਅਤੇ ਮਾਰਥਾ ਰਹਿੰਦੀਆਂ ਸਨ । (ਇਹ ਉਹ ਹੀ ਮਰੀਅਮ ਸੀ ਜਿਸ ਨੇ ਪ੍ਰਭੂ ਦੇ ਉੱਤੇ ਅਤਰ ਡੋਲ੍ਹ ਕੇ ਉਹਨਾਂ ਦੇ ਚਰਨਾਂ ਨੂੰ ਆਪਣੇ ਵਾਲਾਂ ਨਾਲ ਪੂੰਝਿਆ ਸੀ । ਇਸੇ ਦਾ ਭਰਾ ਲਾਜ਼ਰ ਬਿਮਾਰ ਸੀ ।) ਭੈਣਾਂ ਨੇ ਪ੍ਰਭੂ ਯਿਸੂ ਨੂੰ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਹਾਡਾ ਪਿਆਰਾ ਮਿੱਤਰ ਬਿਮਾਰ ਹੈ ।” ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹਨਾਂ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ ਸਗੋਂ ਇਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੈ । ਇਸ ਦੇ ਰਾਹੀਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇਗੀ ।” ਯਿਸੂ ਮਾਰਥਾ, ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦੇ ਸਨ । ਜਦੋਂ ਯਿਸੂ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸਨ, ਉਸ ਥਾਂ ਉੱਤੇ ਦੋ ਦਿਨ ਹੋਰ ਠਹਿਰ ਗਏ । ਇਸ ਦੇ ਬਾਅਦ ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਫਿਰ ਯਹੂਦਿਯਾ ਨੂੰ ਚੱਲੀਏ ।” ਚੇਲਿਆਂ ਨੇ ਉਹਨਾਂ ਨੂੰ ਕਿਹਾ, “ਹੇ ਰੱਬੀ, ਕੁਝ ਸਮਾਂ ਪਹਿਲਾਂ ਹੀ ਯਹੂਦੀ ਤੁਹਾਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਕੀ ਤੁਸੀਂ ਫਿਰ ਉੱਥੇ ਹੀ ਜਾਣਾ ਚਾਹੁੰਦੇ ਹੋ?” ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਵਿੱਚ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਸੰਸਾਰ ਦੇ ਚਾਨਣ ਨੂੰ ਦੇਖਦਾ ਹੈ । ਪਰ ਜੇਕਰ ਕੋਈ ਰਾਤ ਨੂੰ ਚੱਲਦਾ ਹੈ ਤਾਂ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ ।” ਇਹ ਕਹਿਣ ਦੇ ਬਾਅਦ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ । ਮੈਂ ਉਸ ਨੂੰ ਜਗਾਉਣ ਲਈ ਜਾ ਰਿਹਾ ਹਾਂ ।” ਪਰ ਚੇਲਿਆਂ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਜੇਕਰ ਉਹ ਸੌਂ ਗਿਆ ਹੈ ਤਾਂ ਉਹ ਚੰਗਾ ਹੋ ਜਾਵੇਗਾ ।” ਯਿਸੂ ਨੇ ਲਾਜ਼ਰ ਦੀ ਮੌਤ ਦੇ ਬਾਰੇ ਕਿਹਾ ਸੀ ਪਰ ਚੇਲਿਆਂ ਨੇ ਸਮਝਿਆ ਕਿ ਉਹਨਾਂ ਨੇ ਸਧਾਰਨ ਨੀਂਦ ਦੇ ਬਾਰੇ ਕਿਹਾ ਸੀ । ਇਸ ਲਈ ਫਿਰ ਯਿਸੂ ਨੇ ਉਹਨਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ, “ਲਾਜ਼ਰ ਮਰ ਗਿਆ ਹੈ । ਤੁਹਾਡੇ ਲਈ ਮੈਂ ਖ਼ੁਸ਼ ਹਾਂ ਕਿ ਮੈਂ ਉੱਥੇ ਨਹੀਂ ਸੀ ਕਿ ਤੁਸੀਂ ਵਿਸ਼ਵਾਸ ਕਰੋ । ਆਓ, ਅਸੀਂ ਉਸ ਕੋਲ ਚੱਲੀਏ ।” ਤਦ ਥੋਮਾ ਨੇ ਜੋ ਦੀਦੁਮੁਸ ਅਖਵਾਉਂਦਾ ਸੀ, ਆਪਣੇ ਸਾਥੀਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂ ਜੋ ਉਹਨਾਂ ਦੇ ਨਾਲ ਮਰੀਏ ।” ਯਿਸੂ ਨੂੰ ਉੱਥੇ ਪਹੁੰਚ ਕੇ ਪਤਾ ਲੱਗਾ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਹੋਏ ਚਾਰ ਦਿਨ ਹੋ ਗਏ ਹਨ । ਬੈਤਨੀਆ ਯਰੂਸ਼ਲਮ ਤੋਂ ਕੋਈ ਤਿੰਨ ਕਿਲੋਮੀਟਰ ਦੂਰ ਸੀ । ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰੀਅਮ ਦੇ ਕੋਲ ਤਸੱਲੀ ਦੇਣ ਦੇ ਲਈ ਆਏ ਹੋਏ ਸਨ । ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸੂ ਆ ਰਹੇ ਹਨ ਤਾਂ ਉਹ ਉਹਨਾਂ ਨੂੰ ਮਿਲਣ ਦੇ ਲਈ ਬਾਹਰ ਗਈ । ਪਰ ਮਰੀਅਮ ਘਰ ਵਿੱਚ ਹੀ ਬੈਠੀ ਰਹੀ । ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ । ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਜੋ ਕੁਝ ਤੁਸੀਂ ਪਰਮੇਸ਼ਰ ਕੋਲੋਂ ਮੰਗੋਗੇ, ਪਰਮੇਸ਼ਰ ਤੁਹਾਨੂੰ ਦੇਣਗੇ ।” ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਫਿਰ ਜੀਅ ਉੱਠੇਗਾ ।” ਮਾਰਥਾ ਨੇ ਉਹਨਾਂ ਨੂੰ ਕਿਹਾ, “ਹਾਂ, ਮੈਂ ਜਾਣਦੀ ਹਾਂ ਕਿ ਅੰਤਮ ਦਿਨ ਪੁਨਰ-ਉਥਾਨ ਵਾਲੇ ਦਿਨ, ਉਹ ਫਿਰ ਜੀਅ ਉੱਠੇਗਾ ।” ਯਿਸੂ ਨੇ ਉਸ ਨੂੰ ਫਿਰ ਕਿਹਾ, “ਮੈਂ ਹੀ ਪੁਨਰ-ਉਥਾਨ ਅਤੇ ਜੀਵਨ ਹਾਂ । ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ, ਬੇਸ਼ੱਕ ਉਹ ਮਰ ਵੀ ਜਾਵੇ, ਉਹ ਫਿਰ ਵੀ ਜੀਵੇਗਾ ਅਤੇ ਉਹ ਸਾਰੇ ਜਿਹੜੇ ਜਿਊਂਦੇ ਹਨ ਅਤੇ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ, ਕਦੀ ਨਹੀਂ ਮਰਨਗੇ । ਕੀ ਤੂੰ ਇਸ ਉੱਤੇ ਵਿਸ਼ਵਾਸ ਕਰਦੀ ਹੈਂ?” ਮਾਰਥਾ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਪੁੱਤਰ ਮਸੀਹ ਹੋ ਜੋ ਸੰਸਾਰ ਵਿੱਚ ਆਉਣ ਵਾਲੇ ਸਨ ।” ਇਹ ਕਹਿਣ ਦੇ ਬਾਅਦ ਮਾਰਥਾ ਵਾਪਸ ਆ ਗਈ ਅਤੇ ਆਪਣੀ ਭੈਣ ਨੂੰ ਇਕੱਲੇ ਸੱਦ ਕੇ ਕਿਹਾ, “ਗੁਰੂ ਜੀ ਇੱਥੇ ਆ ਗਏ ਹਨ ਅਤੇ ਤੈਨੂੰ ਸੱਦ ਰਹੇ ਹਨ ।” ਇਹ ਸੁਣ ਕੇ ਮਰੀਅਮ ਇਕਦਮ ਉੱਠੀ ਅਤੇ ਯਿਸੂ ਕੋਲ ਗਈ । ਯਿਸੂ ਅਜੇ ਪਿੰਡ ਦੇ ਵਿੱਚ ਨਹੀਂ ਪਹੁੰਚੇ ਸਨ ਸਗੋਂ ਉਸ ਥਾਂ ਉੱਤੇ ਸੀ ਜਿੱਥੇ ਮਾਰਥਾ ਉਹਨਾਂ ਨੂੰ ਮਿਲੀ ਸੀ । ਯਹੂਦੀਆਂ ਨੇ ਜਿਹੜੇ ਉਸ ਸਮੇਂ ਮਰੀਅਮ ਨੂੰ ਘਰ ਵਿੱਚ ਤਸੱਲੀ ਦੇ ਰਹੇ ਸਨ, ਦੇਖਿਆ ਕਿ ਮਰੀਅਮ ਇਕਦਮ ਉੱਠੀ ਹੈ ਅਤੇ ਬਾਹਰ ਗਈ ਹੈ, ਉਹ ਉਸ ਦੇ ਪਿੱਛੇ ਗਏ । ਉਹਨਾਂ ਨੇ ਸੋਚਿਆ ਕਿ ਉਹ ਕਬਰ ਉੱਤੇ ਰੋਣ ਦੇ ਲਈ ਜਾ ਰਹੀ ਹੈ । ਜਦੋਂ ਮਰੀਅਮ ਉੱਥੇ ਪਹੁੰਚੀ ਜਿੱਥੇ ਯਿਸੂ ਸਨ ਤਾਂ ਉਹ ਯਿਸੂ ਨੂੰ ਦੇਖਦੇ ਹੀ ਉਹਨਾਂ ਦੇ ਚਰਨਾਂ ਵਿੱਚ ਡਿੱਗ ਪਈ ਅਤੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਜੇਕਰ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ ।” ਯਿਸੂ ਨੇ ਜਦੋਂ ਮਰੀਅਮ ਨੂੰ ਅਤੇ ਉਸ ਦੇ ਨਾਲ ਯਹੂਦੀਆਂ ਨੂੰ ਰੋਂਦੇ ਦੇਖਿਆ ਤਾਂ ਉਹਨਾਂ ਦਾ ਦਿਲ ਭਰ ਆਇਆ ਅਤੇ ਉਹ ਆਪਣੇ ਆਤਮਾ ਵਿੱਚ ਬਹੁਤ ਦੁਖੀ ਹੋਏ । ਉਹਨਾਂ ਨੇ ਪੁੱਛਿਆ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਜੀ, ਚੱਲ ਕੇ ਦੇਖੋ ।” ਯਿਸੂ ਰੋਏ । ਤਦ ਯਹੂਦੀਆਂ ਨੇ ਕਿਹਾ, “ਦੇਖੋ, ਇਹ ਉਸ ਨੂੰ ਕਿੰਨਾ ਪਿਆਰ ਕਰਦਾ ਸੀ!” ਪਰ ਉਹਨਾਂ ਵਿੱਚੋਂ ਕੁਝ ਹੋਰ ਕਹਿਣ ਲੱਗੇ, “ਇਸ ਨੇ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹੀਆਂ, ਕੀ ਇਹ ਲਾਜ਼ਰ ਨੂੰ ਮਰਨ ਤੋਂ ਨਹੀਂ ਬਚਾਅ ਸਕਦਾ ਸੀ?” ਯਿਸੂ ਦਾ ਦਿਲ ਇੱਕ ਵਾਰੀ ਫਿਰ ਭਰ ਆਇਆ ਅਤੇ ਉਹ ਕਬਰ ਉੱਤੇ ਗਏ । ਕਬਰ ਇੱਕ ਗੁਫ਼ਾ ਵਾਂਗ ਸੀ ਜਿਸ ਦੇ ਮੂੰਹ ਦੇ ਅੱਗੇ ਪੱਥਰ ਰੱਖਿਆ ਹੋਇਆ ਸੀ । ਯਿਸੂ ਨੇ ਕਿਹਾ, “ਪੱਥਰ ਨੂੰ ਹਟਾਓ!” ਮਰੇ ਹੋਏ ਆਦਮੀ ਦੀ ਭੈਣ ਮਾਰਥਾ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਬੋ ਆ ਰਹੀ ਹੋਵੇਗੀ ਕਿਉਂਕਿ ਉਸ ਨੂੰ ਉੱਥੇ ਰੱਖੇ ਹੋਏ ਚਾਰ ਦਿਨ ਹੋ ਗਏ ਹਨ!” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਪਰਮੇਸ਼ਰ ਦੀ ਮਹਿਮਾ ਦੇਖੇਂਗੀ?” ਉਹਨਾਂ ਨੇ ਪੱਥਰ ਹਟਾ ਦਿੱਤਾ । ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਪਿਤਾ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੀ ਸੁਣ ਲਈ ਹੈ । ਮੈਂ ਜਾਣਦਾ ਹਾਂ ਕਿ ਤੁਸੀਂ ਹਮੇਸ਼ਾ ਮੇਰੀ ਸੁਣਦੇ ਹੋ ਪਰ ਮੈਂ ਇਸ ਭੀੜ ਦੇ ਕਾਰਨ ਜਿਹੜੀ ਮੇਰੇ ਆਲੇ ਦੁਆਲੇ ਖੜ੍ਹੀ ਹੈ, ਕਿਹਾ ਹੈ ਕਿ ਇਹ ਵਿਸ਼ਵਾਸ ਕਰਨ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ।” ਇਹ ਕਹਿਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਲਾਜ਼ਰ, ਬਾਹਰ ਆ!” ਜੋ ਮਰ ਗਿਆ ਸੀ, ਉਹ ਬਾਹਰ ਆ ਗਿਆ । ਉਸ ਦੇ ਹੱਥ ਪੈਰ ਪੱਟੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੇ ਚਿਹਰੇ ਦੇ ਦੁਆਲੇ ਕੱਪੜਾ ਬੰਨ੍ਹਿਆ ਹੋਇਆ ਸੀ । ਯਿਸੂ ਨੇ ਉਹਨਾਂ ਨੂੰ ਕਿਹਾ, “ਉਸ ਨੂੰ ਖੋਲ੍ਹ ਦਿਓ ਅਤੇ ਜਾਣ ਦਿਓ ।” ਬਹੁਤ ਸਾਰੇ ਯਹੂਦੀ ਜਿਹੜੇ ਮਰੀਅਮ ਦੇ ਕੋਲ ਆਏ ਹੋਏ ਸਨ, ਉਹਨਾਂ ਨੇ ਜੋ ਯਿਸੂ ਨੇ ਕੀਤਾ ਸੀ ਉਸ ਨੂੰ ਦੇਖਿਆ ਅਤੇ ਉਹਨਾਂ ਵਿੱਚ ਵਿਸ਼ਵਾਸ ਕੀਤਾ । ਪਰ ਉਹਨਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਵਾਪਸ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਹਨਾਂ ਨੂੰ ਦੱਸਿਆ । ਇਸ ਲਈ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਮਿਲ ਕੇ ਮਹਾਂ ਸਭਾ ਦੀ ਬੈਠਕ ਕੀਤੀ ਅਤੇ ਕਿਹਾ, “ਅਸੀਂ ਕੀ ਕਰੀਏ? ਇਹ ਆਦਮੀ ਤਾਂ ਬਹੁਤ ਚਮਤਕਾਰ ਦਿਖਾ ਰਿਹਾ ਹੈ । ਜੇਕਰ ਅਸੀਂ ਇਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਭ ਲੋਕ ਇਸ ਵਿੱਚ ਵਿਸ਼ਵਾਸ ਕਰਨ ਲੱਗ ਪੈਣਗੇ । ਫਿਰ ਰੋਮੀ ਆਉਣਗੇ ਅਤੇ ਸਾਡੀ ਕੌਮ ਅਤੇ ਹੈਕਲ ਦੋਨਾਂ ਦਾ ਨਾਸ਼ ਕਰ ਦੇਣਗੇ ।” ਪਰ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਂ ਕਾਇਫ਼ਾ ਸੀ ਜੋ ਇੱਕ ਮਹਾਂ-ਪੁਰੋਹਿਤ ਸੀ, ਉਸ ਨੇ ਕਿਹਾ, “ਕੀ ਤੁਸੀਂ ਕੁਝ ਨਹੀਂ ਜਾਣਦੇ? ਕੀ ਤੁਹਾਡੇ ਲਈ ਇਹ ਬਿਹਤਰ ਨਹੀਂ ਹੈ ਕਿ ਇੱਕ ਆਦਮੀ ਸਾਰੀ ਕੌਮ ਦੇ ਲਈ ਮਾਰਿਆ ਜਾਵੇ, ਬਜਾਏ ਇਸ ਦੇ ਕਿ ਸਾਰੀ ਕੌਮ ਦਾ ਨਾਸ਼ ਹੋਵੇ?” (ਇਹ ਗੱਲ ਉਸ ਨੇ ਆਪਣੇ ਵੱਲੋਂ ਨਹੀਂ ਕਹੀ ਸੀ, ਸਗੋਂ ਉਸ ਸਾਲ ਦੇ ਮਹਾਂ-ਪੁਰੋਹਿਤ ਹੋਣ ਕਰ ਕੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਯਹੂਦੀ ਕੌਮ ਦੇ ਲਈ ਮਰਨਗੇ । ਨਾ ਕੇਵਲ ਉਹਨਾਂ ਲਈ ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਤਿੱਤਰ-ਬਿੱਤਰ ਹੋਈ ਸੰਤਾਨ ਨੂੰ ਇਕੱਠੇ ਕਰ ਕੇ ਇੱਕ ਕਰਨ ।) ਇਸ ਲਈ ਉਸ ਦਿਨ ਤੋਂ ਯਹੂਦੀ ਯਿਸੂ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗੇ । ਇਸ ਕਾਰਨ ਯਿਸੂ ਨੇ ਯਹੂਦਿਯਾ ਦੇ ਲੋਕਾਂ ਵਿੱਚ ਖੁੱਲ੍ਹੇਆਮ ਚੱਲਣਾ ਫਿਰਨਾ ਬੰਦ ਕਰ ਦਿੱਤਾ । ਉਹ ਉੱਥੋਂ ਵਿਰਾਨ ਇਲਾਕੇ ਦੇ ਕੋਲ ਇਫ਼ਰਾਈਮ ਨਾਂ ਦੇ ਸ਼ਹਿਰ ਨੂੰ ਚਲੇ ਗਏ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਹਿਣ ਲੱਗੇ । ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ । ਬਹੁਤ ਸਾਰੇ ਲੋਕ ਪਿੰਡਾਂ ਤੋਂ ਯਰੂਸ਼ਲਮ ਨੂੰ ਗਏ ਤਾਂ ਜੋ ਉਹ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਰਸਮ ਨੂੰ ਪੂਰਾ ਕਰਨ । ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਤੁਹਾਡਾ ਕੀ ਵਿਚਾਰ ਹੈ? ਕੀ ਉਹ ਤਿਉਹਾਰ ਲਈ ਨਹੀਂ ਆਉਣਗੇ?” ਦੂਜੇ ਪਾਸੇ ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਨੇ ਇਹ ਹੁਕਮ ਦਿੱਤੇ ਹੋਏ ਸਨ ਕਿ ਜੇਕਰ ਕਿਸੇ ਨੂੰ ਸੂਹ ਲੱਗੇ ਕਿ ਯਿਸੂ ਕਿੱਥੇ ਹਨ ਤਾਂ ਉਹ ਖ਼ਬਰ ਦੇਣ ਤਾਂ ਜੋ ਉਹ ਯਿਸੂ ਨੂੰ ਫੜ ਲੈਣ । ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਨੀਆ ਨੂੰ ਗਏ ਜਿੱਥੇ ਲਾਜ਼ਰ ਰਹਿੰਦਾ ਸੀ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ । ਉੱਥੇ ਯਿਸੂ ਲਈ ਇੱਕ ਭੋਜ ਤਿਆਰ ਕੀਤਾ ਗਿਆ । ਮਾਰਥਾ ਨੇ ਭੋਜਨ ਪਰੋਸਣ ਦਾ ਕੰਮ ਸੰਭਾਲਿਆ ਅਤੇ ਲਾਜ਼ਰ ਖਾਣ ਵਾਲਿਆਂ ਦੇ ਨਾਲ ਭੋਜਨ ਕਰਨ ਬੈਠਾ । ਉਸ ਸਮੇਂ ਮਰੀਅਮ ਨੇ ਕੋਈ ਅੱਧਾ ਕਿਲੋ ਖ਼ਾਲਸ ਜਟਾਮਾਸੀ ਦਾ ਅਤਰ ਲਿਆ ਜੋ ਬਹੁਤ ਕੀਮਤੀ ਸੀ ਅਤੇ ਯਿਸੂ ਦੇ ਚਰਨਾਂ ਉੱਤੇ ਡੋਲ੍ਹ ਦਿੱਤਾ । ਫਿਰ ਆਪਣੇ ਵਾਲਾਂ ਨਾਲ ਉਹਨਾਂ ਦੇ ਚਰਨ ਸਾਫ਼ ਕੀਤੇ । ਉਸ ਅਤਰ ਦੀ ਸੁਗੰਧ ਨਾਲ ਸਾਰਾ ਘਰ ਭਰ ਗਿਆ । ਤਦ ਉਹਨਾਂ ਦਾ ਇੱਕ ਚੇਲਾ, ਯਹੂਦਾ ਇਸਕਰਿਯੋਤੀ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਉਸ ਨੇ ਕਿਹਾ, “ਇਹ ਅਤਰ ਤਿੰਨ ਸੌ ਦੀਨਾਰ ਵਿੱਚ ਵੇਚ ਕੇ ਗਰੀਬਾਂ ਵਿੱਚ ਕਿਉਂ ਨਹੀਂ ਵੰਡਿਆ ਗਿਆ?” ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਸੀ ਕਿ ਉਹ ਗਰੀਬਾਂ ਦੀ ਪਰਵਾਹ ਕਰਦਾ ਸੀ ਸਗੋਂ ਇਸ ਲਈ ਕਿ ਉਹ ਚੋਰ ਸੀ । ਉਸ ਕੋਲ ਚੇਲਿਆਂ ਦੇ ਪੈਸਿਆਂ ਦੀ ਥੈਲੀ ਹੁੰਦੀ ਸੀ ਜਿਸ ਵਿੱਚੋਂ ਜੋ ਕੁਝ ਉਸ ਵਿੱਚ ਪਾਇਆ ਜਾਂਦਾ ਸੀ ਉਹ ਕੱਢ ਲੈਂਦਾ ਸੀ । ਯਿਸੂ ਨੇ ਕਿਹਾ, “ਉਸ ਨੂੰ ਪਰੇਸ਼ਾਨ ਨਾ ਕਰੋ, ਉਸ ਨੂੰ ਇਹ ਮੇਰੇ ਦਫ਼ਨਾਉਣ ਦੇ ਲਈ ਕਰਨ ਦਿਓ । ਗ਼ਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਪਰ ਮੈਂ ਤੁਹਾਡੇ ਨਾਲ ਹਮੇਸ਼ਾ ਨਹੀਂ ਰਹਾਂਗਾ ।” ਬਹੁਤ ਸਾਰੇ ਯਹੂਦੀਆਂ ਨੂੰ ਇਹ ਪਤਾ ਲੱਗਾ ਕਿ ਯਿਸੂ ਬੈਤਨੀਆ ਵਿੱਚ ਹਨ । ਇਸ ਲਈ ਉਹ ਉੱਥੇ ਗਏ । ਉਹ ਕੇਵਲ ਯਿਸੂ ਦੇ ਕਾਰਨ ਹੀ ਨਹੀਂ ਗਏ ਸਗੋਂ ਲਾਜ਼ਰ ਨੂੰ ਵੀ ਦੇਖਣ ਆਏ ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ । ਤਦ ਮਹਾਂ-ਪੁਰੋਹਿਤਾਂ ਨੇ ਲਾਜ਼ਰ ਨੂੰ ਵੀ ਜਾਨੋਂ ਮਾਰਨ ਦੀ ਵਿਉਂਤ ਬਣਾਈ । ਕਿਉਂਕਿ ਲਾਜ਼ਰ ਦੇ ਕਾਰਨ ਹੀ ਬਹੁਤ ਸਾਰੇ ਯਹੂਦੀ ਉਹਨਾਂ ਨੂੰ ਛੱਡ ਕੇ ਯਿਸੂ ਵਿੱਚ ਵਿਸ਼ਵਾਸ ਕਰਨ ਲੱਗ ਪਏ ਸਨ । ਅਗਲੇ ਦਿਨ ਉਸ ਭੀੜ ਨੇ ਜੋ ਤਿਉਹਾਰ ਦੇ ਲਈ ਆਈ ਸੀ, ਸੁਣਿਆ ਕਿ ਯਿਸੂ ਯਰੂਸ਼ਲਮ ਵਿੱਚ ਆ ਰਹੇ ਹਨ । ਲੋਕਾਂ ਨੇ ਖਜੂਰ ਦੀਆਂ ਟਹਿਣੀਆਂ ਲਈਆਂ ਅਤੇ ਉਹਨਾਂ ਨੂੰ ਮਿਲਣ ਲਈ ਗਏ । ਉਹ ਉੱਚੀ ਆਵਾਜ਼ ਨਾਲ ਕਹਿ ਰਹੇ ਸਨ, “ਹੋਸੰਨਾ! ਧੰਨ ਹੈ ਉਹ ਜੋ ਪਰਮੇਸ਼ਰ ਦੇ ਨਾਮ ਵਿੱਚ ਆਉਂਦਾ ਹੈ! ਇਸਰਾਏਲ ਦੇ ਰਾਜਾ ਨੂੰ ਅਸੀਸ ਮਿਲੇ!” ਯਿਸੂ ਨੂੰ ਇੱਕ ਗਧੀ ਦਾ ਬੱਚਾ ਮਿਲ ਗਿਆ । ਉਹ ਉਸ ਉੱਤੇ ਬੈਠ ਗਏ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ: “ਸੀਯੋਨ ਦੀ ਬੇਟੀ, ਨਾ ਡਰ, ਦੇਖ ਤੇਰਾ ਰਾਜਾ ਆ ਰਿਹਾ ਹੈ, ਉਹ ਗਧੀ ਦੇ ਬੱਚੇ ਉੱਤੇ ਸਵਾਰ ਹੈ ।” ਇਹ ਸਭ ਕੁਝ ਯਿਸੂ ਦੇ ਚੇਲੇ ਪਹਿਲਾਂ ਤਾਂ ਨਾ ਸਮਝੇ, ਪਰ ਜਦੋਂ ਯਿਸੂ ਮਹਿਮਾ ਪ੍ਰਾਪਤ ਕਰ ਚੁੱਕੇ ਤਾਂ ਉਹਨਾਂ ਨੂੰ ਯਾਦ ਆਇਆ ਕਿ ਲੋਕਾਂ ਨੇ ਯਿਸੂ ਦੇ ਨਾਲ ਉਸੇ ਤਰ੍ਹਾਂ ਹੀ ਕੀਤਾ ਸੀ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਸੀ । ਉਹਨਾਂ ਲੋਕਾਂ ਨੇ ਜਿਹੜੇ ਉਸ ਸਮੇਂ ਯਿਸੂ ਦੇ ਨਾਲ ਸਨ, ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਆਵਾਜ਼ ਦੇ ਕੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਗਵਾਹੀ ਦੇਣ ਲੱਗੇ । ਲੋਕਾਂ ਦੀ ਭੀੜ ਇਸ ਕਾਰਨ ਵੀ ਯਿਸੂ ਨੂੰ ਮਿਲਣ ਗਈ ਕਿਉਂਕਿ ਉਹਨਾਂ ਨੇ ਸੁਣਿਆ ਸੀ ਕਿ ਯਿਸੂ ਨੇ ਇਹ ਚਮਤਕਾਰ ਦਿਖਾਇਆ ਸੀ । ਤਦ ਫ਼ਰੀਸੀ ਇੱਕ ਦੂਜੇ ਨੂੰ ਕਹਿਣ ਲੱਗੇ, “ਦੇਖੋ, ਸਾਡੇ ਤੋਂ ਕੁਝ ਨਹੀਂ ਹੁੰਦਾ, ਸਾਰਾ ਸੰਸਾਰ ਉਸ ਦੇ ਪਿੱਛੇ ਹੋ ਗਿਆ ਹੈ!” ਜਿਹੜੇ ਲੋਕ ਤਿਉਹਾਰ ਤੇ ਭਗਤੀ ਕਰਨ ਦੇ ਲਈ ਗਏ ਸਨ ਉਹਨਾਂ ਵਿੱਚ ਕੁਝ ਯੂਨਾਨੀ ਲੋਕ ਵੀ ਸਨ । ਉਹ ਫ਼ਿਲਿੱਪੁਸ ਕੋਲ ਆਏ । ਫ਼ਿਲਿੱਪੁਸ ਗਲੀਲ ਦੇ ਸ਼ਹਿਰ ਬੈਤਸੈਦਾ ਦਾ ਰਹਿਣ ਵਾਲਾ ਸੀ । ਉਹਨਾਂ ਯੂਨਾਨੀਆਂ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ, “ਸ੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ।” ਫ਼ਿਲਿੱਪੁਸ ਨੇ ਜਾ ਕੇ ਅੰਦ੍ਰਿਯਾਸ ਨੂੰ ਦੱਸਿਆ । ਫਿਰ ਉਹਨਾਂ ਦੋਨਾਂ ਨੇ ਯਿਸੂ ਨੂੰ ਇਹ ਦੱਸਿਆ । ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਮਨੁੱਖ ਦੇ ਪੁੱਤਰ ਦੀ ਮਹਿਮਾ ਪ੍ਰਾਪਤੀ ਦਾ ਸਮਾਂ ਆ ਗਿਆ ਹੈ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ: ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ, ਉਹ ਇਕੱਲਾ ਹੀ ਰਹਿੰਦਾ ਹੈ । ਪਰ ਜਦੋਂ ਉਹ ਮਰ ਜਾਂਦਾ ਹੈ ਤਾਂ ਉਹ ਬਹੁਤ ਫਲਦਾ ਹੈ । ਜੋ ਆਪਣੀ ਜਾਨ ਨਾਲ ਪਿਆਰ ਕਰਦਾ ਹੈ, ਉਹ ਉਸ ਨੂੰ ਗੁਆ ਲੈਂਦਾ ਹੈ । ਪਰ ਉਹ ਜੋ ਇਸ ਸੰਸਾਰ ਵਿੱਚ ਆਪਣੀ ਜਾਨ ਨੂੰ ਨਫ਼ਰਤ ਕਰਦਾ ਹੈ, ਉਹ ਉਸ ਨੂੰ ਅਨੰਤ ਜੀਵਨ ਦੇ ਲਈ ਸੁਰੱਖਿਅਤ ਰੱਖਦਾ ਹੈ । ਜੋ ਕੋਈ ਮੇਰੀ ਸੇਵਾ ਕਰਨਾ ਚਾਹੁੰਦਾ ਹੈ, ਮੇਰੇ ਪਿੱਛੇ ਚੱਲੇ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਮੇਰਾ ਸੇਵਕ ਵੀ ਹੋਵੇ । ਜੋ ਮੇਰੀ ਸੇਵਾ ਕਰਦਾ ਹੈ, ਮੇਰੇ ਪਿਤਾ ਉਸ ਦਾ ਆਦਰ ਕਰਨਗੇ ।” “ਮੇਰਾ ਆਤਮਾ ਦੁਖੀ ਹੈ, ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਦੁੱਖਾਂ ਦੀ ਘੜੀ ਤੋਂ ਬਚਾਓ?’ ਨਹੀਂ, ਇਸੇ ਘੜੀ ਲਈ ਹੀ ਮੈਂ ਆਇਆ ਹਾਂ । ਹੇ ਪਿਤਾ, ਆਪਣੇ ਨਾਮ ਨੂੰ ਮਹਿਮਾ ਦਿਓ!” ਤਦ ਇੱਕ ਆਵਾਜ਼ ਅਕਾਸ਼ ਤੋਂ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਇੱਕ ਵਾਰੀ ਫਿਰ ਕਰਾਂਗਾ ।” ਜੋ ਭੀੜ ਉੱਥੇ ਖੜ੍ਹੀ ਸੀ, ਉਸ ਨੇ ਇਹ ਆਵਾਜ਼ ਸੁਣੀ ਅਤੇ ਉਸ ਵਿੱਚੋਂ ਕੁਝ ਨੇ ਕਿਹਾ, “ਬੱਦਲ ਗਰਜਿਆ ਹੈ,” ਪਰ ਕੁਝ ਹੋਰਾਂ ਨੇ ਕਿਹਾ, “ਨਹੀਂ, ਉਸ ਦੇ ਨਾਲ ਸਵਰਗਦੂਤ ਨੇ ਗੱਲ ਕੀਤੀ ਹੈ!” ਯਿਸੂ ਨੇ ਉੱਤਰ ਦਿੱਤਾ, “ਇਹ ਆਵਾਜ਼ ਮੇਰੇ ਲਈ ਨਹੀਂ ਸੀ ਸਗੋਂ ਤੁਹਾਡੇ ਲਈ ਸੀ । ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਆ ਗਿਆ ਹੈ । ਇਸ ਸੰਸਾਰ ਦਾ ਹਾਕਮ ਕੱਢ ਦਿੱਤਾ ਜਾਵੇਗਾ । ਜੇਕਰ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂਗਾ ਤਾਂ ਸਾਰਿਆਂ ਨੂੰ ਆਪਣੇ ਵੱਲ ਖਿੱਚ ਲਵਾਂਗਾ ।” (ਇਹ ਕਹਿਣ ਦੇ ਰਾਹੀਂ ਉਹਨਾਂ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨਗੇ ।) ਭੀੜ ਨੇ ਉਹਨਾਂ ਨੂੰ ਉੱਤਰ ਦਿੱਤਾ, “ਅਸੀਂ ਵਿਵਸਥਾ ਦੁਆਰਾ ਸੁਣਿਆ ਹੈ ਕਿ ਮਸੀਹ ਅਨੰਤ ਕਾਲ ਤੱਕ ਜਿਊਂਦਾ ਰਹੇਗਾ । ਫਿਰ ਤੂੰ ਕਿਸ ਤਰ੍ਹਾਂ ਕਹਿੰਦਾ ਹੈਂ ਕਿ, ‘ਮਨੁੱਖ ਦਾ ਪੁੱਤਰ ਉੱਚਾ ਕੀਤਾ ਜਾਵੇਗਾ?’ ਇਹ ਮਨੁੱਖ ਦਾ ਪੁੱਤਰ ਕੌਣ ਹੈ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਚਾਨਣ ਥੋੜ੍ਹੇ ਸਮੇਂ ਦੇ ਲਈ ਤੁਹਾਡੇ ਵਿੱਚ ਹੈ । ਜਦੋਂ ਤੱਕ ਚਾਨਣ ਹੈ, ਚੱਲਦੇ ਰਹੋ ਤਾਂ ਜੋ ਹਨੇਰਾ ਤੁਹਾਨੂੰ ਘੇਰ ਨਾ ਲਵੇ । ਜੋ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਉਹ ਕਿੱਥੇ ਜਾ ਰਿਹਾ ਹੈ । ਜਦੋਂ ਤੱਕ ਚਾਨਣ ਤੁਹਾਡੇ ਕੋਲ ਹੈ, ਚਾਨਣ ਵਿੱਚ ਵਿਸ਼ਵਾਸ ਕਰੋ ਤਾਂ ਜੋ ਤੁਸੀਂ ਚਾਨਣ ਦੀ ਸੰਤਾਨ ਬਣੋ ।” ਇਹ ਕਹਿ ਕੇ ਯਿਸੂ ਚਲੇ ਗਏ ਅਤੇ ਉਹਨਾਂ ਤੋਂ ਛੁਪੇ ਰਹੇ । ਬੇਸ਼ੱਕ ਯਿਸੂ ਨੇ ਉਹਨਾਂ ਦੇ ਸਾਹਮਣੇ ਇੰਨੇ ਚਮਤਕਾਰ ਦਿਖਾਏ ਪਰ ਫਿਰ ਵੀ ਉਹਨਾਂ ਨੇ ਯਿਸੂ ਵਿੱਚ ਵਿਸ਼ਵਾਸ ਨਾ ਕੀਤਾ । ਇਸ ਲਈ ਕਿ ਯਸਾਯਾਹ ਨਬੀ ਦੇ ਕਹੇ ਹੋਏ ਵਚਨ ਪੂਰੇ ਹੋਣ, “ਹੇ ਪ੍ਰਭੂ, ਕਿਸ ਨੇ ਸਾਡੇ ਉਪਦੇਸ਼ ਵਿੱਚ ਵਿਸ਼ਵਾਸ ਕੀਤਾ? ਕਿਸ ਉੱਤੇ ਪ੍ਰਭੂ ਦੀਆਂ ਬਾਹਾਂ ਦੀ ਸਮਰੱਥਾ ਪ੍ਰਗਟ ਹੋਈ ਹੈ?” ਉਹਨਾਂ ਨੇ ਵਿਸ਼ਵਾਸ ਨਾ ਕੀਤਾ ਕਿਉਂਕਿ ਯਸਾਯਾਹ ਨੇ ਇਹ ਵੀ ਕਿਹਾ ਸੀ: “ਪਰਮੇਸ਼ਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲ ਪੱਥਰ ਕਰ ਦਿੱਤੇ ਤਾਂ ਜੋ ਅਜਿਹਾ ਨਾ ਹੋਵੇ ਕਿ ਉਹ ਆਪਣੀਆਂ ਅੱਖਾਂ ਨਾਲ ਦੇਖਣ ਅਤੇ ਆਪਣੇ ਦਿਲ ਨਾਲ ਸਮਝਣ ਅਤੇ ਮੇਰੇ ਵੱਲ ਮੁੜਨ ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।” ਯਸਾਯਾਹ ਨਬੀ ਨੇ ਇਹ ਕਿਹਾ ਕਿਉਂਕਿ ਉਸ ਨੇ ਯਿਸੂ ਦੀ ਮਹਿਮਾ ਦੇਖੀ ਅਤੇ ਉਹਨਾਂ ਦੇ ਬਾਰੇ ਕਿਹਾ । ਫਿਰ ਵੀ ਬਹੁਤ ਸਾਰੇ ਅਧਿਕਾਰੀਆਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ ਪਰ ਫ਼ਰੀਸੀਆਂ ਦੇ ਡਰ ਦੇ ਕਾਰਨ ਸਵੀਕਾਰ ਨਾ ਕੀਤਾ ਕਿ ਕਿਤੇ ਉਹ ਪ੍ਰਾਰਥਨਾ ਘਰ ਵਿੱਚੋਂ ਕੱਢ ਨਾ ਦਿੱਤੇ ਜਾਣ । ਉਹਨਾਂ ਨੂੰ ਪਰਮੇਸ਼ਰ ਦੇ ਆਦਰ ਦੀ ਥਾਂ ਮਨੁੱਖ ਦਾ ਆਦਰ ਜ਼ਿਆਦਾ ਪਿਆਰਾ ਸੀ । ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰਦਾ ਹੈ ਉਹ ਮੇਰੇ ਵਿੱਚ ਨਹੀਂ ਸਗੋਂ ਮੇਰੇ ਭੇਜਣ ਵਾਲੇ ਵਿੱਚ ਵੀ ਵਿਸ਼ਵਾਸ ਕਰਦਾ ਹੈ । ਜੋ ਮਨੁੱਖ ਮੈਨੂੰ ਦੇਖਦਾ ਹੈ, ਮੇਰੇ ਭੇਜਣ ਵਾਲੇ ਨੂੰ ਵੀ ਦੇਖਦਾ ਹੈ । ਮੈਂ, ਚਾਨਣ, ਸੰਸਾਰ ਵਿੱਚ ਆਇਆ ਹਾਂ ਕਿ ਜੋ ਕੋਈ ਮੇਰੇ ਵਿੱਚ ਵਿਸ਼ਵਾਸ ਕਰੇ ਹਨੇਰੇ ਵਿੱਚ ਨਾ ਰਹੇ । ਜੋ ਕੋਈ ਮੇਰੇ ਸ਼ਬਦ ਸੁਣਦਾ ਹੈ ਪਰ ਉਹਨਾਂ ਉੱਤੇ ਨਹੀਂ ਚੱਲਦਾ, ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਦੇ ਲਈ ਨਹੀਂ ਸਗੋਂ ਮੁਕਤੀ ਦੇਣ ਦੇ ਲਈ ਆਇਆ ਹਾਂ । ਜੋ ਮੈਨੂੰ ਰੱਦਦਾ ਹੈ ਅਤੇ ਮੇਰੇ ਸ਼ਬਦ ਨੂੰ ਸਵੀਕਾਰ ਨਹੀਂ ਕਰਦਾ ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ । ਜੋ ਸ਼ਬਦ ਮੈਂ ਕਿਹਾ ਹੈ ਉਹ ਹੀ ਉਸ ਨੂੰ ਅੰਤਮ ਦਿਨ ਦੋਸ਼ੀ ਠਹਿਰਾਵੇਗਾ । ਕਿਉਂਕਿ ਮੈਂ ਆਪਣੀ ਵੱਲੋਂ ਕੁਝ ਨਹੀਂ ਕਿਹਾ ਪਰ ਪਿਤਾ ਜਿਹਨਾਂ ਨੇ ਮੈਨੂੰ ਭੇਜਿਆ, ਉਹਨਾਂ ਨੇ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਦੱਸਾਂ ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ਰ ਦਾ ਹੁਕਮ ਅਨੰਤ ਜੀਵਨ ਦਾ ਸ੍ਰੋਤ ਹੈ । ਇਸੇ ਲਈ ਜੋ ਸ਼ਬਦ ਮੈਂ ਕਹਿੰਦਾ ਹਾਂ, ਇਹ ਉਹ ਹੀ ਹਨ ਜੋ ਪਿਤਾ ਨੇ ਮੈਨੂੰ ਕਹਿਣ ਲਈ ਦਿੱਤੇ ਹਨ ।” ਪਸਾਹ ਦੇ ਤਿਉਹਾਰ ਤੋਂ ਪਹਿਲਾਂ, ਯਿਸੂ ਨੇ ਇਹ ਜਾਣ ਕੇ ਕਿ ਉਹ ਸਮਾਂ ਆ ਗਿਆ ਹੈ ਜਦੋਂ ਕਿ ਉਹਨਾਂ ਨੂੰ ਇਸ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਜਾਣਾ ਹੋਵੇਗਾ । ਆਪਣੇ ਜਿਹਨਾਂ ਨੂੰ ਉਹਨਾਂ ਨੇ ਹਮੇਸ਼ਾ ਪਿਆਰ ਕੀਤਾ ਅਤੇ ਜਿਹੜੇ ਇਸ ਸੰਸਾਰ ਵਿੱਚ ਸਨ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ । ਯਿਸੂ ਅਤੇ ਉਹਨਾਂ ਦੇ ਚੇਲੇ ਭੋਜਨ ਕਰ ਰਹੇ ਸਨ । ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਵਿਚਾਰ ਪਾ ਚੁੱਕਾ ਸੀ ਕਿ ਉਹ ਯਿਸੂ ਨੂੰ ਫੜਵਾਏ । ਯਿਸੂ ਇਹ ਜਾਣਦੇ ਹੋਏ ਕਿ ਪਿਤਾ ਨੇ ਸਭ ਕੁਝ ਉਹਨਾਂ ਦੇ ਹੱਥ ਵਿੱਚ ਸੌਂਪ ਦਿੱਤਾ ਹੈ ਅਤੇ ਉਹ ਪਰਮੇਸ਼ਰ ਕੋਲੋਂ ਆਏ ਹਨ ਅਤੇ ਪਰਮੇਸ਼ਰ ਕੋਲ ਹੀ ਵਾਪਸ ਜਾ ਰਹੇ ਹਨ; ਭੋਜਨ ਤੋਂ ਉੱਠ ਕੇ ਆਪਣੇ ਬਾਹਰੀ ਕੱਪੜੇ ਉਤਾਰ ਦਿੱਤੇ ਅਤੇ ਇੱਕ ਪਰਨਾ ਲੈ ਕੇ ਆਪਣੇ ਲੱਕ ਦੇ ਦੁਆਲੇ ਬੰਨ੍ਹ ਲਿਆ । ਫਿਰ ਉਹਨਾਂ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕਰ ਦਿੱਤੇ ਅਤੇ ਨਾਲ ਹੀ ਲੱਕ ਦੇ ਦੁਆਲੇ ਬੰਨ੍ਹੇ ਹੋਏ ਪਰਨੇ ਦੇ ਨਾਲ ਪੈਰਾਂ ਨੂੰ ਪੂੰਝਣ ਲੱਗੇ । ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਪਹੁੰਚੇ ਤਾਂ ਉਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਮੇਰੇ ਪੈਰ ਧੋਵੋਗੇ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜੋ ਕੁਝ ਵੀ ਕਰ ਰਿਹਾ ਹਾਂ, ਤੂੰ ਇਸ ਸਮੇਂ ਨਹੀਂ ਸਮਝ ਸਕਦਾ ਪਰ ਬਾਅਦ ਵਿੱਚ ਸਮਝ ਜਾਵੇਂਗਾ ।” ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਮੇਰੇ ਪੈਰ ਕਦੀ ਵੀ ਨਹੀਂ ਧੋਵੋਗੇ!” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੈਨੂੰ ਨਾ ਧੋਵਾਂ ਤਾਂ ਮੇਰਾ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ।” ਤਦ ਸ਼ਮਊਨ ਪਤਰਸ ਨੇ ਯਿਸੂ ਨੂੰ ਕਿਹਾ, “ਫਿਰ ਤਾਂ ਪ੍ਰਭੂ ਜੀ ਮੇਰੇ ਪੈਰ ਨਹੀਂ ਸਗੋਂ ਹੱਥ ਅਤੇ ਸਿਰ ਵੀ ਧੋ ਦੇਵੋ!” ਯਿਸੂ ਨੇ ਉਸ ਨੂੰ ਕਿਹਾ, “ਜੋ ਆਦਮੀ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਨੂੰ ਛੱਡ ਕੇ ਹੋਰ ਕੁਝ ਧੋਣ ਦੀ ਲੋੜ ਨਹੀਂ ਉਹ ਸਾਰੇ ਦਾ ਸਾਰਾ ਸ਼ੁੱਧ ਹੈ । ਤੁਸੀਂ ਸਾਰੇ ਸ਼ੁੱਧ ਹੋ ਪਰ ਇੱਕ ਨਹੀਂ ।” (ਯਿਸੂ ਆਪਣੇ ਫੜਵਾਉਣ ਵਾਲੇ ਨੂੰ ਜਾਣਦੇ ਸਨ, ਇਸੇ ਲਈ ਉਹਨਾਂ ਨੇ ਕਿਹਾ, “ਤੁਸੀਂ ਸਾਰੇ ਦੇ ਸਾਰੇ ਸ਼ੁੱਧ ਨਹੀਂ ਹੋ ।”) ਜਦੋਂ ਯਿਸੂ ਉਹਨਾਂ ਦੇ ਪੈਰ ਧੋ ਚੁੱਕੇ, ਤਾਂ ਉਹਨਾਂ ਨੇ ਆਪਣੇ ਬਾਹਰੀ ਕੱਪੜੇ ਪਾ ਲਏ ਅਤੇ ਫਿਰ ਆਪਣੀ ਥਾਂ ਉੱਤੇ ਆ ਕੇ ਬੈਠ ਗਏ । ਉਹਨਾਂ ਨੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਤੁਸੀਂ ਮੈਨੂੰ ‘ਗੁਰੂ’ ਅਤੇ ‘ਪ੍ਰਭੂ’ ਕਹਿੰਦੇ ਹੋ ਅਤੇ ਤੁਸੀਂ ਠੀਕ ਹੀ ਕਹਿੰਦੇ ਹੋ ਕਿਉਂਕਿ ਮੈਂ ਹਾਂ । ਫਿਰ ਜੇਕਰ ਮੈਂ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ । ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੱਤੀ ਹੈ । ਜਿਸ ਤਰ੍ਹਾਂ ਮੈਂ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਕਰੋ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਸੇਵਕ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਨਾਲੋਂ । ਜੇਕਰ ਤੁਸੀਂ ਇਹ ਜਾਣਦੇ ਹੋ ਤਾਂ ਇਸ ਦੇ ਅਨੁਸਾਰ ਚੱਲ ਕੇ ਤੁਸੀਂ ਧੰਨ ਹੋ । “ਮੈਂ ਤੁਹਾਡੇ ਸਾਰਿਆਂ ਦੇ ਬਾਰੇ ਨਹੀਂ ਕਹਿੰਦਾ; ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ ਪਰ ਪਵਿੱਤਰ-ਗ੍ਰੰਥ ਦਾ ਵਚਨ ਵੀ ਪੂਰਾ ਹੋਣਾ ਜ਼ਰੂਰੀ ਹੈ, ‘ਜਿਸ ਨੇ ਮੇਰੇ ਨਾਲ ਰੋਟੀ ਖਾਧੀ ਉਹ ਹੀ ਮੇਰਾ ਦੁਸ਼ਮਨ ਬਣ ਗਿਆ ।’ ਮੈਂ ਤੁਹਾਨੂੰ ਇਹ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਦੋਂ ਇਹ ਸਭ ਹੋਵੇ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹ ਹੀ ਹਾਂ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੋ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੀ ਸਵੀਕਾਰ ਕਰਦਾ ਹੈ ।” ਇਸ ਤੋਂ ਬਾਅਦ ਯਿਸੂ ਆਪਣੇ ਮਨ ਵਿੱਚ ਬਹੁਤ ਦੁਖੀ ਹੋਏ । ਉਹਨਾਂ ਨੇ ਆਪਣੇ ਚੇਲਿਆਂ ਨੂੰ ਖੁੱਲ੍ਹੇਆਮ ਕਿਹਾ, “ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ ।” ਇਹ ਸੁਣ ਕੇ ਚੇਲੇ ਪਰੇਸ਼ਾਨ ਹੋ ਗਏ ਅਤੇ ਇੱਕ ਦੂਜੇ ਵੱਲ ਦੇਖਣ ਲੱਗ ਪਏ ਕਿ ਉਹਨਾਂ ਨੇ ਕਿਸ ਦੇ ਬਾਰੇ ਕਿਹਾ ਹੈ । ਚੇਲਿਆਂ ਵਿੱਚੋਂ ਇੱਕ ਜਿਸ ਨੂੰ ਯਿਸੂ ਪਿਆਰ ਕਰਦੇ ਸਨ, ਉਹਨਾਂ ਨਾਲ ਢਾਸਣਾ ਲਾ ਕੇ ਬੈਠਾ ਹੋਇਆ ਸੀ । ਸ਼ਮਊਨ ਪਤਰਸ ਨੇ ਉਸ ਚੇਲੇ ਨੂੰ ਇਸ਼ਾਰਾ ਕਰ ਕੇ ਕਿਹਾ, “ਪੁੱਛ, ਉਹ ਕੌਣ ਹੈ ਜਿਸ ਦੇ ਬਾਰੇ ਯਿਸੂ ਕਹਿ ਰਹੇ ਹਨ?” ਉਸ ਚੇਲੇ ਨੇ ਹੋਰ ਨੇੜੇ ਹੋ ਕੇ ਉਹਨਾਂ ਤੋਂ ਪੁੱਛਿਆ, “ਪ੍ਰਭੂ ਜੀ, ਉਹ ਕੌਣ ਹੈ?” ਯਿਸੂ ਨੇ ਉੱਤਰ ਦਿੱਤਾ, “ਜਿਸ ਨੂੰ ਮੈਂ ਬੁਰਕੀ ਕਟੋਰੇ ਵਿੱਚ ਡੁਬੋ ਕੇ ਦੇਵਾਂ, ਉਹ ਹੀ ਹੈ ।” ਉਹਨਾਂ ਨੇ ਬੁਰਕੀ ਲਈ ਅਤੇ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਨੂੰ ਦਿੱਤੀ । ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ । ਇਸ ਲਈ ਯਿਸੂ ਨੇ ਉਸ ਨੂੰ ਕਿਹਾ, “ਤੂੰ ਜੋ ਕੁਝ ਕਰਨਾ ਹੈ, ਛੇਤੀ ਕਰ ।” (ਜਿਹੜੇ ਭੋਜਨ ਕਰ ਰਹੇ ਸਨ ਉਹਨਾਂ ਵਿੱਚੋਂ ਕੋਈ ਵੀ ਨਾ ਸਮਝ ਸਕਿਆ ਕਿ ਯਿਸੂ ਨੇ ਉਸ ਨੂੰ ਇਹ ਕਿਉਂ ਕਿਹਾ । ਕੁਝ ਨੇ ਸੋਚਿਆ ਕਿ ਯਹੂਦਾ ਕੋਲ ਪੈਸਿਆਂ ਵਾਲੀ ਥੈਲੀ ਹੁੰਦੀ ਹੈ ਅਤੇ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਕੁਝ ਚਾਹੀਦਾ ਹੈ ਖ਼ਰੀਦ ਲੈ ਜਾਂ ਕੁਝ ਗ਼ਰੀਬਾਂ ਨੂੰ ਵੰਡ ਦੇ ।) ਯਹੂਦਾ ਬੁਰਕੀ ਲੈਣ ਦੇ ਬਾਅਦ ਇਕਦਮ ਬਾਹਰ ਚਲਾ ਗਿਆ । ਇਹ ਰਾਤ ਦਾ ਸਮਾਂ ਸੀ । ਜਦੋਂ ਯਹੂਦਾ ਬਾਹਰ ਚਲਾ ਗਿਆ ਤਾਂ ਯਿਸੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਵਡਿਆਈ ਹੋਈ ਹੈ ਅਤੇ ਉਸ ਦੇ ਰਾਹੀਂ ਪਰਮੇਸ਼ਰ ਦੀ ਵਡਿਆਈ ਹੋਈ ਹੈ । ਜੇਕਰ ਉਸ ਵਿੱਚ ਪਰਮੇਸ਼ਰ ਦੀ ਵਡਿਆਈ ਹੋਈ ਹੈ ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਵਡਿਆਈ ਕਰਨਗੇ । ਪਰਮੇਸ਼ਰ ਉਸ ਦੀ ਵਡਿਆਈ ਤੁਰੰਤ ਹੀ ਕਰਨਗੇ । ਮੇਰੇ ਬੱਚਿਓ, ਮੈਂ ਤੁਹਾਡੇ ਨਾਲ ਥੋੜ੍ਹੀ ਦੇਰ ਦੇ ਲਈ ਹਾਂ । ਤੁਸੀਂ ਮੈਨੂੰ ਲੱਭੋਗੇ ਅਤੇ ਜਿਸ ਤਰ੍ਹਾਂ ਮੈਂ ਯਹੂਦੀਆਂ ਨੂੰ ਕਿਹਾ ਸੀ, ਉਸੇ ਤਰ੍ਹਾਂ ਹੁਣ ਤੁਹਾਨੂੰ ਕਹਿੰਦਾ ਹਾਂ ਕਿ ਜਿੱਥੇ ਮੈਂ ਜਾ ਰਿਹਾ ਹਾਂ ਉੱਥੇ ਤੁਸੀਂ ਨਹੀਂ ਆ ਸਕਦੇ । ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ: ਇੱਕ ਦੂਜੇ ਨਾਲ ਪਿਆਰ ਕਰੋ । ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਕਰੋ । ਜੇਕਰ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋਗੇ ਤਾਂ ਇਸੇ ਤੋਂ ਸਾਰੇ ਜਾਨਣਗੇ ਕਿ ਤੁਸੀਂ ਮੇਰੇ ਚੇਲੇ ਹੋ ।” ਸ਼ਮਊਨ ਪਤਰਸ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾ ਰਿਹਾ ਹਾਂ, ਇਸ ਸਮੇਂ ਤੂੰ ਉੱਥੇ ਮੇਰੇ ਪਿੱਛੇ ਨਹੀਂ ਆ ਸਕਦਾ ਪਰ ਬਾਅਦ ਵਿੱਚ ਆਵੇਂਗਾ ।” ਪਤਰਸ ਨੇ ਉਹਨਾਂ ਨੂੰ ਕਿਹਾ, “ਪ੍ਰਭੂ ਜੀ, ਇਸ ਸਮੇਂ ਮੈਂ ਤੁਹਾਡੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤਾਂ ਤੁਹਾਡੇ ਲਈ ਆਪਣੀ ਜਾਨ ਵੀ ਦੇ ਸਕਦਾ ਹਾਂ ।” ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਮੇਰੇ ਲਈ ਆਪਣੀ ਜਾਨ ਵੀ ਦੇ ਸਕਦਾ ਹੈਂ? ਪਰ ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।” “ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਪਰਮੇਸ਼ਰ ਵਿੱਚ ਵਿਸ਼ਵਾਸ ਕਰਦੇ ਹੋ, ਮੇਰੇ ਵਿੱਚ ਵੀ ਵਿਸ਼ਵਾਸ ਕਰੋ । ਮੇਰੇ ਪਿਤਾ ਦੇ ਘਰ ਵਿੱਚ ਬਹੁਤ ਰਹਿਣ ਵਾਲੀਆਂ ਥਾਵਾਂ ਹਨ । ਜੇਕਰ ਨਾ ਹੁੰਦੀਆਂ ਤਾਂ ਕੀ ਮੈਂ ਤੁਹਾਨੂੰ ਕਹਿੰਦਾ ਕਿ ਮੈਂ ਤੁਹਾਡੇ ਲਈ ਥਾਂ ਤਿਆਰ ਕਰਨ ਲਈ ਜਾ ਰਿਹਾ ਹਾਂ? ਇਸ ਲਈ ਜਦੋਂ ਮੈਂ ਜਾ ਕੇ ਤੁਹਾਡੇ ਲਈ ਥਾਂ ਤਿਆਰ ਕਰ ਲਵਾਂਗਾ ਤਾਂ ਮੈਂ ਫਿਰ ਵਾਪਸ ਆਵਾਂਗਾ ਅਤੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ ਤਾਂ ਜੋ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ । ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੇ ਦਾ ਰਾਹ ਜਾਣਦੇ ਹੋ ।” ਥੋਮਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਅਸੀਂ ਤਾਂ ਇਹ ਨਹੀਂ ਜਾਣਦੇ ਕਿ ਤੁਸੀਂ ਕਿੱਥੇ ਜਾ ਰਹੇ ਹੋ ਤਾਂ ਫਿਰ ਅਸੀਂ ਰਾਹ ਕਿਸ ਤਰ੍ਹਾਂ ਜਾਣ ਸਕਦੇ ਹਾਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਹੀ ਰਾਹ, ਮੈਂ ਹੀ ਸੱਚ ਅਤੇ ਮੈਂ ਹੀ ਜੀਵਨ ਹਾਂ । ਮੇਰੇ ਤੋਂ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਪਹੁੰਚ ਸਕਦਾ । ਜੇਕਰ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ । ਹੁਣ ਤੁਸੀਂ ਉਹਨਾਂ ਨੂੰ ਜਾਣਦੇ ਹੋ ਅਤੇ ਉਹਨਾਂ ਦਾ ਦਰਸ਼ਨ ਵੀ ਕਰ ਚੁੱਕੇ ਹੋ ।” ਫ਼ਿਲਿੱਪੁਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦੇ ਦਰਸ਼ਨ ਕਰਵਾ ਦਿਓ । ਸਾਡੇ ਲਈ ਇਹ ਹੀ ਬਹੁਤ ਹੈ ।” ਯਿਸੂ ਨੇ ਉਸ ਨੂੰ ਕਿਹਾ, “ਫ਼ਿਲਿੱਪੁਸ, ਮੈਂ ਤੁਹਾਡੇ ਨਾਲ ਇੰਨੇ ਸਮੇਂ ਤੋਂ ਹਾਂ ਫਿਰ ਵੀ ਤੁਸੀਂ ਮੈਨੂੰ ਨਹੀਂ ਜਾਣਿਆ? ਜਿਸ ਨੇ ਮੇਰੇ ਦਰਸ਼ਨ ਕੀਤੇ ਹਨ, ਉਸ ਨੇ ਪਿਤਾ ਦੇ ਦਰਸ਼ਨ ਕੀਤੇ ਹਨ । ਤੂੰ ਕਿਸ ਤਰ੍ਹਾਂ ਕਹਿੰਦਾ ਹੈਂ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾਓ?’ ਕੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ? ਇਹ ਵਚਨ ਜਿਹੜੇ ਮੈਂ ਤੁਹਾਨੂੰ ਕਹੇ ਹਨ ਇਹ ਮੈਂ ਆਪਣੇ ਵੱਲੋਂ ਨਹੀਂ ਕਹੇ । ਪਿਤਾ ਹੀ ਮੇਰੇ ਵਿੱਚ ਰਹਿ ਕੇ ਆਪਣੇ ਕੰਮ ਕਰਦੇ ਹਨ । ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਹਾਂ ਅਤੇ ਪਿਤਾ ਮੇਰੇ ਵਿੱਚ ਹਨ, ਨਹੀਂ ਤਾਂ ਮੇਰੇ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਮੇਰੇ ਵਿੱਚ ਵਿਸ਼ਵਾਸ ਕਰਨ ਵਾਲੇ ਉਹ ਕੰਮ ਕਰਨਗੇ ਜਿਹੜੇ ਮੈਂ ਕਰ ਰਿਹਾ ਹਾਂ ਸਗੋਂ ਇਹਨਾਂ ਤੋਂ ਵੀ ਵੱਡੇ ਕੰਮ ਕਰਨਗੇ । ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੰਗੋਗੇ, ਮੈਂ ਉਹ ਕਰਾਂਗਾ ਜਿਸ ਨਾਲ ਮੇਰੇ ਵਿੱਚ ਪਿਤਾ ਦੀ ਵਡਿਆਈ ਹੋਵੇ । ਜੇਕਰ ਤੁਸੀਂ ਮੇਰਾ ਨਾਮ ਲੈ ਕੇ ਮੇਰੇ ਤੋਂ ਕੁਝ ਵੀ ਮੰਗੋਗੇ ਤਾਂ ਮੈਂ ਉਹ ਕਰਾਂਗਾ ।” “ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ, ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ । ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਣਗੇ ਕਿ ਉਹ ਹਮੇਸ਼ਾ ਤੁਹਾਡੇ ਨਾਲ ਰਹੇ, ਸੱਚ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ । ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ । ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ । ਥੋੜ੍ਹਾ ਸਮਾਂ ਹੋਰ ਹੈ ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ ਪਰ ਤੁਸੀਂ ਮੈਨੂੰ ਦੇਖੋਗੇ । ਕਿਉਂਕਿ ਮੈਂ ਜਿਊਂਦਾ ਹਾਂ ਇਸ ਲਈ ਤੁਸੀਂ ਵੀ ਜੀਓਗੇ । ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ ਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ । “ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਅਤੇ ਉਹਨਾਂ ਉੱਤੇ ਚੱਲਦੇ ਹਨ, ਉਹ ਹੀ ਹਨ ਜੋ ਮੈਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਮੇਰੇ ਪਿਤਾ ਪਿਆਰ ਕਰਨਗੇ ਅਤੇ ਮੈਂ ਵੀ ਉਹਨਾਂ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਹਨਾਂ ਉੱਤੇ ਪ੍ਰਗਟ ਕਰਾਂਗਾ ।” ਯਹੂਦਾ (ਇਸਕਰਿਯੋਤੀ ਨਹੀਂ) ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਹ ਕਿਸ ਤਰ੍ਹਾਂ ਕਿ ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ ਪਰ ਸੰਸਾਰ ਉੱਤੇ ਨਹੀਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੋ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਉਪਦੇਸ਼ ਦੀ ਪਾਲਣਾ ਕਰੇਗਾ ਅਤੇ ਮੇਰੇ ਪਿਤਾ ਉਸ ਨੂੰ ਪਿਆਰ ਕਰਨਗੇ । ਮੇਰੇ ਪਿਤਾ ਅਤੇ ਮੈਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ । ਪਰ ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਨੂੰ ਵੀ ਨਹੀਂ ਮੰਨਦਾ । ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਮੇਰੇ ਭੇਜਣ ਵਾਲੇ ਪਿਤਾ ਦੇ ਹਨ । “ਤੁਹਾਡੇ ਨਾਲ ਰਹਿੰਦੇ ਹੋਏ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ । ਪਰ ਮਦਦਗਾਰ, ਪਵਿੱਤਰ ਆਤਮਾ ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜਣਗੇ, ਉਹ ਤੁਹਾਨੂੰ ਇਹ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਕੁਝ ਜੋ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਵਾਏਗਾ । “ਮੈਂ ਤੁਹਾਨੂੰ ਸ਼ਾਂਤੀ ਦੇ ਰਿਹਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਮੈਂ ਤੁਹਾਨੂੰ ਇਸ ਤਰ੍ਹਾਂ ਦੀ ਨਹੀਂ ਦਿੰਦਾ ਜਿਸ ਤਰ੍ਹਾਂ ਦੀ ਸੰਸਾਰ ਦਿੰਦਾ ਹੈ । ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਹੀ ਤੁਸੀਂ ਡਰਨਾ । ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ ।’ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖ਼ੁਸ਼ ਹੁੰਦੇ ਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹਨ । ਮੈਂ ਹੁਣ ਤੁਹਾਨੂੰ ਇਹ ਸਭ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ ਤਾਂ ਜੋ ਜਦੋਂ ਇਹ ਹੋਵੇ ਤਦ ਤੁਸੀਂ ਵਿਸ਼ਵਾਸ ਕਰੋ । ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਤੱਕ ਗੱਲਾਂ ਨਹੀਂ ਕਰਾਂਗਾ ਕਿਉਂਕਿ ਇਸ ਸੰਸਾਰ ਦਾ ਹਾਕਮ ਆ ਰਿਹਾ ਹੈ । ਉਸ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ । ਮੈਂ ਉਸੇ ਤਰ੍ਹਾਂ ਕਰਦਾ ਹਾਂ ਜੋ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਸੰਸਾਰ ਜਾਣੇ ਕਿ ਮੈਂ ਪਿਤਾ ਨਾਲ ਪਿਆਰ ਕਰਦਾ ਹਾਂ । ਉੱਠੋ, ਅਸੀਂ ਇੱਥੋਂ ਚੱਲੀਏ ।” “ਮੈਂ ਅੰਗੂਰ ਦੀ ਸੱਚੀ ਵੇਲ ਹਾਂ ਅਤੇ ਮੇਰੇ ਪਿਤਾ ਮਾਲੀ ਹਨ । ਹਰ ਟਹਿਣੀ ਜਿਹੜੀ ਮੇਰੇ ਵਿੱਚ ਫਲ ਨਹੀਂ ਦਿੰਦੀ ਉਹ ਉਸ ਨੂੰ ਕੱਟ ਦਿੰਦੇ ਹਨ ਅਤੇ ਜਿਹੜੀ ਫਲ ਦਿੰਦੀ ਹੈ, ਉਸ ਨੂੰ ਛਾਂਟਦੇ ਹਨ ਕਿ ਉਹ ਹੋਰ ਜ਼ਿਆਦਾ ਫਲ ਦੇਵੇ । ਤੁਸੀਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ, ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ । ਮੇਰੇ ਵਿੱਚ ਬਣੇ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ । ਜਿਸ ਤਰ੍ਹਾਂ ਟਹਿਣੀ ਜੇਕਰ ਵੇਲ ਵਿੱਚ ਨਾ ਬਣੀ ਰਹੇ ਤਾਂ ਉਹ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਜੇਕਰ ਤੁਸੀਂ ਮੇਰੇ ਵਿੱਚ ਨਾ ਬਣੇ ਰਹੋ ਤਾਂ ਫਲ ਨਹੀਂ ਦੇ ਸਕਦੇ । “ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ । ਜੋ ਮੇਰੇ ਵਿੱਚ ਬਣਿਆ ਰਹਿੰਦਾ ਹੈ, ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਬਹੁਤ ਫਲ ਦਿੰਦਾ ਹੈ । ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ । ਜੇਕਰ ਕੋਈ ਮੇਰੇ ਵਿੱਚ ਬਣਿਆ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ । ਫਿਰ ਲੋਕ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰ ਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹਨਾਂ ਨੂੰ ਸਾੜ ਦਿੰਦੇ ਹਨ । ਜੇਕਰ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਤੁਸੀਂ ਜੋ ਕੁਝ ਵੀ ਚਾਹੋ ਅਤੇ ਮੰਗੋ, ਤੁਹਾਡੇ ਲਈ ਹੋ ਜਾਵੇਗਾ । ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਹੋਵੋਗੇ । ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ । ਮੇਰੇ ਪਿਆਰ ਵਿੱਚ ਬਣੇ ਰਹੋ । ਜੇਕਰ ਤੁਸੀਂ ਮੇਰੇ ਹੁਕਮਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਪਿਆਰ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਆਪਣੇ ਪਿਤਾ ਦੇ ਹੁਕਮਾਂ ਨੂੰ ਮੰਨਦਾ ਹਾਂ ਅਤੇ ਉਹਨਾਂ ਦੇ ਪਿਆਰ ਵਿੱਚ ਬਣਿਆ ਰਹਿੰਦਾ ਹਾਂ । “ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋਵੇ । ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ । ਇਸ ਤੋਂ ਵੱਧ ਕੇ ਹੋਰ ਕੋਈ ਪਿਆਰ ਨਹੀਂ ਕਿ ਕੋਈ ਆਪਣੇ ਮਿੱਤਰਾਂ ਦੇ ਲਈ ਆਪਣੀ ਜਾਨ ਦੇ ਦੇਵੇ । ਜੇਕਰ ਤੁਸੀਂ ਉਹ ਹੀ ਕਰੋ ਜੋ ਮੈਂ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ । ਹੁਣ ਤੋਂ ਮੈਂ ਤੁਹਾਨੂੰ ਦਾਸ ਨਹੀਂ ਕਹਾਂਗਾ; ਕਿਉਂਕਿ ਦਾਸ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ । ਮੈਂ ਤੁਹਾਨੂੰ ਮਿੱਤਰ ਕਿਹਾ ਹੈ ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ, ਤੁਹਾਨੂੰ ਦੱਸ ਦਿੱਤਾ ਹੈ । ਤੁਸੀਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਅਤੇ ਨਿਯੁਕਤ ਕੀਤਾ ਹੈ ਕਿ ਤੁਸੀਂ ਜਾਓ ਅਤੇ ਫਲਦਾਰ ਬਣੋ ਅਤੇ ਤੁਹਾਡਾ ਫਲ ਬਣਿਆ ਰਹੇ । ਫਿਰ ਤੁਸੀਂ ਜੋ ਕੁਝ ਮੇਰੇ ਨਾਮ ਵਿੱਚ ਪਿਤਾ ਦੇ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਣਗੇ । ਮੇਰਾ ਹੁਕਮ ਇਹ ਹੈ, ਇੱਕ ਦੂਜੇ ਨਾਲ ਪਿਆਰ ਕਰੋ ।” “ਜੇਕਰ ਸੰਸਾਰ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਨੇ ਪਹਿਲਾਂ ਮੇਰੇ ਨਾਲ ਨਫ਼ਰਤ ਕੀਤੀ ਹੈ । ਜੇਕਰ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦਾ । ਪਰ ਤੁਸੀਂ ਸੰਸਾਰ ਦੇ ਨਹੀਂ ਹੋ । ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ । ਇਸ ਲਈ ਸੰਸਾਰ ਤੁਹਾਨੂੰ ਨਫ਼ਰਤ ਕਰਦਾ ਹੈ । “ਯਾਦ ਰੱਖੋ, ਮੈਂ ਤੁਹਾਨੂੰ ਕੀ ਕਿਹਾ ਸੀ ‘ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ ।’ ਜੇਕਰ ਉਹਨਾਂ ਨੇ ਮੈਨੂੰ ਸਤਾਇਆ ਸੀ ਤਾਂ ਤੁਹਾਨੂੰ ਵੀ ਸਤਾਉਣਗੇ ਅਤੇ ਜੇਕਰ ਉਹਨਾਂ ਨੇ ਮੇਰਾ ਉਪਦੇਸ਼ ਮੰਨਿਆ ਸੀ ਤਾਂ ਤੁਹਾਡਾ ਵੀ ਮੰਨਣਗੇ । ਪਰ ਉਹ ਸਭ ਕੁਝ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ । ਉਹ ਪਾਪੀ ਨਾ ਠਹਿਰਦੇ ਜੇਕਰ ਮੈਂ ਨਾ ਆਉਂਦਾ ਅਤੇ ਉਹਨਾਂ ਦੇ ਨਾਲ ਗੱਲਾਂ ਨਾ ਕਰਦਾ ਪਰ ਹੁਣ ਉਹਨਾਂ ਦੇ ਕੋਲ ਆਪਣੇ ਪਾਪਾਂ ਦੇ ਲਈ ਕੋਈ ਬਹਾਨਾ ਨਹੀਂ ਹੈ । ਜੋ ਮੈਨੂੰ ਨਫ਼ਰਤ ਕਰਦਾ ਹੈ ਉਹ ਪਿਤਾ ਨੂੰ ਨਫ਼ਰਤ ਕਰਦਾ ਹੈ । ਜੇਕਰ ਮੈਂ ਉਹਨਾਂ ਵਿੱਚ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪੀ ਨਾ ਹੁੰਦੇ ਪਰ ਹੁਣ ਉਹ ਇਹ ਸਭ ਦੇਖ ਚੁੱਕੇ ਹਨ, ਫਿਰ ਵੀ ਉਹਨਾਂ ਨੇ ਸਾਨੂੰ ਦੋਨਾਂ ਨੂੰ, ਮੈਨੂੰ ਅਤੇ ਮੇਰੇ ਪਿਤਾ ਨੂੰ ਨਫ਼ਰਤ ਕੀਤੀ ਹੈ । ਇਹ ਇਸ ਲਈ ਹੋਇਆ ਕਿ ਉਹਨਾਂ ਦੀ ਵਿਵਸਥਾ ਦਾ ਇਹ ਵਚਨ ਪੂਰਾ ਹੋਵੇ, ‘ਉਹਨਾਂ ਨੇ ਮੇਰੇ ਨਾਲ ਬਿਨਾ ਕਾਰਨ ਨਫ਼ਰਤ ਕੀਤੀ ।’ “ਪਰ ਜਦੋਂ ਮਦਦਗਾਰ, ਸੱਚ ਦਾ ਆਤਮਾ ਆਵੇਗਾ ਜਿਸ ਨੂੰ ਮੈਂ ਪਿਤਾ ਦੇ ਕੋਲੋਂ ਤੁਹਾਡੇ ਕੋਲ ਭੇਜਾਂਗਾ ਜੋ ਪਿਤਾ ਵੱਲੋਂ ਹੈ, ਮੇਰੇ ਬਾਰੇ ਗਵਾਹੀ ਦੇਵੇਗਾ । ਤੁਸੀਂ ਵੀ ਮੇਰੀ ਗਵਾਹੀ ਦੇਵੋਗੇ ਕਿਉਂਕਿ ਤੁਸੀਂ ਮੇਰੇ ਨਾਲ ਸ਼ੁਰੂ ਤੋਂ ਹੋ । “ਮੈਂ ਤੁਹਾਨੂੰ ਇਹ ਇਸ ਲਈ ਦੱਸ ਦਿੱਤਾ ਹੈ ਕਿ ਤੁਸੀਂ ਭਟਕ ਨਾ ਜਾਓ । ਉਹ ਤੁਹਾਨੂੰ ਪ੍ਰਾਰਥਨਾ ਘਰਾਂ ਵਿੱਚੋਂ ਕੱਢ ਦੇਣਗੇ । ਇੱਥੋਂ ਤੱਕ ਕਿ ਤੁਹਾਨੂੰ ਕਤਲ ਕਰਨ ਵਾਲਾ ਸਮਝੇਗਾ ਕਿ ਉਹ ਪਰਮੇਸ਼ਰ ਦੀ ਸੇਵਾ ਕਰ ਰਿਹਾ ਹੈ । ਇਹ ਕੰਮ ਉਹ ਇਸ ਲਈ ਕਰਨਗੇ ਕਿ ਨਾ ਤਾਂ ਉਹਨਾਂ ਨੇ ਪਿਤਾ ਨੂੰ ਪਛਾਣਿਆ ਹੈ ਅਤੇ ਨਾ ਹੀ ਮੈਨੂੰ । ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ । ਮੈਂ ਤੁਹਾਨੂੰ ਸ਼ੁਰੂ ਤੋਂ ਇਹ ਗੱਲਾਂ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ ।” “ਪਰ ਹੁਣ ਮੈਂ ਆਪਣੇ ਭੇਜਣ ਵਾਲੇ ਦੇ ਕੋਲ ਜਾ ਰਿਹਾ ਹਾਂ, ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਕੋਲੋਂ ਨਹੀਂ ਪੁੱਛਿਆ, ‘ਤੁਸੀਂ ਕਿੱਥੇ ਜਾ ਰਹੇ ਹੋ?’ ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ ਇਸ ਲਈ ਤੁਹਾਡਾ ਦਿਲ ਸੋਗ ਨਾਲ ਭਰ ਗਿਆ ਹੈ । ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਦਾਇਕ ਹੈ ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਵੇਗਾ । ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ । ਜਦੋਂ ਉਹ ਆਵੇਗਾ ਤਾਂ ਉਹ ਦੁਨੀਆਂ ਨੂੰ ਪਾਪ ਦੇ ਬਾਰੇ, ਨੇਕੀ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ । ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਵਿੱਚ ਵਿਸ਼ਵਾਸ ਨਹੀਂ ਕਰਦੇ; ਨੇਕੀ ਦੇ ਬਾਰੇ ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ਅਤੇ ਥੋੜ੍ਹੀ ਦੇਰ ਦੇ ਬਾਅਦ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ; ਨਿਆਂ ਦੇ ਬਾਰੇ ਕਿਉਂਕਿ ਦੁਨੀਆਂ ਦਾ ਹਾਕਮ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ । “ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ ਪਰ ਇਸ ਵੇਲੇ ਉਸ ਨੂੰ ਸਹਿਣ ਦੀ ਸਮਰੱਥਾ ਤੁਹਾਡੇ ਵਿੱਚ ਨਹੀਂ ਹੈ । ਪਰ ਜਦੋਂ ਸੱਚ ਦਾ ਆਤਮਾ ਆਵੇਗਾ, ਉਹ ਤੁਹਾਡੀ ਸੰਪੂਰਨ ਸੱਚ ਵੱਲ ਅਗਵਾਈ ਕਰੇਗਾ । ਉਹ ਆਪਣੇ ਵੱਲੋਂ ਕੁਝ ਨਹੀਂ ਕਹੇਗਾ ਪਰ ਉਹ ਹੀ ਕਹੇਗਾ ਜੋ ਉਹ ਸੁਣਦਾ ਅਤੇ ਅੱਗੇ ਆਉਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ । ਉਹ ਮੇਰੀ ਵਡਿਆਈ ਕਰੇਗਾ ਕਿਉਂਕਿ ਜੋ ਮੈਂ ਕਿਹਾ ਹੈ, ਉਹ ਉਸ ਨੂੰ ਲੈ ਕੇ ਤੁਹਾਨੂੰ ਦੱਸੇਗਾ । ਸਭ ਕੁਝ ਜੋ ਪਿਤਾ ਦਾ ਹੈ, ਮੇਰਾ ਹੈ । ਇਸੇ ਕਾਰਨ ਮੈਂ ਕਿਹਾ ਕਿ ਜੋ ਕੁਝ ਮੇਰਾ ਹੈ ਆਤਮਾ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ ।” “ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਪਰ ਫਿਰ ਕੁਝ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ।” ਉਹਨਾਂ ਦੇ ਕੁਝ ਚੇਲੇ ਆਪਸ ਵਿੱਚ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ? ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਹੀਂ ਦੇਖੋਗੇ ਪਰ ਫਿਰ ਕੁਝ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ ।’” ਉਹਨਾਂ ਨੇ ਕਿਹਾ, “ਇਹ ‘ਥੋੜ੍ਹੀ ਦੇਰ’ ਕੀ ਹੈ ਜਿਸ ਦੇ ਬਾਰੇ ਇਹ ਕਹਿ ਰਹੇ ਹਨ? ਅਸੀਂ ਕੁਝ ਸਮਝ ਨਹੀਂ ਸਕੇ ਕਿ ਇਹ ਕੀ ਕਹਿ ਰਹੇ ਹਨ ।” ਯਿਸੂ ਨੇ ਇਹ ਜਾਣਦੇ ਹੋਏ ਕਿ ਚੇਲੇ ਉਹਨਾਂ ਤੋਂ ਕੀ ਪੁੱਛਣਾ ਚਾਹੁੰਦੇ ਹਨ, ਚੇਲਿਆਂ ਨੂੰ ਕਿਹਾ, “ਕੀ ਤੁਸੀਂ ਆਪਸ ਵਿੱਚ ਇਸ ਬਾਰੇ ਗੱਲਾਂ ਕਰ ਰਹੇ ਹੋ ਕਿ ਮੈਂ ਤੁਹਾਨੂੰ ਕਿਹਾ ਹੈ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਦੇਖੋਗੇ ਪਰ ਫਿਰ ਕੁਝ ਦੇਰ ਬਾਅਦ ਵਿੱਚ ਤੁਸੀਂ ਮੈਨੂੰ ਨਹੀਂ ਦੇਖੋਗੇ’? ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਸੋਗ ਕਰੋਗੇ ਪਰ ਸੰਸਾਰ ਖ਼ੁਸ਼ ਹੋਵੇਗਾ; ਤੁਸੀਂ ਉਦਾਸ ਹੋਵੋਗੇ ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ । ਜਦੋਂ ਇੱਕ ਔਰਤ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਨੂੰ ਬਹੁਤ ਪੀੜ ਹੁੰਦੀ ਹੈ ਕਿਉਂਕਿ ਉਸ ਦਾ ਜਨਮ ਦੇਣ ਦਾ ਸਮਾਂ ਆ ਚੁੱਕਾ ਹੁੰਦਾ ਹੈ । ਪਰ ਬੱਚੇ ਦੇ ਜਨਮ ਦੇ ਬਾਅਦ ਉਹ ਆਪਣੀਆਂ ਪੀੜਾਂ ਨੂੰ ਭੁੱਲ ਜਾਂਦੀ ਹੈ ਕਿਉਂਕਿ ਉਹ ਖ਼ੁਸ਼ ਹੁੰਦੀ ਹੈ ਕਿ ਸੰਸਾਰ ਵਿੱਚ ਇੱਕ ਬੱਚਾ ਪੈਦਾ ਹੋਇਆ ਹੈ । ਇਸੇ ਤਰ੍ਹਾਂ ਤੁਸੀਂ ਇਸ ਵੇਲੇ ਉਦਾਸ ਹੋ । ਪਰ ਮੈਂ ਤੁਹਾਨੂੰ ਫਿਰ ਮਿਲਾਂਗਾ ਅਤੇ ਤੁਹਾਡੇ ਦਿਲ ਅਨੰਦ ਦੇ ਨਾਲ ਭਰ ਜਾਣਗੇ ਜਿਸ ਅਨੰਦ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕੇਗਾ । “ਉਸ ਦਿਨ ਤੁਸੀਂ ਮੇਰੇ ਕੋਲੋਂ ਕੁਝ ਨਹੀਂ ਮੰਗੋਗੇ । ਮੈਂ ਤੁਹਾਨੂੰ ਸੱਚ ਸੱਚ ਕਹਿੰਦਾ ਹਾਂ ਕਿ ਜੇਕਰ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਤੋਂ ਕੁਝ ਵੀ ਮੰਗੋਗੇ ਤਾਂ ਉਹ ਤੁਹਾਨੂੰ ਦੇਣਗੇ । ਅਜੇ ਤੱਕ ਤੁਸੀਂ ਮੇਰਾ ਨਾਮ ਲੈ ਕੇ ਕੁਝ ਵੀ ਨਹੀਂ ਮੰਗਿਆ । ਮੰਗੋ ਤਾਂ ਤੁਹਾਨੂੰ ਮਿਲੇਗਾ ਤਾਂ ਜੋ ਤੁਹਾਡਾ ਅਨੰਦ ਪੂਰਾ ਹੋਵੇ ।” “ਮੈਂ ਤੁਹਾਨੂੰ ਇਹ ਸਭ ਕੁਝ ਉਦਾਹਰਨਾਂ ਵਿੱਚ ਕਿਹਾ ਹੈ ਪਰ ਉਹ ਸਮਾਂ ਆ ਰਿਹਾ ਹੈ, ਜਦੋਂ ਮੈਂ ਉਦਾਹਰਨਾਂ ਰਾਹੀਂ ਨਹੀਂ ਕਹਾਂਗਾ ਸਗੋਂ ਮੈਂ ਤੁਹਾਨੂੰ ਸਾਫ਼ ਸਾਫ਼ ਸ਼ਬਦਾਂ ਵਿੱਚ ਪਿਤਾ ਦੇ ਬਾਰੇ ਦੱਸਾਂਗਾ । ਉਸ ਦਿਨ ਤੁਸੀਂ ਆਪ ਹੀ ਮੇਰੇ ਨਾਮ ਵਿੱਚ ਮੰਗੋਗੇ; ਅਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਪਿਤਾ ਅੱਗੇ ਬੇਨਤੀ ਕਰਾਂਗਾ । ਪਿਤਾ ਆਪ ਹੀ ਤੁਹਾਨੂੰ ਪਿਆਰ ਕਰਦੇ ਹਨ ਕਿਉਂਕਿ ਤੁਸੀਂ ਮੈਨੂੰ ਪਿਆਰ ਕੀਤਾ ਹੈ ਅਤੇ ਮੇਰੇ ਵਿੱਚ ਵਿਸ਼ਵਾਸ ਕੀਤਾ ਹੈ ਕਿ ਮੈਂ ਪਿਤਾ ਦੇ ਕੋਲੋਂ ਆਇਆ ਹਾਂ । ਮੈਂ ਪਿਤਾ ਦੇ ਕੋਲੋਂ ਇਸ ਸੰਸਾਰ ਵਿੱਚ ਆਇਆ ਹਾਂ ਅਤੇ ਹੁਣ ਫਿਰ ਮੈਂ ਸੰਸਾਰ ਨੂੰ ਛੱਡ ਕੇ ਪਿਤਾ ਦੇ ਕੋਲ ਵਾਪਸ ਜਾ ਰਿਹਾ ਹਾਂ ।” ਤਦ ਉਹਨਾਂ ਦੇ ਚੇਲਿਆਂ ਨੇ ਕਿਹਾ, “ਹੁਣ ਤੁਸੀਂ ਸਾਫ਼ ਸਾਫ਼ ਬੋਲ ਰਹੇ ਹੋ, ਉਦਾਹਰਨਾਂ ਵਿੱਚ ਨਹੀਂ । ਹੁਣ ਅਸੀਂ ਜਾਣ ਗਏ ਹਾਂ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਕਿਸੇ ਨੂੰ ਇਹ ਲੋੜ ਨਹੀਂ ਕਿ ਉਹ ਤੁਹਾਡੇ ਕੋਲੋਂ ਕੁਝ ਪੁੱਛੇ । ਇਸ ਦੁਆਰਾ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਪਰਮੇਸ਼ਰ ਕੋਲੋਂ ਆਏ ਹੋ ।” ਯਿਸੂ ਨੇ ਉੱਤਰ ਦਿੱਤਾ, “ਕੀ ਹੁਣ ਤੁਸੀਂ ਮੇਰੇ ਵਿੱਚ ਵਿਸ਼ਵਾਸ ਕਰਦੇ ਹੋ? ਦੇਖੋ, ਉਹ ਸਮਾਂ ਆ ਰਿਹਾ ਹੈ ਸਗੋਂ ਆ ਚੁੱਕਾ ਹੈ ਜਦੋਂ ਤੁਸੀਂ ਤਿੱਤਰ-ਬਿੱਤਰ ਕੀਤੇ ਜਾਵੋਗੇ; ਤੁਸੀਂ ਸਾਰੇ ਆਪਣੇ ਆਪਣੇ ਘਰ ਨੂੰ ਚਲੇ ਜਾਵੋਗੇ ਅਤੇ ਮੈਨੂੰ ਇਕੱਲਾ ਛੱਡ ਜਾਵੋਗੇ । ਪਰ ਮੈਂ ਇੱਕਲਾ ਨਹੀਂ ਹਾਂ ਕਿਉਂਕਿ ਮੇਰੇ ਪਿਤਾ ਮੇਰੇ ਨਾਲ ਹਨ । ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਮੇਰੇ ਵਿੱਚ ਸ਼ਾਂਤੀ ਪਾਓ । ਸੰਸਾਰ ਵਿੱਚ ਤੁਸੀਂ ਦੁੱਖ ਪਾਓਗੇ ਪਰ ਹੌਸਲਾ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ ਹੈ ।” ਇਹ ਗੱਲਾਂ ਕਹਿਣ ਦੇ ਬਾਅਦ ਯਿਸੂ ਨੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ, ਆਪਣੇ ਪੁੱਤਰ ਦੀ ਵਡਿਆਈ ਕਰੋ ਕਿ ਪੁੱਤਰ ਤੁਹਾਡੀ ਵਡਿਆਈ ਕਰੇ । ਤੁਸੀਂ ਉਸ ਨੂੰ ਸਾਰੇ ਲੋਕਾਂ ਦੇ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਭ ਨੂੰ ਜਿਹੜੇ ਤੁਸੀਂ ਉਸ ਨੂੰ ਦਿੱਤੇ ਹਨ, ਅਨੰਤ ਜੀਵਨ ਦੇਵੇ । ਅਨੰਤ ਜੀਵਨ ਇਹ ਹੈ ਕਿ ਉਹ ਤੁਹਾਨੂੰ ਇੱਕੋ ਇੱਕ ਸੱਚੇ ਪਰਮੇਸ਼ਰ ਅਤੇ ਯਿਸੂ ਮਸੀਹ, ਜਿਸ ਨੂੰ ਤੁਸੀਂ ਭੇਜਿਆ ਹੈ, ਜਾਨਣ । ਮੈਂ ਧਰਤੀ ਉੱਤੇ ਤੁਹਾਡੀ ਵਡਿਆਈ ਕੀਤੀ ਹੈ । ਜੋ ਕੰਮ ਤੁਸੀਂ ਮੈਨੂੰ ਕਰਨ ਲਈ ਦਿੱਤਾ ਸੀ ਮੈਂ ਉਸ ਨੂੰ ਪੂਰਾ ਕਰ ਦਿੱਤਾ ਹੈ । ਹੁਣ ਹੇ ਪਿਤਾ, ਮੈਨੂੰ ਉਹ ਹੀ ਵਡਿਆਈ ਦੇਵੋ ਜਿਹੜੀ ਸੰਸਾਰ ਦੇ ਰਚੇ ਜਾਣ ਤੋਂ ਪਹਿਲਾਂ ਮੇਰੀ ਤੁਹਾਡੇ ਨਾਲ ਸੀ । “ਮੈਂ ਤੁਹਾਡਾ ਨਾਮ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਹੈ ਜਿਹਨਾਂ ਨੂੰ ਤੁਸੀਂ ਮੈਨੂੰ ਇਸ ਸੰਸਾਰ ਵਿੱਚ ਦਿੱਤਾ । ਉਹ ਤੁਹਾਡੇ ਸਨ ਅਤੇ ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਵਚਨ ਦੀ ਪਾਲਣਾ ਕੀਤੀ ਹੈ । ਉਹ ਹੁਣ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ, ਉਹ ਤੁਹਾਡੇ ਕੋਲੋਂ ਹੀ ਆਇਆ ਹੈ । ਕਿਉਂਕਿ ਮੈਂ ਉਹਨਾਂ ਨੂੰ ਉਹ ਵਚਨ ਦਿੱਤਾ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਅਤੇ ਉਹਨਾਂ ਨੇ ਉਸ ਨੂੰ ਮੰਨਿਆ । ਉਹਨਾਂ ਨੇ ਸੱਚ ਜਾਣਿਆ ਕਿ ਮੈਂ ਤੁਹਾਡੇ ਕੋਲੋਂ ਆਇਆ ਹਾਂ ਅਤੇ ਤੁਸੀਂ ਹੀ ਮੈਨੂੰ ਭੇਜਿਆ ਹੈ । “ਮੈਂ ਉਹਨਾਂ ਦੇ ਲਈ ਪ੍ਰਾਰਥਨਾ ਕਰ ਰਿਹਾ ਹਾਂ । ਮੈਂ ਸੰਸਾਰ ਦੇ ਲਈ ਪ੍ਰਾਰਥਨਾ ਨਹੀਂ ਕਰ ਰਿਹਾ ਸਗੋਂ ਉਹਨਾਂ ਦੇ ਲਈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੁਹਾਡੇ ਹਨ । ਸਭ ਕੁਝ ਜੋ ਮੇਰਾ ਹੈ, ਉਹ ਤੁਹਾਡਾ ਹੀ ਹੈ ਅਤੇ ਜੋ ਤੁਹਾਡਾ ਹੈ, ਉਹ ਮੇਰਾ ਹੈ । ਮੇਰੀ ਵਡਿਆਈ ਉਹਨਾਂ ਵਿੱਚ ਹੋਈ ਹੈ । ਮੈਂ ਹੁਣ ਤੋਂ ਬਾਅਦ ਸੰਸਾਰ ਵਿੱਚ ਨਹੀਂ ਰਹਾਂਗਾ ਕਿਉਂਕਿ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਪਰ ਉਹ ਸੰਸਾਰ ਵਿੱਚ ਰਹਿਣਗੇ । ਹੇ ਪਵਿੱਤਰ ਪਿਤਾ, ਆਪਣੇ ਨਾਮ ਦੇ ਰਾਹੀਂ ਜੋ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਦੀ ਰੱਖਿਆ ਕਰੋ ਕਿ ਉਹ ਇੱਕ ਹੋਣ ਜਿਸ ਤਰ੍ਹਾਂ ਤੁਸੀਂ ਅਤੇ ਮੈਂ ਇੱਕ ਹਾਂ । ਜਦੋਂ ਤੱਕ ਮੈਂ ਉਹਨਾਂ ਦੇ ਨਾਲ ਰਿਹਾ ਮੈਂ ਤੁਹਾਡੇ ਨਾਮ ਦੇ ਰਾਹੀਂ ਜੋ ਨਾਮ ਤੁਸੀਂ ਮੈਨੂੰ ਦਿੱਤਾ ਹੈ, ਉਹਨਾਂ ਨੂੰ ਸੁਰੱਖਿਅਤ ਰੱਖਿਆ ਹੈ । ਮੈਂ ਉਹਨਾਂ ਦੀ ਰੱਖਿਆ ਕੀਤੀ ਅਤੇ ਨਾਸ਼ ਦੇ ਪੁੱਤਰ ਨੂੰ ਛੱਡ ਕੇ ਉਹਨਾਂ ਵਿੱਚੋਂ ਕੋਈ ਨਾਸ਼ ਨਾ ਹੋਇਆ ਤਾਂ ਜੋ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ । ਹੁਣ ਮੈਂ ਤੁਹਾਡੇ ਕੋਲ ਆ ਰਿਹਾ ਹਾਂ ਅਤੇ ਇਹ ਸਾਰੀਆਂ ਗੱਲਾਂ ਮੈਂ ਸੰਸਾਰ ਵਿੱਚ ਕਹਿ ਰਿਹਾ ਹਾਂ ਕਿ ਉਹਨਾਂ ਨੂੰ ਮੇਰਾ ਅਨੰਦ ਪੂਰੀ ਤਰ੍ਹਾਂ ਮਿਲੇ । ਮੈਂ ਉਹਨਾਂ ਨੂੰ ਤੁਹਾਡਾ ਵਚਨ ਦਿੱਤਾ ਹੈ ਪਰ ਸੰਸਾਰ ਉਹਨਾਂ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਜਿਸ ਤਰ੍ਹਾਂ ਮੈਂ ਸੰਸਾਰ ਦਾ ਨਹੀਂ ਹਾਂ, ਉਹ ਵੀ ਸੰਸਾਰ ਦੇ ਨਹੀਂ ਹਨ । ਮੈਂ ਇਹ ਪ੍ਰਾਰਥਨਾ ਨਹੀਂ ਕਰਦਾ ਕਿ ਤੁਸੀਂ ਉਹਨਾਂ ਨੂੰ ਇਸ ਸੰਸਾਰ ਵਿੱਚੋਂ ਚੁੱਕ ਲਵੋ ਸਗੋਂ ਇਹ ਕਿ ਤੁਸੀਂ ਉਹਨਾਂ ਨੂੰ ਦੁਸ਼ਟ ਤੋਂ ਸੁਰੱਖਿਅਤ ਰੱਖੋ । ਜਿਸ ਤਰ੍ਹਾਂ ਮੈਂ ਇਸ ਸੰਸਾਰ ਦਾ ਨਹੀਂ ਹਾਂ ਉਹ ਵੀ ਇਸ ਸੰਸਾਰ ਦੇ ਨਹੀਂ ਹਨ । ਸੱਚ ਦੇ ਨਾਲ ਉਹਨਾਂ ਨੂੰ ਪਵਿੱਤਰ ਕਰੋ । ਤੁਹਾਡਾ ਵਚਨ ਸੱਚ ਹੈ । ਜਿਸ ਤਰ੍ਹਾਂ ਤੁਸੀਂ ਮੈਨੂੰ ਸੰਸਾਰ ਵਿੱਚ ਭੇਜਿਆ ਹੈ ਉਸੇ ਤਰ੍ਹਾਂ ਮੈਂ ਉਹਨਾਂ ਨੂੰ ਸੰਸਾਰ ਵਿੱਚ ਭੇਜਿਆ ਹੈ । ਉਹਨਾਂ ਦੇ ਲਈ ਮੈਂ ਆਪਣੇ ਆਪ ਨੂੰ ਤੁਹਾਨੂੰ ਅਰਪਿਤ ਕਰਦਾ ਹਾਂ ਤਾਂ ਜੋ ਉਹ ਵੀ ਸੱਚ ਦੁਆਰਾ ਅਰਪਿਤ ਕੀਤੇ ਜਾਣ । “ਮੈਂ ਕੇਵਲ ਇਹਨਾਂ ਦੇ ਲਈ ਹੀ ਪ੍ਰਾਰਥਨਾ ਨਹੀਂ ਕਰਦਾ ਸਗੋਂ ਉਹਨਾਂ ਸਾਰਿਆਂ ਦੇ ਲਈ ਵੀ ਜਿਹੜੇ ਉਹਨਾਂ ਦੇ ਸੰਦੇਸ਼ ਦੇ ਦੁਆਰਾ ਮੇਰੇ ਵਿੱਚ ਵਿਸ਼ਵਾਸ ਕਰਨਗੇ ਹੇ ਪਿਤਾ, ਉਹ ਸਭ ਇੱਕ ਹੋਣ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ ਅਤੇ ਤੁਸੀਂ ਮੇਰੇ ਵਿੱਚ, ਉਸੇ ਤਰ੍ਹਾਂ ਉਹ ਸਾਡੇ ਵਿੱਚ ਹੋਣ, ਤਾਂ ਜੋ ਸੰਸਾਰ ਵਿਸ਼ਵਾਸ ਕਰੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ । ਜੋ ਵਡਿਆਈ ਤੁਸੀਂ ਮੈਨੂੰ ਦਿੱਤੀ ਹੈ ਉਹ ਮੈਂ ਉਹਨਾਂ ਨੂੰ ਦਿੱਤੀ ਹੈ ਕਿ ਜਿਸ ਤਰ੍ਹਾਂ ਮੈਂ ਅਤੇ ਤੁਸੀਂ ਇੱਕ ਹਾਂ, ਉਹ ਵੀ ਇੱਕ ਹੋਣ । ਮੈਂ ਉਹਨਾਂ ਵਿੱਚ ਅਤੇ ਤੁਸੀਂ ਮੇਰੇ ਵਿੱਚ ਹੋ ਤਾਂ ਜੋ ਉਹ ਇੱਕ ਹੋਣ ਦੇ ਲਈ ਪੂਰਨ ਹੋ ਜਾਣ ਤਾਂ ਜੋ ਸੰਸਾਰ ਜਾਣ ਲਵੇ ਕਿ ਤੁਸੀਂ ਹੀ ਮੈਨੂੰ ਭੇਜਿਆ ਹੈ ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਪਿਆਰ ਕੀਤਾ ਹੈ ਉਸੇ ਤਰ੍ਹਾਂ ਉਹਨਾਂ ਨੂੰ ਵੀ ਪਿਆਰ ਕੀਤਾ ਹੈ । “ਇਸ ਲਈ ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ, ਉਹ ਵੀ ਜਿੱਥੇ ਮੈਂ ਹਾਂ ਉੱਥੇ ਹੋਣ ਤਾਂ ਜੋ ਉਹ ਮੇਰੀ ਵਡਿਆਈ ਦੇਖਣ ਜਿਹੜੀ ਤੁਸੀਂ ਮੈਨੂੰ ਦਿੱਤੀ ਹੈ ਕਿਉਂਕਿ ਤੁਸੀਂ ਮੈਨੂੰ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਪਿਆਰ ਕੀਤਾ ਹੈ । ਹੇ ਨੇਕ ਪਿਤਾ, ਸੰਸਾਰ ਤੁਹਾਨੂੰ ਨਹੀਂ ਜਾਣਦਾ ਪਰ ਮੈਂ ਤੁਹਾਨੂੰ ਜਾਣਦਾ ਹਾਂ ਅਤੇ ਇਹ ਲੋਕ ਜਾਣਦੇ ਹਨ ਕਿ ਤੁਸੀਂ ਮੈਨੂੰ ਭੇਜਿਆ ਹੈ । ਮੈਂ ਤੁਹਾਡਾ ਨਾਮ ਇਹਨਾਂ ਉੱਤੇ ਪ੍ਰਗਟ ਕੀਤਾ ਹੈ ਅਤੇ ਕਰਦਾ ਰਹਾਂਗਾ ਤਾਂ ਜੋ ਉਹ ਪਿਆਰ ਜੋ ਤੁਸੀਂ ਮੈਨੂੰ ਦਿੱਤਾ ਹੈ ਇਹਨਾਂ ਵਿੱਚ ਵੀ ਹੋਵੇ ਅਤੇ ਮੈਂ ਵੀ ਇਹਨਾਂ ਵਿੱਚ ਹੋਵਾਂ ।” ਫਿਰ ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਦੇ ਨਾਲੇ ਦੇ ਪਾਰ ਗਏ । ਉੱਥੇ ਇੱਕ ਬਾਗ਼ ਸੀ ਜਿਸ ਵਿੱਚ ਉਹ ਆਪਣੇ ਚੇਲਿਆਂ ਦੇ ਨਾਲ ਗਏ । ਯਹੂਦਾ ਜੋ ਉਹਨਾਂ ਨੂੰ ਫੜਵਾਉਣ ਵਾਲਾ ਸੀ, ਇਸ ਥਾਂ ਨੂੰ ਜਾਣਦਾ ਸੀ ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦੇ ਸਨ । ਇਸ ਲਈ ਯਹੂਦਾ ਸਿਪਾਹੀਆਂ, ਮਹਾਂ-ਪੁਰੋਹਿਤਾਂ ਅਤੇ ਫ਼ਰੀਸੀਆਂ ਦੇ ਕੁਝ ਸੇਵਕਾਂ ਦੇ ਇੱਕ ਦਲ ਨੂੰ ਨਾਲ ਲੈ ਕੇ ਉੱਥੇ ਆਇਆ । ਉਹਨਾਂ ਦੇ ਕੋਲ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰ ਸਨ । ਯਿਸੂ ਇਹ ਸਭ ਕੁਝ ਜਾਣਦੇ ਹੋਏ ਕਿ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ, ਅੱਗੇ ਵਧੇ ਅਤੇ ਉਹਨਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।” ਯਿਸੂ ਨੇ ਕਿਹਾ, “ਉਹ ਮੈਂ ਹਾਂ ।” ਉਸ ਵੇਲੇ ਉਹਨਾਂ ਨੂੰ ਫੜਵਾਉਣ ਵਾਲਾ ਯਹੂਦਾ ਵੀ ਉੱਥੇ ਸੀ । ਜਦੋਂ ਯਿਸੂ ਨੇ ਕਿਹਾ, “ਉਹ ਮੈਂ ਹਾਂ,” ਉਹ ਲੋਕ ਪਿੱਛੇ ਹਟ ਗਏ ਅਤੇ ਜ਼ਮੀਨ ਉੱਤੇ ਡਿੱਗ ਪਏ । ਯਿਸੂ ਨੇ ਉਹਨਾਂ ਨੂੰ ਦੁਬਾਰਾ ਪੁੱਛਿਆ, “ਤੁਸੀਂ ਕਿਸ ਨੂੰ ਲੱਭ ਰਹੇ ਹੋ?” ਉਹਨਾਂ ਨੇ ਕਿਹਾ, “ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ।” ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਉਹ ਮੈਂ ਹੀ ਹਾਂ । ਇਸ ਲਈ ਜੇਕਰ ਤੁਸੀਂ ਮੈਨੂੰ ਲੱਭ ਰਹੇ ਹੋ ਤਾਂ ਇਹਨਾਂ ਨੂੰ ਜਾਣ ਦਿਓ ।” (ਤਾਂ ਜੋ ਉਹਨਾਂ ਦਾ ਉਹ ਕਿਹਾ ਹੋਇਆ ਵਚਨ ਪੂਰਾ ਹੋਵੇ, “ਜਿਹੜੇ ਤੁਸੀਂ ਮੈਨੂੰ ਦਿੱਤੇ ਹਨ ਉਹਨਾਂ ਵਿੱਚੋਂ ਇੱਕ ਨੂੰ ਵੀ ਮੈਂ ਨਾਸ਼ ਨਹੀਂ ਹੋਣ ਦਿੱਤਾ ।”) ਸ਼ਮਊਨ ਪਤਰਸ ਦੇ ਕੋਲ ਇੱਕ ਤਲਵਾਰ ਸੀ ਜੋ ਉਸ ਨੇ ਕੱਢ ਕੇ ਮਹਾਂ-ਪੁਰੋਹਿਤ ਦੇ ਇੱਕ ਸੇਵਕ ਉੱਤੇ ਚਲਾਈ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ । ਉਸ ਸੇਵਕ ਦਾ ਨਾਂ ਮਲਖੁਸ ਸੀ । ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ । ਕੀ ਮੈਂ ਦੁੱਖਾਂ ਦਾ ਉਹ ਪਿਆਲਾ ਜੋ ਮੇਰੇ ਪਿਤਾ ਨੇ ਮੈਨੂੰ ਦਿੱਤਾ ਹੈ, ਨਾ ਪੀਵਾਂ?” ਫਿਰ ਫ਼ੌਜੀ ਦਲ, ਕਪਤਾਨ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਗਰਿਫ਼ਤਾਰ ਕਰ ਕੇ ਬੰਨ੍ਹ ਦਿੱਤਾ । ਉਹ ਉਹਨਾਂ ਨੂੰ ਪਹਿਲਾਂ ਅੰਨਾਸ ਦੇ ਕੋਲ ਲੈ ਗਏ ਜਿਹੜਾ ਉਸ ਸਾਲ ਦੇ ਮਹਾਂ-ਪੁਰੋਹਿਤ ਕਾਇਫ਼ਾ ਦਾ ਸਹੁਰਾ ਸੀ । ਇਹ ਕਾਇਫ਼ਾ ਹੀ ਸੀ ਜਿਸ ਨੇ ਯਹੂਦੀਆਂ ਨੂੰ ਇਹ ਸਲਾਹ ਦਿੱਤੀ ਸੀ ਕਿ ਸਾਰੀ ਕੌਮ ਦੇ ਬਦਲੇ ਇੱਕ ਆਦਮੀ ਦਾ ਮਰਨਾ ਬਿਹਤਰ ਹੈ । ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ ਪਿੱਛੇ ਗਏ । ਉਹ ਚੇਲਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ । ਇਸ ਲਈ ਉਹ ਯਿਸੂ ਦੇ ਨਾਲ ਮਹਾਂ-ਪੁਰੋਹਿਤ ਦੇ ਵਿਹੜੇ ਵਿੱਚ ਚਲਾ ਗਿਆ । ਪਰ ਪਤਰਸ ਦਰਵਾਜ਼ੇ ਦੇ ਬਾਹਰ ਹੀ ਖੜ੍ਹਾ ਰਿਹਾ ਤਦ ਉਹ ਚੇਲਾ ਜਿਹੜਾ ਮਹਾਂ-ਪੁਰੋਹਿਤ ਦਾ ਵਾਕਫ਼ ਸੀ, ਬਾਹਰ ਆਇਆ ਅਤੇ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੂੰ ਕਹਿ ਕੇ ਪਤਰਸ ਨੂੰ ਅੰਦਰ ਲੈ ਗਿਆ । ਉਸ ਦਰਵਾਜ਼ੇ ਦੀ ਸੁਰੱਖਿਆ ਕਰਨ ਵਾਲੀ ਲੜਕੀ ਨੇ ਪਤਰਸ ਨੂੰ ਕਿਹਾ, “ਕੀ ਤੂੰ ਉਸ ਆਦਮੀ ਦੇ ਚੇਲਿਆਂ ਵਿੱਚੋਂ ਨਹੀਂ ਹੈਂ?” ਪਤਰਸ ਨੇ ਉੱਤਰ ਦਿੱਤਾ, “ਨਹੀਂ, ਮੈਂ ਨਹੀਂ ਹਾਂ ।” ਠੰਢ ਬਹੁਤ ਸੀ ਇਸ ਲਈ ਸੇਵਕਾਂ ਅਤੇ ਸਿਪਾਹੀਆਂ ਨੇ ਕੋਲਿਆਂ ਦੀ ਅੱਗ ਬਾਲੀ ਹੋਈ ਸੀ ਅਤੇ ਉਹ ਖੜ੍ਹੇ ਹੋ ਕੇ ਅੱਗ ਸੇਕ ਰਹੇ ਸਨ । ਪਤਰਸ ਵੀ ਉਹਨਾਂ ਨਾਲ ਅੱਗ ਸੇਕਣ ਲੱਗ ਪਿਆ । ਮਹਾਂ-ਪੁਰੋਹਿਤ ਨੇ ਯਿਸੂ ਕੋਲੋਂ ਉਹਨਾਂ ਦੇ ਚੇਲਿਆਂ ਅਤੇ ਸਿੱਖਿਆਵਾਂ ਦੇ ਬਾਰੇ ਪੁੱਛਿਆ । ਯਿਸੂ ਨੇ ਉੱਤਰ ਦਿੱਤਾ, “ਮੈਂ ਸਾਰਿਆਂ ਦੇ ਨਾਲ ਖੁੱਲ੍ਹੇਆਮ ਗੱਲਾਂ ਕੀਤੀਆਂ ਹਨ । ਮੈਂ ਹਮੇਸ਼ਾ ਪ੍ਰਾਰਥਨਾ ਘਰਾਂ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਆਉਂਦੇ ਹਨ, ਸਿੱਖਿਆ ਦਿੱਤੀ ਹੈ । ਮੈਂ ਕਦੀ ਵੀ ਕੁਝ ਲੁਕਾ ਕੇ ਨਹੀਂ ਕਿਹਾ । ਤੁਸੀਂ ਮੇਰੇ ਕੋਲੋਂ ਕਿਉਂ ਪੁੱਛਦੇ ਹੋ? ਸੁਣਨ ਵਾਲਿਆਂ ਤੋਂ ਹੀ ਪੁੱਛ ਲਵੋ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ । ਉਹ ਜਾਣਦੇ ਹਨ ਕਿ ਮੈਂ ਉਹਨਾਂ ਨੂੰ ਕੀ ਦੱਸਿਆ ਹੈ ।” ਜਦੋਂ ਯਿਸੂ ਨੇ ਇਹ ਕਿਹਾ ਤਾਂ ਕੋਲ ਖੜ੍ਹੇ ਇੱਕ ਸੇਵਕ ਨੇ ਯਿਸੂ ਨੂੰ ਚਪੇੜ ਮਾਰੀ ਅਤੇ ਕਿਹਾ, “ਤੂੰ ਮਹਾਂ-ਪੁਰੋਹਿਤ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇਕਰ ਮੈਂ ਕੁਝ ਗ਼ਲਤ ਕਿਹਾ ਹੈ ਤਾਂ ਉਹ ਤੂੰ ਸਾਰਿਆਂ ਦੇ ਸਾਹਮਣੇ ਸਿੱਧ ਕਰ ਅਤੇ ਜੇ ਮੈਂ ਠੀਕ ਕਿਹਾ ਹੈ ਤਾਂ ਤੂੰ ਮੈਨੂੰ ਕਿਉਂ ਮਾਰਿਆ ਹੈ?” ਇਸ ਦੇ ਬਾਅਦ ਅੰਨਾਸ ਨੇ ਯਿਸੂ ਨੂੰ ਜੋ ਅਜੇ ਵੀ ਬੰਨ੍ਹੇ ਹੋਏ ਸਨ ਕਾਇਫ਼ਾ ਮਹਾਂ-ਪੁਰੋਹਿਤ ਦੇ ਕੋਲ ਭੇਜ ਦਿੱਤਾ । ਸ਼ਮਊਨ ਪਤਰਸ ਅਜੇ ਤੱਕ ਉੱਥੇ ਖੜ੍ਹਾ ਅੱਗ ਸੇਕ ਰਿਹਾ ਸੀ । ਇਸ ਲਈ ਲੋਕਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਆਦਮੀ ਦੇ ਚੇਲਿਆਂ ਦੇ ਵਿੱਚੋਂ ਨਹੀਂ ਹੈਂ?” ਉਸ ਨੇ ਇਨਕਾਰ ਕੀਤਾ ਅਤੇ ਕਿਹਾ, “ਨਹੀਂ, ਮੈਂ ਨਹੀਂ ਹਾਂ ।” ਮਹਾਂ-ਪੁਰੋਹਿਤ ਦੇ ਸੇਵਕਾਂ ਵਿੱਚੋਂ ਇੱਕ ਜੋ ਉਸ ਆਦਮੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਵੱਢਿਆ ਸੀ, ਉਸ ਨੇ ਕਿਹਾ, “ਕੀ ਮੈਂ ਤੈਨੂੰ ਬਾਗ਼ ਵਿੱਚ ਉਸ ਦੇ ਨਾਲ ਨਹੀਂ ਦੇਖਿਆ ਸੀ?” ਪਤਰਸ ਨੇ ਫਿਰ ਕਿਹਾ, “ਨਹੀਂ,” ਅਤੇ ਇਕਦਮ ਕੁੱਕੜ ਨੇ ਬਾਂਗ ਦਿੱਤੀ । ਫਿਰ ਉਹ ਯਿਸੂ ਨੂੰ ਕਾਇਫ਼ਾ ਦੇ ਘਰ ਤੋਂ ਰੋਮੀ ਰਾਜਪਾਲ ਦੇ ਰਾਜਭਵਨ ਵਿੱਚ ਲੈ ਗਏ । ਅਜੇ ਬਹੁਤ ਸਵੇਰ ਸੀ ਅਤੇ ਯਹੂਦੀ ਅਧਿਕਾਰੀ ਆਪ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਉਹ ਪਸਾਹ ਖਾਣ ਤੋਂ ਪਹਿਲਾਂ ਅਸ਼ੁੱਧ ਨਾ ਹੋ ਜਾਣ । ਇਸ ਲਈ ਪਿਲਾਤੁਸ ਆਪ ਉਹਨਾਂ ਦੇ ਕੋਲ ਬਾਹਰ ਆਇਆ ਅਤੇ ਪੁੱਛਿਆ, “ਤੁਸੀਂ ਇਸ ਮਨੁੱਖ ਉੱਤੇ ਕੀ ਦੋਸ਼ ਲਾਉਂਦੇ ਹੋ?” ਉਹਨਾਂ ਨੇ ਉੱਤਰ ਦਿੱਤਾ, “ਜੇਕਰ ਇਹ ਆਦਮੀ ਦੋਸ਼ੀ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੁਹਾਡੇ ਹਵਾਲੇ ਨਾ ਕਰਦੇ ।” ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੇ ਕਾਨੂੰਨ ਦੇ ਅਨੁਸਾਰ ਇਸ ਦਾ ਨਿਆਂ ਕਰੋ ।” ਪਰ ਉਹ ਬੋਲੇ, “ਸਾਨੂੰ ਕਿਸੇ ਨੂੰ ਮੌਤ ਦੀ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ ।” (ਇਹ ਇਸ ਲਈ ਹੋਇਆ ਕਿ ਯਿਸੂ ਦੇ ਕਹੇ ਹੋਏ ਉਹ ਵਚਨ ਪੂਰੇ ਹੋਣ ਜਿਹਨਾਂ ਦੇ ਰਾਹੀਂ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੌਤ ਕਿਸ ਤਰ੍ਹਾਂ ਦੀ ਹੋਵੇਗੀ ।) ਪਿਲਾਤੁਸ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਕੀ ਇਹ ਪ੍ਰਸ਼ਨ ਤੁਹਾਡਾ ਆਪਣਾ ਹੈ ਜਾਂ ਦੂਜਿਆਂ ਨੇ ਮੇਰੇ ਬਾਰੇ ਤੁਹਾਨੂੰ ਇਹ ਦੱਸਿਆ ਹੈ?” ਪਿਲਾਤੁਸ ਨੇ ਉੱਤਰ ਦਿੱਤਾ, “ਕੀ ਮੈਂ ਯਹੂਦੀ ਹਾਂ? ਤੇਰੀ ਕੌਮ ਦੇ ਲੋਕਾਂ ਅਤੇ ਮਹਾਂ-ਪੁਰੋਹਿਤਾਂ ਨੇ ਹੀ ਤੈਨੂੰ ਮੇਰੇ ਹਵਾਲੇ ਕੀਤਾ ਹੈ । ਤੂੰ ਕੀ ਕੀਤਾ ਹੈ?” ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ । ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਅਤੇ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ । ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ ।” ਇਸ ਲਈ ਪਿਲਾਤੁਸ ਨੇ ਕਿਹਾ, “ਫਿਰ ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਰਾਜਾ ਹਾਂ । ਮੈਂ ਇਸ ਲਈ ਜਨਮ ਲਿਆ ਹੈ ਅਤੇ ਇਸ ਸੰਸਾਰ ਵਿੱਚ ਆਇਆ ਹਾਂ ਕਿ ਸੱਚ ਦੀ ਗਵਾਹੀ ਦੇਵਾਂ । ਉਹ ਸਾਰੇ ਜੋ ਸੱਚ ਵੱਲ ਹਨ, ਮੇਰੀ ਆਵਾਜ਼ ਨੂੰ ਸੁਣਦੇ ਹਨ ।” ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਸੱਚ ਕੀ ਹੈ?” ਇਹ ਕਹਿਣ ਦੇ ਬਾਅਦ ਪਿਲਾਤੁਸ ਫਿਰ ਯਹੂਦੀਆਂ ਦੇ ਕੋਲ ਬਾਹਰ ਗਿਆ ਅਤੇ ਕਿਹਾ, “ਮੈਨੂੰ ਉਸ ਵਿੱਚ ਸਜ਼ਾ ਦੇ ਯੋਗ ਕੋਈ ਦੋਸ਼ ਨਹੀਂ ਲੱਭਿਆ । ਪਰ ਤੁਹਾਡੀ ਰੀਤ ਦੇ ਅਨੁਸਾਰ ਮੈਂ ਪਸਾਹ ਵਾਲੇ ਦਿਨ ਤੁਹਾਡੇ ਲਈ ਇੱਕ ਕੈਦੀ ਨੂੰ ਛੱਡਦਾ ਹਾਂ । ਕੀ ਤੁਸੀਂ ਇਸ ਵਾਰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?” ਪਰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਨਹੀਂ ਪਰ ਬਰੱਬਾਸ ਨੂੰ ਛੱਡ ਦੇਵੋ!” (ਬਰੱਬਾਸ ਇੱਕ ਡਾਕੂ ਸੀ ।) ਇਸ ਦੇ ਬਾਅਦ ਪਿਲਾਤੁਸ ਨੇ ਯਿਸੂ ਨੂੰ ਕੋਰੜੇ ਮਰਵਾਏ । ਸਿਪਾਹੀਆਂ ਨੇ ਕੰਡਿਆਂ ਦਾ ਤਾਜ ਬਣਾ ਕੇ ਉਹਨਾਂ ਦੇ ਸਿਰ ਉੱਤੇ ਰੱਖਿਆ ਅਤੇ ਉਹਨਾਂ ਨੂੰ ਜਾਮਨੀ ਰੰਗ ਦਾ ਚੋਗਾ ਪਵਾ ਦਿੱਤਾ । ਫਿਰ ਉਹਨਾਂ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜੇ ਦੀ ਜੈ ਹੋਵੇ!” ਉਹਨਾਂ ਨੇ ਯਿਸੂ ਨੂੰ ਚਪੇੜਾਂ ਮਾਰੀਆਂ । ਪਿਲਾਤੁਸ ਫਿਰ ਲੋਕਾਂ ਦੇ ਕੋਲ ਬਾਹਰ ਗਿਆ ਅਤੇ ਉਹਨਾਂ ਨੂੰ ਕਿਹਾ, “ਦੇਖੋ, ਮੈਂ ਉਸ ਨੂੰ ਬਾਹਰ ਲਿਆ ਰਿਹਾ ਹਾਂ ਤਾਂ ਜੋ ਤੁਸੀਂ ਜਾਣ ਲਵੋ ਕਿ ਮੈਨੂੰ ਉਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।” ਇਸ ਲਈ ਯਿਸੂ ਕੰਡਿਆਂ ਦਾ ਤਾਜ ਅਤੇ ਜਾਮਨੀ ਚੋਗਾ ਪਾਏ ਹੋਏ ਬਾਹਰ ਆਏ । ਪਿਲਾਤੁਸ ਨੇ ਉਹਨਾਂ ਨੂੰ ਕਿਹਾ, “ਦੇਖੋ! ਇਸ ਮਨੁੱਖ ਨੂੰ!” ਜਦੋਂ ਮਹਾਂ-ਪੁਰੋਹਿਤਾਂ ਅਤੇ ਉਹਨਾਂ ਦੇ ਸੇਵਕਾਂ ਨੇ ਯਿਸੂ ਨੂੰ ਦੇਖਿਆ ਤਾਂ ਉਹ ਉੱਚੀ ਉੱਚੀ ਰੌਲਾ ਪਾਉਣ ਲੱਗੇ, “ਇਸ ਨੂੰ ਸਲੀਬ ਉੱਤੇ ਚੜ੍ਹਾਓ! ਇਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ ਉੱਤੇ ਚੜ੍ਹਾਓ, ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਲੱਭਿਆ ।” ਯਹੂਦੀਆਂ ਨੇ ਉੱਤਰ ਦਿੱਤਾ, “ਸਾਡੇ ਕੋਲ ਵਿਵਸਥਾ ਹੈ ਜਿਸ ਦੇ ਅਨੁਸਾਰ ਇਸ ਨੂੰ ਮੌਤ ਦੀ ਸਜ਼ਾ ਮਿਲਣੀ ਜ਼ਰੂਰੀ ਹੈ ਕਿਉਂਕਿ ਇਸ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ ।” ਜਦੋਂ ਪਿਲਾਤੁਸ ਨੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਹੋਰ ਵੀ ਡਰ ਗਿਆ । ਉਹ ਫਿਰ ਰਾਜਭਵਨ ਦੇ ਅੰਦਰ ਗਿਆ ਅਤੇ ਯਿਸੂ ਤੋਂ ਪੁੱਛਿਆ, “ਤੂੰ ਕਿੱਥੋਂ ਦਾ ਰਹਿਣ ਵਾਲਾ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ । ਪਿਲਾਤੁਸ ਨੇ ਯਿਸੂ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਵੀ ਨਹੀਂ ਬੋਲਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡ ਦੇਣ ਦਾ ਅਤੇ ਸਲੀਬ ਉੱਤੇ ਚੜ੍ਹਾ ਦੇਣ ਦਾ ਅਧਿਕਾਰ ਹੈ?” ਯਿਸੂ ਨੇ ਉੱਤਰ ਦਿੱਤਾ, “ਜੇਕਰ ਤੁਹਾਨੂੰ ਇਹ ਅਧਿਕਾਰ ਉਪਰੋਂ ਨਾ ਦਿੱਤਾ ਜਾਂਦਾ, ਤਾਂ ਤੁਹਾਡਾ ਮੇਰੇ ਉੱਤੇ ਕੋਈ ਵੀ ਅਧਿਕਾਰ ਨਾ ਹੁੰਦਾ । ਇਸ ਲਈ ਉਹ ਜਿਸ ਨੇ ਮੈਨੂੰ ਤੁਹਾਡੇ ਹਵਾਲੇ ਕੀਤਾ ਹੈ, ਉਹ ਵੱਡੇ ਪਾਪ ਦਾ ਦੋਸ਼ੀ ਹੈ ।” ਇਹ ਸੁਣਨ ਦੇ ਬਾਅਦ ਪਿਲਾਤੁਸ ਯਿਸੂ ਨੂੰ ਛੱਡ ਦੇਣ ਦਾ ਹੋਰ ਵੀ ਯਤਨ ਕਰਨ ਲੱਗਾ । ਪਰ ਯਹੂਦੀ ਹੋਰ ਵੀ ਉੱਚੀ ਆਵਾਜ਼ ਨਾਲ ਕਹਿਣ ਲੱਗੇ, “ਜੇਕਰ ਤੁਸੀਂ ਇਸ ਨੂੰ ਛੱਡਦੇ ਹੋ ਤਾਂ ਤੁਸੀਂ ਸਮਰਾਟ ਕੈਸਰ ਦੇ ਮਿੱਤਰ ਨਹੀਂ ਹੋ । ਕਿਉਂਕਿ ਜੋ ਵੀ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ, ਉਹ ਕੈਸਰ ਦਾ ਵੈਰੀ ਹੈ ।” ਪਿਲਾਤੁਸ ਨੇ ਜਦੋਂ ਇਹ ਸੁਣਿਆ ਤਾਂ ਉਹ ਯਿਸੂ ਨੂੰ ਬਾਹਰ ਲੈ ਆਇਆ ਅਤੇ ਆਪ ਨਿਆਂ ਵਾਲੀ ਜਗ੍ਹਾ ਉੱਤੇ ਬੈਠ ਗਿਆ । (ਜਿਸ ਨੂੰ ਚਬੂਤਰਾ ਅਤੇ ਇਬਰਾਨੀ ਭਾਸ਼ਾ ਵਿੱਚ ਗੱਬਾਥਾ ਕਹਿੰਦੇ ਹਨ ।) ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਦੁਪਹਿਰ ਦਾ ਸਮਾਂ ਸੀ । ਉਸ ਨੇ ਯਹੂਦੀਆਂ ਨੂੰ ਕਿਹਾ, “ਦੇਖੋ, ਤੁਹਾਡਾ ਰਾਜਾ!” ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਸ ਨੂੰ ਲੈ ਜਾਓ, ਇਸ ਨੂੰ ਸਲੀਬ ਉੱਤੇ ਚੜ੍ਹਾਓ!” ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਕੀ ਮੈਂ ਤੁਹਾਡੇ ਰਾਜਾ ਨੂੰ ਸਲੀਬ ਉੱਤੇ ਚੜ੍ਹਾਵਾਂ?” ਮਹਾਂ-ਪੁਰੋਹਿਤਾਂ ਨੇ ਉੱਤਰ ਦਿੱਤਾ, “ਕੈਸਰ ਤੋਂ ਸਿਵਾਏ ਸਾਡਾ ਹੋਰ ਕੋਈ ਰਾਜਾ ਨਹੀਂ ।” ਫਿਰ ਪਿਲਾਤੁਸ ਨੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹਵਾਲੇ ਕਰ ਦਿੱਤਾ । ਇਸ ਲਈ ਸਿਪਾਹੀ ਯਿਸੂ ਨੂੰ ਲੈ ਗਏ । ਯਿਸੂ ਆਪ ਆਪਣੀ ਸਲੀਬ ਚੁੱਕ ਕੇ ਬਾਹਰ ਗਏ ਅਤੇ ‘ਖੋਪਰੀ’ ਨਾਂ ਦੀ ਥਾਂ ਉੱਤੇ ਗਏ ਜੋ ਇਬਰਾਨੀ ਭਾਸ਼ਾ ਵਿੱਚ ‘ਗਲਗਥਾ’ ਅਖਵਾਉਂਦੀ ਹੈ । ਉੱਥੇ ਉਹਨਾਂ ਨੇ ਯਿਸੂ ਨੂੰ ਅਤੇ ਹੋਰ ਦੋ ਆਦਮੀਆਂ ਨੂੰ ਸਲੀਬ ਉੱਤੇ ਚੜ੍ਹਾਇਆ; ਇੱਕ ਨੂੰ ਸੱਜੇ, ਦੂਜੇ ਨੂੰ ਖੱਬੇ ਪਾਸੇ ਅਤੇ ਵਿਚਕਾਰ ਯਿਸੂ ਨੂੰ । ਪਿਲਾਤੁਸ ਨੇ ਇੱਕ ਦੋਸ਼ ਪੱਤਰ ਲਿਖ ਕੇ ਸਲੀਬ ਉੱਤੇ ਲਾ ਦਿੱਤਾ ਜਿਸ ਦੇ ਉੱਤੇ ਲਿਖਿਆ ਹੋਇਆ ਸੀ, “ਨਾਸਰਤ ਨਿਵਾਸੀ ਯਿਸੂ, ਯਹੂਦੀਆਂ ਦਾ ਰਾਜਾ ।” ਬਹੁਤ ਸਾਰੇ ਯਹੂਦੀਆਂ ਨੇ ਇਸ ਦੋਸ਼ ਪੱਤਰ ਨੂੰ ਪੜ੍ਹਿਆ ਕਿਉਂਕਿ ਉਹ ਥਾਂ ਸ਼ਹਿਰ ਦੇ ਕੋਲ ਸੀ ਜਿੱਥੇ ਯਿਸੂ ਸਲੀਬ ਉੱਤੇ ਚੜ੍ਹਾਏ ਗਏ ਸਨ । ਇਹ ਦੋਸ਼ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖਿਆ ਹੋਇਆ ਸੀ । ਤਦ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਨੇ ਪਿਲਾਤੁਸ ਨੂੰ ਕਿਹਾ, “ਇਹ ਨਾ ਲਿਖੋ, ‘ਯਹੂਦੀਆਂ ਦਾ ਰਾਜਾ,’ ਪਰ ਇਹ ਕਿ ‘ਉਸ ਨੇ ਕਿਹਾ ਸੀ, ਮੈਂ ਯਹੂਦੀਆਂ ਦਾ ਰਾਜਾ ਹਾਂ ।’” ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਲਿਖ ਦਿੱਤਾ!” ਯਿਸੂ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਬਾਅਦ ਸਿਪਾਹੀਆਂ ਨੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਚਾਰ ਹਿੱਸੇ ਕੀਤੇ, ਇੱਕ ਇੱਕ ਹਿੱਸਾ ਹਰ ਇੱਕ ਸਿਪਾਹੀ ਦੇ ਲਈ । ਇਸੇ ਤਰ੍ਹਾਂ ਉਹਨਾਂ ਨੇ ਚੋਗੇ ਨੂੰ ਵੀ ਲਿਆ ਜੋ ਬਿਨਾਂ ਸੀਉਣ ਦੇ ਸੀ ਅਤੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ । ਇਸ ਲਈ ਉਹਨਾਂ ਨੇ ਆਪਸ ਵਿੱਚ ਕਿਹਾ, “ਆਓ, ਅਸੀਂ ਇਸ ਨੂੰ ਨਾ ਪਾੜੀਏ ਸਗੋਂ ਇਸ ਉੱਤੇ ਗੁਣਾ ਪਾਈਏ ਅਤੇ ਦੇਖੀਏ ਕਿ ਕਿਸ ਦਾ ਨਿਕਲਦਾ ਹੈ ।” ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਕਿਹਾ ਹੋਇਆ ਵਚਨ ਪੂਰਾ ਹੋਵੇ, “ਉਹਨਾਂ ਨੇ ਮੇਰੇ ਕੱਪੜੇ ਆਪਸ ਵਿੱਚ ਵੰਡ ਲਏ ਅਤੇ ਮੇਰੇ ਚੋਗੇ ਉੱਤੇ ਗੁਣਾ ਪਾਇਆ ।” ਇਸ ਲਈ ਸਿਪਾਹੀਆਂ ਨੇ ਇਸੇ ਤਰ੍ਹਾਂ ਹੀ ਕੀਤਾ । ਯਿਸੂ ਦੀ ਸਲੀਬ ਦੇ ਕੋਲ ਉਹਨਾਂ ਦੀ ਮਾਂ ਮਰੀਅਮ, ਆਪਣੀ ਭੈਣ ਦੇ ਨਾਲ ਖੜੀ ਸੀ । ਉਹਨਾਂ ਦੇ ਨਾਲ ਕਲੋਪਾਸ ਦੀ ਪਤਨੀ ਮਰੀਅਮ ਅਤੇ ਮਰੀਅਮ ਮਗਦਲੀਨੀ ਵੀ ਸਨ । ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਕੋਲ ਖੜ੍ਹੇ ਦੇਖਿਆ ਤਦ ਉਹਨਾਂ ਨੇ ਆਪਣੀ ਮਾਂ ਨੂੰ ਕਿਹਾ, “ਮਾਂ, ਦੇਖ ਤੇਰਾ ਪੁੱਤਰ” ਅਤੇ ਚੇਲੇ ਨੂੰ ਵੀ ਕਿਹਾ, “ਦੇਖ, ਤੇਰੀ ਮਾਂ ।” ਉਸੇ ਸਮੇਂ ਉਹ ਚੇਲਾ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ । ਇਸ ਦੇ ਬਾਅਦ ਯਿਸੂ ਨੇ ਇਹ ਜਾਣ ਕੇ ਕਿ ਸਾਰਾ ਕੁਝ ਪੂਰਾ ਹੋ ਗਿਆ ਹੈ, ਪਵਿੱਤਰ-ਗ੍ਰੰਥ ਦੇ ਕਹੇ ਹੋਏ ਵਚਨ ਨੂੰ ਪੂਰਾ ਕਰਨ ਲਈ ਕਿਹਾ, “ਮੈਂ ਪਿਆਸਾ ਹਾਂ ।” ਉੱਥੇ ਸਿਰਕੇ ਨਾਲ ਭਰਿਆ ਹੋਇਆ ਇੱਕ ਮਰਤਬਾਨ ਰੱਖਿਆ ਹੋਇਆ ਸੀ । ਉਹਨਾਂ ਨੇ ਇੱਕ ਸਪੰਜ ਨੂੰ ਸਿਰਕੇ ਵਿੱਚ ਭਿਉਂ ਕੇ, ਇੱਕ ਨੇਜ਼ੇ ਦੇ ਸਿਰੇ ਤੇ ਲਾ ਕੇ ਯਿਸੂ ਦੇ ਮੂੰਹ ਨੂੰ ਲਾਇਆ । ਯਿਸੂ ਨੇ ਖੱਟਾ ਸਿਰਕਾ ਚੱਖਿਆ ਅਤੇ ਕਿਹਾ, “ਪੂਰਾ ਹੋਇਆ” ਅਤੇ ਨਾਲ ਹੀ ਸਿਰ ਨਿਵਾਂ ਕੇ ਜਾਨ ਦੇ ਦਿੱਤੀ । ਇਹ ਸਬਤ ਤੋਂ ਪਹਿਲਾਂ ਤਿਆਰੀ ਦਾ ਦਿਨ ਸੀ । ਇਸ ਲਈ ਯਹੂਦੀਆਂ ਨੇ ਪਿਲਾਤੁਸ ਦੇ ਅੱਗੇ ਬੇਨਤੀ ਕੀਤੀ ਕਿ ਉਹਨਾਂ ਲਾਸ਼ਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣ ਅਤੇ ਸਲੀਬਾਂ ਉੱਤੋਂ ਲਾਹ ਲਏ ਜਾਣ ਤਾਂ ਜੋ ਉਹਨਾਂ ਦੇ ਸਰੀਰ ਸਬਤ ਦੇ ਦਿਨ ਸਲੀਬਾਂ ਉੱਤੇ ਨਾ ਰਹਿਣ ਕਿਉਂਕਿ ਉਹ ਸਬਤ ਦਾ ਦਿਨ ਇੱਕ ਖ਼ਾਸ ਦਿਨ ਸੀ । ਇਸ ਲਈ ਸਿਪਾਹੀ ਗਏ ਅਤੇ ਪਹਿਲਾਂ ਉਹਨਾਂ ਦੋਨਾਂ ਆਦਮੀਆਂ ਦੀਆਂ ਲੱਤਾਂ ਤੋੜੀਆਂ ਜੋ ਯਿਸੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ ਸਨ । ਫਿਰ ਜਦੋਂ ਉਹ ਯਿਸੂ ਕੋਲ ਆਏ, ਉਹਨਾਂ ਨੇ ਦੇਖਿਆ ਕਿ ਉਹ ਪਹਿਲਾਂ ਹੀ ਮਰ ਚੁੱਕੇ ਸਨ । ਇਸ ਲਈ ਉਹਨਾਂ ਨੇ ਯਿਸੂ ਦੀਆਂ ਲੱਤਾਂ ਨਾ ਤੋੜੀਆਂ । ਪਰ ਇੱਕ ਸਿਪਾਹੀ ਨੇ ਉਹਨਾਂ ਦੀ ਵੱਖੀ ਦੇ ਵਿੱਚ ਨੇਜ਼ਾ ਮਾਰਿਆ, ਤੁਰੰਤ ਹੀ ਵੱਖੀ ਵਿੱਚੋਂ ਲਹੂ ਅਤੇ ਪਾਣੀ ਵਗ ਪਿਆ । ਜਿਸ ਨੇ ਇਹ ਸਭ ਕੁਝ ਹੁੰਦਾ ਦੇਖਿਆ ਸੀ, ਉਸੇ ਨੇ ਇਹ ਗਵਾਹੀ ਦਿੱਤੀ ਹੈ । ਉਸ ਦੀ ਗਵਾਹੀ ਸੱਚੀ ਹੈ । ਉਹ ਆਪ ਵੀ ਜਾਣਦਾ ਹੈ ਕਿ ਉਹ ਸੱਚ ਬੋਲ ਰਿਹਾ ਹੈ ਤਾਂ ਜੋ ਤੁਸੀਂ ਵੀ ਵਿਸ਼ਵਾਸ ਕਰੋ । ਇਹ ਇਸ ਲਈ ਹੋਇਆ ਕਿ ਪਵਿੱਤਰ-ਗ੍ਰੰਥ ਦਾ ਇਹ ਵਚਨ ਪੂਰਾ ਹੋਵੇ, “ਉਸ ਦੀ ਕੋਈ ਹੱਡੀ ਨਾ ਤੋੜੀ ਗਈ ।” ਫਿਰ ਇੱਕ ਦੂਜੀ ਥਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, “ਉਹ ਉਸ ਨੂੰ ਦੇਖਣਗੇ, ਜਿਹਨਾਂ ਨੇ ਉਸ ਨੂੰ ਵਿੰਨ੍ਹਿਆ ਹੈ ।” ਇਸ ਦੇ ਬਾਅਦ ਅਰਿਮਥੇਆ ਦੇ ਰਹਿਣ ਵਾਲੇ ਯੂਸਫ਼ ਨੇ (ਜੋ ਯਹੂਦੀਆਂ ਤੋਂ ਡਰਦਾ ਸੀ ਅਤੇ ਯਿਸੂ ਦਾ ਗੁਪਤ ਚੇਲਾ ਸੀ), ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਨੂੰ ਲੈ ਜਾਣ ਦੀ ਆਗਿਆ ਮੰਗੀ । ਪਿਲਾਤੁਸ ਨੇ ਉਸ ਨੂੰ ਆਗਿਆ ਦੇ ਦਿੱਤੀ । ਇਸ ਲਈ ਉਹ ਆਇਆ ਅਤੇ ਯਿਸੂ ਦੀ ਲਾਸ਼ ਨੂੰ ਲੈ ਗਿਆ । ਨਿਕੁਦੇਮੁਸ ਵੀ ਜੋ ਇੱਕ ਵਾਰ ਰਾਤ ਨੂੰ ਯਿਸੂ ਦੇ ਕੋਲ ਆਇਆ ਸੀ, ਪੰਤਾਲੀ ਕਿਲੋ ਦੇ ਲਗਭਗ ਗੰਧਰਸ ਜੋ ਦੂਜੇ ਕੀਮਤੀ ਸੁਗੰਧਤ ਪਦਾਰਥਾਂ ਨਾਲ ਮਿਲੀ ਹੋਈ ਸੀ, ਲੈ ਕੇ ਆਇਆ । ਇਹਨਾਂ ਦੋਨਾਂ ਨੇ ਯਿਸੂ ਦੀ ਲਾਸ਼ ਨੂੰ ਸੁਗੰਧਾਂ ਨਾਲ ਮਲ ਕੇ ਇੱਕ ਮਲਮਲ ਦੇ ਕੱਪੜੇ ਵਿੱਚ ਯਹੂਦੀਆਂ ਦੀ ਦਫ਼ਨਾਉਣ ਦੀ ਰੀਤ ਅਨੁਸਾਰ ਲਪੇਟਿਆ । ਜਿੱਥੇ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਸੀ, ਉੱਥੇ ਇੱਕ ਬਾਗ਼ ਸੀ ਅਤੇ ਉਸ ਬਾਗ਼ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ । ਇਸ ਲਈ ਉਹਨਾਂ ਨੇ ਯਹੂਦੀਆਂ ਦੀ ਤਿਆਰੀ ਦੇ ਦਿਨ ਦੇ ਕਾਰਨ ਯਿਸੂ ਨੂੰ ਉੱਥੇ ਰੱਖਿਆ ਕਿਉਂਕਿ ਉਹ ਕਬਰ ਨੇੜੇ ਸੀ । ਐਤਵਾਰ ਦੇ ਦਿਨ ਤੜਕੇ ਜਦੋਂ ਅਜੇ ਹਨੇਰਾ ਸੀ ਮਰੀਅਮ ਮਗਦਲੀਨੀ ਕਬਰ ਉੱਤੇ ਗਈ ਅਤੇ ਦੇਖਿਆ ਕਿ ਕਬਰ ਦੇ ਮੂੰਹ ਉੱਤੋਂ ਪੱਥਰ ਹਟਿਆ ਹੋਇਆ ਹੈ । ਇਸ ਲਈ ਉਹ ਦੌੜਦੀ ਹੋਈ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਦੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਅਤੇ ਉਹਨਾਂ ਨੂੰ ਦੱਸਿਆ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ ਅਤੇ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ!” ਤਦ ਪਤਰਸ ਅਤੇ ਦੂਜਾ ਚੇਲਾ ਬਾਹਰ ਆਏ ਅਤੇ ਕਬਰ ਵੱਲ ਗਏ । ਉਹ ਦੋਵੇਂ ਦੌੜਦੇ ਹੋਏ ਜਾ ਰਹੇ ਸਨ ਪਰ ਦੂਜਾ ਚੇਲਾ ਪਤਰਸ ਤੋਂ ਅੱਗੇ ਲੰਘ ਗਿਆ ਅਤੇ ਕਬਰ ਉੱਤੇ ਪਹਿਲਾਂ ਪਹੁੰਚ ਗਿਆ । ਉਸ ਨੇ ਕਬਰ ਵਿੱਚ ਝੁਕ ਕੇ ਕਫ਼ਨ ਪਿਆ ਹੋਇਆ ਦੇਖਿਆ ਪਰ ਅੰਦਰ ਨਾ ਗਿਆ । ਉਸ ਦੇ ਪਿੱਛੋਂ ਸ਼ਮਊਨ ਪਤਰਸ ਵੀ ਆ ਪਹੁੰਚਿਆ ਅਤੇ ਉਹ ਸਿੱਧਾ ਕਬਰ ਦੇ ਅੰਦਰ ਚਲਾ ਗਿਆ । ਉਸ ਨੇ ਕਫ਼ਨ ਨੂੰ ਉੱਥੇ ਪਿਆ ਦੇਖਿਆ ਅਤੇ ਉਸ ਪਰਨੇ ਨੂੰ ਵੀ ਜਿਹੜਾ ਯਿਸੂ ਦੇ ਸਿਰ ਉੱਤੇ ਬੰਨ੍ਹਿਆ ਹੋਇਆ ਸੀ ਪਰ ਉਹ ਕਫ਼ਨ ਦੇ ਨਾਲ ਨਹੀਂ ਸੀ, ਉਹ ਉਸੇ ਤਰ੍ਹਾਂ ਲਪੇਟਿਆ ਹੋਇਆ ਵੱਖਰਾ ਸਿਰਹਾਣੇ ਵੱਲ ਪਿਆ ਹੋਇਆ ਸੀ । ਫਿਰ ਉਸੇ ਸਮੇਂ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ, ਉਸ ਨੇ ਦੇਖਿਆ ਅਤੇ ਵਿਸ਼ਵਾਸ ਕੀਤਾ । (ਕਿਉਂਕਿ ਉਹ ਉਸ ਸਮੇਂ ਤੱਕ ਪਵਿੱਤਰ-ਗ੍ਰੰਥ ਦੀ ਇਹ ਗੱਲ ਨਹੀਂ ਸਮਝੇ ਸਨ ਕਿ ਯਿਸੂ ਦਾ ਮੁਰਦਿਆਂ ਵਿੱਚੋਂ ਜੀਅ ਉੱਠਣਾ ਜ਼ਰੂਰੀ ਹੈ ।) ਫਿਰ ਉਹ ਦੋਵੇਂ ਚੇਲੇ ਘਰ ਵਾਪਸ ਚਲੇ ਗਏ । ਪਰ ਮਰੀਅਮ ਉੱਥੇ ਖੜ੍ਹੀ ਰੋਂਦੀ ਰਹੀ । ਰੋਂਦੇ ਰੋਂਦੇ ਉਸ ਨੇ ਝੁੱਕ ਕੇ ਕਬਰ ਵਿੱਚ ਦੇਖਿਆ ਅਤੇ ਦੋ ਸਵਰਗਦੂਤਾਂ ਨੂੰ ਚਿੱਟੇ ਵਸਤਰਾਂ ਵਿੱਚ ਜਿੱਥੇ ਯਿਸੂ ਦੀ ਲਾਸ਼ ਸੀ, ਬੈਠੇ ਹੋਏ ਦੇਖਿਆ, ਇੱਕ ਨੂੰ ਸਿਰ ਵਾਲੇ ਪਾਸੇ ਅਤੇ ਦੂਜੇ ਨੂੰ ਪੈਰਾਂ ਵੱਲ । ਸਵਰਗਦੂਤਾਂ ਨੇ ਮਰੀਅਮ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋਂਦੀ ਹੈਂ?” ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਨੂੰ ਪਤਾ ਨਹੀਂ ਉਹਨਾਂ ਨੇ ਪ੍ਰਭੂ ਨੂੰ ਕਿੱਥੇ ਰੱਖਿਆ ਹੈ ।” ਇਹ ਕਹਿ ਕੇ ਉਹ ਪਿੱਛੇ ਮੁੜੀ ਤਾਂ ਉਸ ਨੇ ਯਿਸੂ ਨੂੰ ਖੜ੍ਹੇ ਦੇਖਿਆ ਪਰ ਉਹ ਇਹ ਨਹੀਂ ਜਾਣਦੀ ਸੀ ਕਿ ਇਹ ਯਿਸੂ ਹਨ । ਯਿਸੂ ਨੇ ਉਸ ਨੂੰ ਕਿਹਾ, “ਬੀਬੀ, ਤੂੰ ਕਿਉਂ ਰੋ ਰਹੀ ਹੈਂ? ਤੂੰ ਕਿਸ ਨੂੰ ਲੱਭ ਰਹੀ ਹੈਂ?” ਪਰ ਮਰੀਅਮ ਨੇ ਉਹਨਾਂ ਨੂੰ ਮਾਲੀ ਸਮਝਦੇ ਹੋਏ ਕਿਹਾ, “ਸ੍ਰੀਮਾਨ ਜੀ, ਜੇਕਰ ਤੁਸੀਂ ਉਹਨਾਂ ਨੂੰ ਲੈ ਗਏ ਹੋ ਤਾਂ ਮੈਨੂੰ ਦੱਸੋ ਕਿ ਤੁਸੀਂ ਉਹਨਾਂ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹਨਾਂ ਨੂੰ ਲੈ ਜਾਵਾਂਗੀ ।” ਯਿਸੂ ਨੇ ਉਸ ਨੂੰ ਕਿਹਾ, “ਮਰੀਅਮ!” ਇਹ ਸੁਣ ਕੇ ਉਹ ਮੁੜੀ ਅਤੇ ਇਕਦਮ ਇਬਰਾਨੀ ਭਾਸ਼ਾ ਵਿੱਚ ਕਿਹਾ, “ਰੱਬੂਨੀ” (ਜਿਸ ਦਾ ਅਰਥ ਹੈ, ਹੇ ਗੁਰੂ) । ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਨਾ ਛੂਹ ਕਿਉਂਕਿ ਮੈਂ ਅਜੇ ਉੱਪਰ ਪਿਤਾ ਦੇ ਕੋਲ ਨਹੀਂ ਗਿਆ ਹਾਂ । ਪਰ ਤੂੰ ਮੇਰੇ ਭਰਾਵਾਂ ਕੋਲ ਜਾ ਅਤੇ ਉਹਨਾਂ ਨੂੰ ਮੇਰੇ ਬਾਰੇ ਦੱਸ ਕਿ ਮੈਂ ਉਹਨਾਂ ਦੇ ਕੋਲ ਉੱਪਰ ਜਾ ਰਿਹਾ ਹਾਂ ਜੋ ਮੇਰੇ ਪਿਤਾ ਅਤੇ ਤੁਹਾਡੇ ਪਿਤਾ, ਮੇਰੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਹਨ ।” ਇਸ ਲਈ ਮਰੀਅਮ ਮਗਦਲੀਨੀ ਗਈ ਅਤੇ ਚੇਲਿਆਂ ਨੂੰ ਦੱਸਿਆ, “ਮੈਂ ਪ੍ਰਭੂ ਨੂੰ ਦੇਖਿਆ ਹੈ!” ਅਤੇ ਉਸ ਨੇ ਚੇਲਿਆਂ ਨੂੰ ਪ੍ਰਭੂ ਦਾ ਸੰਦੇਸ਼ ਦਿੱਤਾ । ਉਸੇ ਦਿਨ ਐਤਵਾਰ ਦੀ ਸ਼ਾਮ ਨੂੰ ਜਦੋਂ ਚੇਲੇ ਯਹੂਦੀਆਂ ਦੇ ਡਰ ਦੇ ਮਾਰੇ ਦਰਵਾਜ਼ੇ ਬੰਦ ਕਰ ਕੇ ਇੱਕ ਥਾਂ ਇਕੱਠੇ ਹੋਏ ਸਨ ਤਾਂ ਯਿਸੂ ਆ ਕੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਗਏ ਅਤੇ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” ਇਹ ਕਹਿ ਕੇ ਉਹਨਾਂ ਨੇ ਚੇਲਿਆਂ ਨੂੰ ਆਪਣੇ ਹੱਥ ਅਤੇ ਵੱਖੀ ਦਿਖਾਈ । ਚੇਲੇ ਪ੍ਰਭੂ ਨੂੰ ਦੇਖ ਕੇ ਬਹੁਤ ਖ਼ੁਸ਼ ਹੋਏ । ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ । ਜਿਸ ਤਰ੍ਹਾਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ ।” ਇਹ ਕਹਿਣ ਦੇ ਬਾਅਦ ਯਿਸੂ ਨੇ ਉਹਨਾਂ ਉੱਤੇ ਸਾਹ ਫੂਕਿਆ ਅਤੇ ਕਿਹਾ, “ਪਵਿੱਤਰ ਆਤਮਾ ਲਵੋ! ਜੇਕਰ ਤੁਸੀਂ ਕਿਸੇ ਦੇ ਪਾਪ ਮਾਫ਼ ਕਰੋਗੇ, ਤਾਂ ਉਹ ਮਾਫ਼ ਹੋ ਜਾਣਗੇ ਅਤੇ ਜੇਕਰ ਤੁਸੀਂ ਮਾਫ਼ ਨਾ ਕਰੋਗੇ ਤਾਂ ਉਹ ਮਾਫ਼ ਨਹੀਂ ਕੀਤੇ ਜਾਣਗੇ ।” ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਥੋਮਾ ਸੀ ਜਿਹੜਾ “ਦੀਦੁਮੁਸ” ਵੀ ਅਖਵਾਉਂਦਾ ਸੀ, ਜਦੋਂ ਯਿਸੂ ਆਏ ਤਾਂ ਉਹ ਚੇਲਿਆਂ ਦੇ ਨਾਲ ਨਹੀਂ ਸੀ । ਇਸ ਲਈ ਜਦੋਂ ਦੂਜੇ ਚੇਲਿਆਂ ਨੇ ਉਸ ਨੂੰ ਦੱਸਿਆ, “ਅਸੀਂ ਪ੍ਰਭੂ ਯਿਸੂ ਨੂੰ ਦੇਖਿਆ ਹੈ!” ਥੋਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਜਦ ਤੱਕ ਮੈਂ ਉਹਨਾਂ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਦੇਖਾਂ ਅਤੇ ਆਪਣੀ ਉਂਗਲ ਕਿੱਲਾਂ ਵਾਲੀ ਥਾਂ ਤੇ ਨਾ ਲਾਵਾਂ ਅਤੇ ਆਪਣਾ ਹੱਥ ਉਹਨਾਂ ਦੀ ਵੱਖੀ ਵਾਲੇ ਜ਼ਖ਼ਮ ਦੀ ਥਾਂ ਵਿੱਚ ਨਾ ਪਾਵਾਂ, ਮੈਂ ਵਿਸ਼ਵਾਸ ਨਹੀਂ ਕਰਾਂਗਾ ।” ਅੱਠ ਦਿਨਾਂ ਦੇ ਬਾਅਦ ਚੇਲੇ ਫਿਰ ਘਰ ਵਿੱਚ ਇਕੱਠੇ ਸਨ ਅਤੇ ਥੋਮਾ ਵੀ ਉਹਨਾਂ ਦੇ ਨਾਲ ਸੀ । ਦਰਵਾਜ਼ੇ ਬੰਦ ਸਨ ਪਰ ਫਿਰ ਵੀ ਯਿਸੂ ਅੰਦਰ ਆ ਗਏ ਅਤੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ ।” ਇਸ ਦੇ ਬਾਅਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲੀ ਇੱਥੇ ਲਿਆ, ਦੇਖ ਮੇਰੇ ਹੱਥ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ ਕੇ ਦੇਖ । ਆਪਣੇ ਸ਼ੱਕ ਨੂੰ ਦੂਰ ਕਰ ਅਤੇ ਵਿਸ਼ਵਾਸ ਕਰ!” ਥੋਮਾ ਨੇ ਉਹਨਾਂ ਨੂੰ ਕਿਹਾ, “ਮੇਰੇ ਪ੍ਰਭੂ, ਮੇਰੇ ਪਰਮੇਸ਼ਰ!” ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਹੈ ਕਿ ਤੂੰ ਮੈਨੂੰ ਦੇਖ ਲਿਆ ਹੈ? ਪਰ ਧੰਨ ਉਹ ਹਨ ਜਿਹੜੇ ਮੈਨੂੰ ਦੇਖੇ ਬਿਨਾਂ ਮੇਰੇ ਵਿੱਚ ਵਿਸ਼ਵਾਸ ਕਰਦੇ ਹਨ ।” ਯਿਸੂ ਨੇ ਹੋਰ ਵੀ ਬਹੁਤ ਸਾਰੇ ਚਮਤਕਾਰੀ ਚਿੰਨ੍ਹ ਆਪਣੇ ਚੇਲਿਆਂ ਨੂੰ ਦਿਖਾਏ ਜਿਹੜੇ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ । ਪਰ ਇਹ ਇਸ ਲਈ ਲਿਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦੇ ਪੁੱਤਰ ਮਸੀਹ ਹਨ ਅਤੇ ਇਸ ਵਿਸ਼ਵਾਸ ਦੇ ਰਾਹੀਂ ਉਹਨਾਂ ਦੇ ਨਾਮ ਵਿੱਚ ਜੀਵਨ ਪ੍ਰਾਪਤ ਕਰੋ । ਇਸ ਦੇ ਬਾਅਦ ਤਿਬਿਰਿਆਸ ਦੀ ਝੀਲ ਦੇ ਕੰਢੇ ਉੱਤੇ ਯਿਸੂ ਨੇ ਫਿਰ ਆਪਣੇ ਆਪ ਨੂੰ ਚੇਲਿਆਂ ਉੱਤੇ ਪ੍ਰਗਟ ਕੀਤਾ ਅਤੇ ਇਸ ਤਰ੍ਹਾਂ ਪ੍ਰਗਟ ਕੀਤਾ । ਸ਼ਮਊਨ ਪਤਰਸ, ਥੋਮਾ (ਜੋ ਦੀਦੁਮੁਸ ਅਖਵਾਉਂਦਾ ਸੀ), ਨਥਾਨਿਏਲ ਜੋ ਗਲੀਲ ਦੇ ਕਾਨਾ ਦਾ ਰਹਿਣ ਵਾਲਾ ਸੀ, ਜ਼ਬਦੀ ਦੇ ਦੋਵੇਂ ਪੁੱਤਰ ਅਤੇ ਹੋਰ ਦੋ ਚੇਲੇ ਉੱਥੇ ਸਨ । ਸ਼ਮਊਨ ਪਤਰਸ ਨੇ ਉਹਨਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ ।” ਉਹਨਾਂ ਨੇ ਪਤਰਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ।” ਉਹ ਕਿਸ਼ਤੀ ਵਿੱਚ ਚੜ੍ਹ ਗਏ ਪਰ ਉਸ ਰਾਤ ਉਹਨਾਂ ਨੇ ਕੁਝ ਨਾ ਫੜਿਆ । ਸਵੇਰ ਹੋ ਰਹੀ ਸੀ ਕਿ ਯਿਸੂ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਪਰ ਚੇਲਿਆਂ ਨੇ ਉਹਨਾਂ ਨੂੰ ਨਾ ਪਛਾਣਿਆ । ਯਿਸੂ ਨੇ ਉਹਨਾਂ ਨੂੰ ਕਿਹਾ, “ਮਿੱਤਰੋ, ਕੀ ਤੁਹਾਡੇ ਕੋਲ ਕੁਝ ਮੱਛੀਆਂ ਹਨ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।” ਯਿਸੂ ਨੇ ਚੇਲਿਆਂ ਨੂੰ ਕਿਹਾ, “ਕਿਸ਼ਤੀ ਦੇ ਸੱਜੇ ਪਾਸੇ ਜਾਲ ਸੁੱਟੋ ਤਾਂ ਤੁਸੀਂ ਕੁਝ ਫੜੋਗੇ ।” ਉਹਨਾਂ ਨੇ ਜਾਲ ਸੁੱਟਿਆ, ਤਾਂ ਉਸ ਵਿੱਚ ਬਹੁਤ ਸਾਰੀਆਂ ਮੱਛੀਆਂ ਫਸ ਗਈਆਂ ਇੱਥੋਂ ਤੱਕ ਕਿ ਉਹ ਜਾਲ ਖਿੱਚ ਨਾ ਸਕੇ । ਫਿਰ ਉਹ ਚੇਲਾ ਜਿਸ ਨੂੰ ਯਿਸੂ ਪਿਆਰ ਕਰਦੇ ਸਨ ਉਸ ਨੇ ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹਨ!” ਜਦੋਂ ਪਤਰਸ ਨੇ ਇਹ ਸੁਣਿਆ ਕਿ ਇਹ ਪ੍ਰਭੂ ਹਨ, ਤਾਂ ਉਸ ਨੇ ਆਪਣਾ ਕੱਪੜਾ ਲੱਕ ਦੁਆਲੇ ਬੰਨ੍ਹਿਆ ਕਿਉਂਕਿ ਉਸ ਨੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਝੀਲ ਵਿੱਚ ਛਾਲ ਮਾਰ ਦਿੱਤੀ । ਪਰ ਦੂਜੇ ਚੇਲੇ ਕਿਸ਼ਤੀ ਵਿੱਚ ਹੀ ਰਹਿ ਕੇ ਮੱਛੀਆਂ ਨਾਲ ਭਰੇ ਹੋਏ ਜਾਲ ਨੂੰ ਖਿੱਚਦੇ ਰਹੇ ਕਿਉਂਕਿ ਉਹ ਕੰਢੇ ਤੋਂ ਬਹੁਤ ਦੂਰ ਨਹੀਂ ਸਨ । ਕੇਵਲ ਕੋਈ ਦੋ ਕੁ ਸੌ ਮੀਟਰ ਦੀ ਦੂਰੀ ਤੇ ਸਨ । ਜਦੋਂ ਉਹ ਕੰਢੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਉੱਤੇ ਮੱਛੀ ਰੱਖੀ ਹੋਈ ਅਤੇ ਨਾਲ ਰੋਟੀ ਰੱਖੀ ਦੇਖੀ । ਯਿਸੂ ਨੇ ਉਹਨਾਂ ਨੂੰ ਕਿਹਾ, “ਜਿਹੜੀਆਂ ਮੱਛੀਆਂ ਤੁਸੀਂ ਹੁਣੇ ਫੜੀਆਂ ਹਨ, ਉਹਨਾਂ ਵਿੱਚੋਂ ਕੁਝ ਲਿਆਓ ।” ਸ਼ਮਊਨ ਨੇ ਕਿਸ਼ਤੀ ਵਿੱਚ ਚੜ੍ਹ ਕੇ ਵੱਡੀਆਂ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਜਾਲ ਜਿਹਨਾਂ ਦੀ ਗਿਣਤੀ ਇੱਕ ਸੌ ਤਰਵੰਜਾ ਸੀ, ਕੰਢੇ ਉੱਤੇ ਖਿੱਚ ਕੇ ਲਿਆਂਦਾ । ਇੰਨੀਆਂ ਮੱਛੀਆਂ ਹੋਣ ਦੇ ਕਾਰਨ ਵੀ ਜਾਲ ਨਾ ਫਟਿਆ । ਯਿਸੂ ਨੇ ਚੇਲਿਆਂ ਨੂੰ ਕਿਹਾ, “ਆਓ, ਨਾਸ਼ਤਾ ਕਰੋ ।” ਚੇਲਿਆਂ ਵਿੱਚੋਂ ਕਿਸੇ ਨੂੰ ਇਹ ਹੌਸਲਾ ਨਾ ਹੋਇਆ ਕਿ ਯਿਸੂ ਤੋਂ ਪੁੱਛਣ, “ਤੁਸੀਂ ਕੌਣ ਹੋ?” ਕਿਉਂਕਿ ਉਹ ਜਾਣਦੇ ਸਨ ਕਿ ਉਹ ਪ੍ਰਭੂ ਹਨ । ਇਸ ਲਈ ਯਿਸੂ ਅੱਗੇ ਵਧੇ ਅਤੇ ਰੋਟੀ ਲੈ ਕੇ ਉਹਨਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ । ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ । ਜਦੋਂ ਉਹ ਭੋਜਨ ਕਰ ਚੁੱਕੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਕਿਹਾ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੇ ਲੇਲਿਆਂ ਨੂੰ ਚਰਾ ।” ਉਹਨਾਂ ਨੇ ਦੂਜੀ ਵਾਰ ਪਤਰਸ ਤੋਂ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ?” ਉਸ ਨੇ ਉੱਤਰ ਦਿੱਤਾ, “ਹਾਂ ਪ੍ਰਭੂ ਜੀ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਕਿਹਾ, “ਮੇਰੀਆਂ ਭੇਡਾਂ ਦੀ ਰਾਖੀ ਕਰ ।” ਉਹਨਾਂ ਨੇ ਤੀਜੀ ਵਾਰ ਪੁੱਛਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਇਹ ਸੁਣ ਕੇ ਪਤਰਸ ਬਹੁਤ ਦੁਖੀ ਹੋਇਆ ਕਿ ਯਿਸੂ ਨੇ ਤੀਜੀ ਵਾਰ ਪੁੱਛਿਆ ਹੈ ਕਿ, “ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਇਸ ਲਈ ਪਤਰਸ ਨੇ ਕਿਹਾ, “ਪ੍ਰਭੂ ਜੀ, ਤੁਸੀਂ ਤਾਂ ਸਭ ਕੁਝ ਜਾਣਦੇ ਹੋ ਅਤੇ ਇਹ ਵੀ ਕਿ ਮੈਂ ਤੁਹਾਡੇ ਨਾਲ ਪ੍ਰੀਤ ਰੱਖਦਾ ਹਾਂ ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਚਰਾ । ਮੈਂ ਤੈਨੂੰ ਸੱਚ ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣੀ ਕਮਰ ਆਪ ਕਸ ਕੇ ਜਿੱਥੇ ਚਾਹੁੰਦਾ ਸੀ, ਜਾਂਦਾ ਸੀ । ਪਰ ਜਦੋਂ ਤੂੰ ਬੁੱਢਾ ਹੋ ਜਾਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਕਰੇਂਗਾ ਅਤੇ ਦੂਜਾ ਤੈਨੂੰ ਬੰਨ੍ਹੇਗਾ ਅਤੇ ਜਿੱਥੇ ਤੂੰ ਨਹੀਂ ਚਾਹੇਂਗਾ, ਉੱਥੇ ਲੈ ਜਾਵੇਗਾ ।” ਯਿਸੂ ਨੇ ਇਹ ਕਹਿ ਕੇ ਦੱਸਿਆ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੇਗਾ । ਇਹ ਕਹਿਣ ਦੇ ਬਾਅਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਪਿੱਛੇ ਚੱਲ ।” ਪਤਰਸ ਨੇ ਪਿੱਛੇ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਦੇਖਿਆ ਜਿਸ ਨੂੰ ਯਿਸੂ ਪਿਆਰ ਕਰਦੇ ਸਨ । ਇਹ ਉਹ ਚੇਲਾ ਸੀ ਜਿਹੜਾ ਭੋਜਨ ਕਰਦੇ ਹੋਏ ਯਿਸੂ ਦੇ ਸੱਜੇ ਪਾਸੇ ਜੁੜ ਕੇ ਬੈਠਾ ਹੋਇਆ ਸੀ ਅਤੇ ਜਿਸ ਨੇ ਪੁੱਛਿਆ ਸੀ, “ਪ੍ਰਭੂ ਜੀ, ਉਹ ਕੌਣ ਹੈ ਜੋ ਤੁਹਾਨੂੰ ਫੜਵਾਏਗਾ?” ਜਦੋਂ ਪਤਰਸ ਨੇ ਉਸ ਨੂੰ ਦੇਖਿਆ ਤਾਂ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਇਸ ਦਾ ਕੀ ਹੋਵੇਗਾ?” ਯਿਸੂ ਨੇ ਉਸ ਨੂੰ ਕਿਹਾ, “ਜੇਕਰ ਮੈਂ ਚਾਹਾਂ ਕਿ ਇਹ ਮੇਰੇ ਆਉਣ ਤੱਕ ਜਿਊਂਦਾ ਰਹੇ, ਇਸ ਤੋਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ ।” ਸੋ ਇਹ ਗੱਲ ਭਰਾਵਾਂ ਵਿੱਚ ਫੈਲ ਗਈ ਕਿ ਉਹ ਚੇਲਾ ਕਦੀ ਨਹੀਂ ਮਰੇਗਾ । ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਨਹੀਂ ਮਰੇਗਾ ਸਗੋਂ ਇਹ ਕਿ, “ਜੇਕਰ ਮੇਰੀ ਮਰਜ਼ੀ ਹੋਵੇ ਕਿ ਉਹ ਮੇਰੇ ਆਉਣ ਤੱਕ ਜਿਊਂਦਾ ਰਹੇ ਪਰ ਇਸ ਤੋਂ ਤੈਨੂੰ ਕੀ?” ਇਹ ਉਹ ਹੀ ਚੇਲਾ ਹੈ, ਜੋ ਇਹ ਗਵਾਹੀ ਦੇ ਰਿਹਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ । ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ । ਹੋਰ ਵੀ ਬਹੁਤ ਸਾਰੇ ਕੰਮ ਯਿਸੂ ਨੇ ਕੀਤੇ । ਜੇਕਰ ਸਾਰੇ ਇੱਕ ਇੱਕ ਕਰ ਕੇ ਲਿਖੇ ਜਾਂਦੇ ਤਾਂ ਮੈਂ ਸੋਚਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ, ਉਹ ਸਾਰੇ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ । ਹੇ ਮਾਣਯੋਗ ਥਿਓਫ਼ਿਲੁਸ, ਮੈਂ ਆਪਣੀ ਪਹਿਲੀ ਪੁਸਤਕ ਵਿੱਚ ਉਹ ਸਭ ਲਿਖਿਆ ਜੋ ਪ੍ਰਭੂ ਯਿਸੂ ਨੇ ਸ਼ੁਰੂ ਤੋਂ ਕੀਤਾ ਅਤੇ ਸਿਖਾਇਆ— ਜਦੋਂ ਤੱਕ ਕਿ ਉਹ ਉੱਪਰ ਸਵਰਗ ਵਿੱਚ ਉਠਾਏ ਨਾ ਗਏ । ਉਹਨਾਂ ਨੇ ਉੱਪਰ ਉਠਾਏ ਜਾਣ ਤੋਂ ਪਹਿਲਾਂ ਆਪਣੇ ਚੁਣੇ ਹੋਏ ਰਸੂਲਾਂ ਨੂੰ ਪਵਿੱਤਰ ਆਤਮਾ ਦੇ ਰਾਹੀਂ ਹਿਦਾਇਤਾਂ ਦਿੱਤੀਆਂ । ਉਹਨਾਂ ਨੇ ਆਪਣੀ ਮੌਤ ਦਾ ਦੁੱਖ ਭੋਗਣ ਦੇ ਬਾਅਦ ਬਹੁਤ ਸਾਰੇ ਸਬੂਤਾਂ ਦੇ ਰਾਹੀਂ ਆਪਣਾ ਜਿਊਂਦਾ ਹੋਣਾ ਸਿੱਧ ਕੀਤਾ । ਉਹ ਚਾਲੀ ਦਿਨਾਂ ਤੱਕ ਉਹਨਾਂ ਨੂੰ ਦਰਸ਼ਨ ਦਿੰਦੇ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦੇ ਰਹੇ । ਜਦੋਂ ਯਿਸੂ ਚੇਲਿਆਂ ਨੂੰ ਮਿਲੇ ਤਾਂ ਉਹਨਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ ਸਗੋਂ ਪਿਤਾ ਦੇ ਉਸ ਵਚਨ ਦੇ ਪੂਰਾ ਹੋਣ ਦੀ ਉਡੀਕ ਕਰਨਾ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ; ਕਿਉਂਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਹੀ ਦਿਨਾਂ ਬਾਅਦ ਤੁਸੀਂ ਪਵਿੱਤਰ ਆਤਮਾ ਨਾਲ ਬਪਤਿਸਮਾ ਪਾਓਗੇ ।” ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, “ਪ੍ਰਭੂ ਜੀ, ਕੀ ਤੁਸੀਂ ਇਸੇ ਸਮੇਂ ਇਸਰਾਏਲ ਕੌਮ ਦਾ ਰਾਜ ਫਿਰ ਸਥਾਪਤ ਕਰੋਗੇ?” ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, “ਉਹਨਾਂ ਨਿਸ਼ਚਿਤ ਸਮਿਆਂ ਅਤੇ ਮੌਕਿਆਂ ਬਾਰੇ ਜਾਨਣਾ ਤੁਹਾਡਾ ਕੰਮ ਨਹੀਂ ਹੈ ਜਿਹਨਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ । ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤੁਸੀਂ ਸਮਰੱਥਾ ਪ੍ਰਾਪਤ ਕਰੋਗੇ ਅਤੇ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦਿਯਾ, ਸਾਮਰਿਯਾ ਅਤੇ ਧਰਤੀ ਦੀਆਂ ਅੰਤਮ ਹੱਦਾਂ ਤੱਕ ਮੇਰੇ ਗਵਾਹ ਹੋਵੋਗੇ ।” ਇਹ ਕਹਿਣ ਦੇ ਬਾਅਦ ਚੇਲਿਆਂ ਦੇ ਦੇਖਦੇ ਹੀ ਦੇਖਦੇ ਉਹ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਯਿਸੂ ਨੂੰ ਉਹਨਾਂ ਦੀਆਂ ਅੱਖਾਂ ਤੋਂ ਲੁਕਾ ਲਿਆ । ਅਜੇ ਉਹ ਉੱਪਰ ਅਕਾਸ਼ ਵੱਲ ਬੜੇ ਧਿਆਨ ਨਾਲ ਯਿਸੂ ਨੂੰ ਜਾਂਦੇ ਦੇਖ ਹੀ ਰਹੇ ਸਨ ਕਿ ਅਚਾਨਕ ਚਿੱਟੇ ਕੱਪੜੇ ਪਾਏ ਹੋਏ ਦੋ ਆਦਮੀ ਉਹਨਾਂ ਦੇ ਕੋਲ ਆ ਖੜ੍ਹੇ ਹੋਏ । ਉਹਨਾਂ ਨੇ ਕਿਹਾ, “ਹੇ ਗਲੀਲੀ ਆਦਮੀਓ, ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਦੇਖ ਰਹੇ ਹੋ? ਇਹ ਹੀ ਯਿਸੂ ਜਿਹੜੇ ਤੁਹਾਡੇ ਕੋਲੋਂ ਸਵਰਗ ਵਿੱਚ ਉੱਪਰ ਉਠਾ ਲਏ ਗਏ ਹਨ, ਇਸੇ ਤਰ੍ਹਾਂ ਫਿਰ ਆਉਣਗੇ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਵਰਗ ਵਿੱਚ ਉੱਪਰ ਜਾਂਦੇ ਦੇਖਿਆ ਹੈ ।” ਫਿਰ ਚੇਲੇ ਜ਼ੈਤੂਨ ਨਾਂ ਦੇ ਪਹਾੜ ਤੋਂ ਯਰੂਸ਼ਲਮ ਨੂੰ ਵਾਪਸ ਗਏ । ਇਹ ਪਹਾੜ ਯਰੂਸ਼ਲਮ ਤੋਂ ਕੋਈ ਇੱਕ ਕਿਲੋਮੀਟਰ ਦੂਰ ਹੈ । ਸ਼ਹਿਰ ਵਿੱਚ ਵਾਪਸ ਆ ਕੇ ਉਹ ਉਸ ਚੁਬਾਰੇ ਵਿੱਚ ਗਏ ਜਿੱਥੇ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥਲਮਈ, ਮੱਤੀ, ਹਲਫ਼ਾਈ ਦਾ ਪੁੱਤਰ ਯਾਕੂਬ, ਸ਼ਮਊਨ ਦੇਸ਼ ਭਗਤ ਅਤੇ ਯਾਕੂਬ ਦਾ ਪੁੱਤਰ ਯਹੂਦਾ ਰਹਿ ਰਹੇ ਸਨ । ਉਹ ਸਾਰੇ (ਜਿਹਨਾਂ ਵਿੱਚ ਕੁਝ ਔਰਤਾਂ, ਯਿਸੂ ਦੀ ਮਾਂ ਮਰੀਅਮ ਅਤੇ ਉਹਨਾਂ ਦੇ ਭਰਾ ਵੀ ਸਨ) ਇੱਕ ਮਨ ਹੋ ਕੇ ਲਗਾਤਾਰ ਪ੍ਰਾਰਥਨਾ ਕਰਦੇ ਰਹੇ । ਇਹਨਾਂ ਦਿਨਾਂ ਵਿੱਚ ਪਤਰਸ ਇਕੱਠੇ ਹੋਏ ਭਰਾਵਾਂ ਦੇ ਸਾਹਮਣੇ ਖੜ੍ਹਾ ਹੋਇਆ (ਜਿਹਨਾਂ ਦੀ ਗਿਣਤੀ ਕੋਈ ਇੱਕ ਸੌ ਵੀਹ ਸੀ) ਅਤੇ ਉਸ ਨੇ ਕਿਹਾ, “ਭਰਾਵੋ, ਇਹ ਜ਼ਰੂਰੀ ਸੀ ਕਿ ਪਵਿੱਤਰ-ਗ੍ਰੰਥ ਦਾ ਵਚਨ ਪੂਰਾ ਹੋਵੇ ਜਿਹੜਾ ਪਵਿੱਤਰ ਆਤਮਾ ਨੇ ਦਾਊਦ ਦੇ ਦੁਆਰਾ ਯਹੂਦਾ ਬਾਰੇ ਪਹਿਲਾਂ ਹੀ ਕਿਹਾ ਸੀ ਜੋ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਸੀ । ਯਹੂਦਾ ਸਾਡੇ ਵਿੱਚੋਂ ਇੱਕ ਸੀ ਅਤੇ ਉਹ ਸਾਡੇ ਨਾਲ ਇਸੇ ਸੇਵਾ ਲਈ ਚੁਣਿਆ ਗਿਆ ਸੀ ।” (ਯਹੂਦਾ ਨੇ ਆਪਣੇ ਇਸ ਪਾਪ ਦੇ ਪੈਸੇ ਨਾਲ ਇੱਕ ਖੇਤ ਮੁੱਲ ਲਿਆ ਜਿੱਥੇ ਉਹ ਸਿਰ ਦੇ ਭਾਰ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਜਿਸ ਕਾਰਨ ਉਸ ਦੀਆਂ ਸਾਰੀਆਂ ਆਂਦਰਾਂ ਬਾਹਰ ਨਿਕਲ ਆਈਆਂ । ਯਰੂਸ਼ਲਮ ਦੇ ਸਾਰੇ ਨਿਵਾਸੀਆਂ ਨੇ ਇਸ ਬਾਰੇ ਸੁਣਿਆ ਇਸ ਲਈ ਉਹ ਖੇਤ ਉਹਨਾਂ ਦੀ ਬੋਲੀ ਵਿੱਚ ‘ਅਕਲਦਮਾ’ ਭਾਵ ‘ਲਹੂ ਦਾ ਖੇਤ’ ਅਖਵਾਇਆ ।) “ਭਜਨਾਂ ਦੀ ਪੁਸਤਕ ਵਿੱਚ ਵੀ ਲਿਖਿਆ ਹੋਇਆ ਹੈ: ‘ਉਸ ਦੇ ਰਹਿਣ ਦੀ ਥਾਂ ਵੀਰਾਨ ਹੋ ਜਾਵੇ, ਉਸ ਵਿੱਚ ਰਹਿਣ ਵਾਲਾ ਕੋਈ ਨਾ ਹੋਵੇ ।’ ਫਿਰ ਇਹ ਵੀ ਹੈ: ‘ਉਸ ਦੀ ਥਾਂ ਕੋਈ ਦੂਜਾ ਸੰਭਾਲੇ ।’ “ਇਸ ਲਈ ਇਹ ਜ਼ਰੂਰੀ ਹੈ ਕਿ ਇੱਕ ਆਦਮੀ ਸਾਡੇ ਨਾਲ ਪ੍ਰਭੂ ਯਿਸੂ ਦੇ ਪੁਨਰ-ਉਥਾਨ ਦਾ ਗਵਾਹ ਬਣੇ । ਇਹ ਆਦਮੀ ਉਹਨਾਂ ਆਦਮੀਆਂ ਵਿੱਚੋਂ ਹੋਣਾ ਚਾਹੀਦਾ ਹੈ ਜਿਹੜੇ ਉਸ ਸਾਰੇ ਸਮੇਂ ਵਿੱਚ ਯੂਹੰਨਾ ਦੇ ਬਪਤਿਸਮਾ ਦੇਣ ਤੋਂ ਲੈ ਕੇ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਤੱਕ ਜਦੋਂ ਕਿ ਯਿਸੂ ਸਾਡੇ ਵਿੱਚ ਆਉਂਦੇ ਜਾਂਦੇ ਰਹੇ, ਲਗਾਤਾਰ ਸਾਡੇ ਨਾਲ ਸੀ ।” ਉਹਨਾਂ ਨੇ ਦੋ ਆਦਮੀਆਂ ਨੂੰ ਅੱਗੇ ਕੀਤਾ: ਇੱਕ ਯੂਸਫ਼ ਜੋ ਬਰਸੱਬਾਸ ਅਖਵਾਉਂਦਾ ਸੀ ਜਿਸ ਦਾ ਉਪਨਾਮ ਯੂਸਤੁਸ ਸੀ ਅਤੇ ਦੂਜਾ ਮੱਥਿਯਾਸ । ਫਿਰ ਉਹਨਾਂ ਨੇ ਇਸ ਤਰ੍ਹਾਂ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੁਸੀਂ ਸਾਰਿਆਂ ਦੇ ਦਿਲਾਂ ਨੂੰ ਜਾਣਦੇ ਹੋ । ਇਸ ਲਈ ਸਾਡੇ ਉੱਤੇ ਪ੍ਰਗਟ ਕਰੋ ਕਿ ਇਹਨਾਂ ਦੋਨਾਂ ਵਿੱਚੋਂ ਤੁਸੀਂ ਕਿਸ ਨੂੰ ਚੁਣਿਆ ਹੈ ਕਿ ਉਹ ਰਸੂਲ ਹੋਣ ਦਾ ਸਥਾਨ ਪ੍ਰਾਪਤ ਕਰੇ ਜਿਸ ਨੂੰ ਛੱਡ ਕੇ ਯਹੂਦਾ ਆਪਣੀ ਥਾਂ ਤੇ ਚਲਾ ਗਿਆ ਹੈ ।” ਫਿਰ ਉਹਨਾਂ ਨੇ ਦੋਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਪਰਚੀ ਮੱਥਿਯਾਸ ਦੇ ਨਾਂ ਦੀ ਨਿਕਲੀ । ਇਸ ਤਰ੍ਹਾਂ ਮੱਥਿਯਾਸ ਗਿਆਰਾਂ ਰਸੂਲਾਂ ਵਿੱਚ ਸ਼ਾਮਿਲ ਕੀਤਾ ਗਿਆ । ਇਹ ਪੰਤੇਕੁਸਤ ਦੇ ਤਿਉਹਾਰ ਦਾ ਦਿਨ ਸੀ । ਉਹ ਸਾਰੇ ਇੱਕ ਥਾਂ ਤੇ ਇਕੱਠੇ ਸਨ । ਅਚਾਨਕ ਅਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਜਿਸ ਘਰ ਵਿੱਚ ਉਹ ਬੈਠੇ ਹੋਏ ਸਨ ਉਹ ਸਾਰਾ ਘਰ ਗੂੰਜ ਉੱਠਿਆ । ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ ਹੁੰਦੀਆਂ ਦਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਉੱਤੇ ਆ ਠਹਿਰੀਆਂ । ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਅਣਜਾਣ ਭਾਸ਼ਾਵਾਂ ਬੋਲਣ ਲੱਗ ਪਏ, ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਦੀ ਯੋਗਤਾ ਦਿੱਤੀ ਸੀ । ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਦੇ ਯਹੂਦੀ ਸ਼ਰਧਾਲੂ ਯਰੂਸ਼ਲਮ ਵਿੱਚ ਆਏ ਹੋਏ ਸਨ । ਜਦੋਂ ਇਹ ਆਵਾਜ਼ ਆਈ ਤਾਂ ਭੀੜ ਇਕੱਠੀ ਹੋ ਗਈ । ਲੋਕ ਘਬਰਾ ਗਏ ਕਿਉਂਕਿ ਹਰ ਕੋਈ ਉਹਨਾਂ ਨੂੰ ਆਪਣੀ ਹੀ ਭਾਸ਼ਾ ਵਿੱਚ ਬੋਲਦੇ ਸੁਣ ਰਿਹਾ ਸੀ । ਸਾਰੇ ਲੋਕ ਹੈਰਾਨ ਸਨ ਅਤੇ ਉਹ ਘਬਰਾ ਕੇ ਕਹਿਣ ਲੱਗੇ: “ਕੀ ਇਹ ਸਾਰੇ ਜਿਹੜੇ ਬੋਲ ਰਹੇ ਹਨ, ਗਲੀਲ ਨਿਵਾਸੀ ਨਹੀਂ ਹਨ? ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ? ਅਸੀਂ ਜਿਹੜੇ ਪਾਰਥੀ, ਮੇਦੀ, ਇਲਾਮੀ, ਮੈਸੋਪੋਤਾਮਿਆ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਏਸ਼ੀਆ, ਫਰੂਗਿਯਾ, ਪੁਮਫ਼ਲਿਯਾ, ਮਿਸਰ, ਕੁਰੈਨ ਦੇ ਨੇੜੇ ਲਿਬੀਆ ਦੇ ਰਹਿਣ ਵਾਲੇ, ਰੋਮੀ ਪ੍ਰਵਾਸੀ; ਯਹੂਦੀ ਅਤੇ ਦੂਜੇ ਜਿਹਨਾਂ ਨੇ ਯਹੂਦੀ ਵਿਸ਼ਵਾਸ ਨੂੰ ਸਵੀਕਾਰ ਕੀਤਾ ਹੈ, ਕਰੇਤ ਅਤੇ ਅਰਬ ਦੇ ਰਹਿਣ ਵਾਲੇ ਹਾਂ, ਅਸੀਂ ਸਾਰੇ ਉਹਨਾਂ ਨੂੰ ਆਪਣੀ ਆਪਣੀ ਭਾਸ਼ਾ ਵਿੱਚ ਪਰਮੇਸ਼ਰ ਦੇ ਮਹਾਨ ਕੰਮਾਂ ਬਾਰੇ ਬਿਆਨ ਕਰਦੇ ਸੁਣ ਰਹੇ ਹਾਂ ।” ਉਹ ਸਾਰੇ ਹੈਰਾਨ ਸਨ ਅਤੇ ਘਬਰਾਏ ਹੋਏ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਸ ਦਾ ਕੀ ਅਰਥ ਹੋ ਸਕਦਾ ਹੈ?” ਪਰ ਕੁਝ ਦੂਜੇ ਲੋਕ ਉਹਨਾਂ ਨੂੰ ਮਖ਼ੌਲ ਕਰਦੇ ਹੋਏ ਕਹਿਣ ਲੱਗੇ: “ਇਹ ਤਾਂ ਤਾਜ਼ੀ ਮੈ ਪੀ ਕੇ ਮਸਤ ਹੋ ਚੁੱਕੇ ਹਨ ।” ਤਦ ਪਤਰਸ ਨੇ ਦੂਜੇ ਗਿਆਰਾਂ ਰਸੂਲਾਂ ਦੇ ਨਾਲ ਖੜ੍ਹੇ ਹੋ ਕੇ ਉੱਚੀ ਆਵਾਜ਼ ਨਾਲ ਲੋਕਾਂ ਨੂੰ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ: “ਯਹੂਦੀ ਭਰਾਵੋ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ, ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣੋ । ਇਹ ਲੋਕ ਨਸ਼ੇ ਵਿੱਚ ਨਹੀਂ ਹਨ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਅਜੇ ਤਾਂ ਸਵੇਰ ਦੇ ਨੌਂ ਹੀ ਵਜੇ ਹਨ । ਅਸਲ ਵਿੱਚ ਇਹ ਉਹ ਗੱਲ ਹੈ ਜਿਹੜੀ ਯੋਏਲ ਨਬੀ ਨੇ ਕਹੀ ਸੀ: ‘ਪਰਮੇਸ਼ਰ ਨੇ ਕਿਹਾ: ਅੰਤ ਦੇ ਦਿਨਾਂ ਵਿੱਚ ਮੈਂ ਇਸ ਤਰ੍ਹਾਂ ਕਰਾਂਗਾ, ਮੈਂ ਆਪਣਾ ਆਤਮਾ ਸਭ ਲੋਕਾਂ ਉੱਤੇ ਡੋਲ੍ਹਾਂਗਾ, ਤੁਹਾਡੇ ਪੁੱਤਰ ਅਤੇ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਪਨੇ ਦੇਖਣਗੇ । ਮੈਂ ਆਪਣੇ ਦਾਸਾਂ ਅਤੇ ਦਾਸੀਆਂ ਉੱਤੇ ਵੀ ਉਹਨਾਂ ਦਿਨਾਂ ਵਿੱਚ ਆਪਣਾ ਆਤਮਾ ਡੋਲ੍ਹਾਂਗਾ ਅਤੇ ਉਹ ਭਵਿੱਖਬਾਣੀ ਕਰਨਗੇ । ਮੈਂ ਉੱਪਰ ਅਕਾਸ਼ ਦੇ ਵਿੱਚ ਚਮਤਕਾਰ ਅਤੇ ਥੱਲੇ ਜ਼ਮੀਨ ਦੇ ਉੱਤੇ ਚਿੰਨ੍ਹ ਜਿਵੇਂ ਲਹੂ, ਅੱਗ ਅਤੇ ਧੂਏਂ ਦੇ ਬੱਦਲ ਦਿਖਾਵਾਂਗਾ । ਪ੍ਰਭੂ ਦੇ ਮਹਾਨ ਅਤੇ ਮਹਿਮਾ ਵਾਲੇ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰਾ ਅਤੇ ਚੰਦ ਲਹੂ ਦੀ ਤਰ੍ਹਾਂ ਲਾਲ ਹੋ ਜਾਵੇਗਾ । ਅਤੇ ਜੋ ਕੋਈ ਪ੍ਰਭੂ ਦਾ ਨਾਮ ਲਵੇਗਾ ਉਹ ਮੁਕਤੀ ਪਾਵੇਗਾ ।’ “ਹੇ ਇਸਰਾਏਲੀਓ, ਇਹ ਗੱਲ ਸੁਣੋ: ਪਰਮੇਸ਼ਰ ਨੇ ਨਾਸਰਤ ਦੇ ਰਹਿਣ ਵਾਲੇ ਯਿਸੂ ਨਾਮ ਦੇ ਮਨੁੱਖ ਨੂੰ ਸ਼ਕਤੀਸ਼ਾਲੀ ਕੰਮਾਂ, ਚਮਤਕਾਰਾਂ, ਅਤੇ ਚਿੰਨ੍ਹਾਂ ਦੇ ਦੁਆਰਾ ਤੁਹਾਡੇ ਸਾਹਮਣੇ ਸਿੱਧ ਕੀਤਾ ਜੋ ਪਰਮੇਸ਼ਰ ਨੇ ਯਿਸੂ ਦੇ ਰਾਹੀਂ ਤੁਹਾਡੇ ਵਿਚਕਾਰ ਕੀਤੇ ਸਨ ਅਤੇ ਤੁਸੀਂ ਆਪ ਇਹ ਜਾਣਦੇ ਹੋ । ਯਿਸੂ ਪਰਮੇਸ਼ਰ ਦੀ ਨਿਸ਼ਚਿਤ ਯੋਜਨਾ ਅਤੇ ਪਹਿਲਾਂ ਤੋਂ ਮਿੱਥੇ ਗਿਆਨ ਦੇ ਅਨੁਸਾਰ ਫੜਵਾਏ ਗਏ ਅਤੇ ਤੁਸੀਂ ਉਹਨਾਂ ਨੂੰ ਪਰਾਈਆਂ ਕੌਮਾਂ ਦੇ ਦੁਆਰਾ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ । ਪਰਮੇਸ਼ਰ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਮੌਤ ਦੇ ਵੱਸ ਤੋਂ ਮੁਕਤ ਕਰ ਦਿੱਤਾ ਕਿਉਂਕਿ ਇਹ ਸੰਭਵ ਨਹੀਂ ਸੀ ਕਿ ਮੌਤ ਉਹਨਾਂ ਨੂੰ ਆਪਣੇ ਵੱਸ ਵਿੱਚ ਰੱਖੇ । ਦਾਊਦ ਨੇ ਉਹਨਾਂ ਦੇ ਬਾਰੇ ਕਿਹਾ: ‘ਮੈਂ ਪ੍ਰਭੂ ਨੂੰ ਹਮੇਸ਼ਾਂ ਆਪਣੇ ਸਾਹਮਣੇ ਦੇਖਦਾ ਰਿਹਾ, ਕਿਉਂਕਿ ਉਹ ਮੇਰੇ ਸੱਜੇ ਪਾਸੇ ਹਨ ਕਿ ਮੈਂ ਡਿੱਗ ਨਾ ਜਾਵਾਂ । ਇਸ ਕਾਰਨ ਮੇਰਾ ਦਿਲ ਪ੍ਰਸੰਨ ਹੋਇਆ ਅਤੇ ਮੇਰੀ ਜੀਭ ਖ਼ੁਸ਼ ਹੋਈ, ਹੁਣ ਮੇਰਾ ਸਰੀਰ ਆਸ ਵਿੱਚ ਜੀਵੇਗਾ । ਕਿਉਂਕਿ ਤੁਸੀਂ ਮੇਰੇ ਪ੍ਰਾਣ ਨੂੰ ਪਤਾਲ ਵਿੱਚ ਨਹੀਂ ਛੱਡੋਗੇ, ਅਤੇ ਨਾ ਹੀ ਤੁਸੀਂ ਆਪਣੇ ਪਵਿੱਤਰ ਪੁਰਖ ਨੂੰ ਸੜਨ ਦੇਵੋਗੇ । ਤੁਸੀਂ ਮੈਨੂੰ ਜੀਵਨ ਦਾ ਰਾਹ ਦਿਖਾਇਆ ਹੈ ਅਤੇ ਤੁਸੀਂ ਆਪਣੇ ਦਰਸ਼ਨ ਦੇ ਦੁਆਰਾ ਮੈਨੂੰ ਅਨੰਦ ਨਾਲ ਭਰੋਗੇ ।’ “ਹੇ ਇਸਰਾਏਲੀਓ, ਮੈਂ ਆਪਣੇ ਪੁਰਖੇ ਦਾਊਦ ਦੇ ਬਾਰੇ ਸਾਫ਼ ਸਾਫ਼ ਕਹਿ ਸਕਦਾ ਹਾਂ ਕਿ ਉਹ ਮਰ ਗਿਆ, ਦੱਬਿਆ ਗਿਆ ਅਤੇ ਉਸ ਦੀ ਕਬਰ ਅੱਜ ਤੱਕ ਸਾਡੇ ਵਿੱਚ ਹੈ । ਉਹ ਨਬੀ ਸੀ, ਇਸੇ ਲਈ ਉਸ ਨੇ ਇਹ ਜਾਣਦੇ ਹੋਏ ਕਿ ਪਰਮੇਸ਼ਰ ਨੇ ਉਸ ਨਾਲ ਸੌਂਹ ਖਾਧੀ ਹੈ: ‘ਤੇਰੀ ਕੁਲ ਵਿੱਚੋਂ ਇੱਕ ਮਨੁੱਖ ਨੂੰ ਤੇਰੀ ਰਾਜ ਗੱਦੀ ਉੱਤੇ ਵਿਰਾਜਮਾਨ ਕਰਾਂਗਾ ।’ ਉਸ ਨੇ ਪਹਿਲਾਂ ਹੀ ਜਾਣਦੇ ਹੋਇਆਂ ਮਸੀਹ ਦੇ ਮੁਰਦਿਆਂ ਵਿੱਚੋਂ ਫਿਰ ਜੀਅ ਉੱਠਣ ਬਾਰੇ ਕਿਹਾ: ‘ਨਾ ਤਾਂ ਉਹ ਪਤਾਲ ਵਿੱਚ ਛੱਡਿਆ ਗਿਆ, ਅਤੇ ਨਾ ਹੀ ਉਸ ਦਾ ਸਰੀਰ ਸੜਿਆ ।’ “ਇਸੇ ਯਿਸੂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਜਿਹਨਾਂ ਦੇ ਅਸੀਂ ਸਾਰੇ ਗਵਾਹ ਹਾਂ । ਇਸ ਤਰ੍ਹਾਂ ਉਹ ਪਰਮੇਸ਼ਰ ਦੇ ਸੱਜੇ ਹੱਥ ਵੱਲ ਉੱਚੇ ਕੀਤੇ ਗਏ ਅਤੇ ਉਹਨਾਂ ਨੇ ਪਵਿੱਤਰ ਆਤਮਾ ਪ੍ਰਾਪਤ ਕਰ ਕੇ ਜਿਸ ਦਾ ਪਿਤਾ ਨੇ ਵਚਨ ਦਿੱਤਾ ਸੀ, ਸਾਡੇ ਉੱਤੇ ਡੋਲ੍ਹ ਦਿੱਤਾ ਜੋ ਤੁਸੀਂ ਦੇਖ ਅਤੇ ਸੁਣ ਰਹੇ ਹੋ । ਦਾਊਦ ਆਪ ਤਾਂ ਸਵਰਗ ਵਿੱਚ ਨਹੀਂ ਗਿਆ ਸੀ ਪਰ ਉਸ ਨੇ ਆਪ ਕਿਹਾ, ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦੇਵਾਂ ।’ “ਇਸ ਲਈ ਸਾਰੀ ਇਸਰਾਏਲ ਕੌਮ ਪੂਰੀ ਤਰ੍ਹਾਂ ਜਾਣ ਲਵੇ ਕਿ ਜਿਸ ਯਿਸੂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ, ਉਹਨਾਂ ਨੂੰ ਪਰਮੇਸ਼ਰ ਨੇ ਪ੍ਰਭੂ ਅਤੇ ਮਸੀਹ ਬਣਾ ਦਿੱਤਾ ।” ਇਹ ਸੁਣ ਕੇ ਉਹਨਾਂ ਦੇ ਦਿਲ ਵਿੰਨੇ ਗਏ । ਇਸ ਲਈ ਉਹਨਾਂ ਨੇ ਪਤਰਸ ਅਤੇ ਦੂਜੇ ਰਸੂਲਾਂ ਤੋਂ ਪੁੱਛਿਆ, “ਭਰਾਵੋ, ਅਸੀਂ ਕੀ ਕਰੀਏ?” ਪਤਰਸ ਨੇ ਉਹਨਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਹਰ ਕੋਈ ਆਪਣੇ ਪਾਪਾਂ ਤੋਂ ਤੋਬਾ ਕਰੇ ਅਤੇ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਤਾਂ ਜੋ ਤੁਹਾਡੇ ਪਾਪ ਮਾਫ਼ ਹੋ ਜਾਣ ਅਤੇ ਤੁਹਾਨੂੰ ਪਵਿੱਤਰ ਆਤਮਾ ਵਰਦਾਨ ਦੇ ਤੌਰ ਤੇ ਮਿਲੇਗਾ । ਕਿਉਂਕਿ ਇਹ ਵਾਅਦਾ ਤੁਹਾਡੇ, ਤੁਹਾਡੇ ਬੱਚਿਆਂ, ਅਤੇ ਸਾਰੇ ਜਿਹੜੇ ਦੂਰ ਹਨ, ਦੇ ਲਈ ਹੈ ਅਤੇ ਉਹਨਾਂ ਲਈ ਜਿਹਨਾਂ ਨੂੰ ਸਾਡੇ ਪ੍ਰਭੂ ਪਰਮੇਸ਼ਰ ਆਪਣੇ ਕੋਲ ਸੱਦਣਗੇ ।” ਹੋਰ ਵੀ ਬਹੁਤ ਸਾਰੀਆਂ ਗੱਲਾਂ ਦੁਆਰਾ ਪਤਰਸ ਨੇ ਉਹਨਾਂ ਨੂੰ ਪ੍ਰੇਰਨਾ ਦਿੱਤੀ ਅਤੇ ਉਹਨਾਂ ਨੂੰ ਇਹ ਕਹਿੰਦੇ ਹੋਏ ਉਤਸ਼ਾਹ ਦਿੱਤਾ, “ਆਪਣੇ ਆਪ ਨੂੰ ਇਸ ਦੁਸ਼ਟ ਪੀੜ੍ਹੀ ਤੋਂ ਬਚਾਓ ।” ਜਿਹਨਾਂ ਲੋਕਾਂ ਨੇ ਪਤਰਸ ਦੇ ਉਪਦੇਸ਼ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਬਪਤਿਸਮਾ ਦਿੱਤਾ ਗਿਆ । ਉਸ ਦਿਨ ਕੋਈ ਤਿੰਨ ਹਜ਼ਾਰ ਲੋਕ ਉਹਨਾਂ ਵਿੱਚ ਆ ਮਿਲੇ । ਉਹ ਸਭ ਬੜੀ ਸ਼ਰਧਾ ਨਾਲ ਰਸੂਲਾਂ ਤੋਂ ਸਿੱਖਿਆ ਲੈਂਦੇ, ਸਾਂਝਾ ਜੀਵਨ ਗੁਜ਼ਾਰਦੇ, ਇਕੱਠੇ ਹੋ ਕੇ ਖਾਂਦੇ ਅਤੇ ਪ੍ਰਭੂ ਦੀ ਭਗਤੀ ਵਿੱਚ ਲੱਗੇ ਰਹਿੰਦੇ ਸਨ । ਸਭ ਲੋਕ ਬਹੁਤ ਭੈ ਨਾਲ ਭਰੇ ਹੋਏ ਸਨ ਕਿਉਂਕਿ ਰਸੂਲਾਂ ਦੁਆਰਾ ਬਹੁਤ ਚਮਤਕਾਰ ਅਤੇ ਚਿੰਨ੍ਹ ਹੁੰਦੇ ਸਨ । ਸਾਰੇ ਵਿਸ਼ਵਾਸੀ ਇਕੱਠੇ ਰਹਿੰਦੇ ਸਨ ਅਤੇ ਉਹਨਾਂ ਦਾ ਸਭ ਕੁਝ ਸਾਂਝਾ ਸੀ । ਉਹ ਆਪਣੀ ਜਾਇਦਾਦ ਅਤੇ ਜੋ ਕੁਝ ਉਹਨਾਂ ਕੋਲ ਹੁੰਦਾ ਸੀ, ਵੇਚ ਦਿੰਦੇ ਅਤੇ ਹਰ ਇੱਕ ਨੂੰ ਲੋੜ ਅਨੁਸਾਰ ਵੰਡ ਦਿੰਦੇ ਸਨ । ਹਰ ਦਿਨ ਉਹ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ, ਖ਼ੁਸ਼ੀ ਅਤੇ ਸੱਚੇ ਮਨ ਨਾਲ ਘਰਾਂ ਵਿੱਚ ਭੋਜਨ ਕਰਦੇ ਸਨ । ਉਹ ਪਰਮੇਸ਼ਰ ਦੀ ਮਹਿਮਾ ਕਰਦੇ ਅਤੇ ਉੁਹ ਲੋਕਾਂ ਨੂੰ ਪਿਆਰੇ ਸਨ । ਪ੍ਰਭੂ ਪਰਮੇਸ਼ਰ ਮੁਕਤੀ ਪ੍ਰਾਪਤ ਕਰਨ ਵਾਲਿਆਂ ਨੂੰ ਹਰ ਦਿਨ ਉਹਨਾਂ ਵਿੱਚ ਸ਼ਾਮਿਲ ਕਰ ਦਿੰਦੇ ਸਨ । ਇੱਕ ਦਿਨ ਪਤਰਸ ਅਤੇ ਯੂਹੰਨਾ ਦੁਪਿਹਰ ਦੇ ਤਿੰਨ ਵਜੇ ਪ੍ਰਾਰਥਨਾ ਕਰਨ ਦੇ ਸਮੇਂ ਹੈਕਲ ਵੱਲ ਜਾ ਰਹੇ ਸਨ । ਹੈਕਲ ਦੇ ‘ਸੁੰਦਰ’ ਨਾਂ ਦੇ ਦਰਵਾਜ਼ੇ ਤੇ ਇੱਕ ਜਨਮ ਦਾ ਲੰਗੜਾ ਆਦਮੀ ਸੀ ਜਿਸ ਨੂੰ ਲੋਕ ਹਰ ਰੋਜ਼ ਲਿਆ ਕੇ ਛੱਡ ਜਾਂਦੇ ਸਨ ਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ । ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਦੇਖਿਆ ਕਿ ਉਹ ਹੈਕਲ ਵਿੱਚ ਪ੍ਰਵੇਸ਼ ਕਰਨ ਲੱਗੇ ਹਨ ਤਾਂ ਉਸ ਨੇ ਉਹਨਾਂ ਤੋਂ ਵੀ ਭੀਖ ਮੰਗੀ । ਤਦ ਪਤਰਸ ਅਤੇ ਯੂਹੰਨਾ ਨੇ ਉਸ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਪਤਰਸ ਨੇ ਕਿਹਾ, “ਸਾਡੇ ਵੱਲ ਦੇਖ!” ਉਹ ਕੁਝ ਮਿਲਣ ਦੀ ਆਸ ਨਾਲ ਉਹਨਾਂ ਵੱਲ ਦੇਖਣ ਲੱਗਾ । ਪਤਰਸ ਨੇ ਉਸ ਨੂੰ ਕਿਹਾ, “ਚਾਂਦੀ ਜਾਂ ਸੋਨਾ ਤਾਂ ਮੇਰੇ ਕੋਲ ਹੈ ਨਹੀਂ ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ । ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਚੱਲ ਫਿਰ!” ਤਦ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ । ਇਕਦਮ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ । ਉਹ ਇਕਦਮ ਛਾਲ੍ਹ ਮਾਰ ਕੇ ਉੱਠਿਆ ਅਤੇ ਚੱਲਣ ਫਿਰਨ ਲੱਗਾ । ਫਿਰ ਉਹ ਉਹਨਾਂ ਦੇ ਨਾਲ ਹੈਕਲ ਵਿੱਚ ਚੱਲਦਾ, ਛਾਲ੍ਹਾਂ ਮਾਰਦਾ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਚਲਾ ਗਿਆ । ਸਾਰੇ ਲੋਕਾਂ ਨੇ ਉਸ ਨੂੰ ਚੱਲਦੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਦੇਖ ਕੇ ਪਛਾਣ ਲਿਆ ਕਿ ਇਹ ਉਹ ਹੀ ਮੰਗਤਾ ਹੈ ਜਿਹੜਾ ਹੈਕਲ ਦੇ ‘ਸੁੰਦਰ’ ਦਰਵਾਜ਼ੇ ਤੇ ਬੈਠਾ ਹੁੰਦਾ ਸੀ । ਉਸ ਦੇ ਨਾਲ ਹੋਏ ਚਮਤਕਾਰ ਨੂੰ ਦੇਖ ਕੇ ਲੋਕ ਹੈਰਾਨ ਅਤੇ ਹੱਕੇ-ਬੱਕੇ ਰਹਿ ਗਏ । ਉਹ ਆਦਮੀ ਪਤਰਸ ਅਤੇ ਯੂਹੰਨਾ ਦੇ ਪਿੱਛੇ ਲੱਗਾ ਰਿਹਾ । ਇਸ ਲਈ ਸਾਰੇ ਲੋਕ ਹੈਰਾਨ ਹੋ ਕੇ ਉਹਨਾਂ ਦੇ ਵੱਲ ਦੌੜੇ ਅਤੇ ਸੁਲੇਮਾਨ ਦੇ ਵਿਹੜੇ ਵਿੱਚ ਆ ਗਏ । ਤਦ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਹ ਦੇਖ ਕੇ ਕਿਉਂ ਹੈਰਾਨ ਹੋ ਅਤੇ ਸਾਡੇ ਵੱਲ ਕਿਉਂ ਦੇਖ ਰਹੇ ਹੋ? ਕੀ ਅਸੀਂ ਆਪਣੀ ਹੀ ਸਮਰੱਥਾ ਅਤੇ ਭਗਤੀ ਨਾਲ ਇਸ ਨੂੰ ਚੱਲਣ ਯੋਗ ਕੀਤਾ ਹੈ? ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਦਾਸ ਯਿਸੂ ਨੂੰ ਮਹਿਮਾ ਦਿੱਤੀ ਹੈ । ਉਹਨਾਂ ਨੂੰ ਤੁਸੀਂ ਵੈਰੀਆਂ ਦੇ ਹੱਥਾਂ ਵਿੱਚ ਫੜਵਾ ਦਿੱਤਾ ਅਤੇ ਪਿਲਾਤੁਸ ਦੇ ਸਾਹਮਣੇ ਉਹਨਾਂ ਨੂੰ ਰੱਦਿਆ, ਜਦੋਂ ਕਿ ਪਿਲਾਤੁਸ ਨੇ ਉਹਨਾਂ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ; ਪਰ ਤੁਸੀਂ ਪਵਿੱਤਰ ਅਤੇ ਨੇਕ ਪੁਰਖ ਨੂੰ ਰੱਦ ਦਿੱਤਾ ਅਤੇ ਇੱਕ ਕਾਤਲ ਨੂੰ ਛੱਡ ਦੇਣ ਦੀ ਮੰਗ ਕੀਤੀ । ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰ ਦਿੱਤਾ ਜੋ ਜੀਵਨ ਦਾ ਸ੍ਰੋਤ ਸੀ । ਪਰ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਦਿੱਤਾ ਜਿਸ ਦੇ ਅਸੀਂ ਗਵਾਹ ਹਾਂ । ਯਿਸੂ ਦੇ ਨਾਮ ਵਿੱਚ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਸ ਦੇ ਨਾਮ ਵਿੱਚ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ, ਸਮਰੱਥਾ ਮਿਲੀ ਹੈ । ਜੋ ਵਿਸ਼ਵਾਸ ਯਿਸੂ ਦੁਆਰਾ ਮਿਲਦਾ ਹੈ, ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ । “ਹੇ ਇਸਰਾਏਲੀਓ, ਮੈਂ ਜਾਣਦਾਂ ਹਾਂ ਕਿ ਤੁਸੀਂ ਅਤੇ ਤੁਹਾਡੇ ਆਗੂਆਂ ਨੇ ਇਹ ਕੰਮ ਅਣਜਾਣੇ ਵਿੱਚ ਕੀਤਾ । ਪਰਮੇਸ਼ਰ ਨੇ ਪਹਿਲਾਂ ਹੀ ਸਭ ਨਬੀਆਂ ਦੇ ਰਾਹੀਂ ਇਹ ਦੱਸ ਦਿੱਤਾ ਸੀ ਕਿ ਉਹਨਾਂ ਦਾ ਮਸੀਹ ਦੁੱਖ ਸਹੇਗਾ ਅਤੇ ਇਹ ਉਹਨਾਂ ਨੇ ਇਸ ਤਰ੍ਹਾਂ ਪੂਰਾ ਕੀਤਾ । ਇਸ ਲਈ ਤੁਸੀਂ ਤੋਬਾ ਕਰੋ ਅਤੇ ਪਰਮੇਸ਼ਰ ਵੱਲ ਮੁੜੋ ਕਿ ਉਹ ਤੁਹਾਡੇ ਪਾਪ ਮਾਫ਼ ਕਰ ਦੇਣ ਜਿਸ ਨਾਲ ਤੁਹਾਨੂੰ ਫਿਰ ਆਤਮਿਕ ਤਾਜ਼ਗੀ ਪ੍ਰਭੂ ਤੋਂ ਮਿਲੇ ਅਤੇ ਉਹ ਤੁਹਾਡੇ ਲਈ ਪਹਿਲਾਂ ਤੋਂ ਨਿਯੁਕਤ ਕੀਤੇ ਮਸੀਹ ਭਾਵ ਯਿਸੂ ਨੂੰ ਭੇਜ ਦੇਣ । ਪਰ ਇਹ ਜ਼ਰੂਰੀ ਹੈ ਕਿ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹਿਣ ਜਦੋਂ ਤੱਕ ਕਿ ਸਭ ਕੁਝ ਸੁਧਾਰਿਆ ਨਾ ਜਾਵੇ ਜਿਸ ਦੇ ਬਾਰੇ ਪਰਮੇਸ਼ਰ ਨੇ ਸ਼ੁਰੂ ਤੋਂ ਆਪਣੇ ਪਵਿੱਤਰ ਨਬੀਆਂ ਦੇ ਰਾਹੀਂ ਕਿਹਾ ਹੈ । ਮੂਸਾ ਨੇ ਵੀ ਕਿਹਾ, ‘ਪ੍ਰਭੂ ਪਰਮੇਸ਼ਰ ਤੁਹਾਡੇ ਲਈ ਤੁਹਾਡੇ ਭਰਾਵਾਂ ਵਿੱਚੋਂ ਇੱਕ ਨਬੀ ਨੂੰ ਖੜ੍ਹਾ ਕਰਨਗੇ ਜਿਸ ਤਰ੍ਹਾਂ ਉਸ ਨੇ ਮੈਨੂੰ ਖੜ੍ਹਾ ਕੀਤਾ । ਜੋ ਕੁਝ ਵੀ ਉਹ ਤੁਹਾਨੂੰ ਕਹਿਣ, ਉਸ ਨੂੰ ਜ਼ਰੂਰ ਸੁਣਨਾ । ਜੋ ਕੋਈ ਵੀ ਉਸ ਨਬੀ ਦੀ ਨਾ ਸੁਣੇ, ਉਹ ਆਪਣੇ ਲੋਕਾਂ ਵਿੱਚੋਂ ਨਾਸ਼ ਕੀਤਾ ਜਾਵੇ ।’ ਸਮੂਏਲ ਤੋਂ ਲੈ ਕੇ ਉਸ ਦੇ ਬਾਅਦ ਆਉਣ ਵਾਲੇ ਸਾਰੇ ਨਬੀਆਂ ਨੇ ਜਿਹਨਾਂ ਕੋਲ ਸੰਦੇਸ਼ ਸੀ, ਇਹਨਾਂ ਦਿਨਾਂ ਦੀ ਭਵਿੱਖਬਾਣੀ ਕੀਤੀ । ਤੁਸੀਂ ਨਬੀਆਂ ਅਤੇ ਉਸ ਨੇਮ ਦੀ ਸੰਤਾਨ ਹੋ ਜੋ ਪਰਮੇਸ਼ਰ ਨੇ ਤੁਹਾਡੇ ਪੁਰਖਿਆਂ ਨਾਲ, ਅਬਰਾਹਾਮ ਨੂੰ ਇਹ ਕਹਿ ਕੇ ਬੰਨ੍ਹਿਆ ਸੀ ‘ਤੇਰੀ ਸੰਤਾਨ ਦੁਆਰਾ ਸੰਸਾਰ ਦੀਆਂ ਸਭ ਕੌਮਾਂ ਅਸੀਸ ਪਾਉਣਗੀਆਂ ।’ ਪਰਮੇਸ਼ਰ ਨੇ ਆਪਣੇ ਦਾਸ ਨੂੰ ਚੁਣਿਆ ਅਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬੁਰੇ ਰਾਹਾਂ ਤੋਂ ਮੋੜਨ ।” ਪਤਰਸ ਅਤੇ ਯੂਹੰਨਾ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਹੇ ਸਨ ਕਿ ਪੁਰੋਹਿਤ, ਹੈਕਲ ਦੀ ਪੁਲਿਸ ਦਾ ਕਪਤਾਨ ਅਤੇ ਸਦੂਕੀ ਉਹਨਾਂ ਕੋਲ ਆਏ । ਉਹ ਬਹੁਤ ਗੁੱਸੇ ਹੋਣ ਲੱਗੇ ਕਿਉਂਕਿ ਦੋਵੇਂ ਚੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਅਤੇ ਯਿਸੂ ਦੀ ਉਦਾਹਰਨ ਦੇ ਕੇ ਮੁਰਦਿਆਂ ਦੇ ਫਿਰ ਜੀਅ ਉੱਠਣ ਦੇ ਬਾਰੇ ਪ੍ਰਚਾਰ ਕਰ ਰਹੇ ਸਨ । ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਗਰਿਫ਼ਤਾਰ ਕਰ ਕੇ ਹਵਾਲਾਤ ਵਿੱਚ ਅਗਲੇ ਦਿਨ ਤੱਕ ਬੰਦ ਕਰ ਦਿੱਤਾ ਕਿਉਂਕਿ ਸ਼ਾਮ ਹੋ ਗਈ ਸੀ । ਪਰ ਬਹੁਤ ਸਾਰੇ ਵਚਨ ਸੁਣਨ ਵਾਲਿਆਂ ਨੇ ਵਿਸ਼ਵਾਸ ਕੀਤਾ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ ਕੋਈ ਪੰਜ ਹਜ਼ਾਰ ਤੱਕ ਹੋ ਗਈ । ਅਗਲੇ ਦਿਨ ਉਹਨਾਂ ਦੇ ਅਧਿਕਾਰੀ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਯਰੂਸ਼ਲਮ ਵਿੱਚ ਇਕੱਠੇ ਹੋਏ । ਉੱਥੇ ਮਹਾਂ-ਪੁਰੋਹਿਤ ਹੱਨਾ, ਕਾਇਫ਼ਾ, ਯੂਹੰਨਾ, ਸਿਕੰਦਰ ਅਤੇ ਪੁਰੋਹਿਤ ਘਰਾਣੇ ਦੇ ਸਾਰੇ ਲੋਕ ਹਾਜ਼ਰ ਸਨ । ਫਿਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਵਿਚਕਾਰ ਖੜ੍ਹਾ ਕਰ ਕੇ ਪੁੱਛਿਆ, “ਇਹ ਕੰਮ ਤੁਸੀਂ ਕਿਸ ਦੀ ਸਮਰੱਥਾ ਜਾਂ ਕਿਸ ਦੇ ਨਾਮ ਨਾਲ ਕੀਤਾ ਹੈ?” ਤਦ ਪਤਰਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਹਨਾਂ ਨੂੰ ਉੱਤਰ ਦਿੱਤਾ, “ਲੋਕਾਂ ਦੇ ਅਧਿਕਾਰੀਓ ਅਤੇ ਬਜ਼ੁਰਗ ਆਗੂਓ, ਜੇਕਰ ਅੱਜ ਸਾਡੇ ਕੋਲੋਂ ਇੱਕ ਲੰਗੜੇ ਆਦਮੀ ਦੇ ਨਾਲ ਕੀਤੀ ਭਲਾਈ ਦੇ ਕੰਮ ਬਾਰੇ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ, ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਾਰੇ ਲੋਕ ਵੀ ਜਾਣੋ ਕਿ ਜਿਹਨਾਂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾਇਆ, ਉਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ, ਉਸੇ ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਦਮੀ ਤੁਹਾਡੇ ਸਾਹਮਣੇ ਚੰਗਾ ਭਲਾ ਖੜ੍ਹਾ ਹੈ । ‘ਯਿਸੂ ਹੀ ਉਹ ਪੱਥਰ ਹੈ ਜਿਸ ਨੂੰ ਤੁਸੀਂ ਰਾਜਾਂ ਨੇ ਨਿਕੰਮਾ ਸਮਝਿਆ ਪਰ ਉਹ ਹੀ ਕੋਣੇ ਦਾ ਪੱਥਰ ਬਣ ਗਿਆ ਹੈ’ । ਕਿਸੇ ਹੋਰ ਦੁਆਰਾ ਮੁਕਤੀ ਨਹੀਂ ਕਿਉਂਕਿ ਸਵਰਗ ਦੇ ਹੇਠਾਂ ਮਨੁੱਖਾਂ ਨੂੰ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ । ਇਸ ਲਈ ਜ਼ਰੂਰੀ ਹੈ ਕਿ ਅਸੀਂ ਯਿਸੂ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ ।” ਉਹ ਲੋਕ ਪਤਰਸ ਅਤੇ ਯੂਹੰਨਾ ਦੀ ਦਲੇਰੀ ਨੂੰ ਦੇਖ ਕੇ ਅਤੇ ਇਹ ਜਾਣ ਕੇ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ । ਪਰ ਫਿਰ ਉਹਨਾਂ ਨੂੰ ਪਛਾਣ ਗਏ ਕਿ ਇਹ ਯਿਸੂ ਦੇ ਨਾਲ ਰਹਿ ਚੁੱਕੇ ਹਨ । ਪਰ ਉਸ ਚੰਗੇ ਹੋ ਗਏ ਆਦਮੀ ਨੂੰ ਦੋਨਾਂ ਚੇਲਿਆਂ ਦੇ ਨਾਲ ਖੜ੍ਹਾ ਦੇਖ ਕੇ, ਉਹ ਵਿਰੋਧ ਵਿੱਚ ਕੁਝ ਨਾ ਕਹਿ ਸਕੇ । ਇਸ ਲਈ ਉਹਨਾਂ ਨੂੰ ਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਆਪਸ ਵਿੱਚ ਸਲਾਹ-ਮਸ਼ਵਰਾ ਕਰਨ ਲੱਗੇ । ਉਹ ਆਪਸ ਵਿੱਚ ਕਹਿਣ ਲੱਗੇ, “ਅਸੀਂ ਇਹਨਾਂ ਆਦਮੀਆਂ ਨਾਲ ਕੀ ਕਰੀਏ? ਇਹਨਾਂ ਰਾਹੀਂ ਇੱਕ ਅਨੋਖਾ ਚਮਤਕਾਰ ਦਿਖਾਇਆ ਗਿਆ ਹੈ । ਇਹ ਯਰੂਸ਼ਲਮ ਦੇ ਸਾਰੇ ਨਿਵਾਸੀ ਜਾਣਦੇ ਹਨ ਅਤੇ ਅਸੀਂ ਵੀ ਇਸ ਦਾ ਇਨਕਾਰ ਨਹੀਂ ਕਰ ਸਕਦੇ । ਪਰ ਫਿਰ ਵੀ ਇਹ ਗੱਲ ਲੋਕਾਂ ਵਿੱਚ ਹੋਰ ਨਾ ਫੈਲੇ ਇਸ ਲਈ ਇਹਨਾਂ ਨੂੰ ਡਰਾਇਆ ਧਮਕਾਇਆ ਜਾਵੇ ਕਿ ਇਸ ਨਾਮ ਦੀ ਅੱਗੇ ਤੋਂ ਕਿਸੇ ਆਦਮੀ ਨਾਲ ਚਰਚਾ ਨਾ ਕਰਨ ।” ਇਸ ਲਈ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਸੱਦਿਆ ਅਤੇ ਉਹਨਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਯਿਸੂ ਦਾ ਨਾਮ ਲੈ ਕੇ ਨਾ ਕੋਈ ਚਰਚਾ ਕਰਨ ਅਤੇ ਨਾ ਹੀ ਸਿੱਖਿਆ ਦੇਣ । ਪਰ ਪਤਰਸ ਅਤੇ ਯੂਹੰਨਾ ਨੇ ਉੱਤਰ ਦਿੱਤਾ, “ਤੁਸੀਂ ਹੀ ਫ਼ੈਸਲਾ ਕਰੋ ਕਿ ਪਰਮੇਸ਼ਰ ਦੇ ਸਾਹਮਣੇ ਕੀ ਠੀਕ ਹੋਵੇਗਾ; ਤੁਹਾਡੀ ਇਹ ਗੱਲ ਮੰਨਣਾ ਜਾਂ ਪਰਮੇਸ਼ਰ ਦੀ? ਦੂਜਾ ਸਾਡੇ ਲਈ ਇਹ ਵੀ ਅਸੰਭਵ ਹੈ ਕਿ ਜੋ ਕੁਝ ਅਸੀਂ ਦੇਖਿਆ ਅਤੇ ਸੁਣਿਆ ਹੈ, ਉਹ ਨਾ ਕਹੀਏ ।” ਪਰ ਉਹਨਾਂ ਨੇ ਦੋਨਾਂ ਚੇਲਿਆਂ ਨੂੰ ਫਿਰ ਹੋਰ ਧਮਕੀਆਂ ਦੇ ਕੇ ਛੱਡ ਦਿੱਤਾ । ਲੋਕਾਂ ਦੇ ਕਾਰਨ ਸਭਾ ਉਹਨਾਂ ਵਿੱਚ ਸਜ਼ਾ ਦੇ ਲਾਇਕ ਕੋਈ ਦੋਸ਼ ਨਾ ਲੱਭ ਸਕੀ । ਸਾਰੇ ਲੋਕ ਇਸ ਘਟਨਾ ਦੇ ਕਾਰਨ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ । ਉਹ ਆਦਮੀ ਜੋ ਇਸ ਚਮਤਕਾਰ ਦੇ ਰਾਹੀਂ ਚੰਗਾ ਹੋਇਆ ਸੀ, ਉਸ ਦੀ ਉਮਰ ਚਾਲੀ ਸਾਲ ਤੋਂ ਵੱਧ ਸੀ । ਪਤਰਸ ਅਤੇ ਯੂਹੰਨਾ ਰਿਹਾ ਹੋ ਕੇ ਆਪਣੇ ਸਾਥੀਆਂ ਕੋਲ ਵਾਪਸ ਗਏ ਅਤੇ ਜੋ ਕੁਝ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਕਿਹਾ ਸੀ, ਉਹਨਾਂ ਨੂੰ ਦੱਸਿਆ । ਜਦੋਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਨੇ ਇੱਕ ਮਨ ਹੋ ਕੇ ਪ੍ਰਾਰਥਨਾ ਕੀਤੀ, “ਹੇ ਮਾਲਕ, ਤੁਸੀਂ ਸਵਰਗ, ਧਰਤੀ, ਸਮੁੰਦਰ ਅਤੇ ਸਭ ਜੋ ਇਸ ਵਿੱਚ ਹੈ, ਦੇ ਸਿਰਜਨਹਾਰ ਹੋ । ਤੁਸੀਂ ਪਵਿੱਤਰ ਆਤਮਾ ਦੇ ਦੁਆਰਾ ਸਾਡੇ ਪੁਰਖੇ, ਆਪਣੇ ਦਾਸ ਦਾਊਦ ਦੇ ਰਾਹੀਂ ਕਿਹਾ ਹੈ: ‘ਪਰਾਈਆਂ ਕੌਮਾਂ ਕਿਉਂ ਕ੍ਰੋਧਿਤ ਹੋਈਆਂ? ਅਤੇ ਲੋਕਾਂ ਨੇ ਕਿਉਂ ਵਿਅਰਥ ਸੋਚਾਂ ਸੋਚੀਆਂ? ਧਰਤੀ ਦੇ ਰਾਜਾ ਉੱਠ ਖੜ੍ਹੇ ਹੋਏ, ਅਤੇ ਅਧਿਕਾਰੀ ਲੋਕ, ਪ੍ਰਭੂ ਅਤੇ ਉਹਨਾਂ ਦੇ ਮਸੀਹ ਦੇ ਵਿਰੁੱਧ ਇਕੱਠੇ ਹੋਏ ।’ “ਸੱਚਮੁੱਚ ਤੁਹਾਡੇ ਪਵਿੱਤਰ ਦਾਸ ਯਿਸੂ ਦੇ ਵਿਰੁੱਧ ਜਿਹਨਾਂ ਦਾ ਮਸਹ ਤੁਸੀਂ ਕੀਤਾ ਸੀ, ਇਸ ਸ਼ਹਿਰ ਵਿੱਚ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਇਕੱਠੇ ਹੋਏ ਕਿ ਉਹ ਜੋ ਕੁਝ ਤੁਹਾਡੀ ਸਮਰੱਥਾ ਅਤੇ ਮਰਜ਼ੀ ਦੁਆਰਾ ਪਹਿਲਾਂ ਹੀ ਨਿਸ਼ਚਿਤ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ । ਹੁਣ, ਹੇ ਪ੍ਰਭੂ, ਉਹਨਾਂ ਦੀਆਂ ਧਮਕੀਆਂ ਨੂੰ ਦੇਖੋ ਅਤੇ ਆਪਣੇ ਦਾਸਾਂ ਨੂੰ ਵਰਦਾਨ ਦਿਓ ਕਿ ਉਹ ਤੁਹਾਡਾ ਵਚਨ ਪੂਰੀ ਦਲੇਰੀ ਨਾਲ ਸੁਣਾਉਣ । ਚੰਗਾ ਕਰਨ ਦੇ ਲਈ ਆਪਣਾ ਹੱਥ ਵਧਾਓ ਕਿ ਤੁਹਾਡੇ ਪਵਿੱਤਰ ਦਾਸ ਯਿਸੂ ਦੇ ਨਾਮ ਦੁਆਰਾ ਚਿੰਨ੍ਹ ਅਤੇ ਚਮਤਕਾਰ ਹੋਣ ।” ਜਦੋਂ ਉਹ ਪ੍ਰਾਰਥਨਾ ਕਰ ਚੁੱਕੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਈ । ਫਿਰ ਉਹ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਬੜੀ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਂਦੇ ਰਹੇ । ਸਾਰੇ ਵਿਸ਼ਵਾਸੀ ਇੱਕ ਦਿਲ ਅਤੇ ਇੱਕ ਜਾਨ ਸਨ । ਉਹਨਾਂ ਵਿੱਚੋਂ ਕੋਈ ਵੀ ਆਪਣੇ ਧਨ-ਮਾਲ ਨੂੰ ਆਪਣਾ ਨਹੀਂ ਸਮਝਦਾ ਸੀ । ਉਹਨਾਂ ਦੀਆਂ ਸਭ ਚੀਜ਼ਾਂ ਸਾਂਝੀਆਂ ਸਨ । ਰਸੂਲ ਬੜੀ ਸਮਰੱਥਾ ਨਾਲ ਪ੍ਰਭੂ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੀ ਗਵਾਹੀ ਦਿੰਦੇ ਸਨ ਅਤੇ ਪਰਮੇਸ਼ਰ ਦੀ ਮਹਾਨ ਕਿਰਪਾ ਉਹਨਾਂ ਸਾਰਿਆਂ ਦੇ ਉੱਤੇ ਸੀ । ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਚੀਜ਼ ਦੀ ਥੁੜ ਨਹੀਂ ਸੀ ਕਿਉਂਕਿ ਜਿਹਨਾਂ ਕੋਲ ਖੇਤ ਅਤੇ ਘਰ ਸਨ, ਉਹ ਉਹਨਾਂ ਨੂੰ ਵੇਚ ਕੇ ਵਿਕੀਆਂ ਹੋਈਆਂ ਚੀਜ਼ਾਂ ਦਾ ਧੰਨ ਲਿਆਉਂਦੇ ਅਤੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੰਦੇ ਸਨ । ਫਿਰ ਹਰ ਇੱਕ ਨੂੰ ਉਸ ਦੀ ਲੋੜ ਅਨੁਸਾਰ ਵੰਡ ਦਿੱਤਾ ਜਾਂਦਾ ਸੀ । ਇਸੇ ਤਰ੍ਹਾਂ ਯੂਸਫ਼ ਜੋ ਕੁਪਰੂਸ ਦਾ ਰਹਿਣ ਵਾਲਾ ਇੱਕ ਲੇਵੀ ਸੀ ਜਿਸ ਦਾ ਉਪਨਾਮ ਰਸੂਲਾਂ ਨੇ ਬਰਨਬਾਸ (ਭਾਵ ਉਤਸ਼ਾਹ ਦਾ ਪੁੱਤਰ) ਰੱਖਿਆ ਸੀ, ਉਸ ਕੋਲ ਜ਼ਮੀਨ ਸੀ । ਉਸ ਨੇ ਉਹ ਵੇਚੀ ਅਤੇ ਧੰਨ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ । ਹਨਾਨਿਯਾ ਨਾਂ ਦੇ ਇੱਕ ਆਦਮੀ ਨੇ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਕੁਝ ਜਾਇਦਾਦ ਵੇਚੀ । ਉਸ ਨੇ ਆਪਣੀ ਪਤਨੀ ਦੀ ਸਲਾਹ ਨਾਲ ਧੰਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਿਆ ਅਤੇ ਕੁਝ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ ਵਿੱਚ ਰੱਖ ਦਿੱਤਾ । ਤਦ ਪਤਰਸ ਨੇ ਕਿਹਾ, “ਹਨਾਨਿਯਾ, ਤੇਰੇ ਦਿਲ ਵਿੱਚ ਸ਼ੈਤਾਨ ਕਿਉਂ ਆਇਆ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਜਾਇਦਾਦ ਦੇ ਧੰਨ ਵਿੱਚੋਂ ਕੁਝ ਹਿੱਸਾ ਆਪਣੇ ਲਈ ਰੱਖ ਲਵੇਂ? ਕੀ ਵੇਚੇ ਜਾਣ ਤੋਂ ਪਹਿਲਾਂ ਜਾਇਦਾਦ ਤੇਰੀ ਨਹੀਂ ਸੀ? ਅਤੇ ਵਿਕਣ ਤੋਂ ਬਾਅਦ ਇਸ ਦਾ ਧੰਨ ਤੇਰੇ ਅਧਿਕਾਰ ਵਿੱਚ ਨਹੀਂ ਸੀ? ਫਿਰ ਤੂੰ ਇਹ ਕੰਮ ਕਰਨ ਦਾ ਵਿਚਾਰ ਆਪਣੇ ਦਿਲ ਵਿੱਚ ਕਿਉਂ ਕੀਤਾ? ਤੂੰ ਮਨੁੱਖਾਂ ਦੇ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਨਾਲ ਝੂਠ ਬੋਲਿਆ ਹੈ!” ਇਹ ਸੁਣਦੇ ਸਾਰ ਹੀ ਹਨਾਨਿਯਾ ਡਿੱਗ ਪਿਆ ਅਤੇ ਉਹ ਮਰ ਗਿਆ । ਸਾਰੇ ਸੁਣਨ ਵਾਲੇ ਬਹੁਤ ਡਰ ਗਏ । ਕੁਝ ਨੌਜਵਾਨਾਂ ਨੇ ਉੱਠ ਕੇ ਉਸ ਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਬਾਹਰ ਲੈ ਜਾ ਕੇ ਉਸ ਨੂੰ ਦਫ਼ਨਾ ਦਿੱਤਾ । ਲਗਭਗ ਤਿੰਨ ਘੰਟੇ ਦੇ ਬਾਅਦ ਉਸ ਦੀ ਪਤਨੀ ਜਿਹੜੀ ਇਸ ਘਟਨਾ ਨੂੰ ਨਹੀਂ ਜਾਣਦੀ ਸੀ, ਅੰਦਰ ਆਈ । ਪਤਰਸ ਨੇ ਉਸ ਤੋਂ ਪੁੱਛਿਆ, “ਮੈਨੂੰ ਦੱਸ, ਕੀ ਤੁਸੀਂ ਇਹ ਜਾਇਦਾਦ ਇੰਨੇ ਨੂੰ ਹੀ ਵੇਚੀ ਸੀ?” ਉਸ ਨੇ ਉੱਤਰ ਦਿੱਤਾ, “ਜੀ ਹਾਂ, ਇੰਨੇ ਨੂੰ ਹੀ ।” ਪਤਰਸ ਨੇ ਉਸ ਨੂੰ ਕਿਹਾ, “ਤੁਸੀਂ ਦੋਨਾਂ ਨੇ ਪ੍ਰਭੂ ਦੇ ਪਵਿੱਤਰ ਆਤਮਾ ਨੂੰ ਪਰਖਣ ਦਾ ਏਕਾ ਕਿਉਂ ਕੀਤਾ? ਦੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲੇ ਬਾਹਰ ਦਰਵਾਜ਼ੇ ਤੇ ਹਨ ਅਤੇ ਉਹ ਤੈਨੂੰ ਵੀ ਲੈ ਜਾਣਗੇ ।” ਉਹ ਇਕਦਮ ਪਤਰਸ ਦੇ ਚਰਨਾਂ ਉੱਤੇ ਡਿੱਗ ਪਈ ਅਤੇ ਉਹ ਮਰ ਗਈ । ਨੌਜਵਾਨਾਂ ਨੇ ਅੰਦਰ ਆ ਕੇ ਉਸ ਨੂੰ ਮਰੀ ਹੋਈ ਦੇਖਿਆ ਅਤੇ ਬਾਹਰ ਲੈ ਜਾ ਕੇ ਉਸ ਦੇ ਪਤੀ ਦੇ ਕੋਲ ਉਸ ਨੂੰ ਵੀ ਦਫ਼ਨਾ ਦਿੱਤਾ । ਤਦ ਸਾਰੀ ਕਲੀਸਿਯਾ ਅਤੇ ਜਿੰਨਿਆਂ ਨੇ ਇਹ ਸੁਣਿਆ, ਉਹਨਾਂ ਉੱਤੇ ਬਹੁਤ ਡਰ ਛਾ ਗਿਆ । ਰਸੂਲਾਂ ਦੇ ਰਾਹੀਂ ਲੋਕਾਂ ਵਿੱਚ ਬਹੁਤ ਸਾਰੇ ਚਿੰਨ੍ਹ ਅਤੇ ਚਮਤਕਾਰ ਹੋ ਰਹੇ ਸਨ । ਉਹ ਸਾਰੇ ਮਿਲ ਕੇ ਸੁਲੇਮਾਨ ਦੇ ਵਰਾਂਡੇ ਵਿੱਚ ਇਕੱਠੇ ਹੁੰਦੇ ਸਨ । ਹੋਰ ਕੋਈ ਉਹਨਾਂ ਵਿੱਚ ਜਾਣ ਦਾ ਹੌਸਲਾ ਨਹੀਂ ਕਰਦਾ ਸੀ ਭਾਵੇਂ ਲੋਕ ਉਹਨਾਂ ਦੀ ਵਡਿਆਈ ਕਰਦੇ ਸਨ । ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਆਦਮੀ ਜਿਹੜੇ ਪ੍ਰਭੂ ਵਿੱਚ ਵਿਸ਼ਵਾਸ ਕਰਦੇ ਸਨ, ਉਹਨਾਂ ਵਿੱਚ ਲਗਾਤਾਰ ਸ਼ਾਮਲ ਕੀਤੇ ਜਾਂਦੇ ਸਨ । ਇੱਥੋਂ ਤੱਕ ਕਿ ਲੋਕ ਰੋਗੀਆਂ ਨੂੰ ਮੰਜੀਆਂ ਅਤੇ ਚਟਾਈਆਂ ਉੱਤੇ ਬਾਹਰ ਗਲੀਆਂ ਵਿੱਚ ਲੰਮੇ ਪਾ ਦਿੰਦੇ ਸਨ ਕਿ ਜਦੋਂ ਪਤਰਸ ਲੰਘੇ ਤਾਂ ਉਸ ਦਾ ਪਰਛਾਵਾਂ ਹੀ ਉਹਨਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ । ਯਰੂਸ਼ਲਮ ਦੇ ਨੇੜੇ ਦੇ ਸ਼ਹਿਰਾਂ ਦੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਰੋਗੀਆਂ ਅਤੇ ਅਸ਼ੁੱਧ ਆਤਮਾਵਾਂ ਨਾਲ ਪੀੜਤਾਂ ਨੂੰ ਲਿਆਉਂਦੇ ਅਤੇ ਸਾਰੇ ਚੰਗੇ ਕੀਤੇ ਜਾਂਦੇ ਸਨ । ਤਦ ਮਹਾਂ-ਪੁਰੋਹਿਤ, ਉਸ ਦੇ ਸਾਰੇ ਸਾਥੀ ਅਤੇ ਸਦੂਕੀ ਦਲ ਦੇ ਲੋਕ ਈਰਖਾ ਨਾਲ ਭਰ ਗਏ । ਉਹਨਾਂ ਨੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਬੰਦ ਕਰ ਦਿੱਤਾ । ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹਵਾਲਾਤ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਹਨਾਂ ਨੂੰ ਬਾਹਰ ਲਿਆ ਕੇ ਕਿਹਾ, “ਜਾਓ, ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਨਵੇਂ ਜੀਵਨ ਬਾਰੇ ਸਭ ਕੁਝ ਦੱਸੋ ।” ਉਹਨਾਂ ਨੇ ਇਹ ਸੁਣਿਆ ਅਤੇ ਸਵੇਰ ਹੁੰਦੇ ਹੀ ਉਹ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ । ਜਦੋਂ ਮਹਾਂ-ਪੁਰੋਹਿਤ ਅਤੇ ਉਸ ਦੇ ਸਾਥੀ ਆਏ ਤਾਂ ਉਹਨਾਂ ਨੇ ਸਭਾ ਭਾਵ ਇਸਰਾਏਲ ਦੇ ਸਾਰੇ ਬਜ਼ੁਰਗ ਆਗੂਆਂ ਨੂੰ ਸੱਦਿਆ ਅਤੇ ਹਵਾਲਾਤ ਵਿੱਚ ਹੁਕਮ ਭੇਜਿਆ ਕਿ ਰਸੂਲਾਂ ਨੂੰ ਲਿਆਇਆ ਜਾਵੇ । ਪਰ ਜਦੋਂ ਸੇਵਕ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਰਸੂਲ ਉੱਥੇ ਨਾ ਮਿਲੇ । ਇਸ ਲਈ ਉਹਨਾਂ ਨੇ ਵਾਪਸ ਆ ਕੇ ਸਮਾਚਾਰ ਦਿੱਤਾ, “ਅਸੀਂ ਹਵਾਲਾਤ ਨੂੰ ਬੜੀ ਚੰਗੀ ਤਰ੍ਹਾਂ ਬੰਦ ਦੇਖਿਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ੇ ਉੱਤੇ ਖੜ੍ਹੇ ਦੇਖਿਆ ਪਰ ਜਦੋਂ ਅਸੀਂ ਦਰਵਾਜ਼ਾ ਖੋਲ੍ਹਿਆ ਤਾਂ ਕਿਸੇ ਨੂੰ ਅੰਦਰ ਨਾ ਦੇਖਿਆ ।” ਜਦੋਂ ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਮਹਾਂ-ਪੁਰੋਹਿਤਾਂ ਨੇ ਇਹ ਸੁਣਿਆ ਤਾਂ ਉਹ ਹੈਰਾਨੀ ਵਿੱਚ ਪੈ ਗਏ ਕਿ ਉਹਨਾਂ ਨਾਲ ਕੀ ਹੋਇਆ ਹੈ । ਤਦ ਕਿਸੇ ਨੇ ਆ ਕੇ ਉਹਨਾਂ ਨੂੰ ਸਮਾਚਾਰ ਦਿੱਤਾ, “ਜਿਹਨਾਂ ਆਦਮੀਆਂ ਨੂੰ ਤੁਸੀਂ ਹਵਾਲਾਤ ਵਿੱਚ ਬੰਦ ਕੀਤਾ ਸੀ, ਉਹ ਹੈਕਲ ਵਿੱਚ ਖੜ੍ਹੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ ।” ਇਸ ਲਈ ਕਪਤਾਨ ਕੁਝ ਸੇਵਕਾਂ ਦੇ ਨਾਲ ਜਾ ਕੇ ਉਹਨਾਂ ਨੂੰ ਲੈ ਕੇ ਆਇਆ ਪਰ ਜ਼ਬਰਦਸਤੀ ਨਹੀਂ ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਉਹਨਾਂ ਨੂੰ ਪਥਰਾਓ ਨਾ ਕਰਨ । ਉਹਨਾਂ ਨੇ ਰਸੂਲਾਂ ਨੂੰ ਲਿਆ ਕੇ ਸਭਾ ਦੇ ਸਾਹਮਣੇ ਪੇਸ਼ ਕਰ ਦਿੱਤਾ । ਮਹਾਂ-ਪੁਰੋਹਿਤ ਨੇ ਉਹਨਾਂ ਤੋਂ ਪੁੱਛਿਆ, “ਕੀ ਅਸੀਂ ਤੁਹਾਨੂੰ ਸਖ਼ਤ ਮਨਾਹੀ ਨਹੀਂ ਕੀਤੀ ਸੀ ਕਿ ਇਸ ਨਾਮ ਦੀ ਸਿੱਖਿਆ ਨਾ ਦੇਣਾ? ਪਰ ਤੁਸੀਂ ਸਾਰਾ ਯਰੂਸ਼ਲਮ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਆਦਮੀ ਦਾ ਖ਼ੂਨ ਸਾਡੇ ਸਿਰ ਉੱਤੇ ਮੜ੍ਹਨਾ ਚਾਹੁੰਦੇ ਹੋ ।” ਪਤਰਸ ਅਤੇ ਦੂਜੇ ਰਸੂਲਾਂ ਨੇ ਉੱਤਰ ਦਿੱਤਾ, “ਸਾਡੇ ਲਈ ਮਨੁੱਖਾਂ ਨਾਲੋਂ ਪਰਮੇਸ਼ਰ ਦਾ ਹੁਕਮ ਮੰਨਣਾ ਜ਼ਰੂਰੀ ਹੈ । ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਦਿੱਤਾ ਜਿਹਨਾਂ ਨੂੰ ਤੁਸੀਂ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ ਸੀ । ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸੱਜੇ ਹੱਥ ਨਾਲ ਹਾਕਮ ਅਤੇ ਮੁਕਤੀਦਾਤਾ ਦਾ ਉੱਚਾ ਅਹੁਦਾ ਦਿੱਤਾ ਕਿ ਉਹ ਇਸਰਾਏਲ ਕੌਮ ਨੂੰ ਤੋਬਾ ਕਰਨ ਦਾ ਮੌਕਾ ਅਤੇ ਪਾਪਾਂ ਤੋਂ ਮਾਫ਼ੀ ਦੇਣ । ਅਸੀਂ ਇਹਨਾਂ ਗੱਲਾਂ ਦੇ ਗਵਾਹ ਹਾਂ ਅਤੇ ਪਵਿੱਤਰ ਆਤਮਾ ਵੀ ਜਿਸ ਨੂੰ ਪਰਮੇਸ਼ਰ ਨੇ ਆਪਣਾ ਹੁਕਮ ਮੰਨਣ ਵਾਲਿਆਂ ਨੂੰ ਦਿੱਤਾ ਹੈ ।” ਪਰ ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹ ਗੁੱਸੇ ਨਾਲ ਭਰ ਗਏ ਅਤੇ ਰਸੂਲਾਂ ਨੂੰ ਜਾਨੋਂ ਮਾਰਨ ਦਾ ਇਰਾਦਾ ਕੀਤਾ । ਪਰ ਗਮਲੀਏਲ ਨਾਂ ਦਾ ਇੱਕ ਫ਼ਰੀਸੀ, ਜੋ ਵਿਵਸਥਾ ਦਾ ਸਿੱਖਿਅਕ ਸੀ ਅਤੇ ਸਾਰੇ ਲੋਕਾਂ ਵਿੱਚ ਉਸ ਦਾ ਆਦਰ ਸੀ, ਸਭਾ ਵਿੱਚ ਖੜ੍ਹਾ ਹੋਇਆ ਅਤੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਭੇਜਣ ਲਈ ਕਿਹਾ । ਉਸ ਨੇ ਸਭਾ ਦੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਸਾਵਧਾਨ ਰਹੋ ਕਿ ਤੁਸੀਂ ਇਹਨਾਂ ਆਦਮੀਆਂ ਨਾਲ ਕੀ ਕਰਨਾ ਚਾਹੁੰਦੇ ਹੋ । ਕੁਝ ਸਮਾਂ ਪਹਿਲੇ ਥਿਊਦਾਸ ਉੱਠਿਆ ਸੀ ਜਿਹੜਾ ਕਹਿੰਦਾ ਸੀ ਕਿ ਉਹ ਵੀ ਕੁਝ ਹੈ ਅਤੇ ਕੋਈ ਚਾਰ ਸੌ ਆਦਮੀ ਉਸ ਦੇ ਪਿੱਛੇ ਲੱਗ ਗਏ । ਪਰ ਉਹ ਮਾਰਿਆ ਗਿਆ, ਬਾਅਦ ਵਿੱਚ ਉਸ ਦੇ ਸਾਥੀ ਵੀ ਤਿੱਤਰ-ਬਿੱਤਰ ਹੋ ਗਏ ਅਤੇ ਕੁਝ ਵੀ ਨਾ ਬਣਿਆ । ਇਸ ਦੇ ਬਾਅਦ ਜਨਗਣਨਾ ਦੇ ਦਿਨਾਂ ਵਿੱਚ ਗਲੀਲ ਨਿਵਾਸੀ ਯਹੂਦਾ ਉੱਠਿਆ ਅਤੇ ਆਪਣੇ ਅੰਦੋਲਨ ਰਾਹੀਂ ਲੋਕਾਂ ਨੂੰ ਆਪਣੇ ਪਿੱਛੇ ਲਾ ਲਿਆ । ਪਰ ਉਹ ਵੀ ਮਾਰਿਆ ਗਿਆ ਅਤੇ ਉਸ ਦੇ ਪਿੱਛੇ ਚੱਲਣ ਵਾਲੇ ਵੀ ਤਿੱਤਰ-ਬਿੱਤਰ ਹੋ ਗਏ । ਇਸ ਲਈ ਇਸ ਮਾਮਲੇ ਵਿੱਚ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹਨਾਂ ਆਦਮੀਆਂ ਤੋਂ ਦੂਰ ਹੀ ਰਹੋ ਅਤੇ ਇਹਨਾਂ ਨੂੰ ਛੱਡ ਦਿਓ । ਕਿਉਂਕਿ ਜੇਕਰ ਇਹ ਯੋਜਨਾ ਜਾਂ ਕੰਮ ਆਦਮੀਆਂ ਵੱਲੋਂ ਹੈ ਤਾਂ ਇਹ ਆਪ ਹੀ ਖ਼ਤਮ ਹੋ ਜਾਵੇਗਾ । ਪਰ ਜੇਕਰ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਸ ਨੂੰ ਖ਼ਤਮ ਨਹੀਂ ਕਰ ਸਕੋਗੇ । ਸਗੋਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਵਿਰੁੱਧ ਲੜਦੇ ਦੇਖੋ ।” ਉਹਨਾਂ ਨੇ ਇਹ ਗੱਲ ਮੰਨ ਲਈ । ਉਹਨਾਂ ਨੇ ਰਸੂਲਾਂ ਨੂੰ ਸੱਦਿਆ, ਉਹਨਾਂ ਨੂੰ ਕੁਟਵਾਇਆ ਅਤੇ ਇਹ ਹੁਕਮ ਦੇ ਕੇ ਕਿ ਯਿਸੂ ਦਾ ਨਾਮ ਲੈ ਕੇ ਫਿਰ ਚਰਚਾ ਨਾ ਕਰਨਾ, ਉਹਨਾਂ ਨੂੰ ਛੱਡ ਦਿੱਤਾ । ਪਰ ਰਸੂਲ ਸਭਾ ਦੇ ਸਾਹਮਣਿਓ ਖ਼ੁਸ਼ ਹੋ ਕੇ ਚਲੇ ਗਏ ਕਿ ਉਹਨਾਂ ਨੂੰ ਇਸ ‘ ਨਾਮ ’ ਦੇ ਲਈ ਅਪਮਾਨਿਤ ਹੋਣ ਦਾ ਮਾਣ ਮਿਲਿਆ ਹੈ । ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਜਾ ਕੇ ਲਗਾਤਾਰ ਸਿੱਖਿਆ ਦਿੰਦੇ ਅਤੇ ਪ੍ਰਚਾਰ ਕਰਦੇ ਰਹੇ ਕਿ ਯਿਸੂ ਹੀ ‘ ਮਸੀਹ ’ ਹਨ । ਉਹਨਾਂ ਦਿਨਾਂ ਵਿੱਚ ਜਦੋਂ ਚੇਲਿਆਂ ਦੀ ਗਿਣਤੀ ਵੱਧ ਰਹੀ ਸੀ ਤਾਂ ਯੂਨਾਨੀ ਭਾਸ਼ਾ ਬੋਲਣ ਵਾਲਿਆਂ ਨੇ ਇਬਰਾਨੀ ਭਾਸ਼ਾ ਬੋਲਣ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਉਹਨਾਂ ਦੀਆਂ ਵਿਧਵਾਵਾਂ ਨਾਲ ਰੋਜ਼ਾਨਾ ਭੋਜਨ ਵੰਡਣ ਸਮੇਂ ਅਣਗਹਿਲੀ ਕੀਤੀ ਜਾਂਦੀ ਸੀ । ਇਸ ਲਈ ਬਾਰ੍ਹਾਂ ਰਸੂਲਾਂ ਨੇ ਵਿਸ਼ਵਾਸੀਆਂ ਦੀ ਸਾਰੀ ਸੰਗਤ ਨੂੰ ਸੱਦਿਆ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਚਾਰ ਦੀ ਅਣਗਹਿਲੀ ਕਰ ਕੇ ਭੋਜਨ ਵਰਤਾਈਏ । ਇਸ ਲਈ ਭਰਾਵੋ ਅਤੇ ਭੈਣੋ, ਆਪਣੇ ਵਿੱਚੋਂ ਸੱਤ ਨੇਕ ਆਦਮੀਆਂ ਨੂੰ ਚੁਣ ਲਵੋ ਜਿਹੜੇ ਬੁੱਧੀ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਣ । ਅਸੀਂ ਉਹਨਾਂ ਨੂੰ ਇਸ ਕੰਮ ਲਈ ਨਿਯੁਕਤ ਕਰ ਦੇਵਾਂਗੇ । ਫਿਰ ਅਸੀਂ ਆਪ ਪ੍ਰਾਰਥਨਾ ਅਤੇ ਪਰਮੇਸ਼ਰ ਦੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ ।” ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਹਨਾਂ ਨੇ ਸਤੀਫ਼ਨੁਸ ਨਾਂ ਦੇ ਇੱਕ ਆਦਮੀ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਾਨਾਸ ਅਤੇ ਅੰਤਾਕਿਯਾ ਦੇ ਰਹਿਣ ਵਾਲੇ ਨਿਕਲਾਉਸ ਜੋ ਪਰਾਈ ਕੌਮ ਵਿੱਚੋਂ ਯਹੂਦੀ ਵਿਸ਼ਵਾਸ ਵਿੱਚ ਆਇਆ ਸੀ, ਨੂੰ ਚੁਣਿਆ ਅਤੇ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ । ਰਸੂਲਾਂ ਨੇ ਉਹਨਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਨਿਯੁਕਤ ਕੀਤਾ । ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਫੈਲਦਾ ਗਿਆ । ਚੇਲਿਆਂ ਦੀ ਗਿਣਤੀ ਯਰੂਸ਼ਲਮ ਵਿੱਚ ਤੇਜ਼ੀ ਨਾਲ ਵੱਧਦੀ ਗਈ ਅਤੇ ਬਹੁਤ ਸਾਰੇ ਪੁਰੋਹਿਤਾਂ ਨੇ ਇਸ ਵਿਸ਼ਵਾਸ ਨੂੰ ਸਵੀਕਾਰ ਕੀਤਾ । ਸਤੀਫ਼ਨੁਸ ਪਰਮੇਸ਼ਰ ਦੀ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਵੱਡੇ ਚਮਤਕਾਰ ਅਤੇ ਚਿੰਨ੍ਹ ਪ੍ਰਗਟ ਕਰਦਾ ਸੀ । ਤਦ ਕੁਝ ਲੋਕ ਜੋ ‘ਸੁਤੰਤਰ ਮਨੁੱਖਾਂ’ ਨਾਂ ਦੀ ਪ੍ਰਾਰਥਨਾ ਸਭਾ ਦੇ ਮੈਂਬਰ ਸਨ ਅਤੇ ਕੁਝ ਯਹੂਦੀ ਕੁਰੇਨਿਆ ਅਤੇ ਸਿੰਕਦਰੀਆ ਦੇ ਰਹਿਣ ਵਾਲੇ ਸਨ ਅਤੇ ਕੁਝ ਦੂਜੇ ਯਹੂਦੀ ਕਿਲਿਕਿਆ ਅਤੇ ਏਸ਼ੀਆ ਦੇ ਲੋਕ, ਉੱਠ ਕੇ ਸਤੀਫ਼ਨੁਸ ਨਾਲ ਬਹਿਸ ਕਰਨ ਲੱਗੇ । ਪਰ ਉਹ ਉਸ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੁਆਰਾ ਸਤੀਫ਼ਨੁਸ ਬੋਲ ਰਿਹਾ ਸੀ, ਮੁਕਾਬਲਾ ਨਾ ਕਰ ਸਕੇ । ਫਿਰ ਉਹਨਾਂ ਨੇ ਕੁਝ ਆਦਮੀਆਂ ਨੂੰ ਰਿਸ਼ਵਤ ਦਿੱਤੀ ਕਿ ਉਹ ਕਹਿਣ, “ਅਸੀਂ ਇਸ ਨੂੰ ਪਰਮੇਸ਼ਰ ਅਤੇ ਮੂਸਾ ਦੀ ਨਿੰਦਾ ਕਰਦੇ ਸੁਣਿਆ ਹੈ ।” ਇਸ ਤਰ੍ਹਾਂ ਉਹਨਾਂ ਨੇ ਲੋਕਾਂ, ਬਜ਼ੁਰਗ ਆਗੂਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੂੰ ਭੜਕਾਇਆ । ਉਹ ਸਤੀਫ਼ਨੁਸ ਕੋਲ ਆਏ ਅਤੇ ਉਸ ਨੂੰ ਫੜ ਕੇ ਸਭਾ ਵਿੱਚ ਲੈ ਗਏ । ਉੱਥੇ ਉਹਨਾਂ ਨੇ ਕੁਝ ਝੂਠੇ ਗਵਾਹ ਖੜ੍ਹੇ ਕੀਤੇ, ਜਿਹਨਾਂ ਨੇ ਕਿਹਾ, “ਇਹ ਆਦਮੀ ਲਗਾਤਾਰ ਇਸ ਪਵਿੱਤਰ ਸਥਾਨ ਅਤੇ ਵਿਵਸਥਾ ਦੇ ਵਿਰੁੱਧ ਬੋਲਦਾ ਹੈ । ਅਸੀਂ ਇਸ ਨੂੰ ਕਹਿੰਦੇ ਸੁਣਿਆ ਹੈ ਕਿ ਨਾਸਰਤ ਨਿਵਾਸੀ ਯਿਸੂ ਇਸ ਥਾਂ ਨੂੰ ਨਾਸ਼ ਕਰ ਦੇਵੇਗਾ ਅਤੇ ਮੂਸਾ ਦੁਆਰਾ ਦਿੱਤੀਆਂ ਰਵਾਇਤਾਂ ਨੂੰ ਬਦਲ ਦੇਵੇਗਾ ।” ਸਭਾ ਵਿੱਚ ਬੈਠੇ ਹੋਏ ਸਾਰੇ ਲੋਕ ਸਤੀਫ਼ਨੁਸ ਵੱਲ ਬੜੀ ਨੀਝ ਲਾ ਕੇ ਦੇਖ ਰਹੇ ਸਨ । ਉਹਨਾਂ ਨੂੰ ਉਸ ਵੇਲੇ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ । ਮਹਾਂ-ਪੁਰੋਹਿਤ ਨੇ ਪੁੱਛਿਆ, “ਕੀ ਇਹ ਸਭ ਸੱਚ ਹੈ?” ਸਤੀਫ਼ਨੁਸ ਨੇ ਉੱਤਰ ਦਿੱਤਾ, “ਭਰਾਵੋ ਅਤੇ ਬਜ਼ੁਰਗੋ, ਸੁਣੋ, ਤੇਜਵਾਨ ਪਰਮੇਸ਼ਰ ਨੇ ਸਾਡੇ ਪੁਰਖੇ ਅਬਰਾਹਾਮ ਨੂੰ ਦਰਸ਼ਨ ਦਿੱਤਾ । ਉਹ ਉਸ ਸਮੇਂ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮੈਸੋਪੋਤਾਮੀਆ ਵਿੱਚ ਰਹਿੰਦਾ ਸੀ । ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੂੰ ਆਪਣੇ ਦੇਸ਼ ਅਤੇ ਸੰਬੰਧੀਆਂ ਵਿੱਚੋਂ ਨਿਕਲ ਕੇ ਉਸ ਦੇਸ਼ ਵਿੱਚ ਜਾ ਜਿਹੜਾ ਮੈਂ ਤੈਨੂੰ ਦਿਖਾਵਾਂਗਾ ।’ ਫਿਰ ਉਹ ਕਸਦੀਆ ਦੇ ਦੇਸ਼ ਵਿੱਚੋਂ ਨਿਕਲ ਕੇ ਹਾਰਾਨ ਵਿੱਚ ਜਾ ਵਸਿਆ । ਅਬਰਾਹਾਮ ਦੇ ਪਿਤਾ ਦੀ ਮੌਤ ਦੇ ਬਾਅਦ ਪਰਮੇਸ਼ਰ ਉਸ ਨੂੰ ਇੱਥੇ ਲੈ ਆਏ, ਜਿੱਥੇ ਹੁਣ ਤੁਸੀਂ ਰਹਿ ਰਹੇ ਹੋ । ਇੱਥੇ ਪਰਮੇਸ਼ਰ ਨੇ ਉਸ ਨੂੰ ਕੋਈ ਵਿਰਾਸਤ ਨਾ ਦਿੱਤੀ ਇੱਥੋਂ ਤੱਕ ਕਿ ਪੈਰ ਰੱਖਣ ਦੀ ਥਾਂ ਵੀ ਨਾ ਦਿੱਤੀ । ਪਰ ਪਰਮੇਸ਼ਰ ਨੇ ਉਸ ਨਾਲ ਵਾਅਦਾ ਕੀਤਾ, ‘ਮੈਂ ਇਹ ਦੇਸ਼ ਤੈਨੂੰ ਦੇਵਾਂਗਾ ਅਤੇ ਤੇਰੇ ਬਾਅਦ ਤੇਰੇ ਵੰਸ ਦੇ ਅਧਿਕਾਰ ਵਿੱਚ ਕਰ ਦੇਵਾਂਗਾ ।’ ਭਾਵੇਂ ਉਸ ਸਮੇਂ ਅਬਰਾਹਾਮ ਦੀ ਕੋਈ ਸੰਤਾਨ ਨਹੀਂ ਸੀ । ਪਰਮੇਸ਼ਰ ਨੇ ਉਸ ਨੂੰ ਕਿਹਾ, ‘ਤੇਰੀ ਸੰਤਾਨ ਪਰਾਏ ਦੇਸ਼ ਵਿੱਚ ਪਰਵਾਸ ਕਰੇਗੀ । ਉਹ ਲੋਕ ਉਹਨਾਂ ਨੂੰ ਗ਼ੁਲਾਮੀ ਵਿੱਚ ਰੱਖਣਗੇ ਅਤੇ ਚਾਰ ਸੌ ਸਾਲ ਤੱਕ ਉਹਨਾਂ ਉੱਤੇ ਅੱਤਿਆਚਾਰ ਕਰਨਗੇ ।’ ਫਿਰ ਪਰਮੇਸ਼ਰ ਨੇ ਕਿਹਾ, ‘ਜਿਸ ਕੌਮ ਦੇ ਉਹ ਦਾਸ ਹੋਣਗੇ, ਉਸ ਨੂੰ ਮੈਂ ਸਜ਼ਾ ਦੇਵਾਂਗਾ । ਇਸ ਦੇ ਬਾਅਦ ਉਹ ਬਾਹਰ ਨਿਕਲ ਆਉਣਗੇ ਅਤੇ ਇਸ ਥਾਂ ਤੇ ਮੇਰੀ ਅਰਾਧਨਾ ਕਰਨਗੇ ।’ ਪਰਮੇਸ਼ਰ ਨੇ ਉਸ ਨਾਲ ਨੇਮ ਬੰਨ੍ਹਿਆ ਜੋ ਸੁੰਨਤ ਦੀ ਰੀਤ ਦੁਆਰਾ ਮੋਹਰ ਕੀਤਾ ਗਿਆ । ਇਸੇ ਹਾਲਤ ਵਿੱਚ ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ ਅਤੇ ਉਸ ਦੀ ਸੁੰਨਤ ਅਠਵੇਂ ਦਿਨ ਕੀਤੀ ਗਈ । ਇਸ ਤਰ੍ਹਾਂ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰ੍ਹਾਂ ਪੁਰਖੇ ਪੈਦਾ ਹੋਏ । “ਸਾਡੇ ਪੁਰਖਿਆਂ ਨੇ ਈਰਖਾ ਕਰ ਕੇ ਯੂਸਫ਼ ਨੂੰ ਮਿਸਰ ਵਿੱਚ ਗ਼ੁਲਾਮ ਬਣਨ ਲਈ ਵੇਚ ਦਿੱਤਾ ਸੀ । ਪਰ ਪਰਮੇਸ਼ਰ ਉਸ ਦੇ ਨਾਲ ਸਨ ਅਤੇ ਉਹਨਾਂ ਨੇ ਯੂਸਫ਼ ਨੂੰ ਸਾਰੀਆਂ ਬਿਪਤਾਵਾਂ ਤੋਂ ਬਚਾਇਆ । ਪਰਮੇਸ਼ਰ ਨੇ ਉਸ ਨੂੰ ਮਿਸਰ ਦੇ ਰਾਜਾ ਫ਼ਿਰਾਊਨ ਦੇ ਸਾਹਮਣੇ ਕਿਰਪਾ ਅਤੇ ਬੁੱਧੀ ਦਿੱਤੀ ਅਤੇ ਫ਼ਿਰਾਊਨ ਨੇ ਉਸ ਨੂੰ ਸਾਰੇ ਮਿਸਰ ਦਾ ਅਤੇ ਆਪਣੇ ਘਰ ਦਾ ਅਧਿਕਾਰੀ ਨਿਯੁਕਤ ਕੀਤਾ । ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਪੈ ਗਿਆ ਜਿਸ ਕਾਰਨ ਵੱਡੀ ਬਿਪਤਾ ਆ ਗਈ । ਸਾਡੇ ਪੁਰਖਿਆਂ ਕੋਲ ਅਨਾਜ ਨਾ ਰਿਹਾ । ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ । ਦੂਜੀ ਯਾਤਰਾ ਦੇ ਸਮੇਂ ਯੂਸਫ਼ ਆਪਣੇ ਭਰਾਵਾਂ ਤੇ ਪ੍ਰਗਟ ਹੋ ਗਿਆ ਅਤੇ ਫ਼ਿਰਾਊਨ ਨੂੰ ਵੀ ਯੂਸਫ਼ ਦੇ ਪਰਿਵਾਰ ਦਾ ਪਤਾ ਲੱਗ ਗਿਆ । ਫਿਰ ਯੂਸਫ਼ ਨੇ ਆਪਣੇ ਪਿਤਾ ਯਾਕੂਬ ਅਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜੋ ਪੰਝੱਤਰ ਲੋਕ ਸਨ, ਮਿਸਰ ਵਿੱਚ ਬੁਲਾ ਲਿਆ । ਤਦ ਯਾਕੂਬ ਮਿਸਰ ਨੂੰ ਗਿਆ । ਉੱਥੇ ਉਹ ਮਰ ਗਿਆ ਅਤੇ ਸਾਡੇ ਪੁਰਖੇ ਵੀ ਮਰ ਗਏ । ਉਹ ਸ਼ਕਮ ਵਿੱਚ ਲਿਆਂਦੇ ਗਏ ਅਤੇ ਉਸ ਕਬਰ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਪੈਸੇ ਦੇ ਕੇ ਸ਼ਕਮ ਨਿਵਾਸੀ ਹਮੋਰ ਦੀ ਸੰਤਾਨ ਤੋਂ ਮੁੱਲ ਲਿਆ ਸੀ । “ਇਸ ਦੇ ਬਾਅਦ ਜਿਵੇਂ ਪਰਮੇਸ਼ਰ ਦੇ ਅਬਰਾਹਾਮ ਨਾਲ ਕੀਤੇ ਵਾਅਦੇ ਦੇ ਪੂਰਾ ਹੋਣ ਦਾ ਸਮਾਂ ਨੇੜੇ ਆਉਂਦਾ ਗਿਆ, ਮਿਸਰ ਵਿੱਚ ਸਾਡੇ ਲੋਕਾਂ ਦੀ ਗਿਣਤੀ ਵੀ ਵੱਧਦੀ ਗਈ । ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਰਾਜ ਕਰਨ ਲੱਗਾ ਜਿਹੜਾ ਯੂਸਫ਼ ਨੂੰ ਨਹੀਂ ਜਾਣਦਾ ਸੀ । ਉਸ ਨੇ ਸਾਡੀ ਕੌਮ ਨਾਲ ਧੋਖਾ ਕੀਤਾ ਅਤੇ ਸਾਡੇ ਪੁਰਖਿਆਂ ਉੱਤੇ ਅੱਤਿਆਚਾਰ ਕੀਤਾ ਕਿ ਉਹ ਆਪਣੇ ਨਵਜੰਮੇ ਬਾਲਕ ਬਾਹਰ ਰੱਖ ਦੇਣ ਕਿ ਉਹ ਜਿਊਂਦੇ ਨਾ ਰਹਿਣ । ਇਸੇ ਸਮੇਂ ਵਿੱਚ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਇੱਕ ਸੋਹਣਾ ਬੱਚਾ ਸੀ । ਤਿੰਨ ਮਹੀਨੇ ਤੱਕ ਉਸ ਦਾ ਪਾਲਨ ਪੋਸ਼ਣ ਆਪਣੇ ਪਿਤਾ ਦੇ ਘਰ ਵਿੱਚ ਹੀ ਹੋਇਆ । ਫਿਰ ਜਦੋਂ ਉਹ ਘਰ ਤੋਂ ਬਾਹਰ ਕਰ ਦਿੱਤਾ ਗਿਆ ਤਾਂ ਫ਼ਿਰਾਊਨ ਦੀ ਪੁੱਤਰੀ ਨੇ ਉਸ ਨੂੰ ਗੋਦ ਲੈ ਲਿਆ ਅਤੇ ਆਪਣਾ ਪੁੱਤਰ ਕਰ ਕੇ ਉਸ ਦੀ ਪਾਲਣਾ ਕੀਤੀ । ਫਿਰ ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿਦਿਆ ਦਿੱਤੀ ਗਈ ਅਤੇ ਉਹ ਆਪਣੇ ਵਚਨਾਂ ਅਤੇ ਕੰਮਾਂ ਵਿੱਚ ਸ਼ਕਤੀਸ਼ਾਲੀ ਨਿਕਲਿਆ । “ਜਦੋਂ ਮੂਸਾ ਚਾਲੀ ਸਾਲ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਉਹ ਆਪਣੇ ਇਸਰਾਏਲੀ ਭਰਾਵਾਂ ਨੂੰ ਮਿਲੇ । ਉਸ ਨੇ ਉਹਨਾਂ ਵਿੱਚੋਂ ਕਿਸੇ ਇਸਰਾਏਲੀ ਉੱਤੇ ਇੱਕ ਮਿਸਰੀ ਦੇ ਰਾਹੀਂ ਅੱਤਿਆਚਾਰ ਹੁੰਦਾ ਦੇਖਿਆ । ਮੂਸਾ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਦਾ ਬਦਲਾ ਲਿਆ । ( ਉਸ ਦਾ ਵਿਚਾਰ ਸੀ ਕਿ ਉਸ ਦੇ ਇਸਰਾਏਲੀ ਲੋਕ ਸਮਝ ਜਾਣਗੇ ਕਿ ਪਰਮੇਸ਼ਰ ਉਸ ਦੇ ਦੁਆਰਾ ਉਹਨਾਂ ਨੂੰ ਮੁਕਤ ਕਰਨਗੇ ਪਰ ਉਹ ਨਾ ਸਮਝੇ ।) ਦੂਜੇ ਦਿਨ ਜਦੋਂ ਮੂਸਾ ਨੇ ਦੋ ਇਸਰਾਏਲੀਆਂ ਨੂੰ ਆਪਸ ਵਿੱਚ ਲੜਦੇ ਦੇਖਿਆ ਤਾਂ ਉਹਨਾਂ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਨੇ ਕਿਹਾ, ‘ਮਿੱਤਰੋ, ਤੁਸੀਂ ਤਾਂ ਭਰਾ-ਭਰਾ ਹੋ, ਇੱਕ ਦੂਜੇ ਨਾਲ ਬੁਰਾ ਵਰਤਾਅ ਕਿਉਂ ਕਰਦੇ ਹੋ?’ ਤਦ ਉਸ ਨੇ ਜੋ ਦੂਜੇ ਨਾਲ ਬੁਰਾ ਵਰਤਾਅ ਕਰ ਰਿਹਾ ਸੀ, ਮੂਸਾ ਨੂੰ ਇੱਕ ਪਾਸੇ ਧੱਕਾ ਦੇ ਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ? ਕੱਲ੍ਹ ਜਿਸ ਤਰ੍ਹਾਂ ਤੂੰ ਉਸ ਮਿਸਰੀ ਨੂੰ ਜਾਨੋਂ ਮਾਰਿਆ ਸੀ, ਕੀ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ?’ ਇਹ ਗੱਲ ਸੁਣ ਕੇ ਮੂਸਾ ਉੱਥੋਂ ਭੱਜ ਗਿਆ ਅਤੇ ਮਿਦਯਾਨ ਦੇਸ਼ ਵਿੱਚ ਪਰਦੇਸੀ ਬਣ ਕੇ ਰਹਿਣ ਲੱਗਾ । ਉੱਥੇ ਉਸ ਦੇ ਦੋ ਪੁੱਤਰ ਪੈਦਾ ਹੋਏ । ਜਦੋਂ ਚਾਲੀ ਸਾਲ ਹੋ ਗਏ ਤਾਂ ਸੀਨਈ ਪਹਾੜ ਦੇ ਉਜਾੜ ਵਿੱਚ ਬਲਦੀ ਝਾੜੀ ਦੀ ਅੱਗ ਵਿੱਚ ਮੂਸਾ ਨੂੰ ਇੱਕ ਸਵਰਗਦੂਤ ਨੇ ਦਰਸ਼ਨ ਦਿੱਤਾ । ਇਹ ਨਜ਼ਾਰਾ ਦੇਖ ਕੇ ਮੂਸਾ ਹੈਰਾਨ ਹੋ ਗਿਆ ਅਤੇ ਜਦੋਂ ਦੇਖਣ ਦੇ ਲਈ ਕੋਲ ਗਿਆ ਤਾਂ ਉਸ ਨੂੰ ਪ੍ਰਭੂ ਦੀ ਆਵਾਜ਼ ਸੁਣਾਈ ਦਿੱਤੀ ‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ ਭਾਵ ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ ।’ ਮੂਸਾ ਡਰ ਨਾਲ ਕੰਬਣ ਲੱਗਾ ਅਤੇ ਉਸ ਦਾ ਉਸ ਪਾਸੇ ਦੇਖਣ ਦਾ ਹੌਸਲਾ ਨਾ ਪਿਆ । ਫਿਰ ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ, ਉਹ ਪਵਿੱਤਰ ਧਰਤੀ ਹੈ । ਮੈਂ ਮਿਸਰ ਦੇਸ਼ ਵਿੱਚ ਆਪਣੇ ਲੋਕਾਂ ਦੀ ਬੁਰੀ ਹਾਲਤ ਦੇਖੀ ਹੈ । ਮੈਂ ਉਹਨਾਂ ਦਾ ਕੁਰਲਾਣਾ ਸੁਣਿਆ ਹੈ ਅਤੇ ਉਹਨਾਂ ਨੂੰ ਬਚਾਉਣ ਲਈ ਉਤਰ ਆਇਆ ਹਾਂ । ਹੁਣ ਆ, ਮੈਂ ਤੈਨੂੰ ਮਿਸਰ ਦੇਸ਼ ਵਿੱਚ ਵਾਪਸ ਭੇਜਾਂਗਾ ।’ “ਜਿਸ ਮੂਸਾ ਨੂੰ ਉਹਨਾਂ ਨੇ ਇਹ ਕਹਿ ਕੇ ਰੱਦ ਦਿੱਤਾ ਸੀ, ‘ਤੈਨੂੰ ਕਿਸ ਨੇ ਅਧਿਕਾਰੀ ਅਤੇ ਜੱਜ ਨਿਯੁਕਤ ਕੀਤਾ ਹੈ?’ ਉਸੇ ਨੂੰ ਪਰਮੇਸ਼ਰ ਨੇ ਉਸ ਸਵਰਗਦੂਤ ਦੁਆਰਾ ਜੋ ਝਾੜੀ ਵਿੱਚ ਦਿਖਾਈ ਦਿੱਤਾ ਸੀ, ਅਧਿਕਾਰੀ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਭੇਜਿਆ । ਉਹ ਮਿਸਰ ਦੇਸ਼ ਵਿੱਚੋਂ ਲਾਲ ਸਾਗਰ ਅਤੇ ਉਜਾੜ ਵਿੱਚ, ਚਾਲੀ ਸਾਲ ਤੱਕ ਚਿੰਨ੍ਹ ਅਤੇ ਚਮਤਕਾਰ ਦਿਖਾ ਕੇ ਉਹਨਾਂ ਨੂੰ ਕੱਢ ਲਿਆਇਆ । ਇਹ ਉਹ ਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ ਸੀ, ‘ਪਰਮੇਸ਼ਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਇੱਕ ਨਬੀ ਪੈਦਾ ਕਰਨਗੇ, ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਪੈਦਾ ਕੀਤਾ ਹੈ ।’ ਇਹ ਉਹ ਹੀ ਹੈ ਜੋ ਉਜਾੜ ਵਿੱਚ ਇਸਰਾਏਲੀ ਲੋਕਾਂ ਦੀ ਕਲੀਸਿਯਾ ਵਿੱਚ ਸਾਡੇ ਪੁਰਖਿਆਂ ਦੇ ਨਾਲ ਅਤੇ ਉਸ ਸਵਰਗਦੂਤ ਦੇ ਨਾਲ ਸੀ ਜਿਸ ਨੇ ਸੀਨਈ ਪਹਾੜ ਉੱਤੇ ਉਸ ਨਾਲ ਗੱਲਾਂ ਕੀਤੀਆਂ ਸਨ । ਉਸੇ ਨੂੰ ਜਿਊਂਦੇ ਵਚਨ ਮਿਲੇ ਕਿ ਤੁਹਾਨੂੰ ਦੇਵੇ । “ਪਰ ਸਾਡੇ ਪੁਰਖਿਆਂ ਨੇ ਮੂਸਾ ਨੂੰ ਮੰਨਣ ਤੋਂ ਇਨਕਾਰ ਕੀਤਾ, ਇਸ ਲਈ ਉਸ ਨੂੰ ਰੱਦ ਦਿੱਤਾ ਅਤੇ ਆਪਣਾ ਦਿਲ ਫਿਰ ਮਿਸਰ ਦੇ ਵੱਲ ਲਾਇਆ । ਉਹਨਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ ਚੱਲਣ ਕਿਉਂਕਿ ਇਸ ਮੂਸਾ ਨਾਲ ਪਤਾ ਨਹੀਂ ਕੀ ਹੋਇਆ ਹੈ ਜੋ ਸਾਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਸੀ ।’ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਇੱਕ ਵੱਛੇ ਦੀ ਮੂਰਤੀ ਬਣਾਈ ਅਤੇ ਉਸ ਦੇ ਸਾਹਮਣੇ ਬਲੀਦਾਨ ਚੜ੍ਹਾਏ ਅਤੇ ਆਪਣੇ ਹੱਥਾਂ ਦੀ ਕਿਰਤ ਦੇ ਲਈ ਖ਼ੁਸ਼ੀ ਮਨਾਉਣ ਲੱਗੇ । ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਤੋਂ ਮੂੰਹ ਮੋੜ ਲਿਆ ਅਤੇ ਉਹਨਾਂ ਨੂੰ ਅਕਾਸ਼ੀ ਤਾਰਿਆਂ ਨੂੰ ਪੂਜਣ ਲਈ ਛੱਡ ਦਿੱਤਾ, ਜਿਸ ਤਰ੍ਹਾਂ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ‘ਹੇ ਇਸਰਾਏਲੀਓ, ਕੀ ਤੁਸੀਂ ਉਜਾੜ ਵਿੱਚ ਚਾਲੀ ਸਾਲ ਤੱਕ ਮੈਨੂੰ ਬਲੀਦਾਨ ਅਤੇ ਚੜ੍ਹਾਵੇ ਚੜ੍ਹਾਏ? ਨਹੀਂ, ਤੁਸੀਂ ਤਾਂ ਮੋਲਕ ਦੇਵਤਾ ਦੇ ਤੰਬੂ ਨੂੰ, ਅਤੇ ਆਪਣੇ ਰਿਫ਼ਾਨ ਦੇਵਤਾ ਦੇ ਤਾਰੇ ਨੂੰ, ਭਾਵ ਉਹਨਾਂ ਮੂਰਤੀਆਂ ਨੂੰ, ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ ਸਨ, ਆਪਣੇ ਨਾਲ ਲਈ ਫਿਰੇ । ਤੁਹਾਨੂੰ ਮੈਂ ਬਾਬਲ ਦੇ ਦੂਜੇ ਪਾਰ ਦੇਸ਼ ਨਿਕਾਲਾ ਦੇਵਾਂਗਾ ।’ “ਸਾਖੀ ਦਾ ਤੰਬੂ ਉਜਾੜ ਵਿੱਚ ਸਾਡੇ ਪੁਰਖਿਆਂ ਦੇ ਨਾਲ ਸੀ । ਇਹ ਪਰਮੇਸ਼ਰ ਦੀ ਮੂਸਾ ਨੂੰ ਦੱਸੀ ਉਦਾਹਰਨ ਅਨੁਸਾਰ ਬਣਾਇਆ ਗਿਆ ਸੀ ਜਿਸ ਤਰ੍ਹਾਂ ਦੀ ਉਦਾਹਰਨ ਮੂਸਾ ਨੇ ਦੇਖੀ ਸੀ । ਉਸੇ ਤੰਬੂ ਨੂੰ ਸਾਡੇ ਪੁਰਖਿਆਂ ਨੇ ਆਪਣੇ ਪੁਰਖਿਆਂ ਤੋਂ ਪ੍ਰਾਪਤ ਕਰ ਕੇ, ਯਹੋਸ਼ੁਆ ਦੀ ਅਗਵਾਈ ਵਿੱਚ ਲਿਆਂਦਾ ਜਦੋਂ ਉਹਨਾਂ ਨੇ ਕੌਮਾਂ ਉੱਤੇ ਅਧਿਕਾਰ ਕੀਤਾ ਜਿਹਨਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਭਜਾ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ । ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਸੀ ਅਤੇ ਉਸ ਨੇ ਯਾਕੂਬ ਦੇ ਪਰਮੇਸ਼ਰ ਲਈ ਘਰ ਬਣਾਉਣ ਦੀ ਆਗਿਆ ਮੰਗੀ । ਪਰ ਇਹ ਸੁਲੇਮਾਨ ਸੀ ਜਿਸ ਨੇ ਇਹ ਘਰ ਬਣਾਇਆ । “ਪਰ ਪਰਮ ਪ੍ਰਧਾਨ ਪਰਮੇਸ਼ਰ ਹੱਥਾਂ ਦੇ ਬਣਾਏ ਘਰਾਂ ਵਿੱਚ ਨਹੀਂ ਰਹਿੰਦੇ; ਜਿਸ ਤਰ੍ਹਾਂ ਨਬੀ ਨੇ ਕਿਹਾ ਹੈ, ‘ਪ੍ਰਭੂ ਕਹਿੰਦੇ ਹਨ: ਸਵਰਗ ਮੇਰਾ ਸਿੰਘਾਸਣ ਹੈ, ਅਤੇ ਧਰਤੀ ਮੇਰੇ ਪੈਰਾਂ ਦੀ ਚੌਂਕੀ । ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਘਰ ਬਣਾਓਗੇ? ਜਾਂ ਮੇਰੇ ਅਰਾਮ ਕਰਨ ਲਈ ਥਾਂ ਕਿੱਥੇ ਹੋਵੇਗੀ? ਕੀ ਇਹ ਸਭ ਮੇਰੇ ਹੱਥਾਂ ਦੀਆਂ ਰਚਨਾਵਾਂ ਨਹੀਂ ਹਨ?’ “ਹੇ ਜ਼ਿੱਦੀ ਮਨਾਂ ਅਤੇ ਕੰਨਾਂ ਦੇ ਅਸੁੰਨਤ ਲੋਕੋ! ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕੀਤਾ ਹੈ! ਜਿਸ ਤਰ੍ਹਾਂ ਦੇ ਤੁਹਾਡੇ ਪੁਰਖੇ ਸਨ, ਉਸੇ ਤਰ੍ਹਾਂ ਦੇ ਤੁਸੀਂ ਵੀ ਹੋ । ਕਿਹੜਾ ਨਬੀ ਸੀ ਜਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ? ਉਹਨਾਂ ਨੇ ਇੱਕ ਨੇਕ ਪੁਰਖ ਦੇ ਆਉਣ ਬਾਰੇ ਭਵਿੱਖਬਾਣੀ ਕਰਨ ਵਾਲਿਆਂ ਦਾ ਕਤਲ ਕੀਤਾ ਸੀ ਅਤੇ ਹੁਣ ਤੁਸੀਂ ਉਸ ਦੇ ਨਾਲ ਵਿਸ਼ਵਾਸਘਾਤ ਕੀਤਾ ਅਤੇ ਉਸ ਨੂੰ ਮਾਰ ਦਿੱਤਾ । ਤੁਸੀਂ ਉਹ ਹੀ ਹੋ ਜਿਹਨਾਂ ਨੂੰ ਪਰਮੇਸ਼ਰ ਦੀ ਵਿਵਸਥਾ ਸਵਰਗਦੂਤਾਂ ਰਾਹੀਂ ਮਿਲੀ ਪਰ ਤੁਸੀਂ ਉਸ ਦੀ ਪਾਲਣਾ ਨਾ ਕੀਤੀ ।” ਜਦੋਂ ਉਹਨਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਹਨਾਂ ਦੇ ਦਿਲ ਗੁੱਸੇ ਨਾਲ ਭਰ ਗਏ ਅਤੇ ਉਹ ਸਤੀਫ਼ਨੁਸ ਉੱਤੇ ਦੰਦ ਪੀਹਣ ਲੱਗੇ । ਪਰ ਸਤੀਫ਼ਨੁਸ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉੱਪਰ ਸਵਰਗ ਵੱਲ ਦੇਖਿਆ ਅਤੇ ਪਰਮੇਸ਼ਰ ਦਾ ਪ੍ਰਤਾਪ ਦੇਖਿਆ ਅਤੇ ਪ੍ਰਭੂ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜੇ ਦੇਖਿਆ । ਉਸ ਨੇ ਕਿਹਾ, “ਦੇਖੋ, ਮੈਂ ਸਵਰਗ ਨੂੰ ਖੁੱਲ੍ਹੇ ਹੋਏ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹੇ ਦੇਖ ਰਿਹਾ ਹਾਂ ।” ਤਦ ਲੋਕਾਂ ਨੇ ਉੱਚੀ ਆਵਾਜ਼ ਨਾਲ ਚੀਕਦੇ ਹੋਏ ਆਪਣੇ ਕੰਨ ਬੰਦ ਕਰ ਲਏ ਅਤੇ ਸਾਰੇ ਇਕੱਠੇ ਹੋ ਕੇ ਸਤੀਫ਼ਨੁਸ ਉੱਤੇ ਟੁੱਟ ਪਏ । ਉਹ ਉਸ ਨੂੰ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ ਅਤੇ ਉਸ ਨੂੰ ਪਥਰਾਓ ਕਰਨ ਲੱਗੇ । ਗਵਾਹਾਂ ਨੇ ਆਪਣੇ ਕੱਪੜੇ ਸਾਊਲ ਨਾਂ ਦੇ ਇੱਕ ਜਵਾਨ ਦੇ ਪੈਰਾਂ ਦੇ ਕੋਲ ਰੱਖ ਦਿੱਤੇ ਸਨ । ਉਹ ਸਤੀਫ਼ਨੁਸ ਨੂੰ ਪਥਰਾਓ ਕਰਦੇ ਰਹੇ ਪਰ ਉਸ ਨੇ ਪ੍ਰਾਰਥਨਾ ਕੀਤੀ, “ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰੋ ।” ਫਿਰ ਅੰਤ ਵਿੱਚ ਉਸ ਨੇ ਗੋਡੇ ਟੇਕ ਕੇ ਉੱਚੀ ਆਵਾਜ਼ ਨਾਲ ਕਿਹਾ, “ਪ੍ਰਭੂ ਜੀ, ਇਹ ਪਾਪ ਇਹਨਾਂ ਉੱਤੇ ਨਾ ਲਾਉਣਾ!” ਇਹ ਕਹਿ ਕੇ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ । ਸਾਊਲ ਸਤੀਫ਼ਨੁਸ ਦੇ ਕਤਲ ਨਾਲ ਸਹਿਮਤ ਸੀ । ਉਸ ਦਿਨ ਤੋਂ ਯਰੂਸ਼ਲਮ ਦੀ ਕਲੀਸਿਯਾ ਉੱਤੇ ਭਾਰੀ ਅੱਤਿਆਚਾਰ ਸ਼ੁਰੂ ਹੋ ਗਿਆ । ਇਸ ਕਾਰਨ ਰਸੂਲਾਂ ਨੂੰ ਛੱਡ ਕੇ ਸਾਰੇ ਵਿਸ਼ਵਾਸੀ ਯਹੂਦਿਯਾ ਅਤੇ ਸਾਮਰਿਯਾ ਵਿੱਚ ਤਿੱਤਰ-ਬਿੱਤਰ ਹੋ ਗਏ । ਕੁਝ ਸ਼ਰਧਾਲੂ ਲੋਕਾਂ ਨੇ ਸਤੀਫ਼ਨੁਸ ਨੂੰ ਦਫ਼ਨਾਇਆ ਅਤੇ ਉਸ ਦੇ ਲਈ ਬਹੁਤ ਵਿਰਲਾਪ ਕੀਤਾ । ਪਰ ਸਾਊਲ ਕਲੀਸਿਯਾ ਨੂੰ ਨਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ । ਉਹ ਘਰ ਘਰ ਜਾ ਕੇ ਆਦਮੀਆਂ ਅਤੇ ਔਰਤਾਂ ਨੂੰ ਬਾਹਰ ਖਿੱਚ ਕੇ ਕੈਦ ਵਿੱਚ ਬੰਦ ਕਰ ਰਿਹਾ ਸੀ । ਜਿਹੜੇ ਲੋਕ ਤਿੱਤਰ-ਬਿੱਤਰ ਹੋ ਗਏ ਸਨ, ਉਹ ਜਿੱਥੇ ਵੀ ਗਏ, ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਲੱਗੇ । ਇਸ ਤਰ੍ਹਾਂ ਫ਼ਿਲਿੱਪੁਸ ਸਾਮਰਿਯਾ ਦੇ ਸ਼ਹਿਰ ਵਿੱਚ ਗਿਆ ਅਤੇ ਉੱਥੇ ਉਹਨਾਂ ਵਿੱਚ ਮਸੀਹ ਦਾ ਪ੍ਰਚਾਰ ਕਰਨ ਲੱਗਾ । ਲੋਕਾਂ ਨੇ ਬੜੇ ਪਿਆਰ ਨਾਲ ਉਸ ਦੇ ਵਚਨ ਸੁਣੇ । ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਫ਼ਿਲਿੱਪੁਸ ਨੂੰ ਸੁਣਿਆ ਅਤੇ ਉਸ ਦੇ ਦੁਆਰਾ ਕੀਤੇ ਗਏ ਚਮਤਕਾਰ ਦੇਖੇ । ਬਹੁਤ ਸਾਰੇ ਲੋਕਾਂ ਵਿੱਚੋਂ ਅਸ਼ੁੱਧ ਆਤਮਾਵਾਂ ਉੱਚੀ ਆਵਾਜ਼ ਨਾਲ ਚੀਕਦੀਆਂ ਹੋਈਆਂ ਨਿਕਲੀਆਂ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਹੋ ਗਏ । ਇਸ ਤਰ੍ਹਾਂ ਉਸ ਸ਼ਹਿਰ ਵਿੱਚ ਖ਼ੁਸ਼ੀ ਦੀ ਲਹਿਰ ਉੱਠ ਪਈ । ਉਸ ਸ਼ਹਿਰ ਵਿੱਚ ਸ਼ਮਊਨ ਨਾਂ ਦਾ ਇੱਕ ਆਦਮੀ ਰਹਿੰਦਾ ਸੀ । ਉਹ ਜਾਦੂ ਦੇ ਕੰਮ ਦਿਖਾ ਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ । ਉਹ ਆਪਣੇ ਆਪ ਨੂੰ ਕੋਈ ਮਹਾਨ ਮਨੁੱਖ ਦੱਸਦਾ ਸੀ । ਇਸ ਲਈ ਹਰ ਕੋਈ, ਛੋਟੇ ਤੋਂ ਵੱਡੇ ਤੱਕ ਉਸ ਦਾ ਇਹ ਕਹਿ ਕੇ ਆਦਰ ਕਰਦਾ ਸੀ, “ਇਹ ਆਦਮੀ ਪਰਮੇਸ਼ਰ ਦੀ ਉਹ ਸਮਰੱਥਾ ਹੈ ਜਿਹੜੀ ‘ਮਹਾਂ-ਸਮਰੱਥਾ’ ਅਖਵਾਉਂਦੀ ਹੈ ।” ਉਹ ਉਸ ਨੂੰ ਬਹੁਤ ਮੰਨਦੇ ਸਨ ਕਿਉਂਕਿ ਉਸ ਨੇ ਬਹੁਤ ਸਮੇਂ ਤੋਂ ਉਹਨਾਂ ਨੂੰ ਜਾਦੂ ਦੇ ਕੰਮ ਦਿਖਾ ਕੇ ਹੈਰਾਨ ਕੀਤਾ ਹੋਇਆ ਸੀ । ਪਰ ਜਦੋਂ ਲੋਕਾਂ ਨੇ ਫ਼ਿਲਿੱਪੁਸ ਦੇ ਉਪਦੇਸ਼ ਵਿੱਚ ਵਿਸ਼ਵਾਸ ਕੀਤਾ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਰਿਹਾ ਸੀ ਤਾਂ ਆਦਮੀਆਂ ਅਤੇ ਔਰਤਾਂ ਨੇ ਬਪਤਿਸਮਾ ਲਿਆ । ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਰਹਿਣ ਲੱਗਾ । ਉਹ ਚਮਤਕਾਰ ਅਤੇ ਮਹਾਨ ਸ਼ਕਤੀਸ਼ਾਲੀ ਕੰਮ ਹੁੰਦੇ ਦੇਖ ਕੇ ਹੈਰਾਨ ਸੀ । ਜਦੋਂ ਯਰੂਸ਼ਲਮ ਵਿੱਚ ਰਸੂਲਾਂ ਨੇ ਸੁਣਿਆਂ ਕਿ ਸਾਮਰਿਯਾ ਦੇ ਲੋਕਾਂ ਨੇ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ ਤਾਂ ਉਹਨਾਂ ਨੇ ਪਤਰਸ ਅਤੇ ਯੂਹੰਨਾ ਨੂੰ ਉਹਨਾਂ ਦੇ ਕੋਲ ਭੇਜਿਆ । ਉਹ ਦੋਵੇਂ ਗਏ ਅਤੇ ਉਹਨਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪ੍ਰਾਪਤ ਕਰਨ । ਕਿਉਂਕਿ ਪਵਿੱਤਰ ਆਤਮਾ ਅਜੇ ਤੱਕ ਉਹਨਾਂ ਵਿੱਚੋਂ ਕਿਸੇ ਉੱਤੇ ਨਹੀਂ ਉਤਰਿਆ ਸੀ । ਉਹਨਾਂ ਨੇ ਤਾਂ ਕੇਵਲ ਯਿਸੂ ਮਸੀਹ ਦੇ ਨਾਮ ਵਿੱਚ ਹੀ ਬਪਤਿਸਮਾ ਲਿਆ ਸੀ । ਇਸ ਲਈ ਪਤਰਸ ਅਤੇ ਯੂਹੰਨਾ ਨੇ ਉਹਨਾਂ ਉੱਤੇ ਹੱਥ ਰੱਖੇ ਅਤੇ ਉਹਨਾਂ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ । ਜਦੋਂ ਸ਼ਮਊਨ ਨੇ ਦੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਮਿਲਦਾ ਹੈ ਤਾਂ ਉਹ ਉਹਨਾਂ ਕੋਲ ਪੈਸੇ ਲੈ ਕੇ ਆਇਆ ਅਤੇ ਕਹਿਣ ਲੱਗਾ, “ਮੈਨੂੰ ਵੀ ਇਹ ਸਮਰੱਥਾ ਦਿਓ ਕਿ ਜਿਸ ਕਿਸੇ ਉੱਤੇ ਮੈਂ ਹੱਥ ਰੱਖਾਂ, ਉਹ ਪਵਿੱਤਰ ਆਤਮਾ ਪ੍ਰਾਪਤ ਕਰੇ ।” ਪਰ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਤੇਰਾ ਅਤੇ ਤੇਰੇ ਪੈਸਿਆਂ ਦਾ ਨਾਸ਼ ਹੋਵੇ ਕਿਉਂਕਿ ਤੂੰ ਪਰਮੇਸ਼ਰ ਦੇ ਵਰਦਾਨ ਨੂੰ ਪੈਸਿਆਂ ਨਾਲ ਮੁੱਲ ਲੈਣ ਲਈ ਸੋਚਿਆ! ਤੇਰਾ ਸਾਡੇ ਇਸ ਕੰਮ ਵਿੱਚ ਕੋਈ ਹਿੱਸਾ ਨਹੀਂ ਹੈ ਕਿਉਂਕਿ ਪਰਮੇਸ਼ਰ ਦੇ ਸਾਹਮਣੇ ਤੇਰਾ ਦਿਲ ਸਾਫ਼ ਨਹੀਂ ਹੈ । ਇਸ ਲਈ ਆਪਣੀ ਬੁਰਾਈ ਤੋਂ ਤੋਬਾ ਕਰ ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰ ਕਿ ਸ਼ਾਇਦ ਤੇਰੇ ਦਿਲ ਵਿੱਚ ਇਸ ਤਰ੍ਹਾਂ ਦਾ ਸੋਚਣਾ ਮਾਫ਼ ਕੀਤਾ ਜਾਵੇ । ਕਿਉਂਕਿ ਮੈਂ ਦੇਖ ਰਿਹਾ ਹਾਂ ਕਿ ਜ਼ਹਿਰ ਵਰਗੀ ਕੁੜੱਤਣ ਤੇਰੇ ਅੰਦਰ ਹੈ ਅਤੇ ਪਾਪ ਦੇ ਬੰਧਨ ਵਿੱਚ ਤੂੰ ਜਕੜਿਆ ਹੋਇਆ ਹੈਂ ।” ਤਦ ਸ਼ਮਊਨ ਨੇ ਕਿਹਾ, “ਤੁਸੀਂ ਲੋਕ ਹੀ ਮੇਰੇ ਲਈ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋ ਕਿ ਜੋ ਕੁਝ ਤੁਸੀਂ ਕਿਹਾ ਹੈ ਉਹ ਮੇਰੇ ਉੱਤੇ ਨਾ ਵਾਪਰੇ ।” ਜਦੋਂ ਉਹ ਗਵਾਹੀ ਦੇ ਚੁੱਕੇ ਅਤੇ ਪ੍ਰਭੂ ਦਾ ਵਚਨ ਸੁਣਾ ਚੁੱਕੇ ਤਾਂ ਯਰੂਸ਼ਲਮ ਨੂੰ ਵਾਪਸ ਚਲੇ ਗਏ । ਰਾਹ ਵਿੱਚ ਉਹਨਾਂ ਨੇ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਸ਼ੁਭ ਸਮਾਚਾਰ ਸੁਣਾਇਆ । ਪ੍ਰਭੂ ਦੇ ਇੱਕ ਸਵਰਗਦੂਤ ਨੇ ਫ਼ਿਲਿੱਪੁਸ ਨੂੰ ਕਿਹਾ, “ਉੱਠ ਅਤੇ ਦੱਖਣ ਵੱਲ ਯਰੂਸ਼ਲਮ ਤੋਂ ਗਾਜ਼ਾ ਜਾਣ ਵਾਲੀ ਸੜਕ ਉੱਤੇ ਜਾ ।” (ਇਹ ਸੜਕ ਵੀਰਾਨ ਹੋ ਚੁੱਕੀ ਹੈ ।) ਫ਼ਿਲਿੱਪੁਸ ਉੱਠਿਆ ਅਤੇ ਚੱਲ ਪਿਆ । ਤਾਂ ਦੇਖੋ ਇੱਕ ਈਥੋਪੀਆ ਨਿਵਾਸੀ ਜੋ ਈਥੋਪੀਆ ਦੀ ਰਾਣੀ ਕੰਦਾਕੇ ਦਾ ਇੱਕ ਵੱਡਾ ਅਫ਼ਸਰ ਸੀ ਅਤੇ ਉਸ ਦੇ ਸਾਰੇ ਖ਼ਜਾਨੇ ਦਾ ਅਧਿਕਾਰੀ ਸੀ, ਅਰਾਧਨਾ ਦੇ ਲਈ ਯਰੂਸ਼ਲਮ ਆਇਆ ਸੀ । ਹੁਣ ਉਹ ਵਾਪਸ ਜਾ ਰਿਹਾ ਸੀ, ਅਤੇ ਆਪਣੇ ਰੱਥ ਵਿੱਚ ਬੈਠਾ ਹੋਇਆ ਯਸਾਯਾਹ ਨਬੀ ਦੀ ਪੁਸਤਕ ਪੜ੍ਹ ਰਿਹਾ ਸੀ । ਪਵਿੱਤਰ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ, “ਅੱਗੇ ਵੱਧ ਅਤੇ ਇਸ ਰੱਥ ਦੇ ਨਾਲ ਹੋ ਜਾ ।” ਫ਼ਿਲਿੱਪੁਸ ਉਸ ਵੱਲ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ । ਤਦ ਫ਼ਿਲਿੱਪੁਸ ਨੇ ਉਸ ਤੋਂ ਪੁੱਛਿਆ, “ਜੋ ਤੁਸੀਂ ਪੜ੍ਹ ਰਹੇ ਹੋ, ਕੀ ਸਮਝਦੇ ਵੀ ਹੋ?” ਉਸ ਨੇ ਉੱਤਰ ਦਿੱਤਾ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਏ, ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ?” ਫਿਰ ਉਸ ਨੇ ਫ਼ਿਲਿੱਪੁਸ ਅੱਗੇ ਬੇਨਤੀ ਕੀਤੀ ਕਿ ਉਹ ਉੱਪਰ ਆ ਕੇ ਉਸ ਦੇ ਨਾਲ ਰੱਥ ਵਿੱਚ ਬੈਠੇ । ਪਵਿੱਤਰ-ਗ੍ਰੰਥ ਵਿੱਚੋਂ ਜੋ ਪ੍ਰਸੰਗ ਉਹ ਪੜ੍ਹ ਰਿਹਾ ਸੀ, ਉਹ ਇਹ ਸੀ: “ਜਿਵੇਂ ਭੇਡ ਕੱਟੇ ਜਾਣ ਦੇ ਸਮੇਂ, ਅਤੇ ਲੇਲਾ ਉੱਨ ਕਤਰਨ ਦੇ ਸਮੇਂ, ਚੁੱਪ ਰਹਿੰਦੇ ਹਨ, ਉਸੇ ਤਰ੍ਹਾਂ ਉਸ ਨੇ ਆਪਣਾ ਮੂੰਹ ਨਾ ਖੋਲ੍ਹਿਆ । ਉਹ ਤੁੱਛ ਜਾਣਿਆ ਗਿਆ ਅਤੇ ਨਿਆਂ ਤੋਂ ਵਾਂਝਾ ਰੱਖਿਆ ਗਿਆ । ਉਸ ਦੀ ਵੰਸਾਵਲੀ ਦਾ ਵਰਣਨ ਕੌਣ ਕਰੇਗਾ? ਕਿਉਂਕਿ ਉਸ ਦਾ ਜੀਵਨ ਧਰਤੀ ਉੱਤੋਂ ਸਮਾਪਤ ਕੀਤਾ ਜਾ ਰਿਹਾ ਹੈ ।” ਅਫ਼ਸਰ ਨੇ ਫ਼ਿਲਿੱਪੁਸ ਤੋਂ ਪੁੱਛਿਆ, “ਕਿਰਪਾ ਕਰ ਕੇ ਮੈਨੂੰ ਦੱਸੋ ਕਿ ਨਬੀ ਕਿਸ ਦੇ ਬਾਰੇ ਕਹਿ ਰਿਹਾ ਹੈ? ਆਪਣੇ ਬਾਰੇ ਜਾਂ ਕਿਸੇ ਹੋਰ ਦੇ?” ਤਦ ਫ਼ਿਲਿੱਪੁਸ ਨੇ ਕਹਿਣਾ ਸ਼ੁਰੂ ਕੀਤਾ ਅਤੇ ਪਵਿੱਤਰ-ਗ੍ਰੰਥ ਦੇ ਇਸ ਪ੍ਰਸੰਗ ਤੋਂ ਸ਼ੁਰੂ ਕਰ ਕੇ, ਉਸ ਨੇ ਉਸ ਨੂੰ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ । ਚੱਲਦੇ ਚੱਲਦੇ ਉਹ ਰਾਹ ਵਿੱਚ ਇੱਕ ਅਜਿਹੀ ਥਾਂ ਤੇ ਪਹੁੰਚੇ ਜਿੱਥੇ ਪਾਣੀ ਸੀ । ਅਫ਼ਸਰ ਨੇ ਕਿਹਾ, “ਦੇਖੋ ਇੱਥੇ ਪਾਣੀ ਹੈ ਹੁਣ ਮੇਰੇ ਬਪਤਿਸਮਾ ਲੈਣ ਵਿੱਚ ਕੀ ਰੁਕਾਵਟ ਹੈ?” [ ਫ਼ਿਲਿੱਪੁਸ ਨੇ ਕਿਹਾ, “ਜੇਕਰ ਤੂੰ ਆਪਣੇ ਸਾਰੇ ਦਿਲ ਦੇ ਨਾਲ ਵਿਸ਼ਵਾਸ ਕਰਦਾ ਹੈਂ ਕਿ ਯਿਸੂ ਮਸੀਹ ਪਰਮੇਸ਼ਰ ਦੇ ਪੁੱਤਰ ਹਨ ਤਾਂ ਇਹ ਹੋ ਸਕਦਾ ਹੈ ।”] ਅਫ਼ਸਰ ਨੇ ਰੱਥ ਨੂੰ ਰੋਕਣ ਦਾ ਹੁਕਮ ਦਿੱਤਾ । ਫਿਰ ਉਹ ਦੋਵੇਂ ਫ਼ਿਲਿੱਪੁਸ ਅਤੇ ਅਫ਼ਸਰ ਪਾਣੀ ਵਿੱਚ ਉਤਰੇ ਅਤੇ ਫ਼ਿਲਿੱਪੁਸ ਨੇ ਉਸ ਨੂੰ ਬਪਤਿਸਮਾ ਦਿੱਤਾ । ਜਦੋਂ ਉਹ ਪਾਣੀ ਵਿੱਚੋਂ ਨਿਕਲ ਕੇ ਉੱਪਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿੱਪੁਸ ਨੂੰ ਚੁੱਕ ਕੇ ਲੈ ਗਿਆ । ਅਫ਼ਸਰ ਨੇ ਉਸ ਨੂੰ ਫਿਰ ਨਾ ਦੇਖਿਆ ਅਤੇ ਉਹ ਅਨੰਦ ਮਨਾਉਂਦਾ ਹੋਇਆ ਆਪਣੇ ਰਾਹ ਚਲਾ ਗਿਆ । ਉੱਧਰ ਫ਼ਿਲਿੱਪੁਸ ਅਸਦੇਦ ਵਿੱਚ ਦਿਖਾਈ ਦਿੱਤਾ ਅਤੇ ਕੈਸਰਿਆ ਪਹੁੰਚਣ ਤੱਕ ਸ਼ਹਿਰ ਸ਼ਹਿਰ ਵਿੱਚ ਸ਼ੁਭ ਸਮਾਚਾਰ ਸੁਣਾਉਂਦਾ ਗਿਆ । ਸਾਊਲ ਅਜੇ ਤੱਕ ਪ੍ਰਭੂ ਦੇ ਚੇਲਿਆਂ ਨੂੰ ਪੂਰੀ ਤਰ੍ਹਾਂ ਕਤਲ ਕਰਨ ਦੀਆਂ ਧਮਕੀਆਂ ਦੇਣ ਵਿੱਚ ਲੱਗਾ ਹੋਇਆ ਸੀ । ਉਹ ਮਹਾਂ-ਪੁਰੋਹਿਤ ਕੋਲ ਗਿਆ ਅਤੇ ਦਮਿਸ਼ਕ ਦੇ ਪ੍ਰਾਰਥਨਾ ਘਰਾਂ ਦੇ ਨਾਂ ਚਿੱਠੀਆਂ ਮੰਗੀਆਂ ਕਿ ਜੇਕਰ ਉੱਥੇ ਇਸ ‘ਰਾਹ’ ਦੇ ਮੰਨਣ ਵਾਲੇ ਉਸ ਨੂੰ ਮਿਲਣ, ਆਦਮੀ ਹੋਣ ਜਾਂ ਔਰਤਾਂ, ਉਹਨਾਂ ਨੂੰ ਗਰਿਫ਼ਤਾਰ ਕਰ ਕੇ ਯਰੂਸ਼ਲਮ ਵਿੱਚ ਲਿਆਏ । ਯਾਤਰਾ ਕਰਦੇ ਹੋਏ ਜਦੋਂ ਉਹ ਦਮਿਸ਼ਕ ਸ਼ਹਿਰ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਅਕਾਸ਼ ਤੋਂ ਇੱਕ ਤੇਜ ਉਸ ਦੇ ਆਲੇ-ਦੁਆਲੇ ਚਮਕਿਆ । ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਉਸ ਨੇ ਇੱਕ ਆਵਾਜ਼ ਸੁਣੀ ਜਿਹੜੀ ਉਸ ਨੂੰ ਕਹਿ ਰਹੀ ਸੀ, “ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?” ਸਾਊਲ ਨੇ ਪੁੱਛਿਆ, “ਪ੍ਰਭੂ ਜੀ, ਤੁਸੀਂ ਕੌਣ ਹੋ?” ਆਵਾਜ਼ ਨੇ ਕਿਹਾ, “ਮੈਂ ਯਿਸੂ ਹਾਂ, ਜਿਸ ਨੂੰ ਤੂੰ ਸਤਾਉਂਦਾ ਹੈਂ । ਹੁਣ ਉੱਠ, ਅਤੇ ਸ਼ਹਿਰ ਵਿੱਚ ਜਾ । ਉੱਥੇ ਤੈਨੂੰ ਦੱਸ ਦਿੱਤਾ ਜਾਵੇਗਾ ਕਿ ਤੈਨੂੰ ਕੀ ਕਰਨਾ ਹੋਵੇਗਾ।” ਉਹ ਆਦਮੀ ਜਿਹੜੇ ਸਾਊਲ ਦੇ ਨਾਲ ਯਾਤਰਾ ਕਰ ਰਹੇ ਸਨ, ਹੈਰਾਨ ਖੜ੍ਹੇ ਸਨ । ਉਹਨਾਂ ਨੇ ਆਵਾਜ਼ ਤਾਂ ਸੁਣੀ ਪਰ ਉਹ ਕਿਸੇ ਨੂੰ ਦੇਖ ਨਾ ਸਕੇ । ਸਾਊਲ ਨੇ ਜ਼ਮੀਨ ਤੋਂ ਉੱਠ ਕੇ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਦੇਖ ਨਾ ਸਕਿਆ । ਇਸ ਲਈ ਲੋਕ ਉਸ ਨੂੰ ਹੱਥ ਤੋਂ ਫੜ ਕੇ ਦਮਿਸ਼ਕ ਵਿੱਚ ਲੈ ਗਏ । ਤਿੰਨ ਦਿਨ ਤੱਕ ਉਹ ਕੁਝ ਨਾ ਦੇਖ ਸਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ । ਦਮਿਸ਼ਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਚੇਲਾ ਸੀ । ਪ੍ਰਭੂ ਨੇ ਉਸ ਨੂੰ ਦਰਸ਼ਨ ਦੇ ਕੇ ਕਿਹਾ, “ਹਨਾਨਿਯਾਹ!” ਉਸ ਨੇ ਉੱਤਰ ਦਿੱਤਾ, “ਮੈਂ ਹਾਜ਼ਰ ਹਾਂ, ਪ੍ਰਭੂ ਜੀ ।” ਪ੍ਰਭੂ ਨੇ ਉਸ ਨੂੰ ਕਿਹਾ, “ਉੱਠ, ਅਤੇ ਉਸ ਗਲੀ ਵਿੱਚ ਜੋ ‘ਸਿੱਧੀ’ ਅਖਵਾਉਂਦੀ ਹੈ, ਜਾ, ਅਤੇ ਯਹੂਦਾ ਦੇ ਘਰ ਵਿੱਚ ਤਰਸ਼ੀਸ਼ ਨਿਵਾਸੀ ਸਾਊਲ ਦਾ ਪਤਾ ਕਰ, ਉਹ ਪ੍ਰਾਰਥਨਾ ਕਰ ਰਿਹਾ ਹੈ । ਉਸ ਨੇ ਦਰਸ਼ਨ ਦੇਖਿਆ ਹੈ ਕਿ ਹਨਾਨਿਯਾਹ ਨਾਂ ਦੇ ਆਦਮੀ ਨੇ ਅੰਦਰ ਆ ਕੇ ਉਸ ਉੱਤੇ ਹੱਥ ਰੱਖਿਆ ਹੈ ਕਿ ਉਹ ਫਿਰ ਸੁਜਾਖਾ ਹੋ ਜਾਵੇ ।” ਹਨਾਨਿਯਾਹ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਇਸ ਆਦਮੀ ਦੇ ਬਾਰੇ ਬਹੁਤ ਲੋਕਾਂ ਕੋਲੋਂ ਸੁਣਿਆ ਹੈ ਕਿ ਉਸ ਨੇ ਯਰੂਸ਼ਲਮ ਵਿੱਚ ਤੁਹਾਡੇ ਪਵਿੱਤਰ ਭਗਤਾਂ ਨੂੰ ਕਿਸ ਤਰ੍ਹਾਂ ਦੁੱਖ ਦਿੱਤੇ ਹਨ । ਉਸ ਨੂੰ ਮਹਾਂ-ਪੁਰੋਹਿਤਾਂ ਤੋਂ ਅਧਿਕਾਰ ਮਿਲਿਆ ਹੈ ਕਿ ਇੱਥੇ ਜਿਹੜੇ ਤੁਹਾਡਾ ਨਾਮ ਲੈਂਦੇ ਹਨ, ਉਹਨਾਂ ਨੂੰ ਗਰਿਫ਼ਤਾਰ ਕਰੇ ।” ਪਰ ਪ੍ਰਭੂ ਨੇ ਉਸ ਨੂੰ ਕਿਹਾ, “ਜਾ, ਕਿਉਂਕਿ ਇਹ ਆਦਮੀ ਮੇਰਾ ਚੁਣਿਆ ਹੋਇਆ ਪਾਤਰ ਹੈ । ਉਹ ਮੇਰਾ ਨਾਮ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੇ ਲੋਕਾਂ ਕੋਲ ਲੈ ਜਾਵੇਗਾ । ਮੈਂ ਉਸ ਨੂੰ ਦੱਸਾਂਗਾ ਕਿ ਉਸ ਨੂੰ ਮੇਰੇ ਨਾਮ ਦੇ ਲਈ ਕਿੰਨਾਂ ਦੁੱਖ ਸਹਿਣਾ ਪਵੇਗਾ ।” ਤਦ ਹਨਾਨਿਯਾਹ ਗਿਆ ਅਤੇ ਘਰ ਦੇ ਅੰਦਰ ਜਾ ਕੇ ਸਾਊਲ ਦੇ ਉੱਤੇ ਹੱਥ ਰੱਖ ਕੇ ਕਿਹਾ, “ਭਰਾ ਸਾਊਲ, ਪ੍ਰਭੂ ਯਿਸੂ ਜਿਹਨਾਂ ਨੇ ਰਾਹ ਵਿੱਚ ਤੈਨੂੰ ਦਰਸ਼ਨ ਦਿੱਤੇ ਸਨ ਮੈਨੂੰ ਭੇਜਿਆ ਹੈ ਕਿ ਤੂੰ ਫਿਰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ ।” ਇਕਦਮ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫਿਰ ਦੇਖਣ ਲੱਗ ਪਿਆ । ਇਸ ਦੇ ਬਾਅਦ ਉਸ ਨੇ ਬਪਤਿਸਮਾ ਲਿਆ ਅਤੇ ਭੋਜਨ ਕਰ ਕੇ ਬਲ ਪ੍ਰਾਪਤ ਕੀਤਾ । ਫਿਰ ਸਾਊਲ ਦਮਿਸ਼ਕ ਵਿੱਚ ਚੇਲਿਆਂ ਦੇ ਨਾਲ ਕੁਝ ਦਿਨ ਰਿਹਾ । ਉਹ ਛੇਤੀ ਹੀ ਪ੍ਰਾਰਥਨਾ-ਘਰਾਂ ਵਿੱਚ ਜਾ ਕੇ ਯਿਸੂ ਦਾ ਇਹ ਪ੍ਰਚਾਰ ਕਰਨ ਲੱਗਾ, “ਉਹ ਪਰਮੇਸ਼ਰ ਦੇ ਪੁੱਤਰ ਹਨ ।” ਤਦ ਸਾਰੇ ਸੁਣਨ ਵਾਲੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਉਹ ਹੀ ਆਦਮੀ ਨਹੀਂ ਜੋ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ਼ ਕਰ ਰਿਹਾ ਸੀ? ਅਤੇ ਇੱਥੇ ਵੀ ਇਸ ਇਰਾਦੇ ਨਾਲ ਆਇਆ ਸੀ ਕਿ ਉਹਨਾਂ ਨੂੰ ਗਿਰਫ਼ਤਾਰ ਕਰ ਕੇ ਮਹਾਂ-ਪੁਰੋਹਿਤਾਂ ਕੋਲ ਲੈ ਜਾਵੇ?” ਪਰ ਸਾਊਲ ਨੂੰ ਹੋਰ ਵੀ ਤਾਕਤ ਮਿਲੀ ਅਤੇ ਇਸ ਗੱਲ ਦਾ ਸਬੂਤ ਦੇਂਦੇ ਹੋਏ ਕਿ ਯਿਸੂ ਹੀ ‘ ਮਸੀਹ ’ ਹਨ, ਦਮਿਸ਼ਕ ਦੇ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰ ਦਿੱਤਾ । ਕੁਝ ਦਿਨਾਂ ਦੇ ਬਾਅਦ ਯਹੂਦੀਆਂ ਨੇ ਮਿਲ ਕੇ ਸਾਊਲ ਨੂੰ ਮਾਰਨ ਦੀ ਵਿਉਂਤ ਬਣਾਈ । ਪਰ ਉਸ ਨੂੰ ਉਹਨਾਂ ਦੀ ਵਿਉਂਤ ਦਾ ਪਤਾ ਲੱਗ ਗਿਆ । ਯਹੂਦੀ ਰਾਤ ਦਿਨ ਸ਼ਹਿਰ ਦੇ ਫਾਟਕਾਂ ਦੀ ਰਾਖੀ ਕਰ ਰਹੇ ਸਨ ਕਿ ਉਸ ਨੂੰ ਮਾਰ ਦੇਣ । ਪਰ ਸਾਊਲ ਦੇ ਚੇਲਿਆਂ ਨੇ ਉਸ ਨੂੰ ਟੋਕਰੇ ਵਿੱਚ ਬਿਠਾ ਕੇ ਰਾਤ ਦੇ ਵੇਲੇ ਸ਼ਹਿਰ ਦੀ ਚਾਰ ਦਿਵਾਰੀ ਤੋਂ ਥੱਲੇ ਉਤਾਰ ਦਿੱਤਾ । ਜਦੋਂ ਸਾਊਲ ਯਰੂਸ਼ਲਮ ਵਿੱਚ ਪਹੁੰਚ ਗਿਆ ਤਾਂ ਉਸ ਨੇ ਚੇਲਿਆਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪਰ ਲੋਕ ਉਸ ਤੋਂ ਡਰਦੇ ਸਨ ਕਿਉਂਕਿ ਉਹਨਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹ ਵੀ ਚੇਲਾ ਬਣ ਗਿਆ ਹੈ । ਪਰ ਬਰਨਾਬਾਸ ਉਸ ਨੂੰ ਰਸੂਲਾਂ ਦੇ ਕੋਲ ਲੈ ਗਿਆ । ਉਸ ਨੇ ਉਹ ਸਭ ਦੱਸਿਆ ਕਿ ਸਾਊਲ ਨੇ ਕਿਸ ਤਰ੍ਹਾਂ ਰਾਹ ਵਿੱਚ ਪ੍ਰਭੂ ਦੇ ਦਰਸ਼ਨ ਕੀਤੇ ਹਨ ਅਤੇ ਪ੍ਰਭੂ ਨੇ ਉਸ ਨਾਲ ਗੱਲਾਂ ਕੀਤੀਆਂ ਹਨ । ਉਸ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਦਮਿਸ਼ਕ ਵਿੱਚ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕੀਤਾ ਹੈ । ਤਦ ਸਾਊਲ ਉਹਨਾਂ ਦੇ ਨਾਲ ਰਿਹਾ ਅਤੇ ਉਹ ਯਰੂਸ਼ਲਮ ਵਿੱਚ ਘੁੰਮ-ਫਿਰ ਕੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਨ ਲੱਗਾ । ਉਹ ਯੂਨਾਨੀ ਭਾਸ਼ਾ ਬੋਲਣ ਵਾਲੇ ਯਹੂਦੀਆਂ ਦੇ ਨਾਲ ਗੱਲਾਂ ਅਤੇ ਵਿਵਾਦ ਕਰਦਾ ਸੀ । ਇਸ ਲਈ ਉਹ ਲੋਕ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਵਿੱਚ ਸਨ । ਪਰ ਜਦੋਂ ਵਿਸ਼ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਆ ਵਿੱਚ ਲੈ ਗਏ ਅਤੇ ਤਰਸ਼ੀਸ਼ ਨੂੰ ਭੇਜ ਦਿੱਤਾ । ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ, ਅਤੇ ਸਾਮਰਿਯਾ ਵਿੱਚ ਕਲੀਸਿਯਾ ਨੂੰ ਸ਼ਾਂਤੀ ਮਿਲ ਗਈ । ਇਹ ਪਵਿੱਤਰ ਆਤਮਾ ਦੀ ਮਦਦ ਦੇ ਨਾਲ ਪ੍ਰਭੂ ਦੇ ਡਰ ਵਿੱਚ ਮਜ਼ਬੂਤ ਹੋ ਰਹੀ ਸੀ ਅਤੇ ਉਸ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਸੀ । ਪਤਰਸ ਸਭ ਥਾਂਵਾਂ ਦਾ ਦੌਰਾ ਕਰਦਾ ਹੋਇਆ ਲੁੱਦਾ ਵਿੱਚ ਪਰਮੇਸ਼ਰ ਦੇ ਲੋਕਾਂ ਕੋਲ ਪਹੁੰਚਿਆ । ਉੱਥੇ ਉਸ ਨੂੰ ਐਨਿਆਸ ਨਾਂ ਦਾ ਇੱਕ ਆਦਮੀ ਮਿਲਿਆ, ਜਿਸ ਨੂੰ ਅਧਰੰਗ ਸੀ ਅਤੇ ਅੱਠ ਸਾਲ ਤੋਂ ਮੰਜੇ ਉੱਤੇ ਪਿਆ ਸੀ । ਪਤਰਸ ਨੇ ਉਸ ਨੂੰ ਕਿਹਾ, “ਐਨਿਆਸ, ਯਿਸੂ ਮਸੀਹ ਤੈਨੂੰ ਚੰਗਾ ਕਰਦੇ ਹਨ । ਉੱਠ, ਅਤੇ ਆਪਣਾ ਬਿਸਤਰਾ ਲਪੇਟ ।” ਉਹ ਇਕਦਮ ਉੱਠ ਬੈਠਾ । ਲੁੱਦਾ ਅਤੇ ਸਾਰੋਨ ਦੇ ਸਾਰੇ ਰਹਿਣ ਵਾਲਿਆਂ ਨੇ ਉਸ ਨੂੰ ਦੇਖਿਆ ਅਤੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕੀਤਾ । ਯਾਪਾ ਵਿੱਚ ਤਬੀਥਾ ਨਾਂ ਦੀ ਇੱਕ ਚੇਲੀ ਰਹਿੰਦੀ ਸੀ । ਉਹ ਭਲੇ ਕੰਮਾਂ ਅਤੇ ਦਾਨ ਪੁੰਨ ਵਿੱਚ ਲੱਗੀ ਰਹਿੰਦੀ ਸੀ । ਉਹਨਾਂ ਦਿਨਾਂ ਵਿੱਚ ਉਹ ਬਿਮਾਰ ਹੋਈ ਅਤੇ ਮਰ ਗਈ । ਲੋਕਾਂ ਨੇ ਉਸ ਨੂੰ ਇਸ਼ਨਾਨ ਕਰਵਾ ਕੇ ਚੁਬਾਰੇ ਵਿੱਚ ਰੱਖ ਦਿੱਤਾ । ਲੁੱਦਾ ਯਾਪਾ ਦੇ ਨੇੜੇ ਹੀ ਸੀ । ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਆਦਮੀਆਂ ਨੂੰ ਭੇਜਿਆ ਅਤੇ ਬੇਨਤੀ ਕੀਤੀ, “ਕਿਰਪਾ ਕਰ ਕੇ, ਛੇਤੀ ਨਾਲ ਸਾਡੇ ਕੋਲ ਆਓ ।” ਪਤਰਸ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਜਦੋਂ ਉਹ ਉੱਥੇ ਪਹੁੰਚੇ ਤਾਂ ਉਹ ਪਤਰਸ ਨੂੰ ਚੁਬਾਰੇ ਵਿੱਚ ਲੈ ਗਏ । ਉੱਥੇ ਸਾਰੀਆਂ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਆਲੇ ਦੁਆਲੇ ਆ ਗਈਆਂ । ਫਿਰ ਉਹ ਪਤਰਸ ਨੂੰ ਉਹ ਕੁੜਤੇ ਅਤੇ ਚੋਗੇ, ਜਿਹੜੇ ਤਬੀਥਾ ਨੇ ਉਹਨਾਂ ਦੇ ਨਾਲ ਰਹਿੰਦੇ ਹੋਏ ਬਣਾਏ ਸਨ, ਦਿਖਾਉਣ ਲੱਗੀਆਂ । ਪਤਰਸ ਨੇ ਸਭ ਨੂੰ ਕਮਰੇ ਵਿੱਚੋਂ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ । ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬੀਥਾ ਉੱਠ!” ਉਸ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਹ ਪਤਰਸ ਨੂੰ ਦੇਖ ਕੇ ਉੱਠ ਬੈਠੀ । ਪਤਰਸ ਨੇ ਹੱਥ ਦਾ ਸਹਾਰਾ ਦੇ ਕੇ ਉਸ ਨੂੰ ਖੜ੍ਹਾ ਕੀਤਾ ਅਤੇ ਵਿਸ਼ਵਾਸੀਆਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜਿਊਂਦੀ ਜਾਗਦੀ ਉਹਨਾਂ ਦੇ ਹੱਥਾਂ ਵਿੱਚ ਸੌਂਪ ਦਿੱਤਾ । ਇਹ ਗੱਲ ਸਾਰੇ ਯਾਪਾ ਵਿੱਚ ਫੈਲ ਗਈ ਅਤੇ ਬਹੁਤ ਲੋਕਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਕੀਤਾ । ਪਤਰਸ ਚਮੜੇ ਦਾ ਕੰਮ ਕਰਨ ਵਾਲੇ ਸ਼ਮਊਨ ਨਾਂ ਦੇ ਆਦਮੀ ਦੇ ਘਰ ਯਾਪਾ ਵਿੱਚ ਬਹੁਤ ਦਿਨਾਂ ਤੱਕ ਰਿਹਾ । ਕੈਸਰੀਆ ਵਿੱਚ ਕੁਰਨੇਲਿਯੁਸ ਨਾਂ ਦਾ ਇੱਕ ਆਦਮੀ ਸੀ । ਉਹ ਇਤਾਲੀਯਨ ਪਲਟਨ ਦਾ ਕਪਤਾਨ ਸੀ । ਉਹ ਅਤੇ ਉਸ ਦਾ ਸਾਰਾ ਪਰਿਵਾਰ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲੇ ਸਨ । ਉਹ ਲੋਕਾਂ ਨੂੰ ਬਹੁਤ ਦਾਨ ਪੁੰਨ ਕਰਦਾ ਅਤੇ ਨਿੱਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ । ਇੱਕ ਦਿਨ ਤਿੰਨ ਵਜੇ ਉਸ ਨੂੰ ਇੱਕ ਸਾਫ਼ ਸਾਫ਼ ਦਰਸ਼ਨ ਹੋਇਆ ਜਿਸ ਵਿੱਚ ਉਸ ਨੇ ਪਰਮੇਸ਼ਰ ਦੇ ਇੱਕ ਸਵਰਗਦੂਤ ਨੂੰ ਆਪਣੇ ਕੋਲ ਆਉਂਦੇ ਦੇਖਿਆ ਜਿਸ ਨੇ ਉਸ ਨੂੰ ਕਿਹਾ, “ਕੁਰਨੇਲਿਯੁਸ!” ਉਸ ਨੇ ਸਵਰਗਦੂਤ ਵੱਲ ਨੀਝ ਲਾ ਕੇ ਦੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਇਹ ਕੀ ਹੈ?” ਸਵਰਗਦੂਤ ਨੇ ਉਸ ਨੂੰ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਦਾਨ ਪੁੰਨ ਯਾਦਗਾਰੀ ਦੇ ਲਈ ਪਰਮੇਸ਼ਰ ਤੱਕ ਪਹੁੰਚੇ ਹਨ । ਹੁਣ ਕੁਝ ਆਦਮੀਆਂ ਨੂੰ ਯਾਪਾ ਭੇਜ ਅਤੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ । ਉਹ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਕੋਲ ਠਹਿਰਿਆ ਹੋਇਆ ਹੈ ਜਿਸ ਦਾ ਘਰ ਸਮੁੰਦਰ ਦੇ ਕੰਢੇ ਉੱਤੇ ਹੈ ।” ਜਦੋਂ ਉਹ ਸਵਰਗਦੂਤ ਜਿਸ ਨੇ ਉਸ ਨਾਲ ਗੱਲਾਂ ਕੀਤੀਆਂ ਸਨ ਚਲਾ ਗਿਆ ਤਾਂ ਉਸ ਨੇ ਆਪਣੇ ਘਰ ਦੇ ਦੋ ਸੇਵਕਾਂ ਅਤੇ ਇੱਕ ਸ਼ਰਧਾਲੂ ਸਿਪਾਹੀ ਨੂੰ ਸੱਦਿਆ । ਉਸ ਨੇ ਉਹਨਾਂ ਨੂੰ ਸਭ ਕੁਝ ਸਮਝਾ ਕੇ ਯਾਪਾ ਨੂੰ ਭੇਜਿਆ । ਅਗਲੇ ਦਿਨ ਜਦੋਂ ਉਹ ਲੋਕ ਯਾਤਰਾ ਕਰਦੇ ਹੋਏ ਸ਼ਹਿਰ ਦੇ ਨੇੜੇ ਪਹੁੰਚ ਰਹੇ ਸਨ ਤਾਂ ਲਗਭਗ ਦੁਪਹਿਰ ਦੇ ਵੇਲੇ ਪਤਰਸ ਪ੍ਰਾਰਥਨਾ ਕਰਨ ਦੇ ਲਈ ਛੱਤ ਉੱਤੇ ਗਿਆ । ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ । ਪਰ ਜਦੋਂ ਭੋਜਨ ਅਜੇ ਤਿਆਰ ਹੋ ਰਿਹਾ ਸੀ ਤਾਂ ਪਤਰਸ ਨੂੰ ਅੰਤਰਲੀਨ ਹੋ ਗਿਆ । ਉਸ ਨੇ ਦੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਚਾਰਾਂ ਨੁੱਕਰਾਂ ਤੋਂ ਲਟਕ ਰਹੀ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਜ਼ਮੀਨ ਵੱਲ ਉਤਰ ਰਹੀ ਹੈ । ਉਸ ਵਿੱਚ ਸਭ ਤਰ੍ਹਾਂ ਦੇ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਸਨ । ਫਿਰ ਉਸ ਨੂੰ ਇੱਕ ਆਵਾਜ਼ ਆਈ, “ਪਤਰਸ, ਉੱਠ, ਮਾਰ ਅਤੇ ਖਾ!” ਪਤਰਸ ਨੇ ਉੱਤਰ ਦਿੱਤਾ, “ਨਹੀਂ ਪ੍ਰਭੂ ਜੀ, ਇਹ ਨਹੀਂ ਹੋ ਸਕਦਾ! ਮੈਂ ਕਦੀ ਕੋਈ ਅਪਵਿੱਤਰ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ!” ਤਦ ਉਸ ਨੂੰ ਦੂਜੀ ਵਾਰ ਫਿਰ ਆਵਾਜ਼ ਸੁਣਾਈ ਦਿੱਤੀ, “ਜਿਸ ਨੂੰ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ ।” ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਫਿਰ ਉਹ ਚੀਜ਼ ਅਕਾਸ਼ ਵਿੱਚ ਇਕਦਮ ਚੁੱਕ ਲਈ ਗਈ । ਪਤਰਸ ਅਜੇ ਇਸ ਉਲਝਨ ਵਿੱਚ ਹੀ ਸੀ ਕਿ ਜੋ ਦਰਸ਼ਨ ਉਸ ਨੂੰ ਹੋਇਆ ਹੈ, ਉਸ ਦਾ ਕੀ ਅਰਥ ਹੋ ਸਕਦਾ ਹੈ ਤਾਂ ਇਸ ਦੌਰਾਨ ਕੁਰਨੇਲਿਯੁਸ ਦੇ ਭੇਜੇ ਹੋਏ ਆਦਮੀ ਘਰ ਪੁੱਛਦੇ-ਪੁੱਛਦੇ ਦਰਵਾਜ਼ੇ ਤੇ ਆ ਖੜ੍ਹੇ ਹੋਏ । ਉਹ ਉੱਚੀ ਆਵਾਜ਼ ਵਿੱਚ ਪੁੱਛਣ ਲੱਗੇ, “ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਕੀ ਉਹ ਇੱਥੇ ਹੀ ਠਹਿਰਿਆ ਹੋਇਆ ਹੈ?” ਪਤਰਸ ਅਜੇ ਵੀ ਉਸ ਦਰਸ਼ਨ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਦੇਖ, ਤਿੰਨ ਆਦਮੀ ਤੈਨੂੰ ਲੱਭ ਰਹੇ ਹਨ । ਉੱਠ, ਹੇਠਾਂ ਉਤਰ ਅਤੇ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ ਕਿਉਂਕਿ ਉਹਨਾਂ ਨੂੰ ਮੈਂ ਹੀ ਭੇਜਿਆ ਹੈ ।” ਪਤਰਸ ਹੇਠਾਂ ਗਿਆ ਅਤੇ ਉਹਨਾਂ ਆਦਮੀਆਂ ਨੂੰ ਕਿਹਾ, “ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ । ਤੁਸੀਂ ਕਿਸ ਕਾਰਨ ਆਏ ਹੋ?” ਉਹਨਾਂ ਨੇ ਉੱਤਰ ਦਿੱਤਾ, “ਕਪਤਾਨ ਕੁਰਨੇਲਿਯੁਸ ਨੇ ਸਾਨੂੰ ਭੇਜਿਆ ਹੈ । ਉਹ ਇੱਕ ਨੇਕ ਅਤੇ ਪਰਮੇਸ਼ਰ ਤੋਂ ਡਰਨ ਵਾਲਾ ਆਦਮੀ ਹੈ । ਉਸ ਨੂੰ ਸਾਰੀ ਯਹੂਦੀ ਕੌਮ ਵੀ ਮੰਨਦੀ ਹੈ । ਉਸ ਨੂੰ ਇੱਕ ਪਵਿੱਤਰ ਸਵਰਗਦੂਤ ਦੇ ਰਾਹੀਂ ਹਿਦਾਇਤ ਮਿਲੀ ਹੈ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਉਪਦੇਸ਼ ਸੁਣੇ ।” ਤਦ ਪਤਰਸ ਉਹਨਾਂ ਆਦਮੀਆਂ ਨੂੰ ਅੰਦਰ ਲੈ ਗਿਆ ਅਤੇ ਉਹਨਾਂ ਦੀ ਸੇਵਾ ਕੀਤੀ । ਅਗਲੇ ਦਿਨ ਉਹ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ । ਕੁਝ ਭਰਾ ਯਾਪਾ ਤੋਂ ਵੀ ਉਹਨਾਂ ਦੇ ਨਾਲ ਗਏ । ਦੂਜੇ ਦਿਨ ਉਹ ਕੈਸਰੀਆ ਪਹੁੰਚ ਗਿਆ । ਕੁਰਨੇਲਿਯੁਸ ਉਹਨਾਂ ਦੀ ਉਡੀਕ ਕਰ ਰਿਹਾ ਸੀ । ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਨੇੜੇ ਦੇ ਮਿੱਤਰਾਂ ਨੂੰ ਸੱਦਿਆ ਹੋਇਆ ਸੀ । ਜਦੋਂ ਪਤਰਸ ਅੰਦਰ ਗਿਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਪਤਰਸ ਦੇ ਚਰਨਾਂ ਵਿੱਚ ਡਿੱਗ ਕੇ ਉਸ ਨੂੰ ਪਰਨਾਮ ਕੀਤਾ । ਪਤਰਸ ਨੇ ਉਸ ਨੂੰ ਚੁੱਕਦੇ ਹੋਏ ਕਿਹਾ, “ਉੱਠ, ਮੈਂ ਵੀ ਤਾਂ ਆਦਮੀ ਹੀ ਹਾਂ ।” ਫਿਰ ਪਤਰਸ ਕੁਰਨੇਲਿਯੁਸ ਨਾਲ ਗੱਲਾਂ ਕਰਦਾ ਹੋਇਆ ਅੰਦਰ ਆਇਆ ਅਤੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਦੇਖਿਆ । ਪਤਰਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਆਪ ਜਾਣਦੇ ਹੋ ਕਿ ਇੱਕ ਯਹੂਦੀ ਦਾ ਕਿਸੇ ਪਰਾਈ ਕੌਮ ਦੇ ਆਦਮੀ ਨਾਲ ਮਿਲਣਾ ਜਾਂ ਘਰ ਜਾਣਾ ਮਨ੍ਹਾ ਹੈ । ਪਰ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤਾ ਹੈ ਕਿ ਕਿਸੇ ਆਦਮੀ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਮੰਨ । ਇਸੇ ਲਈ ਜਦੋਂ ਮੈਨੂੰ ਸੱਦਿਆ ਗਿਆ ਤਾਂ ਮੈਂ ਬੇਧੜਕ ਹੋ ਕੇ ਆ ਗਿਆ । ਹੁਣ ਮੈਨੂੰ ਦੱਸੋ ਕਿ ਤੁਸੀਂ ਮੈਨੂੰ ਕਿਉਂ ਸੱਦਿਆ ਹੈ?” ਕੁਰਨੇਲਿਯੁਸ ਨੇ ਉੱਤਰ ਦਿੱਤਾ, “ਚਾਰ ਦਿਨ ਹੋਏ ਜਦੋਂ ਮੈਂ ਇਸੇ ਸਮੇਂ ਆਪਣੇ ਘਰ ਦੀ ਛੱਤ ਉੱਤੇ ਦਿਨ ਦੇ ਕੋਈ ਤਿੰਨ ਵਜੇ ਪ੍ਰਾਰਥਨਾ ਕਰ ਰਿਹਾ ਸੀ ਤਦ ਚਮਕੀਲੇ ਕੱਪੜੇ ਪਾਏ ਹੋਏ ਇੱਕ ਆਦਮੀ ਆ ਕੇ ਮੇਰੇ ਕੋਲ ਖੜ੍ਹਾ ਹੋ ਗਿਆ । ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਪਰਮੇਸ਼ਰ ਨੇ ਸੁਣ ਲਈ ਹੈ ਅਤੇ ਤੇਰੇ ਦਾਨ ਪੁੰਨ ਨੂੰ ਉਹਨਾਂ ਨੇ ਯਾਦ ਕੀਤਾ ਹੈ । ਇਸ ਲਈ ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਜਿਸ ਦਾ ਉਪਨਾਮ ਪਤਰਸ ਹੈ, ਸੱਦ ਲਿਆ । ਉਹ ਸਮੁੰਦਰ ਦੇ ਕੰਢੇ ਸ਼ਮਊਨ ਚਮੜੇ ਦਾ ਕੰਮ ਕਰਨ ਵਾਲੇ ਦੇ ਘਰ ਠਹਿਰਿਆ ਹੋਇਆ ਹੈ ਅਤੇ ।’ ਮੈਂ ਇਕਦਮ ਤੁਹਾਡੇ ਕੋਲ ਆਦਮੀ ਭੇਜੇ । ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਤੁਸੀਂ ਆ ਗਏ ਹੋ । ਹੁਣ ਅਸੀਂ ਸਾਰੇ ਪਰਮੇਸ਼ਰ ਦੇ ਸਾਹਮਣੇ ਹਾਜ਼ਰ ਹਾਂ ਕਿ ਜੋ ਕੁਝ ਪਰਮੇਸ਼ਰ ਨੇ ਤੁਹਾਨੂੰ ਕਿਹਾ ਹੈ, ਉਸ ਨੂੰ ਸੁਣੀਏ ।” ਫਿਰ ਪਤਰਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ: “ਹੁਣ ਮੈਂ ਪੂਰੀ ਤਰ੍ਹਾਂ ਨਾਲ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ । ਸਗੋਂ ਹਰ ਕੌਮ ਵਿੱਚ ਜੋ ਕੋਈ ਉਹਨਾਂ ਤੋਂ ਡਰਦਾ ਹੈ ਅਤੇ ਭਲੇ ਕੰਮ ਕਰਦਾ ਹੈ, ਉਸ ਨੂੰ ਉਹ ਸਵੀਕਾਰ ਕਰਦੇ ਹਨ । ਉਹਨਾਂ ਨੇ ਇਸਰਾਏਲੀਆਂ ਕੋਲ ਸ਼ਾਂਤੀ ਦਾ ਸ਼ੁਭ ਸਮਾਚਾਰ ਯਿਸੂ ਮਸੀਹ ਦੁਆਰਾ ਭੇਜਿਆ । ਉਹ ਹੀ ਸਭ ਮਨੁੱਖਾਂ ਦੇ ਪ੍ਰਭੂ ਹਨ । ਤੁਸੀਂ ਇਹ ਸਭ ਜਾਣਦੇ ਹੀ ਹੋ ਕਿ ਯੂਹੰਨਾ ਦੇ ਬਪਤਿਸਮੇ ਦੇ ਪ੍ਰਚਾਰ ਦੇ ਬਾਅਦ ਗਲੀਲ ਤੋਂ ਸ਼ੁਰੂ ਕਰ ਕੇ ਯਹੂਦਿਯਾ ਵਿੱਚ ਕੀ ਕੁਝ ਹੋਇਆ । ਕਿਸ ਪ੍ਰਕਾਰ ਨਾਸਰਤ ਦੇ ਰਹਿਣ ਵਾਲੇ ਯਿਸੂ ਨੂੰ ਪਰਮੇਸ਼ਰ ਨੇ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਭਰਪੂਰ ਕੀਤਾ ਅਤੇ ਉਹ ਹਰ ਥਾਂ ਭਲੇ ਕੰਮ ਕਰਦੇ ਅਤੇ ਉਹ ਸ਼ੈਤਾਨ ਦੇ ਬੰਦੀ ਲੋਕਾਂ ਨੂੰ ਚੰਗਾ ਕਰਦੇ ਰਹੇ ਕਿਉਂਕਿ ਪਰਮੇਸ਼ਰ ਉਹਨਾਂ ਦੇ ਨਾਲ ਸਨ । ਜੋ ਕੁਝ ਯਿਸੂ ਨੇ ਯਹੂਦਿਯਾ ਅਤੇ ਯਰੂਸ਼ਲਮ ਵਿੱਚ ਕੀਤਾ, ਉਸ ਸਭ ਦੇ ਅਸੀਂ ਗਵਾਹ ਹਾਂ । ਲੋਕਾਂ ਨੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾ ਕੇ ਮਾਰ ਦਿੱਤਾ । ਪਰ ਪਰਮੇਸ਼ਰ ਨੇ ਉਹਨਾਂ ਨੂੰ ਤੀਜੇ ਦਿਨ ਫਿਰ ਜਿਊਂਦਾ ਕਰ ਦਿੱਤਾ ਅਤੇ ਪ੍ਰਗਟ ਕੀਤਾ । ਸਾਰੇ ਲੋਕਾਂ ਉੱਤੇ ਨਹੀਂ ਸਗੋਂ ਗਵਾਹਾਂ ਉੱਤੇ ਹੀ ਜਿਹਨਾਂ ਨੂੰ ਉਹਨਾਂ ਨੇ ਪਹਿਲਾਂ ਹੀ ਨਿਯੁਕਤ ਕੀਤਾ ਸੀ ਭਾਵ ਸਾਨੂੰ, ਜਿਹਨਾਂ ਨੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਬਾਅਦ ਉਹਨਾਂ ਨਾਲ ਖਾਧਾ ਪੀਤਾ । ਫਿਰ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਕਿ ਲੋਕਾਂ ਵਿੱਚ ਪ੍ਰਚਾਰ ਕਰੋ ਅਤੇ ਗਵਾਹੀ ਦੇਵੋ ਕਿ ਇਹ ਉਹ ਹੀ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਅਤੇ ਜਿਊਂਦਿਆਂ ਦਾ ਜੱਜ ਨਿਯੁਕਤ ਕੀਤਾ ਹੈ । ਯਿਸੂ ਦੇ ਬਾਰੇ ਹੀ ਸਾਰੇ ਨਬੀ ਗਵਾਹੀ ਦਿੰਦੇ ਹਨ ਕਿ ਜੋ ਕੋਈ ਉਹਨਾਂ ਵਿੱਚ ਵਿਸ਼ਵਾਸ ਕਰੇਗਾ, ਉਸ ਨੂੰ ਉਹਨਾਂ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਮਿਲੇਗੀ ।” ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਉਹਨਾਂ ਸਾਰਿਆਂ ਉੱਤੇ ਜੋ ਵਚਨ ਸੁਣ ਰਹੇ ਸਨ, ਪਵਿੱਤਰ ਆਤਮਾ ਉਤਰ ਆਇਆ । ਯਹੂਦੀ ਵਿਸ਼ਵਾਸੀ ਜਿਹੜੇ ਯਾਪਾ ਤੋਂ ਪਤਰਸ ਦੇ ਨਾਲ ਆਏ ਸਨ, ਹੈਰਾਨ ਹੋ ਗਏ ਕਿ ਪਵਿੱਤਰ ਆਤਮਾ ਦਾ ਵਰਦਾਨ ਪਰਾਈਆਂ ਕੌਮਾਂ ਨੂੰ ਵੀ ਦਿੱਤਾ ਗਿਆ ਹੈ । ਯਹੂਦੀ ਵਿਸ਼ਵਾਸੀਆਂ ਨੇ ਉਹਨਾਂ ਲੋਕਾਂ ਨੂੰ ਅਣਜਾਣ ਭਾਸ਼ਾਵਾਂ ਬੋਲਦੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਸੁਣਿਆ । ਤਦ ਪਤਰਸ ਨੇ ਪੁੱਛਿਆ, “ਜਿਹਨਾਂ ਲੋਕਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਕੀ ਉਹਨਾਂ ਨੂੰ ਕੋਈ ਪਾਣੀ ਦਾ ਬਪਤਿਸਮਾ ਲੈਣ ਤੋਂ ਰੋਕ ਸਕਦਾ ਹੈ?” ਇਸ ਲਈ ਪਤਰਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲੈਣ । ਫਿਰ ਉਹਨਾਂ ਨੇ ਪਤਰਸ ਦੇ ਅੱਗੇ ਬੇਨਤੀ ਕੀਤੀ ਕਿ ਉਹ ਕੁਝ ਦਿਨ ਹੋਰ ਉਹਨਾਂ ਦੇ ਨਾਲ ਰਹਿਣ । ਰਸੂਲਾਂ ਅਤੇ ਯਹੂਦਿਯਾ ਨਿਵਾਸੀ ਭਰਾਵਾਂ ਨੇ ਸੁਣ ਲਿਆ ਸੀ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦਾ ਵਚਨ ਸਵੀਕਾਰ ਕਰ ਲਿਆ ਹੈ । ਇਸ ਲਈ ਜਦੋਂ ਪਤਰਸ ਯਰੂਸ਼ਲਮ ਵਿੱਚ ਆਇਆ ਤਾਂ ਸੁੰਨਤੀ ਵਿਸ਼ਵਾਸੀ ਉਸ ਨਾਲ ਝਗੜਾ ਕਰਨ ਲੱਗੇ । ਉਹਨਾਂ ਨੇ ਕਿਹਾ, “ਤੂੰ ਅਸੁੰਨਤੀ ਲੋਕਾਂ ਦੇ ਕੋਲ ਗਿਆ ਅਤੇ ਉਹਨਾਂ ਦੇ ਨਾਲ ਭੋਜਨ ਕੀਤਾ ।” ਤਦ ਪਤਰਸ ਨੇ ਸ਼ੁਰੂ ਤੋਂ ਲੈ ਕੇ ਇੱਕ ਇੱਕ ਘਟਨਾ ਉਹਨਾਂ ਨੂੰ ਸੁਣਾਈ, “ਮੈਂ ਯਾਪਾ ਸ਼ਹਿਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਜਦੋਂ ਮੈਂ ਅੰਤਰਲੀਨ ਸੀ ਮੈਨੂੰ ਇੱਕ ਦਰਸ਼ਨ ਹੋਇਆ । ਮੈਂ ਦੇਖਿਆ ਕਿ ਚਾਰਾਂ ਨੁੱਕਰਾਂ ਤੋਂ ਲਟਕਦੀ ਹੋਈ ਲੰਮੀ ਚੌੜੀ ਚਾਦਰ ਵਰਗੀ ਕੋਈ ਚੀਜ਼ ਅਕਾਸ਼ ਤੋਂ ਉਤਰ ਕੇ ਮੇਰੇ ਕੋਲ ਆਈ । ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਵਿੱਚ ਚੌਪਾਏ, ਜੰਗਲੀ ਜਾਨਵਰ, ਰੀਂਗਣ ਵਾਲੇ ਜੀਵ-ਜੰਤੂ ਅਤੇ ਅਕਾਸ਼ ਦੇ ਪੰਛੀ ਦਿਖਾਈ ਦਿੱਤੇ । ਫਿਰ ਮੈਂ ਇੱਕ ਆਵਾਜ਼ ਸੁਣੀ ਜੋ ਮੈਨੂੰ ਇਹ ਕਹਿ ਰਹੀ ਸੀ, ‘ਪਤਰਸ, ਉੱਠ, ਮਾਰ ਅਤੇ ਖਾ!’ ਪਰ ਮੈਂ ਉੱਤਰ ਦਿੱਤਾ, ‘ਨਹੀਂ ਪ੍ਰਭੂ ਜੀ, ਮੇਰੇ ਮੂੰਹ ਵਿੱਚ ਅੱਜ ਤੱਕ ਕੋਈ ਅਪਵਿੱਤਰ ਜਾਂ ਅਸ਼ੁੱਧ ਚੀਜ਼ ਨਹੀਂ ਗਈ ।’ ਆਵਾਜ਼ ਨੇ ਦੂਜੀ ਵਾਰ ਅਕਾਸ਼ ਤੋਂ ਉੱਤਰ ਦਿੱਤਾ, ‘ਜੋ ਪਰਮੇਸ਼ਰ ਨੇ ਸ਼ੁੱਧ ਬਣਾਇਆ ਹੈ, ਉਸ ਨੂੰ ਤੂੰ ਅਸ਼ੁੱਧ ਨਾ ਕਹਿ ।’ ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫਿਰ ਸਭ ਕੁਝ ਅਕਾਸ਼ ਵਿੱਚ ਵਾਪਸ ਚੁੱਕ ਲਿਆ ਗਿਆ । ਠੀਕ ਉਸੇ ਸਮੇਂ ਤਿੰਨ ਆਦਮੀ ਉਸ ਘਰ ਦੇ ਸਾਹਮਣੇ ਆ ਖੜ੍ਹੇ ਹੋਏ ਜਿੱਥੇ ਮੈਂ ਰਹਿ ਰਿਹਾ ਸੀ । ਉਹ ਕੈਸਰੀਆ ਤੋਂ ਮੇਰੇ ਕੋਲ ਭੇਜੇ ਗਏ ਸਨ । ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਬੇਧੜਕ ਹੋ ਕੇ ਉਹਨਾਂ ਦੇ ਨਾਲ ਜਾ । ਇਹ ਛੇ ਭਰਾ ਵੀ ਮੇਰੇ ਨਾਲ ਗਏ ਅਤੇ ਅਸੀਂ ਕੁਰਨੇਲਿਯੁਸ ਦੇ ਘਰ ਦੇ ਅੰਦਰ ਗਏ । ਉਸ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਇੱਕ ਸਵਰਗਦੂਤ ਨੂੰ ਆਪਣੇ ਘਰ ਵਿੱਚ ਖੜ੍ਹਾ ਦੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾਪਾ ਭੇਜ ਕੇ ਸ਼ਮਊਨ ਨੂੰ ਜਿਸ ਦਾ ਉਪਨਾਮ ਪਤਰਸ ਹੈ, ਸੱਦ । ਉਹ ਤੈਨੂੰ ਵਚਨ ਸੁਣਾਏਗਾ ਜਿਸ ਤੋਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪ੍ਰਾਪਤ ਕਰੇਗਾ ।’ ਮੈਂ ਅਜੇ ਬੋਲਣਾ ਸ਼ੁਰੂ ਹੀ ਕੀਤਾ ਸੀ ਕਿ ਪਵਿੱਤਰ ਆਤਮਾ ਉਹਨਾਂ ਦੇ ਉੱਤੇ ਉਤਰ ਆਇਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ ਉੱਤੇ ਉਤਰਿਆ ਸੀ । ਉਸ ਸਮੇਂ ਮੈਨੂੰ ਪ੍ਰਭੂ ਦੇ ਕਹੇ ਹੋਏ ਸ਼ਬਦ ਯਾਦ ਆਏ, ‘ਯੂਹੰਨਾ ਨੇ ਤਾਂ ਪਾਣੀ ਦਾ ਬਪਤਿਸਮਾ ਦਿੱਤਾ ਪਰ ਤੁਸੀਂ ਪਵਿੱਤਰ ਆਤਮਾ ਦਾ ਬਪਤਿਸਮਾ ਪਾਵੋਗੇ ।’ ਇਸ ਲਈ ਜੇਕਰ ਪਰਮੇਸ਼ਰ ਨੇ ਉਹਨਾਂ ਨੂੰ ਵੀ ਉਹ ਹੀ ਵਰਦਾਨ ਦਿੱਤਾ ਜਿਹੜਾ ਸਾਨੂੰ ਦਿੱਤਾ ਸੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਸੀ ਤਾਂ ਮੈਂ ਕੌਣ ਸੀ ਕਿ ਪਰਮੇਸ਼ਰ ਨੂੰ ਰੋਕਦਾ ।” ਇਹ ਸੁਣ ਕੇ ਉਹ ਚੁੱਪ ਹੋ ਗਏ ਅਤੇ ਇਹ ਕਹਿ ਕੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ, “ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਤੋਬਾ ਕਰਨ ਦਾ ਮੌਕਾ ਅਤੇ ਜੀਵਨ ਦਾ ਵਰਦਾਨ ਦਿੱਤਾ ਹੈ!” ਸਤੀਫ਼ਨੁਸ ਦੇ ਉੱਤੇ ਹੋਏ ਅੱਤਿਆਚਾਰ ਦੇ ਕਾਰਨ ਜਿਹੜੇ ਲੋਕ ਤਿੱਤਰ-ਬਿੱਤਰ ਹੋ ਗਏ ਸਨ, ਉਹ ਫ਼ੈਨੀਕੇ, ਕੁਪਰੁਸ ਅਤੇ ਅੰਤਾਕਿਯਾ ਤੱਕ ਪਹੁੰਚ ਗਏ ਪਰ ਉਹ ਯਹੂਦੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਵਚਨ ਨਹੀਂ ਸੁਣਾਉਂਦੇ ਸਨ । ਪਰ ਉਹਨਾਂ ਵਿੱਚੋਂ ਜਿਹੜੇ ਕੁਪਰੁਸ ਅਤੇ ਕੁਰੇਨੇ ਦੇ ਰਹਿਣ ਵਾਲੇ ਸਨ, ਜਦੋਂ ਉਹ ਅੰਤਾਕਿਯਾ ਵਿੱਚ ਆਏ ਤਾਂ ਉਹਨਾਂ ਨੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦਾ ਸ਼ੁਭ ਸਮਾਚਾਰ ਸੁਣਾਇਆ । ਪ੍ਰਭੂ ਦਾ ਹੱਥ ਉਹਨਾਂ ਉੱਤੇ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਅਤੇ ਉਹ ਪ੍ਰਭੂ ਦੇ ਵੱਲ ਮੁੜੇ । ਜਦੋਂ ਇਹਨਾਂ ਦੇ ਬਾਰੇ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਖ਼ਬਰ ਪਹੁੰਚੀ ਤਾਂ ਉਹਨਾਂ ਨੇ ਬਰਨਾਬਾਸ ਨੂੰ ਅੰਤਾਕਿਯਾ ਭੇਜਿਆ । ਉੱਥੇ ਪਹੁੰਚ ਕੇ ਉਸ ਨੇ ਪਰਮੇਸ਼ਰ ਦੀ ਕਿਰਪਾ ਦਾ ਸਬੂਤ ਦੇਖਿਆ ਅਤੇ ਅਨੰਦ ਮਨਾਇਆ । ਉਸ ਨੇ ਸਾਰਿਆਂ ਨੂੰ ਉਤਸ਼ਾਹ ਦਿੱਤਾ ਕਿ ਤਨ-ਮਨ ਨਾਲ ਪ੍ਰਭੂ ਨਾਲ ਜੁੜੇ ਰਹਿਣ । ਬਰਨਾਬਾਸ ਇੱਕ ਭਲਾ ਆਦਮੀ ਸੀ । ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਸੀ ਅਤੇ ਬਹੁਤ ਸਾਰੇ ਲੋਕ ਪ੍ਰਭੂ ਦੇ ਕੋਲ ਆ ਮਿਲੇ । ਫਿਰ ਬਰਨਾਬਾਸ ਸਾਊਲ ਦੀ ਖੋਜ ਵਿੱਚ ਤਰਸ਼ੀਸ਼ ਨੂੰ ਗਿਆ । ਜਦੋਂ ਉਹ ਉਸ ਨੂੰ ਮਿਲ ਗਿਆ ਤਾਂ ਉਹ ਉਸ ਨੂੰ ਅੰਤਾਕਿਯਾ ਲੈ ਆਇਆ । ਉਹ ਦੋਵੇਂ ਉੱਥੇ ਪੂਰੇ ਇੱਕ ਸਾਲ ਤੱਕ ਕਲੀਸਿਯਾ ਦੇ ਨਾਲ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ । ਅੰਤਾਕਿਯਾ ਵਿੱਚ ਹੀ ਚੇਲੇ ਪਹਿਲੀ ਵਾਰ ‘ਮਸੀਹੀ’ ਅਖਵਾਏ । ਉਸ ਸਮੇਂ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ । ਉਹਨਾਂ ਵਿੱਚੋਂ ਇੱਕ ਅਗਬੁਸ ਨਾਂ ਦੇ ਨਬੀ ਨੇ ਖੜ੍ਹੇ ਹੋ ਕੇ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਭਵਿੱਖਬਾਣੀ ਕੀਤੀ ਕਿ ਸਾਰੇ ਸੰਸਾਰ ਵਿੱਚ ਭਿਅੰਕਰ ਕਾਲ ਪੈਣ ਵਾਲਾ ਹੈ । (ਇਹ ਕਾਲ ਕੈਲੋਦਿਯੁਸ ਦੇ ਰਾਜ ਵਿੱਚ ਪਿਆ ।) ਚੇਲਿਆਂ ਨੇ ਫ਼ੈਸਲਾ ਕੀਤਾ ਕਿ ਹਰ ਇੱਕ ਆਪਣੀ ਪਹੁੰਚ ਦੇ ਅਨੁਸਾਰ ਯਹੂਦਿਯਾ ਨਿਵਾਸੀ ਭਰਾਵਾਂ ਦੀ ਮਦਦ ਲਈ ਕੁਝ ਭੇਜਣ । ਉਹਨਾਂ ਨੇ ਇਸੇ ਤਰ੍ਹਾਂ ਕੀਤਾ ਅਤੇ ਬਰਨਾਬਾਸ ਅਤੇ ਸਾਊਲ ਦੇ ਹੱਥ ਬਜ਼ੁਰਗ ਆਗੂਆਂ ਦੇ ਕੋਲ ਮਦਦ ਭੇਜੀ । ਇਹਨਾਂ ਦਿਨਾਂ ਵਿੱਚ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਉੱਤੇ ਅੱਤਿਆਚਾਰ ਕਰਨ ਦੇ ਲਈ ਹੱਥ ਚੁੱਕਿਆ । ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਕਤਲ ਕਰਵਾ ਦਿੱਤਾ । ਜਦੋਂ ਉਸ ਨੇ ਇਹ ਦੇਖਿਆ ਕਿ ਇਸ ਤੋਂ ਯਹੂਦੀ ਖ਼ੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਗਰਿਫ਼ਤਾਰ ਕਰ ਲਿਆ (ਇਹ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਵਿੱਚ ਹੋਇਆ) । ਪਤਰਸ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਸੁਰੱਖਿਆ ਲਈ ਚਾਰ ਚਾਰ ਸਿਪਾਹੀਆਂ ਦੀਆਂ ਚਾਰ ਟੋਲੀਆਂ ਨਿਯੁਕਤ ਕਰ ਦਿੱਤੀਆਂ । ਹੇਰੋਦੇਸ ਦੀ ਯੋਜਨਾ ਸੀ ਕਿ ਉਹ ਪਤਰਸ ਨੂੰ ਯਹੂਦੀ ਲੋਕਾਂ ਦੇ ਸਾਹਮਣੇ ਪਸਾਹ ਦੇ ਤਿਉਹਾਰ ਦੇ ਬਾਅਦ ਪੇਸ਼ ਕਰੇ । ਪਤਰਸ ਹਵਾਲਾਤ ਵਿੱਚ ਬੰਦ ਸੀ ਪਰ ਕਲੀਸਿਯਾ ਉਸ ਦੇ ਲਈ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਵਿੱਚ ਲੱਗੀ ਹੋਈ ਸੀ । ਜਦੋਂ ਹੇਰੋਦੇਸ ਪਤਰਸ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਾਲਾ ਸੀ, ਉਸ ਰਾਤ ਤੋਂ ਪਹਿਲਾਂ ਪਤਰਸ ਦੋ ਸਿਪਾਹੀਆਂ ਦੇ ਵਿਚਕਾਰ ਜ਼ੰਜੀਰਾਂ ਨਾਲ ਬੰਨ੍ਹਿਆ ਹੋਇਆ ਸੌਂ ਰਿਹਾ ਸੀ । ਹਵਾਲਾਤ ਦੇ ਦਰਵਾਜ਼ੇ ਤੇ ਪਹਿਰੇਦਾਰ ਪਹਿਰਾ ਦੇ ਰਹੇ ਸਨ । ਅਚਾਨਕ ਪ੍ਰਭੂ ਦਾ ਇੱਕ ਸਵਰਗਦੂਤ ਉੱਥੇ ਆ ਕੇ ਖੜ੍ਹਾ ਹੋ ਗਿਆ ਅਤੇ ਕੋਠੜੀ ਚਾਨਣ ਨਾਲ ਭਰ ਗਈ । ਸਵਰਗਦੂਤ ਨੇ ਪਤਰਸ ਨੂੰ ਮੋਢੇ ਤੋਂ ਫੜ ਕੇ ਹਿਲਾਇਆ ਅਤੇ ਉਸ ਨੂੰ ਜਗਾ ਕੇ ਕਿਹਾ, “ਛੇਤੀ ਕਰ, ਉੱਠ!” ਉਸੇ ਸਮੇਂ ਪਤਰਸ ਦੀਆਂ ਹੱਥਕੜੀਆਂ ਖੁੱਲ੍ਹ ਕੇ ਡਿੱਗ ਪਈਆਂ । ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਕਮਰਬੰਦ ਕੱਸ ਅਤੇ ਜੁੱਤੀ ਪਾ ਲੈ ।” ਪਤਰਸ ਨੇ ਇਸੇ ਤਰ੍ਹਾਂ ਕੀਤਾ । ਫਿਰ ਸਵਰਗਦੂਤ ਨੇ ਉਸ ਨੂੰ ਕਿਹਾ, “ਆਪਣਾ ਚੋਗਾ ਪਾ ਕੇ ਮੇਰੇ ਪਿੱਛੇ ਆ ਜਾ ।” ਪਤਰਸ ਉਸ ਦੇ ਪਿੱਛੇ ਪਿੱਛੇ ਬਾਹਰ ਆਇਆ । ਪਰ ਉਹ ਨਹੀਂ ਜਾਣਦਾ ਸੀ ਕਿ ਜੋ ਕੁਝ ਸਵਰਗਦੂਤ ਕਰ ਰਿਹਾ ਹੈ, ਸੱਚ ਹੈ । ਉਹ ਸੋਚ ਰਿਹਾ ਸੀ ਕਿ ਉਹ ਕੋਈ ਸੁਪਨਾ ਦੇਖ ਰਿਹਾ ਹੈ । ਪਰ ਉਹ ਪਹਿਲੇ ਅਤੇ ਦੂਜੇ ਪਹਿਰੇਦਾਰਾਂ ਨੂੰ ਪਾਰ ਕਰ ਕੇ ਉਸ ਲੋਹੇ ਦੇ ਫਾਟਕ ਤੇ ਪਹੁੰਚੇ ਜਿੱਥੋਂ ਰਾਹ ਸ਼ਹਿਰ ਵੱਲ ਜਾਂਦਾ ਸੀ । ਫਾਟਕ ਉਹਨਾਂ ਦੇ ਲਈ ਆਪਣੇ ਆਪ ਖੁੱਲ੍ਹ ਗਿਆ । ਉਹ ਬਾਹਰ ਨਿਕਲ ਕੇ ਇੱਕ ਗਲੀ ਤੱਕ ਗਏ ਸਨ ਕਿ ਅਚਾਨਕ ਸਵਰਗਦੂਤ ਪਤਰਸ ਨੂੰ ਛੱਡ ਕੇ ਚਲਾ ਗਿਆ । ਜਦੋਂ ਪਤਰਸ ਨੂੰ ਹੋਸ਼ ਆਈ ਤਾਂ ਉਸ ਨੇ ਆਪਣੇ ਆਪ ਨੂੰ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਸਵਰਗਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥਾਂ ਤੋਂ ਬਚਾ ਲਿਆ ਹੈ ਅਤੇ ਇਸ ਤਰ੍ਹਾਂ ਯਹੂਦੀਆਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੈ ।” ਪਤਰਸ ਸਾਰੇ ਹਾਲਾਤ ਨੂੰ ਸਮਝਦੇ ਹੋਏ ਯੂਹੰਨਾ ਜੋ ਮਰਕੁਸ ਅਖਵਾਉਂਦਾ ਸੀ, ਦੀ ਮਾਂ ਮਰੀਅਮ ਦੇ ਘਰ ਆਇਆ । ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ । ਜਦੋਂ ਪਤਰਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਂ ਦੀ ਦਾਸੀ ਦੇਖਣ ਆਈ । ਉਸ ਨੇ ਪਤਰਸ ਦੀ ਆਵਾਜ਼ ਪਛਾਣ ਲਈ ਅਤੇ ਉਹ ਖ਼ੁਸ਼ੀ ਦੇ ਨਾਲ ਦਰਵਾਜ਼ਾ ਖੋਲ੍ਹੇ ਬਿਨਾਂ ਹੀ ਅੰਦਰ ਦੌੜ ਗਈ ਅਤੇ ਕਹਿਣ ਲੱਗੀ, “ਪਤਰਸ ਦਰਵਾਜ਼ੇ ਤੇ ਹੈ!” ਲੋਕਾਂ ਨੇ ਉਸ ਨੂੰ ਕਿਹਾ, “ਤੂੰ ਕਮਲੀ ਹੈਂ ।” ਪਰ ਜਦੋਂ ਉਸ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਹ ਸੱਚ ਹੈ ਤਦ ਉਹਨਾਂ ਨੇ ਕਿਹਾ, “ਉਸ ਦਾ ਸਵਰਗਦੂਤ ਹੋਵੇਗਾ ।” ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ । ਅੰਤ ਵਿੱਚ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਦੇਖ ਕੇ ਹੈਰਾਨ ਹੋ ਗਏ । ਪਤਰਸ ਨੇ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਿਹਾ ਅਤੇ ਉਹਨਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਉਸ ਨੂੰ ਹਵਾਲਾਤ ਵਿੱਚੋਂ ਬਾਹਰ ਲੈ ਆਏ । ਫਿਰ ਉਸ ਨੇ ਕਿਹਾ, “ਯਾਕੂਬ ਅਤੇ ਦੂਜੇ ਭਰਾਵਾਂ ਨੂੰ ਇਹ ਗੱਲ ਦੱਸ ਦੇਣਾ ।” ਫਿਰ ਪਤਰਸ ਬਾਹਰ ਆਇਆ ਅਤੇ ਕਿਸੇ ਦੂਜੀ ਥਾਂ ਤੇ ਚਲਾ ਗਿਆ । ਜਦੋਂ ਦਿਨ ਚੜ੍ਹਿਆ ਤਾਂ ਪਹਿਰੇਦਾਰ ਬਹੁਤ ਘਬਰਾ ਗਏ ਕਿ ਪਤਰਸ ਨੂੰ ਕੀ ਹੋਇਆ ਹੈ? ਹੇਰੋਦੇਸ ਨੇ ਪਤਰਸ ਦੀ ਬਹੁਤ ਖੋਜ ਕੀਤੀ ਪਰ ਕੁਝ ਪਤਾ ਨਾ ਲੱਗਾ । ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ ਅਤੇ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ । ਇਸ ਦੇ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਆ ਵਿੱਚ ਜਾ ਕੇ ਰਹਿਣ ਲੱਗਾ । ਹੇਰੋਦੇਸ ਸੂਰ ਅਤੇ ਸੈਦਾ ਦੇ ਰਹਿਣ ਵਾਲਿਆਂ ਨਾਲ ਬਹੁਤ ਨਾਰਾਜ਼ ਹੋਇਆ । ਇਸ ਲਈ ਉਹ ਸਾਰੇ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜਾ ਦੇ ਮਹਿਲ ਦੇ ਸਰਦਾਰ ਬਲਾਸਤੁਸ ਨੂੰ ਆਪਣੇ ਵੱਲ ਕਰ ਕੇ ਉਸ ਕੋਲ ਸੁਲਾਹ ਦਾ ਸੁਝਾਅ ਪੇਸ਼ ਕੀਤਾ ਕਿਉਂਕਿ ਉਹਨਾਂ ਦੀ ਖ਼ੁਰਾਕ ਰਾਜਾ ਦੇ ਦੇਸ਼ ਤੇ ਨਿਰਭਰ ਸੀ । ਇੱਕ ਨਿਯੁਕਤ ਕੀਤੇ ਹੋਏ ਦਿਨ, ਹੇਰੋਦੇਸ ਨੇ ਸ਼ਾਹੀ ਕੱਪੜੇ ਪਾਏ ਅਤੇ ਲੋਕਾਂ ਅੱਗੇ ਭਾਸ਼ਣ ਦਿੱਤਾ । ਤਦ ਲੋਕਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਇਹ ਆਦਮੀ ਦੀ ਆਵਾਜ਼ ਨਹੀਂ ਸਗੋਂ ਪਰਮੇਸ਼ਰ ਦੀ ਹੈ ।” ਉਸੇ ਸਮੇਂ ਪ੍ਰਭੂ ਦੇ ਇੱਕ ਸਵਰਗਦੂਤ ਨੇ ਹੇਰੋਦੇਸ ਉੱਤੇ ਵਾਰ ਕੀਤਾ ਕਿਉਂਕਿ ਉਸ ਨੇ ਪਰਮੇਸ਼ਰ ਦੀ ਵਡਿਆਈ ਨਹੀਂ ਕੀਤੀ ਸੀ ਅਤੇ ਉਹ ਕੀੜੇ ਪੈ ਕੇ ਮਰ ਗਿਆ । ਪਰਮੇਸ਼ਰ ਦਾ ਵਚਨ ਵੱਧਦਾ ਅਤੇ ਫੈਲਦਾ ਗਿਆ । ਫਿਰ ਬਰਨਾਬਾਸ ਅਤੇ ਸਾਊਲ ਆਪਣੀ ਸੇਵਾ ਦਾ ਕੰਮ ਪੂਰਾ ਕਰ ਕੇ ਯਰੂਸ਼ਲਮ ਤੋਂ ਵਾਪਸ ਆਏ । ਉਹ ਆਪਣੇ ਨਾਲ ਯੂਹੰਨਾ ਨੂੰ ਵੀ ਲੈ ਆਏ ਜਿਸ ਦਾ ਉਪਨਾਮ ਮਰਕੁਸ ਸੀ । ਅੰਤਾਕਿਯਾ ਦੀ ਕਲੀਸਿਯਾ ਵਿੱਚ ਕਈ ਨਬੀ ਅਤੇ ਉਪਦੇਸ਼ਕ ਜਿਹਨਾਂ ਵਿੱਚ ਬਰਨਾਬਾਸ, ਸ਼ਮਊਨ ਜੋ ‘ਕਾਲਾ’ ਅਖਵਾਉਂਦਾ ਸੀ, ਕੁਰੇਨ ਦਾ ਰਹਿਣ ਵਾਲਾ ਲੁਕਿਯੁਸ, ਮਨਾਹੇਨ ਜਿਸ ਦਾ ਪਾਲਨ-ਪੋਸ਼ਣ ਰਾਜਾ ਹੇਰੋਦੇਸ ਦੇ ਨਾਲ ਹੋਇਆ ਸੀ ਅਤੇ ਸਾਊਲ ਸਨ । ਜਦੋਂ ਉਹ ਪ੍ਰਭੂ ਦੀ ਭਗਤੀ ਕਰ ਰਹੇ ਅਤੇ ਵਰਤ ਰੱਖ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ: “ਮੇਰੇ ਲਈ ਬਰਨਾਬਾਸ ਅਤੇ ਸਾਊਲ ਨੂੰ ਉਸ ਕੰਮ ਦੇ ਲਈ ਵੱਖਰੇ ਰੱਖੋ ਜਿਸ ਦੇ ਲਈ ਮੈਂ ਉਹਨਾਂ ਨੂੰ ਸੱਦਿਆ ਹੈ ।” ਇਸ ਲਈ ਉਹਨਾਂ ਨੇ ਵਰਤ ਰੱਖ ਕੇ ਬਰਨਾਬਾਸ ਅਤੇ ਸਾਊਲ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਦੋਨਾਂ ਨੂੰ ਵਿਦਾ ਕੀਤਾ । ਬਰਨਾਬਾਸ ਅਤੇ ਸਾਊਲ ਪਵਿੱਤਰ ਆਤਮਾ ਦੇ ਭੇਜੇ ਹੋਏ ਸਿਲੂਕਿਯਾ ਪਹੁੰਚੇ । ਉੱਥੇ ਉਹ ਜਹਾਜ਼ ਤੇ ਚੜ੍ਹ ਕੇ ਕੁਪਰੁਸ ਵੱਲ ਗਏ ਅਤੇ ਸਲਮੀਸ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ । ਯੂਹੰਨਾ (ਮਰਕੁਸ) ਉਹਨਾਂ ਦਾ ਮਦਦਗਾਰ ਸੀ । ਪੂਰੇ ਟਾਪੂ ਦੀ ਯਾਤਰਾ ਕਰ ਕੇ ਉਹ ਪਾਫ਼ੁਸ ਪਹੁੰਚੇ । ਉੱਥੇ ਉਹਨਾਂ ਦੀ ਮੁਲਾਕਾਤ ਇੱਕ ਬਾਰ-ਯਿਸੂ ਨਾਂ ਦੇ ਜਾਦੂਗਰ ਨਾਲ ਹੋਈ । ਉਹ ਇੱਕ ਯਹੂਦੀ ਸੀ ਅਤੇ ਉਹ ਝੂਠਾ ਨਬੀ ਸੀ । ਉਹ ਰਾਜਪਾਲ ਸਰਗੀਉਸ ਪੌਲੂਸ ਦੇ ਨਾਲ ਸੀ ਜੋ ਇੱਕ ਸਮਝਦਾਰ ਆਦਮੀ ਸੀ । ਉਸ ਨੇ ਬਰਨਾਬਾਸ ਅਤੇ ਸਾਊਲ ਨੂੰ ਸੱਦ ਕੇ ਪਰਮੇਸ਼ਰ ਦਾ ਵਚਨ ਸੁਣਨ ਦੀ ਇੱਛਾ ਪ੍ਰਗਟ ਕੀਤੀ । ਪਰ ਏਲੀਮਸ ਜਾਦੂਗਰ ਨੇ (ਯੂਨਾਨੀ ਭਾਸ਼ਾ ਵਿੱਚ ਉਸ ਦਾ ਨਾਂ) ਉਹਨਾਂ ਦਾ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ । ਤਦ ਸਾਊਲ ਨੇ ਜੋ ਪੌਲੂਸ ਵੀ ਅਖਵਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਸ ਵੱਲ ਬੜੇ ਧਿਆਨ ਨਾਲ ਦੇਖਦੇ ਹੋਏ ਉਸ ਨੂੰ ਕਿਹਾ, “ਹੇ ਸਭ ਕਪਟ ਅਤੇ ਬੁਰਾਈਆਂ ਦੀ ਜੜ੍ਹ, ਸ਼ੈਤਾਨ ਦੀ ਸੰਤਾਨ, ਸਾਰੀ ਨੇਕੀ ਦੇ ਵੈਰੀ, ਕੀ ਤੂੰ ਪਰਮੇਸ਼ਰ ਦੇ ਸਿੱਧੇ ਰਾਹਾਂ ਨੂੰ ਟੇਢੇ ਬਣਾਉਣ ਤੋਂ ਨਹੀਂ ਟਲੇਂਗਾ? ਹੁਣ ਦੇਖ, ਪ੍ਰਭੂ ਦਾ ਹੱਥ ਤੇਰੇ ਵਿਰੁੱਧ ਉੱਠਿਆ ਹੈ । ਤੂੰ ਅੰਨ੍ਹਾ ਹੋ ਜਾਵੇਂਗਾ ਅਤੇ ਕੁਝ ਦੇਰ ਤੱਕ ਸੂਰਜ ਦਾ ਪ੍ਰਕਾਸ਼ ਨਹੀਂ ਦੇਖ ਸਕੇਂਗਾ ।” ਉਸੇ ਸਮੇਂ ਉਸ ਦੀਆਂ ਅੱਖਾਂ ਸਾਹਮਣੇ ਧੁੰਧਲਾਪਨ ਅਤੇ ਅੰਧਕਾਰ ਛਾ ਗਿਆ ਅਤੇ ਉਹ ਇਧਰ-ਉਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਲੈ ਜਾਵੇ । ਰਾਜਪਾਲ ਨੇ ਇਹ ਦੇਖ ਕੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੇ ਬਾਰੇ ਦਿੱਤੀ ਸਿੱਖਿਆ ਤੋਂ ਹੈਰਾਨ ਰਹਿ ਗਿਆ । ਪੌਲੂਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰੀ ਜਹਾਜ਼ ਦੁਆਰਾ ਪਰਗਾ ਵਿੱਚ ਆਏ ਜੋ ਪਮਫ਼ਿਲਿਯਾ ਦਾ ਇੱਕ ਸ਼ਹਿਰ ਹੈ । ਪਰ ਯੂਹੰਨਾ ਜਿਸ ਦਾ ਉਪਨਾਮ ਮਰਕੁਸ ਸੀ ਉਹਨਾਂ ਨੂੰ ਉੱਥੇ ਛੱਡ ਕੇ ਵਾਪਸ ਯਰੂਸ਼ਲਮ ਚਲਾ ਗਿਆ । ਫਿਰ ਉਹ ਪਰਗਾ ਤੋਂ ਚਲ ਕੇ ਅੰਤਾਕਿਯਾ, ਜੋ ਪਿਸਿਦਿਯਾ ਵਿੱਚ ਹੈ ਆਏ ਅਤੇ ਸਬਤ ਦੇ ਦਿਨ ਜਾ ਕੇ ਪ੍ਰਾਰਥਨਾ ਘਰ ਵਿੱਚ ਬੈਠ ਗਏ । ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਪੜ੍ਹਨ ਤੋਂ ਬਾਅਦ ਪ੍ਰਾਰਥਨਾ ਘਰ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਸੁਨੇਹਾ ਭੇਜਿਆ, “ਭਰਾਵੋ, ਜੇਕਰ ਲੋਕਾਂ ਦੇ ਉਤਸ਼ਾਹ ਲਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹੋ ।” ਤਦ ਪੌਲੂਸ ਉੱਠਿਆ ਅਤੇ ਉਹਨਾਂ ਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾਉਂਦੇ ਹੋਏ ਕਿਹਾ, “ਇਸਰਾਏਲੀ ਭਰਾਵੋ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲੇ ਸੱਜਣੋ, ਸੁਣੋ, ਇਸਰਾਏਲੀ ਲੋਕਾਂ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਵਿੱਚ ਪਰਵਾਸ ਦੇ ਸਮੇਂ ਉਹਨਾਂ ਨੂੰ ਵੱਡੀ ਕੌਮ ਬਣਾਇਆ । ਫਿਰ ਪਰਮੇਸ਼ਰ ਉਹਨਾਂ ਨੂੰ ਆਪਣੀ ਸਮਰੱਥਾ ਨਾਲ ਬਾਹਰ ਕੱਢ ਲਿਆਏ ਅਤੇ ਚਾਲੀ ਸਾਲ ਤੱਕ ਵਿਰਾਨੇ ਵਿੱਚ ਪਰਮੇਸ਼ਰ ਉਹਨਾਂ ਨੂੰ ਸਹਿੰਦੇ ਰਹੇ । ਫਿਰ ਉਹਨਾਂ ਨੇ ਕਨਾਨ ਦੇਸ਼ ਵਿੱਚ ਸੱਤ ਕੌਮਾਂ ਨੂੰ ਨਾਸ਼ ਕਰ ਕੇ ਕੋਈ ਸਾਢੇ ਚਾਰ ਸੌ ਸਾਲ ਦੇ ਬਾਅਦ ਉਹਨਾਂ ਦੀ ਜ਼ਮੀਨ ਇਸਰਾਏਲ ਨੂੰ ਦੇ ਦਿੱਤੀ । “ਇਸ ਦੇ ਬਾਅਦ ਪਰਮੇਸ਼ਰ ਨੇ ਉਹਨਾਂ ਨੂੰ ਸਮੂਏਲ ਨਬੀ ਦੇ ਸਮੇਂ ਤੱਕ ਨਿਆਈਂ ਦਿੱਤੇ । ਫਿਰ ਲੋਕਾਂ ਨੇ ਰਾਜਾ ਦੀ ਮੰਗ ਕੀਤੀ । ਤਦ ਪਰਮੇਸ਼ਰ ਨੇ ਉਹਨਾਂ ਨੂੰ ਕੀਸ਼ ਦਾ ਪੁੱਤਰ ਸਾਊਲ ਦਿੱਤਾ ਜੋ ਬਿਨਯਾਮੀਨ ਦੀ ਕੁਲ ਵਿੱਚੋਂ ਸੀ, ਉਹ ਚਾਲੀ ਸਾਲ ਤੱਕ ਉਹਨਾਂ ਦਾ ਰਾਜਾ ਰਿਹਾ । ਫਿਰ ਉਸ ਨੂੰ ਹਟਾ ਕੇ ਪਰਮੇਸ਼ਰ ਨੇ ਦਾਊਦ ਨੂੰ ਉਹਨਾਂ ਦਾ ਰਾਜਾ ਨਿਯੁਕਤ ਕੀਤਾ । ਉਸ ਦੇ ਬਾਰੇ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ, ‘ਮੈਨੂੰ ਇੱਕ ਮਨੁੱਖ ਯੱਸੀ ਦਾ ਪੁੱਤਰ ਦਾਊਦ ਮਿਲ ਗਿਆ ਹੈ, ਉਹ ਮੇਰੇ ਦਿਲ ਦੇ ਅਨੁਸਾਰ ਹੈ, ਉਹ ਮੇਰੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ ।’ ਇਸੇ ਦੀ ਕੁਲ ਵਿੱਚੋਂ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਇਸਰਾਏਲ ਦੇ ਲਈ ਮੁਕਤੀਦਾਤਾ ਯਿਸੂ ਨੂੰ ਨਿਯੁਕਤ ਕੀਤਾ । ਯਿਸੂ ਦੇ ਆਉਣ ਤੋਂ ਪਹਿਲਾਂ ਇਸਰਾਏਲ ਦੇ ਸਾਰੇ ਲੋਕਾਂ ਲਈ ਯੂਹੰਨਾ ਨੇ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ । ਜਦੋਂ ਯੂਹੰਨਾ ਆਪਣੇ ਜੀਵਨ ਦੇ ਉਦੇਸ਼ ਨੂੰ ਪੂਰਾ ਕਰਨ ਦੇ ਅੰਤਮ ਸਮੇਂ ਤੇ ਸੀ ਤਾਂ ਉਸ ਨੇ ਕਿਹਾ: ‘ਤੁਸੀਂ ਮੇਰੇ ਬਾਰੇ ਜੋ ਸੋਚਦੇ ਹੋ, ਮੈਂ ਉਹ ਨਹੀਂ ਹਾਂ । ਪਰ ਦੇਖੋ, ਜਿਹੜੇ ਮੇਰੇ ਬਾਅਦ ਆ ਰਹੇ ਹਨ, ਮੈਂ ਉਹਨਾਂ ਦੇ ਪੈਰਾਂ ਦੀ ਜੁੱਤੀ ਖੋਲ੍ਹਣ ਦੇ ਯੋਗ ਵੀ ਨਹੀਂ ਹਾਂ ।’ “ਭਰਾਵੋ, ਅਬਰਾਹਾਮ ਦੇ ਵੰਸ ਦੇ ਲੋਕੋ, ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਮੁਕਤੀ ਦਾ ਇਹ ਸ਼ੁਭ ਸਮਾਚਾਰ ਸਾਡੇ ਲਈ ਭੇਜਿਆ ਗਿਆ ਹੈ । ਪਰ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਹਨਾਂ ਦੇ ਆਗੂਆਂ ਨੇ ਯਿਸੂ ਨੂੰ ਨਾ ਪਛਾਣਿਆ ਅਤੇ ਨਾ ਹੀ ਉਹਨਾਂ ਨੇ ਨਬੀਆਂ ਦੇ ਵਚਨਾਂ ਨੂੰ ਸਮਝਿਆ । ਪਰ ਫਿਰ ਵੀ ਉਹਨਾਂ ਨੇ ਯਿਸੂ ਨੂੰ ਸਜ਼ਾ ਦੇ ਕੇ ਨਬੀਆਂ ਦੇ ਵਚਨਾਂ ਨੂੰ ਪੂਰਾ ਕੀਤਾ, ਜਿਹਨਾਂ ਨੂੰ ਹਰ ਸਬਤ ਪੜ੍ਹਿਆ ਜਾਂਦਾ ਹੈ । ਭਾਵੇਂ ਉਹਨਾਂ ਨੂੰ ਯਿਸੂ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੋਈ ਦੋਸ਼ ਨਾ ਲੱਭਾ ਪਰ ਫਿਰ ਵੀ ਪਿਲਾਤੁਸ ਤੋਂ ਮੰਗ ਕੀਤੀ ਕਿ ਯਿਸੂ ਨੂੰ ਮਾਰ ਦਿੱਤਾ ਜਾਵੇ । ਜਦੋਂ ਉਹ ਸਭ ਜੋ ਕੁਝ ਯਿਸੂ ਦੇ ਬਾਰੇ ਲਿਖਿਆ ਹੋਇਆ ਸੀ, ਪੂਰਾ ਕਰ ਚੁੱਕੇ ਤਾਂ ਉਹਨਾਂ ਨੇ ਯਿਸੂ ਨੂੰ ਸਲੀਬ ਉੱਤੋਂ ਉਤਾਰ ਕੇ ਕਬਰ ਵਿੱਚ ਰੱਖ ਦਿੱਤਾ । ਪਰ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਫਿਰ ਜਿਊਂਦਾ ਕਰ ਦਿੱਤਾ । ਯਿਸੂ ਬਹੁਤ ਦਿਨਾਂ ਤੱਕ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਦੇ ਨਾਲ ਗਲੀਲ ਤੋਂ ਯਰੂਸ਼ਲਮ ਆਏ ਸਨ, ਦਰਸ਼ਨ ਦਿੰਦੇ ਰਹੇ । ਉਹ ਹੀ ਲੋਕ ਹੁਣ ਲੋਕਾਂ ਦੇ ਸਾਹਮਣੇ ਉਹਨਾਂ ਦੇ ਗਵਾਹ ਹਨ । ਅਸੀਂ ਤੁਹਾਨੂੰ ਇਹ ਸ਼ੁਭ ਸਮਾਚਾਰ ਸੁਣਾਉਂਦੇ ਹਾਂ ਕਿ ਸਾਡੇ ਪੁਰਖਿਆਂ ਨਾਲ ਕੀਤੇ ਵਾਅਦੇ ਨੂੰ, ਪਰਮੇਸ਼ਰ ਨੇ ਉਹਨਾਂ ਦੀ ਸੰਤਾਨ ਦੇ ਲਈ ਯਿਸੂ ਨੂੰ ਜਿਊਂਦਾ ਕਰ ਕੇ ਪੂਰਾ ਕੀਤਾ, ਜਿਸ ਤਰ੍ਹਾਂ ਦੂਜੇ ਭਜਨ ਵਿੱਚ ਲਿਖਿਆ ਹੋਇਆ ਹੈ: ‘ਤੂੰ ਮੇਰਾ ਪੁੱਤਰ ਹੈਂ, ਮੈਂ ਤੈਨੂੰ ਅੱਜ ਜਨਮ ਦਿੱਤਾ ਹੈ ।’ ਪਰਮੇਸ਼ਰ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਕਿ ਉਹ ਕਦੀ ਨਾ ਸੜੇ, ਇਸ ਬਾਰੇ ਪਰਮੇਸ਼ਰ ਨੇ ਕਿਹਾ, ‘ਮੈਂ ਤੈਨੂੰ ਪਵਿੱਤਰ ਅਤੇ ਅਟੁੱਟ ਅਸੀਸਾਂ ਦੇਵਾਂਗਾ, ਜਿਸ ਦਾ ਵਾਅਦਾ ਮੈਂ ਦਾਊਦ ਨਾਲ ਕੀਤਾ ਸੀ ।’ ਉਹਨਾਂ ਨੇ ਕਿਸੇ ਹੋਰ ਭਜਨ ਵਿੱਚ ਠੀਕ ਹੀ ਕਿਹਾ ਹੈ, ‘ਤੂੰ ਆਪਣੇ ਪਵਿੱਤਰ ਪੁਰਖ ਨੂੰ ਸੜਨ ਤੱਕ ਨਹੀਂ ਪਹੁੰਚਣ ਦੇਵੇਂਗਾ ।’ “ਦਾਊਦ ਤਾਂ ਆਪਣੇ ਸਮੇਂ ਵਿੱਚ ਪਰਮੇਸ਼ਰ ਦਾ ਉਦੇਸ਼ ਪੂਰਾ ਕਰ ਕੇ ਹਮੇਸ਼ਾ ਦੀ ਨੀਂਦ ਸੌਂ ਗਿਆ ਅਤੇ ਆਪਣੇ ਪੁਰਖਿਆਂ ਦੇ ਕੋਲ ਚਲਾ ਗਿਆ ਅਤੇ ਸੜ ਗਿਆ । ਪਰ ਜਿਸ ਨੂੰ ਪਰਮੇਸ਼ਰ ਨੇ ਜਿਊਂਦਾ ਕੀਤਾ, ਉਹ ਸੜਨ ਤੱਕ ਨਾ ਪਹੁੰਚਿਆ । ਇਸ ਲਈ ਹੇ ਇਸਰਾਏਲੀਓ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਯਿਸੂ ਦੇ ਦੁਆਰਾ ਹੀ ਪਾਪਾਂ ਦੀ ਮਾਫ਼ੀ ਦਾ ਉਪਦੇਸ਼ ਸੁਣਾਇਆ ਜਾ ਰਿਹਾ ਹੈ । ਮੂਸਾ ਦੀ ਵਿਵਸਥਾ ਜਿਹਨਾਂ ਚੀਜ਼ਾਂ ਤੋਂ ਮੁਕਤ ਨਾ ਕਰ ਸਕੀ ਉਹਨਾਂ ਤੋਂ ਹੀ ਹਰ ਕੋਈ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਾ ਮੁਕਤ ਹੁੰਦਾ ਹੈ । ਇਸ ਲਈ ਸਾਵਧਾਨ ਰਹੋ, ਕਿਤੇ ਨਬੀਆਂ ਦਾ ਇਹ ਵਚਨ ਤੁਹਾਡੇ ਰਾਹੀਂ ਪੂਰਾ ਨਾ ਹੋ ਜਾਵੇ: ‘ਹੇ ਤੁੱਛ ਜਾਨਣ ਵਾਲਿਓ, ਦੇਖੋ, ਹੈਰਾਨ ਹੋਵੋ ਅਤੇ ਨਾਸ਼ ਹੋ ਜਾਓ! ਕਿਉਂਕਿ ਮੈਂ ਤੁਹਾਡੇ ਸਮੇਂ ਵਿੱਚ ਇਹ ਕੰਮ ਕਰ ਰਿਹਾ ਹਾਂ, ਜਿਸ ਉੱਤੇ ਕਿਸੇ ਦੇ ਦੱਸਣ ਤੇ ਵੀ ਤੁਸੀਂ ਵਿਸ਼ਵਾਸ ਨਹੀਂ ਕਰੋਗੇ!’” ਜਦੋਂ ਪੌਲੂਸ ਅਤੇ ਬਰਨਾਬਾਸ ਪ੍ਰਾਰਥਨਾ ਘਰ ਨੂੰ ਛੱਡ ਕੇ ਜਾ ਰਹੇ ਸਨ, ਤਾਂ ਲੋਕਾਂ ਨੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਅਗਲੇ ਸਬਤ ਨੂੰ ਇਹ ਹੀ ਗੱਲਾਂ ਉਹਨਾਂ ਨੂੰ ਫਿਰ ਸੁਣਾਉਣ । ਫਿਰ ਜਦੋਂ ਸਭਾ ਖ਼ਤਮ ਹੋ ਗਈ ਤਾਂ ਬਹੁਤ ਸਾਰੇ ਯਹੂਦੀ ਅਤੇ ਪਰਾਈਆਂ ਕੌਮਾਂ ਵਿੱਚੋਂ ਬਣੇ ਯਹੂਦੀ ਸ਼ਰਧਾਲੂ ਪੌਲੂਸ ਅਤੇ ਬਰਨਾਬਾਸ ਦੇ ਪਿੱਛੇ ਗਏ । ਉਹਨਾਂ ਦੋਨਾਂ ਨੇ ਉਹਨਾਂ ਲੋਕਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਉਤਸ਼ਾਹ ਦਿੱਤਾ ਕਿ ਪਰਮੇਸ਼ਰ ਦੀ ਕਿਰਪਾ ਉੱਤੇ ਭਰੋਸਾ ਰੱਖੋ । ਅਗਲੇ ਸਬਤ ਨੂੰ ਲਗਭਗ ਸਾਰਾ ਸ਼ਹਿਰ ਪਰਮੇਸ਼ਰ ਦਾ ਵਚਨ ਸੁਣਨ ਲਈ ਇਕੱਠਾ ਹੋ ਗਿਆ । ਜਦੋਂ ਯਹੂਦੀਆਂ ਨੇ ਇਸ ਭੀੜ ਨੂੰ ਦੇਖਿਆ ਤਾਂ ਉਹ ਈਰਖਾ ਨਾਲ ਭਰ ਗਏ ਅਤੇ ਪੌਲੂਸ ਦੀ ਨਿੰਦਾ ਕਰ ਕੇ ਉਸ ਦਾ ਵਿਰੋਧ ਕਰਨ ਲੱਗੇ । ਤਦ ਪੌਲੂਸ ਅਤੇ ਬਰਨਾਬਾਸ ਨੇ ਨਿਡਰ ਹੋ ਕਿ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਵੇ ਪਰ ਜਦੋਂ ਤੁਸੀਂ ਉਸ ਨੂੰ ਰੱਦਦੇ ਅਤੇ ਆਪਣੇ ਆਪ ਨੂੰ ਅਨੰਤ ਜੀਵਨ ਦੇ ਯੋਗ ਨਹੀਂ ਸਮਝਦੇ ਤਾਂ ਅਸੀਂ ਪਰਾਈਆਂ ਕੌਮਾਂ ਦੇ ਵੱਲ ਜਾਂਦੇ ਹਾਂ ਕਿਉਂਕਿ ਪ੍ਰਭੂ ਨੇ ਸਾਨੂੰ ਇਸੇ ਤਰ੍ਹਾਂ ਹੁਕਮ ਦਿੱਤਾ ਹੈ: “‘ਮੈਂ ਤੁਹਾਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਨਿਯੁਕਤ ਕੀਤਾ ਹੈ ਕਿ ਤੁਸੀਂ ਧਰਤੀ ਦੀ ਅੰਤਮ ਹੱਦ ਤੱਕ ਮੁਕਤੀ ਦਾ ਸੰਦੇਸ਼ ਦੇਵੋ ।’” ਇਹ ਸੁਣ ਕੇ ਪਰਾਈਆਂ ਕੌਮਾਂ ਖ਼ੁਸ਼ ਹੋ ਗਈਆਂ ਅਤੇ ਪ੍ਰਭੂ ਦੇ ਵਚਨ ਦੀ ਵਡਿਆਈ ਕਰਨ ਲੱਗੀਆਂ । ਉਹਨਾਂ ਵਿੱਚੋਂ ਜਿਹੜੇ ਅਨੰਤ ਜੀਵਨ ਦੇ ਲਈ ਨਿਯੁਕਤ ਕੀਤੇ ਗਏ ਸਨ, ਉਹਨਾਂ ਨੇ ਵਿਸ਼ਵਾਸ ਕੀਤਾ । ਇਸ ਤਰ੍ਹਾਂ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲ ਗਿਆ । ਪਰ ਯਹੂਦੀਆਂ ਨੇ ਪ੍ਰਭਾਵਸ਼ਾਲੀ ਸ਼ਰਧਾਲੂ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਭੜਕਾਇਆ ਅਤੇ ਪੌਲੂਸ ਅਤੇ ਬਰਨਾਬਾਸ ਦੇ ਵਿਰੁੱਧ ਦੰਗਾ ਖੜ੍ਹਾ ਕਰ ਕੇ ਉਹਨਾਂ ਨੂੰ ਆਪਣੀਆਂ ਹੱਦਾਂ ਤੋਂ ਬਾਹਰ ਕੱਢ ਦਿੱਤਾ । ਉਹ ਦੋਵੇਂ ਉਹਨਾਂ ਦੇ ਵਿਰੁੱਧ ਆਪਣੇ ਪੈਰਾਂ ਦਾ ਘੱਟਾ ਝਾੜ ਕੇ ਇਕੋਨਿਯੁਮ ਵੱਲ ਚਲੇ ਗਏ । ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਰਹੇ । ਇਸੇ ਤਰ੍ਹਾਂ ਇਕੋਨਿਯੁਮ ਵਿੱਚ ਵੀ ਹੋਇਆ । ਪੌਲੂਸ ਅਤੇ ਬਰਨਾਬਾਸ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ਅਤੇ ਅਜਿਹੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰ ਕੀਤਾ ਕਿ ਇੱਕ ਵੱਡੀ ਗਿਣਤੀ ਵਿੱਚ ਯਹੂਦੀਆਂ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ । ਪਰ ਜਿਹਨਾਂ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ ਸੀ, ਉਹਨਾਂ ਨੇ ਪਰਾਈਆਂ ਕੌਮਾਂ ਨੂੰ ਭੜਕਾਇਆ ਅਤੇ ਚੇਲਿਆਂ ਦੇ ਵਿਰੁੱਧ ਕਰ ਦਿੱਤਾ । ਪਰ ਉਹ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਨਿਡਰ ਹੋ ਕੇ ਪ੍ਰਭੂ ਦਾ ਪ੍ਰਚਾਰ ਕਰਦੇ ਰਹੇ । ਪ੍ਰਭੂ ਨੇ ਵੀ ਉਹਨਾਂ ਦੁਆਰਾ ਚਮਤਕਾਰ ਅਤੇ ਚਿੰਨ੍ਹ ਦਿਖਾ ਕੇ ਆਪਣੇ ਕਿਰਪਾ ਵਾਲੇ ਵਚਨ ਨੂੰ ਸੱਚਾ ਸਿੱਧ ਕੀਤਾ । ਇਸ ਕਾਰਨ ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ, ਕੁਝ ਯਹੂਦੀਆਂ ਵੱਲ ਹੋ ਗਏ ਅਤੇ ਕੁਝ ਰਸੂਲਾਂ ਵੱਲ । ਫਿਰ ਜਦੋਂ ਪਰਾਈਆਂ ਕੌਮਾਂ ਅਤੇ ਯਹੂਦੀਆਂ ਨੇ ਆਪਣੇ ਆਗੂਆਂ ਨਾਲ ਮਿਲ ਕੇ ਉਹਨਾਂ ਦੇ ਨਾਲ ਬੁਰਾ ਸਲੂਕ ਅਤੇ ਪਥਰਾਓ ਕਰਨ ਦੀ ਕੋਸ਼ਿਸ਼ ਕੀਤੀ ਤਦ ਉਹ ਇਹ ਸਭ ਜਾਣ ਕੇ ਲੂਕਾਉਨਿਯਾਂ ਦੇ ਸ਼ਹਿਰਾਂ ਲੁਸਤ੍ਰਾ, ਦਰਬੇ ਅਤੇ ਆਲੇ ਦੁਆਲੇ ਦੇ ਇਲਾਕਿਆਂ ਵੱਲ ਚਲੇ ਗਏ ਅਤੇ ਉੱਥੇ ਸ਼ੁਭ ਸਮਾਚਾਰ ਸੁਣਾਉਂਦੇ ਰਹੇ । ਲੁਸਤ੍ਰਾ ਵਿੱਚ ਇੱਕ ਅਪਾਹਜ ਆਦਮੀ ਬੈਠਾ ਹੋਇਆ ਸੀ । ਉਹ ਜਨਮ ਤੋਂ ਹੀ ਲੰਗੜਾ ਸੀ ਅਤੇ ਕਦੀ ਤੁਰਿਆ ਨਹੀਂ ਸੀ । ਉਹ ਪੌਲੂਸ ਦੇ ਵਚਨ ਸੁਣ ਰਿਹਾ ਸੀ । ਪੌਲੂਸ ਨੇ ਉਸ ਵੱਲ ਨੀਝ ਲਾ ਕੇ ਦੇਖਿਆ ਅਤੇ ਇਹ ਜਾਣ ਕੇ ਕਿ ਉਸ ਵਿੱਚ ਚੰਗਾ ਹੋਣ ਦੇ ਯੋਗ ਵਿਸ਼ਵਾਸ ਹੈ, ਉਸ ਨੂੰ ਉੱਚੀ ਆਵਾਜ਼ ਨਾਲ ਕਿਹਾ, “ਆਪਣੇ ਪੈਰਾਂ ਉੱਤੇ ਸਿੱਧਾ ਖੜ੍ਹਾ ਹੋ ਜਾ!” ਉਹ ਉੱਛਲ ਪਿਆ ਅਤੇ ਤੁਰਨ ਲੱਗ ਪਿਆ । ਪੌਲੂਸ ਦਾ ਇਹ ਕੰਮ ਦੇਖ ਕੇ ਭੀੜ ਲੁਕਾਉਨਿਯਾ ਭਾਸ਼ਾ ਵਿੱਚ ਉੱਚੀ ਆਵਾਜ਼ ਨਾਲ ਕਹਿਣ ਲੱਗੀ, “ਦੇਵਤਾ ਲੋਕ ਮਨੁੱਖ ਦਾ ਰੂਪ ਧਾਰ ਕੇ ਸਾਡੇ ਵਿੱਚ ਆ ਗਏ ਹਨ!” ਉਹਨਾਂ ਨੇ ਬਰਨਾਬਾਸ ਨੂੰ ਜ਼ਯੂਸ ਦੇਵਤਾ ਅਤੇ ਪੌਲੂਸ ਨੂੰ ਹਿਰਮੇਸ ਦੇਵਤਾ ਕਿਹਾ ਕਿਉਂਕਿ ਪੌਲੂਸ ਪ੍ਰਮੁੱਖ ਬੋਲਣ ਵਾਲਾ ਸੀ । ਜ਼ਯੂਸ ਦੇਵਤਾ ਦਾ ਪੁਜਾਰੀ ਵੀ ਜਿਸ ਦਾ ਮੰਦਰ ਸ਼ਹਿਰ ਦੇ ਸਾਹਮਣੇ ਸੀ, ਭੀੜ ਦੇ ਨਾਲ ਮਿਲ ਕੇ ਬਲਦ ਅਤੇ ਫੁੱਲਾਂ ਦੇ ਹਾਰ ਫਾਟਕ ਤੇ ਲੈ ਕੇ ਆਇਆ । ਉਹ ਬਲੀਦਾਨ ਕਰਨਾ ਚਾਹੁੰਦੇ ਸਨ । ਪਰ ਜਦੋਂ ਪ੍ਰਮੁੱਖ ਚੇਲਿਆਂ ਭਾਵ ਬਰਨਾਬਾਸ ਅਤੇ ਪੌਲੂਸ ਨੇ ਇਹ ਸੁਣਿਆ ਤਾਂ ਉਹਨਾਂ ਨੇ ਆਪਣੇ ਕੱਪੜੇ ਪਾੜੇ ਅਤੇ ਭੀੜ ਵੱਲ ਦੌੜੇ ਅਤੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਹਿਣ ਲੱਗੇ, “ਤੁਸੀਂ ਲੋਕ ਇਹ ਕੀ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਦੁੱਖ ਸੁੱਖ ਭੋਗਣ ਵਾਲੇ ਮਨੁੱਖ ਹਾਂ । ਅਸੀਂ ਤੁਹਾਨੂੰ ਸ਼ੁਭ ਸਮਾਚਾਰ ਦਿੰਦੇ ਹਾਂ ਕਿ ਇਹਨਾਂ ਵਿਅਰਥ ਚੀਜ਼ਾਂ ਤੋਂ ਮੂੰਹ ਮੋੜੋ ਅਤੇ ਜਿਊਂਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰੋ ਜੋ ਅਕਾਸ਼, ਧਰਤੀ, ਸਮੁੰਦਰ ਅਤੇ ਜੋ ਕੁਝ ਉਸ ਵਿੱਚ ਹੈ, ਸਭ ਨੂੰ ਬਣਾਉਣ ਵਾਲੇ ਹਨ । ਉਹਨਾਂ ਨੇ ਪੁਰਾਣੇ ਸਮੇਂ ਵਿੱਚ ਸਾਰੀਆਂ ਕੌਮਾਂ ਨੂੰ ਆਪਣੇ ਰਾਹ ਉੱਤੇ ਚੱਲਣ ਦਿੱਤਾ । ਪਰ ਉਹ ਆਪਣੀ ਹੋਂਦ ਬਾਰੇ ਸਬੂਤ ਦਿੰਦੇ ਰਹੇ । ਉਹ ਤੁਹਾਨੂੰ ਅਕਾਸ਼ ਤੋਂ ਮੀਂਹ ਅਤੇ ਫਲਦਾਰ ਰੁੱਤਾਂ ਦਿੰਦੇ ਹਨ, ਉਹ ਤੁਹਾਨੂੰ ਭੋਜਨ ਨਾਲ ਰਜਾਉਂਦੇ ਅਤੇ ਤੁਹਾਡੇ ਮਨਾਂ ਵਿੱਚ ਖ਼ੁਸ਼ੀ ਦਿੰਦੇ ਹਨ ।” ਇਹ ਕਹਿਣ ਦੇ ਬਾਅਦ ਵੀ ਉਹਨਾਂ ਨੇ ਬੜੀ ਮੁਸ਼ਕਲ ਨਾਲ ਭੀੜ ਨੂੰ ਬਲੀਦਾਨ ਕਰਨ ਤੋਂ ਰੋਕਿਆ । ਤਦ ਕੁਝ ਯਹੂਦੀ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਆਏ । ਉਹਨਾਂ ਨੇ ਲੋਕਾਂ ਨੂੰ ਆਪਣੇ ਵੱਲ ਕਰ ਕੇ ਪੌਲੂਸ ਨੂੰ ਪਥਰਾਓ ਕੀਤਾ ਅਤੇ ਉਸ ਨੂੰ ਮਰਿਆ ਹੋਇਆ ਸਮਝ ਕੇ ਸ਼ਹਿਰ ਤੋਂ ਬਾਹਰ ਖਿੱਚ ਕੇ ਲੈ ਗਏ । ਪਰ ਜਦੋਂ ਚੇਲੇ ਉਸ ਦੇ ਚਾਰੋਂ ਪਾਸੇ ਇਕੱਠੇ ਹੋ ਗਏ ਤਦ ਪੌਲੂਸ ਉੱਠ ਕੇ ਖੜ੍ਹਾ ਹੋ ਗਿਆ ਅਤੇ ਵਾਪਸ ਸ਼ਹਿਰ ਵਿੱਚ ਚਲਾ ਗਿਆ । ਫਿਰ ਦੂਜੇ ਦਿਨ ਬਰਨਾਬਾਸ ਦੇ ਨਾਲ ਦਰਬੇ ਨੂੰ ਚਲਾ ਗਿਆ । ਪੌਲੂਸ ਅਤੇ ਬਰਨਾਬਾਸ ਨੇ ਦਰਬੇ ਵਿੱਚ ਸ਼ੁਭ ਸਮਾਚਾਰ ਸੁਣਾਇਆ ਅਤੇ ਬਹੁਤ ਸਾਰੇ ਚੇਲੇ ਬਣਾ ਕੇ ਉਹ ਲੁਸਤ੍ਰਾ, ਇਕੋਨਿਯੁਮ ਅਤੇ ਅੰਤਾਕਿਯਾ ਨੂੰ ਵਾਪਸ ਆ ਗਏ । ਉਹ ਚੇਲਿਆਂ ਦੇ ਮਨਾਂ ਨੂੰ ਮਜ਼ਬੂਤ ਕਰਦੇ ਅਤੇ ਉਹਨਾਂ ਨੂੰ ਵਿਸ਼ਵਾਸ ਵਿੱਚ ਪੱਕੇ ਰਹਿਣ ਲਈ ਉਤਸ਼ਾਹ ਦਿੰਦੇ ਸਨ । ਉਹ ਕਹਿੰਦੇ ਸਨ, “ਸਾਡੇ ਲਈ ਜ਼ਰੂਰੀ ਹੈ ਕੀ ਅਸੀਂ ਬਹੁਤ ਸਾਰੇ ਦੁੱਖ ਸਹਿ ਕੇ ਪਰਮੇਸ਼ਰ ਦੇ ਰਾਜ ਵਿੱਚ ਦਾਖ਼ਲ ਹੋਈਏ ।” ਉਹਨਾਂ ਨੇ ਹਰ ਕਲੀਸਿਯਾ ਦੇ ਲਈ ਪ੍ਰਾਰਥਨਾ ਅਤੇ ਵਰਤ ਰੱਖ ਕੇ ਬਜ਼ੁਰਗ ਆਗੂ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਪ੍ਰਭੂ ਦੇ ਸਾਹਮਣੇ ਜਿਹਨਾਂ ਵਿੱਚ ਉਹ ਵਿਸ਼ਵਾਸ ਰੱਖਦੇ ਸਨ ਅਰਪਿਤ ਕੀਤਾ । ਫਿਰ ਉਹ ਪਿਸਿਦਿਯਾ ਹੁੰਦੇ ਹੋਏ ਪਮਫ਼ਿਲਿਯਾ ਵਿੱਚ ਆਏ ਅਤੇ ਪਰਗਾ ਵਿੱਚ ਸ਼ੁਭ ਸਮਾਚਾਰ ਸੁਣਾ ਕੇ ਇਤਾਲਿਯਾ ਵਿੱਚ ਜਾ ਪਹੁੰਚੇ । ਉੱਥੋਂ ਉਹ ਸਮੁੰਦਰੀ ਜਹਾਜ਼ ਦੁਆਰਾ ਅੰਤਾਕਿਯਾ ਪਹੁੰਚੇ ਜਿੱਥੋਂ ਉਹ ਉਸ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਵਿੱਚ ਸੌਂਪੇ ਗਏ ਸਨ, ਜਿਸ ਨੂੰ ਹੁਣ ਉਹਨਾਂ ਨੇ ਪੂਰਾ ਕੀਤਾ ਸੀ । ਅੰਤਾਕਿਯਾ ਵਿੱਚ ਪਹੁੰਚ ਕੇ ਉਹਨਾਂ ਨੇ ਕਲੀਸਿਯਾ ਨੂੰ ਇਕੱਠਾ ਕੀਤਾ ਅਤੇ ਦੱਸਿਆ ਕਿ ਪਰਮੇਸ਼ਰ ਨੇ ਉਹਨਾਂ ਨਾਲ ਕਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ ਹੈ । ਉੱਥੇ ਉਹ ਚੇਲਿਆਂ ਨਾਲ ਬਹੁਤ ਦਿਨਾਂ ਤੱਕ ਰਹੇ । ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਆ ਕੇ ਭਰਾਵਾਂ ਨੂੰ ਸਿਖਾਉਣ ਲੱਗੇ, “ਜੇਕਰ ਤੁਹਾਡੀ ਮੂਸਾ ਦੀ ਵਿਵਸਥਾ ਅਨੁਸਾਰ ਸੁੰਨਤ ਨਹੀਂ ਹੋਈ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ।” ਤਦ ਪੌਲੂਸ ਅਤੇ ਬਰਨਾਬਾਸ ਦਾ ਉਹਨਾਂ ਨਾਲ ਬਹੁਤ ਝਗੜਾ ਅਤੇ ਵਿਵਾਦ ਹੋਇਆ । ਇਸ ਲਈ ਇਹ ਫ਼ੈਸਲਾ ਹੋਇਆ ਕਿ ਪੌਲੂਸ, ਬਰਨਾਬਾਸ ਅਤੇ ਉਹਨਾਂ ਵਿੱਚੋਂ ਕੁਝ ਆਦਮੀ ਇਸ ਵਿਸ਼ੇ ਲਈ ਯਰੂਸ਼ਲਮ ਵਿੱਚ ਬਜ਼ੁਰਗ ਆਗੂਆਂ ਅਤੇ ਰਸੂਲਾਂ ਕੋਲ ਜਾਣ । ਕਲੀਸਿਯਾ ਨੇ ਉਹਨਾਂ ਨੂੰ ਵਿਦਾ ਕੀਤਾ । ਉਹਨਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਯਾਤਰਾ ਕੀਤੀ ਅਤੇ ਉੱਥੇ ਪਰਾਈਆਂ ਕੌਮਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਕਰਨ ਬਾਰੇ ਸਭ ਕੁਝ ਦੱਸਿਆ ਜਿਸ ਕਾਰਨ ਭਰਾਵਾਂ ਨੂੰ ਬਹੁਤ ਖ਼ੁਸ਼ੀ ਹੋਈ । ਜਦੋਂ ਉਹ ਯਰੂਸ਼ਲਮ ਵਿੱਚ ਪਹੁੰਚੇ ਤਾਂ ਉੱਥੇ ਕਲੀਸਿਯਾ ਅਤੇ ਰਸੂਲਾਂ ਨੇ ਉਹਨਾਂ ਦਾ ਸੁਆਗਤ ਕੀਤਾ । ਉਹਨਾਂ ਨੇ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਰ ਨੇ ਉਹਨਾਂ ਦੇ ਰਾਹੀਂ ਕੀਤਾ ਸੀ । ਤਦ ਫ਼ਰੀਸੀ ਦਲ ਦੇ ਕੁਝ ਲੋਕ ਜਿਹੜੇ ਵਿਸ਼ਵਾਸੀ ਹੋ ਚੁੱਕੇ ਸਨ, ਖੜ੍ਹੇ ਹੋ ਕੇ ਬੋਲੇ, “ਪਰਾਈਆਂ ਕੌਮਾਂ ਦੀ ਸੁੰਨਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਮੂਸਾ ਦੀ ਵਿਵਸਥਾ ਦੀ ਪਾਲਣਾ ਕਰਨੀ ਚਾਹੀਦੀ ਹੈ ।” ਇਸ ਪ੍ਰਸ਼ਨ ਉੱਤੇ ਵਿਚਾਰ ਕਰਨ ਲਈ ਰਸੂਲ ਅਤੇ ਬਜ਼ੁਰਗ ਆਗੂ ਇਕੱਠੇ ਹੋਏ । ਬਹੁਤ ਵਿਵਾਦ ਦੇ ਬਾਅਦ ਪਤਰਸ ਨੇ ਉੱਠ ਕੇ ਕਿਹਾ, “ਭਰਾਵੋ, ਤੁਹਾਨੂੰ ਪਤਾ ਹੀ ਹੈ ਕਿ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਮੈਨੂੰ ਤੁਹਾਡੇ ਵਿੱਚੋਂ ਚੁਣ ਲਿਆ ਸੀ ਕਿ ਪਰਾਈਆਂ ਕੌਮਾਂ ਮੇਰੇ ਮੂੰਹ ਤੋਂ ਸ਼ੁਭ ਸਮਾਚਾਰ ਦਾ ਸੰਦੇਸ਼ ਸੁਣਨ ਅਤੇ ਵਿਸ਼ਵਾਸ ਕਰਨ । ਮਨਾਂ ਨੂੰ ਜਾਨਣ ਵਾਲੇ ਪਰਮੇਸ਼ਰ ਨੇ ਸਾਡੇ ਵਾਂਗ ਹੀ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਵੀ ਸਵੀਕਾਰ ਕੀਤਾ ਹੈ । ਪਰਮੇਸ਼ਰ ਨੇ ਸਾਡੇ ਅਤੇ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਰੱਖਿਆ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਦਿਲ ਸ਼ੁੱਧ ਕੀਤੇ ਹਨ । ਫਿਰ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਅਤੇ ਚੇਲਿਆਂ ਦੇ ਮੋਢਿਆਂ ਉੱਤੇ ਉਹ ਭਾਰ ਕਿਉਂ ਰੱਖਦੇ ਹੋ ਜਿਸ ਨੂੰ ਨਾ ਅਸੀਂ ਅਤੇ ਨਾ ਹੀ ਸਾਡੇ ਪੁਰਖੇ ਸਹਿ ਸਕੇ? ਸਾਡਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਦੀ ਕਿਰਪਾ ਦੁਆਰਾ ਸਾਡੀ ਮੁਕਤੀ ਹੈ, ਜਿਸ ਤਰ੍ਹਾਂ ਉਹਨਾਂ ਦੀ ਵੀ ਹੋਈ ਹੈ ।” ਤਦ ਸਾਰੀ ਸਭਾ ਚੁੱਪ ਹੋ ਕੇ ਬਰਨਾਬਾਸ ਅਤੇ ਪੌਲੂਸ ਦਾ ਬਿਆਨ ਸੁਣਨ ਲੱਗੀ ਕਿ ਪਰਮੇਸ਼ਰ ਨੇ ਉਹਨਾਂ ਦੁਆਰਾ ਕਿਸ ਤਰ੍ਹਾਂ ਪਰਾਈਆਂ ਕੌਮਾਂ ਵਿੱਚ ਮਹਾਨ ਚਿੰਨ੍ਹ ਅਤੇ ਚਮਤਕਾਰ ਕੀਤੇ ਹਨ । ਫਿਰ ਜਦੋਂ ਉਹ ਚੁੱਪ ਹੋ ਗਏ ਤਾਂ ਯਾਕੂਬ ਨੇ ਕਹਿਣਾ ਸ਼ੁਰੂ ਕੀਤਾ, “ਭਰਾਵੋ, ਮੇਰੀ ਗੱਲ ਸੁਣੋ । ਸ਼ਮਊਨ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸ਼ੁਰੂ ਵਿੱਚ ਪਰਮੇਸ਼ਰ ਨੇ ਪਰਾਈਆਂ ਕੌਮਾਂ ਵਿੱਚੋਂ ਆਪਣੇ ਲਈ ਲੋਕਾਂ ਨੂੰ ਚੁਣਨ ਦੀ ਕਿਰਪਾ ਕੀਤੀ । ਇਸ ਗੱਲ ਦੀ ਗਵਾਹੀ ਨਬੀਆਂ ਦੇ ਸ਼ਬਦਾਂ ਤੋਂ ਵੀ ਮਿਲਦੀ ਹੈ, ‘ਇਸ ਦੇ ਬਾਅਦ ਮੈਂ ਮੁੜ ਆਵਾਂਗਾ, ਅਤੇ ਦਾਊਦ ਦੇ ਡਿੱਗੇ ਹੋਏ ਨਿਵਾਸ ਸਥਾਨ ਨੂੰ ਮੈਂ ਬਣਾਵਾਂਗਾ, ਉਸ ਦੇ ਖੰਡਰਾਂ ਨੂੰ ਮੈਂ ਫਿਰ ਉਸਾਰਾਂਗਾ, ਅਤੇ ਉਸ ਨੂੰ ਮੈਂ ਫਿਰ ਮਜ਼ਬੂਤ ਕਰਾਂਗਾ, ਤਾਂ ਜੋ ਬਾਕੀ ਲੋਕ ਵੀ ਪ੍ਰਭੂ ਦੀ ਖੋਜ ਕਰਨ, ਉਹ ਪਰਾਈਆਂ ਕੌਮਾਂ, ਜਿਹਨਾਂ ਨੂੰ ਮੇਰਾ ਨਾਮ ਦਿੱਤਾ ਗਿਆ ਹੈ । ਇਹ ਪ੍ਰਭੂ ਦਾ ਵਚਨ ਹੈ, ਜਿਹਨਾਂ ਨੇ ਇਹ ਸਭ ਗੱਲਾਂ ਸ਼ੁਰੂ ਤੋਂ ਪ੍ਰਗਟ ਕੀਤੀਆਂ ਹਨ ।’ “ਇਸ ਲਈ ਮੇਰਾ ਫ਼ੈਸਲਾ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਤੰਗ ਨਾ ਕਰੀਏ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਦੇ ਵੱਲ ਮੁੜਦੇ ਹਨ । ਪਰ ਅਸੀਂ ਉਹਨਾਂ ਨੂੰ ਲਿਖ ਕੇ ਦੱਸੀਏ ਕਿ ਮੂਰਤੀਆਂ ਦੀ ਅਸ਼ੁੱਧਤਾ ਤੋਂ, ਵਿਭਚਾਰ ਤੋਂ, ਗਲ੍ਹ ਘੁੱਟੇ ਹੋਏ ਜਾਨਵਰ ਦੇ ਮਾਸ ਤੋਂ ਅਤੇ ਲਹੂ ਤੋਂ ਦੂਰ ਰਹਿਣ । ਕਿਉਂਕਿ ਸ਼ੁਰੂ ਤੋਂ ਹੀ ਹਰ ਸ਼ਹਿਰ ਵਿੱਚ ਮੂਸਾ ਦੀ ਵਿਵਸਥਾ ਦੇ ਉਪਦੇਸ਼ਕ ਹੁੰਦੇ ਆਏ ਹਨ ਜਿਹੜੇ ਹਰ ਸਬਤ ਨੂੰ ਪ੍ਰਾਰਥਨਾ ਘਰਾਂ ਵਿੱਚ ਉਸ ਦਾ ਪ੍ਰਚਾਰ ਕਰਦੇ ਹਨ ।” ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸਿਯਾ ਦੇ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਕੁਝ ਲੋਕਾਂ ਨੂੰ ਚੁਣ ਕੇ ਪੌਲੂਸ ਅਤੇ ਬਰਨਾਬਾਸ ਦੇ ਨਾਲ ਅੰਤਾਕਿਯਾ ਨੂੰ ਭੇਜਣ । ਇਸ ਲਈ ਉਹਨਾਂ ਨੇ ਯਹੂਦਾ ਜਿਸ ਦਾ ਉਪਨਾਮ ਬਰਸੱਬਾ ਅਤੇ ਸੀਲਾਸ ਸੀ ਜਿਹਨਾਂ ਦਾ ਭਰਾਵਾਂ ਵਿੱਚ ਮਾਣ ਸੀ, ਉਹਨਾਂ ਦੇ ਹੱਥ ਇਹ ਪੱਤਰ ਭੇਜਿਆ: “ਅੰਤਾਕਿਯਾ, ਸੀਰੀਯਾ ਅਤੇ ਕਿਲਕਿਯਾ ਦੇ ਰਹਿਣ ਵਾਲੇ ਭਰਾਵੋ, ਤੁਹਾਡੇ ਭਰਾਵਾਂ, ਰਸੂਲਾਂ ਅਤੇ ਬਜ਼ੁਰਗਾਂ ਦੇ ਵੱਲੋਂ ਪਰਨਾਮ । ਅਸੀਂ ਇਹ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਲੋਕ ਗਏ ਅਤੇ ਆਪਣੀਆਂ ਗੱਲਾਂ ਨਾਲ ਤੁਹਾਨੂੰ ਭਰਮਾਇਆ ਅਤੇ ਪਰੇਸ਼ਾਨ ਕੀਤਾ ਹੈ । ਪਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਨਹੀਂ ਦਿੱਤੀ ਸੀ । ਇਸ ਲਈ ਅਸੀਂ ਸਾਰਿਆਂ ਨੇ ਇੱਕ ਮਨ ਹੋ ਕੇ ਫ਼ੈਸਲਾ ਕੀਤਾ ਹੈ ਕਿ ਕੁਝ ਆਦਮੀਆਂ ਨੂੰ ਚੁਣੀਏ ਅਤੇ ਉਹਨਾਂ ਨੂੰ ਪਿਆਰੇ ਬਰਨਾਬਾਸ ਅਤੇ ਪੌਲੂਸ ਦੇ ਨਾਲ ਤੁਹਾਡੇ ਕੋਲ ਭੇਜੀਏ, ਜਿਹਨਾਂ ਨੇ ਆਪਣੇ ਜੀਵਨ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਅਰਪਿਤ ਕਰ ਦਿੱਤੇ ਹਨ । ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜ ਰਹੇ ਹਾਂ । ਉਹ ਆਪ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸਣਗੇ । ਪਵਿੱਤਰ ਆਤਮਾ ਦਾ ਅਤੇ ਸਾਡਾ ਸਾਰਿਆਂ ਦਾ ਇਹ ਵਿਚਾਰ ਹੈ ਕਿ ਇਹਨਾਂ ਕੁਝ ਜ਼ਰੂਰੀ ਗੱਲਾਂ ਨੂੰ ਛੱਡ ਕੇ ਤੁਹਾਡੇ ਉੱਤੇ ਹੋਰ ਜ਼ਿਆਦਾ ਭਾਰ ਨਾ ਪਇਆ ਜਾਵੇ । ਮੂਰਤੀਆਂ ਦੇ ਸਾਹਮਣੇ ਭੇਂਟ ਕੀਤੇ ਭੋਜਨ ਤੋਂ, ਲਹੂ ਤੋਂ, ਗਲ੍ਹ ਘੁੱਟੇ ਹੋਏ ਜਾਨਵਰ ਦੇ ਮਾਸ ਤੋਂ ਅਤੇ ਵਿਭਚਾਰ ਤੋਂ ਬਚੇ ਰਹੋ । ਇਹਨਾਂ ਤੋਂ ਦੂਰ ਰਹਿਣ ਵਿੱਚ ਹੀ ਤੁਹਾਡੀ ਭਲਾਈ ਹੈ । ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੋਣ!” ਇਸ ਤਰ੍ਹਾਂ ਉਹ ਭੇਜੇ ਗਏ ਅੰਤਾਕਿਯਾ ਪਹੁੰਚੇ ਜਿੱਥੇ ਉਹਨਾਂ ਨੇ ਸਾਰੀ ਕਲੀਸਿਯਾ ਨੂੰ ਇਕੱਠਾ ਕਰ ਕੇ ਉਹ ਪੱਤਰ ਦਿੱਤਾ । ਉਸ ਨੂੰ ਪੜ੍ਹ ਕੇ ਉਹ ਲੋਕ ਉਤਸ਼ਾਹ ਭਰੇ ਸੰਦੇਸ਼ ਤੋਂ ਬਹੁਤ ਖ਼ੁਸ਼ ਹੋਏ । ਯਹੂਦਾ ਅਤੇ ਸੀਲਾਸ ਆਪ ਵੀ ਨਬੀ ਸਨ, ਇਸ ਲਈ ਉਹਨਾਂ ਨੇ ਵੀ ਬਹੁਤ ਸਾਰੇ ਵਚਨਾਂ ਦੁਆਰਾ ਭਰਾਵਾਂ ਦਾ ਉਤਸ਼ਾਹ ਵਧਾਇਆ ਅਤੇ ਉਹਨਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ । ਉਹ ਕੁਝ ਦਿਨ ਉੱਥੇ ਰਹੇ । ਫਿਰ ਭਰਾਵਾਂ ਨੇ ਸ਼ਾਂਤੀ ਪੂਰਵਕ ਉਹਨਾਂ ਨੂੰ ਵਿਦਾ ਕੀਤਾ ਕਿ ਉਹ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ । [ ਸੀਲਾਸ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ ।] ਪੌਲੂਸ ਅਤੇ ਬਰਨਾਬਾਸ ਵੀ ਅੰਤਾਕਿਯਾ ਵਿੱਚ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਦਾ ਵਚਨ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ । ਕੁਝ ਦਿਨਾਂ ਬਾਅਦ ਪੌਲੂਸ ਨੇ ਬਰਨਾਬਾਸ ਨੂੰ ਕਿਹਾ, “ਆਓ ਅਸੀਂ ਉਹਨਾਂ ਸ਼ਹਿਰਾਂ ਵਿੱਚ ਵਾਪਸ ਚੱਲੀਏ ਜਿਹਨਾਂ ਵਿੱਚ ਅਸੀਂ ਪਰਮੇਸ਼ਰ ਦਾ ਵਚਨ ਸੁਣਾਇਆ ਸੀ ਅਤੇ ਭਰਾਵਾਂ ਨੂੰ ਦੇਖੀਏ ਕਿ ਉਹਨਾਂ ਦਾ ਕੀ ਹਾਲ ਹੈ ।” ਬਰਨਾਬਾਸ ਚਾਹੁੰਦਾ ਸੀ ਕਿ ਯੂਹੰਨਾ ਨੂੰ ਜੋ ਮਰਕੁਸ ਅਖਵਾਉਂਦਾ ਸੀ ਵੀ ਨਾਲ ਲੈ ਜਾਇਆ ਜਾਵੇ । ਪਰ ਪੌਲੂਸ ਨੇ ਸੋਚਿਆ ਕਿ ਇਹ ਠੀਕ ਨਹੀਂ ਹੈ ਕਿ ਜਿਸ ਆਦਮੀ ਨੇ ਉਹਨਾਂ ਦਾ ਪਮਫ਼ਿਲਿਯਾ ਵਿੱਚ ਸਾਥ ਛੱਡ ਦਿੱਤਾ ਸੀ ਅਤੇ ਜੋ ਉਹਨਾਂ ਦੇ ਨਾਲ ਸੇਵਾ ਦੇ ਕੰਮ ਲਈ ਨਹੀਂ ਗਿਆ ਸੀ, ਉਸ ਨੂੰ ਆਪਣੇ ਨਾਲ ਲੈ ਜਾਇਆ ਜਾਵੇ । ਇਸ ਕਾਰਨ ਉਹਨਾਂ ਵਿੱਚ ਗਹਿਰਾ ਮੱਤਭੇਦ ਹੋ ਗਿਆ । ਇੱਥੋਂ ਤੱਕ ਕਿ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ । ਬਰਨਾਬਾਸ ਮਰਕੁਸ ਨੂੰ ਨਾਲ ਲੈ ਕੇ ਸਮੁੰਦਰੀ ਰਾਹ ਦੁਆਰਾ ਕੁਪਰੁਸ ਨੂੰ ਚਲਾ ਗਿਆ । ਪਰ ਪੌਲੂਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਨੇ ਉਹਨਾਂ ਨੂੰ ਪ੍ਰਭੂ ਦੀ ਕਿਰਪਾ ਹੇਠ ਸੌਂਪ ਦਿੱਤਾ ਤਦ ਉਹ ਉੱਥੋਂ ਚੱਲ ਪਏ ਅਤੇ ਸੀਰੀਯਾ ਅਤੇ ਕਿਲਕਿਯਾ ਦਾ ਦੌਰਾ ਕਰ ਕੇ ਕਲੀਸਿਯਾਵਾਂ ਨੂੰ ਮਜ਼ਬੂਤ ਕਰਨ ਲੱਗੇ । ਪੌਲੂਸ ਦਰਬੇ ਅਤੇ ਲੁਸਤ੍ਰਾ ਵਿੱਚ ਪਹੁੰਚਿਆ ਉੱਥੇ ਤਿਮੋਥਿਉਸ ਨਾਂ ਦਾ ਇੱਕ ਚੇਲਾ ਸੀ । ਉਸ ਦੀ ਮਾਂ ਇੱਕ ਯਹੂਦੀ ਵਿਸ਼ਵਾਸਣ ਸੀ ਪਰ ਉਸ ਦਾ ਪਿਤਾ ਯੂਨਾਨੀ ਸੀ । ਉਸ ਦਾ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਰਾਵਾਂ ਵਿੱਚ ਬੜਾ ਮਾਣ ਸੀ । ਪੌਲੂਸ ਚਾਹੁੰਦਾ ਸੀ ਕਿ ਉਹ ਉਸ ਦੇ ਨਾਲ ਚੱਲੇ, ਇਸ ਲਈ ਉਸ ਸਥਾਨ ਦੇ ਯਹੂਦੀਆਂ ਦੇ ਕਾਰਨ ਪੌਲੂਸ ਨੇ ਉਸ ਦੀ ਸੁੰਨਤ ਕੀਤੀ ਕਿਉਂਕਿ ਸਾਰੇ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ । ਫਿਰ ਉਹ ਸ਼ਹਿਰ ਸ਼ਹਿਰ ਵਿੱਚ ਗਏ ਅਤੇ ਲੋਕਾਂ ਤੱਕ ਉਹਨਾਂ ਹੁਕਮਾਂ ਨੂੰ ਪਹੁੰਚਾਇਆ ਜਿਹੜੇ ਯਰੂਸ਼ਲਮ ਵਿੱਚ ਰਸੂਲਾਂ ਅਤੇ ਬਜ਼ੁਰਗਾਂ ਨੇ ਨਿਸ਼ਚਿਤ ਕੀਤੇ ਸਨ ਕਿ ਉਹ ਲੋਕ ਉਹਨਾਂ ਦੀ ਪਾਲਣਾ ਕਰਨ । ਇਸ ਤਰ੍ਹਾਂ ਕਲੀਸਿਯਾਵਾਂ ਵਿਸ਼ਵਾਸ ਵਿੱਚ ਮਜ਼ਬੂਤ ਹੁੰਦੀਆਂ ਅਤੇ ਗਿਣਤੀ ਵਿੱਚ ਹਰ ਰੋਜ਼ ਵੱਧਦੀਆਂ ਗਈਆਂ । ਕਿਉਂਕਿ ਪਵਿੱਤਰ ਆਤਮਾ ਨੇ ਉਹਨਾਂ ਨੂੰ ਏਸ਼ੀਆ ਵਿੱਚ ਵਚਨ ਦਾ ਪ੍ਰਚਾਰ ਕਰਨ ਤੋਂ ਮਨ੍ਹਾ ਕੀਤਾ ਸੀ ਇਸ ਲਈ ਉਹ ਫ਼ਰੂਗਿਯਾ ਅਤੇ ਗਲਾਤੀਆ ਦੇ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਗਏ । ਜਦੋਂ ਉਹ ਮੁਸਿਯਾ ਦੀ ਹੱਦ ਤੇ ਪਹੁੰਚੇ ਤਾਂ ਉਹਨਾਂ ਬਿਥੁਨਿਯਾ ਵਿੱਚ ਜਾਣ ਦੀ ਕੋਸ਼ਿਸ਼ ਕੀਤੀ । ਪਰ ਪ੍ਰਭੂ ਯਿਸੂ ਦੇ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ । ਇਸ ਲਈ ਉਹ ਮੁਸਿਯਾ ਦੇ ਰਾਹੀਂ ਤ੍ਰੋਆਸ ਵਿੱਚ ਆਏ । ਉੱਥੇ ਪੌਲੂਸ ਨੂੰ ਰਾਤ ਦੇ ਸਮੇਂ ਇੱਕ ਦਰਸ਼ਨ ਹੋਇਆ ਕਿ ਇੱਕ ਮਕਦੂਨਿਯਾ ਨਿਵਾਸੀ ਉੱਥੇ ਖੜ੍ਹਾ ਹੋ ਕੇ ਬੇਨਤੀ ਕਰ ਰਿਹਾ ਹੈ, “ਮਕਦੂਨਿਯਾ ਦੇ ਪਾਰ ਆਓ ਅਤੇ ਸਾਡੀ ਮਦਦ ਕਰੋ!” ਜਦੋਂ ਪੌਲੂਸ ਨੂੰ ਇਹ ਦਰਸ਼ਨ ਹੋਇਆ ਤਦ ਅਸੀਂ ਇਕਦਮ ਮਕਦੂਨਿਯਾ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਅਸੀਂ ਜਾਣ ਗਏ ਸੀ ਕਿ ਪਰਮੇਸ਼ਰ ਸਾਨੂੰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸੱਦ ਰਹੇ ਹਨ । ਫਿਰ ਤ੍ਰੋਆਸ ਤੋਂ ਸਮੁੰਦਰੀ ਜਹਾਜ਼ ਦੁਆਰਾ ਅਸੀਂ ਸਿੱਧੇ ਸੁਮਾਤ੍ਰਾ ਤੱਕ ਗਏ ਅਤੇ ਦੂਜੇ ਦਿਨ ਨਿਯਾਪੁਲਿਸ । ਉੱਥੋਂ ਅੱਗੇ ਅਸੀਂ ਫ਼ਿਲਿੱਪੈ ਪਹੁੰਚੇ ਜੋ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਸ਼ਹਿਰ ਅਤੇ ਰੋਮੀ ਬਸਤੀ ਹੈ । ਸਬਤ ਦੇ ਦਿਨ ਅਸੀਂ ਸ਼ਹਿਰ ਦੇ ਦਰਵਾਜ਼ੇ ਦੇ ਬਾਹਰ ਨਦੀ ਦੇ ਕੰਢੇ ਉੱਤੇ ਗਏ, ਕਿਉਂਕਿ ਸਾਡਾ ਖ਼ਿਆਲ ਸੀ ਕਿ ਉੱਥੇ ਕੋਈ ਪ੍ਰਾਰਥਨਾ ਕਰਨ ਦੀ ਥਾਂ ਹੋਵੇਗੀ । ਅਸੀਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨਾਲ ਗੱਲਾਂ ਕਰਨ ਲੱਗੇ । ਉਹਨਾਂ ਵਿੱਚ ਲੁਦਿਯਾ ਨਾਂ ਦੀ ਇੱਕ ਔਰਤ ਸੀ ਜੋ ਥੁਆਤੀਰਾ ਸ਼ਹਿਰ ਦੀ ਰਹਿਣ ਵਾਲੀ ਅਤੇ ਜਾਮਨੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ । ਉਹ ਪਰਮੇਸ਼ਰ ਨੂੰ ਮੰਨਣ ਵਾਲੀ ਸੀ ਅਤੇ ਇਹ ਸਾਰਾ ਕੁਝ ਸੁਣ ਰਹੀ ਸੀ । ਪ੍ਰਭੂ ਨੇ ਉਸ ਦਾ ਦਿਲ ਖੋਲ੍ਹ ਦਿੱਤਾ ਕਿ ਉਹ ਪੌਲੂਸ ਦੇ ਵਚਨਾਂ ਉੱਤੇ ਧਿਆਨ ਲਾਵੇ । ਜਦੋਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਬਪਤਿਸਮਾ ਲੈ ਚੁੱਕੀ ਤਾਂ ਉਸ ਨੇ ਉਹਨਾਂ ਅੱਗੇ ਇਹ ਕਹਿ ਕੇ ਬੇਨਤੀ ਕੀਤੀ, “ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਪ੍ਰਭੂ ਦੀ ਵਿਸ਼ਵਾਸਣ ਹਾਂ ਤਾਂ ਚੱਲ ਕੇ ਮੇਰੇ ਘਰ ਰਹੋ ।” ਉਸ ਨੇ ਸਾਨੂੰ ਜਾਣ ਦੇ ਲਈ ਮਜਬੂਰ ਕੀਤਾ । ਜਦੋਂ ਅਸੀਂ ਪ੍ਰਾਰਥਨਾ ਕਰਨ ਵਾਲੀ ਥਾਂ ਵੱਲ ਜਾ ਰਹੇ ਸੀ ਤਦ ਸਾਨੂੰ ਇੱਕ ਗ਼ੁਲਾਮ ਲੜਕੀ ਮਿਲੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਅਤੇ ਉਹ ਭਵਿੱਖਬਾਣੀ ਦੁਆਰਾ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲੈਂਦੀ ਸੀ । ਉਹ ਪੌਲੂਸ ਦੇ ਅਤੇ ਸਾਡੇ ਪਿੱਛੇ ਲੱਗ ਗਈ ਅਤੇ ਪੁਕਾਰ ਕੇ ਕਹਿਣ ਲੱਗੀ, “ਇਹ ਲੋਕ ਪਰਮ ਪ੍ਰਧਾਨ ਪਰਮੇਸ਼ਰ ਦੇ ਸੇਵਕ ਹਨ, ਇਹ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ।” ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ । ਅੰਤ ਵਿੱਚ ਪੌਲੂਸ ਬਹੁਤ ਤੰਗ ਹੋ ਕੇ ਉਸ ਵੱਲ ਮੁੜਿਆ ਅਤੇ ਉਸ ਨੇ ਅਸ਼ੁੱਧ ਆਤਮਾ ਨੂੰ ਕਿਹਾ, “ਯਿਸੂ ਮਸੀਹ ਦੇ ਨਾਮ ਨਾਲ ਮੈਂ ਤੈਨੂੰ ਹੁਕਮ ਦਿੰਦਾ ਹਾਂ ਕਿ ਉਸ ਵਿੱਚੋਂ ਨਿਕਲ ਜਾ ।” ਅਸ਼ੁੱਧ ਆਤਮਾ ਇਕਦਮ ਉਸ ਵਿੱਚੋਂ ਨਿਕਲ ਗਈ । ਜਦੋਂ ਉਸ ਦੇ ਮਾਲਕਾਂ ਨੇ ਇਹ ਦੇਖਿਆ ਕਿ ਉਸ ਤੋਂ ਲਾਭ ਦੀ ਆਸ ਖ਼ਤਮ ਹੋ ਗਈ ਹੈ ਤਾਂ ਉਹਨਾਂ ਨੇ ਪੌਲੂਸ ਅਤੇ ਸੀਲਾਸ ਨੂੰ ਫੜ ਲਿਆ ਅਤੇ ਉਹਨਾਂ ਨੂੰ ਘਸੀਟ ਕੇ ਬਜ਼ਾਰ ਦੇ ਚੌਂਕ ਵਿੱਚ ਅਧਿਕਾਰੀਆਂ ਕੋਲ ਲੈ ਗਏ ਅਤੇ ਕਹਿਣ ਲੱਗੇ, “ਇਹ ਆਦਮੀ ਯਹੂਦੀ ਹਨ ਅਤੇ ਸ਼ਹਿਰ ਵਿੱਚ ਦੰਗਾ ਕਰ ਰਹੇ ਹਨ । ਇਹ ਇਹੋ ਜਿਹੀਆਂ ਰਸਮਾਂ ਬਾਰੇ ਪ੍ਰਚਾਰ ਕਰਦੇ ਹਨ ਜਿਹਨਾਂ ਨੂੰ ਮੰਨਣਾ ਜਾਂ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ ਹੈ ।” ਭੀੜ ਵੀ ਉਹਨਾਂ ਦੇ ਵਿਰੁੱਧ ਇਕੱਠੀ ਹੋ ਗਈ । ਨਿਆਂ ਅਧਿਕਾਰੀਆਂ ਨੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨੂੰ ਬੈਂਤਾਂ ਨਾਲ ਮਾਰਨ ਦਾ ਹੁਕਮ ਦਿੱਤਾ । ਉਹਨਾਂ ਨੇ ਦੋਨਾਂ ਨੂੰ ਬਹੁਤ ਬੁਰੀ ਤਰ੍ਹਾਂ ਬੈਂਤਾਂ ਨਾਲ ਮਾਰਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਜੇਲ੍ਹ ਦੇ ਦਰੋਗੇ ਨੂੰ ਹੁਕਮ ਦਿੱਤਾ ਕਿ ਸਾਵਧਾਨੀ ਨਾਲ ਉਹਨਾਂ ਦੀ ਰਖਵਾਲੀ ਕਰੇ । ਉਸ ਨੇ ਇਸ ਹੁਕਮ ਦੇ ਅਨੁਸਾਰ ਉਹਨਾਂ ਨੂੰ ਅੰਦਰਲੀ ਕੋਠੜੀ ਵਿੱਚ ਬੰਦ ਕਰ ਦਿੱਤਾ ਅਤੇ ਉਹਨਾਂ ਦੇ ਪੈਰ ਕਾਠ ਵਿੱਚ ਠੋਕ ਦਿੱਤੇ । ਲਗਭਗ ਅੱਧੀ ਰਾਤ ਨੂੰ ਪੌਲੂਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਭਜਨ ਗਾਉਂਦੇ ਹੋਏ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ ਅਤੇ ਕੈਦੀ ਬਹੁਤ ਧਿਆਨ ਨਾਲ ਸੁਣ ਰਹੇ ਸਨ । ਅਚਾਨਕ ਇੱਕ ਵੱਡਾ ਭੁਚਾਲ ਆਇਆ ਜਿਸ ਨਾਲ ਜੇਲ੍ਹ ਦੀਆਂ ਨੀਹਾਂ ਤੱਕ ਹਿੱਲ ਗਈਆਂ । ਇਕਦਮ ਸਾਰੇ ਦਰਵਾਜ਼ੇ ਖੁੱਲ੍ਹ ਗਏ ਅਤੇ ਸਭ ਕੈਦੀ ਬੰਧਨਾਂ ਤੋਂ ਮੁਕਤ ਹੋ ਗਏ । ਦਰੋਗੇ ਦੀ ਜਾਗ ਖੁੱਲ੍ਹ ਗਈ ਅਤੇ ਜਦੋਂ ਉਸ ਨੇ ਦੇਖਿਆ ਕਿ ਜੇਲ੍ਹ ਦੇ ਦਰਵਾਜ਼ੇ ਖੁੱਲ੍ਹੇ ਹਨ ਤਾਂ ਉਸ ਨੇ ਇਹ ਸੋਚ ਕੇ ਕਿ ਸਾਰੇ ਕੈਦੀ ਫ਼ਰਾਰ ਹੋ ਗਏ ਹਨ, ਤਲਵਾਰ ਕੱਢੀ ਅਤੇ ਆਪਣੇ ਆਪ ਨੂੰ ਮਾਰਨਾ ਚਾਹਿਆ । ਤਦ ਪੌਲੂਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਕੋਈ ਨੁਕਸਾਨ ਨਾ ਪਹੁੰਚਾ ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ!” ਫਿਰ ਦਰੋਗੇ ਨੇ ਦੀਵਾ ਮੰਗਵਾਇਆ ਅਤੇ ਇਕਦਮ ਅੰਦਰ ਗਿਆ । ਉਹ ਕੰਬਦਾ ਹੋਇਆ ਪੌਲੂਸ ਅਤੇ ਸੀਲਾਸ ਦੇ ਅੱਗੇ ਡਿੱਗ ਪਿਆ । ਫਿਰ ਉਹ ਉਹਨਾਂ ਨੂੰ ਬਾਹਰ ਲੈ ਗਿਆ ਅਤੇ ਪੁੱਛਣ ਲੱਗਾ, “ਸ੍ਰੀਮਾਨ ਜੀ, ਮੁਕਤੀ ਪਾਓਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?” ਉਹਨਾਂ ਨੇ ਉੱਤਰ ਦਿੱਤਾ, “ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪਾਓਗੇ ।” ਤਦ ਉਹਨਾਂ ਨੇ ਉਸ ਨੂੰ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੂੰ ਪ੍ਰਭੂ ਦਾ ਸੰਦੇਸ਼ ਸੁਣਾਇਆ । ਉਹ ਰਾਤ ਨੂੰ ਉਸੇ ਸਮੇਂ ਉਹਨਾਂ ਨੂੰ ਲੈ ਕੇ ਗਿਆ ਅਤੇ ਉਹਨਾਂ ਦੇ ਜਖ਼ਮ ਧੋਤੇ । ਫਿਰ ਉਸ ਨੇ ਆਪਣੇ ਪਰਿਵਾਰ ਸਮੇਤ ਉਸੇ ਸਮੇਂ ਬਪਤਿਸਮਾ ਲਿਆ । ਇਸ ਦੇ ਬਾਅਦ ਉਹ ਪੌਲੂਸ ਅਤੇ ਸੀਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਨੂੰ ਭੋਜਨ ਕਰਵਾਇਆ । ਉਹ ਅਤੇ ਉਸ ਦਾ ਪਰਿਵਾਰ ਖ਼ੁਸ਼ ਸਨ ਕਿ ਉਹਨਾਂ ਨੇ ਪਰਮੇਸ਼ਰ ਵਿੱਚ ਵਿਸ਼ਵਾਸ ਕੀਤਾ ਹੈ । ਅਗਲੀ ਸਵੇਰੇ ਨਿਆਂ ਅਧਿਕਾਰੀਆਂ ਨੇ ਆਪਣੇ ਅਫ਼ਸਰਾਂ ਦੇ ਰਾਹੀਂ ਇਹ ਸੰਦੇਸ਼ ਭੇਜਿਆ, “ਉਹਨਾਂ ਆਦਮੀਆਂ ਨੂੰ ਛੱਡ ਦਿੱਤਾ ਜਾਵੇ ।” ਦਰੋਗੇ ਨੇ ਪੌਲੂਸ ਨੂੰ ਦੱਸਿਆ: “ਨਿਆਂ ਅਧਿਕਾਰੀਆਂ ਨੇ ਤੁਹਾਨੂੰ ਛੱਡ ਦੇਣ ਦਾ ਹੁਕਮ ਭੇਜਿਆ ਹੈ । ਇਸ ਲਈ ਹੁਣ ਬਾਹਰ ਆਓ ਅਤੇ ਸ਼ਾਂਤੀ ਨਾਲ ਜਾਓ ।” ਪਰ ਪੌਲੂਸ ਨੇ ਉਸ ਨੂੰ ਉੱਤਰ ਦਿੱਤਾ, “ਉਹਨਾਂ ਨੇ ਸਾਨੂੰ ਦੋਸ਼ੀ ਸਿੱਧ ਕੀਤੇ ਬਿਨਾਂ ਖੁੱਲ੍ਹੇਆਮ ਮਾਰਿਆ ਹੈ । ਫਿਰ ਸਾਨੂੰ ਰੋਮੀ ਨਾਗਰਿਕ ਹੁੰਦੇ ਹੋਏ ਜੇਲ੍ਹ ਵਿੱਚ ਸੁੱਟ ਦਿੱਤਾ! ਕੀ ਹੁਣ ਉਹ ਸਾਨੂੰ ਚੁੱਪਚਾਪ ਬਾਹਰ ਭੇਜ ਦੇਣਾ ਚਾਹੁੰਦੇ ਹਨ? ਇਸ ਤਰ੍ਹਾਂ ਨਹੀਂ ਹੋ ਸਕਦਾ! ਹੁਣ ਉਹ ਆਪ ਆਉਣ ਅਤੇ ਸਾਨੂੰ ਬਾਹਰ ਲੈ ਜਾਣ ।” ਅਫ਼ਸਰਾਂ ਨੇ ਜਾ ਕੇ ਇਹ ਸਭ ਨਿਆਂ ਅਧਿਕਾਰੀਆਂ ਨੂੰ ਦੱਸਿਆ । ਉਹ ਇਹ ਸੁਣ ਕੇ ਕਿ ਉਹ ਰੋਮੀ ਨਾਗਰਿਕ ਹਨ, ਡਰ ਗਏ । ਇਸ ਲਈ ਅਧਿਕਾਰੀਆਂ ਨੇ ਆ ਕੇ ਉਹਨਾਂ ਨੂੰ ਮਨਾਇਆ । ਉਹ ਉਹਨਾਂ ਨੂੰ ਬਾਹਰ ਲੈ ਗਏ ਅਤੇ ਬੇਨਤੀ ਕੀਤੀ ਕਿ ਸ਼ਹਿਰ ਤੋਂ ਬਾਹਰ ਚਲੇ ਜਾਓ । ਉਹ ਜੇਲ੍ਹ ਵਿੱਚੋਂ ਨਿਕਲ ਕੇ ਲੁਦਿਆ ਦੇ ਘਰ ਗਏ, ਜਿੱਥੇ ਉਹ ਭਰਾਵਾਂ ਨੂੰ ਮਿਲੇ ਅਤੇ ਉਹਨਾਂ ਨੂੰ ਉਤਸ਼ਾਹ ਦੇ ਕੇ ਉੱਥੋਂ ਚਲੇ ਗਏ । ਉਹ ਅਮਫ਼ਿਪੁਲਿਸ ਅਤੇ ਅਪੱਲੋਨਿਯਾ ਦੀ ਯਾਤਰਾ ਕਰਦੇ ਹੋਏ ਥੱਸਲੁਨੀਕੇ ਵਿੱਚ ਪਹੁੰਚੇ । ਉੱਥੇ ਯਹੂਦੀ ਲੋਕਾਂ ਦਾ ਇੱਕ ਪ੍ਰਾਰਥਨਾ ਘਰ ਸੀ । ਪੌਲੂਸ ਆਪਣੀ ਰੀਤ ਅਨੁਸਾਰ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਗਿਆ । ਉੱਥੇ ਤਿੰਨ ਹਫ਼ਤਿਆਂ ਤੱਕ ਉਹਨਾਂ ਦੇ ਨਾਲ ਪਵਿੱਤਰ-ਗ੍ਰੰਥ ਵਿੱਚੋਂ ਵਿਵਾਦ ਕਰਦਾ ਰਿਹਾ । ਉਸ ਨੇ ਅਰਥ ਖੋਲ੍ਹ ਕੇ ਸਬੂਤ ਦਿੱਤੇ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣਾ ਜ਼ਰੂਰੀ ਸੀ । ਉਸ ਨੇ ਕਿਹਾ, “ਇਹ ਯਿਸੂ ਹੀ ਹਨ, ਜਿਹਨਾਂ ਦੇ ਬਾਰੇ ਮੈਂ ਪ੍ਰਚਾਰ ਕਰ ਰਿਹਾ ਹਾਂ, ਉਹ ਹੀ ਮਸੀਹ ਹਨ ।” ਉਹਨਾਂ ਵਿੱਚੋਂ ਕੁਝ ਨੇ ਮੰਨ ਲਿਆ ਅਤੇ ਉਹ ਪੌਲੂਸ ਅਤੇ ਸੀਲਾਸ ਦੇ ਵੱਲ ਹੋ ਗਏ । ਇਸੇ ਤਰ੍ਹਾਂ ਬਹੁਤ ਸਾਰੇ ਯੂਨਾਨੀ ਸ਼ਰਧਾਲੂਆਂ ਅਤੇ ਬਹੁਤ ਸਾਰੀਆਂ ਮੰਨੀਆਂ ਪ੍ਰਮੰਨੀਆਂ ਔਰਤਾਂ ਨੇ ਵੀ ਕੀਤਾ । ਤਦ ਯਹੂਦੀ ਈਰਖਾ ਨਾਲ ਭਰ ਗਏ ਅਤੇ ਕੁਝ ਬਜ਼ਾਰੀ ਗੁੰਡਿਆਂ ਨੂੰ ਨਾਲ ਲੈ ਕੇ ਅਤੇ ਭੀੜ ਇਕੱਠੀ ਕਰ ਕੇ ਸ਼ਹਿਰ ਵਿੱਚ ਦੰਗਾ ਕਰਨ ਲੱਗੇ । ਉਹਨਾਂ ਨੇ ਯਾਸੋਨ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਪੌਲੂਸ ਅਤੇ ਸੀਲਾਸ ਨੂੰ ਸ਼ਹਿਰ ਦੀ ਸਭਾ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ । ਪਰ ਜਦੋਂ ਉਹ ਉਹਨਾਂ ਨੂੰ ਨਾ ਲੱਭੇ, ਤਾਂ ਯਾਸੋਨ ਅਤੇ ਕੁਝ ਦੂਜੇ ਭਰਾਵਾਂ ਨੂੰ ਸ਼ਹਿਰ ਦੇ ਅਧਿਕਾਰੀਆਂ ਕੋਲ ਖਿੱਚ ਲਿਆਏ ਅਤੇ ਉੱਥੇ ਹੰਗਾਮਾ ਹੋ ਗਿਆ, ਅਤੇ ਪੁਕਾਰ ਕੇ ਕਹਿਣ ਲੱਗੇ “ਇਹ ਲੋਕ ਜਿਹਨਾਂ ਨੇ ਸੰਸਾਰ ਨੂੰ ਉਲਟ ਪੁਲਟ ਕਰ ਦਿੱਤਾ ਹੈ, ਹੁਣ ਇੱਥੇ ਵੀ ਆ ਪਹੁੰਚੇ ਹਨ ਅਤੇ ਯਾਸੋਨ ਨੇ ਉਹਨਾਂ ਨੂੰ ਆਪਣੇ ਕੋਲ ਠਹਿਰਾਇਆ ਹੈ । ਇਹ ਸਭ ਕੈਸਰ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਇੱਕ ਦੂਜਾ ਰਾਜਾ ਹੈ, ਜਿਸ ਦਾ ਨਾਮ ਯਿਸੂ ਹੈ ।” ਇਹ ਸ਼ਬਦ ਸੁਣ ਕੇ ਭੀੜ ਅਤੇ ਸ਼ਹਿਰ ਦੇ ਅਧਿਕਾਰੀਆਂ ਵਿੱਚ ਹੰਗਾਮਾ ਹੋ ਗਿਆ । ਤਦ ਅਧਿਕਾਰੀਆਂ ਨੇ ਯਾਸੋਨ ਅਤੇ ਬਾਕੀ ਦੇ ਆਦਮੀਆਂ ਕੋਲੋਂ ਜ਼ਮਾਨਤ-ਨਾਮਾ ਲੈ ਕੇ ਉਹਨਾਂ ਨੂੰ ਛੱਡ ਦਿੱਤਾ । ਭਰਾਵਾਂ ਨੇ ਰਾਤੋ ਰਾਤ ਪੌਲੂਸ ਅਤੇ ਸੀਲਾਸ ਨੂੰ ਬਰਿਯਾ ਨੂੰ ਭੇਜ ਦਿੱਤਾ । ਉਹ ਉੱਥੇ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ । ਇੱਥੋਂ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਜ਼ਿਆਦਾ ਖੁੱਲ੍ਹੇ ਦਿਲਾਂ ਵਾਲੇ ਸਨ । ਉਹਨਾਂ ਨੇ ਵਚਨ ਨੂੰ ਬੜੇ ਉਤਸ਼ਾਹ ਨਾਲ ਸਵੀਕਾਰ ਕੀਤਾ ਅਤੇ ਉਹ ਹਰ ਦਿਨ ਪਵਿੱਤਰ-ਗ੍ਰੰਥਾਂ ਵਿੱਚੋਂ ਲੱਭਦੇ ਰਹੇ ਕਿ ਇਹ ਗੱਲ ਠੀਕ ਹੈ ਜਾਂ ਨਹੀਂ । ਇਹਨਾਂ ਵਿੱਚੋਂ ਬਹੁਤ ਇੱਜ਼ਤਦਾਰ ਯੂਨਾਨੀ ਔਰਤਾਂ ਅਤੇ ਆਦਮੀਆਂ ਦੀ ਵੱਡੀ ਗਿਣਤੀ ਨੇ ਵਿਸ਼ਵਾਸ ਕੀਤਾ । ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਬਰਿਯਾ ਵਿੱਚ ਪੌਲੂਸ ਪਰਮੇਸ਼ਰ ਦਾ ਵਚਨ ਸੁਣਾ ਰਿਹਾ ਹੈ ਤਾਂ ਉਹ ਉੱਥੇ ਆ ਕੇ ਦੰਗਾ ਕਰਨ ਲੱਗੇ ਅਤੇ ਲੋਕਾਂ ਨੂੰ ਭੜਕਾਉਣ ਲੱਗੇ । ਤਦ ਭਰਾਵਾਂ ਨੇ ਪੌਲੂਸ ਨੂੰ ਉਸੇ ਸਮੇਂ ਵਿਦਾ ਕਰ ਦਿੱਤਾ ਕਿ ਉਹ ਸਮੁੰਦਰ ਦੇ ਕੰਢੇ ਤੇ ਚਲਾ ਜਾਵੇ । ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ । ਉਹ ਲੋਕ ਜਿਹੜੇ ਪੌਲੂਸ ਦੇ ਨਾਲ ਗਏ ਸਨ, ਅਥੇਨੇ ਤੱਕ ਆਏ । ਫਿਰ ਉਹ ਸੀਲਾਸ ਅਤੇ ਤਿਮੋਥਿਉਸ ਦੇ ਲਈ ਇਹ ਸੁਨੇਹਾ ਲੈ ਕੇ ਕਿ ਉਹ ਜਿੰਨੀ ਛੇਤੀ ਹੋ ਸਕੇ ਪੌਲੂਸ ਕੋਲ ਆ ਜਾਣ, ਉਹ ਬਰਿਯਾ ਵਿੱਚ ਵਾਪਸ ਆ ਗਏ । ਜਦੋਂ ਪੌਲੂਸ ਅਥੇਨੇ ਵਿੱਚ ਉਹਨਾਂ ਦੀ ਉਡੀਕ ਕਰ ਰਿਹਾ ਸੀ ਤਾਂ ਸ਼ਹਿਰ ਨੂੰ ਮੂਰਤੀਆਂ ਨਾਲ ਭਰਿਆ ਦੇਖ ਕੇ ਉਸ ਦਾ ਆਤਮਾ ਬਹੁਤ ਦੁਖੀ ਹੋਇਆ । ਇਸ ਲਈ ਉਹ ਹਰ ਦਿਨ ਪ੍ਰਾਰਥਨਾ ਘਰ ਵਿੱਚ ਯਹੂਦੀਆਂ ਅਤੇ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨਾਲ ਅਤੇ ਚੌਂਕ ਵਿੱਚ ਉਹਨਾਂ ਲੋਕਾਂ ਨਾਲ ਜਿਹੜੇ ਉੱਥੇ ਅਕਸਰ ਆ ਜਾਂਦੇ ਸਨ ਵਿਵਾਦ ਕਰਦਾ ਸੀ । ਕੁਝ ਅਪਿਕੂਰੀ ਅਤੇ ਸਤੋਇਕੀ ਦਾਰਸ਼ਨਿਕਾਂ ਨੇ ਵੀ ਪੌਲੂਸ ਨਾਲ ਵਿਵਾਦ ਕੀਤਾ । ਕੁਝ ਕਹਿਣ ਲੱਗੇ, “ਇਹ ਬਕਵਾਸੀ ਕੀ ਕਹਿਣਾ ਚਾਹੁੰਦਾ ਹੈ?” ਕੁਝ ਹੋਰਾਂ ਨੇ ਕਿਹਾ, “ਇਹ ਵਿਦੇਸ਼ੀ ਦੇਵਤਿਆਂ ਦਾ ਪ੍ਰਚਾਰਕ ਲੱਗਦਾ ਹੈ ।” ਉਹਨਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਪੌਲੂਸ ਯਿਸੂ ਅਤੇ ਪੁਨਰ-ਉਥਾਨ ਦੇ ਬਾਰੇ ਪ੍ਰਚਾਰ ਕਰ ਰਿਹਾ ਸੀ । ਇਸ ਲਈ ਉਹ ਪੌਲੂਸ ਨੂੰ ਅਰਿਯੁਪਗੁਸ ਦੀ ਸਭਾ ਦੇ ਸਾਹਮਣੇ ਲੈ ਗਏ ਅਤੇ ਪੁੱਛਣ ਲੱਗੇ, “ਕੀ ਸਾਨੂੰ ਸਮਝਾ ਸਕਦੇ ਹੋ ਕਿ ਤੁਸੀਂ ਇਹ ਕਿਹੜੀ ਨਵੀਂ ਸਿੱਖਿਆ ਦੇ ਰਹੇ ਹੋ? ਤੁਸੀਂ ਕੁਝ ਅਜਿਹੀਆਂ ਗੱਲਾਂ ਕਹਿੰਦੇ ਹੋ ਜਿਹੜੀਆਂ ਸਾਨੂੰ ਅਨੋਖੀਆਂ ਲੱਗਦੀਆਂ ਹਨ । ਅਸੀਂ ਉਹਨਾਂ ਦਾ ਅਰਥ ਜਾਨਣਾ ਚਾਹੁੰਦੇ ਹਾਂ ।” (ਕਿਉਂਕਿ ਅਥੇਨੇ ਨਿਵਾਸੀ ਅਤੇ ਪਰਦੇਸੀ ਜਿਹੜੇ ਉੱਥੇ ਰਹਿੰਦੇ ਸਨ, ਨਵੀਆਂ ਨਵੀਆਂ ਗੱਲਾਂ ਦੱਸਣ ਅਤੇ ਸੁਣਨ ਤੋਂ ਸਿਵਾਏ ਹੋਰ ਕਿਸੇ ਕੰਮ ਵਿੱਚ ਆਪਣਾ ਸਮਾਂ ਨਹੀਂ ਬਿਤਾਉਂਦੇ ਸਨ ।) ਫਿਰ ਪੌਲੂਸ ਅਰਿਯੁਪਗੁਸ ਦੀ ਸਭਾ ਵਿੱਚ ਖੜ੍ਹਾ ਹੋ ਕੇ ਕਹਿਣ ਲੱਗਾ, “ਅਥੇਨੇ ਦੇ ਰਹਿਣ ਵਾਲਿਓ! ਮੈਂ ਦੇਖਦਾ ਹਾਂ ਕਿ ਤੁਸੀਂ ਹਰ ਤਰ੍ਹਾਂ ਨਾਲ ਧਾਰਮਿਕ ਹੋ । ਜਦੋਂ ਮੈਂ ਇੱਧਰ ਉੱਧਰ ਘੁੰਮਦਾ ਹੋਇਆ ਤੁਹਾਡੀ ਪੂਜਾ ਦੀਆਂ ਮੂਰਤਾਂ ਨੂੰ ਦੇਖ ਰਿਹਾ ਸੀ ਤਾਂ ਮੈਂ ਇੱਕ ਅਜਿਹੀ ਵੇਦੀ ਦੇਖੀ ਜਿਸ ਉੱਤੇ ਇਹ ਉਕਰਿਆ ਹੋਇਆ ਸੀ, ‘ਅਣਜਾਣੇ ਦੇਵਤਾ ਦੇ ਲਈ’ । ਜਿਸ ਨੂੰ ਤੁਸੀਂ ਅਣਜਾਣੇ ਹੀ ਪੂਜਦੇ ਹੋ, ਮੈਂ ਤੁਹਾਨੂੰ ਉਸੇ ਦਾ ਸੰਦੇਸ਼ ਦਿੰਦਾ ਹਾਂ । ਪਰਮੇਸ਼ਰ, ਜਿਹਨਾਂ ਨੇ ਇਸ ਸੰਸਾਰ ਨੂੰ ਰਚਿਆ ਹੈ ਅਤੇ ਜੋ ਕੁਝ ਇਸ ਵਿੱਚ ਹੈ, ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦੇ । ਉਹ ਤਾਂ ਅਕਾਸ਼ ਅਤੇ ਧਰਤੀ ਦੇ ਮਾਲਕ ਹਨ । ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਹੈ ਕਿ ਮਨੁੱਖ ਦੇ ਹੱਥੋਂ ਸੇਵਾ ਲੈਣ ਕਿਉਂਕਿ ਉਹ ਤਾਂ ਆਪ ਸਭ ਨੂੰ ਜੀਵਨ, ਸਾਹ ਅਤੇ ਸਭ ਚੀਜ਼ਾਂ ਦਿੰਦੇ ਹਨ । ਉਹਨਾਂ ਨੇ ਇੱਕ ਹੀ ਮਨੁੱਖ ਤੋਂ ਸਭ ਕੌਮਾਂ ਨੂੰ ਰਚਿਆ ਹੈ ਕਿ ਉਹ ਸਾਰੀ ਧਰਤੀ ਉੱਤੇ ਵੱਸਣ । ਫਿਰ ਉਹਨਾਂ ਨੇ ਹੀ ਉਹਨਾਂ ਦੇ ਜੀਵਨ ਕਾਲ ਅਤੇ ਰਹਿਣ ਦੀਆਂ ਥਾਂਵਾਂ ਨਿਸ਼ਚਿਤ ਕੀਤੀਆਂ ਹਨ ਕਿ ਉਹ ਉਹਨਾਂ ਨੂੰ ਖੋਜਦੇ ਹੋਏ ਉਹਨਾਂ ਨੂੰ ਸ਼ਾਇਦ ਲੱਭ ਲੈਣ । ਫਿਰ ਵੀ ਉਹ ਸਾਡੇ ਤੋਂ ਦੂਰ ਨਹੀਂ ਹਨ । ਕਿਉਂਕਿ ਉਹਨਾਂ ਵਿੱਚ ਅਸੀਂ ਜਿਊਂਦੇ ਰਹਿੰਦੇ, ਚੱਲਦੇ ਫਿਰਦੇ ਅਤੇ ਮੌਜੂਦ ਹਾਂ । ਤੁਹਾਡੇ ਹੀ ਕੁਝ ਕਵੀਆਂ ਨੇ ਕਿਹਾ ਹੈ, ‘ਸੱਚਮੁੱਚ ਅਸੀਂ ਉਹਨਾਂ ਦਾ ਵੰਸ ਹਾਂ ।’ “ਫਿਰ ਜੇਕਰ ਅਸੀਂ ਉਹਨਾਂ ਦਾ ਵੰਸ ਹਾਂ ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ, ਪੱਥਰ, ਕਲਾ ਦੁਆਰਾ ਉਕਰੀ ਮੂਰਤੀ ਜਾਂ ਮਨੁੱਖ ਦੀ ਸੋਚ ਦੀ ਕਿਰਤ ਹਨ । ਪਰਮੇਸ਼ਰ ਨੇ ਅਗਿਆਨਤਾ ਦੇ ਯੁੱਗਾਂ ਉੱਤੇ ਧਿਆਨ ਨਹੀਂ ਦਿੱਤਾ ਪਰ ਹੁਣ ਉਹਨਾਂ ਦਾ ਹੁਕਮ ਹੈ ਕਿ ਸਭ ਮਨੁੱਖ ਹਰ ਥਾਂ ਤੇ ਆਪਣੇ ਬੁਰੇ ਕੰਮਾਂ ਨੂੰ ਤਿਆਗਣ । ਕਿਉਂਕਿ ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ, ਜਦੋਂ ਉਹ ਪਹਿਲੇ ਹੀ ਨਿਯੁਕਤ ਕੀਤੇ ਮਨੁੱਖ ਦੁਆਰਾ ਸੰਸਾਰ ਦਾ ਸੱਚਾਈ ਨਾਲ ਨਿਆਂ ਕਰਨਗੇ । ਉਹਨਾਂ ਨੇ ਉਸ ਆਦਮੀ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ।” ਜਦੋਂ ਉਹਨਾਂ ਨੇ ਮੁਰਦਿਆਂ ਦੇ ਜੀਅ ਉੱਠਣ ਬਾਰੇ ਸੁਣਿਆ ਤਾਂ ਉਹਨਾਂ ਵਿੱਚੋਂ ਕੁਝ ਮਖ਼ੌਲ ਕਰਨ ਲੱਗੇ ਪਰ ਕੁਝ ਹੋਰਨਾਂ ਨੇ ਕਿਹਾ, “ਅਸੀਂ ਇਸ ਬਾਰੇ ਤੁਹਾਡੇ ਕੋਲੋਂ ਫਿਰ ਸੁਣਾਂਗੇ ।” ਤਦ ਪੌਲੂਸ ਸਭਾ ਵਿੱਚੋਂ ਚਲਾ ਗਿਆ । ਪਰ ਕੁਝ ਆਦਮੀਆਂ ਨੇ ਪੌਲੂਸ ਦਾ ਸਾਥ ਦਿੱਤਾ ਅਤੇ ਵਿਸ਼ਵਾਸ ਕੀਤਾ । ਉਹਨਾਂ ਵਿੱਚ ਦਿਯਾਨੁਸਿਯੁਸ ਜੋ ਅਰਿਯੁਪਗੁਸ ਦਾ ਮੈਂਬਰ ਸੀ, ਦਾਮਰਿਸ ਨਾਂ ਦੀ ਇੱਕ ਔਰਤ ਅਤੇ ਕਈ ਹੋਰ ਲੋਕ ਸਨ । ਇਸ ਦੇ ਬਾਅਦ ਪੌਲੂਸ ਅਥੇਨੇ ਤੋਂ ਵਿਦਾ ਹੋ ਕੇ ਕੁਰਿੰਥੁਸ ਵਿੱਚ ਆਇਆ । ਉੱਥੇ ਉਹ ਇੱਕ ਅਕੂਲਾ ਨਾਂ ਦੇ ਯਹੂਦੀ ਨੂੰ ਮਿਲਿਆ ਜਿਸ ਦਾ ਜਨਮ ਸਥਾਨ ਪੁੰਤੁਸ ਸੀ । ਉਹ ਆਪਣੀ ਪਤਨੀ ਪ੍ਰਿਸਕਿੱਲਾ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਇਤਾਲੀਯਾ ਤੋਂ ਆਇਆ ਸੀ, ਕਿਉਂਕਿ ਸਮਰਾਟ ਕਲੋਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ । ਪੌਲੂਸ ਉਹਨਾਂ ਕੋਲ ਆਇਆ ਕਿਉਂਕਿ ਉਹਨਾਂ ਦਾ ਪੇਸ਼ਾ ਉਸ ਨਾਲ ਮਿਲਦਾ ਸੀ । ਉਹ ਉਹਨਾਂ ਦੇ ਨਾਲ ਰਿਹਾ ਅਤੇ ਕੰਮ ਕਰਨ ਲੱਗਾ । ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ । ਉਹ ਹਰ ਸਬਤ ਵਾਲੇ ਦਿਨ ਪ੍ਰਾਰਥਨਾ ਘਰ ਵਿੱਚ ਯਹੂਦੀਆਂ ਅਤੇ ਯੂਨਾਨੀਆਂ ਨਾਲ ਵਿਵਾਦ ਕਰਦਾ ਅਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ । ਫਿਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆ ਗਏ ਤਾਂ ਪੌਲੂਸ ਆਪਣਾ ਸਾਰਾ ਸਮਾਂ ਵਚਨ ਦੇ ਪ੍ਰਚਾਰ ਵਿੱਚ ਲਾਉਣ ਲੱਗਾ ਅਤੇ ਯਹੂਦੀਆਂ ਦੇ ਸਾਹਮਣੇ ਗਵਾਹੀ ਦੇਣ ਲੱਗਾ ਕਿ ਯਿਸੂ ਹੀ ‘ ਮਸੀਹ ’ ਹਨ । ਪਰ ਜਦੋਂ ਉਹ ਲੋਕ ਉਸ ਦਾ ਵਿਰੋਧ ਕਰਨ ਲੱਗੇ ਅਤੇ ਨਿੰਦਾ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜੇ ਅਤੇ ਕਿਹਾ, “ਹੁਣ ਜੇਕਰ ਤੁਸੀਂ ਨਾਸ਼ ਹੋਵੋ ਤਾਂ ਇਸ ਦਾ ਦੋਸ਼ ਤੁਹਾਡੇ ਆਪਣੇ ਸਿਰ! ਮੈਂ ਆਪਣਾ ਕਰਤੱਵ ਪੂਰਾ ਕੀਤਾ ਹੈ । ਮੈਂ ਹੁਣ ਪਰਾਈਆਂ ਕੌਮਾਂ ਕੋਲ ਜਾਵਾਂਗਾ ।” ਪੌਲੂਸ ਉੱਥੋਂ ਚੱਲ ਕੇ ਪਰਮੇਸ਼ਰ ਦੇ ਇੱਕ ਭਗਤ ਜਿਸ ਦਾ ਨਾਂ ਤੀਤੁਸ ਯੂਸਤੁਸ ਸੀ, ਦੇ ਘਰ ਗਿਆ । ਉਸ ਦਾ ਘਰ ਪ੍ਰਾਰਥਨਾ ਘਰ ਦੇ ਕੋਲ ਸੀ । ਪ੍ਰਾਰਥਨਾ ਘਰ ਦੇ ਅਧਿਕਾਰੀ ਕਰਿਸਪੁਸ ਨੇ ਆਪਣੇ ਸਾਰੇ ਪਰਿਵਾਰ ਸਮੇਤ ਪ੍ਰਭੂ ਵਿੱਚ ਵਿਸ਼ਵਾਸ ਕੀਤਾ ਅਤੇ ਬਹੁਤ ਸਾਰੇ ਕੁਰਿੰਥੁਸ ਦੇ ਰਹਿਣ ਵਾਲਿਆਂ ਨੇ ਸੁਣਿਆ ਅਤੇ ਵਿਸ਼ਵਾਸ ਕਰ ਕੇ ਬਪਤਿਸਮਾ ਲਿਆ । ਫਿਰ ਪ੍ਰਭੂ ਨੇ ਇੱਕ ਰਾਤ ਪੌਲੂਸ ਨੂੰ ਦਰਸ਼ਨ ਦੇ ਕੇ ਕਿਹਾ, “ਨਾ ਡਰ, ਪ੍ਰਚਾਰ ਕਰਦਾ ਜਾ ਅਤੇ ਚੁੱਪ ਨਾ ਰਹਿ ਕਿਉਂਕਿ ਮੈਂ ਤੇਰੇ ਨਾਲ ਹਾਂ । ਕੋਈ ਆਦਮੀ ਤੇਰੇ ਉੱਤੇ ਹਮਲਾ ਕਰ ਕੇ ਤੇਰਾ ਨੁਕਸਾਨ ਨਹੀਂ ਕਰ ਸਕੇਗਾ ਕਿਉਂਕਿ ਇਸ ਸ਼ਹਿਰ ਵਿੱਚ ਮੇਰੇ ਬਹੁਤ ਸਾਰੇ ਭਗਤ ਹਨ ।” ਪੌਲੂਸ ਡੇਢ ਸਾਲ ਤੱਕ ਉੱਥੇ ਰਿਹਾ ਅਤੇ ਪਰਮੇਸ਼ਰ ਦਾ ਵਚਨ ਸੁਣਾਉਂਦਾ ਰਿਹਾ । ਜਦੋਂ ਗੱਲੀਓ ਅਖਾਯਾ ਦੇ ਇਲਾਕੇ ਦਾ ਰਾਜਪਾਲ ਸੀ, ਉਸ ਸਮੇਂ ਯਹੂਦੀਆਂ ਨੇ ਏਕਾ ਕਰ ਕੇ ਪੌਲੂਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਅਦਾਲਤ ਵਿੱਚ ਲੈ ਗਏ । ਉਹ ਕਹਿਣ ਲੱਗੇ, “ਇਹ ਲੋਕਾਂ ਨੂੰ ਪਰਮੇਸ਼ਰ ਦੀ ਭਗਤੀ ਦਾ ਇਹੋ ਜਿਹਾ ਢੰਗ ਸਿਖਾਉਂਦਾ ਹੈ ਜੋ ਵਿਵਸਥਾ ਦੇ ਵਿਰੁੱਧ ਹੈ ।” ਪੌਲੂਸ ਅਜੇ ਬੋਲਣ ਹੀ ਲੱਗਾ ਸੀ ਕਿ ਗੱਲੀਓ ਨੇ ਯਹੂਦੀਆਂ ਨੂੰ ਕਿਹਾ, “ਯਹੂਦੀ ਲੋਕੋ, ਜੇਕਰ ਇਹ ਕੋਈ ਗੰਭੀਰ ਅਪਰਾਧ ਜਾਂ ਸ਼ਰਾਰਤ ਦੀ ਗੱਲ ਹੁੰਦੀ ਤਾਂ ਇਹ ਠੀਕ ਸੀ ਕਿ ਮੈਂ ਤੁਹਾਡੀ ਸੁਣਦਾ । ਪਰ ਜੇਕਰ ਇਹ ਝਗੜਾ ਸ਼ਬਦਾਂ, ਨਾਂਵਾਂ ਅਤੇ ਤੁਹਾਡੀ ਵਿਵਸਥਾ ਦੇ ਬਾਰੇ ਹੈ ਤਾਂ ਤੁਸੀਂ ਜਾਣੋ! ਮੈਂ ਇਸ ਦਾ ਨਿਆਂ ਨਹੀਂ ਕਰਨਾ ਚਾਹੁੰਦਾ ।” ਫਿਰ ਉਸ ਨੇ ਉਹਨਾਂ ਸਾਰਿਆਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ । ਤਦ ਉਹਨਾਂ ਸਾਰਿਆਂ ਨੇ ਪ੍ਰਾਰਥਨਾ ਘਰ ਦੇ ਅਧਿਕਾਰੀ ਸੋਸਥਨੇਸ ਨੂੰ ਫੜ ਕੇ ਅਦਾਲਤ ਦੇ ਸਾਹਮਣੇ ਹੀ ਬਹੁਤ ਕੁੱਟਿਆ ਪਰ ਗੱਲੀਓ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ । ਇਸ ਦੇ ਬਾਅਦ ਪੌਲੂਸ ਉੱਥੇ ਬਹੁਤ ਦਿਨਾਂ ਤੱਕ ਰਿਹਾ । ਫਿਰ ਭਰਾਵਾਂ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਦੁਆਰਾ ਪ੍ਰਿਸਕਿੱਲਾ ਅਤੇ ਅਕੂਲਾ ਦੇ ਨਾਲ ਸੀਰੀਯਾ ਵੱਲ ਚੱਲ ਪਿਆ । ਉਸ ਨੇ ਕੰਖਾਰਿਯਾ ਵਿੱਚ ਆਪਣਾ ਸਿਰ ਮੁਨਵਾ ਲਿਆ ਕਿਉਂਕਿ ਉਸ ਨੇ ਸੁੱਖਣਾ ਸੁੱਖੀ ਹੋਈ ਸੀ । ਅਫ਼ਸੁਸ ਪਹੁੰਚ ਕੇ ਪੌਲੂਸ ਨੇ ਉਹਨਾਂ ਨੂੰ ਉੱਥੇ ਛੱਡ ਦਿੱਤਾ ਅਤੇ ਆਪ ਪ੍ਰਾਰਥਨਾ ਘਰ ਵਿੱਚ ਜਾ ਕੇ ਯਹੂਦੀਆਂ ਨਾਲ ਵਿਵਾਦ ਕਰਨ ਲੱਗਾ । ਜਦੋਂ ਉਹਨਾਂ ਨੇ ਉਸ ਨੂੰ ਕੁਝ ਹੋਰ ਦਿਨ ਰਹਿਣ ਲਈ ਕਿਹਾ ਤਾਂ ਉਸ ਨੇ ਸਵੀਕਾਰ ਨਾ ਕੀਤਾ ਅਤੇ ਇਹ ਕਹਿ ਕੇ ਵਿਦਾ ਲਈ, “ਜੇਕਰ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਫਿਰ ਤੁਹਾਡੇ ਕੋਲ ਆਵਾਂਗਾ ।” ਫਿਰ ਉਸ ਨੇ ਅਫ਼ਸੁਸ ਤੋਂ ਸਮੁੰਦਰੀ ਜਹਾਜ਼ ਦੁਆਰਾ ਯਾਤਰਾ ਸ਼ੁਰੂ ਕੀਤੀ । ਜਦੋਂ ਉਹ ਕੈਸਰਿਯਾ ਪਹੁੰਚਿਆ ਤਾਂ ਉੱਥੋਂ ਫਿਰ ਯਰੂਸ਼ਲਮ ਨੂੰ ਗਿਆ ਅਤੇ ਕਲੀਸਿਯਾ ਨੂੰ ਨਮਸਕਾਰ ਕੀਤਾ ਅਤੇ ਫਿਰ ਅੰਤਾਕਿਯਾ ਨੂੰ ਚਲਾ ਗਿਆ । ਉੱਥੇ ਕੁਝ ਦਿਨ ਰਹਿ ਕੇ ਉਹ ਵਿਦਾ ਹੋਇਆ ਅਤੇ ਸ਼ਹਿਰ ਸ਼ਹਿਰ ਫਿਰ ਕੇ ਗਲਾਤਿਯਾ ਅਤੇ ਫ਼ਰੂਗਿਯਾ ਦੇ ਇਲਾਕੇ ਦਾ ਦੌਰਾ ਕਰਦਾ ਹੋਇਆ ਸਾਰੇ ਚੇਲਿਆਂ ਨੂੰ ਵਿਸ਼ਵਾਸ ਵਿੱਚ ਪੱਕਾ ਕਰਦਾ ਰਿਹਾ । ਅਪੁੱਲੋਸ ਨਾਂ ਦਾ ਯਹੂਦੀ ਜਿਸ ਦਾ ਜਨਮ ਸਥਾਨ ਸਿਕੰਦਰਿਯਾ ਸੀ, ਅਫ਼ਸੁਸ ਵਿੱਚ ਆਇਆ । ਉਹ ਇੱਕ ਚੰਗਾ ਬੋਲਣ ਵਾਲਾ ਅਤੇ ਪਵਿੱਤਰ-ਗ੍ਰੰਥ ਦਾ ਗਿਆਨੀ ਸੀ । ਉਸ ਨੇ ‘ਪ੍ਰਭੂ ਦੇ ਰਾਹ’ ਦੀ ਸਿੱਖਿਆ ਲਈ ਸੀ । ਉਹ ਯਿਸੂ ਦੇ ਬਾਰੇ ਬਹੁਤ ਉਤਸ਼ਾਹ ਦੇ ਨਾਲ ਠੀਕ ਠੀਕ ਸੁਣਾਉਂਦਾ ਅਤੇ ਸਿਖਾਉਂਦਾ ਸੀ, ਭਾਵੇਂ ਉਹ ਕੇਵਲ ਯੂਹੰਨਾ ਦੇ ਬਪਤਿਸਮਾ ਤੋਂ ਹੀ ਜਾਣੂ ਸੀ । ਉਹ ਪ੍ਰਾਰਥਨਾ ਘਰ ਵਿੱਚ ਨਿਡਰ ਹੋ ਕੇ ਬੋਲਣ ਲੱਗਾ । ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਨੂੰ ਸੁਣਿਆ ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਹੋਰ ਚੰਗੀ ਤਰ੍ਹਾਂ ‘ਪਰਮੇਸ਼ਰ ਦੇ ਰਾਹ’ ਬਾਰੇ ਦੱਸਿਆ । ਅਪੁੱਲੋਸ ਦੀ ਇੱਛਾ ਸੀ ਕਿ ਉਹ ਸਮੁੰਦਰ ਦੇ ਪਾਰ ਅਖਾਯਾ ਨੂੰ ਜਾਵੇ । ਭਰਾਵਾਂ ਨੇ ਇਸ ਬਾਰੇ ਉਸ ਨੂੰ ਉਤਸ਼ਾਹ ਦਿੱਤਾ ਅਤੇ ਚੇਲਿਆਂ ਨੂੰ ਲਿਖਿਆ ਕਿ ਉਸ ਦਾ ਸੁਆਗਤ ਕਰਨ । ਉੱਥੇ ਪਹੁੰਚ ਕੇ ਉਸ ਨੇ ਉਹਨਾਂ ਲੋਕਾਂ ਦੀ ਬੜੀ ਮਦਦ ਕੀਤੀ ਜੋ ਕਿਰਪਾ ਦੁਆਰਾ ਵਿਸ਼ਵਾਸੀ ਬਣ ਚੁੱਕੇ ਸਨ । 20 ਉਸ ਨੇ ਯਹੂਦੀਆਂ ਦਾ ਸਾਰਿਆਂ ਦੇ ਸਾਹਮਣੇ ਬਹੁਤ ਜ਼ੋਰ ਨਾਲ ਖੰਡਨ ਕਰਦੇ ਹੋਏ ਪਵਿੱਤਰ-ਗ੍ਰੰਥ ਵਿੱਚੋਂ ਸਿੱਧ ਕੀਤਾ ਕਿ ਯਿਸੂ ਹੀ ‘ ਮਸੀਹ ’ ਹਨ । ਜਿਸ ਸਮੇਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੂਸ ਸਮੁੰਦਰੀ ਕੰਢੇ ਦੇ ਇਲਾਕਿਆਂ ਦਾ ਦੌਰਾ ਕਰਦਾ ਹੋਇਆ ਅਫ਼ਸੁਸ ਵਿੱਚ ਆਇਆ । ਉੱਥੇ ਉਸ ਨੂੰ ਕੁਝ ਚੇਲੇ ਮਿਲੇ ਜਿਹਨਾਂ ਨੂੰ ਉਸ ਨੇ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ, ਕੀ ਉਸ ਸਮੇਂ ਤੁਹਾਨੂੰ ਪਵਿੱਤਰ ਆਤਮਾ ਮਿਲਿਆ?” ਉਹਨਾਂ ਨੇ ਉੱਤਰ ਦਿੱਤਾ, “ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਪਵਿੱਤਰ ਆਤਮਾ ਹੁੰਦਾ ਵੀ ਹੈ ।” ਫਿਰ ਪੌਲੂਸ ਨੇ ਉਹਨਾਂ ਤੋਂ ਪੁੱਛਿਆ, “ਤੁਸੀਂ ਕਿਸ ਦਾ ਬਪਤਿਸਮਾ ਲਿਆ ਹੈ?” ਉਹਨਾਂ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ।” ਤਦ ਪੌਲੂਸ ਨੇ ਉਹਨਾਂ ਨੂੰ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲਾ ਤੋਬਾ ਦਾ ਬਪਤਿਸਮਾ ਦਿੰਦਾ ਸੀ । ਉਸ ਨੇ ਇਸਰਾਏਲੀ ਲੋਕਾਂ ਨੂੰ ਦੱਸਿਆ ਸੀ ਕਿ ਮੇਰੇ ਬਾਅਦ ਆਉਣ ਵਾਲੇ ਭਾਵ ਯਿਸੂ ਵਿੱਚ ਵਿਸ਼ਵਾਸ ਕਰਨ ।” ਇਹ ਸੁਣ ਕੇ ਉਹਨਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ । ਜਦੋਂ ਪੌਲੂਸ ਨੇ ਉਹਨਾਂ ਉੱਤੇ ਹੱਥ ਰੱਖੇ ਤਦ ਪਵਿੱਤਰ ਆਤਮਾ ਉਹਨਾਂ ਉੱਤੇ ਉਤਰਿਆ ਅਤੇ ਉਹ ਅਣਜਾਣ ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ । ਉਹ ਸਾਰੇ ਕੋਈ ਬਾਰ੍ਹਾਂ ਆਦਮੀ ਸਨ । ਇਸ ਦੇ ਬਾਅਦ ਪੌਲੂਸ ਪ੍ਰਾਰਥਨਾ ਘਰ ਵਿੱਚ ਗਿਆ ਅਤੇ ਤਿੰਨ ਮਹੀਨੇ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਨਿਡਰ ਹੋ ਕੇ ਬਹਿਸ ਕਰਦਾ ਅਤੇ ਸਮਝਾਉਂਦਾ ਰਿਹਾ । ਪਰ ਜਦੋਂ ਕੁਝ ਲੋਕਾਂ ਨੇ ਦਿਲ ਦੀ ਕਠੋਰਤਾ ਦੇ ਕਾਰਨ ਵਿਸ਼ਵਾਸ ਨਾ ਕੀਤਾ ਅਤੇ ਸਾਰਿਆਂ ਦੇ ਸਾਹਮਣੇ ‘ਪ੍ਰਭੂ ਦੇ ਰਾਹ’ ਦੇ ਬਾਰੇ ਬੁਰੀਆਂ ਗੱਲਾਂ ਕਹੀਆਂ ਤਦ ਪੌਲੂਸ ਨੇ ਉਹਨਾਂ ਨੂੰ ਛੱਡ ਦਿੱਤਾ ਅਤੇ ਚੇਲਿਆਂ ਨੂੰ ਵੀ ਉਹਨਾਂ ਤੋਂ ਵੱਖਰਾ ਕਰ ਦਿੱਤਾ । ਇਸ ਦੇ ਬਾਅਦ ਉਹ ਤੁੰਰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਬਹਿਸ ਕਰਨ ਲੱਗਾ । ਇਸ ਤਰ੍ਹਾਂ ਦੋ ਸਾਲਾਂ ਤੱਕ ਹੁੰਦਾ ਰਿਹਾ, ਇੱਥੋਂ ਤੱਕ ਕਿ ਏਸ਼ੀਆ ਦੇ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਵਚਨ ਸੁਣ ਲਿਆ । ਪਰਮੇਸ਼ਰ ਨੇ ਪੌਲੂਸ ਦੇ ਰਾਹੀਂ ਅਨੋਖੇ ਚਮਤਕਾਰ ਕੀਤੇ । ਇੱਥੋਂ ਤੱਕ ਕਿ ਉਸ ਦੇ ਸਰੀਰ ਨਾਲ ਛੁਹਾਏ ਹੋਏ ਰੁਮਾਲ ਅਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿਕਲ ਜਾਂਦੀਆਂ ਸਨ । ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜਿਹਨਾਂ ਲੋਕਾਂ ਵਿੱਚ ਅਸ਼ੁੱਧ ਆਤਮਾਵਾਂ ਸਨ, ਉਹਨਾਂ ਉੱਤੇ ਪ੍ਰਭੂ ਯਿਸੂ ਦਾ ਨਾਮ ਵਰਤਣ । ਉਹ ਕਹਿੰਦੇ ਸਨ, “ਮੈਂ ਯਿਸੂ ਦੇ ਨਾਮ ਵਿੱਚ ਜਿਸ ਦਾ ਪ੍ਰਚਾਰ ਪੌਲੂਸ ਕਰਦਾ ਹੈ, ਤੈਨੂੰ ਹੁਕਮ ਦਿੰਦਾ ਹਾਂ ।” ਸਕੇਵਾ ਨਾਂ ਦੇ ਯਹੂਦੀ ਮਹਾਂ-ਪੁਰੋਹਿਤ ਦੇ ਸੱਤ ਪੁੱਤਰ ਸਨ ਜਿਹੜੇ ਇਸ ਤਰ੍ਹਾਂ ਕਰਦੇ ਸਨ । ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, “ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੂਸ ਨੂੰ ਵੀ ਪਛਾਣਦੀ ਹਾਂ ਪਰ ਤੁਸੀਂ ਕੌਣ ਹੋ?” ਫਿਰ ਜਿਸ ਆਦਮੀ ਵਿੱਚ ਅਸ਼ੁੱਧ ਆਤਮਾ ਸੀ, ਉਸ ਨੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਆਪਣੇ ਵੱਸ ਵਿੱਚ ਕਰ ਲਿਆ । ਉਹ ਨੰਗੇ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਘਰ ਵਿੱਚੋਂ ਬਾਹਰ ਦੌੜ ਗਏ । ਅਫ਼ਸੁਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ । ਉਹਨਾਂ ਸਾਰਿਆਂ ਉੱਤੇ ਡਰ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਬੜੀ ਵਡਿਆਈ ਹੋਈ । ਜਿਹਨਾਂ ਨੇ ਵਿਸ਼ਵਾਸ ਕੀਤਾ, ਉਹਨਾਂ ਵਿੱਚੋਂ ਬਹੁਤਿਆਂ ਨੇ ਆਪਣੇ ਬੁਰੇ ਕੰਮਾਂ ਨੂੰ ਖੁੱਲੇਆਮ ਸਵੀਕਾਰ ਕੀਤਾ । ਬਹੁਤ ਸਾਰੇ ਜਾਦੂ ਟੂਣੇ ਕਰਨ ਵਾਲਿਆਂ ਨੇ ਆਪਣੀਆਂ ਕਿਤਾਬਾਂ ਇਕੱਠੀਆਂ ਕਰ ਕੇ ਸਭ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਅੱਗ ਲਾ ਦਿੱਤੀ । ਜਦੋਂ ਉਹਨਾਂ ਦਾ ਮੁੱਲ ਜੋੜਿਆ ਗਿਆ ਤਾਂ ਉਹ ਲਗਭਗ ਪੰਜਾਹ ਹਜ਼ਾਰ ਚਾਂਦੀ ਦੇ ਸਿੱਕੇ ਹੋਇਆ । ਇਸ ਤਰ੍ਹਾਂ ਪ੍ਰਭੂ ਦਾ ਵਚਨ ਬਹੁਤ ਜ਼ੋਰ ਨਾਲ ਫੈਲਦਾ ਅਤੇ ਮਜ਼ਬੂਤ ਹੁੰਦਾ ਗਿਆ । ਇਹ ਸਭ ਹੋਣ ਦੇ ਬਾਅਦ, ਪੌਲੂਸ ਨੇ ਇਰਾਦਾ ਕੀਤਾ ਅਤੇ ਕਿਹਾ, “ਮੈਂ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਜਾਵਾਂਗਾ ਅਤੇ ਉੱਥੇ ਪਹੁੰਚਣ ਦੇ ਬਾਅਦ ਰੋਮ ਵੀ ਜ਼ਰੂਰ ਜਾਵਾਂਗਾ ।” ਇਸ ਲਈ ਉਸ ਨੇ ਆਪਣੇ ਦੋਨਾਂ ਮਦਦਗਾਰਾਂ ਤਿਮੋਥਿਉਸ ਅਤੇ ਇਸਰਤੁਸ ਨੂੰ ਮਕਦੂਨਿਯਾ ਨੂੰ ਭੇਜ ਦਿੱਤਾ ਅਤੇ ਆਪ ਏਸ਼ੀਆ ਵਿੱਚ ਕੁਝ ਹੋਰ ਸਮੇਂ ਲਈ ਠਹਿਰ ਗਿਆ । ਇਹਨਾਂ ਦਿਨਾਂ ਵਿੱਚ ‘ਪ੍ਰਭੂ ਦੇ ਰਾਹ’ ਦੇ ਕਾਰਨ ਬਹੁਤ ਹਲਚਲ ਮਚ ਗਈ । ਦੇਮੇਤ੍ਰਿਯੁਸ ਨਾਂ ਦਾ ਇੱਕ ਸੁਨਿਆਰ ਜੋ ਅਰਤਿਮਿਸ ਦੀ ਦੇਵੀ ਦੇ ਮੰਦਰ ਦੀਆਂ ਮੂਰਤੀਆਂ ਬਣਾਉਂਦਾ ਸੀ ਅਤੇ ਉਸ ਦੇ ਕਾਰੋਬਾਰ ਤੋਂ ਕਾਰੀਗਰਾਂ ਨੂੰ ਬਹੁਤ ਲਾਭ ਹੁੰਦਾ ਸੀ । ਉਸ ਨੇ ਇਹਨਾਂ ਕਾਰੀਗਰਾਂ ਅਤੇ ਹੋਰ ਇਸੇ ਕਾਰੋਬਾਰ ਕਰਨ ਵਾਲਿਆਂ ਨੂੰ ਇਕੱਠਾ ਕਰ ਕੇ ਕਿਹਾ, “ਮਿੱਤਰੋ ਤੁਸੀਂ ਜਾਣਦੇ ਹੋ ਕਿ ਇਸ ਕਾਰੋਬਾਰ ਤੋਂ ਸਾਨੂੰ ਕਿੰਨਾ ਲਾਭ ਹੁੰਦਾ ਹੈ । ਪਰ ਹੁਣ ਤੁਸੀਂ ਦੇਖ ਅਤੇ ਸੁਣ ਰਹੇ ਹੋ ਕਿ ਇਸ ਪੌਲੂਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ ਸਗੋਂ ਸਾਰੇ ਏਸ਼ੀਆ ਦੇ ਇਲਾਕੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਕਹਿ ਕੇ ਉਲਟੇ ਰਾਹ ਪਾ ਦਿੱਤਾ ਹੈ ਕਿ ਹੱਥਾਂ ਦੇ ਬਣੇ ਦੇਵਤਾ, ਦੇਵਤਾ ਨਹੀਂ ਹਨ । ਇਸ ਕਾਰਨ ਕੇਵਲ ਸਾਡੇ ਕਾਰੋਬਾਰ ਨੂੰ ਹੀ ਧੱਕਾ ਨਹੀਂ ਲੱਗੇਗਾ ਸਗੋਂ ਇਹ ਵੀ ਕਿ ਮਹਾਨ ਦੇਵੀ ਅਰਤਿਮਿਸ ਦੀ ਮਹਾਨਤਾ ਖ਼ਤਮ ਹੋ ਜਾਵੇਗੀ, ਜਿਸ ਦੀ ਪੂਜਾ ਨਾ ਕੇਵਲ ਸਾਰਾ ਏਸ਼ੀਆ ਸਗੋਂ ਸਾਰਾ ਸੰਸਾਰ ਕਰਦਾ ਹੈ ।” ਇਹ ਸੁਣ ਕੇ ਲੋਕ ਗੁੱਸੇ ਵਿੱਚ ਆ ਕੇ ਰੌਲਾ ਪਾਉਣ ਲੱਗੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ!” ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ । ਲੋਕਾਂ ਨੇ ਪੌਲੂਸ ਦੇ ਨਾਲ ਯਾਤਰਾ ਕਰਨ ਵਾਲੇ ਦੋ ਸਾਥੀਆਂ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਰਹਿਣ ਵਾਲੇ ਸਨ ਘਸੀਟ ਕੇ ਨਾਟਸ਼ਾਲਾ ਵੱਲ ਲੈ ਗਏ । ਪੌਲੂਸ ਲੋਕਾਂ ਦੇ ਸਾਹਮਣੇ ਅੰਦਰ ਜਾਣਾ ਚਾਹੁੰਦਾ ਸੀ ਪਰ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ । ਏਸ਼ੀਆ ਦੇ ਕਈ ਅਧਿਕਾਰੀਆਂ ਨੇ ਵੀ ਜਿਹੜੇ ਪੌਲੂਸ ਦੇ ਮਿੱਤਰ ਸਨ ਉਸ ਨੂੰ ਸੁਨੇਹਾ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਨਾਟਸ਼ਾਲਾ ਵਿੱਚ ਜਾਣ ਦੀ ਕੋਸ਼ਿਸ਼ ਨਾ ਕਰੇ । ਪਰ ਉੱਧਰ ਸਾਰੀ ਸਭਾ ਵਿੱਚ ਹਲਚਲ ਮਚੀ ਹੋਈ ਸੀ । ਕੋਈ ਕੁਝ ਰੌਲਾ ਪਾ ਰਿਹਾ ਸੀ ਅਤੇ ਕੋਈ ਕੁਝ । ਬਹੁਤ ਲੋਕ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਕਿਉਂ ਇਕੱਠੇ ਹੋਏ ਹਨ । ਤਦ ਕੁਝ ਲੋਕਾਂ ਨੇ ਸੋਚਿਆ ਕਿ ਸਿਕੰਦਰ ਜ਼ਿਮੇਵਾਰ ਹੈ ਕਿਉਂਕਿ ਯਹੂਦੀ ਉਸ ਨੂੰ ਅੱਗੇ ਕਰ ਰਹੇ ਸਨ । ਸਿਕੰਦਰ ਨੇ ਲੋਕਾਂ ਨੂੰ ਹੱਥ ਦਾ ਇਸ਼ਾਰਾ ਕੀਤਾ ਅਤੇ ਆਪਣੇ ਹੱਕ ਵਿੱਚ ਲੋਕਾਂ ਨੂੰ ਕੁਝ ਕਹਿਣਾ ਚਾਹਿਆ । ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਯਹੂਦੀ ਹੈ ਤਾਂ ਕੋਈ ਦੋ ਘੰਟੇ ਤੱਕ ਉਹ ਲਗਾਤਾਰ ਉੱਚੀ-ਉੱਚੀ ਰੌਲਾ ਪਾਉਂਦੇ ਰਹੇ, “ਅਫ਼ਸੁਸ ਦੀ ਦੇਵੀ ਅਰਤਿਮਿਸ ਮਹਾਨ ਹੈ!” ਫਿਰ ਸ਼ਹਿਰ ਦੇ ਪ੍ਰਬੰਧਕ ਨੇ ਭੀੜ ਨੂੰ ਚੁੱਪ ਕਰਾਉਂਦੇ ਹੋਏ ਕਿਹਾ, “ਅਫ਼ਸੁਸ ਦੇ ਨਿਵਾਸੀ ਭਰਾਵੋ! ਕੌਣ ਨਹੀਂ ਜਾਣਦਾ ਕਿ ਅਫ਼ਸੁਸ ਸ਼ਹਿਰ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਕ ਹੈ? ਇਹਨਾਂ ਗੱਲਾਂ ਨੂੰ ਕੋਈ ਝੂਠਾ ਸਿੱਧ ਨਹੀਂ ਕਰ ਸਕਦਾ । ਇਸ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਅਤੇ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਨਾ ਚਾਹੀਦਾ । ਤੁਸੀਂ ਇਹਨਾਂ ਆਦਮੀਆਂ ਨੂੰ ਇੱਥੇ ਲਿਆਏ ਹੋ ਜਿਹਨਾਂ ਨੇ ਨਾ ਤਾਂ ਮੰਦਰ ਦੀ ਚੋਰੀ ਕੀਤੀ ਹੈ ਅਤੇ ਨਾ ਹੀ ਸਾਡੀ ਦੇਵੀ ਦਾ ਅਪਮਾਨ । ਜੇਕਰ ਦੇਮੇਤ੍ਰਿਯੁਸ ਅਤੇ ਉਸ ਦੇ ਕਾਰੀਗਰਾਂ ਦਾ ਕਿਸੇ ਨਾਲ ਕੋਈ ਝਗੜਾ ਹੈ ਤਾਂ ਅਦਾਲਤ ਖੁੱਲ੍ਹੀ ਹੈ ਅਤੇ ਰਾਜਪਾਲ ਵੀ ਹੈ । ਉਹ ਇੱਕ ਦੂਜੇ ਉੱਤੇ ਮੁਕੱਦਮਾ ਚਲਾ ਸਕਦੇ ਹਨ । ਪਰ ਜੇਕਰ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫ਼ੈਸਲਾ ਅਦਾਲਤ ਵਿੱਚ ਕੀਤਾ ਜਾਵੇ । ਸਾਨੂੰ ਡਰ ਹੈ ਕਿ ਅੱਜ ਦੇ ਇਸ ਦੰਗੇ ਦਾ ਦੋਸ਼ ਸਾਡੇ ਸਿਰ ਨਾ ਮੜ੍ਹਿਆ ਜਾਵੇ । ਕਿਉਂਕਿ ਅਸੀਂ ਇਸ ਦੰਗੇ ਦਾ ਕੋਈ ਠੀਕ ਕਾਰਨ ਨਹੀਂ ਦੱਸ ਸਕਾਂਗੇ ।” ਇਹ ਕਹਿ ਕੇ ਉਸ ਨੇ ਸਭਾ ਸਮਾਪਤ ਕਰ ਦਿੱਤੀ । ਜਦੋਂ ਦੰਗਾ ਖ਼ਤਮ ਹੋ ਗਿਆ ਤਦ ਪੌਲੂਸ ਨੇ ਚੇਲਿਆਂ ਨੂੰ ਸੱਦਾ ਭੇਜਿਆ ਅਤੇ ਉਹਨਾਂ ਨੂੰ ਉਤਸ਼ਾਹ ਦੇਣ ਦੇ ਬਾਅਦ ਉਹ ਉਹਨਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ । ਉਹ ਇਹਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਬਹੁਤ ਸਾਰੇ ਉਪਦੇਸ਼ਾਂ ਰਾਹੀਂ ਉਤਸ਼ਾਹ ਦਿੰਦਾ ਹੋਇਆ ਯੂਨਾਨ ਵਿੱਚ ਆਇਆ । ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਸਮੁੰਦਰੀ ਜਹਾਜ਼ ਦੁਆਰਾ ਸੀਰੀਯਾ ਨੂੰ ਜਾਣ ਵਾਲਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਯਹੂਦੀ ਉਸ ਦੇ ਵਿਰੁੱਧ ਵਿਉਂਤਾਂ ਬਣਾ ਰਹੇ ਹਨ । ਇਸ ਲਈ ਉਸ ਨੇ ਮਕਦੂਨਿਯਾ ਰਾਹੀਂ ਜਾਣ ਦਾ ਇਰਾਦਾ ਕੀਤਾ । ਉਸ ਦੇ ਨਾਲ ਪੇਰਰੁਸ ਦਾ ਪੁੱਤਰ ਸੋਪਤੁਰਸ ਜਿਹੜਾ ਬਰਿਯਾ ਦਾ ਰਹਿਣ ਵਾਲਾ ਸੀ; ਥੱਸਲੁਨੀਕੀਆ ਦੇ ਰਹਿਣ ਵਾਲੇ ਅਰਿਸਤਰਖੁਸ ਅਤੇ ਸਿਕੰਦਰ; ਦਰਬੇ ਦੇ ਗਾਯੁਸ ਅਤੇ ਤਿਮੋਥਿਉਸ ਅਤੇ ਏਸ਼ੀਆ ਦੇ ਤੁਥਿਕੁਸ ਅਤੇ ਤ੍ਰੋਫਿਮੁਸ ਗਏ । ਇਹ ਲੋਕ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰਨ ਲੱਗੇ । ਅਸੀਂ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਬਾਅਦ ਫ਼ਿਲਿੱਪੈ ਤੋਂ ਸਮੁੰਦਰ ਦੁਆਰਾ ਯਾਤਰਾ ਸ਼ੁਰੂ ਕੀਤੀ ਅਤੇ ਪੰਜ ਦਿਨਾਂ ਵਿੱਚ ਉਹਨਾਂ ਦੇ ਕੋਲ ਤ੍ਰੋਆਸ ਪਹੁੰਚੇ ਅਤੇ ਉੱਥੇ ਸੱਤ ਦਿਨ ਰਹੇ । ਹਫ਼ਤੇ ਦੇ ਪਹਿਲੇ ਦਿਨ ਅਸੀਂ ਪ੍ਰਭੂ ਭੋਜ ਦੇ ਲਈ ਇਕੱਠੇ ਹੋਏ । ਪੌਲੂਸ ਅਗਲੇ ਦਿਨ ਜਾਣ ਵਾਲਾ ਸੀ, ਇਸ ਲਈ ਉਹ ਲੋਕਾਂ ਨਾਲ ਗੱਲ ਬਾਤ ਕਰਨ ਲੱਗਾ ਅਤੇ ਗੱਲ ਬਾਤ ਅੱਧੀ ਰਾਤ ਤੱਕ ਚੱਲਦੀ ਰਹੀ । ਜਿਸ ਚੌਬਾਰੇ ਵਿੱਚ ਇਹ ਸਭਾ ਹੋ ਰਹੀ ਸੀ, ਉੱਥੇ ਬਹੁਤ ਦੀਵੇ ਜਗ ਰਹੇ ਸਨ । ਯੂਤਖੁਸ ਨਾਂ ਦਾ ਇੱਕ ਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ । ਜਦੋਂ ਪੌਲੂਸ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਤਾਂ ਉਸ ਜਵਾਨ ਨੂੰ ਨੀਂਦ ਆ ਗਈ । ਨੀਂਦ ਦੇ ਝੋਕੇ ਵਿੱਚ ਹੀ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ । ਤਦ ਪੌਲੂਸ ਹੇਠਾਂ ਉਤਰਿਆ ਅਤੇ ਉਸ ਜਵਾਨ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਕਿਹਾ, “ਰੌਲਾ ਨਾ ਪਾਓ, ਇਹ ਜਿਊਂਦਾ ਹੈ!” ਤਦ ਉਹ ਉੱਤੇ ਗਿਆ ਅਤੇ ਪ੍ਰਭੂ ਭੋਜ ਕੀਤਾ । ਪੌਲੂਸ ਇੰਨੀ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਕਿ ਦਿਨ ਚੜ੍ਹ ਆਇਆ ਅਤੇ ਫਿਰ ਉਹ ਚਲਾ ਗਿਆ । ਲੋਕ ਜਵਾਨ ਨੂੰ ਜਿਊਂਦਾ ਜਾਗਦਾ ਘਰ ਲੈ ਆਏ ਅਤੇ ਉਹਨਾਂ ਨੂੰ ਬਹੁਤ ਦਿਲਾਸਾ ਮਿਲਿਆ । ਅਸੀਂ ਸਮੁੰਦਰੀ ਜਹਾਜ਼ ਦੁਆਰਾ ਪਹਿਲਾਂ ਹੀ ਅੱਸੁਸ ਨੂੰ ਚੱਲ ਪਏ । ਅਸੀਂ ਚਾਹੁੰਦੇ ਸੀ ਕਿ ਪੌਲੂਸ ਨੂੰ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਲਈਏ । ਪੌਲੂਸ ਨੇ ਆਪ ਹੀ ਇਸ ਤਰ੍ਹਾਂ ਕਰਨ ਲਈ ਕਿਹਾ ਸੀ ਕਿਉਂਕਿ ਉਹ ਆਪ ਪੈਦਲ ਆਉਣਾ ਚਾਹੁੰਦਾ ਸੀ । ਇਸ ਲਈ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਅਤੇ ਅਸੀਂ ਉਸ ਨੂੰ ਜਹਾਜ਼ ਵਿੱਚ ਚੜ੍ਹਾ ਲਿਆ ਅਤੇ ਮਿਤੁਲੇਨੇ ਨੂੰ ਚਲੇ ਗਏ । ਦੂਜੇ ਦਿਨ ਉੱਥੋਂ ਜਲ ਮਾਰਗ ਦੁਆਰਾ ਅਸੀਂ ਖੀਉਸ ਪਹੁੰਚੇ । ਫਿਰ ਅਗਲੇ ਦਿਨ ਸਾਮੁਸ ਅਤੇ ਇੱਕ ਦਿਨ ਦੇ ਬਾਅਦ ਮਿਲੇਤੁਸ ਵਿੱਚ ਆ ਗਏ । ਪੌਲੂਸ ਨੇ ਫ਼ੈਸਲਾ ਕੀਤਾ ਸੀ ਕਿ ਅਫ਼ਸੁਸ ਨੂੰ ਨਾ ਜਾਈਏ ਤਾਂ ਜੋ ਏਸ਼ੀਆ ਵਿੱਚ ਦੇਰ ਨਾ ਲੱਗੇ । ਉਹ ਇਸ ਲਈ ਛੇਤੀ ਕਰ ਰਿਹਾ ਸੀ ਕਿ ਜੇਕਰ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਤੱਕ ਯਰੂਸ਼ਲਮ ਨੂੰ ਪਹੁੰਚ ਜਾਵੇ । ਪੌਲੂਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਕਲੀਸਿਯਾ ਦੇ ਬਜ਼ੁਰਗ ਆਗੂਆਂ ਨੂੰ ਸੱਦਾ ਭੇਜਿਆ । ਜਦੋਂ ਉਹ ਪਹੁੰਚੇ ਤਦ ਪੌਲੂਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਮੈਂ ਏਸ਼ੀਆ ਵਿੱਚ ਪੈਰ ਰੱਖਿਆ ਹੈ, ਮੈਂ ਆਪਣਾ ਸਾਰਾ ਸਮਾਂ ਤੁਹਾਡੇ ਨਾਲ ਕਿਸ ਤਰ੍ਹਾਂ ਗੁਜ਼ਾਰਿਆ ਹੈ । ਕਿਸ ਤਰ੍ਹਾਂ ਨਿਮਰਤਾ ਅਤੇ ਅੱਥਰੂਆਂ ਨਾਲ ਉਹਨਾਂ ਦੁੱਖਾਂ ਵਿੱਚ ਜਿਹੜੇ ਯਹੂਦੀਆਂ ਦੀਆਂ ਵਿਉਂਤਾਂ ਦੇ ਕਾਰਨ ਮੇਰੇ ਉੱਤੇ ਆਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ ਹਾਂ । ਜਿਹੜੀਆਂ ਗੱਲਾਂ ਤੁਹਾਡੇ ਲਾਭ ਦੀਆਂ ਸਨ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਤੋਂ ਪਿੱਛੇ ਨਾ ਹਟਿਆ ਅਤੇ ਖੁੱਲ੍ਹੇਆਮ ਘਰ ਘਰ ਜਾ ਕੇ ਤੁਹਾਨੂੰ ਸਿੱਖਿਆ ਦਿੱਤੀ । ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਨਾਂ ਦੇ ਸਾਹਮਣੇ ਸਾਫ਼ ਸਾਫ਼ ਗਵਾਹੀ ਦਿੱਤੀ ਕਿ ਉਹ ਪਰਮੇਸ਼ਰ ਦੇ ਵੱਲ ਮੁੜਨ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਨ । ਪਰ ਹੁਣ ਮੈਂ ਆਤਮਾ ਦੇ ਹੁਕਮ ਦਾ ਬੱਧਾ ਹੋਇਆ ਯਰੂਸ਼ਲਮ ਜਾ ਰਿਹਾ ਹਾਂ । ਉੱਥੇ ਮੇਰੇ ਨਾਲ ਕੀ ਹੋਵੇਗਾ, ਮੈਨੂੰ ਨਹੀਂ ਪਤਾ । ਕੇਵਲ ਇਹ ਜਾਣਦਾ ਹਾਂ ਕਿ ਹਰ ਇੱਕ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚਿਤਾਵਨੀ ਦੇ ਰਿਹਾ ਹੈ ਕਿ ਕੈਦ ਅਤੇ ਬਿਪਤਾਵਾਂ ਮੇਰਾ ਰਾਹ ਦੇਖ ਰਹੀਆਂ ਹਨ । ਮੇਰੇ ਜੀਵਨ ਦਾ ਕੋਈ ਮੁੱਲ ਨਹੀਂ; ਜੇਕਰ ਹੈ ਤਾਂ ਕੇਵਲ ਇਹ ਕਿ ਮੇਰੀ ਉਹ ਦੌੜ ਅਤੇ ਉਹ ਸੇਵਾ ਪੂਰੀ ਹੋ ਜਾਵੇ ਜਿਹੜੀ ਪ੍ਰਭੂ ਯਿਸੂ ਨੇ ਮੈਨੂੰ ਪ੍ਰਦਾਨ ਕੀਤੀ ਹੈ, ਭਾਵ ਮੈਂ ਪਰਮੇਸ਼ਰ ਦੀ ਕਿਰਪਾ ਵਾਲੇ ਸ਼ੁਭ ਸਮਾਚਾਰ ਦੀ ਗਵਾਹੀ ਦਿੰਦਾ ਰਹਾਂ । “ਹੁਣ ਦੇਖੋ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਜਿਹਨਾਂ ਵਿੱਚ ਮੈਂ ਪਰਮੇਸ਼ਰ ਦੇ ਰਾਹ ਦਾ ਸ਼ੁਭ ਸਮਾਚਾਰ ਸੁਣਾਉਂਦਾ ਰਿਹਾ ਹਾਂ, ਮੇਰਾ ਮੂੰਹ ਫਿਰ ਕਦੀ ਨਾ ਦੇਖੋਗੇ । ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਗਵਾਹੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਭਟਕ ਜਾਵੇ ਤਾਂ ਉਸ ਦੇ ਲਈ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ । ਕਿਉਂਕਿ ਮੈਂ ਪਰਮੇਸ਼ਰ ਦੇ ਸਾਰੇ ਇਰਾਦੇ ਤੁਹਾਨੂੰ ਦੱਸਣ ਤੋਂ ਨਹੀਂ ਝਿੱਜਕਿਆ । ਆਪਣਾ ਅਤੇ ਆਪਣੇ ਝੁੰਡ ਦਾ ਖਿਆਲ ਰੱਖਣਾ, ਜਿਸ ਦਾ ਨਿਗਹਾਬਾਨ ਪਵਿੱਤਰ ਆਤਮਾ ਨੇ ਤੁਹਾਨੂੰ ਨਿਯੁਕਤ ਕੀਤਾ ਹੈ । ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੁਰੱਖਿਆ ਕਰੋ ਜਿਹਨਾਂ ਨੂੰ ਉਹਨਾਂ ਨੇ ਆਪਣੇ ਲਈ ਆਪਣੇ ਖ਼ੂਨ ਦੁਆਰਾ ਪ੍ਰਾਪਤ ਕੀਤਾ ਹੈ । ਮੈਂ ਜਾਣਦਾ ਹਾਂ ਕਿ ਮੇਰੇ ਜਾਣ ਬਾਅਦ ਭਿਅੰਕਰ ਬਘਿਆੜ ਤੁਹਾਡੇ ਵਿੱਚ ਆ ਜਾਣਗੇ, ਜਿਹੜੇ ਝੁੰਡ ਨੂੰ ਨਾ ਛੱਡਣਗੇ । ਹਾਂ, ਤੁਹਾਡੇ ਹੀ ਵਿੱਚੋਂ ਇਹੋ ਜਿਹੇ ਆਦਮੀ ਉੱਠ ਖੜ੍ਹੇ ਹੋ ਜਾਣਗੇ, ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਲਾਉਣ ਲਈ ਉਹਨਾਂ ਨੂੰ ਉਲਟੀਆਂ ਸਿੱਧੀਆਂ ਸਿੱਖਿਆਵਾਂ ਦੇਣਗੇ । ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਤੱਕ ਦਿਨ ਰਾਤ ਅੱਥਰੂ ਵਹਾ ਵਹਾ ਕੇ ਤੁਹਾਡੇ ਵਿੱਚ ਹਰ ਇੱਕ ਨੂੰ ਸਮਝਾਇਆ ਹੈ । “ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੀ ਦੇਖਭਾਲ ਦੇ ਸਪੁਰਦ ਕਰਦਾ ਹਾਂ । ਉਹ ਤੁਹਾਡੀ ਉਸਾਰੀ ਕਰਨ ਅਤੇ ਆਪਣੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਤੁਹਾਡੀਆਂ ਅਸੀਸਾਂ ਤੁਹਾਨੂੰ ਪ੍ਰਦਾਨ ਕਰਨ ਦੇ ਯੋਗ ਹਨ । ਮੈਂ ਕਿਸੇ ਦੇ ਸੋਨੇ, ਚਾਂਦੀ ਅਤੇ ਵਸਤਰਾਂ ਦਾ ਲੋਭ ਨਹੀਂ ਕੀਤਾ । ਤੁਸੀਂ ਆਪ ਜਾਣਦੇ ਹੋ ਕਿ ਇਹਨਾਂ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ । ਮੈਂ ਹਮੇਸ਼ਾ ਤੁਹਾਡੇ ਸਾਹਮਣੇ ਉਦਾਹਰਨ ਰੱਖੀ ਹੈ ਕਿ ਸਾਨੂੰ ਕਿਸ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਜਿਹੜੇ ਉਹਨਾਂ ਨੇ ਆਪ ਕਹੇ ਸਨ, ‘ਲੈਣ ਨਾਲੋਂ ਦੇਣਾ ਧੰਨ ਹੈ ।’” ਇਹ ਕਹਿ ਚੁੱਕਣ ਦੇ ਬਾਅਦ ਪੌਲੂਸ ਨੇ ਸਾਰਿਆਂ ਦੇ ਨਾਲ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ । ਫਿਰ ਉਹ ਸਾਰੇ ਰੋਣ ਲੱਗੇ ਅਤੇ ਪੌਲੂਸ ਦੇ ਗਲ ਲੱਗ ਕੇ ਉਸ ਨੂੰ ਚੁੰਮਣ ਲੱਗੇ । ਖ਼ਾਸ ਕਰ ਕੇ ਪੌਲੂਸ ਦੇ ਇਹਨਾਂ ਸ਼ਬਦਾਂ ਦੇ ਕਾਰਨ, “ਤੁਸੀਂ ਮੇਰਾ ਮੂੰਹ ਫਿਰ ਨਾ ਦੇਖੋਗੇ ।” ਉਹ ਬਹੁਤ ਉਦਾਸ ਸਨ । ਉਹ ਸਾਰੇ ਪੌਲੂਸ ਨੂੰ ਸਮੁੰਦਰੀ ਜਹਾਜ਼ ਤੱਕ ਛੱਡਣ ਗਏ । ਅਸੀਂ ਉਹਨਾਂ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਦੁਆਰਾ ਸਿੱਧੇ ਕੋਸ ਆਏ । ਅਗਲੇ ਦਿਨ ਰੋਦੁਸ ਅਤੇ ਫਿਰ ਪਾਤਰਾ ਪਹੁੰਚੇ । ਉੱਥੋਂ ਅਗਲੇ ਦਿਨ ਫ਼ਨੀਕੇ ਨੂੰ ਜਾਣ ਵਾਲੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਅੱਗੇ ਵਧੇ । ਸਾਨੂੰ ਕੁਪਰੁਸ ਦਿਖਾਈ ਦਿੱਤਾ ਪਰ ਉਸ ਨੂੰ ਅਸੀਂ ਆਪਣੇ ਖੱਬੇ ਪਾਸੇ ਛੱਡ ਕੇ ਸੀਰੀਯਾ ਵੱਲ ਵਧੇ ਅਤੇ ਸੂਰ ਵਿੱਚ ਪਹੁੰਚੇ ਕਿਉਂਕਿ ਉੱਥੇ ਜਹਾਜ਼ ਦਾ ਮਾਲ ਉਤਾਰਿਆ ਜਾਣਾ ਸੀ । ਸਾਨੂੰ ਉੱਥੇ ਕੁਝ ਚੇਲੇ ਮਿਲ ਗਏ ਅਤੇ ਅਸੀਂ ਸੱਤ ਦਿਨ ਤੱਕ ਉਹਨਾਂ ਦੇ ਨਾਲ ਰਹੇ । ਉਹਨਾਂ ਨੇ ਪਵਿੱਤਰ ਆਤਮਾ ਦੁਆਰਾ ਪੌਲੂਸ ਨੂੰ ਕਿਹਾ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ । ਫਿਰ ਜਦੋਂ ਸਾਡੇ ਉੱਥੇ ਰਹਿਣ ਦੇ ਦਿਨ ਪੂਰੇ ਹੋ ਗਏ ਅਤੇ ਅਸੀਂ ਆਪਣੀ ਯਾਤਰਾ ਜਾਰੀ ਕੀਤੀ ਤਦ ਸਾਰੇ ਚੇਲੇ, ਔਰਤਾਂ ਅਤੇ ਬੱਚਿਆਂ ਸਮੇਤ ਸਾਨੂੰ ਸ਼ਹਿਰ ਦੇ ਬਾਹਰ ਤੱਕ ਛੱਡਣ ਆਏ । ਅਸੀਂ ਸਮੁੰਦਰ ਦੇ ਕੰਢੇ ਉੱਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ ਅਤੇ ਫਿਰ ਇੱਕ ਦੂਜੇ ਤੋਂ ਵਿਦਾ ਲੈ ਕੇ ਸਮੁੰਦਰੀ ਜਹਾਜ਼ ਵਿੱਚ ਚੜ੍ਹ ਗਏ ਅਤੇ ਉਹ ਵਾਪਸ ਆਪਣੇ ਘਰਾਂ ਨੂੰ ਚਲੇ ਗਏ । ਅਸੀਂ ਸੂਰ ਤੋਂ ਆਪਣੀ ਸਮੁੰਦਰੀ ਯਾਤਰਾ ਪੂਰੀ ਕਰ ਕੇ ਤੁਲਾਮਾਇਸ ਵਿੱਚ ਪਹੁੰਚੇ ਅਤੇ ਭਰਾਵਾਂ ਨੂੰ ਪਰਨਾਮ ਕਰ ਕੇ ਇੱਕ ਦਿਨ ਦੇ ਲਈ ਅਸੀਂ ਉਹਨਾਂ ਕੋਲ ਠਹਿਰੇ । ਉੱਥੋਂ ਚੱਲ ਕੇ ਅਸੀਂ ਅਗਲੇ ਦਿਨ ਕੈਸਰਿਯਾ ਪਹੁੰਚੇ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰਕ ਫ਼ਿਲਿੱਪੁਸ ਦੇ ਕੋਲ ਜਾ ਠਹਿਰੇ ਜੋ ਸੱਤਾਂ ਵਿੱਚੋਂ ਇੱਕ ਸੀ । ਉਸ ਦੀਆਂ ਚਾਰ ਕੁਆਰੀਆਂ ਪੁੱਤਰੀਆਂ ਸਨ, ਜਿਹੜੀਆਂ ਭਵਿੱਖਬਾਣੀ ਕਰਦੀਆਂ ਸਨ । ਅਸੀਂ ਉੱਥੇ ਕਈ ਦਿਨਾਂ ਤੱਕ ਠਹਿਰੇ । ਉਹਨਾਂ ਦਿਨਾਂ ਵਿੱਚ ਅਗਬੁਸ ਨਾਂ ਦਾ ਨਬੀ ਯਹੂਦਿਯਾ ਤੋਂ ਉੱਥੇ ਆਇਆ । ਜਦੋਂ ਉਹ ਸਾਨੂੰ ਮਿਲਣ ਆਇਆ ਤਾਂ ਉਸ ਨੇ ਪੌਲੂਸ ਦਾ ਕਮਰਬੰਦ ਲਿਆ ਅਤੇ ਆਪਣੇ ਹੱਥ-ਪੈਰ ਬੰਨ੍ਹ ਕੇ ਕਿਹਾ, “ਪਵਿੱਤਰ ਆਤਮਾ ਦਾ ਕਹਿਣਾ ਹੈ ਕਿ ਜਿਸ ਆਦਮੀ ਦਾ ਇਹ ਕਮਰਬੰਦ ਹੈ, ਉਸ ਨੂੰ ਯਰੂਸ਼ਲਮ ਵਿੱਚ ਯਹੂਦੀ ਲੋਕ ਇਸੇ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿੱਚ ਸੌਂਪ ਦੇਣਗੇ ।” ਜਦੋਂ ਅਸੀਂ ਇਹ ਸੁਣਿਆ ਤਾਂ ਅਸੀਂ ਅਤੇ ਉੱਥੋਂ ਦੇ ਲੋਕਾਂ ਨੇ ਪੌਲੂਸ ਅੱਗੇ ਬੇਨਤੀ ਕੀਤੀ ਕਿ ਉਹ ਯਰੂਸ਼ਲਮ ਵਿੱਚ ਨਾ ਜਾਵੇ । ਪਰ ਉਸ ਨੇ ਉੱਤਰ ਦਿੱਤਾ, “ਤੁਸੀਂ ਇਹ ਕੀ ਕਰ ਰਹੇ ਹੋ? ਤੁਸੀਂ ਰੋ ਰੋ ਕੇ ਮੇਰਾ ਦਿਲ ਕਿਉਂ ਦੁਖੀ ਕਰ ਰਹੇ ਹੋ? ਮੈਂ ਤਾਂ ਪ੍ਰਭੂ ਯਿਸੂ ਦੇ ਲਈ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਦੇ ਲਈ ਹੀ ਨਹੀਂ ਸਗੋਂ ਮਰਨ ਦੇ ਲਈ ਵੀ ਤਿਆਰ ਹਾਂ ।” ਜਦੋਂ ਅਸੀਂ ਉਸ ਨੂੰ ਮਨਾ ਨਾ ਸਕੇ ਤਾਂ ਇਹ ਕਹਿ ਕੇ ਚੁੱਪ ਹੋ ਗਏ, “ਪ੍ਰਭੂ ਦੀ ਇੱਛਾ ਪੂਰੀ ਹੋਵੇ ।” ਇਹਨਾਂ ਦਿਨਾਂ ਦੇ ਬਾਅਦ ਅਸੀਂ ਤਿਆਰੀ ਕੀਤੀ ਅਤੇ ਯਰੂਸ਼ਲਮ ਵੱਲ ਚੱਲ ਪਏ । ਕੁਝ ਚੇਲੇ ਕੈਸਰਿਯਾ ਤੋਂ ਵੀ ਸਾਡੇ ਨਾਲ ਆਏ ਅਤੇ ਉਹ ਸਾਨੂੰ ਕੁਪਰੁਸ ਦੇ ਰਹਿਣ ਵਾਲੇ ਮਨਾਸੋਨ ਦੇ ਘਰ ਲੈ ਗਏ ਜਿੱਥੇ ਅਸੀਂ ਠਹਿਰਨਾ ਸੀ । ਉਹ ਪਹਿਲੇ ਚੇਲਿਆਂ ਵਿੱਚੋਂ ਇੱਕ ਸੀ । ਜਦੋਂ ਅਸੀਂ ਯਰੂਸ਼ਲਮ ਪਹੁੰਚੇ ਤਾਂ ਭਰਾਵਾਂ ਨੇ ਬੜੀ ਖ਼ੁਸ਼ੀ ਨਾਲ ਸਾਡਾ ਸੁਆਗਤ ਕੀਤਾ । ਦੂਜੇ ਦਿਨ ਪੌਲੂਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ ਜਿੱਥੇ ਸਭ ਬਜ਼ੁਰਗ ਆਗੂ ਇਕੱਠੇ ਸਨ । ਪੌਲੂਸ ਨੇ ਉਹਨਾਂ ਨੂੰ ਨਮਸਕਾਰ ਕੀਤਾ ਅਤੇ ਪਰਮੇਸ਼ਰ ਨੇ ਉਸ ਦੀ ਸੇਵਾ ਦੇ ਰਾਹੀਂ ਜੋ ਕੁਝ ਪਰਾਈਆਂ ਕੌਮਾਂ ਵਿੱਚ ਕੀਤਾ ਸੀ, ਸਭ ਇੱਕ-ਇੱਕ ਕਰ ਕੇ ਉਹਨਾਂ ਨੂੰ ਦੱਸਿਆ । ਉਹਨਾਂ ਨੇ ਇਹ ਸੁਣ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, “ਭਰਾਵਾ, ਤੂੰ ਦੇਖਦਾ ਹੀ ਹੈਂ ਕਿ ਯਹੂਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਸ਼ਵਾਸੀ ਬਣ ਗਏ ਹਨ ਅਤੇ ਉਹ ਵਿਵਸਥਾ ਦੇ ਲਈ ਬੜੇ ਜੋਸ਼ੀਲੇ ਹਨ । ਉਹਨਾਂ ਨੂੰ ਦੱਸਿਆ ਗਿਆ ਹੈ ਕਿ ਤੂੰ ਪਰਾਈਆਂ ਕੌਮਾਂ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਨੂੰ ਸਿੱਖਿਆ ਦਿੰਦਾ ਹੈਂ ਕਿ ਮੂਸਾ ਦੀ ਵਿਵਸਥਾ ਨੂੰ ਤਿਆਗ ਦੇਵੋ ਭਾਵ ਆਪਣੇ ਬੱਚਿਆਂ ਦੀ ਸੁੰਨਤ ਨਾ ਕਰਵਾਓ ਅਤੇ ਉਹਨਾਂ ਦੀਆਂ ਧਾਰਮਕ ਰੀਤਾਂ ਉੱਤੇ ਨਾ ਚੱਲੋ ।” ਇਹ ਜ਼ਰੂਰੀ ਹੈ ਕਿ ਉਹ ਸੁਣਨਗੇ ਕਿ ਤੂੰ ਇੱਥੇ ਆ ਪਹੁੰਚਿਆ ਹੈਂ । ਫਿਰ ਹੁਣ ਕੀ ਕੀਤਾ ਜਾਵੇ? ਇਸ ਲਈ ਜੋ ਕੁਝ ਅਸੀਂ ਕਹਿੰਦੇ ਹਾਂ, ਕਰ । ਇੱਥੇ ਚਾਰ ਆਦਮੀ ਹਨ ਜਿਹਨਾਂ ਨੇ ਸੁੱਖਣਾ ਸੁੱਖੀ ਹੋਈ ਹੈ । ਤੂੰ ਉਹਨਾਂ ਨੂੰ ਆਪਣੇ ਨਾਲ ਲੈ ਅਤੇ ਉਹਨਾਂ ਦੇ ਨਾਲ ਮਿਲ ਕੇ ਆਪਣਾ ਸ਼ੁੱਧੀਕਰਨ ਕਰ । ਉਹਨਾਂ ਨੂੰ ਖ਼ਰਚਾ ਦੇ ਕਿ ਉਹ ਆਪਣੇ ਸਿਰ ਮੁੰਨਵਾਉਣ । ਇਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੇਰੇ ਬਾਰੇ ਜੋ ਕੁਝ ਉਹਨਾਂ ਨੂੰ ਦੱਸਿਆ ਗਿਆ ਹੈ, ਸਭ ਝੂਠ ਹੈ ਅਤੇ ਤੂੰ ਆਪ ਵਿਵਸਥਾ ਦਾ ਮੰਨਣ ਵਾਲਾ ਅਤੇ ਉਸ ਉੱਤੇ ਚੱਲਣ ਵਾਲਾ ਹੈਂ । ਬਾਕੀ ਰਹੀ ਪਰਾਈਆਂ ਕੌਮਾਂ ਬਾਰੇ ਜਿਹਨਾਂ ਨੇ ਵਿਸ਼ਵਾਸ ਕਰ ਲਿਆ ਹੈ । ਇਸ ਸੰਬੰਧ ਵਿੱਚ ਅਸੀਂ ਆਪਣਾ ਫ਼ੈਸਲਾ ਉਹਨਾਂ ਨੂੰ ਭੇਜ ਦਿੱਤਾ ਹੈ ਕਿ ਉਹ ਮੂਰਤੀਆਂ ਅੱਗੇ ਚੜ੍ਹਾਏ ਭੋਜਨ ਤੋਂ, ਲਹੂ ਤੋਂ, ਗਲ ਘੁੱਟੇ ਹੋਏ ਪਸ਼ੂਆਂ ਦੇ ਮਾਸ ਤੋਂ ਅਤੇ ਵਿਭਚਾਰ ਤੋਂ ਆਪਣੇ ਆਪ ਨੂੰ ਬਚਾਏ ਰੱਖਣ । ਫਿਰ ਦੂਜੇ ਦਿਨ ਪੌਲੂਸ ਨੇ ਉਹਨਾਂ ਆਦਮੀਆਂ ਨੂੰ ਲਿਆ ਅਤੇ ਉਹਨਾਂ ਦੇ ਨਾਲ ਸ਼ੁੱਧ ਹੋ ਕੇ ਹੈਕਲ ਵਿੱਚ ਗਿਆ ਅਤੇ ਸੂਚਨਾ ਦਿੱਤੀ ਕਿ ਸ਼ੁੱਧੀਕਰਨ ਦੇ ਦਿਨ ਕਦੋਂ ਪੂਰੇ ਹੋਣਗੇ ਅਤੇ ਉਹਨਾਂ ਵਿੱਚੋਂ ਹਰ ਇੱਕ ਦੇ ਲਈ ਕਦੋਂ ਬਲੀਦਾਨ ਚੜ੍ਹਾਇਆ ਜਾਵੇਗਾ । ਜਦੋਂ ਸੱਤ ਦਿਨ ਪੂਰੇ ਹੋਣ ਵਾਲੇ ਸਨ ਤਾਂ ਏਸ਼ੀਆ ਦੇ ਕੁਝ ਯਹੂਦੀਆਂ ਨੇ ਪੌਲੂਸ ਨੂੰ ਹੈਕਲ ਵਿੱਚ ਦੇਖਿਆ । ਉਹਨਾਂ ਨੇ ਸਾਰੀ ਭੀੜ ਨੂੰ ਭੜਕਾਇਆ ਅਤੇ ਪੌਲੂਸ ਨੂੰ ਫੜ ਲਿਆ । ਫਿਰ ਉਹ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸਰਾਏਲੀ ਮਿੱਤਰੋ! ਮਦਦ ਕਰੋ! ਇਹ ਹੀ ਉਹ ਆਦਮੀ ਹੈ ਜੋ ਹਰ ਥਾਂ ਉੱਤੇ ਸਾਰਿਆਂ ਨੂੰ ਸਾਡੇ ਲੋਕਾਂ, ਸਾਡੀ ਵਿਵਸਥਾ ਅਤੇ ਸਾਡੇ ਇਸ ਹੈਕਲ ਦੇ ਵਿਰੁੱਧ ਸਿੱਖਿਆ ਦਿੰਦਾ ਹੈ । ਕੇਵਲ ਇਹ ਹੀ ਨਹੀਂ ਸਗੋਂ ਇਸ ਨੇ ਪਰਾਈਆਂ ਕੌਮਾਂ ਨੂੰ ਹੈਕਲ ਵਿੱਚ ਲਿਆ ਕੇ ਇਸ ਪਵਿੱਤਰ ਥਾਂ ਨੂੰ ਭ੍ਰਿਸ਼ਟ ਕਰ ਦਿੱਤਾ ਹੈ!” (ਕਿਉਂਕਿ ਉਹ ਲੋਕ ਪੌਲੂਸ ਦੇ ਨਾਲ ਅਫ਼ਸੁਸ ਦੇ ਰਹਿਣ ਵਾਲੇ ਤ੍ਰੋਫਿਮੁਸ ਨੂੰ ਸ਼ਹਿਰ ਵਿੱਚ ਦੇਖ ਚੁੱਕੇ ਸਨ । ਇਸ ਲਈ ਉਹਨਾਂ ਸਮਝਿਆ ਕਿ ਪੌਲੂਸ ਉਸ ਨੂੰ ਹੈਕਲ ਵਿੱਚ ਲਿਆਇਆ ਹੈ ।) ਸਾਰੇ ਸ਼ਹਿਰ ਵਿੱਚ ਖਲਬਲੀ ਮਚ ਗਈ ਅਤੇ ਲੋਕਾਂ ਦੀ ਇੱਕ ਭੀੜ ਇਕੱਠੀ ਹੋ ਗਈ । ਉਹ ਪੌਲੂਸ ਨੂੰ ਫੜ ਕੇ ਹੈਕਲ ਤੋਂ ਬਾਹਰ ਘਸੀਟ ਕੇ ਲੈ ਗਏ ਅਤੇ ਹੈਕਲ ਦਾ ਦਰਵਾਜ਼ਾ ਇਕਦਮ ਬੰਦ ਕਰ ਦਿੱਤਾ ਗਿਆ । ਲੋਕ ਪੌਲੂਸ ਨੂੰ ਜਾਨੋਂ ਮਾਰ ਦੇਣਾ ਚਾਹੁੰਦੇ ਸਨ । ਜਦੋਂ ਰੋਮੀ ਫ਼ੌਜ ਦੇ ਸੈਨਾਪਤੀ ਨੂੰ ਖ਼ਬਰ ਮਿਲੀ ਕਿ ਸਾਰੇ ਯਰੂਸ਼ਲਮ ਵਿੱਚ ਦੰਗਾ ਹੋ ਰਿਹਾ ਹੈ ਤਾਂ ਇਕਦਮ ਉਹ ਕੁਝ ਅਫ਼ਸਰਾਂ ਅਤੇ ਸਿਪਾਹੀਆਂ ਨੂੰ ਨਾਲ ਲੈ ਕੇ ਭੀੜ ਵੱਲ ਦੌੜਿਆ । ਜਦੋਂ ਲੋਕਾਂ ਨੇ ਸੈਨਾਪਤੀ ਅਤੇ ਫ਼ੌਜੀ ਅਫ਼ਸਰਾਂ ਨੂੰ ਦੇਖਿਆ ਤਾਂ ਉਹਨਾਂ ਨੇ ਪੌਲੂਸ ਨੂੰ ਮਾਰਨਾ ਕੁੱਟਣਾ ਬੰਦ ਕਰ ਦਿੱਤਾ । ਸੈਨਾਪਤੀ ਨੇ ਨੇੜੇ ਆ ਕੇ ਪੌਲੂਸ ਨੂੰ ਗਰਿਫ਼ਤਾਰ ਕਰ ਲਿਆ ਅਤੇ ਹੁਕਮ ਦਿੱਤਾ ਕਿ ਉਹ ਦੋ ਬੇੜੀਆਂ ਨਾਲ ਬੰਨ੍ਹਿਆ ਜਾਵੇ । ਤਦ ਉਸ ਨੇ ਪੁੱਛਿਆ, “ਇਹ ਕੌਣ ਹੈ? ਇਸ ਨੇ ਕੀ ਕੀਤਾ ਹੈ?” ਭੀੜ ਵਿੱਚੋਂ ਕੋਈ ਕੁਝ ਰੌਲਾ ਪਾ ਰਿਹਾ ਸੀ, ਕੋਈ ਕੁਝ ਪਰ ਰੌਲੇ ਦੇ ਕਾਰਨ ਉਹ ਕੁਝ ਠੀਕ ਨਾ ਸਮਝ ਸਕਿਆ । ਇਸ ਲਈ ਉਸ ਨੇ ਪੌਲੂਸ ਨੂੰ ਕਿਲੇ ਵਿੱਚ ਲੈ ਜਾਣ ਦਾ ਹੁਕਮ ਦਿੱਤਾ । ਜਦੋਂ ਪੌਲੂਸ ਪੌੜੀਆਂ ਉੱਤੇ ਪਹੁੰਚਿਆ ਤਾਂ ਭੀੜ ਦੇ ਹਿੰਸਕ ਵਿਚਾਰਾਂ ਦੇ ਕਾਰਨ ਸਿਪਾਹੀਆਂ ਨੂੰ ਪੌਲੂਸ ਨੂੰ ਚੁੱਕ ਕੇ ਲੈ ਜਾਣਾ ਪਿਆ । ਕਿਉਂਕਿ ਭੀੜ ਉਹਨਾਂ ਦਾ ਪਿੱਛਾ ਕਰ ਰਹੀ ਸੀ ਅਤੇ ਉੱਚੀ ਉੱਚੀ ਪੁਕਾਰ ਕੇ ਕਹਿ ਰਹੀ ਸੀ, “ਇਸ ਨੂੰ ਜਾਨੋਂ ਮਾਰ ਦੇਵੋ!” ਜਦੋਂ ਉਹ ਪੌਲੂਸ ਨੂੰ ਕਿਲੇ ਦੇ ਅੰਦਰ ਲੈ ਜਾਣ ਹੀ ਵਾਲੇ ਸਨ ਤਾਂ ਪੌਲੂਸ ਨੇ ਸੈਨਾਪਤੀ ਨੂੰ ਕਿਹਾ, “ਕੀ ਮੈਂ ਤੁਹਾਡੇ ਅੱਗੇ ਕੋਈ ਬੇਨਤੀ ਕਰ ਸਕਦਾ ਹਾਂ?” ਫਿਰ ਉਸ ਨੇ ਕਿਹਾ, “ਕੀ ਤੂੰ ਯੂਨਾਨੀ ਜਾਣਦਾ ਹੈਂ? ਕੀ ਤੂੰ ਉਹ ਮਿਸਰ ਦਾ ਰਹਿਣ ਵਾਲਾ ਨਹੀਂ ਹੈਂ, ਜਿਸ ਨੇ ਕੁਝ ਦਿਨ ਪਹਿਲਾਂ ਬਗਾਵਤ ਕੀਤੀ ਸੀ ਅਤੇ ਚਾਰ ਹਜ਼ਾਰ ਹਥਿਆਰਬੰਦ ਆਦਮੀਆਂ ਨੂੰ ਵਿਰਾਨੇ ਵਿੱਚ ਲੈ ਗਿਆ ਸੀ?” ਪੌਲੂਸ ਨੇ ਉੱਤਰ ਦਿੱਤਾ, “ਮੈਂ ਯਹੂਦੀ ਹਾਂ ਅਤੇ ਕਿਲਕਿਯਾ ਦੇ ਤਰਸ਼ੀਸ਼ ਦਾ ਰਹਿਣ ਵਾਲਾ ਹਾਂ ਮੈਂ ਕਿਸੇ ਮਾਮੂਲੀ ਸ਼ਹਿਰ ਦਾ ਰਹਿਣ ਵਾਲਾ ਨਹੀਂ ਹਾਂ, ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਮੈਨੂੰ ਇਹਨਾਂ ਲੋਕਾਂ ਨਾਲ ਗੱਲ ਬਾਤ ਕਰਨ ਦੀ ਆਗਿਆ ਦਿਓ ।” ਜਦੋਂ ਉਸ ਨੇ ਆਗਿਆ ਦੇ ਦਿੱਤੀ ਤਾਂ ਪੌਲੂਸ ਨੇ ਪੌੜੀਆਂ ਉੱਤੇ ਖੜ੍ਹੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ । ਜਦੋਂ ਉਹ ਚੁੱਪ ਹੋ ਗਏ ਤਾਂ ਉਹ ਇਬਰਾਨੀ ਭਾਸ਼ਾ ਵਿੱਚ ਕਹਿਣ ਲੱਗਾ: “ਭਰਾਵੋ ਅਤੇ ਬਜ਼ੁਰਗੋ, ਸੁਣੋ! ਮੈਂ ਆਪਣੀ ਸਫ਼ਾਈ ਪੇਸ਼ ਕਰਦਾ ਹਾਂ ।” ਜਦੋਂ ਉਹਨਾਂ ਨੇ ਉਸ ਨੂੰ ਇਬਰਾਨੀ ਵਿੱਚ ਬੋਲਦੇ ਸੁਣਿਆ ਤਾਂ ਉਹ ਹੋਰ ਵੀ ਚੁੱਪ ਹੋ ਗਏ ਅਤੇ ਪੌਲੂਸ ਨੇ ਕਿਹਾ: “ਮੈਂ ਯਹੂਦੀ ਹਾਂ ਅਤੇ ਕਿਲਕਿਯਾ ਦੇ ਸ਼ਹਿਰ ਤਰਸ਼ੀਸ਼ ਵਿੱਚ ਮੇਰਾ ਜਨਮ ਹੋਇਆ । ਪਰ ਮੇਰਾ ਪਾਲਨ-ਪੋਸ਼ਣ ਇਸੇ ਸ਼ਹਿਰ ਯਰੂਸ਼ਲਮ ਵਿੱਚ ਹੋਇਆ ਹੈ । ਮੈਂ ਗਮਲੀਏਲ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਪੁਰਖਿਆਂ ਦੀ ਵਿਵਸਥਾ ਦੀ ਠੀਕ ਠੀਕ ਸਿੱਖਿਆ ਲਈ ਅਤੇ ਪਰਮੇਸ਼ਰ ਦਾ ਜੋਸ਼ੀਲਾ ਉਪਾਸਕ ਰਿਹਾ ਜਿਸ ਤਰ੍ਹਾਂ ਤੁਸੀਂ ਸਾਰੇ ਅੱਜ ਹੋ । ਮੈਂ ਇਸ ‘ਰਾਹ’ ਦੇ ਲੋਕਾਂ ਉੱਤੇ ਜਾਨੋਂ ਮਾਰਨ ਤੱਕ ਅੱਤਿਆਚਾਰ ਕੀਤੇ । ਮੈਂ ਆਦਮੀਆਂ ਅਤੇ ਔਰਤਾਂ ਨੂੰ ਬੰਨ੍ਹ-ਬੰਨ੍ਹ ਕੇ ਕੈਦ ਵਿੱਚ ਸੁੱਟਿਆ । ਇਸ ਗੱਲ ਦੀ ਗਵਾਹੀ ਮਹਾਂ-ਪੁਰੋਹਿਤ ਅਤੇ ਸਭਾ ਦੇ ਬਜ਼ੁਰਗ ਆਗੂ ਵੀ ਦੇ ਸਕਦੇ ਹਨ । ਮੈਂ ਇਹਨਾਂ ਕੋਲੋਂ ਭਰਾਵਾਂ ਦੇ ਨਾਂ ਚਿੱਠੀਆਂ ਲੈ ਕੇ ਦਮਿਸ਼ਕ ਜਾ ਰਿਹਾ ਸੀ ਕਿ ਉੱਥੋਂ ਦੇ ਲੋਕਾਂ ਨੂੰ ਵੀ ਗਰਿਫ਼ਤਾਰ ਕਰ ਕੇ ਸਜ਼ਾ ਦਵਾਉਣ ਲਈ ਯਰੂਸ਼ਲਮ ਲਿਆਵਾਂ । “ਜਦੋਂ ਮੈਂ ਯਾਤਰਾ ਕਰਦੇ ਹੋਏ ਦਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਅਚਾਨਕ ਇੱਕ ਤੇਜ ਮੇਰੇ ਇਰਦ ਗਿਰਦ ਚਮਕਿਆ । ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਮੈਂ ਇੱਕ ਆਵਾਜ਼ ਸੁਣੀ ਜਿਸ ਨੇ ਮੈਨੂੰ ਕਿਹਾ, ‘ਸਾਊਲ, ਸਾਊਲ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?’ ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਉਹਨਾਂ ਨੇ ਮੈਨੂੰ ਉੱਤਰ ਦਿੱਤਾ, ‘ਮੈਂ ਨਾਸਰਤ ਦਾ ਰਹਿਣ ਵਾਲਾ ਯਿਸੂ ਹਾਂ ਜਿਸ ਨੂੰ ਤੂੰ ਸਤਾ ਰਿਹਾ ਹੈਂ ।’ ਮੇਰੇ ਸਾਥੀਆਂ ਨੇ ਤੇਜ ਤਾਂ ਦੇਖਿਆ, ਪਰ ਜੋ ਮੇਰੇ ਨਾਲ ਬੋਲ ਰਿਹਾ ਸੀ, ਉਸ ਦੀ ਆਵਾਜ਼ ਨਾ ਸੁਣੀ । ਮੈਂ ਪੁੱਛਿਆ, ‘ਪ੍ਰਭੂ ਜੀ, ਮੈਂ ਕੀ ਕਰਾਂ?’ ਪ੍ਰਭੂ ਨੇ ਮੈਨੂੰ ਕਿਹਾ, ‘ਉੱਠ, ਅਤੇ ਦਮਿਸ਼ਕ ਨੂੰ ਜਾ । ਜੋ ਕੁਝ ਤੇਰੇ ਕਰਨ ਲਈ ਨਿਸ਼ਚਿਤ ਕੀਤਾ ਗਿਆ ਹੈ, ਉਹ ਸਭ ਕੁਝ ਤੈਨੂੰ ਉੱਥੇ ਦੱਸ ਦਿੱਤਾ ਜਾਵੇਗਾ ।’ ਜਦੋਂ ਮੈਂ ਉਸ ਤੇਜ ਦੇ ਕਾਰਨ ਦੇਖ ਨਾ ਸਕਿਆ ਤਦ ਮੇਰੇ ਸਾਥੀ ਮੇਰਾ ਹੱਥ ਫੜ ਕੇ ਮੈਨੂੰ ਦਮਿਸ਼ਕ ਨੂੰ ਲੈ ਗਏ । “ਫਿਰ ਹਨਾਨਿਯਾ ਨਾਂ ਦਾ ਇੱਕ ਵਿਵਸਥਾ ਦਾ ਸ਼ਰਧਾਲੂ ਜਿਸ ਦਾ ਉੱਥੇ ਦੇ ਰਹਿਣ ਵਾਲੇ ਸਾਰੇ ਯਹੂਦੀ ਮਾਣ ਕਰਦੇ ਸਨ, ਮੇਰੇ ਕੋਲ ਆਇਆ ਅਤੇ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਰਾ ਸਾਊਲ, ਫਿਰ ਤੋਂ ਦੇਖਣ ਲੱਗ ਜਾ ।’ ਉਸੇ ਘੜੀ ਮੈਨੂੰ ਦ੍ਰਿਸ਼ਟੀ ਮਿਲ ਗਈ ਅਤੇ ਮੈਂ ਉਸ ਨੂੰ ਦੇਖਿਆ । ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਚੁਣ ਲਿਆ ਹੈ ਕਿ ਤੂੰ ਉਸ ਦੀ ਇੱਛਾ ਨੂੰ ਜਾਣੇਂ, ਪਵਿੱਤਰ ਪੁਰਖ ਦੇ ਦਰਸ਼ਨ ਕਰੇਂ ਅਤੇ ਉਸ ਦੇ ਮੂੰਹ ਦੀ ਆਵਾਜ਼ ਸੁਣੇਂ । ਕਿਉਂਕਿ ਤੂੰ ਉਸ ਦੇ ਵੱਲੋਂ ਸਭ ਮਨੁੱਖਾਂ ਦੇ ਸਾਹਮਣੇ ਉਹਨਾਂ ਸਾਰੀਆਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਦੇਖੀਆਂ ਅਤੇ ਸੁਣੀਆਂ ਹਨ । ਹੁਣ ਦੇਰ ਕਿਉਂ ਕਰ ਰਿਹਾ ਹੈਂ? ਉੱਠ, ਬਪਤਿਸਮਾ ਲੈ ਅਤੇ ਉਸ ਦਾ ਨਾਮ ਲੈ ਕੇ ਆਪਣੇ ਪਾਪਾਂ ਤੋਂ ਮਾਫ਼ੀ ਪ੍ਰਾਪਤ ਕਰ’ । “ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਚਲਾ ਗਿਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਅੰਤਰਲੀਨ ਹੋ ਗਿਆ । ਇਸ ਹਾਲਤ ਵਿੱਚ ਮੈਂ ਦੇਖਿਆ ਕਿ ਪ੍ਰਭੂ ਮੈਨੂੰ ਕਹਿ ਰਹੇ ਸਨ, ‘ਛੇਤੀ ਕਰ ਅਤੇ ਇਕਦਮ ਯਰੂਸ਼ਲਮ ਵਿੱਚੋਂ ਬਾਹਰ ਚਲਾ ਜਾ, ਕਿਉਂਕਿ ਇਹ ਲੋਕ ਮੇਰੇ ਸੰਬੰਧ ਵਿੱਚ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ ।’ ਮੈਂ ਉੱਤਰ ਦਿੱਤਾ, ‘ਪ੍ਰਭੂ ਜੀ, ਇਹ ਜਾਣਦੇ ਹਨ ਕਿ ਇਹ ਮੈਂ ਹੀ ਸੀ ਜੋ ਪ੍ਰਾਰਥਨਾ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਜਿਹੜੇ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਸਨ, ਬੰਧੀ ਬਣਾਉਂਦਾ ਅਤੇ ਕੁੱਟਦਾ ਸੀ । ਫਿਰ ਜਦੋਂ ਤੁਹਾਡੇ ਗਵਾਹ ਸਤੀਫ਼ਨੁਸ ਦਾ ਖ਼ੂਨ ਵਹਾਇਆ ਜਾ ਰਿਹਾ ਸੀ, ਉਸ ਸਮੇਂ ਮੈਂ ਆਪ ਉੱਥੇ ਖੜ੍ਹਾ ਸੀ ਅਤੇ ਹਾਮੀ ਭਰਦੇ ਹੋਏ ਕਾਤਲਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ।’ ਪਰ ਪ੍ਰਭੂ ਨੇ ਕਿਹਾ, ‘ਜਾ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਕੋਲ ਦੂਰ ਤੱਕ ਭੇਜਾਂਗਾ ।’” ਇੱਥੋਂ ਤੱਕ ਤਾਂ ਲੋਕਾਂ ਨੇ ਪੌਲੂਸ ਨੂੰ ਸੁਣਿਆ ਪਰ ਬਾਅਦ ਵਿੱਚ ਉਹ ਆਪਣੀ ਪੂਰੀ ਆਵਾਜ਼ ਨਾਲ ਰੌਲਾ ਪਾਉਣ ਲੱਗੇ, “ਇਸ ਨੂੰ ਧਰਤੀ ਤੋਂ ਖ਼ਤਮ ਕਰ ਦੇਵੋ! ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ!” ਜਦੋਂ ਉਹ ਰੌਲਾ ਪਾਉਂਦੇ, ਕੱਪੜੇ ਸੁੱਟਦੇ ਅਤੇ ਹਵਾ ਵਿੱਚ ਘੱਟਾ ਉਡਾ ਰਹੇ ਸਨ, ਤਦ ਸੈਨਾਪਤੀ ਨੇ ਹੁਕਮ ਦਿੱਤਾ, “ਇਸ ਨੂੰ ਅੰਦਰ ਕਿਲੇ ਵਿੱਚ ਲੈ ਚੱਲੋ ਅਤੇ ਕੋਰੜੇ ਮਾਰ ਕੇ ਇਸ ਦੀ ਜਾਂਚ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਇਹ ਲੋਕ ਇਸ ਦੇ ਵਿਰੁੱਧ ਕਿਉਂ ਰੌਲਾ ਪਾ ਰਹੇ ਹਨ ।” ਜਦੋਂ ਉਹ ਲੋਕ ਪੌਲੂਸ ਨੂੰ ਕੋਰੜੇ ਮਾਰਨ ਲਈ ਬੰਨ੍ਹ ਚੁੱਕੇ ਤਾਂ ਪੌਲੂਸ ਨੇ ਨੇੜੇ ਖੜ੍ਹੇ ਅਫ਼ਸਰ ਨੂੰ ਕਿਹਾ, “ਕੀ ਇਹ ਕਾਨੂੰਨੀ ਤੌਰ ਤੇ ਠੀਕ ਹੈ ਕਿ ਤੁਸੀਂ ਇੱਕ ਅਜਿਹੇ ਆਦਮੀ ਨੂੰ ਜੋ ਰੋਮੀ ਨਾਗਰਿਕ ਹੈ ਅਤੇ ਦੋਸ਼ੀ ਸਿੱਧ ਨਹੀਂ ਕੀਤਾ ਗਿਆ, ਕੋਰੜੇ ਮਾਰੋ?” ਜਦੋਂ ਅਫ਼ਸਰ ਨੇ ਇਹ ਸੁਣਿਆ ਤਾਂ ਉਹ ਸੈਨਾਪਤੀ ਕੋਲ ਗਿਆ ਅਤੇ ਕਿਹਾ, “ਤੁਸੀਂ ਇਹ ਕੀ ਕਰ ਰਹੇ ਹੋ? ਇਹ ਆਦਮੀ ਤਾਂ ਰੋਮੀ ਹੈ ।” ਇਸ ਲਈ ਸੈਨਾਪਤੀ ਪੌਲੂਸ ਕੋਲ ਗਿਆ ਅਤੇ ਪੁੱਛਣ ਲੱਗਾ, “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ?” ਪੌਲੂਸ ਨੇ ਕਿਹਾ, “ਹਾਂ ।” ਸੈਨਾਪਤੀ ਨੇ ਕਿਹਾ, “ਮੈਨੂੰ ਇਹ ਨਾਗਰਿਕਤਾ ਬਹੁਤ ਧਨ ਖਰਚ ਕਰ ਕੇ ਮਿਲੀ ਹੈ ।” ਪੌਲੂਸ ਨੇ ਉੱਤਰ ਦਿੱਤਾ, “ਮੈਂ ਤਾਂ ਜਨਮ ਤੋਂ ਹੀ ਰੋਮੀ ਨਾਗਰਿਕ ਹਾਂ ।” ਫਿਰ ਉਹ ਲੋਕ ਜਿਹੜੇ ਪੌਲੂਸ ਦੀ ਜਾਂਚ ਕਰਨ ਲੱਗੇ ਸਨ, ਇਕਦਮ ਦੂਰ ਹੋ ਗਏ । ਸੈਨਾਪਤੀ ਵੀ ਇਹ ਜਾਣ ਕੇ ਘਬਰਾ ਗਿਆ ਕਿ ਪੌਲੂਸ ਰੋਮੀ ਹੈ ਅਤੇ ਉਸ ਨੇ ਪੌਲੂਸ ਨੂੰ ਬੇੜੀਆਂ ਪਾ ਦਿੱਤੀਆਂ ਹਨ । ਅਗਲੇ ਦਿਨ ਸੱਚਾਈ ਜਾਨਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਕਿਉਂ ਦੋਸ਼ ਲਾਉਂਦੇ ਹਨ, ਸੈਨਾਪਤੀ ਨੇ ਉਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਮਹਾਂ-ਪੁਰੋਹਿਤਾਂ ਅਤੇ ਮਹਾਂ ਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ । ਫਿਰ ਪੌਲੂਸ ਨੂੰ ਲਿਆ ਕੇ ਉਹਨਾਂ ਦੇ ਸਾਹਮਣੇ ਖੜ੍ਹਾ ਕਰ ਦਿੱਤਾ । ਪੌਲੂਸ ਨੇ ਮਹਾਂਸਭਾ ਵੱਲ ਧਿਆਨ ਨਾਲ ਦੇਖਦੇ ਹੋਏ ਕਿਹਾ, “ਭਰਾਵੋ, ਮੈਂ ਅੱਜ ਦੇ ਦਿਨ ਤੱਕ ਪਰਮੇਸ਼ਰ ਦੇ ਸਾਹਮਣੇ ਸ਼ੁੱਧ ਅੰਤਹਕਰਨ ਨਾਲ ਸਾਰਾ ਜੀਵਨ ਬਤੀਤ ਕੀਤਾ ਹੈ ।” ਤਦ ਮਹਾਂ-ਪੁਰੋਹਿਤ ਹੱਨਾ ਨੇ ਨੇੜੇ ਖੜ੍ਹੇ ਲੋਕਾਂ ਨੂੰ ਹੁਕਮ ਦਿੱਤਾ ਕਿ ਇਸ ਦੇ ਮੂੰਹ ਉੱਤੇ ਚਪੇੜ ਮਾਰੋ । ਪੌਲੂਸ ਨੇ ਉਸ ਨੂੰ ਕਿਹਾ, “ਹੇ ਚੂਨਾਂ ਫਿਰੀ ਕੰਧ, ਤੈਨੂੰ ਪਰਮੇਸ਼ਰ ਮਾਰਨਗੇ । ਤੂੰ ਕਾਨੂੰਨ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਕਾਨੂੰਨ ਦੇ ਵਿਰੁੱਧ ਹੀ ਮੈਨੂੰ ਮਾਰਨ ਲਈ ਕਹਿ ਰਿਹਾ ਹੈਂ?” ਨੇੜੇ ਖੜ੍ਹੇ ਲੋਕ ਉਸ ਨੂੰ ਕਹਿਣ ਲੱਗੇ, “ਕੀ ਤੂੰ ਪਰਮੇਸ਼ਰ ਦੇ ਮਹਾਂ-ਪੁਰੋਹਿਤ ਦੀ ਬੇਇੱਜ਼ਤੀ ਕਰ ਰਿਹਾ ਹੈਂ?” ਤਦ ਪੌਲੂਸ ਨੇ ਕਿਹਾ, “ਹੇ ਇਸਰਾਏਲੀਓ, ਮੈਨੂੰ ਪਤਾ ਨਹੀਂ ਸੀ ਕਿ ਇਹ ਮਹਾਂ-ਪੁਰੋਹਿਤ ਹੈ ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੋਇਆ ਹੈ, ‘ਤੂੰ ਪਰਜਾ ਦੇ ਕਿਸੇ ਸ਼ਾਸਕ ਦੀ ਬੇਇੱਜ਼ਤੀ ਨਾ ਕਰਨਾ ।’” ਜਦੋਂ ਪੌਲੂਸ ਨੂੰ ਪਤਾ ਲੱਗਾ ਕਿ ਉੱਥੇ ਕੁਝ ਫ਼ਰੀਸੀ ਅਤੇ ਕੁਝ ਸਦੂਕੀ ਹਨ ਤਾਂ ਉਹ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, “ਹੇ ਇਸਰਾਏਲੀਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀ ਦਾ ਹੀ ਪੁੱਤਰ ਹਾਂ । ਮੇਰੇ ਉੱਤੇ ਮੁਕੱਦਮਾ ਮੁਰਦਿਆਂ ਦੇ ਪੁਨਰ-ਉਥਾਨ ਵਿੱਚ ਆਸ ਰੱਖਣ ਕਾਰਨ ਚਲਾਇਆ ਜਾ ਰਿਹਾ ਹੈ ।” ਉਸ ਨੇ ਇਹ ਕਿਹਾ ਹੀ ਸੀ ਕਿ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਬਹਿਸ ਛਿੜ ਪਈ ਅਤੇ ਉਹਨਾਂ ਵਿੱਚ ਫੁੱਟ ਪੈ ਗਈ । (ਕਿਉਂਕਿ ਸਦੂਕੀਆਂ ਦਾ ਕਹਿਣਾ ਹੈ ਕਿ ਨਾ ਪੁਨਰ-ਉਥਾਨ ਹੈ, ਨਾ ਸਵਰਗਦੂਤ ਅਤੇ ਨਾ ਆਤਮਾ; ਪਰ ਫ਼ਰੀਸੀ ਇਹਨਾਂ ਸਾਰਿਆਂ ਨੂੰ ਮੰਨਦੇ ਹਨ) । ਇਸ ਤਰ੍ਹਾਂ ਉੱਥੇ ਬਹੁਤ ਰੌਲਾ ਪੈ ਗਿਆ ਅਤੇ ਫ਼ਰੀਸੀ ਦਲ ਦੇ ਕੁਝ ਵਿਵਸਥਾ ਦੇ ਸਿੱਖਿਅਕ ਉੱਠ ਕੇ ਝਗੜਨ ਲੱਗੇ ਅਤੇ ਕਹਿਣ ਲੱਗੇ, “ਅਸੀਂ ਇਸ ਆਦਮੀ ਵਿੱਚ ਕੋਈ ਬੁਰਾਈ ਨਹੀਂ ਦੇਖਦੇ! ਹੋ ਸਕਦਾ ਹੈ ਕਿ ਉਸ ਨਾਲ ਕਿਸੇ ਆਤਮਾ ਜਾਂ ਸਵਰਗਦੂਤ ਨੇ ਗੱਲ ਕੀਤੀ ਹੋਵੇ!” ਫਿਰ ਜਦੋਂ ਝਗੜਾ ਬਹੁਤ ਵੱਧ ਗਿਆ ਤਾਂ ਸੈਨਾਪਤੀ ਡਰ ਗਿਆ ਕਿ ਕਿਤੇ ਉਹ ਲੋਕ ਪੌਲੂਸ ਦੇ ਟੁਕੜੇ-ਟੁਕੜੇ ਨਾ ਕਰ ਦੇਣ । ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਹੇਠਾਂ ਜਾ ਕੇ ਪੌਲੂਸ ਨੂੰ ਉਹਨਾਂ ਕੋਲੋਂ ਛੁਡਾ ਕੇ ਕਿਲੇ ਵਿੱਚ ਲੈ ਆਉਣ । ਉਸੇ ਰਾਤ ਪ੍ਰਭੂ ਨੇ ਪੌਲੂਸ ਦੇ ਨੇੜੇ ਖੜ੍ਹੇ ਹੋ ਕੇ ਕਿਹਾ, “ਹੌਸਲਾ ਰੱਖ! ਜਿਸ ਤਰ੍ਹਾਂ ਤੂੰ ਯਰੂਸ਼ਲਮ ਵਿੱਚ ਗਵਾਹੀ ਦਿੱਤੀ ਹੈ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਮੇਰੀ ਗਵਾਹੀ ਦੇਣੀ ਪਵੇਗੀ ।” ਫਿਰ ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਮਿਲ ਕੇ ਇੱਕ ਵਿਉਂਤ ਬਣਾਈ । ਉਹਨਾਂ ਨੇ ਸੌਂਹ ਚੁੱਕੀ ਕਿ ਜਦੋਂ ਤੱਕ ਉਹ ਪੌਲੂਸ ਨੂੰ ਜਾਨੋਂ ਮਾਰ ਨਾ ਲੈਣਗੇ, ਉਹ ਕੁਝ ਨਹੀਂ ਖਾਣ-ਪੀਣਗੇ । ਜਿਹਨਾਂ ਨੇ ਇਹ ਵਿਉਂਤ ਬਣਾਈ ਸੀ ਉਹਨਾਂ ਦੀ ਗਿਣਤੀ ਚਾਲੀ ਤੋਂ ਜ਼ਿਆਦਾ ਸੀ । ਉਹ ਮਹਾਂ-ਪੁਰੋਹਿਤ ਅਤੇ ਬਜ਼ੁਰਗ ਆਗੂਆਂ ਕੋਲ ਗਏ ਅਤੇ ਕਹਿਣ ਲੱਗੇ, “ਅਸੀਂ ਸੌਂਹ ਚੁੱਕੀ ਹੈ ਕਿ ਜਦੋਂ ਤੱਕ ਪੌਲੂਸ ਨੂੰ ਮਾਰ ਨਾ ਦੇਈਏ ਤਦ ਤੱਕ ਕੁਝ ਨਹੀਂ ਖਾਵਾਂਗੇ । ਇਸ ਲਈ ਤੁਸੀਂ ਸੈਨਾਪਤੀ ਅਤੇ ਸਭਾ ਨੂੰ ਸੁਨੇਹਾ ਭੇਜੋ ਕਿ ਉਹ ਪੌਲੂਸ ਨੂੰ ਤੁਹਾਡੇ ਕੋਲ ਲਿਆਉਣ, ਇਹ ਬਹਾਨਾ ਕਰ ਕੇ ਕਿ ਤੁਸੀਂ ਉਸ ਦੇ ਸੰਬੰਧ ਵਿੱਚ ਠੀਕ ਠੀਕ ਜਾਂਚ ਪੜਤਾਲ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਨੂੰ ਇੱਥੇ ਪਹੁੰਚਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਲਈ ਤਿਆਰ ਰਹਾਂਗੇ ।” ਪਰ ਪੌਲੂਸ ਦੇ ਭਾਣਜੇ ਨੇ ਇਸ ਵਿਉਂਤ ਦੇ ਬਾਰੇ ਸੁਣਿਆ ਅਤੇ ਉਸ ਨੇ ਕਿਲੇ ਦੇ ਅੰਦਰ ਜਾ ਕੇ ਪੌਲੂਸ ਨੂੰ ਇਸ ਬਾਰੇ ਦੱਸਿਆ । ਪੌਲੂਸ ਨੇ ਇੱਕ ਅਫ਼ਸਰ ਨੂੰ ਸੱਦ ਕੇ ਕਿਹਾ, “ਇਸ ਜਵਾਨ ਨੂੰ ਸੈਨਾਪਤੀ ਦੇ ਕੋਲ ਲੈ ਜਾ ਕਿਉਂਕਿ ਇਸ ਨੇ ਉਹਨਾਂ ਨੂੰ ਕੁਝ ਦੱਸਣਾ ਹੈ ।” ਇਸ ਲਈ ਅਫ਼ਸਰ ਨੇ ਉਸ ਨੂੰ ਨਾਲ ਲਿਆ ਅਤੇ ਸੈਨਾਪਤੀ ਦੇ ਕੋਲ ਲੈ ਗਿਆ ਅਤੇ ਕਿਹਾ, “ਕੈਦੀ ਪੌਲੂਸ ਨੇ ਮੈਨੂੰ ਸੱਦ ਕੇ ਬੇਨਤੀ ਕੀਤੀ ਹੈ ਕਿ ਇਸ ਜਵਾਨ ਨੂੰ ਤੁਹਾਡੇ ਕੋਲ ਲੈ ਆਵਾਂ ਕਿਉਂਕਿ ਇਹ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹੈ ।” ਸੈਨਾਪਤੀ ਉਸ ਜਵਾਨ ਨੂੰ ਹੱਥ ਤੋਂ ਫੜ ਕੇ ਇਕਾਂਤ ਵਿੱਚ ਲੈ ਗਿਆ ਅਤੇ ਪੁੱਛਿਆ, “ਤੂੰ ਮੈਨੂੰ ਕਿਹੜੀ ਗੱਲ ਦੱਸਣਾ ਚਾਹੁੰਦਾ ਹੈਂ?” ਉਸ ਨੇ ਕਿਹਾ, “ਯਹੂਦੀਆਂ ਨੇ ਮਿਲ ਕੇ ਏਕਾ ਕੀਤਾ ਹੈ ਕਿ ਤੁਹਾਡੇ ਅੱਗੇ ਬੇਨਤੀ ਕਰਨ ਕਿ ਕੱਲ੍ਹ ਤੁਸੀਂ ਪੌਲੂਸ ਨੂੰ ਮਹਾਂਸਭਾ ਦੇ ਸਾਹਮਣੇ ਲੈ ਜਾਵੋ, ਇਸ ਬਹਾਨੇ ਨਾਲ ਕਿ ਉਹ ਪੌਲੂਸ ਦੇ ਸੰਬੰਧ ਵਿੱਚ ਹੋਰ ਠੀਕ ਠੀਕ ਜਾਂਚ ਪੜਤਾਲ ਕਰਨੀ ਚਾਹੁੰਦੇ ਹਨ । ਤੁਸੀਂ ਉਹਨਾਂ ਲੋਕਾਂ ਦੀ ਗੱਲ ਨਾ ਮੰਨਣਾ ਕਿਉਂਕਿ ਉਹਨਾਂ ਵਿੱਚੋਂ ਚਾਲੀ ਤੋਂ ਜ਼ਿਆਦਾ ਆਦਮੀ ਪੌਲੂਸ ਨੂੰ ਮਾਰਨ ਦੀ ਤਾੜ ਵਿੱਚ ਹਨ । ਉਹਨਾਂ ਨੇ ਸੌਂਹ ਖਾਧੀ ਹੈ ਕਿ ਜਦੋਂ ਤੱਕ ਉਸ ਨੂੰ ਮਾਰ ਨਾ ਦੇਣ, ਉਸ ਸਮੇਂ ਤੱਕ ਉਹ ਕੁਝ ਨਹੀਂ ਖਾਣ-ਪੀਣਗੇ । ਉਹ ਹੁਣ ਤਿਆਰ ਹਨ ਅਤੇ ਤੁਹਾਡੇ ਫ਼ੈਸਲੇ ਦੀ ਉਡੀਕ ਵਿੱਚ ਹਨ ।” ਸੈਨਾਪਤੀ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਦਾ ਕੀਤਾ, “ਇਹ ਕਿਸੇ ਨੂੰ ਨਾ ਦੱਸਣਾ ਕਿ ਤੂੰ ਇਹਨਾਂ ਗੱਲਾਂ ਦੀ ਸੂਚਨਾ ਮੈਨੂੰ ਦੇ ਦਿੱਤੀ ਹੈ ।” ਫਿਰ ਉਸ ਨੇ ਦੋ ਫ਼ੌਜੀ ਅਫ਼ਸਰਾਂ ਨੂੰ ਸੱਦਿਆ ਅਤੇ ਕਿਹਾ, “ਕੈਸਰਿਯਾ ਜਾਣ ਦੇ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਦੋ ਸੌ ਹਥਿਆਰਬੰਦ ਅੱਜ ਰਾਤ ਦੇ ਨੌਂ ਵਜੇ ਤੱਕ ਤਿਆਰ ਰੱਖੋ । ਪੌਲੂਸ ਦੇ ਲਈ ਵੀ ਸਵਾਰੀ ਦਾ ਪ੍ਰਬੰਧ ਕਰੋ ਕਿ ਉਹ ਸੁਰੱਖਿਅਤ ਰਾਜਪਾਲ ਫ਼ੇਲਿਕਸ ਕੋਲ ਪਹੁੰਚ ਜਾਵੇ ।” ਫਿਰ ਸੈਨਾਪਤੀ ਨੇ ਇਸੇ ਵਿਚਾਰ ਨੂੰ ਸਾਹਮਣੇ ਰੱਖ ਕੇ ਇਸ ਤਰ੍ਹਾਂ ਪੱਤਰ ਲਿਖਿਆ: “ਮਾਣਯੋਗ ਰਾਜਪਾਲ ਫ਼ੇਲਿਕਸ ਨੂੰ ਕਲੌਦਿਯੁਸ ਲੁਸਿਯਸ ਦਾ ਪਰਨਾਮ! ਇਸ ਆਦਮੀ ਨੂੰ ਯਹੂਦੀਆਂ ਨੇ ਫੜ ਲਿਆ ਸੀ ਅਤੇ ਉਹ ਇਸ ਨੂੰ ਮਾਰਨ ਹੀ ਵਾਲੇ ਸਨ ਕਿ ਮੈਨੂੰ ਪਤਾ ਲੱਗ ਗਿਆ ਕਿ ਇਹ ਰੋਮੀ ਨਾਗਰਿਕ ਹੈ । ਇਸ ਲਈ ਮੈਂ ਸਿਪਾਹੀਆਂ ਨੂੰ ਨਾਲ ਲੈ ਕੇ ਗਿਆ ਅਤੇ ਇਸ ਨੂੰ ਛੁਡਾ ਲਿਆਇਆ । ਇਹ ਜਾਣਨ ਦੀ ਇੱਛਾ ਨਾਲ ਕਿ ਉਹ ਇਸ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹਨ, ਮੈਂ ਇਸ ਨੂੰ ਮਹਾਂਸਭਾ ਦੇ ਸਾਹਮਣੇ ਲੈ ਗਿਆ । ਉੱਥੇ ਮੈਨੂੰ ਪਤਾ ਲੱਗਾ ਕਿ ਇਹ ਕੋਈ ਉਹਨਾਂ ਦੀ ਵਿਵਸਥਾ ਸੰਬੰਧੀ ਝਗੜਾ ਹੈ ਪਰ ਇਹ ਕੋਈ ਇਹੋ ਜਿਹਾ ਦੋਸ਼ ਨਹੀਂ ਜਿਸ ਕਾਰਨ ਇਸ ਨੂੰ ਕੈਦ ਜਾਂ ਮੌਤ ਦੀ ਸਜ਼ਾ ਦਿੱਤੀ ਜਾਵੇ । ਮੈਨੂੰ ਪਤਾ ਲੱਗਾ ਹੈ ਕਿ ਇਸ ਆਦਮੀ ਦੇ ਵਿਰੁੱਧ ਵਿਉਂਤ ਬਣਾਈ ਜਾ ਰਹੀ ਹੈ, ਇਸ ਲਈ ਮੈਂ ਇਸ ਨੂੰ ਇਸੇ ਸਮੇਂ ਤੁਹਾਡੇ ਕੋਲ ਭੇਜ ਰਿਹਾ ਹਾਂ । ਮੈਂ ਇਸ ਦੇ ਦੋਸ਼ ਲਾਉਣ ਵਾਲਿਆਂ ਨੂੰ ਹੁਕਮ ਦਿੱਤਾ ਹੈ ਕਿ ਤੁਹਾਡੇ ਸਾਹਮਣੇ ਇਸ ਦੇ ਵਿਰੁੱਧ ਮੁਕੱਦਮਾ ਪੇਸ਼ ਕਰਨ।” ਤਦ ਸਿਪਾਹੀ ਹੁਕਮ ਅਨੁਸਾਰ ਪੌਲੂਸ ਨੂੰ ਲੈ ਕੇ ਰਾਤੋ ਰਾਤ ਅੰਤਿਪਤ੍ਰਿਸ ਆਏ । ਅਗਲੇ ਦਿਨ ਉਹ ਘੋੜ ਸਵਾਰਾਂ ਨੂੰ ਉਸ ਨਾਲ ਜਾਣ ਦੇ ਲਈ ਛੱਡ ਕੇ ਬਾਕੀ ਕਿਲੇ ਵਿੱਚ ਵਾਪਸ ਆ ਗਏ । ਉਹਨਾਂ ਨੇ ਕੈਸਰਿਯਾ ਪਹੁੰਚ ਕੇ ਰਾਜਪਾਲ ਨੂੰ ਪੱਤਰ ਦਿੱਤਾ ਅਤੇ ਪੌਲੂਸ ਨੂੰ ਵੀ ਉਸ ਦੇ ਸਾਹਮਣੇ ਹਾਜ਼ਿਰ ਕੀਤਾ । ਰਾਜਪਾਲ ਨੇ ਪੱਤਰ ਪੜ੍ਹਿਆ ਅਤੇ ਪੌਲੂਸ ਤੋਂ ਪੁੱਛਿਆ, “ਤੂੰ ਕਿਸ ਪ੍ਰਾਂਤ ਦਾ ਰਹਿਣ ਵਾਲਾ ਹੈਂ?” ਅਤੇ ਇਹ ਜਾਣ ਕੇ ਕਿ ਉਹ ਕਿਲਕਿਯਾ ਦਾ ਰਹਿਣ ਵਾਲਾ ਹੈ; ਉਸ ਨੂੰ ਕਿਹਾ, “ਜਦੋਂ ਤੇਰੇ ਦੋਸ਼ ਲਾਉਣ ਵਾਲੇ ਆ ਜਾਣਗੇ, ਤੇਰੀ ਸੁਣਵਾਈ ਹੋਵੇਗੀ ।” ਫਿਰ ਉਸ ਨੇ ਹੁਕਮ ਦਿੱਤਾ ਕਿ ਪੌਲੂਸ ਨੂੰ ਹੇਰੋਦੇਸ ਦੇ ਕਿਲੇ ਵਿੱਚ ਸੁਰੱਖਿਅਤ ਰੱਖਿਆ ਜਾਵੇ । ਪੰਜ ਦਿਨਾਂ ਦੇ ਬਾਅਦ ਮਹਾਂ-ਪੁਰੋਹਿਤ ਹਨਾਨਿਯਾਹ ਬਜ਼ੁਰਗ ਆਗੂਆਂ ਅਤੇ ਤਰਤੁਲਸ ਨਾਂ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ । ਉਹਨਾਂ ਨੇ ਪੌਲੂਸ ਦੇ ਵਿਰੁੱਧ ਰਾਜਪਾਲ ਦੇ ਸਾਹਮਣੇ ਮੁਕੱਦਮਾ ਪੇਸ਼ ਕੀਤਾ । ਜਦੋਂ ਪੌਲੂਸ ਦੀ ਪੇਸ਼ੀ ਹੋਈ ਤਾਂ ਤਰਤੁਲਸ ਨੇ ਇਸ ਤਰ੍ਹਾਂ ਉਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ: “ਮਾਨਯੋਗ ਫ਼ੇਲਿਕਸ, ਤੁਹਾਡੇ ਦੁਆਰਾ ਸਾਡੇ ਵਿੱਚ ਸ਼ਾਂਤੀ ਸਥਾਪਤ ਹੋਈ ਹੈ, ਅਤੇ ਤੁਹਾਡੀ ਸਿਆਣਪ ਨਾਲ ਸਾਡੇ ਲੋਕਾਂ ਵਿੱਚ ਬਹੁਤ ਸਾਰੇ ਸੁਧਾਰ ਹੋਏ ਹਨ । ਅਸੀਂ ਇਸ ਗੱਲ ਨੂੰ ਹਰ ਤਰ੍ਹਾਂ ਨਾਲ, ਹਰ ਥਾਂ ਧੰਨਵਾਦੀ ਹੁੰਦੇ ਹੋਏ ਮੰਨਦੇ ਹਾਂ । ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਹਾਂ । ਇਸ ਲਈ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਥੋੜ੍ਹੇ ਜਿਹੇ ਸ਼ਬਦ ਸੁਣਨ ਦੀ ਕਿਰਪਾਲਤਾ ਕਰੋ । ਅਸੀਂ ਇਸ ਆਦਮੀ ਨੂੰ ਬੜੇ ਖ਼ਤਰਨਾਕ ਰੂਪ ਵਿੱਚ ਦੇਖਿਆ ਹੈ । ਇਹ ਸੰਸਾਰ ਭਰ ਦੇ ਸਾਰੇ ਯਹੂਦੀਆਂ ਵਿੱਚ ਬਗਾਵਤ ਕਰਵਾਉਂਦਾ ਹੈ ਅਤੇ ਨਾਸਰੀ ਮੱਤ ਦਾ ਆਗੂ ਹੈ । ਇਸ ਨੇ ਹੈਕਲ ਨੂੰ ਵੀ ਭਰਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਸੀਂ ਇਸ ਨੂੰ ਫੜ ਲਿਆ । [ਅਸੀਂ ਇਸ ਦਾ ਫ਼ੈਸਲਾ ਆਪਣੇ ਧਾਰਮਿਕ ਨਿਯਮ ਅਨੁਸਾਰ ਕਰਨਾ ਚਾਹੁੰਦੇ ਸੀ ਪਰ ਸੈਨਾਪਤੀ ਲੁਸਿਯਸ ਨੇ ਆ ਕੇ ਜ਼ਬਰਦਸਤੀ ਇਸ ਨੂੰ ਸਾਡੇ ਹੱਥਾਂ ਵਿੱਚੋਂ ਛੁਡਾ ਲਿਆ, ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ।] ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਇਸ ਤੋਂ ਜਾਂਚ ਪੜਤਾਲ ਕਰ ਕੇ ਦੇਖ ਲਵੋ ਤਾਂ ਤੁਹਾਨੂੰ ਆਪ ਸਾਡੇ ਲਾਏ ਹੋਏ ਦੋਸ਼ਾਂ ਦਾ ਪਤਾ ਲੱਗ ਜਾਵੇਗਾ ।” ਯਹੂਦੀਆਂ ਨੇ ਵੀ ਉਸ ਦੇ ਨਾਲ ਮਿਲ ਕੇ ਦੋਸ਼ ਲਾਏ ਅਤੇ ਕਿਹਾ, “ਇਹ ਸਭ ਗੱਲਾਂ ਠੀਕ ਇਸੇ ਤਰ੍ਹਾਂ ਹਨ ।” ਰਾਜਪਾਲ ਨੇ ਇਸ ਦੇ ਬਾਅਦ ਪੌਲੂਸ ਨੂੰ ਬੋਲਣ ਦਾ ਇਸ਼ਾਰਾ ਕੀਤਾ । ਪੌਲੂਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, “ਇਹ ਜਾਣ ਕੇ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂ ਕਰਦੇ ਰਹੇ ਹੋ, ਮੈਨੂੰ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ । ਤੁਸੀਂ ਆਪ ਪਤਾ ਕਰ ਸਕਦੇ ਹੋ ਕਿ ਮੈਨੂੰ ਬੰਦਗੀ ਕਰਨ ਦੇ ਲਈ ਯਰੂਸ਼ਲਮ ਵਿੱਚ ਆਏ ਅਜੇ ਬਾਰ੍ਹਾਂ ਤੋਂ ਜ਼ਿਆਦਾ ਦਿਨ ਨਹੀਂ ਹੋਏ । ਇਹਨਾਂ ਲੋਕਾਂ ਨੇ ਮੈਨੂੰ ਹੈਕਲ ਵਿੱਚ ਜਾਂ ਪ੍ਰਾਰਥਨਾ ਘਰ ਵਿੱਚ ਜਾਂ ਸ਼ਹਿਰ ਵਿੱਚ ਕਿਸੇ ਨਾਲ ਝਗੜਾ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਹੋਏ ਨਹੀਂ ਦੇਖਿਆ । ਇਹ ਲੋਕ ਇਹਨਾਂ ਦੋਸ਼ਾਂ ਨੂੰ ਸਿੱਧ ਨਹੀਂ ਕਰ ਸਕਦੇ ਜਿਹੜੇ ਇਹ ਮੇਰੇ ਉੱਤੇ ਲਾ ਰਹੇ ਹਨ । ਹਾਂ, ਮੈਂ ਤੁਹਾਡੇ ਸਾਹਮਣੇ ਮੰਨਦਾ ਹਾਂ ਕਿ ਉਸ ‘ਰਾਹ’ ਦੇ ਅਨੁਸਾਰ ਜਿਸ ਨੂੰ ਇਹ ਝੂਠਾ ਕਹਿੰਦੇ ਹਨ, ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਰ ਦੀ ਭਗਤੀ ਕਰਦਾ ਹਾਂ ਅਤੇ ਵਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚ ਜੋ ਕੁਝ ਲਿਖਿਆ ਹੈ, ਉਸ ਉੱਤੇ ਵਿਸ਼ਵਾਸ ਕਰਦਾ ਹਾਂ । ਮੈਨੂੰ ਪਰਮੇਸ਼ਰ ਉੱਤੇ ਆਸ ਹੈ, ਜਿਸ ਤਰ੍ਹਾਂ ਇਹਨਾਂ ਨੂੰ ਵੀ ਹੈ ਕਿ ਭਲੇ ਅਤੇ ਬੁਰੇ ਸਭ ਦਾ ਪੁਨਰ-ਉਥਾਨ ਹੋਵੇਗਾ । ਇਸ ਲਈ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪਰਮੇਸ਼ਰ ਅਤੇ ਲੋਕਾਂ ਦੇ ਸਾਹਮਣੇ ਮੇਰਾ ਅੰਤਹਕਰਨ ਨਿਰਦੋਸ਼ ਰਹੇ । “ਬਹੁਤ ਸਾਲਾਂ ਦੇ ਬਾਅਦ ਮੈਂ ਯਰੂਸ਼ਲਮ ਵਿੱਚ ਆਪਣੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਅਤੇ ਬਲੀਦਾਨ ਚੜ੍ਹਾਉਣ ਆਇਆ ਸੀ । ਮੈਂ ਇਹ ਕਰ ਰਿਹਾ ਸੀ ਅਤੇ ਮੇਰੇ ਸ਼ੁੱਧੀਕਰਨ ਦੀ ਰਸਮ ਪੂਰੀ ਹੋਣ ਦੇ ਬਾਅਦ ਇਹਨਾਂ ਨੇ ਮੈਨੂੰ ਹੈਕਲ ਵਿੱਚ ਦੇਖਿਆ । ਉਸ ਸਮੇਂ ਉੱਥੇ ਨਾ ਮੇਰੇ ਨਾਲ ਭੀੜ ਸੀ ਅਤੇ ਨਾ ਹੀ ਮੈਂ ਦੰਗਾ ਕਰ ਰਿਹਾ ਸੀ । ਹਾਂ, ਉੱਥੇ ਕੁਝ ਏਸ਼ੀਆ ਦੇ ਰਹਿਣ ਵਾਲੇ ਯਹੂਦੀ ਸਨ । ਠੀਕ ਤਾਂ ਇਹ ਸੀ ਕਿ ਜੇਕਰ ਉਹਨਾਂ ਨੇ ਮੇਰੇ ਵਿਰੁੱਧ ਕੁਝ ਕਹਿਣਾ ਸੀ ਤਾਂ ਉਹ ਆਪ ਤੁਹਾਡੇ ਸਾਹਮਣੇ ਆ ਕੇ ਮੇਰੇ ਉੱਤੇ ਦੋਸ਼ ਲਾਉਂਦੇ । ਜਾਂ ਇਹ ਲੋਕ ਹੀ ਦੱਸਣ ਕਿ ਜਦੋਂ ਮੈਂ ਮਹਾਂਸਭਾ ਦੇ ਸਾਹਮਣੇ ਖੜ੍ਹਾ ਹੋਇਆ ਸੀ ਤਦ ਇਹਨਾਂ ਨੇ ਮੇਰੇ ਵਿੱਚ ਕਿਹੜਾ ਦੋਸ਼ ਲੱਭਿਆ ਸੀ? ਸਿਵਾਏ ਇਸ ਇੱਕ ਗੱਲ ਦੇ ਕਿ ਜਦੋਂ ਮੈਂ ਇਹਨਾਂ ਦੇ ਸਾਹਮਣੇ ਖੜ੍ਹਾ ਸੀ ਤਾਂ ਮੈਂ ਉੱਚੀ ਆਵਾਜ਼ ਨਾਲ ‘ਮੁਰਦਿਆਂ ਦੇ ਪੁਨਰ-ਉਥਾਨ’ ਦੇ ਸੰਬੰਧ ਵਿੱਚ ਕਿਹਾ ਸੀ ਜਿਸ ਕਾਰਨ ਅੱਜ ਤੁਹਾਡੇ ਸਾਹਮਣੇ ਮੇਰੇ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ ।” ਰਾਜਪਾਲ ਫ਼ੇਲਿਕਸ ਨੂੰ ਇਸ ‘ਰਾਹ’ ਦੀ ਚੰਗੀ ਜਾਣਕਾਰੀ ਸੀ । ਇਸ ਲਈ ਉਸ ਨੇ ਸੁਣਵਾਈ ਬੰਦ ਕਰ ਦਿੱਤੀ ਅਤੇ ਕਿਹਾ, “ਸੈਨਾਪਤੀ ਲੁਸਿਯਸ ਦੇ ਆਉਣ ਦੇ ਬਾਅਦ ਮੈਂ ਤੁਹਾਡੇ ਮੁਕੱਦਮੇ ਦਾ ਫ਼ੈਸਲਾ ਕਰਾਂਗਾ ।” ਫਿਰ ਉਸ ਨੇ ਸੂਬੇਦਾਰ ਨੂੰ ਸੱਦ ਕੇ ਹੁਕਮ ਦਿੱਤਾ ਕਿ ਪੌਲੂਸ ਨੂੰ ਪਹਿਰੇ ਵਿੱਚ ਰੱਖਿਆ ਜਾਵੇ, ਉਸ ਨੂੰ ਕੁਝ ਖੁੱਲ੍ਹ ਦਿੱਤੀ ਜਾਵੇ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀ ਸੇਵਾ ਕਰਨ ਤੋਂ ਨਾ ਰੋਕਿਆ ਜਾਵੇ । ਕੁਝ ਦਿਨਾਂ ਦੇ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਦੇ ਨਾਲ ਆਇਆ ਜੋ ਯਹੂਦੀ ਸੀ । ਉਸ ਨੇ ਪੌਲੂਸ ਨੂੰ ਸੱਦ ਕੇ ਉਸ ਕੋਲੋਂ ਮਸੀਹ ਯਿਸੂ ਵਿੱਚ ਵਿਸ਼ਵਾਸ ਬਾਰੇ ਸੁਣਿਆ । ਪਰ ਜਦੋਂ ਪੌਲੂਸ ਨੇਕੀ, ਸਵੈ-ਕਾਬੂ, ਅਤੇ ਆਉਣ ਵਾਲੀ ਸਜ਼ਾ ਬਾਰੇ ਦੱਸਣ ਲੱਗਾ ਤਾਂ ਫ਼ੇਲਿਕਸ ਡਰ ਗਿਆ ਅਤੇ ਕਿਹਾ, “ਹੁਣ ਤੂੰ ਜਾ, ਜਦੋਂ ਮੈਨੂੰ ਸਮਾਂ ਮਿਲੇਗਾ ਤਦ ਮੈਂ ਤੈਨੂੰ ਫਿਰ ਸੱਦਾਂਗਾ ।” ਉਸ ਨੂੰ ਪੌਲੂਸ ਤੋਂ ਕੁਝ ਰਿਸ਼ਵਤ ਮਿਲਣ ਦੀ ਉਮੀਦ ਸੀ । ਇਸ ਲਈ ਵੀ ਉਹ ਬਹੁਤ ਵਾਰ ਉਸ ਨੂੰ ਸੱਦ ਕੇ ਉਸ ਨਾਲ ਗੱਲਬਾਤ ਕਰਦਾ ਸੀ । ਦੋ ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਫ਼ੇਲਿਕਸ ਦੀ ਥਾਂ ਪੁਰਕਿਯੁਸ ਫ਼ੇਸਤੁਸ ਦੀ ਨਿਯੁਕਤੀ ਹੋਈ ਤਾਂ ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨ ਲਈ ਪੌਲੂਸ ਨੂੰ ਕੈਦ ਵਿੱਚ ਹੀ ਛੱਡ ਗਿਆ । ਆਪਣੇ ਪ੍ਰਾਂਤ ਵਿੱਚ ਪਹੁੰਚਣ ਦੇ ਤਿੰਨ ਦਿਨਾਂ ਬਾਅਦ ਫ਼ੇਸਤੁਸ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ । ਉੱਥੇ ਮਹਾਂ-ਪੁਰੋਹਿਤਾਂ ਅਤੇ ਯਹੂਦੀਆਂ ਦੇ ਪ੍ਰਮੁੱਖ ਆਦਮੀਆਂ ਨੇ ਪੌਲੂਸ ਦਾ ਮੁਕੱਦਮਾ ਉਸ ਅੱਗੇ ਰੱਖਿਆ ਅਤੇ ਬੇਨਤੀ ਕੀਤੀ, “ਤੁਸੀਂ ਉਸ ਨੂੰ ਯਰੂਸ਼ਲਮ ਵਾਪਸ ਲੈ ਆਓ ਤਾਂ ਤੁਹਾਡੀ ਬਹੁਤ ਕਿਰਪਾ ਹੋਵੇਗੀ ।” ਕਿਉਂਕਿ ਉਹਨਾਂ ਲੋਕਾਂ ਨੇ ਪੌਲੂਸ ਨੂੰ ਰਾਹ ਵਿੱਚ ਹੀ ਕਤਲ ਕਰਨ ਦੀ ਵਿਉਂਤ ਬਣਾਈ ਸੀ । ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੂਸ ਕੈਸਰਿਯਾ ਵਿੱਚ ਕੈਦ ਹੈ ਅਤੇ ਮੈਂ ਉੱਥੇ ਛੇਤੀ ਹੀ ਜਾਣ ਵਾਲਾ ਹਾਂ । ਇਸ ਲਈ ਤੁਹਾਡੇ ਵਿੱਚੋਂ ਜਿਹੜੇ ਮੁਖੀਆ ਹਨ, ਉਹ ਮੇਰੇ ਨਾਲ ਚੱਲਣ ਅਤੇ ਜੇਕਰ ਉਹ ਦੋਸ਼ੀ ਹੈ ਤਾਂ ਉਸ ਉੱਤੇ ਮੁਕੱਦਮਾ ਚਲਾਉਣ ।” ਫ਼ੇਸਤੁਸ ਉਹਨਾਂ ਨਾਲ ਕੋਈ ਅੱਠ ਜਾਂ ਦਸ ਦਿਨ ਰਿਹਾ ਅਤੇ ਫਿਰ ਕੈਸਰਿਯਾ ਨੂੰ ਚਲਾ ਗਿਆ । ਦੂਜੇ ਦਿਨ ਉਸ ਨੇ ਨਿਆਂ ਗੱਦੀ ਉੱਤੇ ਬੈਠ ਕੇ ਪੌਲੂਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ । ਜਦੋਂ ਪੌਲੂਸ ਉੱਥੇ ਆ ਗਿਆ ਤਾਂ ਯਰੂਸ਼ਲਮ ਤੋਂ ਆਏ ਹੋਏ ਯਹੂਦੀਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਉੱਤੇ ਬਹੁਤ ਗੰਭੀਰ ਦੋਸ਼ ਲਾਉਣ ਲੱਗੇ ਜਿਹਨਾਂ ਨੂੰ ਉਹ ਸੱਚਾ ਸਿੱਧ ਨਾ ਕਰ ਸਕੇ । ਪੌਲੂਸ ਨੇ ਆਪਣੀ ਸਫ਼ਾਈ ਵਿੱਚ ਕਿਹਾ, “ਮੈਂ ਨਾਂ ਤਾਂ ਯਹੂਦੀਆਂ ਦੀ ਵਿਵਸਥਾ, ਨਾ ਹੈਕਲ, ਅਤੇ ਨਾ ਕੈਸਰ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ ।” ਫ਼ੇਸਤੁਸ ਨੇ ਯਹੂਦੀਆਂ ਨੂੰ ਖ਼ੁਸ਼ ਕਰਨ ਦੇ ਲਈ ਪੌਲੂਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਕਿ ਉੱਥੇ ਮੇਰੇ ਸਾਹਮਣੇ ਇਹਨਾਂ ਗੱਲਾਂ ਦੇ ਸੰਬੰਧ ਵਿੱਚ ਤੇਰਾ ਨਿਆਂ ਕੀਤਾ ਜਾਵੇ?” ਪੌਲੂਸ ਨੇ ਉੱਤਰ ਦਿੱਤਾ, “ਮੈਂ ਕੈਸਰ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ । ਮੈਂ ਯਹੂਦੀਆਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਿਸ ਨੂੰ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ । ਪਰ ਜੇਕਰ ਮੈਂ ਅਪਰਾਧ ਕੀਤਾ ਹੈ ਅਤੇ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਨਹੀਂ ਡਰਦਾ । ਪਰ ਜੇਕਰ ਇਹਨਾਂ ਦੁਆਰਾ ਮੇਰੇ ਉੱਤੇ ਲਾਏ ਹੋਏ ਦੋਸ਼ ਝੂਠੇ ਹਨ ਤਾਂ ਮੈਨੂੰ ਕੋਈ ਉਹਨਾਂ ਦੇ ਹੱਥਾਂ ਵਿੱਚ ਨਹੀਂ ਸੌਂਪ ਸਕਦਾ । ਮੈਂ ਕੈਸਰ ਅੱਗੇ ਅਪੀਲ ਕਰਦਾ ਹਾਂ ।” ਫਿਰ ਫ਼ੇਸਤੁਸ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕਰ ਕੇ ਉੱਤਰ ਦਿੱਤਾ, “ਤੂੰ ਕੈਸਰ ਅੱਗੇ ਅਪੀਲ ਕੀਤੀ ਹੈ, ਇਸ ਲਈ ਤੂੰ ਕੈਸਰ ਦੇ ਕੋਲ ਹੀ ਜਾਵੇਂਗਾ ।” ਕੁਝ ਦਿਨਾਂ ਦੇ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਆਏ । ਉਹ ਕਈ ਦਿਨਾਂ ਤੱਕ ਉੱਥੇ ਠਹਿਰੇ । ਫ਼ੇਸਤੁਸ ਨੇ ਰਾਜਾ ਨੂੰ ਪੌਲੂਸ ਦੇ ਬਾਰੇ ਦੱਸਿਆ ਅਤੇ ਕਿਹਾ, “ਫ਼ੇਲਿਕਸ ਇੱਕ ਆਦਮੀ ਨੂੰ ਕੈਦੀ ਛੱਡ ਗਿਆ ਹੈ । ਜਦੋਂ ਮੈਂ ਯਰੂਸ਼ਲਮ ਨੂੰ ਗਿਆ ਤਾਂ ਉੱਥੇ ਯਹੂਦੀਆਂ ਦੇ ਮਹਾਂ-ਪੁਰੋਹਿਤਾਂ ਅਤੇ ਬਜ਼ੁਰਗ ਆਗੂਆਂ ਨੇ ਮੈਨੂੰ ਉਸ ਦੇ ਬਾਰੇ ਦੱਸਿਆ ਅਤੇ ਮੈਨੂੰ ਕਿਹਾ ਕਿ ਉਸ ਨੂੰ ਸਜ਼ਾ ਦੇਵਾਂ । ਪਰ ਮੈਂ ਉਹਨਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦਾ ਇਹ ਕਾਨੂੰਨ ਨਹੀਂ ਹੈ ਕਿ ਅਪਰਾਧੀ ਨੂੰ ਦੋਸ਼ ਲਾਉਣ ਵਾਲਿਆਂ ਦੇ ਆਹਮੋ ਸਾਹਮਣੇ ਹੋਣ ਤੋਂ ਪਹਿਲਾਂ ਸਜ਼ਾ ਦਿੱਤੀ ਜਾਵੇ ਅਤੇ ਆਪਣੇ ਅਪਰਾਧ ਦੀ ਸਫ਼ਾਈ ਪੇਸ਼ ਕਰਨ ਦਾ ਮੌਕਾ ਨਾ ਦਿੱਤਾ ਜਾਵੇ । ਜਦੋਂ ਉਹ ਸਾਰੇ ਇੱਥੇ ਆਏ ਤਾਂ ਮੈਂ ਬਿਨਾਂ ਦੇਰ ਕੀਤੇ ਅਗਲੇ ਹੀ ਦਿਨ ਨਿਆਂ ਗੱਦੀ ਉੱਤੇ ਬੈਠ ਗਿਆ ਅਤੇ ਉਸ ਆਦਮੀ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ । ਪਰ ਜਦੋਂ ਉਸ ਦੇ ਦੋਸ਼ ਲਾਉਣ ਵਾਲੇ ਖੜ੍ਹੇ ਹੋਏ ਤਾਂ ਉਹਨਾਂ ਨੇ ਉਸ ਉੱਤੇ ਕੋਈ ਗੰਭੀਰ ਦੋਸ਼ ਨਾ ਲਾਏ ਜੋ ਮੈਂ ਸੋਚ ਰਿਹਾ ਸੀ । ਉਹਨਾਂ ਦਾ ਝਗੜਾ ਆਪਣੇ ਧਾਰਮਿਕ ਮਾਮਲਿਆਂ ਸੰਬੰਧੀ ਸੀ ਅਤੇ ਕਿਸੇ ਯਿਸੂ ਨਾਮ ਦੇ ਆਦਮੀ ਬਾਰੇ ਵੀ ਜੋ ਮਰ ਚੁੱਕਾ ਹੈ ਪਰ ਪੌਲੂਸ ਦਾ ਦਾਅਵਾ ਹੈ ਕਿ ਉਹ ਜਿਊਂਦਾ ਹੈ । ਇਹ ਮੇਰੀ ਸਮਝ ਵਿੱਚ ਨਾ ਆਇਆ ਕਿ ਇਹਨਾਂ ਗੱਲਾਂ ਦੀ ਜਾਂਚ ਪੜਤਾਲ ਕਿਸ ਤਰ੍ਹਾਂ ਕੀਤੀ ਜਾਵੇ, ਇਸ ਲਈ ਮੈਂ ਪੌਲੂਸ ਤੋਂ ਪੁੱਛਿਆ ਕਿ ਕੀ ਤੂੰ ਯਰੂਸ਼ਲਮ ਨੂੰ ਜਾਣਾ ਚਾਹੇਂਗਾ ਕਿ ਉੱਥੇ ਇਸ ਬਾਰੇ ਤੇਰਾ ਨਿਆਂ ਕੀਤਾ ਜਾਵੇ । ਪਰ ਜਦੋਂ ਪੌਲੂਸ ਨੇ ਅਪੀਲ ਕੀਤੀ ਕਿ ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ ਅਤੇ ਕੈਸਰ ਨੂੰ ਉਸ ਦਾ ਫ਼ੈਸਲਾ ਕਰਨ ਦਿੱਤਾ ਜਾਵੇ । ਇਸ ਲਈ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਕੈਸਰ ਦੇ ਕੋਲ ਨਹੀਂ ਭੇਜਦਾ, ਉਹ ਪਹਿਰੇ ਹੇਠ ਰਹੇ ।” ਤਦ ਰਾਜਾ ਅਗ੍ਰਿੱਪਾ ਨੇ ਕਿਹਾ, “ਮੈਂ ਵੀ ਉਸ ਆਦਮੀ ਕੋਲੋਂ ਸੁਣਨਾ ਚਾਹੁੰਦਾ ਹਾਂ ।” ਫ਼ੇਸਤੁਸ ਨੇ ਕਿਹਾ, “ਕੱਲ੍ਹ ਤੁਸੀਂ ਉਸ ਨੂੰ ਸੁਣ ਸਕਦੇ ਹੋ ।” ਇਸ ਲਈ ਦੂਜੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੇ ਠਾਠ-ਬਾਠ ਨਾਲ ਆਏ ਅਤੇ ਸੈਨਾਪਤੀਆਂ, ਸ਼ਹਿਰ ਦੇ ਪ੍ਰਮੁੱਖ ਆਦਮੀਆਂ ਨਾਲ ਸਭਾ ਭਵਨ ਵਿੱਚ ਪ੍ਰਵੇਸ਼ ਕੀਤਾ । ਫਿਰ ਫ਼ੇਸਤੁਸ ਨੇ ਹੁਕਮ ਦਿੱਤਾ ਅਤੇ ਪੌਲੂਸ ਨੂੰ ਪੇਸ਼ ਕੀਤਾ ਗਿਆ । ਤਦ ਫ਼ੇਸਤੁਸ ਨੇ ਕਿਹਾ, “ਰਾਜਾ ਅਗ੍ਰਿੱਪਾ ਅਤੇ ਸਾਰੇ ਮੌਜੂਦ ਸੱਜਣੋ, ਇਸ ਆਦਮੀ ਨੂੰ ਦੇਖੋ, ਜਿਸ ਦੇ ਵਿਰੁੱਧ ਸਾਰੇ ਯਹੂਦੀਆਂ ਨੇ ਇੱਥੇ ਅਤੇ ਯਰੂਸ਼ਲਮ ਵਿੱਚ ਮੇਰੇ ਕੋਲ ਬੇਨਤੀਆਂ ਕੀਤੀਆਂ ਹਨ । ਇਹ ਰੌਲਾ ਪਾਉਂਦੇ ਹਨ ਕਿ ਇਹ ਜਿਊਂਦਾ ਰਹਿਣ ਦੇ ਯੋਗ ਨਹੀਂ ਹੈ । ਪਰ ਮੈਨੂੰ ਇਸ ਵਿੱਚ ਮੌਤ ਦੀ ਸਜ਼ਾ ਦੇ ਯੋਗ ਕੁਝ ਅਜਿਹਾ ਨਹੀਂ ਲੱਭਿਆ ਜੋ ਇਸ ਨੇ ਕੀਤਾ ਹੋਵੇ । ਪਰ ਜਦੋਂ ਇਸ ਨੇ ਆਪ ਹੀ ਕੈਸਰ ਅੱਗੇ ਜਾਣ ਦੀ ਅਪੀਲ ਕੀਤੀ ਹੈ ਤਾਂ ਮੈਂ ਇਸ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ । ਮੇਰੇ ਕੋਲ ਇਸ ਦੇ ਬਾਰੇ ਕੈਸਰ ਨੂੰ ਲਿਖਣ ਲਈ ਕੋਈ ਠੋਸ ਗੱਲ ਨਹੀਂ ਹੈ । ਰਾਜਾ ਅਗ੍ਰਿੱਪਾ, ਇਸ ਲਈ ਮੈਂ ਤੁਹਾਡੇ ਸਾਹਮਣੇ ਇਸ ਆਦਮੀ ਨੂੰ ਪੇਸ਼ ਕੀਤਾ ਹੈ ਕਿ ਇਸ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਮੈਨੂੰ ਕੁਝ ਲਿਖਣ ਦੇ ਲਈ ਮਿਲ ਜਾਵੇ । ਕਿਉਂਕਿ ਮੈਨੂੰ ਇਹ ਗੱਲ ਠੀਕ ਨਹੀਂ ਲਗਦੀ ਕਿ ਕਿਸੇ ਕੈਦੀ ਨੂੰ ਉਸ ਦੇ ਵਿਰੁੱਧ ਦੋਸ਼ਾਂ ਨੂੰ ਦੱਸੇ ਬਿਨਾਂ ਭੇਜਿਆ ਜਾਵੇ ।” ਰਾਜਾ ਅਗ੍ਰਿੱਪਾ ਨੇ ਪੌਲੂਸ ਨੂੰ ਕਿਹਾ, “ਤੈਨੂੰ ਆਪਣੀ ਸਫ਼ਾਈ ਪੇਸ਼ ਕਰਨ ਦੀ ਆਗਿਆ ਹੈ ।” ਤਦ ਪੌਲੂਸ ਨੇ ਆਪਣੇ ਹੱਥ ਨਾਲ ਇਸ਼ਾਰਾ ਕਰਦੇ ਹੋਏ ਆਪਣੀ ਸਫ਼ਾਈ ਵਿੱਚ ਕਹਿਣਾ ਸ਼ੁਰੂ ਕੀਤਾ: “ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਅੱਜ ਮੈਨੂੰ ਤੁਹਾਡੇ ਸਾਹਮਣੇ ਉਹਨਾਂ ਗੱਲਾਂ ਦੀ ਸਫ਼ਾਈ ਵਿੱਚ ਕੁਝ ਕਹਿਣ ਦਾ ਮੌਕਾ ਮਿਲਿਆ ਹੈ ਜਿਹਨਾਂ ਦਾ ਦੋਸ਼ ਯਹੂਦੀ ਮੇਰੇ ਉੱਤੇ ਲਾਉਂਦੇ ਹਨ । ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਾਰੀਆਂ ਰਸਮਾਂ ਅਤੇ ਵਿਵਾਦਾਂ ਤੋਂ ਜਾਣੂ ਹੋ ਇਸ ਲਈ ਮੇਰੀ ਬੇਨਤੀ ਹੈ ਕਿ ਮੇਰੀ ਗੱਲ ਧੀਰਜ ਨਾਲ ਸੁਣਨ ਦੀ ਕਿਰਪਾ ਕਰਨਾ । “ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ, ਮੇਰਾ ਜੀਵਨ ਯਰੂਸ਼ਲਮ ਵਿੱਚ ਮੇਰੇ ਆਪਣੇ ਲੋਕਾਂ ਦੇ ਵਿਚਕਾਰ ਹੀ ਬੀਤਿਆ ਹੈ । ਇਹ ਸਾਰੇ ਯਹੂਦੀ ਜਾਣਦੇ ਹਨ, ਜੇਕਰ ਇਹ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਾਰਿਆਂ ਤੋਂ ਕੱਟੜ ਫ਼ਰੀਸੀ ਮੱਤ ਦੇ ਅਨੁਸਾਰ ਠੀਕ ਜੀਵਨ ਗੁਜ਼ਾਰਿਆ ਹੈ । ਹੁਣ ਮੈਂ ਇੱਥੇ ਅਦਾਲਤ ਵਿੱਚ ਇਸ ਲਈ ਖੜ੍ਹਾ ਹਾਂ ਕਿਉਂਕਿ ਮੈਨੂੰ ਉਸ ਵਾਅਦੇ ਦੀ ਆਸ ਹੈ ਜੋ ਪਰਮੇਸ਼ਰ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ । ਇਸ ਆਸ ਦੇ ਪੂਰੇ ਹੋਣ ਲਈ ਸਾਡੇ ਬਾਰ੍ਹਾਂ ਕਬੀਲੇ ਦਿਨ ਰਾਤ ਪਰਮੇਸ਼ਰ ਦੀ ਭਗਤੀ ਕਰਦੇ ਹਨ । ਹੇ ਰਾਜਾ, ਇਸੇ ਆਸ ਦੇ ਕਾਰਨ ਯਹੂਦੀ ਮੇਰੇ ਉੱਤੇ ਦੋਸ਼ ਲਾਉਂਦੇ ਹਨ । ਫਿਰ ਤੁਹਾਨੂੰ ਕਿਸੇ ਨੂੰ ਵੀ ਇਹ ਗੱਲ ਅਨਹੋਣੀ ਕਿਉਂ ਲੱਗਦੀ ਹੈ ਕਿ ਪਰਮੇਸ਼ਰ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ? “ਮੈਂ ਆਪ ਸੋਚਦਾ ਸੀ ਕਿ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ । ਮੈਂ ਯਰੂਸ਼ਲਮ ਵਿੱਚ ਇਸ ਤਰ੍ਹਾਂ ਕੀਤਾ ਵੀ । ਮੈਂ ਮਹਾਂ-ਪੁਰੋਹਿਤਾਂ ਤੋਂ ਅਧਿਕਾਰ ਪੱਤਰ ਲੈ ਕੇ ਬਹੁਤ ਸਾਰੇ ਭਗਤਾਂ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਜਦੋਂ ਉਹਨਾਂ ਨੂੰ ਕਤਲ ਕੀਤਾ ਗਿਆ ਤਾਂ ਮੈਂ ਇਸ ਨਾਲ ਸਹਿਮਤ ਸੀ । ਮੈਂ ਬਹੁਤ ਵਾਰੀ ਉਹਨਾਂ ਨੂੰ ਪ੍ਰਾਰਥਨਾ ਘਰਾਂ ਵਿੱਚ ਸਜ਼ਾ ਦੇ ਦੇ ਕੇ ਮਜਬੂਰ ਕੀਤਾ ਕਿ ਉਹ ਯਿਸੂ ਦਾ ਇਨਕਾਰ ਕਰਨ । ਮੈਂ ਕ੍ਰੋਧ ਵਿੱਚ ਇੰਨਾਂ ਪਾਗਲ ਹੋ ਗਿਆ ਸੀ ਕਿ ਮੈਂ ਉਹਨਾਂ ਉੱਤੇ ਅੱਤਿਆਚਾਰ ਕਰਨ ਦੇ ਲਈ ਵਿਦੇਸ਼ਾਂ ਦੇ ਸ਼ਹਿਰਾਂ ਵਿੱਚ ਵੀ ਗਿਆ । “ਇਸੇ ਕੰਮ ਲਈ ਮੈਂ ਮਹਾਂ-ਪੁਰੋਹਿਤਾਂ ਦੇ ਅਧਿਕਾਰ ਅਤੇ ਆਗਿਆ ਨਾਲ ਦਮਿਸ਼ਕ ਸ਼ਹਿਰ ਨੂੰ ਜਾ ਰਿਹਾ ਸੀ । ਤਦ ਹੇ ਰਾਜਾ, ਦੁਪਹਿਰ ਦੇ ਸਮੇਂ ਰਾਹ ਵਿੱਚ ਅਕਾਸ਼ ਤੋਂ ਇੱਕ ਚਾਨਣ ਜੋ ਸੂਰਜ ਤੋਂ ਵੀ ਜ਼ਿਆਦਾ ਚਮਕਦਾਰ ਸੀ, ਮੈਨੂੰ ਅਤੇ ਮੇਰੇ ਨਾਲ ਦੇ ਯਾਤਰੀਆਂ ਨੂੰ ਚਾਰੇ ਪਾਸੇ ਚਮਕਦਾ ਦਿਖਾਈ ਦਿੱਤਾ । ਫਿਰ ਜਦੋਂ ਅਸੀਂ ਸਾਰੇ ਜ਼ਮੀਨ ਤੇ ਡਿੱਗ ਪਏ ਤਾਂ ਮੈਂ ਇੱਕ ਆਵਾਜ਼ ਇਬਰਾਨੀ ਭਾਸ਼ਾ ਵਿੱਚ ਇਹ ਕਹਿੰਦੀ ਸੁਣੀ, ‘ਸਾਊਲ! ਸਾਊਲ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ? ਪ੍ਰੈਣ ਨੂੰ ਠੋਕਰ ਮਾਰਨ ਨਾਲ ਤੈਨੂੰ ਆਪ ਹੀ ਸੱਟ ਲੱਗੇਗੀ’ । ਮੈਂ ਪੁੱਛਿਆ, ‘ਪ੍ਰਭੂ ਜੀ, ਤੁਸੀਂ ਕੌਣ ਹੋ?’ ਪ੍ਰਭੂ ਨੇ ਕਿਹਾ ‘ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾ ਰਿਹਾ ਹੈਂ । ਪਰ ਉੱਠ ਅਤੇ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਕਿਉਂਕਿ ਮੈਂ ਤੈਨੂੰ ਇਸ ਲਈ ਦਰਸ਼ਨ ਦਿੱਤਾ ਹੈ ਕਿ ਜੋ ਕੁਝ ਤੂੰ ਅੱਜ ਦੇਖਿਆ ਹੈ ਅਤੇ ਜੋ ਕੁਝ ਮੈਂ ਤੈਨੂੰ ਅੱਗੇ ਦਿਖਾਵਾਂਗਾ, ਉਸ ਸਭ ਦੇ ਲਈ ਤੈਨੂੰ ਆਪਣਾ ਸੇਵਕ ਅਤੇ ਗਵਾਹ ਨਿਯੁਕਤ ਕਰਾਂ । ਮੈਂ ਇਹਨਾਂ ਲੋਕਾਂ ਤੋਂ ਤੇਰੀ ਰੱਖਿਆ ਕਰਾਂਗਾ ਅਤੇ ਉਹਨਾਂ ਪਰਾਈਆਂ ਕੌਮਾਂ ਤੋਂ ਵੀ ਜਿਹਨਾਂ ਦੇ ਕੋਲ ਮੈਂ ਤੈਨੂੰ ਭੇਜ ਰਿਹਾ ਹਾਂ । ਤਾਂ ਜੋ ਤੂੰ ਉਹਨਾਂ ਦੀਆਂ ਅੱਖਾਂ ਖੋਲ੍ਹੇਂ ਅਤੇ ਹਨੇਰੇ ਤੋਂ ਚਾਨਣ ਵੱਲ ਅਤੇ ਸ਼ੈਤਾਨ ਦੇ ਅਧਿਕਾਰ ਹੇਠੋਂ ਪਰਮੇਸ਼ਰ ਵੱਲ ਮੋੜੇਂ ਕਿ ਉਹ ਮੇਰੇ ਵਿੱਚ ਵਿਸ਼ਵਾਸ ਦੁਆਰਾ ਆਪਣੇ ਪਾਪਾਂ ਤੋਂ ਮਾਫ਼ੀ ਪ੍ਰਾਪਤ ਕਰਨ; ਅਤੇ ਉਹਨਾਂ ਲੋਕਾਂ ਵਿੱਚ ਆਪਣੀ ਥਾਂ ਪ੍ਰਾਪਤ ਕਰਨ ਜਿਹੜੇ ਮੇਰੇ ਵਿੱਚ ਵਿਸ਼ਵਾਸ ਕਰਨ ਦੁਆਰਾ ਪਵਿੱਤਰ ਹੋਏ ਹਨ ।’” “ਇਸ ਲਈ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਨ ਦੀ ਉਲੰਘਣਾ ਨਾ ਕੀਤੀ । ਮੈਂ ਪਹਿਲਾਂ ਦਮਿਸ਼ਕ ਅਤੇ ਯਰੂਸ਼ਲਮ ਵਿੱਚ ਪ੍ਰਚਾਰ ਕੀਤਾ । ਇਸ ਦੇ ਬਾਅਦ ਸਾਰੇ ਯਹੂਦਿਯਾ ਦੇਸ਼ ਵਿੱਚ ਅਤੇ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕੀਤਾ ਕਿ ਤੋਬਾ ਦੇ ਯੋਗ ਕੰਮ ਕਰੋ । ਇਹ ਹੀ ਕਾਰਨ ਹੈ ਕਿ ਯਹੂਦੀਆਂ ਨੇ ਹੈਕਲ ਵਿੱਚ ਮੈਨੂੰ ਫੜਿਆ ਅਤੇ ਮਾਰਨ ਦੀ ਕੋਸ਼ਿਸ਼ ਕੀਤੀ । ਪਰ ਪਰਮੇਸ਼ਰ ਦੀ ਮਦਦ ਨਾਲ ਮੈਂ ਅਜੇ ਵੀ ਇੱਥੇ ਖੜ੍ਹਾ ਹਾਂ ਅਤੇ ਛੋਟੇ-ਵੱਡੇ ਸਾਰਿਆਂ ਦੇ ਸਾਹਮਣੇ ਗਵਾਹੀ ਦੇ ਰਿਹਾ ਹਾਂ । ਜਿਹਨਾਂ ਗੱਲਾਂ ਦੇ ਹੋਣ ਬਾਰੇ ਨਬੀਆਂ ਅਤੇ ਮੂਸਾ ਨੇ ਭਵਿੱਖਬਾਣੀ ਕੀਤੀ ਸੀ, ਉਹਨਾਂ ਤੋਂ ਸਿਵਾਏ ਮੈਂ ਕੁਝ ਨਹੀਂ ਕਹਿੰਦਾ । ਮਸੀਹ ਦਾ ਦੁੱਖ ਸਹਿਣਾ ਜ਼ਰੂਰੀ ਸੀ ਤਾਂ ਜੋ ਉਹ ਸਾਰਿਆਂ ਤੋਂ ਪਹਿਲਾਂ ਮੁਰਦਿਆਂ ਵਿੱਚੋਂ ਜਿਊਂਦਾ ਹੋ ਕੇ ਆਪਣੇ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਚਾਨਣ ਦਾ ਸੰਦੇਸ਼ ਦੇਣ ।” ਜਦੋਂ ਪੌਲੂਸ ਇਸ ਤਰ੍ਹਾਂ ਸਫ਼ਾਈ ਪੇਸ਼ ਕਰ ਰਿਹਾ ਸੀ ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਨਾਲ ਕਿਹਾ, “ਪੌਲੂਸ, ਤੂੰ ਪਾਗਲ ਹੈਂ! ਤੇਰਾ ਜ਼ਿਆਦਾ ਗਿਆਨ ਹੀ ਤੈਨੂੰ ਪਾਗਲ ਕਰਦਾ ਜਾ ਰਿਹਾ ਹੈ!” ਪੌਲੂਸ ਨੇ ਉੱਤਰ ਦਿੱਤਾ, “ਮਾਨਯੋਗ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ! ਮੇਰੇ ਸ਼ਬਦ ਸੱਚੇ ਅਤੇ ਸੂਝ ਵਾਲੇ ਹਨ । ਮਹਾਰਾਜ ਇਸ ਵਿਸ਼ੇ ਨੂੰ ਜਾਣਦੇ ਹਨ, ਉਹਨਾਂ ਦੇ ਸਾਹਮਣੇ ਹੀ ਮੈਂ ਬੇਧੜਕ ਹੋ ਕੇ ਕਹਿ ਰਿਹਾ ਹਾਂ । ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਤੋਂ ਕੋਈ ਗੱਲ ਲੁਕੀ ਹੋਈ ਨਹੀਂ ਹੈ ਕਿਉਂਕਿ ਇਹ ਘਟਨਾ ਕਿਸੇ ਗੁਪਤ ਥਾਂ ਉੱਤੇ ਨਹੀਂ ਵਾਪਰੀ । ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਉੱਤੇ ਵਿਸ਼ਵਾਸ ਰੱਖਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਰੱਖਦੇ ਹੋ!” ਤਦ ਅਗ੍ਰਿੱਪਾ ਨੇ ਪੌਲੂਸ ਨੂੰ ਕਿਹਾ, “ਕੀ ਤੂੰ ਇਸ ਥੋੜ੍ਹੇ ਸਮੇਂ ਵਿੱਚ ਹੀ ਮੈਨੂੰ ਮਸੀਹੀ ਬਣਾਉਣਾ ਚਾਹੁੰਦਾ ਹੈਂ?” ਪੌਲੂਸ ਨੇ ਉੱਤਰ ਦਿੱਤਾ, “ਥੋੜ੍ਹਾ ਸਮਾਂ ਹੋਵੇ ਜਾਂ ਬਹੁਤਾ, ਮੈਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਨਾ ਕੇਵਲ ਤੁਸੀਂ ਸਗੋਂ ਇਹ ਸਾਰੇ ਜਿਹੜੇ ਅੱਜ ਮੇਰਾ ਵਚਨ ਸੁਣ ਰਹੇ ਹਨ, ਮੇਰੇ ਵਰਗੇ ਹੋ ਜਾਣ ਪਰ ਬਗ਼ੈਰ ਇਹਨਾਂ ਬੇੜੀਆਂ ਦੇ ।” ਤਦ ਰਾਜਾ, ਰਾਜਪਾਲ, ਬਰਨੀਕੇ ਅਤੇ ਉਹਨਾਂ ਦੇ ਨਾਲ ਬੈਠੇ ਹੋਏ ਲੋਕ ਖੜ੍ਹੇ ਹੋ ਗਏ । ਉਹ ਵੱਖਰੇ ਹੋ ਕੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ, “ਇਸ ਆਦਮੀ ਨੇ ਮੌਤ ਦੀ ਸਜ਼ਾ ਜਾਂ ਕੈਦ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ ।” ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਜੇਕਰ ਇਸ ਆਦਮੀ ਨੇ ਕੈਸਰ ਅੱਗੇ ਅਪੀਲ ਨਾ ਕੀਤੀ ਹੁੰਦੀ ਤਾਂ ਇਹ ਮੁਕਤ ਹੋ ਸਕਦਾ ਸੀ ।” ਜਦੋਂ ਇਹ ਫ਼ੈਸਲਾ ਹੋ ਗਿਆ ਕਿ ਅਸੀਂ ਸਮੁੰਦਰੀ ਜਹਾਜ਼ ਦੁਆਰਾ ਇਤਾਲਿਯਾ ਨੂੰ ਜਾਵਾਂਗੇ ਤਾਂ ਪੌਲੂਸ ਅਤੇ ਦੂਜੇ ਕਈ ਕੈਦੀਆਂ ਨੂੰ ਯੂਲਿਉਸ ਨਾਂ ਦੇ ਫ਼ੌਜੀ ਅਫ਼ਸਰ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ । ਉਸ ਦਾ ਸੰਬੰਧ ਸ਼ਾਹੀ ਸੈਨਾ ਨਾਲ ਸੀ । ਫਿਰ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਸਮੁੰਦਰੀ ਜਹਾਜ਼ ਉੱਤੇ ਚੜ੍ਹ ਗਏ ਜੋ ਏਸ਼ੀਆ ਦੇ ਸਮੁੰਦਰੀ ਕੰਢਿਆਂ ਦੀਆਂ ਬੰਦਰਗਾਹਾਂ ਤੋਂ ਹੁੰਦਾ ਹੋਇਆ ਜਾਣ ਵਾਲਾ ਸੀ ਅਤੇ ਉਸ ਦੇ ਲੰਗਰ ਖੋਲ੍ਹ ਦਿੱਤੇ ਗਏ । ਥੱਸਲੁਨੀਕੇ ਦਾ ਰਹਿਣ ਵਾਲਾ ਅਰਿਸਤਰਖੁਸ ਨਾਂ ਦਾ ਇੱਕ ਮਕਦੂਨੀ ਵੀ ਸਾਡੇ ਨਾਲ ਸੀ । ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਪਹੁੰਚੇ । ਇੱਥੇ ਯੂਲਿਉਸ ਨੇ ਪੌਲੂਸ ਨਾਲ ਬਹੁਤ ਚੰਗਾ ਵਰਤਾਅ ਕੀਤਾ ਅਤੇ ਉਸ ਨੂੰ ਆਪਣੇ ਮਿੱਤਰਾਂ ਕੋਲ ਜਾਣ ਅਤੇ ਉਹਨਾਂ ਦੀ ਮਦਦ ਸਵੀਕਾਰ ਕਰਨ ਦੀ ਆਗਿਆ ਦੇ ਦਿੱਤੀ । ਉੱਥੋਂ ਯਾਤਰਾ ਸ਼ੁਰੂ ਕਰ ਕੇ ਅਸੀਂ ਕੁਪਰੁਸ ਦੇ ਨਾਲ ਨਾਲ ਚੱਲ ਪਏ ਕਿਉਂਕਿ ਹਵਾ ਸਾਡੇ ਵਿਰੁੱਧ ਸੀ । ਫਿਰ ਅਸੀਂ ਕਿਲਕਿਯਾ ਅਤੇ ਪੰਮਫ਼ੁਲਿਯਾ ਦੇ ਨੇੜੇ ਦੇ ਸਮੁੰਦਰੀ ਇਲਾਕਿਆਂ ਵਿੱਚੋਂ ਦੀ ਹੁੰਦੇ ਹੋਏ ਲੁਕਿਆ ਦੇ ਸ਼ਹਿਰ ਮੂਰਾ ਵਿੱਚ ਪਹੁੰਚੇ । ਉੱਥੇ ਅਫ਼ਸਰ ਨੂੰ ਸਿਕੰਦਰਰਿਯਾ ਦਾ ਇੱਕ ਜਹਾਜ਼ ਜੋ ਇਤਾਲਿਯਾ ਨੂੰ ਜਾ ਰਿਹਾ ਸੀ ਮਿਲ ਗਿਆ । ਉਸ ਨੇ ਸਾਨੂੰ ਉਸ ਉੱਤੇ ਚੜ੍ਹਾ ਦਿੱਤਾ । ਅਸੀਂ ਕਈ ਦਿਨਾਂ ਤੱਕ ਹੌਲੀ ਹੌਲੀ ਜਲ ਯਾਤਰਾ ਕਰਦੇ ਹੋਏ ਮੁਸ਼ਕਲ ਨਾਲ ਕਲੀਦੁਸ ਦੇ ਸਾਹਮਣੇ ਪਹੁੰਚ ਗਏ । ਹਵਾ ਅਜੇ ਵੀ ਸਾਨੂੰ ਅੱਗੇ ਵੱਧਣ ਤੋਂ ਰੋਕ ਰਹੀ ਸੀ । ਇਸ ਲਈ ਅਸੀਂ ਸਲਮੋਨੇ ਦੇ ਅੱਗੋਂ ਦੀ ਕਰੇਤ ਦੇ ਓਹਲੇ ਹੋ ਕੇ ਯਾਤਰਾ ਕਰਨ ਲੱਗੇ । ਮੁਸ਼ਕਲ ਨਾਲ ਉਸ ਦੇ ਕੰਢੇ ਕੰਢੇ ਯਾਤਰਾ ਕਰਦੇ ਹੋਏ ਅਸੀਂ “ਸੁੰਦਰ ਘਾਟ” ਨਾਂ ਦੀ ਥਾਂ ਉੱਤੇ ਪਹੁੰਚ ਗਏ । ਇੱਥੋਂ ਲਸਾਯਾ ਸ਼ਹਿਰ ਨੇੜੇ ਹੀ ਸੀ । ਹੁਣ ਤੱਕ ਕਾਫ਼ੀ ਸਮਾਂ ਗੁਜ਼ਰ ਚੁੱਕਾ ਸੀ, ਇੱਥੋਂ ਤੱਕ ਕਿ ਵਰਤ ਦੇ ਦਿਨ ਵੀ ਪੂਰੇ ਹੋ ਚੁੱਕੇ ਸਨ । ਇਸ ਲਈ ਜਲ ਯਾਤਰਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਤਦ ਪੌਲੂਸ ਨੇ ਲੋਕਾਂ ਨੂੰ ਸਲਾਹ ਦਿੱਤੀ ਅਤੇ ਕਿਹਾ, “ਭਰਾਵੋ, ਮੈਂ ਦੇਖ ਰਿਹਾ ਹਾਂ ਕਿ ਸਾਨੂੰ ਇਸ ਜਲ ਯਾਤਰਾ ਵਿੱਚ ਨਾ ਕੇਵਲ ਮਾਲ ਅਤੇ ਜਹਾਜ਼ ਦਾ ਸਗੋਂ ਜਾਨਾਂ ਦਾ ਵੀ ਨੁਕਸਾਨ ਉਠਾਉਣਾ ਪਵੇਗਾ ।” ਪਰ ਫ਼ੌਜੀ ਅਫ਼ਸਰ ਨੇ ਜਹਾਜ਼ ਦੇ ਕਪਤਾਨ ਅਤੇ ਮਾਲਕ ਦੀ ਗੱਲ ਮੰਨੀ ਅਤੇ ਪੌਲੂਸ ਦੀ ਗੱਲ ਉੱਤੇ ਧਿਆਨ ਨਾ ਦਿੱਤਾ । ਇਹ ਬੰਦਰਗਾਹ ਸਿਆਲ ਦੀ ਰੁੱਤ ਕੱਟਣ ਦੇ ਲਈ ਠੀਕ ਨਹੀਂ ਸੀ । ਇਸ ਲਈ ਜ਼ਿਆਦਾ ਲੋਕਾਂ ਦੀ ਇਹ ਰਾਏ ਹੋਈ ਕਿ ਇੱਥੋਂ ਚੱਲਿਆ ਜਾਵੇ ਅਤੇ ਕਿਸੇ ਤਰ੍ਹਾਂ ਫ਼ੇਨੀਕੁਸ ਪਹੁੰਚ ਕੇ ਸਿਆਲ ਦੀ ਰੁੱਤ ਬਿਤਾਈ ਜਾਵੇ । ਇਹ ਕਰੇਤ ਦੀ ਇੱਕ ਬੰਦਰਗਾਹ ਹੈ ਜਿਸ ਦਾ ਮੂੰਹ ਦੱਖਣ-ਪੱਛਮ ਅਤੇ ਉੱਤਰ-ਪੱਛਮ ਵੱਲ ਹੈ । ਜਦੋਂ ਦੱਖਣ ਵੱਲੋਂ ਹਲਕੀ-ਹਲਕੀ ਹਵਾ ਚੱਲਣ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਸਾਡਾ ਉਦੇਸ਼ ਪੂਰਾ ਹੋ ਰਿਹਾ ਹੈ । ਇਸ ਲਈ ਉਹਨਾਂ ਨੇ ਲੰਗਰ ਚੁੱਕਿਆ ਅਤੇ ਕਰੇਤ ਦੇ ਕੰਢੇ ਦੇ ਨਾਲ ਨਾਲ ਚੱਲਣ ਲੱਗ ਪਏ । ਪਰ ਥੋੜ੍ਹੇ ਸਮੇਂ ਦੇ ਬਾਅਦ ਹੀ ਕੰਢੇ ਵਾਲੇ ਪਾਸਿਓਂ ‘ਯੂਰਕੂਲੇਨ’ ਨਾਂ ਦਾ ਇੱਕ ਵੱਡਾ ਤੂਫ਼ਾਨ ਆ ਗਿਆ । ਫਿਰ ਜਦੋਂ ਜਹਾਜ਼ ਉਸ ਵਿੱਚ ਫਸ ਗਿਆ ਅਤੇ ਉਸ ਦਾ ਟਾਕਰਾ ਨਾ ਕਰ ਸਕਿਆ ਤਾਂ ਅਸੀਂ ਉਸ ਵਿੱਚ ਵਹਿਣ ਦਿੱਤਾ । ਕੌਦਾ ਨਾਂ ਦੇ ਇੱਕ ਟਾਪੂ ਦੇ ਓਹਲੇ ਜਾਂਦੇ ਹੋਇਆਂ ਅਸੀਂ ਮੁਸ਼ਕਲ ਨਾਲ ਡੌਂਗੀ ਨੂੰ ਕਾਬੂ ਵਿੱਚ ਕੀਤਾ । ਉਸ ਨੂੰ ਕਾਬੂ ਕਰ ਕੇ ਮਲਾਹਾਂ ਨੇ ਜਹਾਜ਼ ਨੂੰ ਹੇਠੋਂ ਮਜ਼ਬੂਤੀ ਨਾਲ ਬੰਨ੍ਹਿਆਂ ਅਤੇ ਸੁਰਤਿਸ ਦੀ ਬਰੇਤੀ ਵਿੱਚ ਫਸ ਜਾਣ ਦੇ ਡਰ ਤੋਂ ਪਾਲ ਲਾਹ ਕੇ ਐਵੇਂ ਹੀ ਵਹਿਣ ਦਿੱਤਾ । ਤੂਫ਼ਾਨ ਅਜੇ ਵੀ ਜ਼ੋਰਾਂ ਤੇ ਸੀ ਅਤੇ ਅਸੀਂ ਵਹਿੰਦੇ ਜਾ ਰਹੇ ਸੀ । ਇਸ ਲਈ ਅਗਲੇ ਦਿਨ ਉਹਨਾਂ ਨੇ ਮਾਲ ਸਮੁੰਦਰ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ । ਫਿਰ ਤੀਜੇ ਦਿਨ ਉਹਨਾਂ ਨੇ ਆਪਣੇ ਹੱਥਾਂ ਨਾਲ ਜਹਾਜ਼ ਦਾ ਸਮਾਨ ਵੀ ਸੁੱਟ ਦਿੱਤਾ । ਬਹੁਤ ਦਿਨਾਂ ਤੱਕ ਸਾਨੂੰ ਸੂਰਜ ਅਤੇ ਤਾਰਿਆਂ ਦੇ ਦਰਸ਼ਨ ਨਾ ਹੋਏ । ਹਨੇਰੀ ਦਾ ਜ਼ੋਰ ਵੀ ਉਸੇ ਤਰ੍ਹਾਂ ਹੀ ਰਿਹਾ । ਸਾਨੂੰ ਆਪਣੇ ਬਚਾਅ ਦੀ ਕੋਈ ਉਮੀਦ ਨਾ ਰਹੀ । ਲੋਕਾਂ ਨੇ ਕਈ ਦਿਨਾਂ ਤੋਂ ਭੋਜਨ ਨਹੀਂ ਕੀਤਾ ਸੀ । ਇਸ ਲਈ ਪੌਲੂਸ ਨੇ ਉਹਨਾਂ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਭਰਾਵੋ, ਚੰਗਾ ਹੁੰਦਾ ਕਿ ਤੁਸੀਂ ਮੇਰੀ ਗੱਲ ਉੱਤੇ ਧਿਆਨ ਦਿੰਦੇ ਅਤੇ ਕਰੇਤ ਤੋਂ ਲੰਗਰ ਨਾ ਚੁੱਕਦੇ ਤਾਂ ਅਸੀਂ ਇਸ ਸਾਰੇ ਨੁਕਸਾਨ ਤੋਂ ਬਚੇ ਰਹਿੰਦੇ! ਪਰ ਹੁਣ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਧੀਰਜ ਰੱਖੋ! ਤੁਹਾਡੇ ਵਿੱਚੋਂ ਕਿਸੇ ਦੀ ਜਾਨ ਨਹੀਂ ਜਾਵੇਗੀ, ਕੇਵਲ ਜਹਾਜ਼ ਨਾਸ਼ ਹੋ ਜਾਵੇਗਾ । ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਹਨਾਂ ਦੀ ਮੈਂ ਭਗਤੀ ਕਰਦਾ ਹਾਂ, ਉਹਨਾਂ ਦੇ ਸਵਰਗ ਦੂਤ ਨੇ ਕੱਲ ਰਾਤ ਮੇਰੇ ਕੋਲ ਖੜ੍ਹੇ ਹੋ ਕੇ ਕਿਹਾ ਹੈ, ‘ਪੌਲੂਸ ਨਾ ਡਰ! ਤੂੰ ਜ਼ਰੂਰ ਕੈਸਰ ਦੇ ਸਾਹਮਣੇ ਖੜ੍ਹਾ ਹੋਵੇਂਗਾ ਅਤੇ ਦੇਖ ਪਰਮੇਸ਼ਰ ਨੇ ਤੇਰੇ ਸਭ ਸਾਥੀ ਯਾਤਰੀਆਂ ਨੂੰ ਤੇਰੀ ਖ਼ਾਤਰ ਬਚਾ ਦਿੱਤਾ ਹੈ ।’ ਇਸ ਕਾਰਨ ਭਰਾਵੋ, ਧੀਰਜ ਰੱਖੋ! ਮੇਰਾ ਪਰਮੇਸ਼ਰ ਵਿੱਚ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਹੈ, ਠੀਕ ਉਸੇ ਤਰ੍ਹਾਂ ਹੋਵੇਗਾ । ਅਸੀਂ ਜ਼ਰੂਰ ਕਿਸੇ ਛੋਟੇ ਟਾਪੂ ਉੱਤੇ ਪਹੁੰਚ ਜਾਵਾਂਗੇ ।” ਜਦੋਂ ਚੌਦਵੀਂ ਰਾਤ ਆਈ ਅਤੇ ਅਸੀਂ ਅਦਰਿਯਾ ਸਾਗਰ ਵਿੱਚ ਇੱਧਰ ਉੱਧਰ ਭਟਕ ਰਹੇ ਸੀ ਤਦ ਮਲਾਹਾਂ ਨੇ ਮਹਿਸੂਸ ਕੀਤਾ ਕਿ ਅਸੀਂ ਜ਼ਮੀਨ ਦੇ ਕੋਲ ਪਹੁੰਚ ਰਹੇ ਹਾਂ । ਉਹਨਾਂ ਨੇ ਥਾਹ ਲਾਈ ਤਾਂ ਪਾਣੀ ਇੱਕ ਸੌ ਪੰਝੀ ਫੁੱਟ ਡੂੰਘਾ ਨਿਕਲਿਆ । ਥੋੜ੍ਹਾ ਅੱਗੇ ਜਾ ਕੇ ਫਿਰ ਪਾਣੀ ਦੀ ਗਹਿਰਾਈ ਨੂੰ ਨਾਪਿਆ ਤਾਂ ਨੱਬੇ ਫੁੱਟ ਡੂੰਘਾ ਨਿਕਲਿਆ । ਫਿਰ ਇਸ ਡਰ ਨਾਲ ਕਿ ਕਿਤੇ ਜਹਾਜ਼ ਚਟਾਨਾਂ ਵਿੱਚ ਨਾ ਜਾ ਫਸੇ, ਉਹਨਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਚਾਰ ਲੰਗਰ ਸੁੱਟੇ ਅਤੇ ਸਵੇਰ ਹੋਣ ਦੀ ਉਡੀਕ ਕਰਨ ਲੱਗੇ । ਪਰ ਮਲਾਹ ਜਹਾਜ਼ ਵਿੱਚੋਂ ਬਚ ਨਿਕਲਣ ਦਾ ਵਿਚਾਰ ਕਰ ਰਹੇ ਸਨ । ਇਸ ਲਈ ਉਹ ਅਗਲੇ ਪਾਸੇ ਲੰਗਰ ਸੁੱਟਣ ਦੇ ਬਹਾਨੇ, ਡੌਂਗੀ ਨੂੰ ਸਮੁੰਦਰ ਵਿੱਚ ਲਾਹ ਚੁੱਕੇ ਸਨ । ਇਸ ਲਈ ਪੌਲੂਸ ਨੇ ਫ਼ੌਜੀ ਅਫ਼ਸਰ ਨੂੰ ਅਤੇ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਲਾਹ ਜਹਾਜ਼ ਵਿੱਚ ਨਾ ਰਹੇ, ਤਾਂ ਤੁਸੀਂ ਲੋਕ ਵੀ ਬਚ ਨਹੀਂ ਸਕੋਗੇ ।” ਤਦ ਸਿਪਾਹੀਆਂ ਨੇ ਰੱਸੇ ਕੱਟ ਕੇ ਡੌਂਗੀ ਛੱਡ ਦਿੱਤੀ । ਦਿਨ ਚੜ੍ਹਣ ਤੋਂ ਪਹਿਲਾਂ ਹੀ ਪੌਲੂਸ ਨੇ ਉਹਨਾਂ ਸਾਰਿਆਂ ਨੂੰ ਭੋਜਨ ਕਰਨ ਦੇ ਲਈ ਬੇਨਤੀ ਕੀਤੀ, “ਅੱਜ ਤੁਹਾਨੂੰ ਦੁਬਿਧਾ ਵਿੱਚ ਪਏ ਹੋਏ ਚੌਦਾਂ ਦਿਨ ਹੋ ਗਏ ਹਨ ਅਤੇ ਇਸ ਸਮੇਂ ਵਿੱਚ ਤੁਸੀਂ ਅੰਨ ਦਾ ਇੱਕ ਦਾਣਾ ਵੀ ਮੂੰਹ ਵਿੱਚ ਨਹੀਂ ਪਾਇਆ । ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਿਊਂਦੇ ਰਹਿਣ ਦੇ ਲਈ ਭੋਜਨ ਖਾਓ । ਤੁਹਾਡੇ ਵਿੱਚੋਂ ਕਿਸੇ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਵੇਗਾ ।” ਇਹ ਕਹਿ ਕੇ ਉਸ ਨੇ ਰੋਟੀ ਲਈ ਅਤੇ ਸਾਰਿਆਂ ਦੇ ਸਾਹਮਣੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਖਾਣ ਲੱਗਾ । ਤਦ ਉਹਨਾਂ ਸਾਰਿਆਂ ਨੂੰ ਹੌਸਲਾ ਹੋਇਆ ਅਤੇ ਉਹ ਵੀ ਭੋਜਨ ਕਰਨ ਲੱਗੇ । ਜਹਾਜ਼ ਵਿੱਚ ਅਸੀਂ ਸਾਰੇ ਦੋ ਸੌ ਛਿਹੱਤਰ ਜਣੇ ਸੀ । ਚੰਗੀ ਤਰ੍ਹਾਂ ਭੋਜਨ ਖਾਣ ਦੇ ਬਾਅਦ ਲੋਕਾਂ ਨੇ ਸਮੁੰਦਰ ਵਿੱਚ ਕਣਕ ਸੁੱਟ ਕੇ ਜਹਾਜ਼ ਦਾ ਭਾਰ ਹੌਲਾ ਕੀਤਾ । ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਥਾਂ ਨੂੰ ਨਾ ਪਛਾਣ ਸਕੇ ਪਰ ਉਹਨਾਂ ਨੇ ਇੱਕ ਖਾੜੀ ਦੇਖੀ ਜਿਸ ਦਾ ਕੰਢਾ ਰੇਤਲਾ ਸੀ । ਉਹਨਾਂ ਨੇ ਵਿਚਾਰ ਕੀਤਾ ਕਿ ਜੇਕਰ ਹੋ ਸਕੇ ਤਾਂ ਜਹਾਜ਼ ਨੂੰ ਇਸ ਵਿੱਚ ਲਾ ਦਿੱਤਾ ਜਾਵੇ । ਉਹਨਾਂ ਨੇ ਲੰਗਰ ਖੋਲ੍ਹ ਕੇ ਸਮੁੰਦਰ ਵਿੱਚ ਛੱਡ ਦਿੱਤੇ ਅਤੇ ਨਾਲ ਹੀ ਪਤਵਾਰਾਂ ਦੇ ਰੱਸੇ ਢਿੱਲੇ ਕਰ ਦਿੱਤੇ । ਫਿਰ ਉਹ ਹਵਾ ਦੇ ਸਾਹਮਣੇ ਪਾਲ ਚੜ੍ਹਾ ਕੇ ਕੰਢੇ ਦੇ ਵੱਲ ਚੱਲ ਪਏ । ਪਰ ਜਹਾਜ਼ ਬਰੇਤੀ ਵਿੱਚ ਜਾ ਕੇ ਫਸ ਗਿਆ, ਜਿਸ ਨਾਲ ਜਹਾਜ਼ ਦਾ ਅਗਲਾ ਹਿੱਸਾ ਅਟਕ ਗਿਆ ਅਤੇ ਪਿਛਲਾ ਹਿੱਸਾ ਲਹਿਰਾਂ ਦੀ ਮਾਰ ਨਾਲ ਟੁੱਟਣਾ ਸ਼ੁਰੂ ਹੋ ਗਿਆ । ਸਿਪਾਹੀਆਂ ਨੇ ਸਲਾਹ ਕੀਤੀ ਕਿ ਕੈਦੀਆਂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਤੈਰ ਕੇ ਫ਼ਰਾਰ ਨਾ ਹੋ ਜਾਵੇ । ਪਰ ਫ਼ੌਜੀ ਅਫ਼ਸਰ ਨੇ ਪੌਲੂਸ ਦੀ ਜਾਨ ਬਚਾਉਣ ਲਈ ਉਹਨਾਂ ਦੀ ਵਿਉਂਤ ਰੋਕ ਦਿੱਤੀ । ਉਸ ਨੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ, ਉਹ ਛਾਲਾਂ ਮਾਰ ਕੇ ਅਤੇ ਤੈਰ ਕੇ ਕੰਢੇ ਉੱਤੇ ਚਲੇ ਜਾਣ । ਬਾਕੀ ਲੋਕ ਲੱਕੜੀ ਦੇ ਫੱਟਿਆਂ ਅਤੇ ਜਹਾਜ਼ ਦੀਆਂ ਟੁੱਟੀਆਂ ਚੀਜ਼ਾਂ ਦੇ ਸਹਾਰੇ ਜਾਣ । ਇਸ ਤਰ੍ਹਾਂ ਅਸੀਂ ਸਾਰੇ ਕੰਢੇ ਉੱਤੇ ਸਹੀ ਸਲਾਮਤ ਪਹੁੰਚ ਗਏ । ਫਿਰ ਜਦੋਂ ਅਸੀਂ ਕੰਢੇ ਉੱਤੇ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ । ਇੱਥੋਂ ਦੇ ਲੋਕਾਂ ਨੇ ਸਾਡੇ ਨਾਲ ਮਿੱਤਰਾਂ ਵਾਲਾ ਵਰਤਾਅ ਕੀਤਾ । ਉਹਨਾਂ ਨੇ ਅੱਗ ਬਾਲ੍ਹ ਕੇ ਸਾਡਾ ਸੁਆਗਤ ਕੀਤਾ ਕਿਉਂਕਿ ਮੀਂਹ ਪੈਣ ਲੱਗ ਪਿਆ ਸੀ ਅਤੇ ਠੰਡ ਵੀ ਵੱਧ ਗਈ ਸੀ । ਜਦੋਂ ਪੌਲੂਸ ਸੁੱਕੀਆਂ ਲੱਕੜੀਆਂ ਦਾ ਗੱਠਾ ਬਣਾ ਕੇ ਅੱਗ ਉੱਤੇ ਰੱਖ ਰਿਹਾ ਸੀ ਤਦ ਸੇਕ ਦੇ ਨਾਲ ਇੱਕ ਸੱਪ ਨਿਕਲ ਆਇਆ ਅਤੇ ਉਸ ਦੇ ਹੱਥ ਨਾਲ ਲਿਪਟ ਗਿਆ । ਉੱਥੋਂ ਦੇ ਵਸਨੀਕ ਉਸ ਸੱਪ ਨੂੰ ਪੌਲੂਸ ਦੇ ਹੱਥ ਨਾਲ ਲਮਕਦੇ ਦੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਨਿਰਸੰਦੇਹ, ਇਹ ਕੋਈ ਕਾਤਲ ਹੈ । ਭਾਂਵੇ ਇਹ ਸਮੁੰਦਰ ਵਿੱਚੋਂ ਬਚ ਨਿਕਲਿਆ ਹੈ ਪਰ ਨਿਆਂ ਦਾ ਦੇਵਤਾ ਇਸ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ ।” ਪਰ ਪੌਲੂਸ ਨੇ ਸੱਪ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ । ਲੋਕ ਅਜੇ ਵੀ ਸੋਚ ਰਹੇ ਸਨ ਕਿ ਉਹ ਸੁੱਜ ਜਾਵੇਗਾ ਅਤੇ ਅਚਾਨਕ ਡਿੱਗ ਕੇ ਮਰ ਜਾਵੇਗਾ । ਪਰ ਜਦੋਂ ਉਹ ਕਾਫ਼ੀ ਦੇਰ ਤੱਕ ਉਡੀਕਦੇ ਰਹੇ ਅਤੇ ਦੇਖਿਆ ਕਿ ਪੌਲੂਸ ਨੂੰ ਕੁਝ ਨਹੀਂ ਹੋਇਆ ਤਾਂ ਉਹਨਾਂ ਲੋਕਾਂ ਦੇ ਵਿਚਾਰ ਬਦਲ ਗਏ ਅਤੇ ਉਹ ਕਹਿਣ ਲੱਗੇ, “ਇਹ ਕੋਈ ਦੇਵਤਾ ਹੈ!” ਉਸ ਥਾਂ ਦੇ ਨੇੜੇ ਟਾਪੂ ਦੇ ਮੁਖੀਆ ਪੁਬਲਿਯੁਸ ਦੇ ਖੇਤ ਸਨ । ਉਸ ਨੇ ਸਾਡਾ ਸੁਆਗਤ ਕਰ ਕੇ ਤਿੰਨ ਦਿਨਾਂ ਤੱਕ ਪਿਆਰ ਭਾਵ ਨਾਲ ਸਾਡੀ ਸੇਵਾ ਕੀਤੀ । ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਸੀ । ਪੌਲੂਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ । ਜਦੋਂ ਇਹ ਹੋਇਆ ਤਦ ਟਾਪੂ ਦੇ ਦੂਜੇ ਰੋਗੀ ਵੀ ਆ ਕੇ ਚੰਗੇ ਹੋਣ ਲੱਗੇ । ਉਹਨਾਂ ਨੇ ਸਾਨੂੰ ਬਹੁਤ ਭੇਂਟਾਂ ਦਿੱਤੀਆਂ ਅਤੇ ਜਦੋਂ ਅਸੀਂ ਚੱਲਣ ਲੱਗੇ ਤਾਂ ਸਾਡੀ ਲੋੜ ਦੀਆਂ ਚੀਜ਼ਾਂ ਲਿਆ ਕੇ ਜਹਾਜ਼ ਵਿੱਚ ਰੱਖ ਦਿੱਤੀਆਂ । ਤਿੰਨ ਮਹੀਨਿਆਂ ਦੇ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਸਮੁੰਦਰੀ ਜਹਾਜ਼ ਵਿੱਚ ਯਾਤਰਾ ਸ਼ੁਰੂ ਕੀਤੀ । ਇਸ ਜਹਾਜ਼ ਦਾ ਨਾਂ ‘ਜੌੜੇ ਦੇਵਤੇ’ ਸੀ ਜਿਸ ਨੇ ਸਿਆਲ ਦੀ ਰੁੱਤ ਟਾਪੂ ਉੱਤੇ ਗੁਜ਼ਾਰੀ ਸੀ । ਫਿਰ ਅਸੀਂ ਸੈਰਾਕੁਸ ਵਿੱਚ ਜਾ ਪਹੁੰਚੇ ਅਤੇ ਉੱਥੇ ਤਿੰਨ ਦਿਨ ਤੱਕ ਠਹਿਰੇ । ਉੱਥੋਂ ਚੱਲ ਕੇ ਅਸੀਂ ਕੰਢੇ ਕੰਢੇ ਹੁੰਦੇ ਹੋਏ ਰੇਗਿਯੁਨ ਸ਼ਹਿਰ ਵਿੱਚ ਜਾ ਪਹੁੰਚੇ । ਅਗਲੇ ਦਿਨ ਦੱਖਣ ਵੱਲੋਂ ਹਵਾ ਚੱਲਣ ਲੱਗੀ ਅਤੇ ਦੋ ਦਿਨਾਂ ਬਾਅਦ ਅਸੀਂ ਪਤਿਲੁਯੇ ਵਿੱਚ ਜਾ ਪਹੁੰਚੇ । ਉੱਥੇ ਵਿਸ਼ਵਾਸੀ ਭਰਾਵਾਂ ਨਾਲ ਸਾਡਾ ਮੇਲ ਹੋਇਆ ਅਤੇ ਉਹਨਾਂ ਦੇ ਕਹਿਣ ਤੇ ਅਸੀਂ ਸੱਤ ਦਿਨ ਉਹਨਾਂ ਕੋਲ ਠਹਿਰੇ । ਇਸ ਤਰ੍ਹਾਂ ਅਸੀਂ ਰੋਮ ਪਹੁੰਚ ਗਏ । ਇੱਥੇ ਵੀ ਵਿਸ਼ਵਾਸੀ ਭਰਾ ਸਾਡੀ ਚਰਚਾ ਸੁਣ ਕੇ, ਸਾਨੂੰ ਮਿਲਣ ਦੇ ਲਈ ਆਪੀਅਸ ਚੌਂਕ ਅਤੇ ‘ਤਿੰਨ ਸਰਾਂਵਾਂ’ ਨਾਂ ਦੀ ਥਾਂ ਤੱਕ ਮਿਲਣ ਆਏ । ਉਹਨਾਂ ਨੂੰ ਦੇਖ ਕੇ ਪੌਲੂਸ ਖ਼ੁਸ਼ ਹੋਇਆ ਅਤੇ ਪਰਮੇਸ਼ਰ ਨੂੰ ਧੰਨਵਾਦ ਦਿੱਤਾ । ਜਦੋਂ ਅਸੀਂ ਰੋਮ ਵਿੱਚ ਪਹੁੰਚ ਗਏ ਤਾਂ ਪੌਲੂਸ ਨੂੰ ਆਗਿਆ ਮਿਲ ਗਈ ਕਿ ਇੱਕ ਸਿਪਾਹੀ ਦੇ ਨਾਲ ਜੋ ਉਸ ਦੀ ਸੁਰੱਖਿਆ ਕਰਨ ਦੇ ਲਈ ਸੀ, ਆਪਣੇ ਨਿੱਜੀ ਥਾਂ ਤੇ ਰਹੇ । ਤਿੰਨ ਦਿਨਾਂ ਦੇ ਬਾਅਦ ਪੌਲੂਸ ਨੇ ਯਹੂਦੀਆਂ ਦੇ ਪ੍ਰਮੁੱਖ ਆਦਮੀਆਂ ਨੂੰ ਸੱਦਿਆ । ਜਦੋਂ ਉਹ ਇਕੱਠੇ ਹੋ ਗਏ ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਇਸਰਾਏਲੀਓ, ਭਾਵੇਂ ਮੈਂ ਆਪਣੀ ਕੌਮ ਦੇ ਪੁਰਖਿਆਂ ਤੋਂ ਮਿਲੀਆਂ ਰਸਮਾਂ ਦੇ ਵਿਰੁੱਧ ਕੁਝ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਯਰੂਸ਼ਲਮ ਵਿੱਚ ਕੈਦੀ ਬਣਾਇਆ ਗਿਆ ਅਤੇ ਰੋਮੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ । ਇਹਨਾਂ ਲੋਕਾਂ ਨੇ ਮੇਰੀ ਜਾਂਚ ਕਰ ਕੇ ਮੈਨੂੰ ਛੱਡਣਾ ਚਾਹਿਆ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ ਸੀ । ਪਰ ਯਹੂਦੀਆਂ ਦੇ ਵਿਰੋਧ ਤੋਂ ਤੰਗ ਆ ਕੇ ਮੈਂ ਕੈਸਰ ਦੇ ਅੱਗੇ ਅਪੀਲ ਕੀਤੀ, ਇਹ ਇਸ ਲਈ ਨਹੀਂ ਕਿ ਮੈਂ ਆਪਣੇ ਲੋਕਾਂ ਦੇ ਵਿਰੁੱਧ ਕੋਈ ਦੋਸ਼ ਲਾਉਣਾ ਸੀ । ਇਸੇ ਕਾਰਨ ਮੈਂ ਤੁਹਾਨੂੰ ਸੱਦਿਆ ਹੈ ਕਿ ਤੁਹਾਨੂੰ ਮਿਲਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਾਂ । ਇਹ ਹੱਥਕੜੀਆਂ ਮੈਂ ਉਸ ਦੇ ਕਾਰਨ ਪਾਈਆਂ ਹਨ ਜਿਸ ਦੀ ਆਸ ਇਸਰਾਏਲ ਦੇ ਲੋਕਾਂ ਨੂੰ ਹੈ ।” ਉਹਨਾਂ ਲੋਕਾਂ ਨੇ ਪੌਲੂਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੁਹਾਡੇ ਸੰਬੰਧ ਵਿੱਚ ਕੋਈ ਪੱਤਰ ਨਹੀਂ ਆਇਆ ਅਤੇ ਨਾ ਹੀ ਉੱਥੋਂ ਦੇ ਭਰਾਵਾਂ ਵਿੱਚੋਂ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਜਾਂ ਕੋਈ ਬੁਰੀ ਗੱਲ ਕਹੀ ਹੈ । ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ ਕਿਉਂਕਿ ਇਸ ਮੱਤ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ ।” ਉਹਨਾਂ ਨੇ ਪੌਲੂਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਸ ਕੋਲ ਆਏ । ਉਸ ਨੇ ਸਵੇਰ ਤੋਂ ਸ਼ੁਰੂ ਕਰ ਕੇ ਸ਼ਾਮ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਉਹਨਾਂ ਨੂੰ ਵੇਰਵੇ ਨਾਲ ਦੱਸਿਆ ਅਤੇ ਯਿਸੂ ਦੇ ਸੰਬੰਧ ਵਿੱਚ ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਸਮਝਾਇਆ । ਕੁਝ ਨੇ ਉਹਨਾਂ ਵਿੱਚੋਂ ਪੌਲੂਸ ਦੇ ਵਚਨਾਂ ਨੂੰ ਮੰਨਿਆ ਪਰ ਕੁਝ ਨੇ ਵਿਸ਼ਵਾਸ ਨਾ ਕੀਤਾ । ਫਿਰ ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਅਤੇ ਉੱਥੋਂ ਜਾਣ ਲੱਗੇ ਤਾਂ ਪੌਲੂਸ ਨੇ ਉਹਨਾਂ ਨੂੰ ਇਹ ਗੱਲ ਕਹੀ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪੁਰਖਿਆਂ ਦੇ ਬਾਰੇ ਠੀਕ ਹੀ ਕਿਹਾ ਹੈ: ‘ਜਾ, ਅਤੇ ਇਹਨਾਂ ਲੋਕਾਂ ਨੂੰ ਕਹਿ, ਤੁਸੀਂ ਸੁਣੋਗੇ ਤਾਂ ਸਹੀ ਪਰ ਨਾ ਸਮਝੋਗੇ, ਤੁਸੀਂ ਦੇਖੋਗੇ ਤਾਂ ਸਹੀ ਪਰ ਪਛਾਣ ਨਾ ਸਕੋਗੇ । ਕਿਉਂਕਿ ਇਹਨਾਂ ਲੋਕਾਂ ਦੇ ਦਿਲ ਸਖ਼ਤ ਹੋ ਗਏ ਹਨ, ਉਹ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ । ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿ ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਖਾਂ ਦੇ ਨਾਲ ਦੇਖਣ, ਕੰਨਾਂ ਦੇ ਨਾਲ ਸੁਣਨ, ਦਿਲ ਦੇ ਨਾਲ ਸਮਝਣ ਅਤੇ ਮੇਰੇ ਵਲ ਮੁੜਨ, ਪਰਮੇਸ਼ਰ ਕਹਿੰਦੇ ਹਨ । ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।’” “ਇਸ ਲਈ ਤੁਸੀਂ ਜਾਣੋ ਕਿ ਪਰਮੇਸ਼ਰ ਦਾ ਇਹ ਮੁਕਤੀ ਦਾ ਸੰਦੇਸ਼ ਪਰਾਈਆਂ ਕੌਮਾਂ ਨੂੰ ਭੇਜਿਆ ਗਿਆ ਹੈ ਅਤੇ ਉਹ ਸੁਣਨਗੀਆਂ!” [ ਉਸ ਦੇ ਇਹ ਕਹਿਣ ਦੇ ਬਾਅਦ ਯਹੂਦੀ ਆਪਸ ਵਿੱਚ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ ।] ਪੌਲੂਸ ਉੱਥੇ ਪੂਰੇ ਦੋ ਸਾਲ ਤੱਕ ਕਿਰਾਏ ਦੇ ਘਰ ਵਿੱਚ ਰਿਹਾ । ਉਹ ਆਪਣੇ ਕੋਲ ਆਉਣ ਵਾਲਿਆਂ ਦਾ ਸੁਆਗਤ ਕਰਦਾ ਸੀ । ਉਹ ਖੁੱਲ੍ਹੇਆਮ ਪੂਰੀ ਆਜ਼ਾਦੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਿੱਖਿਆ ਦਿੰਦਾ ਸੀ । ਪੌਲੂਸ ਦੇ ਵੱਲੋਂ ਜੋ ਮਸੀਹ ਯਿਸੂ ਦਾ ਦਾਸ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ ਅਤੇ ਸੱਦਿਆ ਗਿਆ ਹੈ । ਸ਼ੁਭ ਸਮਾਚਾਰ ਦਾ ਵਾਅਦਾ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਆਪਣੇ ਨਬੀਆਂ ਦੁਆਰਾ ਕੀਤਾ ਅਤੇ ਪਵਿੱਤਰ-ਗ੍ਰੰਥ ਵਿੱਚ ਲਿਖਵਾਇਆ । ਇਹ ਉਹਨਾਂ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਸੰਬੰਧ ਵਿੱਚ ਹੈ ਜੋ ਸਰੀਰਕ ਤੌਰ ਤੇ ਦਾਊਦ ਦੇ ਵੰਸ ਵਿੱਚੋਂ ਪੈਦਾ ਹੋਏ । ਪਰ ਪਵਿੱਤਰਤਾ ਦੀ ਆਤਮਾ ਦੀ ਵੱਲੋਂ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਕਾਰਨ ਸਮਰੱਥਾ ਦੇ ਨਾਲ ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤੇ ਗਏ । ਪਰਮੇਸ਼ਰ ਨੇ ਉਹਨਾਂ ਦੇ ਦੁਆਰਾ ਹੀ ਬੜੀ ਕਿਰਪਾ ਨਾਲ ਸਾਨੂੰ ਰਸੂਲ ਹੋਣ ਦੀ ਸੇਵਾ ਦਿੱਤੀ ਕਿ ਉਹਨਾਂ ਦੇ ਨਾਮ ਵਿੱਚ ਅਸੀਂ ਸਾਰੀਆਂ ਕੌਮਾਂ ਨੂੰ ਆਗਿਆਕਾਰ ਅਤੇ ਵਿਸ਼ਵਾਸੀ ਬਣਾਈਏ । ਉਹਨਾਂ ਵਿੱਚ ਤੁਸੀਂ ਵੀ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਯਿਸੂ ਮਸੀਹ ਵਿੱਚ ਆਪਣਾ ਬਣਨ ਲਈ ਚੁਣਿਆ ਹੈ । ਇਸ ਲਈ ਤੁਹਾਨੂੰ ਸਾਰਿਆਂ ਨੂੰ ਜੋ ਰੋਮ ਵਿੱਚ ਹੋ ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ ਅਤੇ ਜਿਹੜੇ ਉਹਨਾਂ ਦੇ ਆਪਣੇ ਹੋਣ ਦੇ ਲਈ ਸੱਦੇ ਗਏ ਹਨ, ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਸਭ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਵਿਸ਼ਵਾਸ ਦੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਹੀ ਹੈ । ਪਰਮੇਸ਼ਰ, ਜਿਹਨਾਂ ਦੀ ਸੇਵਾ ਮੈਂ ਆਪਣੀ ਆਤਮਾ ਦੇ ਨਾਲ ਉਹਨਾਂ ਦੇ ਪੁੱਤਰ ਦੇ ਸ਼ੁਭ ਸਮਾਚਾਰ ਸੁਣਾਉਣ ਦੇ ਰਾਹੀਂ ਕਰਦਾ ਹਾਂ, ਮੇਰੇ ਗਵਾਹ ਹਨ । ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਲਗਾਤਾਰ ਮੈਂ ਤੁਹਾਨੂੰ, ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਮੈਂ ਹਮੇਸ਼ਾ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ ਕਿ ਉਹ ਆਪਣੀ ਇੱਛਾ ਦੁਆਰਾ ਕੋਈ ਇਹੋ ਜਿਹਾ ਪ੍ਰਬੰਧ ਕਰਨ ਕਿ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆ ਸਕਾਂ । ਮੇਰੀ ਤੁਹਾਨੂੰ ਦੇਖਣ ਦੀ ਬਹੁਤ ਤਾਂਘ ਹੈ । ਮੈਂ ਤੁਹਾਨੂੰ ਤੁਹਾਡੇ ਉਤਸ਼ਾਹ ਦੇ ਲਈ ਆਤਮਿਕ ਵਰਦਾਨ ਦੇਣਾ ਚਾਹੁੰਦਾ ਹਾਂ । ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇੱਕ ਦੂਜੇ ਦੇ ਵਿਸ਼ਵਾਸ ਦੁਆਰਾ ਉਤਸ਼ਾਹ ਪ੍ਰਾਪਤ ਕਰੀਏ, ਮੈਂ ਤੁਹਾਡੇ ਵਿਸ਼ਵਾਸ ਦੁਆਰਾ ਅਤੇ ਤੁਸੀਂ ਮੇਰੇ ਵਿਸ਼ਵਾਸ ਦੁਆਰਾ । ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਵਾਰ ਮੈਂ ਤੁਹਾਡੇ ਕੋਲ ਆਉਣ ਦਾ ਵਿਚਾਰ ਕੀਤਾ ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਰਿਹਾ । ਮੈਨੂੰ ਤੁਹਾਡੇ ਕੋਲੋਂ ਵੀ ਮਸੀਹ ਦੇ ਲਈ ਕੁਝ ਫਲ ਮਿਲਨ ਦੀ ਆਸ ਹੈ ਜਿਸ ਤਰ੍ਹਾਂ ਮੈਨੂੰ ਹੋਰ ਪਰਾਈਆਂ ਕੌਮਾਂ ਤੋਂ ਹੈ । ਮੇਰੀ ਜ਼ਿੰਮੇਵਾਰੀ ਯੂਨਾਨੀ ਅਤੇ ਗ਼ੈਰ ਯੂਨਾਨੀ, ਸਮਝਦਾਰਾਂ ਅਤੇ ਬੇਸਮਝਾਂ ਸਾਰਿਆਂ ਦੇ ਲਈ ਹੈ । ਇਸੇ ਲਈ ਮੈਂ ਤੁਹਾਨੂੰ, ਰੋਮ ਨਿਵਾਸੀਆਂ ਨੂੰ, ਸ਼ੁਭ ਸਮਾਚਾਰ ਸੁਣਾਉਣ ਦਾ ਵੀ ਚਾਹਵਾਨ ਹਾਂ । ਮੈਂ ਸ਼ੁਭ ਸਮਾਚਾਰ ਤੋਂ ਸੰਗਦਾ ਨਹੀਂ ਕਿਉਂਕਿ ਇਹ ਪਰਮੇਸ਼ਰ ਦੀ ਸਮਰੱਥਾ ਹੈ ਜਿਹੜੀ ਹਰ ਇੱਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਹੈ । ਪਹਿਲਾਂ ਯਹੂਦੀਆਂ ਲਈ ਅਤੇ ਫਿਰ ਪਰਾਈਆਂ ਕੌਮਾਂ ਦੇ ਲਈ । ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜੋ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਜੀਵਨ ਦਾਨ ਪਾਵੇਗਾ ।” ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਮਨੁੱਖ ਦੇ ਸਾਰੇ ਅਵਿਸ਼ਵਾਸ ਅਤੇ ਦੁਸ਼ਟਤਾ ਦੇ ਕਾਰਨ ਪ੍ਰਗਟ ਹੋਇਆ ਹੈ, ਭਾਵ ਜਿਹਨਾਂ ਨੇ ਆਪਣੀ ਦੁਸ਼ਟਤਾ ਦੇ ਨਾਲ ਸੱਚਾਈ ਨੂੰ ਪ੍ਰਗਟ ਹੋਣ ਤੋਂ ਰੋਕ ਕੇ ਰੱਖਿਆ ਹੈ । ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ, ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਆਪ ਇਹ ਉਹਨਾਂ ਉੱਤੇ ਪ੍ਰਗਟ ਕੀਤਾ ਹੈ । ਪਰਮੇਸ਼ਰ ਦੇ ਅਣਦੇਖੇ ਗੁਣ, ਉਹਨਾਂ ਦੀ ਸਦੀਵੀ ਸਮਰੱਥਾ ਅਤੇ ਉਹਨਾਂ ਦਾ ਪਰਮੇਸ਼ਰੀ ਸੁਭਾਅ ਸ਼ੁਰੂ ਤੋਂ ਹੀ ਸੰਸਾਰ ਦੀ ਰਚਨਾ ਵਿੱਚ ਦੇਖੇ ਜਾ ਸਕਦੇ ਹਨ । ਇਹ ਉਹਨਾਂ ਦੀਆਂ ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ । ਲੋਕਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਉਹਨਾਂ ਨੂੰ ਉਹ ਆਦਰ ਨਾ ਦਿੱਤਾ, ਜੋ ਉਹਨਾਂ ਦਾ ਬਣਦਾ ਸੀ ਅਤੇ ਨਾ ਹੀ ਉਹਨਾਂ ਦਾ ਧੰਨਵਾਦ ਕੀਤਾ । ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਮੂਰਖ ਦਿਲ ਹਨੇਰੇ ਹੋ ਗਏ । ਉਹਨਾਂ ਨੇ ਆਪਣੇ ਆਪ ਨੂੰ ਸਮਝਦਾਰ ਸਮਝਿਆ ਪਰ ਉਹ ਮੂਰਖ ਸਿੱਧ ਹੋਏ । ਉਹਨਾਂ ਨੇ ਅਵਿਨਾਸ਼ੀ ਪਰਮੇਸ਼ਰ ਦੀ ਵਡਿਆਈ ਕਰਨ ਦੀ ਥਾਂ ਨਾਸ਼ਵਾਨ ਮਨੁੱਖ, ਪੰਛੀਆਂ, ਪਸ਼ੂਆਂ ਅਤੇ ਸੱਪਾਂ ਦੀਆਂ ਮੂਰਤੀਆਂ ਦੀ ਵਡਿਆਈ ਕੀਤੀ । ਇਸ ਕਾਰਨ ਪਰਮੇਸ਼ਰ ਨੇ ਉਹਨਾਂ ਨੂੰ ਉਹਨਾਂ ਦੇ ਦਿਲਾਂ ਦੀਆਂ ਕਾਮਵਾਸ਼ਨਾਵਾਂ ਵਿੱਚ ਛੱਡ ਦਿੱਤਾ ਜਿਸ ਦਾ ਨਤੀਜਾ ਇਹ ਹੋਇਆ ਕਿ ਉਹ ਆਪਸ ਵਿੱਚ ਸ਼ਰਮਨਾਕ ਕੰਮ ਕਰ ਕੇ ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ ਲੱਗੇ । ਇਹਨਾਂ ਲੋਕਾਂ ਨੇ ਪਰਮੇਸ਼ਰ ਦੀ ਸੱਚਾਈ ਨੂੰ ਝੂਠ ਵਿੱਚ ਬਦਲ ਦਿੱਤਾ । ਉਹਨਾਂ ਨੇ ਸ੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ, ਸ੍ਰਿਸ਼ਟੀ ਕਰਤਾ ਦੀ ਨਹੀਂ ਜੋ ਹਮੇਸ਼ਾ ਵਡਿਆਈ ਦੇ ਯੋਗ ਹਨ । ਆਮੀਨ । ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਨੀਚ ਵਾਸ਼ਨਾਵਾਂ ਵਿੱਚ ਛੱਡ ਦਿੱਤਾ ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗ਼ੈਰ-ਕੁਦਰਤੀ ਸੰਬੰਧ ਰੱਖਣ ਲੱਗੀਆਂ । ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ । ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ । ਉਹਨਾਂ ਲੋਕਾਂ ਨੇ ਪਰਮੇਸ਼ਰ ਬਾਰੇ ਗਿਆਨ ਨੂੰ ਮਾਨਤਾ ਦੇਣਾ ਠੀਕ ਨਾ ਸਮਝਿਆ । ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਨੂੰ ਉਹਨਾਂ ਦੀ ਮੰਦ ਬੁੱਧੀ ਦੇ ਸਹਾਰੇ ਛੱਡ ਦਿੱਤਾ ਕਿ ਉਹ ਅਜਿਹੇ ਕੰਮ ਕਰਨ ਜੋ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ । ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ, ਨਿੰਦਕ, ਪਰਮੇਸ਼ਰ ਦੇ ਵੈਰੀ, ਢੀਠ, ਘਮੰਡੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, ਬੁੱਧੀਹੀਣ, ਅਵਿਸ਼ਵਾਸੀ, ਬਿਨਾਂ ਪਿਆਰ ਦੇ, ਬਿਨਾਂ ਦਇਆ ਦੇ ਹੋ ਗਏ । ਉਹ ਪਰਮੇਸ਼ਰ ਦੇ ਫ਼ੈਸਲੇ ਨੂੰ ਜਾਣਦੇ ਹੋਏ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਦੀ ਸਜ਼ਾ ਮੌਤ ਹੈ, ਉਹ ਨਾ ਕੇਵਲ ਆਪ ਇਹੋ ਜਿਹੇ ਕੰਮ ਕਰਦੇ ਹਨ, ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ । ਹੇ ਮਿੱਤਰ, ਤੂੰ ਜੋ ਦੂਜਿਆਂ ਉੱਤੇ ਦੋਸ਼ ਲਾਉਂਦਾ ਹੈਂ, ਭਾਵੇਂ ਤੂੰ ਕੋਈ ਵੀ ਕਿਉਂ ਨਾ ਹੋਵੇਂ, ਇਸ ਲਈ ਹੁਣ ਤੇਰੇ ਕੋਲ ਕੋਈ ਬਹਾਨਾ ਨਹੀਂ । ਕਿਉਂਕਿ ਤੂੰ ਆਪ ਵੀ ਉਹ ਹੀ ਕਰਦਾ ਹੈਂ, ਜੋ ਕੁਝ ਉਹ ਕਰਦੇ ਹਨ ਅਤੇ ਇਸ ਤਰ੍ਹਾਂ ਤੂੰ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ । ਇਹ ਸੱਚ ਹੈ ਕਿ ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਸਜ਼ਾ ਦੇਣਾ ਠੀਕ ਹੀ ਹੈ । ਪਰ ਹੇ ਮਿੱਤਰ, ਕੀ ਤੂੰ ਜੋ ਇਹੋ ਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੋ ਕੰਮ ਕਰਦਾ ਹੈਂ, ਕੀ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ? ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਨੂੰ ਤੁੱਛ ਸਮਝਦਾ ਹੈਂ? ਕੀ ਤੂੰ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਦਾ ਉਦੇਸ਼ ਇਹ ਹੈ ਕਿ ਤੂੰ ਤੋਬਾ ਕਰੇਂ? ਪਰ ਤੂੰ ਆਪਣੇ ਕਠੋਰ ਅਤੇ ਜ਼ਿੱਦੀ ਦਿਲ ਦੇ ਦੁਆਰਾ ਆਪਣੇ ਲਈ ਅੰਤਮ ਸਜ਼ਾ ਵਾਲੇ ਦਿਨ ਦੇ ਲਈ ਸਜ਼ਾ ਇਕੱਠੀ ਕਰ ਰਿਹਾ ਹੈਂ, ਜਿਸ ਦਿਨ ਪਰਮੇਸ਼ਰ ਦਾ ਸੱਚਾ ਨਿਆਂ ਪ੍ਰਗਟ ਹੋਵੇਗਾ । ਉਹ ਹਰ ਇੱਕ ਮਨੁੱਖ ਨੂੰ ਉਸ ਦੇ ਕੀਤੇ ਅਨੁਸਾਰ ਫਲ ਦੇਣਗੇ । ਜਿਹੜੇ ਲੋਕ ਧੀਰਜ ਨਾਲ ਭਲੇ ਕੰਮ ਕਰਦੇ ਹੋਏ ਵਡਿਆਈ, ਆਦਰ ਅਤੇ ਸਦੀਵਤਾ ਦੀ ਖੋਜ ਵਿੱਚ ਹਨ, ਉਹਨਾਂ ਨੂੰ ਉਹ ਅਨੰਤ ਜੀਵਨ ਪ੍ਰਦਾਨ ਕਰਨਗੇ । ਪਰ ਜਿਹੜੇ ਆਪਣਾ ਮਤਲਬ ਕੱਢਦੇ ਅਤੇ ਸੱਚ ਨੂੰ ਨਾ ਮੰਨਦੇ ਹੋਏ ਬੁਰਾਈ ਦੇ ਪਿੱਛੇ ਚੱਲਦੇ ਹਨ, ਉਹਨਾਂ ਉੱਤੇ ਪਰਮੇਸ਼ਰ ਦੀ ਸਜ਼ਾ ਅਤੇ ਗੁੱਸਾ ਪ੍ਰਗਟ ਹੋਵੇਗਾ । ਉਹਨਾਂ ਸਾਰਿਆਂ ਉੱਤੇ ਜਿਹੜੇ ਬੁਰਾਈ ਕਰਦੇ ਹਨ, ਦੁੱਖ ਅਤੇ ਸੰਕਟ ਆਉਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਉੱਤੇ । ਪਰ ਉਹ ਸਾਰੇ ਜਿਹੜੇ ਭਲੇ ਕੰਮ ਕਰਦੇ ਹਨ, ਪਰਮੇਸ਼ਰ ਉਹਨਾਂ ਨੂੰ ਵਡਿਆਈ, ਆਦਰ ਅਤੇ ਸ਼ਾਂਤੀ ਦੇਣਗੇ, ਪਹਿਲਾਂ ਯਹੂਦੀ ਅਤੇ ਫਿਰ ਪਰਾਈਆਂ ਕੌਮਾਂ ਨੂੰ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ । ਜਿਹਨਾਂ ਨੇ ਵਿਵਸਥਾ ਤੋਂ ਬਾਹਰ ਪਾਪ ਕੀਤਾ ਹੈ, ਉਹ ਵਿਵਸਥਾ ਤੋਂ ਬਾਹਰ ਹੀ ਨਾਸ਼ ਹੋਣਗੇ ਅਤੇ ਜਿਹਨਾਂ ਨੇ ਵਿਵਸਥਾ ਦੇ ਵਿੱਚ ਰਹਿ ਕੇ ਪਾਪ ਕੀਤਾ ਹੈ, ਉਹਨਾਂ ਨੂੰ ਵਿਵਸਥਾ ਦੇ ਅਨੁਸਾਰ ਸਜ਼ਾ ਮਿਲੇਗੀ । ਕਿਉਂਕਿ ਵਿਵਸਥਾ ਦੇ ਸੁਣਨ ਵਾਲੇ ਨਹੀਂ, ਸਗੋਂ ਉਸ ਉੱਤੇ ਚੱਲਣ ਵਾਲੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਣਗੇ । ਜਦੋਂ ਪਰਾਈਆਂ ਕੌਮਾਂ ਵਿਵਸਥਾ ਦੇ ਨਾ ਹੁੰਦੇ ਹੋਏ ਵੀ ਕੁਦਰਤੀ ਤੌਰ ਤੇ ਉਹ ਹੀ ਕਰਦੀਆਂ ਹਨ, ਜੋ ਵਿਵਸਥਾ ਚਾਹੁੰਦੀ ਹੈ ਤਾਂ ਉਹ ਹੀ ਉਹਨਾਂ ਦੇ ਲਈ ਵਿਵਸਥਾ ਬਣ ਜਾਂਦੀ ਹੈ । ਇਸ ਤਰ੍ਹਾਂ ਉਹ ਆਪਣੇ ਆਚਰਣ ਰਾਹੀਂ ਪ੍ਰਗਟ ਕਰਦੇ ਹਨ ਕਿ ਜੋ ਕੁਝ ਵਿਵਸਥਾ ਚਾਹੁੰਦੀ ਹੈ, ਉਹ ਉਹਨਾਂ ਦੇ ਮਨਾਂ ਉੱਤੇ ਲਿਖੀ ਹੋਈ ਹੈ । ਉਹਨਾਂ ਦਾ ਅੰਤਹਕਰਨ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿਉਂਕਿ ਉਹਨਾਂ ਦੇ ਵਿਚਾਰ ਕਦੀ ਉਹਨਾਂ ਨੂੰ ਦੋਸ਼ੀ ਠਹਿਰਾਉਂਦੇ ਹਨ ਅਤੇ ਕਦੀ ਨਿਰਦੋਸ਼ । ਇਹ ਸਭ ਇਸ ਸ਼ੁਭ ਸਮਾਚਾਰ ਦੇ ਅਨੁਸਾਰ ਜਿਸ ਦਾ ਮੈਂ ਪ੍ਰਚਾਰ ਕਰ ਰਿਹਾ ਹਾਂ, ਉਸ ਦਿਨ ਹੋਵੇਗਾ ਜਦੋਂ ਪਰਮੇਸ਼ਰ, ਯਿਸੂ ਮਸੀਹ ਦੇ ਦੁਆਰਾ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰਨਗੇ । ਹੁਣ ਤੂੰ ਜੋ ਆਪਣੇ ਆਪ ਨੂੰ ਯਹੂਦੀ ਕਹਿੰਦਾ ਹੈਂ, ਵਿਵਸਥਾ ਉੱਤੇ ਭਰੋਸਾ ਰੱਖਦਾ ਅਤੇ ਪਰਮੇਸ਼ਰ ਉੱਤੇ ਘਮੰਡ ਕਰਦਾ ਹੈਂ । ਤੂੰ ਪਰਮੇਸ਼ਰ ਦੀ ਇੱਛਾ ਨੂੰ ਜਾਣਦਾ ਹੈਂ ਅਤੇ ਸੱਚ ਦੀ ਪਛਾਣ ਕਰ ਸਕਦਾ ਹੈਂ ਕਿਉਂਕਿ ਤੂੰ ਵਿਵਸਥਾ ਦੀ ਸਿੱਖਿਆ ਲਈ ਹੈ । ਤੂੰ ਅੰਨ੍ਹਿਆਂ ਨੂੰ ਰਾਹ ਪਾਉਣ ਵਾਲਾ, ਹਨੇਰੇ ਵਿੱਚ ਰਹਿਣ ਵਾਲਿਆਂ ਲਈ ਚਾਨਣ, ਮੂਰਖਾਂ ਦਾ ਸਿੱਖਿਅਕ ਅਤੇ ਅਗਿਆਨੀਆਂ ਦਾ ਗੁਰੂ ਹੈਂ । ਤੂੰ ਸਮਝਦਾ ਹੈਂ ਕਿ ਵਿਵਸਥਾ ਵਿੱਚ ਤੈਨੂੰ ਗਿਆਨ ਅਤੇ ਸੱਚ ਦਾ ਪ੍ਰਤੱਖ ਰੂਪ ਪ੍ਰਾਪਤ ਹੋਇਆ ਹੈ । ਫਿਰ ਤੂੰ ਜਿਹੜਾ ਦੂਜਿਆਂ ਨੂੰ ਸਿੱਖਿਆ ਦਿੰਦਾ ਹੈਂ, ਕੀ ਤੂੰ ਆਪਣੇ ਆਪ ਨੂੰ ਸਿੱਖਿਆ ਨਹੀਂ ਦਿੰਦਾ? ਤੂੰ ਪ੍ਰਚਾਰ ਕਰਦਾ ਹੈਂ, “ਚੋਰੀ ਨਾ ਕਰੋ” ਪਰ ਕੀ ਤੂੰ ਆਪ ਹੀ ਚੋਰੀ ਨਹੀਂ ਕਰਦਾ? ਤੂੰ ਕਹਿੰਦਾ ਹੈਂ, “ਵਿਭਚਾਰ ਨਾ ਕਰੋ” ਪਰ ਕੀ ਤੂੰ ਆਪ ਵਿਭਚਾਰ ਨਹੀਂ ਕਰਦਾ? ਤੂੰ ਮੂਰਤੀਆਂ ਨੂੰ ਘਿਰਨਾ ਕਰਦਾ ਹੈਂ ਪਰ ਕੀ ਤੂੰ ਆਪ ਹੀ ਮੰਦਰਾਂ ਨੂੰ ਨਹੀਂ ਲੁੱਟਦਾ? ਤੂੰ ਵਿਵਸਥਾ ਉੱਤੇ ਘਮੰਡ ਕਰਦਾ ਹੈਂ ਪਰ ਕੀ ਤੂੰ ਆਪ ਉਸ ਦੀ ਉਲੰਘਣਾ ਕਰ ਕੇ ਪਰਮੇਸ਼ਰ ਦਾ ਅਪਮਾਨ ਨਹੀਂ ਕਰਦਾ? ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ ।” ਸੁੰਨਤ ਦਾ ਲਾਭ ਤਾਂ ਹੈ, ਜੇਕਰ ਤੂੰ ਵਿਵਸਥਾ ਉੱਤੇ ਚੱਲੇਂ । ਪਰ ਜੇਕਰ ਤੂੰ ਵਿਵਸਥਾ ਦੀ ਉਲੰਘਣਾ ਕਰੇਂ ਤਾਂ ਤੇਰੀ ਸੁੰਨਤ ਨਾ ਹੋਣ ਦੇ ਬਰਾਬਰ ਹੈ । ਇਸੇ ਤਰ੍ਹਾਂ ਜੇਕਰ ਕੋਈ ਅਸੁੰਨਤੀ ਆਦਮੀ ਵਿਵਸਥਾ ਦੇ ਹੁਕਮਾਂ ਦੀ ਪਾਲਣਾ ਕਰੇ ਤਾਂ ਕੀ ਉਸ ਦਾ ਅਸੁੰਨਤੀ ਹੋਣਾ, ਸੁੰਨਤ ਹੋਣ ਦੇ ਬਰਾਬਰ ਨਹੀਂ ਗਿਣਿਆ ਜਾਵੇਗਾ? ਉਹ ਜੋ ਸਰੀਰਕ ਤੌਰ ਤੇ ਅਸੁੰਨਤੀ ਹੋ ਕੇ ਵੀ ਵਿਵਸਥਾ ਦੀ ਪੂਰੀ ਪੂਰੀ ਪਾਲਣਾ ਕਰਦਾ ਹੈ, ਤੁਹਾਨੂੰ ਜਿਹੜੇ ਵਿਵਸਥਾ ਅਤੇ ਸੁੰਨਤੀ ਹੋ ਕੇ ਵੀ ਵਿਵਸਥਾ ਦੀ ਉਲੰਘਣਾ ਕਰਦੇ ਹੋ, ਦੋਸ਼ੀ ਠਹਿਰਾਏਗਾ । ਕਿਉਂਕਿ ਯਹੂਦੀ ਉਹ ਨਹੀਂ ਹੈ ਜੋ ਬਾਹਰੀ ਤੌਰ ਤੇ ਯਹੂਦੀ ਹੈ ਅਤੇ ਸੁੰਨਤ ਉਹ ਨਹੀਂ ਹੈ ਜੋ ਕੇਵਲ ਬਾਹਰੀ ਅਤੇ ਸਰੀਰਕ ਹੈ । ਇਸ ਦੇ ਉਲਟ ਅਸਲੀ ਯਹੂਦੀ ਉਹ ਹੈ ਜਿਸ ਦਾ ਅੰਤਹਕਰਨ ਯਹੂਦੀ ਹੈ ਅਤੇ ਅਸਲੀ ਸੁੰਨਤ ਉਹ ਹੈ ਜੋ ਦਿਲ ਤੋਂ ਹੈ । ਇਹ ਵਿਵਸਥਾ ਉੱਤੇ ਨਿਰਭਰ ਨਹੀਂ ਸਗੋਂ ਪਰਮੇਸ਼ਰ ਦੇ ਆਤਮਾ ਉੱਤੇ ਹੈ । ਇਹੋ ਜਿਹੇ ਆਦਮੀ ਦੀ ਵਡਿਆਈ ਮਨੁੱਖ ਨਹੀਂ ਸਗੋਂ ਪਰਮੇਸ਼ਰ ਕਰਦੇ ਹਨ । ਫਿਰ ਯਹੂਦੀਆਂ ਅਤੇ ਪਰਾਈਆਂ ਕੌਮਾਂ ਦੇ ਵਿੱਚ ਕੀ ਫ਼ਰਕ ਹੋਇਆ? ਜਾਂ ਸੁੰਨਤ ਦਾ ਕੀ ਲਾਭ ਹੋਇਆ? ਉੱਤਰ ਹੈ, ਬਹੁਤ! ਸਭ ਤੋਂ ਪਹਿਲੀ ਗੱਲ ਇਹ ਹੈ ਕਿ ਯਹੂਦੀਆਂ ਨੂੰ ਪਰਮੇਸ਼ਰ ਨੇ ਆਪਣਾ ਵਚਨ ਸੌਂਪਿਆ । ਕੀ ਹੋਇਆ ਜੇਕਰ ਉਹਨਾਂ ਵਿੱਚੋਂ ਕੁਝ ਵਿਸ਼ਵਾਸਹੀਨ ਨਿਕਲੇ? ਪਰ ਕੀ ਉਹਨਾਂ ਦੀ ਵਿਸ਼ਵਾਸਹੀਨਤਾ ਪਰਮੇਸ਼ਰ ਦੀ ਵਿਸ਼ਵਾਸਯੋਗਤਾ ਨੂੰ ਰੱਦ ਕਰ ਸਕਦੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ! ਭਾਵੇਂ ਸਾਰੇ ਮਨੁੱਖ ਝੂਠੇ ਹੋ ਜਾਣ ਪਰ ਪਰਮੇਸ਼ਰ ਹਮੇਸ਼ਾ ਸੱਚੇ ਹੀ ਰਹਿਣਗੇ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਜਦੋਂ ਤੂੰ ਬੋਲੇਂ ਤਾਂ ਸੱਚਾ ਸਿੱਧ ਹੋਵੇ; ਜਦੋਂ ਤੇਰਾ ਨਿਆਂ ਹੋਵੇ ਤਾਂ ਤੇਰੀ ਜਿੱਤ ਹੋਵੇ ।” ਪਰ ਜੇਕਰ ਸਾਡੀ ਬੁਰਾਈ ਪਰਮੇਸ਼ਰ ਦੀ ਭਲਾਈ ਨੂੰ ਪ੍ਰਗਟ ਕਰਦੀ ਹੈ ਤਾਂ ਅਸੀਂ ਕੀ ਕਹੀਏ? ਇਹ, ਕਿ ਜਦੋਂ ਪਰਮੇਸ਼ਰ ਸਾਨੂੰ ਸਜ਼ਾ ਦਿੰਦੇ ਹਨ ਤਦ ਕੀ ਉਹ ਅਨਿਆਂ ਕਰਦੇ ਹਨ? (ਮੈਂ ਇੱਥੇ ਮਨੁੱਖੀ ਬੋਲੀ ਵਿੱਚ ਬੋਲ ਰਿਹਾ ਹਾਂ ।) ਨਹੀਂ, ਇਹ ਸੱਚ ਨਹੀਂ! ਜੇਕਰ ਪਰਮੇਸ਼ਰ ਇਸ ਤਰ੍ਹਾਂ ਅਨਿਆਈ ਹੋਣ ਤਾਂ ਫਿਰ ਉਹ ਸੰਸਾਰ ਦਾ ਨਿਆਂ ਕਿਸ ਤਰ੍ਹਾਂ ਕਰਨਗੇ? ਫਿਰ ਜੇਕਰ ਮੇਰੇ ਝੂਠ ਦੁਆਰਾ ਪਰਮੇਸ਼ਰ ਦਾ ਸੱਚ ਪ੍ਰਗਟ ਹੁੰਦਾ ਹੈ ਅਤੇ ਉਹਨਾਂ ਦਾ ਆਦਰ ਵੱਧਦਾ ਹੈ ਤਾਂ ਮੈਨੂੰ ਪਾਪੀ ਸਮਝ ਕੇ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ? ਫਿਰ ਅਸੀਂ ਬੁਰਾਈ ਕਿਉਂ ਨਾ ਕਰੀਏ ਕਿ ਭਲਾਈ ਪੈਦਾ ਹੋਵੇ? ਕੁਝ ਲੋਕ ਸਾਡੀ ਨਿੰਦਾ ਕਰਦੇ ਹੋਏ ਇਹ ਹੀ ਦੋਸ਼ ਸਾਡੇ ਉੱਤੇ ਲਾਉਂਦੇ ਹਨ । ਇਹੋ ਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ । ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਯਹੂਦੀ ਪਰਾਈਆਂ ਕੌਮਾਂ ਨਾਲੋਂ ਚੰਗੇ ਹਾਂ? ਨਹੀਂ, ਬਿਲਕੁਲ ਨਹੀਂ! ਮੈਂ ਪਹਿਲਾਂ ਹੀ ਸਾਰਿਆਂ ਉੱਤੇ ਭਾਵ ਯਹੂਦੀਆਂ ਅਤੇ ਪਰਾਈਆਂ ਕੌਮਾਂ ਉੱਤੇ ਦੋਸ਼ ਲਾ ਚੁੱਕਾ ਹਾਂ ਕਿ ਸਭ ਦੇ ਸਭ ਪਾਪ ਦੇ ਬੰਧਨ ਵਿੱਚ ਜਕੜੇ ਹੋਏ ਹਨ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵੀ ਕਹਿੰਦਾ ਹੈ: “ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ । ਕੋਈ ਵੀ ਸਮਝਦਾਰ ਨਹੀਂ, ਕੋਈ ਵੀ ਪਰਮੇਸ਼ਰ ਦਾ ਖੋਜੀ ਨਹੀਂ । ਸਾਰਿਆਂ ਨੇ ਪਰਮੇਸ਼ਰ ਵਲੋਂ ਮੂੰਹ ਮੋੜ ਲਿਆ ਹੈ, ਉਹ ਨਿਕੰਮੇ ਹੋ ਗਏ ਹਨ, ਕੋਈ ਵੀ ਭਲਾਈ ਨਹੀਂ ਕਰਦਾ, ਇੱਕ ਵੀ ਨਹੀਂ । ਉਹਨਾਂ ਦਾ ਗਲ੍ਹ ਖੁੱਲ੍ਹੀ ਕਬਰ ਹੈ, ਉਹਨਾਂ ਦੀਆਂ ਜੀਭਾਂ ਵਿੱਚ ਕਪਟ ਹੈ, ਅਤੇ ਉਹਨਾਂ ਦੇ ਬੁੱਲ੍ਹਾਂ ਉੱਤੇ ਸੱਪ ਦਾ ਜ਼ਹਿਰ ਹੈ । ਉਹਨਾਂ ਦੇ ਮੂੰਹ ਸਰਾਪ ਅਤੇ ਕੁੜ੍ਹੱਤਣ ਨਾਲ ਭਰੇ ਹਨ । ਉਹਨਾਂ ਦੇ ਪੈਰ ਖ਼ੂਨ ਖ਼ਰਾਬੇ ਲਈ ਤੇਜ਼ ਦੌੜਦੇ ਹਨ; ਉਹਨਾਂ ਦੇ ਰਾਹਾਂ ਵਿੱਚ ਤਬਾਹੀ ਅਤੇ ਕਸ਼ਟ ਹਨ, ਉਹ ਸ਼ਾਂਤੀ ਦੇ ਰਾਹ ਤੋਂ ਅਣਜਾਣ ਹਨ, ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਰ ਦਾ ਡਰ ਨਹੀਂ ਹੈ ।” ਅਸੀਂ ਜਾਣਦੇ ਹਾਂ ਕਿ ਵਿਵਸਥਾ ਜੋ ਕੁਝ ਕਹਿੰਦੀ ਹੈ, ਉਹ ਉਹਨਾਂ ਨੂੰ ਹੀ ਕਹਿੰਦੀ ਹੈ, ਜਿਹੜੇ ਵਿਵਸਥਾ ਦੇ ਅਧੀਨ ਹਨ ਜਿਸ ਨਾਲ ਹਰ ਇੱਕ ਮਨੁੱਖ ਦਾ ਮੂੰਹ ਬੰਦ ਹੋ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਸਾਹਮਣੇ ਜਵਾਬਦੇਹ ਹੋਵੇ । ਕਿਉਂਕਿ ਵਿਵਸਥਾ ਦੇ ਅਨੁਸਾਰ ਕੀਤੇ ਕੰਮਾਂ ਨਾਲ ਕੋਈ ਵੀ ਮਨੁੱਖ ਪਰਮੇਸ਼ਰ ਦੇ ਸਾਹਮਣੇ ਨੇਕ ਨਹੀਂ ਠਹਿਰਾਇਆ ਜਾਵੇਗਾ । ਵਿਵਸਥਾ ਦੁਆਰਾ ਤਾਂ ਪਾਪ ਦਾ ਗਿਆਨ ਹੀ ਹੁੰਦਾ ਹੈ । ਪਰ ਹੁਣ ਪਰਮੇਸ਼ਰ ਦਾ ਪਾਪੀ ਮਨੁੱਖ ਨੂੰ ਆਪਣੇ ਨਾਲ ਨੇਕ ਠਹਿਰਾਉਣ ਦਾ ਰਾਹ ਵਿਵਸਥਾ ਤੋਂ ਬਿਨਾਂ ਪ੍ਰਗਟ ਹੋਇਆ ਹੈ । ਵਿਵਸਥਾ ਅਤੇ ਨਬੀ ਉਸੇ ਦੀ ਗਵਾਹੀ ਦਿੰਦੇ ਹਨ । ਪਰਮੇਸ਼ਰ ਮਨੁੱਖ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਨੇਕ ਠਹਿਰਾਉਂਦੇ ਹਨ । ਇਹ ਉਹਨਾਂ ਸਭ ਲਈ ਜਿਹੜੇ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ, ਬਿਨਾਂ ਕਿਸੇ ਪੱਖਪਾਤ ਤੋਂ ਕਰਦੇ ਹਨ । ਕਿਉਂਕਿ ਸਭ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਹਨ । ਪਰ ਉਹ ਸਾਰੇ ਪਰਮੇਸ਼ਰ ਦੇ ਮੁਫ਼ਤ ਕਿਰਪਾ ਦੇ ਵਰਦਾਨ ਰਾਹੀਂ ਯਿਸੂ ਮਸੀਹ ਦੇ ਦੁਆਰਾ ਨੇਕ ਠਹਿਰਾਏ ਗਏ ਹਨ । ਪਰਮੇਸ਼ਰ ਨੇ ਯਿਸੂ ਮਸੀਹ ਨੂੰ ਪਾਪਾਂ ਦੇ ਛੁਟਕਾਰੇ ਦਾ ਸਾਧਨ, ਉਹਨਾਂ ਦੀ ਮੌਤ ਦੇ ਦੁਆਰਾ ਬਣਾਇਆ ਜੋ ਉਹਨਾਂ ਵਿੱਚ ਵਿਸ਼ਵਾਸ ਕਰਨ ਦੁਆਰਾ ਮਿਲਦਾ ਹੈ । ਇਸ ਤਰ੍ਹਾਂ ਪਰਮੇਸ਼ਰ ਨੇ ਪਾਪੀ ਮਨੁੱਖ ਨੂੰ ਆਪਣੇ ਨਾਲ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਕੀਤਾ ਕਿਉਂਕਿ ਉਹਨਾਂ ਨੇ ਆਪਣੀ ਸਹਿਣਸ਼ੀਲਤਾ ਦੇ ਕਾਰਨ ਭੂਤਕਾਲ ਵਿੱਚ ਕੀਤੇ ਹੋਏ ਪਾਪਾਂ ਨੂੰ ਅਣਦੇਖੇ ਕਰ ਦਿੱਤਾ । ਇਸ ਤਰ੍ਹਾਂ ਵਰਤਮਾਨ ਕਾਲ ਵਿੱਚ ਪਰਮੇਸ਼ਰ ਨੇ ਮਨੁੱਖ ਨੂੰ ਨੇਕ ਠਹਿਰਾ ਕੇ ਸਿੱਧ ਕੀਤਾ ਅਤੇ ਇਹ ਦਿਖਾ ਦਿੱਤਾ ਕਿ ਉਹ ਆਪ ਪਵਿੱਤਰ ਹਨ ਅਤੇ ਉਹ ਯਿਸੂ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਆਪਣੇ ਸਾਹਮਣੇ ਨੇਕ ਠਹਿਰਾਉਂਦੇ ਹਨ । ਫਿਰ ਅਸੀਂ ਕਿਸ ਉੱਤੇ ਘਮੰਡ ਕਰ ਸਕਦੇ ਹਾਂ? ਕਿਸੇ ਉੱਤੇ ਵੀ ਨਹੀਂ! ਕਿਉਂਕਿ ਵਿਵਸਥਾ ਦੇ ਅਨੁਸਾਰ ਕੰਮ ਕਰਨ ਦੇ ਕਾਰਨ ਨਹੀਂ, ਸਗੋਂ ਵਿਸ਼ਵਾਸ ਕਰਨ ਦੇ ਕਾਰਨ । ਕਿਉਂਕਿ ਅਸੀਂ ਮੰਨਦੇ ਹਾਂ ਕਿ ਮਨੁੱਖ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਵਿਸ਼ਵਾਸ ਦੁਆਰਾ ਨੇਕ ਠਹਿਰਾਇਆ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ, ਕੀ ਪਰਮੇਸ਼ਰ ਕੇਵਲ ਯਹੂਦੀਆਂ ਦੇ ਹੀ ਹਨ? ਕੀ ਉਹ ਪਰਾਈਆਂ ਕੌਮਾਂ ਦੇ ਨਹੀਂ ਹਨ? ਉਹ ਪਰਾਈਆਂ ਕੌਮਾਂ ਦੇ ਵੀ ਹਨ । ਕਿਉਂਕਿ ਪਰਮੇਸ਼ਰ ਇੱਕੋ ਹਨ । ਇਸ ਲਈ ਉਹ ਯਹੂਦੀਆਂ ਨੂੰ ਉਹਨਾਂ ਦੇ ਵਿਸ਼ਵਾਸ ਦੇ ਆਧਾਰ ਉੱਤੇ ਨੇਕ ਠਹਿਰਾਉਣਗੇ ਅਤੇ ਪਰਾਈਆਂ ਕੌਮਾਂ ਨੂੰ ਵੀ ਉਹਨਾਂ ਦੇ ਵਿਸ਼ਵਾਸ ਦੇ ਕਾਰਨ । ਫਿਰ ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਇਸ ਵਿਸ਼ਵਾਸ ਦੁਆਰਾ ਵਿਵਸਥਾ ਨੂੰ ਰੱਦ ਕਰਦੇ ਹਾਂ? ਨਹੀਂ, ਬਿਲਕੁਲ ਨਹੀਂ ਸਗੋਂ ਅਸੀਂ ਵਿਵਸਥਾ ਨੂੰ ਕਾਇਮ ਰੱਖਦੇ ਹਾਂ । ਫਿਰ ਅਸੀਂ ਅਬਰਾਹਾਮ ਦੇ ਬਾਰੇ ਕੀ ਕਹੀਏ ਜੋ ਸਰੀਰ ਵੱਲੋਂ ਸਾਡਾ ਪੁਰਖਾ ਹੈ, ਉਸ ਨੂੰ ਕੀ ਮਿਲਿਆ ਹੈ? ਜੇਕਰ ਉਹ ਕੰਮਾਂ ਦੁਆਰਾ ਨੇਕ ਠਹਿਰਾਇਆ ਗਿਆ ਹੁੰਦਾ ਤਾਂ ਉਸ ਕੋਲ ਘਮੰਡ ਕਰਨ ਲਈ ਕੁਝ ਹੁੰਦਾ । ਪਰ ਉਹ ਪਰਮੇਸ਼ਰ ਦੇ ਸਾਹਮਣੇ ਘਮੰਡ ਨਹੀਂ ਕਰ ਸਕਦਾ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਨੇਕ ਠਹਿਰਾਇਆ ।” ਕੰਮ ਕਰਨ ਵਾਲੇ ਦੀ ਮਜ਼ਦੂਰੀ ਉਸ ਲਈ ਤੋਹਫ਼ਾ ਨਹੀਂ ਮੰਨੀ ਜਾਂਦੀ ਸਗੋਂ ਉਸ ਦਾ ਹੱਕ ਮੰਨੀ ਜਾਂਦੀ ਹੈ । ਪਰ ਦੂਜੇ ਪਾਸੇ ਜੋ ਕੰਮ ਨਹੀਂ ਕਰਦਾ ਸਗੋਂ ਦੁਸ਼ਟਾਂ ਨੂੰ ਨੇਕ ਠਹਿਰਾਉਣ ਵਾਲੇ ਪਰਮੇਸ਼ਰ ਵਿੱਚ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਹੀ ਨੇਕੀ ਗਿਣਿਆ ਜਾਂਦਾ ਹੈ । ਜਿਸ ਤਰ੍ਹਾਂ ਦਾਊਦ ਨੇ ਵੀ ਉਸ ਮਨੁੱਖ ਨੂੰ ਧੰਨ ਕਿਹਾ ਜਿਸ ਨੂੰ ਪਰਮੇਸ਼ਰ ਨੇ ਉਸ ਦੇ ਕੰਮਾਂ ਤੋਂ ਬਿਨਾਂ ਹੀ ਨੇਕ ਠਹਿਰਾਇਆ: “ਧੰਨ ਹਨ ਉਹ, ਜਿਹਨਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਹਨਾਂ ਦੇ ਪਾਪ ਢੱਕ ਦਿੱਤੇ ਗਏ । ਧੰਨ ਹੈ ਉਹ ਮਨੁੱਖ, ਜਿਸ ਦੇ ਪਾਪ ਦਾ ਲੇਖਾ ਪ੍ਰਭੂ ਨਹੀਂ ਲੈਣਗੇ ।” ਕੀ ਇਹ ਧੰਨ ਹੋਣਾ ਕੇਵਲ ਸੁੰਨਤੀਆਂ ਨੂੰ ਹੀ ਕਿਹਾ ਗਿਆ ਹੈ ਜਾਂ ਅਸੁੰਨਤੀਆਂ ਨੂੰ ਵੀ? ਅਸੀਂ ਪਹਿਲਾਂ ਕਿਹਾ ਹੈ: “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਸ ਕਾਰਨ ਉਸ ਨੂੰ ਪਰਮੇਸ਼ਰ ਨੇ ਨੇਕ ਠਹਿਰਾਇਆ ।” ਫਿਰ ਉਹ ਕਿਸ ਹਾਲਤ ਵਿੱਚ ਨੇਕ ਠਹਿਰਾਇਆ ਗਿਆ? ਸੁੰਨਤ ਦੀ ਹਾਲਤ ਵਿੱਚ ਜਾਂ ਸੁੰਨਤ ਹੋਣ ਤੋਂ ਪਹਿਲੀ ਹਾਲਤ ਵਿੱਚ? ਨਹੀਂ, ਸੁੰਨਤ ਦੀ ਹਾਲਤ ਵਿੱਚ ਨਹੀਂ, ਸਗੋਂ ਸੁੰਨਤ ਤੋਂ ਪਹਿਲੀ ਹਾਲਤ ਵਿੱਚ । ਸੁੰਨਤ ਦੀ ਰੀਤ ਤਾਂ ਉਸ ਨੂੰ ਚਿੰਨ੍ਹ ਦੇ ਤੌਰ ਤੇ ਬਾਅਦ ਵਿੱਚ ਮਿਲੀ ਜੋ ਉਸ ਦੇ ਵਿਸ਼ਵਾਸ ਦੁਆਰਾ ਸੁੰਨਤ ਤੋਂ ਬਿਨਾਂ ਨੇਕ ਠਹਿਰਾਏ ਜਾਣ ਉੱਤੇ ਮੋਹਰ ਸੀ । ਇਹ ਇਸ ਲਈ ਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪੁਰਖਾ ਠਹਿਰ ਸਕੇ, ਜਿਹੜੇ ਸੁੰਨਤ ਤੋਂ ਬਿਨਾਂ ਵੀ ਵਿਸ਼ਵਾਸ ਰੱਖਦੇ ਹਨ ਅਤੇ ਨੇਕ ਠਹਿਰਾਏ ਜਾਂਦੇ ਹਨ । ਉਹ ਉਹਨਾਂ ਦਾ ਵੀ ਪੁਰਖਾ ਠਹਿਰਿਆ ਜਿਹਨਾਂ ਦੀ ਸੁੰਨਤ ਹੋਈ, ਪਰ ਕੇਵਲ ਇਸ ਲਈ ਹੀ ਨਹੀਂ ਕਿ ਉਹਨਾਂ ਦੀ ਸੁੰਨਤ ਹੋਈ ਹੈ ਸਗੋਂ ਇਸ ਲਈ ਕਿ ਉਹ ਉਸੇ ਵਿਸ਼ਵਾਸ ਉੱਤੇ ਚੱਲਦੇ ਹਨ ਜਿਸ ਉੱਤੇ ਸਾਡਾ ਪੁਰਖਾ ਅਬਰਾਹਾਮ ਸੁੰਨਤ ਹੋਣ ਤੋਂ ਪਹਿਲਾਂ ਚੱਲਦਾ ਸੀ । ਅਬਰਾਹਾਮ ਅਤੇ ਉਸ ਦੇ ਵੰਸ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਉਹ ਸੰਸਾਰ ਦੇ ਵਾਰਿਸ ਹੋਣਗੇ । ਇਹ ਵਾਅਦਾ ਅਬਰਾਹਾਮ ਦੇ ਵਿਵਸਥਾ ਦੇ ਮੰਨਣ ਕਾਰਨ ਨਹੀਂ ਸਗੋਂ ਵਿਸ਼ਵਾਸ ਦੁਆਰਾ ਨੇਕ ਠਹਿਰਾਏ ਜਾਣ ਦੇ ਕਾਰਨ ਦਿੱਤੀ ਗਈ ਸੀ । ਜੇਕਰ ਵਿਵਸਥਾ ਨੂੰ ਮੰਨਣ ਵਾਲੇ ਹੀ ਵਾਰਿਸ ਠਹਿਰਦੇ ਹਨ, ਤਾਂ ਵਿਸ਼ਵਾਸ ਵਿਅਰਥ ਅਤੇ ਵਾਅਦਾ ਬਿਨਾਂ ਅਸਰ ਦੇ ਹੈ । ਵਿਵਸਥਾ ਦੁਆਰਾ ਪਰਮੇਸ਼ਰ ਦਾ ਕ੍ਰੋਧ ਪ੍ਰਗਟ ਹੁੰਦਾ ਹੈ ਪਰ ਜਿੱਥੇ ਵਿਵਸਥਾ ਨਹੀਂ ਉੱਥੇ ਇਸ ਦੀ ਉਲੰਘਣਾ ਵੀ ਨਹੀਂ ਹੈ । ਪਰਮੇਸ਼ਰ ਦੇ ਵਾਅਦੇ ਦਾ ਆਧਾਰ ਵਿਸ਼ਵਾਸ ਸੀ । ਇਹ ਇਸ ਲਈ ਸੀ ਕਿ ਵਾਅਦਾ ਪਰਮੇਸ਼ਰ ਦੇ ਮੁਫ਼ਤ ਵਰਦਾਨ ਦੇ ਤੌਰ ਤੇ ਅਬਰਾਹਾਮ ਦੇ ਸਾਰੇ ਵੰਸ ਦੇ ਲਈ ਨਿਸ਼ਚਿਤ ਹੈ । ਇਹ ਕੇਵਲ ਉਹਨਾਂ ਦੇ ਲਈ ਹੀ ਨਹੀਂ ਜਿਹੜੇ ਵਿਵਸਥਾ ਨੂੰ ਮੰਨਦੇ ਹਨ ਸਗੋਂ ਉਹਨਾਂ ਦੇ ਲਈ ਵੀ ਜਿਹੜੇ ਅਬਰਾਹਾਮ ਵਰਗਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭ ਦਾ ਆਤਮਿਕ ਪਿਤਾ ਹੈ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ” ਇਸ ਲਈ ਇਹ ਵਾਅਦਾ ਪਰਮੇਸ਼ਰ ਦੇ ਸਾਹਮਣੇ ਭਲਾ ਠਹਿਰਿਆ ਜਿਹਨਾਂ ਉੱਤੇ ਅਬਰਾਹਾਮ ਨੇ ਵਿਸ਼ਵਾਸ ਕੀਤਾ, ਉਹ ਪਰਮੇਸ਼ਰ ਜੋ ਮੁਰਦਿਆਂ ਨੂੰ ਜੀਵਨ ਦਿੰਦੇ ਹਨ ਅਤੇ ਉਹਨਾਂ ਚੀਜ਼ਾਂ ਨੂੰ ਹੋਂਦ ਵਿੱਚ ਲਿਆਉਂਦੇ ਹਨ ਜਿਹਨਾਂ ਦੀ ਕੋਈ ਹੋਂਦ ਨਹੀਂ ਹੈ । ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਅਤੇ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਿਆ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਤੇਰਾ ਵੰਸ ਇਹੋ ਜਿਹਾ ਹੋਵੇਗਾ ।” ਉਹ ਉਸ ਸਮੇਂ ਕੋਈ ਸੌ ਸਾਲ ਦਾ ਹੋ ਚੁੱਕਾ ਸੀ ਅਤੇ ਉਹ ਜਾਣਦਾ ਸੀ ਕਿ ਉਸ ਦਾ ਸਰੀਰ ਮਰੇ ਬਰਾਬਰ ਅਤੇ ਸਾਰਾਹ ਉਸ ਦੀ ਪਤਨੀ ਬਾਂਝ ਹੈ ਪਰ ਫਿਰ ਵੀ ਉਸ ਦਾ ਵਿਸ਼ਵਾਸ ਨਾ ਡੋਲਿਆ । ਉਸ ਦੇ ਵਿਸ਼ਵਾਸ ਨੇ ਉਸ ਦਾ ਸਾਥ ਨਾ ਛੱਡਿਆ ਅਤੇ ਉਸ ਨੇ ਪਰਮੇਸ਼ਰ ਦੇ ਵਾਅਦੇ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਾ ਕੀਤਾ ਸਗੋਂ ਆਪਣੇ ਵਿਸ਼ਵਾਸ ਵਿੱਚ ਅਟੱਲ ਰਹਿ ਕੇ ਪਰਮੇਸ਼ਰ ਦੀ ਵਡਿਆਈ ਕੀਤੀ । ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜਿਸ ਗੱਲ ਦਾ ਪਰਮੇਸ਼ਰ ਨੇ ਵਾਅਦਾ ਕੀਤਾ ਹੈ, ਉਹ ਉਸ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਰੱਖਦੇ ਹਨ । ਇਸੇ ਕਰ ਕੇ ਆਪਣੇ ਵਿਸ਼ਵਾਸ ਦੇ ਕਾਰਨ ਅਬਰਾਹਾਮ “ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਇਆ ਗਿਆ ।” ਇਹ ਸ਼ਬਦ “ਕਿ ਉਹ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਇਆ ਗਿਆ” ਕੇਵਲ ਉਸ ਦੇ ਲਈ ਹੀ ਨਹੀਂ ਲਿਖੇ ਗਏ ਹਨ ਸਗੋਂ ਸਾਡੇ ਲਈ ਵੀ ਕਿਉਂਕਿ ਸਾਡੇ ਲਈ ਵੀ “ਨੇਕ ਠਹਿਰਾਇਆ ਜਾਣਾ” ਜ਼ਰੂਰੀ ਹੈ, ਅਸੀਂ ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਦੇ ਹਾਂ ਜਿਹਨਾਂ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ । ਪ੍ਰਭੂ ਯਿਸੂ ਸਾਡੇ ਅਪਰਾਧਾਂ ਦੇ ਕਾਰਨ ਫੜਵਾਏ ਗਏ ਅਤੇ ਸਾਨੂੰ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਉਣ ਦੇ ਲਈ ਫਿਰ ਜੀਅ ਉੱਠੇ । ਵਿਸ਼ਵਾਸ ਦੇ ਦੁਆਰਾ ਅਸੀਂ ਪਰਮੇਸ਼ਰ ਦੇ ਨਾਲ ਨੇਕ ਠਹਿਰਾਏ ਗਏ ਹਾਂ ਇਸ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੇ ਨਾਲ ਸਾਡਾ ਮੇਲ ਹੋ ਗਿਆ ਹੈ । ਉਹਨਾਂ ਦੇ ਰਾਹੀਂ ਵਿਸ਼ਵਾਸ ਦੁਆਰਾ ਅਸੀਂ ਪਰਮੇਸ਼ਰ ਦੀ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਇਸ ਸਮੇਂ ਖੜ੍ਹੇ ਹਾਂ । ਇਸ ਲਈ ਆਓ, ਅਸੀਂ ਪਰਮੇਸ਼ਰ ਦੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਆਸ ਦੇ ਲਈ ਮਾਣ ਕਰੀਏ । ਕੇਵਲ ਇਸੇ ਦੇ ਲਈ ਹੀ ਨਹੀਂ ਸਗੋਂ ਆਪਣੇ ਦੁੱਖਾਂ ਦੇ ਲਈ ਵੀ ਮਾਣ ਕਰੀਏ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਪੈਦਾ ਕਰਦੇ ਹਨ । ਧੀਰਜ ਤੋਂ ਚਰਿੱਤਰ ਅਤੇ ਚਰਿੱਤਰ ਤੋਂ ਆਸ ਪੈਦਾ ਹੁੰਦੀ ਹੈ । ਇਹ ਆਸ ਸਾਨੂੰ ਨਿਰਾਸ਼ ਨਹੀਂ ਹੋਣ ਦਿੰਦੀ ਕਿਉਂਕਿ ਪਵਿੱਤਰ ਆਤਮਾ ਦੁਆਰਾ ਪਰਮੇਸ਼ਰ ਦਾ ਪਿਆਰ ਜੋ ਸਾਨੂੰ ਮਿਲਿਆ ਹੈ, ਸਾਡੇ ਮਨਾਂ ਵਿੱਚ ਭਰ ਦਿੱਤਾ ਗਿਆ ਹੈ । ਜਦੋਂ ਅਜੇ ਅਸੀਂ ਲਾਚਾਰ ਹੀ ਸੀ ਤਾਂ ਮਸੀਹ ਠੀਕ ਠਹਿਰਾਏ ਹੋਏ ਸਮੇਂ ਤੇ ਸਾਡੇ ਲਈ ਜਿਹੜੇ ਪਾਪੀ ਸਨ, ਮਰੇ । ਸਾਡੇ ਵਿੱਚੋਂ ਕਿਸੇ ਦਾ ਇੱਕ ਨੇਕ ਦੇ ਲਈ ਮਰਨਾ ਮੁਸ਼ਕਲ ਹੈ । ਹਾਂ, ਇਹ ਹੋ ਸਕਦਾ ਹੈ ਕਿ ਕੋਈ ਕਿਸੇ ਭਲੇ ਆਦਮੀ ਦੇ ਲਈ ਮਰਨ ਦੀ ਹਿੰਮਤ ਕਰੇ । ਪਰ ਪਰਮੇਸ਼ਰ ਨੇ ਸਾਡੇ ਨਾਲ ਆਪਣੇ ਪਿਆਰ ਦਾ ਇਹ ਸਬੂਤ ਦਿੱਤਾ ਹੈ ਕਿ ਜਦੋਂ ਅਜੇ ਅਸੀਂ ਪਾਪੀ ਹੀ ਸੀ ਤਾਂ ਮਸੀਹ ਸਾਡੇ ਲਈ ਮਰੇ । ਮਸੀਹ ਦੇ ਖ਼ੂਨ ਦੇ ਦੁਆਰਾ ਹੀ ਅਸੀਂ ਨੇਕ ਠਹਿਰਾਏ ਗਏ ਹਾਂ । ਇਸ ਤੋਂ ਵੀ ਵੱਧ ਕੇ ਅਸੀਂ ਮਸੀਹ ਦੁਆਰਾ ਹੀ ਪਰਮੇਸ਼ਰ ਦੇ ਕ੍ਰੋਧ ਤੋਂ ਵੀ ਜ਼ਰੂਰ ਬਚਾਂਗੇ । ਅਸੀਂ ਪਰਮੇਸ਼ਰ ਦੇ ਵਿਰੋਧੀ ਸੀ ਪਰ ਉਹਨਾਂ ਨੇ ਆਪਣੇ ਪੁੱਤਰ ਦੀ ਮੌਤ ਦੇ ਦੁਆਰਾ ਸਾਡੇ ਨਾਲ ਮੇਲ ਕੀਤਾ ਹੈ ਅਤੇ ਇਸ ਤੋਂ ਵੀ ਵੱਧ ਕੇ ਅਸੀਂ ਮਸੀਹ ਦੇ ਜੀਵਨ ਦੁਆਰਾ ਬਚਾਏ ਜਾਵਾਂਗੇ । ਪਰ ਇਹ ਹੀ ਨਹੀਂ, ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੁਆਰਾ ਜਿਹਨਾਂ ਦੇ ਰਾਹੀਂ ਸਾਡਾ ਮੇਲ ਹੋਇਆ ਹੈ, ਪਰਮੇਸ਼ਰ ਵਿੱਚ ਅਨੰਦ ਮਨਾਉਂਦੇ ਹਾਂ । ਇਸ ਲਈ ਜਿਵੇਂ ਇੱਕ ਆਦਮੀ ਦੇ ਦੁਆਰਾ ਪਾਪ ਇਸ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ ਆਈ । ਇਸ ਤਰ੍ਹਾਂ ਮੌਤ ਸਾਰੀ ਮਨੁੱਖਜਾਤੀ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ । ਵਿਵਸਥਾ ਦੇ ਦਿੱਤੇ ਜਾਣ ਤੋਂ ਪਹਿਲਾਂ ਇਸ ਸੰਸਾਰ ਵਿੱਚ ਪਾਪ ਦੀ ਹੋਂਦ ਸੀ । ਪਰ ਕਿਉਂਕਿ ਵਿਵਸਥਾ ਨਹੀਂ ਸੀ, ਇਸ ਲਈ ਪਾਪ ਦਾ ਵੀ ਕੋਈ ਲੇਖਾ ਨਹੀਂ ਸੀ । ਪਰ ਫਿਰ ਵੀ ਮੌਤ ਨੇ ਆਦਮ ਤੋਂ ਲੈ ਕੇ ਮੂਸਾ ਤੱਕ, ਸਭ ਲੋਕਾਂ ਉੱਤੇ ਰਾਜ ਕੀਤਾ । ਇੱਥੋਂ ਤੱਕ ਕਿ ਉਹਨਾਂ ਲੋਕਾਂ ਉੱਤੇ ਵੀ ਜਿਹਨਾਂ ਨੇ ਆਦਮ ਦੀ ਤਰ੍ਹਾਂ ਪਰਮੇਸ਼ਰ ਦੇ ਹੁਕਮ ਨੂੰ ਤੋੜ ਕੇ ਪਾਪ ਨਹੀਂ ਕੀਤਾ ਸੀ । ਆਦਮ ਆਉਣ ਵਾਲੇ ਮਨੁੱਖ ਦਾ ਇੱਕ ਚਿੰਨ੍ਹ ਸੀ । ਪਰ ਉਸ ਦੇ ਅਪਰਾਧ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦੀ ਆਪਸ ਵਿੱਚ ਕੋਈ ਬਰਾਬਰੀ ਨਹੀਂ ਹੈ । ਇਹ ਸੱਚ ਹੈ ਕਿ ਇੱਕ ਆਦਮੀ ਦਾ ਅਪਰਾਧ ਬਹੁਤ ਸਾਰੇ ਲੋਕਾਂ ਦੀ ਮੌਤ ਦਾ ਕਾਰਨ ਹੋਇਆ ਪਰ ਪਰਮੇਸ਼ਰ ਦੀ ਕਿਰਪਾ ਅਤੇ ਮੁਫ਼ਤ ਵਰਦਾਨ ਇਸ ਤੋਂ ਵੀ ਵੱਧ ਕੇ, ਇੱਕ ਆਦਮੀ ਭਾਵ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਭ ਦੇ ਲਈ ਬਹੁਤ ਅਸੀਸ ਦਾ ਕਾਰਨ ਬਣਿਆ । ਇਸ ਲਈ ਇੱਕ ਆਦਮੀ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ! ਕਿਉਂਕਿ ਇੱਕ ਆਦਮੀ ਦੇ ਇੱਕ ਪਾਪ ਦਾ ਨਤੀਜਾ ਦੋਸ਼ੀ ਠਹਿਰਾਇਆ ਜਾਣਾ ਸਿੱਧ ਹੋਇਆ ਪਰ ਬਹੁਤ ਸਾਰੇ ਪਾਪਾਂ ਦੇ ਕਾਰਨ ਮੁਫ਼ਤ ਵਰਦਾਨ ਹੋਂਦ ਵਿੱਚ ਆਇਆ, ਜਿਸ ਦਾ ਨਤੀਜਾ ਨੇਕ ਠਹਿਰਾਇਆ ਜਾਣਾ ਸਿੱਧ ਹੋਇਆ । ਇਹ ਸੱਚ ਹੈ ਕਿ ਇੱਕ ਆਦਮੀ ਦੇ ਪਾਪ ਦੁਆਰਾ ਮੌਤ ਨੇ ਆਪਣਾ ਰਾਜ ਸ਼ੁਰੂ ਕੀਤਾ ਅਤੇ ਇਹ ਕੇਵਲ ਇੱਕ ਆਦਮੀ ਦੇ ਕਾਰਨ ਹੋਇਆ । ਪਰ ਇਸ ਤੋਂ ਵੀ ਵੱਧ ਕੇ ਜਿਹਨਾਂ ਨੇ ਅਪਾਰ ਕਿਰਪਾ ਅਤੇ ਪਵਿੱਤਰਤਾ ਦਾ ਮੁਫ਼ਤ ਵਰਦਾਨ ਪ੍ਰਾਪਤ ਕੀਤਾ ਹੈ, ਉੁਹ ਇੱਕ ਮਨੁੱਖ ਭਾਵ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਜੀਵਨ ਵਿੱਚ ਜ਼ਰੂਰ ਰਾਜ ਕਰਨਗੇ । ਇਸ ਲਈ ਜਿਸ ਤਰ੍ਹਾਂ ਇੱਕ ਅਪਰਾਧ ਦੇ ਦੁਆਰਾ ਸਾਰੀ ਮਨੁੱਖਜਾਤੀ ਦੋਸ਼ੀ ਠਹਿਰਾਈ ਗਈ, ਉਸੇ ਤਰ੍ਹਾਂ ਇੱਕ ਨੇਕ ਕੰਮ ਦੇ ਦੁਆਰਾ ਸਾਰੀ ਮਨੁੱਖਜਾਤੀ ਨੂੰ ਮੁਕਤੀ ਅਤੇ ਜੀਵਨ ਮਿਲਿਆ । ਕਿਉਂਕਿ ਜਿਸ ਤਰ੍ਹਾਂ ਇੱਕ ਆਦਮੀ ਦੇ ਹੁਕਮ ਤੋੜਨ ਨਾਲ ਬਹੁਤ ਸਾਰੇ ਲੋਕ ਪਾਪੀ ਠਹਿਰਾਏ ਗਏ, ਉਸੇ ਤਰ੍ਹਾਂ ਹੀ ਇੱਕ ਆਦਮੀ ਦੇ ਹੁਕਮ ਪਾਲਣ ਨਾਲ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਏ ਜਾਣਗੇ । ਵਿਵਸਥਾ ਦੀ ਸਥਾਪਨਾ ਇਸ ਲਈ ਕੀਤੀ ਗਈ ਕਿ ਅਪਰਾਧ ਵਧੇ ਪਰ ਜਿੱਥੇ ਪਾਪ ਦਾ ਵਾਧਾ ਹੋਇਆ, ਉੱਥੇ ਪਰਮੇਸ਼ਰ ਦੀ ਕਿਰਪਾ ਦਾ ਵਾਧਾ ਉਸ ਤੋਂ ਵੀ ਜ਼ਿਆਦਾ ਹੋਇਆ । ਜਿਸ ਤਰ੍ਹਾਂ ਪਾਪ ਨੇ ਮੌਤ ਦੇ ਦੁਆਰਾ ਮਨੁੱਖਾਂ ਉੱਤੇ ਰਾਜ ਕੀਤਾ, ਉਸੇ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਸਾਨੂੰ ਨੇਕ ਠਹਿਰਾ ਕੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਨੰਤ ਜੀਵਨ ਦੇ ਕੇ ਰਾਜ ਕਰੇ । ਫਿਰ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂ ਜੋ ਪਰਮੇਸ਼ਰ ਦੀ ਕਿਰਪਾ ਵੱਧਦੀ ਜਾਵੇ? ਨਿਰਸੰਦੇਹ ਨਹੀਂ! ਅਸੀਂ ਜਿਹੜੇ ਪਾਪ ਦੇ ਵੱਲੋਂ ਮਰ ਚੁੱਕੇ ਹਾਂ, ਫਿਰ ਹੁਣ ਅਸੀਂ ਕਿਸ ਤਰ੍ਹਾਂ ਇਸ ਵਿੱਚ ਜੀਵਨ ਗੁਜ਼ਾਰ ਸਕਦੇ ਹਾਂ? ਕੀ ਤੁਸੀਂ ਨਹੀਂ ਜਾਣਦੇ ਹੋ ਕਿ ਅਸੀਂ ਜਿਹੜੇ ਬਪਤਿਸਮੇ ਦੇ ਰਾਹੀਂ ਮਸੀਹ ਦੇ ਨਾਲ ਇੱਕ ਕੀਤੇ ਗਏ ਹਾਂ, ਅਸੀਂ ਬਪਤਿਸਮੇ ਦੇ ਰਾਹੀਂ ਮਸੀਹ ਦੀ ਮੌਤ ਦੇ ਭਾਗੀ ਵੀ ਬਣੇ ਹਾਂ । ਅਸੀਂ ਜਿਹੜੇ ਆਪਣੇ ਬਪਤਿਸਮੇ ਦੇ ਦੁਆਰਾ ਮਸੀਹ ਨਾਲ ਦਫ਼ਨਾਏ ਗਏ ਅਤੇ ਮਰ ਗਏ ਹਾਂ ਕਿ ਜਿਸ ਤਰ੍ਹਾਂ ਉਹ ਪਿਤਾ ਦੀ ਮਹਿਮਾ ਨਾਲ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਉਸੇ ਤਰ੍ਹਾਂ ਅਸੀਂ ਵੀ ਨਵਾਂ ਜੀਵਨ ਗੁਜ਼ਾਰੀਏ । ਕਿਉਂਕਿ ਜੇਕਰ ਅਸੀਂ ਮਸੀਹ ਦੀ ਮੌਤ ਦੀ ਤਰ੍ਹਾਂ ਮਰ ਕੇ ਉਹਨਾਂ ਨਾਲ ਇੱਕ ਹੋਏ ਹਾਂ, ਤਾਂ ਇਸੇ ਤਰ੍ਹਾਂ ਉਹਨਾਂ ਦੀ ਤਰ੍ਹਾਂ ਜਿਊਂਦਾ ਹੋ ਕੇ ਵੀ ਉਹਨਾਂ ਨਾਲ ਇੱਕ ਹੋਵਾਂਗੇ । ਅਸੀਂ ਇਹ ਜਾਣਦੇ ਹਾਂ ਕਿ ਸਾਡੀ ਪੁਰਾਣੀ ਮਨੁੱਖਤਾ ਮਸੀਹ ਦੇ ਨਾਲ ਸਲੀਬ ਉੱਤੇ ਚੜ੍ਹਾਈ ਜਾ ਚੁੱਕੀ ਹੈ ਤਾਂ ਜੋ ਸਰੀਰ ਦਾ ਪਾਪੀ ਸੁਭਾਅ ਨਾਸ਼ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਪਾਪ ਦੇ ਗ਼ੁਲਾਮ ਨਾ ਰਹੀਏ । ਕਿਉਂਕਿ ਜਦੋਂ ਆਦਮੀ ਮਰ ਚੁੱਕਾ ਹੈ ਤਾਂ ਉਹ ਪਾਪ ਦੀ ਅਧੀਨਗੀ ਤੋਂ ਮੁਕਤ ਕੀਤਾ ਗਿਆ ਹੈ । ਫਿਰ ਜੇਕਰ ਅਸੀਂ ਮਸੀਹ ਦੇ ਨਾਲ ਮਰ ਚੁੱਕੇ ਹਾਂ ਤਾਂ ਸਾਡਾ ਇਹ ਵੀ ਵਿਸ਼ਵਾਸ ਹੈ ਕਿ ਅਸੀਂ ਉਹਨਾਂ ਦੇ ਨਾਲ ਜੀਵਾਂਗੇ ਵੀ । ਅਸੀਂ ਇਹ ਵੀ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ ਹਨ ਅਤੇ ਉਹ ਹੁਣ ਫਿਰ ਕਦੀ ਨਹੀਂ ਮਰਨਗੇ । ਇਸ ਮੌਤ ਦਾ ਮਸੀਹ ਉੱਤੇ ਹੁਣ ਕੋਈ ਅਧਿਕਾਰ ਨਹੀਂ ਰਿਹਾ । ਉਹ ਪਾਪ ਦੇ ਲਈ ਇੱਕ ਵਾਰੀ ਮਰੇ ਪਰ ਹੁਣ ਉਹ ਜਿਊਂਦੇ ਹਨ ਅਤੇ ਪਰਮੇਸ਼ਰ ਦੇ ਨਾਲ ਹਮੇਸ਼ਾ ਦੇ ਲਈ ਜਿਊਂਦੇ ਹਨ । ਇਸੇ ਤਰ੍ਹਾਂ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ ਅਤੇ ਪਰਮੇਸ਼ਰ ਦੇ ਲਈ ਮਸੀਹ ਯਿਸੂ ਦੇ ਦੁਆਰਾ ਜਿਊਂਦੇ ਸਮਝੋ । ਇਸ ਲਈ ਪਾਪ ਨੂੰ ਅੱਗੇ ਤੋਂ ਆਪਣੇ ਮਰਨਹਾਰ ਸਰੀਰ ਉੱਤੇ ਰਾਜ ਨਾ ਕਰਨ ਦਿਓ ਤਾਂ ਜੋ ਤੁਸੀਂ ਸਰੀਰਕ ਵਾਸ਼ਨਾਵਾਂ ਦੇ ਅਧੀਨ ਨਾ ਰਹੋ । ਤੁਸੀਂ ਆਪਣੇ ਸਰੀਰ ਦੇ ਅੰਗਾਂ ਨੂੰ ਦੁਸ਼ਟਤਾ ਦਾ ਸਾਧਨ ਹੋਣ ਲਈ ਅਰਪਿਤ ਨਾ ਕਰੋ ਸਗੋਂ ਆਪਣੇ ਆਪ ਨੂੰ ਉਸ ਆਦਮੀ ਦੀ ਤਰ੍ਹਾਂ ਜੋ ਮੌਤ ਤੋਂ ਜੀਵਨ ਤੱਕ ਪਹੁੰਚਿਆ ਹੈ, ਪਰਮੇਸ਼ਰ ਦੇ ਲਈ ਅਰਪਿਤ ਕਰੋ ਅਤੇ ਆਪਣੇ ਅੰਗ ਨੇਕੀ ਦੇ ਕੰਮਾਂ ਲਈ ਦੇ ਦਿਓ । ਕਿਉਂਕਿ ਪਾਪ ਤੁਹਾਡਾ ਮਾਲਕ ਨਹੀਂ ਹੈ ਅਤੇ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਧੀਨ ਹੋ । ਇਸ ਦਾ ਅਰਥ ਕੀ ਹੋਇਆ? ਕੀ ਅਸੀਂ ਪਾਪ ਕਰੀਏ ਕਿਉਂਕਿ ਅਸੀਂ ਵਿਵਸਥਾ ਦੇ ਅਧੀਨ ਨਹੀਂ, ਪਰਮੇਸ਼ਰ ਦੀ ਕਿਰਪਾ ਦੇ ਅਧੀਨ ਹਾਂ? ਨਿਰਸੰਦੇਹ ਨਹੀਂ । ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਗ਼ੁਲਾਮ ਦੀ ਤਰ੍ਹਾਂ ਕਿਸੇ ਦੀ ਆਗਿਆ ਮੰਨਣ ਦੇ ਲਈ ਅਧੀਨ ਕਰ ਦਿੰਦੇ ਹੋ ਤਾਂ ਤੁਸੀਂ ਉਸ ਦੇ ਗ਼ੁਲਾਮ ਹੋ, ਜਿਸ ਦੀ ਤੁਸੀਂ ਆਗਿਆ ਮੰਨਦੇ ਹੋ । ਇਹ ਭਾਂਵੇ ਪਾਪ ਦੀ ਅਧੀਨਤਾ ਹੋਵੇ ਜਿਸ ਦਾ ਨਤੀਜਾ ਮੌਤ ਹੈ, ਜਾਂ ਆਗਿਆ ਮੰਨਣ ਦੀ, ਜਿਸ ਦਾ ਨਤੀਜਾ ਨੇਕੀ ਹੁੰਦਾ ਹੈ । ਪਰਮੇਸ਼ਰ ਦਾ ਧੰਨਵਾਦ ਹੋਵੇ! ਤੁਸੀਂ ਜਿਹੜੇ ਇੱਕ ਸਮੇਂ ਪਾਪ ਦੇ ਦਾਸ ਸੀ, ਹੁਣ ਆਪਣੇ ਪੂਰੇ ਦਿਲ ਨਾਲ ਉਸ ਸਿੱਖਿਆ ਨੂੰ, ਜਿਹੜੀ ਤੁਹਾਨੂੰ ਦਿੱਤੀ ਗਈ ਹੈ, ਮੰਨਦੇ ਹੋ । ਇਸ ਤਰ੍ਹਾਂ ਪਾਪ ਤੋਂ ਛੁਟਕਾਰਾ ਪਾ ਕੇ ਤੁਸੀਂ ਨੇਕੀ ਦੇ ਗ਼ੁਲਾਮ ਬਣ ਗਏ ਹੋ । ਮੈਂ ਤੁਹਾਡੀ ਮਨੁੱਖੀ ਕਮਜ਼ੋਰੀ ਨੂੰ ਜਾਣਦੇ ਹੋਏ ਸਧਾਰਨ ਆਦਮੀਆਂ ਦੀ ਤਰ੍ਹਾਂ ਕਹਿ ਰਿਹਾ ਹਾਂ, ਜਿਸ ਤਰ੍ਹਾਂ ਇੱਕ ਸਮੇਂ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਪਵਿੱਤਰਤਾ ਅਤੇ ਦੁਸ਼ਟਤਾ ਦੇ ਅਧੀਨ ਕਰ ਦਿੱਤਾ ਸੀ ਜਿਸ ਨਾਲ ਦੁਸ਼ਟਤਾ ਵਧੀ, ਉਸੇ ਤਰ੍ਹਾਂ ਹੁਣ ਆਪਣੇ ਆਪ ਨੂੰ ਨੇਕੀ ਦੇ ਅਧੀਨ ਕਰ ਦੇਵੋ ਕਿ ਪਵਿੱਤਰਤਾ ਵਧੇ । ਜਦੋਂ ਤੁਸੀਂ ਪਾਪ ਦੇ ਗ਼ੁਲਾਮ ਸੀ ਤਾਂ ਉਸ ਸਮੇਂ ਤੁਸੀਂ ਨੇਕੀ ਦੀ ਅਧੀਨਤਾ ਤੋਂ ਸੁਤੰਤਰ ਸੀ । ਇਸ ਲਈ ਉਹਨਾਂ ਚੀਜ਼ਾਂ ਦਾ ਤੁਹਾਨੂੰ ਕੀ ਲਾਭ ਹੋਇਆ ਹੈ ਜਿਹਨਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ? ਉਹਨਾਂ ਚੀਜ਼ਾਂ ਦਾ ਨਤੀਜਾ ਮੌਤ ਹੈ । ਪਰ ਹੁਣ ਤੁਸੀਂ ਪਾਪ ਤੋਂ ਆਜ਼ਾਦ ਕੀਤੇ ਗਏ ਹੋ ਅਤੇ ਪਰਮੇਸ਼ਰ ਦੇ ਗ਼ੁਲਾਮ ਬਣ ਚੁੱਕੇ ਹੋ । ਇਸ ਦਾ ਲਾਭ ਤੁਹਾਡੇ ਲਈ ਪਵਿੱਤਰਤਾ ਦੀ ਪ੍ਰਾਪਤੀ ਹੈ ਅਤੇ ਇਸ ਦਾ ਨਤੀਜਾ ਅਨੰਤ ਜੀਵਨ ਹੈ । ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦਾ ਮੁਫ਼ਤ ਵਰਦਾਨ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਅਨੰਤ ਜੀਵਨ ਹੈ । ਭਰਾਵੋ ਅਤੇ ਭੈਣੋ, ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਮਨੁੱਖ ਜਿਊਂਦਾ ਹੈ, ਉਸ ਸਮੇਂ ਤੱਕ ਵਿਵਸਥਾ ਦਾ ਉਸ ਉੱਤੇ ਅਧਿਕਾਰ ਰਹਿੰਦਾ ਹੈ? ਇਹ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ, ਜਿਹੜੇ ਵਿਵਸਥਾ ਨੂੰ ਜਾਣਦੇ ਹਨ । ਉਦਾਹਰਨ ਦੇ ਲਈ, ਇੱਕ ਵਿਆਹੁਤਾ ਔਰਤ ਜਦੋਂ ਤੱਕ ਉਸ ਦਾ ਪਤੀ ਜਿਊਂਦਾ ਹੈ, ਵਿਵਸਥਾ ਦੇ ਨਿਯਮ ਦੇ ਅਧੀਨ ਹੈ । ਪਰ ਜੇਕਰ ਉਹ ਮਰ ਜਾਵੇ ਤਾਂ ਉਹ ਵਿਵਸਥਾ ਦੇ ਨਿਯਮ ਤੋਂ ਮੁਕਤ ਹੋ ਜਾਂਦੀ ਹੈ, ਜਿਸ ਦੁਆਰਾ ਉਹ ਆਪਣੇ ਪਤੀ ਦੇ ਅਧੀਨ ਸੀ । ਇਸ ਲਈ ਜੇਕਰ ਉਹ ਆਪਣੇ ਪਤੀ ਦੇ ਜਿਊਂਦੇ ਜੀਅ ਦੂਜੇ ਆਦਮੀ ਦੇ ਨਾਲ ਰਹੇ ਤਾਂ ਉਹ ਵਿਭਚਾਰਨ ਅਖਵਾਏਗੀ । ਪਰ ਜੇਕਰ ਉਸ ਦਾ ਪਤੀ ਮਰ ਜਾਵੇ ਤਾਂ ਉਹ ਕਾਨੂੰਨੀ ਤੌਰ ਤੇ ਸੁਤੰਤਰ ਹੈ ਪਰ ਜੇਕਰ ਉਹ ਇਸ ਹਾਲਤ ਵਿੱਚ ਕਿਸੇ ਦੂਜੇ ਆਦਮੀ ਨਾਲ ਵਿਆਹ ਵੀ ਕਰ ਲਵੇ ਤਾਂ ਉਹ ਵਿਭਚਾਰਨ ਨਹੀਂ ਹੈ । ਮੇਰੇ ਭਰਾਵੋ ਅਤੇ ਭੈਣੋ, ਇਹੋ ਹਾਲ ਤੁਹਾਡਾ ਵੀ ਹੈ । ਤੁਸੀਂ ਵੀ, ਜਿੱਥੋਂ ਤੱਕ ਵਿਵਸਥਾ ਦਾ ਸੰਬੰਧ ਹੈ, ਮਰ ਚੁੱਕੇ ਹੋ ਕਿਉਂਕਿ ਤੁਸੀਂ ਮਸੀਹ ਦੇ ਸਰੀਰ ਦੇ ਅੰਗ ਹੋ ਅਤੇ ਕਿਸੇ ਦੂਜੇ ਦੇ ਹੋ ਚੁੱਕੇ ਹੋ, ਭਾਵ ਉਹਨਾਂ ਦੇ ਜੋ ਮੁਰਦਿਆਂ ਵਿੱਚੋਂ ਜੀਅ ਉੱਠੇ ਹਨ ਕਿ ਅਸੀਂ ਸਾਰੇ ਪਰਮੇਸ਼ਰ ਦੇ ਲਈ ਲਾਭਦਾਇਕ ਸਿੱਧ ਹੋਈਏ । ਜਦੋਂ ਅਸੀਂ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਸੀ ਤਾਂ ਪਾਪ ਦੀਆਂ ਕਾਮਨਾਵਾਂ ਵਿਵਸਥਾ ਤੋਂ ਪ੍ਰੇਰਨਾ ਲੈ ਕੇ ਸਾਡੇ ਅੰਗਾਂ ਵਿੱਚ ਕੰਮ ਕਰ ਰਹੀਆਂ ਸਨ ਜਿਸ ਦਾ ਅੰਤ ਮੌਤ ਸੀ । ਪਰ ਹੁਣ ਅਸੀਂ ਵਿਵਸਥਾ ਤੋਂ ਸੁਤੰਤਰ ਹਾਂ ਕਿਉਂਕਿ ਅਸੀਂ ਉਸ ਦੇ ਲਈ ਮਰ ਚੁੱਕੇ ਹਾਂ ਜਿਸ ਨੇ ਸਾਨੂੰ ਬੰਨ੍ਹਿਆ ਹੋਇਆ ਸੀ । ਇਸ ਲਈ ਕਿ ਅੱਗੇ ਤੋਂ ਅਸੀਂ ਪਰਮੇਸ਼ਰ ਦੀ ਸੇਵਾ ਨਵੇਂ ਢੰਗ ਨਾਲ ਪਵਿੱਤਰ ਆਤਮਾ ਦੇ ਦੁਆਰਾ ਕਰੀਏ, ਨਾ ਕਿ ਪੁਰਾਣੇ ਢੰਗ ਨਾਲ ਲਿਖਤ ਵਿਵਸਥਾ ਦੇ ਅਨੁਸਾਰ । ਫਿਰ ਅਸੀਂ ਕੀ ਕਹੀਏ? ਕੀ ਵਿਵਸਥਾ ਪਾਪ ਹੈ? ਬਿਲਕੁਲ ਨਹੀਂ! ਸਗੋਂ ਵਿਵਸਥਾ ਦੇ ਬਿਨਾਂ ਮੈਂ ਪਾਪ ਨੂੰ ਨਹੀਂ ਜਾਣ ਸਕਦਾ ਸੀ । ਉਦਾਹਰਨ ਦੇ ਤੌਰ ਤੇ ਜੇਕਰ ਵਿਵਸਥਾ ਇਹ ਨਾ ਕਹਿੰਦੀ “ਲੋਭ ਨਾ ਕਰ” ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ ਕਿ ਇਹ ਕੀ ਹੈ । ਇਸੇ ਹੁਕਮ ਦੇ ਕਾਰਨ ਪਾਪ ਨੂੰ ਮੌਕਾ ਮਿਲਿਆ ਅਤੇ ਉਸ ਨੇ ਮੇਰੇ ਅੰਦਰ ਹਰ ਤਰ੍ਹਾਂ ਦੀਆਂ ਲੋਭੀ ਕਾਮਨਾਵਾਂ ਪੈਦਾ ਕਰ ਦਿੱਤੀਆਂ । ਵਿਵਸਥਾ ਤੋਂ ਬਿਨਾਂ ਪਾਪ ਮੁਰਦਾ ਹੈ । ਇੱਕ ਸਮਾਂ ਸੀ ਜਦੋਂ ਮੈਂ ਵਿਵਸਥਾ ਦੇ ਬਿਨਾਂ ਜਿਊਂਦਾ ਸੀ ਪਰ ਜਦੋਂ ਹੁਕਮਨਾਮਾ ਆਇਆ ਤਾਂ ਪਾਪ ਜਿਊਂਦਾ ਹੋ ਗਿਆ, ਅਤੇ ਮੈਂ ਮਰ ਗਿਆ । ਇਸ ਤਰ੍ਹਾਂ ਜਿਸ ਹੁਕਮ ਤੋਂ ਜੀਵਨ ਦੀ ਆਸ ਸੀ, ਉਹ ਹੀ ਮੇਰੇ ਲਈ ਮੌਤ ਦਾ ਕਾਰਨ ਬਣਿਆ । ਕਿਉਂਕਿ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੈਨੂੰ ਧੋਖਾ ਦਿੱਤਾ ਅਤੇ ਉਸ ਦੇ ਰਾਹੀਂ ਮੈਨੂੰ ਮਾਰ ਦਿੱਤਾ । ਪਰ ਵਿਵਸਥਾ ਆਪਣੇ ਆਪ ਵਿੱਚ ਪਵਿੱਤਰ ਹੈ ਅਤੇ ਹੁਕਮ ਵੀ ਪਵਿੱਤਰ, ਸੱਚਾ ਅਤੇ ਚੰਗਾ ਹੈ । ਇਸ ਦਾ ਕੀ ਅਰਥ ਹੋਇਆ ਕਿ ਜੋ ਚੰਗਾ ਸੀ ਉਹ ਹੀ ਮੇਰੀ ਮੌਤ ਦਾ ਕਾਰਨ ਬਣਿਆ? ਨਹੀਂ, ਇਹ ਨਹੀਂ! ਇਹ ਪਾਪ ਸੀ ਜੋ ਉਸ ਚੰਗੇ ਹੁਕਮ ਰਾਹੀਂ ਮੇਰੀ ਮੌਤ ਦਾ ਕਾਰਨ ਬਣਿਆ ਕਿ ਇਸ ਤਰ੍ਹਾਂ ਪਾਪ ਦਾ ਅਸਲੀ ਸੁਭਾਅ ਪ੍ਰਗਟ ਹੋ ਜਾਵੇ । ਇਸ ਤਰ੍ਹਾਂ ਹੁਕਮ ਦੇ ਦੁਆਰਾ ਪਾਪ ਹੱਦੋਂ ਵੱਧ ਕੇ ਆਪਣੇ ਭਿਅੰਕਰ ਸੁਭਾਅ ਵਿੱਚ ਵਧਿਆ । ਅਸੀਂ ਜਾਣਦੇ ਹਾਂ ਕਿ ਵਿਵਸਥਾ ਆਤਮਿਕ ਹੈ ਪਰ ਮੈਂ ਇੱਕ ਮਰਨਹਾਰ ਮਨੁੱਖ ਹਾਂ ਜੋ ਪਾਪ ਦੇ ਹੱਥਾਂ ਵਿੱਚ ਵਿਕ ਚੁੱਕਾ ਹਾਂ । ਮੈਂ ਆਪਣੇ ਹੀ ਕੀਤੇ ਕੰਮਾਂ ਨੂੰ ਨਹੀਂ ਸਮਝਦਾ, ਕਿਉਂਕਿ ਜੋ ਕੁਝ ਮੈਂ ਚਾਹੁੰਦਾ ਹਾਂ, ਉਹ ਨਹੀਂ ਕਰਦਾ ਸਗੋਂ ਉਹ ਕਰਦਾ ਹਾਂ, ਜਿਸ ਨੂੰ ਮੈਂ ਘਿਰਨਾ ਕਰਦਾ ਹਾਂ । ਪਰ ਜੇਕਰ ਮੈਂ ਉਹ ਹੀ ਕੰਮ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਇਹ ਸਿੱਧ ਕਰਦਾ ਹਾਂ ਕਿ ਵਿਵਸਥਾ ਠੀਕ ਹੈ । ਇਸ ਹਾਲਤ ਵਿੱਚ ਇਸ ਕੰਮ ਨੂੰ ਕਰਨ ਵਾਲਾ ਮੈਂ ਨਹੀਂ ਹਾਂ ਸਗੋਂ ਉਹ ਪਾਪ ਹੈ, ਜੋ ਮੇਰੇ ਅੰਦਰ ਰਹਿੰਦਾ ਹੈ । ਮੈਂ ਜਾਣਦਾ ਹਾਂ ਕਿ ਮੇਰੇ ਅੰਦਰ ਭਾਵ ਮੇਰੇ ਸਰੀਰ ਦੇ ਅੰਦਰ ਕੋਈ ਭਲਾਈ ਨਹੀਂ ਰਹਿੰਦੀ । ਭਲਾਈ ਕਰਨ ਦਾ ਵਿਚਾਰ ਤਾਂ ਮੇਰੇ ਅੰਦਰ ਹੈ ਪਰ ਉਸ ਨੂੰ ਕਰਨ ਦੀ ਸਮਰੱਥਾ ਮੇਰੇ ਅੰਦਰ ਨਹੀਂ ਹੈ । ਜੋ ਭਲਾਈ ਕਰਨ ਦੀ ਮੇਰੀ ਇੱਛਾ ਹੁੰਦੀ ਹੈ, ਮੈਂ ਨਹੀਂ ਕਰਦਾ ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਸ ਨੂੰ ਕਰਦਾ ਹਾਂ । ਪਰ ਜੇਕਰ ਮੈਂ ਉਹ ਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਉਸ ਦਾ ਕਰਨ ਵਾਲਾ ਫਿਰ ਮੈਂ ਨਹੀਂ ਹਾਂ ਸਗੋਂ ਉਹ ਪਾਪ ਹੈ ਜੋ ਮੇਰੇ ਵਿੱਚ ਰਹਿੰਦਾ ਹੈ । ਇਸ ਤਰ੍ਹਾਂ ਮੈਨੂੰ ਵਿਵਸਥਾ ਦਾ ਗਿਆਨ ਹੋਇਆ ਹੈ ਕਿ ਜਦੋਂ ਮੈਂ ਕੋਈ ਭਲਾਈ ਕਰਨ ਦਾ ਵਿਚਾਰ ਕਰਦਾ ਹਾਂ ਤਾਂ ਮੇਰੇ ਤੋਂ ਬੁਰਾਈ ਹੀ ਹੁੰਦੀ ਹੈ । ਮੈਂ ਅੰਦਰੋਂ ਤਾਂ ਪਰਮੇਸ਼ਰ ਦੀ ਵਿਵਸਥਾ ਤੋਂ ਖ਼ੁਸ਼ ਹਾਂ । ਪਰ ਮੈਂ ਆਪਣੇ ਸਰੀਰ ਦੇ ਅੰਦਰ ਇੱਕ ਹੋਰ ਹੀ ਵਿਵਸਥਾ ਨੂੰ ਕੰਮ ਕਰਦੇ ਹੋਏ ਦੇਖਦਾ ਹਾਂ । ਇਹ ਵਿਵਸਥਾ ਉਹ ਹੈ ਜੋ ਮੇਰੀ ਬੁੱਧ ਦੀ ਠੀਕ ਵਿਵਸਥਾ ਦੇ ਵਿਰੁੱਧ ਸੰਘਰਸ਼ ਕਰਦੀ ਹੈ । ਇਹ ਹੀ ਮੈਨੂੰ ਪਾਪ ਦੀ ਵਿਵਸਥਾ ਦਾ ਬੰਦੀ ਬਣਾ ਦਿੰਦੀ ਹੈ ਜੋ ਮੇਰੇ ਸਰੀਰਕ ਅੰਗਾਂ ਵਿੱਚ ਕੰਮ ਕਰ ਰਹੀ ਹੈ । ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ! ਮੈਨੂੰ ਇਸ ਮਰਨਹਾਰ ਸਰੀਰ ਤੋਂ ਕੌਣ ਬਚਾਵੇਗਾ? ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੇਰਾ ਬਚਾਅ ਹਨ! ਹੁਣ ਮੇਰੀ ਹਾਲਤ ਇਹ ਹੈ ਕਿ ਮੇਰਾ ਮਨ ਤਾਂ ਪਰਮੇਸ਼ਰ ਦੀ ਵਿਵਸਥਾ ਦਾ ਗ਼ੁਲਾਮ ਹੈ ਪਰ ਸਰੀਰ ਪਾਪ ਦੀ ਵਿਵਸਥਾ ਦਾ ਗ਼ੁਲਾਮ ਹੈ । ਇਸ ਲਈ ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ, ਉਹਨਾਂ ਦੇ ਲਈ ਹੁਣ ਕੋਈ ਸਜ਼ਾ ਦਾ ਹੁਕਮ ਨਹੀਂ ਹੈ ਕਿਉਂਕਿ ਵਿਵਸਥਾ ਦੀ ਆਤਮਾ ਜੋ ਯਿਸੂ ਮਸੀਹ ਵਿੱਚ ਸਾਨੂੰ ਜੀਵਨ ਦਿੰਦੀ ਹੈ, ਉਸ ਨੇ ਮੈਨੂੰ ਪਾਪ ਅਤੇ ਮੌਤ ਦੀ ਵਿਵਸਥਾ ਤੋਂ ਸੁਤੰਤਰ ਕਰ ਦਿੱਤਾ ਹੈ । ਜੋ ਸਾਡੇ ਮਨੁੱਖੀ ਸੁਭਾਅ ਦੀ ਕਮਜ਼ੋਰੀ ਦੇ ਕਾਰਨ ਵਿਵਸਥਾ ਦੇ ਲਈ ਕਰਨਾ ਅਸੰਭਵ ਸੀ, ਉਹ ਪਰਮੇਸ਼ਰ ਨੇ ਆਪ ਕੀਤਾ । ਉਹਨਾਂ ਨੇ ਆਪਣੇ ਪੁੱਤਰ ਨੂੰ ਸਾਡੇ ਵਰਗੇ ਪਾਪੀ ਸਰੀਰ ਵਿੱਚ ਪਾਪ ਦੀ ਭੇਟ ਦੇ ਲਈ ਭੇਜਿਆ ਅਤੇ ਉਹਨਾਂ ਨੇ ਮਨੁੱਖੀ ਸਰੀਰ ਰਾਹੀਂ ਹੀ ਪਾਪ ਨੂੰ ਸਜ਼ਾ ਦਿੱਤੀ । ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਅਸੀਂ ਜਿਹੜੇ ਮਨੁੱਖੀ ਸੁਭਾਅ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰ ਰਹੇ ਹਾਂ, ਸਾਡੇ ਵਿੱਚ ਵਿਵਸਥਾ ਦੀ ਮੰਗ ਪੂਰੀ ਹੋ ਜਾਵੇ । ਉਹ ਜਿਹੜੇ ਆਪਣੇ ਸੰਸਾਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਸੰਸਾਰਕ ਹੁੰਦੇ ਹਨ ਅਤੇ ਉਹ ਜਿਹੜੇ ਆਤਮਾ ਦੇ ਅਨੁਸਾਰ ਜੀਵਨ ਗੁਜ਼ਾਰਦੇ ਹਨ, ਆਤਮਿਕ ਹੁੰਦੇ ਹਨ । ਸਰੀਰਕ ਸੁਭਾਅ ਦੇ ਅਨੁਸ਼ਾਸਨ ਦਾ ਨਤੀਜਾ ਮੌਤ ਹੈ ਪਰ ਆਤਮਾ ਦੇ ਅਨੁਸ਼ਾਸਨ ਦਾ ਨਤੀਜਾ ਜੀਵਨ ਅਤੇ ਸ਼ਾਂਤੀ ਹੈ । ਕਿਉਂਕਿ ਸਰੀਰਕ ਸੁਭਾਅ ਰੱਖਣ ਵਾਲਾ ਪਰਮੇਸ਼ਰ ਦਾ ਵੈਰੀ ਹੈ, ਪਰਮੇਸ਼ਰ ਦੀ ਵਿਵਸਥਾ ਨੂੰ ਨਹੀਂ ਮੰਨਦਾ ਅਤੇ ਨਾ ਹੀ ਮੰਨ ਸਕਦਾ ਹੈ । ਉਹ ਜਿਹੜੇ ਸਰੀਰਕ ਸੁਭਾਅ ਰੱਖਦੇ ਹਨ, ਪਰਮੇਸ਼ਰ ਨੂੰ ਖ਼ੁਸ਼ ਨਹੀਂ ਕਰ ਸਕਦੇ । ਪਰ ਤੁਸੀਂ ਸਰੀਰਕ ਨਹੀਂ ਹੋ, ਤੁਸੀਂ ਤਾਂ ਆਤਮਿਕ ਹੋ ਪਰ ਇਹ ਤਾਂ ਹੀ ਹੋ ਸਕਦਾ ਹੈ ਜੇਕਰ ਪਰਮੇਸ਼ਰ ਦਾ ਆਤਮਾ ਸੱਚਮੁੱਚ ਤੁਹਾਡੇ ਵਿੱਚ ਵਾਸ ਕਰਦਾ ਹੈ । ਇਸੇ ਤਰ੍ਹਾਂ ਜੇਕਰ ਕਿਸੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਤਾਂ ਉਹ ਮਸੀਹ ਦਾ ਵੀ ਨਹੀਂ ਹੈ । ਪਰ ਜੇਕਰ ਮਸੀਹ ਤੁਹਾਡੇ ਵਿੱਚ ਰਹਿੰਦੇ ਹਨ ਤਾਂ ਪਾਪ ਦੇ ਕਾਰਨ ਤੁਹਾਡਾ ਸਰੀਰ ਮੁਰਦਾ ਵੀ ਕਿਉਂ ਨਾ ਹੋਵੇ, ਫਿਰ ਵੀ ਆਤਮਾ ਤੁਹਾਡੇ ਲਈ ਜੀਵਨ ਹੈ, ਕਿਉਂਕਿ ਤੁਸੀਂ ਨੇਕ ਠਹਿਰਾਏ ਜਾ ਚੁੱਕੇ ਹੋ । ਜੇਕਰ ਪਰਮੇਸ਼ਰ ਦਾ ਆਤਮਾ ਜਿਹਨਾਂ ਨੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਤੁਹਾਡੇ ਵਿੱਚ ਰਹਿੰਦੇ ਹਨ ਤਾਂ ਜਿਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ, ਉਹ ਆਪਣੇ ਆਤਮਾ ਦੇ ਵਾਸ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਊਂਦਾ ਕਰਨਗੇ । ਇਸ ਲਈ ਹੇ ਭਰਾਵੋ ਅਤੇ ਭੈਣੋ, ਅਸੀਂ ਕਰਜ਼ਦਾਰ ਤਾਂ ਹਾਂ ਪਰ ਆਪਣੇ ਸਰੀਰਕ ਸੁਭਾਅ ਦੇ ਨਹੀਂ ਕਿ ਉਸ ਦੇ ਅਨੁਸਾਰ ਜੀਵਨ ਗੁਜ਼ਾਰੀਏ । ਜੇਕਰ ਤੁਸੀਂ ਆਪਣੇ ਸਰੀਰਕ ਸੁਭਾਅ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਸੀਂ ਜ਼ਰੂਰ ਮਰੋਗੇ ਪਰ ਜੇਕਰ ਤੁਸੀਂ ਆਤਮਾ ਦੁਆਰਾ ਸਰੀਰਕ ਵਾਸ਼ਨਾਵਾਂ ਨੂੰ ਮਾਰਦੇ ਹੋ ਤਾਂ ਤੁਸੀਂ ਜ਼ਰੂਰ ਜੀਓਗੇ । ਕਿਉਂਕਿ ਜਿਹੜੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ, ਉਹ ਪਰਮੇਸ਼ਰ ਦੀ ਸੰਤਾਨ ਹਨ । ਉਹ ਆਤਮਾ ਜਿਹੜਾ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਗ਼ੁਲਾਮੀ ਦਾ ਨਹੀਂ ਹੈ ਕਿ ਤੁਸੀਂ ਫਿਰ ਡਰੋ । ਇਹ ਤਾਂ ਗੋਦ ਲਈ ਹੋਈ ਸੰਤਾਨ ਹੋਣ ਦਾ ਆਤਮਾ ਹੈ, ਜਿਸ ਦੁਆਰਾ ਅਸੀਂ ਪੁਕਾਰਦੇ ਹਾਂ, “ਅੱਬਾ” ਭਾਵ “ਹੇ ਪਿਤਾ ।” ਪਰਮੇਸ਼ਰ ਦਾ ਆਤਮਾ ਆਪ ਸਾਡੀ ਆਤਮਾ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ । ਫਿਰ ਜੇਕਰ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਤਾਂ ਮਸੀਹ ਦੇ ਨਾਲ ਉਹਨਾਂ ਦੀਆਂ ਅਸੀਸਾਂ ਦੇ ਵਾਰਿਸ ਵੀ ਹਾਂ । ਪਰ ਜੇਕਰ ਅਸੀਂ ਸੱਚਮੁਚ ਮਸੀਹ ਦੇ ਦੁੱਖਾਂ ਦੇ ਵੀ ਹਿੱਸੇਦਾਰ ਬਣੀਏ, ਤਾਂ ਉਹਨਾਂ ਦੀ ਮਹਿਮਾ ਦੇ ਵੀ ਹਿੱਸੇਦਾਰ ਹੋਵਾਂਗੇ । ਮੈਂ ਸੋਚਦਾ ਹਾਂ ਕਿ ਜੋ ਦੁੱਖ ਅਸੀਂ ਇਸ ਸਮੇਂ ਸਹਿ ਰਹੇ ਹਾਂ, ਉਹ ਸਾਡੇ ਉੱਤੇ ਅੱਗੇ ਪ੍ਰਗਟ ਹੋਣ ਵਾਲੀ ਮਹਿਮਾ ਦੇ ਮੁਕਾਬਲੇ ਵਿੱਚ ਕੁਝ ਵੀ ਨਹੀਂ ਹਨ । ਸਾਰੀ ਸ੍ਰਿਸ਼ਟੀ ਉਤਸ਼ਾਹ ਨਾਲ ਪਰਮੇਸ਼ਰ ਦੀ ਸੰਤਾਨ ਦੇ ਪ੍ਰਗਟ ਹੋਣ ਦੀ ਉਡੀਕ ਕਰ ਰਹੀ ਹੈ । ਕਿਉਂਕਿ ਸ੍ਰਿਸ਼ਟੀ ਆਪਣੀ ਇੱਛਾ ਦੇ ਨਾਲ ਨਿਰਾਸ਼ਾ ਦੇ ਅਧੀਨ ਨਹੀਂ ਹੋਈ, ਸਗੋਂ ਪਰਮੇਸ਼ਰ ਦੀ ਇੱਛਾ ਨਾਲ ਹੋਈ ਜਿਹਨਾਂ ਨੇ ਇਸ ਨੂੰ ਅਧੀਨ ਕੀਤਾ । ਪਰ ਇਸ ਉਮੀਦ ਨਾਲ ਕਿ ਸਾਰੀ ਸ੍ਰਿਸ਼ਟੀ ਇੱਕ ਦਿਨ ਗ਼ੁਲਾਮੀ ਦੇ ਨਾਸ਼ ਤੋਂ ਮੁਕਤ ਹੋ ਕੇ ਉਸ ਮਹਿਮਾ ਦੀ ਭਾਗੀ ਹੋਵੇਗੀ ਜੋ ਪਰਮੇਸ਼ਰ ਦੀ ਸੰਤਾਨ ਦੀ ਹੈ । ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਪ੍ਰਸੂਤਕ ਪੀੜਾਂ ਦੇ ਨਾਲ ਕਰਾਹ ਰਹੀ ਹੈ । ਕੇਵਲ ਸ੍ਰਿਸ਼ਟੀ ਹੀ ਨਹੀਂ ਸਗੋਂ ਅਸੀਂ ਵੀ ਜਿਹਨਾਂ ਨੂੰ ਆਤਮਾ ਦਾ ਪਹਿਲਾ ਵਰਦਾਨ ਮਿਲਿਆ ਹੈ, ਆਪਣੇ ਅੰਦਰ ਹੀ ਅੰਦਰ ਕਰਾਹਉਂਦੇ ਹਾਂ ਅਤੇ ਪਰਮੇਸ਼ਰ ਦੇ ਗੋਦ ਲੈਣ ਦੀ ਅਤੇ ਸਾਡੇ ਸਰੀਰਕ ਬੰਧਨਾਂ ਤੋਂ ਛੁਟਕਾਰੇ ਦੀ ਉਮੀਦ ਕਰਦੇ ਹਾਂ । ਇਸ ਉਮੀਦ ਦੇ ਕਾਰਨ ਹੀ ਅਸੀਂ ਮੁਕਤ ਹੋ ਗਏ ਹਾਂ । ਪਰ ਜੇਕਰ ਅਸੀਂ ਉਹ ਦੇਖਦੇ ਹਾਂ ਜਿਸ ਦੀ ਸਾਨੂੰ ਉਮੀਦ ਹੈ ਤਾਂ ਫਿਰ ਉਹ ਉਮੀਦ ਨਹੀਂ ਰਹੀ । ਕੀ ਕੋਈ ਉਸ ਚੀਜ਼ ਦੀ ਉਮੀਦ ਕਰਦਾ ਹੈ ਜੋ ਉਸ ਦੀਆਂ ਅੱਖਾਂ ਦੇ ਸਾਹਮਣੇ ਹੈ? ਪਰ ਜੇਕਰ ਅਸੀਂ ਉਸ ਚੀਜ਼ ਦੀ ਉਮੀਦ ਕਰਦੇ ਹਾਂ, ਜਿਸ ਨੂੰ ਅਸੀਂ ਦੇਖਦੇ ਨਹੀਂ ਤਾਂ ਅਸੀਂ ਉਸ ਦੀ ਧੀਰਜ ਨਾਲ ਉਡੀਕ ਕਰਦੇ ਹਾਂ । ਇਸੇ ਤਰ੍ਹਾਂ ਪਵਿੱਤਰ ਆਤਮਾ ਵੀ ਸਾਡੀ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ ਹੈ । ਅਸੀਂ ਤਾਂ ਪ੍ਰਾਰਥਨਾ ਕਰਨੀ ਨਹੀਂ ਜਾਣਦੇ ਪਰ ਆਤਮਾ ਆਪ ਹੀ ਹਾਉਕੇ ਭਰ ਕੇ ਪਰਮੇਸ਼ਰ ਅੱਗੇ ਸਾਡੇ ਲਈ ਸਿਫ਼ਾਰਸ਼ ਕਰਦਾ ਹੈ ਜਿਹਨਾਂ ਦਾ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ । ਪਰਮੇਸ਼ਰ ਜੋ ਸਾਡੇ ਮਨਾਂ ਦੇ ਵਿਚਾਰਾਂ ਨੂੰ ਜਾਣਦੇ ਹਨ, ਉਹ ਇਹ ਵੀ ਜਾਣਦੇ ਹਨ ਕਿ ਆਤਮਾ ਕੀ ਚਾਹੁੰਦਾ ਹੈ ਕਿਉਂਕਿ ਆਤਮਾ ਵਿਸ਼ਵਾਸੀਆਂ ਦੇ ਲਈ, ਪਰਮੇਸ਼ਰ ਦੀ ਮਰਜ਼ੀ ਦੇ ਅਨੁਸਾਰ ਸਿਫ਼ਾਰਸ਼ ਕਰਦਾ ਹੈ । ਅਸੀਂ ਇਹ ਜਾਣਦੇ ਹਾਂ ਕਿ ਸਭ ਚੀਜ਼ਾਂ ਪਰਮੇਸ਼ਰ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਭਲਾਈ ਪੈਦਾ ਕਰਦੀਆਂ ਹਨ ਜੋ ਉਹਨਾਂ ਦੇ ਉਦੇਸ਼ ਅਨੁਸਾਰ ਸੱਦੇ ਗਏ ਹਨ । ਕਿਉਂਕਿ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ, ਉਹਨਾਂ ਨੂੰ ਆਪਣੇ ਪੁੱਤਰ ਦੇ ਸਰੂਪ ਬਣਨ ਦੇ ਲਈ ਵੀ ਨਿਯੁਕਤ ਕਰ ਦਿੱਤਾ ਕਿ ਉਹਨਾਂ ਦਾ ਪੁੱਤਰ ਬਹੁਤ ਸਾਰੇ ਭਰਾਵਾਂ ਵਿੱਚ ਜੇਠਾ ਠਹਿਰੇ । ਅਤੇ ਜਿਹਨਾਂ ਨੂੰ ਪਰਮੇਸ਼ਰ ਨੇ ਪਹਿਲਾਂ ਹੀ ਚੁਣ ਲਿਆ ਹੈ, ਉਹਨਾਂ ਨੂੰ ਸੱਦਿਆ । ਫਿਰ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ, ਉਹਨਾਂ ਨੂੰ ਆਪਣੇ ਸਾਹਮਣੇ ਨੇਕ ਠਹਿਰਾਇਆ ਅਤੇ ਉਹਨਾਂ ਨੂੰ ਆਪਣੀ ਮਹਿਮਾ ਦੇ ਹਿੱਸੇਦਾਰ ਵੀ ਬਣਾਇਆ । ਇਹਨਾਂ ਸਭ ਗੱਲਾਂ ਨੂੰ ਦੇਖਦੇ ਹੋਏ ਅਸੀਂ ਕੀ ਕਹੀਏ? ਇਹ ਕਿ ਜੇਕਰ ਪਰਮੇਸ਼ਰ ਸਾਡੀ ਵੱਲ ਹਨ ਤਾਂ ਫਿਰ ਸਾਡੇ ਵਿਰੁੱਧ ਕੌਣ ਹੋ ਸਕਦਾ ਹੈ? ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਵੀ ਨਾ ਛੱਡਿਆ ਸਗੋਂ ਸਾਡੇ ਸਾਰਿਆਂ ਦੇ ਲਈ ਉਸ ਨੂੰ ਕੁਰਬਾਨ ਕਰ ਦਿੱਤਾ । ਕੀ ਉਹ ਉਸ ਦੇ ਨਾਲ ਬਾਕੀ ਸਭ ਕੁਝ ਸਾਨੂੰ ਮੁਫ਼ਤ ਨਹੀਂ ਦੇਣਗੇ? ਪਰਮੇਸ਼ਰ ਦੇ ਚੁਣੇ ਹੋਇਆਂ ਉੱਤੇ ਕੌਣ ਦੋਸ਼ ਲਾ ਸਕਦਾ ਹੈ? ਪਰਮੇਸ਼ਰ ਆਪ ਉਹਨਾਂ ਨੂੰ ਨਿਰਦੋਸ਼ੀ ਠਹਿਰਾਉਂਦੇ ਹਨ । ਇਸ ਲਈ ਉਹਨਾਂ ਉੱਤੇ ਕੌਣ ਦੋਸ਼ ਲਾ ਸਕਦਾ ਹੈ? ਇਹ ਯਿਸੂ ਮਸੀਹ ਹਨ ਜੋ ਮਰ ਗਏ ਇੰਨਾਂ ਹੀ ਨਹੀਂ ਸਗੋਂ ਉਹ ਜਿਊਂਦੇ ਵੀ ਕੀਤੇ ਗਏ ਅਤੇ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹਨ । ਹੁਣ ਉਹ ਸਾਡੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਨ । ਸਾਨੂੰ ਮਸੀਹ ਦੇ ਪਿਆਰ ਤੋਂ ਕੌਣ ਅਲੱਗ ਕਰ ਸਕਦਾ ਹੈ? ਕੀ ਦੁੱਖ ਜਾਂ ਮੁਸੀਬਤਾਂ ਜਾਂ ਅੱਤਿਆਚਾਰ ਜਾਂ ਕਾਲ ਜਾਂ ਗ਼ਰੀਬੀ ਜਾਂ ਖ਼ਤਰਾ ਜਾਂ ਤਲਵਾਰ? ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਅਸੀਂ ਤੇਰੇ ਲਈ ਸਾਰਾ ਦਿਨ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ; ਸਾਡੇ ਨਾਲ ਉਸ ਭੇਡ ਵਰਗਾ ਵਰਤਾਅ ਹੁੰਦਾ ਹੈ ਜੋ ਵੱਢੀ ਜਾਣ ਵਾਲੀ ਹੈ ।” ਪਰ ਨਹੀਂ, ਅਸੀਂ ਉਹਨਾਂ ਦੇ ਦੁਆਰਾ, ਜਿਹਨਾਂ ਨੇ ਸਾਨੂੰ ਪਿਆਰ ਕੀਤਾ ਹੈ, ਮਹਾਂ ਜੇਤੂ ਸਿੱਧ ਹੁੰਦੇ ਹਾਂ । ਮੇਰਾ ਪੂਰਾ ਵਿਸ਼ਵਾਸ ਹੈ ਕਿ ਸਾਨੂੰ ਕੋਈ ਚੀਜ਼ ਉਹਨਾਂ ਦੇ ਪਿਆਰ ਤੋਂ ਅਲੱਗ ਨਹੀਂ ਕਰ ਸਕਦੀ: ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਸ਼ੈਤਾਨ ਦੀਆਂ ਸ਼ਕਤੀਆਂ, ਨਾ ਵਰਤਮਾਨ, ਨਾ ਭਵਿੱਖ, ਨਾ ਸ਼ਕਤੀਆਂ, ਨਾ ਅਕਾਸ਼, ਨਾ ਪਾਤਾਲ ਸਗੋਂ ਸਾਰੀ ਸ੍ਰਿਸ਼ਟੀ ਦੀ ਕੋਈ ਵੀ ਚੀਜ਼ ਸਾਨੂੰ ਪਰਮੇਸ਼ਰ ਦੇ ਪਿਆਰ ਤੋਂ, ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਗਿਆ ਹੈ, ਅਲੱਗ ਨਹੀਂ ਕਰ ਸਕਦੀ । ਮੈਂ ਮਸੀਹ ਵਿੱਚ ਸੱਚ ਕਹਿ ਰਿਹਾ ਹਾਂ, ਮੈਂ ਝੂਠ ਨਹੀਂ ਬੋਲ ਰਿਹਾ, ਇਸ ਦੇ ਲਈ ਮੇਰਾ ਅੰਤਹਕਰਨ ਵੀ ਗਵਾਹ ਹੈ ਜੋ ਪਵਿੱਤਰ ਆਤਮਾ ਦੇ ਅਧੀਨ ਹੈ ਕਿ ਮੇਰੇ ਦਿਲ ਵਿੱਚ ਆਪਣੇ ਲੋਕਾਂ ਦੇ ਲਈ ਗਹਿਰਾ ਦੁੱਖ ਅਤੇ ਬੇਅੰਤ ਪੀੜਾਂ ਹਨ । ਆਪਣੇ ਲੋਕਾਂ ਦੇ ਭਲੇ ਲਈ ਮੈਂ ਇਹ ਵੀ ਚਾਹੁੰਦਾ ਹਾਂ ਕਿ ਪਰਮੇਸ਼ਰ ਦਾ ਸਰਾਪ ਮੇਰੇ ਉੱਤੇ ਆ ਪਵੇ ਅਤੇ ਮੈਂ ਮਸੀਹ ਤੋਂ ਅਲੱਗ ਕੀਤਾ ਜਾਵਾਂ । ਇਹ ਇਸਰਾਏਲੀ ਪਰਮੇਸ਼ਰ ਦੇ ਲੋਕ ਹਨ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੀ ਸੰਤਾਨ ਬਣਾਇਆ, ਉਹਨਾਂ ਉੱਤੇ ਪਰਮੇਸ਼ਰ ਨੇ ਆਪਣੀ ਮਹਿਮਾ ਪ੍ਰਗਟ ਕੀਤੀ, ਉਹਨਾਂ ਦੇ ਨਾਲ ਨੇਮ ਬੰਨ੍ਹਿਆ, ਉਹਨਾਂ ਨੂੰ ਵਿਵਸਥਾ ਵੀ ਦਿੱਤੀ, ਉਹਨਾਂ ਨੂੰ ਆਪਣੀ ਅਰਾਧਨਾ ਕਰਨ ਦੇ ਲਈ ਹੈਕਲ ਅਤੇ ਵਾਅਦੇ ਦਿੱਤੇ । ਪੁਰਖੇ ਵੀ ਉਹਨਾਂ ਦੇ ਹੀ ਸਨ ਅਤੇ ਮਸੀਹ ਦਾ ਵੀ ਸਰੀਰਕ ਤੌਰ ਤੇ ਇਹਨਾਂ ਨਾਲ ਹੀ ਸੰਬੰਧ ਹੈ । ਸਭ ਪਰਮੇਸ਼ਰ ਦੇ ਅਧੀਨ ਹਨ ਅਤੇ ਉਹਨਾਂ ਦੀ ਮਹਿਮਾ ਅਨੰਤ ਕਾਲ ਤੱਕ ਹੋਵੇ! ਆਮੀਨ । ਮੈਂ ਇਹ ਨਹੀਂ ਕਹਿੰਦਾ ਕਿ ਪਰਮੇਸ਼ਰ ਦਾ ਵਾਅਦਾ ਖ਼ਤਮ ਹੋ ਗਿਆ ਹੈ ਕਿਉਂਕਿ ਸਭ ਇਸਰਾਏਲੀ ਸੱਚੇ ਇਸਰਾਏਲੀ ਨਹੀਂ ਹਨ, ਅਤੇ ਨਾ ਹੀ ਅਬਰਾਹਾਮ ਦੀ ਸਾਰੀ ਸੰਤਾਨ, ਪਰਮੇਸ਼ਰ ਦੀ ਸੰਤਾਨ ਹੈ । ਇਸ ਬਾਰੇ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਕਿਹਾ ਸੀ, “ਕੇਵਲ ਇਸਹਾਕ ਦੀ ਸੰਤਾਨ ਤੇਰੀ ਸੰਤਾਨ ਹੋਵੇਗੀ ।” ਇਸ ਦਾ ਅਰਥ ਇਹ ਹੋਇਆ ਕਿ ਸਰੀਰ ਦੇ ਸੰਬੰਧ ਤੋਂ ਪੈਦਾ ਹੋਈ ਸੰਤਾਨ ਪਰਮੇਸ਼ਰ ਦੀ ਨਹੀਂ ਹੈ ਸਗੋਂ ਉਹਨਾਂ ਦੀ ਸੰਤਾਨ ਉਹ ਹੈ ਜੋ ਉਹਨਾਂ ਦੇ ਵਾਅਦੇ ਦੇ ਅਨੁਸਾਰ ਪੈਦਾ ਹੋਈ ਹੈ । ਪਰਮੇਸ਼ਰ ਦਾ ਵਾਅਦਾ ਇਹ ਸੀ, “ਮੈਂ ਨਿਸ਼ਚਿਤ ਸਮੇਂ ਤੇ ਆਵਾਂਗਾ ਅਤੇ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ ।” ਇੰਨਾ ਹੀ ਨਹੀਂ ਰਿਬਕਾਹ ਦੇ ਦੋਨਾਂ ਪੁੱਤਰਾਂ ਦਾ ਇੱਕੋ ਪਿਤਾ ਸੀ, ਸਾਡਾ ਪੁਰਖਾ ਇਸਹਾਕ । ਫਿਰ ਅਜੇ ਉਹ ਦੋਵੇਂ ਬੱਚੇ ਪੈਦਾ ਵੀ ਨਹੀਂ ਹੋਏ ਸਨ ਅਤੇ ਨਾ ਹੀ ਉਹਨਾਂ ਨੇ ਕੋਈ ਬੁਰਾ ਜਾਂ ਭਲਾ ਕੰਮ ਕੀਤਾ ਸੀ, ਪਰ ਫਿਰ ਵੀ ਕਿ ਪਰਮੇਸ਼ਰ ਦੀ ਚੋਣ ਦੇ ਸਿਧਾਂਤ ਦਾ ਉਦੇਸ਼ ਪੂਰਾ ਹੋਵੇ ਜੋ ਕਰਮਾਂ ਉੱਤੇ ਨਿਰਭਰ ਨਹੀਂ ਹੈ ਸਗੋਂ ਪਰਮੇਸ਼ਰ ਦੇ ਸੱਦੇ ਉੱਤੇ ਹੈ । ਪਰਮੇਸ਼ਰ ਨੇ ਰਿਬਕਾਹ ਨੂੰ ਕਿਹਾ, “ਵੱਡਾ ਪੁੱਤਰ ਛੋਟੇ ਪੁੱਤਰ ਦੀ ਸੇਵਾ ਕਰੇਗਾ ।” ਪਵਿੱਤਰ-ਗ੍ਰੰਥ ਇਸ ਬਾਰੇ ਇਸ ਤਰ੍ਹਾਂ ਕਹਿੰਦਾ ਹੈ, “ਮੈਂ ਯਾਕੂਬ ਨੂੰ ਚੁਣਿਆ ਪਰ ਏਸਾਉ ਨੂੰ ਠੁਕਰਾਇਆ ।” ਫਿਰ ਅਸੀਂ ਕੀ ਕਹੀਏ? ਕੀ ਪਰਮੇਸ਼ਰ ਅਨਿਆਈ ਹਨ? ਨਹੀਂ, ਬਿਲਕੁਲ ਨਹੀਂ! ਕਿਉਂਕਿ ਉਹਨਾਂ ਨੇ ਮੂਸਾ ਨੂੰ ਕਿਹਾ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ, ਉਸ ਉੱਤੇ ਦਇਆ ਕਰਾਂਗਾ, ਅਤੇ ਜਿਸ ਉੱਤੇ ਤਰਸ ਕਰਨਾ ਚਾਹਾਂ, ਉਸ ਉੱਤੇ ਤਰਸ ਕਰਾਂਗਾ ।” ਇਸ ਤਰ੍ਹਾਂ ਇਹ ਸਭ ਮਨੁੱਖ ਦੀ ਇੱਛਾ ਜਾਂ ਯਤਨਾਂ ਉੱਤੇ ਨਹੀਂ ਸਗੋਂ ਪਰਮੇਸ਼ਰ ਦੀ ਦਇਆ ਉੱਤੇ ਨਿਰਭਰ ਹੈ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਫ਼ਿਰਊਨ ਨੂੰ ਕਹਿੰਦਾ ਹੈ, “ਮੈਂ ਤੈਨੂੰ ਰਾਜਾ ਇਸੇ ਉਦੇਸ਼ ਲਈ ਬਣਾਇਆ ਕਿ ਤੇਰੇ ਦੁਆਰਾ ਮੇਰੀ ਸਮਰੱਥਾ ਪ੍ਰਗਟ ਹੋਵੇ ਅਤੇ ਮੇਰੇ ਨਾਮ ਨੂੰ ਸਾਰਾ ਸੰਸਾਰ ਜਾਣ ਜਾਵੇ ।” ਇਸ ਲਈ ਪਰਮੇਸ਼ਰ ਜਿਸ ਉੱਤੇ ਚਾਹੁੰਦੇ ਹਨ, ਕਿਰਪਾ ਕਰਦੇ ਹਨ ਅਤੇ ਜਿਸ ਨੂੰ ਉਹ ਚਾਹੁੰਦੇ ਹਨ, ਹਠਧਰਮੀ ਬਣਾਉਂਦੇ ਹਨ । ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਮੇਰੇ ਕੋਲੋਂ ਪੁੱਛੇ, “ਜੇ ਇਸ ਤਰ੍ਹਾਂ ਹੀ ਹੈ ਤਾਂ ਫਿਰ ਪਰਮੇਸ਼ਰ ਆਦਮੀ ਉੱਤੇ ਦੋਸ਼ ਕਿਸ ਤਰ੍ਹਾਂ ਲਾ ਸਕਦੇ ਹਨ? ਕਿਉਂਕਿ ਪਰਮੇਸ਼ਰ ਦੀ ਇੱਛਾ ਦਾ ਵਿਰੋਧ ਕੌਣ ਕਰ ਸਕਦਾ ਹੈ ।” ਪਰ ਹੇ ਮਨੁੱਖ, ਤੂੰ ਪਰਮੇਸ਼ਰ ਤੋਂ ਪੁੱਛਣ ਵਾਲਾ ਕੌਣ ਹੈਂ? ਇੱਕ ਮਿੱਟੀ ਦਾ ਭਾਂਡਾ ਕਦੀ ਘੁਮਿਆਰ ਨੂੰ ਇਹ ਕਹਿੰਦਾ ਹੈ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ ਹੈ?” ਕੀ ਘੁਮਿਆਰ ਨੂੰ ਇਹ ਹੱਕ ਨਹੀਂ ਹੈ ਕਿ ਉਹ ਉਸੇ ਗੁੰਨ੍ਹੀ ਹੋਈ ਮਿੱਟੀ ਤੋਂ ਦੋ ਤਰ੍ਹਾਂ ਦੇ ਭਾਂਡੇ ਬਣਾਵੇ, ਇੱਕ ਖ਼ਾਸ ਵਰਤੋਂ ਲਈ ਅਤੇ ਦੂਜਾ ਆਮ ਵਰਤੋਂ ਲਈ? ਇਸੇ ਤਰ੍ਹਾਂ ਪਰਮੇਸ਼ਰ ਵੀ ਆਪਣੇ ਕ੍ਰੋਧ ਅਤੇ ਸਮਰੱਥਾ ਨੂੰ ਪ੍ਰਗਟ ਕਰਨਾ ਚਾਹੁੰਦੇ ਸਨ । ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਬਹੁਤ ਧੀਰਜ ਨਾਲ ਸਹਾਰਿਆ ਜਿਹੜੇ ਉਹਨਾਂ ਦੇ ਕ੍ਰੋਧ ਦੇ ਹੱਕਦਾਰ ਸਨ ਅਤੇ ਨਾਸ਼ ਹੋਣ ਦੇ ਲਈ ਤਿਆਰ ਸਨ । ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹ ਆਪਣੀ ਅਪਾਰ ਮਹਿਮਾ ਨੂੰ ਆਪਣੇ ਚੁਣੇ ਹੋਇਆਂ ਉੱਤੇ ਪ੍ਰਗਟ ਕਰਨ ਜਿਹਨਾਂ ਨੂੰ ਪਰਮੇਸ਼ਰ ਨੇ ਆਪਣੀ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ ਸੀ । ਉਹ ਚੁਣੇ ਹੋਏ ਅਸੀਂ ਹੀ ਹਾਂ, ਜਿਹਨਾਂ ਨੂੰ ਉਹਨਾਂ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਸੱਦਿਆ ਹੈ । ਉਹਨਾਂ ਨੇ ਹੋਸ਼ੇਆ ਨਬੀ ਦੀ ਪੁਸਤਕ ਵਿੱਚ ਕਿਹਾ ਹੈ: “ਉਹ ਜਿਹੜੇ ਮੇਰੇ ਲੋਕ ਨਹੀਂ ਹਨ, ਉਹਨਾਂ ਨੂੰ ਮੈਂ ਆਪਣੇ ਬਣਾਵਾਂਗਾ । ਉਹ ਕੌਮ ਜਿਸ ਨੂੰ ਮੈਂ ਪਿਆਰ ਨਹੀਂ ਕਰਦਾ ਹਾਂ, ਉਸ ਨੂੰ ਮੈਂ ਪਿਆਰ ਕਰਾਂਗਾ । ਜਿਸ ਥਾਂ ਉਹਨਾਂ ਨੂੰ ਦੱਸਿਆ ਗਿਆ ਸੀ, ਤੁਸੀਂ ਮੇਰੇ ਲੋਕ ਨਹੀਂ ਹੋ, ਉਹ ਉੱਥੇ ਹੀ ਜਿਊਂਦੇ ਪਰਮੇਸ਼ਰ ਦੀ ਸੰਤਾਨ ਅਖਵਾਉਂਣਗੇ ।” ਯਸਾਯਾਹ ਨਬੀ ਨੇ ਵੀ ਇਸਰਾਏਲ ਕੌਮ ਦੇ ਬਾਰੇ ਇਸ ਤਰ੍ਹਾਂ ਪੁਕਾਰ ਕੇ ਕਿਹਾ, “ਭਾਵੇਂ, ਇਸਰਾਏਲ ਕੌਮ ਦੇ ਲੋਕਾਂ ਦੀ ਗਿਣਤੀ ਸਾਗਰ ਦੀ ਰੇਤ ਦੇ ਕਿਣਕਿਆਂ ਜਿੰਨੀ ਵੀ ਕਿਉਂ ਨਾ ਹੋ ਜਾਵੇ ਪਰ ਫਿਰ ਵੀ ਉਹਨਾਂ ਵਿੱਚੋਂ ਥੋੜ੍ਹੇ ਹੀ ਬਚਾਏ ਜਾਣਗੇ । ਕਿਉਂਕਿ ਪ੍ਰਭੂ ਆਪਣੇ ਨਿਆਂ ਨੂੰ ਧਰਤੀ ਉੱਤੇ ਪੂਰੀ ਤਰ੍ਹਾਂ ਅਤੇ ਛੇਤੀ ਪੂਰਾ ਕਰਨਗੇ ।” ਇਸੇ ਸੰਬੰਧ ਵਿੱਚ ਯਸਾਯਾਹ ਨਬੀ ਨੇ ਇਸ ਤੋਂ ਪਹਿਲਾਂ ਕਿਹਾ ਸੀ, “ਜੇਕਰ ਸਰਵ ਸ਼ਕਤੀਮਾਨ ਪ੍ਰਭੂ ਨੇ ਸਾਨੂੰ ਵੰਸ ਨਾ ਦਿੱਤੇ ਹੁੰਦੇ ਤਾਂ ਅਸੀਂ ਸਦੋਮ ਵਰਗੇ ਬਣ ਗਏ ਹੁੰਦੇ ਅਤੇ ਸਾਡਾ ਹਾਲ ਅਮੂਰਾਹ ਵਰਗਾ ਹੁੰਦਾ ।” ਫਿਰ ਅਸੀਂ ਕੀ ਕਹੀਏ? ਇਹ ਕਿ ਪਰਾਈਆਂ ਕੌਮਾਂ ਜਿਹੜੀਆਂ ਪਰਮੇਸ਼ਰ ਦੇ ਨਾਲ ਆਪਣੇ ਨੇਕ ਸੰਬੰਧ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰਦੀਆਂ ਉਹਨਾਂ ਦਾ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਸਥਾਪਤ ਕੀਤਾ ਗਿਆ । ਪਰ ਇਸਰਾਏਲ ਕੌਮ ਜਿਹੜੀ ਪਰਮੇਸ਼ਰ ਦੇ ਨਾਲ ਆਪਣਾ ਨੇਕ ਸੰਬੰਧ ਸਥਾਪਤ ਕਰਨ ਦੇ ਲਈ ਨੇਮ ਦੀ ਪ੍ਰਾਪਤੀ ਲਈ ਯਤਨ ਕਰਦੀ ਰਹੀ, ਉਸ ਨੂੰ ਪ੍ਰਾਪਤ ਨਾ ਹੋਇਆ । ਇਸ ਦਾ ਕੀ ਕਾਰਨ ਸੀ? ਇਸ ਦਾ ਕਾਰਨ ਇਹ ਸੀ ਕਿ ਜੋ ਕੁਝ ਉਹਨਾਂ ਕੀਤਾ, ਉਸ ਦਾ ਆਧਾਰ ਵਿਸ਼ਵਾਸ ਨਹੀਂ ਸੀ, ਸਗੋਂ ਕਰਮ ਸਨ । ਇਸ ਲਈ ਉਹਨਾਂ ਨੇ ਠੇਡਾ ਖਾਣ ਵਾਲੇ ਪੱਥਰ ਨਾਲ ਠੇਡਾ ਖਾਧਾ । ਇਸ ਬਾਰੇ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਦੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖ ਰਿਹਾ ਹਾਂ, ਜਿਸ ਤੋਂ ਲੋਕ ਠੋਕਰ ਖਾਣਗੇ, ਇੱਕ ਚਟਾਨ ਜਿਸ ਉੱਤੇ ਉਹ ਡਿੱਗਣਗੇ । ਪਰ ਉਸ ਵਿੱਚ ਵਿਸ਼ਵਾਸ ਕਰਨ ਵਾਲਾ ਸ਼ਰਮਿੰਦਾ ਨਹੀਂ ਹੋਵੇਗਾ ।” ਭਰਾਵੋ ਅਤੇ ਭੈਣੋ, ਮੈਂ ਇਹ ਦਿਲ ਤੋਂ ਚਾਹੁੰਦਾ ਹਾਂ ਅਤੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਇਸਰਾਏਲੀਆਂ ਨੂੰ ਮੁਕਤੀ ਮਿਲੇ । ਮੈਂ ਇਸ ਦੀ ਗਵਾਹੀ ਦੇ ਸਕਦਾ ਹਾਂ ਕਿ ਉਹ ਪਰਮੇਸ਼ਰ ਦੇ ਲਈ ਜੋਸ਼ੀਲੇ ਤਾਂ ਹਨ ਪਰ ਉਹਨਾਂ ਦਾ ਜੋਸ਼ ਬਿਨਾਂ ਸਮਝ ਦੇ ਹੈ । ਕਿਉਂਕਿ ਉਹਨਾਂ ਨੇ ਉਸ ਨੇਕੀ ਨੂੰ ਨਾ ਜਾਣਿਆ ਜੋ ਪਰਮੇਸ਼ਰ ਵੱਲੋਂ ਹੈ ਅਤੇ ਨਾ ਹੀ ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕੀਤਾ ਸਗੋਂ ਉਹਨਾਂ ਨੇ ਆਪਣਾ ਹੀ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ । ਮਸੀਹ ਨੇ ਵਿਵਸਥਾ ਦਾ ਉਦੇਸ਼ ਪੂਰਾ ਕਰ ਦਿੱਤਾ ਕਿ ਜੋ ਕੋਈ ਵਿਸ਼ਵਾਸ ਕਰੇ ਉਹ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰੇ । ਮੂਸਾ ਨੇ ਵਿਵਸਥਾ ਦੇ ਮੰਨਣ ਦੁਆਰਾ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਏ ਜਾਣ ਦੇ ਬਾਰੇ ਇਹ ਲਿਖਿਆ ਹੈ: “ਉਹ ਮਨੁੱਖ, ਜਿਹੜਾ ਵਿਵਸਥਾ ਪੂਰੀ ਕਰਦਾ ਹੈ, ਇਸੇ ਦੁਆਰਾ ਜੀਵਨ ਪ੍ਰਾਪਤ ਕਰੇਗਾ ।” ਪਰ ਉਹ ਜੋ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਇਆ ਗਿਆ ਹੈ, ਉਸ ਦੇ ਬਾਰੇ ਇਸ ਤਰ੍ਹਾਂ ਕਿਹਾ ਗਿਆ ਹੈ, “ਆਪਣੇ ਦਿਲ ਵਿੱਚ ਇਸ ਤਰ੍ਹਾਂ ਨਾ ਕਹਿ ਕਿ ਸਵਰਗ ਵਿੱਚ ਉੱਪਰ ਕੌਣ ਜਾਵੇਗਾ,” (ਜਿਸ ਦਾ ਅਰਥ ਹੈ, ਮਸੀਹ ਨੂੰ ਹੇਠਾਂ ਲਿਆਉਣਾ) । ਜਾਂ “ਪਤਾਲ ਵਿੱਚ ਕੌਣ ਉਤਰੇਗਾ,” (ਜਿਸ ਦਾ ਅਰਥ ਹੈ ਮਸੀਹ ਨੂੰ ਮੁਰਦਿਆਂ ਵਿੱਚੋਂ ਵਾਪਸ ਲਿਆਉਣਾ) । ਉਸ ਦਾ ਇਹ ਕਹਿਣਾ ਹੈ, “ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਨੇੜੇ ਹੈ ।” ਉਹ ਤੁਹਾਡੇ ਮੂੰਹ ਅਤੇ ਦਿਲ ਵਿੱਚ ਹੈ ਭਾਵ ਉਹ ਵਿਸ਼ਵਾਸ ਵਾਲਾ ਸੰਦੇਸ਼ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ । ਜੇਕਰ ਤੁਸੀਂ ਆਪਣੇ ਮੂੰਹ ਨਾਲ ਕਹਿ ਕੇ ਮੰਨੋ ਕਿ “ਯਿਸੂ ਪ੍ਰਭੂ ਹਨ,” ਅਤੇ ਆਪਣੇ ਦਿਲ ਦੇ ਨਾਲ ਵਿਸ਼ਵਾਸ ਕਰੋ ਕਿ ਪਰਮੇਸ਼ਰ ਨੇ ਉਹਨਾਂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਹੈ ਤਾਂ ਤੁਸੀਂ ਮੁਕਤੀ ਪਾਓਗੇ । ਕਿਉਂਕਿ ਦਿਲ ਦੇ ਨਾਲ ਵਿਸ਼ਵਾਸ ਕਰਨ ਦੁਆਰਾ ਅਸੀਂ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਦੇ ਹਾਂ ਅਤੇ ਮੂੰਹ ਨਾਲ ਇਕਰਾਰ ਕਰ ਕੇ ਮੁਕਤੀ ਪ੍ਰਾਪਤ ਕਰਦੇ ਹਾਂ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੋ ਕੋਈ ਉਹਨਾਂ ਵਿੱਚ ਵਿਸ਼ਵਾਸ ਕਰੇਗਾ, ਸ਼ਰਮਿੰਦਾ ਨਹੀਂ ਹੋਵੇਗਾ ।” ਕਿਉਂਕਿ ਹੁਣ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚ ਕੋਈ ਫ਼ਰਕ ਨਹੀਂ ਹੈ । ਪਰਮੇਸ਼ਰ ਸਾਰਿਆਂ ਦੇ ਪ੍ਰਭੂ ਹਨ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਹਨਾਂ ਅੱਗੇ ਪ੍ਰਾਰਥਨਾ ਕਰਦੇ ਹਨ ਅਸੀਸਾਂ ਨਾਲ ਮਾਲਾਮਾਲ ਕਰਦੇ ਹਨ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਸਾਨੂੰ ਦੱਸਦਾ ਹੈ, “ਉਹ ਸਾਰੇ ਲੋਕ ਜੋ ਪ੍ਰਭੂ ਦਾ ਨਾਮ ਲੈਣਗੇ, ਮੁਕਤੀ ਪ੍ਰਾਪਤ ਕਰਨਗੇ ।” ਪਰ ਉਹ ਪ੍ਰਭੂ ਦਾ ਨਾਮ ਕਿਸ ਤਰ੍ਹਾਂ ਲੈਣਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਵਿੱਚ ਵਿਸ਼ਵਾਸ ਹੀ ਨਹੀਂ ਕੀਤਾ? ਅਤੇ ਉਹ ਕਿਸ ਤਰ੍ਹਾਂ ਵਿਸ਼ਵਾਸ ਕਰਨਗੇ ਜਦੋਂ ਕਿ ਉਹਨਾਂ ਨੇ ਪ੍ਰਭੂ ਦੇ ਬਾਰੇ ਸੰਦੇਸ਼ ਹੀ ਨਹੀਂ ਸੁਣਿਆ? ਅਤੇ ਕਿਸ ਤਰ੍ਹਾਂ ਸੁਣਨਗੇ ਜਦੋਂ ਤੱਕ ਕੋਈ ਉਹਨਾਂ ਨੂੰ ਸੰਦੇਸ਼ ਹੀ ਨਾ ਸੁਣਾਵੇ? ਪਰ ਸੰਦੇਸ਼ ਕਿਸ ਤਰ੍ਹਾਂ ਸੁਣਾਇਆ ਜਾ ਸਕਦਾ ਹੈ ਜਦੋਂ ਤੱਕ ਕਿ ਸੰਦੇਸ਼ਵਾਹਕ ਹੀ ਨਾ ਭੇਜੇ ਜਾਣ? ਇਸ ਬਾਰੇ ਪਵਿੱਤਰ-ਗ੍ਰੰਥ ਦਾ ਵਚਨ ਹੈ: “ਸ਼ੁਭ ਸਮਾਚਾਰ ਲਿਆਉਣ ਵਾਲਿਆਂ ਦਾ ਆਉਣਾ ਕਿੰਨਾ ਸੁਖਦਾਇਕ ਹੈ!” ਪਰ ਸਭ ਨੇ ਸ਼ੁਭ ਸਮਾਚਾਰ ਨੂੰ ਸਵੀਕਾਰ ਨਹੀਂ ਕੀਤਾ । ਯਸਾਯਾਹ ਨਬੀ ਨੇ ਇਸ ਬਾਰੇ ਕਿਹਾ ਹੈ: “ਪ੍ਰਭੂ ਜੀ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?” ਇਸ ਲਈ ਵਿਸ਼ਵਾਸ ਸੁਣਨ ਦੁਆਰਾ ਅਤੇ ਸੁਣਨਾ ਮਸੀਹ ਦੇ ਵਚਨ ਦੁਆਰਾ ਆਉਂਦਾ ਹੈ । ਪਰ ਮੈਂ ਪੁੱਛਦਾ ਹਾਂ, ਕੀ ਇਹ ਸੱਚ ਹੈ ਕਿ ਉਹਨਾਂ ਨੇ ਸੰਦੇਸ਼ ਨਹੀਂ ਸੁਣਿਆ? ਜ਼ਰੂਰ ਸੁਣਿਆ ਹੈ! ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਇਸ ਬਾਰੇ ਕਹਿੰਦਾ ਹੈ: “ਉਹਨਾਂ ਦੀ ਆਵਾਜ਼ ਸਾਰੀ ਧਰਤੀ ਉੱਤੇ ਫੈਲ ਗਈ, ਉਹਨਾਂ ਦਾ ਸੰਦੇਸ਼ ਸੰਸਾਰ ਦੀ ਆਖ਼ਰੀ ਹੱਦ ਤੱਕ ਪਹੁੰਚ ਗਿਆ ।” ਮੈਂ ਫਿਰ ਪੁੱਛਦਾ ਹਾਂ ਕਿ ਕੀ ਇਸਰਾਏਲ ਨੇ ਇਸ ਨੂੰ ਨਹੀਂ ਸਮਝਿਆ? ਸਾਰਿਆਂ ਤੋਂ ਪਹਿਲਾਂ ਮੂਸਾ ਨੇ ਆਪ ਹੀ ਇਸ ਦਾ ਉੱਤਰ ਦਿੱਤਾ, “ਮੈਂ ਤੁਹਾਡੇ ਦਿਲਾਂ ਵਿੱਚ ਉਹਨਾਂ ਲੋਕਾਂ ਦੇ ਲਈ ਈਰਖਾ ਪੈਦਾ ਕਰਾਂਗਾ, ਜਿਹੜੇ ਅਸਲ ਵਿੱਚ ਮੇਰੀ ਕੌਮ ਨਹੀਂ ਹਨ; ਅਤੇ ਮੈਂ ਤੁਹਾਨੂੰ-ਬੇਸਮਝ ਕੌਮਾਂ ਦੇ ਰਾਹੀਂ ਗੁੱਸਾ ਦੇਵਾਵਾਂਗਾ ।” ਯਸਾਯਾਹ ਨਬੀ ਨੇ ਤਾਂ ਖੁੱਲ੍ਹੇ ਸ਼ਬਦਾਂ ਵਿੱਚ ਇੱਥੋਂ ਤੱਕ ਕਿਹਾ, “ਜਿਹੜੇ ਮੇਰੀ ਖੋਜ ਵਿੱਚ ਨਹੀਂ ਸਨ, ਉਹਨਾਂ ਨੇ ਮੈਨੂੰ ਲੱਭ ਲਿਆ, ਜਿਹਨਾਂ ਨੇ ਮੈਨੂੰ ਪੁੱਛਿਆ ਵੀ ਨਹੀਂ, ਮੈਂ ਉਹਨਾਂ ਉੱਤੇ ਪ੍ਰਗਟ ਹੋਇਆ ।” ਪਰ ਇਸਰਾਏਲ ਦੇ ਬਾਰੇ ਉਹਨਾਂ ਨੇ ਕਿਹਾ, “ਇਸ ਅਵੱਗਿਆਕਾਰ ਅਤੇ ਵਿਦਰੋਹੀ ਕੌਮ ਦੇ ਵੱਲ ਮੈਂ ਹਮੇਸ਼ਾ ਆਪਣੇ ਹੱਥ ਵਧਾਉਂਦਾ ਰਿਹਾ ਹਾਂ ।” ਹੁਣ ਮੇਰਾ ਪ੍ਰਸ਼ਨ ਇਹ ਹੈ, ਕੀ ਪਰਮੇਸ਼ਰ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਤਿਆਗ ਦਿੱਤਾ ਹੈ? ਨਹੀਂ! ਕਿਉਂਕਿ ਮੈਂ ਆਪ ਵੀ ਇੱਕ ਇਸਰਾਏਲੀ ਹਾਂ । ਮੈਂ ਅਬਰਾਹਾਮ ਦੀ ਸੰਤਾਨ ਹਾਂ ਅਤੇ ਬਿਨਯਾਮੀਨ ਦੀ ਕੁਲ ਵਿੱਚੋਂ ਹਾਂ । ਪਰਮੇਸ਼ਰ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਜਿਹਨਾਂ ਨੂੰ ਉਹਨਾਂ ਨੇ ਸ਼ੁਰੂ ਤੋਂ ਹੀ ਚੁਣਿਆ ਹੈ, ਤਿਆਗਿਆ ਨਹੀਂ ਹੈ । ਤੁਸੀਂ ਜਾਣਦੇ ਹੀ ਹੋ ਕਿ ਪਵਿੱਤਰ-ਗ੍ਰੰਥ ਵਿੱਚ ਏਲੀਯਾਹ ਨਬੀ ਇਸਰਾਏਲ ਕੌਮ ਦੇ ਵਿਰੁੱਧ ਪਰਮੇਸ਼ਰ ਅੱਗੇ ਬੇਨਤੀ ਕਰਦਾ ਹੈ, “ਪ੍ਰਭੂ ਜੀ, ਉਹਨਾਂ ਨੇ ਤੁਹਾਡੇ ਨਬੀਆਂ ਨੂੰ ਕਤਲ ਕਰ ਦਿੱਤਾ ਹੈ । ਉਹਨਾਂ ਨੇ ਤੁਹਾਡੀਆਂ ਵੇਦੀਆਂ ਨੂੰ ਢਾਹ ਦਿੱਤਾ ਹੈ । ਬਸ, ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੈਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।” ਪਰ ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਰ ਨੇ ਉਸ ਨੂੰ ਕੀ ਉੱਤਰ ਦਿੱਤਾ ਸੀ? ਪਰਮੇਸ਼ਰ ਨੇ ਕਿਹਾ, “ਮੈਂ ਆਪਣੇ ਲਈ ਸੱਤ ਹਜ਼ਾਰ ਆਦਮੀ ਸੁਰੱਖਿਅਤ ਰੱਖੇ ਹੋਏ ਹਨ ਜਿਹਨਾਂ ਨੇ ਝੂਠੇ ਬਆਲ ਦੇਵਤਾ ਦੇ ਸਾਹਮਣੇ ਗੋਡੇ ਨਹੀਂ ਟੇਕੇ ।” ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਥੋੜ੍ਹੇ ਜਿਹੇ ਲੋਕ ਹਨ ਜਿਹੜੇ ਪਰਮੇਸ਼ਰ ਦੀ ਕਿਰਪਾ ਦੁਆਰਾ ਚੁਣੇ ਗਏ ਹਨ । ਇਸ ਚੋਣ ਦਾ ਆਧਾਰ ਪਰਮੇਸ਼ਰ ਦੀ ਕਿਰਪਾ ਹੈ, ਆਦਮੀ ਦੇ ਕੰਮ ਨਹੀਂ । ਕਿਉਂਕਿ ਜੇਕਰ ਇਸ ਚੋਣ ਦਾ ਆਧਾਰ ਕੰਮ ਹੋਣ ਤਾਂ ਪਰਮੇਸ਼ਰ ਦੀ ਕਿਰਪਾ, ਕਿਰਪਾ ਨਹੀਂ ਹੈ । ਤਾਂ ਫਿਰ ਕੀ ਹੋਇਆ? ਇਸਰਾਏਲ ਕੌਮ ਜਿਸ ਦੀ ਖੋਜ ਵਿੱਚ ਸੀ, ਉਹ ਉਸ ਨੂੰ ਨਾ ਮਿਲੀ । ਪਰ ਥੋੜ੍ਹੇ ਚੁਣਿਆਂ ਹੋਇਆਂ ਨੂੰ ਉਹ ਮਿਲ ਗਈ । ਕਿਉਂਕਿ ਬਾਕੀ ਸਭ ਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਅਤੇ ਦਿਮਾਗਾਂ ਨੂੰ ਸੁੰਨ ਕਰ ਦਿੱਤਾ । ਉਹਨਾਂ ਨੂੰ ਅੱਜ ਦੇ ਦਿਨ ਤੱਕ ਇਹੋ ਜਿਹੀਆਂ ਅੱਖਾਂ ਦਿੱਤੀਆਂ ਜੋ ਨਾ ਦੇਖਣ ਅਤੇ ਇਹੋ ਜਿਹੇ ਕੰਨ ਦਿੱਤੇ ਜੋ ਨਾ ਸੁਣਨ ।” ਦਾਊਦ ਨੇ ਵੀ ਕਿਹਾ ਹੈ: “ਉਹਨਾਂ ਦਾ ਭੋਜਨ ਉਹਨਾਂ ਲਈ ਫੰਦਾ ਅਤੇ ਜਾਲ ਬਣ ਜਾਵੇ, ਉਹ ਉਹਨਾਂ ਦੇ ਲਈ ਠੋਕਰ ਅਤੇ ਸਜ਼ਾ ਦਾ ਕਾਰਨ ਹੋਣ । ਉਹਨਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਕਿ ਉਹ ਦੇਖ ਨਾ ਸਕਣ, ਉਹਨਾਂ ਦੇ ਲੱਕ ਹਮੇਸ਼ਾ ਝੁਕੇ ਰਹਿਣ ।” ਫਿਰ ਮੈਂ ਪੁੱਛਦਾ ਹਾਂ, ਕੀ ਇਸਰਾਏਲ ਦਾ ਠੋਕਰ ਖਾਣਾ ਇੰਨਾਂ ਬੁਰਾ ਹੈ ਕਿ ਉਸ ਦਾ ਸੁਧਾਰ ਨਹੀਂ ਹੋ ਸਕਦਾ? ਨਹੀਂ! ਇਹ ਸੱਚ ਨਹੀਂ ਹੈ! ਕਿਉਂਕਿ ਇਸਰਾਏਲ ਦਾ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਦੇ ਕਾਰਨ ਪਰਾਈਆਂ ਕੌਮਾਂ ਨੂੰ ਮੁਕਤੀ ਮਿਲੀ ਹੈ ਕਿ ਇਸਰਾਏਲ ਉਹਨਾਂ ਤੋਂ ਈਰਖਾ ਕਰੇ । ਪਰ ਜੇਕਰ ਇਸ ਤਰ੍ਹਾਂ ਯਹੂਦੀਆਂ ਦਾ ਪਾਪ ਸੰਸਾਰ ਦੇ ਲਈ ਅਸੀਸਾਂ ਦਾ ਕਾਰਨ ਬਣਿਆ ਅਤੇ ਉਹਨਾਂ ਦੀ ਅਸਫਲਤਾ ਪਰਾਈਆਂ ਕੌਮਾਂ ਦੇ ਲਈ ਅਸੀਸਾਂ ਦਾ ਕਾਰਨ ਬਣੀ ਤਾਂ ਫਿਰ ਸਾਰੀ ਇਸਰਾਏਲ ਕੌਮ ਦਾ ਵਾਪਸ ਮੁੜਨਾ ਕਿੰਨੀਆਂ ਜ਼ਿਆਦਾ ਅਸੀਸਾਂ ਦਾ ਕਾਰਨ ਹੋਵੇਗਾ! ਹੁਣ ਮੈਂ ਪਰਾਈਆਂ ਕੌਮਾਂ ਨੂੰ ਕਹਿੰਦਾ ਹਾਂ ਕਿ ਜਦ ਕਿ ਮੈਂ ਤੁਹਾਡੇ ਲਈ ਪਰਮੇਸ਼ਰ ਵੱਲੋਂ ਰਸੂਲ ਚੁਣਿਆ ਗਿਆ ਹਾਂ, ਮੈਨੂੰ ਇਸ ਉੱਤੇ ਮਾਣ ਹੈ । ਹੋ ਸਕਦਾ ਹੈ ਕਿ ਇਸ ਤਰ੍ਹਾਂ ਹੀ ਮੈਂ ਆਪਣੀ ਯਹੂਦੀ ਕੌਮ ਵਿੱਚ ਈਰਖਾ ਦੀ ਭਾਵਨਾ ਪੈਦਾ ਕਰਾਂ ਅਤੇ ਉਹਨਾਂ ਵਿੱਚੋਂ ਕਈਆਂ ਨੂੰ ਮੁਕਤੀ ਦੇ ਸਕਾਂ । ਕਿਉਂਕਿ ਜੇਕਰ ਉਹਨਾਂ ਦੇ ਤਿਆਗੇ ਜਾਣ ਰਾਹੀਂ ਬਾਕੀ ਸੰਸਾਰ ਦਾ ਪਰਮੇਸ਼ਰ ਨਾਲ ਮੇਲ ਹੋਇਆ ਤਾਂ ਫਿਰ ਉਹਨਾਂ ਦੇ ਮਿਲਾਪ ਦੁਆਰਾ ਕੀ ਕੁਝ ਹੋਵੇਗਾ? ਇਹ ਮੁਰਦਿਆਂ ਲਈ ਜੀਵਨ ਹੋਵੇਗਾ! ਜੇਕਰ ਗੁੰਨ੍ਹੇ ਹੋਏ ਆਟੇ ਦਾ ਪਹਿਲਾ ਅਰਪਿਤ ਪੇੜਾ ਪਵਿੱਤਰ ਹੈ ਤਾਂ ਸਾਰਾ ਆਟਾ ਪਵਿੱਤਰ ਹੈ । ਇਸੇ ਤਰ੍ਹਾਂ ਜੇਕਰ ਰੁੱਖ ਦੀ ਜੜ੍ਹ ਪਵਿੱਤਰ ਹੈ ਤਾਂ ਸਾਰੀਆਂ ਟਹਿਣੀਆਂ ਵੀ ਪਵਿੱਤਰ ਹਨ । ਜ਼ੈਤੂਨ ਦੇ ਰੁੱਖ ਦੀਆਂ ਕੁਝ ਟਹਿਣੀਆਂ ਟੁੱਟ ਗਈਆਂ ਅਤੇ ਉਹਨਾਂ ਦੀ ਥਾਂ ਤੁਸੀਂ, ਜੰਗਲੀ ਜ਼ੈਤੂਨ ਦੀਆਂ ਟਹਿਣੀਆਂ ਵਾਂਗ ਪਿਓਂਦ ਲਾ ਦਿੱਤੇ ਗਏ ਅਤੇ ਇਸ ਤਰ੍ਹਾਂ ਤੁਸੀਂ ਅਸਲੀ ਜ਼ੈਤੂਨ ਦੀ ਜੜ੍ਹ ਅਤੇ ਤਣੇ ਦੇ ਰਸ ਦੇ ਹਿੱਸੇਦਾਰ ਬਣੇ । ਉਹਨਾਂ ਟਹਿਣੀਆਂ ਉੱਤੇ ਹੰਕਾਰ ਨਾ ਕਰਨਾ ਪਰ ਜੇਕਰ ਹੰਕਾਰ ਕਰਨਾ ਹੀ ਚਾਹੋ ਤਾਂ ਇਹ ਯਾਦ ਰੱਖਣਾ ਕਿ ਤੁਸੀਂ ਜੜ੍ਹ ਉੱਤੇ ਨਿਰਭਰ ਹੋ, ਨਾ ਕਿ ਜੜ੍ਹ ਤੁਹਾਡੇ ਉੱਤੇ । ਪਰ ਤੂੰ ਇਸ ਤਰ੍ਹਾਂ ਜ਼ਰੂਰ ਕਹੇਂਗਾ, “ਹਾਂ, ਪਰ ਟਹਿਣੀਆਂ ਇਸੇ ਲਈ ਤਾਂ ਤੋੜੀਆਂ ਗਈਆਂ ਕਿ ਮੇਰੀ ਉਸ ਨਾਲ ਪਿਓਂਦ ਲਾਈ ਜਾ ਸਕੇ ।” ਇਹ ਠੀਕ ਹੈ । ਉਹ ਤੋੜੇ ਗਏ ਕਿਉਂਕਿ ਉਹਨਾਂ ਨੇ ਵਿਸ਼ਵਾਸ ਨਾ ਕੀਤਾ । ਪਰ ਤੂੰ ਕਾਇਮ ਹੈਂ ਕਿਉਂਕਿ ਤੂੰ ਵਿਸ਼ਵਾਸ ਕੀਤਾ । ਪਰ ਇਸ ਉੱਤੇ ਹੰਕਾਰ ਨਾ ਕਰ, ਸਗੋਂ ਡਰ । ਕਿਉਂਕਿ ਜੇਕਰ ਪਰਮੇਸ਼ਰ ਨੇ ਉਹਨਾਂ ਅਸਲੀ ਟਹਿਣੀਆਂ ਭਾਵ ਯਹੂਦੀਆਂ ਦਾ ਲਿਹਾਜ਼ ਨਹੀਂ ਕੀਤਾ ਤਾਂ ਉਹ ਤੇਰਾ ਕਿਸ ਤਰ੍ਹਾਂ ਕਰਨਗੇ? ਪਰਮੇਸ਼ਰ ਦੀ ਕਿਰਪਾਲਤਾ ਅਤੇ ਕਠੋਰਤਾ ਦੋਨਾਂ ਉੱਤੇ ਧਿਆਨ ਦੇਵੋ । ਉਹ ਉਹਨਾਂ ਦੇ ਨਾਲ ਕਠੋਰ ਹਨ ਜੋ ਡਿੱਗ ਗਏ ਹਨ ਪਰ ਤੁਹਾਡੇ ਉੱਤੇ ਕਿਰਪਾਲੂ ਹਨ ਜੇਕਰ ਤੁਸੀਂ ਉਹਨਾਂ ਦੀ ਕਿਰਪਾ ਦੇ ਪਾਤਰ ਬਣੇ ਰਹੋ, ਨਹੀਂ ਤਾਂ ਤੁਸੀਂ ਵੀ ਕੱਟ ਦਿੱਤੇ ਜਾਵੋਗੇ । ਇਸੇ ਤਰ੍ਹਾਂ ਜੇਕਰ ਯਹੂਦੀ ਆਪਣੇ ਅਵਿਸ਼ਵਾਸ ਨੂੰ ਤਿਆਗ ਦੇਣ ਤਾਂ ਉਹਨਾਂ ਨੂੰ ਫਿਰ ਪਿਓਂਦ ਲਾਈ ਜਾ ਸਕਦੀ ਹੈ ਕਿਉਂਕਿ ਪਰਮੇਸ਼ਰ ਫਿਰ ਪਿਓਂਦ ਲਾਉਣ ਦੇ ਯੋਗ ਹਨ । ਕਿਉਂਕਿ ਜੇਕਰ ਤੁਸੀਂ ਜਿਹੜੇ ਜੰਗਲੀ ਜ਼ੈਤੂਨ ਦੀਆਂ ਟਹਿਣੀਆਂ ਵਰਗੇ ਹੋ ਅਤੇ ਵੱਢੇ ਜਾਣ ਦੇ ਬਾਅਦ ਅਸਲੀ ਜ਼ੈਤੂਨ ਦੇ ਨਾਲ ਪਿਓਂਦ ਕੀਤੇ ਗਏ ਹੋ ਤਾਂ ਯਹੂਦੀ, ਜਿਹੜੇ ਅਸਲੀ ਜ਼ੈਤੂਨ ਦੀਆਂ ਟਹਿਣੀਆਂ ਵਰਗੇ ਹਨ, ਪਰਮੇਸ਼ਰ ਦੇ ਲਈ ਉਹਨਾਂ ਦੀ ਆਪਣੇ ਹੀ ਰੁੱਖ ਨਾਲ ਪਿਓਂਦ ਲਾਉਣੀ ਕਿੰਨੀ ਸੌਖੀ ਹੋਵੇਗੀ । ਮੇਰੇ ਭਰਾਵੋ ਅਤੇ ਭੈਣੋ, ਇਹ ਇੱਕ ਗਹਿਰਾ ਭੇਤ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣੋ । ਇਹ ਤੁਹਾਨੂੰ ਆਪਣੇ ਆਪ ਨੂੰ ਬਹੁਤ ਬੁੱਧੀਮਾਨ ਸਮਝਣ ਦੇ ਹੰਕਾਰ ਤੋਂ ਬਚਾਵੇਗਾ । ਇਹ ਭੇਤ ਇਹ ਹੈ ਕਿ ਇਸਰਾਏਲ ਦੇ ਦਿਲਾਂ ਦੀ ਕਠੋਰਤਾ ਹਮੇਸ਼ਾ ਤੱਕ ਨਹੀਂ ਰਹੇਗੀ । ਇਹ ਬਹੁਤ ਸਾਰੀਆਂ ਪਰਾਈਆਂ ਕੌਮਾਂ ਦੇ ਮਸੀਹ ਦੇ ਕੋਲ ਆਉਣ ਤੱਕ ਰਹੇਗੀ । ਇਸ ਤਰ੍ਹਾਂ ਸਾਰੀ ਇਸਰਾਏਲ ਕੌਮ ਨੂੰ ਮੁਕਤੀ ਮਿਲੇਗੀ । ਇਸ ਬਾਰੇ ਪਵਿੱਤਰ-ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ: “ਸੀਯੋਨ ਤੋਂ ਮੁਕਤੀਦਾਤਾ ਆਵੇਗਾ, ਉਹ ਯਾਕੂਬ ਦੀ ਸੰਤਾਨ ਦਾ ਸਾਰਾ ਅਵਿਸ਼ਵਾਸ ਦੂਰ ਕਰੇਗਾ । ਮੈਂ ਉਹਨਾਂ ਦੇ ਨਾਲ ਇੱਕ ਨੇਮ ਬੰਨ੍ਹਾਂਗਾ, ਜਦੋਂ ਮੈਂ ਉਹਨਾਂ ਦੇ ਸਾਰੇ ਪਾਪਾਂ ਨੂੰ ਦੂਰ ਕਰਾਂਗਾ ।” ਜਿੱਥੋਂ ਤੱਕ ਸ਼ੁਭ ਸਮਾਚਾਰ ਦਾ ਪ੍ਰਸ਼ਨ ਹੈ, ਯਹੂਦੀ ਲੋਕ ਤੁਹਾਡੀ ਖ਼ਾਤਰ ਇਸ ਸਮੇਂ ਪਰਮੇਸ਼ਰ ਦੇ ਵੈਰੀ ਹਨ, ਪਰ ਆਪਣੀ ਚੋਣ ਦੇ ਕਾਰਨ ਅਤੇ ਪੁਰਖਿਆਂ ਦੀ ਖ਼ਾਤਰ ਉਹ ਉਹਨਾਂ ਨੂੰ ਅਜੇ ਵੀ ਪਿਆਰ ਕਰਦੇ ਹਨ । ਕਿਉਂਕਿ ਪਰਮੇਸ਼ਰ ਦੇ ਵਾਅਦੇ ਅਤੇ ਬੁਲਾਵੇ ਹਮੇਸ਼ਾ ਅਟੱਲ ਹਨ । ਤੁਸੀਂ ਵੀ ਜਿਹੜੇ ਪਰਾਈਆਂ ਕੌਮਾਂ ਦੇ ਹੋ, ਭੂਤਕਾਲ ਵਿੱਚ ਪਰਮੇਸ਼ਰ ਦੇ ਅਵੱਗਿਆਕਾਰ ਰਹੇ ਹੋ ਪਰ ਹੁਣ ਤੁਹਾਨੂੰ ਪਰਮੇਸ਼ਰ ਦੀ ਦਇਆ ਦਾ ਵਰਦਾਨ ਮਿਲਿਆ ਹੈ ਕਿਉਂਕਿ ਯਹੂਦੀ ਲੋਕ ਪਰਮੇਸ਼ਰ ਦੇ ਅਵੱਗਿਆਕਾਰੀ ਹਨ । ਇਸੇ ਤਰ੍ਹਾਂ ਉਸ ਕਿਰਪਾ ਦੇ ਕਾਰਨ ਜਿਹੜੀ ਤੁਹਾਨੂੰ ਮਿਲੀ ਹੈ, ਯਹੂਦੀਆਂ ਨੇ ਪਰਮੇਸ਼ਰ ਦੀ ਅਵੱਗਿਆ ਕੀਤੀ ਹੈ ਕਿ ਉਹ ਵੀ ਪਰਮੇਸ਼ਰ ਦੀ ਕਿਰਪਾ ਦਾ ਵਰਦਾਨ ਪ੍ਰਾਪਤ ਕਰਨ । ਕਿਉਂਕਿ ਪਰਮੇਸ਼ਰ ਨੇ ਸਭ ਲੋਕਾਂ ਨੂੰ ਅਵੱਗਿਆ ਦੇ ਕੈਦੀ ਬਣਾਇਆ ਹੈ ਕਿ ਉਹ ਸਭ ਉੱਤੇ ਆਪਣੀ ਕਿਰਪਾ ਪ੍ਰਗਟ ਕਰ ਸਕਣ । ਪਰਮੇਸ਼ਰ ਦੀਆਂ ਅਸੀਸਾਂ ਕਿੰਨੀਆਂ ਮਹਾਨ ਹਨ! ਉਹਨਾਂ ਦੀ ਬੁੱਧ ਅਤੇ ਗਿਆਨ ਕਿੰਨੇ ਡੂੰਘੇ ਹਨ! ਉਹਨਾਂ ਦੇ ਫ਼ੈਸਲਿਆਂ ਦਾ ਭੇਤ ਕੌਣ ਪਾ ਸਕਦਾ ਹੈ? ਉਹਨਾਂ ਦੇ ਰਾਹਾਂ ਨੂੰ ਕੌਣ ਸਮਝ ਸਕਦਾ ਹੈ? ਪਵਿੱਤਰ-ਗ੍ਰੰਥ ਇਸ ਬਾਰੇ ਕਹਿੰਦਾ ਹੈ, “ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਹੈ? ਕੌਣ ਉਹਨਾਂ ਦਾ ਸਲਾਹਕਾਰ ਹੋ ਸਕਦਾ ਹੈ? ਕਿਸ ਨੇ ਉਹਨਾਂ ਨੂੰ ਕਦੀ ਕੁਝ ਦਿੱਤਾ ਹੈ, ਕਿ ਉਹਨਾਂ ਤੋਂ ਓਨ੍ਹਾਂ ਹੀ ਵਾਪਸ ਲਵੇ?” ਉਹ ਹੀ ਸਭ ਚੀਜ਼ਾਂ ਦੇ ਸਿਰਜਨਹਾਰ ਹਨ, ਉਹਨਾਂ ਦੇ ਦੁਆਰਾ ਸਭ ਚੀਜ਼ਾਂ ਦੀ ਹੋਂਦ ਹੈ, ਉਹਨਾਂ ਦੇ ਲਈ ਹੀ ਸਭ ਚੀਜ਼ਾਂ ਹਨ । ਪਰਮੇਸ਼ਰ ਦੀ ਵਡਿਆਈ ਅਨੰਤ ਕਾਲ ਤੱਕ ਹੋਵੇ! ਆਮੀਨ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪਰਮੇਸ਼ਰ ਦੀ ਮਹਾਨ ਦਇਆ ਨੂੰ ਯਾਦ ਕਰਵਾਉਂਦੇ ਹੋਏ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਪਰਮੇਸ਼ਰ ਦੇ ਸਾਹਮਣੇ ਜਿਊਂਦਾ, ਪਵਿੱਤਰ ਅਤੇ ਮਨਭਾਉਂਦੇ ਰੂਪ ਵਿੱਚ ਬਲੀਦਾਨ ਚੜ੍ਹਾਓ ਕਿਉਂਕਿ ਇਹ ਹੀ ਤੁਹਾਡੀ ਸੱਚੀ ਭਗਤੀ ਹੈ । ਆਪਣੇ ਆਪ ਨੂੰ ਸੰਸਾਰ ਵਰਗੇ ਨਾ ਬਣਾਓ ਸਗੋਂ ਅੰਦਰੋਂ ਬਦਲਦੇ ਜਾਵੋ ਤਾਂ ਜੋ ਤੁਹਾਡਾ ਮਨ ਨਵਾਂ ਹੋ ਜਾਵੇ ਅਤੇ ਤੁਸੀਂ ਪਰਮੇਸ਼ਰ ਦੀ ਇੱਛਾ ਨੂੰ ਸਮਝ ਸਕੋ ਕਿ ਉਹਨਾਂ ਦੇ ਸਾਹਮਣੇ ਭਲਾ, ਮਨਭਾਉਂਦਾ ਅਤੇ ਸੰਪੂਰਨ ਕੀ ਹੈ । ਉਸ ਕਿਰਪਾ ਦੇ ਵਰਦਾਨ ਦੇ ਕਾਰਨ ਜੋ ਮੈਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਹਾਂ, ਆਪਣੇ ਆਪ ਨੂੰ ਜਿੰਨੇ ਤੁਸੀਂ ਹੋ, ਉਸ ਤੋਂ ਜ਼ਿਆਦਾ ਨਾ ਸਮਝੋ । ਸਗੋਂ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਬਾਰੇ ਪਰਮੇਸ਼ਰ ਦੇ ਦਿੱਤੇ ਹੋਏ ਵਿਸ਼ਵਾਸ ਦੇ ਨਾਪ ਦੇ ਅਨੁਸਾਰ ਸ਼ਾਂਤ ਮਨ ਨਾਲ ਸੋਚੇ । ਸਾਡੇ ਸਰੀਰ ਦੇ ਬਹੁਤ ਸਾਰੇ ਅੰਗ ਹਨ ਅਤੇ ਉਹਨਾਂ ਸਾਰਿਆਂ ਦੇ ਵੱਖ ਵੱਖ ਕੰਮ ਹਨ । ਇਸੇ ਤਰ੍ਹਾਂ ਭਾਵੇਂ ਅਸੀਂ ਗਿਣਤੀ ਵਿੱਚ ਕਿੰਨੇ ਹੀ ਹਾਂ ਪਰ ਅਸੀਂ ਸਾਰੇ ਮਸੀਹ ਵਿੱਚ ਇੱਕ ਹੋ ਕੇ ਇੱਕ ਸਰੀਰ ਹਾਂ ਅਤੇ ਇਸ ਤਰ੍ਹਾਂ ਇੱਕ ਸਰੀਰ ਦੇ ਵੱਖ ਵੱਖ ਅੰਗ ਹੋਣ ਕਰ ਕੇ ਅਸੀਂ ਇੱਕ ਦੂਜੇ ਨਾਲ ਜੁੜੇ ਹੋਏ ਹਾਂ । ਪਰਮੇਸ਼ਰ ਤੋਂ ਮਿਲੀ ਕਿਰਪਾ ਦੇ ਕਾਰਨ ਸਾਡੇ ਸਾਰਿਆਂ ਦੇ ਵੱਖ ਵੱਖ ਵਰਦਾਨ ਹਨ । ਇਸ ਲਈ ਜੇਕਰ ਸਾਡਾ ਵਰਦਾਨ ਪਰਮੇਸ਼ਰ ਦੇ ਸੰਦੇਸ਼ ਨੂੰ ਪ੍ਰਚਾਰ ਕਰਨ ਦਾ ਹੈ ਤਾਂ ਸਾਨੂੰ ਆਪਣੇ ਵਿਸ਼ਵਾਸ ਦੇ ਅਨੁਸਾਰ ਕਰਨਾ ਚਾਹੀਦਾ ਹੈ । ਜੇਕਰ ਇਹ ਦੂਜਿਆਂ ਦੀ ਸੇਵਾ ਕਰਨ ਦਾ ਹੈ ਤਾਂ ਸਾਨੂੰ ਸੇਵਾ ਕਰਨੀ ਚਾਹੀਦੀ ਹੈ । ਜੇਕਰ ਇਹ ਸਿੱਖਿਆ ਦੇਣ ਦਾ ਹੈ ਤਾਂ ਸਾਨੂੰ ਸਿੱਖਿਆ ਦੇਣੀ ਚਾਹੀਦੀ ਹੈ । ਜੇਕਰ ਸਾਡਾ ਵਰਦਾਨ ਦੂਜਿਆਂ ਨੂੰ ਉਤਸ਼ਾਹ ਦੇਣ ਦਾ ਹੈ, ਸਾਨੂੰ ਇਸੇ ਤਰ੍ਹਾਂ ਕਰਨਾ ਚਾਹੀਦਾ ਹੈ । ਇਸੇ ਤਰ੍ਹਾਂ ਜੋ ਦਾਨੀ ਹੈ, ਉਹ ਦਿਲ ਖੋਲ੍ਹ ਕੇ ਦਾਨ ਕਰੇ; ਜੋ ਆਗੂ ਹੈ, ਉਹ ਮਿਹਨਤ ਨਾਲ ਅਗਵਾਈ ਕਰੇ ਅਤੇ ਜੋ ਦਇਆ ਕਰਨ ਵਾਲਾ ਹੈ, ਉਹ ਖ਼ੁਸ਼ੀ ਖ਼ੁਸ਼ੀ ਦਇਆ ਕਰੇ । ਪਿਆਰ ਸੱਚੇ ਦਿਲ ਨਾਲ ਕਰੋ । ਬੁਰਾਈ ਨੂੰ ਘਿਰਣਾ ਕਰੋ । ਸੱਚ ਨਾਲ ਜੁੜੇ ਰਹੋ । ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ । ਆਦਰ ਕਰਨ ਵਿੱਚ ਇੱਕ ਦੂਜੇ ਨਾਲੋਂ ਅੱਗੇ ਵਧੋ । ਆਪਣੇ ਉਤਸ਼ਾਹ ਨੂੰ ਠੰਡਾ ਨਾ ਹੋਣ ਦਿਓ, ਆਤਮਿਕ ਤੌਰ ਤੇ ਸੁਚੇਤ ਰਹੋ ਅਤੇ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ । ਆਪਣੀ ਆਸ ਵਿੱਚ ਖ਼ੁਸ਼ ਰਹੋ । ਦੁੱਖ ਵਿੱਚ ਧੀਰਜਵਾਨ ਬਣੋ, ਅਤੇ ਹਰ ਸਮੇਂ ਪ੍ਰਾਰਥਨਾ ਵਿੱਚ ਲੱਗੇ ਰਹੋ । ਆਪਣੇ ਲੋੜਵੰਦ ਵਿਸ਼ਵਾਸੀ ਭਰਾਵਾਂ ਦੇ ਸਾਂਝੀ ਬਣੋ ਅਤੇ ਪਰਦੇਸੀਆਂ ਲਈ ਆਪਣੇ ਘਰਾਂ ਦੇ ਦਰਵਾਜ਼ੇ ਖੁੱਲ੍ਹੇ ਰੱਖੋ । ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦੇਵੋ, ਨਾ ਕਿ ਸਰਾਪ । ਜਿਹੜੇ ਅਨੰਦ ਵਿੱਚ ਹਨ, ਉਹਨਾਂ ਨਾਲ ਮਿਲ ਕੇ ਅਨੰਦ ਮਨਾਵੋ ਅਤੇ ਜਿਹੜੇ ਸੋਗ ਵਿੱਚ ਹਨ, ਉਹਨਾਂ ਨਾਲ ਮਿਲ ਕੇ ਸੋਗ ਕਰੋ । ਇੱਕ ਦੂਜੇ ਨਾਲ ਮਿਲ ਕੇ ਰਹੋ । ਹੰਕਾਰ ਨਾ ਕਰੋ । ਸਗੋਂ ਘੱਟ ਸਮਝੇ ਜਾਣ ਵਾਲਿਆਂ ਨਾਲ ਮਿਲ ਜੁਲ ਕੇ ਰਹੋ । ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੋ । ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੋ । ਸਗੋਂ ਜਿਹਨਾਂ ਗੱਲਾਂ ਨੂੰ ਸਭ ਲੋਕ ਚੰਗਾ ਸਮਝਦੇ ਹਨ, ਉਹਨਾਂ ਨੂੰ ਕਰੋ । ਆਪਣੇ ਵੱਲੋਂ ਹਰ ਇੱਕ ਦੇ ਨਾਲ ਸ਼ਾਂਤੀ ਪੂਰਵਕ ਰਹਿਣ ਦੀ ਕੋਸ਼ਿਸ਼ ਕਰੋ । ਮੇਰੇ ਮਿੱਤਰੋ, ਬਦਲਾ ਨਾ ਲਵੋ ਸਗੋਂ ਪਰਮੇਸ਼ਰ ਨੂੰ ਇਹ ਕੰਮ ਕਰਨ ਦੇਵੋ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਬਦਲਾ ਲੈਣਾ ਮੇਰਾ ਕੰਮ ਹੈ । ਮੈਂ ਬਦਲਾ ਲਵਾਂਗਾ, ਇਹ ਪ੍ਰਭੂ ਦਾ ਵਚਨ ਹੈ ।” ਸਗੋਂ ਜਿਵੇਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਤੇਰਾ ਵੈਰੀ ਭੁੱਖਾ ਹੈ ਤਾਂ ਉਸ ਨੂੰ ਭੋਜਨ ਦੇ । ਜੇਕਰ ਪਿਆਸਾ ਹੈ ਤਾਂ ਪਾਣੀ ਦੇ । ਕਿਉਂਕਿ ਇਸ ਤਰ੍ਹਾਂ ਤੂੰ ਉਸ ਦੇ ਸਿਰ ਦੇ ਉੱਤੇ ਬਲਦੇ ਕੋਲਿਆਂ ਦਾ ਢੇਰ ਲਾਵੇਂਗਾ ।” ਬੁਰਾਈ ਨੂੰ ਆਪਣੇ ਉੱਤੇ ਜੇਤੂ ਨਾ ਹੋਣ ਦਿਓ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ । ਹਰ ਮਨੁੱਖ ਸਰਕਾਰੀ ਅਧਿਕਾਰੀਆਂ ਦੇ ਅਧੀਨ ਰਹੇ, ਕਿਉਂਕਿ ਕੋਈ ਵੀ ਅਧਿਕਾਰ ਪਰਮੇਸ਼ਰ ਦੀ ਆਗਿਆ ਦੇ ਬਿਨਾਂ ਨਹੀਂ ਹੈ । ਵਰਤਮਾਨ ਸਰਕਾਰਾਂ ਵੀ ਪਰਮੇਸ਼ਰ ਦੁਆਰਾ ਹੀ ਨਿਯੁਕਤ ਕੀਤੀਆਂ ਗਈਆਂ ਹਨ । ਇਸ ਲਈ ਜੋ ਕੋਈ ਵੀ ਸਰਕਾਰ ਦਾ ਵਿਰੋਧ ਕਰਦਾ ਹੈ, ਉਹ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕਰਦਾ ਹੈ । ਜੋ ਇਸ ਤਰ੍ਹਾਂ ਕਰਦੇ ਹਨ, ਉਹ ਸਜ਼ਾ ਪਾਉਣਗੇ । ਅਧਿਕਾਰੀ ਚੰਗੇ ਲੋਕਾਂ ਲਈ ਡਰ ਦਾ ਕਾਰਨ ਨਹੀਂ, ਸਗੋਂ ਬੁਰਿਆਂ ਲਈ ਹਨ । ਕੀ ਤੁਸੀਂ ਅਧਿਕਾਰੀਆਂ ਦੇ ਡਰ ਤੋਂ ਦੂਰ ਰਹਿਣਾ ਚਾਹੁੰਦੇ ਹੋ? ਇਸ ਲਈ ਚੰਗੇ ਕੰਮ ਕਰੋ ਤਾਂ ਜੋ ਉਹ ਤੁਹਾਡੀ ਸ਼ਲਾਘਾ ਕਰਨ । ਕਿਉਂਕਿ ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਤੁਹਾਡੀ ਭਲਾਈ ਲਈ ਹਨ । ਪਰ ਜੇਕਰ ਤੁਸੀਂ ਬੁਰਾਈ ਕਰਦੇ ਹੋ ਤਾਂ ਉਹਨਾਂ ਤੋਂ ਡਰੋ, ਕਿਉਂਕਿ ਬੁਰੇ ਨੂੰ ਸਜ਼ਾ ਦੇਣਾ ਉਹਨਾਂ ਦਾ ਕਰਤੱਵ ਹੈ । ਉਹ ਪਰਮੇਸ਼ਰ ਦੇ ਸੇਵਕ ਹਨ ਅਤੇ ਬੁਰੇ ਕੰਮ ਕਰਨ ਵਾਲਿਆਂ ਦੇ ਲਈ ਪਰਮੇਸ਼ਰ ਦੀ ਸਜ਼ਾ ਦੇ ਸਾਧਨ ਹਨ । ਇਸ ਲਈ ਤੁਸੀਂ ਅਧਿਕਾਰੀਆਂ ਦੇ ਹੁਕਮ ਦੀ ਪਾਲਣਾ ਕਰੋ, ਨਾ ਕੇਵਲ ਪਰਮੇਸ਼ਰ ਦੀ ਸਜ਼ਾ ਦੇ ਕਾਰਨ ਸਗੋਂ ਆਪਣੇ ਅੰਤਹਕਰਨ ਦੇ ਕਾਰਨ ਵੀ । ਤੁਸੀਂ ਸਰਕਾਰੀ ਟੈਕਸ ਇਸ ਲਈ ਦਿੰਦੇ ਹੋ ਕਿਉਂਕਿ ਅਧਿਕਾਰੀ ਆਪਣੇ ਕਰਤੱਵ ਨੂੰ ਪੂਰਾ ਕਰ ਕੇ ਪਰਮੇਸ਼ਰ ਲਈ ਕੰਮ ਕਰਦੇ ਹਨ । ਇਸ ਲਈ ਜੋ ਕੁਝ ਵੀ ਤੁਹਾਡੇ ਵੱਲ ਨਿਕਲਦਾ ਹੈ, ਦੇਵੋ । ਜੇਕਰ ਟੈਕਸ ਹਨ, ਤਾਂ ਟੈਕਸ ਦੇਵੋ । ਜਿਹਨਾਂ ਦਾ ਆਦਰ ਕਰਨਾ ਹੈ, ਉਹਨਾਂ ਦਾ ਆਦਰ ਕਰੋ । ਜਿਹਨਾਂ ਦਾ ਸਨਮਾਨ ਕਰਨਾ ਹੈ, ਉਹਨਾਂ ਦਾ ਸਨਮਾਨ ਕਰੋ । ਕਿਸੇ ਚੀਜ਼ ਦੇ ਲਈ ਕਿਸੇ ਦੇ ਕਰਜ਼ਾਈ ਨਾ ਬਣੋ ਸਿਵਾਏ ਇਸ ਦੇ ਕਿ ਇੱਕ ਦੂਜੇ ਨਾਲ ਪਿਆਰ ਕਰੋ । ਕਿਉਂਕਿ ਜੋ ਕੋਈ ਆਪਣੇ ਗੁਆਂਢੀ ਨੂੰ ਪਿਆਰ ਕਰਦਾ ਹੈ, ਉਹ ਵਿਵਸਥਾ ਦੇ ਸਭ ਹੁਕਮਾਂ ਦੀ ਪਾਲਣਾ ਕਰ ਚੁੱਕਾ ਹੈ । ਇਹ ਹੁਕਮ: “ਵਿਭਚਾਰ ਨਾ ਕਰਨਾ, ਕਤਲ ਨਾ ਕਰਨਾ, ਚੋਰੀ ਨਾ ਕਰਨਾ, ਲੋਭ ਨਾ ਕਰਨਾ ।” ਇਹਨਾਂ ਹੁਕਮਾਂ ਦਾ ਅਤੇ ਜੇਕਰ ਹੋਰ ਵੀ ਕੋਈ ਹੈ, ਸਭ ਦਾ ਸਾਰ ਇਸ ਇੱਕ ਹੁਕਮ ਵਿੱਚ ਹੈ, “ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰ ।” ਜੋ ਕੋਈ ਆਪਣੇ ਗੁਆਂਢੀ ਨੂੰ ਪਿਆਰ ਕਰਦਾ ਹੈ, ਉਹ ਉਸ ਦਾ ਬੁਰਾ ਨਹੀਂ ਸੋਚ ਸਕਦਾ । ਇਸ ਲਈ ਪਿਆਰ ਦਾ ਅਰਥ ਹੈ, ਸਾਰੀ ਵਿਵਸਥਾ ਦੀ ਪਾਲਣਾ । ਤੁਸੀਂ ਇਹਨਾਂ ਗੱਲਾਂ ਨੂੰ ਜ਼ਰੂਰ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਕਿਹੜਾ ਸਮਾਂ ਜਾ ਰਿਹਾ ਹੈ । ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਪਹਿਲਾਂ ਨਾਲੋਂ ਨੇੜੇ ਆ ਪਹੁੰਚੀ ਹੈ, ਜਦੋਂ ਅਸੀਂ ਵਿਸ਼ਵਾਸ ਕੀਤਾ ਸੀ । ਰਾਤ ਖ਼ਤਮ ਹੋਣ ਵਾਲੀ ਹੈ ਅਤੇ ਦਿਨ ਨਿਕਲਣ ਵਾਲਾ ਹੈ । ਇਸ ਲਈ ਆਓ, ਅਸੀਂ ਆਪਣੇ ਹਨੇਰੇ ਦੇ ਬੁਰੇ ਕੰਮਾਂ ਨੂੰ ਤਿਆਗ ਕੇ ਚਾਨਣ ਵਿੱਚ ਲੜਨ ਦੇ ਲਈ ਹਥਿਆਰ ਸੰਭਾਲੀਏ । ਸਾਡਾ ਚਰਿੱਤਰ ਚਾਨਣ ਦੇ ਵਿੱਚ ਰਹਿਣ ਦੇ ਯੋਗ ਹੋਵੇ: ਨਾ ਰੰਗ-ਰਲੀਆਂ, ਨਾ ਨਸ਼ੇਬਾਜ਼ੀ, ਨਾ ਵਿਭਚਾਰ, ਨਾ ਗੰਵਾਰਪੁਣਾ, ਨਾ ਝਗੜਾ ਅਤੇ ਨਾ ਈਰਖਾ । ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਪਾਪੀ ਸੁਭਾਅ ਦੀਆਂ ਵਾਸ਼ਨਾਵਾਂ ਦੀ ਪੂਰਤੀ ਦਾ ਧਿਆਨ ਛੱਡ ਦੇਵੋ । ਤੁਸੀਂ ਕਮਜ਼ੋਰ ਵਿਸ਼ਵਾਸ ਵਾਲੇ ਮਨੁੱਖ ਦਾ ਆਦਰ ਕਰੋ । ਉਸ ਦੇ ਨਾਲ ਉਸ ਦੇ ਨਿੱਜੀ ਵਿਚਾਰਾਂ ਬਾਰੇ ਬਹਿਸ ਨਾ ਕਰੋ । ਇੱਕ ਮਨੁੱਖ ਜੋ ਵਿਸ਼ਵਾਸ ਕਰਦਾ ਹੈ ਕਿ ਉਹ ਸਭ ਕੁਝ ਖਾ ਸਕਦਾ ਹੈ ਪਰ ਦੂਜਾ ਮਨੁੱਖ, ਆਪਣੇ ਕਮਜ਼ੋਰ ਵਿਸ਼ਵਾਸ ਦੇ ਕਾਰਨ ਕੇਵਲ ਸਾਗ-ਸਬਜ਼ੀ ਹੀ ਖਾਂਦਾ ਹੈ । ਉਹ ਮਨੁੱਖ ਜੋ ਸਭ ਕੁਝ ਖਾ ਸਕਦਾ ਹੈ, ਉਸ ਨੂੰ ਤੁੱਛ ਨਾ ਜਾਣੇ ਜੋ ਹਰ ਇੱਕ ਚੀਜ਼ ਨਹੀਂ ਖਾ ਸਕਦਾ । ਇਸੇ ਤਰ੍ਹਾਂ ਉਹ ਜੋ ਸਾਗ-ਸਬਜ਼ੀ ਹੀ ਖਾਂਦਾ ਹੈ, ਉਸ ਉੱਤੇ ਦੋਸ਼ ਨਾ ਲਾਵੇ ਜੋ ਸਭ ਕੁਝ ਖਾਂਦਾ ਹੈ ਕਿਉਂਕਿ ਪਰਮੇਸ਼ਰ ਨੇ ਉਸ ਨੂੰ ਸਵੀਕਾਰ ਕੀਤਾ ਹੈ । ਤੂੰ ਕਿਸੇ ਦੂਜੇ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਇਹ ਉਸ ਨੌਕਰ ਦੇ ਮਾਲਕ ਦਾ ਕੰਮ ਹੈ ਕਿ ਉਹ ਦੇਖੇ ਕਿ ਉਹ ਨੌਕਰ ਠੀਕ ਕੰਮ ਕਰਦਾ ਹੈ ਜਾਂ ਗ਼ਲਤ । ਉਹ ਠੀਕ ਹੀ ਕੰਮ ਕਰੇਗਾ ਕਿਉਂਕਿ ਪ੍ਰਭੂ ਉਸ ਨੂੰ ਇਸ ਯੋਗ ਕਰ ਸਕਦੇ ਹਨ । ਕੋਈ ਸਮਝਦਾ ਹੈ ਕਿ ਕੋਈ ਇੱਕ ਦਿਨ ਦੂਜਿਆਂ ਦਿਨਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ ਪਰ ਦੂਜਾ ਸਾਰਿਆਂ ਦਿਨਾਂ ਨੂੰ ਇੱਕੋ ਜਿਹਾ ਸਮਝਦਾ ਹੈ । ਹਰ ਇੱਕ ਨੂੰ ਆਪਣੇ ਮਨ ਦੇ ਵਿਚਾਰਾਂ ਉੱਤੇ ਪੱਕਾ ਭਰੋਸਾ ਹੋਣਾ ਚਾਹੀਦਾ ਹੈ । ਉਹ ਜਿਹੜਾ ਕਿਸੇ ਦਿਨ ਨੂੰ ਮਹੱਤਵਪੂਰਨ ਸਮਝਦਾ ਹੈ, ਉਹ ਪ੍ਰਭੂ ਦੇ ਲਈ ਹੀ ਸਮਝਦਾ ਹੈ । ਇਸੇ ਤਰ੍ਹਾਂ ਉਹ ਜਿਹੜਾ ਜੋ ਕੁਝ ਵੀ ਖਾਂਦਾ ਹੈ, ਉਹ ਪ੍ਰਭੂ ਦੇ ਲਈ ਖਾਂਦਾ ਹੈ ਕਿਉਂਕਿ ਉਹ ਇਸ ਦੇ ਲਈ ਪਰਮੇਸ਼ਰ ਨੂੰ ਧੰਨਵਾਦ ਦਿੰਦਾ ਹੈ; ਪਰ ਜਿਹੜਾ ਕੁਝ ਚੀਜ਼ਾਂ ਨਹੀਂ ਖਾਂਦਾ, ਉਹ ਵੀ ਪ੍ਰਭੂ ਦੇ ਲਈ ਹੀ ਨਹੀਂ ਖਾਂਦਾ ਕਿਉਂਕਿ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ । ਸਾਡੇ ਵਿੱਚੋਂ ਕੋਈ ਵੀ ਨਾ ਤਾਂ ਕੇਵਲ ਆਪਣੇ ਲਈ ਜਿਊਂਦਾ ਹੈ ਅਤੇ ਨਾ ਹੀ ਕੇਵਲ ਆਪਣੇ ਲਈ ਮਰਦਾ ਹੈ । ਜੇਕਰ ਅਸੀਂ ਜਿਊਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਊਂਦੇ ਹਾਂ ਅਤੇ ਜੇਕਰ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ । ਇਸ ਲਈ ਭਾਵੇਂ ਅਸੀਂ ਜਿਊਂਦੇ ਰਹੀਏ ਜਾਂ ਮਰੀਏ, ਦੋਨਾਂ ਹਾਲਤਾਂ ਵਿੱਚ ਅਸੀਂ ਪ੍ਰਭੂ ਦੇ ਹੀ ਹਾਂ । ਕਿਉਂਕਿ ਮਸੀਹ ਇਸੇ ਲਈ ਮਰੇ ਅਤੇ ਜੀਅ ਉੱਠੇ ਕਿ ਉਹ ਜਿਊਂਦਿਆਂ ਅਤੇ ਮੁਰਦਿਆਂ ਦੋਨਾਂ ਦੇ ਪ੍ਰਭੂ ਠਹਿਰਨ । ਜੇਕਰ ਇਹ ਗੱਲ ਹੈ ਤਾਂ ਤੂੰ ਆਪਣੇ ਭਰਾ ਉੱਤੇ ਦੋਸ਼ ਕਿਉਂ ਲਾਉਂਦਾ ਹੈਂ? ਜਾਂ ਤੂੰ ਉਸ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਭ ਪਰਮੇਸ਼ਰ ਦੇ ਨਿਆਂ ਵਾਲੇ ਸਿੰਘਾਸਣ ਦੇ ਸਾਹਮਣੇ ਖੜ੍ਹੇ ਹੋਵਾਂਗੇ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ: “ਪ੍ਰਭੂ ਦਾ ਵਚਨ ਹੈ, ‘ਮੈਨੂੰ ਆਪਣੇ ਜੀਵਨ ਦੀ ਸੌਂਹ ਕਿ ਮੇਰੇ ਸਾਹਮਣੇ ਹਰ ਕੋਈ ਗੋਡਾ ਟੇਕੇਗਾ, ਅਤੇ ਹਰ ਕੋਈ ਮੈਨੂੰ ਆਪਣਾ ਪਰਮੇਸ਼ਰ ਸਵੀਕਾਰ ਕਰੇਗਾ ।’” ਇਸ ਤਰ੍ਹਾਂ ਸਾਡੇ ਵਿੱਚੋਂ ਹਰ ਕੋਈ ਆਪਣਾ ਆਪਣਾ ਲੇਖਾ ਪਰਮੇਸ਼ਰ ਨੂੰ ਦੇਵੇਗਾ । ਇਸ ਲਈ ਆਓ, ਅਸੀਂ ਹੁਣ ਤੋਂ ਇੱਕ ਦੂਜੇ ਉੱਤੇ ਦੋਸ਼ ਲਾਉਣਾ ਛੱਡ ਦੇਈਏ । ਸਗੋਂ ਤੁਸੀਂ ਇਹ ਫ਼ੈਸਲਾ ਕਰ ਲਵੋ ਕਿ ਆਪਣੇ ਭਰਾ ਦੇ ਰਾਹ ਵਿੱਚ ਰੁਕਾਵਟ ਜਾਂ ਠੋਕਰ ਵਾਲੀ ਚੀਜ਼ ਨਹੀਂ ਰੱਖੋਗੇ । ਪ੍ਰਭੂ ਯਿਸੂ ਵਿੱਚ ਹੁੰਦੇ ਹੋਏ ਮੇਰਾ ਇਹ ਪੂਰਾ ਵਿਸ਼ਵਾਸ ਹੈ ਕਿ ਕੋਈ ਵੀ ਭੋਜਨ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ । ਇਹ ਕੇਵਲ ਉਸੇ ਲਈ ਅਸ਼ੁੱਧ ਹੈ ਜੋ ਉਸ ਨੂੰ ਅਸ਼ੁੱਧ ਸਮਝਦਾ ਹੈ । ਜੇਕਰ ਤੇਰਾ ਕੁਝ ਖਾਣਾ ਤੇਰੇ ਭਰਾ ਦੇ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਤੂੰ ਪਿਆਰ ਦੇ ਵਿਰੁੱਧ ਚੱਲਦਾ ਹੈਂ । ਉਸ ਦਾ ਨਾਸ਼ ਆਪਣੇ ਭੋਜਨ ਦੇ ਰਾਹੀਂ ਨਾ ਕਰੋ ਜਿਸ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਹੈ । ਜਿਸ ਚੀਜ਼ ਨੂੰ ਤੁਸੀਂ ਚੰਗਾ ਸਮਝਦੇ ਹੋ, ਉਸ ਨੂੰ ਇਸ ਤਰ੍ਹਾਂ ਨਾ ਵਰਤੋ ਕਿ ਤੁਹਾਡੀ ਬਦਨਾਮੀ ਹੋਵੇ । ਕਿਉਂਕਿ ਪਰਮੇਸ਼ਰ ਦਾ ਰਾਜ ਖਾਣ-ਪੀਣ ਵਿੱਚ ਨਹੀਂ ਹੈ, ਸਗੋਂ ਨੇਕੀ, ਸ਼ਾਂਤੀ ਅਤੇ ਅਨੰਦ ਵਿੱਚ ਹੈ ਜੋ ਪਵਿੱਤਰ ਆਤਮਾ ਦੇ ਦੁਆਰਾ ਮਿਲਦੇ ਹਨ । ਜੋ ਕੋਈ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ, ਉਹ ਪਰਮੇਸ਼ਰ ਨੂੰ ਖ਼ੁਸ਼ ਕਰਦਾ ਹੈ ਅਤੇ ਦੂਜਿਆਂ ਦੀਆਂ ਨਜ਼ਰਾਂ ਵਿੱਚ ਪਰਵਾਨ ਹੁੰਦਾ ਹੈ । ਇਸ ਲਈ ਸਾਨੂੰ ਹਮੇਸ਼ਾ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਹਨਾਂ ਦੁਆਰਾ ਸ਼ਾਂਤੀ ਸਥਾਪਤ ਹੋਵੇ ਅਤੇ ਇੱਕ ਦੂਜੇ ਦਾ ਭਲਾ ਹੋਵੇ । ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਾਸ਼ ਨਾ ਕਰੋ । ਸਭ ਤਰ੍ਹਾਂ ਦੇ ਭੋਜਨ ਸ਼ੁੱਧ ਹਨ, ਪਰ ਉਹ ਚੀਜ਼ ਖਾਣੀ ਬੁਰੀ ਹੈ ਜੋ ਕਿਸੇ ਲਈ ਠੋਕਰ ਦਾ ਕਾਰਨ ਬਣੇ । ਚੰਗਾ ਤਾਂ ਇਹ ਹੈ ਕਿ ਮਾਸ ਜਾਂ ਸ਼ਰਾਬ ਜਾਂ ਕੋਈ ਇਹੋ ਜਿਹੀ ਚੀਜ਼ ਜਿਸ ਤੋਂ ਤੇਰਾ ਭਰਾ ਪਾਪ ਵਿੱਚ ਡਿੱਗ ਸਕਦਾ ਹੈ, ਨਾ ਵਰਤੋ । ਜੋ ਤੁਹਾਡਾ ਇਸ ਬਾਰੇ ਵਿਸ਼ਵਾਸ ਹੈ, ਉਸ ਨੂੰ ਆਪਣੇ ਅਤੇ ਪਰਮੇਸ਼ਰ ਤੱਕ ਸੀਮਿਤ ਰੱਖੋ । ਧੰਨ ਉਹ ਮਨੁੱਖ ਹੈ ਜੋ ਆਪਣੇ ਠੀਕ ਕੀਤੇ ਕੰਮ ਉੱਤੇ ਆਪਣੇ ਆਪ ਨੂੰ ਦੋਸ਼ੀ ਨਹੀਂ ਸਮਝਦਾ! ਪਰ ਜੇਕਰ ਉਹ ਜੋ ਕੁਝ ਖਾਂਦਾ ਹੈ ਉਸ ਉੱਤੇ ਸ਼ੱਕ ਕਰਦਾ ਹੈ ਤਾਂ ਉਹ ਦੋਸ਼ੀ ਠਹਿਰਦਾ ਹੈ ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਉੱਤੇ ਆਧਾਰਿਤ ਨਹੀਂ ਹੈ । ਜੋ ਕੁਝ ਵਿਸ਼ਵਾਸ ਉੱਤੇ ਆਧਾਰਿਤ ਨਹੀਂ ਹੈ, ਉਹ ਪਾਪ ਹੈ । ਅਸੀਂ ਜਿਹੜੇ ਵਿਸ਼ਵਾਸ ਵਿੱਚ ਮਜ਼ਬੂਤ ਹਾਂ, ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀ ਮਦਦ ਕਰੀਏ । ਸਾਨੂੰ ਕੇਵਲ ਆਪਣੇ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਸਗੋਂ ਸਾਡੇ ਵਿੱਚੋਂ ਹਰ ਇੱਕ ਨੂੰ ਆਪਣੇ ਗੁਆਂਢੀ ਦੇ ਭਲੇ ਲਈ ਸੋਚਣਾ ਚਾਹੀਦਾ ਹੈ ਕਿ ਉਸ ਦੀ ਤਰੱਕੀ ਹੋਵੇ । ਕਿਉਂਕਿ ਮਸੀਹ ਨੇ ਵੀ ਆਪਣੇ ਹੀ ਭਲੇ ਬਾਰੇ ਨਾ ਸੋਚਿਆ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਤੇਰੇ ਨਿੰਦਣ ਵਾਲਿਆਂ ਦੀ ਨਿੰਦਾ ਮੈਨੂੰ ਮਿਲੀ ।” ਜੋ ਕੁਝ ਵੀ ਪਵਿੱਤਰ-ਗ੍ਰੰਥ ਵਿੱਚ ਲਿਖਿਆ ਗਿਆ ਹੈ, ਸਾਡੀ ਸਿੱਖਿਆ ਦੇ ਲਈ ਲਿਖਿਆ ਗਿਆ ਹੈ ਕਿ ਉਸ ਤੋਂ ਧੀਰਜ ਅਤੇ ਉਤਸ਼ਾਹ ਪ੍ਰਾਪਤ ਕਰ ਕੇ, ਅਸੀਂ ਆਸਵੰਦ ਹੋਈਏ । ਪਰਮੇਸ਼ਰ ਜੋ ਧੀਰਜ ਅਤੇ ਉਤਸ਼ਾਹ ਦੇ ਸ੍ਰੋਤ ਹਨ, ਤੁਹਾਨੂੰ ਮਸੀਹ ਯਿਸੂ ਦੀ ਤਰ੍ਹਾਂ ਇੱਕ ਮਨ ਹੋਣ ਦੀ ਪ੍ਰੇਰਨਾ ਦੇਣ ਤਾਂ ਜੋ ਤੁਸੀਂ ਇੱਕ ਮਨ ਅਤੇ ਇੱਕ ਆਵਾਜ਼ ਨਾਲ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ । ਜਿਸ ਤਰ੍ਹਾਂ ਮਸੀਹ ਨੇ ਤੁਹਾਨੂੰ ਸਵੀਕਾਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਰਮੇਸ਼ਰ ਦੀ ਮਹਿਮਾ ਦੇ ਲਈ ਸਵੀਕਾਰ ਕਰੋ । ਮੈਂ ਤੁਹਾਨੂੰ ਦੱਸਦਾ ਹਾਂ ਕਿ ਮਸੀਹ ਯਹੂਦੀਆਂ ਦੇ ਸੇਵਕ ਇਸ ਲਈ ਬਣੇ ਕਿ ਉਹ ਪਰਮੇਸ਼ਰ ਨੂੰ ਵਿਸ਼ਵਾਸ ਯੋਗ ਸਿੱਧ ਕਰਨ ਅਤੇ ਪਰਮੇਸ਼ਰ ਦੇ ਉਹਨਾਂ ਦੇ ਪੁਰਖਿਆਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਅਤੇ ਪਰਾਈਆਂ ਕੌਮਾਂ ਨੂੰ ਵੀ ਪਰਮੇਸ਼ਰ ਦੀ ਕਿਰਪਾ ਦੇ ਲਈ ਵਡਿਆਈ ਦੇ ਯੋਗ ਬਣਾਉਣ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵੀ ਕਹਿੰਦਾ ਹੈ, “ਇਸ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੁਹਾਡੀ ਮਹਿਮਾ ਕਰਾਂਗਾ, ਮੈਂ ਤੁਹਾਡੇ ਨਾਮ ਦੀ ਵਡਿਆਈ ਕਰਾਂਗਾ ।” ਫਿਰ ਕਹਿੰਦਾ ਹੈ, “ਹੇ ਪਰਾਈ ਕੌਮੋਂ, ਪਰਮੇਸ਼ਰ ਦੇ ਲੋਕਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਓ!” ਫਿਰ ਪਵਿੱਤਰ-ਗ੍ਰੰਥ ਇਸ ਤਰ੍ਹਾਂ ਕਹਿੰਦਾ ਹੈ, “ਹੇ ਪਰਾਈ ਕੌਮੋਂ, ਪ੍ਰਭੂ ਦੀ ਵਡਿਆਈ ਕਰੋ, ਸਭ ਲੋਕ ਉਹਨਾਂ ਦੀ ਵਡਿਆਈ ਕਰੋ!” ਯਸਾਯਾਹ ਨਬੀ ਕਹਿੰਦਾ ਹੈ, “ਯੱਸੀ ਦੀ ਜੜ੍ਹ ਪ੍ਰਗਟ ਹੋਵੇਗੀ, ਉਹ ਪਰਾਈਆਂ ਕੌਮਾਂ ਦੇ ਉੱਤੇ ਰਾਜ ਕਰਨ ਲਈ ਉੱਚਾ ਕੀਤਾ ਜਾਵੇਗਾ, ਅਤੇ ਉਹ ਉਸ ਉੱਤੇ ਆਪਣੀ ਆਸ ਰੱਖਣਗੀਆਂ ।” ਹੁਣ ਪਰਮੇਸ਼ਰ ਜੋ ਆਸ ਦੇ ਸ੍ਰੋਤ ਹਨ, ਤੁਹਾਨੂੰ ਉਸ ਵਿਸ਼ਵਾਸ ਦੇ ਦੁਆਰਾ ਸਭ ਤਰ੍ਹਾਂ ਦੇ ਅਨੰਦ ਅਤੇ ਸ਼ਾਂਤੀ ਨਾਲ ਭਰਪੂਰ ਕਰਨ ਤਾਂ ਜੋ ਤੁਹਾਡੀ ਆਸ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਹੋਰ ਵੱਧਦੀ ਜਾਵੇ! ਮੇਰੇ ਭਰਾਵੋ ਅਤੇ ਭੈਣੋ, ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰਾ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਭਲਾਈ ਨਾਲ ਭਰਪੂਰ ਹੋ, ਸਾਰੇ ਗਿਆਨ ਤੋਂ ਜਾਣੂ ਹੋ ਅਤੇ ਇੱਕ ਦੂਜੇ ਨੂੰ ਸਲਾਹ ਦੇਣ ਦੇ ਯੋਗ ਹੋ । ਪਰ ਇਸ ਪੱਤਰ ਵਿੱਚ ਮੈਂ ਕੁਝ ਜ਼ਿਆਦਾ ਦਲੇਰੀ ਨਾਲ ਲਿਖਣ ਦਾ ਹੌਸਲਾ ਕੀਤਾ ਹੈ ਕਿ ਤੁਹਾਨੂੰ ਕੁਝ ਗੱਲਾਂ ਯਾਦ ਕਰਵਾਵਾਂ । ਇਹ ਮੈਂ ਪਰਮੇਸ਼ਰ ਦੀ ਦਿੱਤੀ ਗਈ ਕਿਰਪਾ ਦੇ ਕਾਰਨ ਕਰ ਰਿਹਾ ਹਾਂ ਤਾਂ ਜੋ ਮੈਂ ਪਰਾਈਆਂ ਕੌਮਾਂ ਦੇ ਲਈ ਪ੍ਰਭੂ ਯਿਸੂ ਦਾ ਦਾਸ ਬਣ ਕੇ ਪੁਰੋਹਿਤ ਦੇ ਤੌਰ ਤੇ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂ ਕਿ ਪਰਾਈਆਂ ਕੌਮਾਂ ਪਰਵਾਨਯੋਗ ਹੋਣ ਅਤੇ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਅਰਪਿਤ ਹੋਣ । ਯਿਸੂ ਮਸੀਹ ਵਿੱਚ ਹੋਣ ਦੇ ਕਾਰਨ ਪਰਮੇਸ਼ਰ ਦੇ ਲਈ ਕੀਤੀ ਸੇਵਾ ਦੇ ਲਈ ਮੈਨੂੰ ਮਾਣ ਹੈ । ਪਰ ਮੈਂ ਕੇਵਲ ਇਸ ਵਿਸ਼ੇ ਦੇ ਬਾਰੇ ਬੋਲਣ ਦਾ ਹੌਸਲਾ ਕਰਾਂਗਾ ਕਿ ਮਸੀਹ ਨੇ ਮੇਰੇ ਦੁਆਰਾ ਪਰਾਈਆਂ ਕੌਮਾਂ ਨੂੰ ਪਰਮੇਸ਼ਰ ਦੇ ਆਗਿਆਕਾਰੀ ਬਣਾਉਣ ਲਈ ਕੀ ਕੀਤਾ ਹੈ । ਮੈਂ ਕੇਵਲ ਇਹ ਦੱਸਾਂਗਾ ਕਿ ਉਹਨਾਂ ਨੇ ਸ਼ਬਦਾਂ, ਕੰਮਾਂ, ਚਿੰਨ੍ਹਾਂ, ਚਮਤਕਾਰਾਂ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਕੀ ਕੀਤਾ ਹੈ । ਮੈਂ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਇੱਲਿਰਿਕੁਮ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਮਸੀਹ ਦੇ ਸ਼ੁਭ ਸਮਾਚਾਰ ਦਾ ਪੂਰਾ ਪ੍ਰਚਾਰ ਕੀਤਾ ਹੈ । ਮੇਰੀ ਇਹ ਇੱਛਾ ਹਮੇਸ਼ਾ ਤੋਂ ਰਹੀ ਹੈ ਕਿ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਉਹਨਾਂ ਥਾਂਵਾਂ ਤੇ ਕਰਾਂ ਜਿੱਥੇ ਪਹਿਲਾਂ ਮਸੀਹ ਦਾ ਨਾਮ ਨਹੀਂ ਜਾਣਿਆ ਗਿਆ ਹੈ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਕਿਸੇ ਦੂਜੇ ਦੀ ਰੱਖੀ ਨੀਂਹ ਉੱਤੇ ਉਸਾਰੀ ਕਰਾਂ । ਇਸ ਬਾਰੇ ਪਵਿੱਤਰ-ਗ੍ਰੰਥ ਕਹਿੰਦਾ ਹੈ: “ਉਹ ਜਿਹਨਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ, ਉਸ ਨੂੰ ਦੇਖਣਗੇ, ਅਤੇ ਜਿਹਨਾਂ ਨੇ ਉਸ ਦੇ ਬਾਰੇ ਨਹੀਂ ਸੁਣਿਆ, ਉਹ ਸਮਝਣਗੇ ।” ਇਸੇ ਕਾਰਨ ਹੀ ਮੈਂ ਕਈ ਵਾਰ ਤੁਹਾਡੇ ਕੋਲ ਆਉਣ ਤੋਂ ਰੁਕਿਆ ਰਿਹਾ । ਪਰ ਹੁਣ ਮੇਰਾ ਇਹਨਾਂ ਇਲਾਕਿਆਂ ਵਿੱਚ ਕੰਮ ਸਮਾਪਤ ਹੋ ਗਿਆ ਹੈ । ਕਿਉਂਕਿ ਕਈ ਸਾਲਾਂ ਤੋਂ ਮੇਰੀ ਤੁਹਾਡੇ ਕੋਲ ਆਉਣ ਦੀ ਇੱਛਾ ਰਹੀ ਹੈ, ਆਸ ਹੈ ਕਿ ਉਹ ਹੁਣ ਪੂਰੀ ਹੋਵੇਗੀ । ਆਸ ਹੈ ਕਿ ਸਪੇਨ ਨੂੰ ਜਾਂਦੇ ਹੋਏ ਰਾਹ ਵਿੱਚ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਅਨੰਦ ਮਾਣਾਂਗਾ । ਫਿਰ ਤੁਹਾਡੀ ਮਦਦ ਨਾਲ ਅੱਗੇ ਚਲਾ ਜਾਵਾਂਗਾ । ਇਸ ਸਮੇਂ ਮੈਂ ਵਿਸ਼ਵਾਸੀ ਭਰਾਵਾਂ ਦੀ ਸੇਵਾ ਲਈ ਯਰੂਸ਼ਲਮ ਜਾ ਰਿਹਾ ਹਾਂ । ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੀਆਂ ਕਲੀਸਿਯਾਵਾਂ ਨੇ ਯਰੂਸ਼ਲਮ ਵਿੱਚ ਰਹਿ ਰਹੇ ਗ਼ਰੀਬ ਵਿਸ਼ਵਾਸੀ ਭਰਾਵਾਂ ਨੂੰ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ । ਇਹ ਫ਼ੈਸਲਾ ਉਹਨਾਂ ਨੇ ਆਪ ਹੀ ਕੀਤਾ ਹੈ । ਪਰ ਇਹ ਉਹਨਾਂ ਦਾ ਕਰਤੱਵ ਵੀ ਹੈ ਕਿ ਉਹ ਗ਼ਰੀਬ ਵਿਸ਼ਵਾਸੀ ਭਰਾਵਾਂ ਦੀ ਮਦਦ ਕਰਨ; ਕਿਉਂਕਿ ਯਹੂਦੀ ਵਿਸ਼ਵਾਸੀਆਂ ਨੇ ਆਪਣੇ ਆਤਮਿਕ ਵਰਦਾਨਾਂ ਵਿੱਚੋਂ ਪਰਾਈਆਂ ਕੌਮਾਂ ਨੂੰ ਹਿੱਸਾ ਦਿੱਤਾ ਹੈ, ਇਸੇ ਤਰ੍ਹਾਂ ਹੁਣ ਪਰਾਈਆਂ ਕੌਮਾਂ ਦਾ ਵੀ ਕਰਤੱਵ ਹੈ ਕਿ ਉਹਨਾਂ ਨੂੰ ਆਪਣੇ ਸੰਸਾਰਕ ਵਰਦਾਨਾਂ ਵਿੱਚੋਂ ਹਿੱਸਾ ਦੇਣ । ਇਸ ਲਈ ਇਹ ਕੰਮ ਸਮਾਪਤ ਕਰ ਕੇ ਅਤੇ ਉਹ ਸਾਰਾ ਪੈਸਾ ਜੋ ਉਹਨਾਂ ਲਈ ਇਕੱਠਾ ਕੀਤਾ ਗਿਆ ਹੈ, ਉਹਨਾਂ ਦੇ ਹੱਥਾਂ ਵਿੱਚ ਸੌਂਪ ਕੇ ਮੈਂ ਸਪੇਨ ਨੂੰ ਜਾਂਦੇ ਹੋਏ ਤੁਹਾਡੇ ਕੋਲ ਆਵਾਂਗਾ । ਮੈਂ ਜਾਣਦਾ ਹਾਂ ਕਿ ਜਦੋਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀਆਂ ਅਸੀਸਾਂ ਦੇ ਨਾਲ ਭਰਪੂਰ ਹੋ ਕੇ ਆਵਾਂਗਾ । ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ, ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਅਤੇ ਪਵਿੱਤਰ ਆਤਮਾ ਦੇ ਪਿਆਰ ਨਾਲ ਜੋ ਮੈਨੂੰ ਉਹਨਾਂ ਤੋਂ ਮਿਲਿਆ ਹੈ, ਬੇਨਤੀ ਕਰਦਾ ਹਾਂ ਕਿ ਮੇਰੇ ਨਾਲ ਮਿਲ ਕੇ ਮੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੋ । ਪ੍ਰਾਰਥਨਾ ਕਰੋ ਕਿ ਮੈਂ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਕੋਲੋਂ ਬਚਿਆ ਰਹਾਂ ਅਤੇ ਯਰੂਸ਼ਲਮ ਵਿੱਚ ਮੇਰੀ ਸੇਵਾ ਪਰਮੇਸ਼ਰ ਦੇ ਲੋਕ ਸਵੀਕਾਰ ਕਰਨ । ਜੇਕਰ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਅਨੰਦ ਪੂਰਵਕ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਨਾਲ ਅਰਾਮ ਕਰਾਂਗਾ । ਪਰਮੇਸ਼ਰ ਜੋ ਸ਼ਾਂਤੀ ਦੇ ਦਾਤਾ ਹਨ ਤੁਹਾਡੇ ਨਾਲ ਰਹਿਣ । ਆਮੀਨ! ਮੈਂ ਤੁਹਾਡੇ ਅੱਗੇ ਭੈਣ ਫ਼ੀਬੀ ਲਈ ਬੇਨਤੀ ਕਰਦਾ ਹਾਂ ਜੋ ਕੰਖਰਿਯਾ ਦੀ ਕਲੀਸਿਯਾ ਦੀ ਸੇਵਾ ਕਰਦੀ ਹੈ । ਪ੍ਰਭੂ ਦੇ ਨਾਮ ਵਿੱਚ ਉਸ ਦਾ ਇਸ ਤਰ੍ਹਾਂ ਸੁਆਗਤ ਕਰੋ ਜਿਸ ਤਰ੍ਹਾਂ ਵਿਸ਼ਵਾਸੀਆਂ ਦੇ ਲਈ ਕਰਨਾ ਯੋਗ ਹੈ । ਉਸ ਨੂੰ ਤੁਹਾਡੇ ਕੋਲੋਂ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੋਵੇ, ਉਸ ਦੀ ਮਦਦ ਕਰੋ ਕਿਉਂਕਿ ਉਸ ਨੇ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਮੇਰੀ ਵੀ । ਪਰਿਸਕਾ ਅਤੇ ਅਕੂਲਾ ਨੂੰ ਜੋ ਯਿਸੂ ਮਸੀਹ ਦੀ ਸੇਵਾ ਵਿੱਚ ਮੇਰੇ ਨਾਲ ਕੰਮ ਕਰਦੇ ਹਨ, ਮੇਰਾ ਨਮਸਕਾਰ । ਉਹਨਾਂ ਨੇ ਮੇਰੇ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਇਆ ਸੀ । ਨਾ ਕੇਵਲ ਮੈਂ ਉਹਨਾਂ ਦਾ ਧੰਨਵਾਦੀ ਹਾਂ, ਸਗੋਂ ਪਰਾਈਆਂ ਕੌਮਾਂ ਦੀਆਂ ਸਾਰੀਆਂ ਕਲੀਸਿਯਾਵਾਂ ਵੀ ਉਹਨਾਂ ਦਾ ਧੰਨਵਾਦ ਕਰਦੀਆਂ ਹਨ । ਉਹਨਾਂ ਦੇ ਘਰ ਜਿਹੜੀ ਕਲੀਸਿਯਾ ਇਕੱਠੀ ਹੁੰਦੀ ਹੈ, ਉਸ ਨੂੰ ਵੀ ਮੇਰਾ ਨਮਸਕਾਰ । ਇਪੈਨੇਤੁਸ ਨੂੰ ਜਿਸ ਨੇ ਏਸ਼ੀਆ ਵਿੱਚ ਸਭ ਤੋਂ ਪਹਿਲਾਂ ਮਸੀਹ ਵਿੱਚ ਵਿਸ਼ਵਾਸ ਕੀਤਾ, ਨੂੰ ਮੇਰਾ ਨਮਸਕਾਰ ਕਹਿਣਾ । ਮਰੀਅਮ ਨੂੰ ਵੀ ਮੇਰਾ ਨਮਸਕਾਰ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ ਹੈ । ਅੰਦਰੁਨਿਕੁਸ ਅਤੇ ਯੂਨਿਆਸ ਨੂੰ ਜੋ ਮੇਰੇ ਯਹੂਦੀ ਸਾਥੀ ਹਨ ਅਤੇ ਮੇਰੇ ਨਾਲ ਕੈਦ ਵਿੱਚ ਸਨ, ਮੇਰਾ ਨਮਸਕਾਰ ਕਹਿਣਾ । ਇਹਨਾਂ ਦੇ ਨਾਂ ਰਸੂਲਾਂ ਵਿੱਚ ਪ੍ਰਸਿੱਧ ਸਨ ਅਤੇ ਇਹਨਾਂ ਨੇ ਮੇਰੇ ਤੋਂ ਪਹਿਲਾਂ ਮਸੀਹ ਨੂੰ ਸਵੀਕਾਰ ਕੀਤਾ ਸੀ । ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਅੰਪਲਿਯਾਤੁਸ ਨੂੰ ਮੇਰੇ ਵੱਲੋਂ ਨਮਸਕਾਰ ਕਹਿਣਾ । ਉਰਬਾਨੁਸ ਨੂੰ ਜੋ ਮਸੀਹ ਦੀ ਸੇਵਾ ਵਿੱਚ ਸਾਡਾ ਸਾਥੀ ਹੈ ਅਤੇ ਸਤਾਖੁਸ ਨੂੰ ਜੋ ਸਾਡਾ ਪਿਆਰਾ ਮਿੱਤਰ ਹੈ, ਨਮਸਕਾਰ ਕਹਿਣਾ । ਅਪਿੱਲੇਸ ਨੂੰ, ਜੋ ਇੱਕ ਸੱਚਾ ਵਿਸ਼ਵਾਸੀ ਸਿੱਧ ਹੋਇਆ ਹੈ ਅਤੇ ਅਰਿਸਤੁਬੂਲੁਸ ਦੇ ਘਰ ਦੇ ਲੋਕਾਂ ਨੂੰ ਮੇਰਾ ਨਮਸਕਾਰ ਕਹਿਣਾ । ਹੇਰੋਦਿਯੁਨ ਨੂੰ ਜਿਹੜਾ ਮੇਰਾ ਯਹੂਦੀ ਭਰਾ ਹੈ ਅਤੇ ਨਾਰਕਿੱਸੁਸ ਦੇ ਘਰਾਣੇ ਦੇ ਉਹਨਾਂ ਲੋਕਾਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਮੇਰਾ ਨਮਸਕਾਰ ਕਹਿਣਾ । ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਮਸੀਹ ਦੀ ਸੇਵਾ ਦਾ ਕੰਮ ਮਿਹਨਤ ਨਾਲ ਕਰਦੀਆਂ ਹਨ ਅਤੇ ਪਰਸਿਸ ਨੂੰ ਜਿਸ ਨੇ ਪ੍ਰਭੂ ਦੇ ਲਈ ਬਹੁਤ ਮਿਹਨਤ ਕੀਤੀ ਹੈ, ਮੇਰਾ ਨਮਸਕਾਰ ਕਹਿਣਾ । ਰੂਫ਼ਸ ਨੂੰ ਜੋ ਪ੍ਰਭੂ ਦਾ ਇੱਕ ਪ੍ਰਮੁੱਖ ਸੇਵਕ ਹੈ ਅਤੇ ਉਸ ਦੀ ਮਾਂ ਨੂੰ ਜਿਸ ਨੇ ਹਮੇਸ਼ਾ ਮੈਨੂੰ ਪੁੱਤਰਾਂ ਵਾਲਾ ਪਿਆਰ ਦਿੱਤਾ ਹੈ, ਮੇਰਾ ਨਮਸਕਾਰ ਕਹਿਣਾ । ਅੰਸਕੁਰਿਤੁਸ, ਫ਼ਲੇਗੋਨ, ਹਰਮੇਸ, ਪਤਰੁਬਾਸ, ਹਰਮਾਸ ਅਤੇ ਉਹਨਾਂ ਦੇ ਨਾਲ ਦੇ ਭਰਾਵਾਂ ਅਤੇ ਭੈਣਾਂ ਨੂੰ ਵੀ ਮੇਰਾ ਨਮਸਕਾਰ ਕਹਿਣਾ । ਫਿਲੁਲੁਗੁਸ ਅਤੇ ਯੂਲੀਆ ਨੂੰ, ਨੋਰਿਯੁਸ ਅਤੇ ਉਸ ਦੀ ਭੈਣ ਨੂੰ, ਉਲਿਮਪਾਸ ਨੂੰ ਅਤੇ ਸਭ ਵਿਸ਼ਵਾਸੀ ਭਰਾਵਾਂ ਨੂੰ ਜੋ ਉਹਨਾਂ ਦੇ ਨਾਲ ਹਨ, ਮੇਰਾ ਨਮਸਕਾਰ ਕਹਿਣਾ । ਇੱਕ ਦੂਜੇ ਨੂੰ ਪਿਆਰ ਨਾਲ ਨਮਸਕਾਰ ਕਹੋ । ਮਸੀਹ ਦੀਆਂ ਸਭ ਕਲੀਸਿਯਾਵਾਂ ਵੱਲੋਂ ਤੁਹਾਨੂੰ ਨਮਸਕਾਰ । ਭਰਾਵੋ ਅਤੇ ਭੈਣੋ, ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਉਹਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਲੋਕਾਂ ਵਿੱਚ ਫੁੱਟ ਪਾਉਂਦੇ ਹਨ ਅਤੇ ਉਹਨਾਂ ਦੇ ਲਈ ਠੋਕਰ ਦਾ ਕਾਰਨ ਬਣਦੇ ਹਨ ਜੋ ਉਸ ਸਿੱਖਿਆ ਦੇ ਵਿਰੁੱਧ ਜਾਂਦੇ ਹਨ ਜਿਹੜੀ ਤੁਹਾਨੂੰ ਮਿਲੀ ਹੈ । ਉਹਨਾਂ ਤੋਂ ਦੂਰ ਹੀ ਰਹਿਣਾ । ਕਿਉਂਕਿ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ, ਉਹ ਮਸੀਹ ਦੀ ਸੇਵਾ ਨਹੀਂ ਕਰਦੇ, ਸਗੋਂ ਆਪਣੇ ਹੀ ਢਿੱਡ ਭਰਦੇ ਹਨ । ਉਹ ਆਪਣੇ ਸੋਹਣੇ ਸ਼ਬਦਾਂ ਅਤੇ ਚਾਪਲੂਸੀ ਨਾਲ ਭਰੇ ਭਾਸ਼ਨਾਂ ਨਾਲ ਭੋਲੇ ਮਨਾਂ ਵਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ । ਹਰ ਕਿਸੇ ਨੇ ਤੁਹਾਡੀ ਸ਼ੁਭ ਸਮਾਚਾਰ ਸੰਬੰਧੀ ਵਫ਼ਾਦਾਰੀ ਦੇ ਬਾਰੇ ਸੁਣਿਆ ਹੈ । ਇਸ ਦੇ ਲਈ ਮੈਂ ਤੁਹਾਡੇ ਤੋਂ ਬਹੁਤ ਖ਼ੁਸ਼ ਹਾਂ । ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਭਲਾਈ ਵਿੱਚ ਸਿਆਣੇ ਅਤੇ ਬੁਰਾਈ ਵਿੱਚ ਭੋਲੇ ਬਣੇ ਰਹੋ । ਪਰਮੇਸ਼ਰ ਜੋ ਸ਼ਾਂਤੀ ਦੇ ਦਾਤਾ ਹਨ ਉਹ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਥੱਲੇ ਮਿੱਧ ਦੇਣਗੇ । ਸਾਡੇ ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ! ਤਿਮੋਥਿਉਸ ਮੇਰਾ ਸਾਥੀ, ਲੁਕਿਯੁਸ, ਯਸੋਨ, ਸੋਸੀਪਤਰੁਸ, ਜਿਹੜੇ ਮੇਰੇ ਰਿਸ਼ਤੇਦਾਰ ਹਨ, ਤੁਹਾਨੂੰ ਨਮਸਕਾਰ ਕਹਿੰਦੇ ਹਨ । (ਮੈਂ ਤਰਤਿਯੁਸ ਜੋ ਇਸ ਪੱਤਰ ਦਾ ਲੇਖਕ ਹਾਂ, ਤੁਹਾਨੂੰ ਨਮਸਕਾਰ ਕਹਿੰਦਾ ਹਾਂ ।) ਗਾਯੁਸ ਜੋ ਮੇਰਾ ਮੇਜ਼ਬਾਨ ਅਤੇ ਜਿਸ ਦੇ ਘਰ ਵਿੱਚ ਕਲੀਸਿਯਾ ਇਕੱਠੀ ਹੁੰਦੀ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਇਰਸਤੁਸ ਸ਼ਹਿਰ ਦਾ ਖ਼ਜ਼ਾਨਚੀ ਅਤੇ ਭਰਾ ਕੁਆਰਤੁਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ । [ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ । ਆਮੀਨ!] ਹੁਣ ਪਰਮੇਸ਼ਰ ਤੁਹਾਨੂੰ ਮੇਰੇ ਸ਼ੁਭ ਸਮਾਚਾਰ ਅਤੇ ਯਿਸੂ ਮਸੀਹ ਦੇ ਸੰਦੇਸ਼ ਅਨੁਸਾਰ ਮਜ਼ਬੂਤ ਰੱਖਣ ਦੇ ਯੋਗ ਹਨ, ਉਸ ਭੇਤ ਦੇ ਪ੍ਰਗਟ ਕੀਤੇ ਜਾਣ ਦੇ ਅਨੁਸਾਰ ਜੋ ਸਦੀਆਂ ਤੋਂ ਗੁਪਤ ਰੱਖਿਆ ਗਿਆ ਸੀ ਪਰ ਹੁਣ ਖੋਲ੍ਹਿਆ ਜਾ ਚੁੱਕਾ ਹੈ ਅਤੇ ਨਬੀਆਂ ਦੀਆਂ ਲਿਖਤਾਂ ਦੁਆਰਾ, ਪਰਮੇਸ਼ਰ ਦੇ ਹੁਕਮ ਅਨੁਸਾਰ ਸਭ ਕੌਮਾਂ ਉੱਤੇ ਪ੍ਰਗਟ ਕੀਤਾ ਗਿਆ ਹੈ ਤਾਂ ਜੋ ਸਭ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਉਹਨਾਂ ਦੇ ਹੁਕਮ ਦੀ ਪਾਲਣਾ ਕਰਨ । ਉਸ ਇੱਕੋ ਪਰਮੇਸ਼ਰ ਦੀ ਜੋ ਸਭ ਚੀਜ਼ਾਂ ਦਾ ਗਿਆਨ ਰੱਖਦੇ ਹਨ, ਯਿਸੂ ਮਸੀਹ ਦੇ ਦੁਆਰਾ ਅਨੰਤ ਕਾਲ ਤੱਕ ਵਡਿਆਈ ਹੁੰਦੀ ਰਹੇ । ਆਮੀਨ! ਪੌਲੂਸ, ਜੋ ਪਰਮੇਸ਼ਰ ਦੀ ਇੱਛਾ ਨਾਲ ਯਿਸੂ ਮਸੀਹ ਦਾ ਰਸੂਲ ਹੋਣ ਦੇ ਲਈ ਚੁਣਿਆ ਗਿਆ ਅਤੇ ਭਰਾ ਸੋਸਥਨੇਸ ਵੱਲੋਂ, ਇਹ ਪੱਤਰ ਪਰਮੇਸ਼ਰ ਦੀ ਕਲੀਸਿਯਾ ਦੇ ਲੋਕਾਂ ਨੂੰ ਜੋ ਕੁਰਿੰਥੁਸ ਵਿੱਚ ਹੈ ਲਿਖਦੇ ਹਾਂ ਜੋ ਮਸੀਹ ਯਿਸੂ ਦੁਆਰਾ ਸ਼ੁੱਧ ਕੀਤੇ ਗਏ ਅਤੇ ਪਰਮੇਸ਼ਰ ਦੇ ਪਵਿੱਤਰ ਲੋਕ ਹੋਣ ਦੇ ਲਈ ਚੁਣੇ ਗਏ ਹਨ । ਇਹਨਾਂ ਦੇ ਨਾਲ ਉਹਨਾਂ ਨੂੰ ਵੀ, ਜੋ ਕਿਸੇ ਵੀ ਥਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ, ਜੋ ਉਹਨਾਂ ਦੇ ਅਤੇ ਸਾਡੇ ਪ੍ਰਭੂ ਹਨ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ । ਮੈਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਤੁਹਾਡੇ ਉੱਤੇ ਮਸੀਹ ਯਿਸੂ ਦੇ ਦੁਆਰਾ ਆਪਣੀ ਕਿਰਪਾ ਕੀਤੀ ਹੈ ਕਿਉਂਕਿ ਮਸੀਹ ਯਿਸੂ ਦੇ ਦੁਆਰਾ ਤੁਸੀਂ ਪੂਰਨ ਗਿਆਨ ਅਤੇ ਬੋਲਣ ਵਿੱਚ ਧਨੀ ਕੀਤੇ ਗਏ ਹੋ ਜਿਵੇਂ ਤੁਹਾਡੇ ਵਿੱਚ ਸਾਡੀ ਮਸੀਹ ਦੇ ਬਾਰੇ ਦਿੱਤੀ ਗਵਾਹੀ ਸੱਚੀ ਸਿੱਧ ਹੋਈ ਹੈ । ਹੁਣ ਤੁਹਾਨੂੰ ਕਿਸੇ ਆਤਮਿਕ ਅਸੀਸਾਂ ਦੀ ਥੁੜ੍ਹ ਨਹੀਂ ਰਹੀ ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਵਿੱਚ ਹੋ । ਉਹ ਤੁਹਾਨੂੰ ਅੰਤ ਤੱਕ ਕਾਇਮ ਰੱਖਣਗੇ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਦੋਸ਼ੀ ਨਾ ਠਹਿਰੋ । ਪਰਮੇਸ਼ਰ ਭਰੋਸੇਯੋਗ ਹਨ । ਉਹਨਾਂ ਨੇ ਤੁਹਾਨੂੰ ਆਪਣੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤ ਵਿੱਚ ਸੱਦਿਆ ਹੈ । ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਵਾਸਤਾ ਪਾ ਕੇ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਸਭ ਮਾਮਲਿਆਂ ਵਿੱਚ ਇੱਕਮੱਤ ਰਹੋ ਅਤੇ ਆਪਣੇ ਵਿੱਚ ਕਿਸੇ ਤਰ੍ਹਾਂ ਦੀ ਫੁੱਟ ਨਾ ਪੈਣ ਦਿਓ । ਹਾਂ, ਪੂਰਨ ਤੌਰ ਤੇ ਇੱਕ ਮਨ ਹੋ ਕੇ ਆਪਣੇ ਵਿੱਚ ਇੱਕ ਹੀ ਵਿਚਾਰ ਰੱਖੋ । ਮੈਨੂੰ ਕਲੋਏ ਦੇ ਪਰਿਵਾਰ ਦੇ ਲੋਕਾਂ ਕੋਲੋਂ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਚੱਲ ਰਹੇ ਹਨ । ਮੇਰੇ ਕਹਿਣ ਦਾ ਭਾਵ ਹੈ ਕਿ ਤੁਹਾਡੇ ਵਿੱਚੋਂ ਹਰ ਕੋਈ ਅਲੱਗ ਅਲੱਗ ਦਾਅਵੇ ਕਰ ਰਿਹਾ ਹੈ । ਕੋਈ ਕਹਿੰਦਾ ਹੈ, “ਮੈਂ ਪੌਲੂਸ ਦਾ ਹਾਂ,” ਕੋਈ ਕਹਿੰਦਾ ਹੈ, “ਮੈਂ ਅਪੁੱਲੋਸ ਦਾ ਹਾਂ,” ਕੋਈ, “ਮੈਂ ਕੈਫ਼ਾਸ ਦਾ ਹਾਂ,” ਅਤੇ ਕੋਈ ਹੋਰ ਕਹਿੰਦਾ ਹੈ, “ਮੈਂ ਮਸੀਹ ਦਾ ਹਾਂ ।” ਕੀ ਮਸੀਹ ਵੰਡਿਆ ਗਿਆ ਹੈ? ਕੀ ਪੌਲੂਸ ਤੁਹਾਡੇ ਲਈ ਸਲੀਬ ਉੱਤੇ ਚੜ੍ਹਿਆ ਸੀ? ਕੀ ਤੁਸੀਂ ਪੌਲੂਸ ਦੇ ਨਾਂ ਤੇ ਬਪਤਿਸਮਾ ਲਿਆ ਸੀ? ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਨੂੰ ਛੱਡ ਕੇ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ । ਨਹੀਂ ਤਾਂ ਹੋ ਸਕਦਾ ਹੈ ਕਿ ਤੁਸੀਂ ਕਹਿੰਦੇ ਕਿ ਅਸੀਂ ਪੌਲੂਸ ਦੇ ਚੇਲੇ ਹਾਂ ਅਤੇ ਉਸੇ ਦਾ ਬਪਤਿਸਮਾ ਲਿਆ ਹੈ । (ਹਾਂ, ਇਹ ਠੀਕ ਹੈ ਕਿ ਮੈਂ ਸਤਫ਼ਨਾਸ ਅਤੇ ਉਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ ਸੀ, ਇਸ ਤੋਂ ਇਲਾਵਾ ਮੈਨੂੰ ਯਾਦ ਨਹੀਂ ਹੈ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਸੀ ਜਾਂ ਨਹੀਂ) । ਮਸੀਹ ਨੇ ਮੈਨੂੰ ਬਪਤਿਸਮਾ ਦੇਣ ਦੇ ਲਈ ਨਹੀਂ ਭੇਜਿਆ ਸਗੋਂ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਭੇਜਿਆ ਹੈ । ਉਹਨਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਮਨੁੱਖੀ ਗਿਆਨ ਅਤੇ ਭਾਸ਼ਾ ਦਾ ਸਹਾਰਾ ਲਏ ਬਿਨਾਂ ਪ੍ਰਚਾਰ ਕਰਾਂ ਤਾਂ ਜੋ ਮਸੀਹ ਦੀ ਸਮਰੱਥਾ ਵਿਅਰਥ ਨਾ ਹੋ ਜਾਵੇ । ਮਸੀਹ ਦੀ ਸਲੀਬ ਦਾ ਸੰਦੇਸ਼ ਉਹਨਾਂ ਦੇ ਲਈ ਜੋ ਬਰਬਾਦੀ ਦੇ ਰਾਹ ਉੱਤੇ ਹਨ, ਮੂਰਖਤਾ ਹੈ; ਪਰ ਸਾਡੇ ਲਈ ਜੋ ਮੁਕਤੀ ਦੀ ਰਾਹ ਉੱਤੇ ਹਾਂ, ਪਰਮੇਸ਼ਰ ਦੀ ਸਮਰੱਥਾ ਹੈ । ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ: “ਮੈਂ ਬੁੱਧੀਮਾਨਾਂ ਦੀ ਬੁੱਧੀ ਨੂੰ ਨਾਸ਼ ਕਰ ਦੇਵਾਂਗਾ, ਅਤੇ ਸਮਝਦਾਰਾਂ ਦੀ ਸਮਝ ਨੂੰ ਰੱਦ ਕਰ ਦੇਵਾਂਗਾ ।” ਇਸ ਲਈ ਕਿੱਥੇ ਹਨ ਇਸ ਸੰਸਾਰ ਦੇ ਬੁੱਧੀਮਾਨ? ਕਿੱਥੇ ਹਨ ਵਿਦਵਾਨ ਅਤੇ ਕਿੱਥੇ ਹਨ ਵਿਵਾਦੀ? ਕੀ ਪਰਮੇਸ਼ਰ ਨੇ ਇਸ ਸੰਸਾਰ ਦੀ ਸਿਆਣਪ ਨੂੰ ਮੂਰਖਤਾ ਸਿੱਧ ਨਹੀਂ ਕੀਤਾ? ਕਿਉਂਕਿ ਪਰਮੇਸ਼ਰ ਨੇ ਆਪਣੀ ਬੁੱਧੀ ਨਾਲ ਅਸੰਭਵ ਕਰ ਦਿੱਤਾ ਕਿ ਸੰਸਾਰ ਆਪਣੀ ਬੁੱਧੀ ਨਾਲ ਉਹਨਾਂ ਨੂੰ ਜਾਣ ਸਕੇ, ਪਰਮੇਸ਼ਰ ਨੂੰ ਇਹ ਚੰਗਾ ਲੱਗਾ ਕਿ ਉਹ ਸਾਡੇ ਮੂਰਖਤਾ ਭਰੇ ਸੰਦੇਸ਼ ਦੇ ਰਾਹੀਂ ਉਹਨਾਂ ਨੂੰ ਮੁਕਤੀ ਦੇਣ ਜੋ ਵਿਸ਼ਵਾਸ ਕਰਦੇ ਹਨ । ਯਹੂਦੀ ਸਬੂਤ ਦੇ ਤੌਰ ਤੇ ਚਮਤਕਾਰ ਚਾਹੁੰਦੇ ਹਨ ਅਤੇ ਯੂਨਾਨੀ ਬੁੱਧੀ ਲੱਭਦੇ ਹਨ । ਪਰ ਅਸੀਂ ਸਲੀਬ ਉੱਤੇ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜੋ ਯਹੂਦੀਆਂ ਦੇ ਲਈ ਠੋਕਰ ਹੈ ਅਤੇ ਪਰਾਈਆਂ ਕੌਮਾਂ ਦੇ ਲਈ ਮੂਰਖਤਾ ਹੈ । ਪਰ ਉਹਨਾਂ ਦੇ ਲਈ ਜਿਹਨਾਂ ਨੂੰ ਪਰਮੇਸ਼ਰ ਨੇ ਸੱਦਿਆ ਹੈ, ਉਹ ਭਾਵੇਂ ਯਹੂਦੀ ਹੋਣ ਜਾਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸਮਰੱਥਾ ਅਤੇ ਬੁੱਧੀ ਹਨ । ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੀ ਸਿਆਣਪ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਪਰਮੇਸ਼ਰ ਦੀ ਕਮਜ਼ੋਰੀ ਮਨੁੱਖਾਂ ਦੀ ਸਮਰੱਥਾ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ । ਹੇ ਭਰਾਵੋ ਅਤੇ ਭੈਣੋ, ਤੁਸੀਂ ਸੋਚੋ ਕਿ ਸੱਦੇ ਜਾਣ ਤੋਂ ਪਹਿਲਾਂ ਤੁਸੀਂ ਕੀ ਸੀ । ਤੁਹਾਡੇ ਵਿੱਚੋਂ ਬਹੁਤ ਥੋੜ੍ਹੇ ਸਨ ਜੋ ਮਨੁੱਖੀ ਤੌਰ ਤੇ ਬੁੱਧੀਮਾਨ ਜਾਂ ਸ਼ਕਤੀਮਾਨ, ਜਾਂ ਉੱਚੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ । ਪਰ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਉਹ ਅਕਲਮੰਦਾਂ ਨੂੰ ਸ਼ਰਮਿੰਦਾ ਕਰਨ । ਇਸੇ ਤਰ੍ਹਾਂ ਪਰਮੇਸ਼ਰ ਨੇ ਸੰਸਾਰ ਦੇ ਕਮਜ਼ੋਰਾਂ ਨੂੰ ਚੁਣ ਲਿਆ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰਨ । ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਚੁਣ ਲਿਆ ਜਿਹਨਾਂ ਨੂੰ ਸੰਸਾਰ ਕੁਝ ਨਹੀਂ ਸਮਝਦਾ ਅਤੇ ਘਿਰਣਾ ਕਰਦਾ ਹੈ ਕਿ ਪਰਮੇਸ਼ਰ ਜਿਹਨਾਂ ਦਾ ਸੰਸਾਰ ਵਿੱਚ ਮਾਣ ਹੈ, ਉਹਨਾਂ ਨੂੰ ਖ਼ਤਮ ਕਰਨ । ਇਹ ਪਰਮੇਸ਼ਰ ਨੇ ਇਸ ਲਈ ਕੀਤਾ ਕਿ ਉਹਨਾਂ ਦੇ ਸਾਹਮਣੇ ਕੋਈ ਹੰਕਾਰ ਨਾ ਕਰ ਸਕੇ । ਪਰ ਪਰਮੇਸ਼ਰ ਨੇ ਤੁਹਾਡਾ ਮਸੀਹ ਨਾਲ ਮੇਲ ਕਰਵਾਇਆ ਹੈ ਅਤੇ ਉਹਨਾਂ ਦੇ ਦੁਆਰਾ ਮਸੀਹ ਸਾਡੀ ਬੁੱਧੀ ਬਣੇ ਹਨ ਅਤੇ ਸਾਨੂੰ ਨੇਕ, ਪਵਿੱਤਰ ਅਤੇ ਮੁਕਤ ਕੀਤਾ ਹੈ । ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਕੋਈ ਮਾਣ ਕਰਨਾ ਵੀ ਚਾਹੇ, ਤਾਂ ਉਹ ਪ੍ਰਭੂ ਉੱਤੇ ਹੀ ਮਾਣ ਕਰੇ ।” ਭਰਾਵੋ ਅਤੇ ਭੈਣੋ, ਜਦੋਂ ਮੈਂ ਤੁਹਾਡੇ ਕੋਲ ਪਰਮੇਸ਼ਰ ਦੇ ਭੇਤ ਦੇ ਪ੍ਰਚਾਰ ਲਈ ਆਇਆ ਸੀ ਤਾਂ ਮੈਂ ਉਸ ਦੇ ਲਈ ਕੋਈ ਉੱਚੇ ਪੱਧਰ ਦੀ ਭਾਸ਼ਾ ਜਾਂ ਗਿਆਨ ਨਹੀਂ ਵਰਤਿਆ । ਉਸ ਸਮੇਂ ਮੈਂ ਆਪਣੇ ਮਨ ਵਿੱਚ ਇਹ ਪੱਕਾ ਫ਼ੈਸਲਾ ਕੀਤਾ ਸੀ ਕਿ ਸਿਵਾਏ ਸਲੀਬ ਉੱਤੇ ਚੜ੍ਹਾਏ ਗਏ ਯਿਸੂ ਮਸੀਹ ਦੇ ਮੈਂ ਕਿਸੇ ਹੋਰ ਗੱਲ ਉੱਤੇ ਧਿਆਨ ਨਹੀਂ ਕਰਾਂਗਾ । ਮੈਂ ਤੁਹਾਡੇ ਕੋਲ ਆਪਣੀ ਸਾਰੀ ਕਮਜ਼ੋਰੀ ਅਤੇ ਡਰ ਨਾਲ ਕੰਬਦਾ ਹੋਇਆ ਆਇਆ । ਫਿਰ ਮੇਰਾ ਸੰਦੇਸ਼ ਅਤੇ ਮੇਰਾ ਸ਼ੁਭ ਸਮਾਚਾਰ ਦਾ ਪ੍ਰਚਾਰ ਕਿਸੇ ਵੀ ਤਰ੍ਹਾਂ ਮਨੁੱਖੀ ਬੁੱਧੀ ਤੋਂ ਨਹੀਂ ਸਨ ਸਗੋਂ ਇਸ ਦਾ ਆਧਾਰ ਪਰਮੇਸ਼ਰ ਦਾ ਆਤਮਾ ਅਤੇ ਸਮਰੱਥਾ ਦਾ ਸਬੂਤ ਸਨ । ਇਸ ਲਈ ਤੁਹਾਡੇ ਵਿਸ਼ਵਾਸ ਦਾ ਆਧਾਰ ਮਨੁੱਖੀ ਗਿਆਨ ਨਹੀਂ ਸਗੋਂ ਪਰਮੇਸ਼ਰ ਦੀ ਸਮਰੱਥਾ ਹੈ । ਹਾਂ, ਅਸੀਂ ਉਹਨਾਂ ਦੇ ਨਾਲ ਜੋ ਆਤਮਿਕ ਤੌਰ ਤੇ ਸਮਝਦਾਰ ਹੋ ਚੁੱਕੇ ਹਾਂ, ਗਿਆਨ ਦੀਆਂ ਗੱਲਾਂ ਕਰਦੇ ਹਾਂ ਪਰ ਇਹ ਗਿਆਨ ਇਸ ਸੰਸਾਰ ਦਾ ਨਹੀਂ ਹੈ ਅਤੇ ਨਾ ਹੀ ਇਸ ਸੰਸਾਰ ਦੇ ਹਾਕਮਾਂ ਦਾ ਹੈ ਜੋ ਨਾਸ਼ ਹੋ ਰਹੇ ਹਨ । ਸਗੋਂ ਅਸੀਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਦੇ ਬਾਰੇ ਦੱਸਦੇ ਹਾਂ ਜੋ ਮਨੁੱਖਾਂ ਦੀ ਸਮਝ ਤੋਂ ਦੂਰ ਹੈ ਅਤੇ ਜੋ ਪਰਮੇਸ਼ਰ ਨੇ ਆਦਿ ਤੋਂ ਪਹਿਲਾਂ ਹੀ ਸਾਡੀ ਵਡਿਆਈ ਦੇ ਲਈ ਚੁਣਿਆ ਸੀ । ਇਸ ਗਿਆਨ ਨੂੰ ਸੰਸਾਰ ਦੇ ਕਿਸੇ ਵੀ ਹਾਕਮ ਨੇ ਨਾ ਸਮਝਿਆ, ਜੇਕਰ ਉਹ ਸਮਝ ਜਾਂਦੇ ਤਾਂ ਉਹ ਤੇਜਵਾਨ ਪ੍ਰਭੂ ਨੂੰ ਸਲੀਬ ਉੱਤੇ ਨਾ ਚੜ੍ਹਾਉਂਦੇ । ਪਰ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: “ਜਿਸ ਨੂੰ ਕਿਸੇ ਮਨੁੱਖ ਨੇ ਕਦੀ ਨਹੀਂ ਦੇਖਿਆ, ਜਿਸ ਨੂੰ ਕਿਸੇ ਮਨੁੱਖ ਨੇ ਕਦੀ ਨਹੀਂ ਸੁਣਿਆ, ਉਹ ਹੀ ਪਰਮੇਸ਼ਰ ਨੇ ਆਪਣੇ ਪਿਆਰ ਕਰਨ ਵਾਲਿਆਂ ਦੇ ਲਈ ਤਿਆਰ ਕੀਤਾ ਹੈ ।” ਪਰ ਪਰਮੇਸ਼ਰ ਨੇ ਉਹ ਸਭ ਸਾਡੇ ਉੱਤੇ ਆਪਣੇ ਆਤਮਾ ਦੇ ਦੁਆਰਾ ਪ੍ਰਗਟ ਕੀਤਾ ਹੈ । ਆਤਮਾ ਸਭ ਚੀਜ਼ਾਂ ਦੀ ਜਾਂਚ ਕਰਦਾ ਹੈ, ਇੱਥੋਂ ਤੱਕ ਕਿ ਪਰਮੇਸ਼ਰ ਦੇ ਗੁਪਤ ਭੇਤਾਂ ਦੀ ਗਹਿਰਾਈ ਦਾ ਵੀ । ਕਿਉਂਕਿ ਜਿਸ ਤਰ੍ਹਾਂ ਕੋਈ ਵੀ ਆਦਮੀ ਨੂੰ ਪੂਰੀ ਤਰ੍ਹਾਂ ਨਹੀਂ ਜਾਣਦਾ ਸਿਵਾਏ ਉਸ ਦੇ ਅੰਦਰਲੇ ਆਤਮਾ ਦੇ । ਇਸੇ ਤਰ੍ਹਾਂ ਪਰਮੇਸ਼ਰ ਨੂੰ ਵੀ ਕੋਈ ਨਹੀਂ ਜਾਣਦਾ ਸਿਵਾਏ ਪਰਮੇਸ਼ਰ ਦੇ ਆਤਮਾ ਦੇ । ਅਸੀਂ ਸੰਸਾਰ ਦਾ ਆਤਮਾ ਨਹੀਂ ਸਗੋਂ ਪਰਮੇਸ਼ਰ ਕੋਲੋਂ ਆਤਮਾ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਸ ਸਭ ਨੂੰ ਜਾਣੀਏ ਜੋ ਪਰਮੇਸ਼ਰ ਨੇ ਸਾਨੂੰ ਬਖ਼ਸ਼ਿਆ ਹੈ । ਇਸ ਤਰ੍ਹਾਂ ਅਸੀਂ ਮਨੁੱਖੀ ਗਿਆਨ ਨਾਲ ਨਹੀਂ ਕਹਿੰਦੇ, ਸਗੋਂ ਆਤਮਾ ਦੀ ਸਹਾਇਤਾ ਨਾਲ ਕਹਿੰਦੇ ਹਾਂ ਕਿਉਂਕਿ ਅਸੀਂ ਆਤਮਿਕ ਗੱਲਾਂ ਉਹਨਾਂ ਲੋਕਾਂ ਲਈ ਕਹਿੰਦੇ ਹਾਂ ਜਿਹਨਾਂ ਨੂੰ ਪਰਮੇਸ਼ਰ ਦਾ ਆਤਮਾ ਮਿਲ ਚੁੱਕਾ ਹੈ । ਜਿਸ ਨੂੰ ਪਰਮੇਸ਼ਰ ਦਾ ਆਤਮਾ ਨਹੀਂ ਮਿਲਿਆ ਉਹ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਨਹੀਂ ਮੰਨਦਾ । ਉਸ ਦੇ ਲਈ ਉਹ ਸਭ ਮੂਰਖਤਾ ਦੀਆਂ ਗੱਲਾਂ ਹਨ । ਉਹ ਉਹਨਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹਨਾਂ ਨੂੰ ਕੇਵਲ ਆਤਮਿਕ ਤੌਰ ਤੇ ਹੀ ਸਮਝਿਆ ਜਾ ਸਕਦਾ ਹੈ । ਆਤਮਿਕ ਆਦਮੀ ਹਰ ਚੀਜ਼ ਦੀ ਜਾਂਚ ਕਰ ਸਕਦਾ ਹੈ ਪਰ ਉਸ ਦੀ ਜਾਂਚ ਕੋਈ ਨਹੀਂ ਕਰ ਸਕਦਾ । ਪਵਿੱਤਰ-ਗ੍ਰੰਥ ਦੱਸਦਾ ਹੈ, “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ? ਪ੍ਰਭੂ ਨੂੰ ਕੌਣ ਸਲਾਹ ਦੇ ਸਕਦਾ ਹੈ?” ਪਰ ਸਾਨੂੰ ਮਸੀਹ ਵਾਲਾ ਮਨ ਮਿਲਿਆ ਹੈ । ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਬਾਤ ਨਹੀਂ ਕਰ ਸਕਿਆ, ਜਿਸ ਤਰ੍ਹਾਂ ਕਿ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਸਗੋਂ ਮੈਂ ਤੁਹਾਨੂੰ ਮਸੀਹੀ ਵਿਸ਼ਵਾਸ ਵਿੱਚ ਅਜੇ ਦੁੱਧ ਪੀਂਦੇ ਬੱਚੇ ਸਮਝ ਕੇ, ਇਸ ਤਰ੍ਹਾਂ ਗੱਲ ਬਾਤ ਕਰਦਾ ਹਾਂ ਜਿਸ ਤਰ੍ਹਾਂ ਕਿ ਇਸ ਸੰਸਾਰ ਦੇ ਆਮ ਲੋਕਾਂ ਨਾਲ ਕੀਤੀ ਜਾਂਦੀ ਹੈ । ਮੈਂ ਤੁਹਾਨੂੰ ਭੋਜਨ ਦੀ ਥਾਂ ਦੁੱਧ ਪਿਲਾਇਆ ਹੈ ਕਿਉਂਕਿ ਤੁਸੀਂ ਭੋਜਨ ਦੇ ਲਈ ਤਿਆਰ ਨਹੀਂ ਸੀ । ਤੁਸੀਂ ਅਜੇ ਵੀ ਇਸ ਦੇ ਲਈ ਤਿਆਰ ਨਹੀਂ ਹੋ ਕਿਉਂਕਿ ਤੁਸੀਂ ਅਜੇ ਵੀ ਇਸ ਸੰਸਾਰ ਦੇ ਆਮ ਲੋਕਾਂ ਦੀ ਤਰ੍ਹਾਂ ਹੋ । ਕੀ ਤੁਹਾਡੇ ਵਿਚਲੀ ਈਰਖਾ ਅਤੇ ਝਗੜੇ ਇਹ ਸਿੱਧ ਨਹੀਂ ਕਰਦੇ ਕਿ ਤੁਸੀਂ ਸੰਸਾਰ ਦੇ ਪਿੱਛੇ ਚੱਲਣ ਵਾਲੇ ਹੋ? ਜਦੋਂ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ, “ਮੈਂ ਪੌਲੂਸ ਦਾ ਹਾਂ,” ਅਤੇ ਦੂਜਾ ਕਹਿੰਦਾ ਹੈ, “ਮੈਂ ਅਪੁੱਲੋਸ ਦਾ ਹਾਂ” ਤਾਂ ਕੀ ਤੁਸੀਂ ਆਮ ਲੋਕ ਨਾ ਠਹਿਰੇ? ਫਿਰ ਅਪੁੱਲੋਸ ਕੌਣ ਹੈ ਜਾਂ ਪੌਲੂਸ ਕੌਣ ਹੈ? ਅਸੀਂ ਤਾਂ ਕੇਵਲ ਪਰਮੇਸ਼ਰ ਦੇ ਸੇਵਕ ਹਾਂ, ਜਿਹਨਾਂ ਦੇ ਦੁਆਰਾ ਤੁਸੀਂ ਵਿਸ਼ਵਾਸ ਕੀਤਾ ਹੈ । ਸਾਡੇ ਵਿੱਚੋਂ ਹਰ ਕੋਈ ਪ੍ਰਭੂ ਦੇ ਦਿੱਤੇ ਦਾਨ ਅਨੁਸਾਰ ਸੇਵਾ ਦਾ ਕੰਮ ਕਰਦਾ ਹੈ । ਮੈਂ ਬੀਜ ਬੀਜਿਆ, ਅਪੁੱਲੋਸ ਨੇ ਉਸ ਨੂੰ ਸਿੰਜਿਆ ਪਰ ਪਰਮੇਸ਼ਰ ਨੇ ਉਸ ਨੂੰ ਉਗਾਇਆ ਅਤੇ ਵਧਾਇਆ ਹੈ । ਇਸ ਲਈ ਬੀਜਣ ਅਤੇ ਸਿੰਜਣ ਵਾਲੇ ਕੁਝ ਨਹੀਂ ਹਨ, ਕੇਵਲ ਉਸ ਨੂੰ ਉਗਾਉਣ ਅਤੇ ਵਧਾਉਣ ਵਾਲਾ ਪਰਮੇਸ਼ਰ ਹੀ ਸਭ ਕੁਝ ਹੈ । ਬੀਜਣ ਅਤੇ ਸਿੰਜਣ ਵਾਲੇ ਦੋਵੇਂ ਇੱਕੋ ਜਿਹੇ ਹਨ । ਦੋਵੇਂ ਆਪਣੀ ਕੀਤੀ ਮਿਹਨਤ ਦੇ ਅਨੁਸਾਰ ਪਰਮੇਸ਼ਰ ਕੋਲੋਂ ਆਪਣੀ ਮਜ਼ਦੂਰੀ ਪ੍ਰਾਪਤ ਕਰਨਗੇ । ਅਸੀਂ ਪਰਮੇਸ਼ਰ ਦੇ ਕਾਮੇਂ ਹਾਂ ਅਤੇ ਤੁਸੀਂ ਉਹਨਾਂ ਦੇ ਖੇਤ ਹੋ । ਤੁਸੀਂ ਪਰਮੇਸ਼ਰ ਦੇ ਭਵਨ ਹੋ । ਪਰਮੇਸ਼ਰ ਦੇ ਦਿੱਤੇ ਵਰਦਾਨ ਦੁਆਰਾ, ਮੈਂ ਇੱਕ ਸਮਝਦਾਰ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ ਅਤੇ ਕੋਈ ਦੂਜਾ ਉਸ ਉੱਤੇ ਉਸਾਰੀ ਕਰ ਰਿਹਾ ਹੈ । ਹੁਣ ਹਰ ਕੋਈ ਇਹ ਖਿਆਲ ਰੱਖੇ ਕਿ ਉਹ ਕਿਸ ਤਰ੍ਹਾਂ ਦੀ ਉਸਾਰੀ ਕਰ ਰਿਹਾ ਹੈ । ਪਰਮੇਸ਼ਰ ਨੇ ਜੋ ਨੀਂਹ ਪਹਿਲਾਂ ਹੀ ਰੱਖ ਦਿੱਤੀ ਹੈ ਭਾਵ ਯਿਸੂ ਮਸੀਹ, ਜਿਹਨਾਂ ਤੋਂ ਸਿਵਾਏ ਕੋਈ ਹੋਰ ਮਨੁੱਖ ਨਵੀਂ ਨੀਂਹ ਨਹੀਂ ਰੱਖ ਸਕਦਾ । ਇਸ ਉੱਤੇ ਕੁਝ ਲੋਕ ਉਸਾਰੀ ਲਈ ਸੋਨਾ, ਚਾਂਦੀ, ਕੀਮਤੀ ਪੱਥਰ, ਲੱਕੜੀ, ਘਾਹ, ਸੁੱਕੇ ਕੱਖ ਆਦਿ ਵਰਤਦੇ ਹਨ । ਹਰ ਇੱਕ ਦੇ ਕੰਮ ਦੀ ਅਸਲੀਅਤ ਦਾ ਪਤਾ ਨਿਆਂ ਵਾਲੇ ਦਿਨ ਲੱਗੇਗਾ । ਉਸ ਦਿਨ ਅੱਗ ਹਰ ਇੱਕ ਮਨੁੱਖ ਦੇ ਕੰਮ ਨੂੰ ਪ੍ਰਗਟ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪਰੀਖਿਆ ਲਵੇਗੀ । ਜੇਕਰ ਕਿਸੇ ਮਨੁੱਖ ਦਾ ਕੰਮ ਟਿਕਿਆ ਰਹੇਗਾ ਤਾਂ ਉਸ ਨੂੰ ਉਸ ਚੰਗੇ ਕੰਮ ਦੇ ਲਈ ਫਲ ਮਿਲੇਗਾ । ਜੇਕਰ ਕਿਸੇ ਮਨੁੱਖ ਦਾ ਕੰਮ ਅੱਗ ਵਿੱਚ ਭਸਮ ਹੋ ਜਾਵੇਗਾ ਤਾਂ ਉਸ ਦਾ ਫਲ ਨਹੀਂ ਮਿਲੇਗਾ । ਪਰ ਉਹ ਆਪ ਅੱਗ ਵਿੱਚੋਂ ਨਿਕਲੇ ਆਦਮੀ ਦੀ ਤਰ੍ਹਾਂ ਬਚ ਜਾਵੇਗਾ । ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੇ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ । ਇਸ ਲਈ ਜੇਕਰ ਕੋਈ ਪਰਮੇਸ਼ਰ ਦੇ ਹੈਕਲ ਨੂੰ ਨਾਸ਼ ਕਰੇਗਾ ਤਾਂ ਪਰਮੇਸ਼ਰ ਉਸ ਦਾ ਨਾਸ਼ ਕਰਨਗੇ, ਕਿਉਂਕਿ ਪਰਮੇਸ਼ਰ ਦਾ ਹੈਕਲ ਪਵਿੱਤਰ ਹੈ ਅਤੇ ਤੁਸੀਂ ਹੀ ਉਹ ਹੈਕਲ ਹੋ । ਕੋਈ ਮਨੁੱਖ ਆਪਣੇ ਆਪ ਨੂੰ ਧੋਖਾ ਨਾ ਦੇਵੇ । ਜੇਕਰ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਇਸ ਸੰਸਾਰ ਦੇ ਆਧਾਰ ਤੇ ਬੁੱਧੀਮਾਨ ਸਮਝੇ ਤਾਂ ਉਹ ਮੂਰਖ ਬਣ ਜਾਵੇ ਤਾਂ ਜੋ ਉਹ ਬੁੱਧੀਮਾਨ ਹੋ ਜਾਵੇ । ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਸਾਹਮਣੇ ਮੂਰਖਤਾ ਦੇ ਬਰਾਬਰ ਹੈ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਬੁੱਧੀਮਾਨਾਂ ਨੂੰ ਉਹਨਾਂ ਦੀ ਹੀ ਚਤੁਰਾਈ ਵਿੱਚ ਫਸਾ ਦਿੰਦੇ ਹਨ ।” ਇਸੇ ਤਰ੍ਹਾਂ ਫਿਰ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪ੍ਰਭੂ ਜਾਣਦੇ ਹਨ ਕਿ ਬੁੱਧੀਮਾਨਾਂ ਦੇ ਵਿਚਾਰ ਵਿਅਰਥ ਹਨ ।” ਇਸ ਲਈ ਕੋਈ ਮਨੁੱਖਾਂ ਦੇ ਕੰਮਾਂ ਤੇ ਹੰਕਾਰ ਨਾ ਕਰੇ ਕਿਉਂਕਿ ਸਭ ਕੁਝ ਤੁਹਾਡਾ ਹੀ ਹੈ । ਭਾਵੇਂ ਉਹ ਪੌਲੂਸ ਹੋਵੇ ਜਾਂ ਅਪੁੱਲੋਸ ਜਾਂ ਕੈਫ਼ਾਸ, ਜਾਂ ਇਹ ਸੰਸਾਰ ਹੋਵੇ ਜਾਂ ਜੀਵਨ ਜਾਂ ਮੌਤ ਜਾਂ ਵਰਤਮਾਨ ਜਾਂ ਭਵਿੱਖ, ਇਹ ਸਭ ਚੀਜ਼ਾਂ ਤੁਹਾਡੀਆਂ ਹੀ ਹਨ ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ਰ ਦੇ ਹਨ । ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦਾ ਪ੍ਰਬੰਧਕ ਸਮਝੋ । ਪ੍ਰਬੰਧਕ ਕੋਲੋਂ ਵਿਸ਼ਵਾਸ ਯੋਗ ਹੋਣ ਦੀ ਆਸ ਰੱਖੀ ਜਾਂਦੀ ਹੈ । ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਹੈ ਕਿ ਮੇਰੀ ਜਾਂਚ ਤੁਹਾਡੇ ਰਾਹੀਂ ਜਾਂ ਕਿਸੇ ਮਨੁੱਖੀ ਅਦਾਲਤ ਦੇ ਆਧਾਰ ਤੇ ਕੀਤੀ ਜਾਵੇ । ਇੱਥੋਂ ਤੱਕ ਕਿ ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ । ਕਿਉਂਕਿ ਮੇਰਾ ਅੰਤਹਕਰਨ ਬਿਲਕੁਲ ਸਾਫ਼ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਨਿਰਦੋਸ਼ ਹਾਂ । ਅਸਲ ਵਿੱਚ ਇਹ ਪ੍ਰਭੂ ਹਨ ਜੋ ਮੇਰੀ ਜਾਂਚ ਕਰਨ ਵਾਲੇ ਹਨ । ਇਸ ਲਈ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ, ਪ੍ਰਭੂ ਦੇ ਆਉਣ ਤੱਕ ਕੋਈ ਫ਼ੈਸਲਾ ਨਾ ਕਰੋ ਕਿਉਂਕਿ ਉਹ ਆਪ ਹਨੇਰੇ ਵਿੱਚ ਲੁਕੀਆਂ ਗੱਲਾਂ ਨੂੰ ਚਾਨਣ ਵਿੱਚ ਲਿਆਉਣਗੇ ਅਤੇ ਮਨੁੱਖਾਂ ਦੇ ਮਨਾਂ ਦੇ ਲੁਕੇ ਹੋਏ ਇਰਾਦਿਆਂ ਨੂੰ ਪ੍ਰਗਟ ਕਰਨਗੇ, ਤਦ ਹਰ ਆਦਮੀ ਪਰਮੇਸ਼ਰ ਕੋਲੋਂ ਆਪਣੀ ਵਡਿਆਈ ਪ੍ਰਾਪਤ ਕਰੇਗਾ । ਭਰਾਵੋ ਅਤੇ ਭੈਣੋ, ਤੁਹਾਡੇ ਲਈ ਹੀ ਮੈਂ ਇਹ ਸਭ ਕੁਝ ਆਪਣੀ ਅਤੇ ਅਪੁੱਲੋਸ ਦੀ ਉਦਾਹਰਨ ਦੇ ਕੇ ਕਿਹਾ ਹੈ ਕਿ ਤੁਸੀਂ ਲਿਖੀ ਹੋਈ ਸਿੱਖਿਆ ਤੋਂ ਸਮਝੋ: “ਲਿਖੇ ਹੋਏ ਨਿਯਮਾਂ ਦਾ ਪਾਲਣ ਕਰੋ ।” ਤਾਂ ਜੋ ਤੁਸੀਂ ਕਿਸੇ ਇੱਕ ਨੂੰ ਛੱਡ ਕੇ ਦੂਜੇ ਉੱਤੇ ਮਾਣ ਨਾ ਕਰੋ । ਤੈਨੂੰ ਕਿਸ ਨੇ ਦੂਜਿਆਂ ਨਾਲੋਂ ਉੱਚਾ ਕੀਤਾ ਹੈ? ਤੇਰੇ ਕੋਲ ਜੋ ਕੁਝ ਹੈ, ਉਹ ਤੈਨੂੰ ਕਿਸ ਕੋਲੋਂ ਮਿਲਿਆ ਹੈ? ਪਰ ਜੇਕਰ ਤੈਨੂੰ ਸਭ ਕੁਝ ਵਰਦਾਨ ਦੇ ਤੌਰ ਤੇ ਮਿਲਿਆ ਹੈ ਤਾਂ ਇਸ ਉੱਤੇ ਘਮੰਡ ਕਿਉਂ ਕਰਦਾ ਹੈਂ? ਤੁਹਾਡੇ ਕੋਲ ਪਹਿਲਾਂ ਹੀ ਸਭ ਕੁਝ ਹੈ! ਤੁਸੀਂ ਪਹਿਲਾਂ ਹੀ ਧਨੀ ਹੋ! ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜੇ ਬਣੇ ਬੈਠੇ ਹੋ । ਪਰ ਮੇਰੀ ਬਹੁਤ ਇੱਛਾ ਹੈ ਕਿ ਤੁਸੀਂ ਸੱਚਮੁੱਚ ਰਾਜੇ ਹੁੰਦੇ ਤਾਂ ਜੋ ਅਸੀਂ ਇਕੱਠੇ ਮਿਲ ਕੇ ਰਾਜ ਕਰਦੇ! ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਰਸੂਲਾਂ ਨੂੰ ਸਭ ਤੋਂ ਆਖ਼ਰੀ ਸਥਾਨ ਦਿੱਤਾ ਹੈ ਜਿਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਮਿਲ ਚੁੱਕਾ ਹੈ ਕਿਉਂਕਿ ਅਸੀਂ ਸਾਰੇ ਸੰਸਾਰ, ਸਵਰਗਦੂਤਾਂ ਅਤੇ ਮਨੁੱਖਾਂ ਦੇ ਸਾਹਮਣੇ ਤਮਾਸ਼ਾ ਬਣੇ ਹਾਂ । ਅਸੀਂ ਮਸੀਹ ਦੀ ਖ਼ਾਤਰ ਮੂਰਖ ਬਣੇ ਹਾਂ ਪਰ ਤੁਸੀਂ ਮਸੀਹ ਵਿੱਚ ਬੁੱਧੀਮਾਨ ਹੋ! ਅਸੀਂ ਕਮਜ਼ੋਰ ਹਾਂ ਪਰ ਤੁਸੀਂ ਤਾਕਤਵਰ ਹੋ! ਅਸੀਂ ਨਫ਼ਰਤ ਯੋਗ ਹਾਂ ਪਰ ਤੁਸੀਂ ਆਦਰ ਯੋਗ ਹੋ! ਅੱਜ ਤੱਕ ਅਸੀਂ ਬਿਨਾਂ ਰੋਟੀ ਪਾਣੀ ਦੇ ਹਾਂ, ਪਾਟੇ ਪੁਰਾਣੇ ਕੱਪੜਿਆਂ ਵਿੱਚ ਰਹਿੰਦੇ ਹਾਂ, ਮਾਰ ਖਾਂਦੇ ਹਾਂ ਅਤੇ ਬੇਘਰ ਫਿਰਦੇ ਹਾਂ । ਅਸੀਂ ਆਪਣੇ ਹੱਥਾਂ ਨਾਲ ਸਖ਼ਤ ਮਿਹਨਤ ਕਰਦੇ ਹਾਂ । ਜਦੋਂ ਸਾਨੂੰ ਗਾਲ੍ਹ ਮਿਲਦੀ ਹੈ ਤਾਂ ਅਸੀਂ ਅੱਗੋਂ ਅਸੀਸ ਦਿੰਦੇ ਹਾਂ ਜਦੋਂ ਸਾਡੇ ਉੱਤੇ ਅੱਤਿਆਚਾਰ ਹੁੰਦਾ ਹੈ ਤਾਂ ਅਸੀਂ ਸਬਰ ਕਰਦੇ ਹਾਂ ਅਤੇ ਜਦੋਂ ਸਾਨੂੰ ਬੇਇਜ਼ਤ ਕੀਤਾ ਜਾਂਦਾ ਹੈ ਤਾਂ ਅਸੀਂ ਅੱਗੋਂ ਭਲੇ ਸ਼ਬਦ ਕਹਿੰਦੇ ਹਾਂ । ਅਸੀਂ ਤਾਂ ਕੇਵਲ ਇਸ ਸੰਸਾਰ ਦੇ ਕੂੜੇ ਦੀ ਤਰ੍ਹਾਂ ਹਾਂ ਅਤੇ ਹੁਣ ਤੱਕ ਅਸੀਂ ਹਰ ਇੱਕ ਲਈ ਕੂੜੇ ਕਰਕਟ ਦੇ ਬਰਾਬਰ ਹਾਂ । ਮੈਂ ਤੁਹਾਨੂੰ ਇਹ ਸ਼ਰਮਿੰਦਾ ਕਰਨ ਦੇ ਲਈ ਨਹੀਂ ਲਿਖ ਰਿਹਾ ਸਗੋਂ ਆਪਣੇ ਪਿਆਰੇ ਬੱਚੇ ਸਮਝਦੇ ਹੋਇਆਂ ਤੁਹਾਨੂੰ ਸਲਾਹ ਦੇ ਤੌਰ ਤੇ ਲਿਖ ਰਿਹਾ ਹਾਂ । ਭਾਵੇਂ ਮਸੀਹ ਵਿੱਚ ਤੁਹਾਡੇ ਅਣਗਿਣਤ ਸਿੱਖਿਅਕ ਹੋ ਸਕਦੇ ਹਨ ਪਰ ਪਿਤਾ ਕੇਵਲ ਇੱਕ ਹੀ ਹੈ, ਮੈਂ ਮਸੀਹ ਯਿਸੂ ਦੇ ਵਿੱਚ ਹੋ ਕੇ ਪ੍ਰਭੂ ਦੇ ਸ਼ੁਭ ਸਮਾਚਾਰ ਦੇ ਦੁਆਰਾ ਤੁਹਾਡਾ ਪਿਤਾ ਬਣਿਆ । ਇਸ ਲਈ ਮੇਰੀ ਬੇਨਤੀ ਹੈ ਕਿ ਮੇਰੇ ਵਾਂਗ ਬਣੋ । ਇਸ ਲਈ ਮੈਂ ਤਿਮੋਥਿਉਸ ਨੂੰ ਜੋ ਮੇਰਾ ਪ੍ਰਭੂ ਦੇ ਵਿੱਚ ਪਿਆਰਾ ਅਤੇ ਵਿਸ਼ਵਾਸ ਯੋਗ ਪੁੱਤਰ ਹੈ, ਤੁਹਾਡੇ ਕੋਲ ਭੇਜ ਰਿਹਾ ਹਾਂ । ਉਹ ਤੁਹਾਨੂੰ ਉਹਨਾਂ ਸਭ ਗੱਲਾਂ ਬਾਰੇ ਇੱਕ ਵਾਰੀ ਫਿਰ ਦੱਸੇਗਾ, ਜਿਹਨਾਂ ਦੀ ਪਾਲਣਾ ਮੈਂ ਆਪਣੇ ਨਵੇਂ ਮਸੀਹੀ ਜੀਵਨ ਵਿੱਚ ਕਰਦਾ ਹਾਂ ਅਤੇ ਜੋ ਮੈਂ ਹਰ ਥਾਂ ਕਲੀਸਿਯਾਵਾਂ ਨੂੰ ਸਿਖਾਉਂਦਾ ਹਾਂ । ਤੁਹਾਡੇ ਵਿੱਚੋਂ ਕਈ ਇਹ ਸੋਚ ਕੇ ਕਿ ਮੈਂ ਕੁਰਿੰਥੁਸ ਵਿੱਚ ਨਹੀਂ ਆ ਰਿਹਾ ਹਾਂ, ਹੰਕਾਰ ਵਿੱਚ ਆ ਗਏ ਹਨ । ਪਰ ਜੇਕਰ ਪ੍ਰਭੂ ਨੇ ਚਾਹਿਆ ਤਾਂ ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਤਦ ਮੈਂ ਇਹਨਾਂ ਹੰਕਾਰੀਆਂ ਨੂੰ ਦੇਖਾਂਗਾ ਕਿ ਇਹ ਕੇਵਲ ਗੱਲਾਂ ਹੀ ਕਰਦੇ ਹਨ ਜਾਂ ਇਹਨਾਂ ਵਿੱਚ ਸਮਰੱਥਾ ਵੀ ਹੈ । ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ ਸਗੋਂ ਸਮਰੱਥਾ ਵਿੱਚ ਹੈ । ਤੁਸੀਂ ਕੀ ਚਾਹੁੰਦੇ ਹੋ? ਕੀ ਮੈਂ ਤੁਹਾਡੇ ਕੋਲ ਸੋਟੀ ਲੈ ਕੇ ਆਵਾਂ ਜਾਂ ਪਿਆਰ ਅਤੇ ਕੋਮਲਤਾ ਵਾਲਾ ਮਨ? ਮੈਨੂੰ ਇਹ ਵੀ ਦੱਸਿਆ ਗਿਆ ਹੈ ਕਿ ਤੁਹਾਡੇ ਵਿੱਚ ਵਿਭਚਾਰ ਹੋ ਰਿਹਾ ਹੈ ਸਗੋਂ ਇਸ ਤਰ੍ਹਾਂ ਦਾ ਵਿਭਚਾਰ ਕਿ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦਾ । ਤੁਹਾਡੇ ਵਿੱਚੋਂ ਕਿਸੇ ਨੇ ਆਪਣੀ ਮਤਰੇਈ ਮਾਂ ਨੂੰ ਰੱਖ ਲਿਆ ਹੈ । ਕੀ ਤੁਸੀਂ ਇਸ ਉੱਤੇ ਘਮੰਡ ਕਰ ਰਹੇ ਹੋ? ਤੁਹਾਨੂੰ ਤਾਂ ਅਫ਼ਸੋਸ ਕਰਨਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਨੂੰ ਆਪਣੀ ਸੰਗਤ ਵਿੱਚੋਂ ਕੱਢ ਦੇਣਾ ਚਾਹੀਦਾ ਹੈ । ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਤੋਂ ਦੂਰ ਹਾਂ ਪਰ ਮੈਂ ਆਤਮਿਕ ਤੌਰ ਤੇ ਤੁਹਾਡੇ ਨਾਲ ਹਾਂ । ਇਸ ਤਰ੍ਹਾਂ ਤੁਹਾਡੇ ਵਿੱਚ ਆਪਣੇ ਆਪ ਨੂੰ ਹਾਜ਼ਰ ਮੰਨਦੇ ਹੋਏ, ਮੈਂ ਉਸ ਬੁਰੇ ਕੰਮ ਕਰਨ ਵਾਲੇ ਦੇ ਵਿਰੁੱਧ ਆਪਣਾ ਫ਼ੈਸਲਾ ਦੇ ਚੁੱਕਾ ਹਾਂ । ਜਦੋਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਕੱਠੇ ਹੋਵੋ ਤਾਂ ਮੈਂ ਵੀ ਆਤਮਿਕ ਤੌਰ ਤੇ ਤੁਹਾਡੇ ਵਿੱਚ ਹੋਵਾਂਗਾ । ਫਿਰ ਉਸ ਸਮੇਂ ਆਪਣੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਉਸ ਆਦਮੀ ਨੂੰ ਸ਼ੈਤਾਨ ਦੇ ਹੱਥਾਂ ਵਿੱਚ ਸੌਂਪ ਦੇਵੋ ਕਿ ਉਸ ਦਾ ਸਰੀਰ ਨਾਸ਼ ਹੋ ਜਾਵੇ ਤਾਂ ਜੋ ਉਸ ਦੀ ਆਤਮਾ ਪ੍ਰਭੂ ਦੇ ਦਿਨ ਮੁਕਤੀ ਪਾਵੇ । ਤੁਹਾਡਾ ਘਮੰਡ ਕਰਨਾ ਚੰਗਾ ਨਹੀਂ ਹੈ । ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹਾ ਜਿਹਾ ਖ਼ਮੀਰ ਆਟੇ ਦੀ ਸਾਰੀ ਤੌਣ ਨੂੰ ਖ਼ਮੀਰ ਕਰ ਦਿੰਦਾ ਹੈ? ਤੁਸੀਂ ਆਪਣੇ ਵਿੱਚੋਂ ਪੁਰਾਣਾ ਖ਼ਮੀਰ ਸਾਫ਼ ਕਰੋ ਕਿ ਤੁਸੀਂ ਨਵਾਂ ਗੁੰਨ੍ਹਿਆ ਹੋਇਆ ਆਟਾ ਬਣ ਜਾਵੋ, ਜਿਵੇਂ ਕਿ ਤੁਸੀਂ ਹੋ । ਸਾਡਾ ਪਸਾਹ ਦਾ ਤਿਉਹਾਰ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਪਸਾਹ ਦਾ ਬਲੀਦਾਨ ਦਿੱਤਾ ਜਾ ਚੁੱਕਾ ਹੈ, ਭਾਵ ਮਸੀਹ । ਇਸ ਲਈ ਆਓ, ਅਸੀਂ ਪਸਾਹ ਮਨਾਈਏ ਪਰ ਪਾਪ ਅਤੇ ਬੁਰਾਈ ਨਾਲ ਭਰੀ ਖ਼ਮੀਰੀ ਰੋਟੀ ਨਾਲ ਨਹੀਂ ਸਗੋਂ ਉਸ ਅਖ਼ਮੀਰੀ ਰੋਟੀ ਨਾਲ ਜੋ ਸ਼ੁੱਧ ਅਤੇ ਸੱਚੀ ਹੈ । ਮੈਂ ਤੁਹਾਨੂੰ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਤੁਸੀਂ ਵਿਭਚਾਰੀਆਂ ਦੇ ਨਾਲ ਕੋਈ ਸੰਬੰਧ ਨਾ ਰੱਖੋ । ਪਰ ਮੇਰੇ ਕਹਿਣ ਦਾ ਇਹ ਬਿਲਕੁਲ ਅਰਥ ਨਹੀਂ ਸੀ ਕਿ ਤੁਸੀਂ ਸੰਸਾਰ ਵਿੱਚੋਂ ਵਿਭਚਾਰੀਆਂ, ਲੋਭੀਆਂ, ਲੁਟੇਰਿਆਂ ਅਤੇ ਮੂਰਤੀ ਪੂਜਕਾਂ ਤੋਂ ਵੱਖਰੇ ਰਹੋ ਕਿਉਂਕਿ ਇਹ ਕਰਨ ਦੇ ਲਈ ਤਾਂ ਤੁਹਾਨੂੰ ਸੰਸਾਰ ਨੂੰ ਹੀ ਛੱਡਣਾ ਪਵੇਗਾ । ਅਸਲ ਵਿੱਚ ਮੇਰੇ ਲਿਖਣ ਦਾ ਅਰਥ ਸੀ ਕਿ ਤੁਸੀਂ ਉਸ ਨਾਲ ਕੋਈ ਸੰਬੰਧ ਨਾ ਰੱਖੋ ਜੋ ਆਪਣੇ ਆਪ ਨੂੰ ਕਹਿੰਦਾ ਤਾਂ ਵਿਸ਼ਵਾਸੀ ਹੈ ਪਰ ਉਹ ਵਿਭਚਾਰੀ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਬਕਵਾਸੀ ਜਾਂ ਸ਼ਰਾਬੀ ਜਾਂ ਲੁਟੇਰਾ ਹੈ । ਇੱਥੋਂ ਤੱਕ ਕਿ ਇਹੋ ਜਿਹੇ ਨਾਲ ਤੁਸੀਂ ਬੈਠ ਕੇ ਖਾਓ ਤੱਕ ਵੀ ਨਾ । ਮੈਨੂੰ ਬਾਹਰ ਦੇ ਲੋਕਾਂ ਨੂੰ ਦੋਸ਼ੀ ਠਹਿਰਾਉਣ ਦਾ ਕੀ ਹੱਕ ਹੈ? ਪਰਮੇਸ਼ਰ ਆਪ ਉਹਨਾਂ ਨੂੰ ਦੋਸ਼ੀ ਠਹਿਰਾਉਣਗੇ । “ਦੁਸ਼ਟ ਨੂੰ ਆਪਣੇ ਵਿੱਚੋਂ ਬਾਹਰ ਕੱਢ ਦੇਵੋ ।” ਜੇਕਰ ਤੁਹਾਡੇ ਵਿੱਚੋਂ ਇੱਕ ਭਰਾ ਦਾ ਦੂਜੇ ਭਰਾ ਨਾਲ ਝਗੜਾ ਹੈ ਤਾਂ ਕੀ ਉਹ ਹਿੰਮਤ ਕਰੇਗਾ ਕਿ ਵਿਸ਼ਵਾਸੀਆਂ ਦੇ ਸਾਹਮਣੇ ਆਪਣਾ ਮੁਕੱਦਮਾ ਪੇਸ਼ ਕਰਨ ਦੀ ਬਜਾਏ ਅਵਿਸ਼ਵਾਸੀਆਂ ਦੇ ਸਾਹਮਣੇ ਪੇਸ਼ ਕਰੇ? ਕੀ ਤੁਸੀਂ ਨਹੀਂ ਜਾਣਦੇ ਕਿ ਵਿਸ਼ਵਾਸੀ ਸੰਸਾਰ ਦਾ ਨਿਆਂ ਕਰਨਗੇ? ਜੇਕਰ ਇਹ ਸੱਚ ਹੈ ਕਿ ਤੁਸੀਂ ਸੰਸਾਰ ਦਾ ਨਿਆਂ ਕਰੋਗੇ ਤਾਂ ਫਿਰ ਛੋਟੇ ਛੋਟੇ ਝਗੜਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ? ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸ ਜੀਵਨ ਨਾਲ ਸੰਬੰਧ ਰੱਖਣ ਵਾਲੇ ਝਗੜੇ ਕੀ ਹਨ? ਪਰ ਜੇਕਰ ਤੁਹਾਡੇ ਵਿੱਚ ਸੰਸਾਰਕ ਝਗੜੇ ਹੋਣ ਵੀ ਤਾਂ ਕੀ ਤੁਸੀਂ ਉਹਨਾਂ ਨੂੰ ਆਪਣੇ ਨਿਆਂ ਅਧਿਕਾਰੀ ਬਣਾਵੋਗੇ ਜਿਹਨਾਂ ਦਾ ਕਲੀਸਿਯਾ ਦੇ ਨਾਲ ਕੋਈ ਸੰਬੰਧ ਨਹੀਂ ਹੈ? ਮੈਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਸ਼ਰਮਿੰਦੇ ਹੋਵੋ । ਕੀ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਆਦਮੀ ਨਹੀਂ ਹੈ ਜੋ ਤੁਹਾਡੇ ਵਿੱਚ ਵਿਸ਼ਵਾਸੀਆਂ ਦਾ ਫ਼ੈਸਲਾ ਕਰਵਾ ਸਕੇ? ਜੇਕਰ ਭਰਾ ਦਾ ਭਰਾ ਦੇ ਵਿਰੁੱਧ ਮੁਕੱਦਮਾ ਹੋਵੇ ਵੀ ਅਤੇ ਉਹ ਵੀ ਅਵਿਸ਼ਵਾਸੀਆਂ ਸਾਹਮਣੇ! ਅਸਲ ਸੱਚਾਈ ਇਹ ਹੈ ਕਿ ਤੁਹਾਡੇ ਵਿੱਚ ਮੁਕੱਦਮੇ ਦਾ ਹੋਣਾ ਹੀ ਤੁਹਾਡੀ ਹਾਰ ਹੈ । ਇਸ ਤੋਂ ਚੰਗਾ ਇਹ ਹੈ ਕਿ ਤੁਸੀਂ ਅਨਿਆਂ ਸਹਿ ਲਵੋ । ਤੁਸੀਂ ਆਪਣੇ ਹੱਕ ਛੱਡ ਦੇਵੋ । ਪਰ ਤੁਸੀਂ ਇਸ ਦੇ ਉਲਟ ਆਪ ਅਨਿਆਂ ਕਰਦੇ ਹੋ, ਦੂਜਿਆਂ ਦੇ ਹੱਕ ਮਾਰਦੇ ਹੋ, ਇੱਥੋਂ ਤੱਕ ਕਿ ਆਪਣੇ ਹੀ ਭਰਾਵਾਂ ਦੇ ਵੀ । ਕੀ ਤੁਸੀਂ ਨਹੀਂ ਜਾਣਦੇ ਕਿ ਅਨਿਆਈ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਦੇਖੋ, ਧੋਖੇ ਵਿੱਚ ਨਾ ਰਹੋ; ਵਿਭਚਾਰੀ, ਮੂਰਤੀ ਪੂਜਕ, ਹਰਾਮੀ, ਜਨਾਨੜੇ, ਮੁੰਡੇਬਾਜ਼, ਚੋਰ, ਲੋਭੀ, ਸ਼ਰਾਬੀ, ਨਿੰਦਕ ਅਤੇ ਕਪਟੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ । ਤੁਹਾਡੇ ਵਿੱਚੋਂ ਕੁਝ ਇਹੋ ਜਿਹੇ ਹੀ ਸਨ । ਪਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਦੁਆਰਾ ਧੋਤੇ ਗਏ ਹੋ ਅਤੇ ਪਵਿੱਤਰ ਕੀਤੇ ਗਏ ਹੋ ਅਤੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਏ ਗਏ ਹੋ । ਤੁਸੀਂ ਕਹਿੰਦੇ ਹੋ “ਮੇਰੇ ਲਈ ਸਭ ਚੀਜ਼ਾਂ ਯੋਗ ਹਨ ।” ਇਹ ਠੀਕ ਹੈ ਪਰ ਸਭ ਚੀਜ਼ਾਂ ਲਾਭਦਾਇਕ ਨਹੀਂ ਹਨ । “ਮੈਨੂੰ ਸਭ ਕੁਝ ਕਰਨ ਦਾ ਹੱਕ ਹੈ” “ਪਰ ਮੈਂ ਕਿਸੇ ਦੇ ਅਧੀਨ ਨਹੀਂ ਰਹਾਂਗਾ ।” ਫਿਰ ਤੁਸੀਂ ਕਹਿੰਦੇ ਹੋ, “ਭੋਜਨ ਪੇਟ ਦੇ ਲਈ ਹੈ ਅਤੇ ਪੇਟ ਭੋਜਨ ਦੇ ਲਈ” ਪਰ ਯਾਦ ਰੱਖੋ, ਪਰਮੇਸ਼ਰ ਦੋਨਾਂ ਨੂੰ ਨਾਸ਼ ਕਰ ਦੇਣਗੇ । ਕਿਉਂਕਿ ਸਰੀਰ ਵਿਭਚਾਰ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ । ਪਰਮੇਸ਼ਰ ਨੇ ਪ੍ਰਭੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਇਸੇ ਤਰ੍ਹਾਂ ਉਹ ਸਾਨੂੰ ਆਪਣੀ ਸਮਰੱਥਾ ਨਾਲ ਜਿਊਂਦਾ ਕਰਨਗੇ । ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਸਰੀਰ ਦੇ ਅੰਗ ਹਨ? ਫਿਰ ਕੀ ਮਸੀਹ ਦੇ ਸਰੀਰ ਦੇ ਅੰਗ ਨੂੰ ਲੈ ਕੇ, ਵੇਸਵਾ ਦੇ ਸਰੀਰ ਦਾ ਅੰਗ ਬਣਾ ਦੇਵੋਗੇ? ਕਦੀ ਵੀ ਨਹੀਂ! ਕੀ ਤੁਸੀਂ ਨਹੀਂ ਜਾਣਦੇ ਕਿ ਜੋ ਵੇਸਵਾ ਦੇ ਕੋਲ ਜਾਂਦਾ ਹੈ, ਉਹ ਉਸ ਦੇ ਨਾਲ ਇੱਕ ਸਰੀਰ ਹੋ ਜਾਂਦਾ ਹੈ? ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਦੋਵੇਂ ਇੱਕ ਸਰੀਰ ਹੋਣਗੇ ।” ਪਰ ਜੋ ਪ੍ਰਭੂ ਦੇ ਵਿੱਚ ਹੈ, ਉਹ ਪ੍ਰਭੂ ਦੇ ਨਾਲ ਇੱਕ ਆਤਮਾ ਹੈ । ਵਿਭਚਾਰ ਤੋਂ ਦੂਰ ਰਹੋ ਕਿਉਂਕਿ ਉਹ ਸਾਰੇ ਪਾਪ ਜੋ ਮਨੁੱਖ ਕਰਦਾ ਹੈ, ਉਸ ਦੇ ਸਰੀਰ ਤੋਂ ਬਾਹਰ ਹਨ ਪਰ ਜੋ ਮਨੁੱਖ ਵਿਭਚਾਰ ਕਰਦਾ ਹੈ, ਉਹ ਆਪਣੇ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ । ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਵਿੱਤਰ ਆਤਮਾ ਦਾ ਹੈਕਲ ਹੋ ਜੋ ਤੁਹਾਡੇ ਅੰਦਰ ਵਾਸ ਕਰਦਾ ਹੈ ਅਤੇ ਤੁਹਾਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ? ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ । ਇਸ ਲਈ ਆਪਣੇ ਸਰੀਰ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ । ਹੁਣ ਉਹ ਗੱਲਾਂ, ਜਿਹਨਾਂ ਬਾਰੇ ਤੁਸੀਂ ਮੈਨੂੰ ਲਿਖਿਆ ਸੀ: ਆਦਮੀ ਲਈ ਚੰਗਾ ਤਾਂ ਇਹ ਹੈ ਕਿ ਉਹ ਔਰਤ ਤੋਂ ਦੂਰ ਰਹੇ । ਪਰ ਕਿਉਂਕਿ ਵਿਭਚਾਰ ਬਹੁਤ ਹੈ, ਇਸ ਲਈ ਹਰ ਆਦਮੀ ਦੀ ਆਪਣੀ ਪਤਨੀ ਅਤੇ ਹਰ ਔਰਤ ਦਾ ਆਪਣਾ ਪਤੀ ਹੋਵੇ । ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ । ਪਤਨੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੇ ਪਤੀ ਦਾ ਹੈ । ਇਸੇ ਤਰ੍ਹਾਂ ਪਤੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੀ ਪਤਨੀ ਦਾ ਹੈ । ਇੱਕ ਦੂਜੇ ਨੂੰ ਵੰਚਿਤ ਨਾ ਕਰੋ । ਜੇਕਰ ਇਸ ਤਰ੍ਹਾਂ ਕਰੋ ਵੀ, ਤਾਂ ਕੁਝ ਸਮੇਂ ਦੇ ਲਈ ਇੱਕ ਦੂਜੇ ਦੀ ਸਲਾਹ ਨਾਲ ਕਰੋ ਕਿ ਤੁਹਾਨੂੰ ਪ੍ਰਾਰਥਨਾ ਲਈ ਸਮਾਂ ਮਿਲ ਸਕੇ । ਪਰ ਇਸ ਦੇ ਬਾਅਦ ਫਿਰ ਇਕੱਠੇ ਰਹੋ ਤਾਂ ਜੋ ਤੁਹਾਡੇ ਸਵੈ-ਕਾਬੂ ਵਿੱਚ ਨਾ ਹੋਣ ਦੇ ਕਾਰਨ ਸ਼ੈਤਾਨ ਤੁਹਾਨੂੰ ਪਰਤਾਵੇ ਵਿੱਚ ਨਾ ਪਾ ਦੇਵੇ । ਮੈਂ ਤੁਹਾਨੂੰ ਇਹ ਪ੍ਰਵਾਨਗੀ ਦੇ ਰਿਹਾ ਹਾਂ, ਹੁਕਮ ਨਹੀਂ । ਮੈਂ ਤਾਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਹੀ ਹੋਣ ਪਰ ਹਰ ਇੱਕ ਨੂੰ ਪਰਮੇਸ਼ਰ ਵੱਲੋਂ ਵੱਖ ਵੱਖ ਯੋਗਤਾ ਮਿਲੀ ਹੈ, ਕਿਸੇ ਨੂੰ ਇਸ ਤਰ੍ਹਾਂ ਦੀ ਅਤੇ ਕਿਸੇ ਨੂੰ ਦੂਜੀ ਤਰ੍ਹਾਂ ਦੀ । ਅਣਵਿਆਹਿਆਂ ਅਤੇ ਵਿਧਵਾਵਾਂ ਨੂੰ ਮੇਰੀ ਇਹ ਸਲਾਹ ਹੈ ਕਿ ਇਹ ਚੰਗਾ ਹੈ ਕਿ ਉਹ ਮੇਰੇ ਤਰ੍ਹਾਂ ਹੀ ਰਹਿਣ । ਪਰ ਜੇਕਰ ਉਹ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਣ ਤਾਂ ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਕਾਮ ਦੀ ਅੱਗ ਵਿੱਚ ਸੜਨ ਨਾਲੋਂ ਚੰਗਾ ਹੈ । ਇਸੇ ਤਰ੍ਹਾਂ ਵਿਆਹੇ ਹੋਇਆਂ ਨੂੰ ਮੇਰਾ ਹੁਕਮ ਹੈ, (ਮੇਰਾ ਨਹੀਂ ਸਗੋਂ ਪ੍ਰਭੂ ਦਾ ਹੈ) ਕਿ ਪਤਨੀ ਆਪਣੇ ਪਤੀ ਤੋਂ ਵੱਖ ਨਾ ਹੋਵੇ । ਜੇਕਰ ਉਹ ਹੋ ਵੀ ਜਾਵੇ ਤਾਂ ਫਿਰ ਵਿਆਹ ਨਾ ਕਰੇ, ਨਹੀਂ ਤਾਂ ਆਪਣੇ ਪਤੀ ਨਾਲ ਫਿਰ ਸੁਲਾਹ ਕਰ ਲਵੇ । ਇਸ ਤਰ੍ਹਾਂ ਪਤੀ ਵੀ ਆਪਣੀ ਪਤਨੀ ਨੂੰ ਤਲਾਕ ਨਾ ਦੇਵੇ । ਬਾਕੀਆਂ ਨੂੰ ਮੈਂ ਕਹਿੰਦਾ ਹਾਂ (ਪ੍ਰਭੂ ਨਹੀਂ) ਕਿ ਜੇਕਰ ਕਿਸੇ ਵਿਸ਼ਵਾਸੀ ਆਦਮੀ ਦੇ ਘਰ ਅਵਿਸ਼ਵਾਸੀ ਪਤਨੀ ਹੈ ਅਤੇ ਉਹ ਉਸ ਦੇ ਨਾਲ ਰਹਿਣ ਲਈ ਤਿਆਰ ਹੈ ਤਾਂ ਉਹ ਉਸ ਨੂੰ ਤਲਾਕ ਨਾ ਦੇਵੇ । ਇਸੇ ਤਰ੍ਹਾਂ ਜੇਕਰ ਕਿਸੇ ਵਿਸ਼ਵਾਸੀ ਔਰਤ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਦੇ ਨਾਲ ਰਹਿਣ ਲਈ ਤਿਆਰ ਹੈ ਤਾਂ ਉਹ ਉਸ ਨੂੰ ਤਲਾਕ ਨਾ ਦੇਵੇ । ਅਵਿਸ਼ਵਾਸੀ ਪਤੀ ਆਪਣੀ ਵਿਸ਼ਵਾਸੀ ਪਤਨੀ ਦੇ ਕਾਰਨ ਪਰਮੇਸ਼ਰ ਦੇ ਸਾਹਮਣੇ ਪਵਿੱਤਰ ਠਹਿਰਦਾ ਹੈ ਅਤੇ ਅਵਿਸ਼ਵਾਸੀ ਪਤਨੀ ਆਪਣੇ ਵਿਸ਼ਵਾਸੀ ਪਤੀ ਦੇ ਕਾਰਨ ਪਰਮੇਸ਼ਰ ਦੇ ਸਾਹਮਣੇ ਪਵਿੱਤਰ ਠਹਿਰਦੀ ਹੈ । ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਉਹਨਾਂ ਦੇ ਬੱਚੇ ਅਸ਼ੁੱਧ ਠਹਿਰਨਗੇ । ਪਰ ਹੁਣ ਉਹ ਪਵਿੱਤਰ ਗਿਣੇ ਜਾਣਗੇ । ਪਰ ਜੇਕਰ ਅਵਿਸ਼ਵਾਸੀ ਆਪ ਅਲੱਗ ਹੋਣਾ ਚਾਹੇ ਤਾਂ ਉਸ ਨੂੰ ਹੋਣ ਦਿਓ । ਇਹੋ ਜਿਹੇ ਮਾਮਲਿਆਂ ਵਿੱਚ ਵਿਸ਼ਵਾਸੀ ਭਰਾ ਜਾਂ ਭੈਣ ਨੂੰ ਆਜ਼ਾਦੀ ਹੈ । ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਮੇਲ-ਮਿਲਾਪ ਨਾਲ ਰਹਿਣ ਲਈ ਸੱਦਿਆ ਹੈ । ਹੇ ਪਤਨੀ, ਕੀ ਤੂੰ ਜਾਣਦੀ ਹੈਂ ਕਿ ਤੂੰ ਆਪਣੇ ਪਤੀ ਦੀ ਮੁਕਤੀ ਦਾ ਕਾਰਨ ਬਣ ਸਕਦੀ ਹੈਂ? ਹੇ ਪਤੀ, ਕੀ ਤੂੰ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਦੀ ਮੁਕਤੀ ਦਾ ਕਾਰਨ ਬਣ ਸਕਦਾ ਹੈਂ? ਜਿਸ ਤਰ੍ਹਾਂ ਪਰਮੇਸ਼ਰ ਨੇ ਹਰ ਕਿਸੇ ਨੂੰ ਬਲਾਉਣ ਦੇ ਸਮੇਂ ਵਰਦਾਨ ਦਿੱਤਾ ਹੈ, ਉਹ ਉਸ ਦੇ ਅਨੁਸਾਰ ਜੀਵਨ ਗੁਜ਼ਾਰੇ । ਮੈਂ ਸਭ ਕਲੀਸਿਯਾਵਾਂ ਨੂੰ ਇਹ ਹੀ ਸਿਧਾਂਤ ਸਿਖਾਉਂਦਾ ਹਾਂ । ਜੇਕਰ ਕੋਈ ਸੁੰਨਤੀ ਪਰਮੇਸ਼ਰ ਦੁਆਰਾ ਸੱਦਿਆ ਗਿਆ ਹੈ ਤਾਂ ਉਹ ਇਸੇ ਹਾਲਤ ਵਿੱਚ ਰਹੇ । ਇਸੇ ਤਰ੍ਹਾਂ ਜੇਕਰ ਕੋਈ ਅਸੁੰਨਤੀ ਪਰਮੇਸ਼ਰ ਦੁਆਰਾ ਸੱਦਿਆ ਗਿਆ ਹੈ, ਤਾਂ ਉਹ ਵੀ ਉਸੇ ਹਾਲਤ ਵਿੱਚ ਰਹੇ । ਕਿਉਂਕਿ ਨਾ ਤਾਂ ਸੁੰਨਤ ਕੁਝ ਹੈ ਅਤੇ ਨਾ ਹੀ ਅਸੁੰਨਤ ਕੁਝ ਹੈ ਪਰ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨਾ ਹੀ ਸਭ ਕੁਝ ਹੈ । ਇਸ ਲਈ ਹਰ ਕੋਈ ਉਸੇ ਹਾਲਤ ਵਿੱਚ ਰਹੇ ਜਿਸ ਵਿੱਚ ਉਹ ਸੱਦਿਆ ਗਿਆ ਸੀ । ਕੀ ਤੂੰ ਗ਼ੁਲਾਮੀ ਦੀ ਹਾਲਤ ਵਿੱਚ ਸੱਦਿਆ ਗਿਆ ਸੀ? ਤਾਂ ਕੋਈ ਚਿੰਤਾ ਨਾ ਕਰ । ਜੇਕਰ ਤੈਨੂੰ ਆਜ਼ਾਦ ਹੋਣ ਦਾ ਮੌਕਾ ਮਿਲੇ ਤਾਂ ਆਜ਼ਾਦ ਹੋ ਜਾ । ਜੋ ਪ੍ਰਭੂ ਦੇ ਬੁਲਾਉਣ ਦੇ ਸਮੇਂ ਗ਼ੁਲਾਮ ਸੀ, ਉਹ ਪ੍ਰਭੂ ਵਿੱਚ ਆਜ਼ਾਦ ਕੀਤਾ ਗਿਆ ਹੈ । ਇਸੇ ਤਰ੍ਹਾਂ ਜੋ ਬੁਲਾਉਣ ਦੇ ਸਮੇਂ ਆਜ਼ਾਦ ਸੀ, ਉਹ ਮਸੀਹ ਦਾ ਗ਼ੁਲਾਮ ਬਣ ਗਿਆ ਹੈ । ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ, ਇਸ ਲਈ ਆਦਮੀਆਂ ਦੇ ਗ਼ੁਲਾਮ ਨਾ ਬਣੋ । ਭਰਾਵੋ ਅਤੇ ਭੈਣੋ, ਹਰ ਕਿਸੇ ਨੂੰ ਜਿਸ ਹਾਲਤ ਵਿੱਚ ਪਰਮੇਸ਼ਰ ਨੇ ਸੱਦਿਆ ਹੈ, ਉਹ ਉਸੇ ਹਾਲਤ ਵਿੱਚ ਪਰਮੇਸ਼ਰ ਦੇ ਨਾਲ ਰਹੇ । ਕੁਆਰੀਆਂ ਦੇ ਬਾਰੇ: ਇਸ ਵਿਸ਼ੇ ਵਿੱਚ ਮੈਨੂੰ ਪ੍ਰਭੂ ਵੱਲੋਂ ਕੋਈ ਹੁਕਮ ਨਹੀਂ ਮਿਲਿਆ ਪਰ ਫਿਰ ਵੀ ਮੈਂ ਜਿਸ ਤਰ੍ਹਾਂ ਪ੍ਰਭੂ ਦੀ ਦਇਆ ਨਾਲ ਭਰੋਸੇਯੋਗ ਹਾਂ, ਇਸ ਬਾਰੇ ਆਪਣੇ ਵੱਲੋਂ ਸਲਾਹ ਦੇ ਰਿਹਾ ਹਾਂ । ਵਰਤਮਾਨ ਮੁਸੀਬਤਾਂ ਨੂੰ ਦੇਖਦੇ ਹੋਏ ਮੇਰਾ ਵਿਚਾਰ ਹੈ ਕਿ ਮਨੁੱਖ ਦੇ ਲਈ ਚੰਗਾ ਇਹ ਹੈ ਕਿ ਉਹ ਜਿਸ ਹਾਲਤ ਵਿੱਚ ਹੈ, ਉਸੇ ਹਾਲਤ ਵਿੱਚ ਹੀ ਰਹੇ । ਜੇ ਤੇਰੇ ਕੋਲ ਪਤਨੀ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਾ ਕਰ । ਜੇ ਤੇਰੇ ਕੋਲ ਪਤਨੀ ਨਹੀਂ ਹੈ ਤਾਂ ਤੂੰ ਪਤਨੀ ਲੱਭਣ ਦੀ ਕੋਸ਼ਿਸ਼ ਨਾ ਕਰ । ਪਰ ਜੇਕਰ ਤੁਸੀਂ ਵਿਆਹ ਕਰਦੇ ਹੋ ਤਾਂ ਇਹ ਪਾਪ ਨਹੀਂ ਹੈ । ਇਸੇ ਤਰ੍ਹਾਂ ਜੇਕਰ ਕੋਈ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ ਪਰ ਵਿਆਹੇ ਹੋਏ ਲੋਕ ਸੰਸਾਰਕ ਦੁੱਖ ਭੋਗਣਗੇ, ਮੈਂ ਤੁਹਾਨੂੰ ਉਹਨਾਂ ਦੁੱਖਾਂ ਤੋਂ ਬਚਾਉਣਾ ਚਾਹੁੰਦਾ ਹਾਂ । ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ ਇਸ ਲਈ ਜੋ ਵਿਆਹੇ ਹੋਏ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਅਣਵਿਆਹੇ ਹਨ । ਜੋ ਸੋਗ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਸੋਗ ਵਿੱਚ ਨਹੀਂ; ਜੋ ਅਨੰਦ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਅਨੰਦ ਵਿੱਚ ਨਹੀਂ । ਜੋ ਖ਼ਰੀਦ ਰਹੇ ਹਨ, ਉਹ ਸਮਝਣ ਕਿ ਉਹਨਾਂ ਕੋਲ ਕੁਝ ਨਹੀਂ ਰਹੇਗਾ । ਜੋ ਸੰਸਾਰਕ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ, ਉਹਨਾਂ ਵਿੱਚ ਮਗਨ ਨਾ ਹੋਣ ਕਿਉਂਕਿ ਸੰਸਾਰ ਦਾ ਵਰਤਮਾਨ ਰੂਪ ਬਦਲ ਰਿਹਾ ਹੈ । ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਦੂਰ ਰਹੋ । ਅਣਵਿਆਹਿਆ ਆਦਮੀ ਪ੍ਰਭੂ ਦੇ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦਾ ਹੈ ਕਿ ਉਹ ਪ੍ਰਭੂ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ । ਇਸੇ ਤਰ੍ਹਾਂ ਵਿਆਹਿਆ ਆਦਮੀ ਸੰਸਾਰਕ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ ਅਤੇ ਇਸ ਤਰ੍ਹਾਂ ਉਸ ਦੇ ਅੰਦਰ ਸੰਘਰਸ਼ ਚਲਦਾ ਰਹਿੰਦਾ ਹੈ । ਅਣਵਿਆਹੀ ਜਾਂ ਕੁਆਰੀ ਪ੍ਰਭੂ ਦੇ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦੀ ਹੈ ਕਿ ਉਹ ਕਿਸ ਤਰ੍ਹਾਂ ਸਰੀਰ ਅਤੇ ਆਤਮਾ ਵਿੱਚ ਪਵਿੱਤਰ ਰਹੇ । ਪਰ ਵਿਆਹੀ ਹੋਈ ਔਰਤ ਸੰਸਾਰਕ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦੀ ਹੈ ਕਿ ਉਹ ਆਪਣੇ ਪਤੀ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ । ਇਹ ਸਭ ਮੈਂ ਤੁਹਾਡੇ ਭਲੇ ਦੇ ਲਈ ਕਹਿ ਰਿਹਾ ਹਾਂ, ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਬੰਧਨ ਲਾਉਣ ਲਈ ਨਹੀਂ ਪਰ ਇਸ ਲਈ ਕਿ ਤੁਸੀਂ ਬਿਨਾਂ ਕਿਸੇ ਅੜਚਨ ਦੇ ਠੀਕ ਢੰਗ ਨਾਲ ਪ੍ਰਭੂ ਦੀ ਸੇਵਾ ਕਰੋ । ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣੀ ਕੁਆਰੀ ਮੰਗੇਤਰ ਦੇ ਨਾਲ ਨਜਾਇਜ਼ ਵਰਤਾਅ ਕਰ ਰਿਹਾ ਹੈ ਅਤੇ ਉਸ ਦੀਆਂ ਕਾਮਵਾਸ਼ਨਾਵਾਂ ਬਹੁਤ ਤੇਜ਼ ਹਨ ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ, ਉਹ ਵਿਆਹ ਕਰ ਲੈਣ । ਇਸ ਵਿੱਚ ਕੋਈ ਪਾਪ ਨਹੀਂ ਹੈ । ਪਰ ਜਿਸ ਆਦਮੀ ਦੇ ਦਿਲ ਦਾ ਫ਼ੈਸਲਾ ਪੱਕਾ ਹੈ ਅਤੇ ਉਹ ਸਵੈ-ਕਾਬੂ ਵਿੱਚ ਹੈ, ਜਿਸ ਦਾ ਆਪਣੀ ਇੱਛਾ ਉੱਤੇ ਪੂਰਾ ਅਧਿਕਾਰ ਹੈ ਅਤੇ ਜਿਸ ਨੇ ਆਪਣੀ ਮੰਗੇਤਰ ਨੂੰ ਕੁਆਰੀ ਰੱਖਣ ਦਾ ਫ਼ੈਸਲਾ ਕਰ ਲਿਆ ਹੈ, ਉਹ ਠੀਕ ਕਰਦਾ ਹੈ । ਇਸ ਲਈ ਜੋ ਆਪਣੀ ਮੰਗੇਤਰ ਨਾਲ ਵਿਆਹ ਕਰਦਾ ਹੈ, ਉਹ ਠੀਕ ਕਰਦਾ ਹੈ ਅਤੇ ਉਹ ਜੋ ਉਸ ਨਾਲ ਵਿਆਹ ਨਹੀਂ ਕਰਦਾ, ਹੋਰ ਵੀ ਠੀਕ ਕਰਦਾ ਹੈ । ਇੱਕ ਪਤਨੀ ਉਸ ਸਮੇਂ ਤੱਕ ਆਪਣੇ ਪਤੀ ਦੇ ਬੰਧਨ ਵਿੱਚ ਹੈ ਜਦੋਂ ਤੱਕ ਉਹ ਜਿਊਂਦਾ ਹੈ ਪਰ ਜੇਕਰ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਨੂੰ ਖੁੱਲ੍ਹ ਹੈ ਕਿ ਉਹ ਜਿਸ ਨਾਲ ਚਾਹੇ ਵਿਆਹ ਕਰੇ ਪਰ ਉਹ ਆਦਮੀ ਪ੍ਰਭੂ ਵਿੱਚ ਹੋਵੇ । ਪਰ ਉਹ ਧੰਨ ਹੈ ਜੇਕਰ ਉਹ ਉਸੇ ਤਰ੍ਹਾਂ ਰਹੇ ਜਿਸ ਤਰ੍ਹਾਂ ਉਹ ਹੈ । ਇਹ ਮੇਰਾ ਆਪਣਾ ਵਿਚਾਰ ਹੈ ਅਤੇ ਮੈਂ ਇਹ ਸਮਝਦਾ ਹਾਂ ਕਿ ਮੇਰੇ ਵਿੱਚ ਵੀ ਪਰਮੇਸ਼ਰ ਦਾ ਆਤਮਾ ਹੈ । ਹੁਣ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਹੋਏ ਭੋਜਨ ਸੰਬੰਧੀ ਪ੍ਰਸ਼ਨ: ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਗਿਆਨ ਹੰਕਾਰੀ ਬਣਾ ਦਿੰਦਾ ਹੈ ਪਰ ਪਿਆਰ ਉਸਾਰਦਾ ਹੈ । ਜੇਕਰ ਕੋਈ ਸਮਝਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਤਾਂ ਉਹ ਅਸਲ ਵਿੱਚ ਉਹ ਨਹੀਂ ਜਾਣਦਾ ਜੋ ਉਸ ਨੂੰ ਜਾਨਣਾ ਚਾਹੀਦਾ ਹੈ । ਪਰ ਜੇਕਰ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਤਾਂ ਪਰਮੇਸ਼ਰ ਉਸ ਨੂੰ ਜਾਣਦੇ ਹਨ । ਫਿਰ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਗਏ ਭੋਜਨ ਦੇ ਖਾਣ ਸੰਬੰਧੀ ਪ੍ਰਸ਼ਨ: ਇਸ ਬਾਰੇ ਅਸੀਂ ਜਾਣਦੇ ਹਾਂ ਕਿ ਸੰਸਾਰ ਵਿੱਚ ਮੂਰਤੀਆਂ ਕੁਝ ਵੀ ਨਹੀਂ ਹਨ ਕਿਉਂਕਿ ਪਰਮੇਸ਼ਰ ਕੇਵਲ ਇੱਕ ਹੀ ਹੈ । ਭਾਵੇਂ ਅਕਾਸ਼ ਅਤੇ ਧਰਤੀ ਉੱਤੇ ਬਹੁਤ ਸਾਰੇ ਦੇਵਤੇ ਕਹਾਉਂਦੇ ਹਨ, (ਜਿਸ ਤਰ੍ਹਾਂ ਕਿ ਬਹੁਤ ਸਾਰੇ ‘ਦੇਵਤੇ’ ਅਤੇ ‘ਪ੍ਰਭੂ’ ਵੀ ਹਨ) । ਪਰ ਫਿਰ ਵੀ ਸਾਡੇ ਇੱਕ ਹੀ ਪਰਮੇਸ਼ਰ ਹਨ ਜੋ ਸਾਡੇ ਪਿਤਾ ਹਨ ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਲਈ ਅਸੀਂ ਜੀਅ ਰਹੇ ਹਾਂ । ਉਸੇ ਤਰ੍ਹਾਂ ਸਾਡੇ ਇੱਕ ਹੀ ਪ੍ਰਭੂ ਹਨ, ਭਾਵ ਯਿਸੂ ਮਸੀਹ, ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਦੁਆਰਾ ਅਸੀਂ ਸਭ ਜਿਊਂਦੇ ਹਾਂ । ਪਰ ਸਭ ਇਸ ਨੂੰ ਨਹੀਂ ਜਾਣਦੇ । ਕੁਝ ਲੋਕ ਮੂਰਤੀ ਪੂਜਾ ਦੇ ਇੰਨੇ ਆਦੀ ਹਨ ਕਿ ਉਹ ਹੁਣ ਤੱਕ ਜਦੋਂ ਵੀ ਮੂਰਤੀ ਦੇ ਅੱਗੇ ਚੜ੍ਹਾਇਆ ਗਿਆ ਭੋਜਨ ਖਾਂਦੇ ਹਨ ਤਾਂ ਉਹ ਸਮਝਦੇ ਹਨ ਕਿ ਚੜ੍ਹਾਵੇ ਦਾ ਭੋਜਨ ਖਾ ਕੇ ਉਹਨਾਂ ਦਾ ਅੰਤਹਕਰਨ ਕਮਜ਼ੋਰ ਹੋਣ ਕਾਰਨ ਅਪਵਿੱਤਰ ਹੋ ਗਿਆ ਹੈ । ਪਰ ਅਸਲ ਵਿੱਚ ਭੋਜਨ ਸਾਨੂੰ ਪਰਮੇਸ਼ਰ ਦੇ ਕੋਲ ਨਹੀਂ ਲਿਆਵੇਗਾ । ਇਸ ਲਈ ਇਸ ਦੇ ਖਾਣ ਜਾਂ ਨਾਂ ਖਾਣ ਦੁਆਰਾ ਸਾਨੂੰ ਕੋਈ ਲਾਭ ਜਾਂ ਨੁਕਸਾਨ ਨਹੀਂ ਹੁੰਦਾ । ਪਰ ਸਾਵਧਾਨ ਰਹੋ, ਕਿਤੇ ਤੁਹਾਡੀ ਇਹ ਆਜ਼ਾਦੀ ਵਿਸ਼ਵਾਸ ਵਿੱਚ ਕਮਜ਼ੋਰਾਂ ਦੇ ਪਾਪ ਵਿੱਚ ਡਿੱਗਣ ਦਾ ਕਾਰਨ ਨਾ ਬਣੇ । ਮੰਨ ਲਵੋ ਇੱਕ ਕਮਜ਼ੋਰ ਅੰਤਹਕਰਨ ਵਾਲਾ ਤੈਨੂੰ ਜੋ ਇਸ ਬਾਰੇ ਸਭ ਕੁਝ ਜਾਣਦਾ ਹੈ, ਮੰਦਰ ਵਿੱਚ ਚੜ੍ਹਾਵੇ ਦੇ ਭੋਜਨ ਨੂੰ ਖਾਂਦਾ ਦੇਖ ਲੈਂਦਾ ਹੈ ਤਾਂ ਕੀ ਉਸ ਨੂੰ ਉਸ ਦੇ ਅੰਤਹਕਰਨ ਦੇ ਕਮਜ਼ੋਰ ਹੋਣ ਦੇ ਕਾਰਨ ਮੂਰਤੀ ਦੇ ਸਾਹਮਣੇ ਚੜ੍ਹਾਏ ਗਏ ਭੋਜਨ ਨੂੰ ਖਾਣ ਦੀ ਪ੍ਰੇਰਨਾ ਨਹੀਂ ਮਿਲੇਗੀ? ਇਸ ਤਰ੍ਹਾਂ ਕਮਜ਼ੋਰ ਮਨੁੱਖ ਤੁਹਾਡੇ ਗਿਆਨ ਦੇ ਕਾਰਨ ਨਾਸ਼ ਹੋ ਜਾਵੇਗਾ, ਜਿਸ ਭਰਾ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ । ਫਿਰ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਵਿਰੁੱਧ ਪਾਪ ਕਰਦੇ ਹੋ ਅਤੇ ਉਹਨਾਂ ਦੇ ਕਮਜ਼ੋਰ ਅੰਤਹਕਰਨ ਨੂੰ ਜ਼ਖ਼ਮੀ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ । ਇਸ ਲਈ ਜੇਕਰ ਮੇਰੇ ਖਾਣ ਤੋਂ ਮੇਰਾ ਭਰਾ ਪਾਪ ਵਿੱਚ ਡਿੱਗਦਾ ਹੈ ਤਾਂ ਮੈਂ ਫਿਰ ਕਦੀ ਮਾਸ ਨਹੀਂ ਖਾਵਾਂਗਾ ਤਾਂ ਜੋ ਮੇਰਾ ਭਰਾ ਪਾਪ ਵਿੱਚ ਨਾ ਡਿੱਗੇ । ਕੀ ਮੈਂ ਆਜ਼ਾਦ ਨਹੀਂ ਹਾਂ? ਕੀ ਮੈਂ ਇੱਕ ਰਸੂਲ ਨਹੀਂ ਹਾਂ? ਕੀ ਮੈਂ ਯਿਸੂ ਦੇ ਜੋ ਸਾਡੇ ਪ੍ਰਭੂ ਹਨ, ਦਰਸ਼ਨ ਨਹੀਂ ਕੀਤੇ? ਕੀ ਤੁਸੀਂ ਮੇਰੀ ਪ੍ਰਭੂ ਦੇ ਨਾਮ ਵਿੱਚ ਕੀਤੀ ਸੇਵਾ ਦਾ ਫਲ ਨਹੀਂ ਹੋ? ਭਾਵੇਂ ਮੈਂ ਦੂਜਿਆਂ ਦੇ ਲਈ ਰਸੂਲ ਨਾ ਹੋਵਾਂ ਪਰ ਤੁਹਾਡੇ ਲਈ ਤਾਂ ਹਾਂ ਕਿਉਂਕਿ ਤੁਸੀਂ ਆਪ ਮਸੀਹ ਦੇ ਵਿੱਚ ਮੇਰੇ ਰਸੂਲ ਹੋਣ ਦਾ ਸਬੂਤ ਹੋ । ਆਪਣੇ ਪਰਖਣ ਵਾਲਿਆਂ ਦੇ ਲਈ ਮੇਰਾ ਆਪਣੀ ਸਫ਼ਾਈ ਵਿੱਚ ਇਹ ਜਵਾਬ ਹੈ ਕਿ ਕੀ ਸਾਨੂੰ ਖਾਣ-ਪੀਣ ਦਾ ਅਧਿਕਾਰ ਨਹੀਂ ਹੈ? ਕੀ ਸਾਨੂੰ ਵੀ ਅਧਿਕਾਰ ਨਹੀਂ ਹੈ ਕਿ ਅਸੀਂ ਆਪਣੀ ਵਿਸ਼ਵਾਸੀ ਪਤਨੀ ਨੂੰ ਆਪਣੇ ਨਾਲ ਯਾਤਰਾ ਤੇ ਲੈ ਜਾਈਏ ਜਿਸ ਤਰ੍ਹਾਂ ਦੂਜੇ ਰਸੂਲ, ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ? ਜਾਂ ਕੀ ਇਹ ਬਰਨਾਬਾਸ ਅਤੇ ਮੇਰੇ ਲਈ ਹੀ ਜ਼ਰੂਰੀ ਹੈ ਕਿ ਅਸੀਂ ਆਪਣੀ ਰੋਜ਼ੀ ਦੇ ਲਈ ਕੰਮ ਕਰੀਏ? ਕੀ ਇੱਕ ਸਿਪਾਹੀ ਸੈਨਾ ਦੀ ਸੇਵਾ ਆਪਣੇ ਖ਼ਰਚੇ ਨਾਲ ਕਰਦਾ ਹੈ? ਕੀ ਇੱਕ ਅੰਗੂਰੀ ਬਾਗ਼ ਦੇ ਲਾਉਣ ਵਾਲੇ ਨੂੰ ਉਸ ਦਾ ਫਲ ਖਾਣ ਦਾ ਹੱਕ ਨਹੀਂ ਹੈ? ਕੀ ਇੱਕ ਚਰਵਾਹੇ ਨੂੰ ਆਪਣੀ ਭੇਡ ਦਾ ਦੁੱਧ ਪੀਣ ਦਾ ਹੱਕ ਨਹੀਂ ਹੈ? ਕੀ ਮੈਂ ਇਹ ਸਭ ਆਪਣੇ ਵੱਲੋਂ ਕਹਿ ਰਿਹਾ ਹਾਂ? ਕੀ ਵਿਵਸਥਾ ਇਹ ਹੀ ਨਹੀਂ ਕਹਿੰਦੀ ਹੈ? ਮੂਸਾ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਤੂੰ ਗਹਾਈ ਕਰਦੇ ਸਮੇਂ ਬਲਦ ਦਾ ਮੂੰਹ ਨਾ ਬੰਨਣਾ ।” ਕੀ ਪਰਮੇਸ਼ਰ ਨੂੰ ਕੇਵਲ ਬਲਦਾਂ ਦੀ ਹੀ ਚਿੰਤਾ ਹੈ? ਜਾਂ ਇਹ ਸਾਡੇ ਲਈ ਵੀ ਕਿਹਾ ਗਿਆ ਹੈ? ਹਾਂ, ਇਹ ਸਾਡੇ ਲਈ ਹੀ ਲਿਖਿਆ ਗਿਆ ਹੈ ਕਿਉਂਕਿ ਇਹ ਜ਼ਰੂਰੀ ਹੈ ਕਿ ਹਲ ਵਾਹੁਣ ਵਾਲਾ ਇਸੇ ਉਮੀਦ ਨਾਲ ਹਲ ਵਾਹੇ ਅਤੇ ਗਾਹੁਣ ਵਾਲਾ ਵੀ ਇਸੇ ਉਮੀਦ ਨਾਲ ਗਾਹੇ ਕਿ ਉਹ ਆਪਣਾ ਹਿੱਸਾ ਪ੍ਰਾਪਤ ਕਰੇ । ਅਸੀਂ ਤੁਹਾਡੇ ਵਿੱਚ ਆਤਮਿਕ ਬੀਜ ਬੀਜਿਆ ਹੈ, ਕੀ ਇਹ ਜ਼ਿਆਦਤੀ ਹੈ ਕਿ ਅਸੀਂ ਸੰਸਾਰਕ ਚੀਜ਼ਾਂ ਤੁਹਾਡੇ ਕੋਲੋਂ ਪ੍ਰਾਪਤ ਕਰੀਏ? ਇਸ ਲਈ ਜੇਕਰ ਦੂਜਿਆਂ ਦਾ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਡਾ ਉਹਨਾਂ ਤੋਂ ਜ਼ਿਆਦਾ ਹੱਕ ਨਹੀਂ ਬਣਦਾ? ਪਰ ਅਸੀਂ ਆਪਣੇ ਇਸ ਹੱਕ ਦੀ ਵਰਤੋਂ ਨਹੀਂ ਕੀਤੀ ਸਗੋਂ ਅਸੀਂ ਸਭ ਕੁਝ ਸਹਿ ਲੈਂਦੇ ਹਾਂ ਕਿ ਸਾਡੇ ਦੁਆਰਾ ਮਸੀਹ ਦੇ ਸ਼ੁਭ ਸਮਾਚਾਰ ਦੇ ਲਈ ਕੋਈ ਰੁਕਾਵਟ ਪੈਦਾ ਨਾ ਹੋਵੇ । ਕੀ ਤੁਸੀਂ ਨਹੀਂ ਜਾਣਦੇ ਕਿ ਹੈਕਲ ਦਾ ਸੇਵਕ ਹੈਕਲ ਵਿੱਚੋਂ ਹੀ ਭੋਜਨ ਪ੍ਰਾਪਤ ਕਰਦਾ ਹੈ ਅਤੇ ਵੇਦੀ ਦਾ ਸੇਵਕ ਵੇਦੀ ਦੇ ਚੜ੍ਹਾਵੇ ਤੋਂ ਆਪਣਾ ਹਿੱਸਾ ਪ੍ਰਾਪਤ ਕਰਦਾ ਹੈ । ਇਸੇ ਤਰ੍ਹਾਂ ਪ੍ਰਭੂ ਨੇ ਹੁਕਮ ਦਿੱਤਾ ਹੈ ਕਿ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਵਾਲਾ ਸ਼ੁਭ ਸਮਾਚਾਰ ਤੋਂ ਹੀ ਆਪਣੀ ਰੋਜ਼ੀ ਪ੍ਰਾਪਤ ਕਰੇ । ਪਰ ਮੈਂ ਆਪਣੇ ਇਹਨਾਂ ਹੱਕਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਮੈਂ ਹੁਣ ਇਸ ਲਈ ਲਿਖ ਰਿਹਾ ਹਾਂ ਕਿ ਮੇਰੇ ਹੱਕ ਮੈਨੂੰ ਮਿਲਣ । ਇਹਨਾਂ ਦੇ ਲੈਣ ਨਾਲੋਂ ਤਾਂ ਮੈਂ ਮਰ ਜਾਣਾ ਹੀ ਚੰਗਾ ਸਮਝਾਂਗਾ! ਕੋਈ ਵੀ ਮੇਰੀ ਇਸ ਆਪਣੀ ਵਡਿਆਈ ਨੂੰ ਝੂਠਾ ਸਿੱਧ ਨਹੀਂ ਕਰ ਸਕਦਾ । ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ, ਇਹ ਕੋਈ ਮੇਰੇ ਲਈ ਹੰਕਾਰ ਵਾਲੀ ਗੱਲ ਨਹੀਂ ਹੈ, ਇਹ ਤਾਂ ਮੇਰਾ ਫਰਜ਼ ਹੈ । ਜੇਕਰ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਨਾ ਕਰਾਂ ਤਾਂ ਮੇਰੇ ਉੱਤੇ ਹਾਏ! ਜੇਕਰ ਇਹ ਮੈਂ ਆਪਣੀ ਇੱਛਾ ਨਾਲ ਕਰ ਰਿਹਾ ਹਾਂ ਤਾਂ ਮੈਨੂੰ ਇਸ ਦੀ ਮਜ਼ਦੂਰੀ ਮਿਲਣ ਦੀ ਆਸ ਰੱਖਣੀ ਚਾਹੀਦੀ ਹੈ । ਪਰ ਮੈਂ ਇਹ ਆਪਣੀ ਇੱਛਾ ਨਾਲ ਨਹੀਂ ਕਰ ਰਿਹਾ ਸਗੋਂ ਪਰਮੇਸ਼ਰ ਦੀ ਸੌਂਪੀ ਹੋਈ ਸੇਵਾ ਕਰ ਰਿਹਾ ਹਾਂ । ਤਾਂ ਫਿਰ ਮੇਰੀ ਮਜ਼ਦੂਰੀ ਕੀ ਹੈ? ਇਹ ਕਿ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਬਿਨਾਂ ਮਜ਼ਦੂਰੀ ਲਏ ਕਰਾਂ ਅਤੇ ਸ਼ੁਭ ਸਮਾਚਾਰ ਸੰਬੰਧੀ ਆਪਣੇ ਹੱਕਾਂ ਨੂੰ ਨਾ ਵਰਤਾਂ । ਭਾਵੇਂ ਮੈਂ ਇੱਕ ਆਜ਼ਾਦ ਆਦਮੀ ਹਾਂ, ਮੈਂ ਕਿਸੇ ਦਾ ਗ਼ੁਲਾਮ ਨਹੀਂ ਹਾਂ ਪਰ ਮੈਂ ਆਪਣੇ ਆਪ ਨੂੰ ਸਭ ਦਾ ਗ਼ੁਲਾਮ ਬਣਾ ਦਿੱਤਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿੱਤ ਲਵਾਂ । ਮੈਂ ਯਹੂਦੀ ਲੋਕਾਂ ਨੂੰ ਜਿੱਤਣ ਦੇ ਲਈ ਯਹੂਦੀਆਂ ਵਰਗਾ ਬਣ ਗਿਆ । ਉਹ ਜਿਹੜੇ ਵਿਵਸਥਾ ਦੇ ਅਧੀਨ ਹਨ ਉਹਨਾਂ ਨੂੰ ਜਿੱਤਣ ਦੇ ਲਈ ਮੈਂ ਵਿਵਸਥਾ ਦੇ ਅਧੀਨ ਹੋ ਗਿਆ ਭਾਵੇਂ ਮੈਂ ਆਪ ਵਿਵਸਥਾ ਦੇ ਅਧੀਨ ਨਹੀਂ ਹਾਂ । ਇਸੇ ਤਰ੍ਹਾਂ ਉਹ ਜਿਹੜੇ ਵਿਵਸਥਾ ਦੇ ਅਧੀਨ ਨਹੀਂ ਹਨ, ਮੈਂ ਉਹਨਾਂ ਨੂੰ ਜਿੱਤਣ ਦੇ ਲਈ ਉਹਨਾਂ ਵਰਗਾ ਬਣ ਗਿਆ । ਭਾਵੇਂ ਮੈਂ ਆਪ ਪਰਮੇਸ਼ਰ ਦੀ ਵਿਵਸਥਾ ਤੋਂ ਬਾਹਰ ਨਹੀਂ ਹਾਂ ਸਗੋਂ ਮਸੀਹ ਦੀ ਵਿਵਸਥਾ ਦੇ ਅਧੀਨ ਹਾਂ । ਫਿਰ ਜਿਹੜੇ ਕਮਜ਼ੋਰ ਸਨ ਉਹਨਾਂ ਨੂੰ ਜਿੱਤਣ ਦੇ ਲਈ ਮੈਂ ਕਮਜ਼ੋਰ ਬਣ ਗਿਆ । ਇਸ ਤਰ੍ਹਾਂ ਮੈਂ ਸਭ ਦੇ ਲਈ ਸਭ ਕੁਝ ਬਣ ਗਿਆ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਤਾਂ ਬਚਾਅ ਲਵਾਂ । ਮੈਂ ਇਹ ਸਭ ਕੁਝ ਸ਼ੁਭ ਸਮਾਚਾਰ ਦੇ ਲਈ ਕਰ ਰਿਹਾ ਹਾਂ ਕਿ ਮੈਂ ਇਸ ਸੇਵਾ ਦਾ ਹਿੱਸੇਦਾਰ ਬਣ ਸਕਾਂ । ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿੱਚ ਹਿੱਸਾ ਤਾਂ ਸਾਰੇ ਲੈਂਦੇ ਹਨ ਪਰ ਇਨਾਮ ਕੇਵਲ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਕਿ ਇਨਾਮ ਜਿੱਤ ਸਕੋ । ਖਿਡਾਰੀ ਹਰ ਤਰ੍ਹਾਂ ਦੇ ਸਵੈ-ਕਾਬੂ ਦਾ ਅਭਿਆਸ ਕਰਦੇ ਹਨ । ਉਹ ਇਸ ਲਈ ਕਰਦੇ ਹਨ ਕਿ ਥੋੜੇ ਸਮੇਂ ਤੱਕ ਰਹਿਣ ਵਾਲਾ ਇਨਾਮ ਪ੍ਰਾਪਤ ਕਰਨ ਪਰ ਅਸੀਂ ਅਨੰਤਕਾਲ ਤੱਕ ਰਹਿਣ ਵਾਲੇ ਇਨਾਮ ਲਈ ਕਰਦੇ ਹਾਂ । ਇਸ ਲਈ ਮੈਂ ਬੇਮਤਲਬ ਨਹੀਂ ਦੌੜਦਾ ਅਤੇ ਨਾ ਹੀ ਉਸ ਮੁੱਕੇਬਾਜ਼ ਦੀ ਤਰ੍ਹਾਂ ਮੁੱਕੇ ਮਾਰ ਰਿਹਾ ਹਾਂ ਜੋ ਹਵਾ ਵਿੱਚ ਹੀ ਮੁੱਕੇ ਮਾਰਦਾ ਹੈ । ਮੈਂ ਆਪਣੇ ਸਰੀਰ ਨੂੰ ਦੁੱਖ ਦੇ ਕੇ ਆਪਣੇ ਕਾਬੂ ਵਿੱਚ ਰੱਖਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਦੂਜਿਆਂ ਨੂੰ ਤਾਂ ਉਪਦੇਸ਼ ਦੇਵਾਂ ਪਰ ਆਪ ਉਸੇ ਵਿੱਚ ਅਸਫਲ ਹੋ ਜਾਵਾਂ । ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੋਂ ਅਣਜਾਣ ਨਾ ਰਹੋ ਕਿ ਸਾਡੇ ਸਭ ਪੁਰਖਿਆਂ ਨੇ ਬੱਦਲ ਦੀ ਛਾਂ ਹੇਠਾਂ ਲਾਲ ਸਾਗਰ ਨੂੰ ਸਹੀ ਸਲਾਮਤ ਪਾਰ ਕੀਤਾ ਸੀ । ਉਸ ਸਮੇਂ ਉਹਨਾਂ ਸਾਰਿਆਂ ਨੂੰ ਬੱਦਲ ਅਤੇ ਸਾਗਰ ਵਿੱਚ ਮੂਸਾ ਦੇ ਨਾਲ ਬਪਤਿਸਮਾ ਮਿਲਿਆ । ਸਾਰਿਆਂ ਨੇ ਪਰਮੇਸ਼ਰ ਦਾ ਆਤਮਿਕ ਭੋਜਨ ਖਾਧਾ, ਅਤੇ ਸਾਰਿਆਂ ਨੇ ਉਹ ਹੀ ਆਤਮਿਕ ਪਾਣੀ ਪੀਤਾ ਕਿਉਂਕਿ ਉਹ ਉਸ ਆਤਮਿਕ ਚਟਾਨ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਨਾਲ ਚੱਲਦੀ ਸੀ । ਉਹ ਚਟਾਨ ਮਸੀਹ ਆਪ ਸਨ । ਪਰ ਫਿਰ ਵੀ ਉਹਨਾਂ ਵਿੱਚੋਂ ਬਹੁਤਿਆਂ ਤੋਂ ਪਰਮੇਸ਼ਰ ਖ਼ੁਸ਼ ਨਹੀਂ ਸਨ ਇਸੇ ਲਈ ਉਹਨਾਂ ਦੀਆਂ ਲਾਸ਼ਾਂ ਉਜਾੜ ਵਿੱਚ ਹੀ ਖਿੱਲਰ ਗਈਆਂ । ਇਹ ਸਭ ਗੱਲਾਂ ਸਾਡੇ ਲਈ ਉਦਾਹਰਨ ਹਨ ਕਿ ਅਸੀਂ ਸਾਵਧਾਨ ਰਹੀਏ ਅਤੇ ਉਹਨਾਂ ਦੀ ਤਰ੍ਹਾਂ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਕਰੀਏ । ਮੂਰਤੀ ਪੂਜਾ ਨਾ ਕਰੋ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤੀ ਸੀ । ਇਸ ਬਾਰੇ ਪਵਿੱਤਰ-ਗ੍ਰੰਥ ਦੱਸਦਾ ਹੈ, “ਉਹ ਖਾਣ-ਪੀਣ ਦੇ ਲਈ ਬੈਠੇ ਅਤੇ ਰੰਗਰਲੀਆਂ ਕਰਨ ਦੇ ਲਈ ਉੱਠੇ ।” ਅਸੀਂ ਵਿਭਚਾਰ ਨਾ ਕਰੀਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤਾ ਅਤੇ ਇੱਕ ਹੀ ਦਿਨ ਵਿੱਚ ਤੇਈ ਹਜ਼ਾਰ ਮੌਤ ਦੇ ਮੂੰਹ ਵਿੱਚ ਚਲੇ ਗਏ । ਅਸੀਂ ਪ੍ਰਭੂ ਦੀ ਪਰੀਖਿਆ ਨਾ ਕਰੀਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤੀ ਅਤੇ ਸੱਪਾਂ ਦੇ ਦੁਆਰਾ ਨਾਸ਼ ਹੋ ਗਏ । ਤੁਸੀਂ ਨਾ ਬੁੜਬੜਾਓ, ਜਿਸ ਤਰ੍ਹਾਂ ਉਹਨਾਂ ਵਿੱਚੋਂ ਕੁਝ ਬੁੜਬੁੜਾਏ ਸਨ ਅਤੇ ਅੰਤ ਵਿੱਚ ਮੌਤ ਦੇ ਦੂਤ ਦੁਆਰਾ ਮਾਰ ਦਿੱਤੇ ਗਏ ਸਨ । ਇਹ ਸਭ ਜੋ ਉਹਨਾਂ ਦੇ ਨਾਲ ਹੋਇਆ, ਇਹ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ । ਕਿਉਂਕਿ ਅਸੀਂ ਅੰਤਮ ਸਮੇਂ ਵਿੱਚ ਰਹਿ ਰਹੇ ਹਾਂ । ਇਸ ਲਈ ਜੋ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ; ਉਹ ਸਾਵਧਾਨ ਰਹੇ ਕਿ ਕਿਤੇ ਡਿੱਗ ਨਾ ਪਵੇ । ਅਜੇ ਤੱਕ ਤੁਹਾਡੇ ਉੱਤੇ ਕੋਈ ਇਹੋ ਜਿਹੀ ਪਰੀਖਿਆ ਨਹੀਂ ਆਈ ਜੋ ਹੋਰ ਲੋਕਾਂ ਉੱਤੇ ਨਾ ਆਈ ਹੋਵੇ । ਪਰਮੇਸ਼ਰ ਭਰੋਸੇਯੋਗ ਹਨ, ਉਹ ਤੁਹਾਨੂੰ ਇਹੋ ਜਿਹੀ ਕਿਸੇ ਪਰੀਖਿਆ ਵਿੱਚ ਨਹੀਂ ਪੈਣ ਦੇਣਗੇ ਜੋ ਤੁਹਾਡੀ ਸਮਰੱਥਾ ਤੋਂ ਬਾਹਰ ਹੋਵੇ । ਸਗੋਂ ਪਰੀਖਿਆ ਆਉਣ ਉੱਤੇ ਉਹ ਤੁਹਾਨੂੰ ਉਸ ਨੂੰ ਸਹਿਣ ਦੀ ਸਮਰੱਥਾ ਵੀ ਦੇਣਗੇ ਅਤੇ ਉਸ ਤੋਂ ਬਾਹਰ ਨਿਕਲਣ ਦਾ ਰਾਹ ਵੀ ਪ੍ਰਦਾਨ ਕਰਨਗੇ । ਇਸ ਲਈ ਪਿਆਰੇ ਵਿਸ਼ਵਾਸੀਓ, ਮੂਰਤੀ ਪੂਜਾ ਤੋਂ ਦੂਰ ਰਹੋ । ਮੈਂ ਤੁਹਾਨੂੰ ਸਮਝਦਾਰ ਸਮਝ ਕੇ ਇਹ ਸਭ ਕਹਿ ਰਿਹਾ ਹਾਂ, ਇਸ ਲਈ ਜੋ ਮੈਂ ਕਹਿ ਰਿਹਾ ਹਾਂ ਤੁਸੀਂ ਆਪ ਹੀ ਉਸ ਨੂੰ ਪਰਖੋ । ਬਰਕਤ ਦਾ ਉਹ ਪਿਆਲਾ ਜਿਸ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕੀ ਇਸ ਦੇ ਦੁਆਰਾ ਮਸੀਹ ਦੇ ਲਹੂ ਵਿੱਚ ਸਾਡੀ ਸਾਂਝ ਨਹੀਂ ਹੋਈ? ਇਸੇ ਤਰ੍ਹਾਂ ਜੋ ਰੋਟੀ ਅਸੀਂ ਤੋੜਦੇ ਹਾਂ, ਕੀ ਇਸ ਦੇ ਦੁਆਰਾ ਮਸੀਹ ਦੇ ਸਰੀਰ ਵਿੱਚ ਸਾਡੀ ਸਾਂਝ ਨਹੀਂ ਹੋਈ? ਕਿਉਂਕਿ ਰੋਟੀ ਇੱਕ ਹੀ ਹੈ, ਇਸ ਲਈ ਅਸੀਂ ਬਹੁਤ ਹੋਣ ਤੇ ਵੀ ਇੱਕ ਸਰੀਰ ਹਾਂ, ਕਿਉਂਕਿ ਅਸੀਂ ਇੱਕ ਹੀ ਰੋਟੀ ਵਿੱਚੋਂ ਖਾਂਦੇ ਹਾਂ । ਇਸਰਾਏਲੀ ਲੋਕਾਂ ਵੱਲ ਧਿਆਨ ਦੇਵੋ, ਜਿਹੜੇ ਬਲੀ ਦੇ ਚੜ੍ਹਾਵੇ ਨੂੰ ਖਾਂਦੇ ਹਨ । ਕੀ ਉਹਨਾਂ ਦੀ ਸਾਂਝ ਵੇਦੀ ਨਾਲ ਨਹੀਂ ਹੋਈ? ਫਿਰ ਮੇਰੇ ਕਹਿਣ ਦਾ ਕੀ ਅਰਥ ਹੋਇਆ? ਕੀ ਮੂਰਤੀ ਅੱਗੇ ਚੜ੍ਹਾਇਆ ਭੋਜਨ ਕੋਈ ਖ਼ਾਸ ਅਰਥ ਰੱਖਦਾ ਹੈ? ਜਾਂ ਮੂਰਤੀ ਕੁਝ ਖ਼ਾਸ ਅਰਥ ਰੱਖਦੀ ਹੈ? ਨਹੀਂ, ਮੇਰੇ ਕਹਿਣ ਦਾ ਅਸਲੀ ਅਰਥ ਇਹ ਹੈ ਕਿ ਜੋ ਅਵਿਸ਼ਵਾਸੀ ਚੜ੍ਹਾਵਾ ਚੜ੍ਹਾਉਂਦੇ ਹਨ, ਉਹ ਪਰਮੇਸ਼ਰ ਨੂੰ ਨਹੀਂ ਚੜ੍ਹਾਉਂਦੇ ਸਗੋਂ ਅਸ਼ੁੱਧ ਆਤਮਾਵਾਂ ਨੂੰ ਚੜ੍ਹਾਉਂਦੇ ਹਨ । ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਸ਼ੁੱਧ ਆਤਮਾਵਾਂ ਦੇ ਨਾਲ ਸਾਂਝੀ ਹੋਵੋ । ਕਿਉਂਕਿ ਤੁਸੀਂ ਇੱਕ ਹੀ ਸਮੇਂ ਪ੍ਰਭੂ ਦੇ ਪਿਆਲੇ ਅਤੇ ਅਸ਼ੁੱਧ ਆਤਮਾਵਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ । ਇਸ ਤਰ੍ਹਾਂ ਤੁਸੀਂ ਇੱਕ ਹੀ ਸਮੇਂ ਪ੍ਰਭੂ ਅਤੇ ਅਸ਼ੁੱਧ ਆਤਮਾਵਾਂ ਦੇ ਭੋਜਨ ਵਿੱਚੋਂ ਨਹੀਂ ਖਾ ਸਕਦੇ । ਜਾਂ ਕੀ ਅਸੀਂ ਪ੍ਰਭੂ ਦੀ ਈਰਖਾ ਨੂੰ ਭੜਕਾਉਣਾ ਚਾਹੁੰਦੇ ਹਾਂ? ਕੀ ਅਸੀਂ ਪ੍ਰਭੂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਾਂ? ਤੁਸੀਂ ਕਹਿੰਦੇ ਹੋ, “ਸਾਨੂੰ ਸਭ ਕੁਝ ਕਰਨ ਦਾ ਹੱਕ ਹੈ ।” ਹਾਂ, ਇਹ ਠੀਕ ਹੈ, ਪਰ ਸਭ ਕੁਝ ਲਾਭਦਾਇਕ ਨਹੀਂ ਹੈ । ਫਿਰ ਤੁਸੀਂ ਕਹਿੰਦੇ ਹੋ, “ਸਾਨੂੰ ਸਭ ਚੀਜ਼ਾਂ ਕਰਨ ਦਾ ਹੱਕ ਹੈ ।” ਹਾਂ, ਪਰ ਸਭ ਚੀਜ਼ਾਂ ਉਸਾਰੀ ਦਾ ਕੰਮ ਨਹੀਂ ਕਰਦੀਆਂ ਹਨ । ਤੁਹਾਡੇ ਵਿੱਚੋਂ ਹਰ ਕੋਈ ਆਪਣਾ ਹੀ ਭਲਾ ਨਾ ਦੇਖੇ ਸਗੋਂ ਦੂਜੇ ਦਾ ਵੀ ਦੇਖੇ । ਜੋ ਕੁਝ ਵੀ ਮਾਸ ਦੀ ਦੁਕਾਨ ਵਿੱਚ ਵਿਕਦਾ ਹੈ ਤੁਸੀਂ ਖਾਓ, ਪਰ ਅੰਤਹਕਰਨ ਦੇ ਕਾਰਨ ਕੋਈ ਪ੍ਰਸ਼ਨ ਨਾ ਕਰੋ । ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਧਰਤੀ ਅਤੇ ਜੋ ਕੁਝ ਇਸ ਵਿੱਚ ਹੈ, ਸਭ ਕੁਝ ਪ੍ਰਭੂ ਦਾ ਹੈ ।” ਫਿਰ ਜੇਕਰ ਕੋਈ ਅਵਿਸ਼ਵਾਸੀ ਤੁਹਾਨੂੰ ਭੋਜਨ ਦੇ ਲਈ ਸੱਦਾ ਦੇਵੇ ਅਤੇ ਤੁਸੀਂ ਜਾਣਾ ਚਾਹੋ ਤਾਂ ਜਾਓ, ਪਰ ਉੱਥੇ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਓ ਅਤੇ ਅੰਤਹਕਰਨ ਦੇ ਕਾਰਨ ਕੋਈ ਪ੍ਰਸ਼ਨ ਨਾ ਕਰੋ । ਪਰ ਜੇਕਰ ਉੱਥੇ ਤੁਹਾਨੂੰ ਕੋਈ ਕਹੇ, “ਇਹ ਮੰਦਰ ਵਿੱਚ ਚੜ੍ਹਾਇਆ ਗਿਆ ਭੋਜਨ ਹੈ,” ਤਾਂ ਉਸ ਦੀ ਖ਼ਾਤਰ ਜਿਸ ਨੇ ਇਹ ਕਿਹਾ ਹੈ ਅਤੇ ਅੰਤਹਕਰਨ ਦੀ ਖ਼ਾਤਰ ਤੁਸੀਂ ਨਾ ਖਾਓ । ਇੱਥੇ ਮੇਰਾ ਅਰਥ ਤੁਹਾਡੇ ਆਪਣੇ ਅੰਤਹਕਰਨ ਤੋਂ ਨਹੀਂ ਸਗੋਂ ਹੋਰਨਾਂ ਦੇ ਅੰਤਹਕਰਨ ਤੋਂ ਹੈ । ਪਰ ਹੋ ਸਕਦਾ ਹੈ ਕਿ ਤੁਸੀਂ ਕਹੋ, “ਮੇਰੀ ਆਜ਼ਾਦੀ ਦੀ ਪਰਖ ਦੂਜੇ ਆਦਮੀ ਦੇ ਅੰਤਹਕਰਨ ਦੁਆਰਾ ਕਿਉਂ ਹੋਵੇ? ਕਿਉਂਕਿ ਜੇਕਰ ਮੈਂ ਪਰਮੇਸ਼ਰ ਦਾ ਧੰਨਵਾਦ ਕਰ ਕੇ ਭੋਜਨ ਖਾਂਦਾ ਹਾਂ, ਤਾਂ ਫਿਰ ਮੇਰੀ ਇਸ ਦੇ ਲਈ ਨਿੰਦਾ ਕਿਉਂ ਹੋਵੇ, ਜਿਸ ਦੇ ਲਈ ਮੈਂ ਧੰਨਵਾਦ ਕੀਤਾ ਹੈ?” ਇਸ ਦੇ ਲਈ ਮੇਰਾ ਉੱਤਰ ਹੈ, “ਤੁਸੀਂ ਖਾਓ ਜਾਂ ਪੀਓ ਪਰ ਜੋ ਕੰਮ ਵੀ ਕਰੋ, ਪਰਮੇਸ਼ਰ ਦੀ ਵਡਿਆਈ ਲਈ ਕਰੋ ।” ਪਰ ਕਿਸੇ ਦੇ ਲਈ ਵੀ ਠੋਕਰ ਦਾ ਕਾਰਨ ਨਾ ਬਣੋ; ਨਾ ਯਹੂਦੀਆਂ ਦੇ ਲਈ, ਨਾ ਪਰਾਈਆਂ ਕੌਮਾਂ ਦੇ ਲਈ ਅਤੇ ਨਾ ਪਰਮੇਸ਼ਰ ਦੀ ਕਲੀਸਿਯਾ ਦੇ ਲਈ । ਜਿਸ ਤਰ੍ਹਾਂ ਮੈਂ ਆਪਣਾ ਲਾਭ ਦੇਖੇ ਬਿਨਾਂ ਹਰ ਕਿਸੇ ਨੂੰ ਹਰ ਤਰ੍ਹਾਂ ਨਾਲ ਖ਼ੁਸ਼ ਕਰਦਾ ਹਾਂ ਕਿ ਬਹੁਤ ਸਾਰੇ ਲੋਕ ਮੁਕਤੀ ਪਾਉਣ । ਮੇਰੇ ਵਰਗੇ ਬਣੋ, ਜਿਸ ਤਰ੍ਹਾਂ ਕਿ ਮੈਂ ਮਸੀਹ ਵਰਗਾ ਬਣਦਾ ਹਾਂ । ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਕਿਉਂਕਿ ਤੁਸੀਂ ਹਮੇਸ਼ਾਂ ਮੈਨੂੰ ਯਾਦ ਰੱਖਦੇ ਹੋ ਅਤੇ ਜੋ ਸਿੱਖਿਆਵਾਂ ਮੈਂ ਤੁਹਾਨੂੰ ਦਿੱਤੀਆਂ ਸਨ, ਤੁਸੀਂ ਉਹਨਾਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਕਰਦੇ ਹੋ । ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਸੀਹ ਹਰ ਆਦਮੀ ਦੇ ਸਿਰ ਹਨ, ਆਦਮੀ ਔਰਤ ਦਾ ਸਿਰ ਹੈ ਅਤੇ ਪਰਮੇਸ਼ਰ ਮਸੀਹ ਦੇ ਸਿਰ ਹਨ । ਇਸ ਲਈ ਜੋ ਕੋਈ ਆਦਮੀ ਸਿਰ ਢੱਕ ਕੇ ਪ੍ਰਾਰਥਨਾ ਕਰਦਾ ਹੈ ਜਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਆਪਣੇ ਸਿਰ ਮਸੀਹ ਦਾ ਅਪਮਾਨ ਕਰਦਾ ਹੈ । ਇਸੇ ਤਰ੍ਹਾਂ ਜੋ ਔਰਤ ਨੰਗੇ ਸਿਰ ਪ੍ਰਾਰਥਨਾ ਕਰਦੀ ਜਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦੀ ਹੈ, ਉਹ ਆਪਣੇ ਪਤੀ ਦਾ ਅਪਮਾਨ ਕਰਦੀ ਹੈ । ਉਹ ਸਿਰ ਮੁੰਨੀ ਹੋਈ ਔਰਤ ਦੇ ਬਰਾਬਰ ਹੈ । ਜੇਕਰ ਕੋਈ ਔਰਤ ਆਪਣਾ ਸਿਰ ਨਹੀਂ ਢੱਕਣਾ ਚਾਹੁੰਦੀ ਤਾਂ ਉਸ ਲਈ ਚੰਗਾ ਹੈ ਕਿ ਉਹ ਆਪਣੇ ਵਾਲ ਮੁੰਨਵਾ ਲਵੇ, ਪਰ ਜੇਕਰ ਔਰਤ ਦੇ ਲਈ ਆਪਣੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ ਸ਼ਰਮ ਵਾਲੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ । ਹਾਂ, ਆਦਮੀ ਦੇ ਲਈ ਆਪਣਾ ਸਿਰ ਢੱਕਣਾ ਠੀਕ ਨਹੀਂ ਹੈ ਕਿਉਂਕਿ ਉਸ ਤੋਂ ਪਰਮੇਸ਼ਰ ਦਾ ਸਰੂਪ ਅਤੇ ਮਹਿਮਾ ਪ੍ਰਗਟ ਹੁੰਦੇ ਹਨ । ਪਰ ਔਰਤ ਤੋਂ ਆਦਮੀ ਦੀ ਮਹਿਮਾ ਪ੍ਰਗਟ ਹੁੰਦੀ ਹੈ, ਕਿਉਂਕਿ ਔਰਤ ਤੋਂ ਆਦਮੀ ਨਹੀਂ ਬਣਿਆ, ਸਗੋਂ ਆਦਮੀ ਤੋਂ ਔਰਤ ਬਣੀ ਹੈ ਅਤੇ ਆਦਮੀ ਔਰਤ ਦੇ ਲਈ ਨਹੀਂ ਬਣਾਇਆ ਗਿਆ ਸਗੋਂ ਔਰਤ ਆਦਮੀ ਦੇ ਲਈ ਬਣਾਈ ਗਈ ਹੈ । ਇਸ ਕਾਰਨ ਔਰਤ ਨੂੰ ਚਾਹੀਦਾ ਹੈ ਕਿ ਸਵਰਗਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧੀਨਤਾ ਦਾ ਚਿੰਨ੍ਹ ਰੱਖੇ । ਫਿਰ ਵੀ ਪ੍ਰਭੂ ਦੇ ਸਾਹਮਣੇ ਔਰਤ ਆਦਮੀ ਤੋਂ ਅਲੱਗ ਨਹੀਂ ਹੈ ਅਤੇ ਆਦਮੀ ਔਰਤ ਤੋਂ ਅਲੱਗ ਨਹੀਂ ਹੈ । ਕਿਉਂਕਿ ਜਿਸ ਤਰ੍ਹਾਂ ਔਰਤ ਆਦਮੀ ਵਿੱਚੋਂ ਬਣਾਈ ਗਈ, ਉਸੇ ਤਰ੍ਹਾਂ ਆਦਮੀ ਹੁਣ ਔਰਤ ਤੋਂ ਜਨਮ ਲੈਂਦਾ ਹੈ ਪਰ ਸਭ ਚੀਜ਼ਾਂ ਦਾ ਅਸਲ ਸ੍ਰੋਤ ਪਰਮੇਸ਼ਰ ਹਨ । ਤੁਸੀਂ ਆਪ ਹੀ ਫ਼ੈਸਲਾ ਕਰੋ, ਕੀ ਇਹ ਚੰਗੀ ਗੱਲ ਹੈ ਕਿ ਔਰਤ ਨੰਗੇ ਸਿਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੇ? ਕੀ ਕੁਦਰਤ ਆਪ ਹੀ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇਕਰ ਆਦਮੀ ਲੰਮੇ ਵਾਲ ਰੱਖਦਾ ਹੈ ਤਾਂ ਉਸ ਦੇ ਲਈ ਇਹ ਸ਼ਰਮ ਦੀ ਗੱਲ ਹੈ । ਪਰ ਕੀ ਔਰਤ ਦੇ ਲਈ ਲੰਮੇ ਵਾਲ ਰੱਖਣਾ ਉਸ ਦਾ ਮਾਣ ਨਹੀਂ ਹੈ? ਉਸ ਨੂੰ ਲੰਮੇ ਵਾਲ ਉਸ ਦੇ ਪਰਦੇ ਦੇ ਲਈ ਦਿੱਤੇ ਗਏ ਹਨ । ਪਰ ਜੇਕਰ ਤੁਹਾਡੇ ਵਿੱਚੋਂ ਕੋਈ ਇਸ ਬਾਰੇ ਬਹਿਸ ਕਰਨੀ ਚਾਹੁੰਦਾ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਨਾ ਸਾਡੇ ਵਿੱਚ ਅਤੇ ਨਾ ਹੀ ਪਰਮੇਸ਼ਰ ਦੀਆਂ ਕਲੀਸਿਯਾਵਾਂ ਵਿੱਚ ਇਸ ਨੂੰ ਛੱਡ ਕੇ ਹੋਰ ਕੋਈ ਰੀਤ ਹੈ । ਅਗਲੀਆਂ ਸਿੱਖਿਆਵਾਂ ਦੇਣ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਗੱਲ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ, ਜਿਸ ਤੋਂ ਮੈਂ ਬਿਲਕੁਲ ਖ਼ੁਸ਼ ਨਹੀਂ ਹਾਂ । ਤੁਹਾਡੀਆਂ ਸਭਾਵਾਂ ਤੋਂ ਉੱਨਾਂ ਲਾਭ ਨਹੀਂ ਹੁੰਦਾ ਹੈ, ਜਿੰਨਾਂ ਨੁਕਸਾਨ । ਪਹਿਲੀ ਗੱਲ ਜਿਸ ਦਾ ਮੈਨੂੰ ਪਤਾ ਲੱਗਾ ਹੈ ਕਿ ਜਦੋਂ ਤੁਸੀਂ ਕਲੀਸਿਯਾ ਦੇ ਤੌਰ ਤੇ ਇਕੱਠੇ ਹੁੰਦੇ ਹੋ, ਤਾਂ ਤੁਹਾਡੇ ਵਿੱਚ ਧੜੇ-ਬਾਜ਼ੀ ਹੁੰਦੀ ਹੈ ਅਤੇ ਮੈਂ ਇਸ ਗੱਲ ਦਾ ਕੁਝ ਵਿਸ਼ਵਾਸ ਵੀ ਕਰਦਾ ਹਾਂ । (ਇਹ ਠੀਕ ਹੈ ਕਿ ਤੁਹਾਡੇ ਵਿੱਚ ਵਿਚਾਰਾਂ ਦਾ ਵੱਖ ਵੱਖ ਹੋਣਾ ਜ਼ਰੂਰੀ ਹੈ, ਤਾਂ ਜੋ ਸਾਨੂੰ ਪਤਾ ਲੱਗੇ ਕਿ ਖਰਾ ਆਦਮੀ ਕੌਣ ਹੈ ।) ਕਿਉਂਕਿ ਜਦੋਂ ਤੁਸੀਂ ਭੋਜਨ ਦੇ ਲਈ ਇਕੱਠੇ ਹੁੰਦੇ ਹੋ ਉਸ ਨੂੰ ਪ੍ਰਭੂ ਭੋਜ ਨਹੀਂ ਕਿਹਾ ਜਾ ਸਕਦਾ । ਹੁੰਦਾ ਇਹ ਹੈ ਕਿ ਤੁਸੀਂ ਆਪਣੇ ਭੋਜਨ ਖਾਣ ਵਿੱਚ ਲੱਗ ਜਾਂਦੇ ਹੋ, ਨਤੀਜੇ ਵੱਲੋਂ ਕੁਝ ਭੁੱਖੇ ਰਹਿ ਜਾਂਦੇ ਹਨ ਅਤੇ ਕੁਝ ਲੋੜ ਤੋਂ ਜ਼ਿਆਦਾ ਪੀ ਲੈਂਦੇ ਹਨ । ਕੀ ਖਾਣ-ਪੀਣ ਦੇ ਲਈ ਤੁਹਾਡੇ ਕੋਲ ਆਪਣੇ ਘਰ ਨਹੀਂ ਹਨ? ਕੀ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਨੂੰ ਬੁਰੀ ਨਜ਼ਰ ਨਾਲ ਦੇਖਦੇ ਅਤੇ ਗਰੀਬਾਂ ਦਾ ਅਪਮਾਨ ਕਰਦੇ ਹੋ? ਮੈਂ ਤੁਹਾਨੂੰ ਇਸ ਦੇ ਲਈ ਕੀ ਕਹਾਂ? ਕੀ ਮੈਂ ਤੁਹਾਡੀ ਸ਼ਲਾਘਾ ਕਰਾਂ? ਨਹੀਂ, ਘੱਟ ਤੋਂ ਘੱਟ ਇਸ ਲਈ ਨਹੀਂ । ਇਹ ਰਵਾਇਤ ਜੋ ਮੈਨੂੰ ਪ੍ਰਭੂ ਤੋਂ ਮਿਲੀ ਹੈ, ਮੈਂ ਤੁਹਾਨੂੰ ਦਿੰਦਾ ਹਾਂ: ਪ੍ਰਭੂ ਯਿਸੂ ਜਿਸ ਰਾਤ ਫੜਵਾਏ ਗਏ ਸਨ, ਉਸ ਰਾਤ ਪ੍ਰਭੂ ਨੇ ਰੋਟੀ ਲਈ, ਧੰਨਵਾਦ ਕਰਕੇ ਤੋੜੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਹੈ । ਮੇਰੀ ਯਾਦ ਵਿੱਚ ਇਹ ਕਰਿਆ ਕਰੋ ।” ਇਸੇ ਤਰ੍ਹਾਂ ਭੋਜਨ ਦੇ ਬਾਅਦ ਪ੍ਰਭੂ ਯਿਸੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਪਰਮੇਸ਼ਰ ਦੇ ਨੇਮ ਦਾ ਹੈ ਜੋ ਮੇਰੇ ਲਹੂ ਦੁਆਰਾ ਮੋਹਰ ਕੀਤਾ ਗਿਆ ਹੈ । ਜਦੋਂ ਕਦੀ ਵੀ ਤੁਸੀਂ ਇਸ ਵਿੱਚੋਂ ਪੀਵੋ, ਤਾਂ ਮੇਰੀ ਯਾਦ ਵਿੱਚ ਇਹ ਕਰਿਆ ਕਰੋ ।” ਕਿਉਂਕਿ ਜਦੋਂ ਕਦੀ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੇ ਆਉਣ ਤੱਕ ਉਹਨਾਂ ਦੀ ਮੌਤ ਦਾ ਐਲਾਨ ਕਰਦੇ ਹੋ । ਜੋ ਕੋਈ ਮਨੁੱਖ ਗ਼ਲਤ ਢੰਗ ਨਾਲ ਪ੍ਰਭੂ ਦੀ ਰੋਟੀ ਖਾਂਦਾ ਜਾਂ ਪ੍ਰਭੂ ਦੇ ਪਿਆਲੇ ਵਿੱਚੋਂ ਪੀਂਦਾ ਹੈ; ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਅਪਰਾਧੀ ਠਹਿਰੇਗਾ । ਇਸ ਲਈ ਹਰ ਮਨੁੱਖ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ । ਕਿਉਂਕਿ ਜੋ ਕੋਈ ਮਨੁੱਖ ਪ੍ਰਭੂ ਦੇ ਸਰੀਰ ਨੂੰ ਚੰਗੀ ਤਰ੍ਹਾਂ ਪਰਖੇ ਬਿਨਾਂ ਰੋਟੀ ਖਾਂਦਾ ਜਾਂ ਪਿਆਲੇ ਵਿੱਚੋਂ ਪੀਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲਈ ਖਾਂਦਾ ਅਤੇ ਪੀਂਦਾ ਹੈ । ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਤੁਹਾਡੇ ਵਿੱਚੋਂ ਕਮਜ਼ੋਰ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਮਰ ਵੀ ਗਏ ਹਨ । ਇਸ ਲਈ ਜੇਕਰ ਅਸੀਂ ਆਪਣੇ ਆਪ ਦੀ ਠੀਕ ਠੀਕ ਪਰਖ ਕਰਦੇ ਹਾਂ ਤਾਂ ਸਾਡੀ ਪਰਖ ਨਹੀਂ ਹੋਵੇਗੀ । ਪਰ ਪ੍ਰਭੂ ਸਾਡੀ ਪਰਖ ਕਰਦੇ ਅਤੇ ਝਿੜਕਦੇ ਹਨ ਤਾਂ ਜੋ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਏ ਜਾਈਏ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਪ੍ਰਭੂ ਭੋਜ ਦੇ ਲਈ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ । ਜੇਕਰ ਕੋਈ ਤੁਹਾਡੇ ਵਿੱਚ ਭੁੱਖਾ ਹੋਵੇ ਤਾਂ ਉਹ ਪਹਿਲਾਂ ਆਪਣੇ ਘਰ ਹੀ ਖਾ ਲਵੇ ਤਾਂ ਜੋ ਤੁਹਾਡਾ ਇਕੱਠਾ ਹੋਣਾ ਸਜ਼ਾ ਦਾ ਕਾਰਨ ਨਾ ਬਣੇ । ਬਾਕੀ ਗੱਲਾਂ ਬਾਰੇ ਮੈਂ ਆ ਕੇ ਫ਼ੈਸਲਾ ਕਰਾਂਗਾ । ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਿਕ ਵਰਦਾਨਾਂ ਦੇ ਬਾਰੇ ਅਣਜਾਣ ਰਹੋ! ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸੀ ਤਾਂ ਤੁਸੀਂ ਗੂੰਗੀਆਂ ਮੂਰਤਾਂ ਦੇ ਪਿੱਛੇ ਇੱਧਰ-ਉੱਧਰ ਭਟਕਦੇ ਸੀ । ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੋਈ ਮਨੁੱਖ ਪਰਮੇਸ਼ਰ ਦੇ ਆਤਮਾ ਤੋਂ ਪ੍ਰੇਰਿਤ ਹੈ, ਉਹ ਇਹ ਨਹੀਂ ਕਹਿ ਸਕਦਾ ਹੈ ਕਿ ‘ਯਿਸੂ ਉੱਤੇ ਸਰਾਪ ਹੈ,’ ਅਤੇ ਨਾ ਹੀ ਕੋਈ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਬਿਨਾਂ ਕਹਿ ਸਕਦਾ ਹੈ, ‘ਯਿਸੂ ਪ੍ਰਭੂ ਹਨ’ । ਆਤਮਿਕ ਵਰਦਾਨ ਤਾਂ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ ਪਰ ਉਹਨਾਂ ਨੂੰ ਦੇਣ ਵਾਲਾ ਆਤਮਾ ਇੱਕ ਹੀ ਹੈ । ਸੇਵਾ ਕਈ ਪ੍ਰਕਾਰ ਦੀ ਹੈ ਪਰ ਪ੍ਰਭੂ ਇੱਕ ਹੀ ਹਨ । ਕੰਮ ਤਾਂ ਕਈ ਪ੍ਰਕਾਰ ਦੇ ਹਨ ਪਰ ਪ੍ਰਭੂ ਇੱਕ ਹੀ ਹਨ ਜੋ ਸਭਨਾਂ ਵਿੱਚ ਹੋ ਕੇ ਕੰਮ ਕਰਦੇ ਹਨ । ਸਭ ਦੇ ਭਲੇ ਲਈ ਹਰ ਆਦਮੀ ਨੂੰ ਆਤਮਿਕ ਚਾਨਣ ਦਿੱਤਾ ਗਿਆ ਹੈ । ਆਤਮਾ ਕਿਸੇ ਮਨੁੱਖ ਨੂੰ ਬੁੱਧੀ ਨਾਲ ਬੋਲਣ ਦਾ ਵਰਦਾਨ, ਕਿਸੇ ਨੂੰ ਗਿਆਨ ਭਰਿਆ ਉਪਦੇਸ਼, ਕਿਸੇ ਨੂੰ ਵਿਸ਼ਵਾਸ, ਕਿਸੇ ਨੂੰ ਚੰਗਾ ਕਰਨ ਦੀ ਸਮਰੱਥਾ, ਕਿਸੇ ਨੂੰ ਚਮਤਕਾਰ ਕਰਨ ਦਾ ਵਰਦਾਨ, ਕਿਸੇ ਨੂੰ ਸੰਦੇਸ਼ ਦੇਣ ਦੀ ਸਮਰੱਥਾ, ਕਿਸੇ ਨੂੰ ਆਤਮਾਵਾਂ ਦੇ ਭੇਤ ਦਾ ਗਿਆਨ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਬੋਲਣ ਅਤੇ ਕਿਸੇ ਨੂੰ ਇਹਨਾਂ ਭਾਸ਼ਾਵਾਂ ਦੇ ਅਨੁਵਾਦ ਕਰਨ ਦਾ ਵਰਦਾਨ ਦਿੰਦਾ ਹੈ । ਪਰ ਇਹ ਸਭ ਕੰਮ ਇੱਕੋ ਹੀ ਆਤਮਾ ਦੇ ਹਨ, ਜੋ ਆਪਣੀ ਇੱਛਾ ਨਾਲ ਹਰ ਇੱਕ ਨੂੰ ਵੱਖ-ਵੱਖ ਵਰਦਾਨ ਵੰਡਦਾ ਹੈ । ਸਰੀਰ ਇੱਕ ਹੈ ਜਿਸ ਦੇ ਬਹੁਤ ਸਾਰੇ ਅੰਗ ਹਨ, ਭਾਵੇਂ ਇਸ ਦੇ ਵੱਖ-ਵੱਖ ਅੰਗ ਹਨ ਤਾਂ ਵੀ ਸਰੀਰ ਇੱਕ ਹੈ ਇਸੇ ਤਰ੍ਹਾਂ ਮਸੀਹ ਵੀ ਹਨ । ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਜਾਂ ਪਰਾਈਆਂ ਕੌਮਾਂ ਜਾਂ ਗ਼ੁਲਾਮ ਜਾਂ ਆਜ਼ਾਦ ਹੋਈਏ ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ ਅਤੇ ਸਾਨੂੰ ਸਭ ਨੂੰ ਇੱਕ ਹੀ ਆਤਮਾ ਪਿਲਾਇਆ ਗਿਆ ਹੈ । ਸਰੀਰ ਕੇਵਲ ਇੱਕ ਹੀ ਅੰਗ ਨਹੀਂ ਹੈ ਸਗੋਂ ਬਹੁਤ ਸਾਰੇ ਹਨ । ਜੇਕਰ ਪੈਰ ਕਹੇ, ‘ਮੈਂ ਹੱਥ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ,’ ਤਾਂ ਕੀ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ? ਜੇਕਰ ਕੰਨ ਕਹੇ “ਮੈਂ ਅੱਖ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ,” ਤਾਂ ਕੀ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ? ਜੇਕਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਿਆ ਕਿਸ ਤਰ੍ਹਾਂ ਜਾਂਦਾ? ਇਸੇ ਤਰ੍ਹਾਂ ਜੇਕਰ ਸਾਰਾ ਸਰੀਰ ਕੰਨ ਹੀ ਹੁੰਦਾ ਤਾਂ ਸੁੰਘਿਆ ਕਿਸ ਤਰ੍ਹਾਂ ਜਾਂਦਾ? ਪਰ ਸੱਚਾਈ ਇਹ ਹੈ ਕਿ ਪਰਮੇਸ਼ਰ ਨੇ ਠੀਕ ਹਰ ਇੱਕ ਅੰਗ ਨੂੰ ਆਪਣੀ ਇੱਛਾ ਨਾਲ ਸਰੀਰ ਦੇ ਵਿੱਚ ਰੱਖਿਆ ਹੈ । ਪਰ ਜੇਕਰ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਫਿਰ ਸਰੀਰ ਕਿੱਥੇ ਹੁੰਦਾ? ਪਰ ਸੱਚ ਤਾਂ ਇਹ ਹੈ ਕਿ ਅੰਗ ਤਾਂ ਬਹੁਤ ਹਨ ਪਰ ਸਰੀਰ ਇੱਕ ਹੀ ਹੈ । ਇਸ ਲਈ ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਮੈਨੂੰ ਤੇਰੀ ਲੋੜ ਨਹੀਂ ਹੈ!” ਨਾ ਹੀ ਸਿਰ ਪੈਰ ਨੂੰ ਕਹਿ ਸਕਦਾ ਹੈ, “ਮੈਨੂੰ ਤੇਰੀ ਲੋੜ ਨਹੀਂ!” ਸਗੋਂ ਇਸ ਦੇ ਉਲਟ ਸਰੀਰ ਦੇ ਜੋ ਅੰਗ ਕਮਜ਼ੋਰ ਦਿਖਾਈ ਦਿੰਦੇ ਹਨ, ਉਹ ਜ਼ਿਆਦਾ ਲੋੜੀਂਦੇ ਹਨ । ਸਰੀਰ ਦੇ ਜਿਹਨਾਂ ਅੰਗਾਂ ਨੂੰ ਅਸੀਂ ਘੱਟ ਮਹੱਤਵਪੂਰਨ ਸਮਝਦੇ ਹਾਂ, ਅਸਲ ਵਿੱਚ ਉਹਨਾਂ ਦਾ ਹੀ ਜ਼ਿਆਦਾ ਆਦਰ ਕਰਦੇ ਹਾਂ ਅਤੇ ਉਹਨਾਂ ਨੂੰ ਢੱਕ ਕੇ ਰੱਖਦੇ ਹਾਂ । ਇਸ ਤਰ੍ਹਾਂ ਸਾਡੇ ਸਰੀਰ ਦੇ ਘੱਟ ਮਹੱਤਵਪੂਰਨ ਸਮਝੇ ਜਾਂਦੇ ਅੰਗ ਜ਼ਿਆਦਾ ਆਦਰ ਯੋਗ ਬਣ ਜਾਂਦੇ ਹਨ, ਜਦੋਂ ਕਿ ਸਾਡੇ ਆਦਰ ਯੋਗ ਅੰਗਾਂ ਨੂੰ ਇਸ ਦੀ ਲੋੜ ਨਹੀਂ ਹੁੰਦੀ । ਪਰ ਪਰਮੇਸ਼ਰ ਨੇ ਸਰੀਰ ਨੂੰ ਬਣਾਉਂਦੇ ਸਮੇਂ, ਘੱਟ ਮਹੱਤਵਪੂਰਨ ਸਮਝੇ ਜਾਂਦੇ ਅੰਗਾਂ ਨੂੰ ਜ਼ਿਆਦਾ ਆਦਰ ਦਿੱਤਾ ਹੈ । ਇਹ ਇਸ ਲਈ ਹੈ ਕਿ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਆਪਸ ਵਿੱਚ ਵਿਰੋਧ ਨਾ ਹੋਵੇ, ਸਗੋਂ ਸਾਰੇ ਅੰਗ ਇੱਕ ਦੂਜੇ ਦਾ ਬਰਾਬਰ ਧਿਆਨ ਰੱਖਣ । ਜੇਕਰ ਇੱਕ ਅੰਗ ਦੁਖੀ ਹੁੰਦਾ ਹੈ ਤਾਂ ਉਸ ਦੇ ਨਾਲ ਸਾਰੇ ਅੰਗ ਦੁਖੀ ਹੁੰਦੇ ਹਨ । ਇਸੇ ਤਰ੍ਹਾਂ ਜੇਕਰ ਇੱਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਉਸ ਦੇ ਨਾਲ ਸਾਰੇ ਅੰਗ ਵਡਿਆਈ ਪਾਉਂਦੇ ਹਨ । ਤੁਸੀਂ ਸਾਰੇ ਮਸੀਹ ਦਾ ਸਰੀਰ ਹੋ ਅਤੇ ਹਰ ਇੱਕ ਆਪਣੇ ਤੌਰ ਤੇ ਉਹਨਾਂ ਦੇ ਵੱਖ-ਵੱਖ ਅੰਗ ਹੋ । ਪਰਮੇਸ਼ਰ ਨੇ ਕਲੀਸਿਯਾ ਵਿੱਚ ਹਰ ਇੱਕ ਨੂੰ ਵੱਖ-ਵੱਖ ਸੇਵਾ ਦੇ ਕੰਮ ਸੌਂਪੇ ਹਨ: ਪਹਿਲਾਂ ਰਸੂਲ; ਦੂਜੇ ਨਬੀ; ਤੀਜੇ ਸਿੱਖਿਅਕ; ਫਿਰ ਚਮਤਕਾਰ ਕਰਨ ਵਾਲੇ; ਬਿਮਾਰੀਆਂ ਤੋਂ ਚੰਗਾ ਕਰਨ ਵਾਲੇ; ਮਦਦਗਾਰ, ਪ੍ਰਬੰਧਕ, ਅਤੇ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ । ਕੀ ਸਭ ਰਸੂਲ ਹਨ? ਕੀ ਸਭ ਸਿੱਖਿਅਕ ਹਨ? ਕੀ ਸਭ ਚਮਤਕਾਰ ਕਰਨ ਵਾਲੇ ਹਨ? ਕੀ ਸਭ ਨੂੰ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸਮਰੱਥਾ ਦਾ ਵਰਦਾਨ ਮਿਲਿਆ ਹੈ? ਕੀ ਸਭ ਨੂੰ ਪਰਾਈਆਂ ਭਾਸ਼ਾਵਾਂ ਬੋਲਣ ਦਾ ਵਰਦਾਨ ਮਿਲਿਆ ਹੈ? ਕੀ ਸਭ ਅਨੁਵਾਦਕ ਹਨ? ਤੁਸੀਂ ਉੱਤਮ ਵਰਦਾਨਾਂ ਦੇ ਚਾਹਵਾਨ ਰਹੋ । ਹੁਣ ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਦੱਸਦਾ ਹਾਂ । ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਭਾਸ਼ਾਵਾਂ ਵੀ ਕਿਉਂ ਨਾ ਬੋਲਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਇੱਕ ਟਣ-ਟਣ ਕਰਦੇ ਹੋਏ ਟਲ ਜਾਂ ਛਣ-ਛਣ ਕਰਦੇ ਹੋਏ ਛੈਣੇ ਦੀ ਤਰ੍ਹਾਂ ਹਾਂ । ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ, ਸਭ ਗੁਪਤ ਭੇਤਾਂ ਦਾ ਗਿਆਨ ਅਤੇ ਹਰ ਤਰ੍ਹਾਂ ਦੀ ਸਮਝ ਕਿਉਂ ਨਾ ਹੋਵੇ, ਇੱਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਵੀ ਕਿਉਂ ਨਾ ਹੋਵੇ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਝ ਵੀ ਨਹੀਂ । ਭਾਵੇਂ ਮੈਂ ਆਪਣਾ ਸਾਰਾ ਧਨ-ਮਾਲ ਪੁੰਨ ਕਰ ਦੇਵਾਂ, ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਬਲਣ ਦੇ ਲਈ ਦੇ ਦੇਵਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਨੂੰ ਇਸ ਤੋਂ ਕੋਈ ਲਾਭ ਨਹੀਂ । ਪਿਆਰ ਸਹਿਣਸ਼ੀਲ ਅਤੇ ਦਿਆਲੂ ਹੈ । ਪਿਆਰ ਈਰਖਾਲੂ ਨਹੀਂ, ਹੰਕਾਰੀ ਨਹੀਂ ਅਤੇ ਜ਼ਿੱਦੀ ਨਹੀਂ ਹੈ । ਪਿਆਰ ਬੁਰਾ ਵਰਤਾਅ ਨਹੀਂ ਕਰਦਾ, ਆਪਣਾ ਲਾਭ ਨਹੀਂ ਦੇਖਦਾ, ਚਿੜਚਿੜਾ ਨਹੀਂ ਹੁੰਦਾ, ਗਲਤੀਆਂ ਦਾ ਲੇਖਾ ਨਹੀਂ ਰੱਖਦਾ ਅਤੇ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ ਸਗੋਂ ਸੱਚਾਈ ਤੋਂ ਖ਼ੁਸ਼ ਹੁੰਦਾ ਹੈ । ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭ ਗੱਲਾਂ ਦੀ ਆਸ ਰੱਖਦਾ ਹੈ ਅਤੇ ਸਭ ਗੱਲਾਂ ਵਿੱਚ ਧੀਰਜ ਰੱਖਦਾ ਹੈ । ਪਿਆਰ ਅਨੰਤ ਹੈ । ਭਵਿੱਖਬਾਣੀਆਂ ਹੋਣਗੀਆਂ ਤਾਂ ਉਹਨਾਂ ਦਾ ਅੰਤ ਹੋ ਜਾਵੇਗਾ, ਪਰਾਈਆਂ ਭਾਸ਼ਾਵਾਂ ਵੀ ਖ਼ਤਮ ਹੋ ਜਾਣਗੀਆਂ, ਗਿਆਨ ਹੋਵੇਗਾ ਤਾਂ ਉਹ ਵਿਅਰਥ ਹੋ ਜਾਵੇਗਾ, ਕਿਉਂਕਿ ਸਾਡਾ ਗਿਆਨ ਅਧੂਰਾ ਅਤੇ ਸਾਡੀ ਭਵਿੱਖਬਾਣੀ ਅਪੂਰਨ ਹੈ । ਪਰ ਜਦੋਂ ਸੰਪੂਰਨ ਆਵੇਗਾ ਤਾਂ ਅਪੂਰਨਤਾ ਆਪਣੇ ਆਪ ਖ਼ਤਮ ਹੋ ਜਾਵੇਗੀ । ਜਦੋਂ ਮੈਂ ਬੱਚਾ ਸੀ ਤਾਂ ਬੱਚੇ ਦੀ ਤਰ੍ਹਾਂ ਬੋਲਦਾ ਸੀ, ਬੱਚੇ ਦੀ ਤਰ੍ਹਾਂ ਸੋਚਦਾ ਸੀ ਅਤੇ ਬੱਚੇ ਦੀ ਤਰ੍ਹਾਂ ਬਹਿਸ ਕਰਦਾ ਸੀ । ਪਰ ਹੁਣ ਜਦੋਂ ਕਿ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਂ ਆਪਣੀਆਂ ਬੱਚਿਆਂ ਵਾਲੀਆਂ ਸਭ ਗੱਲਾਂ ਛੱਡ ਦਿੱਤੀਆਂ ਹਨ । ਇਸ ਸਮੇਂ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਦਿਖਾਈ ਦਿੰਦਾ ਹੈ, ਪਰ ਉਸ ਸਮੇਂ ਅਸੀਂ ਸਾਫ਼ ਸਾਫ਼ ਦੇਖਾਂਗੇ । ਇਸ ਸਮੇਂ ਮੇਰਾ ਗਿਆਨ ਅਪੂਰਨ ਹੈ, ਪਰ ਉਸ ਸਮੇਂ ਸੰਪੂਰਨ ਹੋਵੇਗਾ ਜਿਸ ਤਰ੍ਹਾਂ ਕਿ ਪਰਮੇਸ਼ਰ ਮੇਰਾ ਸੰਪੂਰਨ ਗਿਆਨ ਰੱਖਦੇ ਹਨ । ਅਤੇ ਹੁਣ ਵਿਸ਼ਵਾਸ, ਆਸ ਅਤੇ ਪਿਆਰ ਇਹ ਤਿੰਨੇ ਅਨੰਤ ਹਨ, ਪਰ ਇਹਨਾਂ ਵਿੱਚੋਂ ਸਭ ਤੋਂ ਉੱਤਮ ਪਿਆਰ ਹੈ । ਪਿਆਰ ਵਿੱਚ ਚੱਲੋ, ਆਤਮਿਕ ਵਰਦਾਨਾਂ ਦੀ ਖੋਜ ਕਰੋ ਅਤੇ ਖ਼ਾਸ ਕਰ ਕੇ ਭਵਿੱਖਬਾਣੀ ਕਰਨ ਦੇ ਵਰਦਾਨ ਦੀ । ਜੋ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਬੋਲਦਾ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ ਕਿਉਂਕਿ ਉਸ ਨੂੰ ਹੋਰ ਕੋਈ ਨਹੀਂ ਸਮਝਦਾ । ਉਹ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਰਹੱਸ ਵਾਲੀਆਂ ਗੱਲਾਂ ਕਰਦਾ ਹੈ । ਪਰ ਜੋ ਮਨੁੱਖ ਪਰਮੇਸ਼ਰ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੈ, ਉਹ ਮਨੁੱਖਾਂ ਨਾਲ ਬੋਲਦਾ ਹੈ, ਉਹਨਾਂ ਦੀ ਆਤਮਿਕ ਉਸਾਰੀ ਕਰਦਾ ਅਤੇ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ । ਜੋ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਕੇਵਲ ਆਪਣੇ ਆਪ ਨੂੰ ਹੀ ਉਸਾਰਦਾ ਹੈ ਪਰ ਜੋ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸਾਰੀ ਕਲੀਸਿਯਾ ਦੀ ਉਸਾਰੀ ਕਰਦਾ ਹੈ । ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਪਰਾਈਆਂ ਭਾਸ਼ਾਵਾਂ ਬੋਲੋ ਪਰ ਇਸ ਤੋਂ ਵੱਧ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਸਭ ਪਰਮੇਸ਼ਰ ਦੇ ਸੰਦੇਸ਼ ਦਾ ਵਰਦਾਨ ਪ੍ਰਾਪਤ ਕਰੋ, ਕਿਉਂਕਿ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਵਾਲਾ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ ਨਾਲੋਂ ਮਹਾਨ ਹੈ । ਇਹ ਦੂਜੀ ਗੱਲ ਹੈ ਕਿ ਉੱਥੇ ਕੋਈ ਅਨੁਵਾਦ ਕਰਨ ਵਾਲਾ ਹੋਵੇ, ਜਿਸ ਰਾਹੀਂ ਕਲੀਸਿਯਾ ਦੀ ਉਸਾਰੀ ਵਿੱਚ ਵਾਧਾ ਹੋ ਸਕੇ । ਇਸ ਲਈ ਭਰਾਵੋ ਅਤੇ ਭੈਣੋ, ਜੇਕਰ ਮੈਂ ਤੁਹਾਡੇ ਕੋਲ ਪਰਾਈਆਂ ਭਾਸ਼ਾਵਾਂ ਬੋਲਦਾ ਆਵਾਂ, ਤਾਂ ਤੁਹਾਨੂੰ ਉਸ ਦਾ ਕੀ ਲਾਭ ਹੋਵੇਗਾ? ਜਦੋਂ ਤੱਕ ਕਿ ਮੈਂ ਤੁਹਾਡੇ ਲਈ ਕੁਝ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਨਾ ਲੈ ਕੇ ਆਵਾਂ । ਇਹੋ ਹਾਲ ਬੇਜਾਨ ਚੀਜ਼ਾਂ ਦਾ ਹੈ ਜਿਹਨਾਂ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਬੰਸਰੀ ਅਤੇ ਰਬਾਬ । ਜੇਕਰ ਇਹ ਆਪਣੇ ਵੱਖ ਵੱਖ ਸੁਰ ਨਾ ਕੱਢਣ ਤਾਂ ਇਹ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਹੈ ਕਿ ਕਿਹੜਾ ਰਾਗ ਵੱਜ ਰਿਹਾ ਹੈ? ਜੇਕਰ ਬਿਗਲ ਦੀ ਆਵਾਜ਼ ਸਾਫ਼ ਨਹੀਂ ਹੋਵੇਗੀ, ਤਾਂ ਲੜਾਈ ਦੇ ਲਈ ਕੌਣ ਤਿਆਰ ਹੋਵੇਗਾ? ਇਸੇ ਤਰ੍ਹਾਂ ਜੇਕਰ ਤੁਸੀਂ ਵੀ ਪਰਾਈਆਂ ਭਾਸ਼ਾਵਾਂ ਬੋਲੋ ਪਰ ਸਾਫ਼ ਨਾ ਬੋਲੋ ਤਾਂ ਤੁਹਾਡੇ ਬੋਲ ਕੌਣ ਸਮਝੇਗਾ? ਇਸ ਹਾਲਤ ਵਿੱਚ ਤੁਸੀਂ ਕੇਵਲ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੋਗੇ । ਮੈਂ ਸੋਚਦਾ ਹਾਂ ਇਸ ਸੰਸਾਰ ਵਿੱਚ ਅਣਗਿਣਤ ਭਾਸ਼ਾਵਾਂ ਹਨ ਪਰ ਉਹਨਾਂ ਵਿੱਚੋਂ ਕੋਈ ਬਿਨਾਂ ਅਰਥ ਦੇ ਨਹੀਂ ਹੈ । ਇਸ ਲਈ ਜੇਕਰ ਮੈਂ ਕੋਈ ਭਾਸ਼ਾ ਨਾ ਸਮਝਾਂ ਤਾਂ ਮੇਰੇ ਲਈ ਬੋਲਣ ਵਾਲਾ ਅਤੇ ਮੈਂ ਬੋਲਣ ਵਾਲੇ ਲਈ ਵਿਦੇਸ਼ੀ ਹੋਵਾਂਗਾ । ਇਸ ਲਈ ਤੁਸੀਂ ਵੀ ਜੋ ਆਤਮਿਕ ਵਰਦਾਨਾਂ ਦੀ ਖੋਜ ਵਿੱਚ ਹੋ, ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਤੁਹਾਡੇ ਵਰਦਾਨਾਂ ਦੁਆਰਾ ਕਲੀਸਿਯਾ ਦੀ ਉਸਾਰੀ ਹੋਵੇ । ਇਸ ਲਈ ਜੋ ਪਰਾਈਆਂ ਭਾਸ਼ਾਵਾਂ ਬੋਲਣ ਵਾਲਾ ਹੈ, ਪ੍ਰਾਰਥਨਾ ਕਰੇ ਕਿ ਪਰਮੇਸ਼ਰ ਉਸ ਨੂੰ ਇਸ ਦਾ ਅਰਥ ਸਮਝਾਉਣ ਦਾ ਵਰਦਾਨ ਵੀ ਦੇਣ । ਕਿਉਂਕਿ ਜੇਕਰ ਮੈਂ ਪਰਾਈਆਂ ਭਾਸ਼ਾਵਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ ਪਰ ਮੇਰੀ ਬੁੱਧੀ ਨੂੰ ਇਸ ਤੋਂ ਕੋਈ ਲਾਭ ਨਹੀਂ ਹੈ । ਫਿਰ ਮੈਂ ਕੀ ਕਰਾਂ? ਮੈਂ ਆਤਮਾ ਦੁਆਰਾ ਪ੍ਰਾਰਥਨਾ ਕਰਾਂਗਾ ਅਤੇ ਬੁੱਧੀ ਨਾਲ ਵੀ । ਮੈਂ ਆਤਮਾ ਦੁਆਰਾ ਗੀਤ ਗਵਾਂਗਾ ਅਤੇ ਬੁੱਧੀ ਨਾਲ ਵੀ । ਕਿਉਂਕਿ ਜੇਕਰ ਤੂੰ ਆਤਮਾ ਦੁਆਰਾ ਧੰਨਵਾਦੀ ਪ੍ਰਾਰਥਨਾ ਕਰੇਂਗਾ, ਤਾਂ ਕੋਈ ਅਣਜਾਣ ਤੁਹਾਡੇ ਨਾਲ ਮਿਲ ਕੇ ‘ਆਮੀਨ’ ਕਿਸ ਤਰ੍ਹਾਂ ਕਹੇਗਾ, ਜਦੋਂ ਕਿ ਉਸ ਨੂੰ ਪਤਾ ਹੀ ਨਹੀਂ ਕਿ ਤੂੰ ਕੀ ਕਿਹਾ ਹੈ? ਤੂੰ ਧੰਨਵਾਦੀ ਪ੍ਰਾਰਥਨਾ ਤਾਂ ਬਹੁਤ ਚੰਗੀ ਤਰ੍ਹਾਂ ਕੀਤੀ ਪਰ ਉਸ ਤੋਂ ਦੂਜੇ ਆਦਮੀ ਨੂੰ ਕੋਈ ਲਾਭ ਨਾ ਹੋਇਆ । ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਭ ਨਾਲੋਂ ਜ਼ਿਆਦਾ ਪਰਾਈਆਂ ਭਾਸ਼ਾਵਾਂ ਬੋਲਦਾ ਹਾਂ । ਪਰ ਕਲੀਸਿਯਾ ਵਿੱਚ ਮੈਂ ਪੰਜ ਸ਼ਬਦ ਬੁੱਧੀ ਨਾਲ ਬੋਲਣੇ ਜ਼ਿਆਦਾ ਪਸੰਦ ਕਰਾਂਗਾ ਕਿ ਦੂਜਿਆਂ ਨੂੰ ਸਿੱਖਿਆ ਦੇਵਾਂ, ਬਜਾਏ ਇਸ ਦੇ ਕਿ ਹਜ਼ਾਰ ਸ਼ਬਦ ਪਰਾਈਆਂ ਭਾਸ਼ਾਵਾਂ ਵਿੱਚ ਬੋਲਾਂ । ਭਰਾਵੋ ਅਤੇ ਭੈਣੋ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ ਸਗੋਂ ਬੁਰਾਈ ਵਿੱਚ ਬੱਚੇ ਜ਼ਰੂਰ ਬਣੋ ਪਰ ਬੁੱਧੀ ਵਿੱਚ ਸਮਝਦਾਰ ਬਣੋ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਪ੍ਰਭੂ ਕਹਿੰਦੇ ਹਨ: ਮੈਂ ਇਹਨਾਂ ਲੋਕਾਂ ਨਾਲ ਪਰਾਈਆਂ ਭਾਸ਼ਾਵਾਂ ਅਤੇ ਵਿਦੇਸ਼ੀਆਂ ਦੁਆਰਾ ਬੋਲਾਂਗਾ । ਪਰ ਤਾਂ ਵੀ ਇਹ ਮੇਰੀ ਨਹੀਂ ਸੁਣਨਗੇ ।” ਇਸ ਤੋਂ ਸਾਫ਼ ਪ੍ਰਗਟ ਹੈ ਕਿ ਪਰਾਈਆਂ ਭਾਸ਼ਾਵਾਂ ਬੋਲਣਾ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਹੈ । ਇਸੇ ਤਰ੍ਹਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਣਾ ਅਵਿਸ਼ਵਾਸੀਆਂ ਦੇ ਲਈ ਨਹੀਂ ਸਗੋਂ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਹੈ । ਜੇਕਰ ਸਾਰੀ ਕਲੀਸਿਯਾ ਇੱਕ ਥਾਂ ਤੇ ਇਕੱਠੀ ਹੋਵੇ ਅਤੇ ਸਾਰੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਣ ਲੱਗ ਪੈਣ ਅਤੇ ਉਸ ਵੇਲੇ ਕੁਝ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਕੀ ਉਹ ਤੁਹਾਨੂੰ ਪਾਗਲ ਨਹੀਂ ਕਹਿਣਗੇ? ਪਰ ਜੇਕਰ ਸਾਰੇ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਲੱਗ ਪੈਣ ਅਤੇ ਉਸ ਸਮੇਂ ਕੋਈ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਉਹਨਾਂ ਨੂੰ ਆਪਣੇ ਪਾਪ ਦਾ ਗਿਆਨ ਸਭ ਦੇ ਰਾਹੀਂ ਹੋ ਜਾਵੇਗਾ ਅਤੇ ਉਹ ਸਭ ਦੇ ਸਾਹਮਣੇ ਆਪਣੀ ਜਾਂਚ ਕਰਨਗੇ । ਇਸ ਤਰ੍ਹਾਂ ਉਹਨਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਚਾਨਣ ਵਿੱਚ ਆ ਜਾਣਗੇ ਅਤੇ ਉਹ ਪਰਮੇਸ਼ਰ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਕੇ ਮੰਨ ਲੈਣਗੇ ਕਿ ਪਰਮੇਸ਼ਰ ਸੱਚਮੁੱਚ ਤੁਹਾਡੇ ਵਿਚਕਾਰ ਹਨ । ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਕੀ ਅਰਥ ਹੋਇਆ? ਜਦੋਂ ਕਦੀ ਵੀ ਤੁਸੀਂ ਅਰਾਧਨਾ ਦੇ ਲਈ ਇਕੱਠੇ ਹੋਵੋ ਤਾਂ ਤੁਹਾਡੇ ਵਿੱਚੋਂ ਕੋਈ ਭਜਨ ਗਾਉਣ ਲਈ, ਕੋਈ ਸਿੱਖਿਆ ਦੇਣ ਲਈ, ਕੋਈ ਪਰਮੇਸ਼ਰ ਦਾ ਦਿੱਤਾ ਗਿਆ ਸੰਦੇਸ਼ ਸੁਣਾਉਣ ਲਈ, ਕੋਈ ਪਰਾਈ ਭਾਸ਼ਾ ਵਿੱਚ ਬੋਲਣ ਲਈ ਅਤੇ ਕੋਈ ਉਸ ਦਾ ਅਨੁਵਾਦ ਕਰਨ ਦੇ ਲਈ ਤਿਆਰ ਰਹੇ । ਪਰ ਇਹ ਸਭ ਕੁਝ ਕਲੀਸਿਯਾ ਦੀ ਉਸਾਰੀ ਲਈ ਹੋਣਾ ਚਾਹੀਦਾ ਹੈ । ਜੇਕਰ ਕੋਈ ਪਰਾਈ ਭਾਸ਼ਾ ਬੋਲਣਾ ਚਾਹੇ ਤਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਜਣੇ ਬੋਲਣ, ਉਹ ਵੀ ਵਾਰੀ ਵਾਰੀ ਅਤੇ ਕੋਈ ਮਨੁੱਖ ਉਸ ਦਾ ਅਨੁਵਾਦ ਵੀ ਕਰੇ । ਪਰ ਜੇਕਰ ਉੱਥੇ ਅਨੁਵਾਦਕ ਨਾ ਹੋਵੇ ਤਾਂ ਪਰਾਈ ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਉਹ ਕੇਵਲ ਆਪਣੇ ਆਪ ਪਰਮੇਸ਼ਰ ਨਾਲ ਗੱਲਾਂ ਕਰੇ । ਇਸ ਤਰ੍ਹਾਂ ਦੋ ਜਾਂ ਤਿੰਨ ਸੰਦੇਸ਼ਵਾਹਕ ਬੋਲਣ ਅਤੇ ਬਾਕੀ ਉਹਨਾਂ ਦੇ ਸੰਦੇਸ਼ ਨੂੰ ਪਰਖਣ । ਪਰ ਜੇਕਰ ਉੱਥੇ ਬੈਠੇ ਕਿਸੇ ਦੂਜੇ ਉੱਤੇ ਪਰਮੇਸ਼ਰ ਦਾ ਸੰਦੇਸ਼ ਪ੍ਰਗਟ ਹੋ ਜਾਵੇ ਤਾਂ ਪਹਿਲਾ ਚੁੱਪ ਹੋ ਜਾਵੇ । ਇਸ ਤਰ੍ਹਾਂ ਤੁਹਾਨੂੰ ਸਭ ਨੂੰ ਇੱਕ ਇੱਕ ਕਰਕੇ ਸੰਦੇਸ਼ ਦੇਣ ਦਾ ਮੌਕਾ ਮਿਲ ਜਾਵੇਗਾ ਅਤੇ ਤੁਸੀਂ ਸਾਰੇ ਸਿੱਖੋਗੇ ਅਤੇ ਉਤਸ਼ਾਹ ਪ੍ਰਾਪਤ ਕਰੋਗੇ । ਨਬੀ ਆਪਣੀਆਂ ਆਤਮਾਵਾਂ ਨੂੰ ਕਾਬੂ ਵਿੱਚ ਰੱਖਦੇ ਹਨ ਕਿਉਂਕਿ ਪਰਮੇਸ਼ਰ ਬੇਤਰਤੀਬੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ । ਫਿਰ ਜਿਸ ਤਰ੍ਹਾਂ ਸਭ ਕਲੀਸਿਯਾਵਾਂ ਦਾ ਨਿਯਮ ਹੈ, ਤੁਹਾਡੀਆਂ ਕਲੀਸਿਯਾਵਾਂ ਵਿੱਚ ਔਰਤਾਂ ਚੁੱਪ ਰਹਿਣ । ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ । ਉਹ ਵਿਵਸਥਾ ਦੇ ਅਨੁਸਾਰ ਪਿੱਛੇ ਹੀ ਰਹਿਣ । ਜੇਕਰ ਉਹ ਕੁਝ ਸਿੱਖਣ ਦੀਆਂ ਚਾਹਵਾਨ ਹਨ ਤਾਂ ਆਪਣੇ ਪਤੀ ਕੋਲੋਂ ਘਰ ਵਿੱਚ ਹੀ ਪੁੱਛਣ ਕਿਉਂਕਿ ਔਰਤ ਦੇ ਲਈ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ । ਕੀ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਦੁਆਰਾ ਹੀ ਸ਼ੁਰੂ ਹੋਇਆ ਹੈ? ਜਾਂ ਇਹ ਕੇਵਲ ਤੁਹਾਡੇ ਕੋਲ ਹੀ ਆਇਆ ਹੈ? ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਪਰਮੇਸ਼ਰ ਦਾ ਨਬੀ ਜਾਂ ਆਤਮਿਕ ਮਨੁੱਖ ਸਮਝਦਾ ਹੈ ਤਾਂ ਉਹ ਇਹ ਜਾਣ ਲਵੇ ਕਿ ਜੋ ਕੁਝ ਮੈਂ ਤੁਹਾਨੂੰ ਲਿਖਿਆ ਹੈ, ਇਹ ਪਰਮੇਸ਼ਰ ਦਾ ਹੁਕਮ ਹੈ । ਜੇਕਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇਵੇਗਾ ਤਾਂ ਉਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਭਵਿੱਖਬਾਣੀ ਕਰਨ ਦੀ ਇੱਛਾ ਕਰੋ ਪਰ ਪਰਾਈ ਭਾਸ਼ਾ ਬੋਲਣ ਵਾਲੇ ਨੂੰ ਮਨ੍ਹਾ ਨਾ ਕਰੋ । ਪਰ ਸਭ ਕੁਝ ਤਰਤੀਬਵਾਰ ਹੋਵੇ, ਕੋਈ ਵੀ ਚੀਜ਼ ਬੇਢੰਘੀ ਨਹੀਂ ਹੋਣੀ ਚਾਹੀਦੀ ਹੈ । ਹੁਣ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਹ ਸ਼ੁਭ ਸਮਾਚਾਰ ਯਾਦ ਕਰਵਾਉਣਾ ਚਾਹੁੰਦਾ ਹਾਂ ਜੋ ਮੈਂ ਤੁਹਾਨੂੰ ਸੁਣਾਇਆ ਸੀ ਜਿਸ ਨੂੰ ਤੁਸੀਂ ਸਵੀਕਾਰ ਕੀਤਾ ਅਤੇ ਇਸ ਉੱਤੇ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ । ਜੇਕਰ ਤੁਸੀਂ ਇਸ ਸ਼ੁਭ ਸਮਾਚਾਰ ਵਿੱਚ ਮਜ਼ਬੂਤ ਰਹੋਗੇ ਤਾਂ ਤੁਸੀਂ ਮੁਕਤੀ ਪਾਵੋਗੇ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੈ । ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੋ ਮੈਨੂੰ ਉੱਤਮ ਚੀਜ਼ ਮਿਲੀ ਸੀ, ਦਿੱਤੀ ਹੈ: ਕਿ ਮਸੀਹ ਸਾਡੇ ਪਾਪਾਂ ਦੇ ਲਈ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਮਾਰੇ ਗਏ, ਦਫ਼ਨਾਏ ਗਏ ਅਤੇ ਫਿਰ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਤੀਜੇ ਦਿਨ ਜਿਊਂਦੇ ਕੀਤੇ ਗਏ । ਜੀਅ ਉੱਠਣ ਦੇ ਬਾਅਦ ਮਸੀਹ ਨੇ ਪਤਰਸ ਨੂੰ ਦਰਸ਼ਨ ਦਿੱਤੇ ਅਤੇ ਫਿਰ ਬਾਰ੍ਹਾਂ ਚੇਲਿਆਂ ਨੂੰ ਵੀ । ਫਿਰ ਉਹਨਾਂ ਨੇ ਇੱਕ ਹੀ ਸਮੇਂ ਪੰਜ ਸੌ ਤੋਂ ਵੀ ਵੱਧ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ, ਜਿਹਨਾਂ ਵਿੱਚੋਂ ਬਹੁਤ ਸਾਰੇ ਅੱਜ ਤੱਕ ਜਿਊਂਦੇ ਹਨ ਅਤੇ ਕੁਝ ਮਰ ਚੁੱਕੇ ਹਨ । ਇਸ ਦੇ ਬਾਅਦ ਉਹਨਾਂ ਨੇ ਯਾਕੂਬ ਅਤੇ ਸਾਰੇ ਰਸੂਲਾਂ ਨੂੰ ਦਰਸ਼ਨ ਦਿੱਤੇ । ਸਭ ਤੋਂ ਅੰਤ ਵਿੱਚ ਮਸੀਹ ਨੇ ਮੈਨੂੰ ਦਰਸ਼ਨ ਦਿੱਤੇ ਜਿਸ ਦਾ ਜਨਮ ਅਸਧਾਰਨ ਤੌਰ ਤੇ ਹੋਇਆ ਸੀ । ਮੈਂ ਸਭ ਤੋਂ ਛੋਟਾ ਰਸੂਲ ਹਾਂ । ਮੈਂ ਤਾਂ ਰਸੂਲ ਅਖਵਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਉੱਤੇ ਅੱਤਿਆਚਾਰ ਕੀਤੇ ਸਨ । ਪਰ ਅੱਜ ਮੈਂ ਜੋ ਕੁਝ ਵੀ ਹਾਂ, ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਾਂ ਅਤੇ ਉਹਨਾਂ ਦੀ ਕਿਰਪਾ ਮੇਰੇ ਉੱਤੇ ਵਿਅਰਥ ਨਹੀਂ ਗਈ ਕਿਉਂਕਿ ਮੈਂ ਬਾਕੀ ਸਭ ਤੋਂ ਵੱਧ ਮਿਹਨਤ ਕੀਤੀ ਹੈ ਭਾਵੇਂ ਇਹ ਮੈਂ ਨਹੀਂ ਸਗੋਂ ਪਰਮੇਸ਼ਰ ਦੀ ਕਿਰਪਾ ਹੈ ਜਿਸ ਦੇ ਦੁਆਰਾ ਜੋ ਮੈਂ ਕੀਤਾ ਹੈ ਇਹ ਸਭ ਹੋਇਆ । ਇਸ ਲਈ ਭਾਵੇਂ ਇਹ ਮੈਂ ਹਾਂ ਜਾਂ ਉਹ ਸਭ, ਇਸੇ ਦਾ ਪ੍ਰਚਾਰ ਕਰਦੇ ਹਨ ਅਤੇ ਤੁਸੀਂ ਇਸ ਉੱਤੇ ਵਿਸ਼ਵਾਸ ਕਰਦੇ ਹੋ । ਇਸ ਲਈ ਜੇਕਰ ਅਸੀਂ ਇਹ ਪ੍ਰਚਾਰ ਕੀਤਾ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਤਾਂ ਫਿਰ ਤੁਹਾਡੇ ਵਿੱਚੋਂ ਕੁਝ ਲੋਕ ਕਿਸ ਤਰ੍ਹਾਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ? ਜੇਕਰ ਇਹ ਸੱਚ ਹੈ, ਤਾਂ ਫਿਰ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ । ਇਸੇ ਤਰ੍ਹਾਂ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਤਾਂ ਫਿਰ ਸਾਡਾ ਪ੍ਰਚਾਰ ਕਰਨਾ ਵਿਅਰਥ ਹੋਇਆ ਅਤੇ ਤੁਹਾਡਾ ਵਿਸ਼ਵਾਸ ਵੀ । ਫਿਰ ਜੇਕਰ ਇਹ ਸੱਚ ਹੈ, ਤਾਂ ਇਸ ਦਾ ਇਹ ਵੀ ਅਰਥ ਹੋਇਆ ਕਿ ਅਸੀਂ ਪਰਮੇਸ਼ਰ ਦੇ ਬਾਰੇ ਝੂਠੀ ਗਵਾਹੀ ਦਿੱਤੀ ਹੈ, ਕਿਉਂਕਿ ਸਾਡੀ ਗਵਾਹੀ ਇਹ ਹੈ ਕਿ ਉਹਨਾਂ ਨੇ ਮਸੀਹ ਨੂੰ ਜਿਊਂਦਾ ਕੀਤਾ ਪਰ ਜੇਕਰ ਇਹ ਸੱਚ ਹੈ ਕਿ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਉਹਨਾਂ ਨੇ ਮਸੀਹ ਨੂੰ ਜਿਊਂਦੇ ਨਹੀਂ ਕੀਤਾ । ਕਿਉਂਕਿ ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਇਸ ਦਾ ਅਰਥ ਹੈ ਕਿ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ ਹਨ । ਫਿਰ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਤਾਂ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਪਾਪੀ ਹਾਲਤ ਵਿੱਚ ਹੋ । ਤਦ ਵਿਸ਼ਵਾਸੀ ਜਿਹਨਾਂ ਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਮਰ ਗਏ ਸਨ, ਉਹ ਨਾਸ਼ ਹੋ ਗਏ ਹਨ । ਜੇਕਰ ਸਾਡੀ ਆਸ ਇਸੇ ਜੀਵਨ ਤੱਕ ਹੈ, ਅਗਲੇ ਤੱਕ ਨਹੀਂ, ਤਾਂ ਸਾਡੀ ਹਾਲਤ ਇਸ ਸੰਸਾਰ ਵਿੱਚ ਸਭ ਤੋਂ ਤਰਸ ਯੋਗ ਹੈ । ਪਰ ਸੱਚਾਈ ਤਾਂ ਇਹ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ ਹਨ । ਉਹ ਉਹਨਾਂ ਸਭ ਵਿੱਚੋਂ ਜੋ ਮਰ ਗਏ ਹਨ, ਪਹਿਲੇ ਫਲ ਹਨ । ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੇ ਕਾਰਨ ਮੌਤ ਇਸ ਸੰਸਾਰ ਵਿੱਚ ਆਈ, ਇਸੇ ਤਰ੍ਹਾਂ ਇੱਕ ਮਨੁੱਖ ਦੁਆਰਾ ਹੀ ਮਰੇ ਹੋਇਆਂ ਦਾ ਪੁਨਰ-ਉਥਾਨ ਹੋਇਆ । ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਫਿਰ ਜੀਅ ਉੱਠਣਗੇ । ਪਰ ਸਭ ਆਪਣੀ ਵਾਰੀ ਤੇ, ਸਭ ਤੋਂ ਪਹਿਲਾਂ ਮਸੀਹ, ਫਿਰ ਉਸ ਦੇ ਆਉਣ ਤੇ ਸਭ ਜੋ ਉਸ ਦੇ ਲੋਕ ਹਨ । ਫਿਰ ਅੰਤ ਆ ਜਾਵੇਗਾ, ਜਦੋਂ ਮਸੀਹ ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਨਾਸ਼ ਕਰ ਕੇ, ਰਾਜ ਨੂੰ ਪਰਮੇਸ਼ਰ ਪਿਤਾ ਦੇ ਹੱਥਾਂ ਵਿੱਚ ਸੌਂਪ ਦੇਣਗੇ । ਕਿਉਂਕਿ ਮਸੀਹ ਦਾ ਉਸ ਸਮੇਂ ਤੱਕ ਰਾਜ ਕਰਨਾ ਜ਼ਰੂਰੀ ਹੈ ਜਦੋਂ ਤੱਕ ਪਰਮੇਸ਼ਰ ਸਾਰੇ ਵੈਰੀਆਂ ਨੂੰ ਪੈਰਾਂ ਹੇਠ ਨਾ ਕਰ ਲੈਣ । ਸਭ ਤੋਂ ਅੰਤਮ ਵੈਰੀ ਜਿਸ ਦਾ ਨਾਸ਼ ਹੋਣਾ ਜ਼ਰੂਰੀ ਹੈ, ਉਹ ਮੌਤ ਹੈ । ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਨੇ ਸਭ ਚੀਜ਼ਾਂ ਉਹਨਾਂ ਦੇ ਪੈਰਾਂ ਹੇਠਾਂ ਕਰ ਦਿੱਤੀਆਂ ਹਨ ।” ਪਰ ਇਹ ਸਾਫ਼ ਹੈ ਕਿ ਸਭ ਚੀਜ਼ਾਂ ਵਿੱਚ ਪਰਮੇਸ਼ਰ ਆਪ ਸ਼ਾਮਲ ਨਹੀਂ ਹਨ, ਕਿਉਂਕਿ ਇਹ ਤਾਂ ਪਰਮੇਸ਼ਰ ਹੀ ਹਨ, ਜੋ ਸਭ ਚੀਜ਼ਾਂ ਨੂੰ ਮਸੀਹ ਦੇ ਅਧਿਕਾਰ ਵਿੱਚ ਕਰਦੇ ਹਨ । ਫਿਰ ਜਦੋਂ ਸਭ ਕੁਝ ਪੁੱਤਰ ਦੇ ਅਧਿਕਾਰ ਵਿੱਚ ਹੋ ਜਾਵੇਗਾ, ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ਰ ਦੇ ਅਧਿਕਾਰ ਵਿੱਚ ਦੇ ਦੇਵੇਗਾ ਕਿ ਪਰਮੇਸ਼ਰ ਸਭ ਦੇ ਉੱਤੇ ਰਾਜ ਕਰਨ । ਫਿਰ ਜੇਕਰ ਪੁਨਰ-ਉਥਾਨ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਕੀ ਲਾਭ ਹੈ, ਜੋ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ? ਜੇਕਰ ਮੁਰਦੇ ਜਿਊਂਦਾ ਨਹੀਂ ਕੀਤੇ ਜਾਣਗੇ, ਤਾਂ ਫਿਰ ਉਹ ਉਹਨਾਂ ਦੇ ਲਈ ਬਪਤਿਸਮਾ ਕਿਉਂ ਲੈਂਦੇ ਹਨ? ਫਿਰ ਅਸੀਂ ਕਿਉਂ ਹਰ ਸਮੇਂ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਫਿਰਦੇ ਹਾਂ? ਮੈਂ ਤੁਹਾਨੂੰ ਬਿਨਾਂ ਕਿਸੇ ਸ਼ੱਕ ਦੇ ਅਤੇ ਉਸ ਮਾਣ ਦੇ ਕਾਰਨ, ਜੋ ਮੈਨੂੰ ਤੁਹਾਡੇ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਕਰਕੇ ਹੈ, ਦੱਸਦਾ ਹਾਂ ਕਿ ਮੈਂ ਹਰ ਦਿਨ ਮੌਤ ਦਾ ਸਾਹਮਣਾ ਕਰਦਾ ਹਾਂ । ਜੇਕਰ ਮਨੁੱਖੀ ਪ੍ਰੇਰਨਾ ਦਾ ਕਰ ਕੇ ਹੀ ਅਫ਼ਸੁਸ ਵਿੱਚ “ਜੰਗਲੀ ਜਾਨਵਰਾਂ” ਨਾਲ ਲੜਿਆ, ਤਾਂ ਮੈਨੂੰ ਇਸ ਤੋਂ ਕੀ ਲਾਭ? ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਂਦੇ, ਤਾਂ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਆਓ, ਅਸੀਂ ਖਾਈਏ-ਪੀਏ, ਕਿਉਂਕਿ ਕੱਲ੍ਹ ਤਾਂ ਅਸੀਂ ਮਰ ਹੀ ਜਾਣਾ ਹੈ ।” ਧੋਖਾ ਨਾ ਖਾਵੋ, “ਬੁਰੀ ਸੰਗਤ ਚੰਗੇ ਚਰਿੱਤਰ ਵਾਲੇ ਮਨੁੱਖ ਨੂੰ ਨਾਸ਼ ਕਰ ਦਿੰਦੀ ਹੈ ।” ਹੋਸ਼ ਵਿੱਚ ਰਹੋ ਅਤੇ ਪਾਪ ਕਰਨੇ ਛੱਡ ਦਿਓ । ਤੁਹਾਡੇ ਵਿੱਚੋਂ ਕੁਝ ਨੂੰ ਤਾਂ ਪਰਮੇਸ਼ਰ ਦਾ ਕੋਈ ਗਿਆਨ ਨਹੀਂ ਹੈ । ਮੈਂ ਇਹ ਸਭ ਤੁਹਾਨੂੰ ਸ਼ਰਮਿੰਦਾ ਕਰਨ ਦੇ ਲਈ ਕਹਿ ਰਿਹਾ ਹਾਂ । ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਪੁੱਛੇ ਕਿ “ਮੁਰਦੇ ਕਿਸ ਹਾਲਤ ਵਿੱਚ ਜਿਊਂਦੇ ਕੀਤੇ ਜਾਂਦੇ ਹਨ? ਜਾਂ ਉਹਨਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ”? ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ, ਉਸ ਲਈ ਪਹਿਲਾਂ ਮਰਨਾ ਜ਼ਰੂਰੀ ਹੈ, ਜੇਕਰ ਉਹ ਜਿਊਂਦਾ ਹੋਣਾ ਚਾਹੁੰਦਾ ਹੈ । ਜੋ ਕੁਝ ਤੁਸੀਂ ਬੀਜਦੇ ਹੋ, ਉਹ ਕੇਵਲ ਬੀਜ ਹੀ ਹੁੰਦਾ ਹੈ । ਕਣਕ ਨੂੰ ਜਾਂ ਕਿਸੇ ਹੋਰ ਅਨਾਜ ਨੂੰ ਤੁਸੀਂ ਪੂਰੇ ਪੌਦੇ ਦੇ ਰੂਪ ਵਿੱਚ ਨਹੀਂ ਬੀਜਦੇ ਜੋ ਬਾਅਦ ਵਿੱਚ ਉੱਗਦਾ ਹੈ । ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਸਰੀਰ ਦਿੰਦੇ ਹਨ ਹਰ ਬੀਜ ਨੂੰ ਉਸ ਦਾ ਆਪਣਾ ਸਰੀਰ । ਸਭ ਸਰੀਰ ਇੱਕ ਹੀ ਤਰ੍ਹਾਂ ਦੇ ਨਹੀਂ ਹਨ: ਮਨੁੱਖਾਂ ਦਾ ਸਰੀਰ ਇੱਕ ਤਰ੍ਹਾਂ ਦਾ ਹੈ, ਜਾਨਵਰਾਂ, ਪੰਛੀਆਂ ਅਤੇ ਮੱਛੀਆਂ ਦੇ ਸਰੀਰ ਵੱਖ ਵੱਖ ਤਰ੍ਹਾਂ ਦੇ ਹਨ । ਫਿਰ ਸਵਰਗੀ ਸਰੀਰ ਵੱਖ ਹਨ ਅਤੇ ਸੰਸਾਰਕ ਵੱਖ । ਇਸ ਤਰ੍ਹਾਂ ਇਹਨਾਂ ਦਾ ਪ੍ਰਤਾਪ ਵੀ ਵੱਖ ਵੱਖ ਹੈ । ਸੂਰਜ ਦਾ ਆਪਣਾ ਪ੍ਰਤਾਪ, ਚੰਦ ਦਾ ਆਪਣਾ, ਤਾਰਿਆਂ ਦਾ ਆਪਣਾ, ਭਾਵੇਂ ਤਾਰਿਆਂ ਵਿੱਚ ਆਪਣੇ ਪ੍ਰਤਾਪ ਦੀ ਭਿੰਨਤਾ ਵੀ ਹੈ । ਜਦੋਂ ਮੁਰਦੇ ਜਿਊਂਦੇ ਕੀਤੇ ਜਾਣਗੇ, ਤਾਂ ਉਹ ਇਸ ਤਰ੍ਹਾਂ ਹੋਣਗੇ; ਬੀਜ ਦਾ ਸਰੀਰ ਵੀ ਮਰਨਹਾਰ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਅਮਰ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । ਇਹ ਨਿਰਾਦਰ ਹਾਲਤ ਵਿੱਚ ਦੱਬਿਆ ਜਾਂਦਾ ਹੈ ਪਰ ਮਾਣ ਵਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । ਇਹ ਕਮਜ਼ੋਰ ਹਾਲਤ ਵਿੱਚ ਦੱਬਿਆ ਜਾਂਦਾ ਹੈ ਪਰ ਸ਼ਕਤੀਸ਼ਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । ਇਹ ਸੰਸਾਰਕ ਸਰੀਰ ਨਾਲ ਦੱਬਿਆ ਜਾਂਦਾ ਹੈ ਪਰ ਆਤਮਿਕ ਸਰੀਰ ਨਾਲ ਜਿਊਂਦਾ ਕੀਤਾ ਜਾਂਦਾ ਹੈ । ਸੰਸਾਰਕ ਸਰੀਰ ਵੀ ਹੈ ਅਤੇ ਆਤਮਿਕ ਸਰੀਰ ਵੀ ਹੈ । ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ “ਪਹਿਲਾ ਆਦਮੀ ਭਾਵ ਆਦਮ ਜਿਊਂਦਾ ਪ੍ਰਾਣੀ ਬਣਿਆ ਪਰ ਅੰਤਮ ਆਦਮ ਜੀਵਨ ਦਾਤਾ ।” ਫਿਰ ਵੀ ਆਤਮਿਕ ਪਹਿਲਾਂ ਨਹੀਂ ਆਇਆ ਸਗੋਂ ਪਹਿਲਾਂ ਸੰਸਾਰਕ ਸਰੀਰ ਅਤੇ ਫਿਰ ਆਤਮਿਕ । ਪਹਿਲਾ ਆਦਮੀ ਧਰਤੀ ਦਾ ਭਾਵ ਮਿੱਟੀ ਦਾ ਬਣਿਆ ਹੋਇਆ ਸੀ ਪਰ ਦੂਜਾ ਆਦਮੀ ਸਵਰਗ ਤੋਂ ਆਇਆ ਸੀ । ਇਸ ਲਈ ਮਿੱਟੀ ਤੋਂ ਬਣਿਆ ਆਦਮੀ ਉਸ ਆਦਮੀ ਵਰਗਾ ਹੈ, ਜੋ ਮਿੱਟੀ ਦਾ ਬਣਿਆ ਹੈ ਪਰ ਸਵਰਗ ਦਾ ਆਦਮੀ ਉਸ ਆਦਮੀ ਵਰਗਾ ਹੈ, ਜੋ ਸਵਰਗ ਦਾ ਹੈ । ਜਿਸ ਤਰ੍ਹਾਂ ਸਾਨੂੰ ਮਿੱਟੀ ਦੇ ਆਦਮੀ ਦਾ ਰੂਪ ਮਿਲਿਆ ਹੈ, ਉਸੇ ਤਰ੍ਹਾਂ ਸਾਨੂੰ ਸਵਰਗ ਦੇ ਆਦਮੀ ਦਾ ਰੂਪ ਵੀ ਮਿਲੇਗਾ । ਮੇਰੇ ਕਹਿਣ ਦਾ ਅਰਥ ਇਹ ਹੈ: ਮਾਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਹਨ ਅਤੇ ਨਾ ਹੀ ਮਰਨਹਾਰ ਅਮਰਤਾ ਦਾ ਅਧਿਕਾਰੀ ਹੋ ਸਕਦਾ ਹੈ । ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਅਸੀਂ ਸਾਰੇ ਮਰਾਂਗੇ ਨਹੀਂ ਸਗੋਂ ਅਸੀਂ ਸਾਰੇ ਬਦਲ ਜਾਵਾਂਗੇ । ਇਹ ਅੰਤਮ ਬਿਗਲ ਦੀ ਆਵਾਜ਼ ਨਿਕਲਦੇ ਹੀ ਤੁਰੰਤ ਅੱਖ ਦੇ ਝਪਕਦੇ ਹੀ ਹੋ ਜਾਵੇਗਾ । ਬਿਗਲ ਦੀ ਆਵਾਜ਼ ਆਉਂਦੇ ਹੀ ਮੁਰਦੇ ਅਮਰਤਾ ਦੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ । ਕਿਉਂਕਿ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਹੈ । ਇਸੇ ਤਰ੍ਹਾਂ ਜੋ ਮਰਨਹਾਰ ਹੈ, ਉਸ ਦਾ ਅਮਰ ਹੋਣਾ ਜ਼ਰੂਰੀ ਹੈ । ਜਦੋਂ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲ ਜਾਵੇਗਾ, ਅਤੇ ਜੋ ਮਰਨਹਾਰ ਹੈ, ਉਹ ਅਮਰ ਹੋ ਜਾਵੇਗਾ, ਤਾਂ ਪਵਿੱਤਰ-ਗ੍ਰੰਥ ਦਾ ਇਹ ਵਚਨ ਸੱਚਾ ਸਿੱਧ ਹੋਵੇਗਾ: “ਮੌਤ ਜਿੱਤ ਵਿੱਚ ਬਦਲ ਗਈ! ਹੇ ਮੌਤ, ਕਿੱਥੇ ਹੈ ਤੇਰੀ ਜਿੱਤ? ਹੇ ਮੌਤ, ਕਿੱਥੇ ਹੈ ਤੇਰਾ ਡੰਗ?” ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸਮਰੱਥਾ ਵਿਵਸਥਾ ਹੈ । ਪਰ ਪਰਮੇਸ਼ਰ ਦਾ ਧੰਨਵਾਦ ਹੋਵੇ, ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿੱਤ ਦਿੰਦੇ ਹਨ । ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪੱਕੇ ਅਤੇ ਅਟੱਲ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ, ਹਰ ਸਮੇਂ ਪ੍ਰਭੂ ਦੇ ਕੰਮ ਵਿੱਚ ਅੱਗੇ ਵੱਧਦੇ ਜਾਓ । ਆਪਣੇ ਵਿਸ਼ਵਾਸੀ ਭਰਾਵਾਂ ਦੇ ਲਈ ਦਾਨ ਇਕੱਠਾ ਕਰਨ ਸੰਬੰਧੀ ਤੁਹਾਨੂੰ ਵੀ ਕੁਝ ਕਰਨਾ ਚਾਹੀਦਾ ਹੈ । ਇਹੋ ਮੈਂ ਗਲਾਤੀਆ ਦੀਆਂ ਕਲੀਸਿਯਾਵਾਂ ਨੂੰ ਕਰਨ ਲਈ ਕਿਹਾ ਹੈ । ਹਰ ਐਤਵਾਰ ਨੂੰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਆਮਦਨ ਦਾ ਕੁਝ ਹਿੱਸਾ ਵੱਖਰਾ ਰੱਖ ਲਵੇ, ਤਾਂ ਜੋ ਮੇਰੇ ਆਉਣ ਤੇ ਤੁਹਾਨੂੰ ਦਾਨ ਇਕੱਠਾ ਨਾ ਕਰਨਾ ਪਵੇ । ਜਦੋਂ ਮੈਂ ਆਵਾਂਗਾ, ਤਾਂ ਤੁਹਾਡੇ ਚੁਣੇ ਹੋਏ ਆਦਮੀਆਂ ਨੂੰ ਆਪਣੇ ਵੱਲੋਂ ਇੱਕ ਪੱਤਰ ਦੇ ਕੇ ਯਰੂਸ਼ਲਮ ਭੇਜਾਂਗਾ ਕਿ ਉਹ ਤੁਹਾਡੇ ਦਾਨ ਨੂੰ ਉੱਥੇ ਪਹੁੰਚਾ ਦੇਣ । ਜੇਕਰ ਮੇਰਾ ਉੱਥੇ ਜਾਣਾ ਚੰਗਾ ਹੋਵੇਗਾ, ਤਾਂ ਉਹ ਮੇਰੇ ਨਾਲ ਜਾਣਗੇ! ਮੈਂ ਮਕਦੂਨਿਯਾ ਦੀ ਯਾਤਰਾ ਸਮਾਪਤ ਹੋਣ ਤੇ, ਤੁਹਾਡੇ ਕੋਲ ਆਵਾਂਗਾ । ਕਿਉਂਕਿ ਮੈਂ ਮਕਦੂਨਿਯਾ ਦੇ ਵਿੱਚੋਂ ਦੀ ਯਾਤਰਾ ਕਰਨੀ ਹੈ । ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਸਮੇਂ ਤੁਹਾਡੇ ਕੋਲ ਕੁਝ ਸਮਾਂ ਠਹਿਰਾਂ, ਹਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਸਰਦੀਆਂ ਤੁਹਾਡੇ ਨਾਲ ਬਿਤਾਵਾਂ ਹੀ ਰਹਾਂ ਕਿ ਤੁਸੀਂ ਮੇਰੀ ਅਗਲੀ ਯਾਤਰਾ ਲਈ ਜਿੱਥੇ ਵੀ ਜਾਣਾ ਹੈ ਮੇਰੀ ਮਦਦ ਕਰ ਸਕੋ । ਮੈਂ ਤੁਹਾਨੂੰ ਰਾਹ ਵਿੱਚ ਜਾਂਦੇ ਹੋਏ ਹੀ ਮਿਲਣਾ ਨਹੀਂ ਚਾਹੁੰਦਾ, ਜੇਕਰ ਪ੍ਰਭੂ ਨੇ ਆਗਿਆ ਦਿੱਤੀ, ਤਾਂ ਮੈਂ ਤੁਹਾਡੇ ਕੋਲ ਕੁਝ ਸਮਾਂ ਠਹਿਰਾਂਗਾ । ਮੈਂ ਪੰਤੇਕੁਸਤ ਦੇ ਤਿਉਹਾਰ ਤੱਕ ਅਫ਼ਸੁਸ ਵਿੱਚ ਹੀ ਰਹਾਂਗਾ । ਭਾਵੇਂ ਇੱਥੇ ਪ੍ਰਭੂ ਦੇ ਕੰਮ ਦੇ ਵਿਰੋਧੀ ਬਹੁਤ ਹਨ ਪਰ ਫਿਰ ਵੀ ਮੇਰੇ ਲਈ ਉਹਨਾਂ ਦੀ ਸੇਵਾ ਲਈ ਇੱਥੇ ਦਰਵਾਜ਼ੇ ਖੁੱਲ੍ਹੇ ਹਨ । ਜੇਕਰ ਇੰਨੇ ਵਿੱਚ ਤਿਮੋਥਿਉਸ ਤੁਹਾਡੇ ਕੋਲ ਆਵੇ ਤਾਂ ਦੇਖਣਾ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਕਿਉਂਕਿ ਉਹ ਵੀ ਮੇਰੀ ਤਰ੍ਹਾਂ ਪ੍ਰਭੂ ਦਾ ਕੰਮ ਕਰ ਰਿਹਾ ਹੈ । ਇਸ ਲਈ ਕੋਈ ਉਸ ਦਾ ਵਿਰੋਧ ਨਾ ਕਰੇ ਸਗੋਂ ਉਸ ਨੂੰ ਸਹੀ ਸਲਾਮਤ ਮੇਰੇ ਕੋਲ ਭੇਜ ਦੇਣਾ, ਮੈਂ ਉਸ ਦੀ ਉਡੀਕ ਕਰ ਰਿਹਾ ਹਾਂ ਕਿ ਉਹ ਕਦੋਂ ਭਰਾਵਾਂ ਦੇ ਨਾਲ ਮੇਰੇ ਕੋਲ ਪਹੁੰਚੇ । ਭਰਾ ਅਪੁੱਲੋਸ ਦੇ ਸੰਬੰਧ ਵਿੱਚ: ਮੈਂ ਉਸ ਅੱਗੇ ਬੇਨਤੀ ਕੀਤੀ ਸੀ ਕਿ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਆ ਜਾਵੇ; ਪਰ ਇਸ ਸਮੇਂ ਉਹ ਬਿਲਕੁਲ ਨਹੀਂ ਆਉਣਾ ਚਾਹੁੰਦਾ ਪਰ ਮੌਕਾ ਮਿਲਣ ਤੇ ਉਹ ਆਵੇਗਾ । ਜਾਗਦੇ ਰਹੋ ਵਿਸ਼ਵਾਸ ਵਿੱਚ ਅਟੱਲ ਰਹੋ, ਨਿਡਰ ਬਣ ਕੇ ਰਹੋ ਅਤੇ ਤਕੜੇ ਹੋਵੋ । ਸਾਰੇ ਕੰਮ ਪਿਆਰ ਨਾਲ ਕਰੋ । ਤੁਸੀਂ ਸਤਫ਼ਨਾਸ ਅਤੇ ਉਸ ਦੇ ਪਰਿਵਾਰ ਨੂੰ ਜਾਣਦੇ ਹੋ, ਉਹ ਅਖਾਯਾ ਵਿੱਚ ਮਸੀਹ ਦੇ ਸਭ ਤੋਂ ਪਹਿਲੇ ਵਿਸ਼ਵਾਸੀ ਹਨ ਅਤੇ ਉਹਨਾਂ ਆਪਣੇ ਆਪ ਨੂੰ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਲਈ ਦੇ ਦਿੱਤਾ ਹੈ । ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ: ਇਹੋ ਜਿਹੇ ਲੋਕਾਂ ਦੀ ਅਗਵਾਈ ਨੂੰ ਸਵੀਕਾਰ ਕਰੋ ਅਤੇ ਇਸੇ ਤਰ੍ਹਾਂ ਉਸ ਨੂੰ ਵੀ ਜੋ ਕੋਈ ਵੀ ਉਹਨਾਂ ਦੇ ਨਾਲ ਮਿਲ ਕੇ ਮਿਹਨਤ ਦੇ ਨਾਲ ਸੇਵਾ ਦਾ ਕੰਮ ਕਰਦਾ ਹੈ । ਮੈਂ ਸਤਫ਼ਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਤੇ ਖ਼ੁਸ਼ ਹਾਂ ਕਿਉਂਕਿ ਉਹਨਾਂ ਨੇ ਤੁਹਾਡੇ ਘਾਟੇ ਨੂੰ ਪੂਰਾ ਕਰ ਦਿੱਤਾ ਹੈ । ਉਹਨਾਂ ਨੇ ਮੇਰੇ ਦਿਲ ਨੂੰ ਤਾਜ਼ਾ ਕੀਤਾ ਹੈ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਕੀਤਾ ਹੈ । ਇਹੋ ਜਿਹੇ ਲੋਕਾਂ ਨੂੰ ਮਹੱਤਵ ਦਿਓ । ਏਸ਼ੀਆ ਦੀਆਂ ਕਲੀਸਿਯਾਵਾਂ ਵੱਲੋਂ ਤੁਹਾਨੂੰ ਨਮਸਕਾਰ । ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਦੇ ਨਾਲ ਮਿਲ ਕੇ ਜੋ ਉਹਨਾਂ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਤੁਹਾਨੂੰ ਨਮਸਕਾਰ ਕਹਿੰਦੇ ਹਨ । ਸਾਰੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ । ਇੱਕ ਦੂਜੇ ਨੂੰ ਹਮੇਸ਼ਾਂ ਭਰਾਵਾਂ ਵਾਲੇ ਪਿਆਰ ਨਾਲ ਮਿਲੋ । ਮੈਂ, ਪੌਲੂਸ ਆਪਣੇ ਹੱਥ ਦੇ ਨਾਲ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ । ਜੇ ਕੋਈ ਪ੍ਰਭੂ ਨੂੰ ਪਿਆਰ ਨਾ ਕਰੇ ਉਹ ਨੂੰ ਸਰਾਪ ਲੱਗੇ! ‘ਮਾਰਾਨਾ-ਥਾ’ ਭਾਵ ‘ਹੇ ਸਾਡੇ ਪ੍ਰਭੂ, ਆਓ’! ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ । ਮਸੀਹ ਯਿਸੂ ਦੇ ਵਿੱਚ ਮੇਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਮਿਲੇ । ਆਮੀਨ! ਪੌਲੂਸ, ਜੋ ਪਰਮੇਸ਼ਰ ਦੀ ਇੱਛਾ ਦੇ ਨਾਲ ਯਿਸੂ ਮਸੀਹ ਦਾ ਰਸੂਲ ਅਤੇ ਭਰਾ ਤਿਮੋਥਿਉਸ ਦੇ ਵੱਲੋਂ ਇਹ ਪੱਤਰ ਪਰਮੇਸ਼ਰ ਦੀ ਕਲੀਸਿਯਾ ਨੂੰ ਜੋ ਕੁਰਿੰਥੁਸ ਵਿੱਚ ਹੈ ਅਤੇ ਉਹਨਾਂ ਸਾਰੇ ਪਰਮੇਸ਼ਰ ਦੇ ਲੋਕਾਂ ਨੂੰ ਜੋ ਅਖਾਯਾ ਵਿੱਚ ਹਨ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ । ਪਰਮੇਸ਼ਰ ਭਾਵ ਸਾਡੇ ਪ੍ਰਭੂ ਯਿਸੂ ਦੇ ਪਿਤਾ ਦੀ ਮਹਿਮਾ ਹੋਵੇ, ਉਹ ਦਇਆਵਾਨ ਪਿਤਾ ਅਤੇ ਹਰ ਸਮੇਂ ਸਹਾਰਾ ਦੇਣ ਵਾਲੇ ਪਰਮੇਸ਼ਰ ਹਨ । ਉਹ ਸਾਡੇ ਹਰ ਦੁੱਖ ਵਿੱਚ ਸਾਡੀ ਮਦਦ ਕਰਦੇ ਹਨ ਤਾਂ ਜੋ ਅਸੀਂ ਹੋਰ ਲੋਕਾਂ ਨੂੰ ਜੋ ਦੁੱਖ ਵਿੱਚ ਹਨ, ਪਰਮੇਸ਼ਰ ਤੋਂ ਮਿਲੀ ਮਦਦ ਦੇ ਰਾਹੀਂ ਸਹਾਰਾ ਦੇਈਏ । ਜਿਸ ਤਰ੍ਹਾਂ ਅਸੀਂ ਮਸੀਹ ਦੇ ਦੁੱਖਾਂ ਦੇ ਸਾਂਝੀ ਹੁੰਦੇ ਹਾਂ, ਉਸੇ ਤਰ੍ਹਾਂ ਅਸੀਂ ਮਸੀਹ ਤੋਂ ਮਿਲੇ ਸਹਾਰੇ ਦੇ ਵੀ ਸਾਂਝੀ ਹੁੰਦੇ ਹਾਂ । ਜੇਕਰ ਅਸੀਂ ਦੁੱਖ ਸਹਿੰਦੇ ਹਾਂ ਤਾਂ ਇਹ ਤੁਹਾਡੇ ਲਈ ਹੈ ਕਿ ਤੁਹਾਨੂੰ ਸਹਾਰਾ ਅਤੇ ਮੁਕਤੀ ਮਿਲੇ । ਜੇਕਰ ਪਰਮੇਸ਼ਰ ਸਾਨੂੰ ਸਹਾਰਾ ਦੇ ਰਹੇ ਹਨ ਤਾਂ ਇਹ ਵੀ ਤੁਹਾਡੇ ਲਈ ਹੀ ਹੈ ਕਿ ਉਹ ਤੁਹਾਨੂੰ ਵੀ ਉਸ ਸਮੇਂ ਸਹਾਰਾ ਦੇਣ ਜਦੋਂ ਤੁਸੀਂ ਸਾਡੇ ਵਾਂਗ ਦੁੱਖ ਸਹੋ । ਸਾਡੀ ਉਮੀਦ ਤੁਹਾਡੇ ਬਾਰੇ ਪੱਕੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਨਾਲ ਦੁੱਖਾਂ ਦੇ ਸਾਂਝੀਦਾਰ ਹੋ, ਇਸੇ ਤਰ੍ਹਾਂ ਤੁਸੀਂ ਸਹਾਰੇ ਵਿੱਚ ਵੀ ਸਾਂਝੀਦਾਰ ਹੋ । ਭਰਾਵੋ ਅਤੇ ਭੈਣੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉੱਤੇ ਹੋਏ ਦੁੱਖਾਂ ਤੋਂ ਅਣਜਾਣ ਰਹੋ ਜੋ ਸਾਨੂੰ ਏਸ਼ੀਆ ਪ੍ਰਾਂਤ ਵਿੱਚ ਸਹਿਣੇ ਪਏ ਕਿਉਂਕਿ ਉੱਥੇ ਸਾਡੇ ਉੱਤੇ ਇੰਨੇ ਦੁੱਖ ਆਏ ਕਿ ਅਸੀਂ ਜੀਵਨ ਦੀ ਆਸ ਹੀ ਛੱਡ ਦਿੱਤੀ ਸੀ । ਉਸ ਸਮੇਂ ਅਸੀਂ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ । ਪਰ ਇਹ ਸਭ ਇਸ ਲਈ ਹੋਇਆ ਕਿ ਅਸੀਂ ਆਪਣੇ ਉੱਤੇ ਭਰੋਸਾ ਨਾ ਰੱਖੀਏ ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜੋ ਮੁਰਦਿਆਂ ਨੂੰ ਜਿਊਂਦਾ ਕਰਦੇ ਹਨ । ਉਹਨਾਂ ਨੇ ਹੀ ਸਾਨੂੰ ਉਸ ਭਿਆਨਕ ਮੌਤ ਤੋਂ ਬਚਾਇਆ ਅਤੇ ਫਿਰ ਬਚਾਉਣਗੇ । ਅਸੀਂ ਆਪਣੀ ਸਾਰੀ ਉਮੀਦ ਉਹਨਾਂ ਉੱਤੇ ਰੱਖੀ ਹੈ ਕਿ ਉਹ ਸਾਨੂੰ ਅੱਗੇ ਵੀ ਬਚਾਉਣਗੇ । ਤੁਸੀਂ ਵੀ ਪ੍ਰਾਰਥਨਾ ਦੇ ਰਾਹੀਂ ਸਾਡੀ ਮਦਦ ਕਰਦੇ ਰਹੋ । ਇਸ ਤਰ੍ਹਾਂ ਸਾਡੇ ਲਈ ਬਹੁਤ ਸਾਰੀਆਂ ਪ੍ਰਾਰਥਨਾਵਾਂ ਸੁਣੀਆਂ ਜਾਣਗੀਆਂ ਅਤੇ ਪਰਮੇਸ਼ਰ ਦੀ ਸਾਡੇ ਉੱਤੇ ਹੋਈ ਦਇਆ ਦੇ ਲਈ ਬਹੁਤ ਸਾਰੀਆਂ ਧੰਨਵਾਦ ਦੀਆਂ ਪ੍ਰਾਰਥਨਾਵਾਂ ਹੋਣਗੀਆਂ । ਜੇਕਰ ਸਾਡੇ ਲਈ ਕੋਈ ਮਾਣ ਕਰਨ ਵਾਲੀ ਗੱਲ ਹੈ ਤਾਂ ਉਹ ਇਹ ਹੈ ਕਿ ਸਾਡਾ ਦਿਲ ਇਹ ਗਵਾਹੀ ਦਿੰਦਾ ਹੈ ਕਿ ਸਾਡਾ ਵਰਤਾਅ ਦੁਨੀਆਂ ਦੇ ਨਾਲ ਅਤੇ ਖ਼ਾਸ ਕਰਕੇ ਤੁਹਾਡੇ ਨਾਲ, ਪਰਮੇਸ਼ਰ ਦੇ ਦਿੱਤੇ ਵਰਦਾਨ ਦੇ ਅਨੁਸਾਰ ਖੁੱਲ੍ਹੇ ਦਿਲ ਅਤੇ ਈਮਾਨਦਾਰੀ ਵਾਲਾ ਸੀ । ਇਹ ਕੇਵਲ ਪਰਮੇਸ਼ਰ ਦੀ ਕਿਰਪਾ ਦੇ ਕਾਰਨ ਹੋ ਸਕਿਆ, ਨਾ ਕਿ ਮਨੁੱਖੀ ਗਿਆਨ ਦੇ ਕਾਰਨ । ਅਸੀਂ ਤੁਹਾਨੂੰ ਇਹੋ ਜਿਹੀ ਕੋਈ ਗੱਲ ਨਹੀਂ ਲਿਖ ਰਹੇ ਹਾਂ ਜੋ ਤੁਸੀਂ ਪੜ੍ਹ ਜਾਂ ਸਮਝ ਨਾ ਸਕੋ । ਪਰ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਪੂਰੀ ਤਰ੍ਹਾਂ ਨਾਲ ਸਮਝ ਜਾਵੋਗੇ ਜੋ ਤੁਸੀਂ ਇਸ ਸਮੇਂ ਕੁਝ ਹੱਦ ਤੱਕ ਸਮਝ ਲਿਆ ਹੈ । ਫਿਰ ਤੁਸੀਂ ਪ੍ਰਭੂ ਯਿਸੂ ਦੇ ਦਿਨ ਸਾਡੇ ਉੱਤੇ ਉਸੇ ਤਰ੍ਹਾਂ ਮਾਣ ਕਰ ਸਕੋਗੇ ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਉੱਤੇ ਮਾਣ ਕਰਾਂਗੇ । ਮੈਂ ਪੂਰੇ ਭਰੋਸੇ ਨਾਲ ਪਹਿਲਾਂ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਕਿ ਤੁਸੀਂ ਦੂਜੀ ਵਾਰ ਅਸੀਸ ਪ੍ਰਾਪਤ ਕਰੋ । ਇਸ ਯੋਜਨਾ ਅਨੁਸਾਰ ਮੈਂ ਤੁਹਾਡੇ ਕੋਲ ਮਕਦੂਨਿਯਾ ਨੂੰ ਜਾਂਦੇ ਸਮੇਂ ਆਉਣਾ ਚਾਹੁੰਦਾ ਸੀ ਅਤੇ ਉੱਥੋਂ ਵਾਪਸੀ ਸਮੇਂ ਮੈਂ ਚਾਹੁੰਦਾ ਸੀ ਕਿ ਤੁਸੀਂ ਮੇਰੀ ਯਹੂਦਿਯਾ ਜਾਣ ਵਿੱਚ ਮਦਦ ਕਰਦੇ । ਜਦੋਂ ਮੈਂ ਇਹ ਯੋਜਨਾ ਬਣਾਈ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਕੀ ਜਦੋਂ ਮੈਂ ਯੋਜਨਾ ਬਣਾਉਂਦਾ ਹਾਂ ਕੀ ਮੈਂ ਮਨੁੱਖੀ ਬੁੱਧੀ ਦਾ ਸਹਾਰਾ ਲੈਂਦਾ ਹਾਂ ਕਿ ਇੱਕੋ ਸਮੇਂ “ਹਾਂ-ਹਾਂ” ਵੀ ਕਹਾਂ ਅਤੇ “ਨਾ-ਨਾ” ਵੀ? ਜਿਵੇਂ ਪਰਮੇਸ਼ਰ ਭਰੋਸੇਯੋਗ ਹਨ ਉਸੇ ਤਰ੍ਹਾਂ ਸਾਡਾ ਵਚਨ ਵੀ ਤੁਹਾਡੇ ਨਾਲ “ਹਾਂ” ਅਤੇ “ਨਾ” ਦੋਵੇਂ ਨਹੀਂ ਹੈ । ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਜਿਹਨਾਂ ਦਾ ਪ੍ਰਚਾਰ ਸਾਡੇ ਦੁਆਰਾ ਭਾਵ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਰਾਹੀਂ ਤੁਹਾਡੇ ਵਿਚਕਾਰ ਕੀਤਾ ਗਿਆ ਹੈ, ਉਹ “ਹਾਂ” ਅਤੇ “ਨਾ” ਨਹੀਂ ਹੈ, ਸਗੋਂ ਪਰਮੇਸ਼ਰ ਦੀ “ਹਾਂ” ਹੈ । ਕਿਉਂਕਿ ਪ੍ਰਭੂ ਯਿਸੂ ਹੀ ਪਰਮੇਸ਼ਰ ਦੇ ਸਾਰੇ ਵਾਅਦਿਆਂ ਦੇ ਸਾਡੇ ਲਈ “ਹਾਂ” ਹਨ । ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਕਹਿੰਦੇ ਹਾਂ । ਇਹ ਪਰਮੇਸ਼ਰ ਹੀ ਹਨ ਜਿਹੜੇ ਸਾਨੂੰ ਅਤੇ ਤੁਹਾਨੂੰ ਮਸੀਹ ਵਿੱਚ ਪੱਕਾ ਕਰਦੇ ਹਨ ਜਿਹਨਾਂ ਨੇ ਸਾਨੂੰ ਮਸਹ ਕੀਤਾ ਹੈ ਜਿਹਨਾਂ ਨੇ ਸਾਡੇ ਉੱਤੇ ਆਪਣੀ ਮੋਹਰ ਲਾਈ ਹੈ ਅਤੇ ਆਉਣ ਵਾਲੇ ਵਾਅਦੇ ਲਈ ਸਾਡੇ ਦਿਲਾਂ ਵਿੱਚ ਬਿਆਨੇ ਦੇ ਤੌਰ ਤੇ ਪਵਿੱਤਰ ਆਤਮਾ ਦਿੱਤਾ ਹੈ । ਪਰਮੇਸ਼ਰ ਮੇਰੇ ਗਵਾਹ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ! ਇਹ ਤੁਹਾਡੇ ਭਲੇ ਦੇ ਲਈ ਸੀ ਕਿ ਮੈਂ ਵਾਪਸ ਕੁਰਿੰਥੁਸ ਵਿੱਚ ਨਹੀਂ ਆਇਆ । ਅਸੀਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਤੁਹਾਨੂੰ ਕੀ ਵਿਸ਼ਵਾਸ ਕਰਨਾ ਚਾਹੀਦਾ ਹੈ । ਤੁਹਾਡਾ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਪੱਕਾ ਹੈ । ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖ਼ੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ । ਇਸੇ ਲਈ ਮੈਂ ਇਹ ਫ਼ੈਸਲਾ ਕੀਤਾ ਹੈ ਕਿ ਤੁਹਾਨੂੰ ਦੁਬਾਰਾ ਦੁਖੀ ਕਰਨ ਦੇ ਲਈ ਤੁਹਾਡੇ ਕੋਲ ਨਹੀਂ ਆਵਾਂਗਾ । ਜੇਕਰ ਮੈਂ ਤੁਹਾਨੂੰ ਹੀ ਦੁਖੀ ਕਰਾਂਗਾ, ਤਾਂ ਫਿਰ ਮੈਨੂੰ ਖ਼ੁਸ਼ ਕੌਣ ਕਰੇਗਾ? ਕੀ ਉਹ ਜਿਸ ਨੂੰ ਮੈਂ ਦੁਖੀ ਕੀਤਾ ਹੈ? ਇਸ ਲਈ ਹੀ ਮੈਂ ਤੁਹਾਨੂੰ ਪੱਤਰ ਲਿਖਿਆ ਤਾਂ ਜੋ ਮੇਰੇ ਆਉਣ ਤੇ ਮੈਨੂੰ ਉਹਨਾਂ ਕੋਲੋਂ ਹੀ ਦੁਖੀ ਨਾ ਹੋਣਾ ਪਵੇ, ਜਿਹਨਾਂ ਕੋਲੋਂ ਮੈਨੂੰ ਖ਼ੁਸ਼ੀ ਮਿਲਣ ਦੀ ਉਮੀਦ ਹੈ । ਮੇਰਾ ਇਹ ਪੱਕਾ ਭਰੋਸਾ ਹੈ ਕਿ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਖ਼ੁਸ਼ੀ ਵਿੱਚ ਹੀ ਮੇਰੀ ਖ਼ੁਸ਼ੀ ਹੈ । ਉਹ ਪੱਤਰ ਮੈਂ ਤੁਹਾਨੂੰ ਬਹੁਤ ਦੁਖੀ ਅਤੇ ਭਾਰੇ ਦਿਲ ਦੇ ਨਾਲ ਅੱਥਰੂ ਵਹਾ ਵਹਾ ਕੇ ਲਿਖਿਆ ਸੀ ਪਰ ਤੁਹਾਨੂੰ ਦੁਖੀ ਕਰਨ ਦੇ ਲਈ ਨਹੀਂ ਸਗੋਂ ਇਹ ਦੱਸਣ ਦੇ ਲਈ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ । ਜੇਕਰ ਕਿਸੇ ਨੇ ਕਿਸੇ ਨੂੰ ਦੁਖੀ ਕੀਤਾ ਹੈ ਤਾਂ ਉਹ ਕੇਵਲ ਮੈਨੂੰ ਹੀ ਨਹੀਂ ਸਗੋਂ ਕੁਝ ਹੱਦ ਤੱਕ ਤੁਹਾਨੂੰ ਸਭ ਨੂੰ ਹੀ ਕੀਤਾ ਹੈ, ਇਹ ਮੈਂ ਵਧਾ ਚੜ੍ਹਾ ਕੇ ਨਹੀਂ ਕਹਿ ਰਿਹਾ । ਅਜਿਹਾ ਕਰਨ ਵਾਲੇ ਮਨੁੱਖ ਦੇ ਲਈ ਤੁਹਾਡੇ ਵਿੱਚੋਂ ਬਹੁਤਿਆਂ ਦੇ ਰਾਹੀਂ ਦਿੱਤੀ ਸਜ਼ਾ ਕਾਫ਼ੀ ਹੈ । ਹੁਣ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰੋ ਅਤੇ ਉਸ ਨੂੰ ਹੌਸਲਾ ਦੇਵੋ, ਕਿਤੇ ਉਹ ਮਨੁੱਖ ਹੋਰ ਜ਼ਿਆਦਾ ਦੁੱਖ ਵਿੱਚ ਨਾ ਡੁੱਬ ਜਾਵੇ । ਇਸ ਲਈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਸ ਨੂੰ ਦੁਬਾਰਾ ਆਪਣੇ ਪਿਆਰ ਦਾ ਸਬੂਤ ਦੇਵੋ । ਇਸੇ ਲਈ ਮੈਂ ਤੁਹਾਨੂੰ ਪੱਤਰ ਲਿਖਿਆ ਸੀ ਕਿ ਮੈਂ ਤੁਹਾਨੂੰ ਪਰਖਾਂ ਅਤੇ ਦੇਖਾਂ ਕਿ ਤੁਸੀਂ ਹਮੇਸ਼ਾਂ ਮੇਰੀ ਗੱਲ ਮੰਨਦੇ ਹੋ ਜਾਂ ਨਹੀਂ । ਜੇਕਰ ਤੁਸੀਂ ਕਿਸੇ ਮਨੁੱਖ ਨੂੰ ਉਸ ਦੇ ਕੀਤੇ ਲਈ ਉਸ ਨੂੰ ਮਾਫ਼ ਕਰਦੇ ਹੋ ਤਾਂ ਮੈਂ ਵੀ ਉਸ ਨੂੰ ਮਾਫ਼ ਕਰਦਾ ਹਾਂ । ਪਰ ਜਦੋਂ ਮੈਂ ਆਪਣੇ ਵੱਲੋਂ ਮਾਫ਼ੀ ਦੇਣ ਦੀ ਗੱਲ ਕਰਦਾ ਹਾਂ (ਭਾਵ ਜੋ ਕੁਝ ਮੈਨੂੰ ਕਰਨਾ ਚਾਹੀਦਾ ਹੈ) ਤਾਂ ਇਹ ਮੈਂ ਤੁਹਾਡੇ ਲਈ ਹੀ ਮਸੀਹ ਦੀ ਹਜ਼ੂਰੀ ਵਿੱਚ ਕਰਦਾ ਹਾਂ । ਕਿਉਂਕਿ ਅਸੀਂ ਸ਼ੈਤਾਨ ਦੀਆਂ ਸਭ ਚਾਲਾਂ ਨੂੰ ਜਾਣਦੇ ਹਾਂ, ਇਸ ਲਈ ਸਾਨੂੰ ਚਾਹੀਦਾ ਹੈ ਕਿ ਉਹ ਸਾਡੇ ਉੱਤੇ ਭਾਰੂ ਨਾ ਹੋਵੇ । ਜਦੋਂ ਮੈਂ ਤ੍ਰੋਆਸ ਵਿੱਚ ਮਸੀਹ ਦੇ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਆਇਆ ਤਾਂ ਉੱਥੇ ਮੈਂ ਪ੍ਰਭੂ ਦੀ ਸੇਵਾ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ । ਪਰ ਉੱਥੇ ਮੇਰੀ ਆਤਮਾ ਨੂੰ ਚੈਨ ਨਾ ਮਿਲਿਆ ਕਿਉਂਕਿ ਮੇਰਾ ਭਰਾ ਤੀਤੁਸ ਉੱਥੇ ਮੈਨੂੰ ਨਾ ਮਿਲਿਆ । ਇਸ ਲਈ ਮੈਂ ਉੱਥੋਂ ਦੇ ਲੋਕਾਂ ਤੋਂ ਵਿਦਾ ਲਈ ਅਤੇ ਮਕਦੂਨਿਯਾ ਨੂੰ ਚਲਾ ਗਿਆ । ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜੇ ਹਮੇਸ਼ਾਂ ਸਾਨੂੰ ਮਸੀਹ ਦੇ ਰਾਹੀਂ ਜੇਤੂ ਬਣਾਉਂਦੇ ਹਨ! ਉਹ ਹਮੇਸ਼ਾਂ ਮਸੀਹ ਦੇ ਗਿਆਨ ਨੂੰ ਸਾਡੇ ਦੁਆਰਾ ਹਰ ਥਾਂ ਸੁਗੰਧ ਦੀ ਤਰ੍ਹਾਂ ਫੈਲਾਉਂਦੇ ਹਨ । ਕਿਉਂਕਿ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਰ ਦੇ ਲਈ ਮੁਕਤੀ ਦੀ ਰਾਹ ਤੇ ਚੱਲਣ ਵਾਲਿਆਂ ਅਤੇ ਨਾਸ਼ ਦੀ ਰਾਹ ਤੇ ਚੱਲਣ ਵਾਲਿਆਂ ਵਿਚਕਾਰ ਸੁਗੰਧ ਹਾਂ, ਇਹ ਮਰਨ ਵਾਲਿਆਂ ਦੇ ਲਈ ਮੌਤ ਦੀ ਦੁਰਗੰਧ ਅਤੇ ਜਿਊਂਣ ਵਾਲਿਆਂ ਦੇ ਲਈ ਜੀਵਨ ਦੀ ਸੁਗੰਧ ਹੈ । ਇਸ ਲਈ ਇਸ ਮਹਾਨ ਕੰਮ ਦੇ ਲਈ ਕੌਣ ਯੋਗ ਹੈ? ਅਸੀਂ ਉਹਨਾਂ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ ਨਹੀਂ ਹਾਂ ਜੋ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਨ ਸਗੋਂ ਅਸੀਂ ਪਰਮੇਸ਼ਰ ਵੱਲੋਂ ਭੇਜੇ ਹੋਏ ਲੋਕਾਂ ਦੀ ਤਰ੍ਹਾਂ ਪੂਰੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਸਾਹਮਣੇ ਮਸੀਹ ਦੇ ਵਿੱਚ ਹੋ ਕੇ ਬੋਲਦੇ ਹਾਂ । ਕੀ ਅਸੀਂ ਫਿਰ ਆਪਣੀ ਵਡਿਆਈ ਕਰਵਾਉਣੀ ਚਾਹੁੰਦੇ ਹਾਂ? ਜਾਂ ਹੋਰ ਲੋਕਾਂ ਦੀ ਤਰ੍ਹਾਂ ਅਸੀਂ ਤੁਹਾਡੇ ਕੋਲੋਂ ਜਾਂ ਤੁਹਾਡੇ ਲਈ ਵਡਿਆਈ ਭਰੇ ਮਾਣ-ਪੱਤਰ ਚਾਹੁੰਦੇ ਹਾਂ? ਤੁਸੀਂ ਤਾਂ ਆਪ ਹੀ ਸਾਡੇ ਮਾਣ-ਪੱਤਰ ਹੋ ਜੋ ਸਾਡੇ ਦਿਲਾਂ ਉੱਤੇ ਲਿਖੇ ਗਏ ਹੋ ਕਿ ਸਭ ਲੋਕ ਜਾਨਣ ਅਤੇ ਪੜ੍ਹਨ । ਇਹ ਸਾਫ਼ ਹੈ ਕਿ ਤੁਸੀਂ ਮਸੀਹ ਦੁਆਰਾ ਲਿਖਿਆ ਹੋਇਆ ਪੱਤਰ ਹੋ ਜੋ ਸਾਡੀ ਸੇਵਾ ਦਾ ਸਬੂਤ ਹੈ ਇਹ ਸਿਆਹੀ ਦੇ ਨਾਲ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਲਿਖਿਆ ਗਿਆ ਸਗੋਂ ਪਰਮੇਸ਼ਰ ਦੇ ਆਤਮਾ ਦੇ ਨਾਲ ਮਨੁੱਖੀ ਦਿਲਾਂ ਦੀਆਂ ਪੱਟੀਆਂ ਉੱਤੇ ਲਿਖਿਆ ਗਿਆ ਹੈ । ਸਾਡਾ ਮਸੀਹ ਦੇ ਰਾਹੀਂ ਪਰਮੇਸ਼ਰ ਉੱਤੇ ਪੂਰਾ ਭਰੋਸਾ ਹੈ । ਇਸੇ ਲਈ ਅਸੀਂ ਇਹ ਕਹਿ ਰਹੇ ਹਾਂ । ਇਹ ਕੰਮ ਕਰਨ ਦੇ ਲਈ ਸਾਡੇ ਵਿੱਚ ਆਪਣੀ ਤਾਂ ਕੋਈ ਸਮਰੱਥਾ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਦਾਅਵਾ ਕਰਦੇ ਹਾਂ ਕਿ ਸਾਡੇ ਵਿੱਚ ਕੁਝ ਹੈ ਸਗੋਂ ਇਸ ਦੇ ਲਈ ਪਰਮੇਸ਼ਰ ਹੀ ਸਾਡੇ ਸ੍ਰੋਤ ਹਨ । ਅਸਲ ਵਿੱਚ ਇਹ ਪਰਮੇਸ਼ਰ ਹੀ ਹਨ ਜਿਹਨਾਂ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ ਜਿਸ ਦਾ ਆਧਾਰ ਆਤਮਾ ਹੈ, ਨਾ ਕਿ ਕੋਈ ਲਿਖਤ ਵਿਵਸਥਾ । ਕਿਉਂਕਿ ਲਿਖਤ ਵਿਵਸਥਾ ਮਾਰਦੀ ਹੈ ਪਰ ਆਤਮਾ ਜੀਵਨ ਦਿੰਦਾ ਹੈ । ਪੱਥਰ ਦੇ ਉੱਤੇ ਉੱਕਰੇ ਹੋਏ ਨੇਮ ਦਾ ਅੰਤ ਭਾਵੇਂ ਮੌਤ ਨਾਲ ਹੋਇਆ ਅਤੇ ਇਹ ਵੱਡੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਸੀ । ਉਸ ਦਾ ਤੇਜ ਮੂਸਾ ਦੇ ਚਿਹਰੇ ਉੱਤੇ ਇੰਨਾ ਸੀ ਕਿ ਇਸਰਾਏਲੀ ਉਸ ਵੱਲ ਦੇਖ ਵੀ ਨਹੀਂ ਸਕਦੇ ਸਨ ਭਾਂਵੇ ਉਹ ਤੇਜ ਕੁਝ ਹੀ ਸਮੇਂ ਤੱਕ ਰਿਹਾ । ਤਾਂ ਫਿਰ ਆਤਮਾ ਦੇ ਦੇਣ ਸਮੇਂ ਇਹ ਪ੍ਰਤਾਪ ਕਿੰਨਾ ਮਹਾਨ ਹੋਵੇਗਾ? ਜੇਕਰ ਉਹ ਨੇਮ ਜਿਸ ਦਾ ਨਤੀਜਾ ਸਜ਼ਾ ਸੀ, ਇਹੋ ਜਿਹੇ ਪ੍ਰਤਾਪ ਦੇ ਨਾਲ ਦਿੱਤਾ ਗਿਆ ਤਾਂ ਫਿਰ ਉਸ ਆਤਮਾ ਦਾ ਦੇਣਾ ਕਿੰਨਾ ਮਹਾਨ ਹੋਵੇਗਾ ਜੋ ਸਾਡੇ ਪਰਮੇਸ਼ਰ ਦੇ ਨਾਲ ਮੇਲ ਦਾ ਕਾਰਨ ਹੈ! ਫਿਰ ਸੱਚ ਤਾਂ ਇਹ ਹੈ ਕਿ ਜੋ ਪਹਿਲਾਂ ਤੇਜਮਾਨ ਸੀ, ਉਹ ਹੁਣ ਨਹੀਂ ਰਿਹਾ ਅਤੇ ਉਸ ਦੀ ਥਾਂ ਉਸ ਤੋਂ ਵੀ ਮਹਾਨ ਤੇਜ ਨੇ ਲੈ ਲਈ ਹੈ । ਕਿਉਂਕਿ ਜੇਕਰ ਥੋੜ੍ਹੇ ਸਮੇਂ ਤੱਕ ਰਹਿਣ ਵਾਲੇ ਦਾ ਆਪਣਾ ਤੇਜ ਇੰਨਾ ਸੀ ਤਾਂ ਫਿਰ ਹਮੇਸ਼ਾ ਤੱਕ ਰਹਿਣ ਵਾਲੇ ਦਾ ਤੇਜ ਕਿੰਨਾ ਜ਼ਿਆਦਾ ਹੋਵੇਗਾ । ਅਸੀਂ ਇਸ ਲਈ ਇੰਨੀ ਦਲੇਰੀ ਨਾਲ ਬੋਲ ਰਹੇ ਹਾਂ ਕਿਉਂਕਿ ਇਹ ਹੀ ਸਾਡੀ ਉਮੀਦ ਹੈ । ਅਸੀਂ ਮੂਸਾ ਦੀ ਤਰ੍ਹਾਂ ਨਹੀਂ ਹਾਂ ਜੋ ਆਪਣੇ ਚਿਹਰੇ ਨੂੰ ਇਸਰਾਏਲੀਆਂ ਕੋਲੋਂ ਪਰਦੇ ਨਾਲ ਢੱਕ ਕੇ ਰੱਖਦਾ ਸੀ ਕਿ ਉਹ ਉਸ ਦੇ ਤੇਜ ਨੂੰ ਖ਼ਤਮ ਹੁੰਦੇ ਦੇਖ ਨਾ ਲੈਣ । ਅਸਲ ਵਿੱਚ ਉਹਨਾਂ ਦੇ ਮਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਹੋਇਆ ਸੀ ਸਗੋਂ ਅੱਜ ਵੀ ਜਦੋਂ ਉਸ ਪੁਰਾਣੇ ਨੇਮ ਨੂੰ ਪੜ੍ਹਿਆ ਜਾਂਦਾ ਹੈ ਤਾਂ ਉਹਨਾਂ ਦੀਆਂ ਅੱਖਾਂ ਉੱਤੇ ਉਹ ਪਰਦਾ ਕੇਵਲ ਮਸੀਹ ਵਿੱਚ ਹਟਾਇਆ ਜਾਂਦਾ ਹੈ । ਇਸ ਤਰ੍ਹਾਂ ਉਹ ਅੱਜ ਵੀ ਜਦੋਂ ਮੂਸਾ ਦੇ ਨੇਮ ਨੂੰ ਪੜ੍ਹਦੇ ਹਨ ਤਾਂ ਉਹਨਾਂ ਦੇ ਮਨਾਂ ਦੀਆਂ ਅੱਖਾਂ ਉੱਤੇ ਪਰਦਾ ਪਿਆ ਰਹਿੰਦਾ ਹੈ । ਪਰ ਜਦੋਂ ਕੋਈ ਪ੍ਰਭੂ ਵੱਲ ਮੁੜਦਾ ਹੈ ਤਦ ਪਵਿੱਤਰ-ਗ੍ਰੰਥ ਦੇ ਕਹੇ ਅਨੁਸਾਰ, “ਉਹ ਪਰਦਾ ਹਟ ਜਾਂਦਾ ਹੈ ।” ਪ੍ਰਭੂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੁੰਦਾ ਹੈ, ਉੱਥੇ ਆਜ਼ਾਦੀ ਹੁੰਦੀ ਹੈ । ਇਸ ਲਈ ਹੁਣ ਅਸੀਂ ਸਭ ਚਿਹਰੇ ਉੱਤੇ ਪਰਦਾ ਕੀਤੇ ਬਿਨਾਂ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚ ਦੇਖਦੇ ਹੋਏ ਪ੍ਰਗਟ ਕਰਦੇ ਹਾਂ ਅਤੇ ਅਸੀਂ ਵੀ ਤੇਜ ਤੋਂ ਤੇਜ ਬਣ ਜਾਂਦੇ ਹਾਂ । ਇਹ ਕੰਮ ਪ੍ਰਭੂ ਦੇ ਹੀ ਹਨ ਜੋ ਆਤਮਾ ਹੈ । ਪਰਮੇਸ਼ਰ ਨੇ ਆਪਣੀ ਦਇਆ ਦੇ ਰਾਹੀਂ ਸਾਨੂੰ ਇਹ ਸੇਵਾ ਦਾ ਦਾਨ ਦਿੱਤਾ ਹੈ, ਇਸ ਲਈ ਅਸੀਂ ਹੌਸਲਾ ਨਹੀਂ ਛੱਡਦੇ । ਅਸੀਂ ਹਨੇਰੇ ਅਤੇ ਸ਼ਰਮਿੰਦਗੀ ਦੇ ਸਾਰੇ ਕੰਮਾਂ ਨੂੰ ਤਿਆਗ ਦਿੱਤਾ ਹੈ । ਹੁਣ ਅਸੀਂ ਬਿਨਾਂ ਕਪਟ ਦੇ ਜੀਵਨ ਗੁਜ਼ਾਰ ਰਹੇ ਹਾਂ ਅਤੇ ਪਰਮੇਸ਼ਰ ਦੇ ਵਚਨ ਨੂੰ ਵਿਗਾੜੇ ਬਿਨਾਂ ਪੇਸ਼ ਕਰਦੇ ਹਾਂ । ਸਗੋਂ ਅਸੀਂ ਸੱਚਾਈ ਨੂੰ ਚਾਨਣ ਵਿੱਚ ਲਿਆਉਂਦੇ ਹਾਂ ਅਤੇ ਆਪਣੇ ਆਪ ਨੂੰ ਉਸ ਤਰ੍ਹਾਂ ਮਨੁੱਖ ਦੇ ਅੰਤਹਕਰਨ ਦੇ ਸਾਹਮਣੇ ਪੇਸ਼ ਕਰਦੇ ਹਾਂ ਜਿਸ ਤਰ੍ਹਾਂ ਪਰਮੇਸ਼ਰ ਦੇ ਸਾਹਮਣੇ । ਭਾਵੇਂ ਸਾਡਾ ਸ਼ੁਭ ਸਮਾਚਾਰ ਪਰਦੇ ਹੇਠ ਹੈ ਤਾਂ ਕੇਵਲ ਉਹਨਾਂ ਤੋਂ ਹੀ ਹੈ ਜੋ ਨਾਸ਼ ਦੇ ਰਾਹ ਉੱਤੇ ਹਨ । ਇਸ ਯੁੱਗ ਦੇ ਦੇਵਤੇ ਨੇ ਇਹਨਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਹਨੇਰਾ ਕਰ ਦਿੱਤਾ ਹੈ ਤਾਂ ਜੋ ਉਹ ਸ਼ੁਭ ਸਮਾਚਾਰ ਦੇ ਚਾਨਣ ਨੂੰ ਭਾਵ ਮਸੀਹ ਦੇ ਤੇਜ ਨੂੰ ਨਾ ਦੇਖਣ ਜੋ ਪਰਮੇਸ਼ਰ ਦਾ ਸਰੂਪ ਹਨ । ਕਿਉਂਕਿ ਅਸੀਂ ਆਪਣੇ ਬਾਰੇ ਨਹੀਂ ਸਗੋਂ ਅਸੀਂ ਮਸੀਹ ਯਿਸੂ ਜੋ ਪ੍ਰਭੂ ਹਨ ਦਾ ਪ੍ਰਚਾਰ ਕਰਦੇ ਹਾਂ ਅਤੇ ਆਪਣੇ ਆਪ ਨੂੰ ਯਿਸੂ ਦੇ ਲਈ ਤੁਹਾਡੇ ਸੇਵਾਦਾਰਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ । ਕਿਉਂਕਿ ਜਿਸ ਪਰਮੇਸ਼ਰ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ!” ਉਸੇ ਪਰਮੇਸ਼ਰ ਨੇ ਸਾਡੇ ਮਨਾਂ ਉੱਤੇ ਆਪਣਾ ਚਾਨਣ ਪ੍ਰਗਟ ਕੀਤਾ ਕਿ ਸਾਨੂੰ ਉਹਨਾਂ ਦਾ ਚਾਨਣ ਭਰਿਆ ਗਿਆਨ ਪ੍ਰਾਪਤ ਹੋਵੇ ਜੋ ਮਸੀਹ ਦੇ ਚਿਹਰੇ ਉੱਤੇ ਹੈ । ਅਸੀਂ ਤਾਂ ਕੇਵਲ ਮਿੱਟੀ ਦੇ ਭਾਂਡੇ ਹਾਂ ਜਿਹਨਾਂ ਵਿੱਚ ਇਹ ਆਤਮਿਕ ਖ਼ਜ਼ਾਨਾ ਰੱਖਿਆ ਗਿਆ ਹੈ । ਇਸ ਤੋਂ ਪਤਾ ਲੱਗਦਾ ਹੈ ਕਿ ਮਹਾਨ ਸਮਰੱਥਾ ਦੇ ਸ੍ਰੋਤ ਅਸੀਂ ਨਹੀਂ ਕੇਵਲ ਪਰਮੇਸ਼ਰ ਹਨ । ਅਸੀਂ ਹਰ ਪਾਸਿਓਂ ਦੁੱਖ ਸਹਿੰਦੇ ਹਾਂ ਪਰ ਹਾਰਦੇ ਨਹੀਂ; ਪਰੇਸ਼ਾਨ ਤਾਂ ਹੁੰਦੇ ਹਾਂ ਪਰ ਨਿਰਾਸ਼ ਨਹੀਂ ਹੁੰਦੇ । ਸਤਾਏ ਤਾਂ ਜਾਂਦੇ ਹਾਂ ਪਰ ਤਿਆਗੇ ਨਹੀਂ ਜਾਂਦੇ; ਡੇਗੇ ਤਾਂ ਜਾਂਦੇ ਹਾਂ ਪਰ ਨਾਸ਼ ਨਹੀਂ ਹੁੰਦੇ । ਅਸੀਂ ਯਿਸੂ ਦੀ ਮੌਤ ਨੂੰ ਹਮੇਸ਼ਾ ਆਪਣੇ ਸਰੀਰਾਂ ਵਿੱਚ ਲਈ ਫਿਰਦੇ ਹਾਂ ਤਾਂ ਜੋ ਉਹਨਾਂ ਦਾ ਜੀਵਨ ਵੀ ਸਾਡੇ ਸਰੀਰਾਂ ਦੁਆਰਾ ਪ੍ਰਗਟ ਕੀਤਾ ਜਾਵੇ । ਭਾਵੇਂ ਅਸੀਂ ਜਿਊਂਦੇ ਹਾਂ ਪਰ ਫਿਰ ਵੀ ਯਿਸੂ ਦੇ ਕਾਰਨ ਹਮੇਸ਼ਾਂ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ ਤਾਂ ਜੋ ਯਿਸੂ ਦਾ ਜੀਵਨ ਸਾਡੇ ਮਰਨਹਾਰ ਸਰੀਰਾਂ ਵਿੱਚ ਪ੍ਰਗਟ ਹੋਵੇ । ਇਹ ਹੀ ਕਾਰਨ ਹੈ ਕਿ ਮੌਤ ਸਾਡੇ ਵਿੱਚ ਕੰਮ ਕਰ ਰਹੀ ਹੈ ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹੈ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਮੇਰੇ ਕੋਲ ਵਿਸ਼ਵਾਸ ਹੈ, ਇਸ ਲਈ ਮੈਂ ਬੋਲਦਾ ਹਾਂ ।” ਸਾਡੇ ਕੋਲ ਵੀ ਉਸ ਵਿਸ਼ਵਾਸ ਦਾ ਆਤਮਾ ਹੈ ਇਸ ਲਈ ਅਸੀਂ ਵੀ ਬੋਲਦੇ ਹਾਂ । ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਜਿਊਂਦਾ ਕੀਤਾ, ਸਾਨੂੰ ਵੀ ਯਿਸੂ ਦੇ ਨਾਲ ਜਿਊਂਦਾ ਕਰਨਗੇ ਅਤੇ ਤੁਹਾਡੇ ਨਾਲ ਆਪਣੀ ਹਜ਼ੂਰੀ ਵਿੱਚ ਲਿਆਉਣਗੇ । ਇਹ ਸਾਰਾ ਕੁਝ ਤੁਹਾਡੇ ਲਈ ਹੀ ਹੈ । ਜਿਸ ਤਰ੍ਹਾਂ ਪਰਮੇਸ਼ਰ ਦੀ ਕਿਰਪਾ ਬਹੁਤ ਸਾਰੇ ਲੋਕਾਂ ਵਿੱਚ ਵਧੇਗੀ ਉਸੇ ਤਰ੍ਹਾਂ ਉਹ ਪਰਮੇਸ਼ਰ ਦੀ ਮਹਿਮਾ ਦੇ ਲਈ ਹੋਰ ਵੀ ਧੰਨਵਾਦ ਦਾ ਕਾਰਨ ਹੋਵੇਗੀ । ਇਸ ਲਈ ਅਸੀਂ ਹੌਸਲਾ ਨਹੀਂ ਛੱਡਦੇ । ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ਼ ਹੋ ਰਹੀ ਹੈ ਪਰ ਫਿਰ ਵੀ ਸਾਡੀ ਅੰਦਰੂਨੀ ਮਨੁੱਖਤਾ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ । ਕਿਉਂਕਿ ਸਾਡਾ ਥੋੜ੍ਹਾ ਜਿਹਾ ਦੁੱਖ ਕੁਝ ਸਮੇਂ ਦੇ ਲਈ ਹੈ ਜੋ ਸਾਡੇ ਲਈ ਅਨੰਤ ਵਡਿਆਈ ਪੈਦਾ ਕਰ ਰਿਹਾ ਹੈ ਜੋ ਸਭ ਤੋਂ ਮਹਾਨ ਹੈ । ਇਸ ਲਈ ਅਸੀਂ ਦਿਖਾਈ ਦੇਣ ਵਾਲੀਆਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜੋ ਕੁਝ ਹੀ ਸਮੇਂ ਤੱਕ ਰਹਿੰਦੀਆਂ ਹਨ ਸਗੋਂ ਅਸੀਂ ਅਣਦੇਖੀਆਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਜੋ ਅਨੰਤਕਾਲ ਤੱਕ ਰਹਿੰਦੀਆਂ ਹਨ । ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਸਾਡਾ ਧਰਤੀ ਦਾ ਇਹ ਸਰੀਰਕ ਘਰ ਤੰਬੂ ਦੀ ਤਰ੍ਹਾਂ ਪੁੱਟ ਦਿੱਤਾ ਜਾਵੇਗਾ ਤਾਂ ਪਰਮੇਸ਼ਰ ਸਾਡੇ ਲਈ ਸਵਰਗ ਵਿੱਚ ਇੱਕ ਇਹੋ ਜਿਹਾ ਘਰ ਬਣਾਉਣਗੇ ਜੋ ਅਨੰਤਕਾਲ ਤੱਕ ਖੜ੍ਹਾ ਰਹੇਗਾ ਜੋ ਮਨੁੱਖੀ ਹੱਥਾਂ ਨੇ ਨਹੀਂ ਬਣਾਇਆ । ਇਹ ਸੱਚ ਹੈ ਕਿ ਇੱਥੇ ਰਹਿੰਦੇ ਹੋਏ ਅਸੀਂ ਹੌਕੇ ਭਰਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਕੱਪੜਿਆਂ ਦੀ ਤਰ੍ਹਾਂ ਪਾਉਣਾ ਚਾਹੁੰਦੇ ਹਾਂ ਤਾਂ ਜੋ ਇਹਨਾਂ ਨੂੰ ਪਾ ਕੇ ਅਸੀਂ ਨੰਗੇ ਨਹੀਂ ਰਹਾਂਗੇ । ਜਦੋਂ ਤੱਕ ਅਸੀਂ ਇਸ ਸਰੀਰਕ ਤੰਬੂ ਵਿੱਚ ਰਹਿੰਦੇ ਹਾਂ, ਅਸੀਂ ਭਾਰ ਦੇ ਨਾਲ ਦੱਬੇ ਹੋਏ ਹੌਕੇ ਭਰਦੇ ਹਾਂ । ਇਸ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਆਪਣੇ ਮਨੁੱਖੀ ਸਰੀਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਸਗੋਂ ਅਸੀਂ ਇਸੇ ਸਰੀਰ ਉੱਤੇ ਸਵਰਗੀ ਪਹਿਰਾਵਾ ਪਾਉਣਾ ਚਾਹੁੰਦੇ ਹਾਂ ਤਾਂ ਜੋ ਇਹ ਮਰਨਹਾਰ ਸਰੀਰ ਉਸ ਦੇ ਦੁਆਰਾ ਜੀਵਨ ਵਿੱਚ ਬਦਲ ਜਾਵੇ । ਪਰਮੇਸ਼ਰ ਨੇ ਆਪ ਹੀ ਸਾਨੂੰ ਇਸ ਉਦੇਸ਼ ਦੇ ਲਈ ਪੈਦਾ ਕੀਤਾ ਹੈ । ਉਹਨਾਂ ਨੇ ਸਾਨੂੰ ਪਵਿੱਤਰ ਆਤਮਾ ਦਾ ਦਾਨ ਭਵਿੱਖ ਦੇ ਲਈ ਬਿਆਨੇ ਦੇ ਤੌਰ ਤੇ ਦੇ ਦਿੱਤਾ ਹੈ । ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਇੱਥੇ ਮਨੁੱਖੀ ਸਰੀਰ ਵਿੱਚ ਹਾਂ ਤਦ ਤੱਕ ਅਸੀਂ ਪ੍ਰਭੂ ਤੋਂ ਦੂਰ ਹਾਂ । ਕਿਉਂਕਿ ਅਸੀਂ ਵਿਸ਼ਵਾਸ ਦੁਆਰਾ ਜਿਊਂਦੇ ਹਾਂ, ਦੇਖਣ ਦੁਆਰਾ ਨਹੀਂ । ਅਸੀਂ ਭਰੋਸਾ ਰੱਖਦੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਸਰੀਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਜਾ ਰਹੀਏ । ਇਸ ਲਈ ਭਾਵੇਂ ਅਸੀਂ ਇੱਥੇ ਰਹੀਏ ਜਾਂ ਉੱਥੇ, ਅਸੀਂ ਹਰ ਤਰ੍ਹਾਂ ਨਾਲ ਉਹਨਾਂ ਨੂੰ ਖ਼ੁਸ਼ ਰੱਖਣ ਦੇ ਚਾਹਵਾਨ ਹਾਂ । ਸਾਡੇ ਸਾਰਿਆਂ ਦੇ ਲਈ ਮਸੀਹ ਦੀ ਨਿਆਂ ਗੱਦੀ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂ ਜੋ ਹਰ ਕੋਈ ਆਪਣੇ ਸਰੀਰ ਦੁਆਰਾ ਕੀਤੇ ਹੋਏ ਚੰਗੇ ਅਤੇ ਬੁਰੇ ਕੰਮਾਂ ਦਾ ਫਲ ਪ੍ਰਾਪਤ ਕਰੇ । ਅਸੀਂ ਜਾਣਦੇ ਹਾਂ ਕਿ ਪ੍ਰਭੂ ਤੋਂ ਡਰਨ ਦਾ ਕੀ ਅਰਥ ਹੈ । ਇਸੇ ਲਈ ਅਸੀਂ ਦੂਜੇ ਲੋਕਾਂ ਨੂੰ ਵੀ ਪ੍ਰਭੂ ਦਾ ਡਰ ਰੱਖਣ ਦੀ ਪ੍ਰੇਰਨਾ ਦਿੰਦੇ ਹਾਂ । ਪਰਮੇਸ਼ਰ ਸਾਡੇ ਬਾਰੇ ਸਭ ਕੁਝ ਚੰਗੀ ਤਰ੍ਹਾਂ ਨਾਲ ਜਾਣਦੇ ਹਨ ਅਤੇ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੇ ਅੰਤਹਕਰਨ ਵਿੱਚ ਸਾਡੇ ਬਾਰੇ ਜਾਣਦੇ ਹੋ । ਅਸੀਂ ਤੁਹਾਡੇ ਕੋਲੋਂ ਦੁਬਾਰਾ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਸਗੋਂ ਤੁਹਾਨੂੰ ਇਹ ਮੌਕਾ ਦੇ ਰਹੇ ਹਾਂ ਕਿ ਤੁਸੀਂ ਸਾਡੇ ਉੱਤੇ ਮਾਣ ਕਰ ਸਕੋ ਅਤੇ ਉਹਨਾਂ ਲੋਕਾਂ ਨੂੰ ਉੱਤਰ ਦੇ ਸਕੋ ਜੋ ਦਿਲ ਤੋਂ ਨਹੀਂ ਸਗੋਂ ਬਾਹਰੀ ਦਿਖਾਵੇ ਉੱਤੇ ਮਾਣ ਕਰਦੇ ਹਨ । ਜੇਕਰ ਅਸੀਂ ਪਾਗਲ ਹਾਂ ਤਾਂ ਇਹ ਪਰਮੇਸ਼ਰ ਲਈ ਹਾਂ, ਜੇਕਰ ਅਸੀਂ ਸਮਝਦਾਰ ਹਾਂ ਤਾਂ ਇਹ ਤੁਹਾਡੇ ਲਈ ਹਾਂ । ਇਹ ਮਸੀਹ ਦਾ ਪਿਆਰ ਹੈ ਜੋ ਸਾਨੂੰ ਮਜਬੂਰ ਕਰਦਾ ਹੈ ਕਿਉਂਕਿ ਸਾਰ ਇਹ ਹੈ ਕਿ ਇੱਕ ਆਦਮੀ ਸਭ ਦੇ ਲਈ ਮਰਿਆ ਇਸ ਲਈ ਸਭ ਮਰ ਗਏ । ਮਸੀਹ ਸਾਰਿਆਂ ਦੇ ਲਈ ਮਰੇ ਤਾਂ ਜੋ ਜਿਹੜੇ ਜਿਊਂਦੇ ਹਨ, ਉਹ ਆਪਣੇ ਲਈ ਨਹੀਂ ਸਗੋਂ ਮਸੀਹ ਦੇ ਲਈ ਜਿਊਣ ਜੋ ਉਹਨਾਂ ਦੇ ਲਈ ਮਰੇ ਅਤੇ ਜਿਊਂਦੇ ਕੀਤੇ ਗਏ । ਇਸ ਲਈ ਹੁਣ ਤੋਂ ਅਸੀਂ ਕਿਸੇ ਨੂੰ ਵੀ ਸਰੀਰਕ ਤੌਰ ਤੇ ਨਹੀਂ ਜਾਣਦੇ । ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰਕ ਤੌਰ ਤੇ ਜਾਣਦੇ ਸੀ ਪਰ ਹੁਣ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਜਾਣਦੇ । ਇਸ ਲਈ ਜੇਕਰ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ; ਪੁਰਾਣਾ ਸਭ ਕੁਝ ਖ਼ਤਮ ਹੋ ਗਿਆ ਅਤੇ ਉਸ ਦੀ ਥਾਂ ਨਵਾਂ ਆ ਗਿਆ ਹੈ । ਸਭ ਕੁਝ ਪਰਮੇਸ਼ਰ ਵਲੋਂ ਹੈ ਜਿਹਨਾਂ ਨੇ ਮਸੀਹ ਦੇ ਦੁਆਰਾ ਸਾਡਾ ਮੇਲ ਆਪਣੇ ਨਾਲ ਕੀਤਾ ਹੈ ਅਤੇ ਹੁਣ ਇਹੋ ਮੇਲ ਦਾ ਕੰਮ ਸਾਨੂੰ ਸੌਂਪਿਆ ਹੈ । ਇਸ ਲਈ ਪਰਮੇਸ਼ਰ ਮਸੀਹ ਦੇ ਦੁਆਰਾ ਸੰਸਾਰ ਦਾ ਮੇਲ ਆਪਣੇ ਨਾਲ ਕਰ ਰਹੇ ਸਨ । ਉਹ ਲੋਕਾਂ ਦੇ ਪਾਪਾਂ ਦਾ ਲੇਖਾ ਉਹਨਾਂ ਦੇ ਵਿਰੁੱਧ ਨਹੀਂ ਰੱਖਦੇ ਸਗੋਂ ਉਹਨਾਂ ਨੇ ਸਾਨੂੰ ਮੇਲ ਦਾ ਸੰਦੇਸ਼ ਸੌਂਪਿਆ ਹੈ । ਇਸ ਲਈ ਅਸੀਂ ਮਸੀਹ ਦੇ ਰਾਜਦੂਤ ਹਾਂ । ਪਰਮੇਸ਼ਰ ਆਪ ਸਾਡੇ ਰਾਹੀਂ ਤੁਹਾਡੇ ਅੱਗੇ ਬੇਨਤੀ ਕਰ ਰਹੇ ਹਨ । ਇਸ ਲਈ ਅਸੀਂ ਮਸੀਹ ਦੇ ਵੱਲੋਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਨਾਲ ਮੇਲ ਕਰ ਲਵੋ । ਮਸੀਹ ਪਾਪ ਰਹਿਤ ਸਨ, ਪਰ ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਸਾਡੇ ਕਾਰਨ ਸਾਡੇ ਪਾਪਾਂ ਦੇ ਭਾਗੀ ਬਣਾਇਆ ਕਿ ਉਹਨਾਂ ਦੇ ਰਾਹੀਂ ਅਸੀਂ ਪਰਮੇਸ਼ਰ ਦੀ ਨੇਕੀ ਦੇ ਭਾਗੀ ਬਣੀਏ । ਇਸ ਲਈ ਪਰਮੇਸ਼ਰ ਦੇ ਸਹਿਕਰਮੀ ਹੋਣ ਕਰ ਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਤੋਂ ਮਿਲੀ ਕਿਰਪਾ ਨੂੰ ਵਿਅਰਥ ਨਾ ਜਾਣ ਦਿਓ । ਕਿਉਂਕਿ ਪਰਮੇਸ਼ਰ ਕਹਿੰਦੇ ਹਨ: “ਕਿਰਪਾ ਕਰਨ ਦੇ ਸਮੇਂ ਮੈਂ ਤੁਹਾਡੀ ਸੁਣੀ, ਬਚਾਅ ਕਰਨ ਦੇ ਦਿਨ, ਮੈਂ ਤੁਹਾਡੀ ਮਦਦ ਕੀਤੀ ।” ਸੁਣੋ! ਮਦਦ ਲੈਣ ਦਾ ਮੌਕਾ ਇਹ ਹੀ ਹੈ ਅਤੇ ਮੁਕਤੀ ਦਾ ਦਿਨ ਇਹ ਹੀ ਹੈ । ਅਸੀਂ ਕਿਸੇ ਦੇ ਰਾਹ ਵਿੱਚ ਰੋੜਾ ਨਹੀਂ ਅਟਕਾਉਣਾ ਚਾਹੁੰਦੇ ਤਾਂ ਜੋ ਕੋਈ ਸਾਡੀ ਸੇਵਾ ਵਿੱਚ ਦੋਸ਼ ਨਾ ਦੇਖੇ । ਸਗੋਂ ਅਸੀਂ ਹਰ ਹਾਲਤ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸੇਵਾਦਾਰਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ: ਧੀਰਜ ਰੱਖਣ ਵਿੱਚ, ਦੁੱਖ ਵਿੱਚ, ਗ਼ਰੀਬੀ ਵਿੱਚ, ਅਤੇ ਮੁਸੀਬਤਾਂ ਵਿੱਚ, ਮਾਰ ਖਾਣ ਵਿੱਚ, ਕੈਦ ਵਿੱਚ ਅਤੇ ਕਈ ਤਰ੍ਹਾਂ ਦੇ ਫ਼ਸਾਦਾਂ ਦੇ ਸਮੇਂ ਅਸੀਂ ਬਿਨਾਂ ਅਰਾਮ ਦੇ, ਬਿਨਾਂ ਨੀਂਦ ਦੇ ਅਤੇ ਬਿਨਾਂ ਭੋਜਨ ਦੇ ਰਹੇ ਹਾਂ, ਸ਼ੁੱਧਤਾ ਰਾਹੀਂ, ਗਿਆਨ ਰਾਹੀਂ, ਧੀਰਜ ਰਾਹੀਂ, ਦਇਆ ਰਾਹੀਂ, ਪਵਿੱਤਰ ਆਤਮਾ ਦੀ ਸਮਰੱਥਾ ਰਾਹੀਂ, ਸੱਚੇ ਪਿਆਰ ਰਾਹੀਂ; ਸੱਚ ਦੇ ਪ੍ਰਚਾਰ ਰਾਹੀਂ ਅਤੇ ਪਰਮੇਸ਼ਰ ਦੀ ਸਮਰੱਥਾ ਰਾਹੀਂ ਅਸੀਂ ਆਪਣੇ ਸੱਜੇ ਅਤੇ ਖੱਬੇ ਪਾਸੇ ਆਪਣੇ ਬਚਾਅ ਦੇ ਲਈ ਨੇਕੀ ਦੇ ਹਥਿਆਰ ਧਾਰੇ ਹੋਏ ਹਨ; ਆਦਰ ਅਤੇ ਨਿਰਾਦਰ, ਬਦਨਾਮੀ ਅਤੇ ਨੇਕਨਾਮੀ ਵਿੱਚ ਸਾਨੂੰ ਧੋਖੇਬਾਜ਼ ਸਮਝਿਆ ਜਾਂਦਾ ਹੈ ਪਰ ਅਸੀਂ ਫਿਰ ਵੀ ਸੱਚੇ ਹਾਂ; ਅਸੀਂ ਅਣਜਾਣ ਸਮਝੇ ਜਾਂਦੇ ਹਾਂ ਪਰ ਫਿਰ ਵੀ ਮਸ਼ਹੂਰ ਹਾਂ; ਸਾਨੂੰ ਮਰੇ ਹੋਏ ਸਮਝਿਆ ਜਾਂਦਾ ਹੈ ਪਰ ਅਸੀਂ ਫਿਰ ਵੀ ਜਿਊਂਦੇ ਹਾਂ; ਭਾਵੇਂ ਸਾਨੂੰ ਸਜ਼ਾ ਦਿੱਤੀ ਗਈ ਪਰ ਅਸੀਂ ਫਿਰ ਵੀ ਨਹੀਂ ਮਰੇ; ਸਾਨੂੰ ਦੁਖੀ ਕੀਤਾ ਗਿਆ ਪਰ ਫਿਰ ਵੀ ਅਸੀਂ ਹਰ ਸਮੇਂ ਖ਼ੁਸ਼ ਰਹੇ; ਅਸੀਂ ਗ਼ਰੀਬ ਹਾਂ ਪਰ ਫਿਰ ਵੀ ਬਹੁਤ ਸਾਰਿਆਂ ਨੂੰ ਅਮੀਰ ਬਣਾਇਆ; ਸਾਡੇ ਕੋਲ ਕੁਝ ਵੀ ਨਹੀਂ ਪਰ ਫਿਰ ਵੀ ਸਾਡੇ ਕੋਲ ਸਭ ਕੁਝ ਹੈ । ਹੇ ਕੁਰਿੰਥਿਓ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕੀਤੀ ਹੈ; ਸਾਡੇ ਦਿਲ ਤੁਹਾਡੇ ਲਈ ਖੁੱਲ੍ਹੇ ਹਨ । ਅਸੀਂ ਆਪਣੇ ਦਿਲ ਤੁਹਾਡੇ ਲਈ ਬੰਦ ਨਹੀਂ ਕੀਤੇ ਪਰ ਤੁਸੀਂ ਸਾਡੇ ਲਈ ਆਪਣੇ ਦਿਲ ਬੰਦ ਕੀਤੇ ਹੋਏ ਹਨ । ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਇਹ ਕਹਿ ਰਿਹਾ ਹਾਂ ਤੁਸੀਂ ਵੀ ਆਪਣੇ ਦਿਲ ਸਾਡੇ ਲਈ ਖੋਲ੍ਹ ਦੇਵੋ । ਤੁਸੀਂ ਅਵਿਸ਼ਵਾਸੀਆਂ ਦੇ ਨਾਲ ਨਾਬਰਾਬਰ ਜੂਲੇ ਵਿੱਚ ਨਾ ਜੁਤੋ, ਕਿਉਂਕਿ ਨੇਕੀ ਦਾ ਪਾਪ ਨਾਲ ਕੀ ਸੰਬੰਧ ਹੈ? ਚਾਨਣ ਦਾ ਹਨੇਰੇ ਨਾਲ ਕੀ ਰਿਸ਼ਤਾ ਹੈ? ਕੀ ਮਸੀਹ ਅਤੇ ਸ਼ੈਤਾਨ ਦਾ ਆਪਸ ਵਿੱਚ ਕੋਈ ਸੰਬੰਧ ਹੋ ਸਕਦਾ ਹੈ? ਕੀ ਵਿਸ਼ਵਾਸੀ ਅਤੇ ਅਵਿਸ਼ਵਾਸੀ ਇਕੱਠੇ ਰਹਿ ਸਕਦੇ ਹਨ? ਪਰਮੇਸ਼ਰ ਦੇ ਹੈਕਲ ਅਤੇ ਮੂਰਤੀਆਂ ਵਿੱਚ ਕੀ ਸਾਂਝ ਹੋ ਸਕਦੀ ਹੈ? ਕਿਉਂਕਿ ਅਸੀਂ ਜਿਊਂਦੇ ਪਰਮੇਸ਼ਰ ਦਾ ਹੈਕਲ ਹਾਂ । ਇਸ ਬਾਰੇ ਪਰਮੇਸ਼ਰ ਕਹਿੰਦੇ ਹਨ: “ਮੈਂ ਆਪਣੇ ਲੋਕਾਂ ਵਿੱਚ ਰਹਾਂਗਾ, ਮੈਂ ਉਹਨਾਂ ਦਾ ਸਾਥ ਦੇਵਾਂਗਾ; ਮੈਂ ਉਹਨਾਂ ਦਾ ਪਰਮੇਸ਼ਰ ਹੋਵਾਂਗਾ, ਉਹ ਮੇਰੇ ਲੋਕ ਹੋਣਗੇ ।” ਇਸੇ ਲਈ ਪ੍ਰਭੂ ਕਹਿੰਦੇ ਹਨ: “ਤੁਸੀਂ ਉਹਨਾਂ ਦੇ ਵਿੱਚੋਂ ਬਾਹਰ ਆ ਜਾਵੋ । ਤੁਸੀਂ ਉਹਨਾਂ ਤੋਂ ਵੱਖ ਹੋ ਜਾਵੋ । ਤੁਸੀਂ ਕਿਸੇ ਅਸ਼ੁੱਧ ਚੀਜ਼ ਨੂੰ ਨਾ ਛੂਹੋ, ਅਤੇ ਮੈਂ ਤੁਹਾਨੂੰ ਸਵੀਕਾਰ ਕਰਾਂਗਾ ।” ਸਰਵਸ਼ਕਤੀਮਾਨ ਪ੍ਰਭੂ ਕਹਿੰਦੇ ਹਨ: “ਮੈਂ ਤੁਹਾਡਾ ਪਿਤਾ ਹੋਵਾਂਗਾ, ਅਤੇ ਤੁਸੀਂ ਮੇਰੀ ਸੰਤਾਨ ਹੋਵੋਗੇ ।” ਹੇ ਪਿਆਰੇ ਵਿਸ਼ਵਾਸੀਓ, ਕਿਉਂਕਿ ਇਹ ਸਾਰੇ ਵਾਅਦੇ ਸਾਡੇ ਨਾਲ ਕੀਤੇ ਗਏ ਹਨ ਇਸ ਲਈ ਸਾਨੂੰ ਆਪਣੇ ਸਰੀਰ ਅਤੇ ਆਤਮਾ ਨੂੰ ਹਰ ਤਰ੍ਹਾਂ ਦੀ ਗੰਦਗੀ ਤੋਂ ਸ਼ੁੱਧ ਕਰਨਾ ਚਾਹੀਦਾ ਹੈ । ਸਾਨੂੰ ਪਰਮੇਸ਼ਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ, ਅਸੀਂ ਕਿਸੇ ਨਾਲ ਬੇਇਨਸਾਫ਼ੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਦੁੱਖ ਦਿੱਤਾ ਹੈ ਅਤੇ ਨਾ ਹੀ ਕਿਸੇ ਦਾ ਫ਼ਾਇਦਾ ਚੁੱਕਿਆ ਹੈ । ਮੈਂ ਇਹ ਕਿਸੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ । ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਹਾਡੇ ਲਈ ਸਾਡੇ ਦਿਲਾਂ ਵਿੱਚ ਅਜਿਹੀ ਥਾਂ ਹੈ ਕਿ ਭਾਵੇਂ ਅਸੀਂ ਮਰੀਏ ਜਾਂ ਜਿਊਂਦੇ ਰਹੀਏ, ਅਸੀਂ ਇੱਕ ਰਹਾਂਗੇ । ਮੈਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ, ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ । ਮੈਂ ਧੀਰਜ ਦੇ ਨਾਲ ਭਰਿਆ ਹੋਇਆ ਹਾਂ । ਜਿੰਨੇ ਦੁੱਖ ਸਾਡੇ ਉੱਤੇ ਆਉਂਦੇ ਹਨ ਮੈਂ ਉਹਨਾਂ ਵਿੱਚ ਅਨੰਦ ਕਰਦਾ ਹਾਂ । ਕਿਉਂਕਿ ਮਕਦੂਨਿਯਾ ਵਿੱਚ ਪਹੁੰਚ ਕੇ ਵੀ ਸਾਨੂੰ ਕੋਈ ਅਰਾਮ ਨਾ ਮਿਲਿਆ । ਉੱਥੇ ਵੀ ਹਰ ਪਾਸੇ ਦੁੱਖ ਹੀ ਦੁੱਖ ਸਨ; ਇੱਕ ਲੋਕਾਂ ਦੀਆਂ ਲੜਾਈਆਂ ਦੇ ਅਤੇ ਦੂਜੇ ਸਾਡੇ ਅੰਦਰਲੇ ਡਰ ਦੇ । ਪਰ ਨਿਮਾਣਿਆਂ ਨੂੰ ਉਤਸ਼ਾਹ ਦੇਣ ਵਾਲੇ ਪਰਮੇਸ਼ਰ ਨੇ ਤੀਤੁਸ ਨੂੰ ਸਾਡੇ ਕੋਲ ਭੇਜ ਕੇ ਸਾਨੂੰ ਉਤਸ਼ਾਹ ਦਿੱਤਾ । ਇਸ ਦਾ ਕਾਰਨ ਕੇਵਲ ਉਸ ਦਾ ਆਉਣਾ ਹੀ ਨਹੀਂ ਸਗੋਂ ਉਹ ਉਤਸ਼ਾਹ ਵੀ ਹੈ ਜੋ ਉਸ ਨੂੰ ਤੁਹਾਡੇ ਵਿੱਚ ਰਹਿ ਕੇ ਮਿਲਿਆ ਹੈ । ਉਸ ਨੇ ਸਾਨੂੰ ਤੁਹਾਡੇ ਬਾਰੇ ਇਹ ਵੀ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਮੈਨੂੰ ਮਿਲਣ ਲਈ ਚਾਹਵਾਨ ਸੀ, ਅਤੇ ਕਿੰਨੇ ਦੁਖੀ ਸੀ, ਅਤੇ ਤੁਸੀਂ ਕਿਸ ਤਰ੍ਹਾਂ ਮੇਰੀ ਫ਼ਿਕਰ ਕਰਦੇ ਹੋ । ਇਸ ਲਈ ਮੈਨੂੰ ਹੋਰ ਵੀ ਜ਼ਿਆਦਾ ਖ਼ੁਸ਼ੀ ਹੋਈ ਹੈ । ਭਾਵੇਂ ਮੇਰੇ ਲਿਖੇ ਪੱਤਰ ਤੋਂ ਤੁਹਾਨੂੰ ਦੁੱਖ ਪਹੁੰਚਿਆ ਹੈ, ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ ਹੈ । ਇਹ ਜਾਣ ਕੇ ਕਿ ਤੁਹਾਨੂੰ ਉਸ ਤੋਂ ਕੁਝ ਸਮੇਂ ਲਈ ਦੁੱਖ ਪਹੁੰਚਿਆ ਹੈ, ਮੈਂ ਦੁਖੀ ਹੋਇਆ । ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਮੈਂ ਤੁਹਾਨੂੰ ਦੁੱਖ ਦਿੱਤਾ ਹੈ ਸਗੋਂ ਇਸ ਲਈ ਕਿ ਤੁਸੀਂ ਤੋਬਾ ਕੀਤੀ ਹੈ । ਤੁਹਾਡੇ ਦੁੱਖ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਸਨ ਇਸ ਲਈ ਸਾਡੇ ਕੋਲੋਂ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ । ਇਸ ਲਈ ਤੁਹਾਡਾ ਦੁੱਖ ਸਹਿਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਹੋਇਆ ਕਿ ਤੁਸੀਂ ਆਪਣੇ ਪਾਪਾਂ ਵੱਲੋਂ ਮੂੰਹ ਮੋੜਿਆ ਅਤੇ ਉਸ ਦਾ ਨਤੀਜਾ ਤੁਹਾਡੀ ਮੁਕਤੀ ਵਿੱਚ ਹੋਇਆ । ਪਰ ਸੰਸਾਰਕ ਦੁੱਖ ਦਾ ਨਤੀਜਾ ਮੌਤ ਹੈ । ਧਿਆਨ ਦੇਵੋ ਕਿ ਪਰਮੇਸ਼ਰ ਨੇ ਤੁਹਾਡੇ ਦੁੱਖ ਤੋਂ ਕੀ ਪੈਦਾ ਕੀਤਾ ਹੈ: ਕਿਸ ਤਰ੍ਹਾਂ ਦੀ ਲਗਨ ਜਾਗੀ ਹੈ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ ਹੈ । ਇਸ ਤਰ੍ਹਾਂ ਤੁਸੀਂ ਹਰ ਤਰ੍ਹਾਂ ਨਾਲ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਇਸ ਸਾਰੇ ਮਾਮਲੇ ਵਿੱਚ ਦੋਸ਼ੀ ਨਹੀਂ ਹੋ । ਇਸ ਲਈ ਭਾਵੇਂ ਮੈਂ ਤੁਹਾਨੂੰ ਉਹ ਪੱਤਰ ਲਿਖਿਆ ਸੀ, ਪਰ ਇਹ ਮੈਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਉੱਤੇ ਅਨਿਆਂ ਹੋਇਆ ਸੀ । ਸਗੋਂ ਇਸ ਦੇ ਲਿਖਣ ਦੁਆਰਾ ਇਹ ਪ੍ਰਗਟ ਕੀਤਾ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਸਾਡੇ ਲਈ ਕਿੰਨੇ ਚਾਹਵਾਨ ਹੋ । ਇਸ ਤੋਂ ਸਾਨੂੰ ਹੌਸਲਾ ਮਿਲਿਆ ਹੈ । ਸਾਨੂੰ ਮਿਲੇ ਹੌਸਲੇ ਦੇ ਨਾਲ, ਤੀਤੁਸ ਦੇ ਅਨੰਦ ਕਾਰਨ ਸਾਨੂੰ ਹੋਰ ਵੀ ਖ਼ੁਸ਼ੀ ਮਿਲੀ ਹੈ । ਉਸ ਦੀ ਆਤਮਾ ਤੁਹਾਡੇ ਸਭ ਦੇ ਕਾਰਨ ਤਾਜ਼ਾ ਹੋ ਗਈ ਹੈ । ਮੈਂ ਤੀਤੁਸ ਦੇ ਸਾਹਮਣੇ ਤੁਹਾਡੇ ਲਈ ਮਾਣ ਕੀਤਾ ਸੀ ਅਤੇ ਤੁਸੀਂ ਮੈਨੂੰ ਨਿਰਾਸ਼ ਨਹੀਂ ਕੀਤਾ । ਅਸੀਂ ਤੁਹਾਡੇ ਨਾਲ ਹਮੇਸ਼ਾ ਸੱਚ ਬੋਲਿਆ ਹੈ । ਇਸੇ ਲਈ ਸਾਡਾ ਮਾਣ ਤੀਤੁਸ ਦੇ ਸਾਹਮਣੇ ਸੱਚਾ ਸਿੱਧ ਹੋਇਆ ਹੈ । ਉਸ ਦਾ ਪਿਆਰ ਤੁਹਾਡੇ ਲਈ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ ਜਦੋਂ ਉਹ ਤੁਹਾਨੂੰ ਯਾਦ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਡਰਦੇ ਅਤੇ ਕੰਬਦੇ ਹੋਏ ਆਗਿਆਕਾਰੀ ਬਣ ਕੇ ਉਸ ਦਾ ਸੁਆਗਤ ਕੀਤਾ ਹੈ । ਮੈਂ ਖ਼ੁਸ਼ ਹਾਂ ਕਿ ਮੈਂ ਤੁਹਾਡੇ ਉੱਤੇ ਪੂਰਾ ਭਰੋਸਾ ਰੱਖ ਸਕਦਾ ਹਾਂ । ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਮਕਦੂਨਿਯਾ ਦੀਆਂ ਕਲੀਸਿਯਾਵਾਂ ਦੇ ਉੱਤੇ ਹੋਈ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਦੱਸਣਾ ਚਾਹੁੰਦੇ ਹਾਂ । ਉਹਨਾਂ ਦੀ ਪਰੀਖਿਆ ਬਹੁਤ ਜ਼ਿਆਦਾ ਦੁੱਖਾਂ ਦੇ ਰਾਹੀਂ ਹੋਈ ਹੈ । ਪਰ ਇਹ ਹੋਣ ਤੇ ਵੀ ਉਹਨਾਂ ਦਾ ਅਨੰਦ ਮਹਾਨ ਹੈ, ਉਹਨਾਂ ਨੇ ਆਪਣੀ ਭਾਰੀ ਗ਼ਰੀਬੀ ਵਿੱਚ ਵੀ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ ਹੈ । ਕਿਉਂਕਿ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਹਨਾਂ ਨੇ ਆਪਣੀ ਪਹੁੰਚ ਦੇ ਅਨੁਸਾਰ ਸਗੋਂ ਪਹੁੰਚ ਤੋਂ ਵੀ ਵੱਧ ਕੇ ਆਪਣੀ ਮਰਜ਼ੀ ਨਾਲ ਦਿੱਤਾ ਹੈ । ਉਹਨਾਂ ਨੇ ਸਾਡੇ ਅੱਗੇ ਬੇਨਤੀ ਕੀਤੀ ਕਿ ਅਸੀਂ ਉਹਨਾਂ ਨੂੰ ਵੀ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਵਿੱਚ ਹੱਥ ਵਟਾਉਣ ਦਾ ਮੌਕਾ ਦੇਈਏ । ਇਹ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਸੀ । ਉਹਨਾਂ ਨੇ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਹੱਥ ਅਤੇ ਫਿਰ ਆਪਣੇ ਆਪ ਨੂੰ ਪਰਮੇਸ਼ਰ ਦੀ ਇੱਛਾ ਦੇ ਨਾਲ ਸਾਡੇ ਹੱਥ ਸੌਂਪਿਆ । ਇਸ ਸੇਵਾ ਦਾ ਕੰਮ ਪਹਿਲਾਂ ਤੀਤੁਸ ਨੇ ਸ਼ੁਰੂ ਕੀਤਾ ਸੀ ਇਸ ਲਈ ਅਸੀਂ ਉਸ ਅੱਗੇ ਬੇਨਤੀ ਕੀਤੀ ਕਿ ਉਹ ਤੁਹਾਡੇ ਵਿੱਚ ਇਸ ਦਾਨ ਦੀ ਸੇਵਾ ਦੇ ਕੰਮ ਨੂੰ ਪੂਰਾ ਕਰੇ । ਤੁਸੀਂ ਹਰ ਤਰ੍ਹਾਂ ਬਹੁਤ ਅਮੀਰ ਹੋ: ਵਿਸ਼ਵਾਸ ਵਿੱਚ, ਬੋਲਣ ਵਿੱਚ, ਗਿਆਨ ਵਿੱਚ, ਉਤਸ਼ਾਹ ਵਿੱਚ, ਇੱਥੋਂ ਤੱਕ ਕਿ ਸਾਨੂੰ ਪਿਆਰ ਕਰਨ ਵਿੱਚ ਵੀ । ਇਸ ਲਈ ਹੁਣ ਇਸ ਦਾਨ ਦੀ ਸੇਵਾ ਵਿੱਚ ਵੀ ਆਪਣੇ ਆਪ ਨੂੰ ਇਸੇ ਤਰ੍ਹਾਂ ਅਮੀਰ ਸਿੱਧ ਕਰੋ । ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ ਸਗੋਂ ਦੂਜਿਆਂ ਦੇ ਉਤਸ਼ਾਹ ਬਾਰੇ ਤੁਹਾਨੂੰ ਦੱਸ ਕੇ ਤੁਹਾਡੇ ਪਿਆਰ ਦੀ ਪਰਖ ਕਰ ਰਿਹਾ ਹਾਂ । ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਬਾਰੇ ਜਾਣਦੇ ਹੀ ਹੋ ਕਿ ਉਹ ਕਿੰਨੇ ਅਮੀਰ ਸਨ; ਪਰ ਫਿਰ ਉਹ ਤੁਹਾਡੀ ਖ਼ਾਤਰ ਗ਼ਰੀਬ ਬਣ ਗਏ ਕਿ ਉਹਨਾਂ ਦੀ ਗ਼ਰੀਬੀ ਦੁਆਰਾ ਤੁਸੀਂ ਅਮੀਰ ਬਣ ਜਾਵੋ । ਮੇਰਾ ਇਹ ਵਿਚਾਰ ਹੈ ਜੋ ਤੁਹਾਡੇ ਭਲੇ ਦੇ ਬਾਰੇ ਹੈ: ਪਿਛਲੇ ਸਾਲ ਤੁਸੀਂ ਇਹ ਕੰਮ ਕਰਨ ਵਿੱਚ ਨਾ ਕੇਵਲ ਪਹਿਲ ਕੀਤੀ ਸਗੋਂ ਇਸ ਨੂੰ ਕਰਨ ਦੀ ਇੱਛਾ ਵੀ ਪ੍ਰਗਟ ਕੀਤੀ ਸੀ । ਇਸ ਲਈ ਇਸ ਨੂੰ ਪੂਰਾ ਕਰੋ । ਜਿਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਸ਼ੁਰੂ ਕਰਨ ਦੇ ਚਾਹਵਾਨ ਸੀ, ਉਸੇ ਤਰ੍ਹਾਂ ਹੁਣ ਇਸ ਨੂੰ ਜੋ ਕੁਝ ਵੀ ਤੁਹਾਡੇ ਕੋਲ ਹੈ, ਉਸ ਦੇ ਨਾਲ ਪੂਰਾ ਕਰੋ । ਜੇਕਰ ਕੋਈ ਦਾਨ ਦੇਣ ਦੀ ਇੱਛਾ ਕਰਦਾ ਹੈ ਤਾਂ ਪਰਮੇਸ਼ਰ ਉਸ ਕੋਲੋਂ ਉਸ ਚੀਜ਼ ਦੀ ਮੰਗ ਨਹੀਂ ਕਰਦੇ ਹਨ ਜੋ ਉਸ ਕੋਲ ਨਹੀਂ ਹੈ ਸਗੋਂ ਪਰਮੇਸ਼ਰ ਉਹ ਸਵੀਕਾਰ ਕਰ ਲੈਂਦੇ ਹਨ ਜੋ ਉਹ ਦਿੰਦਾ ਹੈ । ਸਾਡੀ ਇੱਛਾ ਇਹ ਨਹੀਂ ਕਿ ਦੂਜਿਆਂ ਦੀ ਮਦਦ ਕਰਨ ਦੀ ਖ਼ਾਤਰ ਤੁਸੀਂ ਲੋੜ ਤੋਂ ਜ਼ਿਆਦਾ ਭਾਰ ਹੇਠਾਂ ਦੱਬ ਜਾਵੋ । ਸਗੋਂ ਇਸ ਦਾ ਆਧਾਰ ਬਰਾਬਰ ਹੋਣਾ ਚਾਹੀਦਾ ਹੈ । ਇਸ ਸਮੇਂ ਤੁਹਾਡਾ ਵਾਧਾ ਉਹਨਾਂ ਦਾ ਘਾਟਾ ਪੂਰਾ ਕਰੇਗਾ ਪਰ ਉਹ ਸਮਾਂ ਵੀ ਆਵੇਗਾ ਜਦੋਂ ਉਹਨਾਂ ਦਾ ਵਾਧਾ ਤੁਹਾਡਾ ਘਾਟਾ ਪੂਰਾ ਕਰੇਗਾ । ਇਸ ਤਰ੍ਹਾਂ ਦੋਵੇਂ ਪਾਸੇ ਬਰਾਬਰੀ ਹੋਵੇਗੀ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: “ਜਿਸ ਮਨੁੱਖ ਨੇ ਜ਼ਿਆਦਾ ਇਕੱਠਾ ਕੀਤਾ, ਉਸ ਦੇ ਕੋਲ ਲੋੜ ਤੋਂ ਜ਼ਿਆਦਾ ਨਾ ਨਿਕਲਿਆ । ਜਿਸ ਨੇ ਥੋੜ੍ਹਾ ਇਕੱਠਾ ਕੀਤਾ, ਉਸ ਦੇ ਕੋਲ ਲੋੜ ਤੋਂ ਘੱਟ ਨਾ ਨਿਕਲਿਆ ।” ਪਰਮੇਸ਼ਰ ਦਾ ਧੰਨਵਾਦ ਹੋਵੇ, ਜਿਹਨਾਂ ਨੇ ਤੀਤੁਸ ਨੂੰ ਪ੍ਰੇਰਨਾ ਦਿੱਤੀ ਹੈ ਕਿ ਉਹ ਉਸੇ ਤਰ੍ਹਾਂ ਤੁਹਾਡੀ ਮਦਦ ਕਰਨ ਦੇ ਲਈ ਤਿਆਰ ਹੈ, ਜਿਸ ਤਰ੍ਹਾਂ ਕਿ ਅਸੀਂ ਵੀ ਹਾਂ । ਇਹ ਨਹੀਂ ਕਿ ਉਹ ਸਾਡੀ ਬੇਨਤੀ ਕਾਰਨ ਪਰ ਉਹ ਆਪਣੀ ਇੱਛਾ ਨਾਲ ਤੁਹਾਡੇ ਕੋਲ ਆਉਣ ਦੇ ਲਈ ਚਾਹਵਾਨ ਸੀ । ਉਸ ਦੇ ਨਾਲ ਅਸੀਂ ਉਸ ਭਰਾ ਨੂੰ ਵੀ ਭੇਜ ਰਹੇ ਹਾਂ ਜਿਸ ਦਾ ਨਾਂ ਸ਼ੁਭ ਸਮਾਚਾਰ ਦੇ ਪ੍ਰਚਾਰ ਲਈ ਸਭ ਕਲੀਸਿਯਾਵਾਂ ਵਿੱਚ ਪ੍ਰਸਿੱਧ ਹੈ । ਕੇਵਲ ਇਹ ਹੀ ਨਹੀਂ ਸਗੋਂ ਕਲੀਸਿਯਾਵਾਂ ਨੇ ਉਸ ਨੂੰ ਇਸ ਦਾਨ ਸੇਵਾ ਦੇ ਲਈ ਸਾਡਾ ਸਾਥੀ ਚੁਣ ਕੇ ਭੇਜਿਆ ਹੈ । ਇਹ ਸੇਵਾ ਅਸੀਂ ਪ੍ਰਭੂ ਦੀ ਮਹਿਮਾ ਦੇ ਲਈ ਅਤੇ ਆਪਣਾ ਉਤਸ਼ਾਹ ਦਿਖਾਉਣ ਲਈ ਕਰ ਰਹੇ ਹਾਂ । ਅਸੀਂ ਸਾਵਧਾਨ ਹਾਂ ਕਿ ਕਿਸੇ ਨੂੰ ਵੀ ਇਸ ਖੁੱਲ੍ਹ-ਦਿਲੀ ਨਾਲ ਦਿੱਤੇ ਦਾਨ ਦੀ ਸੇਵਾ ਦੇ ਸੰਬੰਧ ਵਿੱਚ ਸਾਡੇ ਉੱਤੇ ਕੋਈ ਦੋਸ਼ ਲਾਉਣ ਦਾ ਮੌਕਾ ਨਾ ਮਿਲੇ । ਸਾਡਾ ਉਦੇਸ਼ ਨਾ ਕੇਵਲ ਪ੍ਰਭੂ ਦੇ ਸਾਹਮਣੇ ਸਗੋਂ ਹੋਰਨਾਂ ਦੇ ਸਾਹਮਣੇ ਵੀ ਈਮਾਨਦਾਰ ਬਣਨਾ ਹੈ । ਇਸ ਲਈ ਉਹਨਾਂ ਦੇ ਨਾਲ ਅਸੀਂ ਆਪਣੇ ਇਸ ਭਰਾ ਨੂੰ ਭੇਜ ਰਹੇ ਹਾਂ ਜਿਸ ਦੇ ਉਤਸ਼ਾਹ ਨੂੰ ਅਸੀਂ ਕਈ ਮੌਕਿਆਂ ਤੇ ਪਰਖ ਚੁੱਕੇ ਹਾਂ । ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਇਸ ਲਈ ਉਸ ਦਾ ਉਤਸ਼ਾਹ ਹੁਣ ਹੋਰ ਵੱਧ ਗਿਆ ਹੈ । ਹੁਣ ਜਿੱਥੋਂ ਤੱਕ ਤੀਤੁਸ ਦਾ ਪ੍ਰਸ਼ਨ ਹੈ ਉਹ ਮੇਰੀ ਤੁਹਾਡੇ ਵਿੱਚ ਕੀਤੀ ਗਈ ਸੇਵਾ ਦਾ ਸਾਥੀ ਅਤੇ ਸੇਵਕ ਹੈ ਅਤੇ ਜਿੱਥੋਂ ਤੱਕ ਬਾਕੀ ਭਰਾਵਾਂ ਦਾ ਪ੍ਰਸ਼ਨ ਹੈ, ਉਹ ਕਲੀਸਿਯਾਵਾਂ ਦੇ ਪ੍ਰਤਿਨਿਧੀ ਹਨ ਅਤੇ ਮਸੀਹ ਦੀ ਮਹਿਮਾ ਕਰਦੇ ਹਨ । ਇਸ ਲਈ ਤੁਸੀਂ ਉਹਨਾਂ ਨੂੰ ਆਪਣੇ ਪਿਆਰ ਦਾ ਸਬੂਤ ਦਿਓ ਅਤੇ ਜੋ ਉਹਨਾਂ ਉੱਤੇ ਮਾਣ ਹੈ ਉਸ ਨੂੰ ਕਲੀਸਿਯਾਵਾਂ ਦੇ ਸਾਹਮਣੇ ਪ੍ਰਗਟ ਕਰੋ । ਮੈਨੂੰ ਇਹ ਲਿਖਣ ਦੀ ਲੋੜ ਨਹੀਂ ਕਿ ਮੈਂ ਤੁਹਾਨੂੰ ਪਰਮੇਸ਼ਰ ਦੇ ਲੋਕਾਂ ਦੀ ਮਦਦ ਕਰਨ ਬਾਰੇ ਲਿਖਾਂ । ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਦੇ ਲਈ ਤਿਆਰ ਹੋ । ਇਸ ਦੇ ਬਾਰੇ ਮੈਂ ਬੜੇ ਮਾਣ ਨਾਲ ਮਕਦੂਨਿਯਾ ਨਿਵਾਸੀ ਲੋਕਾਂ ਨੂੰ ਦੱਸਿਆ ਕਿ ਅਖਾਯਾ ਨਿਵਾਸੀ ਪਿਛਲੇ ਸਾਲ ਤੋਂ ਹੀ ਇਸ ਸੇਵਾ ਲਈ ਤਿਆਰ ਹਨ । ਤੁਹਾਡੇ ਉਤਸ਼ਾਹ ਨੂੰ ਦੇਖ ਕੇ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਨਾ ਮਿਲੀ ਹੈ । ਪਰ ਹੁਣ ਭਰਾਵਾਂ ਨੂੰ ਭੇਜਣ ਦਾ ਮੇਰਾ ਇਹ ਹੀ ਉਦੇਸ਼ ਹੈ ਕਿ ਸਾਡਾ ਤੁਹਾਡੇ ਬਾਰੇ ਕੀਤਾ ਗਿਆ ਮਾਣ ਗ਼ਲਤ ਨਾ ਸਿੱਧ ਹੋਵੇ । ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਹੇ ਅਨੁਸਾਰ ਇਹ ਸੇਵਾ ਕਰਨ ਦੇ ਲਈ ਤਿਆਰ ਰਹੋ । ਅਜਿਹਾ ਨਾ ਹੋਵੇ ਕਿ ਕੁਝ ਮਕਦੂਨਿਯਾ ਨਿਵਾਸੀ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਦੇਖਣ । ਤਦ ਨਾ ਕੇਵਲ ਸਾਨੂੰ ਸਗੋਂ ਤੁਹਾਨੂੰ ਵੀ ਸਾਡੇ ਕੀਤੇ ਗਏ ਭਰੋਸੇ ਦੇ ਕਾਰਨ ਸ਼ਰਮਿੰਦਾ ਹੋਣਾ ਪਵੇ । ਇਸ ਲਈ ਮੈਂ ਇਹ ਜ਼ਰੂਰੀ ਸਮਝਿਆ ਕਿ ਭਰਾਵਾਂ ਅੱਗੇ ਬੇਨਤੀ ਕਰਾਂ ਕਿ ਉਹ ਮੇਰੇ ਤੋਂ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਦਾਨ ਨੂੰ ਜਿਸ ਦਾ ਤੁਸੀਂ ਵਾਅਦਾ ਕੀਤਾ ਸੀ ਤਿਆਰ ਕਰਨ । ਜਦੋਂ ਮੈਂ ਆਵਾਂ ਤਦ ਇਹ ਦਾਨ ਤਿਆਰ ਹੋਵੇ ਅਤੇ ਇਹ ਮਜਬੂਰੀ ਨਾਲ ਨਾ ਦਿੱਤਾ ਹੋਵੇ । ਇਹ ਯਾਦ ਰੱਖੋ, ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ; ਜਿਹੜਾ ਬਹੁਤ ਬੀਜਦਾ ਹੈ ਉਹ ਬਹੁਤ ਵੱਢੇਗਾ । ਹਰ ਕੋਈ ਆਪਣੇ ਦਿਲ ਵਿੱਚ ਕੀਤੇ ਫ਼ੈਸਲੇ ਅਨੁਸਾਰ ਦੇਵੇ; ਇਹ ਕਿਸੇ ਝਿਜਕ ਜਾਂ ਦਬਾਅ ਨਾਲ ਨਾ ਹੋਵੇ ਕਿਉਂਕਿ ਪਰਮੇਸ਼ਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦੇ ਹਨ । ਪਰਮੇਸ਼ਰ ਤੁਹਾਨੂੰ ਲੋੜ ਤੋਂ ਜ਼ਿਆਦਾ ਦੇਣ ਦੀ ਸਮਰੱਥਾ ਰੱਖਦੇ ਹਨ ਤਾਂ ਜੋ ਤੁਹਾਡੇ ਕੋਲ ਨਾ ਕੇਵਲ ਤੁਹਾਡੀਆਂ ਸਭ ਲੋੜਾਂ ਨੂੰ ਪੂਰਾ ਕਰਨ ਦੇ ਲਈ ਹੋਵੇ ਸਗੋਂ ਹਰ ਭਲੇ ਕੰਮ ਦੇ ਦੇਣ ਲਈ ਵਾਧੂ ਹੋਵੇ । ਪਵਿੱਤਰ-ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੈ: “ਉਹਨਾਂ ਨੇ ਖੁੱਲ੍ਹ-ਦਿਲੀ ਨਾਲ ਗਰੀਬਾਂ ਨੂੰ ਦਿੱਤਾ, ਉਹਨਾਂ ਦੀ ਮਿਹਰ ਅਨੰਤਕਾਲ ਤੱਕ ਰਹੇਗੀ ।” ਉਹ ਜੋ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਦੇ ਲਈ ਰੋਟੀ ਦਿੰਦੇ ਹਨ; ਉਹ ਤੁਹਾਨੂੰ ਬੀਜਣ ਦੇ ਲਈ ਬੀਜ ਦੇਣਗੇ ਅਤੇ ਉਸ ਨੂੰ ਵਧਾਉਣਗੇ । ਇਸ ਤਰ੍ਹਾਂ ਤੁਹਾਡੀ ਨੇਕੀ ਦੀ ਫ਼ਸਲ ਵਿੱਚ ਵਾਧਾ ਹੋਵੇਗਾ । ਉਹ ਤੁਹਾਨੂੰ ਲੋੜ ਤੋਂ ਜ਼ਿਆਦਾ ਅਸੀਸ ਦੇਣਗੇ ਤਾਂ ਜੋ ਤੁਸੀਂ ਹਰ ਸਮੇਂ ਖੁੱਲ੍ਹ-ਦਿਲੀ ਵਾਲਾ ਵਰਤਾਅ ਕਰ ਸਕੋ ਅਤੇ ਇਸ ਤਰ੍ਹਾਂ ਸਾਡੇ ਦੁਆਰਾ ਪਰਮੇਸ਼ਰ ਦਾ ਧੰਨਵਾਦ ਹੋਵੇਗਾ । ਕਿਉਂਕਿ ਤੁਹਾਡੀ ਇਸ ਸੇਵਾ ਦੇ ਰਾਹੀਂ ਕੇਵਲ ਪਰਮੇਸ਼ਰ ਦੇ ਲੋਕਾਂ ਦੀਆਂ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਸਗੋਂ ਪਰਮੇਸ਼ਰ ਦਾ ਧੰਨਵਾਦ ਬਹੁਤਾਤ ਨਾਲ ਹੁੰਦਾ ਹੈ । ਇਹ ਸੇਵਾ ਜੋ ਤੁਹਾਡੇ ਵਿਸ਼ਵਾਸ ਦਾ ਸਬੂਤ ਹੈ, ਇਸ ਨੂੰ ਦੇਖ ਕੇ ਬਹੁਤ ਸਾਰੇ ਪਰਮੇਸ਼ਰ ਦੀ ਵਡਿਆਈ ਕਰਨਗੇ; ਕਿਉਂਕਿ ਤੁਸੀਂ ਨਾ ਕੇਵਲ ਮਸੀਹ ਦੇ ਸ਼ੁਭ ਸਮਾਚਾਰ ਨੂੰ ਮੰਨਦੇ ਹੋ ਸਗੋਂ ਤੁਸੀਂ ਖੁੱਲ੍ਹ-ਦਿਲੀ ਨਾਲ ਉਹਨਾਂ ਦੇ ਲਈ ਅਤੇ ਦੂਜੇ ਸਭ ਲੋਕਾਂ ਦੇ ਲਈ ਦਾਨ ਵੀ ਦਿੰਦੇ ਹੋ । ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਮਹਾਨ ਕਿਰਪਾ ਨੂੰ ਦੇਖ ਕੇ, ਤੁਹਾਡੇ ਲਈ ਉਹਨਾਂ ਦੇ ਦਿਲਾਂ ਵਿੱਚ ਪਿਆਰ ਪੈਦਾ ਹੋ ਜਾਵੇਗਾ, ਇਸ ਲਈ ਉਹ ਤੁਹਾਡੇ ਲਈ ਪ੍ਰਾਰਥਨਾ ਕਰਨਗੇ । ਪਰਮੇਸ਼ਰ ਦਾ ਧੰਨਵਾਦ ਹੋਵੇ, ਜਿਹਨਾਂ ਦੇ ਦਾਨ ਦਾ ਬਿਆਨ ਸ਼ਬਦਾਂ ਵਿੱਚ ਨਹੀਂ ਹੋ ਸਕਦਾ! ਮੈਂ ਪੌਲੂਸ, ਜੋ ਤੁਹਾਡੇ ਅਨੁਸਾਰ ਤੁਹਾਡੇ ਸਾਹਮਣੇ ਤਾਂ ਨਿਮਰ ਹੁੰਦਾ ਹਾਂ ਪਰ ਤੁਹਾਡੇ ਤੋਂ ਅਲੱਗ ਹੋ ਕੇ ਦਲੇਰ ਹੁੰਦਾ ਹਾਂ, ਮੈਂ ਮਸੀਹ ਦੀ ਕਿਰਪਾ ਅਤੇ ਨਿਮਰਤਾ ਦਾ ਵਾਸਤਾ ਪਾ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਮਜ਼ਬੂਰ ਨਾ ਕਰਨਾ ਕਿ ਮੈਨੂੰ ਉਹ ਦਲੇਰੀ ਦਿਖਾਉਣੀ ਪਵੇ ਜਿਸ ਉੱਤੇ ਮੈਨੂੰ ਭਰੋਸਾ ਹੈ ਕਿ ਮੈਂ ਉਹਨਾਂ ਦੇ ਨਾਲ ਦਲੇਰੀ ਨਾਲ ਵਰਤਾਅ ਕਰ ਸਕਦਾ ਹਾਂ ਜੋ ਸਾਨੂੰ ਸੰਸਾਰਕ ਸਮਝਦੇ ਹਨ । ਇਹ ਠੀਕ ਹੈ ਕਿ ਅਸੀਂ ਸੰਸਾਰ ਵਿੱਚ ਰਹਿ ਰਹੇ ਹਾਂ ਪਰ ਸਾਡਾ ਯੁੱਧ ਸੰਸਾਰਕ ਨਹੀਂ ਹੈ । ਸਾਡੇ ਲੜਨ ਵਾਲੇ ਹਥਿਆਰ ਸੰਸਾਰਕ ਨਹੀਂ ਹਨ ਸਗੋਂ ਉਹ ਪਰਮੇਸ਼ਰ ਦੇ ਸ਼ਕਤੀਸ਼ਾਲੀ ਹਥਿਆਰ ਹਨ, ਜਿਹਨਾਂ ਦੀ ਮਦਦ ਨਾਲ ਅਸੀਂ ਝੂਠੇ ਵਿਵਾਦਾਂ ਅਤੇ ਕਿਲ੍ਹਿਆਂ ਦਾ ਨਾਸ਼ ਕਰਦੇ ਹਾਂ । ਅਸੀਂ ਪਰਮੇਸ਼ਰ ਦੇ ਗਿਆਨ ਦਾ ਵਿਰੋਧ ਕਰਨ ਵਾਲੀ ਹਰ ਰੁਕਾਵਟ ਨੂੰ ਦੂਰ ਕਰਦੇ ਹਾਂ ਅਤੇ ਇਸ ਤਰ੍ਹਾਂ ਅਸੀਂ ਹਰ ਵਿਚਾਰ ਨੂੰ ਕੈਦੀ ਬਣਾ ਕੇ ਉਸ ਨੂੰ ਮਸੀਹ ਦੇ ਆਗਿਆਕਾਰੀ ਬਣਾਉਂਦੇ ਹਾਂ । ਜੇਕਰ ਤੁਸੀਂ ਆਪ ਪੂਰੀ ਤਰ੍ਹਾਂ ਆਗਿਆਕਾਰੀ ਬਣੋ ਤਾਂ ਅਸੀਂ ਹਰ ਆਗਿਆ ਨਾ ਮੰਨਣ ਵਾਲੇ ਨੂੰ ਸਜ਼ਾ ਦੇਣ ਦੇ ਲਈ ਤਿਆਰ ਰਹਾਂਗੇ । ਜੋ ਤੁਹਾਡੇ ਸਾਹਮਣੇ ਹੈ, ਤੁਸੀਂ ਉਸ ਉੱਤੇ ਧਿਆਨ ਕਰਦੇ ਹੋ । ਜੇਕਰ ਕੋਈ ਮਨੁੱਖ ਇਹ ਸੋਚਦਾ ਹੈ ਕਿ ਉਹ ਮਸੀਹ ਦਾ ਹੈ ਤਾਂ ਉਸ ਨੂੰ ਇਸ ਗੱਲ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਉਸੇ ਤਰ੍ਹਾਂ ਅਸੀਂ ਵੀ ਮਸੀਹ ਦੇ ਹਾਂ । ਜੇਕਰ ਮੈਂ ਆਪਣੇ ਅਧਿਕਾਰ ਦੇ ਬਾਰੇ ਕੁਝ ਜ਼ਿਆਦਾ ਹੀ ਮਾਣ ਕਰਾਂ ਜੋ ਸਾਨੂੰ ਪ੍ਰਭੂ ਨੇ ਤੁਹਾਡੀ ਆਤਮਿਕ ਉਸਾਰੀ ਲਈ ਦਿੱਤਾ ਹੈ ਨਾ ਕਿ ਤੁਹਾਡੇ ਨਾਸ਼ ਦੇ ਲਈ, ਮੈਨੂੰ ਇਸ ਤੋਂ ਕੋਈ ਸ਼ਰਮ ਨਹੀਂ ਹੈ । ਤੁਸੀਂ ਇਹ ਨਾ ਸੋਚੋ ਕਿ ਮੈਂ ਤੁਹਾਨੂੰ ਆਪਣੇ ਪੱਤਰਾਂ ਦੇ ਰਾਹੀਂ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਕੁਝ ਲੋਕ ਕਹਿੰਦੇ ਹਨ, “ਪੌਲੂਸ ਦੇ ਪੱਤਰ ਤਾਂ ਬਹੁਤ ਭਾਰੇ ਅਤੇ ਸ਼ਕਤੀਸ਼ਾਲੀ ਹਨ ਪਰ ਉਹ ਆਪ ਦੇਖਣ ਵਿੱਚ ਕੁਝ ਵੀ ਨਹੀਂ ਅਤੇ ਉਸ ਦੀਆਂ ਗੱਲਾਂ ਵਿਅਰਥ ਹਨ!” ਅਜਿਹੇ ਲੋਕ ਇਹ ਵੀ ਯਾਦ ਰੱਖਣ ਕਿ ਜੋ ਕੁਝ ਅਸੀਂ ਤੁਹਾਡੀ ਗ਼ੈਰਹਾਜ਼ਰੀ ਵਿੱਚ ਲਿਖਦੇ ਹਾਂ, ਉਹ ਹੀ ਅਸੀਂ ਤੁਹਾਡੀ ਹਾਜ਼ਰੀ ਵਿੱਚ ਕਰਦੇ ਹਾਂ । ਅਸੀਂ ਆਪਣੀ ਤੁਲਨਾ ਅਜਿਹੇ ਲੋਕਾਂ ਦੇ ਨਾਲ ਕਰਨ ਦਾ ਹੌਸਲਾ ਨਹੀਂ ਰੱਖਦੇ ਜੋ ਆਪਣੇ ਆਪ ਨੂੰ ਬਹੁਤ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ । ਕਿਉਂਕਿ ਜੋ ਲੋਕ ਆਪਣੀ ਜਾਂਚ ਆਪਣੇ ਹੀ ਨਾਲ ਕਰਦੇ ਹਨ ਅਤੇ ਆਪਣੀ ਤੁਲਨਾ ਆਪਣੇ ਹੀ ਨਾਲ ਕਰਦੇ ਹਨ, ਉਹ ਵੱਡੇ ਮੂਰਖ ਹਨ । ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਮਾਣ ਨਹੀਂ ਕਰਾਂਗੇ । ਇਹ ਮਾਣ ਉਹਨਾਂ ਹੱਦਾਂ ਤੱਕ ਰੱਖਾਂਗੇ ਜੋ ਪਰਮੇਸ਼ਰ ਨੇ ਆਪ ਸਾਡੇ ਲਈ ਠਹਿਰਾਈਆਂ ਹਨ ਜਿਹਨਾਂ ਦੇ ਵਿੱਚ ਤੁਸੀਂ ਵੀ ਆ ਜਾਂਦੇ ਹੋ । ਇਸ ਤਰ੍ਹਾਂ ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਨਹੀਂ ਜਾ ਰਹੇ ਕਿਉਂਕਿ ਅਸੀਂ ਹੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਸੀਹ ਦਾ ਸ਼ੁਭ ਸਮਾਚਾਰ ਲੈ ਕੇ ਆਏ ਸੀ । ਇਸ ਲਈ ਅਸੀਂ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਦੂਜਿਆਂ ਦੇ ਕੀਤੇ ਕੰਮ ਉੱਤੇ ਮਾਣ ਨਹੀਂ ਕਰਨਾ ਚਾਹੁੰਦੇ । ਪਰ ਸਾਨੂੰ ਉਮੀਦ ਹੈ ਕਿ ਸਾਡੀਆਂ ਆਪਣੀਆਂ ਹੱਦਾਂ ਵਿੱਚ ਹੀ ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਵਧੇਗਾ, ਉਸੇ ਤਰ੍ਹਾਂ ਸਾਡੀ ਸੇਵਾ ਦਾ ਵਾਧਾ ਤੁਹਾਡੇ ਵਿੱਚ ਹੋਵੇਗਾ । ਫਿਰ ਅਸੀਂ ਤੁਹਾਡੇ ਤੋਂ ਇਲਾਵਾ ਦੂਜੇ ਇਲਾਕਿਆਂ ਵਿੱਚ ਵੀ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂਗੇ ਪਰ ਦੂਜਿਆਂ ਦੀਆਂ ਹੱਦਾਂ ਵਿੱਚ ਕੀਤੇ ਕੰਮ ਉੱਤੇ ਮਾਣ ਨਹੀਂ ਕਰਾਂਗੇ । ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੇਕਰ ਕੋਈ ਮਾਣ ਕਰਨਾ ਚਾਹੁੰਦਾ ਹੈ ਤਾਂ ਉਹ ਪ੍ਰਭੂ ਉੱਤੇ ਕਰੇ ।” ਕਿਉਂਕਿ ਆਪਣੀ ਵਡਿਆਈ ਆਪ ਕਰਨ ਵਾਲਾ ਪ੍ਰਭੂ ਦੇ ਸਾਹਮਣੇ ਸਵੀਕਾਰ ਨਹੀਂ ਹੁੰਦਾ ਸਗੋਂ ਉਹ ਸਵੀਕਾਰ ਹੁੰਦਾ ਹੈ ਜਿਸ ਦੀ ਵਡਿਆਈ ਪ੍ਰਭੂ ਆਪ ਕਰਦੇ ਹਨ । ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲਵੋ ਜਿਵੇਂ ਤੁਸੀਂ ਇਸ ਸਮੇਂ ਸਹਿ ਵੀ ਰਹੇ ਹੋ । ਮੈਂ ਤੁਹਾਡੇ ਲਈ ਪਰਮੇਸ਼ਰ ਵਾਂਗ ਈਰਖਾ ਕਰਦਾ ਹਾਂ । ਮੈਂ ਤੁਹਾਨੂੰ ਇੱਕ ਪਵਿੱਤਰ ਕੁਆਰੀ ਦੀ ਤਰ੍ਹਾਂ ਤੁਹਾਡੇ ਇੱਕ ਹੀ ਪਤੀ ਭਾਵ ਮਸੀਹ ਨੂੰ ਸੌਂਪਣ ਦਾ ਵਾਅਦਾ ਕੀਤਾ ਸੀ । ਪਰ ਮੈਨੂੰ ਡਰ ਹੈ ਕਿ ਜਿਸ ਤਰ੍ਹਾਂ ਸੱਪ ਨੇ ਆਪਣੀ ਚਤੁਰਾਈ ਨਾਲ ਹੱਵਾਹ ਨੂੰ ਧੋਖਾ ਦਿੱਤਾ, ਉਸੇ ਤਰ੍ਹਾਂ ਤੁਹਾਡੇ ਵਿਚਾਰ ਵੀ ਭਰਸ਼ਟ ਨਾ ਹੋ ਜਾਣ ਅਤੇ ਤੁਸੀਂ ਵੀ ਮਸੀਹ ਲਈ ਸੱਚੀ ਅਤੇ ਸੁੱਚੀ ਸ਼ਰਧਾ ਨਾ ਗੁਆ ਲਵੋ । ਜੇਕਰ ਕੋਈ ਤੁਹਾਡੇ ਕੋਲ ਆਏ ਅਤੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰੇ ਜਿਸ ਦਾ ਪ੍ਰਚਾਰ ਅਸੀਂ ਨਹੀਂ ਕੀਤਾ ਸੀ; ਜਾਂ ਜੇਕਰ ਤੁਸੀਂ ਉਸ ਆਤਮਾ ਤੋਂ ਇਲਾਵਾ ਕੋਈ ਦੂਜਾ ਆਤਮਾ ਪ੍ਰਾਪਤ ਕਰੋ ਜੋ ਤੁਸੀਂ ਪਹਿਲਾਂ ਨਹੀਂ ਪ੍ਰਾਪਤ ਕੀਤਾ ਸੀ; ਜਾਂ ਤੁਸੀਂ ਕੋਈ ਹੋਰ ਸ਼ੁਭ ਸਮਾਚਾਰ ਸਵੀਕਾਰ ਕਰੋ ਜੋ ਤੁਸੀਂ ਪਹਿਲਾਂ ਸਵੀਕਾਰ ਨਹੀਂ ਕੀਤਾ ਸੀ ਤਾਂ ਤੁਸੀਂ ਉਸ ਨੂੰ ਅਸਾਨੀ ਨਾਲ ਸਵੀਕਾਰ ਕਰਦੇ ਹੋ । ਮੈਂ ਸੋਚਦਾ ਹਾਂ ਕਿ ਮੈਂ ਤੁਹਾਡੇ ਉੱਤਮ ਮੰਨੇ ਜਾਣ ਵਾਲੇ ਰਸੂਲਾਂ ਨਾਲੋਂ ਘੱਟ ਨਹੀਂ ਹਾਂ । ਭਾਵੇਂ ਮੈਂ ਬੋਲਣ ਵਿੱਚ ਚੰਗਾ ਨਾ ਹੋਵਾਂ ਪਰ ਗਿਆਨ ਵਿੱਚ ਕਿਸੇ ਨਾਲੋਂ ਘੱਟ ਨਹੀਂ । ਇਹ ਗੱਲ ਅਸੀਂ ਤੁਹਾਡੇ ਸਾਹਮਣੇ ਹਰ ਤਰ੍ਹਾਂ ਨਾਲ ਪ੍ਰਗਟ ਕੀਤੀ ਹੈ । ਮੈਂ ਤੁਹਾਡੇ ਤੋਂ ਪੈਸਾ ਲਏ ਬਿਨਾਂ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ; ਮੈਂ ਤੁਹਾਨੂੰ ਉੱਚਾ ਚੁੱਕਣ ਦੇ ਲਈ ਆਪਣੇ ਆਪ ਨੂੰ ਨੀਵਾਂ ਕੀਤਾ । ਕੀ ਮੈਂ ਪਾਪ ਕੀਤਾ ਹੈ? ਤੁਹਾਡੀ ਸੇਵਾ ਕਰਨ ਲਈ ਮੈਂ ਦੂਜੀਆਂ ਕਲੀਸਿਯਾਵਾਂ ਉੱਤੇ ਆਪਣੇ ਖਰਚੇ ਲਈ ਭਾਰ ਬਣਿਆ । ਜਦੋਂ ਮੈਂ ਤੁਹਾਡੇ ਕੋਲ ਸੀ ਅਤੇ ਉਸ ਸਮੇਂ ਮੈਨੂੰ ਕੁਝ ਲੋੜ ਪਈ ਫਿਰ ਵੀ ਮੈਂ ਤੁਹਾਡੇ ਉੱਤੇ ਭਾਰ ਨਾ ਬਣਿਆ ਸਗੋਂ ਮੇਰੀਆਂ ਸਾਰੀਆਂ ਲੋੜਾਂ ਮਕਦੂਨਿਯਾ ਤੋਂ ਆਏ ਹੋਏ ਭਰਾਵਾਂ ਨੇ ਪੂਰੀਆਂ ਕੀਤੀਆਂ । ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਭਾਰ ਨਹੀਂ ਬਣਿਆ ਅਤੇ ਨਾ ਹੀ ਕਦੀ ਬਣਾਂਗਾ । ਕਿਉਂਕਿ ਮਸੀਹ ਦਾ ਸੱਚ ਮੇਰੇ ਵਿੱਚ ਹੈ ਇਸ ਲਈ ਪੂਰੇ ਅਖਾਯਾ ਵਿੱਚ ਕੋਈ ਵੀ ਮੈਨੂੰ ਇਸ ਉੱਤੇ ਮਾਣ ਕਰਨ ਤੋਂ ਨਹੀਂ ਰੋਕ ਸਕੇਗਾ । ਕਿਸ ਲਈ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ਰ ਜਾਣਦੇ ਹਨ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ । ਪਰ ਜੋ ਮੈਂ ਕਰਦਾ ਹਾਂ ਉਹ ਕਰਦਾ ਰਹਾਂਗਾ ਤਾਂ ਜੋ ਉਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਸਾਡੇ ਬਰਾਬਰ ਕਰਨਾ ਚਾਹੁੰਦੇ ਹਨ ਅਤੇ ਇਸ ਉੱਤੇ ਮਾਣ ਕਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਕਰਨ ਦਾ ਮੌਕਾ ਨਾ ਮਿਲੇ । ਇਹੋ ਜਿਹੇ ਲੋਕ ਝੂਠੇ ਰਸੂਲ ਹਨ । ਉਹ ਧੋਖੇਬਾਜ਼ ਹਨ ਕਿਉਂਕਿ ਉਹ ਦਿਖਾਵੇ ਦੇ ਲਈ ਆਪਣੇ ਆਪ ਨੂੰ ਮਸੀਹ ਦੇ ਰਸੂਲ ਦੱਸਦੇ ਹਨ । ਪਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਸਵਰਗਦੂਤ ਵਰਗਾ ਭੇਸ ਬਦਲ ਲੈਂਦਾ ਹੈ । ਫਿਰ ਇਹ ਕੋਈ ਵੱਡੀ ਗੱਲ ਨਹੀਂ ਹੈ ਕਿ ਉਸ ਦੇ ਸੇਵਕ ਨੇਕੀ ਦੇ ਸੇਵਕ ਹੋਣ ਦਾ ਢੌਂਗ ਰਚਦੇ ਹਨ । ਅੰਤ ਵਿੱਚ ਉਹ ਆਪਣੇ ਕੀਤੇ ਕੰਮਾਂ ਦਾ ਫਲ ਪਾਓਣਗੇ । ਮੈਂ ਫਿਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ । ਪਰ ਜੇਕਰ ਤੁਸੀਂ ਸਮਝਦੇ ਹੋ ਤਾਂ ਮੈਨੂੰ ਮੂਰਖ ਸਮਝ ਕੇ ਹੀ ਸਵੀਕਾਰ ਕਰੋ ਅਤੇ ਮੈਨੂੰ ਕੁਝ ਮਾਣ ਕਰਨ ਦਿਓ । ਜੋ ਕੁਝ ਵੀ ਮੈਂ ਇੰਨੇ ਮਾਣ ਨਾਲ ਕਹਿ ਰਿਹਾ ਹਾਂ ਇਹ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ ਹੈ, ਇਹ ਤਾਂ ਮੂਰਖਤਾ ਹੈ । ਜਦ ਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ ਤਾਂ ਫਿਰ ਮੈਂ ਵੀ ਕਿਉਂ ਨਾ ਕਰਾਂ? ਤੁਸੀਂ ਬਹੁਤ ਸਮਝਦਾਰ ਹੋ ਇਸੇ ਲਈ ਤੁਸੀਂ ਮੂਰਖਾਂ ਨੂੰ ਖ਼ੁਸ਼ੀ ਨਾਲ ਸਹਿ ਲੈਂਦੇ ਹੋ, ਜਦੋਂ ਤੁਹਾਡੇ ਉੱਤੇ ਕੋਈ ਹੁਕਮ ਚਲਾਉਂਦਾ ਹੈ, ਤੁਹਾਡੇ ਤੋਂ ਆਪਣਾ ਮਤਲਬ ਕੱਢਦਾ ਹੈ, ਤੁਹਾਨੂੰ ਧੋਖਾ ਦਿੰਦਾ ਹੈ, ਆਪਣੇ ਆਪ ਨੂੰ ਉੱਚਾ ਕਰਦਾ ਹੈ ਅਤੇ ਤੁਹਾਡੇ ਮੂੰਹ ਉੱਤੇ ਚਪੇੜ ਮਾਰਦਾ ਹੈ ਤੁਸੀਂ ਉਸ ਨੂੰ ਸਹਿ ਲੈਂਦੇ ਹੋ । ਪਰ ਮੈਂ ਸ਼ਰਮਿੰਦਾ ਹੋ ਕੇ ਮੰਨਦਾ ਹਾਂ ਕਿ ਅਸੀਂ ਇਸ ਮਾਮਲੇ ਵਿੱਚ ਕਮਜ਼ੋਰ ਸੀ । ਪਰ ਜੇਕਰ ਕੋਈ ਕਿਸੇ ਹੋਰ ਚੀਜ਼ ਉੱਤੇ ਮਾਣ ਕਰਨ ਦੀ ਹਿੰਮਤ ਕਰਦਾ ਹੈ (ਮੈਂ ਇੱਕ ਮੂਰਖ ਦੀ ਤਰ੍ਹਾਂ ਬੋਲ ਰਿਹਾ ਹਾਂ) ਤਾਂ ਮੈਂ ਵੀ ਹਿੰਮਤ ਕਰ ਸਕਦਾ ਹਾਂ । ਕੀ ਉਹ ਹੀ ਇਬਰਾਨੀ ਹਨ? ਤਾਂ ਮੈਂ ਵੀ ਹਾਂ । ਕੀ ਉਹ ਹੀ ਇਸਰਾਏਲੀ ਹਨ? ਤਾਂ ਮੈਂ ਵੀ ਹਾਂ । ਕੀ ਉਹ ਹੀ ਅਬਰਾਹਾਮ ਦੀ ਸੰਤਾਨ ਹਨ? ਤਾਂ ਮੈਂ ਵੀ ਹਾਂ । ਕੀ ਉਹ ਹੀ ਮਸੀਹ ਦੇ ਸੇਵਕ ਹਨ? ਮੈਂ ਉਹਨਾਂ ਤੋਂ ਵੀ ਵੱਧ ਕੇ ਹਾਂ (ਇਹ ਸਭ ਮੈਂ ਪਾਗਲਾਂ ਦੀ ਤਰ੍ਹਾਂ ਕਹਿ ਰਿਹਾ ਹਾਂ) । ਪਰ ਮੈਂ ਉਹਨਾਂ ਤੋਂ ਜ਼ਿਆਦਾ ਮਿਹਨਤ ਕੀਤੀ, ਬਹੁਤ ਵਾਰ ਕੈਦ ਵਿੱਚ ਰਿਹਾ, ਬਹੁਤ ਵਾਰ ਕੋਰੜਿਆਂ ਦੀ ਮਾਰ ਖਾਧੀ, ਅਤੇ ਕਈ ਵਾਰ ਮੌਤ ਦੇ ਮੂੰਹ ਤੱਕ ਵੀ ਪਹੁੰਚਿਆ । ਮੈਂ ਪੰਜ ਵਾਰ ਯਹੂਦੀਆਂ ਕੋਲੋਂ ਇੱਕ ਘੱਟ ਚਾਲੀ-ਚਾਲੀ ਕੋਰੜੇ ਖਾਧੇ । ਤਿੰਨ ਵਾਰ ਬੈਂਤਾਂ ਨਾਲ ਮਾਰ ਖਾਧੀ, ਇੱਕ ਵਾਰੀ ਪਥਰਾਓ ਕੀਤਾ ਗਿਆ, ਤਿੰਨ ਵਾਰੀ ਸਮੁੰਦਰੀ ਜਹਾਜ਼ ਦੀ ਤਬਾਹੀ ਵਿੱਚ ਫਸਿਆ । ਇੱਥੋਂ ਤੱਕ ਕਿ ਇੱਕ ਵਾਰ ਮੈਂ ਇੱਕ ਦਿਨ ਅਤੇ ਇੱਕ ਰਾਤ ਖੁੱਲ੍ਹੇ ਸਮੁੰਦਰ ਵਿੱਚ ਬਿਤਾਈ । ਮੈਨੂੰ ਅਣਗਿਣਤ ਸਫ਼ਰ ਕਰਨੇ ਪਏ, ਜਿਹਨਾਂ ਵਿੱਚ ਮੈਨੂੰ ਦਰਿਆਵਾਂ ਦੇ ਖ਼ਤਰੇ, ਡਾਕੂਆਂ ਦੇ ਖ਼ਤਰੇ, ਆਪਣੇ ਲੋਕਾਂ ਦੇ ਖ਼ਤਰੇ, ਪਰਾਈਆਂ ਕੌਮਾਂ ਦੇ ਖ਼ਤਰੇ, ਸ਼ਹਿਰਾਂ ਦੇ ਖ਼ਤਰੇ, ਉਜਾੜ ਦੇ ਖ਼ਤਰੇ, ਸਮੁੰਦਰੀ ਖ਼ਤਰੇ ਅਤੇ ਝੂਠੇ ਭਰਾਵਾਂ ਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ । ਮੈਂ ਮਿਹਨਤ ਕੀਤੀ, ਕਸ਼ਟ ਝੱਲੇ, ਕਈ ਵਾਰ ਬਿਨਾਂ ਨੀਂਦ ਦੇ ਰਿਹਾ, ਭੁੱਖਾ ਅਤੇ ਪਿਆਸਾ ਰਿਹਾ, ਕਈ ਵਾਰ ਬਿਨਾਂ ਭੋਜਨ ਦੇ ਰਿਹਾ, ਠੰਡ ਵਿੱਚ ਰਿਹਾ ਅਤੇ ਮੈਨੂੰ ਘੱਟ ਕੱਪੜਿਆਂ ਦੇ ਰਹਿਣਾ ਪਿਆ । ਇਸ ਸਭ ਤੋਂ ਇਲਾਵਾ ਹਰ ਰੋਜ਼ ਮੇਰੇ ਉੱਤੇ ਕਲੀਸਿਯਾਵਾਂ ਦੀ ਚਿੰਤਾ ਦਾ ਭਾਰ ਰਹਿੰਦਾ ਹੈ । ਜੇਕਰ ਕੋਈ ਕਮਜ਼ੋਰ ਹੋਇਆ ਤਾਂ ਕੀ ਮੈਂ ਉਸ ਦੀ ਕਮਜ਼ੋਰੀ ਮਹਿਸੂਸ ਨਹੀਂ ਕੀਤੀ? ਕੀ ਮੈਂ ਕਿਸੇ ਦੇ ਪਾਪ ਵਿੱਚ ਪੈ ਜਾਣ ਕਰਕੇ ਦੁਖੀ ਨਹੀਂ ਹੁੰਦਾ? ਜੇਕਰ ਮੇਰੇ ਲਈ ਮਾਣ ਕਰਨਾ ਜ਼ਰੂਰੀ ਹੈ ਤਾਂ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਕਰਾਂਗਾ । ਪ੍ਰਭੂ ਯਿਸੂ ਦੇ ਪਰਮੇਸ਼ਰ ਅਤੇ ਪਿਤਾ ਜਾਣਦੇ ਹਨ ਕਿ ਮੈਂ ਸੱਚ ਕਹਿ ਰਿਹਾ ਹਾਂ । ਉਹਨਾਂ ਦੀ ਵਡਿਆਈ ਅਨੰਤਕਾਲ ਤੱਕ ਹੋਵੇ! ਜਦੋਂ ਮੈਂ ਦਮਿਸ਼ਕ ਵਿੱਚ ਸੀ, ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਗਰਿਫ਼ਤਾਰ ਕਰਨ ਦੇ ਲਈ ਸਾਰੇ ਸ਼ਹਿਰ ਉੱਤੇ ਪਹਿਰਾ ਲਾ ਦਿੱਤਾ । ਪਰ ਮੈਨੂੰ ਇੱਕ ਟੋਕਰੇ ਦੇ ਵਿੱਚ ਬਿਠਾ ਕੇ ਕੰਧ ਦੀ ਖਿੜਕੀ ਦੇ ਰਾਹੀਂ ਬਾਹਰ ਉਤਾਰ ਦਿੱਤਾ ਗਿਆ । ਇਸ ਤਰ੍ਹਾਂ ਮੈਂ ਰਾਜਪਾਲ ਦੇ ਹੱਥਾਂ ਵਿੱਚੋਂ ਬਚ ਨਿਕਲਿਆ । ਭਾਵੇਂ ਇਸ ਦਾ ਕੋਈ ਲਾਭ ਨਹੀਂ ਹੈ ਪਰ ਮੈਂ ਤਾਂ ਫਿਰ ਵੀ ਮਾਣ ਕਰਾਂਗਾ ਅਤੇ ਮੈਂ ਪ੍ਰਭੂ ਦੁਆਰਾ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਬਾਰੇ ਦੱਸਾਂਗਾ । ਮੈਂ ਮਸੀਹ ਵਿੱਚ ਇੱਕ ਆਦਮੀ ਨੂੰ ਜਾਣਦਾ ਹਾਂ ਜੋ ਚੌਦਾਂ ਸਾਲ ਪਹਿਲਾਂ ਤੀਜੇ ਅਸਮਾਨ ਤੱਕ ਚੁੱਕ ਲਿਆ ਗਿਆ ਸੀ । (ਸਰੀਰ ਸਮੇਤ ਜਾਂ ਬਿਨਾਂ ਸਰੀਰ ਦੇ, ਮੈਂ ਨਹੀਂ ਜਾਣਦਾ ਪਰ ਪਰਮੇਸ਼ਰ ਜਾਣਦੇ ਹਨ ।) ਮੈਂ ਇਹ ਜਾਣਦਾ ਹਾਂ ਕਿ ਉਹ ਆਦਮੀ ਸਵਰਗ ਵਿੱਚ ਚੁੱਕ ਲਿਆ ਗਿਆ ਸੀ (ਸਰੀਰ ਸਮੇਤ ਜਾਂ ਬਿਨਾਂ ਸਰੀਰ ਦੇ, ਮੈਂ ਨਹੀਂ ਜਾਣਦਾ ਪਰ ਪਰਮੇਸ਼ਰ ਜਾਣਦੇ ਹਨ) । ਉਹ ਸਵਰਗ ਵਿੱਚ ਚੁੱਕ ਲਿਆ ਗਿਆ ਜਿੱਥੇ ਉਸ ਨੇ ਉਹ ਗੱਲਾਂ ਸੁਣੀਆਂ ਜਿਹਨਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹੜੀਆਂ ਗੱਲਾਂ ਨੂੰ ਦੱਸਣ ਦੀ ਮਨੁੱਖ ਨੂੰ ਆਗਿਆ ਨਹੀਂ ਹੈ । ਮੈਂ ਅਜਿਹੇ ਮਨੁੱਖ ਉੱਤੇ ਮਾਣ ਕਰਾਂਗਾ ਪਰ ਆਪਣੇ ਉੱਤੇ ਨਹੀਂ ਸਗੋਂ ਆਪਣੀਆਂ ਕਮਜ਼ੋਰੀਆਂ ਉੱਤੇ । ਪਰ ਜੇਕਰ ਮੈਂ ਆਪਣੇ ਉੱਤੇ ਮਾਣ ਕਰਨਾ ਵੀ ਚਾਹਾਂ ਤਾਂ ਮੈਂ ਮੂਰਖ ਨਹੀਂ ਹਾਂ ਕਿਉਂਕਿ ਮੈਂ ਸੱਚ ਬੋਲਦਾ ਹਾਂ । ਪਰ ਮੈਂ ਫਿਰ ਵੀ ਚੁੱਪ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਲੋਕ ਜੋ ਕੁਝ ਮੇਰੇ ਕੋਲੋਂ ਸੁਣਦੇ ਜਾਂ ਦੇਖਦੇ ਹਨ ਮੈਨੂੰ ਉਸ ਤੋਂ ਜ਼ਿਆਦਾ ਸਮਝਣ । ਇਸ ਲਈ ਕਿ ਉਹਨਾਂ ਮਹਾਨ ਪ੍ਰਕਾਸ਼ਨਾਂ ਦੇ ਕਾਰਨ ਮੈਂ ਫੁੱਲ ਨਾ ਜਾਵਾਂ ਜੋ ਪਰਮੇਸ਼ਰ ਨੇ ਮੇਰੇ ਉੱਤੇ ਪ੍ਰਗਟ ਕੀਤੇ ਹਨ, ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਹੈ ਜੋ ਸ਼ੈਤਾਨ ਦਾ ਦੂਤ ਹੈ, ਉਹ ਮੈਨੂੰ ਸਤਾਉਂਦਾ ਹੈ ਕਿ ਮੈਂ ਫੁੱਲ ਨਾ ਜਾਵਾਂ । ਤਿੰਨ ਵਾਰ ਮੈਂ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਇਸ ਨੂੰ ਮੇਰੇ ਤੋਂ ਦੂਰ ਕਰਨ । ਪਰ ਉਹਨਾਂ ਨੇ ਮੈਨੂੰ ਉੱਤਰ ਦਿੱਤਾ, “ਮੇਰੀ ਕਿਰਪਾ ਤੇਰੇ ਲਈ ਬਹੁਤ ਹੈ ਕਿਉਂਕਿ ਮੇਰੀ ਸਮਰੱਥਾ ਕਮਜ਼ੋਰੀ ਵਿੱਚ ਹੀ ਪੂਰਨ ਹੁੰਦੀ ਹੈ ।” ਇਸ ਲਈ ਮੈਂ ਆਪਣੀ ਕਮਜ਼ੋਰੀ ਉੱਤੇ ਖ਼ੁਸ਼ੀ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਦਾ ਵਾਸ ਮੇਰੇ ਵਿੱਚ ਹੋਵੇ । ਇਸੇ ਲਈ ਮੈਂ ਖ਼ੁਸ਼ੀ ਨਾਲ ਸਭ ਤਰ੍ਹਾਂ ਦੀਆਂ ਕਮਜ਼ੋਰੀਆਂ, ਬੁਰੇ ਵਰਤਾਅ, ਮੁਸ਼ਕਲਾਂ, ਅੱਤਿਆਚਾਰ ਅਤੇ ਦੁੱਖਾਂ ਨੂੰ ਮਸੀਹ ਦੀ ਖ਼ਾਤਰ ਸਹਿ ਲੈਂਦਾ ਹਾਂ । ਕਿਉਂਕਿ ਜਦੋਂ ਮੈਂ ਕਮਜ਼ੋਰ ਹੁੰਦਾ ਹਾਂ, ਉਦੋਂ ਹੀ ਮੈਂ ਤਕੜਾ ਹੁੰਦਾ ਹਾਂ । ਮੈਂ ਮੂਰਖ ਬਣ ਗਿਆ ਹਾਂ ਪਰ ਤੁਸੀਂ ਹੀ ਮੈਨੂੰ ਅਜਿਹਾ ਬਣਨ ਲਈ ਮਜ਼ਬੂਰ ਕੀਤਾ ਹੈ । ਤੁਹਾਡਾ ਕਰਤੱਵ ਸੀ ਕਿ ਤੁਸੀਂ ਮੇਰੀ ਸ਼ਲਾਘਾ ਕਰਦੇ ਕਿਉਂਕਿ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਪਰ ਫਿਰ ਵੀ ਮੈਂ ਉਹਨਾਂ ਉੱਤਮ ਰਸੂਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਾਂ । ਉਹ ਚਿੰਨ੍ਹ, ਚਮਤਕਾਰ ਅਤੇ ਅਦਭੁੱਤ ਕੰਮ ਜੋ ਮੈਂ ਤੁਹਾਡੇ ਵਿਚਕਾਰ ਧੀਰਜ ਨਾਲ ਕੀਤੇ ਉਹ ਮੇਰੇ ਰਸੂਲ ਹੋਣ ਦੇ ਅਧਿਕਾਰ ਨੂੰ ਸਿੱਧ ਕਰਦੇ ਹਨ । ਤੁਹਾਨੂੰ ਕਿਹੜੀ ਗੱਲ ਵਿੱਚ ਦੂਜੀਆਂ ਕਲੀਸਿਯਾਵਾਂ ਨਾਲੋਂ ਘੱਟ ਸਮਝਿਆ ਗਿਆ, ਸਿਵਾਏ ਇਸ ਦੇ ਕਿ ਮੈਂ ਤੁਹਾਡੇ ਉੱਤੇ ਉਹਨਾਂ ਦੀ ਤਰ੍ਹਾਂ ਕੋਈ ਭਾਰ ਨਹੀਂ ਪਾਇਆ? ਇਸ ਗ਼ਲਤੀ ਦੇ ਲਈ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦਾ ਹਾਂ । ਮੈਂ ਤੁਹਾਡੇ ਕੋਲ ਤੀਜੀ ਵਾਰ ਆਉਣ ਦੇ ਲਈ ਤਿਆਰ ਹਾਂ ਅਤੇ ਇਸ ਵਾਰ ਵੀ ਮੈਂ ਤੁਹਾਡੇ ਉੱਤੇ ਭਾਰ ਨਹੀਂ ਪਾਵਾਂਗਾ । ਮੈਂ ਤੁਹਾਡੇ ਧਨ-ਮਾਲ ਦਾ ਨਹੀਂ ਸਗੋਂ ਤੁਹਾਡਾ ਚਾਹਵਾਨ ਹਾਂ ਕਿਉਂਕਿ ਬੱਚੇ ਆਪਣੇ ਮਾਤਾ-ਪਿਤਾ ਦੇ ਲਈ ਨਹੀਂ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਦੇ ਲਈ ਧਨ ਇਕੱਠਾ ਕਰਦੇ ਹਨ । ਮੈਂ ਤੁਹਾਡੇ ਲਈ ਆਪਣਾ ਸਭ ਕੁਝ ਦੇ ਦੇਵਾਂਗਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਵੀ ਦੇ ਦੇਵਾਂਗਾ । ਜੇਕਰ ਮੈਂ ਤੁਹਾਨੂੰ ਜ਼ਿਆਦਾ ਪਿਆਰ ਕਰਾਂ ਤਾਂ ਕੀ ਤੁਸੀਂ ਮੈਨੂੰ ਘੱਟ ਪਿਆਰ ਕਰੋਗੇ? ਹੋ ਸਕਦਾ ਹੈ ਕਿ ਤੁਸੀਂ ਕਹੋ ਕਿ ਮੈਂ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਭਾਰ ਨਹੀਂ ਬਣਿਆ । ਪਰ ਤੁਹਾਡੇ ਵਿੱਚੋਂ ਕੁਝ ਕਹਿਣਗੇ ਕਿ ਮੈਂ ਤੁਹਾਨੂੰ ਆਪਣੀ ਚਲਾਕੀ ਨਾਲ ਠੱਗਿਆ ਹੈ । ਕੀ ਮੈਂ ਤੁਹਾਡੇ ਕੋਲ ਆਪਣੇ ਕਿਸੇ ਭੇਜੇ ਹੋਏ ਆਦਮੀ ਦੁਆਰਾ ਤੁਹਾਡਾ ਫ਼ਾਇਦਾ ਚੁੱਕਿਆ ਹੈ? ਮੈਂ ਤੀਤੁਸ ਨੂੰ ਬੇਨਤੀ ਕਰ ਕੇ ਤੁਹਾਡੇ ਕੋਲ ਭੇਜਿਆ ਅਤੇ ਉਸ ਦੇ ਨਾਲ ਇੱਕ ਹੋਰ ਭਰਾ ਨੂੰ ਵੀ ਭੇਜਿਆ । ਕੀ ਤੀਤੁਸ ਨੇ ਤੁਹਾਡਾ ਕੋਈ ਫ਼ਾਇਦਾ ਚੁੱਕਿਆ ਹੈ? ਕੀ ਅਸੀਂ ਇੱਕ ਹੀ ਆਤਮਾ ਦੀ ਪ੍ਰੇਰਨਾ ਨਾਲ ਕੰਮ ਨਹੀਂ ਕੀਤਾ ਅਤੇ ਕੀ ਸਾਡਾ ਇੱਕ ਹੀ ਰਾਹ ਨਹੀਂ ਸੀ? ਹੋ ਸਕਦਾ ਹੈ ਕਿ ਤੁਸੀਂ ਸੋਚੋ ਕਿ ਅਜੇ ਤੱਕ ਅਸੀਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਹੀ ਪੇਸ਼ ਕਰ ਰਹੇ ਹਾਂ ਪਰ ਨਹੀਂ, ਅਸੀਂ ਤਾਂ ਮਸੀਹ ਵਿੱਚ ਪਰਮੇਸ਼ਰ ਦੇ ਸਾਹਮਣੇ ਇਹ ਸਭ ਕਹਿ ਰਹੇ ਹਾਂ । ਪਿਆਰੇ ਵਿਸ਼ਵਾਸੀਓ, ਇਹ ਸਭ ਤੁਹਾਡੀ ਆਤਮਿਕ ਉਸਾਰੀ ਦੇ ਲਈ ਹੀ ਹੈ । ਮੈਨੂੰ ਡਰ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੇਖਣਾ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਦੇਖਾਂ ਅਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਦੇਖਣਾ ਚਾਹੁੰਦੇ ਹੋ, ਨਾ ਦੇਖੋ । ਮੈਨੂੰ ਇਹ ਵੀ ਡਰ ਹੈ ਕਿ ਕਿਤੇ ਉੱਥੇ ਤੁਹਾਡੇ ਵਿੱਚ ਝਗੜੇ, ਈਰਖਾ, ਗੁੱਸਾ, ਸੁਆਰਥ, ਨਿੰਦਾ, ਚੁਗਲੀਆਂ, ਹੰਕਾਰ ਅਤੇ ਗੜਬੜ ਨਾ ਹੋਵੇ । ਮੈਨੂੰ ਡਰ ਹੈ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੇਰੇ ਪਰਮੇਸ਼ਰ ਮੈਨੂੰ ਤੁਹਾਡੇ ਸਾਹਮਣੇ ਨੀਵਾਂ ਨਾ ਕਰਨ ਅਤੇ ਮੈਨੂੰ ਉਹਨਾਂ ਸਾਰਿਆਂ ਦੇ ਲਈ ਰੋਣਾ ਨਾ ਪਵੇ ਜਿਹਨਾਂ ਨੇ ਪਹਿਲਾਂ ਪਾਪ ਕੀਤੇ ਹਨ ਅਤੇ ਆਪਣੀ ਅਸ਼ੁੱਧਤਾ, ਵਿਭਚਾਰ ਅਤੇ ਕਾਮਵਾਸ਼ਨਾਵਾਂ ਦੇ ਲਈ ਪਛਤਾਵਾ ਨਹੀਂ ਕੀਤਾ । ਹੁਣ ਮੈਂ ਤੁਹਾਡੇ ਕੋਲ ਤੀਜੀ ਵਾਰ ਆ ਰਿਹਾ ਹਾਂ । ਪਵਿੱਤਰ-ਗ੍ਰੰਥ ਕਹਿੰਦਾ ਹੈ, “ਹਰ ਇਲਜ਼ਾਮ ਦੋ ਜਾਂ ਤਿੰਨ ਗਵਾਹਾਂ ਦੇ ਦੁਆਰਾ ਸੱਚਾ ਸਿੱਧ ਹੋਵੇਗਾ ।” ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਆਇਆ ਸੀ, ਉਸ ਸਮੇਂ ਵੀ ਮੈਂ ਸਭ ਨੂੰ ਚਿਤਾਵਨੀ ਦਿੱਤੀ ਸੀ, ਖ਼ਾਸ ਕਰ ਕੇ ਉਹਨਾਂ ਨੂੰ ਜਿਹਨਾਂ ਨੇ ਪਹਿਲਾਂ ਪਾਪ ਕੀਤਾ ਸੀ ਅਤੇ ਹੁਣ ਮੈਂ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਹੀ ਚਿਤਾਵਨੀ ਦੇ ਰਿਹਾ ਹਾਂ ਕਿ ਜੇਕਰ ਮੈਂ ਫਿਰ ਆਇਆ ਤਾਂ ਕਿਸੇ ਉੱਤੇ ਵੀ ਤਰਸ ਨਹੀਂ ਕਰਾਂਗਾ ਕਿਉਂਕਿ ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਦੁਆਰਾ ਬੋਲਦੇ ਹਨ । ਉਹ ਤੁਹਾਡੇ ਪ੍ਰਤੀ ਕਮਜ਼ੋਰ ਨਹੀਂ ਸਗੋਂ ਉਹਨਾਂ ਦੀ ਸਮਰੱਥਾ ਤੁਹਾਡੇ ਵਿੱਚ ਕੰਮ ਕਰਦੀ ਹੈ । ਇਹ ਸੱਚ ਹੈ ਕਿ ਜਿਸ ਸਮੇਂ ਪ੍ਰਭੂ ਯਿਸੂ ਨੂੰ ਸਲੀਬ ਉੱਤੇ ਚੜ੍ਹਾਇਆ ਗਿਆ ਤਾਂ ਉਹ ਕਮਜ਼ੋਰ ਸਨ, ਪਰ ਫਿਰ ਵੀ ਪਰਮੇਸ਼ਰ ਦੀ ਸਮਰੱਥਾ ਨਾਲ ਜਿਊਂਦੇ ਹਨ । ਅਸੀਂ ਵੀ ਪ੍ਰਭੂ ਯਿਸੂ ਵਿੱਚ ਕਮਜ਼ੋਰ ਹਾਂ ਪਰ ਪਰਮੇਸ਼ਰ ਦੀ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਹਨਾਂ ਦੇ ਨਾਲ ਜੀਵਾਂਗੇ । ਆਪਣੇ ਆਪ ਨੂੰ ਪਰਖੋ ਕਿ ਤੁਹਾਡਾ ਵਿਸ਼ਵਾਸ ਪੱਕਾ ਹੈ ਜਾਂ ਨਹੀਂ । ਆਪਣੀ ਪਰੀਖਿਆ ਆਪ ਹੀ ਲਵੋ । ਕੀ ਤੁਸੀਂ ਨਹੀਂ ਜਾਣਦੇ ਕਿ ਮਸੀਹ ਤੁਹਾਡੇ ਵਿੱਚ ਹਨ? ਜੇਕਰ ਨਹੀਂ ਤਾਂ ਸਮਝੋ ਕਿ ਤੁਸੀਂ ਅਸਫਲ ਰਹੇ ਹੋ । ਮੈਨੂੰ ਉਮੀਦ ਹੈ ਕਿ ਤੁਸੀਂ ਜਾਣ ਜਾਵੋਗੇ ਅਸੀਂ ਅਸਫਲ ਨਹੀਂ ਰਹੇ । ਸਾਡੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਤੁਸੀਂ ਕੋਈ ਬੁਰਾਈ ਨਾ ਕਰੋ ਇਸ ਲਈ ਨਹੀਂ ਕਿ ਅਸੀਂ ਸਫਲ ਹੋਈਏ ਪਰ ਤੁਸੀਂ ਭਲਾਈ ਕਰੋ ਭਾਵੇਂ ਅਸੀਂ ਅਸਫਲ ਹੀ ਹੋਈਏ । ਕਿਉਂਕਿ ਅਸੀਂ ਸੱਚ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ ਪਰ ਸੱਚ ਦੇ ਲਈ ਹੀ ਕਰ ਸਕਦੇ ਹਾਂ । ਸਾਨੂੰ ਖ਼ੁਸ਼ੀ ਹੈ ਕਿ ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ ਤਾਂ ਤੁਸੀਂ ਤਕੜੇ ਹੁੰਦੇ ਹੋ । ਸਾਡੀ ਇਹ ਪ੍ਰਾਰਥਨਾ ਹੈ ਕਿ ਤੁਸੀਂ ਸੰਪੂਰਨ ਬਣੋ । ਹੁਣ ਮੈਂ ਤੁਹਾਡੇ ਕੋਲ ਨਹੀਂ ਹਾਂ ਅਤੇ ਮੇਰੇ ਲਿਖਣ ਦਾ ਕਾਰਨ ਇਹ ਹੈ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਦ ਮੈਨੂੰ ਤੁਹਾਡੇ ਨਾਲ ਆਪਣੇ ਅਧਿਕਾਰ ਦੀ ਵਰਤੋਂ ਸਖ਼ਤੀ ਨਾਲ ਨਾ ਕਰਨੀ ਪਵੇ ਕਿਉਂਕਿ ਪ੍ਰਭੂ ਨੇ ਇਹ ਅਧਿਕਾਰ ਮੈਨੂੰ ਤੁਹਾਡੀ ਆਤਮਿਕ ਉਸਾਰੀ ਦੇ ਲਈ ਦਿੱਤਾ ਹੈ ਨਾ ਕਿ ਨਾਸ਼ ਦੇ ਲਈ । ਹੁਣ ਅੰਤ ਵਿੱਚ ਮੇਰੇ ਮਿੱਤਰੋ, ਖ਼ੁਸ਼ ਰਹੋ! ਸੰਪੂਰਨ ਬਣਨ ਦੀ ਕੋਸ਼ਿਸ਼ ਕਰੋ, ਇੱਕ ਦੂਜੇ ਨੂੰ ਹੌਸਲਾ ਦੇਵੋ, ਇੱਕ ਮਨ ਹੋ ਕੇ ਰਹੋ, ਸ਼ਾਂਤੀ ਨਾਲ ਰਹੋ ਅਤੇ ਪਰਮੇਸ਼ਰ ਦਾ ਪਿਆਰ ਅਤੇ ਸ਼ਾਂਤੀ ਤੁਹਾਡੇ ਨਾਲ ਹੋਣ! ਇੱਕ ਦੂਜੇ ਨਾਲ ਭਰਾਵਾਂ ਵਾਲਾ ਪਿਆਰ ਕਰੋ । ਪਰਮੇਸ਼ਰ ਦੇ ਸਭ ਲੋਕ ਤੁਹਾਨੂੰ ਨਮਸਕਾਰ ਕਹਿੰਦੇ ਹਨ । ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤ, ਤੁਹਾਡੇ ਸਾਰਿਆਂ ਦੇ ਨਾਲ ਰਹੇ! ਪੌਲੂਸ ਜੋ ਨਾ ਆਦਮੀਆਂ ਦੇ ਰਾਹੀਂ ਅਤੇ ਨਾ ਹੀ ਮਨੁੱਖਾਂ ਦੇ ਵੱਲੋਂ ਪਰਮੇਸ਼ਰ ਦਾ ਰਸੂਲ ਠਹਿਰਾਇਆ ਗਿਆ ਸਗੋਂ ਯਿਸੂ ਮਸੀਹ ਅਤੇ ਪਿਤਾ ਪਰਮੇਸ਼ਰ ਦੇ ਰਾਹੀਂ ਜਿਹਨਾਂ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਉਹਨਾਂ ਸਾਰੇ ਵਿਸ਼ਵਾਸੀਆਂ ਦੇ ਵੱਲੋਂ ਜੋ ਮੇਰੇ ਨਾਲ ਹਨ, ਗਲਾਤੀਆ ਦੀ ਕਲੀਸਿਯਾਵਾਂ ਨੂੰ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਮਸੀਹ ਨੇ ਸਾਨੂੰ ਇਸ ਵਰਤਮਾਨ ਦੁਸ਼ਟ ਯੁੱਗ ਤੋਂ ਛੁਟਕਾਰਾ ਦੇਣ ਦੇ ਲਈ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਅਨੁਸਾਰ ਆਪਣੇ ਆਪ ਨੂੰ ਸਾਡੇ ਪਾਪਾਂ ਦੀ ਖ਼ਾਤਰ ਦੇ ਦਿੱਤਾ । ਪਰਮੇਸ਼ਰ ਦੀ ਮਹਿਮਾ ਅਨੰਤਕਾਲ ਤੱਕ ਹੋਵੇ । ਆਮੀਨ! ਮੈਂ ਹੈਰਾਨ ਹਾਂ ਕਿ ਤੁਸੀਂ ਇੰਨੀ ਜਲਦੀ ਪਰਮੇਸ਼ਰ ਵੱਲੋਂ ਜਿਹਨਾਂ ਨੇ ਤੁਹਾਨੂੰ ਮਸੀਹ ਦੀ ਕਿਰਪਾ ਦੁਆਰਾ ਸੱਦਿਆ ਹੈ, ਮੂੰਹ ਮੋੜ ਕੇ ਕਿਸੇ ਦੂਜੇ ਹੀ ਸ਼ੁਭ ਸਮਾਚਾਰ ਵੱਲ ਜਾ ਰਹੇ ਹੋ । ਅਸਲ ਵਿੱਚ ਕੋਈ “ਦੂਜਾ ਸ਼ੁਭ ਸਮਾਚਾਰ” ਹੈ ਹੀ ਨਹੀਂ । ਕੁਝ ਲੋਕ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਉਹ ਮਸੀਹ ਦੇ ਸ਼ੁਭ ਸਮਾਚਾਰ ਨੂੰ ਬਦਲਨਾ ਚਾਹੁੰਦੇ ਹਨ । ਪਰ ਜੇਕਰ ਸਾਡੇ ਵਿੱਚੋਂ ਜਾਂ ਸਵਰਗ ਤੋਂ ਕੋਈ ਸਵਰਗਦੂਤ ਵੀ ਆ ਕੇ ਉਸ ਸ਼ੁਭ ਸਮਾਚਾਰ ਤੋਂ ਵੱਖਰਾ, ਜੋ ਅਸੀਂ ਤੁਹਾਨੂੰ ਸੁਣਾਇਆ ਸੀ, ਕੋਈ ਦੂਜਾ ਸ਼ੁਭ ਸਮਾਚਾਰ ਸੁਣਾਵੇ ਤਾਂ ਉਸ ਨੂੰ ਸਰਾਪ ਲੱਗੇ । ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਕਿਹਾ ਹੈ, ਉਸੇ ਤਰ੍ਹਾਂ ਮੈਂ ਫਿਰ ਕਹਿੰਦਾ ਹਾਂ ਕਿ ਜੇਕਰ ਕੋਈ ਉਸ ਸ਼ੁਭ ਸਮਾਚਾਰ ਤੋਂ ਜੋ ਤੁਸੀਂ ਸਵੀਕਾਰ ਕੀਤਾ ਹੈ, ਕੋਈ ਵੱਖਰਾ ਸ਼ੁਭ ਸਮਾਚਾਰ ਤੁਹਾਨੂੰ ਸੁਣਾਵੇ, ਤਾਂ ਉਸ ਨੂੰ ਸਰਾਪ ਲੱਗੇ । ਕੀ ਮੈਂ ਮਨੁੱਖਾਂ ਦੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਕੀ ਮੈਂ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇਕਰ ਮੈਂ ਅਜੇ ਵੀ ਮਨੁੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਫਿਰ ਮੈਂ ਮਸੀਹ ਦਾ ਦਾਸ ਨਾ ਹੁੰਦਾ । ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਸ਼ੁਭ ਸਮਾਚਾਰ ਮੈਂ ਤੁਹਾਨੂੰ ਸੁਣਾਇਆ ਸੀ, ਇਹ ਮੈਨੂੰ ਮਨੁੱਖਾਂ ਵੱਲੋਂ ਨਹੀਂ ਮਿਲਿਆ । ਮੈਂ ਇਹ ਕਿਸੇ ਮਨੁੱਖ ਤੋਂ ਨਹੀਂ ਪ੍ਰਾਪਤ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਇਆ ਸੀ । ਇਹ ਯਿਸੂ ਮਸੀਹ ਨੇ ਮੇਰੇ ਉੱਤੇ ਪ੍ਰਗਟ ਕੀਤਾ ਸੀ । ਤੁਸੀਂ ਮੇਰੇ ਉਸ ਜੀਵਨ ਬਾਰੇ ਸੁਣ ਚੁੱਕੇ ਹੋ, ਜਦੋਂ ਮੈਂ ਯਹੂਦੀ ਮਤ ਦਾ ਮੰਨਣ ਵਾਲਾ ਸੀ । ਤੁਸੀਂ ਜਾਣਦੇ ਹੀ ਹੋ ਕਿ ਕਿਸ ਤਰ੍ਹਾਂ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਬੇਰਹਿਮੀ ਨਾਲ ਸਤਾਉਂਦਾ ਸੀ ਅਤੇ ਉਸ ਨੂੰ ਨਾਸ਼ ਕਰ ਰਿਹਾ ਸੀ । ਮੈਂ ਆਪਣੇ ਸਮੇਂ ਦੇ ਯਹੂਦੀ ਸਾਥੀਆਂ ਨਾਲੋਂ ਯਹੂਦੀ ਮਤ ਨੂੰ ਮੰਨਣ ਵਿੱਚ ਬਹੁਤ ਅੱਗੇ ਸੀ ਅਤੇ ਆਪਣੇ ਪੁਰਖਿਆਂ ਦੀਆਂ ਰਵਾਇਤਾਂ ਨੂੰ ਪੂਰਾ ਕਰਨ ਵਿੱਚ ਸਰਗਰਮ ਸੀ । ਪਰ ਪਰਮੇਸ਼ਰ ਨੇ ਮੈਨੂੰ ਮੇਰੇ ਜਨਮ ਲੈਣ ਤੋਂ ਪਹਿਲਾਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਸੇਵਾ ਦੇ ਲਈ ਚੁਣ ਲਿਆ । ਉਹਨਾਂ ਨੇ ਮੈਨੂੰ ਆਪਣੀ ਕਿਰਪਾ ਨਾਲ ਚੁਣਿਆ ਕਿ ਉਹ ਮੇਰੇ ਉੱਤੇ ਆਪਣੇ ਪੁੱਤਰ ਨੂੰ ਪ੍ਰਗਟ ਕਰਨ ਤਾਂ ਜੋ ਮੈਂ ਪਰਾਈਆਂ ਕੌਮਾਂ ਨੂੰ ਉਹਨਾਂ ਦਾ ਸ਼ੁਭ ਸਮਾਚਾਰ ਸੁਣਾਵਾਂ, ਇਸ ਦੇ ਲਈ ਮੈਂ ਕਿਸੇ ਮਨੁੱਖ ਤੋਂ ਸਲਾਹ ਨਹੀਂ ਲਈ । ਮੈਂ ਯਰੂਸ਼ਲਮ ਵਿੱਚ ਉਹਨਾਂ ਕੋਲ ਵੀ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਪ੍ਰਮੁੱਖ ਰਸੂਲ ਸਨ । ਇਸ ਦੇ ਬਾਅਦ ਮੈਂ ਤੁਰੰਤ ਅਰਬ ਗਿਆ ਅਤੇ ਉੱਥੋਂ ਫਿਰ ਮੈਂ ਦਮਿਸ਼ਕ ਨੂੰ ਮੁੜ ਆਇਆ । ਫਿਰ ਤਿੰਨ ਸਾਲਾਂ ਦੇ ਬਾਅਦ ਮੈਂ ਯਰੂਸ਼ਲਮ ਵਿੱਚ ਪਤਰਸ ਨੂੰ ਮਿਲਣ ਦੇ ਲਈ ਗਿਆ ਅਤੇ ਉਸ ਦੇ ਨਾਲ ਪੰਦਰਾਂ ਦਿਨ ਰਿਹਾ । ਪ੍ਰਭੂ ਦੇ ਭਰਾ ਯਾਕੂਬ ਦੇ ਸਿਵਾਏ ਮੈਂ ਉੱਥੇ ਕਿਸੇ ਹੋਰ ਪ੍ਰਮੁੱਖ ਰਸੂਲ ਨੂੰ ਨਾ ਮਿਲਿਆ । ਪਰਮੇਸ਼ਰ ਗਵਾਹ ਹਨ ਕਿ ਮੈਂ ਜੋ ਕੁਝ ਲਿਖਿਆ ਹੈ ਉਹ ਝੂਠ ਨਹੀਂ ਹੈ! ਇਸ ਦੇ ਬਆਦ ਮੈਂ ਸੀਰੀਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ । ਮੈਂ ਯਹੂਦਿਯਾ ਦੀਆਂ ਕਲੀਸਿਯਾਵਾਂ ਨੂੰ ਅਜੇ ਤੱਕ ਨਿੱਜੀ ਤੌਰ ਤੇ ਨਹੀਂ ਮਿਲਿਆ ਸੀ । ਉਹਨਾਂ ਨੇ ਕੇਵਲ ਇਹ ਹੀ ਸੁਣਿਆ ਸੀ, “ਉਹ ਆਦਮੀ ਜੋ ਇੱਕ ਸਮੇਂ ਸਾਡੇ ਉੱਤੇ ਅੱਤਿਆਚਾਰ ਕਰਦਾ ਸੀ, ਹੁਣ ਉਹ ਉਸ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਕਿਸੇ ਸਮੇਂ ਉਸ ਨੇ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ।” ਇਸ ਲਈ ਉਹਨਾਂ ਨੇ ਮੇਰੇ ਕਾਰਨ ਪਰਮੇਸ਼ਰ ਦੀ ਵਡਿਆਈ ਕੀਤੀ । ਚੌਦਾਂ ਸਾਲ ਦੇ ਬਾਅਦ ਮੈਂ ਬਰਨਾਬਾਸ ਦੇ ਨਾਲ ਫਿਰ ਯਰੂਸ਼ਲਮ ਨੂੰ ਗਿਆ ਅਤੇ ਮੈਂ ਆਪਣੇ ਨਾਲ ਤੀਤੁਸ ਨੂੰ ਵੀ ਲੈ ਕੇ ਗਿਆ । ਮੈਂ ਉੱਥੇ ਪਰਮੇਸ਼ਰ ਦੇ ਪ੍ਰਕਾਸ਼ਨ ਅਨੁਸਾਰ ਗਿਆ ਸੀ । ਉੱਥੇ ਮੈਂ ਇਕਾਂਤ ਵਿੱਚ ਆਗੂਆਂ ਨੂੰ ਮਿਲਿਆ ਅਤੇ ਉਹਨਾਂ ਨੂੰ ਉਸ ਸ਼ੁਭ ਸਮਾਚਾਰ ਬਾਰੇ ਦੱਸਿਆ ਜੋ ਮੈਂ ਪਰਾਈਆਂ ਕੌਮਾਂ ਨੂੰ ਸੁਣਾਉਂਦਾ ਹਾਂ । ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਜੋ ਮਿਹਨਤ ਮੈਂ ਪਹਿਲਾਂ ਕਰ ਚੁੱਕਾ ਹਾਂ ਜਾਂ ਹੁਣ ਕਰ ਰਿਹਾ ਹਾਂ, ਵਿਅਰਥ ਜਾਵੇ । ਪਰ ਉੱਥੇ ਮੇਰੇ ਸਾਥੀ ਤੀਤੁਸ ਨੂੰ ਜੋ ਇੱਕ ਯੂਨਾਨੀ ਸੀ, ਕਿਸੇ ਨੇ ਸੁੰਨਤ ਕਰਵਾਉਣ ਦੇ ਲਈ ਮਜਬੂਰ ਨਹੀਂ ਕੀਤਾ । ਇਹ ਮਸਲਾ ਇਸ ਲਈ ਉੱਠਿਆ ਕਿਉਂਕਿ ਕੁਝ ਝੂਠੇ ਵਿਸ਼ਵਾਸੀ ਜਾਸੂਸੀ ਕਰਨ ਦੇ ਲਈ ਸਾਡੇ ਵਿੱਚ ਆ ਮਿਲੇ ਸਨ ਜੋ ਸਾਡੀ ਉਸ ਆਜ਼ਾਦੀ ਦੀ ਸੂਹ ਵਿੱਚ ਰਹਿੰਦੇ ਸਨ ਜੋ ਸਾਨੂੰ ਮਸੀਹ ਵਿੱਚ ਮਿਲੀ ਹੈ ਅਤੇ ਉਹ ਸਾਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਸਨ । ਪਰ ਅਸੀਂ ਚਾਹੁੰਦੇ ਸੀ ਕਿ ਸ਼ੁਭ ਸਮਾਚਾਰ ਦਾ ਸੱਚ ਤੁਹਾਡੇ ਲਈ ਸੁਰੱਖਿਅਤ ਰਹੇ ਇਸ ਲਈ ਅਸੀਂ ਉਹਨਾਂ ਦੀ ਥੋੜ੍ਹੀ ਜਿਹੀ ਗ਼ੁਲਾਮੀ ਵੀ ਨਹੀਂ ਝੱਲੀ । ਉਹ ਜੋ ਆਗੂ ਸਮਝੇ ਜਾਂਦੇ ਹਨ, ਉਹ ਜੋ ਵੀ ਹਨ, ਇਸ ਨਾਲ ਮੈਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕਿਸੇ ਦਾ ਮੂੰਹ ਦੇਖ ਕੇ ਨਿਆਂ ਨਹੀਂ ਕਰਦੇ । ਇਹਨਾਂ ਆਗੂਆਂ ਨੇ ਮੈਨੂੰ ਕੋਈ ਨਵਾਂ ਸੁਝਾਅ ਨਾ ਦਿੱਤਾ । ਪਰ ਇਸ ਦੇ ਉਲਟ ਉਹਨਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਪਤਰਸ ਨੂੰ ਯਹੂਦੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਦਿੱਤਾ ਹੈ, ਉਸੇ ਤਰ੍ਹਾਂ ਉਹਨਾਂ ਨੇ ਮੈਨੂੰ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਨੂੰ ਸ਼ੁਭ ਸਮਾਚਾਰ ਸੁਣਾਉਣ ਦਾ ਕੰਮ ਦਿੱਤਾ ਹੈ । ਕਿਉਂਕਿ ਪਰਮੇਸ਼ਰ ਜਿਹਨਾਂ ਨੇ ਪਤਰਸ ਨੂੰ ਯਹੂਦੀਆਂ ਭਾਵ ਸੁੰਨਤੀਆਂ ਦੇ ਲਈ ਰਸੂਲ ਠਹਿਰਾਇਆ, ਉਹਨਾਂ ਨੇ ਹੀ ਮੈਨੂੰ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਦੇ ਲਈ ਰਸੂਲ ਠਹਿਰਾਇਆ ਹੈ । ਜਦੋਂ ਯਾਕੂਬ, ਪਤਰਸ ਅਤੇ ਯੂਹੰਨਾ ਨੂੰ ਜੋ ਆਗੂ ਸਮਝੇ ਜਾਂਦੇ ਹਨ ਪਤਾ ਲੱਗਾ ਕਿ ਮੈਨੂੰ ਪਰਮੇਸ਼ਰ ਕੋਲੋਂ ਇਹ ਕਿਰਪਾ ਦਾ ਦਾਨ ਮਿਲਿਆ ਹੈ ਤਾਂ ਉਹਨਾਂ ਨੇ ਬਰਨਾਬਾਸ ਅਤੇ ਮੈਨੂੰ ਸੇਵਾ ਦੇ ਭਾਗੀ ਸਮਝਦੇ ਹੋਏ ਸਾਡੇ ਨਾਲ ਸੱਜੇ ਹੱਥ ਮਿਲਾਏ ਕਿ ਅਸੀਂ ਪਰਾਈਆਂ ਕੌਮਾਂ ਭਾਵ ਅਸੁੰਨਤੀਆਂ ਕੋਲ ਜਾਈਏ ਅਤੇ ਉਹ ਸੁੰਨਤੀਆਂ ਭਾਵ ਯਹੂਦੀਆਂ ਕੋਲ ਜਾਣ । ਉਹਨਾਂ ਨੇ ਕੇਵਲ ਇੱਕ ਹੀ ਗੱਲ ਕਹੀ ਕਿ ਅਸੀਂ ਗ਼ਰੀਬਾਂ ਨੂੰ ਯਾਦ ਰੱਖੀਏ ਜੋ ਮੈਂ ਆਪ ਵੀ ਕਰਨ ਦਾ ਚਾਹਵਾਨ ਸੀ । ਪਰ ਜਦੋਂ ਪਤਰਸ ਅੰਤਾਕਿਯਾ ਵਿੱਚ ਆਇਆ ਤਾਂ ਮੈਂ ਉਸ ਦੇ ਮੂੰਹ ਤੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਹ ਬਿਲਕੁਲ ਗ਼ਲਤ ਸੀ । ਪਹਿਲਾਂ ਉਹ ਪਰਾਈਆਂ ਕੌਮਾਂ ਦੇ ਨਾਲ ਬੈਠ ਕੇ ਭੋਜਨ ਕਰਦਾ ਸੀ ਪਰ ਜਦੋਂ ਕੁਝ ਲੋਕ ਯਾਕੂਬ ਕੋਲੋਂ ਉੱਥੇ ਆਏ ਤਾਂ ਉਹ ਆਪਣੇ ਆਪ ਨੂੰ ਪਿੱਛੇ ਖਿੱਚਣ ਲੱਗਾ ਅਤੇ ਅਲੱਗ ਰਹਿਣ ਲੱਗਾ ਕਿਉਂਕਿ ਉਹ ਉਹਨਾਂ ਤੋਂ ਡਰਨ ਲੱਗਾ ਜੋ ਸੁੰਨਤ ਦੇ ਹੱਕ ਵਿੱਚ ਸਨ । ਬਾਕੀ ਯਹੂਦੀ ਵੀ ਪਤਰਸ ਦੇ ਨਾਲ ਇਸ ਪਖੰਡ ਵਿੱਚ ਮਿਲ ਗਏ ਇੱਥੋਂ ਤੱਕ ਕਿ ਬਰਨਾਬਾਸ ਵੀ ਉਹਨਾਂ ਦੇ ਇਸ ਪਖੰਡ ਵਿੱਚ ਫਸ ਕੇ ਭਟਕ ਗਿਆ । ਪਰ ਜਦੋਂ ਮੈਂ ਦੇਖਿਆ ਕਿ ਉਹਨਾਂ ਦਾ ਰਹਿਣ ਸਹਿਣ ਸ਼ੁਭ ਸਮਾਚਾਰ ਦੇ ਸੱਚ ਅਨੁਸਾਰ ਨਹੀਂ ਹੈ, ਤਾਂ ਮੈਂ ਪਤਰਸ ਨੂੰ ਉਹਨਾਂ ਸਾਰਿਆਂ ਦੇ ਸਾਹਮਣੇ ਕਿਹਾ, “ਜੇਕਰ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਤਰ੍ਹਾਂ ਰਹਿ ਰਿਹਾ ਹੈਂ ਅਤੇ ਯਹੂਦੀਆਂ ਦੀ ਤਰ੍ਹਾਂ ਨਹੀਂ ਤਾਂ ਤੂੰ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਤਰ੍ਹਾਂ ਰਹਿਣ ਲਈ ਕਿਉਂ ਮਜਬੂਰ ਕਰ ਰਿਹਾ ਹੈਂ?” ਅਸੀਂ ਜਨਮ ਤੋਂ ਯਹੂਦੀ ਹਾਂ, ਪਾਪੀ ਪਰਾਈਆਂ ਕੌਮਾਂ ਵਿੱਚੋਂ ਨਹੀਂ । ਕਿਉਂਕਿ ਅਸੀਂ ਜਾਣਦੇ ਹਾਂ ਕਿ ਮਨੁੱਖ ਦਾ ਪਰਮੇਸ਼ਰ ਨਾਲ ਨੇਕ ਸੰਬੰਧ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਹੁੰਦਾ ਹੈ । ਇਸੇ ਕਾਰਨ ਅਸੀਂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ ਹੈ ਕਿ ਵਿਵਸਥਾ ਦੇ ਕੰਮਾਂ ਦੁਆਰਾ ਨਹੀਂ ਸਗੋਂ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਸਾਡਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਹੋਵੇ । ਪਵਿੱਤਰ-ਗ੍ਰੰਥ ਦੇ ਅਨੁਸਾਰ, “ਕੋਈ ਵੀ ਮਨੁੱਖ ਪਰਮੇਸ਼ਰ ਦੇ ਸਾਹਮਣੇ ਵਿਵਸਥਾ ਦੇ ਕੰਮਾਂ ਦੁਆਰਾ ਨੇਕ ਨਹੀਂ ਠਹਿਰੇਗਾ ।” ਪਰ ਅਸੀਂ ਜੋ ਮਸੀਹ ਦੇ ਦੁਆਰਾ ਨੇਕ ਠਹਿਰਾਏ ਜਾਣਾ ਚਾਹੁੰਦੇ ਹਾਂ, ਜੇਕਰ ਅਸੀਂ ਵੀ ਪਾਪੀ ਨਿਕਲੀਏ ਤਾਂ ਕੀ ਇਸ ਦਾ ਅਰਥ ਇਹ ਹੈ ਕਿ ਮਸੀਹ ਪਾਪ ਦਾ ਕਾਰਨ ਹਨ? ਨਹੀਂ, ਕਦੀ ਵੀ ਨਹੀਂ! ਫਿਰ ਜੇਕਰ ਮੈਂ ਆਪ ਹੀ ਉਹਨਾਂ ਚੀਜ਼ਾਂ ਨੂੰ ਉਸਾਰਦਾ ਹਾਂ ਜਿਹਨਾਂ ਨੂੰ ਮੈਂ ਇੱਕ ਵਾਰੀ ਢਾਹ ਚੁੱਕਾ ਹਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਿੱਧ ਕਰਦਾ ਹਾਂ । ਕਿਉਂਕਿ ਮੈਂ ਵਿਵਸਥਾ ਦੇ ਰਾਹੀਂ ਵਿਵਸਥਾ ਦੇ ਲਈ ਮਰ ਚੁੱਕਾ ਹਾਂ ਤਾਂ ਜੋ ਮੈਂ ਪਰਮੇਸ਼ਰ ਦੇ ਲਈ ਜੀਵਾਂ । ਮੈਂ ਤਾਂ ਮਸੀਹ ਦੇ ਨਾਲ ਸਲੀਬ ਉੱਤੇ ਚੜ੍ਹਾਇਆ ਜਾ ਚੁੱਕਾ ਹਾਂ । ਹੁਣ ਮੈਂ ਨਹੀਂ ਜਿਊਂਦਾ ਸਗੋਂ ਮਸੀਹ ਮੇਰੇ ਵਿੱਚ ਜੀਅ ਰਹੇ ਹਨ । ਮੈਂ ਜੋ ਹੁਣ ਜੀਅ ਰਿਹਾ ਹਾਂ, ਇਹ ਕੇਵਲ ਉਸ ਵਿਸ਼ਵਾਸ ਦੇ ਰਾਹੀਂ ਜੀਅ ਰਿਹਾ ਹਾਂ ਜੋ ਪਰਮੇਸ਼ਰ ਦੇ ਪੁੱਤਰ ਵਿੱਚ ਹੈ, ਜਿਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ । ਮੈਂ ਪਰਮੇਸ਼ਰ ਦੀ ਕਿਰਪਾ ਨੂੰ ਰੱਦਦਾ ਨਹੀਂ ਕਿਉਂਕਿ ਜੇਕਰ ਮਨੁੱਖ ਦਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਵਿਵਸਥਾ ਦੁਆਰਾ ਠੀਕ ਹੋ ਸਕਦਾ ਤਾਂ ਫਿਰ ਮਸੀਹ ਦਾ ਮਰਨਾ ਵਿਅਰਥ ਸੀ । ਹੇ ਮੂਰਖ ਗਲਾਤੀਓ! ਤੁਹਾਨੂੰ ਕਿਸ ਨੇ ਭਰਮਾ ਲਿਆ ਹੈ? ਤੁਹਾਨੂੰ ਮਸੀਹ ਦੀ ਸਲੀਬੀ ਮੌਤ ਦੇ ਬਾਰੇ ਸਾਫ਼ ਸਾਫ਼ ਦੱਸਿਆ ਗਿਆ ਸੀ, ਜਿਵੇਂ ਕਿ ਇਹ ਸਭ ਕੁਝ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਹੈ । ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਨਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਪਵਿੱਤਰ ਆਤਮਾ ਨੂੰ ਵਿਵਸਥਾ ਦੇ ਕੰਮਾਂ ਦੇ ਦੁਆਰਾ ਜਾਂ ਸ਼ੁਭ ਸਮਾਚਾਰ ਨੂੰ ਸੁਣ ਕੇ ਅਤੇ ਵਿਸ਼ਵਾਸ ਕਰ ਕੇ ਪ੍ਰਾਪਤ ਕੀਤਾ ਹੈ? ਕੀ ਤੁਸੀਂ ਇੰਨੇ ਮੂਰਖ ਹੋ ਕਿ ਤੁਸੀਂ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਸ਼ੁਰੂ ਕਰ ਕੇ ਹੁਣ ਉਸ ਨੂੰ ਆਪਣੀ ਮਨੁੱਖੀ ਤਾਕਤ ਨਾਲ ਪੂਰਾ ਕਰਨਾ ਚਾਹੁੰਦੇ ਹੋ? ਕੀ ਤੁਸੀਂ ਸਾਰੇ ਦੁੱਖ ਵਿਅਰਥ ਝੱਲੇ? ਕੀ ਉਹ ਸੱਚਮੁੱਚ ਵਿਅਰਥ ਸਨ? ਕੀ ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਦਿੰਦੇ ਅਤੇ ਤੁਹਾਡੇ ਵਿੱਚ ਚਮਤਕਾਰ ਕਰਦੇ ਹਨ? ਕੀ ਇਹ ਸਭ ਵਿਵਸਥਾ ਨੂੰ ਪੂਰਾ ਕਰਨ ਨਾਲ ਹੋਇਆ ਹੈ ਜਾਂ ਸ਼ੁਭ ਸਮਾਚਾਰ ਨੂੰ ਸੁਣਨ ਅਤੇ ਉਸ ਵਿੱਚ ਵਿਸ਼ਵਾਸ ਕਰਨ ਨਾਲ? “ਅਬਰਾਹਾਮ ਨੇ ਪਰਮੇਸ਼ਰ ਦੇ ਵਿੱਚ ਵਿਸ਼ਵਾਸ ਕੀਤਾ ਇਸ ਲਈ ਉਹ ਨੇਕ ਠਹਿਰਾਇਆ ਗਿਆ ।” ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ ਕਿ ਅਬਰਾਹਾਮ ਦੀ ਅਸਲੀ ਸੰਤਾਨ ਉਹ ਹੀ ਹਨ ਜੋ ਵਿਸ਼ਵਾਸ ਕਰਦੇ ਹਨ । ਪਵਿੱਤਰ-ਗ੍ਰੰਥ ਨੇ ਪਹਿਲਾਂ ਹੀ ਦੇਖ ਲਿਆ ਸੀ ਕਿ ਪਰਮੇਸ਼ਰ ਪਰਾਈਆਂ ਕੌਮਾਂ ਨੂੰ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਾਉਣਗੇ । ਇਸ ਲਈ ਪਵਿੱਤਰ-ਗ੍ਰੰਥ ਨੇ ਅਬਰਾਹਾਮ ਨੂੰ ਪਹਿਲਾਂ ਹੀ ਇਹ ਸ਼ੁਭ ਸਮਾਚਾਰ ਦੇ ਦਿੱਤਾ ਕਿ, “ਤੇਰੇ ਦੁਆਰਾ ਸਾਰੀਆਂ ਕੌਮਾਂ ਅਸੀਸ ਪ੍ਰਾਪਤ ਕਰਨਗੀਆਂ ।” ਇਸ ਲਈ ਉਹ ਸਭ ਜੋ ਵਿਸ਼ਵਾਸ ਕਰਦੇ ਹਨ ਅਬਰਾਹਾਮ ਦੇ ਵਿਸ਼ਵਾਸ ਦੇ ਨਾਲ ਅਸੀਸ ਪ੍ਰਾਪਤ ਕਰਨਗੇ । ਉਹ ਸਭ ਜੋ ਵਿਵਸਥਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ ਸਰਾਪ ਦੇ ਹੇਠਾਂ ਹਨ । ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੋ ਕੋਈ ਵਿਵਸਥਾ ਦੀ ਪੁਸਤਕ ਵਿੱਚ ਲਿਖੀ ਹੋਈ ਹਰ ਗੱਲ ਨੂੰ ਹਮੇਸ਼ਾ ਪੂਰਾ ਨਹੀਂ ਕਰਦਾ ਉਹ ਸਰਾਪ ਹੇਠਾਂ ਹੈ!” ਇਸ ਤੋਂ ਇਹ ਸਾਫ਼ ਪ੍ਰਗਟ ਹੈ ਕਿ ਕੋਈ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਾਹਮਣੇ ਨੇਕ ਨਹੀਂ ਠਹਿਰਦਾ ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜੋ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰ ਚੁੱਕਾ ਹੈ, ਉਹ ਹੀ ਜਿਊਂਦਾ ਰਹੇਗਾ ।” ਪਰ ਵਿਵਸਥਾ ਅਤੇ ਵਿਸ਼ਵਾਸ ਵਿੱਚ ਕੋਈ ਸੰਬੰਧ ਨਹੀਂ ਹੈ । ਸਗੋਂ ਜਿਵੇਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਜੋ ਵਿਵਸਥਾ ਦੀਆਂ ਗੱਲਾਂ ਨੂੰ ਪੂਰਾ ਕਰੇਗਾ, ਉਹ ਇਹਨਾਂ ਦੇ ਦੁਆਰਾ ਜਿਊਂਦਾ ਰਹੇਗਾ ।” ਪਰ ਮਸੀਹ ਜੋ ਸਾਡੇ ਲਈ ਸਰਾਪ ਬਣੇ ਉਹਨਾਂ ਨੇ ਸਾਨੂੰ ਵਿਵਸਥਾ ਦੇ ਸਰਾਪ ਤੋਂ ਮੁੱਲ ਦੇ ਕੇ ਮੁਕਤ ਕਰ ਦਿੱਤਾ ਹੈ । ਉਹਨਾਂ ਨੇ ਸਾਡਾ ਸਰਾਪ ਆਪਣੇ ਉੱਤੇ ਲੈ ਲਿਆ ਹੈ; ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਸਲੀਬ ਉੱਤੇ ਚੜ੍ਹਾਏ ਜਾਣ ਵਾਲੇ ਉੱਤੇ ਸਰਾਪ ਹੈ ।” ਪਰਮੇਸ਼ਰ ਨੇ ਇਹ ਸਭ ਇਸ ਲਈ ਕੀਤਾ ਕਿ ਅਬਰਾਹਾਮ ਨੂੰ ਦਿੱਤੀ ਗਈ ਅਸੀਸ ਮਸੀਹ ਯਿਸੂ ਦੇ ਦੁਆਰਾ ਪਰਾਈਆਂ ਕੌਮਾਂ ਨੂੰ ਵੀ ਮਿਲੇ ਤਾਂ ਜੋ ਅਸੀਂ ਵਿਸ਼ਵਾਸ ਦੇ ਦੁਆਰਾ ਵਾਅਦਾ ਕੀਤਾ ਹੋਇਆ ਪਵਿੱਤਰ ਆਤਮਾ ਪ੍ਰਾਪਤ ਕਰੀਏ । ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇੱਕ ਮਨੁੱਖੀ ਉਦਾਹਰਨ ਦਿੰਦਾ ਹਾਂ: ਜਦੋਂ ਇੱਕ ਇਕਰਾਰਨਾਮਾ ਪੱਕਾ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਨਾ ਕੋਈ ਤੋੜ ਸਕਦਾ ਹੈ ਅਤੇ ਨਾ ਹੀ ਇਸ ਵਿੱਚ ਕੋਈ ਵਾਧਾ ਕਰ ਸਕਦਾ ਹੈ । ਇਸੇ ਤਰ੍ਹਾਂ ਪਰਮੇਸ਼ਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਵਾਅਦੇ ਕੀਤੇ । ਪਵਿੱਤਰ-ਗ੍ਰੰਥ ਇਹ ਨਹੀਂ ਕਹਿੰਦਾ, “ਅਤੇ ਤੇਰੀਆਂ ਸੰਤਾਨਾਂ ਨਾਲ” ਜਿਸ ਦਾ ਅਰਥ ਹੈ ਬਹੁਤ ਲੋਕ, ਸਗੋਂ ਪਵਿੱਤਰ-ਗ੍ਰੰਥ ਕਹਿੰਦਾ ਹੈ “ਅਤੇ ਤੇਰੀ ਸੰਤਾਨ,” ਜਿਸ ਦਾ ਅਰਥ ਹੈ, ਇੱਕ ਮਨੁੱਖ ਭਾਵ ਮਸੀਹ । ਮੇਰੇ ਕਹਿਣ ਦਾ ਅਰਥ ਇਹ ਹੈ: ਵਿਵਸਥਾ ਜੋ ਚਾਰ ਸੌ ਤੀਹ ਸਾਲ ਬਾਅਦ ਆਈ, ਪਰਮੇਸ਼ਰ ਦੇ ਪਹਿਲਾਂ ਕੀਤੇ ਇਕਰਾਰਨਾਮੇ ਨੂੰ ਤੋੜ ਨਹੀਂ ਸਕਦੀ ਅਤੇ ਨਾ ਉਹਨਾਂ ਦੇ ਵਾਅਦੇ ਨੂੰ ਰੱਦ ਕਰ ਸਕਦੀ ਹੈ । ਕਿਉਂਕਿ ਜੇਕਰ ਪਰਮੇਸ਼ਰ ਦਾ ਵਿਰਸਾ ਵਿਵਸਥਾ ਉੱਤੇ ਨਿਰਭਰ ਹੈ ਤਾਂ ਫਿਰ ਵਾਅਦੇ ਦੁਆਰਾ ਨਹੀਂ ਹੈ ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਿਰਸਾ ਵਾਅਦੇ ਦੁਆਰਾ ਦਿੱਤਾ । ਫਿਰ ਵਿਵਸਥਾ ਕਿਉਂ ਦਿੱਤੀ ਗਈ? ਇਹ ਮਨੁੱਖ ਦੇ ਅਪਰਾਧ ਨੂੰ ਪ੍ਰਗਟ ਕਰਨ ਦੇ ਲਈ ਦਿੱਤੀ ਗਈ ਪਰ ਇਹ ਅਬਰਾਹਾਮ ਦੀ ਸੰਤਾਨ ਦੇ ਆਉਣ ਤੱਕ ਹੀ ਲਾਗੂ ਰਹਿ ਸਕਦੀ ਸੀ ਜਿਸ ਦੇ ਨਾਲ ਪਰਮੇਸ਼ਰ ਨੇ ਵਾਅਦਾ ਕੀਤਾ ਸੀ । ਇਹ ਸਵਰਗਦੂਤਾਂ ਦੇ ਰਾਹੀਂ, ਇੱਕ ਵਿਚੋਲੇ ਦੇ ਦੁਆਰਾ ਦਿੱਤੀ ਗਈ ਸੀ । ਵਿਚੋਲੇ ਦੀ ਲੋੜ ਇੱਕ ਦੇ ਲਈ ਨਹੀਂ ਹੁੰਦੀ ਪਰ ਪਰਮੇਸ਼ਰ ਇੱਕ ਹਨ । ਤਾਂ ਫਿਰ ਕੀ ਵਿਵਸਥਾ ਪਰਮੇਸ਼ਰ ਦੇ ਵਾਅਦਿਆਂ ਦੇ ਵਿਰੁੱਧ ਹੈ? ਨਹੀਂ, ਕਦੀ ਵੀ ਨਹੀਂ! ਜੇਕਰ ਵਿਵਸਥਾ ਮਨੁੱਖ ਨੂੰ ਜੀਵਨ ਦੇ ਸਕਦੀ ਸੀ ਤਾਂ ਨੇਕੀ ਵਿਵਸਥਾ ਤੋਂ ਪ੍ਰਾਪਤ ਹੁੰਦੀ । ਪਰ ਪਵਿੱਤਰ-ਗ੍ਰੰਥ ਕਹਿੰਦਾ ਹੈ ਕਿ ਸਭ ਪਾਪ ਦੀ ਕੈਦ ਵਿੱਚ ਜਾ ਚੁੱਕੇ ਹਨ, ਤਾਂ ਜੋ ਉਹ ਵਾਅਦਾ ਜੋ ਯਿਸੂ ਮਸੀਹ ਵਿੱਚ ਵਿਸ਼ਵਾਸ ਦੇ ਦੁਆਰਾ ਦਿੱਤਾ ਗਿਆ, ਉਸ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਮਿਲੇ । ਵਿਸ਼ਵਾਸ ਦੇ ਆਉਣ ਤੱਕ ਅਸੀਂ ਵਿਵਸਥਾ ਦੀ ਕੈਦ ਵਿੱਚ ਸੀ । ਇਹ ਉਸ ਸਮੇਂ ਤੱਕ ਸੀ ਜਦੋਂ ਤੱਕ ਕਿ ਆਉਣ ਵਾਲਾ ਵਿਸ਼ਵਾਸ ਪ੍ਰਗਟ ਨਾ ਹੋਵੇ । ਇਸ ਲਈ ਮਸੀਹ ਦੇ ਆਉਣ ਤੱਕ ਵਿਵਸਥਾ ਸਾਡੀ ਸਿੱਖਿਅਕ ਸੀ ਕਿ ਅਸੀਂ ਵਿਸ਼ਵਾਸ ਦੇ ਦੁਆਰਾ ਨੇਕ ਠਹਿਰੀਏ । ਪਰ ਹੁਣ ਜਦੋਂ ਵਿਸ਼ਵਾਸ ਆ ਗਿਆ ਹੈ ਤਾਂ ਅਸੀਂ ਸਿੱਖਿਅਕ ਦੇ ਹੇਠ ਨਹੀਂ ਰਹੇ । ਹੁਣ ਤੁਸੀਂ ਸਭ ਵਿਸ਼ਵਾਸ ਦੇ ਰਾਹੀਂ ਮਸੀਹ ਯਿਸੂ ਦੇ ਵਿੱਚ ਹੋਣ ਕਰ ਕੇ ਪਰਮੇਸ਼ਰ ਦੀ ਸੰਤਾਨ ਹੋ । ਤੁਹਾਡੇ ਵਿੱਚੋਂ ਜਿਹਨਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਹੈ, ਉਹਨਾਂ ਸਭ ਨੇ ਮਸੀਹ ਨੂੰ ਪਹਿਨ ਲਿਆ ਹੈ । ਹੁਣ ਨਾ ਯਹੂਦੀ ਅਤੇ ਪਰਾਈ ਕੌਮ; ਨਾ ਗ਼ੁਲਾਮ ਅਤੇ ਆਜ਼ਾਦ; ਨਾ ਆਦਮੀ ਅਤੇ ਔਰਤ ਵਿੱਚ ਕੋਈ ਫ਼ਰਕ ਰਿਹਾ ਹੈ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ । ਜੇਕਰ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੀ ਸੰਤਾਨ ਹੋ ਅਤੇ ਤੁਸੀਂ ਪਰਮੇਸ਼ਰ ਦੇ ਕੀਤੇ ਵਾਅਦੇ ਦੇ ਵਾਰਿਸ ਹੋ । ਮੇਰੇ ਕਹਿਣ ਦਾ ਅਰਥ ਇਹ ਹੈ ਕਿ ਇੱਕ ਵਾਰਿਸ, ਭਾਵੇਂ ਸਭ ਜਾਇਦਾਦ ਦਾ ਮਾਲਕ ਹੁੰਦਾ ਹੈ ਪਰ ਜਦੋਂ ਤੱਕ ਉਹ ਬਾਲਗ਼ ਨਹੀਂ ਹੁੰਦਾ, ਉਸ ਵਿੱਚ ਅਤੇ ਗ਼ੁਲਾਮ ਵਿੱਚ ਕੋਈ ਫ਼ਰਕ ਨਹੀਂ ਹੁੰਦਾ । ਉਹ ਪਿਤਾ ਦੁਆਰਾ ਠਹਿਰਾਏ ਗਏ ਸਮੇਂ ਤੱਕ ਨਿਗਾਹਬਾਨਾਂ ਅਤੇ ਸਰਪ੍ਰਸਤਾਂ ਦੀ ਦੇਖਭਾਲ ਵਿੱਚ ਰਹਿੰਦਾ ਹੈ । ਇਹ ਹੀ ਹਾਲ ਸਾਡਾ ਸੀ ਜਦੋਂ ਤੱਕ ਅਸੀਂ ਬਾਲਗ਼ ਨਹੀਂ ਹੋਏ ਸੀ, ਅਸੀਂ ਵੀ ਸੰਸਾਰ ਦੇ ਮੁੱਢਲੇ ਸਿਧਾਂਤਾਂ ਦੇ ਗ਼ੁਲਾਮ ਸੀ । ਪਰ ਜਦੋਂ ਠਹਿਰਾਇਆ ਹੋਇਆ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ । ਉਹ ਇੱਕ ਔਰਤ ਤੋਂ ਪੈਦਾ ਹੋਏ ਅਤੇ ਵਿਵਸਥਾ ਦੇ ਅਧੀਨ ਰਹੇ ਕਿ ਉਹ ਉਹਨਾਂ ਨੂੰ ਜੋ ਵਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਮੁਕਤ ਕਰਨ ਤਾਂ ਜੋ ਅਸੀਂ ਪਰਮੇਸ਼ਰ ਦੀ ਗੋਦ ਲਈ ਹੋਈ ਸੰਤਾਨ ਬਣ ਜਾਈਏ । ਕਿਉਂਕਿ ਤੁਸੀਂ ਸੰਤਾਨ ਹੋ, ਪਰਮੇਸ਼ਰ ਨੇ ਆਪਣੇ ਪੁੱਤਰ ਦਾ ਆਤਮਾ ਸਾਡੇ ਮਨਾਂ ਵਿੱਚ ਭੇਜਿਆ ਜੋ ਪੁਕਾਰਦਾ ਹੈ, “ਅੱਬਾ, ਹੇ ਪਿਤਾ!” ਇਸ ਲਈ ਤੁਸੀਂ ਹੁਣ ਗ਼ੁਲਾਮ ਨਹੀਂ ਸਗੋਂ ਸੰਤਾਨ ਹੋ ਅਤੇ ਜੇਕਰ ਤੁਸੀਂ ਸੰਤਾਨ ਹੋ ਤਾਂ ਪਰਮੇਸ਼ਰ ਦੇ ਦੁਆਰਾ ਵਾਰਿਸ ਵੀ ਹੋ । ਤੁਸੀਂ ਪਹਿਲਾਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਇਸ ਲਈ ਤੁਸੀਂ ਉਹਨਾਂ ਦੇ ਦਾਸ ਸੀ ਜੋ ਪਰਮੇਸ਼ਰ ਨਹੀਂ ਹਨ । ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ ਹੈ ਸਗੋਂ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ ਹੈ ਪਰ ਫਿਰ ਵੀ ਤੁਸੀਂ ਉਹਨਾਂ ਕਮਜ਼ੋਰ ਅਤੇ ਨਿਕੰਮੇ ਸਿਧਾਂਤਾਂ ਵੱਲ ਦੁਬਾਰਾ ਕਿਉਂ ਮੁੜਨਾ ਚਾਹੁੰਦੇ ਹੋ ਅਤੇ ਉਹਨਾਂ ਦੇ ਦਾਸ ਬਣਨਾ ਚਾਹੁੰਦੇ ਹੋ? ਤੁਸੀਂ ਖ਼ਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਨਾਉਂਦੇ ਹੋ । ਮੈਨੂੰ ਡਰ ਹੈ ਕਿ ਕਿਤੇ ਤੁਹਾਡੇ ਲਈ ਕੀਤੀ ਮੇਰੀ ਮਿਹਨਤ ਵਿਅਰਥ ਨਾ ਹੋ ਜਾਵੇ । ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਵੀ ਮੇਰੀ ਤਰ੍ਹਾਂ ਬਣੋ ਜਿਸ ਤਰ੍ਹਾਂ ਮੈਂ ਤੁਹਾਡੀ ਤਰ੍ਹਾਂ ਹਾਂ । ਤੁਸੀਂ ਮੇਰਾ ਕੋਈ ਨੁਕਸਾਨ ਨਹੀਂ ਕੀਤਾ । ਤੁਸੀਂ ਜਾਣਦੇ ਹੋ ਕਿ ਪਹਿਲੀ ਵਾਰ ਮੇਰਾ ਤੁਹਾਡੇ ਵਿੱਚ ਸ਼ੁਭ ਸਮਾਚਾਰ ਸੁਣਾਉਣ ਦਾ ਕਾਰਨ ਮੇਰੀ ਸਰੀਰਕ ਬਿਮਾਰੀ ਸੀ । ਉਸ ਸਮੇਂ ਭਾਵੇਂ ਮੇਰੀ ਸਰੀਰਕ ਹਾਲਤ ਤੁਹਾਡੇ ਲਈ ਪਰੀਖਿਆ ਦਾ ਕਾਰਨ ਬਣ ਗਈ ਸੀ ਪਰ ਤੁਸੀਂ ਤਾਂ ਵੀ ਮੈਨੂੰ ਨਾ ਤਾਂ ਨਫ਼ਰਤ ਕੀਤੀ ਅਤੇ ਨਾ ਹੀ ਮੇਰੇ ਵੱਲੋਂ ਮੂੰਹ ਮੋੜਿਆ । ਸਗੋਂ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਸ ਤਰ੍ਹਾਂ ਕਿ ਮੈਂ ਪਰਮੇਸ਼ਰ ਦਾ ਸਵਰਗਦੂਤ ਹਾਂ, ਜਾਂ ਆਪ ਮਸੀਹ ਯਿਸੂ ਹਾਂ । ਹੁਣ ਤੁਹਾਡਾ ਅਨੰਦ ਕਿੱਥੇ ਗਿਆ? ਮੈਂ ਤੁਹਾਡਾ ਗਵਾਹ ਹਾਂ ਕਿ ਉਸ ਸਮੇਂ ਜੇਕਰ ਹੋ ਸਕਦਾ ਤਾਂ ਤੁਸੀਂ ਮੇਰੇ ਲਈ ਆਪਣੀਆਂ ਅੱਖਾਂ ਤੱਕ ਕੱਢ ਕੇ ਦੇ ਦਿੰਦੇ । ਕੀ ਸੱਚ ਬੋਲਣ ਦੇ ਕਾਰਨ ਹੁਣ ਮੈਂ ਤੁਹਾਡਾ ਵੈਰੀ ਬਣ ਗਿਆ ਹਾਂ? ਹੋਰ ਲੋਕ ਤੁਹਾਡੀ ਬਹੁਤ ਚਿੰਤਾ ਕਰ ਰਹੇ ਹਨ ਪਰ ਉਹਨਾਂ ਦੇ ਮਨ ਸਾਫ਼ ਨਹੀਂ ਹਨ । ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨ ਦੇ ਚਾਹਵਾਨ ਹਨ ਕਿ ਤੁਸੀਂ ਉਹਨਾਂ ਦੀ ਚਿੰਤਾ ਕਰੋ । ਇਹ ਚੰਗੀ ਗੱਲ ਹੈ ਕਿ ਕੋਈ ਚਿੰਤਾ ਕਰੇ ਪਰ ਸਾਫ਼ ਮਨ ਨਾਲ ਅਤੇ ਹਮੇਸ਼ਾ ਲਈ ਹੋਵੇ, ਨਾ ਕਿ ਕੇਵਲ ਉਸ ਸਮੇਂ ਤੱਕ ਜਦੋਂ ਤੱਕ ਕਿ ਮੈਂ ਤੁਹਾਡੇ ਵਿੱਚ ਰਹਿੰਦਾ ਹਾਂ । ਮੇਰੇ ਬੱਚਿਓ, ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦਾ ਸਰੂਪ ਨਾ ਬਣ ਜਾਵੇ ਮੈਂ ਤੁਹਾਡੇ ਲਈ ਇੱਕ ਵਾਰ ਫਿਰ ਪ੍ਰਸੂਤਕ ਪੀੜਾਂ ਸਹਿ ਰਿਹਾ ਹਾਂ । ਮੈਂ ਚਾਹੁੰਦਾ ਹਾਂ ਕਿ ਮੈਂ ਇਸੇ ਸਮੇਂ ਤੁਹਾਡੇ ਕੋਲ ਪਹੁੰਚਾਂ ਅਤੇ ਆਪਣਾ ਵਿਵਹਾਰ ਤੁਹਾਡੇ ਵੱਲ ਬਦਲਾਂ ਕਿਉਂਕਿ ਮੈ ਤੁਹਾਡੇ ਲਈ ਦੁਬਿਧਾ ਵਿੱਚ ਪਿਆ ਹੋਇਆ ਹਾਂ । ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਜੋ ਵਿਵਸਥਾ ਦੇ ਅਧੀਨ ਰਹਿਣ ਦੇ ਚਾਹਵਾਨ ਹੋ, ਕੀ ਤੁਸੀਂ ਸੁਣਿਆ ਨਹੀਂ ਹੈ ਕਿ ਵਿਵਸਥਾ ਕੀ ਕਹਿੰਦੀ ਹੈ? ਇਹ ਦੱਸਦੀ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ: ਇੱਕ ਦਾਸੀ ਤੋਂ ਅਤੇ ਦੂਜਾ ਆਜ਼ਾਦ ਔਰਤ ਤੋਂ । ਇਸ ਵਿੱਚ ਦਾਸੀ ਦੇ ਪੁੱਤਰ ਦਾ ਜਨਮ ਸਧਾਰਨ ਰੀਤ ਅਨੁਸਾਰ ਹੋਇਆ ਪਰ ਆਜ਼ਾਦ ਔਰਤ ਦੇ ਪੁੱਤਰ ਦਾ ਜਨਮ ਪਰਮੇਸ਼ਰ ਦੇ ਵਾਅਦੇ ਦੇ ਅਨੁਸਾਰ ਹੋਇਆ । ਇਹ ਸਭ ਜੋ ਹੋਇਆ, ਇਹ ਉਦਾਹਰਨ ਸਨ । ਦੋਵੇਂ ਔਰਤਾਂ ਅਸਲ ਵਿੱਚ ਦੋ ਨੇਮ ਸਨ । ਇੱਕ ਉਹ ਜਿਸ ਦਾ ਸੰਬੰਧ ਸੀਨਈ ਦੇ ਪਹਾੜ ਨਾਲ, ਭਾਵ ਹਾਜਰਾ । ਉਸ ਦੇ ਬੱਚਿਆਂ ਦਾ ਜਨਮ ਗ਼ੁਲਾਮੀ ਦੀ ਹਾਲਤ ਵਿੱਚ ਗ਼ੁਲਾਮੀ ਦੇ ਲਈ ਹੋਇਆ । ਹਾਜਰਾ ਅਰਬ ਦਾ ਸੀਨਈ ਪਹਾੜ ਹੈ ਅਤੇ ਇਹ ਵਰਤਮਾਨ ਯਰੂਸ਼ਲਮ ਨੂੰ ਦਰਸਾਉਂਦੀ ਹੈ ਕਿਉਂਕਿ ਉਹ ਆਪਣੀ ਸੰਤਾਨ ਸਮੇਤ ਗ਼ੁਲਾਮੀ ਵਿੱਚ ਹੈ । ਪਰ ਸਵਰਗੀ ਯਰੂਸ਼ਲਮ ਆਜ਼ਾਦ ਹੈ ਅਤੇ ਉਹ ਸਾਡੀ ਮਾਂ ਹੈ । ਪਵਿੱਤਰ-ਗ੍ਰੰਥ ਇਸ ਬਾਰੇ ਕਹਿੰਦਾ ਹੈ: “ਹੇ ਬਾਂਝ, ਭਾਵੇਂ ਤੂੰ ਕਦੀ ਜਨਮ ਨਾ ਦਿੱਤਾ, ਤੂੰ ਅਨੰਦ ਮਨਾ । ਤੂੰ ਪ੍ਰਸੂਤਕ ਪੀੜਾਂ ਤੋਂ ਅਣਜਾਣ ਹੈਂ । ਉੱਚੀ ਆਵਾਜ਼ ਨਾਲ ਅਨੰਦ ਮਨਾ । ਕਿਉਂਕਿ ਸੁਹਾਗਣ ਨਾਲੋਂ ਤਿਆਗੀ ਹੋਈ ਦੀ ਸੰਤਾਨ ਵਧੀਕ ਹੈ ।” ਭਰਾਵੋ ਅਤੇ ਭੈਣੋ, ਤੁਸੀਂ ਇਸਹਾਕ ਦੀ ਤਰ੍ਹਾਂ ਪਰਮੇਸ਼ਰ ਦੇ ਵਾਅਦੇ ਦੀ ਸੰਤਾਨ ਹੋ । ਪਰ ਜਿਸ ਤਰ੍ਹਾਂ ਸਧਾਰਨ ਰੀਤ ਦੁਆਰਾ ਜਨਮਿਆ, ਆਤਮਿਕ ਜਨਮ ਵਾਲੇ ਉੱਤੇ ਅੱਤਿਆਚਾਰ ਕਰਦਾ ਸੀ, ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ । ਪਰ ਪਵਿੱਤਰ-ਗ੍ਰੰਥ ਇਸ ਬਾਰੇ ਕੀ ਕਹਿੰਦਾ ਹੈ? “ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ ਕਿਉਂਕਿ ਦਾਸੀ ਦਾ ਪੁੱਤਰ ਆਜ਼ਾਦ ਔਰਤ ਦੇ ਪੁੱਤਰ ਨਾਲ ਜਾਇਦਾਦ ਦਾ ਵਾਰਿਸ ਨਹੀਂ ਹੋਵੇਗਾ ।” ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਦਾਸੀ ਦੀ ਨਹੀਂ ਸਗੋਂ ਆਜ਼ਾਦ ਔਰਤ ਦੀ ਸੰਤਾਨ ਹਾਂ । ਮਸੀਹ ਨੇ ਸਾਨੂੰ ਆਜ਼ਾਦ ਕੀਤਾ ਹੈ ਅਤੇ ਹੁਣ ਅਸੀਂ ਆਜ਼ਾਦ ਹਾਂ । ਇਸ ਲਈ ਕਾਇਮ ਰਹੋ ਅਤੇ ਦੁਬਾਰਾ ਗ਼ੁਲਾਮੀ ਦੇ ਜੂਲੇ ਹੇਠਾਂ ਨਾ ਜੁਤੋ । ਧਿਆਨ ਨਾਲ ਸੁਣੋ, ਮੈਂ ਪੌਲੂਸ, ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ ਸੁੰਨਤ ਕਰਵਾਓਗੇ ਤਾਂ ਤੁਹਾਨੂੰ ਮਸੀਹ ਤੋਂ ਕੋਈ ਲਾਭ ਨਹੀਂ ਹੋਵੇਗਾ । ਇੱਕ ਵਾਰ ਫਿਰ ਮੈਂ ਹਰ ਇੱਕ ਸੁੰਨਤ ਕਰਵਾਉਣ ਵਾਲੇ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਸ ਦੇ ਲਈ ਸਾਰੀ ਵਿਵਸਥਾ ਨੂੰ ਪੂਰਾ ਕਰਨਾ ਜ਼ਰੂਰੀ ਹੈ । ਤੁਸੀਂ ਜੋ ਵਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਨਾਲ ਆਪਣਾ ਨੇਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਮਸੀਹ ਤੋਂ ਵਾਂਝੇ ਹੋ ਚੁੱਕੇ ਹੋ । ਤੁਸੀਂ ਪਰਮੇਸ਼ਰ ਦੀ ਕਿਰਪਾ ਤੋਂ ਦੂਰ ਜਾ ਚੁੱਕੇ ਹੋ । ਕਿਉਂਕਿ ਅਸੀਂ ਪਵਿੱਤਰ ਆਤਮਾ ਦੁਆਰਾ ਵਿਸ਼ਵਾਸ ਨਾਲ ਉਸ ਨੇਕੀ ਦੀ ਉਡੀਕ ਕਰਦੇ ਹਾਂ ਜਿਸ ਦੀ ਸਾਨੂੰ ਉਮੀਦ ਹੈ । ਕਿਉਂਕਿ ਮਸੀਹ ਯਿਸੂ ਵਿੱਚ ਸੁੰਨਤ ਜਾਂ ਅਸੁੰਨਤ ਦੀ ਕੋਈ ਮਹੱਤਤਾ ਨਹੀਂ ਹੁੰਦੀ ਕੇਵਲ ਵਿਸ਼ਵਾਸ ਦੀ ਹੀ ਹੁੰਦੀ ਹੈ ਜੋ ਪਿਆਰ ਦੇ ਰਾਹੀਂ ਆਉਂਦਾ ਹੈ । ਤੁਸੀਂ ਤਾਂ ਚੰਗੀ ਤਰ੍ਹਾਂ ਦੌੜ ਰਹੇ ਸੀ । ਤੁਹਾਨੂੰ ਕਿਸ ਨੇ ਸੱਚ ਨੂੰ ਮੰਨਣ ਤੋਂ ਰੋਕ ਦਿੱਤਾ ਹੈ? ਇਹ ਭਰਮਾਉਣਾ ਤੁਹਾਨੂੰ ਸੱਦਣ ਵਾਲੇ ਪਰਮੇਸ਼ਰ ਵੱਲੋਂ ਨਹੀਂ ਹੈ । ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ । ਮੈਨੂੰ ਪ੍ਰਭੂ ਦੇ ਵਿੱਚ ਤੁਹਾਡੇ ਨਾਲ ਇੱਕ ਹੁੰਦੇ ਹੋਏ, ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਕਿਸੇ ਹੋਰ ਵਿਚਾਰ ਨੂੰ ਨਹੀਂ ਮੰਨੋਗੇ ਪਰ ਜੋ ਤੁਹਾਨੂੰ ਗ਼ਲਤ ਰਾਹ ਵਿੱਚ ਪਾ ਰਿਹਾ ਹੈ, ਇਹ ਕੋਈ ਵੀ ਕਿਉਂ ਨਾ ਹੋਵੇ, ਸਜ਼ਾ ਭੋਗੇਗਾ । ਪਰ ਭਰਾਵੋ ਅਤੇ ਭੈਣੋ, ਜੇਕਰ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰ ਰਿਹਾ ਹਾਂ ਤਾਂ ਫਿਰ ਮੈਨੂੰ ਸਤਾਇਆ ਕਿਉਂ ਜਾ ਰਿਹਾ ਹੈ? ਤਾਂ ਫਿਰ ਮੇਰਾ ਸਲੀਬ ਦਾ ਪ੍ਰਚਾਰ ਕਿਸੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹੀਦਾ । ਇਹ ਚੰਗਾ ਹੁੰਦਾ ਕਿ ਜੋ ਲੋਕ ਤੁਹਾਨੂੰ ਗ਼ਲਤ ਰਾਹ ਪਾ ਰਹੇ ਹਨ, ਉਹ ਆਪਣੇ ਸਰੀਰ ਦਾ ਅੰਗ ਕੱਟ ਲੈਣ । ਭਰਾਵੋ ਅਤੇ ਭੈਣੋ, ਤੁਸੀਂ ਆਜ਼ਾਦ ਹੋਣ ਦੇ ਲਈ ਸੱਦੇ ਗਏ ਹੋ ਪਰ ਇਸ ਆਜ਼ਾਦੀ ਨੂੰ ਆਪਣੀਆਂ ਸਰੀਰਕ ਵਾਸ਼ਨਾਵਾਂ ਦੀ ਇੱਛਾ ਪੂਰਤੀ ਦਾ ਹਥਿਆਰ ਨਾ ਬਣਨ ਦਿਓ । ਸਗੋਂ ਪਿਆਰ ਨਾਲ ਇੱਕ ਦੂਜੇ ਦੀ ਸੇਵਾ ਕਰੋ । ਕਿਉਂਕਿ ਸਾਰੀ ਵਿਵਸਥਾ ਇਸ ਇੱਕ ਹੁਕਮ ਵਿੱਚ ਪੂਰੀ ਹੋ ਜਾਂਦੀ ਹੈ; “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰੋ ।” ਪਰ ਜੇਕਰ ਤੁਸੀਂ ਆਪਸ ਵਿੱਚ ਜਾਨਵਰਾਂ ਦੀ ਤਰ੍ਹਾਂ ਲੜਦੇ ਹੀ ਰਹਿਣਾ ਹੈ ਤਾਂ ਸਾਵਧਾਨ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਇੱਕ ਦੂਜੇ ਨੂੰ ਨਾਸ਼ ਕਰ ਦੇਵੋ । ਮੇਰੇ ਕਹਿਣ ਦਾ ਅਰਥ ਇਹ ਹੈ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਜੀਵਨ ਗੁਜ਼ਾਰੋ ਤਾਂ ਤੁਸੀਂ ਸਰੀਰਕ ਵਾਸ਼ਨਾਵਾਂ ਪੂਰੀਆਂ ਨਹੀਂ ਕਰੋਗੇ । ਕਿਉਂਕਿ ਸਰੀਰ ਦੀਆਂ ਵਾਸ਼ਨਾਵਾਂ ਆਤਮਾ ਦੇ ਵਿਰੁੱਧ ਹੁੰਦੀਆਂ ਹਨ ਅਤੇ ਆਤਮਾ ਸਰੀਰ ਦੇ, ਇਹ ਦੋਵੇਂ ਇੱਕ ਦੂਜੇ ਦੇ ਵਿਰੁੱਧ ਹਨ । ਇਸ ਲਈ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਹੀਂ ਕਰ ਸਕਦੇ । ਜੇਕਰ ਤੁਸੀਂ ਆਤਮਾ ਦੀ ਅਗਵਾਈ ਹੇਠ ਚਲਦੇ ਹੋ ਤਾਂ ਤੁਸੀਂ ਵਿਵਸਥਾ ਦੇ ਅਧੀਨ ਨਹੀਂ ਹੋ । ਸਰੀਰ ਦੇ ਕੰਮ ਤਾਂ ਪ੍ਰਗਟ ਹਨ: ਵਿਭਚਾਰ, ਅਸ਼ੁੱਧਤਾ, ਕਾਮਵਾਸ਼ਨਾਵਾਂ, ਮੂਰਤੀ ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਗੁੱਸਾ, ਸੁਆਰਥ, ਫੁੱਟ, ਧੜ੍ਹੇਬਾਜ਼ੀਆਂ, ਸਾੜਾ, ਨਸ਼ੇਬਾਜ਼ੀ, ਰੰਗ-ਰਲੀਆਂ, ਅਤੇ ਇਸ ਤਰ੍ਹਾਂ ਦੇ ਹੋਰ ਬੁਰੇ ਕੰਮ । ਜਿਵੇਂ ਮੈਂ ਪਹਿਲਾਂ ਵੀ ਚਿਤਾਵਨੀ ਦੇ ਚੁੱਕਾ ਹਾਂ ਕਿ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਦਾ ਪਰਮੇਸ਼ਰ ਦੇ ਰਾਜ ਵਿੱਚ ਕੋਈ ਹਿੱਸਾ ਨਹੀਂ ਹੋਵੇਗਾ । ਪਰ ਪਵਿੱਤਰ ਆਤਮਾ ਦਾ ਫਲ ਹੈ: ਪਿਆਰ, ਅਨੰਦ, ਸ਼ਾਂਤੀ, ਧੀਰਜ, ਦਇਆ, ਭਲਾਈ, ਵਫ਼ਾਦਾਰੀ, ਨਿਮਰਤਾ ਅਤੇ ਸੰਜਮ । ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਵਿਵਸਥਾ ਨਹੀਂ ਹੈ । ਜੋ ਮਸੀਹ ਯਿਸੂ ਦੇ ਹਨ ਉਹਨਾਂ ਨੇ ਆਪਣੇ ਸਰੀਰ ਨੂੰ ਇਸ ਦੀਆਂ ਵਾਸ਼ਨਾਵਾਂ ਅਤੇ ਇੱਛਾਵਾਂ ਸਮੇਤ ਸਲੀਬ ਉੱਤੇ ਚੜ੍ਹਾ ਦਿੱਤਾ ਹੈ । ਜੇਕਰ ਅਸੀਂ ਪਵਿੱਤਰ ਆਤਮਾ ਦੁਆਰਾ ਜਿਊਂਦੇ ਹਾਂ ਤਾਂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲੀਏ । ਅਸੀਂ ਹੰਕਾਰੀ ਬਣ ਕੇ ਇੱਕ ਦੂਜੇ ਨੂੰ ਨਾ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਈਰਖਾ ਕਰੀਏ । ਭਰਾਵੋ ਅਤੇ ਭੈਣੋ, ਜੇਕਰ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ, ਤਾਂ ਤੁਸੀਂ ਜੋ ਆਤਮਿਕ ਹੋ, ਉਸ ਨੂੰ ਨਿਮਰਤਾ ਨਾਲ ਸੁਧਾਰੋ ਪਰ ਤੁਸੀਂ ਆਪਣਾ ਵੀ ਧਿਆਨ ਰੱਖੋ ਕਿ ਕਿਤੇ ਤੁਸੀਂ ਪਰੀਖਿਆ ਵਿੱਚ ਨਾ ਪੈ ਜਾਵੋ । ਇੱਕ ਦੂਜੇ ਦਾ ਭਾਰ ਚੁੱਕੋ । ਇਸ ਤਰ੍ਹਾਂ ਤੁਸੀਂ ਮਸੀਹ ਦੀ ਵਿਵਸਥਾ ਨੂੰ ਪੂਰਾ ਕਰੋਗੇ । ਫਿਰ ਜੇਕਰ ਕੋਈ ਆਪਣੇ ਆਪ ਨੂੰ ਕੁਝ ਸਮਝਦਾ ਹੈ ਪਰ ਉਹ ਅਸਲ ਵਿੱਚ ਹੈ ਨਹੀਂ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ । ਹਰ ਮਨੁੱਖ ਆਪਣੇ ਕੰਮ ਨੂੰ ਆਪ ਹੀ ਪਰਖੇ ਤਦ ਉਹ ਕਿਸੇ ਦੂਜੇ ਨਾਲ ਤੁਲਨਾ ਕੀਤੇ ਬਿਨਾਂ ਆਪਣੇ ਬਾਰੇ ਮਾਣ ਕਰ ਸਕੇਗਾ । ਕਿਉਂਕਿ ਹਰ ਇੱਕ ਨੇ ਆਪਣਾ ਭਾਰ ਆਪ ਹੀ ਚੁੱਕਣਾ ਹੈ । ਜਿਹੜਾ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ ਉਹ ਆਪਣੇ ਸਿੱਖਿਅਕ ਨੂੰ ਆਪਣੀ ਹਰ ਚੰਗੀ ਚੀਜ਼ ਦਾ ਹਿੱਸੇਦਾਰ ਬਣਾਏ । ਆਪਣੇ ਆਪ ਨੂੰ ਧੋਖਾ ਨਾ ਦੇਵੋ, ਪਰਮੇਸ਼ਰ ਦਾ ਮਖ਼ੌਲ ਨਹੀਂ ਉਡਾਇਆ ਜਾ ਸਕਦਾ । ਮਨੁੱਖ ਜੋ ਕੁਝ ਬੀਜਦਾ ਹੈ ਉਹ ਹੀ ਵੱਢੇਗਾ । ਜੇਕਰ ਕੋਈ ਸਰੀਰ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਨਾਸ਼ਵਾਨ ਫ਼ਸਲ ਵੱਢੇਗਾ; ਪਰ ਜੇਕਰ ਉਹ ਪਵਿੱਤਰ ਆਤਮਾ ਲਈ ਬੀਜਦਾ ਹੈ ਤਾਂ ਉਹ ਉਸ ਵਿੱਚੋਂ ਅਨੰਤ ਜੀਵਨ ਦੀ ਫ਼ਸਲ ਵੱਢੇਗਾ । ਅਸੀਂ ਭਲੇ ਕੰਮ ਕਰਦੇ ਥੱਕ ਨਾ ਜਾਈਏ ਕਿਉਂਕਿ ਜੇਕਰ ਅਸੀਂ ਹੌਸਲਾ ਨਹੀਂ ਛੱਡਾਂਗੇ ਤਾਂ ਠੀਕ ਸਮਾਂ ਆਉਣ ਉੱਤੇ ਫ਼ਸਲ ਵੱਢਾਂਗੇ । ਇਸ ਲਈ ਜਿੱਥੇ ਵੀ ਸਾਨੂੰ ਮੌਕਾ ਮਿਲੇ, ਹਰ ਕਿਸੇ ਨਾਲ ਭਲਾਈ ਕਰੀਏ । ਖ਼ਾਸ ਕਰਕੇ ਉਹਨਾਂ ਨਾਲ ਜਿਹਨਾਂ ਦਾ ਸੰਬੰਧ ਕਲੀਸਿਯਾ ਦੇ ਨਾਲ ਹੈ । ਦੇਖੋ, ਇਹ ਵੱਡੇ ਵੱਡੇ ਅੱਖਰਾਂ ਵਿੱਚ ਮੈਂ ਆਪ ਆਪਣੇ ਹੱਥ ਨਾਲ ਤੁਹਾਨੂੰ ਲਿਖ ਰਿਹਾ ਹਾਂ! ਜਿਹੜੇ ਲੋਕ ਬਾਹਰੀ ਤੌਰ ਤੇ ਪ੍ਰਸਿੱਧ ਹੋਣਾ ਚਾਹੁੰਦੇ ਹਨ, ਉਹ ਤੁਹਾਨੂੰ ਸੁੰਨਤ ਕਰਵਾਉਣ ਦੇ ਲਈ ਮਜਬੂਰ ਕਰ ਰਹੇ ਹਨ ਕੇਵਲ ਇਸ ਲਈ ਕਿ ਉਹਨਾਂ ਨੂੰ ਮਸੀਹ ਦੀ ਸਲੀਬ ਦੇ ਕਾਰਨ ਦੁੱਖ ਨਾ ਸਹਿਣੇ ਪੈਣ । ਇੱਥੋਂ ਤੱਕ ਕਿ ਉਹ ਜੋ ਸੁੰਨਤੀ ਹਨ ਆਪ ਵੀ ਵਿਵਸਥਾ ਨੂੰ ਪੂਰਾ ਨਹੀਂ ਕਰਦੇ ਪਰ ਉਹ ਚਾਹੁੰਦੇ ਹਨ ਕਿ ਤੁਸੀਂ ਸੁੰਨਤ ਕਰਵਾਓ ਤਾਂ ਜੋ ਉਹ ਤੁਹਾਡੇ ਕਾਰਨ ਮਾਣ ਕਰ ਸਕਣ । ਪਰ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਨੂੰ ਛੱਡ ਕੇ ਕਿਸੇ ਹੋਰ ਚੀਜ਼ ਉੱਤੇ ਮਾਣ ਨਹੀਂ ਕਰਾਂਗਾ ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਦੇ ਲਈ ਸਲੀਬ ਉੱਤੇ ਚੜ੍ਹ ਚੁੱਕਾ ਹਾਂ । ਅਸਲ ਵਿੱਚ ਮਹੱਤਵ ਸੁੰਨਤ ਜਾਂ ਅਸੁੰਨਤ ਦਾ ਨਹੀਂ ਸਗੋਂ ਨਵੇਂ ਜਨਮ ਦਾ ਹੈ । ਜਿਹੜੇ ਇਸ ਨਿਯਮ ਉੱਤੇ ਚਲਦੇ ਹਨ ਉਹਨਾਂ ਨੂੰ ਸ਼ਾਂਤੀ ਅਤੇ ਕਿਰਪਾ ਦਾ ਦਾਨ ਮਿਲੇ ਅਤੇ ਪਰਮੇਸ਼ਰ ਦੇ ਇਸਰਾਏਲ ਨੂੰ ਵੀ । ਅੱਗੇ ਤੋਂ ਮੈਨੂੰ ਕੋਈ ਦੁੱਖ ਨਾ ਦੇਵੇ ਕਿਉਂਕਿ ਮੇਰੇ ਸਰੀਰ ਉੱਤੇ ਯਿਸੂ ਦੇ ਜ਼ਖਮਾਂ ਦੇ ਨਿਸ਼ਾਨ ਹਨ । ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਰਹੇ । ਆਮੀਨ! ਪੌਲੂਸ ਦੇ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ, ਅਫ਼ਸੁਸ ਦੀ ਕਲੀਸਿਯਾ ਨੂੰ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹਨਾਂ ਨੇ ਮਸੀਹ ਵਿੱਚ ਸਾਨੂੰ ਹਰ ਇੱਕ ਆਤਮਿਕ ਵਰਦਾਨ ਜੋ ਸਵਰਗ ਵਿੱਚ ਹੈ, ਅਸੀਸ ਵਿੱਚ ਦਿੱਤਾ ਹੈ । ਉਹਨਾਂ ਨੇ ਮਸੀਹ ਵਿੱਚ ਸਾਨੂੰ ਸੰਸਾਰ ਦੀ ਰਚਨਾ ਕਰਨ ਤੋਂ ਪਹਿਲਾਂ ਹੀ ਚੁਣ ਲਿਆ ਤਾਂ ਜੋ ਅਸੀਂ ਉਹਨਾਂ ਦੇ ਸਾਹਮਣੇ ਪਵਿੱਤਰ ਅਤੇ ਨਿਰਦੋਸ਼ ਠਹਿਰੀਏ । ਸਾਡੇ ਨਾਲ ਆਪਣੇ ਪਿਆਰ ਦੇ ਕਾਰਨ ਉਹਨਾਂ ਨੇ ਸਾਨੂੰ ਪਹਿਲਾਂ ਹੀ ਚੁਣ ਲਿਆ ਕਿ ਅਸੀਂ ਯਿਸੂ ਮਸੀਹ ਦੁਆਰਾ ਉਹਨਾਂ ਦੀ ਗੋਦ ਲਈ ਹੋਈ ਸੰਤਾਨ ਬਣ ਜਾਈਏ । ਇਹ ਸਭ ਉਹਨਾਂ ਦੀ ਆਪਣੀ ਖ਼ੁਸ਼ੀ ਅਤੇ ਇਰਾਦੇ ਦੇ ਕਾਰਨ ਹੋਇਆ ਹੈ ਤਾਂ ਜੋ ਅਸੀਂ ਪਰਮੇਸ਼ਰ ਦੀ ਮਹਾਨ ਕਿਰਪਾ ਦੇ ਲਈ ਉਹਨਾਂ ਦੀ ਵਡਿਆਈ ਕਰੀਏ ਜਿਹੜੀ ਉਹਨਾਂ ਨੇ ਸਾਨੂੰ ਆਪਣੇ ਪਿਆਰੇ ਪੁੱਤਰ ਦੁਆਰਾ ਵਰਦਾਨ ਵਿੱਚ ਮੁਫ਼ਤ ਦਿੱਤੀ ਹੈ । ਮਸੀਹ ਦੇ ਖ਼ੂਨ ਦੇ ਦੁਆਰਾ ਸਾਡੇ ਪਾਪ ਮਾਫ਼ ਹੋਏ ਹਨ ਅਤੇ ਸਾਨੂੰ ਮੁਕਤੀ ਮਿਲੀ ਹੈ । ਪਰਮੇਸ਼ਰ ਦੀ ਕਿਰਪਾ ਕਿੰਨੀ ਮਹਾਨ ਹੈ ਜਿਹੜੀ ਉਹਨਾਂ ਨੇ ਸਾਨੂੰ ਬਹੁਤਾਤ ਵਿੱਚ ਦਿੱਤੀ ਹੈ । ਉਹਨਾਂ ਨੇ ਆਪਣੀ ਪੂਰਨ ਸਮਝ ਅਤੇ ਬੁੱਧੀ ਨਾਲ ਸਾਨੂੰ ਆਪਣੇ ਉਸ ਰਹੱਸਮਈ ਇਰਾਦੇ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਉਹਨਾਂ ਨੇ ਮਸੀਹ ਦੁਆਰਾ ਪੂਰਾ ਕਰਨ ਦਾ ਪਹਿਲਾਂ ਹੀ ਫ਼ੈਸਲਾ ਕੀਤਾ ਸੀ । ਉਹ ਇਰਾਦਾ ਇਹ ਹੈ ਕਿ ਉਹਨਾਂ ਦਾ ਮਿਥਿਆ ਸਮਾਂ ਆਉਣ ਤੇ ਸਵਰਗ ਅਤੇ ਧਰਤੀ ਦੀਆਂ ਸਭ ਚੀਜ਼ਾਂ ਮਸੀਹ ਨੂੰ ਮੁੱਖ ਰੱਖ ਕੇ ਉਹਨਾਂ ਵਿੱਚ ਇੱਕ ਹੋ ਜਾਣ । ਮਸੀਹ ਵਿੱਚ ਅਸੀਂ ਵੀ ਪਰਮੇਸ਼ਰ ਦੀ ਹਰ ਚੀਜ਼ ਵਿੱਚ ਕੰਮ ਕਰ ਰਹੇ ਉਦੇਸ਼ ਅਨੁਸਾਰ ਵਾਰਿਸ ਬਣਾਏ ਗਏ ਹਾਂ । ਇਹ ਪਰਮੇਸ਼ਰ ਦੀ ਯੋਜਨਾ ਅਤੇ ਇੱਛਾ ਦੇ ਅਨੁਸਾਰ ਹੋਇਆ ਤਾਂ ਜੋ ਅਸੀਂ ਜਿਹਨਾਂ ਨੇ ਪਹਿਲਾਂ ਮਸੀਹ ਉੱਤੇ ਆਪਣੀ ਆਸ ਰੱਖੀ ਹੋਈ ਸੀ, ਉਹਨਾਂ ਦੀ ਮਹਿਮਾ ਅਤੇ ਵਡਿਆਈ ਦਾ ਕਾਰਨ ਬਣੀਏ । ਇਸੇ ਤਰ੍ਹਾਂ ਤੁਸੀਂ ਵੀ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦਾ ਸ਼ੁਭ ਸਮਾਚਾਰ ਹੈ । ਫਿਰ ਤੁਸੀਂ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ਰ ਨੇ ਆਪਣੇ ਵਾਅਦੇ ਦੇ ਅਨੁਸਾਰ ਤੁਹਾਨੂੰ ਪਵਿੱਤਰ ਆਤਮਾ ਦੇ ਕੇ ਤੁਹਾਡੇ ਉੱਤੇ ਆਪਣੀ ਮਲਕੀਅਤ ਦੀ ਮੋਹਰ ਲਾਈ । ਇਹ ਪਵਿੱਤਰ ਆਤਮਾ ਪਰਮੇਸ਼ਰ ਨੇ ਬਿਆਨੇ ਦੇ ਤੌਰ ਤੇ ਆਪਣੇ ਵਿਰਸੇ ਦੇ ਵਾਅਦੇ ਦੇ ਅਨੁਸਾਰ ਆਪਣੇ ਲੋਕਾਂ ਦੀ ਮੁਕਤੀ ਦੇ ਲਈ ਦਿੱਤਾ । ਉਹਨਾਂ ਦੀ ਮਹਿਮਾ ਅਤੇ ਵਡਿਆਈ ਹੋਵੇ! ਇਸ ਕਾਰਨ ਜਿਸ ਸਮੇਂ ਤੋਂ ਮੈਂ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਪਰਮੇਸ਼ਰ ਦੇ ਲੋਕਾਂ ਵੱਲ ਤੁਹਾਡੇ ਪਿਆਰ ਦੇ ਬਾਰੇ ਸੁਣਿਆ ਹੈ, ਮੈਂ ਉਸੇ ਸਮੇਂ ਤੋਂ ਲਗਾਤਾਰ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਅਤੇ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਆ ਰਿਹਾ ਹਾਂ । ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ਰ ਜੋ ਮਹਿਮਾ ਵਾਲੇ ਪਿਤਾ ਹਨ, ਤੁਹਾਨੂੰ ਬੁੱਧ ਅਤੇ ਪ੍ਰਕਾਸ਼ ਦਾ ਆਤਮਾ ਦੇਣ ਤਾਂ ਜੋ ਤੁਸੀਂ ਉਹਨਾਂ ਨੂੰ ਜਾਣੋ ਕਿ ਤੁਹਾਡੇ ਦਿਲਾਂ ਦੀਆਂ ਅੰਦਰੂਨੀ ਅੱਖਾਂ ਖੁੱਲ੍ਹ ਜਾਣ ਤਾਂ ਜੋ ਤੁਸੀਂ ਉਸ ਆਸ ਨੂੰ ਜਾਣ ਸਕੋ ਜਿਸ ਦੇ ਲਈ ਤੁਸੀਂ ਸੱਦੇ ਗਏ ਹੋ । ਉਹ ਵਿਰਸਾ ਕਿੰਨਾ ਮਹਾਨ ਹੈ ਜਿਸ ਦਾ ਵਾਅਦਾ ਉਹਨਾਂ ਨੇ ਆਪਣੇ ਲੋਕਾਂ ਦੇ ਨਾਲ ਕੀਤਾ ਹੈ । ਉਹਨਾਂ ਦੀ ਸਮਰੱਥਾ ਕਿੰਨੀ ਮਹਾਨ ਹੈ ਜੋ ਸਾਡੇ ਵਿਸ਼ਵਾਸ ਕਰਨ ਵਾਲਿਆਂ ਵਿੱਚ ਕੰਮ ਕਰਦੀ ਹੈ । ਇਹ ਸਮਰੱਥਾ ਹੀ ਮਹਾਨ ਬਲ ਹੈ ਜਿਸ ਸਮਰੱਥਾ ਦੁਆਰਾ, ਉਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਉਹਨਾਂ ਨੂੰ ਸਵਰਗ ਵਿੱਚ ਆਪਣੇ ਸੱਜੇ ਹੱਥ ਵਿਰਾਜਮਾਨ ਕੀਤਾ ਹੈ । ਉੱਥੋਂ ਹੀ ਮਸੀਹ ਸਭ ਸ਼ਾਸਕਾਂ, ਅਧਿਕਾਰੀਆਂ, ਸ਼ਕਤੀਆਂ ਅਤੇ ਹਾਕਮਾਂ ਉੱਤੇ ਰਾਜ ਕਰਦੇ ਹਨ । ਉਹਨਾਂ ਦਾ ਨਾਮ ਸਭ ਨਾਵਾਂ ਤੋਂ ਨਾ ਕੇਵਲ ਇਸ ਯੁੱਗ ਵਿੱਚ ਸਗੋਂ ਆਉਣ ਵਾਲੇ ਯੁੱਗਾਂ ਤੱਕ ਉੱਚਾ ਹੈ । ਪਰਮੇਸ਼ਰ ਨੇ ਸਭ ਚੀਜ਼ਾਂ ਮਸੀਹ ਦੇ ਪੈਰਾਂ ਹੇਠ ਕਰ ਦਿੱਤੀਆਂ ਅਤੇ ਉਹਨਾਂ ਨੂੰ ਸਰਤਾਜ ਬਣਾ ਕੇ ਕਲੀਸਿਯਾ ਨੂੰ ਦਿੱਤਾ ਹੈ । ਕਲੀਸਿਯਾ ਉਹਨਾਂ ਦਾ ਸਰੀਰ ਹੈ, ਉਹ ਹੀ ਉਸ ਦੀ ਭਰਪੂਰੀ ਹਨ ਜੋ ਸਭ ਕੁਝ ਪੂਰਨ ਕਰਦੇ ਹਨ । ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਆਤਮਿਕ ਤੌਰ ਤੇ ਮੁਰਦਾ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਦੇ ਬੁਰੇ ਰਾਹਾਂ ਉੱਤੇ ਚੱਲਦੇ ਸੀ ਅਤੇ ਉਸ ਆਤਮਾ ਦੇ ਅਧੀਨ ਸੀ ਜੋ ਅਕਾਸ਼ੀ ਸ਼ਕਤੀਆਂ ਦੀ ਅਧਿਕਾਰੀ ਹੈ । ਇਹ ਆਤਮਾ ਇਸ ਸਮੇਂ ਉਹਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਜੋ ਪਰਮੇਸ਼ਰ ਦੇ ਹੁਕਮ ਨਹੀਂ ਮੰਨਦੇ । ਇੱਕ ਸਮਾਂ ਸੀ ਜਦੋਂ ਅਸੀਂ ਵੀ ਉਹਨਾਂ ਵਰਗੇ ਸੀ । ਅਸੀਂ ਵੀ ਆਪਣੀਆਂ ਸਰੀਰਕ ਕਾਮਨਾਵਾਂ ਦੇ ਵਿੱਚ ਫਸੇ ਹੋਏ ਸੀ ਅਤੇ ਆਪਣੇ ਸਰੀਰ ਅਤੇ ਮਨ ਦੀ ਇੱਛਾ ਦੇ ਅਨੁਸਾਰ ਚੱਲਦੇ ਸੀ । ਇਸ ਤਰ੍ਹਾਂ ਅਸੀਂ ਵੀ ਦੂਜਿਆਂ ਵਾਂਗ ਪਰਮੇਸ਼ਰ ਦੇ ਕ੍ਰੋਧ ਦੇ ਭਾਗੀ ਸੀ । ਪਰ ਪਰਮੇਸ਼ਰ ਦੀ ਦਇਆ ਕਿੰਨੀ ਵੱਡੀ ਹੈ ਅਤੇ ਉਹਨਾਂ ਦਾ ਪਿਆਰ ਕਿੰਨਾ ਮਹਾਨ ਹੈ । ਅਸੀਂ ਤਾਂ ਆਪਣੇ ਅਪਰਾਧਾਂ ਦੇ ਕਾਰਨ ਆਤਮਿਕ ਤੌਰ ਤੇ ਮਰ ਚੁੱਕੇ ਸੀ ਪਰ ਉਹਨਾਂ ਨੇ ਸਾਨੂੰ ਮਸੀਹ ਦੇ ਨਾਲ ਜਿਊਂਦਾ ਕਰ ਦਿੱਤਾ ਹੈ । ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਮੁਕਤ ਕੀਤੇ ਗਏ ਹੋ । ਉਹਨਾਂ ਨੇ ਮਸੀਹ ਯਿਸੂ ਦੇ ਨਾਲ ਸਾਨੂੰ ਜਿਊਂਦਾ ਕੀਤਾ ਅਤੇ ਸਵਰਗ ਵਿੱਚ ਉਹਨਾਂ ਦੇ ਨਾਲ ਬਿਠਾਇਆ । ਪਰਮੇਸ਼ਰ ਨੇ ਇਹ ਇਸ ਲਈ ਕੀਤਾ ਕਿ ਉਹ ਅੱਗੇ ਆਉਣ ਵਾਲੇ ਯੁੱਗਾਂ ਵਿੱਚ ਮਸੀਹ ਯਿਸੂ ਦੇ ਦੁਆਰਾ ਸਾਡੇ ਉੱਤੇ ਹੋਈ ਅਤਿ ਮਹਾਨ ਕਿਰਪਾ ਨੂੰ ਪ੍ਰਗਟ ਕਰਨ । ਕਿਉਂਕਿ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਮੁਕਤ ਕੀਤੇ ਗਏ ਹੋ । ਇਹ ਤੁਹਾਡੇ ਵੱਲੋਂ ਨਹੀਂ ਸਗੋਂ ਪਰਮੇਸ਼ਰ ਦਾ ਵਰਦਾਨ ਹੈ । ਇਹ ਕਰਮਾਂ ਦਾ ਨਤੀਜਾ ਨਹੀਂ ਹੈ ਇਸ ਲਈ ਇਸ ਉੱਤੇ ਹੰਕਾਰ ਨਹੀਂ ਕੀਤਾ ਜਾ ਸਕਦਾ । ਅਸੀਂ ਪਰਮੇਸ਼ਰ ਦੀ ਰਚਨਾ ਹਾਂ, ਉਹਨਾਂ ਨੇ ਸਾਨੂੰ ਮਸੀਹ ਯਿਸੂ ਵਿੱਚ ਭਲੇ ਕੰਮਾਂ ਵਾਲਾ ਜੀਵਨ ਗੁਜ਼ਾਰਨ ਦੇ ਲਈ ਰਚਿਆ, ਜਿਹੜੇ ਉਹਨਾਂ ਨੇ ਪਹਿਲਾਂ ਹੀ ਸਾਡੇ ਕਰਨ ਦੇ ਲਈ ਤਿਆਰ ਕੀਤੇ ਹਨ । ਇਸ ਲਈ ਯਾਦ ਰੱਖੋ ਕਿ ਪਹਿਲਾਂ ਤੁਸੀਂ ਜੋ ਜਨਮ ਤੋਂ ਪਰਾਈ ਕੌਮ ਹੋ ਅਤੇ ‘ਸੁੰਨਤੀਆਂ’ ਦੁਆਰਾ ਹੱਥਾਂ ਨਾਲ ਕੀਤੀ ਰਸਮ ਕਾਰਨ ‘ਅਸੁੰਨਤੀ’ ਅਖਵਾਉਂਦੇ ਹੋ । ਉਸ ਸਮੇਂ ਤੁਸੀਂ ਮਸੀਹ ਤੋਂ ਅਲੱਗ ਸੀ । ਤੁਸੀਂ ਇਸਰਾਏਲ ਕੌਮ ਦੀ ਨਾਗਰਿਕਤਾ ਤੋਂ ਵੱਖ ਅਤੇ ਵਾਅਦੇ ਵਾਲੇ ਨੇਮ ਤੋਂ ਦੂਰ ਸੀ । ਉਸ ਸਮੇਂ ਤੁਸੀਂ ਇਸ ਸੰਸਾਰ ਵਿੱਚ ਆਸ ਤੋਂ ਬਿਨਾਂ ਅਤੇ ਪਰਮੇਸ਼ਰ ਤੋਂ ਵਾਂਝੇ ਸੀ । ਪਰ ਹੁਣ ਮਸੀਹ ਯਿਸੂ ਦੇ ਵਿੱਚ ਤੁਸੀਂ ਜੋ ਉਸ ਸਮੇਂ ਦੂਰ ਸੀ, ਮਸੀਹ ਦੇ ਖ਼ੂਨ ਦੁਆਰਾ ਨੇੜੇ ਲਿਆਂਦੇ ਗਏ ਹੋ । ਮਸੀਹ ਆਪ ਸਾਡਾ ਮਿਲਾਪ ਹਨ । ਉਹਨਾਂ ਨੇ ਯਹੂਦੀਆਂ ਅਤੇ ਪਰਾਈਆਂ ਕੌਮਾਂ ਨੂੰ ਇੱਕ ਕੀਤਾ ਹੈ । ਉਹਨਾਂ ਨੇ ਆਪਣੇ ਸਰੀਰ ਦੁਆਰਾ ਜੁਦਾਈ ਅਤੇ ਵੈਰ-ਭਾਵ ਦੀ ਕੰਧ ਨੂੰ ਢਾਹ ਦਿੱਤਾ ਹੈ । ਉਹਨਾਂ ਨੇ ਵਿਵਸਥਾ ਦੇ ਹੁਕਮਾਂ ਅਤੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਤਾਂ ਜੋ ਯਹੂਦੀਆਂ ਅਤੇ ਪਰਾਈਆਂ ਕੌਮਾਂ ਵਿੱਚੋਂ ਆਪਣੇ ਵਿੱਚ ਇੱਕ ਨਵੀਂ ਕੌਮ ਪੈਦਾ ਕਰ ਕੇ ਮਿਲਾਪ ਕਰਵਾ ਦੇਣ । ਅਤੇ ਉਹ ਸਲੀਬੀ ਮੌਤ ਦੇ ਦੁਆਰਾ ਦੋਨਾਂ ਕੌਮਾਂ ਦੇ ਵਿਚਕਾਰ ਵੈਰ ਨੂੰ ਖ਼ਤਮ ਕਰ ਕੇ, ਇੱਕ ਕੌਮ ਦੇ ਰੂਪ ਵਿੱਚ ਸਾਡਾ ਪਰਮੇਸ਼ਰ ਦੇ ਨਾਲ ਮੇਲ ਕਰਵਾਉਣ । ਮਸੀਹ ਨੇ ਆ ਕੇ ਤੁਹਾਡੇ ਲਈ ਜੋ ਪਰਮੇਸ਼ਰ ਤੋਂ ਬਹੁਤ ਦੂਰ ਸਨ ਅਤੇ ਯਹੂਦੀਆਂ ਲਈ ਵੀ ਜੋ ਉਹਨਾਂ ਦੇ ਨੇੜੇ ਸਨ, ਸ਼ਾਂਤੀ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕੀਤਾ । ਇਸ ਲਈ ਮਸੀਹ ਦੇ ਦੁਆਰਾ ਦੋਵੇਂ ਕੌਮਾਂ ਦੀ ਇੱਕ ਆਤਮਾ ਦੇ ਦੁਆਰਾ ਪਿਤਾ ਪਰਮੇਸ਼ਰ ਦੇ ਸਾਹਮਣੇ ਪਹੁੰਚ ਹੈ । ਇਸ ਲਈ ਹੁਣ ਤੁਸੀਂ ਵਿਦੇਸ਼ੀ ਅਤੇ ਓਪਰੇ ਨਹੀਂ ਰਹੇ ਸਗੋਂ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਸਹਿ-ਨਾਗਰਿਕ ਅਤੇ ਪਰਮੇਸ਼ਰ ਦੇ ਪਰਿਵਾਰ ਦਾ ਹਿੱਸਾ ਹੋ । ਤੁਸੀਂ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣਾਏ ਗਏ ਹੋ ਜਿਸ ਦੇ ਕੋਨੇ ਦਾ ਪੱਥਰ ਮਸੀਹ ਯਿਸੂ ਆਪ ਹਨ । ਉਹਨਾਂ ਵਿੱਚ ਸਾਰੀ ਇਮਾਰਤ ਮਿਲ ਕੇ ਪ੍ਰਭੂ ਦਾ ਪਵਿੱਤਰ ਹੈਕਲ ਬਣਦਾ ਜਾਂਦਾ ਹੈ । ਪ੍ਰਭੂ ਵਿੱਚ ਤੁਹਾਡੀ ਵੀ ਆਤਮਾ ਦੇ ਨਾਲ ਪਰਮੇਸ਼ਰ ਦੇ ਨਿਵਾਸ ਸਥਾਨ ਦੀ ਉਸਾਰੀ ਹੋ ਰਹੀ ਹੈ । ਇਸ ਕਾਰਨ ਮੈਂ ਪੌਲੂਸ, ਤੁਹਾਡੇ ਲਈ ਜੋ ਪਰਾਈਆਂ ਕੌਮਾਂ ਹੋ, ਮਸੀਹ ਯਿਸੂ ਦਾ ਕੈਦੀ ਹਾਂ । ਇਸੇ ਲਈ ਮੈਂ ਪਰਮੇਸ਼ਰ ਦੇ ਅੱਗੇ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ । ਤੁਸੀਂ ਜ਼ਰੂਰ ਸੁਣ ਚੁੱਕੇ ਹੋ ਕਿ ਪਰਮੇਸ਼ਰ ਨੇ ਆਪਣੀ ਕਿਰਪਾ ਨਾਲ ਮੈਨੂੰ ਇਹ ਜ਼ਿੰਮੇਵਾਰੀ ਤੁਹਾਡੇ ਭਲੇ ਲਈ ਸੌਂਪੀ ਹੈ । ਪਰਮੇਸ਼ਰ ਨੇ ਆਪਣਾ ਭੇਤ ਮੇਰੇ ਉੱਤੇ ਪ੍ਰਗਟ ਕੀਤਾ ਹੈ । ਇਸ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਲਿਖ ਚੁੱਕਾ ਹਾਂ ਅਤੇ ਜੇਕਰ ਤੁਸੀਂ ਉਹ ਸਭ ਪੜ੍ਹੋਗੇ ਤਾਂ ਤੁਸੀਂ ਮਸੀਹ ਦੇ ਭੇਤ ਦੇ ਬਾਰੇ ਮੇਰੇ ਵਿਚਾਰ ਜਾਣ ਜਾਵੋਗੇ । ਪਿਛਲੀਆਂ ਪੀੜ੍ਹੀਆਂ ਦੇ ਲੋਕਾਂ ਉੱਤੇ ਇਹ ਭੇਤ ਪ੍ਰਗਟ ਨਹੀਂ ਕੀਤਾ ਗਿਆ ਸੀ । ਪਰ ਪਰਮੇਸ਼ਰ ਨੇ ਆਪਣੇ ਆਤਮਾ ਦੇ ਦੁਆਰਾ ਹੁਣ ਇਹ ਭੇਤ ਆਪਣੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪ੍ਰਗਟ ਕੀਤਾ ਹੈ । ਉਹ ਭੇਤ ਇਹ ਹੈ ਕਿ ਸ਼ੁਭ ਸਮਾਚਾਰ ਦੇ ਦੁਆਰਾ ਪਰਾਈਆਂ ਕੌਮਾਂ ਵੀ ਯਹੂਦੀਆਂ ਦੇ ਨਾਲ ਪਰਮੇਸ਼ਰ ਦੀ ਮਸੀਹ ਯਿਸੂ ਵਿੱਚ ਵਾਅਦਾ ਕੀਤੀ ਹੋਈ ਵਿਰਾਸਤ ਵਿੱਚ ਭਾਗੀ ਹਨ ਅਤੇ ਉਹਨਾਂ ਦੇ ਨਾਲ ਇੱਕ ਸਰੀਰ ਦੇ ਅੰਗ ਹਨ । ਮੈਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਸ਼ੁਭ ਸਮਾਚਾਰ ਦਾ ਸੇਵਕ ਬਣਿਆ ਹਾਂ ਜੋ ਦਾਨ ਮੈਨੂੰ ਉਹਨਾਂ ਦੀ ਸਮਰੱਥਾ ਦੇ ਦੁਆਰਾ ਮਿਲਿਆ ਹੈ । ਮੈਂ ਪਰਮੇਸ਼ਰ ਦੇ ਸਭ ਲੋਕਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਪਰ ਫਿਰ ਵੀ ਪਰਮੇਸ਼ਰ ਨੇ ਮੈਨੂੰ ਆਪਣੀ ਕਿਰਪਾ ਦੇ ਨਾਲ ਇਸ ਯੋਗ ਸਮਝਿਆ ਕਿ ਮੈਂ ਮਸੀਹ ਦੀਆਂ ਬੇਅੰਤ ਅਸੀਸਾਂ ਦਾ ਸ਼ੁਭ ਸਮਾਚਾਰ ਪਰਾਈਆਂ ਕੌਮਾਂ ਨੂੰ ਸੁਣਾਵਾਂ ਅਤੇ ਪਰਮੇਸ਼ਰ ਦਾ ਭੇਤ ਸਾਰੀ ਮਨੁੱਖਜਾਤੀ ਸਾਹਮਣੇ ਖੋਲ੍ਹਾਂ । ਪਰਮੇਸ਼ਰ ਨੇ ਜੋ ਸਭ ਚੀਜ਼ਾਂ ਦੇ ਸਿਰਜਣਹਾਰ ਹਨ, ਇਹ ਭੇਤ ਪਹਿਲੇ ਸਭ ਯੁੱਗਾਂ ਵਿੱਚ ਆਪਣੇ ਤੱਕ ਰੱਖਿਆ ਸੀ ਤਾਂ ਜੋ ਇਸ ਯੁੱਗ ਵਿੱਚ ਕਲੀਸਿਯਾ ਦੇ ਦੁਆਰਾ ਪਰਮੇਸ਼ਰ ਦੀ ਬਹੁਗੁਣੀ ਬੁੱਧ, ਅਕਾਸ਼ੀ ਹਕੂਮਤਾਂ ਅਤੇ ਅਧਿਕਾਰੀਆਂ ਉੱਤੇ ਪ੍ਰਗਟ ਹੋਵੇ । ਇਹ ਉਸ ਅਨੰਤ ਉਦੇਸ਼ ਦੇ ਅਨੁਸਾਰ ਹੋਇਆ ਜੋ ਪਰਮੇਸ਼ਰ ਨੇ ਸਾਡੇ ਪ੍ਰਭੂ ਮਸੀਹ ਯਿਸੂ ਵਿੱਚ ਪੂਰਾ ਕੀਤਾ । ਮਸੀਹ ਵਿੱਚ ਅਤੇ ਉਹਨਾਂ ਵਿੱਚ ਆਪਣੇ ਵਿਸ਼ਵਾਸ ਦੇ ਰਾਹੀਂ ਹੁਣ ਅਸੀਂ ਨਿਡਰ ਹੋ ਕੇ ਪੂਰਨ ਭਰੋਸੇ ਦੇ ਨਾਲ ਪਰਮੇਸ਼ਰ ਦੇ ਕੋਲ ਜਾ ਸਕਦੇ ਹਾਂ । ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਨਿਰਾਸ਼ ਨਾ ਹੋਵੋ ਕਿ ਮੈਂ ਤੁਹਾਡੇ ਲਈ ਦੁੱਖ ਸਹਿ ਰਿਹਾ ਹਾਂ । ਇਸ ਵਿੱਚ ਤੁਹਾਡੀ ਮਹਿਮਾ ਹੈ । ਇਸ ਕਾਰਨ ਮੈਂ ਪਿਤਾ ਦੇ ਸਾਹਮਣੇ ਆਪਣੇ ਗੋਡੇ ਟੇਕ ਕੇ ਪ੍ਰਾਰਥਨਾ ਕਰਦਾ ਹਾਂ ਜਿਹਨਾਂ ਤੋਂ ਅਕਾਸ਼ ਅਤੇ ਧਰਤੀ ਦਾ ਹਰ ਪਰਿਵਾਰ ਆਪਣਾ ਨਾਂ ਪ੍ਰਾਪਤ ਕਰਦਾ ਹੈ । ਮੇਰੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਆਪਣੀ ਮਹਿਮਾ ਦੇ ਭੰਡਾਰ ਵਿੱਚੋਂ ਆਪਣੇ ਆਤਮਾ ਦੇ ਦੁਆਰਾ ਤੁਹਾਨੂੰ ਸਮਰੱਥਾ ਦੇਣ ਕਿ ਤੁਸੀਂ ਆਪਣੀ ਅੰਦਰੂਨੀ ਮਨੁੱਖਤਾ ਵਿੱਚ ਸਮਰੱਥਾ ਪ੍ਰਾਪਤ ਕਰੋ ਤਾਂ ਜੋ ਮਸੀਹ ਤੁਹਾਡੇ ਦਿਲਾਂ ਵਿੱਚ ਵਿਸ਼ਵਾਸ ਦੇ ਦੁਆਰਾ ਵਾਸ ਕਰਨ । ਮੇਰੀ ਪ੍ਰਾਰਥਨਾ ਹੈ ਕਿ ਪਿਆਰ ਵਿੱਚ ਤੁਹਾਡੀਆਂ ਜੜ੍ਹਾਂ ਅਤੇ ਨੀਹਾਂ ਪੱਕੀਆਂ ਹੋਣ । ਤੁਹਾਡੇ ਵਿੱਚ ਇੰਨੀ ਸਮਰੱਥਾ ਹੋਵੇ ਕਿ ਤੁਸੀਂ ਪਰਮੇਸ਼ਰ ਦੇ ਸਾਰੇ ਲੋਕਾਂ ਦੇ ਨਾਲ ਮਿਲ ਕੇ ਉਹਨਾਂ ਦੇ ਪਿਆਰ ਦੀ ਚੌੜਾਈ, ਲੰਬਾਈ, ਉੱਚਾਈ ਅਤੇ ਡੂੰਘਾਈ ਨੂੰ ਜਾਣ ਸਕੋ ਅਤੇ ਤੁਸੀਂ ਉਹਨਾਂ ਦੇ ਪਿਆਰ ਨੂੰ ਜਾਣੋ ਜੋ ਮਨੁੱਖੀ ਸਮਝ ਤੋਂ ਪਰੇ ਹੈ ਅਤੇ ਪਰਮੇਸ਼ਰ ਦੀ ਪੂਰਨਤਾ ਨਾਲ ਭਰਪੂਰ ਹੋ ਜਾਵੋ । ਹੁਣ ਉਹ ਪਰਮੇਸ਼ਰ ਜਿਹੜੇ ਆਪਣੀ ਉਸ ਸਮਰੱਥਾ ਨਾਲ ਜੋ ਸਾਡੇ ਵਿੱਚ ਕੰਮ ਕਰ ਰਹੀ ਹੈ ਸਾਡੇ ਮੰਗਣ ਅਤੇ ਸੋਚਣ ਤੋਂ ਵੀ ਵਧੇਰੇ ਕਰ ਸਕਦੇ ਹਨ, ਉਸੇ ਪਰਮੇਸ਼ਰ ਦੀ ਵਡਿਆਈ ਕਲੀਸਿਯਾ ਦੇ ਵਿੱਚ ਅਤੇ ਮਸੀਹ ਯਿਸੂ ਦੇ ਵਿੱਚ, ਪੀੜ੍ਹੀ ਤੋਂ ਪੀੜ੍ਹੀ ਵਿੱਚ ਅਨੰਤਕਾਲ ਤੱਕ ਹੁੰਦੀ ਰਹੇ । ਆਮੀਨ! ਮੈਂ ਪ੍ਰਭੂ ਦਾ ਕੈਦੀ ਹੁੰਦੇ ਹੋਏ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਪਰਮੇਸ਼ਰ ਵੱਲੋਂ ਮਿਲੇ ਜਿਸ ਸੱਦੇ ਨਾਲ ਤੁਸੀਂ ਬੁਲਾਏ ਗਏ ਹੋ ਉਸ ਦੇ ਯੋਗ ਜੀਵਨ ਬਤੀਤ ਕਰੋ । ਹਮੇਸ਼ਾ ਨਿਮਰ, ਕੋਮਲ ਅਤੇ ਧੀਰਜਵਾਨ ਬਣੋ । ਪਿਆਰ ਨਾਲ ਇੱਕ ਦੂਜੇ ਨਾਲ ਸਹਿਣਸ਼ੀਲ ਰਹੋ । ਸ਼ਾਂਤੀ ਦੁਆਰਾ ਮੇਲ ਮਿਲਾਪ ਦੇ ਰਾਹੀਂ ਆਤਮਾ ਦੀ ਏਕਤਾ ਨੂੰ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰੋ । ਇੱਕ ਹੀ ਸਰੀਰ ਹੈ ਅਤੇ ਇੱਕ ਹੀ ਆਤਮਾ ਹੈ, ਜਿਸ ਤਰ੍ਹਾਂ ਉਮੀਦ ਇੱਕ ਹੈ ਜਿਸ ਦੇ ਲਈ ਪਰਮੇਸ਼ਰ ਨੇ ਤੁਹਾਨੂੰ ਸੱਦਿਆ ਹੈ । ਇੱਕ ਹੀ ਪ੍ਰਭੂ, ਇੱਕ ਹੀ ਵਿਸ਼ਵਾਸ, ਇੱਕ ਹੀ ਬਪਤਿਸਮਾ ਹੈ, ਇੱਕ ਹੀ ਪਰਮੇਸ਼ਰ ਹਨ ਜੋ ਸਾਰਿਆਂ ਦੇ ਪਿਤਾ ਹਨ । ਉਹ ਹੀ ਸਾਰਿਆਂ ਦੇ ਉੱਪਰ ਰਾਜ ਕਰਦੇ ਹਨ ਜੋ ਸਾਰਿਆਂ ਦੇ ਰਾਹੀਂ ਕੰਮ ਕਰਦੇ ਅਤੇ ਸਾਰਿਆਂ ਦੇ ਵਿੱਚ ਵਾਸ ਕਰਦੇ ਹਨ । ਮਸੀਹ ਨੇ ਸਾਨੂੰ ਹਰ ਇੱਕ ਨੂੰ ਆਪਣੇ ਮਾਪ ਦੇ ਅਨੁਸਾਰ ਕਿਰਪਾ ਦਾ ਵਰਦਾਨ ਦਿੱਤਾ ਹੈ । ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ: “ਜਦੋਂ ਉਹ ਉਚਾਈਆਂ ਉੱਤੇ ਚੜ੍ਹ ਗਏ, ਤਾਂ ਉਹ ਆਪਣੇ ਨਾਲ ਬੰਦੀਆਂ ਨੂੰ ਲੈ ਗਏ; ਉਹਨਾਂ ਨੇ ਮਨੁੱਖਾਂ ਨੂੰ ਵਰਦਾਨ ਦਿੱਤੇ ।” “ਉਚਾਈਆਂ ਉੱਤੇ ਚੜ੍ਹ ਗਏ,” ਦਾ ਕੀ ਅਰਥ ਹੈ? ਇਸ ਦਾ ਅਰਥ ਇਹ ਹੈ ਕਿ ਉਹ ਪਹਿਲਾਂ ਪਤਾਲ ਵਿੱਚ ਗਏ । ਇਸ ਲਈ ਕਿ ਜੋ ਹੇਠਾਂ ਗਏ, ਉਹ ਹੀ ਹਨ ਜੋ ਸਭ ਅਕਾਸ਼ਾਂ ਤੋਂ ਵੀ ਉੱਪਰ ਗਏ ਕਿ ਉਹ ਸਾਰੀ ਸ੍ਰਿਸ਼ਟੀ ਨੂੰ ਭਰਪੂਰ ਕਰਨ । ਉਹਨਾਂ ਨੇ ਸਭ ਨੂੰ ਵੱਖ-ਵੱਖ ਵਰਦਾਨ ਦਿੱਤੇ; ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਸ਼ੁਭ ਸਮਾਚਾਰ ਦੇ ਪ੍ਰਚਾਰਕ, ਕੁਝ ਨੂੰ ਪਾਸਬਾਨ ਅਤੇ ਕੁਝ ਨੂੰ ਸਿੱਖਿਅਕ ਹੋਣ ਦੇ ਲਈ ਨਿਯੁਕਤ ਕੀਤਾ । ਉਹਨਾਂ ਨੇ ਇਹ ਸਭ ਵਰਦਾਨ ਇਸ ਲਈ ਦਿੱਤੇ ਕਿ ਉਹ ਪਰਮੇਸ਼ਰ ਦੇ ਸਭ ਲੋਕਾਂ ਨੂੰ ਸੇਵਾ ਦੇ ਲਈ ਤਿਆਰ ਕਰਨ, ਜਿਸ ਨਾਲ ਮਸੀਹ ਦੇ ਸਰੀਰ ਦੀ ਉਸਾਰੀ ਹੋਵੇ ਜਦੋਂ ਤੱਕ ਕਿ ਅਸੀਂ ਸਾਰੇ ਉਸ ਏਕਤਾ ਨੂੰ ਪ੍ਰਾਪਤ ਨਾ ਕਰੀਏ ਜੋ ਉਹਨਾਂ ਵਿੱਚ ਵਿਸ਼ਵਾਸ ਕਰਨ ਅਤੇ ਪਰਮੇਸ਼ਰ ਦੇ ਪੁੱਤਰ ਨੂੰ ਜਾਨਣ ਦੁਆਰਾ ਮਿਲਦੀ ਹੈ ਅਤੇ ਅਸੀਂ ਆਪਣੀ ਪੂਰੀ ਸਿਆਣਪ ਤੱਕ ਨਾ ਪਹੁੰਚੀਏ ਭਾਵ ਉਸ ਪੂਰਨਤਾ ਤੱਕ ਜੋ ਮਸੀਹ ਤੋਂ ਮਿਲਦੀ ਹੈ । ਫਿਰ ਅਸੀਂ ਅੱਗੇ ਤੋਂ ਬੱਚੇ ਨਹੀਂ ਰਹਾਂਗੇ ਜੋ ਹਰ ਤਰ੍ਹਾਂ ਦੀ ਝੂਠੀ ਸਿੱਖਿਆ ਅਤੇ ਧੋਖੇ ਨਾਲ ਬਣਾਈਆਂ ਮਨੁੱਖੀ ਚਾਲਾਂ ਦੀਆਂ ਲਹਿਰਾਂ ਵਿੱਚ ਡਾਂਵਾਂਡੋਲ ਅਤੇ ਹਵਾਵਾਂ ਨਾਲ ਇੱਧਰ ਉੱਧਰ ਭਟਕਦੇ ਹਨ । ਸਗੋਂ ਅਸੀਂ ਪਿਆਰ ਦੇ ਨਾਲ ਸੱਚ ਬੋਲਦੇ ਹੋਏ ਮਸੀਹ ਵਿੱਚ ਜੋ ਸਿਰ ਹਨ ਹਰ ਤਰ੍ਹਾਂ ਵੱਧਦੇ ਜਾਈਏ । ਉਹਨਾਂ ਦੇ ਦੁਆਰਾ ਸਰੀਰ ਦੇ ਸਾਰੇ ਅੰਗ ਜੁੜ ਕੇ ਠੀਕ ਤਰ੍ਹਾਂ ਕੰਮ ਕਰਦੇ ਹਨ ਜਿਸ ਦੇ ਨਾਲ ਸਰੀਰ ਪਿਆਰ ਵਿੱਚ ਵੱਧਦਾ ਅਤੇ ਉਸਰਦਾ ਜਾਂਦਾ ਹੈ । ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਸਗੋਂ ਮੈਂ ਇਹ ਪ੍ਰਭੂ ਦੇ ਨਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਪਰਾਈਆਂ ਕੌਮਾਂ ਦੀ ਤਰ੍ਹਾਂ ਨਾ ਬਣੋ ਜਿਹਨਾਂ ਦੇ ਵਿਚਾਰ ਵਿਅਰਥ ਹਨ । ਉਹਨਾਂ ਦੇ ਮਨ ਹਨੇਰੇ ਹੋ ਗਏ ਹਨ ਅਤੇ ਉਹ ਉਸ ਜੀਵਨ ਤੋਂ ਦੂਰ ਹਨ ਜੋ ਪਰਮੇਸ਼ਰ ਦਿੰਦੇ ਹਨ ਕਿਉਂਕਿ ਉਹ ਅਗਿਆਨੀ ਹਨ ਅਤੇ ਉਹਨਾਂ ਦੇ ਦਿਲ ਕਠੋਰ ਹਨ । ਉਹਨਾਂ ਨੇ ਸੁੰਨ ਹੋ ਕੇ ਹਰ ਤਰ੍ਹਾਂ ਦੀ ਦੁਸ਼ਟਤਾ ਨੂੰ ਸਵੀਕਾਰ ਕਰ ਲਿਆ ਹੈ ਤਾਂ ਜੋ ਉਹ ਬਿਨਾਂ ਸੰਜਮ ਦੇ ਲਾਲਸਾ ਕਰਦੇ ਰਹਿਣ । ਪਰ ਤੁਸੀਂ ਮਸੀਹ ਦੇ ਬਾਰੇ ਇਸ ਤਰ੍ਹਾਂ ਨਹੀਂ ਸਿੱਖਿਆ । ਜੇਕਰ ਤੁਸੀਂ ਉਹਨਾਂ ਦੇ ਬਾਰੇ ਸੁਣਿਆ ਅਤੇ ਤੁਹਾਨੂੰ ਉਹ ਸੱਚ ਸਿਖਾਇਆ ਗਿਆ ਜੋ ਯਿਸੂ ਵਿੱਚ ਹੈ ਤਾਂ ਫਿਰ ਤੁਸੀਂ ਆਪਣਾ ਪੁਰਾਣਾ ਜੀਵਨ ਤਿਆਗ ਦੇਵੋ, ਆਪਣੀ ਉਹ ਮਨੁੱਖਤਾ ਜੋ ਇਸ ਦੀਆਂ ਕਪਟੀ ਵਾਸ਼ਨਾਵਾਂ ਦੇ ਰਾਹੀਂ ਨਾਸ਼ ਹੋ ਰਹੀ ਹੈ । ਤੁਹਾਡੇ ਦਿਲ ਅਤੇ ਮਨ ਨਵੇਂ ਬਣਦੇ ਜਾਣ ਅਤੇ ਤੁਸੀਂ ਉਸ ਨਵੀਂ ਮਨੁੱਖਤਾ ਨੂੰ ਪਹਿਨ ਲਵੋ ਜੋ ਪਰਮੇਸ਼ਰ ਦੇ ਸਰੂਪ ਵਿੱਚ ਨੇਕੀ ਅਤੇ ਪਵਿੱਤਰਤਾ ਦੇ ਦੁਆਰਾ ਰਚੀ ਗਈ ਹੈ । ਇਸ ਲਈ ਝੂਠ ਬੋਲਣਾ ਛੱਡ ਦਿਓ । ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਹਰ ਕੋਈ ਇੱਕ ਦੂਜੇ ਨਾਲ ਸੱਚ ਬੋਲੇ,” ਕਿਉਂਕਿ ਅਸੀਂ ਸਭ ਇੱਕ ਹੀ ਸਰੀਰ ਦੇ ਅੰਗ ਹਾਂ । ਤੁਸੀਂ ਗੁੱਸਾ ਤਾਂ ਕਰੋ ਪਰ ਪਾਪ ਨਾ ਕਰੋ । ਸੂਰਜ ਡੁੱਬਣ ਤੋਂ ਪਹਿਲਾਂ ਆਪਣਾ ਗੁੱਸਾ ਖ਼ਤਮ ਕਰ ਦਿਓ । ਤੁਸੀਂ ਸ਼ੈਤਾਨ ਨੂੰ ਮੌਕਾ ਨਾ ਦਿਓ । ਚੋਰੀ ਕਰਨ ਵਾਲਾ ਹੁਣ ਤੋਂ ਚੋਰੀ ਨਾ ਕਰੇ ਸਗੋਂ ਮਿਹਨਤ ਕਰੇ ਅਤੇ ਆਪਣੇ ਹੱਥਾਂ ਨਾਲ ਕੋਈ ਕੰਮ ਕਰੇ ਤਾਂ ਜੋ ਉਸ ਕੋਲ ਲੋੜਵੰਦਾਂ ਨੂੰ ਦੇਣ ਲਈ ਕੁਝ ਹੋਵੇ । ਤੁਹਾਡੇ ਮੂੰਹ ਵਿੱਚੋਂ ਕੋਈ ਬੁਰਾ ਸ਼ਬਦ ਨਾ ਨਿਕਲੇ ਸਗੋਂ ਇਹੋ ਜਿਹੇ ਭਲੇ ਸ਼ਬਦ ਨਿਕਲਣ ਜਿਹਨਾਂ ਤੋਂ ਸੁਣਨ ਵਾਲਿਆਂ ਨੂੰ ਲਾਭ ਪਹੁੰਚੇ ਅਤੇ ਉਹਨਾਂ ਦੀ ਉਸਾਰੀ ਵਿੱਚ ਮਦਦ ਹੋਵੇ । ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਦੁਖੀ ਨਾ ਕਰੋ ਜਿਸ ਦੇ ਨਾਲ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਦੀ ਮੋਹਰ ਲਾਈ ਗਈ ਹੈ । ਸਭ ਤਰ੍ਹਾਂ ਦੇ ਕੌੜੇਪਨ, ਗੁੱਸੇ, ਕ੍ਰੋਧ, ਝਗੜੇ ਅਤੇ ਨਿੰਦਾ ਨੂੰ ਆਪਣੇ ਵਿੱਚੋਂ ਦੂਰ ਕਰੋ, ਹਰ ਤਰ੍ਹਾਂ ਦੀ ਨਫ਼ਰਤ ਤੋਂ ਦੂਰ ਰਹੋ । ਸਗੋਂ ਇੱਕ ਦੂਜੇ ਉੱਤੇ ਮਿਹਰ ਅਤੇ ਤਰਸ ਕਰੋ । ਇੱਕ ਦੂਜੇ ਨੂੰ ਮਾਫ਼ ਕਰੋ ਜਿਸ ਤਰ੍ਹਾਂ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਮਾਫ਼ ਕੀਤਾ ਹੈ । ਕਿਉਂਕਿ ਤੁਸੀਂ ਪਰਮੇਸ਼ਰ ਦੀ ਪਿਆਰੀ ਸੰਤਾਨ ਹੋ ਇਸ ਲਈ ਤੁਸੀਂ ਉਹਨਾਂ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰੋ । ਪਿਆਰ ਵਾਲਾ ਜੀਵਨ ਗੁਜ਼ਾਰੋ, ਜਿਸ ਤਰ੍ਹਾਂ ਮਸੀਹ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਇੱਕ ਸੁਗੰਧ ਬਲੀ ਦੀ ਤਰ੍ਹਾਂ ਸਾਡੇ ਲਈ ਪਰਮੇਸ਼ਰ ਦੇ ਸਾਹਮਣੇ ਚੜ੍ਹਾ ਦਿੱਤਾ । ਕਿਉਂਕਿ ਤੁਸੀਂ ਪਰਮੇਸ਼ਰ ਦੇ ਲੋਕ ਹੋ ਇਸ ਲਈ ਤੁਹਾਡੇ ਵਿੱਚ ਵਿਭਚਾਰ, ਕਿਸੇ ਤਰ੍ਹਾਂ ਦੀ ਅਸ਼ਲੀਲਤਾ ਅਤੇ ਲੋਭ ਦੀ ਚਰਚਾ ਵੀ ਨਹੀਂ ਹੋਣੀ ਚਾਹੀਦੀ । ਨਾ ਹੀ ਤੁਹਾਡੇ ਵਿੱਚ ਕਿਸੇ ਤਰ੍ਹਾਂ ਦੀ ਬੇਸ਼ਰਮੀ, ਮੂਰਖਤਾ ਦੀਆਂ ਗੱਲਾਂ ਅਤੇ ਗੰਦੀ ਭਾਸ਼ਾ ਦੀ ਵਰਤੋਂ ਹੋਵੇ ਸਗੋਂ ਤੁਸੀਂ ਪਰਮੇਸ਼ਰ ਦਾ ਧੰਨਵਾਦ ਕਰੋ । ਤੁਸੀਂ ਇਹ ਜਾਣਦੇ ਅਤੇ ਸਮਝਦੇ ਹੋ ਕਿ ਇਹੋ ਜਿਹਾ ਕੋਈ ਵੀ ਮਨੁੱਖ ਜੋ ਕਿਸੇ ਤਰ੍ਹਾਂ ਦਾ ਵਿਭਚਾਰ, ਅਸ਼ੁੱਧਤਾ ਜਾਂ ਲੋਭ ਨੂੰ ਜੋ ਮੂਰਤੀ ਪੂਜਾ ਹੈ, ਆਪਣੇ ਜੀਵਨ ਵਿੱਚ ਥਾਂ ਦਿੰਦਾ ਹੈ, ਉਹ ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਕਿਸੇ ਤਰ੍ਹਾਂ ਵੀ ਭਾਗੀ ਨਹੀਂ ਹੋਵੇਗਾ । ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਧੋਖਾ ਨਾ ਦੇਵੇ ਕਿਉਂਕਿ ਅਜਿਹੀਆਂ ਚੀਜ਼ਾਂ ਦੇ ਰਾਹੀਂ ਪਰਮੇਸ਼ਰ ਦਾ ਕ੍ਰੋਧ ਹੁਕਮ ਨਾ ਮੰਨਣ ਵਾਲਿਆਂ ਉੱਤੇ ਪ੍ਰਗਟ ਹੁੰਦਾ ਹੈ । ਇਸ ਲਈ ਇਹੋ ਜਿਹੇ ਲੋਕਾਂ ਨਾਲ ਸਾਂਝ ਨਾ ਰੱਖੋ । ਪਹਿਲਾਂ ਤੁਸੀਂ ਹਨੇਰੇ ਵਿੱਚ ਸੀ ਪਰ ਹੁਣ ਤੁਸੀਂ ਪ੍ਰਭੂ ਵਿੱਚ ਆ ਕੇ ਚਾਨਣ ਵਿੱਚ ਆ ਗਏ ਹੋ । ਇਸ ਲਈ ਹੁਣ ਤੁਸੀਂ ਚਾਨਣ ਦੀ ਸੰਤਾਨ ਦੀ ਤਰ੍ਹਾਂ ਜੀਵਨ ਗੁਜ਼ਾਰੋ । ਇਹ ਚਾਨਣ ਹੀ ਹੈ ਜਿਸ ਦਾ ਫਲ ਭਲਾਈ, ਨੇਕੀ ਅਤੇ ਸੱਚ ਹੈ । ਅਤੇ ਇਹ ਪਰਖੋ ਕਿ ਪ੍ਰਭੂ ਕਿਸ ਤੋਂ ਖ਼ੁਸ਼ ਹੁੰਦੇ ਹਨ । ਹਨੇਰੇ ਦੇ ਵਾਸੀਆਂ ਦੇ ਕੰਮਾਂ ਨਾਲ ਕੋਈ ਸਾਂਝ ਨਾ ਰੱਖੋ ਸਗੋਂ ਉਹਨਾਂ ਦੇ ਕੰਮਾਂ ਨੂੰ ਪ੍ਰਗਟ ਕਰੋ । ਜੋ ਕੁਝ ਉਹ ਗੁਪਤ ਵਿੱਚ ਕਰਦੇ ਹਨ ਉਸ ਨੂੰ ਮੂੰਹ ਉੱਤੇ ਲਿਆਉਣਾ ਵੀ ਸ਼ਰਮ ਵਾਲੀ ਗੱਲ ਹੈ । ਜਦੋਂ ਹਰ ਚੀਜ਼ ਚਾਨਣ ਵਿੱਚ ਲਿਆਈ ਜਾਂਦੀ ਹੈ, ਤਦ ਉਸ ਦੀ ਅਸਲੀਅਤ ਪ੍ਰਗਟ ਹੋ ਜਾਂਦੀ ਹੈ । ਕਿਉਂਕਿ ਚਾਨਣ ਹੀ ਹੈ ਜੋ ਸਭ ਕੁਝ ਪ੍ਰਗਟ ਕਰਦਾ ਹੈ । ਇਸ ਲਈ ਇਹ ਕਿਹਾ ਗਿਆ ਹੈ: “ਸੌਣ ਵਾਲੇ ਜਾਗ ਮੁਰਦਿਆਂ ਵਿੱਚੋਂ ਉੱਠ ਖੜਾ ਹੋ, ਅਤੇ ਮਸੀਹ ਤੇਰੇ ਉੱਤੇ ਚਾਨਣ ਕਰਨਗੇ ।” ਇਸ ਲਈ ਆਪਣੇ ਵਿਵਹਾਰ ਵਿੱਚ ਸੁਚੇਤ ਰਹੋ । ਮੂਰਖਾਂ ਵਰਗਾ ਨਹੀਂ ਸਗੋਂ ਬੁੱਧੀਮਾਨਾਂ ਵਰਗਾ ਵਰਤਾਅ ਕਰੋ । ਸਮੇਂ ਦਾ ਸਹੀ ਉਪਯੋਗ ਕਰੋ ਕਿਉਂਕਿ ਇਹ ਦਿਨ ਬੁਰੇ ਹਨ । ਇਸ ਲਈ ਮੂਰਖ ਨਾ ਬਣੋ ਸਗੋਂ ਪ੍ਰਭੂ ਦੀ ਇੱਛਾ ਨੂੰ ਜਾਨਣ ਦੀ ਕੋਸ਼ਿਸ਼ ਕਰੋ । ਮੈਅ ਨਾਲ ਮਸਤ ਨਾ ਹੋਵੋ ਕਿਉਂਕਿ ਇਸ ਨਾਲ ਬਦਕਾਰੀ ਪੈਦਾ ਹੁੰਦੀ ਹੈ ਸਗੋਂ ਪਵਿੱਤਰ ਆਤਮਾ ਨਾਲ ਭਰਪੂਰ ਹੋ ਜਾਓ । ਇੱਕ ਦੂਜੇ ਦੇ ਨਾਲ ਭਜਨਾਂ, ਗੀਤਾਂ ਅਤੇ ਭਗਤੀ ਸੰਗੀਤ ਦੇ ਰਾਹੀਂ ਆਪਣੇ ਭਾਵ ਪ੍ਰਗਟ ਕਰੋ । ਆਪਣੇ ਦਿਲਾਂ ਵਿੱਚ ਪ੍ਰਭੂ ਦੇ ਲਈ ਭਜਨ ਗਾਓ ਅਤੇ ਉਸਤਤ ਕਰੋ । ਪਰਮੇਸ਼ਰ ਪਿਤਾ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸਭ ਚੀਜ਼ਾਂ ਦੇ ਲਈ ਧੰਨਵਾਦ ਕਰੋ । ਮਸੀਹ ਦਾ ਡਰ ਮੰਨਦੇ ਹੋਏ, ਇੱਕ ਦੂਜੇ ਦੇ ਅਧੀਨ ਰਹੋ । ਪਤਨੀਓ, ਆਪਣੇ ਆਪ ਨੂੰ ਆਪਣੇ ਪਤੀਆਂ ਦੇ ਅਧੀਨ ਕਰ ਦੇਵੋ, ਜਿਵੇਂ ਪ੍ਰਭੂ ਦੇ ਅਧੀਨ ਹੋ ਕਿਉਂਕਿ ਪਤੀ, ਪਤਨੀ ਦਾ ਸਿਰ ਹੈ । ਜਿਸ ਤਰ੍ਹਾਂ ਮਸੀਹ ਕਲੀਸਿਯਾ ਦੇ ਸਿਰ ਅਤੇ ਮੁਕਤੀਦਾਤਾ ਹਨ, ਕਲੀਸਿਯਾ ਮਸੀਹ ਦਾ ਸਰੀਰ ਹੈ । ਇਸ ਲਈ ਪਤਨੀਆਂ ਉਸੇ ਤਰ੍ਹਾਂ ਆਪਣੇ ਪਤੀਆਂ ਦੇ ਅਧੀਨ ਰਹਿਣ, ਜਿਸ ਤਰ੍ਹਾਂ ਕਲੀਸਿਯਾ ਮਸੀਹ ਦੇ ਅਧੀਨ ਹੈ । ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨਾਲ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮਸੀਹ ਨੇ ਕਲੀਸਿਯਾ ਦੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਉਸ ਦੇ ਲਈ ਬਲੀਦਾਨ ਕਰ ਦਿੱਤਾ । ਉਹਨਾਂ ਨੇ ਇਹ ਇਸ ਲਈ ਕੀਤਾ ਕਿ ਉਹ ਕਲੀਸਿਯਾ ਨੂੰ ਪਾਣੀ ਅਤੇ ਪਵਿੱਤਰ ਵਚਨ ਦੇ ਨਾਲ ਸ਼ੁੱਧ ਅਤੇ ਪਵਿੱਤਰ ਕਰਨ ਅਤੇ ਇਸ ਤਰ੍ਹਾਂ ਉਹ ਉਸ ਨੂੰ ਆਪਣੇ ਲਈ ਪੂਰਨ ਮਹਿਮਾ ਭਰੀ ਸੁੰਦਰਤਾ ਸਮੇਤ ਬਿਨਾਂ ਕਿਸੇ ਧੱਬੇ ਅਤੇ ਝੁਰੜੀ ਦੇ ਹਾਜ਼ਰ ਕਰਨ । ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਉਹ ਆਪਣੇ ਸਰੀਰਾਂ ਨਾਲ ਪਿਆਰ ਕਰਦੇ ਹਨ । ਕਿਉਂਕਿ ਜੋ ਕੋਈ ਆਪਣੀ ਪਤਨੀ ਨਾਲ ਪਿਆਰ ਕਰਦਾ ਹੈ, ਉਹ ਅਸਲ ਵਿੱਚ ਆਪਣੇ ਆਪ ਨਾਲ ਪਿਆਰ ਕਰਦਾ ਹੈ । ਕੋਈ ਮਨੁੱਖ ਆਪਣੇ ਸਰੀਰ ਨੂੰ ਨਫ਼ਰਤ ਨਹੀਂ ਕਰਦਾ ਸਗੋਂ ਉਹ ਉਸ ਦਾ ਇਸ ਤਰ੍ਹਾਂ ਪਾਲਣ-ਪੋਸ਼ਣ ਕਰਦਾ ਹੈ, ਜਿਸ ਤਰ੍ਹਾਂ ਮਸੀਹ ਕਲੀਸਿਯਾ ਦਾ ਪਾਲਣ-ਪੋਸ਼ਣ ਕਰਦੇ ਹਨ ਕਿਉਂਕਿ ਅਸੀਂ ਵੀ ਉਹਨਾਂ ਦੇ ਸਰੀਰ ਦੇ ਅੰਗ ਹਾਂ । ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ: “ਆਦਮੀ ਇਸੇ ਕਾਰਨ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਜੁੜਿਆ ਰਹੇਗਾ ਅਤੇ ਇਸ ਤਰ੍ਹਾਂ ਉਹ ਦੋਵੇਂ ਇੱਕ ਸਰੀਰ ਹੋਣਗੇ ।” ਇਹਨਾਂ ਸ਼ਬਦਾਂ ਵਿੱਚ ਇੱਕ ਵੱਡਾ ਭੇਤ ਪ੍ਰਗਟ ਕੀਤਾ ਗਿਆ ਹੈ ਜੋ ਮੈਂ ਸਮਝਦਾ ਹਾਂ ਕਿ ਮਸੀਹ ਅਤੇ ਕਲੀਸਿਯਾ ਉੱਤੇ ਲਾਗੂ ਹੁੰਦਾ ਹੈ । ਪਰ ਇਹ ਤੁਹਾਡੇ ਉੱਤੇ ਵੀ ਲਾਗੂ ਹੁੰਦਾ ਹੈ: ਹਰ ਪਤੀ ਆਪਣੀ ਪਤਨੀ ਨੂੰ ਆਪਣੇ ਵਾਂਗ ਪਿਆਰ ਕਰੇ ਅਤੇ ਹਰ ਪਤਨੀ ਆਪਣੇ ਪਤੀ ਦਾ ਆਦਰ ਕਰੇ । ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੇ ਆਗਿਆਕਾਰ ਬਣੋ ਕਿਉਂਕਿ ਅਜਿਹਾ ਕਰਨਾ ਸਹੀ ਹੈ । “ਆਪਣੇ ਮਾਤਾ-ਪਿਤਾ ਦਾ ਆਦਰ ਕਰ,” ਇਹ ਪਹਿਲਾ ਹੁਕਮ ਹੈ ਜਿਸ ਦੇ ਨਾਲ ਵਾਅਦਾ ਵੀ ਹੈ । ਇਸ ਨੂੰ ਪੂਰਾ ਕਰਨ ਦੇ ਨਾਲ “ਤੇਰਾ ਭਲਾ ਹੋਵੇਗਾ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਗੁਜ਼ਾਰੇਂਗਾ ।” ਤੁਸੀਂ ਜੋ ਪਿਤਾ ਹੋ, ਆਪਣੇ ਬੱਚਿਆਂ ਦਾ ਗੁੱਸਾ ਨਾ ਭੜਕਾਓ ਸਗੋਂ ਉਹਨਾਂ ਦਾ ਪਾਲਣ-ਪੋਸ਼ਣ ਪ੍ਰਭੂ ਦੇ ਅਨੁਸ਼ਾਸਨ ਅਤੇ ਸਿੱਖਿਆ ਅਨੁਸਾਰ ਕਰੋ । ਗ਼ੁਲਾਮੋ, ਆਪਣੇ ਪੂਰੇ ਦਿਲ ਨਾਲ ਡਰਦੇ ਅਤੇ ਕੰਬਦੇ ਹੋਏ ਆਪਣੇ ਸੰਸਾਰਕ ਮਾਲਕਾਂ ਦੇ ਇਸ ਤਰ੍ਹਾਂ ਆਗਿਆਕਾਰ ਬਣੋ ਜਿਸ ਤਰ੍ਹਾਂ ਕਿ ਤੁਸੀਂ ਮਸੀਹ ਦੇ ਆਗਿਆਕਾਰ ਹੋ । ਕੇਵਲ ਉਹਨਾਂ ਨੂੰ ਖ਼ੁਸ਼ ਕਰਨ ਅਤੇ ਦਿਖਾਵੇ ਦੇ ਲਈ ਹੀ ਸੇਵਾ ਨਾ ਕਰੋ ਸਗੋਂ ਮਸੀਹ ਦੇ ਗ਼ੁਲਾਮ ਹੋਣ ਕਾਰਨ ਪੂਰੇ ਦਿਲ ਨਾਲ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰੋ । ਗ਼ੁਲਾਮ ਹੁੰਦੇ ਹੋਏ ਖ਼ੁਸ਼ੀ ਨਾਲ ਸੇਵਾ ਕਰੋ, ਇਹ ਸਮਝ ਕੇ ਕਿ ਤੁਹਾਡੀ ਸੇਵਾ ਪ੍ਰਭੂ ਦੇ ਲਈ ਹੈ ਨਾ ਕਿ ਮਨੁੱਖਾਂ ਦੇ ਲਈ । ਤੁਸੀਂ ਜਾਣਦੇ ਹੋ ਕਿ ਹਰ ਭਲਾ ਕੰਮ ਕਰਨ ਵਾਲੇ ਨੂੰ ਪ੍ਰਭੂ ਕੋਲੋਂ ਫਲ ਮਿਲੇਗਾ, ਭਾਵੇਂ ਉਹ ਦਾਸ ਹੋਵੇ ਜਾਂ ਆਜ਼ਾਦ ਹੋਵੇ । ਮਾਲਕੋ, ਤੁਸੀਂ ਵੀ ਆਪਣੇ ਦਾਸਾਂ ਨਾਲ ਉਸੇ ਤਰ੍ਹਾਂ ਦਾ ਵਰਤਾਅ ਕਰੋ ਅਤੇ ਉਹਨਾਂ ਨੂੰ ਨਾ ਧਮਕਾਓ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਦੇ ਅਤੇ ਤੁਹਾਡੇ ਦੋਨਾਂ ਦੇ ਸਵਰਗ ਵਿੱਚ ਇੱਕ ਹੀ ਮਾਲਕ ਹਨ, ਜੋ ਕਿਸੇ ਦਾ ਪੱਖਪਾਤ ਨਹੀਂ ਕਰਦੇ । ਅੰਤ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਹਨਾਂ ਦੀ ਸਮਰੱਥਾ ਵਿੱਚ ਬਲਵਾਨ ਬਣੋ । ਪਰਮੇਸ਼ਰ ਦੇ ਸਾਰੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਤੁਸੀਂ ਸ਼ੈਤਾਨ ਦੀਆਂ ਖ਼ਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ । ਸਾਡਾ ਯੁੱਧ ਮਨੁੱਖਾਂ ਦੇ ਵਿਰੁੱਧ ਨਹੀਂ ਸਗੋਂ ਇਸ ਹਨੇਰੇ ਸੰਸਾਰ ਦੇ ਹਾਕਮਾਂ, ਅਧਿਕਾਰੀਆਂ ਅਤੇ ਅਕਾਸ਼ੀ ਦੁਸ਼ਟ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ । ਇਸ ਲਈ ਪਰਮੇਸ਼ਰ ਦੇ ਸ਼ਸਤਰ-ਬਸਤਰ ਧਾਰ ਲਵੋ ਤਾਂ ਜੋ ਬੁਰੇ ਦਿਨਾਂ ਵਿੱਚ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਸਥਿਰ ਰਹਿ ਸਕੋ । ਇਸ ਲਈ ਸਾਵਧਾਨ ਰਹੋ: ਸੱਚ ਦਾ ਕਮਰਬੰਦ ਕੱਸ ਲਵੋ ਅਤੇ ਨੇਕੀ ਦਾ ਸੀਨਾਬੰਦ ਪਹਿਨ ਲਵੋ । ਪੈਰਾਂ ਵਿੱਚ ਸ਼ਾਂਤੀ ਦਾ ਸ਼ੁਭ ਸਮਾਚਾਰ ਸੁਣਾਉਣ ਦੀ ਜੁੱਤੀ ਪਾ ਕੇ ਅਤੇ ਵਿਸ਼ਵਾਸ ਦੀ ਢਾਲ ਨੂੰ ਲੈ ਲਵੋ ਜਿਸ ਦੇ ਨਾਲ ਤੁਸੀਂ ਸ਼ੈਤਾਨ ਦੇ ਬਲਦੇ ਤੀਰਾਂ ਨੂੰ ਬੁਝਾ ਸਕੋਗੇ । ਇਸੇ ਤਰ੍ਹਾਂ ਮੁਕਤੀ ਦਾ ਲੋਹ-ਟੋਪ ਅਤੇ ਆਤਮਾ ਦੀ ਤਲਵਾਰ ਨੂੰ ਜੋ ਪਰਮੇਸ਼ਰ ਦਾ ਵਚਨ ਹੈ, ਲੈ ਲਵੋ । ਆਤਮਾ ਵਿੱਚ ਹਰ ਸਮੇਂ ਪ੍ਰਾਰਥਨਾ ਅਤੇ ਹਰ ਤਰ੍ਹਾਂ ਦੀ ਬੇਨਤੀ ਕਰਦੇ ਰਹੋ । ਸੁਚੇਤ ਰਹੋ ਅਤੇ ਪਰਮੇਸ਼ਰ ਦੇ ਲੋਕਾਂ ਦੇ ਲਈ ਹਰ ਸਮੇਂ ਪ੍ਰਾਰਥਨਾ ਕਰਦੇ ਰਹੋ । ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਦ ਪਰਮੇਸ਼ਰ ਮੈਨੂੰ ਅਜਿਹੇ ਸ਼ਬਦ ਦੇਣ ਜਿਹਨਾਂ ਦੇ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਭੇਤ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ ਜਿਸ ਸ਼ੁਭ ਸਮਾਚਾਰ ਦਾ ਮੈਂ ਰਾਜਦੂਤ ਹਾਂ ਭਾਵੇਂ ਇਸ ਸਮੇਂ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਹਾਂ, ਪ੍ਰਾਰਥਨਾ ਕਰੋ ਕਿ ਦਲੇਰੀ ਦੇ ਨਾਲ ਮੈਂ ਇਸ ਨੂੰ ਪ੍ਰਗਟ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ । ਸਾਡਾ ਪਿਆਰਾ ਭਰਾ ਤੁਖਿਕੁਸ ਜੋ ਪ੍ਰਭੂ ਦਾ ਇੱਕ ਆਗਿਆਕਾਰੀ ਸੇਵਕ ਹੈ, ਤੁਹਾਨੂੰ ਉਹ ਸਭ ਕੁਝ ਦੱਸੇਗਾ ਕਿ ਤੁਸੀਂ ਜਾਣੋ ਕਿ ਮੈਂ ਕਿਸ ਤਰ੍ਹਾਂ ਹਾਂ ਅਤੇ ਕੀ ਕਰ ਰਿਹਾ ਹਾਂ । ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਉਤਸ਼ਾਹ ਦੇਵੇ । ਤੁਹਾਨੂੰ ਸਭ ਵਿਸ਼ਵਾਸੀਆਂ ਨੂੰ ਪਰਮੇਸ਼ਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਸ਼ਾਂਤੀ ਅਤੇ ਵਿਸ਼ਵਾਸ ਨਾਲ ਪਿਆਰ ਮਿਲੇ । ਉਹਨਾਂ ਸਾਰਿਆਂ ਉੱਤੇ ਜੋ ਸਾਡੇ ਪ੍ਰਭੂ ਯਿਸੂ ਮਸੀਹ ਨੂੰ ਅਨੰਤ ਪਿਆਰ ਕਰਦੇ ਹਨ, ਪਰਮੇਸ਼ਰ ਦੀ ਕਿਰਪਾ ਉਹਨਾਂ ਦੇ ਨਾਲ ਹੋਵੇ । ਪੌਲੂਸ ਅਤੇ ਤਿਮੋਥਿਉਸ ਦੇ ਵਲੋਂ, ਜੋ ਮਸੀਹ ਯਿਸੂ ਦੇ ਦਾਸ ਹਨ, ਫ਼ਿਲਿੱਪੈ ਦੇ ਸਾਰੇ ਲੋਕਾਂ, ਉਹਨਾਂ ਦੇ ਨਿਗਾਹਬਾਨਾਂ ਅਤੇ ਸੇਵਾਦਾਰਾਂ ਨੂੰ ਜੋ ਮਸੀਹ ਯਿਸੂ ਦੇ ਵਿੱਚ ਹੋਣ ਦੇ ਕਾਰਨ ਪਰਮੇਸ਼ਰ ਦੇ ਲੋਕ ਹਨ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ, ਮੈਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ । ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੀ ਪ੍ਰਾਰਥਨਾ ਅਨੰਦ ਨਾਲ ਭਰੀ ਹੁੰਦੀ ਹੈ । ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਸਾਂਝੀ ਰਹੇ ਹੋ । ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਹੈ, ਉਹ ਹੀ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰਨਗੇ । ਮੇਰੇ ਲਈ ਇਹ ਠੀਕ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਲਈ ਅਜਿਹੇ ਵਿਚਾਰ ਰੱਖਾਂ ਕਿਉਂਕਿ ਮੇਰੇ ਦਿਲ ਵਿੱਚ ਤੁਹਾਡੇ ਲਈ ਇੱਕ ਖ਼ਾਸ ਜਗ੍ਹਾ ਹੈ । ਤੁਸੀਂ ਮੇਰੇ ਨਾਲ ਕਿਰਪਾ ਦੇ ਵਿੱਚ ਸਾਂਝੀ ਰਹੇ ਹੋ । ਭਾਂਵੇ ਮੈਂ ਕੈਦ ਵਿੱਚ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਪੁਸ਼ਟੀ ਕਰਨ ਲਈ ਸੱਦਿਆ ਗਿਆ ਹਾਂ । ਪਰਮੇਸ਼ਰ ਆਪ ਮੇਰੇ ਗਵਾਹ ਹਨ ਕਿ ਕਿਸ ਤਰ੍ਹਾਂ ਮਸੀਹ ਯਿਸੂ ਦੇ ਪਿਆਰ ਨਾਲ ਮੇਰੇ ਦਿਲ ਵਿੱਚ ਤੁਹਾਡੇ ਲਈ ਤਾਂਘ ਹੈ । ਮੇਰੀ ਪ੍ਰਾਰਥਨਾ ਇਹ ਹੈ ਕਿ ਤੁਹਾਡਾ ਪਿਆਰ ਹੋਰ ਜ਼ਿਆਦਾ ਵੱਧਦਾ ਜਾਵੇ ਅਤੇ ਤੁਸੀਂ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਭਰਪੂਰ ਹੁੰਦੇ ਜਾਵੋ ਤਾਂ ਜੋ ਤੁਸੀਂ ਜੋ ਉੱਤਮ ਹੈ ਉਸ ਦੀ ਪਰਖ ਕਰ ਸਕੋ ਅਤੇ ਮਸੀਹ ਦਾ ਦਿਨ ਆਉਣ ਤੱਕ ਸ਼ੁੱਧ ਅਤੇ ਨਿਰਦੋਸ਼ ਠਹਿਰੋ । ਪਰਮੇਸ਼ਰ ਦੀ ਮਹਿਮਾ ਅਤੇ ਉਸਤਤ ਦੇ ਲਈ ਉਸ ਭਲਾਈ ਦਾ ਫਲ ਪੈਦਾ ਕਰੋ ਜੋ ਕੇਵਲ ਯਿਸੂ ਮਸੀਹ ਤੋਂ ਮਿਲ ਸਕਦਾ ਹੈ । ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ ਨਾਲ ਹੋਇਆ ਹੈ, ਇਸ ਸਭ ਦੇ ਦੁਆਰਾ ਸ਼ੁਭ ਸਮਾਚਾਰ ਦਾ ਵਾਧਾ ਹੀ ਹੋਇਆ ਹੈ । ਇੱਥੋਂ ਤੱਕ ਕਿ ਮੇਰੇ ਉੱਤੇ ਲੱਗੇ ਪਹਿਰੇਦਾਰ ਅਤੇ ਬਾਕੀ ਸਾਰੇ ਲੋਕਾਂ ਉੱਤੇ ਪ੍ਰਗਟ ਹੋ ਗਿਆ ਹੈ ਕਿ ਮੈਂ ਮਸੀਹ ਦੇ ਕਾਰਨ ਹੀ ਕੈਦ ਵਿੱਚ ਹਾਂ । ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਅਤੇ ਭੈਣਾਂ ਨੂੰ ਨਿਡਰਤਾ ਅਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ । ਉਹਨਾਂ ਵਿੱਚੋਂ ਕੁਝ ਤਾਂ ਕੇਵਲ ਆਪਣੀ ਈਰਖਾ ਅਤੇ ਵਿਰੋਧੀ ਭਾਵਨਾਵਾਂ ਦੇ ਕਾਰਨ ਹੀ ਪ੍ਰਚਾਰ ਕਰਦੇ ਹਨ ਪਰ ਕੁਝ ਅਜਿਹੇ ਵੀ ਹਨ ਜੋ ਸੱਚੇ ਦਿਲ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਜੋ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਦੇ ਲਈ ਹੀ ਨਿਯੁਕਤ ਕੀਤਾ ਗਿਆ ਹਾਂ । ਪਰ ਕੁਝ ਅਜਿਹੇ ਵੀ ਹਨ ਜੋ ਸੱਚਾਈ ਨਾਲ ਨਹੀਂ ਸਗੋਂ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਕੈਦ ਦੇ ਦੁੱਖਾਂ ਵਿੱਚ ਵਾਧਾ ਕਰਨ । ਫਿਰ ਕੀ ਹੋਇਆ? ਹਰ ਹਾਲਤ ਵਿੱਚ ਭਾਵੇਂ ਸਹੀ ਭਾਵੇਂ ਗ਼ਲਤ ਇਰਾਦੇ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ । ਇਸ ਦੇ ਲਈ ਮੈਂ ਅਨੰਦਿਤ ਹਾਂ ਅਤੇ ਅਨੰਦ ਕਰਦਾ ਰਹਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਦੇ ਦੁਆਰਾ ਮੈਨੂੰ ਮੁਕਤੀ ਜ਼ਰੂਰ ਮਿਲੇਗੀ । ਮੇਰੇ ਮਨ ਦੀ ਇੱਛਾ ਅਤੇ ਮੈਨੂੰ ਪੂਰੀ ਆਸ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਾ ਹੋਵਾਂ ਪਰ ਪੂਰੀ ਦਲੇਰੀ ਨਾਲ ਜਿਵੇਂ ਮੇਰੇ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਆਈ ਹੈ ਹਮੇਸ਼ਾਂ ਹੁੰਦੀ ਰਹੇ ਭਾਵੇਂ ਮੈਂ ਜੀਵਾਂ ਜਾਂ ਮਰਾਂ । ਮੇਰੇ ਲਈ ਜਿਉੂਣਾ ਮਸੀਹ ਹੈ ਅਤੇ ਮਰਨਾ ਲਾਭ ਹੈ । ਪਰ ਜੇਕਰ ਮੈਂ ਸਰੀਰ ਵਿੱਚ ਜਿਊਂਦਾ ਹਾਂ ਤਾਂ ਇਸ ਦਾ ਅਰਥ ਹੈ ਕਿ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਾਂ ਪਰ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਨੂੰ ਚੁਣਾਂ! ਮੈਂ ਦੁਬਿਧਾ ਵਿੱਚ ਫਸਿਆ ਹੋਇਆ ਹਾਂ । ਮੇਰੀ ਇੱਛਾ ਤਾਂ ਇਹ ਹੈ ਕਿ ਮੈਂ ਇਸ ਜੀਵਨ ਤੋਂ ਵਿਦਾ ਲਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ । ਇਹ ਮੇਰੇ ਲਈ ਸਭ ਤੋਂ ਉੱਤਮ ਹੈ । ਪਰ ਤੁਹਾਡੀ ਖ਼ਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਊਂਦਾ ਰਹਾਂ । ਇਸ ਦਾ ਮੈਨੂੰ ਪੱਕਾ ਭਰੋਸਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖ਼ੁਸ਼ੀ ਲਈ ਤੁਹਾਡੇ ਕੋਲ ਰਹਾਂਗਾ । ਇਸ ਲਈ ਜਦੋਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਯਿਸੂ ਵਿੱਚ ਤੁਸੀਂ ਮੇਰੇ ਉੱਤੇ ਹੋਰ ਵੀ ਜ਼ਿਆਦਾ ਮਾਣ ਕਰੋਗੇ । ਜ਼ਰੂਰੀ ਗੱਲ ਕੇਵਲ ਇਹ ਹੈ ਕਿ ਤੁਹਾਡਾ ਦੂਜਿਆਂ ਨਾਲ ਹਰ ਰੋਜ਼ ਦਾ ਵਰਤਾਅ ਮਸੀਹ ਦੇ ਸ਼ੁਭ ਸਮਾਚਾਰ ਦੇ ਅਨੁਸਾਰ ਹੋਵੇ । ਭਾਵੇਂ ਮੈਂ ਆਪ ਆ ਕੇ ਤੁਹਾਨੂੰ ਦੇਖਾਂ ਜਾਂ ਤੁਹਾਡੇ ਤੋਂ ਦੂਰ ਹੋਵਾਂ ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹ ਹੀ ਸੁਣਾ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਮਨ ਹੋ ਕੇ ਸ਼ੁਭ ਸਮਾਚਾਰ ਦੇ ਵਿਸ਼ਵਾਸ ਲਈ ਸੰਘਰਸ਼ ਕਰਦੇ ਹੋ ਆਪਣੇ ਵਿਰੋਧੀਆਂ ਤੋਂ ਕਿਸੇ ਵੀ ਗੱਲ ਵਿੱਚ ਨਾ ਡਰੋ । ਇਹ ਉਹਨਾਂ ਦੇ ਨਾਸ਼ ਦਾ ਪਰ ਤੁਹਾਡੀ ਮੁਕਤੀ ਦਾ ਸਬੂਤ ਹੈ । ਇਹ ਸਭ ਪਰਮੇਸ਼ਰ ਵੱਲੋਂ ਹੈ । ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਕੇਵਲ ਵਿਸ਼ਵਾਸ ਦੀ ਹੀ ਨਹੀਂ ਸਗੋਂ ਉਹਨਾਂ ਦੇ ਲਈ ਦੁੱਖ ਸਹਿਣ ਦਾ ਵੀ ਵਰਦਾਨ ਦਿੱਤਾ ਹੈ । ਕਿਉਂਕਿ ਤੁਸੀਂ ਉਹ ਹੀ ਸੰਘਰਸ਼ ਕਰ ਰਹੇ ਹੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ ਅਤੇ ਹੁਣ ਤੁਸੀਂ ਸੁਣ ਰਹੇ ਹੋ, ਮੈਂ ਅਜੇ ਵੀ ਉਹ ਹੀ ਸੰਘਰਸ਼ ਕਰ ਰਿਹਾ ਹਾਂ । ਇਸ ਲਈ ਜੇਕਰ ਤੁਹਾਨੂੰ ਮਸੀਹ ਵਿੱਚ ਕੁਝ ਉਤਸ਼ਾਹ ਅਤੇ ਉਹਨਾਂ ਦੇ ਪਿਆਰ ਤੋਂ ਕੁਝ ਦਿਲਾਸਾ ਮਿਲਦਾ ਹੈ, ਜੇਕਰ ਆਤਮਾ ਦੀ ਸਾਂਝ, ਜੇਕਰ ਪਿਆਰ ਅਤੇ ਦਇਆ ਹੈ ਤਾਂ ਫਿਰ ਮੇਰਾ ਅਨੰਦ ਭਰਪੂਰ ਕਰੋ ਅਤੇ ਇੱਕ ਮਨ ਹੋ ਕੇ ਆਪਸ ਵਿੱਚ ਇੱਕੋ ਜਿਹਾ ਪਿਆਰ ਰੱਖੋ, ਆਪਸ ਵਿੱਚ ਏਕਤਾ ਅਤੇ ਇੱਕ ਉਦੇਸ਼ ਰੱਖੋ । ਸੁਆਰਥ ਅਤੇ ਝੂਠੇ ਘਮੰਡ ਨਾਲ ਕੁਝ ਨਾ ਕਰੋ ਸਗੋਂ ਨਿਮਰਤਾ ਨਾਲ ਦੂਜਿਆਂ ਨੂੰ ਆਪਣੇ ਤੋਂ ਉੱਤਮ ਸਮਝੋ । ਤੁਸੀਂ ਕੇਵਲ ਆਪਣਾ ਹੀ ਭਲਾ ਨਾ ਦੇਖੋ ਸਗੋਂ ਦੂਜਿਆਂ ਦੇ ਭਲੇ ਦਾ ਵੀ ਧਿਆਨ ਰੱਖੋ । ਆਪਣੇ ਅੰਦਰ ਮਸੀਹ ਯਿਸੂ ਜਿਹਾ ਸੁਭਾਅ ਰੱਖੋ, “ਉਹ ਆਦਿ ਤੋਂ ਹੀ ਪਰਮੇਸ਼ਰ ਦਾ ਸਰੂਪ ਸਨ, ਪਰ ਫਿਰ ਵੀ ਉਹਨਾਂ ਨੇ ਆਪਣੇ ਆਪ ਨੂੰ ਬਲਪੂਰਵਕ ਪਰਮੇਸ਼ਰ ਦੇ ਬਰਾਬਰ ਨਾ ਸਮਝਿਆ ਸਗੋਂ ਉਹਨਾਂ ਨੇ ਆਪਣੇ ਆਪ ਨੂੰ ਖ਼ਾਲੀ ਕਰ ਕੇ, ਇੱਕ ਦਾਸ ਦਾ ਰੂਪ ਧਾਰ ਲਿਆ ਅਤੇ ਮਨੁੱਖ ਬਣ ਕੇ ਪ੍ਰਗਟ ਹੋਏ । ਉਹਨਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਮੌਤ ਤੱਕ, ਇੱਥੋਂ ਤੱਕ ਕਿ ਸਲੀਬੀ ਮੌਤ ਤੱਕ ਆਗਿਆਕਾਰ ਰਹੇ । ਇਸੇ ਲਈ ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਕੀਤਾ ਅਤੇ ਉਹਨਾਂ ਨੂੰ ਉਹ ਨਾਮ ਦਿੱਤਾ ਜੋ ਸਾਰੇ ਨਾਵਾਂ ਤੋਂ ਉੱਚਾ ਹੈ ਤਾਂ ਜੋ ਯਿਸੂ ਦੇ ਨਾਮ ਵਿੱਚ ਹਰ ਕੋਈ ਗੋਡੇ ਭਾਰ ਝੁਕੇ, ਭਾਂਵੇ ਉਹ ਅਸਮਾਨ ਵਿੱਚ ਜਾਂ ਜ਼ਮੀਨ ਉੱਤੇ ਜਾਂ ਜ਼ਮੀਨ ਦੇ ਥੱਲੇ ਹੋਵੇ, ਅਤੇ ਹਰ ਮਨੁੱਖ ਪਿਤਾ ਪਰਮੇਸ਼ਰ ਦੀ ਮਹਿਮਾ ਦੇ ਲਈ ਆਪਣੀ ਜ਼ਬਾਨ ਨਾਲ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹਨ ।” ਇਸ ਲਈ ਭਰਾਵੋ ਅਤੇ ਭੈਣੋ, ਜਿਸ ਤਰ੍ਹਾਂ ਮੇਰੇ ਨਾਲ ਰਹਿੰਦੇ ਹੋਏ ਤੁਸੀਂ ਹਮੇਸ਼ਾ ਮੇਰੇ ਆਗਿਆਕਾਰੀ ਰਹੇ ਹੋ, ਉਸੇ ਤਰ੍ਹਾਂ ਹੁਣ ਮੇਰੇ ਤੋਂ ਦੂਰ ਰਹਿੰਦੇ ਹੋਏ ਉਸ ਤੋਂ ਵੀ ਜ਼ਿਆਦਾ ਆਗਿਆਕਾਰੀ ਰਹੋ, ਤੁਸੀਂ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੀ ਪੂਰਤੀ ਦੇ ਲਈ ਕੋਸ਼ਿਸ਼ ਕਰਦੇ ਰਹੋ । ਕਿਉਂਕਿ ਪਰਮੇਸ਼ਰ ਆਪ ਤੁਹਾਡੇ ਵਿੱਚ ਕੰਮ ਕਰਦੇ ਹਨ ਕਿ ਉਹ ਤੁਹਾਡੇ ਵਿੱਚ ਆਪਣੇ ਨੇਕ ਇਰਾਦੇ ਦੀ ਪੂਰਤੀ ਦੇ ਲਈ ਇੱਛਾ ਪੈਦਾ ਕਰਨ ਅਤੇ ਤੁਹਾਨੂੰ ਯੋਗ ਬਣਾਉਣ । ਹਰ ਕੰਮ ਬਿਨਾਂ ਬੁੜਬੜਾਏ ਅਤੇ ਬਿਨਾਂ ਬਹਿਸ ਦੇ ਕਰੋ ਤਾਂ ਜੋ ਤੁਸੀਂ ਨਿਰਦੋਸ਼ ਅਤੇ ਸ਼ੁੱਧ ਬਣੋ ਇਸ ਤਰ੍ਹਾਂ ਤੁਸੀਂ ਇਸ ਵਿਗੜੀ ਅਤੇ ਕੁਰਾਹੇ ਪਈ ਹੋਈ ਪੀੜ੍ਹੀ ਵਿੱਚ ਪਰਮੇਸ਼ਰ ਦੀ ਨਿਰਦੋਸ਼ ਸੰਤਾਨ ਹੋਵੋਗੇ । ਫਿਰ ਤੁਸੀਂ ਚਾਨਣ ਦੀ ਤਰ੍ਹਾਂ ਸੰਸਾਰ ਵਿੱਚ ਚਮਕੋਗੇ ਅਤੇ ਉਸ ਨੂੰ ਜੀਵਨ ਦਾ ਸੰਦੇਸ਼ ਦੇਵੋਗੇ । ਤਦ ਮੈਂ ਮਸੀਹ ਦੇ ਦਿਨ ਤੁਹਾਡੇ ਉੱਤੇ ਮਾਣ ਕਰ ਸਕਾਂਗਾ ਕਿ ਮੇਰੀ ਦੌੜ ਅਤੇ ਮਿਹਨਤ ਵਿਅਰਥ ਨਹੀਂ ਗਈ । ਹੋ ਸਕਦਾ ਹੈ ਕਿ ਮੇਰਾ ਖ਼ੂਨ ਭੇਟ ਦੀ ਤਰ੍ਹਾਂ ਤੁਹਾਡੇ ਵਿਸ਼ਵਾਸ ਦੇ ਬਲੀਦਾਨ ਦੇ ਲਈ ਵਹਾਇਆ ਜਾਵੇ । ਤਦ ਮੇਰੇ ਲਈ ਇਸ ਤੋਂ ਵੱਡੀ ਅਨੰਦ ਵਾਲੀ ਕੋਈ ਗੱਲ ਨਹੀਂ ਹੋਵੇਗੀ । ਮੈਂ ਖ਼ੁਸ਼ ਹਾਂ ਅਤੇ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ । ਇਸੇ ਤਰ੍ਹਾਂ ਤੁਸੀਂ ਵੀ ਖ਼ੁਸ਼ ਹੋਵੋ ਅਤੇ ਮੇਰੇ ਨਾਲ ਮਿਲ ਕੇ ਅਨੰਦ ਕਰੋ । ਜੇਕਰ ਪ੍ਰਭੂ ਯਿਸੂ ਦੀ ਇੱਛਾ ਹੋਈ ਤਾਂ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਛੇਤੀ ਹੀ ਭੇਜਾਂਗਾ ਤਾਂ ਜੋ ਤੁਹਾਡੇ ਬਾਰੇ ਜਾਣ ਕੇ ਮੈਨੂੰ ਉਤਸ਼ਾਹ ਮਿਲੇ । ਕੇਵਲ ਉਹ ਹੀ ਹੈ, ਜੋ ਤੁਹਾਡੇ ਬਾਰੇ ਮੇਰੇ ਵਰਗੇ ਵਿਚਾਰ ਰੱਖਦਾ ਹੈ ਅਤੇ ਸੱਚੇ ਦਿਲ ਨਾਲ ਤੁਹਾਡੀ ਚਿੰਤਾ ਕਰਦਾ ਹੈ । ਹੋਰ ਸਾਰੇ ਕੇਵਲ ਆਪਣੇ ਹੀ ਭਲੇ ਦੀ ਚਿੰਤਾ ਕਰਦੇ ਹਨ, ਨਾ ਕਿ ਯਿਸੂ ਮਸੀਹ ਦੇ ਕੰਮ ਦੀ । ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤਿਮੋਥਿਉਸ ਨੇ ਕਿਸ ਤਰ੍ਹਾਂ ਇੱਕ ਪੁੱਤਰ ਦੇ ਵਾਂਗ ਮੇਰੀ ਅਗਵਾਈ ਵਿੱਚ ਰਹਿ ਕੇ ਸ਼ੁਭ ਸਮਾਚਾਰ ਦੇ ਲਈ ਸੇਵਾ ਕੀਤੀ ਹੈ । ਇਸ ਲਈ ਮੈਨੂੰ ਉਮੀਦ ਹੈ ਕਿ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਕਿ ਮੇਰੇ ਨਾਲ ਅੱਗੇ ਕੀ ਹੋਣ ਵਾਲਾ ਹੈ ਤਾਂ ਮੈਂ ਉਸ ਨੂੰ ਛੇਤੀ ਤੁਹਾਡੇ ਕੋਲ ਭੇਜ ਦੇਵਾਂਗਾ । ਮੈਨੂੰ ਇਹ ਵੀ ਪੂਰਾ ਭਰੋਸਾ ਹੈ ਕਿ ਜੇਕਰ ਪਰਮੇਸ਼ਰ ਦੀ ਇੱਛਾ ਹੋਈ ਤਾਂ ਮੈਂ ਬਹੁਤ ਛੇਤੀ ਆਪ ਵੀ ਤੁਹਾਡੇ ਕੋਲ ਆਵਾਂਗਾ । ਪਰ ਮੈਂ ਇਹ ਵੀ ਜ਼ਰੂਰੀ ਸਮਝਦਾ ਹਾਂ ਕਿ ਇਪਾਫ਼ਰੋਦੀਤੁਸ ਨੂੰ ਤੁਹਾਡੇ ਕੋਲ ਵਾਪਸ ਭੇਜਾਂ ਜੋ ਮੇਰਾ ਭਰਾ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਜੋ ਤੁਹਾਡਾ ਸੰਦੇਸ਼ਵਾਹਕ ਹੈ ਜਿਸ ਨੂੰ ਤੁਸੀਂ ਮੇਰੀ ਲੋੜ ਦੇ ਸਮੇਂ ਵਿੱਚ ਸੇਵਾ ਦੇ ਲਈ ਭੇਜਿਆ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਤੁਸੀਂ ਉਸ ਦੀ ਬਿਮਾਰੀ ਦੇ ਬਾਰੇ ਸੁਣ ਚੁੱਕੇ ਹੋ ਤਾਂ ਉਸ ਸਮੇਂ ਤੋਂ ਉਹ ਤੁਹਾਨੂੰ ਮਿਲਣ ਦੇ ਲਈ ਬਹੁਤ ਚਾਹਵਾਨ ਅਤੇ ਬੇਚੈਨ ਹੈ । ਇਹ ਸੱਚ ਹੈ ਕਿ ਉਹ ਬਹੁਤ ਬਿਮਾਰ ਹੋ ਗਿਆ ਸੀ, ਇੱਥੋਂ ਤੱਕ ਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਦਇਆ ਕੀਤੀ ਅਤੇ ਮੈਨੂੰ ਇੱਕ ਦੇ ਬਾਅਦ ਇੱਕ ਦੁੱਖ ਤੋਂ ਬਚਾਅ ਲਿਆ । ਇਹ ਹੀ ਕਾਰਨ ਹੈ ਕਿ ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ ਤਾਂ ਜੋ ਤੁਸੀਂ ਉਸ ਨੂੰ ਮਿਲ ਕੇ ਖ਼ੁਸ਼ ਹੋਵੋ ਅਤੇ ਮੇਰਾ ਦੁੱਖ ਵੀ ਘੱਟ ਜਾਵੇ । ਇਸ ਲਈ ਤੁਸੀਂ ਪ੍ਰਭੂ ਵਿੱਚ ਉਸ ਦਾ ਅਨੰਦ ਨਾਲ ਸੁਆਗਤ ਕਰੋ । ਤੁਹਾਨੂੰ ਅਜਿਹੇ ਲੋਕਾਂ ਦਾ ਆਦਰ ਕਰਨਾ ਚਾਹੀਦਾ ਹੈ ਕਿਉਂਕਿ ਉਹ ਮਸੀਹ ਦੀ ਸੇਵਾ ਦੇ ਲਈ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਮੌਤ ਦੇ ਮੂੰਹ ਤੱਕ ਪਹੁੰਚ ਗਿਆ ਸੀ ਤਾਂ ਜੋ ਮੇਰੇ ਲਈ ਤੁਹਾਡੀ ਸੇਵਾ ਵਿੱਚ ਜੋ ਕਮੀ ਰਹਿ ਗਈ ਸੀ ਉਸ ਨੂੰ ਪੂਰਾ ਕਰ ਸਕੇ । ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਅਨੰਦਿਤ ਰਹੋ । ਮੈਂ ਜੋ ਕੁਝ ਪਹਿਲਾਂ ਕਹਿ ਚੁੱਕਾ ਹਾਂ, ਫਿਰ ਕਹਿ ਰਿਹਾ ਹਾਂ । ਮੈਨੂੰ ਇਸ ਤੋਂ ਕੋਈ ਦੁੱਖ ਨਹੀਂ ਹੈ ਕਿਉਂਕਿ ਇਹ ਤੁਹਾਡੀ ਸੁਰੱਖਿਆ ਦੇ ਲਈ ਹੈ । ਉਹਨਾਂ ਕੁੱਤਿਆਂ ਤੋਂ, ਦੁਸ਼ਟਾਂ ਤੋਂ ਅਤੇ ਸੁੰਨਤ ਕਰਨ ਵਾਲਿਆਂ ਤੋਂ ਸਾਵਧਾਨ ਰਹੋ! ਸੁੰਨਤੀ ਤਾਂ ਅਸੀਂ ਹਾਂ ਕਿਉਂਕਿ ਅਸੀਂ ਪਰਮੇਸ਼ਰ ਦੇ ਆਤਮਾ ਦੇ ਦੁਆਰਾ ਭਗਤੀ ਕਰਦੇ ਹਾਂ । ਸਾਡਾ ਮਾਣ ਕੇਵਲ ਮਸੀਹ ਯਿਸੂ ਉੱਤੇ ਹੈ । ਅਸੀਂ ਸਰੀਰ ਉੱਤੇ ਭਰੋਸਾ ਨਹੀਂ ਕਰਦੇ, ਭਾਵੇਂ ਮੇਰੇ ਕੋਲ ਇਸ ਉੱਤੇ ਭਰੋਸਾ ਕਰਨ ਦੇ ਕਾਰਨ ਹਨ । ਜੇਕਰ ਕੋਈ ਸੋਚਦਾ ਹੈ ਕਿ ਉਸ ਦੇ ਕੋਲ ਸਰੀਰ ਉੱਤੇ ਭਰੋਸਾ ਕਰਨ ਦੇ ਕਾਰਨ ਹਨ ਤਾਂ ਮੇਰੇ ਕੋਲ ਉਸ ਤੋਂ ਵੀ ਜ਼ਿਆਦਾ ਹਨ । ਅਠਵੇਂ ਦਿਨ ਮੇਰੀ ਸੁੰਨਤ ਕੀਤੀ ਗਈ, ਮੈਂ ਇਸਰਾਏਲੀ ਕੌਮ ਵਿੱਚੋਂ ਹਾਂ, ਬਿਨਯਾਮੀਨ ਦੀ ਕੁਲ ਵਿੱਚੋਂ ਹਾਂ, ਇਬਰਾਨੀਆਂ ਵਿੱਚੋਂ ਇੱਕ ਇਬਰਾਨੀ ਹਾਂ । ਵਿਵਸਥਾ ਦੇ ਸੰਬੰਧ ਵਿੱਚ ਇੱਕ ਫ਼ਰੀਸੀ ਹਾਂ, ਮੈਂ ਇੰਨਾ ਸਰਗਰਮ ਸੀ ਕਿ ਮੈਂ ਕਲੀਸਿਯਾ ਦੇ ਉੱਤੇ ਅੱਤਿਆਚਾਰ ਕੀਤੇ ਅਤੇ ਵਿਵਸਥਾ ਨੂੰ ਪੂਰਾ ਕਰਨ ਵਿੱਚ ਮੈਂ ਨਿਰਦੋਸ਼ ਸੀ । ਪਰ ਇਹਨਾਂ ਸਭ ਗੱਲਾਂ ਨੂੰ ਜੋ ਮੇਰੇ ਲਾਭ ਦੀਆਂ ਸਨ ਮੈਂ ਮਸੀਹ ਦੇ ਕਾਰਨ ਹਾਨੀ ਸਮਝਦਾ ਹਾਂ । ਇਹ ਹੀ ਨਹੀਂ, ਮੈਂ ਇਹ ਜਾਣਦੇ ਹੋਏ ਕਿ ਮਸੀਹ ਯਿਸੂ ਸਭ ਚੀਜ਼ਾਂ ਨਾਲੋਂ ਉੱਤਮ ਹਨ, ਉਹਨਾਂ ਦੇ ਕਾਰਨ ਮੈਂ ਸਭ ਚੀਜ਼ਾਂ ਨੂੰ ਹਾਨੀ ਸਮਝਦਾ ਹਾਂ ਅਤੇ ਮੈਂ ਸਭ ਕੁਝ ਤਿਆਗ ਦਿੱਤਾ ਹੈ । ਮੈਂ ਇਹਨਾਂ ਚੀਜ਼ਾਂ ਨੂੰ ਕੂੜਾ ਸਮਝਦਾ ਹਾਂ, ਤਾਂ ਜੋ ਇਹਨਾਂ ਦੇ ਬਦਲੇ ਮੈਨੂੰ ਮਸੀਹ ਮਿਲ ਜਾਣ, ਅਤੇ ਮੈਂ ਉਹਨਾਂ ਵਿੱਚ ਪਾਇਆ ਜਾਵਾਂ, ਮੈਂ ਵਿਵਸਥਾ ਦੁਆਰਾ ਪ੍ਰਾਪਤ ਕੀਤੀ ਨੇਕੀ ਦੀ ਇੱਛਾ ਨਹੀਂ ਰੱਖਦਾ ਸਗੋਂ ਉਸ ਨੇਕੀ ਦੀ ਇੱਛਾ ਰੱਖਦਾ ਹਾਂ ਜੋ ਮਸੀਹ ਵਿੱਚ ਵਿਸ਼ਵਾਸ ਕਰਨ ਦੁਆਰਾ ਮਿਲਦੀ ਹੈ ਜੋ ਪਰਮੇਸ਼ਰ ਵਿਸ਼ਵਾਸ ਕਰਨ ਦੁਆਰਾ ਦਿੰਦੇ ਹਨ । ਮੈਂ ਕੇਵਲ ਮਸੀਹ ਅਤੇ ਉਹਨਾਂ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਜਾਨਣ ਦੀ ਇੱਛਾ ਰੱਖਦਾ ਹਾਂ ਅਤੇ ਮੈਂ ਉਹਨਾਂ ਦੇ ਦੁੱਖਾਂ ਦਾ ਸਾਂਝੀਦਾਰ ਅਤੇ ਉਹਨਾਂ ਦੀ ਮੌਤ ਦੇ ਵਿੱਚ ਉਹਨਾਂ ਵਰਗਾ ਹੋਣ ਦੀ ਇੱਛਾ ਰੱਖਦਾ ਹਾਂ ਤਾਂ ਜੋ ਮੈਂ ਕਿਸੇ ਤਰ੍ਹਾਂ ਮਰਨ ਦੇ ਬਾਅਦ ਫਿਰ ਜੀਅ ਉੱਠਾਂ । ਇਹ ਨਹੀਂ ਕਿ ਮੈਂ ਸਭ ਕੁਝ ਪ੍ਰਾਪਤ ਕਰ ਲਿਆ ਹੈ ਜਾਂ ਮੈਂ ਸੰਪੂਰਨ ਕਰ ਦਿੱਤਾ ਗਿਆ ਹਾਂ ਪਰ ਮੈਂ ਪੂਰੇ ਯਤਨ ਨਾਲ ਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਸ ਦੇ ਲਈ ਮਸੀਹ ਯਿਸੂ ਨੇ ਮੈਨੂੰ ਜਿੱਤ ਲਿਆ ਸੀ । ਮੇਰੇ ਭਰਾਵੋ ਅਤੇ ਭੈਣੋ, ਮੈਂ ਅਜੇ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ ਪਰ ਮੈਂ ਇਹ ਕਰ ਰਿਹਾ ਹਾਂ ਕਿ ਮੈਂ ਪਿਛਲਾ ਸਭ ਕੁਝ ਭੁੱਲ ਕੇ ਉਸ ਵੱਲ ਵਧਦਾ ਜਾਵਾਂ ਜੋ ਅੱਗੇ ਹੈ । ਮੈਂ ਪਰਮੇਸ਼ਰ ਦੇ ਸੱਦੇ ਦੇ ਅਨੁਸਾਰ ਮਸੀਹ ਯਿਸੂ ਵਿੱਚ ਅਨੰਤ ਜੀਵਨ ਦੇ ਇਨਾਮ ਦੀ ਪ੍ਰਾਪਤੀ ਦੇ ਲਈ ਨਿਸ਼ਾਨੇ ਵੱਲ ਦੌੜ ਰਿਹਾ ਹਾਂ । ਇਸ ਲਈ ਸਾਡੇ ਵਿੱਚੋਂ ਜੋ ਆਤਮਿਕ ਤੌਰ ਤੇ ਸਿਆਣੇ ਹਨ ਉਹਨਾਂ ਨੂੰ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ ਪਰ ਜੇਕਰ ਤੁਸੀਂ ਕਿਸੇ ਹੋਰ ਢੰਗ ਨਾਲ ਸੋਚ ਰਹੇ ਹੋ ਤਾਂ ਪਰਮੇਸ਼ਰ ਇਹ ਵੀ ਤੁਹਾਡੇ ਉੱਤੇ ਪ੍ਰਗਟ ਕਰ ਦੇਣਗੇ । ਪਰ ਫਿਰ ਵੀ, ਅਸੀਂ ਜੋ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ । ਭਰਾਵੋ ਅਤੇ ਭੈਣੋ, ਮੇਰੇ ਵਰਗੇ ਬਣੋ, ਅਸੀਂ ਤੁਹਾਡੇ ਲਈ ਉਦਾਹਰਨ ਕਾਇਮ ਕਰ ਦਿੱਤੀ ਹੈ ਅਤੇ ਉਹਨਾਂ ਦੇ ਜੀਵਨ ਵੱਲ ਧਿਆਨ ਦੇਵੋ ਜੋ ਸਾਡੇ ਵਾਂਗ ਜੀਵਨ ਗੁਜ਼ਾਰਦੇ ਹਨ । ਮੈਂ ਤੁਹਾਨੂੰ ਅਕਸਰ ਦੱਸਿਆ ਹੈ ਅਤੇ ਹੁਣ ਇੱਕ ਵਾਰ ਫਿਰ ਅੱਥਰੂ ਵਹਾ ਕੇ ਦੱਸ ਰਿਹਾ ਹਾਂ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਮਸੀਹ ਦੀ ਸਲੀਬ ਦੇ ਵੈਰੀਆਂ ਵਾਂਗ ਜੀਵਨ ਗੁਜ਼ਾਰ ਰਹੇ ਹਨ । ਉਹਨਾਂ ਦਾ ਅੰਤ ਨਾਸ਼ ਹੈ । ਉਹਨਾਂ ਦੀਆਂ ਸਰੀਰਕ ਇੱਛਾਵਾਂ ਉਹਨਾਂ ਦੇ ਦੇਵਤੇ ਹਨ । ਉਹ ਆਪਣੀਆਂ ਸ਼ਰਮਨਾਕ ਗੱਲਾਂ ਉੱਤੇ ਘਮੰਡ ਕਰਦੇ ਹਨ ਅਤੇ ਉਹਨਾਂ ਦੇ ਮਨ ਕੇਵਲ ਸੰਸਾਰਕ ਚੀਜ਼ਾਂ ਉੱਤੇ ਲੱਗੇ ਹੋਏ ਹਨ । ਪਰ ਅਸੀਂ ਸਵਰਗ ਦੇ ਨਾਗਰਿਕ ਹਾਂ । ਇਸ ਲਈ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੇ ਸਵਰਗ ਤੋਂ ਆਉਣ ਦੀ ਉਡੀਕ ਵਿੱਚ ਹਾਂ । ਉਹ ਹੀ ਸਾਡੇ ਨਾਸ਼ਵਾਨ ਸਰੀਰਾਂ ਨੂੰ ਆਪਣੀ ਉਸ ਮੁਕਤੀ ਦੇ ਨਾਲ ਜਿਸ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਉਦੇਸ਼ ਦੀ ਪੂਰਤੀ ਦੇ ਲਈ ਆਪਣੇ ਅਧੀਨ ਰੱਖਦੇ ਹਨ, ਆਪਣੇ ਤੇਜਵਾਨ ਸਰੀਰ ਦੀ ਤਰ੍ਹਾਂ ਬਦਲ ਦੇਣਗੇ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਮੇਰੇ ਮਨ ਵਿੱਚ ਤੁਹਾਡੇ ਲਈ ਬਹੁਤ ਪਿਆਰ ਅਤੇ ਤਾਂਘ ਹੈ । ਤੁਸੀਂ ਮੇਰਾ ਅਨੰਦ ਅਤੇ ਮੇਰਾ ਮੁਕਟ ਹੋ । ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਪ੍ਰਭੂ ਵਿੱਚ ਪੱਕੇ ਰਹੋ । ਮੈਂ ਯੂਓਦਿਆ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਇੱਕ ਮਨ ਹੋ ਜਾਣ । ਮੈਂ ਤੇਰੇ ਅੱਗੇ ਜੋ ਤੂੰ ਮੇਰੀ ਸੇਵਾ ਵਿੱਚ ਸਾਂਝੀਦਾਰ ਹੈਂ, ਬੇਨਤੀ ਕਰਦਾ ਹਾਂ ਕਿ ਉਹਨਾਂ ਔਰਤਾਂ ਦੀ ਮਦਦ ਕਰ, ਉਹਨਾਂ ਨੇ ਕਲੈਮੰਸ ਅਤੇ ਦੂਜੇ ਸਾਥੀਆਂ ਦੇ ਨਾਲ ਸ਼ੁਭ ਸਮਾਚਾਰ ਦੀ ਸੇਵਾ ਵਿੱਚ ਮੇਰਾ ਪੂਰਾ ਸਾਥ ਦਿੱਤਾ ਸੀ । ਉਹਨਾਂ ਸਾਰਿਆਂ ਦੇ ਨਾਂ ਜੀਵਨ ਦੀ ਪੁਸਤਕ ਵਿੱਚ ਹਨ । ਪ੍ਰਭੂ ਵਿੱਚ ਹਮੇਸ਼ਾ ਅਨੰਦਿਤ ਰਹੋ । ਮੈਂ ਫਿਰ ਕਹਿੰਦਾ ਹਾਂ ਕਿ ਅਨੰਦਿਤ ਰਹੋ! ਸਾਰੇ ਮਨੁੱਖਾਂ ਦੇ ਨਾਲ ਨਿਮਰਤਾ ਵਾਲਾ ਵਰਤਾਅ ਕਰੋ । ਪ੍ਰਭੂ ਨੇੜੇ ਹਨ । ਕਿਸੇ ਗੱਲ ਦੀ ਚਿੰਤਾ ਨਾ ਕਰੋ । ਸਗੋਂ ਹਰ ਹਾਲਤ ਵਿੱਚ ਆਪਣੀਆਂ ਪ੍ਰਾਰਥਨਾਵਾਂ ਅਤੇ ਬੇਨਤੀਆਂ ਨੂੰ ਧੰਨਵਾਦ ਨਾਲ ਪਰਮੇਸ਼ਰ ਦੇ ਸਾਹਮਣੇ ਪੇਸ਼ ਕਰੋ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਡੀ ਸਾਰੀ ਸਮਝ ਤੋਂ ਬਾਹਰ ਹੈ ਮਸੀਹ ਯਿਸੂ ਵਿੱਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਰਾਖੀ ਕਰੇਗੀ । ਅੰਤ ਵਿੱਚ, ਮੇਰੇ ਭਰਾਵੋ ਅਤੇ ਭੈਣੋ, ਜੋ ਕੁਝ ਸੱਚਾ ਹੈ, ਜੋ ਕੁਝ ਭਲਾ ਹੈ, ਜੋ ਕੁਝ ਠੀਕ ਹੈ, ਜੋ ਕੁਝ ਸ਼ੁੱਧ ਹੈ, ਜੋ ਕੁਝ ਵਡਿਆਈ ਦੇ ਯੋਗ ਹੈ ਜੋ ਕੁਝ ਸੁੰਦਰ ਹੈ ਅਤੇ ਜੇ ਕੁਝ ਉੱਤਮ ਅਤੇ ਪ੍ਰਸ਼ੰਸਾ ਦੇ ਯੋਗ ਹੈ; ਇਹਨਾਂ ਉੱਤੇ ਵਿਚਾਰ ਕਰੋ । ਜੋ ਕੁਝ ਤੁਸੀਂ ਮੇਰੇ ਕੋਲੋਂ ਸਿੱਖਿਆ ਅਤੇ ਪ੍ਰਾਪਤ ਕੀਤਾ ਅਤੇ ਸੁਣਿਆ ਅਤੇ ਮੇਰੇ ਵਿੱਚ ਦੇਖਿਆ ਹੈ, ਉਹਨਾਂ ਦੀ ਵਰਤੋਂ ਆਪਣੇ ਜੀਵਨ ਵਿੱਚ ਕਰੋ । ਅਤੇ ਸ਼ਾਂਤੀ ਦੇ ਪਰਮੇਸ਼ਰ ਤੁਹਾਡੇ ਨਾਲ ਹੋਣਗੇ । ਮੈਨੂੰ ਮਸੀਹ ਦੇ ਵਿੱਚ ਬਹੁਤ ਅਨੰਦ ਹੋਇਆ ਹੈ ਕਿ ਇੰਨੇ ਸਮੇਂ ਬਾਅਦ ਤੁਹਾਡੇ ਮਨਾਂ ਵਿੱਚ ਮੇਰੇ ਲਈ ਫਿਰ ਚਿੰਤਾ ਜਾਗੀ ਹੈ । ਭਾਵੇਂ ਤੁਸੀਂ ਮੇਰੇ ਲਈ ਚਿੰਤਾ ਕਰਦੇ ਰਹੇ ਹੋ ਪਰ ਤੁਹਾਨੂੰ ਇਹ ਦਿਖਾਉਣ ਦਾ ਮੌਕਾ ਨਹੀਂ ਮਿਲਿਆ । ਇਹ ਮੈਂ ਸਭ ਇਸ ਲਈ ਨਹੀਂ ਕਹਿ ਰਿਹਾ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਕਿਉਂਕਿ ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣਾ ਸਿੱਖ ਲਿਆ ਹੈ । ਮੈਂ ਗ਼ਰੀਬੀ ਵਿੱਚ ਰਹਿਣਾ ਸਿੱਖਿਆ ਹੈ ਅਤੇ ਮੈਂ ਖ਼ੁਸ਼ਹਾਲੀ ਵਿੱਚ ਰਹਿਣਾ ਸਿੱਖਿਆ ਹੈ । ਮੈਂ ਹਰ ਹਾਲਤ ਵਿੱਚ ਸੰਤੁਸ਼ਟ ਰਹਿਣ ਦਾ ਭੇਤ ਸਿੱਖ ਲਿਆ ਹੈ ਭਾਵੇਂ ਮੈਂ ਰੱਜਿਆ ਹੋਵਾਂ ਜਾਂ ਭੁੱਖਾ ਹੋਵਾਂ ਭਾਵੇਂ ਮੈਂ ਖ਼ੁਸ਼ਹਾਲ ਹੋਵਾਂ ਜਾਂ ਲੋੜਵੰਦ ਹੋਵਾਂ । ਜੋ ਮੈਨੂੰ ਸਮਰੱਥਾ ਦਿੰਦੇ ਹਨ ਮੈਂ ਉਹਨਾਂ ਦੇ ਦੁਆਰਾ ਸਭ ਕੁਝ ਕਰ ਸਕਦਾ ਹਾਂ । ਫਿਰ ਵੀ ਇਹ ਤੁਹਾਡੀ ਬੜੀ ਕਿਰਪਾ ਹੈ ਕਿ ਤੁਸੀਂ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਹੈ । ਹੇ ਫ਼ਿਲਿੱਪੈ ਨਿਵਾਸੀਓ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਆਰੰਭ ਵਿੱਚ ਜਦੋਂ ਮੈਂ ਮਕਦੂਨਿਯਾ ਤੋਂ ਵਿਦਾ ਲਈ ਸੀ ਤਾਂ ਤੁਹਾਡੇ ਸਿਵਾਏ ਕਿਸੇ ਵੀ ਕਲੀਸਿਯਾ ਨੇ ਲੈਣ ਦੇਣ ਦੇ ਮਾਮਲੇ ਵਿੱਚ ਮੇਰੀ ਮਦਦ ਨਾ ਕੀਤੀ । ਇੱਥੋਂ ਤੱਕ ਕਿ ਜਦੋਂ ਮੈਂ ਥੱਸਲੁਨੀਕੇ ਵਿੱਚ ਸੀ ਤਾਂ ਤੁਸੀਂ ਉੱਥੇ ਵੀ ਮੇਰੀ ਲੋੜ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਮਦਦ ਭੇਜੀ । ਇਹ ਨਹੀਂ ਕਿ ਮੈਂ ਆਪਣੇ ਲਈ ਕੋਈ ਦਾਨ ਚਾਹੁੰਦਾ ਹਾਂ ਸਗੋਂ ਮੈਂ ਚਾਹੁੰਦਾ ਹਾਂ ਕਿ ਉਹ ਫਲ ਤੁਹਾਡੇ ਲੇਖੇ ਵਿੱਚ ਵਧਦਾ ਜਾਵੇ । ਮੇਰੇ ਕੋਲ ਸਭ ਕੁਝ ਹੈ ਸਗੋਂ ਭਰਪੂਰੀ ਨਾਲ ਹੈ । ਤੁਹਾਡੇ ਵੱਲੋਂ ਇਪਾਫ਼ਰੋਦੀਤੁਸ ਦੇ ਰਾਹੀਂ ਭੇਜੀਆਂ ਚੀਜ਼ਾਂ ਨੂੰ ਪ੍ਰਾਪਤ ਕਰ ਕੇ ਮੈਂ ਸੰਤੁਸ਼ਟ ਹੋ ਗਿਆ ਹਾਂ । ਉਹ ਚੀਜ਼ਾਂ ਇੱਕ ਮਿੱਠੀ ਸੁਗੰਧ ਅਤੇ ਪ੍ਰਵਾਨਯੋਗ ਬਲੀਦਾਨ ਹਨ ਜੋ ਪਰਮੇਸ਼ਰ ਨੂੰ ਭਾਉਂਦੀਆਂ ਹਨ । ਅਤੇ ਮੇਰੇ ਪਰਮੇਸ਼ਰ ਤੁਹਾਡੀ ਹਰ ਇੱਕ ਲੋੜ ਨੂੰ ਮਸੀਹ ਯਿਸੂ ਦੇ ਦੁਆਰਾ ਆਪਣੇ ਭਰੇ ਖ਼ਜਾਨੇ ਵਿੱਚੋਂ ਪੂਰਾ ਕਰਨਗੇ । ਸਾਡੇ ਪਰਮੇਸ਼ਰ ਅਤੇ ਪਿਤਾ ਦੀ ਵਡਿਆਈ ਅਨੰਤ ਕਾਲ ਤੱਕ ਹੁੰਦੀ ਰਹੇ । ਆਮੀਨ! ਮੇਰਾ ਨਮਸਕਾਰ ਮਸੀਹ ਯਿਸੂ ਦੇ ਹਰ ਪਵਿੱਤਰ ਵਿਸ਼ਵਾਸੀ ਨੂੰ ਦੇਣਾ । ਜਿਹੜੇ ਭਰਾ ਮੇਰੇ ਨਾਲ ਹਨ ਤੁਹਾਨੂੰ ਸਾਰਿਆਂ ਨੂੰ ਨਮਸਕਾਰ ਕਹਿੰਦੇ ਹਨ । ਪਰਮੇਸ਼ਰ ਦੇ ਸਾਰੇ ਲੋਕ ਖ਼ਾਸ ਕਰ ਕੇ ਰੋਮੀ ਸਮਰਾਟ ਦਾ ਪਰਿਵਾਰ, ਤੁਹਾਨੂੰ ਨਮਸਕਾਰ ਕਹਿੰਦੇ ਹਨ । ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਨਾਲ ਹੋਵੇ । ਆਮੀਨ! ਪੌਲੂਸ ਜੋ ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ ਅਤੇ ਭਰਾ ਤਿਮੋਥਿਉਸ ਦੇ ਵੱਲੋਂ, ਕੁਲੁੱਸੈ ਵਿੱਚ ਪਰਮੇਸ਼ਰ ਦੇ ਲੋਕਾਂ ਨੂੰ ਜਿਹੜੇ ਮਸੀਹ ਦੇ ਵਿੱਚ ਸਾਡੇ ਵਿਸ਼ਵਾਸੀ ਭਰਾ ਅਤੇ ਭੈਣਾਂ ਹਨ, ਪਰਮੇਸ਼ਰ ਸਾਡੇ ਪਿਤਾ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਅਸੀਂ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਭਾਵ ਪਰਮੇਸ਼ਰ ਦਾ ਤੁਹਾਡੇ ਲਈ ਆਪਣੀ ਪ੍ਰਾਰਥਨਾ ਵਿੱਚ ਧੰਨਵਾਦ ਕਰਦੇ ਹਾਂ । ਕਿਉਂਕਿ ਅਸੀਂ ਮਸੀਹ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਸਾਰੇ ਮਸੀਹੀ ਵਿਸ਼ਵਾਸੀਆਂ ਦੇ ਲਈ ਤੁਹਾਡੇ ਪਿਆਰ ਦੇ ਬਾਰੇ ਸੁਣਿਆ ਹੈ । ਇਸ ਦਾ ਸ੍ਰੋਤ ਉਹ ਉਮੀਦ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਸੁਰੱਖਿਅਤ ਹੈ ਜਿਸ ਦੇ ਬਾਰੇ ਤੁਸੀਂ ਉਸ ਸਮੇਂ ਸੁਣਿਆ ਜਦੋਂ ਤੁਹਾਡੇ ਕੋਲ ਸੱਚ ਦਾ ਸੰਦੇਸ਼ ਭਾਵ ਸ਼ੁਭ ਸਮਾਚਾਰ ਪਹਿਲੀ ਵਾਰ ਆਇਆ । ਇਹ ਸਾਰੇ ਸੰਸਾਰ ਵਿੱਚ ਵੱਧ ਰਿਹਾ ਹੈ ਜਿਸ ਤਰ੍ਹਾਂ ਕਿ ਤੁਹਾਡੇ ਵਿੱਚ ਉਸ ਦਿਨ ਤੋਂ, ਜਿਸ ਦਿਨ ਤੁਸੀਂ ਪਹਿਲੀ ਵਾਰ ਪਰਮੇਸ਼ਰ ਦੀ ਕਿਰਪਾ ਦੇ ਬਾਰੇ ਸੁਣਿਆ ਅਤੇ ਇਸ ਦੀ ਸੱਚਾਈ ਨੂੰ ਜਾਣਿਆ ਸੀ । ਤੁਸੀਂ ਇਹ ਸ਼ੁਭ ਸਮਾਚਾਰ ਇਪਫ਼ਰਾਸ ਤੋਂ ਸਿੱਖਿਆ ਜੋ ਮਸੀਹ ਦਾ ਵਿਸ਼ਵਾਸਯੋਗ ਸੇਵਕ ਅਤੇ ਸਾਡਾ ਸਾਥੀ ਹੈ । ਉਸ ਨੇ ਸਾਨੂੰ ਤੁਹਾਡੇ ਉਸ ਪਿਆਰ ਦੇ ਬਾਰੇ ਸਮਾਚਾਰ ਦਿੱਤਾ ਜੋ ਤੁਹਾਨੂੰ ਪਵਿੱਤਰ ਆਤਮਾ ਦੇ ਦੁਆਰਾ ਮਿਲਿਆ ਹੈ । ਇਹ ਹੀ ਕਾਰਨ ਹੈ ਕਿ ਜਿਸ ਦਿਨ ਤੋਂ ਅਸੀਂ ਇਹ ਸੁਣਿਆ ਹੈ ਅਸੀਂ ਤੁਹਾਡੇ ਲਈ ਲਗਾਤਾਰ ਪ੍ਰਾਰਥਨਾ ਕਰ ਰਹੇ ਹਾਂ । ਸਾਡੀ ਪਰਮੇਸ਼ਰ ਅੱਗੇ ਪ੍ਰਾਰਥਨਾ ਹੈ ਕਿ ਉਹ ਤੁਹਾਨੂੰ ਸਾਰੀ ਆਤਮਿਕ ਬੁੱਧ ਅਤੇ ਸਮਝ ਦੇ ਨਾਲ ਭਰਪੂਰ ਕਰਨ ਤਾਂ ਜੋ ਤੁਸੀਂ ਉਹਨਾਂ ਦੀ ਇੱਛਾ ਨੂੰ ਜਾਣ ਸਕੋ । ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਪ੍ਰਭੂ ਦੇ ਯੋਗ ਜੀਵਨ ਗੁਜ਼ਾਰੋ, ਜਿਸ ਤੋਂ ਉਹ ਹਰ ਤਰ੍ਹਾਂ ਨਾਲ ਖ਼ੁਸ਼ ਹੋਣ ਅਤੇ ਇਸ ਤਰ੍ਹਾਂ ਤੁਸੀਂ ਹਰ ਤਰ੍ਹਾਂ ਦੀ ਭਲਾਈ ਨਾਲ ਫਲਵੰਤ ਹੋਵੋ ਅਤੇ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਵਿੱਚ ਹੋਰ ਅੱਗੇ ਵੱਧਦੇ ਜਾਵੋ । ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਰ ਆਪਣੀ ਮਹਿਮਾ ਦੀ ਸਮਰੱਥਾ ਦੇ ਨਾਲ ਤੁਹਾਨੂੰ ਇੰਨਾ ਬਲ ਦੇਣ ਕਿ ਤੁਸੀਂ ਹਰ ਤਰ੍ਹਾਂ ਦੀ ਹਾਲਤ ਦਾ ਮੁਕਾਬਲਾ ਧੀਰਜ ਦੇ ਨਾਲ ਕਰ ਸਕੋ ਅਤੇ ਅਨੰਦ ਨਾਲ ਪਿਤਾ ਪਰਮੇਸ਼ਰ ਦਾ ਧੰਨਵਾਦ ਕਰੋ ਜਿਹਨਾਂ ਨੇ ਤੁਹਾਨੂੰ ਇਸ ਯੋਗ ਬਣਾਇਆ ਹੈ ਕਿ ਤੁਸੀਂ ਪਰਮੇਸ਼ਰ ਦੇ ਲੋਕਾਂ ਦੇ ਨਾਲ ਚਾਨਣ ਵਾਲੇ ਜੀਵਨ ਦਾ ਵਿਰਸਾ ਪ੍ਰਾਪਤ ਕਰ ਸਕੋ । ਉਹ ਹੀ ਸਾਨੂੰ ਹਨੇਰੇ ਦੇ ਅਧਿਕਾਰ ਤੋਂ ਬਚਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਲੈ ਆਏ ਹਨ; ਜਿਹਨਾਂ ਦੇ ਦੁਆਰਾ ਸਾਨੂੰ ਆਜ਼ਾਦੀ ਅਤੇ ਪਾਪਾਂ ਤੋਂ ਮਾਫ਼ੀ ਮਿਲੀ ਹੈ । ਮਸੀਹ ਅਣਦੇਖੇ ਪਰਮੇਸ਼ਰ ਦੇ ਦੇਖੇ ਜਾਣ ਵਾਲੇ ਸਰੂਪ ਹਨ । ਉਹਨਾਂ ਦੀ ਸ੍ਰਿਸ਼ਟੀ ਵਿੱਚ ਸਭ ਤੋਂ ਪਹਿਲੀ ਥਾਂ ਹੈ । ਕਿਉਂਕਿ ਉਹਨਾਂ ਦੇ ਰਾਹੀਂ ਪਰਮੇਸ਼ਰ ਨੇ ਅਕਾਸ਼ ਵਿੱਚ ਅਤੇ ਧਰਤੀ ਉੱਤੇ ਸਭ ਦੇਖੀਆਂ ਅਤੇ ਅਣਦੇਖੀਆਂ ਚੀਜ਼ਾਂ ਦੀ ਰਚਨਾ ਕੀਤੀ । ਸਾਰੀਆਂ ਆਤਮਿਕ ਤਾਕਤਾਂ, ਸਰਕਾਰਾਂ, ਹਕੂਮਤਾਂ ਅਤੇ ਅਧਿਕਾਰੀ, ਇਹ ਸਭ ਪਰਮੇਸ਼ਰ ਨੇ ਮਸੀਹ ਦੇ ਦੁਆਰਾ ਅਤੇ ਉਹਨਾਂ ਦੇ ਲਈ ਪੈਦਾ ਕੀਤੇ ਸਨ । ਉਹ ਸਭ ਚੀਜ਼ਾਂ ਤੋਂ ਪਹਿਲਾਂ ਮੌਜੂਦ ਸਨ ਅਤੇ ਸਭ ਚੀਜ਼ਾਂ ਉਹਨਾਂ ਵਿੱਚ ਕਾਇਮ ਰਹਿੰਦੀਆਂ ਹਨ । ਮਸੀਹ ਆਪਣੇ ਸਰੀਰ ਭਾਵ ਕਲੀਸਿਯਾ ਦੇ ਸਿਰ ਹਨ ਅਤੇ ਉਸ ਦਾ ਆਰੰਭ ਹਨ । ਉਹ ਸਭ ਤੋਂ ਪਹਿਲਾਂ ਮੁਰਦਿਆਂ ਵਿੱਚੋਂ ਜੀਅ ਉੱਠੇ ਤਾਂ ਜੋ ਉਹ ਸਭ ਚੀਜ਼ਾਂ ਵਿੱਚ ਸਭ ਤੋਂ ਉੱਚੀ ਥਾਂ ਪ੍ਰਾਪਤ ਕਰਨ । ਇਸ ਲਈ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਉਹ ਮਸੀਹ ਵਿੱਚ ਆਪਣੀ ਸਭ ਪੂਰਨਤਾ ਨਾਲ ਵਾਸ ਕਰਨ ਅਤੇ ਉਹਨਾਂ ਦੇ ਦੁਆਰਾ ਪਰਮੇਸ਼ਰ ਨੇ ਸਭ ਚੀਜ਼ਾਂ ਦਾ ਆਪਣੇ ਨਾਲ ਮੇਲ ਕਰਵਾਇਆ, ਆਪਣੇ ਪੁੱਤਰ ਦਾ ਸਲੀਬ ਉੱਤੇ ਖ਼ੂਨ ਵਹਾਉਣ ਦੇ ਰਾਹੀਂ ਸੁਲਾਹ ਕਰਵਾਈ ਭਾਵੇਂ ਉਹ ਧਰਤੀ ਉੱਤੇ ਜਾਂ ਅਕਾਸ਼ ਵਿੱਚ ਹੋਣ । ਇੱਕ ਸਮਾਂ ਸੀ ਜਦੋਂ ਤੁਸੀਂ ਵੀ ਪਰਮੇਸ਼ਰ ਤੋਂ ਦੂਰ ਸੀ ਅਤੇ ਆਪਣੇ ਦੁਸ਼ਟ ਵਿਚਾਰਾਂ ਅਤੇ ਕੰਮਾਂ ਦੇ ਕਾਰਨ ਉਹਨਾਂ ਦੇ ਦੁਸ਼ਮਣ ਸੀ । ਪਰ ਪਰਮੇਸ਼ਰ ਨੇ ਆਪਣੇ ਪੁੱਤਰ ਦੀ ਸਰੀਰਕ ਮੌਤ ਦੇ ਰਾਹੀਂ ਤੁਹਾਡਾ ਆਪਣੇ ਨਾਲ ਮੇਲ ਕੀਤਾ ਹੈ ਕਿ ਉਹ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਸ਼ੁੱਧ, ਅਤੇ ਨਿਰਦੋਸ਼ ਹਾਲਤ ਵਿੱਚ ਪੇਸ਼ ਕਰਨ । ਜੇਕਰ ਤੁਸੀਂ ਆਪਣੇ ਵਿਸ਼ਵਾਸ ਵਿੱਚ ਹੋਰ ਅੱਗੇ ਵੱਧੋ, ਅਟੱਲ ਰਹੋ ਅਤੇ ਆਪਣੀ ਉਸ ਉਮੀਦ ਨੂੰ ਨਾ ਛੱਡੋ ਜੋ ਤੁਹਾਨੂੰ ਸ਼ੁਭ ਸਮਾਚਾਰ ਦੇ ਸੁਣਨ ਦੁਆਰਾ ਮਿਲੀ ਹੈ । ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਅਕਾਸ਼ ਦੇ ਹੇਠ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ ਹੈ ਅਤੇ ਮੈਂ, ਪੌਲੂਸ, ਇਸ ਦਾ ਸੇਵਕ ਬਣਿਆ ਹਾਂ । ਹੁਣ ਮੈਨੂੰ ਤੁਹਾਡੀ ਖ਼ਾਤਰ ਦੁੱਖ ਸਹਿ ਕੇ ਖ਼ੁਸ਼ੀ ਹੋ ਰਹੀ ਹੈ । ਇਸ ਤਰ੍ਹਾਂ ਮੈਂ ਆਪਣੇ ਦੁੱਖਾਂ ਦੇ ਰਾਹੀਂ ਮਸੀਹ ਦੇ ਬਾਕੀ ਰਹਿ ਗਏ ਦੁੱਖਾਂ ਨੂੰ ਉਹਨਾਂ ਦੇ ਸਰੀਰ ਜੋ ਕਿ ਕਲੀਸਿਯਾ ਹੈ ਦੇ ਲਈ ਪੂਰਾ ਕਰ ਰਿਹਾ ਹਾਂ । ਪਰਮੇਸ਼ਰ ਨੇ ਮੈਨੂੰ ਕਲੀਸਿਯਾ ਦਾ ਸੇਵਕ ਬਣਾਇਆ ਹੈ । ਉਹਨਾਂ ਨੇ ਮੈਨੂੰ ਤੁਹਾਡੀ ਖ਼ਾਤਰ ਇਹ ਖ਼ਾਸ ਸੇਵਾ ਦਾ ਕੰਮ ਦਿੱਤਾ ਹੈ ਕਿ ਮੈਂ ਤੁਹਾਡੇ ਸਾਹਮਣੇ ਪਰਮੇਸ਼ਰ ਦੇ ਸੰਦੇਸ਼ ਨੂੰ ਪੂਰੀ ਤਰ੍ਹਾਂ ਨਾਲ ਪੇਸ਼ ਕਰਾਂ, ਤਾਂ ਜੋ ਉਸ ਭੇਤ ਨੂੰ ਪ੍ਰਗਟ ਕਰਾਂ ਜੋ ਸਭ ਯੁੱਗਾਂ ਅਤੇ ਪੀੜ੍ਹੀਆਂ ਕੋਲੋਂ ਅੱਜ ਤੱਕ ਗੁਪਤ ਰਿਹਾ ਹੈ, ਪਰ ਹੁਣ ਉਹਨਾਂ ਨੇ ਆਪਣੇ ਲੋਕਾਂ ਉੱਤੇ ਪ੍ਰਗਟ ਕੀਤਾ ਹੈ । ਪਰਮੇਸ਼ਰ ਨੇ ਆਪਣੀ ਇੱਛਾ ਦੇ ਨਾਲ ਆਪਣੇ ਲੋਕਾਂ ਉੱਤੇ ਇਹ ਪ੍ਰਗਟ ਕੀਤਾ ਹੈ ਕਿ ਉਹ ਭੇਤ ਸਾਰੀਆਂ ਕੌਮਾਂ ਦੇ ਲਈ ਮਹਿਮਾ ਦਾ ਧਨ ਹੈ । ਉਹ ਭੇਤ ਇਹ ਹੈ ਕਿ ਮਸੀਹ ਤੁਹਾਡੇ ਵਿੱਚ ਹਨ ਜੋ ਅੱਗੇ ਆਉਣ ਵਾਲੀ ਮਹਿਮਾ ਦੀ ਉਮੀਦ ਹਨ । ਅਸੀਂ ਮਸੀਹ ਦਾ ਪ੍ਰਚਾਰ ਸਾਰੇ ਮਨੁੱਖਾਂ ਦੇ ਸਾਹਮਣੇ ਕਰਦੇ ਹਾਂ । ਅਸੀਂ ਹਰ ਇੱਕ ਨੂੰ ਪਰਮੇਸ਼ਰ ਤੋਂ ਮਿਲੇ ਗਿਆਨ ਦੇ ਰਾਹੀਂ ਚਿਤਾਵਨੀ ਅਤੇ ਸਿੱਖਿਆ ਦਿੰਦੇ ਹਾਂ ਕਿ ਅਸੀਂ ਹਰ ਇੱਕ ਨੂੰ ਪਰਮੇਸ਼ਰ ਦੇ ਸਾਹਮਣੇ ਮਸੀਹ ਵਿੱਚ ਸੰਪੂਰਨ ਮਨੁੱਖ ਦੇ ਰੂਪ ਵਿੱਚ ਪੇਸ਼ ਕਰੀਏ । ਇਸੇ ਉਦੇਸ਼ ਦੀ ਪ੍ਰਾਪਤੀ ਦੇ ਲਈ ਮੇਰੇ ਵਿੱਚ ਕੰਮ ਕਰ ਰਹੀ ਉਹਨਾਂ ਦੀ ਸਮਰੱਥਾ ਦੇ ਦੁਆਰਾ ਮੈਂ ਮਿਹਨਤ ਅਤੇ ਸੰਘਰਸ਼ ਕਰ ਰਿਹਾ ਹਾਂ । ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਿੰਨੀ ਮਿਹਨਤ ਨਾਲ ਤੁਹਾਡੇ, ਲਾਉਦਿਕੀਆ ਨਿਵਾਸੀਆਂ ਅਤੇ ਉਹਨਾਂ ਸਾਰਿਆਂ ਦੇ ਲਈ ਜਿਹਨਾਂ ਨੂੰ ਮੈਂ ਕਦੀ ਵੀ ਨਹੀਂ ਮਿਲਿਆ, ਸੰਘਰਸ਼ ਕਰ ਰਿਹਾ ਹਾਂ । ਮੈਂ ਉਹਨਾਂ ਨੂੰ ਉਤਸ਼ਾਹ ਦੇਣਾ ਚਾਹੁੰਦਾ ਹਾਂ ਕਿ ਉਹ ਪਿਆਰ ਵਿੱਚ ਬਣੇ ਰਹਿਣ, ਤਾਂ ਜੋ ਉਹ ਪੂਰੇ ਵਿਸ਼ਵਾਸ ਦੇ ਧਨ ਦੀ ਸੰਪੂਰਨ ਸਮਝ ਦੇ ਨਾਲ, ਪਰਮੇਸ਼ਰ ਦੇ ਉਸ ਭੇਤ ਨੂੰ ਜਾਨਣ ਜੋ ਮਸੀਹ ਆਪ ਹੀ ਹਨ । ਮਸੀਹ ਵਿੱਚ ਹੀ ਪਰਮੇਸ਼ਰ ਦੇ ਸਭ ਬੁੱਧ ਅਤੇ ਗਿਆਨ ਦੇ ਖ਼ਜਾਨੇ ਛੁਪੇ ਹਨ । ਮੈਂ ਤੁਹਾਨੂੰ ਇਹ ਇਸ ਲਈ ਦੱਸ ਰਿਹਾ ਹਾਂ ਕਿ ਕੋਈ ਤੁਹਾਨੂੰ ਝੂਠੀਆਂ ਦਲੀਲਾਂ ਨਾਲ ਧੋਖਾ ਨਾ ਦੇਵੇ । ਭਾਵੇਂ ਮੈਂ ਸਰੀਰਕ ਤੌਰ ਤੇ ਤੁਹਾਡੇ ਤੋਂ ਦੂਰ ਹਾਂ ਪਰ ਆਤਮਿਕ ਤੌਰ ਤੇ ਮੈਂ ਤੁਹਾਡੇ ਕੋਲ ਹਾਂ । ਮੈਂ ਬਹੁਤ ਖ਼ੁਸ਼ ਹਾਂ ਕਿ ਤੁਸੀਂ ਪੂਰੇ ਅਨੁਸ਼ਾਸਨ ਨਾਲ ਰਹਿ ਰਹੇ ਹੋ ਅਤੇ ਤੁਹਾਡਾ ਵਿਸ਼ਵਾਸ ਵੀ ਮਸੀਹ ਵਿੱਚ ਅਟੱਲ ਹੈ । ਇਸ ਲਈ ਜਿਸ ਤਰ੍ਹਾਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਸਵੀਕਾਰ ਕੀਤਾ ਹੈ, ਹੁਣ ਉਹਨਾਂ ਵਿੱਚ ਜੀਵਨ ਗੁਜ਼ਾਰੋ । ਉਹਨਾਂ ਵਿੱਚ ਆਪਣੇ ਆਪ ਨੂੰ ਪੱਕਾ ਕਰੋ ਅਤੇ ਵੱਧਦੇ ਜਾਓ ਅਤੇ ਉਸ ਵਿਸ਼ਵਾਸ ਵਿੱਚ ਅਟੱਲ ਰਹੋ ਜਿਸ ਦੀ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ ਅਤੇ ਧੰਨਵਾਦ ਨਾਲ ਭਰਪੂਰ ਰਹੋ । ਇਸ ਦਾ ਧਿਆਨ ਰੱਖੋ ਕਿ ਕੋਈ ਤੁਹਾਨੂੰ ਖੋਖਲੇ ਅਤੇ ਝੂਠੇ ਦਾਰਸ਼ਨਿਕ ਵਿਚਾਰਾਂ ਦੇ ਆਧਾਰ ਤੇ ਕੈਦੀ ਨਾ ਬਣਾ ਲਵੇ ਕਿਉਂਕਿ ਅਜਿਹੇ ਵਿਚਾਰ ਮਸੀਹ ਤੋਂ ਨਹੀਂ ਸਗੋਂ ਮਨੁੱਖੀ ਰੀਤ ਅਤੇ ਸੰਸਾਰ ਦੀਆਂ ਝੂਠੀਆਂ ਆਤਮਾਵਾਂ ਦੇ ਅਨੁਸਾਰ ਹਨ । ਮਸੀਹ ਵਿੱਚ ਪਰਮੇਸ਼ਰ ਦੀ ਸਾਰੀ ਪੂਰਨਤਾ ਸਰੀਰਕ ਰੂਪ ਵਿੱਚ ਵਾਸ ਕਰਦੀ ਹੈ ਅਤੇ ਮਸੀਹ ਵਿੱਚ ਹੀ ਤੁਸੀਂ ਪੂਰਨਤਾ ਪ੍ਰਾਪਤ ਕਰਦੇ ਹੋ ਜਿਹੜੇ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਅਤੇ ਅਧਿਕਾਰੀਆਂ ਦੇ ਸਿਰ ਹਨ । ਉਹਨਾਂ ਵਿੱਚ ਹੀ ਤੁਹਾਡੀ ਸੁੰਨਤ ਹੋਈ ਹੈ । ਇਹ ਸੁੰਨਤ ਮਨੁੱਖੀ ਹੱਥਾਂ ਦੇ ਦੁਆਰਾ ਨਹੀਂ ਸਗੋਂ ਮਸੀਹ ਦੇ ਦੁਆਰਾ ਹੋਈ ਹੈ ਜਿਸ ਦੇ ਨਾਲ ਪਾਪੀ ਸੁਭਾਅ ਖ਼ਤਮ ਹੋ ਜਾਂਦਾ ਹੈ । ਤੁਸੀਂ ਬਪਤਿਸਮੇ ਦੇ ਰਾਹੀਂ ਮਸੀਹ ਦੇ ਨਾਲ ਦਫ਼ਨਾਏ ਗਏ ਹੋ ਅਤੇ ਉਹਨਾਂ ਦੇ ਵਿੱਚ ਜਿਊਂਦੇ ਵੀ ਕੀਤੇ ਗਏ ਹੋ । ਕਿਉਂਕਿ ਤੁਸੀਂ ਪਰਮੇਸ਼ਰ ਦੀ ਉਸ ਸਮਰੱਥਾ ਵਿੱਚ ਵਿਸ਼ਵਾਸ ਕੀਤਾ ਹੈ ਜਿਸ ਦੇ ਨਾਲ ਉਹਨਾਂ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ । ਤੁਸੀਂ ਆਪਣੇ ਪਾਪਾਂ ਦੇ ਕਾਰਨ ਅਤੇ ਸਰੀਰ ਵੱਲੋਂ ਅਸੁੰਨਤੀ ਹੋਣ ਦੇ ਕਾਰਨ ਮੁਰਦਾ ਸੀ ਪਰ ਫਿਰ ਵੀ ਪਰਮੇਸ਼ਰ ਨੇ ਤੁਹਾਨੂੰ ਮਸੀਹ ਦੇ ਨਾਲ ਜਿਊਂਦਾ ਕੀਤਾ ਹੈ । ਉਹਨਾਂ ਨੇ ਸਾਡੇ ਸਾਰੇ ਪਾਪ ਮਾਫ਼ ਕਰ ਦਿੱਤੇ ਹਨ । ਉਹਨਾਂ ਨੇ ਉਸ ਕਰਜ਼ੇ ਦੇ ਖਾਤੇ ਨੂੰ ਰੱਦ ਕਰ ਦਿੱਤਾ ਹੈ ਜੋ ਸਾਡੇ ਕੋਲੋਂ ਵਿਵਸਥਾ ਦੀ ਪੂਰਤੀ ਦੀ ਮੰਗ ਕਰਦਾ ਸੀ । ਉਹ ਸਾਡਾ ਵਿਰੋਧੀ ਸੀ ਪਰ ਪਰਮੇਸ਼ਰ ਨੇ ਸਲੀਬ ਉੱਤੇ ਕਿੱਲਾਂ ਨਾਲ ਟੰਗ ਕੇ ਉਸ ਕਰਜ਼ੇ ਨੂੰ ਮਿਟਾ ਦਿੱਤਾ । ਉਹਨਾਂ ਨੇ ਸਭ ਆਤਮਿਕ ਸ਼ਾਸਕਾਂ ਅਤੇ ਅਧਿਕਾਰੀਆਂ ਨੂੰ ਖ਼ਤਮ ਕਰ ਦਿੱਤਾ ਅਤੇ ਖੁੱਲ੍ਹੇਆਮ ਉਹਨਾਂ ਦਾ ਤਮਾਸ਼ਾ ਬਣਾਇਆ ਅਤੇ ਸਲੀਬ ਦੇ ਰਾਹੀਂ ਉਹਨਾਂ ਉੱਤੇ ਜਿੱਤ ਪ੍ਰਾਪਤ ਕੀਤੀ । ਇਸ ਲਈ ਹੁਣ ਕੋਈ ਤੁਹਾਡੇ ਉੱਤੇ ਖਾਣ-ਪੀਣ, ਕਿਸੇ ਤਿਉਹਾਰ ਦੇ ਮਨਾਉਣ, ਨਵੇਂ ਚੰਦ ਅਤੇ ਸਬਤ ਨੂੰ ਮੰਨਣ ਦੇ ਸੰਬੰਧ ਵਿੱਚ ਦੋਸ਼ ਨਾ ਲਾਵੇ । ਕਿਉਂਕਿ ਇਹ ਸਭ ਅੱਗੇ ਆਉਣ ਵਾਲੀਆਂ ਚੀਜ਼ਾਂ ਦਾ ਚਿੰਨ੍ਹ ਹਨ, ਅਸਲੀਅਤ ਤਾਂ ਮਸੀਹ ਵਿੱਚ ਹੀ ਹੈ । ਕੋਈ ਵੀ ਜੋ ਝੂਠੀ ਨਿਮਰਤਾ ਵਿੱਚ ਅਨੰਦ ਮਾਣਦਾ ਅਤੇ ਸਵਰਗਦੂਤਾਂ ਦੀ ਪੂਜਾ ਕਰਦਾ ਹੈ, ਅਜਿਹਾ ਮਨੁੱਖ ਆਪਣੇ ਸੰਸਾਰਕ ਅਨੁਭਵਾਂ ਉੱਤੇ ਸ਼ੇਖੀ ਮਾਰਦਾ ਹੈ ਅਤੇ ਉਸ ਦਾ ਸੰਸਾਰਕ ਮਨ ਵਿਅਰਥ ਵਿਚਾਰਾਂ ਉੱਤੇ ਘਮੰਡ ਕਰਦਾ ਹੈ, ਉਹ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰੇ । ਉਹ ਆਪਣੇ ਸਿਰ ਭਾਵ ਮਸੀਹ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰਾ ਸਰੀਰ ਜੋੜਾਂ ਅਤੇ ਪੱਠਿਆਂ ਸਮੇਤ ਭੋਜਨ ਪ੍ਰਾਪਤ ਕਰਦਾ ਅਤੇ ਜੁੜਿਆ ਰਹਿੰਦਾ ਹੈ ਅਤੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਵੱਧਦਾ ਫੁੱਲਦਾ ਹੈ । ਤੁਸੀਂ ਮਸੀਹ ਦੇ ਨਾਲ ਮਰ ਚੁੱਕੇ ਹੋ ਅਤੇ ਝੂਠੀਆਂ ਆਤਮਾਵਾਂ ਤੋਂ ਆਜ਼ਾਦ ਹੋ ਚੁੱਕੇ ਹੋ । ਫਿਰ ਤੁਸੀਂ ਅਜੇ ਵੀ ਸੰਸਾਰਕ ਰੀਤਾਂ ਦੇ ਅਨੁਸਾਰ ਜੀਵਨ ਕਿਉਂ ਗੁਜ਼ਾਰ ਰਹੇ ਹੋ ਜਿਵੇਂ, “ਇਹ ਨਾ ਕਰ, ਉਹ ਨਾ ਖਾ, ਇਸ ਨੂੰ ਨਾ ਛੂਹ”? ਇਹਨਾਂ ਸਾਰੇ ਸਿਧਾਂਤਾਂ ਦਾ ਸੰਬੰਧ ਤਾਂ ਕੇਵਲ ਉਹਨਾਂ ਚੀਜ਼ਾਂ ਦੇ ਨਾਲ ਹੈ, ਜੋ ਵਰਤਣ ਦੇ ਬਾਅਦ ਖ਼ਤਮ ਹੋ ਜਾਂਦੀਆਂ ਹਨ । ਇਹ ਸਭ ਕੇਵਲ ਮਨੁੱਖੀ ਹੁਕਮ ਅਤੇ ਸਿੱਖਿਆਵਾਂ ਹਨ । ਭਾਵੇਂ ਇਹ ਸੰਸਾਰਕ ਰੀਤਾਂ ਦੇਖਣ ਵਿੱਚ ਬੁੱਧ ਨਾਲ ਭਰਪੂਰ ਲਗਦੀਆਂ ਹਨ ਪਰ ਇਹ ਸਭ ਆਪਣੇ ਆਪ ਸਥਾਪਿਤ ਕੀਤੇ ਹੋਏ ਪੂਜਾ-ਪਾਠ, ਨਿਮਰਤਾ ਦਾ ਦਿਖਾਵਾ, ਸਰੀਰ ਨੂੰ ਕਸ਼ਟ ਦੇਣ ਵਾਲੀਆਂ ਸੰਸਾਰਕ ਰੀਤਾਂ ਹਨ, ਜਿਹਨਾਂ ਤੋਂ ਸਰੀਰਕ ਵਾਸ਼ਨਾਵਾਂ ਉੱਤੇ ਕਾਬੂ ਪਾਉਣ ਵਿੱਚ ਕੋਈ ਮਦਦ ਨਹੀਂ ਮਿਲਦੀ । ਤੁਸੀਂ ਮਸੀਹ ਦੇ ਨਾਲ ਜਿਊਂਦੇ ਕੀਤੇ ਗਏ ਹੋ ਇਸ ਲਈ ਤੁਸੀਂ ਆਪਣੇ ਮਨਾਂ ਨੂੰ ਸਵਰਗੀ ਚੀਜ਼ਾਂ ਉੱਤੇ ਲਾਵੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਵਿਰਾਜਮਾਨ ਹਨ । ਆਪਣੇ ਮਨ ਸਵਰਗੀ ਚੀਜ਼ਾਂ ਉੱਤੇ ਲਾਵੋ ਨਾ ਕਿ ਧਰਤੀ ਦੀਆਂ ਚੀਜ਼ਾਂ ਉੱਤੇ । ਕਿਉਂਕਿ ਤੁਸੀਂ ਮਰ ਚੁੱਕੇ ਹੋ ਅਤੇ ਹੁਣ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਛੁਪਿਆ ਹੋਇਆ ਹੈ । ਮਸੀਹ ਹੀ ਤੁਹਾਡਾ ਅਸਲ ਜੀਵਨ ਹਨ ਇਸ ਲਈ ਜਦੋਂ ਉਹ ਦੁਬਾਰਾ ਆਉਣਗੇ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਆਵੋਗੇ ਅਤੇ ਉਹਨਾਂ ਦੀ ਮਹਿਮਾ ਦੇ ਹਿੱਸੇਦਾਰ ਬਣੋਗੇ । ਇਸ ਲਈ ਤੁਸੀਂ ਆਪਣੀਆਂ ਸੰਸਾਰਕ ਵਾਸ਼ਨਾਵਾਂ ਨੂੰ ਮਾਰ ਦੇਵੋ, ਭਾਵ ਵਿਭਚਾਰ, ਅਨੈਤਿਕਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ, ਜੋ ਕਿ ਮੂਰਤੀ ਪੂਜਾ ਦੇ ਬਰਾਬਰ ਹੈ । ਕਿਉਂਕਿ ਇਹਨਾਂ ਦੇ ਕਾਰਨ ਹੀ ਪਰਮੇਸ਼ਰ ਦੀ ਸਜ਼ਾ ਉਹਨਾਂ ਨੂੰ ਨਾ ਮੰਨਣ ਵਾਲਿਆਂ ਦੇ ਉੱਤੇ ਆਉਂਦੀ ਹੈ । ਇੱਕ ਸਮਾਂ ਸੀ ਜਦੋਂ ਤੁਸੀਂ ਇਹਨਾਂ ਲਾਲਸਾਵਾਂ ਦੇ ਅਨੁਸਾਰ ਜੀਵਨ ਗੁਜ਼ਾਰਦੇ ਸੀ । ਪਰ ਹੁਣ ਗੁੱਸਾ, ਕ੍ਰੋਧ, ਈਰਖਾ, ਨਿੰਦਾ ਅਤੇ ਮੂੰਹ ਵਿੱਚੋਂ ਗੰਦੇ ਬੋਲ ਬੋਲਣੇ, ਇਹ ਸਭ ਚੀਜ਼ਾਂ ਤਿਆਗ ਦੇਵੋ । ਇੱਕ ਦੂਜੇ ਨਾਲ ਝੂਠ ਨਾ ਬੋਲੋ ਕਿਉਂਕਿ ਤੁਸੀਂ ਆਪਣੀ ਪੁਰਾਣੀ ਮਨੁੱਖਤਾ ਉਸ ਦੇ ਕੰਮਾਂ ਸਮੇਤ ਲਾਹ ਦਿੱਤੀ ਹੈ ਅਤੇ ਨਵੀਂ ਮਨੁੱਖਤਾ ਪਹਿਨ ਲਈ ਹੈ ਜੋ ਲਗਾਤਾਰ ਆਪਣੇ ਸਿਰਜਨਹਾਰ ਦੇ ਸਰੂਪ ਦੇ ਅਨੁਸਾਰ ਨਵੀਂ ਹੁੰਦੀ ਅਤੇ ਉਹਨਾਂ ਦੀ ਪਛਾਣ ਵਿੱਚ ਵੱਧਦੀ ਜਾਂਦੀ ਹੈ । ਹੁਣ ਨਾ ਕੋਈ ਯੂਨਾਨੀ ਜਾਂ ਯਹੂਦੀ, ਸੁੰਨਤੀ ਜਾਂ ਅਸੁੰਨਤੀ, ਗ਼ੈਰ ਯੂਨਾਨੀ ਜਾਂ ਸਕੂਥੀ, ਆਜ਼ਾਦ ਜਾਂ ਗ਼ੁਲਾਮ ਪਰ ਮਸੀਹ ਹੀ ਸਭ ਕੁਝ ਹਨ ਅਤੇ ਉਹ ਸਭ ਵਿੱਚ ਹਨ । ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਰਗਾ ਜੀਵਨ ਗੁਜ਼ਾਰੋ । ਤੁਸੀਂ ਤਰਸ, ਦਇਆ, ਨਿਮਰਤਾ, ਸ਼ੀਲ ਸੁਭਾਅ ਅਤੇ ਧੀਰਜ ਨੂੰ ਪਹਿਨ ਲਵੋ । ਇੱਕ ਦੂਜੇ ਨੂੰ ਸਹਿਣ ਕਰੋ । ਜੇਕਰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਇੱਕ ਦੂਜੇ ਨੂੰ ਮਾਫ਼ ਕਰ ਦੇਵੋ । ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ, ਉਸੇ ਤਰ੍ਹਾਂ ਤੁਸੀਂ ਵੀ ਮਾਫ਼ ਕਰੋ । ਸਭ ਤੋਂ ਉੱਤਮ ਇਹ ਕਿ ਤੁਹਾਡੇ ਵਿੱਚ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਪਿਆਰ ਹੀ ਸੰਪੂਰਨ ਏਕਤਾ ਨੂੰ ਜੋੜਦਾ ਹੈ । ਮਸੀਹ ਦੀ ਸ਼ਾਂਤੀ ਨੂੰ ਆਪਣੇ ਦਿਲਾਂ ਉੱਤੇ ਰਾਜ ਕਰਨ ਦਿਓ, ਕਿਉਂਕਿ ਇਸੇ ਦੇ ਲਈ ਤੁਸੀਂ ਉਹਨਾਂ ਦੇ ਸਰੀਰ ਦਾ ਅੰਗ ਹੋਣ ਦੇ ਲਈ ਸੱਦੇ ਗਏ ਹੋ । ਅਤੇ ਧੰਨਵਾਦ ਕਰਦੇ ਰਹੋ । ਆਪਣੇ ਮਨਾਂ ਵਿੱਚ ਮਸੀਹ ਦੇ ਵਚਨ ਨੂੰ ਭਰਪੂਰੀ ਨਾਲ ਵਾਸ ਕਰਨ ਦਿਓ । ਇੱਕ ਦੂਜੇ ਨੂੰ ਪੂਰਨ ਗਿਆਨ ਨਾਲ ਸਿਖਾਓ ਅਤੇ ਸਲਾਹ ਦੇਵੋ । ਹਰ ਸਮੇਂ ਆਪਣੇ ਧੰਨਵਾਦੀ ਮਨਾਂ ਨਾਲ ਪਰਮੇਸ਼ਰ ਦੀ ਉਸਤਤ ਜ਼ਬੂਰਾਂ, ਭਜਨਾਂ ਅਤੇ ਆਤਮਿਕ ਗੀਤਾਂ ਦੁਆਰਾ ਕਰਦੇ ਰਹੋ । ਜੋ ਕੁਝ ਤੁਸੀਂ ਕਹੋ ਜਾਂ ਕਰੋ, ਉਹ ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਹਨਾਂ ਦੇ ਰਾਹੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰੋ । ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ, ਜਿਵੇਂ ਪ੍ਰਭੂ ਵਿੱਚ ਉਚਿਤ ਹੈ । ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨੂੰ ਪਿਆਰ ਕਰੋ । ਉਹਨਾਂ ਦੇ ਨਾਲ ਸਖ਼ਤ ਵਰਤਾਅ ਨਾ ਕਰੋ । ਬੱਚਿਓ, ਹਰ ਗੱਲ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆ ਮੰਨੋ ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦੇ ਹਨ । ਤੁਸੀਂ ਜੋ ਪਿਤਾ ਹੋ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਦਾ ਗੁੱਸਾ ਨਾ ਭੜਕਾਓ ਤਾਂ ਜੋ ਉਹ ਨਿਰਾਸ਼ ਨਾ ਹੋ ਜਾਣ । ਗ਼ੁਲਾਮੋ, ਹਰ ਕੰਮ ਵਿੱਚ ਆਪਣੇ ਮਨੁੱਖੀ ਮਾਲਕਾਂ ਦੇ ਆਗਿਆਕਾਰ ਬਣ ਕੇ ਰਹੋ । ਕੇਵਲ ਉਸੇ ਸਮੇਂ ਹੀ ਨਹੀਂ ਜਦੋਂ ਮਾਲਕ ਤੁਹਾਨੂੰ ਦੇਖ ਰਹੇ ਹੋਣ ਅਤੇ ਉਹਨਾਂ ਨੂੰ ਖ਼ੁਸ਼ ਕਰਨ ਦੇ ਲਈ ਹੀ ਨਹੀਂ ਪਰ ਸੱਚੇ ਦਿਲ ਦੇ ਨਾਲ ਪ੍ਰਭੂ ਦੇ ਡਰ ਵਿੱਚ ਕੰਮ ਕਰੋ । ਜੋ ਕੁਝ ਵੀ ਤੁਸੀਂ ਕਰੋ, ਪੂਰਾ ਦਿਲ ਲਾ ਕੇ ਇਸ ਤਰ੍ਹਾਂ ਕਰੋ, ਜਿਵੇਂ ਤੁਸੀਂ ਪ੍ਰਭੂ ਦੇ ਲਈ ਕਰ ਰਹੇ ਹੋ ਨਾ ਕਿ ਮਨੁੱਖਾਂ ਦੇ ਲਈ । ਜਾਣ ਲਵੋ ਕਿ ਤੁਸੀਂ ਪ੍ਰਭੂ ਦੇ ਕੋਲੋਂ ਵਿਰਸੇ ਦਾ ਇਨਾਮ ਪ੍ਰਾਪਤ ਕਰੋਗੇ ਕਿਉਂਕਿ ਤੁਸੀਂ ਪ੍ਰਭੂ ਮਸੀਹ ਦੀ ਹੀ ਸੇਵਾ ਕਰਦੇ ਹੋ । ਜਿਹੜਾ ਕੋਈ ਬੁਰਾ ਕੰਮ ਕਰਦਾ ਹੈ ਉਸ ਨੂੰ ਉਸ ਦੇ ਬੁਰੇ ਕੰਮ ਦਾ ਫਲ ਮਿਲੇਗਾ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦੇ । ਮਾਲਕੋ, ਆਪਣੇ ਗ਼ੁਲਾਮਾਂ ਨਾਲ ਉਚਿਤ ਅਤੇ ਨਿਰਪੱਖ ਵਰਤਾਅ ਕਰੋ ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਵੀ ਸਵਰਗ ਵਿੱਚ ਇੱਕ ਮਾਲਕ ਹੈ । ਲਗਾਤਾਰ ਪ੍ਰਾਰਥਨਾ ਕਰਦੇ ਰਹੋ, ਪ੍ਰਾਰਥਨਾ ਵਿੱਚ ਸੁਚੇਤ ਰਹੋ ਅਤੇ ਧੰਨਵਾਦ ਕਰੋ । ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਮਸੀਹ ਦੇ ਸੰਦੇਸ਼ ਦੇ ਭੇਤ ਨੂੰ ਸੁਣਾਉਣ ਦੇ ਲਈ ਦਰਵਾਜ਼ਾ ਖੋਲ੍ਹਣ ਜਿਸ ਦੇ ਲਈ ਮੈਂ ਕੈਦ ਵਿੱਚ ਹਾਂ । ਪ੍ਰਾਰਥਨਾ ਕਰੋ ਕਿ ਮੈਂ ਇਸ ਨੂੰ ਸਫ਼ਾਈ ਨਾਲ ਪੇਸ਼ ਕਰਾਂ ਜਿਸ ਤਰ੍ਹਾਂ ਮੈਨੂੰ ਕਰਨਾ ਚਾਹੀਦਾ ਹੈ । ਅਵਿਸ਼ਵਾਸੀਆਂ ਦੇ ਨਾਲ ਸਮਝਦਾਰੀ ਵਾਲਾ ਵਰਤਾਅ ਕਰੋ ਅਤੇ ਜੋ ਸਮਾਂ ਤੁਹਾਨੂੰ ਮਿਲਿਆ ਹੈ ਉਸ ਦਾ ਸਹੀ ਉਪਯੋਗ ਕਰੋ । ਤੁਹਾਡਾ ਬੋਲ-ਚਾਲ ਹਰ ਸਮੇਂ ਸੁਹਾਵਣਾ ਅਤੇ ਦਿਲਚਸਪ ਹੋਵੇ ਤਾਂ ਜੋ ਤੁਹਾਨੂੰ ਹਰ ਕਿਸੇ ਨੂੰ ਉੱਤਰ ਦੇਣ ਦਾ ਢੰਗ ਆਵੇ । ਤੁਖਿਕੁਸ ਤੁਹਾਨੂੰ ਮੇਰੇ ਬਾਰੇ ਸਭ ਸਮਾਚਾਰ ਦੇਵੇਗਾ । ਉਹ ਪ੍ਰਭੂ ਦੇ ਕੰਮ ਵਿੱਚ ਸਾਡਾ ਪਿਆਰਾ ਭਰਾ, ਵਿਸ਼ਵਾਸ ਯੋਗ ਸਹਾਇਕ ਅਤੇ ਸਾਡਾ ਸਾਥੀ ਸੇਵਕ ਹੈ । ਮੈਂ ਉਸ ਨੂੰ ਤੁਹਾਡੇ ਕੋਲ ਇਸੇ ਲਈ ਭੇਜ ਰਿਹਾ ਹਾਂ ਕਿ ਉਹ ਤੁਹਾਨੂੰ ਸਾਡੇ ਬਾਰੇ ਦੱਸੇ ਅਤੇ ਤੁਹਾਨੂੰ ਹੌਸਲਾ ਦੇਵੇ । ਉਸ ਦੇ ਨਾਲ ਉਨੇਸਿਮੁਸ ਵੀ ਆ ਰਿਹਾ ਹੈ ਜੋ ਕਿ ਸਾਡਾ ਵਿਸ਼ਵਾਸ ਯੋਗ ਅਤੇ ਪਿਆਰਾ ਭਰਾ ਹੈ ਅਤੇ ਜੋ ਤੁਹਾਡੇ ਵਿੱਚੋਂ ਇੱਕ ਹੈ । ਉਹ ਦੋਵੇਂ ਤੁਹਾਨੂੰ ਇੱਥੋਂ ਦਾ ਸਾਰਾ ਹਾਲ ਦੱਸਣਗੇ । ਅਰਿਸਤਰਖੁਸ, ਜੋ ਮੇਰੇ ਨਾਲ ਕੈਦ ਵਿੱਚ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ ਅਤੇ ਇਸੇ ਤਰ੍ਹਾਂ ਬਰਨਾਬਾਸ ਦਾ ਰਿਸ਼ਤੇ ਵਿੱਚੋਂ ਭਰਾ ਮਰਕੁਸ ਵੀ ਨਮਸਕਾਰ ਕਹਿੰਦਾ ਹੈ । ਉਸ ਦੇ ਬਾਰੇ ਤੁਸੀਂ ਪਹਿਲਾਂ ਹੀ ਹਿਦਾਇਤ ਪ੍ਰਾਪਤ ਕਰ ਚੁੱਕੇ ਹੋ ਕਿ ਜਦੋਂ ਉਹ ਤੁਹਾਡੇ ਕੋਲ ਆਵੇ, ਤਾਂ ਉਸ ਦਾ ਚੰਗੀ ਤਰ੍ਹਾਂ ਸੁਆਗਤ ਕਰੋ । ਇਹਨਾਂ ਦੇ ਨਾਲ ਯਹੋਸ਼ੁਆ ਵੀ ਜੋ ਯੂਸਤੁਸ ਵੀ ਅਖਵਾਉਂਦਾ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਕੇਵਲ ਇਹ ਹੀ ਉਹ ਯਹੂਦੀ ਸੇਵਕ ਹਨ ਜੋ ਮੇਰੇ ਨਾਲ ਪਰਮੇਸ਼ਰ ਦੇ ਰਾਜ ਦੇ ਲਈ ਕੰਮ ਕਰ ਰਹੇ ਹਨ । ਇਹਨਾਂ ਤੋਂ ਮੈਨੂੰ ਬਹੁਤ ਤਸੱਲੀ ਮਿਲੀ ਹੈ । ਇਪਫ਼ਰਾਸ ਜੋ ਤੁਹਾਡੇ ਵਿੱਚੋਂ ਇੱਕ ਹੈ ਅਤੇ ਮਸੀਹ ਯਿਸੂ ਦਾ ਦਾਸ ਹੈ, ਤੁਹਾਨੂੰ ਨਮਸਕਾਰ ਕਹਿੰਦਾ ਹੈ । ਉਹ ਹਮੇਸ਼ਾ ਪੂਰੇ ਦਿਲ ਨਾਲ ਤੁਹਾਡੇ ਲਈ ਪ੍ਰਾਰਥਨਾ ਕਰਦਾ ਹੈ ਕਿ ਤੁਸੀਂ ਪੱਕੇ ਅਤੇ ਸੰਪੂਰਨ ਵਿਸ਼ਵਾਸੀਆਂ ਦੀ ਤਰ੍ਹਾਂ ਅਟੱਲ ਰਹੋ ਅਤੇ ਪਰਮੇਸ਼ਰ ਦੀ ਇੱਛਾ ਦੇ ਆਗਿਆਕਾਰੀ ਰਹੋ । ਉਸ ਦੇ ਲਈ ਮੈਂ ਆਪ ਵੀ ਗਵਾਹੀ ਦੇ ਸਕਦਾ ਹਾਂ ਕਿ ਉਹ ਕਿਸ ਤਰ੍ਹਾਂ ਤੁਹਾਡੇ, ਲਾਉਦਿਕੀਆ ਅਤੇ ਹੀਏਰਪੁਲਿਸ ਦੇ ਰਹਿਣ ਵਾਲਿਆਂ ਦੇ ਲਈ ਮਿਹਨਤ ਕਰ ਰਿਹਾ ਹੈ । ਸਾਡਾ ਪਿਆਰਾ ਡਾਕਟਰ ਲੂਕਾ ਅਤੇ ਦੇਮਾਸ ਵੀ ਤੁਹਾਨੂੰ ਨਮਸਕਾਰ ਕਹਿੰਦੇ ਹਨ । ਲਾਉਦਿਕੀਆ ਦੇ ਭਰਾਵਾਂ ਅਤੇ ਨੁਮਫ਼ਾਸ ਨੂੰ ਅਤੇ ਉਸ ਦੇ ਘਰ ਵਿੱਚ ਇਕੱਠੀ ਹੋਣ ਵਾਲੀ ਕਲੀਸਿਯਾ ਨੂੰ ਸਾਡਾ ਨਮਸਕਾਰ ਕਹਿਣਾ । ਇਸ ਪੱਤਰ ਨੂੰ ਆਪਣੇ ਵਿੱਚ ਪੜ੍ਹੇ ਜਾਣ ਦੇ ਬਾਅਦ ਨਿਸ਼ਚਿਤ ਕਰੋ ਕਿ ਇਹ ਪੱਤਰ ਲਾਉਦਿਕੀਆ ਦੀ ਕਲੀਸਿਯਾ ਵਿੱਚ ਵੀ ਪੜ੍ਹਿਆ ਜਾਵੇ । ਇਸੇ ਤਰ੍ਹਾਂ ਜੋ ਪੱਤਰ ਤੁਹਾਨੂੰ ਲਾਉਦਿਕੀਆ ਦੀ ਕਲੀਸਿਯਾ ਕੋਲੋਂ ਮਿਲੇ, ਉਹ ਪੱਤਰ ਆਪਣੀ ਕਲੀਸਿਯਾ ਵਿੱਚ ਵੀ ਪੜ੍ਹਨਾ । ਅਰਖਿੱਪੁਸ ਨੂੰ ਇਹ ਸੁਨੇਹਾ ਦੇਣਾ, “ਉਹ ਸੇਵਾ ਜੋ ਤੈਨੂੰ ਸੌਂਪੀ ਗਈ ਹੈ ਉਸ ਨੂੰ ਪ੍ਰਭੂ ਦੀ ਸੇਵਾ ਸਮਝਦੇ ਹੋਏ ਪੂਰੀ ਕਰਨਾ ।” ਮੈਂ ਪੌਲੂਸ ਇਹ ਨਮਸਕਾਰ ਆਪਣੇ ਹੱਥ ਨਾਲ ਲਿਖ ਰਿਹਾ ਹਾਂ । ਮੇਰੀਆਂ ਜ਼ੰਜੀਰਾਂ ਨੂੰ ਯਾਦ ਰੱਖਣਾ । ਪਰਮੇਸ਼ਰ ਦੀ ਕਿਰਪਾ ਤੁਹਾਡੇ ਨਾਲ ਹੋਵੇ । ਪੌਲੂਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ, ਥੱਸਲੁਨੀਕਾ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਕਿਰਪਾ ਅਤੇ ਸ਼ਾਂਤੀ ਮਿਲੇ! ਅਸੀਂ ਹਮੇਸ਼ਾ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹਾਂ ਅਤੇ ਲਗਾਤਾਰ ਤੁਹਾਡੇ ਲਈ ਧੰਨਵਾਦ ਕਰਦੇ ਹਾਂ । ਅਸੀਂ ਹਮੇਸ਼ਾ ਆਪਣੇ ਪਿਤਾ ਪਰਮੇਸ਼ਰ ਦੇ ਸਾਹਮਣੇ ਤੁਹਾਨੂੰ ਯਾਦ ਕਰਦੇ ਹਾਂ ਕਿ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਦੇ ਕੰਮ, ਪਿਆਰ ਦੀ ਮਿਹਨਤ ਅਤੇ ਉਮੀਦ ਦੇ ਦੁਆਰਾ ਸਹਿਣਸ਼ੀਲਤਾ ਦਾ ਪ੍ਰਗਟਾਵਾ ਕਰਦੇ ਹੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ । ਭਰਾਵੋ ਅਤੇ ਭੈਣੋ, ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਤੁਹਾਨੂੰ ਪਿਆਰ ਕਰਦੇ ਹਨ ਅਤੇ ਜਿਹਨਾਂ ਨੇ ਤੁਹਾਨੂੰ ਚੁਣ ਕੇ ਆਪਣਾ ਬਣਾਇਆ ਹੈ । ਕਿਉਂਕਿ ਸਾਡਾ ਸ਼ੁਭ ਸਮਾਚਾਰ ਤੁਹਾਡੇ ਕੋਲ ਕੇਵਲ ਸ਼ਬਦਾਂ ਵਿੱਚ ਹੀ ਨਹੀਂ ਸਗੋਂ ਸਮਰੱਥਾ ਅਤੇ ਪਵਿੱਤਰ ਆਤਮਾ ਦੇ ਨਾਲ ਪੂਰਨ ਭਰੋਸੇ ਦੇ ਨਾਲ ਆਇਆ ਸੀ । ਕਿਉਂਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਅਸੀਂ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਰਹੇ, ਇਹ ਸਭ ਤੁਹਾਡੇ ਭਲੇ ਦੇ ਲਈ ਸੀ । ਤੁਸੀਂ ਸਾਡੇ ਅਤੇ ਪ੍ਰਭੂ ਦੇ ਅਨੁਸਾਰ ਬਣ ਗਏ ਭਾਵੇਂ ਤੁਹਾਡੇ ਉੱਤੇ ਦੁੱਖ ਆਏ ਪਰ ਫਿਰ ਵੀ ਤੁਸੀਂ ਸੰਦੇਸ਼ ਦਾ ਸੁਆਗਤ ਪਵਿੱਤਰ ਆਤਮਾ ਦੇ ਦੁਆਰਾ ਮਿਲੇ ਅਨੰਦ ਨਾਲ ਕੀਤਾ । ਇਸ ਤਰ੍ਹਾਂ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਦੇ ਲਈ ਉਦਾਹਰਨ ਬਣੇ । ਤੁਹਾਡੇ ਦੁਆਰਾ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਪ੍ਰਭੂ ਦਾ ਸੰਦੇਸ਼ ਪਹੁੰਚਿਆ ਸਗੋਂ ਪਰਮੇਸ਼ਰ ਵਿੱਚ ਤੁਹਾਡੇ ਵਿਸ਼ਵਾਸ ਦਾ ਸਮਾਚਾਰ ਹਰ ਜਗ੍ਹਾ ਫੈਲ ਗਿਆ ਹੈ । ਇਸ ਸੰਬੰਧ ਵਿੱਚ ਸਾਨੂੰ ਕੁਝ ਹੋਰ ਕਹਿਣ ਦੀ ਲੋੜ ਨਹੀਂ । ਉਹ ਸਾਰੇ ਲੋਕ ਆਪ ਹੀ ਦੱਸ ਰਹੇ ਹਨ ਕਿ ਜਦੋਂ ਅਸੀਂ ਤੁਹਾਡੇ ਕੋਲ ਆਏ ਤੁਸੀਂ ਸਾਡਾ ਕਿਸ ਤਰ੍ਹਾਂ ਸੁਆਗਤ ਕੀਤਾ ਅਤੇ ਕਿਸ ਤਰ੍ਹਾਂ ਤੁਸੀਂ ਮੂਰਤੀਆਂ ਨੂੰ ਛੱਡ ਕੇ ਪਰਮੇਸ਼ਰ ਦੇ ਵੱਲ ਮੁੜੇ ਅਤੇ ਉਸ ਸੱਚੇ ਅਤੇ ਜਿਊਂਦੇ ਪਰਮੇਸ਼ਰ ਦੇ ਸੇਵਕ ਬਣੇ ਅਤੇ ਕਿਸ ਤਰ੍ਹਾਂ ਤੁਸੀਂ ਹੁਣ ਉਹਨਾਂ ਦੇ ਪੁੱਤਰ ਯਿਸੂ ਦੀ ਸਵਰਗ ਤੋਂ ਵਾਪਸ ਆਉਣ ਦੀ ਉਡੀਕ ਕਰ ਰਹੇ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਅਤੇ ਜਿਹੜੇ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦੇ ਹਨ । ਭਰਾਵੋ ਅਤੇ ਭੈਣੋ, ਤੁਸੀਂ ਆਪ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਗਿਆ । ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਾਨੂੰ ਫ਼ਿਲਿੱਪੈ ਵਿੱਚ ਦੁੱਖ ਅਤੇ ਨਿਰਾਦਰ ਸਹਿਣੇ ਪਏ ਪਰ ਫਿਰ ਵੀ ਅਸੀਂ ਪਰਮੇਸ਼ਰ ਤੋਂ ਮਿਲੀ ਦਲੇਰੀ ਦੇ ਨਾਲ ਬਹੁਤ ਵਿਰੋਧ ਦੇ ਹੁੰਦੇ ਹੋਏ ਵੀ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ । ਇਸ ਸ਼ੁਭ ਸਮਾਚਾਰ ਦੇ ਪਿੱਛੇ ਨਾ ਗ਼ਲਤੀ ਨਾ ਅਸ਼ੁੱਧ ਇਰਾਦੇ ਅਤੇ ਨਾ ਹੀ ਧੋਖਾ ਹੈ । ਸਗੋਂ ਪਰਮੇਸ਼ਰ ਨੇ ਆਪ ਸਾਡੀ ਪਰਖ ਕੀਤੀ ਹੈ ਅਤੇ ਸਾਨੂੰ ਇਸ ਦੇ ਯੋਗ ਸਮਝ ਕੇ ਸ਼ੁਭ ਸਮਾਚਾਰ ਸੌਂਪਿਆ ਹੈ । ਅਸੀਂ ਉਹਨਾਂ ਦੀ ਇੱਛਾ ਦੇ ਅਨੁਸਾਰ ਸੁਣਾਉਂਦੇ ਹਾਂ, ਅਸੀਂ ਮਨੁੱਖਾਂ ਨੂੰ ਨਹੀਂ ਸਗੋਂ ਪਰਮੇਸ਼ਰ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਡੇ ਦਿਲਾਂ ਦੀ ਜਾਂਚ ਕਰਦੇ ਹਨ । ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਕਿਸੇ ਤਰ੍ਹਾਂ ਦੇ ਚਾਪਲੂਸੀ ਵਾਲੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਲੋਭ ਨਾਲ ਆਪਣੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ । ਇਸ ਦੇ ਲਈ ਤਾਂ ਪਰਮੇਸ਼ਰ ਸਾਡੇ ਗਵਾਹ ਹਨ । ਅਸੀਂ ਕਿਸੇ ਕੋਲੋਂ ਵੀ ਵਡਿਆਈ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਨਾ ਤੁਹਾਡੇ ਕੋਲੋਂ ਅਤੇ ਨਾ ਕਿਸੇ ਹੋਰ ਕੋਲੋਂ । ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਭਾਰ ਪਾ ਸਕਦੇ ਸੀ ਪਰ ਅਸੀਂ ਤੁਹਾਡੇ ਨਾਲ ਰਹਿੰਦੇ ਸਮੇਂ ਨਰਮ ਰਹੇ । ਇੰਨੇ ਨਰਮ ਕਿ ਜਿੰਨੀ ਇੱਕ ਮਾਂ ਆਪਣੇ ਬੱਚਿਆਂ ਦੀ ਦੇਖ ਭਾਲ ਕਰਨ ਦੇ ਸਮੇਂ ਹੁੰਦੀ ਹੈ । ਇਸ ਤਰ੍ਹਾਂ ਤੁਹਾਡੇ ਲਈ ਸਾਡੇ ਦਿਲਾਂ ਵਿੱਚ ਇੰਨੀ ਤਾਂਘ ਹੈ ਕਿ ਅਸੀਂ ਨਾ ਕੇਵਲ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਦੇਣਾ ਚਾਹਿਆ ਸਗੋਂ ਆਪਣੀ ਜਾਨ ਵੀ ਦੇਣ ਦੇ ਲਈ ਤਿਆਰ ਸੀ ਕਿਉਂਕਿ ਤੁਸੀਂ ਸਾਨੂੰ ਬਹੁਤ ਪਿਆਰੇ ਸੀ । ਭਰਾਵੋ ਅਤੇ ਭੈਣੋ, ਤੁਹਾਨੂੰ ਇਹ ਯਾਦ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਤੁਹਾਨੂੰ ਸ਼ੁਭ ਸਮਾਚਾਰ ਦਾ ਪ੍ਰਚਾਰ ਸੁਣਾਇਆ ਅਤੇ ਕਿਸ ਤਰ੍ਹਾਂ ਰਾਤ ਦਿਨ ਕੰਮ ਅਤੇ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਦੇ ਉੱਤੇ ਭਾਰ ਨਾ ਬਣੀਏ । ਤੁਸੀਂ ਅਤੇ ਪਰਮੇਸ਼ਰ ਇਸ ਦੇ ਗਵਾਹ ਹੋ ਕਿ ਤੁਹਾਡੇ ਨਾਲ ਜੋ ਵਿਸ਼ਵਾਸੀ ਹੋ, ਸਾਡਾ ਵਰਤਾਅ ਕਿਸ ਤਰ੍ਹਾਂ ਸ਼ੁੱਧ, ਨੇਕ ਅਤੇ ਨਿਰਦੋਸ਼ ਰਿਹਾ ਹੈ । ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸੀਂ ਤੁਹਾਡੇ ਨਾਲ ਉਸੇ ਤਰ੍ਹਾਂ ਦਾ ਵਰਤਾਅ ਕੀਤਾ ਹੈ ਜਿਸ ਤਰ੍ਹਾਂ ਪਿਤਾ ਆਪਣੀ ਸੰਤਾਨ ਨਾਲ ਕਰਦਾ ਹੈ । ਅਸੀਂ ਤੁਹਾਨੂੰ ਉਤਸ਼ਾਹ ਅਤੇ ਦਿਲਾਸਾ ਦਿੱਤਾ ਅਤੇ ਪ੍ਰੇਰਨਾ ਦਿੱਤੀ ਕਿ ਤੁਸੀਂ ਪਰਮੇਸ਼ਰ ਦੇ ਯੋਗ ਜੀਵਨ ਬਤੀਤ ਕਰੋ ਜਿਹੜੇ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਹਿੱਸੇਦਾਰ ਬਣਨ ਲਈ ਸੱਦਾ ਦਿੰਦੇ ਹਨ । ਇਸ ਕਾਰਨ ਵੀ ਅਸੀਂ ਲਗਾਤਾਰ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ । ਜਦੋਂ ਅਸੀਂ ਤੁਹਾਨੂੰ ਪਰਮੇਸ਼ਰ ਦਾ ਸ਼ੁਭ ਸਮਾਚਾਰ ਸੁਣਾਇਆ ਤਾਂ ਤੁਸੀਂ ਉਸ ਨੂੰ ਮਨੁੱਖੀ ਵਚਨ ਸਮਝ ਕੇ ਨਹੀਂ ਸਗੋਂ ਪਰਮੇਸ਼ਰ ਦਾ ਵਚਨ ਸਮਝ ਕੇ ਸਵੀਕਾਰ ਕੀਤਾ ਜੋ ਸੱਚਾ ਹੈ ਅਤੇ ਤੁਹਾਡੇ ਵਿੱਚ ਜਿਹੜੇ ਵਿਸ਼ਵਾਸ ਕਰਦੇ ਹਨ ਕੰਮ ਕਰ ਰਿਹਾ ਹੈ । ਭਰਾਵੋ ਅਤੇ ਭੈਣੋ, ਤੁਹਾਡਾ ਹਾਲ ਪਰਮੇਸ਼ਰ ਦੀਆਂ ਉਹਨਾਂ ਕਲੀਸਿਯਾਵਾਂ ਵਰਗਾ ਹੈ ਜੋ ਮਸੀਹ ਯਿਸੂ ਦੇ ਵਿੱਚ ਯਹੂਦਿਯਾ ਵਿੱਚ ਹਨ । ਤੁਸੀਂ ਵੀ ਆਪਣੇ ਲੋਕਾਂ ਦੇ ਕੋਲੋਂ ਅੱਤਿਆਚਾਰ ਸਹੇ ਜਿਸ ਤਰ੍ਹਾਂ ਉਹਨਾਂ ਨੇ ਯਹੂਦੀਆਂ ਦੇ ਕੋਲੋਂ ਸਹੇ ਸਨ । ਉਹਨਾਂ ਯਹੂਦੀਆਂ ਨੇ ਪ੍ਰਭੂ ਯਿਸੂ ਅਤੇ ਨਬੀਆਂ ਨੂੰ ਕਤਲ ਕੀਤਾ ਅਤੇ ਸਾਨੂੰ ਵੀ ਬਾਹਰ ਕੱਢ ਦਿੱਤਾ । ਪਰਮੇਸ਼ਰ ਉਹਨਾਂ ਤੋਂ ਖ਼ੁਸ਼ ਨਹੀਂ ਹਨ ਅਤੇ ਉਹ ਲੋਕ ਸਭ ਮਨੁੱਖਾਂ ਦੇ ਵਿਰੋਧੀ ਹਨ । ਉਹਨਾਂ ਨੇ ਸਾਨੂੰ ਪਰਾਈਆਂ ਕੌਮਾਂ ਨੂੰ ਮੁਕਤੀ ਦਾ ਸੰਦੇਸ਼ ਜਿਸ ਦੇ ਦੁਆਰਾ ਉਹ ਬਚ ਜਾਣ, ਸੁਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ । ਇਸ ਤਰ੍ਹਾਂ ਉਹ ਆਪਣੇ ਪਾਪਾਂ ਵਿੱਚ ਵਾਧਾ ਕਰ ਰਹੇ ਹਨ । ਅੰਤ ਵਿੱਚ ਪਰਮੇਸ਼ਰ ਦਾ ਕ੍ਰੋਧ ਉਹਨਾਂ ਉੱਤੇ ਆ ਗਿਆ ਹੈ । ਭਰਾਵੋ ਅਤੇ ਭੈਣੋ, ਜਦੋਂ ਅਸੀਂ ਤੁਹਾਡੇ ਕੋਲੋਂ ਥੋੜ੍ਹੇ ਸਮੇਂ ਦੇ ਲਈ ਸਰੀਰਕ ਰੂਪ ਵਿੱਚ ਅਲੱਗ ਕੀਤੇ ਗਏ ਸੀ ਪਰ ਦਿਲ ਤੋਂ ਨਹੀਂ, ਅਸੀਂ ਬੜੀ ਤਾਂਘ ਦੇ ਨਾਲ ਤੁਹਾਨੂੰ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ । ਇਹ ਹੀ ਕਾਰਨ ਹੈ ਕਿ ਅਸੀਂ ਤੁਹਾਡੇ ਕੋਲ ਫਿਰ ਆਉਣਾ ਚਾਹਿਆ, ਮੈਂ ਪੌਲੂਸ ਨੇ ਕਈ ਵਾਰ ਆਉਣ ਦੀ ਕੋਸ਼ਿਸ਼ ਕੀਤੀ ਪਰ ਸ਼ੈਤਾਨ ਨੇ ਸਾਨੂੰ ਰੋਕ ਕੇ ਰੱਖਿਆ । ਆਖ਼ਰ ਸਾਡੇ ਲਈ ਉਸ ਸਮੇਂ ਕੀ ਤੁਹਾਡੇ ਤੋਂ ਸਿਵਾਏ ਕੋਈ ਹੋਰ ਉਮੀਦ, ਅਨੰਦ ਜਾਂ ਮਾਣ ਹੋਵੇਗਾ ਜਦੋਂ ਅਸੀਂ ਪ੍ਰਭੂ ਯਿਸੂ ਦੇ ਆਉਣ ਦੇ ਸਮੇਂ ਉਹਨਾਂ ਦੇ ਸਾਹਮਣੇ ਖੜੇ ਹੋਵਾਂਗੇ? ਤੁਸੀਂ ਹੀ ਸਾਡਾ ਮਾਣ ਅਤੇ ਅਨੰਦ ਹੋ! ਇਸ ਲਈ ਜਦੋਂ ਸਾਡੇ ਲਈ ਹੋਰ ਸਹਿਣਾ ਮੁਸ਼ਕਲ ਹੋ ਗਿਆ ਤਾਂ ਅਸੀਂ ਅਥੇਨੇ ਵਿੱਚ ਹੀ ਇਕੱਲੇ ਰਹਿਣਾ ਉਚਿਤ ਸਮਝਿਆ । ਅਤੇ ਅਸੀਂ ਤਿਮੋਥਿਉਸ ਨੂੰ ਭੇਜਿਆ ਜੋ ਸਾਡਾ ਭਰਾ ਅਤੇ ਪਰਮੇਸ਼ਰ ਦੀ ਸੇਵਾ ਕਰਨ ਵਿੱਚ ਅਤੇ ਮਸੀਹ ਦੇ ਸ਼ੁਭ ਸਮਾਚਾਰ ਦੇ ਪ੍ਰਚਾਰ ਕਰਨ ਵਿੱਚ ਸਾਡਾ ਸਾਥੀ ਸੇਵਕ ਹੈ ਕਿ ਉਹ ਤੁਹਾਨੂੰ ਵਿਸ਼ਵਾਸ ਵਿੱਚ ਪੱਕੇ ਰਹਿਣ ਦੇ ਲਈ ਉਤਸ਼ਾਹ ਦੇਵੇ ਤਾਂ ਜੋ ਕੋਈ ਵੀ ਤੁਹਾਡੇ ਵਿੱਚੋਂ ਇਹਨਾਂ ਅੱਤਿਆਚਾਰਾਂ ਦੇ ਕਾਰਨ ਡਾਂਵਾਡੋਲ ਨਾ ਹੋ ਜਾਵੇ । ਤੁਸੀਂ ਆਪ ਜਾਣਦੇ ਹੋ ਕਿ ਇਹ ਅੱਤਿਆਚਾਰ ਸਾਡੇ ਲਈ ਪਹਿਲਾਂ ਤੋਂ ਹੀ ਨਿਯੁਕਤ ਕੀਤੇ ਗਏ ਹਨ । ਕਿਉਂਕਿ ਜਦੋਂ ਅਸੀਂ ਤੁਹਾਡੇ ਕੋਲ ਸੀ, ਅਸੀਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਕਿ ਸਾਡੇ ਉੱਤੇ ਅੱਤਿਆਚਾਰ ਹੋਵੇਗਾ ਅਤੇ ਤੁਸੀਂ ਜਾਣਦੇ ਹੋ ਕਿ ਇਹ ਚਿਤਾਵਨੀ ਸੱਚ ਨਿਕਲੀ । ਜਦੋਂ ਮੈਂ ਹੋਰ ਨਹੀਂ ਸਹਿ ਸਕਿਆ ਤਾਂ ਮੈਂ ਤੁਹਾਡੇ ਵਿਸ਼ਵਾਸ ਦੇ ਬਾਰੇ ਜਾਨਣ ਦੇ ਲਈ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਤਾਂ ਜੋ ਅਜਿਹਾ ਨਾ ਹੋਵੇ ਕਿ ਪਰਤਾਉਣ ਵਾਲੇ ਨੇ ਤੁਹਾਨੂੰ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਹੋ ਗਈ ਹੋਵੇ । ਪਰ ਤਿਮੋਥਿਉਸ ਕੁਝ ਹੀ ਸਮਾਂ ਪਹਿਲਾਂ ਤੁਹਾਡੇ ਕੋਲੋਂ ਵਾਪਸ ਆਇਆ ਹੈ ਅਤੇ ਉਸ ਨੇ ਸਾਨੂੰ ਤੁਹਾਡੇ ਵਿਸ਼ਵਾਸ ਅਤੇ ਪਿਆਰ ਦੇ ਬਾਰੇ ਚੰਗੀ ਖ਼ਬਰ ਦਿੱਤੀ ਹੈ । ਉਸ ਨੇ ਸਾਨੂੰ ਇਹ ਵੀ ਦੱਸਿਆ ਕਿ ਤੁਸੀਂ ਸਾਨੂੰ ਹਮੇਸ਼ਾ ਪਿਆਰ ਨਾਲ ਯਾਦ ਕਰਦੇ ਹੋ ਅਤੇ ਤੁਸੀਂ ਵੀ ਉਸੇ ਤਰ੍ਹਾਂ ਸਾਨੂੰ ਮਿਲਣਾ ਚਾਹੁੰਦੇ ਹੋ ਜਿਸ ਤਰ੍ਹਾਂ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ । ਇਸ ਲਈ ਭਰਾਵੋ ਅਤੇ ਭੈਣੋ, ਭਾਵੇਂ ਅਸੀਂ ਇਸ ਸਮੇਂ ਦੁੱਖ ਅਤੇ ਕਸ਼ਟ ਵਿੱਚ ਹਾਂ ਪਰ ਫਿਰ ਵੀ ਤੁਹਾਡੇ ਵਿਸ਼ਵਾਸ ਦੇ ਸਮਾਚਾਰ ਨੇ ਸਾਨੂੰ ਕਾਫ਼ੀ ਉਤਸ਼ਾਹ ਦਿੱਤਾ ਹੈ । ਕਿਉਂਕਿ ਹੁਣ ਅਸੀਂ ਅਸਲ ਵਿੱਚ ਜਿਊਂਦੇ ਹਾਂ ਜੇਕਰ ਤੁਸੀਂ ਪ੍ਰਭੂ ਵਿੱਚ ਅਟੱਲ ਹੋ । ਪਰਮੇਸ਼ਰ ਦੇ ਸਾਹਮਣੇ ਤੁਹਾਡੇ ਕਾਰਨ ਜੋ ਸਾਰਾ ਅਨੰਦ ਸਾਨੂੰ ਮਿਲਿਆ ਹੈ, ਅਸੀਂ ਉਸ ਦੇ ਲਈ ਉਹਨਾਂ ਦਾ ਧੰਨਵਾਦ ਕਿਹੜੇ ਸ਼ਬਦਾਂ ਨਾਲ ਕਰ ਸਕਦੇ ਹਾਂ? ਉਹਨਾਂ ਦੇ ਸਾਹਮਣੇ ਸਾਡੀ ਦਿਲ ਤੋਂ ਦਿਨ ਰਾਤ ਇਹ ਹੀ ਪ੍ਰਾਰਥਨਾ ਹੈ ਕਿ ਅਸੀਂ ਤੁਹਾਨੂੰ ਨਿੱਜੀ ਤੌਰ ਤੇ ਦੁਬਾਰਾ ਮਿਲੀਏ ਅਤੇ ਤੁਹਾਡੇ ਵਿਸ਼ਵਾਸ ਵਿੱਚ ਜੋ ਕਮੀ ਹੈ ਉਸ ਨੂੰ ਪੂਰਾ ਕਰੀਏ । ਹੁਣ ਸਾਡੀ ਇਹ ਪ੍ਰਾਰਥਨਾ ਹੈ ਕਿ ਸਾਡੇ ਪਰਮੇਸ਼ਰ ਅਤੇ ਪਿਤਾ ਆਪ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਵਿੱਚ ਸਾਡੀ ਅਗਵਾਈ ਕਰਨ । ਪ੍ਰਭੂ ਤੁਹਾਨੂੰ ਇੱਕ ਦੂਜੇ ਅਤੇ ਸਾਰਿਆਂ ਦੇ ਪ੍ਰਤੀ ਪਿਆਰ ਵਿੱਚ ਵਧਾਉਣ ਅਤੇ ਭਰਪੂਰ ਕਰਨ ਜਿਸ ਤਰ੍ਹਾਂ ਅਸੀਂ ਵੀ ਤੁਹਾਡੇ ਪ੍ਰਤੀ ਪਿਆਰ ਨਾਲ ਭਰਪੂਰ ਹਾਂ । ਤਾਂ ਜੋ ਉਹ ਤੁਹਾਡੇ ਮਨਾਂ ਨੂੰ ਇੰਨਾ ਪੱਕਾ ਕਰਨ ਕਿ ਜਦੋਂ ਪ੍ਰਭੂ ਯਿਸੂ ਆਪਣੇ ਪਵਿੱਤਰ ਲੋਕਾਂ ਦੇ ਨਾਲ ਆਉਣ ਤਦ ਤੁਸੀਂ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਾਹਮਣੇ ਨਿਰਦੋਸ਼ ਅਤੇ ਪਵਿੱਤਰ ਠਹਿਰੋ । ਇਸ ਲਈ, ਅੰਤ ਵਿੱਚ, ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ ਕਿ ਤੁਸੀਂ ਕਿਸ ਤਰ੍ਹਾਂ ਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ ਜੀਅ ਸਕਦੇ ਹੋ, ਜੋ ਤੁਸੀਂ ਜੀਅ ਵੀ ਰਹੇ ਹੋ । ਹੁਣ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਅਤੇ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਪ੍ਰਭੂ ਯਿਸੂ ਵਿੱਚ ਇਸੇ ਤਰ੍ਹਾਂ ਹੋਰ ਵੀ ਜ਼ਿਆਦਾ ਭਰਪੂਰ ਹੁੰਦੇ ਜਾਓ । ਤੁਸੀਂ ਪਹਿਲਾਂ ਹੀ ਜਾਣਦੇ ਹੋ ਜਿਹੜੀਆਂ ਹਿਦਾਇਤਾਂ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੇ ਨਾਮ ਵਿੱਚ ਦਿੱਤੀਆਂ ਸਨ । ਪਰਮੇਸ਼ਰ ਦੀ ਇੱਛਾ ਇਹ ਹੈ ਕਿ ਤੁਸੀਂ ਪਵਿੱਤਰ ਬਣੋ ਤਾਂ ਜੋ ਤੁਸੀਂ ਵਿਭਚਾਰ ਤੋਂ ਦੂਰ ਰਹੋ । ਤੁਹਾਡੇ ਵਿੱਚੋਂ ਹਰ ਕੋਈ ਆਪਣੇ ਸਰੀਰ ਉੱਤੇ ਕਾਬੂ ਪਾਉਣਾ ਸਿੱਖੇ । ਇਸ ਨੂੰ ਪਵਿੱਤਰ ਰੱਖੇ ਅਤੇ ਇਸ ਦਾ ਆਦਰ ਕਰੋ, ਤੁਸੀਂ ਇਸ ਨੂੰ ਪਰਾਈਆਂ ਕੌਮਾਂ ਦੀ ਤਰ੍ਹਾਂ ਜੋ ਪਰਮੇਸ਼ਰ ਨੂੰ ਨਹੀਂ ਜਾਣਦੀਆਂ, ਕਾਮਵਾਸ਼ਨਾਵਾਂ ਦੇ ਹਵਾਲੇ ਨਾ ਕਰੋ । ਤੁਹਾਡੇ ਵਿੱਚੋਂ ਕੋਈ ਮਨੁੱਖ ਇਸ ਮਾਮਲੇ ਵਿੱਚ ਆਪਣੇ ਵਿਸ਼ਵਾਸੀ ਭਰਾ ਅਤੇ ਭੈਣ ਨੂੰ ਧੋਖਾ ਨਾ ਦੇਵੇ ਅਤੇ ਨਾ ਹੀ ਉਹਨਾਂ ਦਾ ਹੱਕ ਮਾਰੇ । ਜਿਵੇਂ ਅਸੀਂ ਪਹਿਲਾਂ ਹੀ ਤੁਹਾਨੂੰ ਦੱਸਿਆ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਪਰਮੇਸ਼ਰ ਅਜਿਹੇ ਅਪਰਾਧਾਂ ਦੇ ਲਈ ਸਜ਼ਾ ਦੇਣਗੇ । ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧ ਜੀਵਨ ਦੇ ਲਈ ਨਹੀਂ ਸਗੋਂ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਿਆ ਹੈ । ਇਸ ਲਈ ਜੋ ਕੋਈ ਵੀ ਇਹਨਾਂ ਹਿਦਾਇਤਾਂ ਦੀ ਉਲੰਘਣਾ ਕਰਦਾ ਹੈ, ਉਹ ਮਨੁੱਖ ਦੀ ਨਹੀਂ ਸਗੋਂ ਪਰਮੇਸ਼ਰ ਦੀ ਉਲੰਘਣਾ ਕਰਦਾ ਹੈ ਜਿਹੜੇ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦੇ ਹਨ । ਮਸੀਹੀ ਵਿਸ਼ਵਾਸੀਆਂ ਨੂੰ ਆਪਸੀ ਪਿਆਰ ਦੇ ਸੰਬੰਧ ਵਿੱਚ ਸਾਨੂੰ ਲਿਖਣ ਦੀ ਕੋਈ ਲੋੜ ਨਹੀਂ ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਸਿਖਾਇਆ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ । ਤੁਸੀਂ ਸਾਰੇ ਮਕਦੂਨਿਯਾ ਦੇ ਸਾਰੇ ਵਿਸ਼ਵਾਸੀਆਂ ਦੇ ਨਾਲ ਪਿਆਰ ਕਰਦੇ ਹੀ ਹੋ ਪਰ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਹਨਾਂ ਦੇ ਨਾਲ ਹੋਰ ਵੀ ਜ਼ਿਆਦਾ ਪਿਆਰ ਕਰੋ । ਜਿਵੇਂ ਅਸੀਂ ਤੁਹਾਨੂੰ ਪਹਿਲਾਂ ਹੀ ਹੁਕਮ ਦਿੱਤਾ ਸੀ, ਸ਼ਾਂਤ ਜੀਵਨ ਬਤੀਤ ਕਰਨ ਦਾ ਯਤਨ ਕਰੋ, ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ । ਅਜਿਹਾ ਕਰਨ ਨਾਲ ਤੁਸੀਂ ਬਾਹਰਲੇ ਲੋਕਾਂ ਦਾ ਆਦਰ ਪ੍ਰਾਪਤ ਕਰੋਗੇ ਅਤੇ ਕਿਸੇ ਦੂਜੇ ਉੱਤੇ ਕਿਸੇ ਚੀਜ਼ ਲਈ ਨਿਰਭਰ ਨਹੀਂ ਹੋਵੋਗੇ । ਭੈਣੋ ਅਤੇ ਭਰਾਵੋ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਦੇ ਬਾਰੇ ਅਣਜਾਣ ਰਹੋ ਜੋ ਮੌਤ ਦੀ ਨੀਂਦ ਸੌਂ ਗਏ ਹਨ ਤਾਂ ਜੋ ਤੁਸੀਂ ਬਾਕੀ ਲੋਕਾਂ ਦੇ ਵਾਂਗ ਸੋਗ ਨਾ ਕਰੋ ਜਿਹਨਾਂ ਦੇ ਕੋਲ ਕੋਈ ਆਸ ਨਹੀਂ । ਕਿਉਂਕਿ ਸਾਡਾ ਵਿਸ਼ਵਾਸ ਹੈ ਕਿ ਯਿਸੂ ਮਰ ਗਏ ਅਤੇ ਫਿਰ ਜੀਅ ਉੱਠੇ ਅਤੇ ਸਾਡਾ ਇਹ ਵੀ ਵਿਸ਼ਵਾਸ ਹੈ ਕਿ ਉਹਨਾਂ ਦੇ ਨਾਲ ਵੀ ਇਸੇ ਤਰ੍ਹਾਂ ਹੋਵੇਗਾ ਜਿਹੜੇ ਯਿਸੂ ਵਿੱਚ ਸੌਂ ਗਏ ਹਨ ਅਤੇ ਪਰਮੇਸ਼ਰ ਉਹਨਾਂ ਨੂੰ ਵੀ ਯਿਸੂ ਦੇ ਨਾਲ ਲਿਆਉਣਗੇ । ਇਸ ਲਈ ਇਹ ਜੋ ਕੁਝ ਅਸੀਂ ਕਹਿ ਰਹੇ ਹਾਂ, ਇਹ ਪ੍ਰਭੂ ਦੇ ਆਪਣੇ ਸ਼ਬਦ ਹਨ ਕਿ ਅਸੀਂ ਜਿਹੜੇ ਉਸ ਸਮੇਂ ਤੱਕ ਜਿਉੂਂਦੇ ਰਹਾਂਗੇ ਜਦੋਂ ਤੱਕ ਪ੍ਰਭੂ ਦੁਬਾਰਾ ਆਉਣਗੇ, ਤਾਂ ਅਸੀਂ ਪਹਿਲਾਂ ਮਰ ਚੁਕੇ ਲੋਕਾਂ ਤੋਂ ਅੱਗੇ ਨਹੀਂ ਹੋਵਾਂਗੇ । ਉਸ ਸਮੇਂ ਇੱਕ ਉੱਚੀ ਆਵਾਜ਼ ਦੇ ਨਾਲ ਹੁਕਮ ਹੋਵੇਗਾ ਜਿਸ ਦੇ ਨਾਲ ਹੀ ਪ੍ਰਮੁੱਖ ਸਵਰਗਦੂਤ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਪਰਮੇਸ਼ਰ ਦਾ ਬਿਗਲ ਵਜਾਇਆ ਜਾਵੇਗਾ, ਤਦ ਪ੍ਰਭੂ ਆਪ ਸਵਰਗ ਤੋਂ ਉਤਰਨਗੇ । ਉਸ ਸਮੇਂ ਜੋ ਮਸੀਹ ਵਿੱਚ ਮਰੇ ਸਨ, ਉਹ ਪਹਿਲਾਂ ਜੀਅ ਉੱਠਣਗੇ । ਫਿਰ ਅਸੀਂ ਵੀ ਉਹਨਾਂ ਦੇ ਨਾਲ ਬੱਦਲਾਂ ਵਿੱਚ ਪ੍ਰਭੂ ਨੂੰ ਮਿਲਣ ਦੇ ਲਈ ਹਵਾ ਵਿੱਚ ਚੁੱਕ ਲਏ ਜਾਵਾਂਗੇ । ਇਸ ਤਰ੍ਹਾਂ ਅਸੀਂ ਹਮੇਸ਼ਾ ਤੱਕ ਪ੍ਰਭੂ ਦੇ ਨਾਲ ਰਹਾਂਗੇ । ਇਸ ਲਈ ਤੁਸੀਂ ਸਾਰੇ ਇੱਕ ਦੂਜੇ ਨੂੰ ਇਹਨਾਂ ਸ਼ਬਦਾਂ ਦੇ ਨਾਲ ਉਤਸ਼ਾਹ ਦੇਵੋ । ਹੁਣ ਭਰਾਵੋ ਅਤੇ ਭੈਣੋ, ਉਸ ਸਮੇਂ ਅਤੇ ਮੌਕੇ ਦੇ ਬਾਰੇ ਤੁਹਾਨੂੰ ਲਿਖਣ ਦੀ ਕੋਈ ਲੋੜ ਨਹੀਂ ਹੈ । ਇਸ ਦੇ ਬਾਰੇ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਚੋਰ ਦੀ ਤਰ੍ਹਾਂ ਆਵੇਗਾ, ਜੋ ਰਾਤ ਦੇ ਸਮੇਂ ਆਉਂਦਾ ਹੈ । ਜਦੋਂ ਲੋਕ ਆਪਸ ਵਿੱਚ ਕਹਿੰਦੇ ਹੋਣਗੇ ਕਿ ਹਰ ਪਾਸੇ ਕਿੰਨਾ ਅਮਨ ਚੈਨ ਅਤੇ ਖ਼ੁਸ਼ਹਾਲੀ ਹੈ ਉਸੇ ਸਮੇਂ ਉਹਨਾਂ ਉੱਤੇ ਅਚਾਨਕ ਤਬਾਹੀ ਆ ਜਾਵੇਗੀ ਜਿਵੇਂ ਇੱਕ ਗਰਭਵਤੀ ਔਰਤ ਦੀਆਂ ਪ੍ਰਸੂਤਕ ਪੀੜਾਂ ਹੁੰਦੀਆਂ ਹਨ ਅਤੇ ਉਹ ਉਸ ਤੋਂ ਨਹੀਂ ਬਚਣਗੇ । ਪਰ ਭਰਾਵੋ ਅਤੇ ਭੈਣੋ, ਤੁਸੀਂ ਇਸ ਬਾਰੇ ਹਨੇਰੇ ਵਿੱਚ ਨਹੀਂ ਹੋ ਕਿ ਉਹ ਦਿਨ ਤੁਹਾਡੇ ਉੱਤੇ ਚੋਰ ਵਾਂਗ ਅਚਾਨਕ ਆ ਪਵੇ । ਤੁਸੀਂ ਸਾਰੇ ਚਾਨਣ ਦੀ ਸੰਤਾਨ ਹੋ ਅਤੇ ਤੁਸੀਂ ਦਿਨ ਦੀ ਸੰਤਾਨ ਹੋ । ਅਸੀਂ ਰਾਤ ਜਾਂ ਹਨੇਰੇ ਦੇ ਨਹੀਂ ਹਾਂ । ਇਸ ਲਈ ਸਾਨੂੰ ਦੂਜਿਆਂ ਦੀ ਤਰ੍ਹਾਂ ਸੌਣਾ ਨਹੀਂ ਚਾਹੀਦਾ ਸਗੋਂ ਸਾਨੂੰ ਹਰ ਸਮੇਂ ਚੌਕਸ ਅਤੇ ਹੋਸ਼ ਵਿੱਚ ਰਹਿਣਾ ਚਾਹੀਦਾ ਹੈ । ਸੌਣ ਵਾਲੇ ਰਾਤ ਦੇ ਵੇਲੇ ਸੌਂਦੇ ਅਤੇ ਸ਼ਰਾਬ ਪੀਣ ਵਾਲੇ ਰਾਤ ਨੂੰ ਹੀ ਮਤਵਾਲੇ ਹੁੰਦੇ ਹਨ । ਪਰ ਅਸੀਂ ਜੋ ਦਿਨ ਦੀ ਸੰਤਾਨ ਹਾਂ, ਹੋਸ਼ ਵਿੱਚ ਰਹੀਏ । ਅਸੀਂ ਵਿਸ਼ਵਾਸ ਅਤੇ ਪਿਆਰ ਨੂੰ ਸੀਨਾਬੰਦ ਦੀ ਤਰ੍ਹਾਂ ਅਤੇ ਮੁਕਤੀ ਦੀ ਉਮੀਦ ਨੂੰ ਲੋਹ ਟੋਪ ਦੀ ਤਰ੍ਹਾਂ ਪਹਿਨ ਲਈਏ । ਕਿਉਂਕਿ ਪਰਮੇਸ਼ਰ ਨੇ ਸਾਨੂੰ ਆਪਣੇ ਕ੍ਰੋਧ ਦੇ ਲਈ ਨਹੀਂ ਚੁਣਿਆ ਸਗੋਂ ਇਸ ਲਈ ਕਿ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਮੁਕਤੀ ਪ੍ਰਾਪਤ ਕਰੀਏ । ਉਹ ਸਾਡੇ ਲਈ ਇਸ ਲਈ ਮਰੇ ਕਿ ਭਾਵੇਂ ਅਸੀਂ ਜਾਗੀਏ ਜਾਂ ਸੌਂਈਏ, ਅਸੀਂ ਹਰ ਹਾਲਤ ਵਿੱਚ ਉਹਨਾਂ ਦੇ ਨਾਲ ਜਿਊਂਦੇ ਰਹੀਏ । ਇਸ ਲਈ ਇੱਕ ਦੂਜੇ ਨੂੰ ਉਤਸ਼ਾਹ ਦੇਵੋ ਅਤੇ ਇੱਕ ਦੂਜੇ ਦੀ ਉਸਾਰੀ ਕਰੋ ਜਿਸ ਤਰ੍ਹਾਂ ਤੁਸੀਂ ਕਰ ਵੀ ਰਹੇ ਹੋ । ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿ ਉਹਨਾਂ ਸਾਰਿਆਂ ਦਾ ਆਦਰ ਕਰੋ ਜੋ ਤੁਹਾਡੇ ਵਿਚਕਾਰ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੇ ਆਗੂ ਅਤੇ ਸਲਾਹਕਾਰ ਹਨ । ਉਹਨਾਂ ਦੀ ਸੇਵਾ ਦੇ ਲਈ ਉਹਨਾਂ ਨੂੰ ਬਹੁਤ ਆਦਰ ਅਤੇ ਪਿਆਰ ਦੇਵੋ । ਆਪਸ ਵਿੱਚ ਸ਼ਾਂਤੀ ਨਾਲ ਰਹੋ । ਭਰਾਵੋ ਅਤੇ ਭੈਣੋ, ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਆਲਸੀਆਂ ਨੂੰ ਚਿਤਾਵਨੀ ਦੇਵੋ, ਜੋ ਨਿਰਾਸ਼ ਹਨ ਉਹਨਾਂ ਨੂੰ ਉਤਸ਼ਾਹ ਦੇਵੋ, ਕਮਜ਼ੋਰਾਂ ਦੀ ਮਦਦ ਕਰੋ ਅਤੇ ਹਰ ਇੱਕ ਦੇ ਨਾਲ ਧੀਰਜ ਰੱਖੋ । ਧਿਆਨ ਦੇਵੋ ਕਿ ਕੋਈ ਵੀ ਬੁਰਾਈ ਦਾ ਬਦਲਾ ਬੁਰਾਈ ਦੇ ਨਾਲ ਨਾ ਦੇਵੇ ਪਰ ਹਰ ਸਮੇਂ ਇੱਕ ਦੂਜੇ ਨਾਲ ਸਗੋਂ ਸਾਰਿਆਂ ਦੇ ਨਾਲ ਭਲਾਈ ਕਰਨ ਦੀ ਕੋਸ਼ਿਸ਼ ਕਰੇ । ਹਰ ਸਮੇਂ ਅਨੰਦਿਤ ਰਹੋ । ਲਗਾਤਾਰ ਪ੍ਰਾਰਥਨਾ ਕਰੋ । ਹਰ ਹਾਲਤ ਵਿੱਚ ਧੰਨਵਾਦ ਕਰੋ ਕਿਉਂਕਿ ਪਰਮੇਸ਼ਰ ਦੀ ਮਸੀਹ ਯਿਸੂ ਵਿੱਚ ਤੁਹਾਡੇ ਲਈ ਇਹ ਹੀ ਇੱਛਾ ਹੈ । ਪਵਿੱਤਰ ਆਤਮਾ ਦੇ ਕੰਮ ਵਿੱਚ ਰੁਕਾਵਟ ਨਾ ਬਣੋ, ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ । ਸਗੋਂ ਹਰ ਇੱਕ ਚੀਜ਼ ਨੂੰ ਪਰਖੋ ਅਤੇ ਜੋ ਕੁਝ ਭਲਾ ਹੋਵੇ ਉਸ ਨੂੰ ਰੱਖ ਲਵੋ । ਪਰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹੋ । ਹੁਣ ਪਰਮੇਸ਼ਰ ਆਪ, ਜੋ ਸ਼ਾਂਤੀ ਦੇ ਦਾਤਾ ਹਨ, ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰਨ ਅਤੇ ਤੁਹਾਡੀ ਸੰਪੂਰਨ ਆਤਮਾ, ਮਨ ਅਤੇ ਸਰੀਰ ਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਨਿਰਦੋਸ਼ ਰੱਖਣ । ਪਰਮੇਸ਼ਰ ਜਿਹਨਾਂ ਨੇ ਤੁਹਾਨੂੰ ਸੱਦਿਆ ਹੈ ਉਹ ਭਰੋਸੇਯੋਗ ਹਨ ਅਤੇ ਉਹ ਇਹ ਕਰਨਗੇ । ਭਰਾਵੋ ਅਤੇ ਭੈਣੋ, ਸਾਡੇ ਲਈ ਵੀ ਪ੍ਰਾਰਥਨਾ ਕਰੋ । ਸਾਰੇ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਨਾਲ ਨਮਸਕਾਰ ਕਹਿਣਾ । ਮੈਂ ਤੁਹਾਨੂੰ ਪ੍ਰਭੂ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਵਿਸ਼ਵਾਸੀਆਂ ਨੂੰ ਪੜ੍ਹ ਕੇ ਸੁਣਾਉਣਾ । ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ । ਪੌਲੂਸ, ਸਿਲਵਾਨੁਸ ਅਤੇ ਤਿਮੋਥਿਉਸ ਦੇ ਵੱਲੋਂ ਥੱਸਲੁਨੀਕਾ ਦੀ ਕਲੀਸਿਯਾ ਨੂੰ ਜੋ ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਭਰਾਵੋ ਅਤੇ ਭੈਣੋ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰੀਏ । ਇਹ ਕਰਨਾ ਠੀਕ ਵੀ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਬਹੁਤ ਵੱਧ ਰਿਹਾ ਹੈ ਅਤੇ ਤੁਹਾਡਾ ਆਪਸ ਵਿੱਚ ਪਿਆਰ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ । ਇਸ ਲਈ ਅਸੀਂ ਤੁਹਾਡੇ ਬਾਰੇ ਪਰਮੇਸ਼ਰ ਦੀਆਂ ਦੂਜੀਆਂ ਕਲੀਸਿਯਾਵਾਂ ਦੇ ਸਾਹਮਣੇ ਮਾਣ ਕਰਦੇ ਹਾਂ ਕਿਉਂਕਿ ਤੁਹਾਡਾ ਵਿਸ਼ਵਾਸ ਹਰ ਤਰ੍ਹਾਂ ਦੇ ਅੱਤਿਆਚਾਰਾਂ ਅਤੇ ਦੁੱਖਾਂ ਦੇ ਸਮੇਂ ਅਟੱਲ ਰਿਹਾ ਹੈ । ਇਹ ਸਭ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ । ਇਸੇ ਕਾਰਨ ਅੰਤ ਵਿੱਚ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਠਹਿਰੋਗੇ ਜਿਸ ਦੇ ਲਈ ਤੁਸੀਂ ਦੁੱਖ ਸਹਿ ਰਹੇ ਹੋ । ਪਰਮੇਸ਼ਰ ਨਿਆਂਕਾਰੀ ਹਨ ਉਹ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ ਉਹਨਾਂ ਨੂੰ ਦੁੱਖ ਦੇਣਗੇ ਅਤੇ ਤੁਸੀਂ ਜੋ ਦੁੱਖਾਂ ਵਿੱਚ ਹੋ, ਤੁਹਾਨੂੰ ਅਤੇ ਸਾਨੂੰ ਰਾਹਤ ਦੇਣਗੇ । ਇਹ ਉਸ ਸਮੇਂ ਹੋਵੇਗਾ, ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਸਵਰਗਦੂਤਾਂ ਦੇ ਨਾਲ ਸਵਰਗ ਤੋਂ ਬਲਦੀ ਅੱਗ ਦੇ ਵਿਚਕਾਰ ਪ੍ਰਗਟ ਹੋਣਗੇ । ਤਦ ਉਹ ਉਹਨਾਂ ਨੂੰ ਸਜ਼ਾ ਦੇਣਗੇ ਜੋ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਜੋ ਸਾਡੇ ਪ੍ਰਭੂ ਯਿਸੂ ਦੇ ਸ਼ੁਭ ਸਮਾਚਾਰ ਨੂੰ ਨਹੀਂ ਮੰਨਦੇ । ਉਹਨਾਂ ਦੀ ਸਜ਼ਾ ਇਹ ਹੋਵੇਗੀ ਕਿ ਉਹ ਹਮੇਸ਼ਾ ਦੇ ਲਈ ਨਾਸ਼ ਕੀਤੇ ਜਾਣਗੇ ਅਤੇ ਪ੍ਰਭੂ ਦੀ ਹਜ਼ੂਰੀ ਅਤੇ ਉਹਨਾਂ ਦੇ ਤੇਜ ਦੀ ਸਮਰੱਥਾ ਤੋਂ ਦੂਰ ਕੀਤੇ ਜਾਣਗੇ । ਇਹ ਉਸ ਦਿਨ ਹੋਵੇਗਾ ਜਿਸ ਦਿਨ ਪ੍ਰਭੂ ਆਪਣੇ ਪਵਿੱਤਰ ਲੋਕਾਂ ਵਿੱਚ ਮਹਿਮਾ ਪ੍ਰਾਪਤ ਕਰਨਗੇ ਅਤੇ ਜਿਹਨਾਂ ਨੇ ਉਹਨਾਂ ਵਿੱਚ ਵਿਸ਼ਵਾਸ ਕੀਤਾ ਹੈ ਉਹਨਾਂ ਵਿੱਚ ਅਸਚਰਜ ਦਾ ਕਾਰਨ ਬਣਨ ਲਈ ਆਉਣਗੇ । ਉਹਨਾਂ ਵਿੱਚ ਤੁਸੀਂ ਵੀ ਸ਼ਾਮਲ ਹੋ ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ ਹੈ । ਇਸੇ ਕਾਰਨ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਪਰਮੇਸ਼ਰ ਤੁਹਾਨੂੰ ਆਪਣੇ ਸੱਦੇ ਦੇ ਯੋਗ ਸਮਝਣ ਅਤੇ ਤੁਹਾਡੇ ਸਾਰੇ ਭਲੇ ਉਦੇਸ਼ਾਂ ਅਤੇ ਤੁਹਾਡੇ ਵਿਸ਼ਵਾਸ ਦੇ ਕੰਮਾਂ ਨੂੰ ਆਪਣੀ ਸਮਰੱਥਾ ਦੇ ਨਾਲ ਪੂਰਾ ਕਰਨ । ਸਾਡੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਵੀ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਦੁਆਰਾ ਉਹਨਾਂ ਵਿੱਚ ਮਹਿਮਾ ਪਾਵੋ । ਭਰਾਵੋ ਅਤੇ ਭੈਣੋ, ਹੁਣ ਅਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਬਾਰੇ ਅਤੇ ਸਾਡਾ ਉਹਨਾਂ ਦੇ ਨਾਲ ਮਿਲ ਕੇ ਇਕੱਠੇ ਹੋਣ ਬਾਰੇ ਬੇਨਤੀ ਕਰਦੇ ਹਾਂ ਕਿ ਤੁਸੀਂ ਕਿਸੇ ਆਤਮਾ ਜਾਂ ਸੰਦੇਸ਼ ਜਾਂ ਪੱਤਰ ਜੋ ਤੁਹਾਨੂੰ ਲੱਗੇ ਕਿ ਸਾਡੇ ਵੱਲੋਂ ਆਇਆ ਹੈ ਜੋ ਕਹੇ ਕਿ ਪ੍ਰਭੂ ਦਾ ਦਿਨ ਆ ਚੁੱਕਾ ਹੈ, ਛੇਤੀ ਨਾ ਘਬਰਾਉਣਾ ਅਤੇ ਨਾ ਹੀ ਡਰਨਾ । ਕੋਈ ਤੁਹਾਨੂੰ ਕਿਸੇ ਤਰ੍ਹਾਂ ਧੋਖਾ ਨਾ ਦੇਵੇ । ਉਹ ਦਿਨ ਉਸ ਸਮੇਂ ਤੱਕ ਨਹੀਂ ਆਵੇਗਾ, ਜਦੋਂ ਤੱਕ ਕਿ ਵਿਦਰੋਹ ਨਾ ਹੋ ਜਾਵੇ ਅਤੇ ਦੁਸ਼ਟ ਮਨੁੱਖ ਪ੍ਰਗਟ ਨਾ ਹੋ ਜਾਵੇ ਜਿਸ ਦਾ ਅੰਤ ਨਾਸ਼ ਹੈ । ਉਹ ਆਪਣੇ ਆਪ ਨੂੰ ਹਰੇਕ ਦੇਵਤੇ ਜਾਂ ਅਰਾਧਨਾ ਕੀਤੀ ਜਾਣ ਵਾਲੀ ਚੀਜ਼ ਤੋਂ ਉੱਚਾ ਕਰੇਗਾ ਅਤੇ ਉਹਨਾਂ ਦਾ ਵਿਰੋਧ ਕਰੇਗਾ । ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਜਾ ਕੇ ਬੈਠੇਗਾ ਅਤੇ ਦਾਅਵਾ ਕਰੇਗਾ ਕਿ ਉਹ ਪਰਮੇਸ਼ਰ ਹੈ । ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮੈਂ ਤੁਹਾਡੇ ਨਾਲ ਸੀ ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸਦਾ ਹੁੰਦਾ ਸੀ । ਤੁਸੀਂ ਇਹ ਵੀ ਜਾਣਦੇ ਹੋ ਕਿ ਕਿਸ ਚੀਜ਼ ਨੇ ਦੁਸ਼ਟ ਮਨੁੱਖ ਨੂੰ ਅੱਜ ਤੱਕ ਰੋਕਿਆ ਹੋਇਆ ਹੈ । ਉਹ ਆਪਣੇ ਮਿੱਥੇ ਸਮੇਂ ਤੇ ਪ੍ਰਗਟ ਕੀਤਾ ਜਾਵੇਗਾ । ਕਿਉਂਕਿ ਗੁਪਤ ਦੁਸ਼ਟਤਾ ਇਸ ਸਮੇਂ ਵੀ ਕੰਮ ਕਰ ਰਹੀ ਹੈ ਪਰ ਇਹ ਉਸ ਸਮੇਂ ਤੱਕ ਗੁਪਤ ਰਹੇਗੀ ਜਦੋਂ ਤੱਕ ਕਿ ਇਸ ਨੂੰ ਰੋਕਣ ਵਾਲਾ ਦੂਰ ਨਾ ਕੀਤਾ ਜਾਵੇ । ਤਦ ਦੁਸ਼ਟ ਮਨੁੱਖ ਪ੍ਰਗਟ ਕੀਤਾ ਜਾਵੇਗਾ ਜਿਸ ਨੂੰ ਪ੍ਰਭੂ ਯਿਸੂ ਆ ਕੇ ਆਪਣੇ ਮੂੰਹ ਦੀ ਫੂਕ ਦੇ ਨਾਲ ਮਾਰ ਦੇਣਗੇ ਅਤੇ ਆਪਣੇ ਤੇਜ ਦੇ ਨਾਲ ਉਸ ਦਾ ਨਾਸ਼ ਕਰ ਦੇਣਗੇ । ਉਸ ਦੁਸ਼ਟ ਮਨੁੱਖ ਦਾ ਆਉਣਾ ਨਾਸ਼ ਹੋਣ ਵਾਲਿਆਂ ਦੇ ਲਈ ਸ਼ੈਤਾਨ ਦੀ ਤਾਕਤ ਦੇ ਨਾਲ ਹਰ ਤਰ੍ਹਾਂ ਦੇ ਚਿੰਨ੍ਹਾਂ ਅਤੇ ਝੂਠੇ ਚਮਤਕਾਰਾਂ ਦੇ ਰੂਪ ਵਿੱਚ ਪ੍ਰਗਟ ਹੋਵੇਗਾ । ਉਹ ਨਾਸ਼ ਹੋਣ ਵਾਲੇ ਲੋਕਾਂ ਉੱਤੇ ਹਰ ਤਰ੍ਹਾਂ ਦੀ ਦੁਸ਼ਟਤਾ ਦੇ ਧੋਖੇ ਦੀ ਵਰਤੋਂ ਕਰੇਗਾ । ਉਹ ਲੋਕ ਨਾਸ਼ ਹੋਣਗੇ ਕਿਉਂਕਿ ਉਹਨਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਜਿਸ ਦੇ ਨਾਲ ਉਹਨਾਂ ਦੀ ਮੁਕਤੀ ਹੋ ਸਕਦੀ ਸੀ । ਇਸ ਕਾਰਨ ਪਰਮੇਸ਼ਰ ਉਹਨਾਂ ਦੇ ਕੋਲ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜਣਗੇ ਤਾਂ ਜੋ ਉਹ ਝੂਠ ਉੱਤੇ ਵਿਸ਼ਵਾਸ ਕਰਨ । ਤਾਂ ਜੋ ਉਹ ਸਾਰੇ ਜਿਹਨਾਂ ਨੇ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ ਪਰ ਦੁਸ਼ਟਤਾ ਵਿੱਚ ਖ਼ੁਸ਼ ਰਹਿੰਦੇ ਹਨ, ਦੋਸ਼ੀ ਠਹਿਰਨਗੇ । ਭਰਾਵੋ ਅਤੇ ਭੈਣੋ, ਸਾਨੂੰ ਤੁਹਾਡੇ ਲਈ ਜਿਹਨਾਂ ਨੂੰ ਪ੍ਰਭੂ ਪਿਆਰ ਕਰਦੇ ਹਨ, ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ । ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਆਦਿ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਚੁਣਿਆ ਹੈ । ਉਹਨਾਂ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਰਾਹੀਂ ਸੱਚ ਵਿੱਚ ਵਿਸ਼ਵਾਸ ਕਰਨ ਦੇ ਦੁਆਰਾ ਪਵਿੱਤਰ ਕੀਤਾ ਹੈ । ਉਹਨਾਂ ਨੇ ਤੁਹਾਨੂੰ ਇਸੇ ਲਈ ਉਸ ਸ਼ੁਭ ਸਮਾਚਾਰ ਦੇ ਦੁਆਰਾ ਸੱਦਿਆ ਹੈ, ਜੋ ਅਸੀਂ ਤੁਹਾਡੇ ਕੋਲ ਲਿਆਏ ਸੀ ਤਾਂ ਜੋ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਹਿੱਸੇਦਾਰ ਬਣੋ । ਇਸ ਲਈ ਭਰਾਵੋ ਅਤੇ ਭੈਣੋ, ਅਟੱਲ ਰਹੋ; ਉਹਨਾਂ ਸਿੱਖਿਆਵਾਂ ਵਿੱਚ ਕਾਇਮ ਰਹੋ ਜੋ ਤੁਸੀਂ ਸਾਡੇ ਕੋਲੋਂ ਸ਼ਬਦਾਂ ਦੁਆਰਾ ਜਾਂ ਪੱਤਰ ਦੁਆਰਾ ਪ੍ਰਾਪਤ ਕੀਤੀਆਂ ਹਨ । ਹੁਣ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਰਮੇਸ਼ਰ ਸਾਡੇ ਪਿਤਾ ਆਪ ਜਿਹਨਾਂ ਨੇ ਸਾਡੇ ਉੱਤੇ ਆਪਣਾ ਪਿਆਰ ਪ੍ਰਗਟ ਕੀਤਾ ਅਤੇ ਆਪਣੀ ਕਿਰਪਾ ਨਾਲ ਸਾਨੂੰ ਅਨੰਤ ਉਤਸ਼ਾਹ ਅਤੇ ਭਲੀ ਉਮੀਦ ਦਿੱਤੀ, ਤੁਹਾਡੇ ਹਰ ਕੰਮ ਅਤੇ ਵਚਨ ਵਿੱਚ ਤੁਹਾਨੂੰ ਉਤਸ਼ਾਹ ਅਤੇ ਬਲ ਦੇਣ । ਅੰਤ ਵਿੱਚ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲੇ ਅਤੇ ਹਰ ਥਾਂ ਆਦਰ ਪਾਵੇ, ਜਿਸ ਤਰ੍ਹਾਂ ਕਿ ਤੁਹਾਡੇ ਵਿੱਚ ਵੀ ਹੋਇਆ ਹੈ । ਇਸ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਨੂੰ ਦੁਸ਼ਟ ਅਤੇ ਬੁਰੇ ਮਨੁੱਖਾਂ ਤੋਂ ਬਚਾਉਣ, ਕਿਉਂਕਿ ਸਾਰੇ ਲੋਕ ਵਿਸ਼ਵਾਸ ਨਹੀਂ ਕਰਦੇ ਹਨ । ਪਰ ਪਰਮੇਸ਼ਰ ਵਿਸ਼ਵਾਸਯੋਗ ਹਨ; ਉਹ ਤੁਹਾਨੂੰ ਬਲ ਦੇਣਗੇ ਅਤੇ ਤੁਹਾਡੀ ਦੁਸ਼ਟ ਤੋਂ ਰੱਖਿਆ ਕਰਨਗੇ ਅਤੇ ਸਾਨੂੰ ਪ੍ਰਭੂ ਵਿੱਚ ਤੁਹਾਡੇ ਉੱਤੇ ਪੂਰਾ ਭਰੋਸਾ ਹੈ ਕਿ ਜਿਹਨਾਂ ਗੱਲਾਂ ਦਾ ਹੁਕਮ ਅਸੀਂ ਤੁਹਾਨੂੰ ਦਿੰਦੇ ਹਾਂ ਤੁਸੀਂ ਉਹ ਕਰ ਰਹੇ ਹੋ ਅਤੇ ਅੱਗੇ ਵੀ ਕਰਦੇ ਰਹੋਗੇ । ਪ੍ਰਭੂ ਤੁਹਾਡੇ ਦਿਲਾਂ ਦੀ ਅਗਵਾਈ ਪਰਮੇਸ਼ਰ ਦੇ ਪਿਆਰ ਵੱਲ ਕਰਨ ਅਤੇ ਤੁਹਾਨੂੰ ਮਸੀਹ ਦੇ ਧੀਰਜ ਵਿੱਚ ਪੱਕਾ ਕਰਨ । ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦੇ ਹਾਂ ਕਿ ਉਹਨਾਂ ਵਿਸ਼ਵਾਸੀਆਂ ਦੇ ਨਾਲ ਕੋਈ ਵਾਸਤਾ ਨਾ ਰੱਖੋ ਜੋ ਵਿਹਲੇ ਰਹਿਣ ਦੇ ਆਦੀ ਹਨ ਅਤੇ ਜੋ ਹਿਦਾਇਤਾਂ ਅਸੀਂ ਉਹਨਾਂ ਨੂੰ ਦਿੱਤੀਆਂ ਸਨ ਉਹਨਾਂ ਦੀ ਪਾਲਣਾ ਨਹੀਂ ਕਰਦੇ । ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਨੂੰ ਕਿਸ ਤਰ੍ਹਾਂ ਸਾਡੇ ਵਰਗੇ ਬਣਨਾ ਚਾਹੀਦਾ ਹੈ । ਅਸੀਂ ਜਦੋਂ ਤੁਹਾਡੇ ਕੋਲ ਸੀ ਅਸੀਂ ਵਿਹਲੇ ਨਹੀਂ ਰਹੇ । ਅਸੀਂ ਕਿਸੇ ਕੋਲੋਂ ਮੁਫ਼ਤ ਭੋਜਨ ਨਹੀਂ ਖਾਧਾ ਸਗੋਂ ਅਸੀਂ ਦਿਨ ਰਾਤ ਮਿਹਨਤ ਕੀਤੀ ਤਾਂ ਜੋ ਤੁਹਾਡੇ ਵਿੱਚੋਂ ਕਿਸੇ ਦੇ ਵੀ ਉੱਤੇ ਭਾਰ ਨਾ ਬਣੀਏ । ਇਹ ਇਸ ਲਈ ਨਹੀਂ ਸੀ ਕਿ ਸਾਡਾ ਇਸ ਦੇ ਲਈ ਕੋਈ ਅਧਿਕਾਰ ਨਹੀਂ ਬਣਦਾ ਸੀ ਸਗੋਂ ਇਸ ਲਈ ਕਿ ਅਸੀਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਬਣਨਾ ਚਾਹੁੰਦੇ ਸੀ ਤਾਂ ਜੋ ਤੁਸੀਂ ਸਾਡੇ ਵਰਗੇ ਬਣੋ । ਜਦੋਂ ਅਸੀਂ ਤੁਹਾਡੇ ਕੋਲ ਸੀ, ਅਸੀਂ ਤੁਹਾਨੂੰ ਇਹ ਹੁਕਮ ਦਿੱਤਾ ਸੀ ਕਿ “ਜੋ ਕੰਮ ਨਾ ਕਰੇ ਉਹ ਰੋਟੀ ਨਾ ਖਾਵੇ ।” ਅਸੀਂ ਇਹ ਸਭ ਇਸ ਲਈ ਕਹਿ ਰਹੇ ਹਾਂ ਕਿਉਂਕਿ ਸਾਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਆਪ ਤਾਂ ਕੋਈ ਕੰਮ ਨਹੀਂ ਕਰਦੇ ਸਗੋਂ ਦੂਜਿਆਂ ਦੇ ਕੰਮਾਂ ਵਿੱਚ ਵੀ ਰੁਕਾਵਟ ਬਣਦੇ ਹਨ । ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਹੁਕਮ ਦਿੰਦੇ ਹਾਂ ਕਿ ਉਹ ਚੁੱਪ-ਚਾਪ ਆਪਣੇ ਕੰਮ ਵਿੱਚ ਲੱਗ ਜਾਣ ਅਤੇ ਆਪਣੀ ਰੋਜ਼ੀ ਕਮਾਉਣ । ਭਰਾਵੋ ਅਤੇ ਭੈਣੋ, ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਸੀਂ ਭਲੇ ਕੰਮ ਕਰਦੇ ਹੋਏ ਦਿਲ ਨਾ ਛੱਡੋ । ਜੇਕਰ ਕੋਈ ਇਸ ਪੱਤਰ ਵਿੱਚ ਸਾਡੀਆਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਨਾ ਕਰੇ, ਉਸ ਵੱਲ ਖ਼ਾਸ ਧਿਆਨ ਦੇਵੋ ਅਤੇ ਉਸ ਦੇ ਨਾਲ ਕੋਈ ਮੇਲ ਨਾ ਰੱਖੋ ਤਾਂ ਜੋ ਉਹ ਸ਼ਰਮਿੰਦਾ ਹੋਵੇ । ਤੁਸੀਂ ਉਸ ਨੂੰ ਆਪਣਾ ਵੈਰੀ ਨਾ ਸਮਝੋ ਸਗੋਂ ਉਸ ਨੂੰ ਆਪਣਾ ਭਰਾ ਅਤੇ ਭੈਣ ਸਮਝ ਕੇ ਚਿਤਾਵਨੀ ਦਿਓ । ਪ੍ਰਭੂ ਜੋ ਆਪ ਸ਼ਾਂਤੀ ਦੇ ਸ੍ਰੋਤ ਹਨ ਹਰ ਸਮੇਂ ਅਤੇ ਹਰ ਤਰ੍ਹਾਂ ਨਾਲ ਤੁਹਾਨੂੰ ਸ਼ਾਂਤੀ ਦੇਣ । ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਣ । ਮੈਂ, ਪੌਲੂਸ, ਆਪਣੇ ਹੱਥ ਨਾਲ ਨਮਸਕਾਰ ਲਿਖਦਾ ਹਾਂ ਜੋ ਮੇਰੇ ਸਾਰੇ ਪੱਤਰਾਂ ਵਿੱਚ ਨਿਸ਼ਾਨ ਹੈ । ਮੈਂ ਇਸੇ ਤਰ੍ਹਾਂ ਲਿਖਦਾ ਹਾਂ । ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਦੇ ਨਾਲ ਹੋਵੇ । ਪੌਲੂਸ ਦੇ ਵੱਲੋਂ ਜੋ ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਉਮੀਦ ਮਸੀਹ ਯਿਸੂ ਦੇ ਹੁਕਮ ਦੇ ਦੁਆਰਾ ਮਸੀਹ ਯਿਸੂ ਦਾ ਰਸੂਲ ਹੈ, ਤਿਮੋਥਿਉਸ ਨੂੰ ਜੋ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਰਮੇਸ਼ਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਤੈਨੂੰ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ! ਜਿਵੇਂ ਪਹਿਲਾਂ ਮੈਂ ਤੈਨੂੰ ਮਕਦੂਨਿਯਾ ਨੂੰ ਜਾਂਦੇ ਸਮੇਂ ਅਫ਼ਸੁਸ ਵਿੱਚ ਰਹਿਣ ਦੇ ਲਈ ਬੇਨਤੀ ਕੀਤੀ ਸੀ ਤਾਂ ਜੋ ਤੂੰ ਉੱਥੇ ਕੁਝ ਲੋਕਾਂ ਨੂੰ ਹੁਕਮ ਦੇਵੇਂ ਕਿ ਉਹ ਝੂਠੀ ਸਿੱਖਿਆ ਨਾ ਦੇਣ । ਉਹਨਾਂ ਨੂੰ ਕਹਿ ਕਿ ਉਹ ਪ੍ਰਾਚੀਨ ਮਨਘੜਤ ਕਥਾਵਾਂ ਅਤੇ ਬੇਅੰਤ ਵੰਸਾਵਲੀਆਂ ਉੱਤੇ ਧਿਆਨ ਦੇਣਾ ਛੱਡ ਦੇਣ ਕਿਉਂਕਿ ਇਹਨਾਂ ਦੁਆਰਾ ਕੇਵਲ ਝਗੜੇ ਹੀ ਪੈਦਾ ਹੁੰਦੇ ਹਨ । ਇਹਨਾਂ ਤੋਂ ਕਿਸੇ ਤਰ੍ਹਾਂ ਵੀ ਪਰਮੇਸ਼ਰ ਦੇ ਕੰਮ ਵਿੱਚ ਵਾਧਾ ਨਹੀਂ ਹੁੰਦਾ, ਜਿਸ ਦਾ ਆਧਾਰ ਕੇਵਲ ਵਿਸ਼ਵਾਸ ਹੈ । ਇਸ ਹੁਕਮ ਦਾ ਉਦੇਸ਼ ਇਹ ਹੈ ਕਿ ਇਸ ਦੇ ਦੁਆਰਾ ਪਿਆਰ ਨੂੰ ਵੱਧਣ ਦੀ ਹੋਰ ਪ੍ਰੇਰਨਾ ਮਿਲੇ, ਜੋ ਸਾਫ਼ ਦਿਲ, ਸ਼ੁੱਧ ਅੰਤਹਕਰਨ ਅਤੇ ਸੱਚੇ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ । ਪਰ ਕੁਝ ਲੋਕ ਇਹਨਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ । ਉਹ ਵਿਵਸਥਾ ਦੇ ਸਿੱਖਿਅਕ ਬਣਨ ਦੇ ਚਾਹਵਾਨ ਹਨ ਪਰ ਉਹ ਨਾ ਆਪਣੇ ਸ਼ਬਦਾਂ ਦੇ ਅਤੇ ਨਾ ਆਪਣੇ ਵਿਸ਼ਿਆਂ ਦੇ ਅਰਥ ਸਮਝਦੇ ਹਨ, ਜਿਹਨਾਂ ਦੇ ਬਾਰੇ ਉਹ ਬੜੇ ਭਰੋਸੇ ਨਾਲ ਬੋਲਦੇ ਹਨ । ਅਸੀਂ ਜਾਣਦੇ ਹਾਂ ਕਿ ਵਿਵਸਥਾ ਉੱਤਮ ਹੈ, ਜੇਕਰ ਇਸ ਦੀ ਵਰਤੋਂ ਸਹੀ ਢੰਗ ਨਾਲ ਕੀਤੀ ਜਾਵੇ । ਅਸੀਂ ਇਹ ਵੀ ਜਾਣਦੇ ਹਾਂ ਕਿ ਵਿਵਸਥਾ ਨੇਕ ਲੋਕਾਂ ਦੇ ਲਈ ਨਹੀਂ ਦਿੱਤੀ ਗਈ ਸਗੋਂ ਉਹਨਾਂ ਦੇ ਲਈ ਦਿੱਤੀ ਗਈ ਹੈ ਜੋ ਵਿਵਸਥਾਹੀਣ, ਵਿਦਰੋਹੀ, ਅਵਿਸ਼ਵਾਸੀ ਅਤੇ ਪਾਪੀ, ਅਪਵਿੱਤਰ ਅਤੇ ਅਧਰਮੀ, ਮਾਤਾ-ਪਿਤਾ ਦੇ ਹੱਤਿਆਰੇ, ਕਾਤਲ, ਵਿਭਚਾਰੀ, ਸਮਲਿੰਗੀ, ਗ਼ੁਲਾਮਾਂ ਦੇ ਵਪਾਰੀ, ਝੂਠੇ, ਝੂਠੀ ਗਵਾਹੀ ਦੇਣ ਵਾਲੇ ਅਤੇ ਜੋ ਚੰਗੀ ਸਿੱਖਿਆ ਦੇ ਵਿਰੁੱਧ ਚੱਲਦੇ ਹਨ । ਇਸ ਚੰਗੀ ਸਿੱਖਿਆ ਦਾ ਆਧਾਰ ਮਹਾਨ ਪਰਮੇਸ਼ਰ ਦੀ ਮਹਿਮਾ ਵਾਲਾ ਸ਼ੁਭ ਸਮਾਚਾਰ ਹੈ ਜੋ ਮੈਨੂੰ ਸੌਂਪਿਆ ਗਿਆ ਹੈ । ਮੈਂ ਸਾਡੇ ਪ੍ਰਭੂ ਮਸੀਹ ਯਿਸੂ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਨੇ ਮੈਨੂੰ ਇਸ ਸੇਵਾ ਦੇ ਲਈ ਬਲ ਦਿੱਤਾ ਹੈ । ਉਹਨਾਂ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਆਪਣੀ ਸੇਵਾ ਦੇ ਲਈ ਨਿਯੁਕਤ ਕੀਤਾ । ਭਾਵੇਂ ਪਹਿਲਾਂ ਮੈਂ ਪਰਮੇਸ਼ਰ ਦਾ ਨਿੰਦਕ, ਅੱਤਿਆਚਾਰੀ ਅਤੇ ਹਿੰਸਕ ਸੀ ਪਰ ਮੇਰੇ ਉੱਤੇ ਪਰਮੇਸ਼ਰ ਦੀ ਦਇਆ ਹੋਈ, ਕਿਉਂਕਿ ਇਹ ਸਭ ਮੈਂ ਇੱਕ ਅਵਿਸ਼ਵਾਸੀ ਹੋਣ ਕਰ ਕੇ ਅਣਜਾਣੇ ਵਿੱਚ ਕੀਤਾ ਸੀ । ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਵਿਸ਼ਵਾਸ ਅਤੇ ਪਿਆਰ ਨਾਲ ਬਹੁਤਾਤ ਵਿੱਚ ਮਿਲੀ ਹੈ ਜੋ ਮਸੀਹ ਯਿਸੂ ਵਿੱਚ ਹੈ । ਇਹ ਵਚਨ ਸੱਚਾ ਅਤੇ ਪੂਰੀ ਤਰ੍ਹਾਂ ਭਰੋਸੇਯੋਗ ਹੈ ਕਿ ਮਸੀਹ ਯਿਸੂ ਇਸ ਸੰਸਾਰ ਵਿੱਚ ਪਾਪੀਆਂ ਨੂੰ ਮੁਕਤੀ ਦੇਣ ਦੇ ਲਈ ਆਏ, ਜਿਹਨਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ । ਪਰ ਮੇਰੇ ਉੱਤੇ ਜੋ ਸਭ ਤੋਂ ਵੱਡਾ ਪਾਪੀ ਹਾਂ, ਮਸੀਹ ਯਿਸੂ ਨੇ ਦਇਆ ਇਸ ਲਈ ਕੀਤੀ ਹੈ ਕਿ ਉਹ ਸਭ ਤੋਂ ਪਹਿਲਾਂ ਮੇਰੇ ਉੱਤੇ ਆਪਣੇ ਪੂਰੇ ਧੀਰਜ ਨੂੰ ਪ੍ਰਗਟ ਕਰਨ, ਤਾਂ ਜੋ ਮੈਂ ਉਹਨਾਂ ਦੇ ਲਈ ਇੱਕ ਉਦਾਹਰਨ ਬਣਾ, ਜੋ ਯਿਸੂ ਵਿੱਚ ਅਨੰਤ ਜੀਵਨ ਪ੍ਰਾਪਤ ਕਰਨ ਦੇ ਲਈ ਵਿਸ਼ਵਾਸ ਕਰਨਗੇ । ਉਸ ਅਨੰਤ ਮਹਾਰਾਜ, ਅਵਿਨਾਸ਼ੀ, ਅਣਦੇਖੇ ਅਤੇ ਕੇਵਲ ਇੱਕ ਪਰਮੇਸ਼ਰ ਦਾ ਆਦਰ ਅਤੇ ਵਡਿਆਈ ਯੁੱਗਾਂ ਤੱਕ ਹੁੰਦੀ ਰਹੇ । ਆਮੀਨ! ਮੇਰੇ ਪੁੱਤਰ ਤਿਮੋਥਿਉਸ, ਉਹਨਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਪਹਿਲਾਂ ਤੇਰੇ ਬਾਰੇ ਕੀਤੀਆਂ ਗਈਆਂ ਸਨ ਮੈਂ ਤੈਨੂੰ ਇਹ ਹੁਕਮ ਦੇ ਰਿਹਾ ਹਾਂ ਤਾਂ ਜੋ ਤੂੰ ਉਹਨਾਂ ਦੀ ਵਰਤੋਂ ਕਰ ਕੇ ਚੰਗੀ ਲੜਾਈ ਲੜੇਂ, ਵਿਸ਼ਵਾਸ ਅਤੇ ਸ਼ੁੱਧ ਅੰਤਹਕਰਨ ਵਿੱਚ ਕਾਇਮ ਰਹੇਂ । ਕੁਝ ਨੇ ਆਪਣੇ ਅੰਤਹਕਰਨ ਦੀ ਪਰਵਾਹ ਨਾ ਕੀਤੀ ਇਸ ਲਈ ਉਹਨਾਂ ਦਾ ਵਿਸ਼ਵਾਸ ਬਰਬਾਦ ਹੋ ਚੁੱਕਾ ਹੈ । ਉਹਨਾਂ ਵਿੱਚ ਹਮਿਨਾਯੁਸ ਅਤੇ ਸਿਕੰਦਰ ਵੀ ਹਨ, ਜਿਹਨਾਂ ਨੂੰ ਮੈਂ ਸ਼ੈਤਾਨ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਤਾਂ ਜੋ ਉਹ ਸਿੱਖਣ ਕਿ ਉਹ ਪਰਮੇਸ਼ਰ ਦੀ ਨਿੰਦਾ ਨਾ ਕਰਨ । ਸਭ ਤੋਂ ਪਹਿਲਾਂ ਮੇਰੀ ਇਹ ਬੇਨਤੀ ਹੈ ਕਿ ਸਾਰੇ ਲੋਕਾਂ ਦੇ ਲਈ ਬੇਨਤੀਆਂ, ਪ੍ਰਾਰਥਨਾਵਾਂ, ਮਿੰਨਤਾਂ ਅਤੇ ਧੰਨਵਾਦ ਕੀਤੇ ਜਾਣ, ਰਾਜਿਆਂ ਅਤੇ ਸਾਰੇ ਅਧਿਕਾਰੀਆਂ ਦੇ ਲਈ ਵੀ ਤਾਂ ਜੋ ਅਸੀਂ ਅਮਨ-ਚੈਨ ਵਾਲਾ ਜੀਵਨ ਸ਼ਾਂਤੀ ਅਤੇ ਉਚਿਤ ਵਿਵਹਾਰ ਦੇ ਨਾਲ ਬਤੀਤ ਕਰੀਏ । ਇਹ ਭਲਾ ਹੈ ਅਤੇ ਪਰਮੇਸ਼ਰ ਸਾਡੇ ਮੁਕਤੀਦਾਤਾ ਨੂੰ ਪਸੰਦ ਹੈ, ਜੋ ਚਾਹੁੰਦੇ ਹਨ ਕਿ ਸਾਰੇ ਮਨੁੱਖ ਮੁਕਤੀ ਪ੍ਰਾਪਤ ਕਰਨ ਅਤੇ ਸੱਚ ਨੂੰ ਜਾਨਣ । ਕਿਉਂਕਿ ਪਰਮੇਸ਼ਰ ਇੱਕ ਹਨ ਅਤੇ ਪਰਮੇਸ਼ਰ ਅਤੇ ਲੋਕਾਂ ਦੇ ਵਿੱਚ ਵਿਚੋਲਾ ਵੀ ਇੱਕ ਹੀ ਮਨੁੱਖ ਹੈ ਜੋ ਮਸੀਹ ਯਿਸੂ ਹਨ, ਜਿਹਨਾਂ ਨੇ ਆਪਣੇ ਆਪ ਨੂੰ ਸਾਰੇ ਲੋਕਾਂ ਦੇ ਛੁਟਕਾਰੇ ਦੇ ਲਈ ਬਲੀਦਾਨ ਕਰ ਦਿੱਤਾ ਜੋ ਸਹੀ ਸਮੇਂ ਤੇ ਦਿੱਤੀ ਗਈ ਗਵਾਹੀ ਸੀ । ਇਸੇ ਦੇ ਲਈ ਮੈਂ ਪ੍ਰਚਾਰਕ ਅਤੇ ਰਸੂਲ ਨਿਯੁਕਤ ਕੀਤਾ ਗਿਆ ਸੀ ਕਿ ਮੈਂ ਪਰਾਈਆਂ ਕੌਮਾਂ ਨੂੰ ਵੀ ਸੱਚਾਈ ਅਤੇ ਵਿਸ਼ਵਾਸ ਦੇ ਬਾਰੇ ਸਿੱਖਿਆ ਦੇਵਾਂ । ਇਹ ਸੱਚ ਹੈ, ਮੈਂ ਝੂਠ ਨਹੀਂ ਬੋਲ ਰਿਹਾ । ਇਸ ਲਈ ਮੇਰੀ ਇੱਛਾ ਇਹ ਹੈ ਕਿ ਆਦਮੀ ਹਰ ਥਾਂ ਬਿਨਾਂ ਗੁੱਸੇ ਅਤੇ ਵਿਵਾਦ ਦੇ ਪਵਿੱਤਰ ਹੱਥ ਚੁੱਕ ਕੇ ਪ੍ਰਾਰਥਨਾ ਕਰਨ । ਇਸੇ ਤਰ੍ਹਾਂ ਔਰਤਾਂ ਵੀ ਸਾਦੇ ਕੱਪੜੇ ਪਹਿਨਣ ਜੋ ਉਚਿਤ ਅਤੇ ਸਲੀਕੇ ਵਾਲੇ ਹੋਣ । ਉਹ ਆਪਣੇ ਆਪ ਨੂੰ ਵਾਲ ਗੁੰਦ ਕੇ, ਸੋਨਾ, ਮੋਤੀ ਜਾਂ ਮਹਿੰਗੇ ਕੱਪੜਿਆਂ ਨਾਲ ਨਾ ਸ਼ਿੰਗਾਰਨ । ਸਗੋਂ ਉਹ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਾਲ ਸ਼ਿੰਗਾਰਨ ਕਿਉਂਕਿ ਇਹ ਭਗਤੀ ਕਰਨ ਵਾਲੀ ਔਰਤ ਦੇ ਲਈ ਉਚਿਤ ਹੈ । ਔਰਤ ਨੂੰ ਚਾਹੀਦਾ ਹੈ ਕਿ ਉਹ ਚੁੱਪਚਾਪ ਅਤੇ ਅਧੀਨ ਹੋ ਕੇ ਸਿੱਖਿਆ ਲਵੇ । ਮੈਂ ਆਗਿਆ ਨਹੀਂ ਦਿੰਦਾ ਕਿ ਔਰਤ ਸਿੱਖਿਆ ਦੇਵੇ ਜਾਂ ਆਦਮੀ ਦੇ ਉੱਤੇ ਅਧਿਕਾਰ ਰੱਖੇ, ਉਹ ਚੁੱਪਚਾਪ ਰਹੇ । ਕਿਉਂਕਿ ਆਦਮ ਦੀ ਰਚਨਾ ਪਹਿਲਾਂ ਹੋਈ ਅਤੇ ਹੱਵਾਹ ਦੀ ਬਾਅਦ ਵਿੱਚ ਅਤੇ ਆਦਮ ਨਹੀਂ ਸੀ ਜਿਸ ਨੇ ਧੋਖਾ ਖਾਧਾ ਸਗੋਂ ਔਰਤ ਸੀ ਜਿਸ ਨੇ ਧੋਖਾ ਖਾਧਾ ਅਤੇ ਅਪਰਾਧ ਕੀਤਾ । ਪਰ ਫਿਰ ਵੀ ਉਹ ਮਾਂ ਬਣਨ ਦੇ ਦੁਆਰਾ ਮੁਕਤੀ ਪ੍ਰਾਪਤ ਕਰੇਗੀ ਜੇਕਰ ਉਹ ਵਿਸ਼ਵਾਸ, ਪਿਆਰ ਅਤੇ ਪਵਿੱਤਰਤਾ ਦੇ ਨਾਲ ਸਾਦਗੀ ਵਿੱਚ ਬਣੀ ਰਹੇ । ਇਹ ਵਚਨ ਭਰੋਸੇਯੋਗ ਹੈ ਕਿ ਜੇਕਰ ਕੋਈ ਮਨੁੱਖ ਕਲੀਸਿਯਾ ਦਾ ਨਿਗਾਹਬਾਨ ਬਣਨਾ ਚਾਹੁੰਦਾ ਹੈ ਉਹ ਭਲੇ ਕੰਮ ਦੀ ਇੱਛਾ ਕਰਦਾ ਹੈ । ਇਸ ਲਈ ਕਲੀਸਿਯਾ ਦਾ ਨਿਗਾਹਬਾਨ ਨਿਰਦੋਸ਼, ਆਪਣੀ ਪਤਨੀ ਦੇ ਨਾਲ ਵਫ਼ਾਦਾਰ, ਸਮਝਦਾਰ, ਸੰਜਮੀ, ਆਦਰਯੋਗ, ਪਰਾਹੁਣਚਾਰ, ਸਿੱਖਿਆ ਦੇਣ ਦੇ ਯੋਗ ਹੋਵੇ, ਉਹ ਸ਼ਰਾਬੀ ਅਤੇ ਹਿੰਸਕ ਨਾ ਹੋਵੇ ਸਗੋਂ ਸ਼ਾਂਤ ਸੁਭਾਅ ਵਾਲਾ ਹੋਵੇ, ਝਗੜਾਲੂ ਅਤੇ ਧਨ ਦਾ ਲੋਭੀ ਨਾ ਹੋਵੇ । ਉਹ ਆਪਣੇ ਪਰਿਵਾਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ ਵਾਲਾ ਹੋਵੇ ਅਤੇ ਆਪਣੇ ਬੱਚਿਆਂ ਨੂੰ ਬਹੁਤ ਆਦਰ ਦੇ ਨਾਲ ਆਗਿਆ ਪਾਲਨ ਕਰਨ ਵਾਲਾ ਬਣਾਵੇ । ਜੇਕਰ ਕੋਈ ਆਪਣੇ ਹੀ ਪਰਿਵਾਰ ਦੀ ਦੇਖਭਾਲ ਕਰਨੀ ਨਾ ਜਾਣਦਾ ਹੋਵੇ, ਉਹ ਪਰਮੇਸ਼ਰ ਦੀ ਕਲੀਸਿਯਾ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕੇਗਾ? ਉਹ ਨਵਾਂ ਵਿਸ਼ਵਾਸੀ ਨਾ ਹੋਵੇ, ਕਿ ਕਿਤੇ ਉਹ ਘਮੰਡ ਵਿੱਚ ਫੁੱਲ ਕੇ ਸ਼ੈਤਾਨ ਵਾਲੀ ਸਜ਼ਾ ਪਾਵੇ । ਉਹ ਕਲੀਸਿਯਾ ਤੋਂ ਬਾਹਰ ਦੇ ਲੋਕਾਂ ਵਿੱਚ ਵੀ ਆਦਰਯੋਗ ਹੋਵੇ ਤਾਂ ਜੋ ਉਸ ਦਾ ਅਪਮਾਨ ਨਾ ਹੋਵੇ ਅਤੇ ਉਹ ਸ਼ੈਤਾਨ ਦੇ ਫੰਦੇ ਵਿੱਚ ਨਾ ਫਸੇ । ਇਸੇ ਤਰ੍ਹਾਂ ਸੇਵਕ ਵੀ ਆਦਰਯੋਗ ਹੋਣ ਅਤੇ ਉਹ ਧੋਖੇਬਾਜ਼ ਨਾ ਹੋਣ, ਬਹੁਤ ਮੈਅ ਪੀਣ ਵਾਲੇ ਨਾ ਹੋਣ ਅਤੇ ਨਾ ਹੀ ਧਨ ਦੇ ਲੋਭੀ ਹੋਣ । ਉਹ ਸਾਫ਼ ਅੰਤਹਕਰਨ ਦੇ ਨਾਲ ਵਿਸ਼ਵਾਸ ਦੇ ਭੇਤ ਵਿੱਚ ਕਾਇਮ ਰਹਿਣ । ਉਹ ਪਹਿਲਾਂ ਪਰਖੇ ਜਾਣ ਅਤੇ ਜੇਕਰ ਉਹ ਨਿਰਦੋਸ਼ ਨਿਕਲਣ ਤਾਂ ਉਹਨਾਂ ਨੂੰ ਸੇਵਾ ਕਰਨ ਦਿੱਤੀ ਜਾਵੇ । ਉਹਨਾਂ ਦੀਆਂ ਪਤਨੀਆਂ ਵੀ ਆਦਰਯੋਗ ਹੋਣ । ਉਹ ਦੋਸ਼ ਲਾਉਣ ਵਾਲੀਆਂ ਨਾ ਹੋਣ ਸਗੋਂ ਸੰਜਮੀ ਅਤੇ ਹਰ ਗੱਲ ਵਿੱਚ ਵਿਸ਼ਵਾਸਯੋਗ ਹੋਣ । ਸੇਵਕ ਆਪਣੀ ਪਤਨੀ ਦੇ ਨਾਲ ਵਫ਼ਾਦਾਰ ਹੋਵੇ । ਉਹ ਆਪਣੇ ਬੱਚਿਆਂ ਅਤੇ ਪਰਿਵਾਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ । ਉਹ ਜੋ ਚੰਗੀ ਸੇਵਾ ਕਰਦੇ ਹਨ ਆਪਣੇ ਲਈ ਉੱਚੀ ਥਾਂ ਪ੍ਰਾਪਤ ਕਰਦੇ ਹਨ ਅਤੇ ਮਸੀਹ ਯਿਸੂ ਵਿੱਚ ਆਪਣੇ ਵਿਸ਼ਵਾਸ ਦੇ ਬਾਰੇ ਦਲੇਰੀ ਦੇ ਨਾਲ ਬੋਲ ਸਕਦੇ ਹਨ । ਜਦੋਂ ਕਿ ਮੈਂ ਤੈਨੂੰ ਇਹ ਪੱਤਰ ਲਿਖ ਰਿਹਾ ਹਾਂ ਮੈਨੂੰ ਆਸ ਹੈ ਕਿ ਮੈਂ ਤੇਰੇ ਕੋਲ ਛੇਤੀ ਆਵਾਂਗਾ । ਪਰ ਜੇਕਰ ਮੈਨੂੰ ਦੇਰ ਹੋ ਜਾਵੇ ਤਾਂ ਤੈਨੂੰ ਮੇਰੀਆਂ ਇਹਨਾਂ ਲਿਖੀਆਂ ਗੱਲਾਂ ਤੋਂ ਪਤਾ ਲੱਗ ਜਾਵੇਗਾ ਕਿ ਸਾਨੂੰ ਪਰਮੇਸ਼ਰ ਦੇ ਘਰ ਵਿੱਚ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਜੋ ਕਿ ਜਿਊਂਦੇ ਪਰਮੇਸ਼ਰ ਦੀ ਕਲੀਸਿਯਾ ਹੈ ਜੋ ਥੰਮ੍ਹ ਅਤੇ ਸੱਚ ਦੀ ਨੀਂਹ ਹੈ । ਇਹ ਗੱਲ ਬਿਨਾਂ ਕਿਸੇ ਸ਼ੱਕ ਦੇ ਕਹੀ ਜਾ ਸਕਦੀ ਹੈ ਕਿ ਸਾਡੇ ਵਿਸ਼ਵਾਸ ਦਾ ਭੇਤ ਕਿੰਨਾ ਮਹਾਨ ਹੈ, “ਪ੍ਰਭੂ ਯਿਸੂ ਮਨੁੱਖੀ ਸਰੀਰ ਵਿੱਚ ਪ੍ਰਗਟ ਹੋਏ, ਆਤਮਾ ਦੁਆਰਾ ਨੇਕ ਠਹਿਰਾਏ ਗਏ, ਸਵਰਗਦੂਤਾਂ ਨੂੰ ਦਿਖਾਈ ਦਿੱਤੇ, ਉਹਨਾਂ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਹੋਇਆ, ਉਹਨਾਂ ਦੇ ਵਿੱਚ ਸੰਸਾਰ ਨੇ ਵਿਸ਼ਵਾਸ ਕੀਤਾ, ਅਤੇ ਉਹ ਮਹਿਮਾ ਦੇ ਵਿੱਚ ਉੱਪਰ ਉਠਾ ਲਏ ਗਏ ।” ਪਵਿੱਤਰ ਆਤਮਾ ਸਾਫ਼ ਕਹਿੰਦਾ ਹੈ ਕਿ ਅੰਤਮ ਸਮਿਆਂ ਵਿੱਚ ਕੁਝ ਲੋਕ ਆਪਣੇ ਵਿਸ਼ਵਾਸ ਨੂੰ ਤਿਆਗ ਦੇਣਗੇ, ਉਹ ਝੂਠੀਆਂ ਆਤਮਾਵਾਂ ਅਤੇ ਸ਼ੈਤਾਨੀ ਸਿੱਖਿਆਵਾਂ ਦੇ ਪਿੱਛੇ ਲੱਗ ਜਾਣਗੇ । ਇਹ ਉਹਨਾਂ ਝੂਠੇ ਪਖੰਡੀ ਸਿੱਖਿਅਕਾਂ ਦੀ ਸਿੱਖਿਆ ਦੇ ਕਾਰਨ ਹੋਵੇਗਾ ਜਿਹਨਾਂ ਦੇ ਅੰਤਹਕਰਨ ਗਰਮ ਲੋਹੇ ਦੇ ਨਾਲ ਦਾਗੇ ਗਏ ਹੋਣ । ਉਹ ਲੋਕਾਂ ਨੂੰ ਵਿਆਹ ਕਰਨ ਤੋਂ ਰੋਕਦੇ ਅਤੇ ਕੁਝ ਭੋਜਨਾਂ ਤੋਂ ਦੂਰ ਰਹਿਣ ਲਈ ਕਹਿੰਦੇ ਹਨ ਜੋ ਪਰਮੇਸ਼ਰ ਨੇ ਸੱਚ ਨੂੰ ਜਾਨਣ ਵਾਲਿਆਂ ਅਤੇ ਵਿਸ਼ਵਾਸੀਆਂ ਦੇ ਲਈ ਰਚੇ ਕਿ ਉਹ ਧੰਨਵਾਦ ਕਰ ਕੇ ਖਾਣ । ਪਰਮੇਸ਼ਰ ਦੀ ਰਚੀ ਹਰ ਚੀਜ਼ ਭਲੀ ਹੈ । ਇਹਨਾਂ ਨੂੰ ਰੱਦਣਾ ਨਹੀਂ ਚਾਹੀਦਾ ਸਗੋਂ ਹਰ ਚੀਜ਼ ਨੂੰ ਧੰਨਵਾਦ ਦੇ ਨਾਲ ਸਵੀਕਾਰ ਕਰਨਾ ਚਾਹੀਦਾ ਹੈ ਕਿਉਂਕਿ ਇਹ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦੁਆਰਾ ਪਵਿੱਤਰ ਹੋ ਜਾਂਦੇ ਹਨ । ਜੇਕਰ ਤੂੰ ਇਹ ਸਿੱਖਿਆਵਾਂ ਭਰਾਵਾਂ ਅਤੇ ਭੈਣਾਂ ਨੂੰ ਸਿਖਾਵੇਂਗਾ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਹੋਵੇਂਗਾ, ਜਿਸ ਦਾ ਪਾਲਣ-ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਸੱਚੀ ਸਿੱਖਿਆ ਦੇ ਨਾਲ ਹੋਇਆ ਹੈ ਜਿਸ ਦੀ ਤੂੰ ਪਾਲਣਾ ਕਰਦਾ ਆਇਆ ਹੈਂ । ਤੂੰ ਉਹਨਾਂ ਸੰਸਾਰਕ ਮਨਘੜਤ ਕਥਾਵਾਂ ਤੋਂ ਦੂਰ ਰਹਿ ਜੋ ਦੱਸਣ ਦੇ ਯੋਗ ਨਹੀਂ ਹਨ ਸਗੋਂ ਆਪਣੇ ਆਪ ਨੂੰ ਪਵਿੱਤਰ ਜੀਵਨ ਦੇ ਲਈ ਅਨੁਸ਼ਾਸਤ ਕਰ । ਸਰੀਰਕ ਕਸਰਤ ਦਾ ਕਿਸੇ ਹੱਦ ਤੱਕ ਲਾਭ ਹੈ ਪਰ ਭਗਤੀ ਲਾਭਦਾਇਕ ਹੈ ਕਿਉਂਕਿ ਇਸ ਦਾ ਲਾਭ ਨਾ ਕੇਵਲ ਇਸ ਜੀਵਨ ਵਿੱਚ ਸਗੋਂ ਆਉਣ ਵਾਲੇ ਜੀਵਨ ਵਿੱਚ ਵੀ ਹੈ । ਇਹ ਵਚਨ ਭਰੋਸੇਯੋਗ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ । ਇਸ ਦੇ ਲਈ ਅਸੀਂ ਸੰਘਰਸ਼ ਅਤੇ ਮਿਹਨਤ ਕਰਦੇ ਹਾਂ ਕਿਉਂਕਿ ਅਸੀਂ ਆਪਣੀ ਆਸ ਜਿਊਂਦੇ ਪਰਮੇਸ਼ਰ ਵਿੱਚ ਰੱਖੀ ਹੈ ਜਿਹੜੇ ਸਾਰੀ ਮਨੁੱਖਜਾਤੀ ਦੇ, ਖ਼ਾਸ ਕਰ ਕੇ ਵਿਸ਼ਵਾਸੀਆਂ ਦੇ ਮੁਕਤੀਦਾਤਾ ਹਨ । ਉਹਨਾਂ ਨੂੰ ਇਹ ਹੁਕਮ ਅਤੇ ਸਿੱਖਿਆਵਾਂ ਦੇ । ਕੋਈ ਤੈਨੂੰ ਤੇਰੀ ਜਵਾਨੀ ਦੇ ਕਾਰਨ ਤੁੱਛ ਨਾ ਜਾਣੇ, ਸਗੋਂ ਤੂੰ ਆਪਣੇ ਬੋਲਚਾਲ, ਵਿਵਹਾਰ, ਪ੍ਰੇਮ, ਵਿਸ਼ਵਾਸ ਅਤੇ ਪਵਿੱਤਰਤਾ ਦੇ ਵਿੱਚ ਵਿਸ਼ਵਾਸੀਆਂ ਦੇ ਲਈ ਉਦਾਹਰਨ ਬਣ । ਮੇਰੇ ਆਉਣ ਤੱਕ ਤੂੰ ਆਪਣੇ ਆਪ ਨੂੰ ਪਵਿੱਤਰ-ਗ੍ਰੰਥ ਨੂੰ ਪੜ੍ਹ ਕੇ ਸੁਣਾਉਣ ਲਈ, ਪ੍ਰਚਾਰ ਕਰਨ ਲਈ ਅਤੇ ਸਿੱਖਿਆ ਦੇਣ ਦੇ ਲਈ ਅਰਪਣ ਕਰ । ਤੂੰ ਉਸ ਆਤਮਿਕ ਵਰਦਾਨ ਦੀ ਲਾਪਰਵਾਹੀ ਨਾ ਕਰ ਜੋ ਤੈਨੂੰ ਭਵਿੱਖਬਾਣੀ ਦੁਆਰਾ ਬਜ਼ੁਰਗ ਆਗੂਆਂ ਦੇ ਤੇਰੇ ਉੱਤੇ ਹੱਥ ਰੱਖਣ ਨਾਲ ਮਿਲੀ ਸੀ । ਇਹਨਾਂ ਗੱਲਾਂ ਦਾ ਤੂੰ ਅਭਿਆਸ ਕਰ ਅਤੇ ਆਪਣਾ ਸਾਰਾ ਧਿਆਨ ਇਹਨਾਂ ਉੱਤੇ ਲਾ ਤਾਂ ਜੋ ਹਰ ਕੋਈ ਤੇਰੀ ਤਰੱਕੀ ਦੇਖੇ । ਤੂੰ ਆਪਣੀ ਅਤੇ ਆਪਣੀਆਂ ਸਿੱਖਿਆਵਾਂ ਦੀ ਪੂਰੀ ਚੌਕਸੀ ਕਰ, ਇਹਨਾਂ ਵਿੱਚ ਕਾਇਮ ਰਹਿ ਕਿਉਂਕਿ ਅਜਿਹਾ ਕਰ ਕੇ ਤੂੰ ਆਪਣੀ ਅਤੇ ਆਪਣੇ ਸੁਣਨ ਵਾਲਿਆਂ ਦੀ ਮੁਕਤੀ ਦਾ ਕਾਰਨ ਹੋਵੇਂਗਾ । ਕਿਸੇ ਵੀ ਬਜ਼ੁਰਗ ਆਦਮੀ ਨੂੰ ਨਾ ਝਿੜਕ ਸਗੋਂ ਉਸ ਨੂੰ ਹਰ ਗੱਲ ਪੂਰੇ ਆਦਰ ਦੇ ਨਾਲ ਪਿਤਾ ਮੰਨ ਕੇ ਸਮਝਾ । ਇਸੇ ਤਰ੍ਹਾਂ ਜਵਾਨਾਂ ਨੂੰ ਆਪਣੇ ਭਰਾ ਸਮਝ ਕੇ, ਬਜ਼ੁਰਗ ਔਰਤਾਂ ਨੂੰ ਮਾਂ ਅਤੇ ਆਪਣੇ ਤੋਂ ਛੋਟੀ ਉਮਰ ਵਾਲੀਆਂ ਔਰਤਾਂ ਨੂੰ ਭੈਣ ਸਮਝ ਕੇ, ਪੂਰਨ ਪਵਿੱਤਰਤਾ ਦੇ ਨਾਲ ਸਮਝਾ । ਉਹਨਾਂ ਵਿਧਵਾਵਾਂ ਦਾ ਜੋ ਸੱਚਮੁੱਚ ਵਿਧਵਾਵਾਂ ਹਨ, ਆਦਰ ਕਰ । ਪਰ ਜੇਕਰ ਕਿਸੇ ਵਿਧਵਾ ਦੇ ਬੱਚੇ ਅਤੇ ਦੋਹਤੇ-ਪੋਤਰੇ ਹੋਣ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਨਾਲ ਸ਼ਰਧਾ ਦਾ ਵਿਵਹਾਰ ਕਰਨ ਤਾਂ ਜੋ ਉਹ ਆਪਣੇ ਮਾਤਾ-ਪਿਤਾ ਅਤੇ ਪੁਰਖਿਆਂ ਦੇ ਉਪਕਾਰਾਂ ਦਾ ਬਦਲਾ ਚੁਕਾਉਣ ਕਿਉਂਕਿ ਇਹ ਪਰਮੇਸ਼ਰ ਨੂੰ ਪਸੰਦ ਹੈ । ਅਸਲ ਵਿੱਚ ਵਿਧਵਾ ਉਹ ਹੈ ਜਿਸ ਦਾ ਆਪਣਾ ਕੋਈ ਵੀ ਨਹੀਂ, ਜਿਸ ਨੇ ਆਪਣੀ ਉਮੀਦ ਪਰਮੇਸ਼ਰ ਵਿੱਚ ਰੱਖੀ ਹੋਈ ਹੈ ਅਤੇ ਜੋ ਦਿਨ-ਰਾਤ ਪ੍ਰਾਰਥਨਾ ਕਰਦੀ ਅਤੇ ਪਰਮੇਸ਼ਰ ਕੋਲੋਂ ਮਦਦ ਮੰਗਦੀ ਰਹਿੰਦੀ ਹੈ । ਪਰ ਉਹ ਵਿਧਵਾ ਜੋ ਐਸ਼ ਵਿੱਚ ਜੀਵਨ ਬਤੀਤ ਕਰਦੀ ਹੈ, ਉਹ ਜਿਊਂਦੇ ਜੀਅ ਮਰੀ ਹੋਈ ਹੈ । ਇਹ ਸਿੱਖਿਆ ਉਹਨਾਂ ਸਾਰੀਆਂ ਨੂੰ ਦੇ ਤਾਂ ਜੋ ਉਹ ਹਰ ਤਰ੍ਹਾਂ ਦੇ ਦੋਸ਼ ਤੋਂ ਬਚੀਆਂ ਰਹਿਣ । ਜੇਕਰ ਕੋਈ ਆਪਣੇ ਰਿਸ਼ਤੇਦਾਰਾਂ ਦਾ ਧਿਆਨ ਨਹੀਂ ਰੱਖਦਾ, ਖ਼ਾਸ ਕਰਕੇ ਆਪਣੇ ਪਰਿਵਾਰ ਦਾ, ਤਾਂ ਸਮਝੋ ਕਿ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਚੁੱਕਾ ਹੈ ਅਤੇ ਉਹ ਅਵਿਸ਼ਵਾਸੀਆਂ ਨਾਲੋਂ ਵੀ ਬੁਰਾ ਹੈ । ਕਿਸੇ ਵੀ ਵਿਧਵਾ ਨੂੰ ਜਿਸ ਦੀ ਉਮਰ ਸੱਠ ਸਾਲ ਤੋਂ ਘੱਟ ਨਾ ਹੋਵੇ ਸੂਚੀ ਵਿੱਚ ਸ਼ਾਮਲ ਨਾ ਕੀਤਾ ਜਾਵੇ । ਉਹ ਆਪਣੇ ਪਤੀ ਦੇ ਨਾਲ ਵਫ਼ਾਦਾਰ ਰਹੀ ਹੋਵੇ ਅਤੇ ਉਹ ਆਪਣੇ ਭਲੇ ਕੰਮਾਂ ਦੇ ਲਈ ਜਾਣੀ ਜਾਂਦੀ ਹੋਵੇ ਜਿਵੇਂ ਕਿ ਉਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੋਵੇ, ਪਰਾਹੁਣਚਾਰੀ ਕੀਤੀ ਹੋਵੇ, ਵਿਸ਼ਵਾਸੀਆਂ ਦੀ ਸੇਵਾ ਕੀਤੀ ਹੋਵੇ, ਦੁਖੀਆਂ ਦੀ ਮਦਦ ਕੀਤੀ ਹੋਵੇ ਅਤੇ ਜਿਹੜੀ ਹਰ ਭਲੇ ਕੰਮ ਵਿੱਚ ਲੱਗੀ ਰਹੀ ਹੋਵੇ । ਪਰ ਜਵਾਨ ਵਿਧਵਾਵਾਂ ਨੂੰ ਸੂਚੀ ਵਿੱਚ ਨਾ ਰੱਖ, ਕਿਉਂਕਿ ਜਦੋਂ ਉਹਨਾਂ ਦੀਆਂ ਕਾਮ ਵਾਸ਼ਨਾਵਾਂ ਜਾਗ ਪੈਂਦੀਆਂ ਹਨ ਤਾਂ ਉਹ ਵਿਆਹ ਕਰਨ ਦੀ ਇੱਛਾ ਕਰਦੀਆਂ ਹਨ ਅਤੇ ਮਸੀਹ ਤੋਂ ਦੂਰ ਹੋ ਜਾਂਦੀਆਂ ਹਨ । ਇਸ ਤਰ੍ਹਾਂ ਉਹ ਆਪਣੇ ਪਹਿਲੇ ਵਾਅਦੇ ਨੂੰ ਤੋੜ ਕੇ ਦੋਸ਼ੀ ਹੁੰਦੀਆਂ ਹਨ । ਇਸ ਤੋਂ ਇਲਾਵਾ, ਉਹਨਾਂ ਨੂੰ ਵਿਹਲੇ ਰਹਿਣ ਅਤੇ ਘਰ-ਘਰ ਘੁੰਮਣ ਦੀ ਆਦਤ ਪੈ ਜਾਂਦੀ ਹੈ ਅਤੇ ਉਹ ਨਾ ਕੇਵਲ ਆਲਸੀ ਬਣ ਜਾਂਦੀਆਂ ਹਨ ਸਗੋਂ ਚੁਗਲੀਆਂ ਕਰਦੀਆਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਦਖ਼ਲ ਦਿੰਦੀਆਂ ਹਨ ਅਤੇ ਅਜਿਹੀਆਂ ਗੱਲਾਂ ਕਰਦੀਆਂ ਹਨ ਜੋ ਉਹਨਾਂ ਨੂੰ ਨਹੀਂ ਕਰਨੀਆਂ ਚਾਹੁੰਦੀਆਂ । ਇਸ ਲਈ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਦੁਬਾਰਾ ਵਿਆਹ ਕਰਨ, ਸੰਤਾਨ ਪੈਦਾ ਕਰਨ ਅਤੇ ਆਪਣੇ ਪਰਿਵਾਰ ਦੀ ਦੇਖ ਭਾਲ ਕਰਨ । ਇਸ ਤਰ੍ਹਾਂ ਉਹ ਆਪਣੇ ਵਿਰੋਧੀਆਂ ਨੂੰ ਆਪਣੇ ਉੱਤੇ ਦੋਸ਼ ਲਾਉਣ ਦਾ ਕੋਈ ਮੌਕਾ ਨਹੀਂ ਦੇਣਗੀਆਂ । ਕਿਉਂਕਿ ਕਈ ਪਹਿਲਾਂ ਹੀ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ । ਜੇਕਰ ਕਿਸੇ ਵਿਸ਼ਵਾਸੀ ਔਰਤ ਦੇ ਪਰਿਵਾਰ ਵਿੱਚ ਵਿਧਵਾਵਾਂ ਹਨ, ਉਹ ਉਹਨਾਂ ਦੀ ਦੇਖਭਾਲ ਕਰੇ । ਇਸ ਤਰ੍ਹਾਂ ਕਲੀਸਿਯਾ ਵਾਧੂ ਭਾਰ ਤੋਂ ਬਚ ਜਾਵੇਗੀ ਅਤੇ ਉਹਨਾਂ ਵਿਧਵਾਵਾਂ ਦੀ ਮਦਦ ਕਰ ਸਕੇਗੀ ਜੋ ਸੱਚਮੁੱਚ ਲੋੜਵੰਦ ਹਨ । ਕਲੀਸਿਯਾ ਦੇ ਬਜ਼ੁਰਗ ਆਗੂ ਜੋ ਚੰਗੀ ਅਗਵਾਈ ਕਰਦੇ ਹਨ ਆਦਰ ਅਤੇ ਉਚਿਤ ਤਨਖ਼ਾਹ ਦੇ ਯੋਗ ਸਮਝੇ ਜਾਣ, ਖ਼ਾਸ ਕਰ ਕੇ ਉਹ ਜੋ ਪ੍ਰਚਾਰ ਅਤੇ ਸਿੱਖਿਆ ਦੇ ਕੰਮ ਵਿੱਚ ਸਖ਼ਤ ਮਿਹਨਤ ਕਰਦੇ ਹਨ । ਕਿਉਂਕਿ ਪਵਿੱਤਰ-ਗ੍ਰੰਥ ਦੱਸਦਾ ਹੈ, “ਤੂੰ ਗਹਾਈ ਕਰਦੇ ਸਮੇਂ ਬਲਦ ਦੇ ਮੂੰਹ ਤੇ ਛਿੱਕਲਾ ਨਾ ਬੰਨ੍ਹ ।” ਇਸ ਦੇ ਨਾਲ ਇਹ ਵੀ ਕਿ, “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ ।” ਕਲੀਸਿਯਾ ਦੇ ਕਿਸੇ ਬਜ਼ੁਰਗ ਦੇ ਵਿਰੁੱਧ ਉਸ ਸਮੇਂ ਤੱਕ ਕੋਈ ਦੋਸ਼ ਨਾ ਸੁਣ ਜਦੋਂ ਤੱਕ ਇਸ ਦੇ ਬਾਰੇ ਦੋ ਜਾਂ ਤਿੰਨ ਗਵਾਹ ਨਾ ਹੋਣ । ਪਾਪ ਕਰਨ ਵਾਲਿਆਂ ਨੂੰ ਸਾਰਿਆਂ ਦੇ ਸਾਹਮਣੇ ਝਿੜਕ ਤਾਂ ਜੋ ਦੂਜੇ ਵੀ ਇਸ ਤੋਂ ਡਰਨ । ਮੈਂ ਪਰਮੇਸ਼ਰ ਅਤੇ ਮਸੀਹ ਯਿਸੂ ਅਤੇ ਚੁਣੇ ਹੋਏ ਸਵਰਗਦੂਤਾਂ ਨੂੰ ਗਵਾਹ ਮੰਨ ਕੇ ਤੇਰੇ ਅੱਗੇ ਬੜੀ ਗੰਭੀਰਤਾ ਨਾਲ ਬੇਨਤੀ ਕਰਦਾ ਹਾਂ ਕਿ ਬਿਨਾਂ ਪੱਖਪਾਤ ਦੇ ਇਹਨਾਂ ਹਿਦਾਇਤਾਂ ਦੀ ਪਾਲਣਾ ਕਰ ਅਤੇ ਹਰ ਸਮੇਂ ਨਿਰਪੱਖ ਰਹਿ । ਜਲਦਬਾਜ਼ੀ ਵਿੱਚ ਕਿਸੇ ਦੇ ਉੱਤੇ ਹੱਥ ਨਾ ਰੱਖ ਤਾਂ ਜੋ ਤੂੰ ਦੂਜਿਆਂ ਦੇ ਪਾਪਾਂ ਦਾ ਹਿੱਸੇਦਾਰ ਨਾ ਬਣੇ । ਆਪਣੇ ਆਪ ਨੂੰ ਪਵਿੱਤਰ ਰੱਖ । ਹੁਣ ਤੋਂ ਕੇਵਲ ਪਾਣੀ ਹੀ ਨਾ ਪੀ ਸਗੋਂ ਆਪਣੇ ਪੇਟ ਅਤੇ ਬਾਰ ਬਾਰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਥੋੜ੍ਹੀ ਮੈਅ ਵੀ ਲੈ ਲਿਆ ਕਰ । ਕੁਝ ਲੋਕਾਂ ਦੇ ਪਾਪ ਪ੍ਰਗਟ ਹਨ ਅਤੇ ਉਹ ਉਹਨਾਂ ਕਾਰਨ ਹੀ ਦੋਸ਼ੀ ਠਹਿਰਦੇ ਹਨ ਪਰ ਕੁਝ ਹੋਰਨਾਂ ਦੇ ਪਾਪ ਬਾਅਦ ਵਿੱਚ ਪ੍ਰਗਟ ਹੁੰਦੇ ਹਨ । ਇਸੇ ਤਰ੍ਹਾਂ ਭਲੇ ਕੰਮ ਵੀ ਪ੍ਰਗਟ ਹੁੰਦੇ ਹਨ ਭਾਵੇਂ ਉਹ ਭਲੇ ਕੰਮ ਨਾ ਵੀ ਦਿਖਾਈ ਦੇਣ ਪਰ ਉਹ ਲੁਕੇ ਨਹੀਂ ਰਹਿ ਸਕਦੇ । ਉਹ ਸਾਰੇ ਜੋ ਗ਼ੁਲਾਮੀ ਦੇ ਜੂਲੇ ਦੇ ਹੇਠ ਹਨ ਆਪਣੇ ਮਾਲਕਾਂ ਨੂੰ ਹਰ ਤਰ੍ਹਾਂ ਦੇ ਆਦਰ ਦੇ ਯੋਗ ਸਮਝਣ ਤਾਂ ਜੋ ਪਰਮੇਸ਼ਰ ਦੇ ਨਾਮ ਅਤੇ ਸਾਡੀਆਂ ਸਿੱਖਿਆਵਾਂ ਦੀ ਨਿੰਦਾ ਨਾ ਹੋਵੇ । ਇਸੇ ਤਰ੍ਹਾਂ ਉਹ ਗ਼ੁਲਾਮ ਜਿਹਨਾਂ ਦੇ ਮਾਲਕ ਵਿਸ਼ਵਾਸੀ ਹਨ, ਆਪਣੇ ਮਾਲਕਾਂ ਨੂੰ ਆਪਣੇ ਵਿਸ਼ਵਾਸੀ ਭਰਾ ਸਮਝਦੇ ਹੋਏ ਘੱਟ ਆਦਰ ਦੇ ਯੋਗ ਨਾ ਸਮਝਣ ਸਗੋਂ ਉਹ ਉਹਨਾਂ ਦੀ ਸੇਵਾ ਹੋਰ ਵੀ ਜ਼ਿਆਦਾ ਕਰਨ ਕਿਉਂਕਿ ਵਿਸ਼ਵਾਸੀ ਮਾਲਕ ਜਿਹਨਾਂ ਨੂੰ ਇਸ ਸੇਵਾ ਤੋਂ ਲਾਭ ਹੁੰਦਾ ਹੈ ਗ਼ੁਲਾਮ ਉਹਨਾਂ ਨੂੰ ਪਿਆਰ ਕਰਦੇ ਹਨ । ਉਹਨਾਂ ਨੂੰ ਇਹ ਗੱਲਾਂ ਸਿਖਾ ਅਤੇ ਇਹਨਾਂ ਦੀ ਪਾਲਣਾ ਦੇ ਲਈ ਉਤਸ਼ਾਹ ਦੇ । ਜੇਕਰ ਕੋਈ ਮਨੁੱਖ ਇਸ ਤੋਂ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਰੇ ਵਚਨਾਂ ਅਤੇ ਵਿਸ਼ਵਾਸ ਵਾਲੀਆਂ ਸਿੱਖਿਆਵਾਂ ਉੱਤੇ ਨਹੀਂ ਚੱਲਦਾ, ਉਹ ਹੰਕਾਰੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ । ਉਸ ਨੂੰ ਕੇਵਲ ਵਾਦ ਵਿਵਾਦ ਅਤੇ ਸ਼ਬਦੀ ਹੇਰ ਫੇਰ ਕਰਨ ਦੀ ਬੀਮਾਰੀ ਹੈ, ਜਿਸ ਤੋਂ ਕੇਵਲ ਈਰਖਾ, ਝਗੜੇ, ਨਿੰਦਾ, ਬੁਰੇ ਸ਼ੱਕ, ਅਤੇ ਉਹਨਾਂ ਮਨੁੱਖਾਂ ਵਿਚਕਾਰ ਲਗਾਤਾਰ ਝਗੜੇ ਪੈਦਾ ਹੁੰਦੇ ਹਨ । ਜਿਹਨਾਂ ਦੀ ਬੁੱਧ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਜੋ ਸੱਚ ਤੋਂ ਦੂਰ ਜਾ ਚੁੱਕੇ ਹਨ, ਉਹ ਭਗਤੀ ਨੂੰ ਲਾਭ ਦਾ ਸਾਧਨ ਸਮਝਦੇ ਹਨ । ਪਰ ਸੰਤੁਸ਼ਟੀ ਸਹਿਤ ਭਗਤੀ ਵੱਡਾ ਲਾਭ ਹੈ ਕਿਉਂਕਿ ਅਸੀਂ ਇਸ ਸੰਸਾਰ ਦੇ ਵਿੱਚ ਆਪਣੇ ਨਾਲ ਕੁਝ ਨਹੀਂ ਲਿਆਏ ਅਤੇ ਨਾ ਹੀ ਅਸੀਂ ਇੱਥੋਂ ਕੁਝ ਨਾਲ ਲੈ ਜਾਵਾਂਗੇ । ਜੇਕਰ ਸਾਡੇ ਕੋਲ ਭੋਜਨ ਅਤੇ ਵਸਤਰ ਹਨ ਤਾਂ ਅਸੀਂ ਇਹਨਾਂ ਵਿੱਚ ਸੰਤੁਸ਼ਟ ਰਹਾਂਗੇ । ਉਹ ਲੋਕ ਜੋ ਅਮੀਰ ਬਣਨਾ ਚਾਹੁੰਦੇ ਹਨ, ਉਹ ਪਰਤਾਵੇ, ਫੰਦੇ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ਼ ਅਤੇ ਬਰਬਾਦੀ ਵਿੱਚ ਡੋਬ ਦਿੰਦੀਆਂ ਹਨ । ਕਿਉਂਕਿ ਧਨ ਦਾ ਮੋਹ ਹੀ ਸਭ ਤਰ੍ਹਾਂ ਦੀਆਂ ਬੁਰਾਈਆਂ ਦੀ ਜੜ੍ਹ ਹੈ । ਇਸੇ ਦੀ ਲਾਲਸਾ ਰੱਖਦੇ ਹੋਏ ਕਈ ਆਪਣੇ ਵਿਸ਼ਵਾਸ ਤੋਂ ਵੀ ਭਟਕ ਚੁੱਕੇ ਹਨ ਅਤੇ ਉਹਨਾਂ ਨੇ ਆਪਣੇ ਆਪ ਨੂੰ ਕਈ ਤਰ੍ਹਾਂ ਦੇ ਦੁੱਖਾਂ ਨਾਲ ਜ਼ਖ਼ਮੀ ਕਰ ਲਿਆ ਹੈ । ਪਰ ਤੂੰ ਪਰਮੇਸ਼ਰ ਦਾ ਆਦਮੀ ਹੈਂ, ਇਸ ਲਈ ਤੂੰ ਇਹਨਾਂ ਸਭ ਚੀਜ਼ਾਂ ਤੋਂ ਦੂਰ ਰਹਿ । ਤੂੰ ਨੇਕੀ, ਭਗਤੀ, ਵਿਸ਼ਵਾਸ, ਪ੍ਰੇਮ, ਧੀਰਜ ਅਤੇ ਨਿਮਰਤਾ ਦੇ ਪਿੱਛੇ ਲੱਗਾ ਰਹਿ । ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਅਨੰਤ ਜੀਵਨ ਨੂੰ ਫੜ ਕੇ ਰੱਖ । ਇਸੇ ਦੇ ਲਈ ਤੂੰ ਸੱਦਿਆ ਗਿਆ ਹੈਂ ਅਤੇ ਇਸੇ ਦਾ ਇਕਰਾਰ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਕੀਤਾ ਸੀ । ਮੈਂ ਪਰਮੇਸ਼ਰ ਦੇ ਸਾਹਮਣੇ ਜੋ ਸਾਰਿਆਂ ਨੂੰ ਜੀਵਨ ਦਿੰਦੇ ਹਨ ਅਤੇ ਮਸੀਹ ਯਿਸੂ ਦੇ ਸਾਹਮਣੇ ਜਿਹਨਾਂ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਗਵਾਹੀ ਦੇ ਕੇ ਚੰਗਾ ਇਕਰਾਰ ਕੀਤਾ ਸੀ, ਤੈਨੂੰ ਹੁਕਮ ਦਿੰਦਾ ਹਾਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਤੱਕ ਇਹਨਾਂ ਹੁਕਮਾਂ ਦੀ ਪਾਲਣਾ ਬਿਨਾਂ ਦਾਗ਼ ਅਤੇ ਦੋਸ਼ ਦੇ ਕਰ । ਆਪਣੇ ਮਿੱਥੇ ਸਮੇਂ ਤੇ ਪਰਮੇਸ਼ਰ ਜੋ ਧੰਨ ਹਨ ਪ੍ਰਭੂ ਯਿਸੂ ਨੂੰ ਪ੍ਰਗਟ ਕਰਨਗੇ । ਉਹ ਹੀ ਇੱਕ ਹਾਕਮ, ਰਾਜਿਆਂ ਦੇ ਰਾਜਾ ਅਤੇ ਪ੍ਰਭੂਆਂ ਦੇ ਪ੍ਰਭੂ ਹਨ । ਕੇਵਲ ਉਹ ਹੀ ਅਮਰ ਹਨ ਅਤੇ ਉਹ ਅਜਿਹੇ ਚਾਨਣ ਵਿੱਚ ਰਹਿੰਦੇ ਹਨ ਜਿੱਥੇ ਕੋਈ ਨਹੀਂ ਪਹੁੰਚ ਸਕਦਾ, ਜਿਹਨਾਂ ਨੂੰ ਨਾ ਕਦੀ ਕਿਸੇ ਨੇ ਦੇਖਿਆ ਹੈ ਅਤੇ ਨਾ ਹੀ ਕਦੀ ਦੇਖ ਸਕਦਾ ਹੈ । ਉਹਨਾਂ ਦਾ ਆਦਰ ਅਤੇ ਸਮਰੱਥਾ ਅਨੰਤਕਾਲ ਤੱਕ ਹੋਵੇ । ਆਮੀਨ! ਜੋ ਲੋਕ ਇਸ ਸੰਸਾਰ ਵਿੱਚ ਅਮੀਰ ਹਨ, ਉਹਨਾਂ ਨੂੰ ਹੁਕਮ ਦੇ ਕਿ ਉਹ ਹੰਕਾਰ ਨਾ ਕਰਨ । ਉਹ ਆਪਣੀ ਉਮੀਦ ਅਸਥਾਈ ਧਨ ਵਿੱਚ ਨਹੀਂ ਸਗੋਂ ਪਰਮੇਸ਼ਰ ਵਿੱਚ ਰੱਖਣ ਜੋ ਸਾਡੇ ਸੁੱਖ ਦੇ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦੇ ਹਨ । ਉਹਨਾਂ ਨੂੰ ਭਲਾਈ ਕਰਨ ਦੇ ਲਈ ਹੁਕਮ ਦੇ । ਇਹ ਵੀ ਕਿ ਉਹ ਭਲੇ ਕੰਮਾਂ ਦੇ ਵਿੱਚ ਧਨੀ ਹੋਣ, ਖੁੱਲ੍ਹੇ ਦਿਲ ਵਾਲੇ ਹੋਣ ਅਤੇ ਦੂਜਿਆਂ ਦੇ ਨਾਲ ਵੰਡਣ ਦੇ ਲਈ ਤਿਆਰ ਹੋਣ । ਇਸ ਤਰ੍ਹਾਂ ਉਹ ਆਪਣੇ ਲਈ ਖ਼ਜ਼ਾਨਾ ਤਿਆਰ ਕਰਨਗੇ ਜਿਸ ਦੀ ਨੀਂਹ ਅੱਗੇ ਆਉਣ ਵਾਲੇ ਸਮੇਂ ਦੇ ਲਈ ਪੱਕੀ ਹੋਵੇਗੀ । ਤਦ ਉਹ ਉਸ ਜੀਵਨ ਨੂੰ ਪ੍ਰਾਪਤ ਕਰਨਗੇ ਜੋ ਅਸਲ ਵਿੱਚ ਜੀਵਨ ਹੈ । ਤਿਮੋਥਿਉਸ, ਜੋ ਕੁਝ ਤੈਨੂੰ ਸੌਂਪਿਆ ਗਿਆ ਹੈ, ਉਸ ਦੀ ਸੁਰੱਖਿਆ ਕਰ । ਵਿਅਰਥ ਸੰਸਾਰਕ ਬਹਿਸਾਂ ਅਤੇ ਵਿਰੋਧੀ ਵਿਚਾਰਾਂ ਤੋਂ ਦੂਰ ਰਹਿ ਜਿਹਨਾਂ ਨੂੰ ਗ਼ਲਤੀ ਦੇ ਨਾਲ ਗਿਆਨ ਸਮਝਿਆ ਜਾਂਦਾ ਹੈ, ਜਿਸ ਦਾ ਇਕਰਾਰ ਕਰ ਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ । ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਹੋਵੇ । ਪੌਲੂਸ ਦੇ ਵੱਲੋਂ ਜੋ ਜੀਵਨ ਦੇ ਵਾਅਦੇ ਦੇ ਅਨੁਸਾਰ ਜੋ ਮਸੀਹ ਯਿਸੂ ਵਿੱਚ ਹੈ, ਪਰਮੇਸ਼ਰ ਦੀ ਇੱਛਾ ਦੇ ਨਾਲ ਮਸੀਹ ਯਿਸੂ ਦਾ ਰਸੂਲ ਹੈ, ਮੇਰੇ ਪਿਆਰੇ ਪੁੱਤਰ ਤਿਮੋਥਿਉਸ ਨੂੰ, ਪਰਮੇਸ਼ਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੇ ਵੱਲੋਂ ਤੁਹਾਨੂੰ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ! ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਦੀ ਸੇਵਾ ਮੈਂ ਆਪਣੇ ਪੁਰਖਿਆਂ ਦੀ ਤਰ੍ਹਾਂ ਸ਼ੁੱਧ ਅੰਤਹਕਰਨ ਨਾਲ ਕਰਦਾ ਹਾਂ । ਮੈਂ ਤੈਨੂੰ ਦਿਨ ਰਾਤ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਤੇਰੇ ਹੰਝੂਆਂ ਨੂੰ ਯਾਦ ਕਰ ਕੇ, ਮੈਂ ਤੈਨੂੰ ਤਾਂਘ ਨਾਲ ਦੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਖ਼ੁਸ਼ੀ ਨਾਲ ਭਰ ਜਾਵਾਂ । ਮੈਨੂੰ ਤੇਰਾ ਸੱਚਾ ਵਿਸ਼ਵਾਸ ਯਾਦ ਹੈ ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਬਾਅਦ ਵਿੱਚ ਤੇਰੀ ਮਾਂ ਯੂਨੀਕਾ ਵਿੱਚ ਸੀ । ਹੁਣ ਮੇਰਾ ਪੱਕਾ ਭਰੋਸਾ ਹੈ ਕਿ ਇਹ ਵਿਸ਼ਵਾਸ ਤੇਰੇ ਵਿੱਚ ਵੀ ਹੈ । ਇਸੇ ਕਾਰਨ ਮੈਂ ਤੈਨੂੰ ਯਾਦ ਕਰਾ ਰਿਹਾ ਹਾਂ ਕਿ ਤੂੰ ਉਸ ਵਰਦਾਨ ਨੂੰ ਜਿਊਂਦਾ ਰੱਖ ਜੋ ਤੇਰੇ ਸਿਰ ਦੇ ਉੱਤੇ ਮੇਰੇ ਹੱਥ ਰੱਖਣ ਦੇ ਸਮੇਂ ਤੈਨੂੰ ਪਰਮੇਸ਼ਰ ਨੇ ਦਿੱਤਾ ਸੀ । ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰਨ ਦਾ ਨਹੀਂ ਸਗੋਂ ਸਮਰੱਥਾ, ਪਿਆਰ ਅਤੇ ਸੰਜਮ ਦਾ ਆਤਮਾ ਦਿੱਤਾ ਹੈ । ਇਸ ਲਈ ਤੂੰ ਸਾਡੇ ਪ੍ਰਭੂ ਦੇ ਬਾਰੇ ਗਵਾਹੀ ਦੇਣ ਤੋਂ ਸ਼ਰਮਿੰਦਾ ਨਾ ਹੋ ਅਤੇ ਨਾ ਹੀ ਮੇਰੇ ਤੋਂ ਜੋ ਉਹਨਾਂ ਦਾ ਕੈਦੀ ਹਾਂ ਸਗੋਂ ਪਰਮੇਸ਼ਰ ਤੋਂ ਮਿਲੀ ਸਮਰੱਥਾ ਦੁਆਰਾ ਮੇਰੇ ਨਾਲ ਸ਼ੁਭ ਸਮਾਚਾਰ ਦੇ ਲਈ ਦੁੱਖ ਸਹਿ । ਪਰਮੇਸ਼ਰ ਨੇ ਸਾਨੂੰ ਮੁਕਤੀ ਦਿੱਤੀ ਹੈ ਅਤੇ ਪਵਿੱਤਰ ਜੀਵਨ ਬਤੀਤ ਕਰਨ ਦੇ ਲਈ ਸੱਦਿਆ ਹੈ । ਇਹ ਸਾਡੇ ਕੰਮਾਂ ਦੇ ਕਾਰਨ ਨਹੀਂ ਸਗੋਂ ਉਹਨਾਂ ਦੇ ਆਪਣੇ ਉਦੇਸ਼ ਅਤੇ ਕਿਰਪਾ ਦੇ ਕਾਰਨ ਹੈ । ਇਹ ਕਿਰਪਾ ਸਾਨੂੰ ਮਸੀਹ ਯਿਸੂ ਵਿੱਚ ਅਨੰਤ ਕਾਲ ਤੋਂ ਦਿੱਤੀ ਗਈ ਹੈ । ਪਰ ਹੁਣ ਇਹ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪ੍ਰਗਟ ਹੋਣ ਦੇ ਦੁਆਰਾ ਚਾਨਣ ਵਿੱਚ ਲਿਆਂਦੀ ਗਈ ਹੈ । ਉਹਨਾਂ ਨੇ ਮੌਤ ਦਾ ਨਾਸ਼ ਕਰ ਕੇ ਜੀਵਨ ਅਤੇ ਅਮਰਤਾ ਨੂੰ ਸ਼ੁਭ ਸਮਾਚਾਰ ਦੇ ਰਾਹੀਂ ਚਾਨਣ ਵਿੱਚ ਲਿਆਂਦਾ ਹੈ । ਪਰਮੇਸ਼ਰ ਨੇ ਮੈਨੂੰ ਇਸੇ ਸ਼ੁਭ ਸਮਾਚਾਰ ਦਾ ਪ੍ਰਚਾਰਕ, ਰਸੂਲ ਅਤੇ ਸਿੱਖਿਅਕ ਨਿਯੁਕਤ ਕੀਤਾ ਹੈ । ਇਹ ਹੀ ਕਾਰਨ ਹੈ ਕਿ ਮੈਂ ਇਹ ਸਭ ਦੁੱਖ ਝੱਲ ਰਿਹਾ ਹਾਂ । ਪਰ ਮੈਂ ਸ਼ਰਮਿੰਦਾ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਨੂੰ ਚੰਗੀ ਤਰ੍ਹਾਂ ਨਾਲ ਜਾਣਦਾ ਹਾਂ ਜਿਹਨਾਂ ਦੇ ਉੱਤੇ ਮੈਂ ਭਰੋਸਾ ਕੀਤਾ ਹੈ । ਮੇਰਾ ਪੂਰਾ ਭਰੋਸਾ ਹੈ ਕਿ ਜੋ ਕੁਝ ਮੈਨੂੰ ਸੌਂਪਿਆ ਗਿਆ ਹੈ, ਉਹ ਉਸ ਦਿਨ ਦੇ ਆਉਣ ਤੱਕ ਉਸ ਦੀ ਸੁਰੱਖਿਆ ਕਰ ਸਕਦੇ ਹਨ । ਉਹ ਖਰੀਆਂ ਸਿੱਖਿਆਵਾਂ ਜੋ ਮਸੀਹ ਯਿਸੂ ਦੇ ਵਿਸ਼ਵਾਸ ਅਤੇ ਪਿਆਰ ਵਿੱਚ ਹਨ ਜੋ ਤੂੰ ਮੇਰੇ ਕੋਲੋਂ ਸੁਣੀਆਂ ਸਨ ਉਹਨਾਂ ਦੀ ਉਦਾਹਰਨ ਉੱਤੇ ਚੱਲਦਾ ਰਹਿ । ਪਵਿੱਤਰ ਆਤਮਾ ਜੋ ਸਾਡੇ ਵਿੱਚ ਵਾਸ ਕਰਦਾ ਹੈ ਉਸ ਦੇ ਦੁਆਰਾ ਉਹਨਾਂ ਉੱਤਮ ਸਿੱਖਿਆਵਾਂ ਦੀ ਸੁਰੱਖਿਆ ਕਰ ਜੋ ਤੈਨੂੰ ਸੌਂਪੀਆਂ ਗਈਆਂ ਹਨ । ਤੂੰ ਜਾਣਦਾ ਹੀ ਹੈਂ ਕਿ ਏਸ਼ੀਆ ਵਿੱਚ ਹਰ ਕਿਸੇ ਨੇ, ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੇਰਾ ਸਾਥ ਛੱਡ ਦਿੱਤਾ ਹੈ । ਪ੍ਰਭੂ ਉਨੇਸਿਫ਼ੁਰੁਸ ਦੇ ਪਰਿਵਾਰ ਉੱਤੇ ਦਇਆ ਦਿਖਾਉਣ । ਉਸ ਨੇ ਅਕਸਰ ਮੈਨੂੰ ਉਤਸ਼ਾਹ ਦਿੱਤਾ ਹੈ, ਇੱਥੋਂ ਤੱਕ ਕਿ ਉਹ ਮੇਰੇ ਕੈਦ ਵਿੱਚ ਹੋਣ ਦੇ ਕਾਰਨ ਕਿਸੇ ਤਰ੍ਹਾਂ ਵੀ ਸ਼ਰਮਿੰਦਾ ਨਹੀਂ ਹੋਇਆ, ਸਗੋਂ ਜਦੋਂ ਉਹ ਰੋਮ ਵਿੱਚ ਆਇਆ, ਉਹ ਮੈਨੂੰ ਯਤਨ ਕਰ ਕੇ ਲੱਭਦਾ ਰਿਹਾ ਜਦੋਂ ਤੱਕ ਕਿ ਉਸ ਨੇ ਮੈਨੂੰ ਲੱਭ ਨਾ ਲਿਆ । ਤੂੰ ਆਪ ਚੰਗੀ ਨਾਲ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਈ ਤਰ੍ਹਾਂ ਦੀ ਸੇਵਾ ਕੀਤੀ ਹੈ । ਉਸ ਦਿਨ ਦੇ ਲਈ ਪ੍ਰਭੂ ਉਸ ਨੂੰ ਆਪਣੀ ਦਇਆ ਪ੍ਰਦਾਨ ਕਰਨ । ਇਸ ਲਈ, ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੇ ਵਿੱਚ ਮਿਲਣ ਵਾਲੀ ਕਿਰਪਾ ਦੇ ਰਾਹੀਂ ਬਲਵੰਤ ਹੋ । ਜੋ ਸਿੱਖਿਆ ਤੂੰ ਮੇਰੇ ਕੋਲੋਂ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਸੁਣੀ ਹੈ ਉਹ ਭਰੋਸੇਯੋਗ ਆਦਮੀਆਂ ਨੂੰ ਸੌਂਪ ਦੇ ਜੋ ਦੂਜਿਆਂ ਨੂੰ ਸਿੱਖਿਆ ਦੇਣ ਦੀ ਯੋਗਤਾ ਰੱਖਦੇ ਹੋਣ । ਤੂੰ ਮਸੀਹ ਯਿਸੂ ਦੇ ਇੱਕ ਚੰਗੇ ਸਿਪਾਹੀ ਦੀ ਤਰ੍ਹਾਂ ਸਾਡੇ ਨਾਲ ਦੁੱਖ ਸਹਿ । ਉਹ ਸਿਪਾਹੀ ਜੋ ਸੈਨਾ ਦੀ ਸੇਵਾ ਵਿੱਚ ਹੁੰਦਾ ਹੈ ਆਪਣੇ ਆਪ ਨੂੰ ਆਮ ਜੀਵਨ ਦੇ ਕੰਮਾਂ ਵਿੱਚ ਨਹੀਂ ਉਲਝਾਉਂਦਾ ਤਾਂ ਜੋ ਉਹ ਆਪਣੇ ਸੈਨਾਪਤੀ ਨੂੰ ਖ਼ੁਸ਼ ਰੱਖ ਸਕੇ । ਇਸੇ ਤਰ੍ਹਾਂ ਕੋਈ ਵੀ ਖਿਡਾਰੀ ਉਸ ਸਮੇਂ ਤੱਕ ਜਿੱਤ ਦੇ ਇਨਾਮ ਦਾ ਹੱਕਦਾਰ ਨਹੀਂ ਬਣ ਸਕਦਾ ਜਦੋਂ ਤੱਕ ਕਿ ਉਹ ਪੂਰੇ ਨਿਯਮਾਂ ਦੀ ਪਾਲਣਾ ਨਾ ਕਰੇ । ਜੋ ਕਿਸਾਨ ਮਿਹਨਤ ਕਰਦਾ ਹੈ, ਫ਼ਸਲ ਦਾ ਪਹਿਲਾ ਫਲ ਉਸ ਨੂੰ ਹੀ ਮਿਲਣਾ ਚਾਹੀਦਾ ਹੈ । ਜੋ ਕੁਝ ਮੈਂ ਕਹਿ ਰਿਹਾ ਹਾਂ, ਇਸ ਉੱਤੇ ਧਿਆਨ ਦੇ, ਪ੍ਰਭੂ ਆਪ ਤੈਨੂੰ ਇਸ ਦੀ ਪੂਰੀ ਸਮਝ ਦੇਣਗੇ । ਯਿਸੂ ਮਸੀਹ ਨੂੰ ਯਾਦ ਰੱਖ ਜੋ ਮੁਰਦਿਆਂ ਦੇ ਵਿੱਚੋਂ ਜੀਅ ਉੱਠੇ ਅਤੇ ਜੋ ਦਾਊਦ ਦੇ ਵੰਸ ਵਿੱਚੋਂ ਸਨ । ਮੈਂ ਇਸ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ । ਇਸੇ ਦੇ ਲਈ ਮੈਂ ਇੱਕ ਅਪਰਾਧੀ ਦੀ ਤਰ੍ਹਾਂ ਦੁੱਖ ਸਹਿ ਰਿਹਾ ਹਾਂ, ਇੱਥੋਂ ਤੱਕ ਕਿ ਕੈਦ ਵਿੱਚ ਹਾਂ । ਪਰ ਪਰਮੇਸ਼ਰ ਦਾ ਵਚਨ ਕੈਦ ਵਿੱਚ ਨਹੀਂ ਹੈ । ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੀ ਖ਼ਾਤਰ ਮੈਂ ਹਰ ਤਰ੍ਹਾਂ ਦਾ ਦੁੱਖ ਸਹਿ ਸਕਦਾ ਹਾਂ ਤਾਂ ਜੋ ਉਹ ਵੀ ਉਸ ਮਹਿਮਾ ਵਾਲੀ ਅਤੇ ਅਨੰਤਕਾਲ ਤੱਕ ਰਹਿਣ ਵਾਲੀ ਮੁਕਤੀ ਨੂੰ ਜੋ ਮਸੀਹ ਯਿਸੂ ਵਿੱਚ ਮਿਲਦੀ ਹੈ ਪ੍ਰਾਪਤ ਕਰਨ । ਇਹ ਭਰੋਸੇਯੋਗ ਵਚਨ ਹੈ: “ਜੇਕਰ ਅਸੀਂ ਮਸੀਹ ਦੇ ਨਾਲ ਮਰੇ, ਤਾਂ ਅਸੀਂ ਉਹਨਾਂ ਦੇ ਨਾਲ ਜੀਵਾਂਗੇ ਵੀ । ਜੇਕਰ ਅਸੀਂ ਦੁੱਖ ਸਹਿੰਦੇ ਹਾਂ, ਤਾਂ ਅਸੀਂ ਉਹਨਾਂ ਦੇ ਨਾਲ ਰਾਜ ਵੀ ਕਰਾਂਗੇ । ਜੇਕਰ ਅਸੀਂ ਉਹਨਾਂ ਦਾ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਡਾ ਇਨਕਾਰ ਕਰਨਗੇ । ਜੇਕਰ ਅਸੀਂ ਅਵਿਸ਼ਵਾਸੀ ਹੋਈਏ, ਤਾਂ ਵੀ ਉਹ ਵਿਸ਼ਵਾਸਯੋਗ ਹਨ । ਕਿਉਂਕਿ ਉਹ ਆਪ ਹੀ ਆਪਣਾ ਇਨਕਾਰ ਨਹੀਂ ਕਰ ਸਕਦੇ ।” ਆਪਣੇ ਲੋਕਾਂ ਨੂੰ ਇਹ ਯਾਦ ਕਰਵਾਉਂਦਾ ਰਹਿ ਅਤੇ ਗੰਭੀਰਤਾ ਨਾਲ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਵਿੱਚ ਚਿਤਾਵਨੀ ਦਿੰਦਾ ਰਹਿ ਕਿ ਉਹ ਸ਼ਬਦੀ ਝਗੜਿਆਂ ਤੋਂ ਦੂਰ ਰਹਿਣ । ਇਹਨਾਂ ਤੋਂ ਕੋਈ ਲਾਭ ਨਹੀਂ ਹੁੰਦਾ, ਸਿਵਾਏ ਇਸ ਦੇ ਕਿ ਸੁਣਨ ਵਾਲਿਆਂ ਦਾ ਨਾਸ਼ ਹੁੰਦਾ ਹੈ । ਆਪਣੇ ਆਪ ਨੂੰ ਪਰਮੇਸ਼ਰ ਦੇ ਸਾਹਮਣੇ ਪਰਵਾਨ ਕੀਤੇ ਹੋਏ ਕਾਮੇ ਦੀ ਤਰ੍ਹਾਂ ਪੇਸ਼ ਕਰ ਜਿਸ ਨੂੰ ਕਦੀ ਵੀ ਸ਼ਰਮਿੰਦਾ ਨਹੀਂ ਹੋਣਾ ਪੈਂਦਾ, ਅਤੇ ਜੋ ਸੱਚ ਦਾ ਠੀਕ ਸੰਦੇਸ਼ ਦਿੰਦਾ ਹੈ ਤੂੰ ਅਪਵਿੱਤਰ ਅਤੇ ਮੂਰਖਤਾ ਵਾਲੀਆਂ ਬਹਿਸਾਂ ਕਰਨ ਵਾਲੇ ਲੋਕਾਂ ਤੋਂ ਦੂਰ ਰਹਿ । ਜੋ ਇਹਨਾਂ ਵਿੱਚ ਹਿੱਸਾ ਲੈਂਦੇ ਹਨ, ਉਹ ਪਰਮੇਸ਼ਰ ਤੋਂ ਦੂਰ ਹੁੰਦੇ ਜਾਂਦੇ ਹਨ । ਉਹਨਾਂ ਦੀਆਂ ਸਿੱਖਿਆਵਾਂ ਸੜੇ ਹੋਏ ਜ਼ਖਮ ਵਾਂਗ ਫੈਲਦੀਆਂ ਹਨ । ਅਜਿਹੇ ਲੋਕਾਂ ਵਿੱਚ ਹਮਿਨਾਯੁਸ ਅਤੇ ਫ਼ਿਲੇਤੁਸ ਹਨ । ਉਹ ਸੱਚ ਤੋਂ ਦੂਰ ਜਾ ਚੁੱਕੇ ਹਨ । ਉਹ ਦਾਅਵਾ ਕਰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਹ ਕਈ ਲੋਕਾਂ ਦੇ ਵਿਸ਼ਵਾਸ ਨੂੰ ਵਿਗਾੜ ਰਹੇ ਹਨ । ਪਰ ਪਰਮੇਸ਼ਰ ਨੇ ਜੋ ਨੀਂਹ ਰੱਖੀ ਹੈ ਉਹ ਹਮੇਸ਼ਾ ਦੇ ਲਈ ਅਟੱਲ ਹੈ । ਇਸ ਦੇ ਉੱਤੇ ਇਹ ਸ਼ਬਦ ਉੱਕਰੇ ਹੋਏ ਹਨ, “ਪ੍ਰਭੂ ਆਪਣਿਆਂ ਨੂੰ ਜਾਣਦੇ ਹਨ,” ਅਤੇ “ਜੋ ਕੋਈ ਪ੍ਰਭੂ ਦਾ ਨਾਮ ਲੈਂਦਾ ਹੈ ਉਹ ਬੁਰਾਈ ਵੱਲੋਂ ਆਪਣਾ ਮੂੰਹ ਮੋੜੇ ।” ਇੱਕ ਵੱਡੇ ਘਰ ਵਿੱਚ ਕੇਵਲ ਸੋਨੇ ਅਤੇ ਚਾਂਦੀ ਦੇ ਹੀ ਬਰਤਨ ਨਹੀਂ ਹੁੰਦੇ ਸਗੋਂ ਲੱਕੜੀ ਅਤੇ ਮਿੱਟੀ ਦੇ ਵੀ ਹੁੰਦੇ ਹਨ । ਕੁਝ ਖ਼ਾਸ ਮੌਕਿਆਂ ਦੇ ਲਈ ਅਤੇ ਕੁਝ ਆਮ ਵਰਤੋਂ ਦੇ ਲਈ ਹੁੰਦੇ ਹਨ । ਜੋ ਕੋਈ ਆਪਣੇ ਆਪ ਨੂੰ ਉਹਨਾਂ ਸਾਰੀਆਂ ਬੁਰਾਈਆਂ ਤੋਂ ਸ਼ੁੱਧ ਕਰਦਾ ਹੈ, ਉਹ ਖ਼ਾਸ ਉਦੇਸ਼ਾਂ ਦੇ ਲਈ ਵਰਤਿਆ ਜਾਵੇਗਾ ਕਿਉਂਕਿ ਉਹ ਪਰਮੇਸ਼ਰ ਦੇ ਲਈ ਅਰਪਿਤ ਕੀਤਾ ਹੋਇਆ ਅਤੇ ਲਾਭਦਾਇਕ ਹੋਵੇਗਾ ਅਤੇ ਹਰ ਭਲੇ ਕੰਮ ਦੇ ਲਈ ਤਿਆਰ ਹੋਵੇਗਾ । ਜਵਾਨੀ ਦੀਆਂ ਵਾਸ਼ਨਾਵਾਂ ਤੋਂ ਦੂਰ ਭੱਜ ਅਤੇ ਨੇਕੀ, ਵਿਸ਼ਵਾਸ ਪਿਆਰ ਅਤੇ ਸ਼ਾਂਤੀ ਦੀ ਖੋਜ ਕਰ ਅਤੇ ਉਹਨਾਂ ਦੀ ਸੰਗਤ ਵਿੱਚ ਰਹਿ ਜਿਹੜੇ ਸੱਚੇ ਦਿਲ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ । ਪਰ ਮੂਰਖਤਾ ਅਤੇ ਅਗਿਆਨ ਵਾਲੀਆਂ ਬਹਿਸਾਂ ਤੋਂ ਦੂਰ ਰਹਿ ਕਿਉਂਕਿ ਤੂੰ ਜਾਣਦਾ ਹੈਂ ਕਿ ਇਹਨਾਂ ਦਾ ਅੰਤ ਝਗੜਿਆਂ ਵਿੱਚ ਹੁੰਦਾ ਹੈ । ਪ੍ਰਭੂ ਦੇ ਦਾਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਹਰ ਕਿਸੇ ਦੇ ਨਾਲ ਦਿਆਲੂ, ਸਹਿਨਸ਼ੀਲ, ਚੰਗਾ ਸਿੱਖਿਅਕ ਅਤੇ ਆਪਣੇ ਵਿਰੋਧੀਆਂ ਨੂੰ ਤਾੜਨਾ ਕਰਨ ਵਿੱਚ ਨਮ੍ਰ ਹੋਣਾ ਚਾਹੀਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਪਰਮੇਸ਼ਰ ਉਹਨਾਂ ਨੂੰ ਤੋਬਾ ਕਰਨ ਦਾ ਮੌਕਾ ਦੇਣ ਕਿ ਉਹ ਸੱਚ ਨੂੰ ਜਾਨਣ, ਅਤੇ ਉਹ ਹੋਸ਼ ਵਿੱਚ ਆਉਣ ਅਤੇ ਸ਼ੈਤਾਨ ਦੇ ਜਾਲ ਵਿੱਚੋਂ ਬਚ ਜਾਣ ਜਿਸ ਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਕੈਦੀ ਬਣਾਇਆ ਹੋਇਆ ਹੈ । ਇਹ ਯਾਦ ਰੱਖ ਕਿ ਅੰਤਮ ਸਮੇਂ ਵਿੱਚ ਸੰਕਟ ਭਰੇ ਦਿਨ ਆਉਣਗੇ । ਲੋਕ ਸਵਾਰਥੀ, ਲਾਲਚੀ, ਘਮੰਡੀ, ਨਿੰਦਕ, ਮਾਤਾ-ਪਿਤਾ ਦੀ ਆਗਿਆ ਨਾ ਮੰਨਣ ਵਾਲੇ, ਨਾਸ਼ੁਕਰੇ ਅਤੇ ਅਪਵਿੱਤਰ ਹੋਣਗੇ । ਉਹ ਪ੍ਰੇਮ ਰਹਿਤ, ਮਾਫ਼ ਨਾ ਕਰਨ ਵਾਲੇ, ਦੋਸ਼ ਲਾਉਣ ਵਾਲੇ, ਅਸੰਜਮੀ, ਹਿੰਸਕ ਅਤੇ ਭਲਾਈ ਦੇ ਵੈਰੀ ਹੋਣਗੇ । ਉਹ ਵਿਸ਼ਵਾਸਘਾਤੀ, ਜਲਦਬਾਜ਼, ਘਮੰਡੀ ਅਤੇ ਉਹ ਪਰਮੇਸ਼ਰ ਦੀ ਥਾਂ ਸੰਸਾਰਕ ਭੋਗ ਵਿਲਾਸ ਨੂੰ ਪਿਆਰ ਕਰਨਗੇ । ਉਹ ਬਾਹਰੀ ਤੌਰ ਤੇ ਭਗਤੀ ਦਾ ਦਿਖਾਵਾ ਤਾਂ ਕਰਨਗੇ ਪਰ ਉਸ ਦੀ ਅਸਲ ਸਮਰਥਾ ਨੂੰ ਰੱਦ ਦੇਣਗੇ । ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ । ਉਹਨਾਂ ਵਿੱਚ ਕੁਝ ਅਜਿਹੇ ਵੀ ਹਨ ਜੋ ਬਹਾਨੇ ਨਾਲ ਘਰਾਂ ਵਿੱਚ ਜਾ ਕੇ ਕਮਜ਼ੋਰ ਔਰਤਾਂ ਨੂੰ ਕਾਬੂ ਕਰ ਲੈਂਦੇ ਹਨ ਜੋ ਆਪਣੇ ਪਿਛਲੇ ਪਾਪਾਂ ਦੇ ਭਾਰ ਦੇ ਹੇਠਾਂ ਦੱਬੀਆਂ ਹੁੰਦੀਆਂ ਹਨ ਅਤੇ ਹਰ ਤਰ੍ਹਾਂ ਦੀਆਂ ਕਾਮ ਵਾਸ਼ਨਾਵਾਂ ਦੇ ਵੱਸ ਵਿੱਚ ਹਨ । ਉਹ ਹਮੇਸ਼ਾ ਸਿੱਖਿਆ ਤਾਂ ਲੈਂਦੀਆਂ ਹਨ, ਪਰ ਸੱਚ ਨੂੰ ਨਹੀਂ ਪਛਾਣਦੀਆਂ । ਜਿਸ ਤਰ੍ਹਾਂ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਸੀ, ਉਸੇ ਤਰ੍ਹਾਂ ਇਹ ਲੋਕ ਸੱਚ ਦਾ ਵਿਰੋਧ ਕਰਦੇ ਹਨ । ਉਹਨਾਂ ਦੇ ਮਨ ਭਰਸ਼ਟ ਹੋ ਚੁੱਕੇ ਹਨ ਅਤੇ ਵਿਸ਼ਵਾਸ ਵਿੱਚ ਅਸਫਲ ਹੋ ਚੁੱਕੇ ਹਨ । ਪਰ ਉਹ ਅੱਗੇ ਨਹੀਂ ਵੱਧਣਗੇ ਕਿਉਂਕਿ ਹਰ ਕਿਸੇ ਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਮੂਰਖ ਹਨ । ਇਹ ਹੀ ਹਾਲ ਯੰਨੇਸ ਅਤੇ ਯੰਬਰੇਸ ਦਾ ਵੀ ਹੋਇਆ ਸੀ । ਪਰ ਤੂੰ ਮੇਰੀਆਂ ਸਿੱਖਿਆਵਾਂ, ਮੇਰੇ ਚਾਲ-ਚਲਨ, ਮੇਰੇ ਜੀਵਨ ਦੇ ਉਦੇਸ਼, ਮੇਰੇ ਵਿਸ਼ਵਾਸ, ਸਬਰ, ਪਿਆਰ, ਧੀਰਜ ਦੀ ਪਾਲਣਾ ਕੀਤੀ ਹੈ, ਅਤੇ ਮੇਰੇ ਉੱਤੇ ਹੋਏ ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਾਣਦਾ ਹੈਂ । ਅਤੇ ਉਹਨਾਂ ਸਾਰੇ ਅੱਤਿਆਚਾਰਾਂ ਬਾਰੇ ਵੀ ਜਾਣਦਾ ਹੈਂ ਜੋ ਮੇਰੇ ਨਾਲ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਹੋਏ ਸਨ । ਪਰ ਪ੍ਰਭੂ ਨੇ ਆਪ ਮੈਨੂੰ ਇਹਨਾਂ ਸਾਰਿਆਂ ਤੋਂ ਛੁਟਕਾਰਾ ਦਿੱਤਾ । ਅਸਲ ਵਿੱਚ ਉਹ ਸਭ ਜੋ ਮਸੀਹ ਵਿੱਚ ਰਹਿ ਕੇ ਪਵਿੱਤਰ ਜੀਵਨ ਗੁਜ਼ਾਰਨਾ ਚਾਹੁੰਦੇ ਹਨ, ਉਹਨਾਂ ਉੱਤੇ ਅੱਤਿਆਚਾਰ ਹੋਣਗੇ । ਪਰ ਦੁਸ਼ਟ ਅਤੇ ਧੋਖੇਬਾਜ਼ ਮਨੁੱਖ ਹੋਰ ਵੀ ਬੁਰੇ ਹੁੰਦੇ ਜਾਣਗੇ । ਉਹ ਦੂਜਿਆਂ ਨੂੰ ਧੋਖਾ ਦੇਣਗੇ ਅਤੇ ਆਪ ਵੀ ਧੋਖਾ ਖਾਣਗੇ । ਪਰ ਜਿੱਥੋਂ ਤੱਕ ਤੇਰਾ ਸੰਬੰਧ ਹੈ, ਜੋ ਸਿੱਖਿਆ ਤੈਨੂੰ ਮਿਲੀ ਹੈ ਅਤੇ ਜਿਸ ਉੱਤੇ ਤੂੰ ਵਿਸ਼ਵਾਸ ਕੀਤਾ ਹੈ, ਉਸ ਦੀ ਪਾਲਣਾ ਕਰਦਾ ਰਹਿ ਕਿਉਂਕਿ ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਤੇਰੇ ਸਿੱਖਿਅਕ ਕੌਣ ਹਨ, ਅਤੇ ਤੂੰ ਬਚਪਨ ਤੋਂ ਹੀ ਪਵਿੱਤਰ-ਗ੍ਰੰਥ ਨੂੰ ਜਾਣਦਾ ਹੈਂ ਜੋ ਤੈਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਕਰ ਕੇ ਮੁਕਤੀ ਦੇ ਲਈ ਬੁੱਧੀਮਾਨ ਬਣਾ ਸਕਦਾ ਹੈ । ਸਾਰਾ ਪਵਿੱਤਰ-ਗ੍ਰੰਥ ਪਰਮੇਸ਼ਰ ਦੀ ਪ੍ਰੇਰਨਾ ਦੇ ਦੁਆਰਾ ਰਚਿਆ ਗਿਆ ਹੈ ਅਤੇ ਉਹ ਸਿਖਾਉਣ, ਤਾੜਨਾ, ਸੁਧਾਰਣ ਅਤੇ ਨੇਕੀ ਦੀ ਸਿੱਖਿਆ ਦੇ ਲਈ ਲਾਭਦਾਇਕ ਹੈ ਤਾਂ ਜੋ ਪਰਮੇਸ਼ਰ ਦਾ ਸੇਵਕ ਹਰ ਭਲਾ ਕੰਮ ਕਰਨ ਦੀ ਯੋਗਤਾ ਰੱਖੇ । ਪਰਮੇਸ਼ਰ ਅਤੇ ਮਸੀਹ ਯਿਸੂ ਨੂੰ ਹਾਜ਼ਰ ਜਾਣ ਕੇ ਜੋ ਸਭ ਜਿਊਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨਗੇ ਅਤੇ ਜੋ ਰਾਜਾ ਦੇ ਰੂਪ ਵਿੱਚ ਰਾਜ ਕਰਨ ਦੇ ਲਈ ਆਉਣਗੇ, ਮੈਂ ਤੈਨੂੰ ਇਹ ਤਾਕੀਦ ਕਰਦਾ ਹਾਂ ਕਿ ਵਚਨ ਦਾ ਪ੍ਰਚਾਰ ਕਰ, ਭਾਵੇਂ ਸਮਾਂ ਸੌਖਾ ਹੋਵੇ ਜਾਂ ਔਖਾ ਇਸ ਦੇ ਲਈ ਤਿਆਰ ਰਹਿ, ਤਾੜਨਾ ਕਰ, ਸੁਧਾਰ ਕਰ, ਉਤਸ਼ਾਹ ਦੇ ਅਤੇ ਧੀਰਜ ਦੇ ਨਾਲ ਸਿੱਖਿਆ ਦੇ । ਇੱਕ ਉਹ ਵੀ ਸਮਾਂ ਆਵੇਗਾ ਜਦੋਂ ਲੋਕ ਖਰੀਆਂ ਸਿੱਖਿਆਵਾਂ ਨੂੰ ਸੁਣਨਾ ਪਸੰਦ ਨਹੀਂ ਕਰਨਗੇ । ਪਰ ਉਹ ਆਪਣੀਆਂ ਇੱਛਾਵਾਂ ਦੀ ਪੂਰਤੀ ਦੇ ਲਈ ਬਹੁਤ ਸਾਰੇ ਇਹੋ ਜਿਹੇ ਸਿੱਖਿਅਕ ਇਕੱਠੇ ਕਰ ਲੈਣਗੇ ਜੋ ਕੇਵਲ ਉਹਨਾਂ ਦੀ ਪਸੰਦ ਦੀ ਹੀ ਸਿੱਖਿਆ ਦੇਣ । ਉਹ ਆਪਣੇ ਕੰਨ ਸੱਚ ਨੂੰ ਸੁਣਨ ਦੇ ਲਈ ਬੰਦ ਕਰ ਲੈਣਗੇ ਅਤੇ ਮਨਘੜਤ ਕਥਾਵਾਂ ਵੱਲ ਲਾਉਣਗੇ । ਪਰ ਹਰ ਹਾਲਤ ਵਿੱਚ ਤੂੰ ਆਪਣੇ ਆਪ ਉੱਤੇ ਕਾਬੂ ਰੱਖ, ਦੁੱਖ ਸਹਿ, ਸ਼ੁਭ ਸਮਾਚਾਰ ਦਾ ਪ੍ਰਚਾਰ ਕਰ ਅਤੇ ਆਪਣੀ ਸੇਵਕਾਈ ਦੇ ਸਾਰੇ ਕੰਮ ਨੂੰ ਪੂਰਾ ਕਰ । ਕਿਉਂਕਿ ਮੇਰੇ ਬਲੀਦਾਨ ਹੋਣ ਦਾ ਸਮਾਂ ਆ ਗਿਆ ਹੈ ਅਤੇ ਮੇਰੇ ਜੀਵਨ ਦਾ ਅੰਤ ਹੋਣ ਹੀ ਵਾਲਾ ਹੈ । ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਆਪਣੀ ਦੌੜ ਪੂਰੀ ਕਰ ਲਈ ਹੈ ਅਤੇ ਮੈਂ ਆਪਣੇ ਵਿਸ਼ਵਾਸ ਨੂੰ ਸੁਰੱਖਿਅਤ ਰੱਖਿਆ ਹੈ । ਹੁਣ ਮੇਰੇ ਲਈ ਭਵਿੱਖ ਵਿੱਚ ਮਿਲਣ ਵਾਲਾ ਨੇਕੀ ਦਾ ਮੁਕਟ ਰੱਖਿਆ ਹੋਇਆ ਹੈ ਜੋ ਮੈਨੂੰ ਨੇਕ ਨਿਆਂਕਾਰ ਪ੍ਰਭੂ, ਉਸ ਦਿਨ ਦੇਣਗੇ ਅਤੇ ਇਹ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਾਰਿਆਂ ਨੂੰ ਮਿਲੇਗਾ ਜਿਹੜੇ ਪੂਰੀ ਸ਼ਰਧਾ ਦੇ ਨਾਲ ਉਹਨਾਂ ਦੇ ਦੁਬਾਰਾ ਆਉਣ ਦੀ ਉਡੀਕ ਵਿੱਚ ਹਨ । ਮੇਰੇ ਕੋਲ ਛੇਤੀ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ । ਕਿਉਂਕਿ ਦੇਮਾਸ ਸੰਸਾਰ ਨੂੰ ਪਿਆਰ ਕਰਦਾ ਹੈ ਉਹ ਮੈਨੂੰ ਛੱਡ ਕੇ ਥੱਸਲੁਨੀਕਾ ਨੂੰ ਚਲਾ ਗਿਆ ਹੈ । ਕਰੇਸਕੇਸ ਗਲਾਤਿਯਾ ਨੂੰ ਚਲਾ ਗਿਆ ਹੈ ਅਤੇ ਤੀਤੁਸ ਦਲਮਾਤਿਯਾ ਨੂੰ ਚਲਾ ਗਿਆ ਹੈ । ਹੁਣ ਕੇਵਲ ਲੂਕਾ ਹੀ ਮੇਰੇ ਕੋਲ ਰਹਿ ਗਿਆ ਹੈ । ਮਰਕੁਸ ਨੂੰ ਵੀ ਆਪਣੇ ਨਾਲ ਲੈ ਕੇ ਆਵੀਂ ਕਿਉਂਕਿ ਉਹ ਸੇਵਕਾਈ ਵਿੱਚ ਮੇਰੇ ਲਈ ਬਹੁਤ ਲਾਭਦਾਇਕ ਹੈ । ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜ ਦਿੱਤਾ ਹੈ । ਜਦੋਂ ਤੂੰ ਆਵੇਂ, ਮੇਰਾ ਚੋਗਾ ਜੋ ਮੈਂ ਕਾਰਪੁਸ ਕੋਲ ਤ੍ਰੋਆਸ ਵਿੱਚ ਛੱਡ ਆਇਆ ਸੀ ਨਾਲ ਲੈ ਕੇ ਆਵੀਂ ਅਤੇ ਪੁਸਤਕਾਂ ਵੀ ਖ਼ਾਸ ਕਰ ਕੇ ਉਹ ਜੋ ਚਰਮ-ਪੱਤਰ ਉੱਤੇ ਲਿਖੀਆਂ ਹਨ । ਸਿਕੰਦਰ ਨੇ ਜੋ ਇੱਕ ਠਠੇਰਾ ਹੈ ਮੇਰਾ ਬਹੁਤ ਨੁਕਸਾਨ ਕੀਤਾ ਹੈ । ਪ੍ਰਭੂ ਉਸ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਦੇਣਗੇ । ਤੂੰ ਵੀ ਉਸ ਤੋਂ ਸਾਵਧਾਨ ਰਹੀਂ ਕਿਉਂਕਿ ਉਸ ਨੇ ਸਾਡੀ ਸਿੱਖਿਆ ਦਾ ਬਹੁਤ ਵਿਰੋਧ ਕੀਤਾ ਹੈ । ਮੇਰੇ ਮੁਕੱਦਮੇ ਦੀ ਪਹਿਲੀ ਸੁਣਵਾਈ ਦੇ ਸਮੇਂ ਕੋਈ ਵੀ ਮੇਰੀ ਮਦਦ ਕਰਨ ਦੇ ਲਈ ਨਾ ਆਇਆ ਸਗੋਂ ਸਾਰਿਆਂ ਨੇ ਮੈਨੂੰ ਤਿਆਗ ਦਿੱਤਾ ਹੈ । ਕਿਤੇ ਪਰਮੇਸ਼ਰ ਇਸ ਦੇ ਲਈ ਉਹਨਾਂ ਨੂੰ ਦੋਸ਼ੀ ਨਾ ਠਹਿਰਾਉਣ! ਪਰ ਪ੍ਰਭੂ ਨੇ ਮੈਨੂੰ ਸਹਾਰਾ ਦਿੱਤਾ ਅਤੇ ਮੈਨੂੰ ਬਲ ਦਿੱਤਾ ਕਿ ਮੈਂ ਸਾਰੀਆਂ ਪਰਾਈਆਂ ਕੌਮਾਂ ਦੇ ਸਾਹਮਣੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਾਂ, ਜਿਸ ਨੂੰ ਉਹ ਸੁਣ ਲੈਣ । ਅਤੇ ਸ਼ੇਰ ਦੇ ਮੂੰਹ ਵਿੱਚੋਂ ਮੇਰਾ ਬਚਾਅ ਹੋਇਆ । ਪ੍ਰਭੂ ਮੇਰਾ ਹਰ ਤਰ੍ਹਾਂ ਦੇ ਦੁਸ਼ਟ ਕੰਮ ਤੋਂ ਬਚਾਅ ਕਰਨਗੇ ਅਤੇ ਮੈਨੂੰ ਸਵਰਗੀ ਰਾਜ ਵਿੱਚ ਸੁਰੱਖਿਅਤ ਲੈ ਜਾਣਗੇ । ਉਹਨਾਂ ਦੀ ਮਹਿਮਾ ਅਨੰਤਕਾਲ ਤੱਕ ਹੋਵੇ । ਆਮੀਨ! ਪ੍ਰਿਸਕਿੱਲਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰਾ ਨਮਸਕਾਰ ਕਹਿਣਾ । ਅਰਾਸਤੁਸ ਕੁਰਿੰਥੁਸ ਵਿੱਚ ਹੀ ਰਹਿ ਗਿਆ ਹੈ ਅਤੇ ਤ੍ਰੋਫ਼ਿਮੁਸ ਨੂੰ ਉਸ ਦੀ ਬਿਮਾਰੀ ਦੇ ਕਾਰਨ, ਮੈਂ ਮਿਲੇਤੁਸ ਵਿੱਚ ਹੀ ਛੱਡ ਆਇਆ ਹਾਂ । ਇਸ ਲਈ ਤੂੰ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਉਣ ਦੀ ਕੋਸ਼ਿਸ਼ ਕਰਨਾ । ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਇੱਥੇ ਦੇ ਸਭ ਭਰਾ ਤੈਨੂੰ ਨਮਸਕਾਰ ਕਹਿੰਦੇ ਹਨ । ਪ੍ਰਭੂ ਤੇਰੀ ਆਤਮਾ ਦੇ ਨਾਲ ਰਹਿਣ । ਤੁਹਾਡੇ ਸਾਰਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ । ਪੌਲੂਸ ਦੇ ਵੱਲੋਂ ਜੋ ਪਰਮੇਸ਼ਰ ਦਾ ਦਾਸ ਅਤੇ ਯਿਸੂ ਮਸੀਹ ਦਾ ਰਸੂਲ ਹੈ । ਮੈਨੂੰ ਪਰਮੇਸ਼ਰ ਦੇ ਚੁਣੇ ਹੋਏ ਲੋਕਾਂ ਦੇ ਵਿਸ਼ਵਾਸ ਦੀ ਉਸਾਰੀ ਕਰਨ ਅਤੇ ਸੱਚ ਦੇ ਗਿਆਨ ਨੂੰ ਪਰਮੇਸ਼ਰ ਦੀ ਭਗਤੀ ਦੇ ਅਨੁਸਾਰ ਉਹਨਾਂ ਉੱਤੇ ਪ੍ਰਗਟ ਕਰਨ ਦੇ ਲਈ ਭੇਜਿਆ ਗਿਆ ਹੈ ਜਿਸ ਦਾ ਆਧਾਰ ਅਨੰਤ ਕਾਲ ਤੱਕ ਰਹਿਣ ਵਾਲੀ ਉਮੀਦ ਹੈ । ਇਸੇ ਦਾ ਵਾਅਦਾ ਪਰਮੇਸ਼ਰ ਨੇ ਆਰੰਭ ਤੋਂ ਕੀਤਾ ਸੀ ਅਤੇ ਉਹ ਆਪਣੇ ਵਚਨ ਨੂੰ ਪੂਰਾ ਕਰਨ ਵਿੱਚ ਭਰੋਸੇਯੋਗ ਹਨ । ਸਾਡੇ ਮੁਕਤੀਦਾਤਾ ਪਰਮੇਸ਼ਰ ਨੇ ਆਪਣੇ ਮਿੱਥੇ ਸਮੇਂ ਤੇ ਆਪਣੇ ਵਚਨ ਨੂੰ ਪ੍ਰਗਟ ਕੀਤਾ ਹੈ । ਉਹਨਾਂ ਨੇ ਮੈਨੂੰ ਆਪਣੇ ਪ੍ਰਚਾਰ ਦੀ ਸੇਵਾ ਦਾ ਹੁਕਮ ਦਿੱਤਾ ਹੈ । ਤੀਤੁਸ ਨੂੰ, ਜੋ ਸਾਡੇ ਸਾਂਝੇ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ! ਮੇਰਾ ਤੈਨੂੰ ਕਰੇਤ ਵਿੱਚ ਪਿੱਛੇ ਛੱਡਣ ਦਾ ਉਦੇਸ਼ ਇਹ ਸੀ ਕਿ ਜੋ ਕੰਮ ਬਾਕੀ ਰਹਿ ਗਿਆ ਹੈ, ਤੂੰ ਉਸ ਨੂੰ ਪੂਰਾ ਕਰੇਂ ਅਤੇ ਹਰ ਨਗਰ ਵਿੱਚ ਬਜ਼ੁਰਗ ਆਗੂਆਂ ਨੂੰ ਨਿਯੁਕਤ ਕਰੇਂ ਅਤੇ ਮੇਰੀਆਂ ਹਿਦਾਇਤਾਂ ਨੂੰ ਯਾਦ ਰੱਖੀਂ । ਬਜ਼ੁਰਗ ਆਗੂ ਨਿਰਦੋਸ਼ ਹੋਣਾ ਚਾਹੀਦਾ ਹੈ । ਉਹ ਆਪਣੀ ਪਤਨੀ ਦੇ ਨਾਲ ਵਫ਼ਾਦਾਰ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ ਜੋ ਬੁਰੇ ਆਚਰਨ ਤੋਂ ਰਹਿਤ ਅਤੇ ਆਗਿਆਕਾਰੀ ਹੋਣ । ਕਿਉਂਕਿ ਕਲੀਸਿਯਾ ਦਾ ਨਿਗਾਹਬਾਨ ਜੋ ਪਰਮੇਸ਼ਰ ਦੇ ਕੰਮ ਦੇ ਲਈ ਜ਼ਿੰਮੇਵਾਰ ਹੈ, ਉਹ ਨਿਰਦੋਸ਼ ਹੋਵੇ । ਉਹ ਹੰਕਾਰੀ ਨਾ ਹੋਵੇ, ਨਾ ਹੀ ਜਲਦੀ ਗੁੱਸੇ ਵਿੱਚ ਆਉਣ ਵਾਲਾ, ਨਾ ਹੀ ਮੈਅ ਪੀਣ ਦਾ ਆਦੀ, ਨਾ ਹੀ ਹਿੰਸਕ ਅਤੇ ਨਾ ਹੀ ਧਨ ਦਾ ਲਾਲਚੀ ਹੋਵੇ । ਸਗੋਂ ਉਹ ਪਰਾਹੁਣਚਾਰੀ, ਭਲਾਈ ਦਾ ਪ੍ਰੇਮੀ, ਆਤਮ-ਸੰਜਮੀ, ਨੇਕ, ਪਵਿੱਤਰ ਅਤੇ ਆਪਣੇ ਆਪ ਨੂੰ ਅਨੁਸ਼ਾਸਨ ਵਿੱਚ ਰੱਖਣ ਵਾਲਾ ਹੋਵੇ । ਉਸ ਨੂੰ ਭਰੋਸੇਯੋਗ ਵਚਨ ਵਿੱਚ ਪੱਕਾ ਰਹਿਣਾ ਚਾਹੀਦਾ ਹੈ ਜੋ ਉਸ ਨੂੰ ਸਿਖਾਇਆ ਗਿਆ ਹੈ ਤਾਂ ਜੋ ਉਹ ਦੂਜਿਆਂ ਨੂੰ ਖਰੀ ਸਿੱਖਿਆ ਦੇ ਨਾਲ ਉਤਸ਼ਾਹ ਦੇ ਸਕੇ ਅਤੇ ਵਿਰੋਧੀਆਂ ਨੂੰ ਝੂਠਾ ਸਾਬਤ ਕਰ ਸਕੇ । ਕਿਉਂਕਿ ਬਹੁਤ ਸਾਰੇ ਲੋਕ ਹਨ, ਜਿਹੜੇ ਫ਼ਾਲਤੂ ਗੱਲਾਂ ਕਰਨ ਵਾਲੇ ਅਤੇ ਧੋਖੇਬਾਜ਼ ਹਨ, ਖ਼ਾਸ ਕਰ ਕੇ ਜੋ ਲੋਕ ਯਹੂਦੀਆਂ ਵਿੱਚੋਂ ਮਸੀਹੀ ਬਣੇ ਹਨ । ਇਹਨਾਂ ਦੇ ਮੂੰਹ ਬੰਦ ਕਰਨੇ ਜ਼ਰੂਰੀ ਹਨ ਕਿਉਂਕਿ ਇਹੋ ਜਿਹੇ ਲੋਕ ਬਹੁਤ ਸਾਰੇ ਘਰਾਂ ਨੂੰ ਕੇਵਲ ਆਪਣੇ ਲਾਭ ਦੀ ਖ਼ਾਤਰ, ਉਹਨਾਂ ਸਿੱਖਿਆਵਾਂ ਦੇ ਰਾਹੀਂ ਨਾਸ਼ ਕਰ ਰਹੇ ਹਨ ਜੋ ਉਹਨਾਂ ਨੂੰ ਨਹੀਂ ਦੇਣੀਆਂ ਚਾਹੀਦੀਆਂ ਹਨ । ਇਸ ਦੇ ਬਾਰੇ ਉਹਨਾਂ ਦੇ ਹੀ ਇੱਕ ਕਰੇਤੀ ਨਬੀ ਨੇ ਕਿਹਾ ਹੈ, “ਕਰੇਤ ਨਿਵਾਸੀ ਹਮੇਸ਼ਾ ਝੂਠੇ, ਹਿੰਸਕ ਜਾਨਵਰ ਅਤੇ ਆਲਸੀ ਪੇਟੂ ਹੁੰਦੇ ਹਨ ।” ਇਹ ਗਵਾਹੀ ਸੱਚ ਹੈ ਇਸ ਕਾਰਨ ਉਹਨਾਂ ਨੂੰ ਸਖ਼ਤੀ ਨਾਲ ਝਿੜਕ ਤਾਂ ਜੋ ਉਹ ਵਿਸ਼ਵਾਸ ਵਿੱਚ ਅਟੱਲ ਰਹਿਣ । ਤੁਸੀਂ ਯਹੂਦੀਆਂ ਦੀਆਂ ਮਨਘੜਤ ਕਥਾਵਾਂ ਜਾਂ ਮਨੁੱਖਾਂ ਦੇ ਹੁਕਮਾਂ ਉੱਤੇ ਧਿਆਨ ਨਾ ਦੇਵੋ, ਜਿਹੜੇ ਸੱਚ ਨੂੰ ਰੱਦਦੇ ਹਨ । ਜਿਹੜੇ ਸ਼ੁੱਧ ਹਨ, ਉਹਨਾਂ ਦੇ ਲਈ ਸਭ ਕੁਝ ਸ਼ੁੱਧ ਹੈ ਪਰ ਜਿਹੜੇ ਅਸ਼ੁੱਧ ਜਾਂ ਅਵਿਸ਼ਵਾਸੀ ਹਨ, ਉਹਨਾਂ ਦੇ ਲਈ ਕੁਝ ਵੀ ਸ਼ੁੱਧ ਨਹੀਂ ਕਿਉਂਕਿ ਉਹਨਾਂ ਦੇ ਮਨ ਅਤੇ ਅੰਤਹਕਰਨ ਦੋਵੇਂ ਅਸ਼ੁੱਧ ਹੋ ਚੁੱਕੇ ਹਨ । ਉਹ ਪਰਮੇਸ਼ਰ ਨੂੰ ਜਾਨਣ ਦਾ ਦਾਅਵਾ ਤਾਂ ਕਰਦੇ ਹਨ ਪਰ ਉਹਨਾਂ ਦੇ ਕੰਮ ਇਸ ਨੂੰ ਝੂਠਾ ਸਿੱਧ ਕਰਦੇ ਹਨ । ਉਹ ਘਿਰਣਾਯੋਗ, ਅਣਆਗਿਆਕਾਰੀ ਅਤੇ ਨਾ ਹੀ ਕਿਸੇ ਭਲੇ ਕੰਮ ਨੂੰ ਕਰਨ ਦੇ ਯੋਗ ਹਨ । ਪਰ ਤੇਰੇ ਉਪਦੇਸ਼ ਖਰੀਆਂ ਸਿੱਖਿਆਵਾਂ ਦੇ ਅਨੁਸਾਰ ਹੋਣ । ਬਜ਼ੁਰਗ ਆਦਮੀਆਂ ਨੂੰ ਸਿਖਾ ਕਿ ਉਹ ਸੁਚੇਤ, ਆਦਰਯੋਗ, ਸੰਜਮੀ, ਵਿਸ਼ਵਾਸ ਵਿੱਚ ਪੱਕੇ, ਪਿਆਰ ਕਰਨ ਵਾਲੇ ਅਤੇ ਧੀਰਜਵਾਨ ਹੋਣ । ਇਸੇ ਤਰ੍ਹਾਂ ਬਜ਼ੁਰਗ ਔਰਤਾਂ ਦਾ ਆਚਰਨ ਪਵਿੱਤਰ ਹੋਵੇ । ਉਹ ਦੂਜਿਆਂ ਦੀ ਨਿੰਦਾ ਕਰਨ ਵਾਲੀਆਂ ਨਾ ਹੋਣ ਅਤੇ ਨਾ ਹੀ ਮੈਅ ਪੀਣ ਦੀਆਂ ਆਦੀ ਹੋਣ । ਉਹ ਕੇਵਲ ਭਲੀ ਸਿੱਖਿਆ ਹੀ ਦੇਣ, ਅਤੇ ਜਵਾਨ ਔਰਤਾਂ ਨੂੰ ਇਸ ਤਰ੍ਹਾਂ ਸਿੱਖਿਆ ਦੇਣ ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨੂੰ ਪਿਆਰ ਕਰਨ ਵਾਲੀਆਂ, ਸੰਜਮੀ, ਸ਼ੁੱਧ, ਆਪਣੇ ਘਰ ਦੀ ਦੇਖਭਾਲ ਕਰਨ ਵਾਲੀਆਂ, ਦਇਆਵਾਨ ਅਤੇ ਆਪਣੇ ਪਤੀਆਂ ਦੀ ਆਗਿਆ ਮੰਨਣ ਵਾਲੀਆਂ ਹੋਣ ਤਾਂ ਜੋ ਪਰਮੇਸ਼ਰ ਦੇ ਵਚਨ ਦੀ ਨਿੰਦਾ ਨਾ ਹੋਵੇ । ਇਸੇ ਤਰ੍ਹਾਂ ਜਵਾਨ ਆਦਮੀਆਂ ਨੂੰ ਵੀ ਸਿਖਾ ਕਿ ਉਹ ਸੰਜਮੀ ਹੋਣ । ਤੂੰ ਆਪਣੇ ਹਰ ਕੰਮ ਵਿੱਚ ਦੂਜਿਆਂ ਦੇ ਲਈ ਨੇਕ ਉਦਾਹਰਨ ਬਣ । ਆਪਣੇ ਸਿੱਖਿਆ ਦੇਣ ਦੇ ਕੰਮ ਵਿੱਚ ਈਮਾਨਦਾਰ ਅਤੇ ਗੰਭੀਰ ਬਣ । ਤੇਰੇ ਸ਼ਬਦ ਇੰਨੇ ਖਰੇ ਹੋਣ ਕਿ ਕੋਈ ਵੀ ਉਹਨਾਂ ਦੀ ਆਲੋਚਨਾ ਨਾ ਕਰ ਸਕੇ ਅਤੇ ਤੇਰੇ ਵਿਰੋਧੀ ਸਾਡੇ ਵਿੱਚ ਕੋਈ ਦੋਸ਼ ਨਾ ਦੇਖ ਕੇ ਸ਼ਰਮਿੰਦੇ ਹੋਣ । ਗ਼ੁਲਾਮਾਂ ਨੂੰ ਸਿਖਾ ਕਿ ਉਹ ਹਰ ਗੱਲ ਵਿੱਚ ਆਪਣੇ ਮਾਲਕਾਂ ਦੇ ਆਗਿਆਕਾਰ ਹੋਣ ਅਤੇ ਹਰ ਤਰ੍ਹਾਂ ਨਾਲ ਮਾਲਕਾਂ ਨੂੰ ਖ਼ੁਸ਼ ਰੱਖਣ । ਉਹ ਉਹਨਾਂ ਦੇ ਕਿਸੇ ਹੁਕਮ ਦਾ ਵਿਰੋਧ ਨਾ ਕਰਨ, ਅਤੇ ਨਾ ਹੀ ਉਹਨਾਂ ਕੋਲੋਂ ਚੋਰੀ ਕਰਨ ਸਗੋਂ ਉਹ ਇਹ ਸਿੱਧ ਕਰਨ ਕਿ ਉਹ ਪੂਰੀ ਤਰ੍ਹਾਂ ਭਰੋਸੇਯੋਗ ਹਨ ਤਾਂ ਜੋ ਉਹਨਾਂ ਦੇ ਹਰ ਕੰਮ ਦੇ ਦੁਆਰਾ ਸਾਡੇ ਪਰਮੇਸ਼ਰ ਮੁਕਤੀਦਾਤਾ ਦੀ ਸਿੱਖਿਆ ਨੂੰ ਸ਼ੋਭਾ ਮਿਲੇ । ਕਿਉਂਕਿ ਪਰਮੇਸ਼ਰ ਦੀ ਕਿਰਪਾ ਸਾਰੇ ਲੋਕਾਂ ਦੀ ਮੁਕਤੀ ਦੇ ਲਈ ਪ੍ਰਗਟ ਹੋਈ ਹੈ । ਇਹ ਕਿਰਪਾ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸਾਰੇ ਅਵਿਸ਼ਵਾਸ ਅਤੇ ਸੰਸਾਰਕ ਲਾਲਸਾਵਾਂ ਨੂੰ ਤਿਆਗ ਦੇਈਏ ਅਤੇ ਇਸ ਜੀਵਨ ਵਿੱਚ ਸੰਜਮੀ, ਨੇਕ ਅਤੇ ਪਵਿੱਤਰ ਜੀਵਨ ਬਤੀਤ ਕਰੀਏ, ਜਦੋਂ ਕਿ ਅਸੀਂ ਉਸ ਸ਼ੁਭ ਆਸ ਦੇ ਪੂਰੇ ਹੋਣ ਦੀ ਉਡੀਕ ਵਿੱਚ ਹਾਂ । ਉਸ ਸਮੇਂ ਸਾਡੇ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਪ੍ਰਗਟ ਹੋਵੇਗੀ । ਉਹਨਾਂ ਨੇ ਆਪਣੇ ਆਪ ਨੂੰ ਸਾਡੇ ਲਈ ਦੇ ਦਿੱਤਾ ਕਿ ਉਹ ਸਾਨੂੰ ਸਾਰੀ ਦੁਸ਼ਟਤਾ ਤੋਂ ਛੁਟਕਾਰਾ ਦੇਣ ਤਾਂ ਜੋ ਉਹ ਸਾਨੂੰ ਆਪਣੇ ਲੋਕ ਹੋਣ ਦੇ ਲਈ ਸ਼ੁੱਧ ਕਰਨ ਅਤੇ ਹਰ ਤਰ੍ਹਾਂ ਦੀ ਭਲਾਈ ਕਰਨ ਦੇ ਲਈ ਤਿਆਰ ਕਰਨ । ਤੂੰ ਦੂਜਿਆਂ ਨੂੰ ਇਹ ਸਿਖਾ ਅਤੇ ਸੁਣਨ ਵਾਲਿਆਂ ਨੂੰ ਪੂਰੇ ਅਧਿਕਾਰ ਦੇ ਨਾਲ ਉਤਸ਼ਾਹ ਦੇ ਅਤੇ ਝਿੜਕ । ਕੋਈ ਤੈਨੂੰ ਤੁੱਛ ਨਾ ਜਾਣੇ । ਆਪਣੇ ਲੋਕਾਂ ਨੂੰ ਯਾਦ ਕਰਵਾਉਂਦਾ ਰਹਿ ਕਿ ਉਹ ਆਪਣੇ ਅਧਿਕਾਰੀਆਂ ਅਤੇ ਸਰਕਾਰਾਂ ਦੇ ਅਧੀਨ ਰਹਿਣ, ਉਹਨਾਂ ਦੀ ਆਗਿਆ ਮੰਨਣ ਅਤੇ ਹਰ ਭਲੇ ਕੰਮ ਦੇ ਲਈ ਤਿਆਰ ਰਹਿਣ । ਉਹ ਕਿਸੇ ਦੀ ਨਿੰਦਾ ਨਾ ਕਰਨ, ਨਾ ਕਿਸੇ ਨਾਲ ਝਗੜਾ ਕਰਨ ਸਗੋਂ ਹਰ ਇੱਕ ਦੇ ਨਾਲ ਸਮਝਦਾਰੀ ਅਤੇ ਨਿਮਰਤਾ ਵਾਲਾ ਵਰਤਾਅ ਕਰਨ । ਇੱਕ ਸਮਾਂ ਸੀ ਜਦੋਂ ਅਸੀਂ ਵੀ ਮੂਰਖ ਅਤੇ ਆਗਿਆ ਨਾ ਮੰਨਣ ਵਾਲੇ ਸੀ । ਅਸੀਂ ਆਪਣੇ ਅਸਲੀ ਰਾਹ ਤੋਂ ਭਟਕ ਗਏ ਸੀ ਅਤੇ ਕਈ ਤਰ੍ਹਾਂ ਦੀਆਂ ਲਾਲਸਾਵਾਂ ਅਤੇ ਭੋਗ ਵਿਲਾਸ ਦੇ ਗ਼ੁਲਾਮ ਸੀ । ਅਸੀਂ ਵੈਰ ਅਤੇ ਨਿੰਦਾ ਵਿੱਚ ਜੀਵਨ ਗੁਜ਼ਾਰ ਰਹੇ ਸੀ । ਉਸ ਸਮੇਂ ਅਸੀਂ ਦੂਜਿਆਂ ਦੇ ਨਾਲ ਅਤੇ ਦੂਜੇ ਸਾਡੇ ਨਾਲ ਨਫ਼ਰਤ ਕਰਦੇ ਸੀ । ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਨੇ ਆਪਣੀ ਦਇਆ ਅਤੇ ਪਿਆਰ, ਮਨੁੱਖਜਾਤੀ ਦੇ ਲਈ ਪ੍ਰਗਟ ਕੀਤਾ, ਉਹਨਾਂ ਨੇ ਸਾਨੂੰ ਮੁਕਤੀ ਦਿੱਤੀ । ਇਹ ਸਾਡੇ ਕਿਸੇ ਨੇਕ ਕੰਮਾਂ ਦੇ ਕਾਰਨ ਨਹੀਂ ਸੀ ਸਗੋਂ ਇਸ ਲਈ ਕਿ ਉਹ ਆਪ ਦਇਆਵਾਨ ਹਨ । ਉਹਨਾਂ ਨੇ ਸਾਡੇ ਦਿਲਾਂ ਨੂੰ ਸ਼ੁੱਧ ਕਰ ਕੇ ਨਵਾਂ ਜਨਮ ਅਤੇ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਦਿੱਤਾ ਹੈ, ਜਿਸ ਨੂੰ ਪਰਮੇਸ਼ਰ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਰਾਹੀਂ ਸਾਨੂੰ ਭਰਪੂਰੀ ਦੇ ਨਾਲ ਦਿੱਤਾ । ਇਸ ਤਰ੍ਹਾਂ ਉਹਨਾਂ ਨੇ ਆਪਣੀ ਕਿਰਪਾ ਦੇ ਦੁਆਰਾ ਸਾਡਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਕਾਇਮ ਕੀਤਾ ਤਾਂ ਜੋ ਅਸੀਂ ਅਨੰਤ ਜੀਵਨ ਦੀ ਆਸ ਦੇ ਅਨੁਸਾਰ ਵਾਰਿਸ ਬਣ ਜਾਈਏ । ਇਹ ਸ਼ਬਦ ਭਰੋਸੇਯੋਗ ਹਨ । ਮੈਂ ਚਾਹੁੰਦਾ ਹਾਂ ਕਿ ਤੂੰ ਇਹਨਾਂ ਗੱਲਾਂ ਉੱਤੇ ਖ਼ਾਸ ਜ਼ੋਰ ਦੇਵੇਂ ਤਾਂ ਜੋ ਉਹ ਜਿਹੜੇ ਪਰਮੇਸ਼ਰ ਵਿੱਚ ਵਿਸ਼ਵਾਸ ਕਰ ਚੁੱਕੇ ਹਨ ਭਲੇ ਕੰਮ ਕਰਨ ਵੱਲ ਧਿਆਨ ਦੇਣ । ਇਹ ਗੱਲਾਂ ਭਲੀਆਂ ਅਤੇ ਸਾਰਿਆਂ ਦੇ ਲਈ ਲਾਭਦਾਇਕ ਹਨ । ਪਰ ਮੂਰਖਾਂ ਵਾਲੀ ਬਹਿਸ ਤੋਂ, ਵੰਸਾਵਲੀਆਂ ਤੋਂ ਅਤੇ ਵਾਦ-ਵਿਵਾਦ ਅਤੇ ਵਿਵਸਥਾ ਸੰਬੰਧੀ ਝਗੜਿਆਂ ਤੋਂ ਬਚ ਕਿਉਂਕਿ ਇਹ ਸਾਰੇ ਲਾਭਹੀਣ ਅਤੇ ਵਿਅਰਥ ਹਨ । ਫੁੱਟ ਪਾਉਣ ਵਾਲੇ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਵਾਰ ਚਿਤਾਵਨੀ ਦੇ, ਉਸ ਦੇ ਬਾਅਦ ਉਸ ਦੇ ਨਾਲ ਕੋਈ ਸੰਬੰਧ ਨਾ ਰੱਖ । ਤੂੰ ਜਾਣਦਾ ਹੈਂ ਕਿ ਅਜਿਹਾ ਵਿਅਕਤੀ ਸੱਚ ਤੋਂ ਭਟਕ ਚੁੱਕਾ ਹੈ ਅਤੇ ਪਾਪ ਕਰ ਕੇ ਆਪਣੇ ਆਪ ਨੂੰ ਦੋਸ਼ੀ ਸਿੱਧ ਕਰਦਾ ਹੈ । ਜਦੋਂ ਮੈਂ ਤੇਰੇ ਕੋਲ ਅਰਤਿਮਿਸ ਜਾਂ ਤੁਖਿਕੁਸ ਨੂੰ ਭੇਜਾਂ, ਤਾਂ ਤੂੰ ਮੇਰੇ ਕੋਲ ਨਿਕੁਪੁਲਿਸ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰਨਾ ਕਿਉਂਕਿ ਮੈਂ ਸਾਰਾ ਸਿਆਲ ਉੱਥੇ ਹੀ ਬਤੀਤ ਕਰਨ ਦਾ ਫ਼ੈਸਲਾ ਕੀਤਾ ਹੈ । ਤੂੰ ਵਕੀਲ ਜ਼ੇਨਸ ਅਤੇ ਅਪੁੱਲੋਸ ਦੀ ਯਾਤਰਾ ਦੀ ਤਿਆਰੀ ਵਿੱਚ ਪੂਰੀ ਮਦਦ ਕਰਨਾ ਅਤੇ ਧਿਆਨ ਦੇਣਾ ਕਿ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ । ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਭਲੇ ਕੰਮਾਂ ਵਿੱਚ ਲਾਉਣਾ ਸਿੱਖਣ ਤਾਂ ਜੋ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਣ ਤਾਂ ਕਿ ਉਹਨਾਂ ਦੇ ਜੀਵਨ ਵਿਅਰਥ ਨਾ ਹੋਣ । ਮੇਰੇ ਨਾਲ ਸਾਰੇ ਸਾਥੀ ਤੈਨੂੰ ਨਮਸਕਾਰ ਕਹਿੰਦੇ ਹਨ । ਜਿਹੜੇ ਵਿਸ਼ਵਾਸ ਵਿੱਚ ਸਾਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਸਾਡਾ ਨਮਸਕਾਰ ਕਹਿਣਾ । ਤੁਹਾਡੇ ਸਾਰਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ । ਪੌਲੂਸ ਦੇ ਵੱਲੋਂ, ਜੋ ਮਸੀਹ ਯਿਸੂ ਦਾ ਕੈਦੀ ਹੈ ਅਤੇ ਸਾਡੇ ਭਰਾ ਤਿਮੋਥਿਉਸ ਦੇ ਵੱਲੋਂ, ਸਾਡੇ ਪਿਆਰੇ ਮਿੱਤਰ ਅਤੇ ਸਾਥੀ ਸੇਵਕ ਫ਼ਿਲੇਮੋਨ ਨੂੰ, ਸਾਡੀ ਭੈਣ ਅੱਫ਼ਿਆ, ਸਾਡੇ ਸਾਥੀ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜੋ ਤੇਰੇ ਘਰ ਇਕੱਠੀ ਹੁੰਦੀ ਹੈ, ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ! ਮੈਂ ਤੈਨੂੰ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਮੈਂ ਤੇਰੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਨੂੰ ਪ੍ਰਭੂ ਯਿਸੂ ਦੇ ਵਿੱਚ ਤੇਰੇ ਵਿਸ਼ਵਾਸ ਅਤੇ ਪਰਮੇਸ਼ਰ ਦੇ ਸਭ ਲੋਕਾਂ ਦੇ ਨਾਲ ਤੇਰੇ ਪਿਆਰ ਦੇ ਬਾਰੇ ਪਤਾ ਲੱਗਦਾ ਰਹਿੰਦਾ ਹੈ । ਮੇਰੀ ਪ੍ਰਾਰਥਨਾ ਹੈ ਕਿ ਤੇਰੇ ਵਿਸ਼ਵਾਸ ਦੀ ਸਾਂਝ ਸਾਨੂੰ ਮਸੀਹ ਦੇ ਦੁਆਰਾ ਮਿਲੀ ਹਰ ਅਸੀਸ ਦੀ ਸਮਝ ਵਿੱਚ ਹੋਰ ਡੂੰਘਾਈ ਤੱਕ ਲੈ ਜਾਵੇ । ਮੇਰੇ ਪਿਆਰੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਦਿੱਤਾ ਹੈ ਕਿਉਂਕਿ ਤੂੰ ਪਰਮੇਸ਼ਰ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਾ ਕੀਤਾ ਹੈ । ਇਸ ਲਈ ਭਾਵੇਂ ਮੈਂ ਮਸੀਹ ਵਿੱਚ ਦਲੇਰ ਹੋ ਕੇ ਤੈਨੂੰ ਹੁਕਮ ਦੇ ਸਕਦਾ ਹਾਂ ਕਿ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਉਹ ਕਰ ਪਰ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਇਸ ਲਈ ਮੈਂ, ਬਜ਼ੁਰਗ ਪੌਲੂਸ ਜੋ ਇਸ ਸਮੇਂ ਮਸੀਹ ਯਿਸੂ ਦੇ ਕਾਰਨ ਕੈਦ ਵਿੱਚ ਹਾਂ ਤੈਨੂੰ ਬੇਨਤੀ ਕਰਦਾ ਹਾਂ । ਮੈਂ ਆਪਣੇ ਪੁੱਤਰ ਉਨੇਸਿਮੁਸ ਦੇ ਬਾਰੇ ਬੇਨਤੀ ਕਰਦਾ ਹਾਂ ਜੋ ਉਸ ਸਮੇਂ ਮੇਰਾ ਪੁੱਤਰ ਬਣਿਆ, ਜਦੋਂ ਮੈਂ ਕੈਦ ਵਿੱਚ ਸੀ । ਪਹਿਲਾਂ ਉਹ ਤੇਰੇ ਕਿਸੇ ਕੰਮ ਦਾ ਨਹੀਂ ਸੀ ਪਰ ਹੁਣ ਤੇਰੇ ਅਤੇ ਮੇਰੇ, ਦੋਨਾਂ ਦੇ ਲਈ ਲਾਭਦਾਇਕ ਹੈ । ਹੁਣ ਉਸ ਨੂੰ ਮੈਂ ਤੇਰੇ ਕੋਲ ਵਾਪਸ ਭੇਜ ਰਿਹਾ ਹਾਂ ਜੋ ਮੇਰੇ ਦਿਲ ਦਾ ਟੁਕੜਾ ਹੈ । ਮੈਂ ਉਸ ਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਸੀ ਜਿੱਥੇ ਮੈਂ ਸ਼ੁਭ ਸਮਾਚਾਰ ਦੇ ਕਾਰਨ ਕੈਦ ਵਿੱਚ ਹਾਂ ਤਾਂ ਜੋ ਉਹ ਇਸ ਕੰਮ ਵਿੱਚ ਤੇਰੀ ਥਾਂ ਤੇ ਮੇਰੀ ਮਦਦ ਕਰਦਾ । ਪਰ ਮੈਂ ਇਹ ਸਭ ਤੇਰੀ ਸਹਿਮਤੀ ਤੋਂ ਬਿਨਾਂ ਨਹੀਂ ਕਰਨਾ ਚਾਹੁੰਦਾ ਸੀ ਤਾਂ ਜੋ ਇਹ ਭਲਾਈ ਜੋ ਤੂੰ ਕਰੇਂ ਉਹ ਮਜਬੂਰੀ ਵਿੱਚ ਨਹੀਂ ਸਗੋਂ ਤੇਰੀ ਸੁਤੰਤਰ ਇੱਛਾ ਦੇ ਨਾਲ ਹੋਵੇ । ਸ਼ਾਇਦ ਉਨੇਸਿਮੁਸ ਇਸੇ ਲਈ ਤੇਰੇ ਤੋਂ ਕੁਝ ਸਮੇਂ ਦੇ ਲਈ ਵੱਖ ਕੀਤਾ ਗਿਆ ਸੀ ਕਿ ਉਹ ਤੇਰੇ ਕੋਲ ਹਮੇਸ਼ਾ ਦੇ ਲਈ ਵਾਪਸ ਆ ਜਾਵੇ ਪਰ ਇੱਕ ਗ਼ੁਲਾਮ ਦੇ ਰੂਪ ਵਿੱਚ ਨਹੀਂ ਸਗੋਂ ਗ਼ੁਲਾਮ ਤੋਂ ਵੀ ਵੱਧ ਕੇ ਇੱਕ ਪਿਆਰੇ ਭਰਾ ਦੇ ਰੂਪ ਵਿੱਚ । ਉਹ ਮੈਨੂੰ ਬਹੁਤ ਪਿਆਰਾ ਹੈ ਇਸ ਲਈ ਉਹ ਤੇਰੇ ਲਈ ਇੱਕ ਗ਼ੁਲਾਮ ਅਤੇ ਮਸੀਹ ਵਿੱਚ ਭਰਾ ਹੋਣ ਕਰਕੇ ਹੋਰ ਵੀ ਪਿਆਰਾ ਹੋਵੇਗਾ । ਇਸ ਲਈ ਜੇਕਰ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ ਤਾਂ ਜਿਸ ਤਰ੍ਹਾਂ ਤੂੰ ਮੇਰਾ ਸੁਆਗਤ ਕਰਦਾ ਹੈਂ ਉਸੇ ਤਰ੍ਹਾਂ ਉਨੇਸਿਮੁਸ ਦਾ ਸੁਆਗਤ ਕਰ । ਜੇਕਰ ਉਸ ਨੇ ਤੇਰੇ ਨਾਲ ਕੋਈ ਗ਼ਲਤ ਵਰਤਾਅ ਕੀਤਾ ਹੈ ਜਾਂ ਉਸ ਦੇ ਵੱਲ ਤੇਰਾ ਕੁਝ ਨਿਕਲਦਾ ਹੈ ਤਾਂ ਤੂੰ ਉਹ ਮੇਰੇ ਖਾਤੇ ਵਿੱਚ ਲਿਖ ਦੇ । ਮੈਂ, ਪੌਲੂਸ, ਆਪਣੇ ਹੱਥ ਨਾਲ ਇਹ ਲਿਖਦਾ ਹਾਂ ਕਿ ਮੈਂ ਉਹ ਸਭ ਕੁਝ ਭਰ ਦਿਆਂਗਾ, ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੇਰਾ ਆਪਣਾ ਜੀਵਨ ਮੇਰਾ ਕਰਜ਼ਦਾਰ ਹੈ । ਹਾਂ, ਮੇਰੇ ਭਰਾ, ਪ੍ਰਭੂ ਵਿੱਚ ਮੇਰਾ ਇਹ ਕੰਮ ਕਰ, ਮਸੀਹ ਵਿੱਚ ਮੇਰੇ ਦਿਲ ਨੂੰ ਤਾਜ਼ਾ ਕਰ । ਤੇਰੀ ਆਗਿਆ ਪਾਲਣਾ ਦੇ ਉੱਤੇ ਭਰੋਸਾ ਕਰ ਕੇ ਮੈਂ ਇਹ ਲਿਖਦਾ ਹਾਂ ਕਿ ਹੁਣ ਜੋ ਕੁਝ ਮੈਂ ਕਹਿ ਰਿਹਾ ਹਾਂ, ਤੂੰ ਉਸ ਤੋਂ ਵੀ ਵੱਧ ਕੇ ਕਰੇਂਗਾ । ਇਸ ਦੇ ਨਾਲ ਹੀ, ਮੈਨੂੰ ਉਮੀਦ ਹੈ ਕਿ ਤੇਰੀ ਪ੍ਰਾਰਥਨਾ ਦੇ ਉੱਤਰ ਵਿੱਚ ਪਰਮੇਸ਼ਰ ਮੈਨੂੰ ਇਹੋ ਜਿਹਾ ਮੌਕਾ ਦੇਣਗੇ ਕਿ ਮੈਂ ਤੇਰੇ ਕੋਲ ਆਵਾਂ । ਇਸ ਲਈ ਮੇਰੇ ਰਹਿਣ ਦਾ ਸਥਾਨ ਤਿਆਰ ਰੱਖੀਂ । ਇਪਫ਼ਰਾਸ, ਜੋ ਮੇਰੇ ਨਾਲ ਇਸ ਸਮੇਂ ਮਸੀਹ ਯਿਸੂ ਦੀ ਖ਼ਾਤਰ ਕੈਦ ਵਿੱਚ ਹੈ, ਇਸ ਦੇ ਨਾਲ ਹੀ ਮਰਕੁਸ, ਅਰਿਸਤਰਖੁਸ, ਦੇਮਾਸ, ਲੂਕਾ ਅਤੇ ਉਹ ਜੋ ਸੇਵਾ ਵਿੱਚ ਮੇਰੇ ਸਾਥੀ ਹਨ, ਤੈਨੂੰ ਨਮਸਕਾਰ ਕਹਿੰਦੇ ਹਨ । ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਹੋਵੇ ।